ਥੰਮ੍ਹੀਆਂ ਪ੍ਰੇਮ ਪ੍ਰਕਾਸ਼
ਚੰਡੀਗੜ੍ਹ ਦੇ ਵੀਹ ਸੈਕਟਰ ਦੇ ਵੱਡੇ ਪਲਾਟ 'ਚ ਬਣੇ ਏਸ ਛੋਟੇ ਮਕਾਨ ਜਿਹੇ ਦੀ ਛੱਤ 'ਤੇ ਕੰਧ ਦੇ ਉਹਲੇ ਮਾਲਿਸ਼ ਕਰਦਾ ਮੈਂ ਧੁੱਪ ਸੇਕ ਰਿਹਾਂ ਤੇ ਬੀਤੀ ਜ਼ਿੰਦਗੀ ਤੇ ਆਉਣ ਵਾਲੀ ਮੌਤ ਬਾਰੇ ਸੋਚ ਰਿਹਾ ਹਾਂ। ਮੈਨੂੰ ਹੈਰਾਨੀ ਹੁੰਦੀ ਏ ਕਿ ਮੈਂ ਏਥੋਂ ਦੇ ਚੀਪੜ ਲੇਖਕ ਭਾਨ ਚੰਦ ਤੇ ਆਪਣੇ ਪਿੰਡ ਵਰ੍ਹਿਆਂ ਪਹਿਲਾਂ ਰਲ਼ੇ ਸਾਂਝੀ ਰਾਂਝੂ 'ਝੰਡੀ ਵਾਲੇ' ਬਾਰੇ ਇੱਕੋ ਵਾਰ ਕਿਉਂ ਸੋਚਦਾ ਹਾਂ? ਦੋਹਾਂ ਦਾ ਆਪੋ 'ਚ ਕੀ ਮੇਲ? ਕਿਥੇ ਲੇਖਕ ਭਾਨ ਚੰਦ ਸ਼ਹਿਰੀ ਖਚਰ-ਵਿੱਦਿਆ ਨਾਲ ਜੀ ਕੇ ਖੁਸ਼ਹਾਲੀ 'ਚ ਮਰ ਗਿਆ ਤੇ ਕਿੱਥੇ ਭੇਡਾਂ ਬੱਕਰੀਆਂ ਚਾਰਦਾ ਰਾਂਝੂ ਖੇਤੀ ਬਾੜੀ ਦੀ ਮਜ਼ਦੂਰੀ ਕਰਦਾ ਅੰਨ੍ਹਾ ਹੋ ਕੇ ਮਰ ਗਿਆ। ਅੰਬਰਸਰ ਜ਼ਿਲ੍ਹੇ ਦਾ ਉਹ ਮਜ੍ਹਬੀ ਹਵਾ 'ਚ ਉੱਡ ਕੇ ਆਏ ਬੀਅ ਵਾਂਗ ਜ਼ਿਲ੍ਹਾ ਪਟਿਆਲੇ ਦੇ ਸਾਡੇ ਪਿੰਡ ਆ ਗਿਆ ਸੀ। ਉਹ ਮਜ੍ਹਬੀ ਸੀ, ਬਾਲਮੀਕੀ ਸੀ ਜਾਂ ਈਸਾਈ? ਸਾਨੂੰ ਉਹਦੇ ਮਰਨ ਤਕ ਪਤਾ ਨਹੀਂ ਸੀ ਚੱਲਿਆ। ਉਹ ਗੱਲਾਂ ਕਰਦਾ ਰੱਬ-ਰੱਬ ਕਰਦਾ ਸੀ। ਇਤਫਾਕ ਨਾਲ ਦੋ ਸਾਲਾਂ ਲਈ ਮੇਰੇ ਵੱਡੇ ਭਾਈ ਨਾਲ ਵੀ ਦੂਜੇ ਪਿੰਡ ਦਾ ਬਾਲਮੀਕੀ ਰਾਮ ਲਾਲ ਰਲ਼ਿਆ ਹੋਇਆ ਸੀ। ਦੋਵੇਂ ਕਾਲੇ ਤੇ ਦੋਵੇਂ ਛੇ ਫੁਟੇ। ਦੋਵੇਂ ਵਿਹਲੇ ਸਮੇਂ 'ਚ ਬਾਹਰ ਬਿੱਲਿਆਂ, ਸੈਹਾਂ, ਗੋਹਾਂ ਤੇ ਤਿੱਤਰਾਂ ਦਾ ਸ਼ਿਕਾਰ ਕਰ ਕੇ ਰਾਤ ਨੂੰ ਖੂਹ 'ਤੇ ਪਕਾ ਕੇ ਦਾਰੂ ਪੀਂਦੇ ਖਾਂਦੇ ਅਜੀਬ ਕਿਸਮ ਦੀਆਂ ਗਿੱਦੜਾਂ ਵਰਗੀਆਂ ਚੀਕਾਂ ਮਾਰਦੇ ਹੁੰਦੇ ਸੀ। ਦੀਵਾਲੀ ਵਸਾਖੀ ਰਾਂਝੂ ਰਾਮ ਲਾਲ ਦੇ ਪਿੰਡ ਮਨਾਂਉਂਦਾ ਸੀ। ਉਹ ਸੂਰ ਮਾਰਦੇ। ਦਾਰੂ ਪੀਂਦੇ ਮਾਸ ਭੁੰਨਦੇ ਪਕਾਉਂਦੇ। ਰਾਤ ਨੂੰ ਭਾਂਤ-ਭਾਂਤ ਦੀਆਂ ਚੀਕਾਂ ਮਾਰਦੇ। ਰਾਮ ਲਾਲ ਦਾ ਪਿਓ ਵੀ ਵਿਚੇ ਨੱਚਦਾ ਕਮਲਾ ਹੋ ਕੇ ਮੰਜੇ 'ਤੇ ਡਿਗ ਪੈਂਦਾ ਸੀ।
ਪਰ ਭਾਨ ਚੰਦ ਤਾਂ ਕਿਸੇ ਵਿਚਲੀ ਖਚਰੀ ਜਾਤ ਦਾ ਸੀ। ਸੈਕਟਰੀਏਟ 'ਚ ਉਹ ਮੇਰੇ ਨਾਲ ਕਲਰਕ ਭਰਤੀ ਹੋਇਆ ਸੀ। ਮੈਂ ਸਾਈਕਲ 'ਤੇ ਜਾਂਦਾ ਸੀ ਤੇ ਉਹ ਸੜਕ 'ਤੇ ਰੋਟੀ ਫੜੀ ਖੜ੍ਹਾ ਦੰਦ ਕੱਢਦਾ ਮੈਨੂੰ ਰੋਕ ਲੈਂਦਾ। ਸਾਈਕਲ ਆਪ ਚਲਾ ਕੇ ਮੈਨੂੰ ਪਿੱਛੇ ਬਹਾ ਕੇ ਲੈ ਜਾਂਦਾ ਸੀ। ਮੈਂ ਮਾਮੂਲੀ ਜਿਹੇ ਕਮਰੇ 'ਚ ਰਹਿੰਦਾ ਸੀ ਤੇ ਉਹ ਬਰਸਾਤੀ 'ਚ। ਮੈਂ ਢਾਬੇ 'ਚ ਰੋਟੀ ਖਾਂਦਾ ਸੀ ਤੇ ਉਹ ਬਰਸਾਤੀ ਦੇ ਬਾਹਰ ਬਣਾਏ ਚੁਲ੍ਹੇ 'ਤੇ ਆਪ ਪਕਾਉਂਦਾ ਸੀ। ਦਫਤਰ 'ਚ ਰੋਟੀਆਂ ਤਿੰਨ ਲਿਆਉਂਦਾ ਤੇ ਉੱਤੇ ਚਟਣੀ। ਉਹ ਜੀਹਨੂੰ ਚਟਣੀ ਦੇਂਦਾ, ਉਹਦੀ ਸਬਜ਼ੀ ਦੀ ਕੌਲੀ 'ਚ ਦੋ ਬੁਰਕੀਆਂ ਲਾ ਲੈਂਦਾ ਸੀ। ਕਦੇ ਚਟਣੀ ਵੀ ਨਾ ਲਿਆਉਂਦਾ। ਰੋਟੀਆਂ ਖੋਲ੍ਹਦਾ ਤੇ ਆਖਦਾ, ''ਹੈ ਸਾਲੀ ਪੂਰਬਣ, ਵਿਚ ਸਬਜ਼ੀ ਪਾਈ ਈ ਨਹੀਂ। ਆਲੂਆਂ ਦੀ ਮੈਂ ਕਹਿ ਕੇ ਬਣਵਾਈ ਸੀ।''...ਫੇਰ ਕਈਆਂ ਦੀਆਂ ਸਬਜ਼ੀਆਂ ਦਾ ਸੁਆਦ ਦੇਖਦਾ। ਸ਼ਾਮ ਨੂੰ ਉਹ ਵਾਰੀ-ਵਾਰੀ ਦੋਸਤਾਂ ਦੇ ਘਰ ਜਾਂਦਾ। ਰੋਟੀ ਖਾਣ ਵੇਲੇ ਜੇ ਦੋਸਤ ਨਹੀਂ ਤਾਂ ਉਹਦੀ ਪਤਨੀ ਪੁੱਛ ਈ ਲੈਂਦੀ। 'ਚਲ ਖਾ ਈ ਲੈਂਦੇ ਆਂ ਦੋ ਰੋਟੀਆਂ' ਆਖਦਾ ਉਹ ਚਾਰ ਖਾ ਜਾਂਦਾ।
ਇਕ ਰਾਤ ਵੇਲੇ ਮੈਂ ਉਹਨੂੰ ਅਰੋਮਾ ਹੋਟਲ ਦੇ ਸੜਕ ਵਾਲੇ ਪਾਸੇ ਮੰਗਤਿਆਂ ਦੀ ਕਤਾਰ 'ਚ ਬੈਠਿਆਂ ਦੇਖਿਆ। ਉਹਨੇ ਮੂੰਹ ਸਿਰ ਮੈਲ਼ੇ ਕੱਪੜੇ ਨਾਲ ਢਕਿਆ ਹੋਇਆ ਸੀ। ਜਦ ਉਹ ਹੱਥਾਂ ਤੇ ਰੱਖੀਆਂ ਦੋ ਰੋਟੀਆਂ ਉੱਪਰ ਦਾਲ ਲੈ ਰਿਹਾ ਸੀ। ਉਹ ਦਾਲ ਡੁਲ੍ਹਣ ਨਹੀਂ ਸੀ ਦੇਂਦਾ। ਮੈਂ ਉਹਨੂੰ ਦੂਜੇ ਖੂੰਜਿਓਂ ਚੰਗੀ ਤਰ੍ਹਾਂ ਦੇਖਿਆ। ਪਰ ਦੱਸਿਆ ਕਿਸੇ ਨੂੰ ਨਾ। ਫੇਰ ਇਕ ਦਿਨ ਉਹਨੂੰ ਦੂਜੀ ਵਾਰ ਲਾਈਨ 'ਚ ਲੱਗਦਿਆਂ ਦੇਖਿਆ। ਦੋ ਰੋਟੀਆਂ ਨਾਲ ਬੰਦੇ ਦਾ ਰੱਜ ਨਹੀਂ ਹੁੰਦਾ।
ਜਦ ਉਹਦਾ ਵਿਆਹ ਹੋਇਆ ਤਾਂ ਮਾਲਕ ਮਕਾਨ ਨੇ ਉਹਨੂੰ ਥੋੜ੍ਹੇ ਕਿਰਾਏ ਤੇ ਕਮਰਾ ਰਸੋਈ ਦੇ ਦਿੱਤੀ। ਫੇਰ ਵੇਖੋ ਰੱਬ ਦੇ ਰੰਗ ਪੰਦਰਾ ਵਰ੍ਹਿਆਂ 'ਚ ਈ ਉਹ ਤੇ ਉਹਦੀ ਨੌਕਰ ਪਤਨੀ ਨੇ ਉਹ ਫਲੈਟ ਈ ਖਰੀਦ ਲਿਆ। ਲੁੱਟ ਲਿਆ ਮਾਲਕ ਨੂੰ ਉਹਦਾ ਪੁੱਤ ਬਣ ਕੇ। ਉਹ ਸ਼ੁਰੂ ਤੋਂ ਈ ਮਾਲਕ ਨੂੰ 'ਪਿਤਾ ਜੀ' ਕਹਿੰਦਾ ਹੁੰਦਾ ਸੀ।
ਪਰ ਰਾਂਝੂ ਨੂੰ ਅਜਿਹਾ ਕੋਈ ਗੁਰ ਨਹੀਂ ਸੀ ਆਉਂਦਾ। ਉਹ ਜਵਾਨੀ 'ਚ ਆਪਣੇ ਪਿੰਡ ਦੇ ਸਰਦਾਰਾਂ ਦੇ ਨੌਕਰ ਰਿਹਾ। ਬੁੱਢਾ ਹੋਣ ਲੱਗਿਆ ਤਾਂ ਸਾਡੇ ਪਿੰਡ ਆ ਗਿਆ। ਗੁੱਸਾ ਏਸ ਗੱਲ ਦਾ ਕਿ ਸਰਦਾਰਾਂ ਨੇ ਜਿਹੜੀ ਤੀਵੀਂ ਉਹਦੇ ਘਰ ਵਸਾਈ ਸੀ, ਉਹ ਆਪ ਈ ਕਿਸੇ ਹੋਰ ਕੋਲ ਵੇਚ ਦਿੱਤੀ ਸੀ। ...ਜਦ ਸਾਡੇ ਕੋਲ ਆਏ ਦੀਆਂ ਅੱਖਾਂ 'ਚ ਮੋਤੀਆ ਉੱਤਰਿਆ ਤਾਂ ਅਸੀਂ ਆਪਰੇਸ਼ਨ ਕਰਾ ਦਿੱਤਾ ਸੀ। ਉਹਦੇ ਬਣਦੇ ਪੈਸੇ ਅਮਲੋਹ ਦੇ ਡਾਕਖਾਨੇ 'ਚ ਜਮ੍ਹਾ ਕਰਵਾ ਕੇ ਖਾਤਾ ਖੁਲ੍ਹਾ ਦਿੱਤਾ ਸੀ। ਪਤਾ ਆਪਣੇ ਘਰ ਦਾ ਲਿਖਵਾਉਣਾ ਪਿਆ ਸੀ। ਉਹ ਆਪਣਾ ਸਮਾਨ ਖੂਹ ਵਾਲੇ ਡੰਗਰਾਂ ਦੇ ਕੋਠੇ 'ਚ ਆਪਣੇ ਚੁਲ੍ਹੇ ਦੇ ਆਲੇ ਦੁਆਲੇ ਗੱਡੀਆਂ ਕਿੱਲੀਆਂ 'ਤੇ ਟੰਗ ਦੇਂਦਾ ਸੀ। ਉਹਨੂੰ ਸਰਦਾਰਾਂ ਦੀ ਫਾਰਗਖਤੀ ਦੇਣ ਵਾਲੀ ਗੱਲ ਹੁਣ ਵੀ ਲੜਦੀ ਸੀ। ਬਾਪੂ ਕਹਿੰਦਾ ਹੁੰਦਾ ਸੀ ਕਿ ਇਹਨਾਂ ਨੂੰ ਗੁੱਸਾ ਨਹੀਂ ਆਉਂਦਾ, ਗੁੱਸੀ ਆਉਂਦੀ ਐ, ਜਿਹੜੀ ਚੜ੍ਹ ਕੇ ਉੱਤਰਦੀ ਨਹੀਂ।
ਪਰ ਲੇਖਕ ਨੂੰ ਫਾਰਗਖਤੀ ਕੋਈ ਦੇ ਈ ਨਹੀਂ ਸੀ ਸਕਦਾ। ਉਹ ਝੱਟ ਬੰਦੇ ਦੀਆਂ ਲੱਤਾਂ ਘੁੱਟਣ ਲੱਗ ਪੈਂਦਾ ਸੀ। ਏਸ ਕਸਬ ਨਾਲ ਉਹ ਦੋ ਪੈੱਗ ਵੀ ਰੋਜ਼ ਪੀਂਦਾ ਸੀ। ਨਾਲੇ ਸਲੂਣਾ ਮਾਲ ਮੁਫਤ। ਉਹ ਸ਼ਾਮ ਦੇ ਪੀਣ ਵੇਲ਼ੇ ਆਪ ਕਿਤੋਂ ਚਾਰ ਪਊਏ ਲੈ ਆਉਂਦਾ। ਯਾਰਾਂ ਨੂੰ ਵੇਚ ਕੇ ਆਪਣੇ ਹਿੱਸੇ ਦੀ ਕਮਾਈ ਕਰ ਲੈਂਦਾ। ਫੇਰ ਨਾਲ ਫਿਰਨ ਦਾ ਹੱਕਦਾਰ ਬਣ ਜਾਂਦਾ। ਉਹ ਆਪਣੇ ਝੋਲੇ 'ਚ ਨੀਲੀਆਂ ਕੈਸਟਾਂ ਤੇ ਸੀ. ਡੀਆਂ ਰੱਖਦਾ, ਕਿਰਾਏ 'ਤੇ ਦੇਣ ਲਈ।
ਜਦ ਉਹ ਮੇਰੇ ਨਾਲ ਈ ਰੀਟਾਇਰ ਹੋਇਆ ਤਾਂ ਉਹ ਇਕ ਜਨਰਲ ਸਟੋਰ 'ਤੇ ਸੇਲਜ਼ਮੈਨ ਲੱਗ ਗਿਆ ਸੀ। ਜਦ ਬੀਮਾਰੀਆਂ ਨੇ ਦੱਬਿਆ ਤੇ ਨਿਗਾਹ ਅੱਧੀ ਰਹਿ ਗਈ ਤਾਂ ਘਰ ਬਹਿਣਾ ਪਿਆ, ਪੈਨਸ਼ਨ 'ਤੇ। ਫੇਰ ਉਹਦਾ ਨਾ ਅਖਬਾਰਾਂ 'ਚ ਲੇਖ ਛਪਦਾ ਸੀ ਤੇ ਨਾ ਈ ਫੋਟੋ। ਉਹਨੂੰ ਨਾ ਕੋਈ ਯਾਰ ਬੇਲੀ ਮਿਲਣ ਆਉਂਦਾ ਸੀ। ਉਹ ਆਪ ਕਿਸੇ ਨੂੰ ਫੋਨ ਕਰਦਾ ਨਹੀਂ ਸੀ ਤੇ ਕਿਸੇ ਦਾ ਆਉਂਦਾ ਨਹੀਂ ਸੀ। ਪਰ ਉਦੋਂ ਉਹ ਦੋ ਫਲੈਟਾਂ ਤੇ ਇਕ ਪੌੜੀਆਂ ਥੱਲੇ ਦੀ ਨਿੱਕੀ ਜਿਹੀ ਦੁਕਾਨ ਦਾ ਮਾਲਕ ਸੀ।
ਪਰ ਰਾਂਝੂ ਅਜਿਹੀ ਅਵਸਥਾ 'ਚ ਲੰਮੀ ਸੋਟੀ 'ਤੇ ਗੋਟੇ ਵਾਲੀ ਲਾਲ ਚੁੰਨੀ ਬੰਨ੍ਹ ਕੇ ਤੇ ਮੇਰੇ ਦਿੱਤੇ ਖੱਦਰ ਦੇ ਸ਼ੋਲਡਰ ਬੈਗ 'ਚ ਕੱਪੜੇ ਤੁੰਨ ਕੇ ਮੰਗਣ ਤੁਰ ਪਿਆ ਸੀ। ਉਹ ਨਾਲ ਦੇ ਪਿੰਡ ਸਲਿਆਨੀ ਦੇ ਗੁਰਦਵਾਰੇ ਗਿਆ। ਜਵਾਬ ਮਿਲ ਗਿਆ ਤਾਂ ਘਰ ਆ ਕੇ ਆਲ਼ੇ 'ਚੋਂ ਕੌਲਾ ਲਾਹ ਰੋਟੀ ਦੀ ਅਵਾਜ ਦੇ ਦਿੱਤੀ। ਰਾਤ ਨੂੰ ਖੂਹ 'ਤੇ ਜਾ ਪਿਆ।...ਫੇਰ ਉਹ ਇਕ ਦਿਨ ਨਾਲ ਦੇ ਪਿੰਡ ਸੌਂਟੀ ਦੇ ਇਤਿਹਾਸਕ ਗੁਰਦਵਾਰੇ ਗਿਆ ਤਾਂ ਉਹਨੂੰ ਰੋਟੀ ਤਾਂ ਖਵਾ ਦਿੱਤੀ ਗਈ, ਪਰ ਰੈਣ ਬਸੇਰੇ ਲਈ ਥਾਂ ਨਾ ਮਿਲੀ। ਕਮਰੇ ਰਾਗੀਆਂ ਢਾਡੀਆਂ ਲਈ ਸਨ। ਫੇਰ ਗੀਤਾ ਮੰਦਰ ਗਿਆ ਤਾਂ ਉਥੇ ਦੇ ਪੁਜਾਰੀ ਨੇ ਨਾ ਰੋਟੀ ਦਿੱਤੀ ਤੇ ਨਾ ਈ ਰੈਣ ਬਸੇਰਾ। ਉਹ ਰੋਟੀ ਤਾਂ ਘਰਾਂ 'ਤੋਂ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਪੈ ਕਿਸੇ ਦੇ ਬਣਦੇ ਮਕਾਨ ਦੇ ਬਰਾਂਡੇ 'ਚ ਜਾਂਦਾ। ਜਦ ਬਰਾਂਡੇ 'ਚ ਪਲਸਤਰ ਹੋਣ ਲੱਗ ਪਿਆ ਤਾਂ ਉਹਨੇ ਆਪਣੀ ਜੁੱਲੀ ਚੁੱਕੀ ਤੇ ਨਾਲ ਦੇ ਪਿੰਡ ਕੁੰਭੜੇ ਦੇ ਪੱਕੀ ਸੜਕ ਨੂੰ ਲੱਗਦੀ ਨਿੱਕੀ ਸੜਕ ਦੇ ਸਿਰੇ 'ਤੇ ਬਣੇ ਮਜ਼ਾਰ 'ਚ ਜਾ ਬੈਠਿਆ।
ਉਹ ਮਜ਼ਾਰ ਸਾਲ ਕੁ ਪਹਿਲਾਂ ਕਿਸੇ ਨੇ ਮੁੜ-ਆਬਾਦ ਕੀਤਾ ਸੀ। ਮਕਬਰੇ ਦੇ ਦੁਆਲੇ ਚਾਰਦੀਵਾਰੀ ਕਰਾ ਕੇ ਕਲੀ ਕਰਵਾ ਲਈ ਗਈ ਸੀ। ਤੇ ਨਾਲ ਮਜੌਰ ਦੇ ਬਹਿਣ ਲਈ ਕੋਠਾ। ਮਜੌਰ ਨੇ ਕਿਹਾ, ''ਬਿਸਮਿੱਲਾ ਆ ਜਾ। ਰੱਬ ਪੱਥਰ 'ਚ ਪਏ ਕੀੜੇ ਨੂੰ ਵੀ ਰਿਜ਼ਕ ਦੇਂਦੈ। ਜਿਥੇ ਮੈਨੂੰ ਮਿਲੂ, ਓਥੇ ਤੈਨੂੰ ਵੀ ਲੁਕਮਾ ਮਿਲੀ ਜਾਊ।''
ਰਾਂਝੂ ਨੇ ਸਿਰ ਦੇ ਵਾਲ ਮੁਨਾ ਦਿੱਤੇ। ਝੰਡੀ ਤੋਂ ਲਾਲ ਕੱਪੜਾ ਲਾਹ ਸਿੱਟਿਆ। ਬਹਿ ਕੇ ਅੱਲਾ-ਅੱਲਾ ਕਰਨ ਲੱਗ ਪਿਆ। ਉਹ ਦੋਵੇਂ ਮਜ਼ਾਰ 'ਤੇ ਪਈ ਚਾਦਰ ਝਾੜਦੇ, ਚਰਾਗੀ ਜਗਾਉਂਦੇ ਤੇ ਲੋਬਾਨ ਬਾਲ ਕੇ ਚਾਰੇ ਪਾਸੇ ਧੂੰਆਂ ਦੇਂਦੇ। ਮੰਡੀ ਤੋਂ ਅਮਲੋਹ ਨੂੰ ਜਾਂਦੀ ਪੱਕੀ ਸੜਕ 'ਤੇ ਜਾਂਦੇ ਟਰੱਕਾਂ ਵਾਲੇ ਮੱਥਾ ਟੇਕ ਜਾਂਦੇ। ਕਦੇ ਮੰਡੀ ਦੇ ਕਾਰਖਾਨੇਦਾਰ ਆ ਕੇ ਰਕਮਾਂ ਚੜ੍ਹਾ ਜਾਂਦੇ। ਇਕ ਨੇ ਨਲਕਾ ਲਵਾ ਦਿੱਤਾ। ਤੇ ਠੰਢ ਦੇ ਆਉਣ ਤੋਂ ਪਹਿਲਾਂ ਕੋਠੇ ਦੇ ਦਰਵਾਜਾ ਤੇ ਤਾਕੀਆਂ ਲਵਾ ਦਿੱਤੀਆਂ। ਮਜੌਰ ਦੁਆਲੇ ਦੀਆਂ ਟਾਹਲੀਆਂ ਦੇ ਡੱਕੇ ਚੁਗ ਕੇ ਅੱਗ ਬਾਲਦਾ ਤੇ ਮੰਡੀ ਤੋਂ ਹਲਾਲ ਲਿਆ ਕੇ ਰੱਬ ਦੇ ਦੋਵੇਂ ਜੀਅ ਵੰਡ ਕੇ ਖਾ ਕੇ ਸੌਂ ਜਾਂਦੇ। ਜਦ ਰਾਂਝੂ ਮਰ ਗਿਆ ਤਾਂ ਉਹਨੂੰ ਵੀ ਉਥੇ ਈ ਪੀਰ ਦੀ ਕਬਰ ਕੋਲ ਦਫ਼ਨ ਕਰ ਦਿੱਤਾ ਗਿਆ।
ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਭਾਈ ਨੇ ਦੱਸੀਆਂ, ਜਦ ਮੈਂ ਪਿੰਡ ਗਿਆ। ਮੈਂ ਉਹਨੂੰ ਪੁੱਛਿਆ ਕਿ ਬਾਪੂ ਰਾਂਝੂ ਦੀ ਸਰਕਾਰੀ ਪੈਨਸ਼ਨ ਲਵਾਣ ਲਈ ਫਿਰਦਾ ਰਿਹਾ ਸੀ? ਉਹਨੇ ਦੱਸਿਆ ਕਿ ਅਫਸਰ ਮੰਨੇ ਨਹੀਂ। ਕਹਿੰਦੇ ਬਈ ਇਹਦੇ ਪੱਕੇ ਪਿੰਡ ਤੇ ਪੱਕੇ ਪਤੇ 'ਤੇ ਮਿਲ ਸਕਦੀ ਐ, ਤੁਰਦੇ ਫਿਰਦੇ ਦੀ ਨਹੀਂ। ਉਹ ਪਿੰਡ ਨਾ ਜਾਣ ਦੀ ਸੌਂਹ ਖਾ ਕੇ ਆਇਆ ਸੀ। ਉਹ ਵੀ ਪੱਕੀ ਜਾਤ ਦਾ ਸੀ।
ਦੂਜੇ ਦਿਨ ਮੈਂ ਛੋਟੇ ਭਾਈ ਦੇ ਮੋਟਰ ਸਾਈਕਲ 'ਤੇ ਓਸ ਮਜ਼ਾਰ 'ਤੇ ਗਿਆ। ਕੋਠੇ ਅੰਦਰ ਵਿਚਕਾਰਲੇ ਕੱਦ, ਸਿਰ 'ਤੇ ਨਿੱਕੀ ਜਿਹੀ ਟੋਪੀ, ਮੋਢਿਆਂ 'ਤੇ ਹਰਾ ਤੌਲਿਆ ਤੇ ਤੇੜ ਚਾਰਖਾਨਾ ਤੰਬਾ ਲਾਈ ਮਜੌਰ ਬੈਠਾ ਸੀ। ਮੈਂ ਵੀ ਸਲਾਮ ਕਰ ਕੇ ਕੋਲ ਬਹਿ ਗਿਆ। ਗੱਲਾਂ 'ਚ ਮਜੌਰ ਉਸਮਾਨ ਮੁਹੰਮਦ ਨੇ ਆਪਣੇ ਬਾਰੇ ਦੱਸਿਆ ਕਿ ਹੱਲਿਆਂ ਵੇਲ਼ੇ ਉਹ ਭੱਜ ਕੇ ਸਰਹੰਦ ਦੇ ਮੁਜੱਦਦ ਅਲਿਫ ਸਾਨੀ ਦੇ ਰੌਜ਼ਾ ਸ਼ਰੀਫ ਦੀ ਚਾਰਦੀਵਾਰੀ 'ਚ ਲੱਗੇ ਕੈਂਪ 'ਚ ਰਹਿੰਦਾ ਹੋਇਆ ਖਾਦਮਾਂ 'ਚ ਸ਼ਾਮਲ ਹੋ ਗਿਆ ਸੀ। ਵੀਹ ਸਾਲਾਂ ਦੀ ਖਿਦਮਤ ਦੇ ਬਾਅਦ ਇਕ ਰਾਤ ਨੂੰ ਉਹਨੂੰ ਸੁਫਨਾ ਆਇਆ। ਉਹਨੂੰ ਚਿੱਟੇ ਘੋੜੇ 'ਤੇ ਚਿੱਟੇ ਕੱਪੜਿਆਂ ਵਾਲੇ ਅਸਵਾਰ ਨੇ ਕਿਹਾ ਕਿ 'ਐ ਖਾਦਮ ਉਸਮਾਨ ਤੇਰੀਆਂ ਖਿਦਮਤਾਂ ਮਨਜ਼ੂਰ ਹੋਈਆਂ। ਤੇਰਾ ਠਿਕਾਣਾ ਹੁਣ ਇਹ ਨਹੀਂ। ਕਿਤੇ ਹੋਰ ਏ। ਉੱਠ ਤੁਰ ਪੈ, ਉਹ ਤੈਨੂੰ ਰਾਤ ਤਕ ਲੱਭ ਜਾਵੇਗਾ।'...ਮੈਂ ਨਾ ਅਨਾਜ ਦਾ ਦਾਣਾ ਖਾਧਾ। ਨਾ ਪਾਣੀ ਦੀ ਬੂੰਦ ਪੀਤੀ। ਰਾਤ ਭਰ ਜਾਗਦਾ ਰਿਹਾ। ਸਵੇਰੇ ਮੂੰਹ ਨ੍ਹੇਰੇ ਉਹ ਔਖਾ ਫੈਸਲਾ ਕਰ ਕੇ ਤੁਰਿਆ ਤਾਂ ਦੁਪਹਿਰ ਹੁੰਦੀ ਨੂੰ ਸੂਫੀ ਦਰਵੇਸ਼ ਹਜ਼ਰਤ ਕੁਵੱਲੇ ਸ਼ਾਹ ਦੇ ਏਸ ਮਕਬਰੇ 'ਤੇ ਆ ਗਿਆ। ਬੇਚੈਨ ਦਿਲ ਟਿਕ ਗਿਆ। ਅੱਖਾਂ ਅੱਗਿਉਂ ਧੁੰਦ ਹਟ ਗਈ। ਚਾਨਣ ਹੋ ਗਿਆ।
ਫੇਰ ਇਹ ਚਾਰਦੀਵਾਰੀ ਬਣੀ, ਕਲੀਆਂ ਹੋਈਆਂ ਤੇ ਇਹ ਰੌਣਕਾਂ ਮਿਹਰਾਂ। ਫੇਰ ਇਹ ਸੂਫੀ ਦਰਵੇਸ਼ ਖਿਦਮਤਗਾਰ ਰਾਂਝੂ ਸ਼ਾਹ ਆ ਗਿਆ। ਬੱਸ, ਫੇਰ ਅੱਲਾ ਦੀਆਂ ਮਿਹਰਾਂ ਈ ਮਿਹਰਾਂ ਬਰਸੀਆਂ। ਸਭ ਦਾ ਆਪਣਾ-ਆਪਣਾ ਨਸੀਬਾ। ਇਹਨਾਂ ਥੰਮ੍ਹੀਆਂ ਸਦਕਾ ਹੀ ਸਾਡੇ ਵਰਗੇ ਗੁਨਾਹਗਾਰਾਂ ਦੇ ਪਾਰ ਉਤਾਰੇ ਹੋ ਜਾਂਦੇ ਨੇ। ਜਿਨ੍ਹਾਂ ਖਿਦਮਤਾਂ ਕੀਤੀਆਂ। ਉਹਨਾਂ ਨੇ ਸਕੂਨ ਪਾਇਆ। ਯਾ ਮੇਰੇ ਮੌਲਾ, ਸਭ ਨੂੰ ਸਕੂਨ ਬਖਸ਼ੀਂ।
ਮੈਨੂੰ ਰਾਂਝੂ ਦੀ ਡਾਕਖਾਨੇ ਵਾਲੀ ਪਾਸ ਬੁੱਕ ਦੇ ਤਿੰਨ ਹਜ਼ਾਰ ਰੁਪਿਆਂ ਦਾ ਖਿਆਲ ਆਇਆ। ਉਸਮਾਨ ਅੱਲਾ ਨੇ ਦੱਸਿਆ ਕਿ ਉਹਨੇ ਰਾਂਝੂ ਦਾ ਝੋਲਾ ਵੀ ਨਾਲ ਈ ਦਫਨ ਕਰ ਦਿੱਤਾ ਸੀ। ਮੈਂ ਇਹ ਸੋਚ ਕੇ ਤੁਰਿਆ ਸੀ ਕਿ ਉਹਦੇ ਪੈਸੇ ਕਢਵਾ ਕੇ ਮੈਂ ਉਹਨੂੰ ਕਿਸੇ ਬਿਰਧ ਆਸ਼ਰਮ 'ਚ ਦਾਖਲ ਕਰਾ ਦੇਵਾਂਗਾ। ਪਰ ਉਹ ਤਾਂ ਹੁਣ ਕਬਰ 'ਚ ਪਿਆ ਸੀ। ਮੈਂ ਅਮਲੋਹ ਜਾ ਕੇ ਡਾਕ ਬਾਬੂ ਨੂੰ ਮਿਲ ਕੇ ਤਿੰਨ ਹਜ਼ਾਰ ਦੀ ਰਕਮ ਕਢਵਾ ਲਈ। ਵਿਆਜ ਬਾਬੂ ਨੇ ਰੱਖ ਲਿਆ। ਉਹ ਪੈਸੇ ਲੈ ਕੇ ਮੈਂ ਮੁਤਵੱਲੀ ਮੁਹੰਮਦ ਉਸਮਾਨ ਕੋਲ ਆਇਆ। ਅਸੀਂ ਤਿੰਨਾਂ ਦਿਨਾਂ 'ਚ ਰਾਂਝੂ ਦੀ ਕਬਰ ਪੱਕੀ ਕਰਾਈ। ਦੋਹਾਂ ਮਜ਼ਾਰਾਂ 'ਤੇ ਕਤਬੇ ਲਿਖਵਾ ਕੇ ਲਾਏ। ਝੰਡੀਆਂ ਲਾਈਆਂ, ਵੱਡੀ ਦੇਗ਼ 'ਚ ਚੌਲ ਪਕਾਏ ਤੇ ਮੱਥਾ ਟੇਕਣ ਵਾਲਿਆਂ ਨੂੰ ਨਿਆਜ਼ ਵੰਡੀ। ਇਹ ਝੰਡੀਆਂ ਦੇਖ ਕੇ ਪਿੰਡ ਡਡਹੇੜੀ ਦੇ ਮਰਾਸੀਆਂ ਦੇ ਮੁੰਡਿਆਂ ਦਾ ਕੱਵਾਲੀ ਦਾ ਗਰੁੱਪ ਆਪੇ ਆ ਗਿਆ। ਉਹਨਾਂ ਖੂਬ ਬੁਲ੍ਹਾ ਤੇ ਸ਼ਾਹ ਹੁਸੈਨ ਦਾ ਕਲਾਮ ਗਾ ਕੇ ਰੰਗ ਬੰਨ੍ਹ ਦਿੱਤਾ। ਅਸੀਂ ਉਹਨਾਂ ਦੀ ਵੀ ਸੇਵਾ ਕਰ ਦਿੱਤੀ। ਮੈਂ ਤਾਂ ਰਾਂਝੂ ਦੇ ਪੈਸੇ ਖਰਚ ਕਰ ਦਿੱਤੇ, ਪਰ ਮਜੌਰ 'ਤੇ ਅੱਲਾ ਦੀ ਚੋਖੀ ਮਿਹਰ ਹੋ ਗਈ ਉਹਦੇ ਕੋਲ ਦੂਣੇ ਤੀਣੇ ਹੋ ਗਏ।
ਹੁਣ ਇਹ ਪਹਿਲਾਂ ਵਾਲਾ ਕੁਵੱਲੇ ਸ਼ਾਹ ਦਾ ਤਕੀਆ ਨਹੀਂ ਸੀ ਰਿਹਾ, ਬਲਕਿ ਸੂਫੀ ਪੀਰ ਦਸਤਗੀਰ ਹਜ਼ਰਤ ਕੁਵੱਲੇ ਸ਼ਾਹ ਦਾ ਰੌਜ਼ਾ ਸ਼ਰੀਫ ਹੋ ਗਿਆ ਸੀ। ਜਿਹੜਾ ਸਿਰਫ ਮੁਸਲਮਾਨਾਂ ਲਈ ਹੀ ਨਹੀਂ, ਬਲਕਿ ਹਿੰਦੂਆਂ ਸਿੱਖਾਂ ਲਈ ਵੀ ਕਰਨੀ ਵਾਲਾ ਪਹੁੰਚਿਆ ਪੀਰ ਬਣ ਗਿਆ ਸੀ। ਮੁਤਵੱਲੀ ਉਸਮਾਨ ਨੇ ਮੈਨੂੰ ਦਰਵੇਸ਼ ਰਾਂਝੂ ਦੇ ਆਉਣ ਤੇ ਮਰਨ ਬਾਰੇ ਕਈ ਕਰਾਮਾਤੀ ਗੱਲਾਂ ਦੱਸੀਆਂ ਤੇ ਕਿਹਾ ਕਿ ਉਹ ਬੜੇ ਗੁੱਝੇ ਇਲਮਾਂ ਵਾਲਾ ਦਰਵੇਸ਼ ਸੀ। ਇਹ ਜੋ ਕੁਝ ਹੈ, ਸਭ ਉਹਦੇ ਕਦਮਾਂ ਦਾ ਸਦਕਾ ਏ। ਆਪਾਂ ਕੀਹਦੇ ਪਾਣੀਹਾਰ ਆਂ। ਇਹ ਪੀਰ ਦਸਤਗੀਰ ਦੇ ਇਸ਼ਾਰੇ 'ਤੇ ਹੋ ਰਿਹਾ ਏ। ਇਹੀ ਲੋਕ ਨੇ ਜਿਨ੍ਹਾਂ ਦੇ ਆਸਰੇ ਇਹ ਧਰਤੀ, ਇਹ ਅਸਮਾਨ ਖੜ੍ਹੇ ਨੇ। ਇਹ ਅਸਮਾਨ ਦੇ ਹੇਠਾਂ ਦੀਆਂ ਥੰਮ੍ਹੀਆਂ ਨੇ। ਨਹੀਂ ਤਾਂ ਅਸਮਾਨ ਨਾ ਗਿਰ ਪੈਂਦਾ ਸਾਡੇ ਐਨੇ ਪਾਪੀਆਂ ਉੱਤੇ। ਕਿਆਮਤ ਦਾ ਦਿਨ ਨਾ ਆ ਜਾਂਦਾ!... ਅੱਲਾਹ, ਅਸੀਂ ਗੁਨਾਹਗਾਰ ਬੰਦੇ, ਪਨਾਹ ਮੰਗਦੇ ਹਾਂ, ਇਹਨਾਂ ਥੰਮ੍ਹੀਆਂ ਦੀ।
ਪਰ ਮੇਰੇ ਯਾਰ ਲੇਖਕ ਦੀ ਮੌਤ ਏਸ ਤੋਂ ਵੱਖਰੀ ਤਰ੍ਹਾਂ ਹੋਈ। ਉਹ ਅੰਤ ਤਕ ਆਪਣੇ ਖਰੀਦੇ ਨਿੱਕੇ ਫਲੈਟ 'ਚ ਹੀ ਰਿਹਾ। ਉਹਦੇ ਮੁੰਡੇ ਨੇ ਇੰਡਸਟਰੀਅਲ ਏਰੀਆ 'ਚ ਫੈਕਟਰੀ ਤੇ ਰਿਹਾਇਸ਼ੀ ਇਲਾਕੇ 'ਚ ਕੋਠੀ ਪਾ ਲਈ ਸੀ। ਉਹ ਆਪਣੇ ਪਹਿਲੇ ਬੱਚੇ ਵੇਲ਼ੇ ਆਪਣੀ ਮਾਂ ਨੂੰ ਵੀ ਉਥੇ ਲੈ ਗਿਆ ਸੀ। ਲੇਖਕ ਏਸ ਗੱਲ 'ਤੇ ਅੜ ਗਿਆ ਸੀ ਉਹਨੇ ਤਾਂ ਏਸੇ ਫਲੈਟ 'ਚ ਮਰਨਾ ਏ। ਅੰਤਲੀ ਉਮਰੇ ਉਹਨੂੰ ਗਲੇ ਦਾ ਕੈਂਸਰ ਹੋ ਗਿਆ ਸੀ। ਉਹ ਹੋਮੋਪੈਥੀ ਦੀਆਂ ਗੋਲੀਆਂ ਖਾਂਦਾ ਰਿਹਾ ਸੀ। ਕਹਿੰਦਾ, ਜੇ ਮਰਨਾ ਈ ਏ ਤਾਂ ਟੱਬਰ ਨੂੰ ਨੰਗ ਕਿਉਂ ਕਰਾਂ। ਉਹ ਤਾਂ ਪੈਸਾ ਖਰਚਣ ਤੇ ਖੁਸ਼ੀਆਂ ਮਾਨਣ।
ਉਹਨੇ ਅਖਬਾਰਾਂ 'ਚ ਛਪੀਆਂ ਆਪਣੀਆਂ ਸਾਰੀਆਂ ਲਿਖਤਾਂ ਦੀਆਂ ਫਾਈਲਾਂ ਕੱਪੜੇ ਦੀ ਗੰਢ 'ਚ ਭਰ ਕੇ ਇਕ ਪਾਸੇ ਰੱਖ ਦਿੱਤੀਆਂ ਸਨ। ਉਹ ਸਭ ਕੁਝ ਰੱਦੀ ਨਹੀਂ ਸੀ। ਕੁਝ ਲੇਖ ਚੰਗੇ ਤੇ ਦਿਲਚਸਪ ਲੱਗਦੇ ਸਨ। ਕਦੇ ਮੈਂ ਦਾਦ ਦੇ ਦੇਂਦਾ ਸੀ। ਉਹਦੀ ਸਰਾਹਣਾ ਦੀਆਂ ਚਿੱਠੀਆਂ ਛਪਦੀਆਂ ਸਨ। ਉਹਦਾ ਸਨਮਾਨ ਵੀ ਕਈ ਨਿੱਕੀਆਂ ਮੋਟੀਆਂ ਸੰਸਾਥਾਂ ਨੇ ਕੀਤਾ ਸੀ। ਫੇਰ ਵੀ ਪਤਾ ਨਹੀਂ ਕਿਉਂ, ਸਾਹਿਤਕਾਰ ਉਹਨੂੰ ਲੇਖਕ ਨਹੀਂ ਸਨ ਮੰਨਦੇ। ਅਖਬਾਰੀ ਪੱਤਰਕਾਰ ਕਹਿ ਛੱਡਦੇ ਸਨ।
ਆਖਰੀ ਦਿਨ ਰਾਤ ਨੂੰ ਉਹਦੇ ਗਵਾਂਢੀਆਂ ਨੇ ਉਹਦੇ ਪੁੱਤਰ ਨੂੰ ਫੋਨ ਕੀਤਾ ਸੀ ਕਿ ਆ ਜਾਓ। ਮਾਂ ਪੁੱਤ ਆਏ ਤਾਂ ਗੱਲ ਮੁੱਕ ਚੁੱਕੀ ਸੀ। ਮਰਨ ਵਾਲੇ ਦੇ ਸਰ੍ਹਾਣੇ ਹੇਠੋਂ ਇਕ ਕਾਗਜ਼ 'ਤੇ ਲਿਖੀ ਵਸੀਅਤ ਮਿਲੀ। ਜਿਸ 'ਤੇ ਲਿਖਿਆ ਸੀ ਕਿ ਉਹਨੂੰ ਬਿਜਲੀ ਵਾਲੇ ਸ਼ਮਸ਼ਾਨ 'ਚ ਲਿਜਾਇਆ ਜਾਵੇ। ਫੁੱਲ ਕਿਸੇ ਨੇੜੇ ਦੇ ਵਗਦੇ ਪਾਣੀ 'ਚ ਪਾ ਦਿੱਤੇ ਜਾਣ। ਚੌਥੇ ਦਿਨ ਉਠਾਲਾ ਕਰ ਕੇ ਆਪਣੇ ਕੰਮਾਂ 'ਤੇ ਜਾਇਓ। ਮੇਰੀ ਕੋਈ ਕਿਰਿਆ ਦੀ ਰਸਮ ਨਾ ਕੀਤੀ ਜਾਵੇ, ਨਾ ਬ੍ਰਾਹਮਣਾਂ ਨੂੰ ਦਾਨ ਪੁੰਨ। ਰੋਟੀ ਵੀ ਨਾ ਖਵਾਈ ਜਾਵੇ।...ਓਸੇ ਵਰਕੇ ਦੇ ਹੇਠਾਂ ਉਹ ਰਕਮਾਂ ਲਿਖੀਆਂ ਹੋਈਆਂ ਸਨ, ਜਿਹੜੀਆਂ ਉਹਨੇ ਕਿਸੇ ਤੋਂ ਲੈਣੀਆਂ ਸਨ। ਸ਼ਾਇਦ ਨੀਲੀਆਂ ਫਿਲਮਾਂ ਦੇ ਕਿਰਾਏ ਵਜੋਂ।
ਪਰ ਉਹਦੇ ਕਾਰਖਾਨੇਦਾਰ ਬੇਟੇ ਨੇ ਸਾਰੀਆਂ ਰਸਮਾਂ ਕੀਤੀਆਂ। ਏਥੇ ਤਕ ਕਿ ਜਿਹੜੇ ਅਰੋਮਾ ਹੋਟਲ ਦੀ ਕੰਧ ਕੋਲ ਮੰਗਤਿਆਂ ਦੀ ਕਤਾਰ 'ਚ ਬਹਿ ਕੇ ਮਰਨ ਵਾਲਾ ਰੋਟੀ ਖਾਂਦਾ ਹੁੰਦਾ ਸੀ, ਓਸੇ ਦੇ ਅੰਦਰ ਉਹਦੀ ਬਰਸੀ ਮਨਾਈ ਗਈ। ਜੀਹਦੇ ਵਿਚ ਵਿਸਕੀ ਚੱਲੀ ਤੇ ਹਰ ਕਿਸਮ ਦਾ ਨਾਨਵੈਜ। ਉਹਨੇ ਲੇਖਕ ਦੋਸਤਾਂ ਨੂੰ ਵੀ ਬੁਲਾਇਆ ਸੀ। ਮੈਂ ਵੀ ਗਿਆ ਸੀ। ਮੈਂ, ਜਿਹੜਾ ਉਹਨੂੰ ਆਮ ਜਿਹਾ ਤੇ ਅਖਬਾਰਾਂ 'ਚ ਛਪਣ ਵਾਲਾ ਲੇਖਕ ਸਮਝਦਾ ਸੀ, ਸਟੇਜ 'ਤੇ ਜਾ ਕੇ ਉਹਦੀਆਂ ਲਿਖਤਾਂ ਦੀ ਤਾਰੀਫ ਕੀਤੀ ਸੀ। ਮਰਨ ਵਾਲੇ ਨਾਲ ਦੋਸਤੀ ਦਾ ਦਮ ਭਰਿਆ ਸੀ। ਜਾਂਦਿਆਂ ਉਹਦੀਆਂ ਛਪੀਆਂ ਨਵੀਆਂ ਕਿਤਾਬਾਂ ਦਾ ਸੈਟ ਲੈ ਕੇ ਝੂਮਦਾ ਘਰ ਆਇਆ ਸੀ।
ਉਹਦੇ ਪੁੱਤਰ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਨੇਕ ਪਿਤਾ ਦੀ ਯਾਦ 'ਚ ਹਰ ਸਾਲ ਬਰਸੀ ਵਾਲੇ ਦਿਨ ਲੇਖਕਾਂ ਨੂੰ ਕੱਠਿਆਂ ਕਰ ਕੇ ਸਮਾਗਮ ਕੀਤਾ ਕਰੇਗਾ। ਫੇਰ ਕੋਈ ਧਰਮ ਕਰਮ ਦਾ ਕੰਮ ਕਰੇਗਾ।...ਬੇਘਰ ਗਰੀਬ ਲੋਕਾਂ ਨੂੰ ਇਕ ਹਫਤਾ ਰੋਜ਼ ਰੋਟੀ ਖਵਾਇਆ ਕਰੇਗਾ। ਸਾਡਾ ਵੀ ਧਰਮ ਬਣਦਾ ਏ, ਭੁੱਖਿਆਂ ਦੇ ਢਿੱਡ ਭਰਨ ਦਾ।...
ਏਸ ਪਵਿੱਤਰ ਕੰਮ ਲਈ ਉਹਨੇ ਦੋਵੇਂ ਫਲੈਟ ਤੇ ਦੁਕਾਨ ਵੇਚ ਦਿੱਤੀ। ਆਪਣੀ ਕੋਠੀ 'ਚ ਉਹਦੀ ਫੋਟੋ ਵੱਡੀ ਕਰ ਕੇ ਲਵਾ ਲਈ। ਜੀਹਦੇ ਉਤੇ ਰੋਜ਼ ਫੁੱਲਾਂ ਦਾ ਹਾਰ ਉਹਦੀ ਮਾਤਾ ਚੜ੍ਹਾਉਂਦੀ ਏ।
ਮੈਂ ਜਦ ਵੀ ਪਿੰਡ ਜਾਂਦਾ ਹਾਂ, ਰਾਂਝੂ...ਨਹੀਂ, ਸੂਫੀ ਦਰਵੇਸ਼ ਰਾਂਝੂ ਸ਼ਾਹ ਦੇ ਮਜ਼ਾਰ 'ਤੇ ਜਾਂਦਾ ਹਾਂ। ਮੁਤਵੱਲੀ ਮੁਹੰਮਦ ਉਸਮਾਨ ਨੂੰ ਮਿਲਦਾ ਹਾਂ। ਉਹਦੀ ਸੁਰਮੇ ਵਾਲੀ ਅੱਖ ਤੇ ਮੂੰਹ 'ਤੇ ਫਿਰਦੇ ਹਰੇ ਰੰਗ ਦੇ ਤੌਲੀਏ ਨਾਲ ਪੂੰਝੇ ਹੋਏ ਨੂਰਾਨੀ ਚਿਹਰੇ ਨੂੰ ਦੇਖਦਾ ਹਾਂ। ਅੱਲਾ ਨੂੰ ਪਿਆਰੇ ਹੋਏ ਹਜ਼ਰਤਾਂ, ਸ਼ਾਹਾਂ ਤੇ ਸੂਫੀ ਦਰਵੇਸ਼ਾਂ ਦੀਆਂ ਗੱਲਾਂ ਸੁਣਦਾ ਹਾਂ। ਘਰ ਮੁੜਦਾ ਹੋਇਆ ਆਪਣੇ ਆਪ 'ਚ ਵੜਿਆ ਕੋਈ ਦਰਵੇਸ਼ ਮਹਿਸੂਸ ਕਰਦਾ ਹਾਂ।
ਹੁਣ ਮੈਂ ਧੁੱਪੇ ਬੈਠਾ ਹੱਸਦਾ ਹਾਂ ਕਿ ਪਹਿਲਾਂ ਦੋ ਜਣਿਆਂ ਬਾਰੇ ਕੱਠਾ ਸੋਚਦਾ ਸੀ, ਹੁਣ ਤਿੰਨ ਜਣੇ ਹੋ ਗਏ ਨੇ। ਵਿਚ ਮੁਹੰਮਦ ਉਸਮਾਨ ਮੁਤਵੱਲੀ ਜੁ ਰਲ਼ ਗਿਆ ਏ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |