Punjabi Stories/Kahanian  Punjabi Kahani

Nikki Kahani : Gurmukh Singh

ਨਿੱਕੀ ਕਹਾਣੀ : ਗੁਰਮੁਖ ਸਿੰਘ

ਕਹਾਣੀ ਦੀ ਹੋਂਦ ਮਨੁੱਖ ਜਿੰਨੀ ਹੀ ਪੁਰਾਣੀ ਹੈ । ਉਹ ਮੁੱਢ ਤੋਂ ਹੀ ਕਹਾਣੀ ਸੁਣਨ ਤੇ ਸੁਣਾਉਣ ਦਾ ਸ਼ੁਕੀਨ ਰਿਹਾ ਹੈ । ਪੁਰਾਣੇ ਸਮਿਆਂ ਵਿੱਚ ਕਹਾਣੀ ਉਸ ਦੇ ਮਨੋਰੰਜਨ ਦਾ ਮੁੱਖ ਸਾਧਨ ਸੀ । ਕਹਾਣੀ ਰਾਹੀਂ ਨਾ ਕੇਵਲ ਉਸ ਨੇ ਆਪਣੇ ਆਲੇ-ਦੁਆਲੇ ਨੂੰ ਸਮਝਣ ਦਾ ਯਤਨ ਕੀਤਾ, ਸਗੋਂ ਜ਼ਿੰਦਗੀ ਜਿਊਂਣ ਲਈ ਉਚੇਰੇ ਮਾਪ ਦੰਡ ਵੀ ਸੁਝਾਏ । ਦੇਵੀ ਦੇਵਤਿਆਂ ਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੋਂ ਸ਼ੁਰੂ ਹੋ ਕੇ ਅੱਜ ਦੇ ਮਨੁੱਖ ਦੀਆਂ ਕਹਾਣੀਆਂ ਤੱਕ ਕਹਾਣੀ ਨੇ ਅਨੇਕਾਂ ਪੜਾਅ ਪਾਰ ਕੀਤੇ ਹਨ । ਜਿਉਂ-ਜਿਉਂ ਮਨੁੱਖ ਬਦਲਿਆ ਤਿਉਂ-ਤਿਉਂ ਕਹਾਣੀ ਦਾ ਰੂਪ ਵੀ ਬਦਲਿਆ । ਕਹਾਣੀ ਦੇ ਵਿਸ਼ੇ ਅਤੇ ਰੂਪ ਵਿੱਚ ਆਏ ਬਦਲਾਵਾਂ ਕਾਰਨ ਇਸ ਦੀ ਪਰਿਭਾਸ਼ਾ ਅਤੇ ਇਸ ਦੇ ਤੱਤਾਂ ਵਿੱਚ ਵੀ ਗੋਲਣਯੋਗ ਤਬਦੀਲੀ ਆਈ । ਇਸ ਤਬਦੀਲੀ ਨੂੰ ਮੱਧ-ਕਾਲੀ ਕਹਾਣੀ ਤੋਂ ਆਧੁਨਿਕ ਨਿੱਕੀ ਕਹਾਣੀ ਤੱਕ ਦੇ ਸਫ਼ਰ ਦੌਰਾਨ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ ।

ਨਿੱਕੀ ਕਹਾਣੀ ਦਾ ਜਨਮ ਸੰਸਾਰ ਵਿੱਚ ਆਧੁਨਿਕਤਾ ਦੇ ਆਉਣ ਨਾਲ ਹੁੰਦਾ ਹੈ । ਪੱਛਮ ਵਿੱਚ ਆਧੁਨਿਕਤਾ ਉਨ੍ਹੀਵੀਂ ਸਦੀ ਵਿੱਚ ਆਉਂਦੀ ਹੈ ਅਤੇ ਭਾਰਤ ਵਿੱਚ ਵੀਹਵੀਂ ਸਦੀ ਵਿੱਚ । ਇਸੇ ਆਧਾਰ ਤੇ ਪੱਛਮ ਵਿੱਚ ਨਿੱਕੀ ਕਹਾਣੀ ਦਾ ਜਨਮ ਉਨ੍ਹੀਵੀਂ ਸਦੀ ਵਿੱਚ ਹੁੰਦਾ ਹੈ ਅਤੇ ਭਾਰਤ ਵਿੱਚ ਵੀਹਵੀਂ ਸਦੀ ਵਿੱਚ । ਆਧੁਨਿਕਤਾ ਦੇ ਆਉਣ ਨਾਲ ਸਧਾਰਨ ਬੰਦਾ ਅਤੇ ਉਸ ਦੇ ਸਧਾਰਨ ਸਰੋਕਾਰ ਸਾਹਿਤ ਦਾ ਵਿਸ਼ਾ ਬਣਦੇ ਹਨ । ਨਿੱਕੀ ਕਹਾਣੀ ਸਧਾਰਨ ਬੰਦੇ ਦੀ ਸਧਾਰਨਤਾ ਨੂੰ ਪੇਸ਼ ਕਰਨ ਹਿਤ ਪੈਦਾ ਹੋਇਆ ਸਾਹਿਤ ਰੂਪ ਹੈ । ਬੇਸ਼ੱਕ ਕਹਾਣੀ ਪਹਿਲਾਂ ਵੀ ਮੌਜੂਦ ਸੀ, ਪਰ ਉਹ ਸਧਾਰਨ ਮਨੁੱਖ ਦੀ ਥਾਂ ਵਿਸ਼ੇਸ਼ ਮਨੁੱਖ (ਜਿਵੇਂ ਰਾਜਾ, ਰਾਣੀ, ਆਸ਼ਕ, ਯੋਧਾ, ਪੀਰ, ਪੈਗ਼ੰਬਰ ਆਦਿ) ਦੀ ਗੱਲ ਕਰਦੀ ਸੀ । ਐਪਰ ਕਹਾਣੀ ਦੀ ਇਸ ਪਰੰਪਰਾ ਦਾ ਆਧੁਨਿਕ ਨਿੱਕੀ ਕਹਾਣੀ ਦੇ ਜਨਮ ਪਿੱਛੇ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਕੋਈ ਵੀ ਸਾਹਿਤ ਰੂਪ ਕਿਸੇ ਖ਼ਲਾਅ ਵਿੱਚੋਂ ਜਨਮ ਨਹੀਂ ਲੈਂਦਾ, ਸਗੋਂ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਵਿੱਚੋਂ ਲੈਂਦਾ ਹੈ ।

ਹੁਣ ਤੱਕ ਵਿਭਿੰਨ ਵਿਦਵਾਨਾਂ ਨੇ ਆਪੋ-ਆਪਣੇ ਢੰਗ ਨਾਲੇ ਨਿੱਕੀ ਕਹਾਣੀ ਦੇ ਰੂਪ ਨੂੰ ਸਮਝਣ ਦਾ ਯਤਨ ਕੀਤਾ ਹੈ । ਕਿਸੇ ਨੇ ਸਫ਼ਿਆਂ ਅਤੇ ਸ਼ਬਦਾਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਇਸ ਨੂੰ ਪਰਿਭਾਸ਼ਿਤ ਕੀਤਾ ਅਤੇ ਕਿਸੇ ਨੇ ਇਸ ਇਸ ਦੁਆਰਾ ਬਿਆਨੇ ਵਿਸ਼ੇ ਨੂੰ ਆਧਾਰ ਬਣਾ ਕੇ । ਪਰ ਹਾਲੇ ਤੱਕ ਨਿੱਕੀ ਕਹਾਣੀ ਦੀ ਕੋਈ ਅੰਤਿਮ ਅਤੇ ਸਰਬ ਪ੍ਰਵਾਨਿਤ ਪਰਿਭਾਸ਼ਾ ਸੰਭਵ ਨਹੀਂ ਹੋ ਸਕੀ ਹੈ । ਇਸ ਦਾ ਇੱਕ ਵੱਡਾ ਕਾਰਨ ਇਸ ਵਿਧਾ (ਰੂਪ) ਦਾ ਗਤੀਸ਼ੀਲ ਚਰਿੱਤਰ ਦੇ ਧਾਰਨੀ ਹੋਣਾ ਹੈ । ਗਤੀਸ਼ੀਲ ਚਰਿੱਤਰ ਤੋਂ ਭਾਵ ਇਹ ਹੈ ਕਿ ਨਿੱਕੀ ਕਹਾਣੀ ਹਮੇਸ਼ਾਂ ਇੱਕੋ ਜਿਹੀ ਨਹੀਂ ਰਹੀ, ਬਦਲਦੇ ਮਨੁੱਖਾਂ ਨਾਲ ਇਹ ਵੀ ਬਦਲੀ ਹੈ ਤੇ ਜਿਹੜੀ ਵਿਧਾ ਲਗਾਤਾਰ ਬਦਲ ਰਹੀ ਹੋਵੇ, ਉਸ ਨੂੰ ਸਥਿਰ ਚੌਖਟੇ ਵਿੱਚ ਬੰਨ੍ਹਣਾ ਬਹੁਤ ਮੁਸ਼ਕਲ ਹੁੰਦਾ ਹੈ । ਫਿਰ ਵੀ ਇਸ ਵਿਧਾ ਦੀਆਂ ਕੁਝ ਬੁਨਿਆਦੀ ਵਿਸ਼ੇਸ਼ਤਾਵਾਂ ਅਤੇ ਵਿਭਿੰਨ ਵਿਦਵਾਨਾਂ ਦੀਆਂ ਕੀਮਤੀ ਰਾਵਾਂ ਦੇ ਆਧਾਰ ਤੇ ਨਿੱਕੀ ਕਹਾਣੀ ਦੇ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ।

ਨਿੱਕੀ ਕਹਾਣੀ ਨੂੰ ਪਰਿਭਾਸ਼ਿਤ ਕਰਨ ਲਈ ਇਸ ਦੇ ਆਕਾਰ ਅਤੇ ਇਸ ਨੂੰ ਪੜ੍ਹਨ ਲਈ ਲੱਗਦੇ ਸਮੇਂ ਦੀ ਚਰਚਾ ਬਹੁਤ ਪਹਿਲਾਂ ਤੋਂ ਹੁੰਦੀ ਰਹੀ ਹੈ ਪਰ ਹੁਣ ਇਹ ਗੱਲ ਲਗਪਗ ਮੰਨੀ ਜਾ ਚੁੱਕੀ ਹੈ ਕਿ ਕੇਵਲ ਸਫ਼ਿਆਂ ਜਾਂ ਸ਼ਬਦਾਂ ਦੀ ਗਿਣਤੀ ਅਤੇ ਪੜ੍ਹਨ ਲਈ ਲੱਗਦੇ ਸਮੇਂ ਦੇ ਆਧਾਰ ਤੇ ਕਹਾਣੀ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਹੈ । ਕੋਈ ਕਹਾਣੀ ਇੱਕ ਸਫ਼ੇ ਦੀ ਵੀ ਹੋ ਸਕਦੀ ਹੈ ਅਤੇ ਪੰਜਾਹ ਸਫ਼ਿਆਂ ਦੀ ਵੀ, ਇਸੇ ਤਰ੍ਹਾਂ ਪੰਜਾਹ ਸ਼ਬਦਾਂ ਦੀ ਵੀ ਹੋ ਸਕਦੀ ਹੈ ਅਤੇ ਪੰਜ ਸੌ ਜਾਂ ਹਜ਼ਾਰ ਸ਼ਬਦਾਂ ਦੀ ਵੀ । ਇਸ ਨੂੰ ਪੜ੍ਹਨ ਲਈ ਅੱਧੇ ਘੰਟੇ ਦਾ ਸਮਾਂ ਵੀ ਲੱਗ ਸਕਦਾ ਹੈ, ਇੱਕ ਘੰਟੇ ਦਾ ਵੀ ਜਾਂ ਫਿਰ ਰੁਕ-ਰੁਕ ਕੇ ਪੜ੍ਹਨ ਵੇਲੇ ਇੱਕ ਦਿਨ ਦਾ ਸਮਾਂ ਵੀ ਲੱਗ ਸਕਦਾ ਹੈ । ਇਹ ਮਾਪਦੰਡ ਕਿਸੇ ਰਚਨਾ ਦੇ ਕਹਾਣੀ ਹੋਣ ਵੱਲ ਸੰਕੇਤ ਤਾਂ ਕਰ ਸਕਦੇ ਹਨ ਪਰ ਇਹਨਾਂ ਕਾਰਨ ਕੋਈ ਰਚਨਾ ਕਹਾਣੀ ਨਹੀਂ ਹੋ ਸਕਦੀ । ਨਿੱਕੀ ਕਹਾਣੀ ਨਿੱਕੀ ਆਪਣੇ ਆਕਾਰ ਕਰ ਕੇ ਨਹੀਂ ਸਗੋਂ ਗੱਲ ਕਹਿਣ ਦੇ ਢੰਗ ਕਰ ਕੇ ਹੈ । ਜੋਗਿੰਦਰ ਸਿੰਘ ਰਾਹੀ ਅਨੁਸਾਰ ਇਹ ਢੰਗ ਸੂਖਮ ਇਸ਼ਾਰੇ ਦਾ ਹੈ । ਨਿੱਕੀ ਕਹਾਣੀ ਵਿੱਚ ਕਿਸੇ ਉਚੇਚੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਹੁੰਦੀ । ਹਰ ਗੱਲ ਨੂੰ ਸੰਜਮ ਨਾਲ ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ । ਨਿੱਕੀ ਕਹਾਣੀ ਆਕਾਰ ਦੀ ਦ੍ਰਿਸ਼ਟੀ ਤੋਂ ਛੋਟੀ ਅਤੇ ਵਿਚਾਰ ਦੀ ਦ੍ਰਿਸ਼ਟੀ ਤੋਂ ਵੱਡੀ ਹੁੰਦੀ ਹੈ । ਇਸ ਕਰ ਕੇ ਇਸ ਨੂੰ ਸਮਝਣ ਲਈ ਸੂਖਮਤਾ ਦੀ ਓਵੇਂ ਲੋੜ ਹੁੰਦੀ ਹੈ, ਜਿਵੇਂ ਇੱਕ ਗਲੋਬ ਨੂੰ ਸਮਝਣ ਲਈ, ਜਿਹੜਾ ਆਕਾਰ ਵਿੱਚ ਨਿੱਕਾ ਅਤੇ ਜਾਣਕਾਰੀ ਵਿੱਚ ਵੱਡਾ ਹੁੰਦਾ ਹੈ । ਇਸ ਵਿੱਚ ਸਾਰੀ ਜਾਣਕਾਰੀ ਸੰਖੇਪ ਤੇ ਸੂਤਰ ਰੂਪ ਵਿੱਚ ਸਮਾਈ ਹੁੰਦੀ ਹੈ । ਉਂਞ ਆਕਾਰ ਦਾ ਉਪਰੋਕਤ ਪੈਮਾਨਾ ਨਾਵਲ ਤੇ ਨਿੱਕੀ ਕਹਾਣੀ ਦੇ ਵਖਰੇਵੇਂ ਨੂੰ ਸਮਝਣ ਵਿੱਚ ਜ਼ਰੂਰ ਸਹਾਈ ਹੁੰਦਾ ਹੈ । ਕੋਈ ਵੀ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਕਾਰਨ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਨਹੀਂ ਹੋ ਸਕਦੀ । ਉਹ ਕਿਸੇ ਮੈਗਜ਼ੀਨ ਜਾਂ ਕਿਸੇ ਕਿਤਾਬ ਦਾ ਹਿੱਸਾ ਬਣ ਕੇ ਹੀ ਪ੍ਰਕਾਸ਼ਿਤ ਹੁੰਦੀ ਹੈ । ਇਸ ਦੀ ਤੁਲਨਾ ਵਿੱਚ ਨਾਵਲ ਇੱਕ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਹੈ ।

ਨਿੱਕੀ ਕਹਾਣੀ ਦਾ ਸਭ ਤੋਂ ਅਹਿਮ ਤੇ ਪਛਾਣਨਯੋਗ ਲੱਛਣ ਤਾਂ ਇਹ ਹੈ ਕਿ ਇਹ ਸਧਾਰਨ ਮਨੁੱਖ ਦੀ ਸਧਾਰਨਤਾ ਦੀ ਬਾਤ ਪਾਉਂਦੀ ਹੈ । ਇਸ ਕਥਨ ਤੋਂ ਭਾਵ ਇਹ ਹੈ ਕਿ ਇਹ ਮਨੁੱਖ ਨੂੰ ਮਨੁੱਖ ਦੇ ਤੌਰ `ਤੇ ਪਛਾਣਦੀ ਉਸ ਨੂੰ ਉਸ ਦੀਆਂ ਤਮਾਮ ਸੀਮਾਵਾਂ ਸਮੇਤ ਚਿਤਰਦੀ ਹੈ । ਇਹ ਮਨੁੱਖ ਨੂੰ ਫ਼ਿਲਮ ਦੇ ਉਸ ਹੀਰੋ ਵਾਂਗ ਪੇਸ਼ ਨਹੀਂ ਕਰਦੀ ਜਿਹੜਾ ਸਾਰੀਆਂ ਸਮੱਸਿਆਵਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ । ਨਿੱਕੀ ਕਹਾਣੀ ਦਾ ਮਨੁੱਖ ਸਾਡੇ ਸਾਰਿਆਂ ਵਰਗਾ ਹੈ, ਜਿਹੜਾ ਨਿੱਕੀਆਂ ਵੱਡੀਆਂ ਗੱਲਾਂ ਤੇ ਖ਼ੁਸ਼ ਤੇ ਦੁੱਖੀ ਹੁੰਦਾ ਹੈ ਅਤੇ ਜ਼ਿੰਦਗੀ ਬਿਤਾਉਂਦਾ ਕਦੇ ਹਾਰਦਾ ਤੇ ਕਦੇ ਜਿੱਤਦਾ ਹੈ । ਸੰਤ ਸਿੰਘ ਸੇਖੋਂ ਅਨੁਸਾਰ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਛੋਟੀ ਕਹਾਣੀ ਇਸ ਤਰ੍ਹਾਂ ਬਰਕਰਾਰ ਰੱਖਦੀ ਹੈ ਕਿ ਇਹ ਉਸ ਦੇ ਸਮੁੱਚੇ ਜੀਵਨ ਵਿੱਚ ਕੋਈ ਮਹਾਨ ਅਰਥ ਨਹੀਂ ਭਰਦੀ । ਇੱਥੇ ਸਧਾਰਨਤਾ ਤੋਂ ਭਾਵ ਇਹ ਨਹੀਂ ਕਿ ਜਿਸ ਮਨੁੱਖ ਦੀ ਗੱਲ ਹੋ ਰਹੀ ਹੈ, ਉਸ ਵਿੱਚ ਕੋਈ ਵੱਡਾ ਗੁਣ ਨਹੀਂ ਹੋ ਸਕਦਾ, ਸਗੋਂ ਇਸ ਦਾ ਭਾਵ ਇਹ ਹੈ ਕਿ ਉਹ ਵੱਡੇ ਗੁਣ ਦੇ ਬਾਵਜੂਦ ਵੀ ਅਸਧਾਰਨ ਨਹੀਂ ਬਣਦਾ । ਮਿਸਾਲ ਦੇ ਤੌਰ ਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਧਰਤੀ ਹੇਠਲਾ ਬਲਦ' ਦੇਖੀ ਜਾ ਸਕਦੀ ਹੈ । ਇਸ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਨੂੰ ਉਸ ਬਲਦ ਨਾਲ ਤੁਲਨਾਇਆ ਗਿਆ ਹੈ ਜਿਸ ਬਾਰੇ ਇਹ ਮਿੱਥ ਹੈ ਕਿ ਧਰਤੀ ਉਸ ਦੇ ਸਿੰਗਾਂ ਦੇ ਆਸਰੇ ਖੜ੍ਹੀ ਹੈ । ਏਨੀ ਵੱਡੀ ਤੁਲਨਾ ਦੇ ਬਾਵਜੂਦ ਵੀ ਕਹਾਣੀਕਾਰ ਉਸ ਨੂੰ ਵਿਸ਼ੇਸ਼ ਨਹੀਂ ਬਣਨ ਦਿੰਦਾ, ਕਿਉਂਕਿ ਉਸ ਅਨੁਸਾਰ ਅਜਿਹਾ ਹੋਣਾ ਕੇਵਲ ਇੱਕ ਵਿਅਕਤੀ ਦੀ ਸਮਰੱਥਾ ਨਹੀਂ ਸਗੋਂ ਮਾਝੇ ਦੇ ਵਿਸ਼ੇਸ਼ ਹਾਲਾਤਾਂ ਕਾਰਨ ਉੱਥੋਂ ਦੇ ਹਰ ਬੰਦੇ ਦੀ ਸੰਭਾਵਿਤ ਸਮਰੱਥਾ ਹੈ । ਇਸ ਤੋਂ ਬਿਨਾ ਨਿੱਕੀ ਕਹਾਣੀ ਦਾ ਫੋਕਸ ਕੋਈ ਵਿਅਕਤੀ ਵਿਸ਼ੇਸ਼ ਨਾ ਹੋ ਕੇ ਕੋਈ ਇੱਕ ਵਿਸ਼ੇਸ਼ ਮਨੁੱਖੀ ਅਨੁਭਵ ਹੁੰਦਾ ਹੈ । ਅਜਿਹੀ ਸਥਿਤੀ ਵਿੱਚ ਪੇਸ਼ਕਾਰੀ ਅਤੇ ਪੇਸ਼ ਭਾਵ ਕਮਾਲ ਦਾ ਹੋਣ ਦੇ ਬਾਵਜੂਦ ਇਸ ਵਿਚਲਾ ਸਧਾਰਨ ਮਨੁੱਖ ਸਧਾਰਨ ਹੀ ਬਣਿਆ ਰਹਿੰਦਾ ਹੈ ।

ਇਸ ਗੱਲ ਨੂੰ ਨਾਵਲ ਨਾਲ ਤੁਲਨਾ ਦੇ ਪ੍ਰਸੰਗ ਵਿੱਚ ਸਮਝਦੇ ਹਾਂ । ਨਾਵਲ ਵਿੱਚ ਵੀ ਵਿਅਕਤੀ ਤਾਂ ਸਧਾਰਨ ਹੀ ਹੁੰਦਾ ਹੈ ਪਰ ਨਾਵਲ ਉਸ ਦੀ ਪੇਸ਼ਕਾਰੀ ਵੇਲੇ ਉਸ ਨੂੰ ਅਸਧਾਰਨ ਬਣਾ ਦਿੰਦਾ ਹੈ । ਉਸ ਨੂੰ ਵਿਸ਼ੇਸ਼ ਬਣਾਉਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਦਾ ਜੀਵਨ ਆਕਾਰ ਵਿੱਚ ਏਨੀ ਵੱਡੀ ਰਚਨਾ (ਨਾਵਲ) ਦਾ ਵਿਸ਼ਾ ਹੈ । ਨਾਵਲ ਦਾ ਹਰ ਪਸਾਰ ਉਸੇ ਨਾਲ ਹੋਂਦ ਗ੍ਰਹਿਣ ਕਰਦਾ ਹੈ । ਦੂਸਰੇ ਨਾਵਲ ਨੇ ਕਿਸੇ ਦੌਰ ਵਿਸ਼ੇਸ਼ ਦੇ ਵੱਡੇ ਇਤਿਹਾਸਿਕ ਮਸਲਿਆਂ ਨੂੰ ਸਮਝਣਾ ਅਤੇ ਸੇਧਿਤ ਕਰਨਾ ਹੁੰਦਾ ਹੈ ਤੇ ਅਜਿਹਾ ਉਹ ਮੁੱਖ ਪਾਤਰ ਨੂੰ ਇਹਨਾਂ ਸਥਿਤੀਆਂ ਦੀ ਟੱਕਰ ਵਿੱਚ ਰੱਖ ਕੇ ਕਰਦਾ ਹੈ, ਨਤੀਜੇ ਵਜੋਂ ਨਾਵਲ ਦਾ ਸਧਾਰਨ ਨਾਇਕ ਵੀ ਅਸਧਾਰਨ ਸਮਰੱਥਾ ਦਾ ਮਾਲਕ ਬਣ ਕੇ ਪੇਸ਼ ਹੁੰਦਾ ਹੈ । ਭਾਵੇਂ ਉਹ ਹਾਰੇ ਜਾਂ ਜਿੱਤੇ, ਉਸ ਦਾ ਨਾਇਕਤਵ ਕਾਇਮ ਰਹਿੰਦਾ ਹੈ ।

ਨਿੱਕੀ ਕਹਾਣੀ ਦਾ ਕਮਾਲ ਤੇ ਇਸ ਦੀ ਖਿੱਚ ਇਸ ਗੱਲ ਵਿੱਚ ਹੈ ਕਿ ਇਹ ਸਧਾਰਨ ਬੰਦਿਆਂ ਦੇ ਜੀਵਨ ਵਿੱਚੋਂ ਵੀ ਕਿਸੇ ਅਸਧਾਰਨ ਗੱਲ ਨੂੰ ਲੱਭ ਲੈਂਦੀ ਹੈ । ਇਹ ਅਸਧਾਰਨਤਾ ਵਿਚਾਰ ਦੀ ਨਵੀਨਤਾ ਦੀ ਜਾਂ ਫਿਰ ਵਿਚਾਰ ਦੀ ਨਵੀਨ ਵਿਆਖਿਆ ਦੀ ਹੋ ਸਕਦੀ ਹੈ । ਨਿੱਕੀ ਕਹਾਣੀ ਜੀਵਨ ਦੇ ਕਿਸੇ ਅਭੁੱਲ ਅਤੇ ਮਹੱਤਵਪੂਰਨ ਛਿਣ ਦੀ ਕਲਾਤਮਿਕ ਪਕੜ ਹੈ । ਇਸ ਧਾਰਨਾ ਨੂੰ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਕਿਸੇ ਸਧਾਰਨ ਮਨੁੱਖ ਦੇ ਜੀਵਨ ਵਿੱਚ ਕੁਝ ਪਲ ਤੇ ਭਾਵ ਅਜਿਹੇ ਜ਼ਰੂਰ ਹੁੰਦੇ ਹਨ ਜਿਹੜੇ ਦੇਖਣ ਨੂੰ ਤਾਂ ਭਾਵੇਂ ਸਧਾਰਨ ਨਜ਼ਰ ਆਉਣ ਪਰ ਅਸਲ ਵਿੱਚ ਉਹ ਅਸਧਾਰਨ ਬਿਰਤੀ ਦੇ ਹੁੰਦੇ ਹਨ । ਮਿਸਾਲ ਦੇ ਤੌਰ `ਤੇ ਇੱਕ ਸਧਾਰਨ ਬੰਦਾ ਜ਼ਿੰਦਗੀ ਵਿੱਚ ਵਾਪਰੇ ਵੱਡੇ ਹਾਦਸਿਆਂ ਤੋਂ ਬਾਅਦ ਵੀ ਮੁੜ ਖ਼ੁਸ਼ ਰਹਿਣ ਦਾ ਜਜ਼ਬਾ ਰੱਖਦਾ ਹੈ । ਆਮ ਨਜ਼ਰ ਤੋਂ ਦੇਖਿਆਂ ਇਹ ਗੱਲ ਸਧਾਰਨ ਜਿਹੀ ਲੱਗਦੀ ਹੈ ਪਰ ਜਦੋਂ ਕਹਾਣੀਕਾਰ ਇਸ ਦੀ ਪੇਸ਼ਕਾਰੀ ਕਰਦਾ ਹੈ ਤਾਂ ਇਸ ਵਿਚਲੀ ਅਸਧਾਰਨਤਾ ਉਘੜ ਆਉਂਦੀ ਹੈ । ਮਿਸਾਲ ਲਈ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਖੱਬਲ'ਦੇਖੀ ਜਾ ਸਕਦੀ ਹੈ । ਕਹਾਣੀਕਾਰ ਅਜਿਹਾ ਸੂਖਮ ਵਿਅਕਤੀ ਹੁੰਦਾ ਹੈ, ਜਿਹੜਾ ਮਨੁੱਖੀ ਭਾਵਾਂ ਦੀ ਕਲਾਤਮਿਕ ਤੇ ਦਿਲ-ਖਿੱਚਵੀਂ ਪੇਸ਼ਕਾਰੀ ਪੇਸ਼ ਕਰਦਾ ਹੈ ।

ਨਿੱਕੀ ਕਹਾਣੀ ਦਾ ਸਮੁੱਚਾ ਤਾਣਾ-ਬਾਣਾ ਕਹਾਣੀ ਵਿੱਚ ਮੌਜੂਦ ਇੱਕ ਸਿਖਰ/ਪ੍ਰਕਾਸ਼-ਬਿੰਦੂ ਵੱਲ ਸੇਧਿਤ ਹੁੰਦਾ ਹੈ ਜਿਸ ਦਾ ਪਤਾ ਕਹਾਣੀ ਦੇ ਅੰਤ ਤੇ ਪਹੁੰਚ ਕੇ ਲੱਗਦਾ ਹੈ । ਨਿੱਕੀ ਕਹਾਣੀ ਦਾ ਸਾਰਾ ਭਾਵ ਅੰਤ ਤੇ ਮੌਜੂਦ ਇਸੇ ਪ੍ਰਕਾਸ਼ ਬਿੰਦੂ ਵਿੱਚ ਪਿਆ ਹੁੰਦਾ ਹੈ । ਕਹਾਣੀ ਦਾ ਹਰ ਅੰਸ਼ ਪੂਰੀ ਇਕਾਗਰਤਾ ਤੇ ਕਾਹਲ ਨਾਲ ਇਸ ਬਿੰਦੂ ਵੱਲ ਤੁਰਦਾ ਹੈ । ਇਸ ਬਿੰਦੂ ਤੇ ਪਹੁੰਚਣ ਤੇ ਪਹਿਲੀਆਂ ਸਭ ਘਟਨਾਵਾਂ ਅਤੇ ਵੇਰਵੇ ਇਸ ਬਿੰਦੂ ਦੀ ਰੋਸ਼ਨੀ ਵਿੱਚ ਅਰਥ ਸਿਰਜਣ ਦੇ ਕਾਬਲ ਹੁੰਦੇ ਹਨ । ਮਿਸਾਲ ਦੇ ਤੌਰ ਤੇ ਕਹਾਣੀ 'ਧਰਤੀ ਹੇਠਲਾ ਬਲਦ'ਵਿੱਚ ਅੰਤ ਤੋਂ ਪਹਿਲਾਂ ਸਾਰੇ ਵੇਰਵੇ ਸਧਾਰਨ ਜਿਹੇ ਲੱਗਦੇ ਹਨ ਪਰ ਅੰਤ ਤੇ ਪਹੁੰਚ ਕੇ ਜਦੋਂ ਫ਼ੌਜੀ ਕਰਮ ਸਿੰਘ ਨੂੰ ਆਪਣੇ ਦੋਸਤ ਮਾਨ ਸਿੰਘ ਅਣਆਈ ਮੌਤ ਦਾ ਪਤਾ ਲੱਗਦਾ ਹੈ ਤਾਂ ਪਹਿਲੇ ਸਭ ਵੇਰਵੇ ਸਾਰਥਕ ਹੋ ਜਾਂਦੇ ਹਨ ਤੇ ਕਹਾਣੀ ਵਡੇਰੇ ਅਰਥ ਦੇਣ ਲੱਗਦੀ ਹੈ ।

ਆਧੁਨਿਕਤਾ ਸੋਚਣ ਦਾ ਇੱਕ ਨਵਾਂ ਢੰਗ ਸੀ, ਜਿਸ ਦਾ ਆਧਾਰ ਵਿਗਿਆਨ ਅਤੇ ਤਰਕ ਸੀ । ਇਸ ਤੋਂ ਪਹਿਲਾਂ ਮਨੁੱਖ ਦੀ ਸੋਚ ਧਰਮ ਅਤੇ ਵਿਸ਼ਵਾਸ ਤੇ ਆਧਾਰਿਤ ਸੀ । ਇਸ ਸੋਚ ਕਾਰਨ ਉਹ ਜ਼ਿੰਦਗੀ ਦੇ ਦੁੱਖਾਂ ਦੇ ਅਸਲ ਕਾਰਨਾਂ ਨੂੰ ਸਮਝਣ ਤੋਂ ਅਸਮਰਥ ਸੀ ਅਤੇ ਆਪਣੇ ਦੁੱਖਾਂ ਦਾ ਕਾਰਨ ਕਿਸਮਤ ਨੂੰ ਅਤੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਨੂੰ ਸਮਝਦਾ ਸੀ । ਇਸ ਜਨਮ ਨੂੰ ਤੇ ਅਗਲੇ ਜਨਮ ਨੂੰ ਸੁਆਰਨ ਲਈ ਰੱਬ ਦੀ ਭਗਤੀ ਤੇ ਧਰਮ/ਨੈਤਿਕਤਾ ਦੇ ਰਸਤੇ ਤੇ ਤੁਰਨਾ ਉਸ ਦੇ ਮੁੱਖ ਆਦਰਸ਼ ਸਨ । ਜਨਮ-ਸਾਖੀਆਂ ਤੇ ਵਾਰਾਂ ਦੇ ਨਾਇਕ ਇਸ ਦੇ ਉਦਾਹਰਨ ਹਨ । ਇਹ ਲੋਕਾਂ ਨੂੰ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੋੜਦੀ ਹੈ । ਰੱਬ ਅਤੇ ਧਰਮ ਦੀ ਥਾਂ ਸਧਾਰਨ ਸਥਿਤੀਆਂ ਅਤੇ ਸਧਾਰਨ ਮਨੁੱਖ ਚਿੰਤਨ ਦਾ ਵਿਸ਼ਾ ਬਣਦੇ ਹਨ । ਰਾਜਿਆਂ ਦੇ ਰਾਜ ਦਾ ਖ਼ਾਤਮਾ ਅਤੇ ਵੋਟਾਂ ਦੀ ਆਮਦ ਸਧਾਰਨ ਬੰਦੇ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦੇ ਹਨ । ਅਜਿਹੀ ਸਥਿਤੀ ਵਿੱਚ ਸਧਾਰਨ ਮਨੁੱਖ ਅਤੇ ਉਸ ਦੀਆਂ ਸਧਾਰਨ ਖ਼ਾਹਸ਼ਾਂ ਸਾਹਿਤ ਦਾ ਵਿਸ਼ਾ ਬਣਦੀਆਂ ਹਨ, ਜਿਸ ਦੇ ਪ੍ਰਗਟਾਅ ਲਈ ਨਿੱਕੀ ਕਹਾਣੀ ਦਾ ਰੂਪ ਸਾਮ੍ਹਣੇ ਆਉਂਦਾ ਹੈ । ਇੱਥੇ ਇੱਕ ਗੱਲ ਵਿਸ਼ੇਸ਼ ਤੌਰ ਤੇ ਧਿਆਨਯੋਗ ਹੈ ਕਿ ਨਿੱਕੀ ਕਹਾਣੀ ਦੇ ਜਨਮ ਪਿੱਛੇ ਕੇਵਲ ਆਧੁਨਿਕ ਚੇਤਨਾ ਦੀ ਹੀ ਨਹੀਂ ਸਗੋਂ ਮੱਧ-ਕਾਲੀ ਕਹਾਣੀ ਰੂਪੀ ਵਿਰਾਸਤ ਦੀ ਵੀ ਮਹੱਤਵਪੂਰਨ ਭੂਮਿਕਾ ਹੈ ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ