Punjabi Stories/Kahanian
ਕੁਲਵੰਤ ਸਿੰਘ ਵਿਰਕ
Kulwant Singh Virk
 Punjabi Kahani
Punjabi Kavita
  

Master Bhola Ram-Kulwant Singh Virk

ਮਾਸਟਰ ਭੋਲਾ ਰਾਮ ਕੁਲਵੰਤ ਸਿੰਘ ਵਿਰਕ

ਮਾਸਟਰ ਭੋਲਾ ਰਾਮ

ਮਾਸਟਰ ਭੋਲਾ ਰਾਮ ਜੀ ਐਫ਼ ਏ., ਜੇ.ਏ. ਬੀ. ਕਈ ਸਾਲਾਂ ਤੋਂ ਕਸ਼ੱਤ੍ਰੀ ਹਾਈ ਸਕੂਲ ਵਿਚ ਜਨਰਲ ਕਾਲਜ ਦੇ ਸੀਨੀਅਰ ਟੀਚਰ ਸਨ। ਕਿਸੇ ਵੱਡੇ ਦਰਿਆ ਦੇ ਪੱਤਣ ਤੇ ਬੈਠੇ ਮਲਾਹ ਵਾਂਗ, ਉਨ੍ਹਾਂ ਮੁੰਡਿਆਂ ਦੇ ਕਈ ਪੂਰ ਹਥੀਂ ਫੜ ਫੜ ਕੇ ਲੰਘਾਏ ਸਨ। ਕਈ ਹੋਰ ਨਵੇਂ ਆਉਂਦੇ ਗਏ। ਹਰ ਨਵੇਂ ਆਏ ਪੂਰ ਤੇ ਸਾਧਾਰਨ ਹੀ ਮਾਸਟਰ ਜੀ ਦਾ ਉਨਾ ਰੁਅਬ ਬੈਠ ਜਾਂਦਾ ਜਿੰਨਾਂ ਉਸ ਤੋਂ ਪਹਿਲੇ ਪੂਰ ਤੇ ਹੁੰਦਾ ਸੀ। ਮਾਸਟਰ ਜੀ ਦਾ ਸਰੀਰ ਭਾਵੇਂ ਮਧਰਾ ਤੇ ਪਤਲਾ ਸੀ, ਪਰ ਆਵਾਜ਼ ਉੱਚੀ ਤੇ ਨਕਸ਼ ਤਿਖੇ ਸਨ। ਇਸ ਉਚੀ ਆਵਾਜ਼ ਤੇ ਤਿਖੇ ਨਕਸ਼ਾਂ ਦੇ ਰੁਅਬ ਹੇਠਾਂ ਕਦੀ ਕਿਸੇ ਦਾ ਮਾਸਟਰ ਜੀ ਦੀ ਸਰੀਰਕ ਸ਼ਕਤੀ ਪੜਚੋਲਨ ਵਲ ਬਹੁਤਾ ਧਿਆਨ ਨਹੀਂ ਸੀ ਗਿਆ।
ਨਵੇਂ ਜ਼ਮਾਨੇ ਦੇ ਅਸਰ ਥੱਲੇ ਸੰਧਿਆ ਵੇਲੇ ਮੁੰਡਿਆਂ ਦਾ ਰੌਲਾ ਦਿਨੋ ਦਿਨ ਵਧਦਾ ਜਾ ਰਿਹਾ ਸੀ, ਪਰ ਜਦ ਕਦੀ ਮਾਸਟਰ ਭੋਲਾ ਰਾਮ ਜੀ ਸੰਧਿਆ ਤੇ ਆ ਧਮਕਦੇ, ਸਾਰੇ ਮੁੰਡੇ ਇਕਦਮ ਚੁਪ ਹੋ ਜਾਂਦੇ, ਕਿਸੇ ਦੇ ਕੁਸਕਣ ਦੀ ਵੀ ਆਵਾਜ਼ ਨਾ ਆਉਂਦੀ।
ਪੜ੍ਹਾਈ ਵਿਚ ਵੀ ਮਾਸਟਰ ਜੀ ਮੁੰਡਿਆਂ ਦਾ ਵਾਹ ਵਾਹ ਜੀ ਲਾਈ ਰਖਦੇ। ਕਈ ਕਿਤਾਬਾਂ ਵਿਚੋਂ ਉਨ੍ਹਾਂ ਇਤਿਹਾਸ ਦੇ ਦਿਲ ਖਿਚਵੇਂ ਟੋਟਕੇ ਪੜ੍ਹੇ ਹੋਏ ਸਨ। ਉਹ ਦਸਦੇ ਹੁੰਦੇ ਸਨ ਕਿ ਸਿਕੰਦਰ ਆਜ਼ਮ ਪਹਿਲਾ ਬਾਹਰਲਾ ਹਮਲਾਵਰ ਸੀ ਜਿਸ ਨੇ ਹਿੰਦੁਸਤਾਨ ਤੇ ਅਫ਼ਗਾਨਿਸਤਾਨ ਤੋਂ ਖ਼ੈਬਰ ਦੀ ਰਾਹੀਂ ਹਮਲਾ ਕੀਤਾ। ਅਜੇ ਵੀ ਜੇ ਤੁਸੀਂ ਅਫ਼ਗਾਨਿਸਤਾਨ ਜਾਓ ਤਾਂ ਜੈਹੂੰ ਦਰਿਆ ਦੇ ਉਰਲੇ ਕੰਢੇ ਤੇ ਤੁਹਾਨੂੰ ਇਕ ਸਿਲ ਵਿਖਾਈ ਜਾਂਦੀ ਹੈ, ਜਿਸ ਤੇ ਇਕ ਵੱਡੇ ਸਾਰੇ ਪੈਰ ਦਾ ਨਿਸ਼ਾਨ ਹੈ। ਉਥੋਂ ਦੇ ਲੋਕਾਂ ਦਾ ਇਹ ਨਿਸ਼ਚਾ ਹੈ – ਤੇ ਤੁਹਾਡੇ ਇਸ ਗੱਲ ਤੇ ਨਿਸ਼ਚਾ ਕਰਨ ਲਈ ਜ਼ਿੱਦ ਕੀਤੀ ਜਾਂਦੀ ਹੈ – ਕਿ ਇਹ ਨਿਸ਼ਾਨ ਸਿਕੰਦਰ ਦੇ ਪੈਰਾਂ ਦਾ ਹੈ, ਤੇ ਉਸ ਵਕਤ ਪੈ ਗਿਆ ਜਦ ਉਹ ਇਸ ਉੱਚੀ ਸਿਲ ਤੇ ਖਲੋ ਕੇ ਆਪਣੀਆਂ ਅਣਗਿਣਤ ਫ਼ੌਜਾਂ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਦਰਿਆ ਪਾਰ ਕਰਦਿਆਂ ਵੇਖ ਰਿਹਾ ਸੀ।
ਜੁਲਾਈ ਦਾ ਇਕ ਚੋਖਾ ਗਰਮ ਦਿਨ ਸੀ। ਜੁਗਰਾਫੀਏ ਦੀ ਘੰਟੀ ਵਿਚ ਮੁੰਡਿਆਂ ਦਾ ਪੜ੍ਹਨ ਨੂੰ ਉੱਕਾ ਜੀ ਨਹੀਂ ਸੀ ਕਰਦਾ ਪਿਆ। ਮਾਸਟਰ ਜੀ ਨੇ ਆ ਕੇ ਪੰਜਾਬ ਦੀਆਂ ਨਹਿਰਾਂ ਦਾ ਸਬਕ ਸ਼ੁਰੂ ਕੀਤਾ : ‘‘ਪੰਜਾਬ ਦਾ ਸੂਬਾ ਸਾਰੇ ਹਿੰਦੁਸਤਾਨ ਨਾਲੋਂ ਨਹਿਰਾਂ ਲਈ ਵਧੇਰੇ ਯੋਗ ਹੈ। ਇਸ ਯੋਗਤਾ ਦਾ ਕਾਰਨ ਇਸ ਦਾ ਪੱਧਰਾ ਹੋਣਾ ਹੈ। ਪੰਜਾਬ ਤਾਂ ਇਸ ਤਰ੍ਹਾਂ ਪੱਧਰਾ ਹੈ ਜਿਸ ਤਰ੍ਹਾਂ ਇਸ ਕਮਰੇ ਦਾ ਫ਼ਰਸ਼। ਹੋਰਨਾਂ ਸੂਬਿਆਂ ਵਿਚ ਜਿਵੇਂ ਮੈਸੂਰ ਵਿਚ ਤਾਂ ਉਚੀਆਂ ਨੀਵੀਆਂ ਥਾਵਾਂ ਉਤੇ ਸਾਈਕਲ ਚਲਾਉਂਦਿਆਂ ਹੰਭ ਜਾਈਦਾ ਹੈ, ਨਹਿਰਾਂ ਕਿਸੇ ਸਵਾਹ ਪੁਟਣੀਆਂ ਨੇ।’’ ਚਪੜਾਸੀ ਨੇ ਆ ਕੇ ਸੁਨੇਹਾ ਦਿਤਾ ਕਿ ਹੈਡ ਮਾਸਟਰ ਸਾਹਿਬ ਬੁਲਾ ਰਹੇ ਹਨ ਤੇ ਮਾਸਟਰ ਜੀ ਸਬਕ ਵਿਚੇ ਛੱਡ ਕੇ ਬਾਹਰ ਚਲੇ ਗਏ। ਮਾਸਟਰ ਜੀ ਦੇ ਜਾਣ ਪਿਛੋਂ ਕਮਰੇ ਵਿਚਲੀ ਖੁਡ ਦੀ ਗਰਮੀ ਤੋਂ ਤੰਗ ਆਇਆ ਇਕ ਚੂਹਾ ਹਵਾ ਖਾਣ ਲਈ ਬਾਹਰ ਨਿਕਲ ਆਇਆ। ਵਿਹਲੀ ਬੈਠੀ ਜਮਾਤ ਨੇ ਉਸ ਨੂੰ ਫੇਹਣ ਵਿਚ ਦੇਰ ਨਾ ਲਾਈ। ਇਕ ਮੁੰਡੇ ਨੇ ਜ਼ਰਾ ਦਲੇਰੀ ਕਰ ਕੇ ਉਸ ਨੂੰ ਚੁੱਕ ਕੇ ਮਾਸਟਰ ਜੀ ਦੇ ਮੇਜ਼ ਤੇ ਟਿਕਾ ਦਿੱਤਾ।
ਝਟ ਕੁ ਪਿਛੋਂ ਮਾਸਟਰ ਜੀ ਮੁੜ ਆਏ।
‘‘ਹਾਂ ਤਾਂ ਮੈਂ ਆਖ ਰਿਹਾ ਸਾਂ….।’’ ਤੇ ਮਾਸਟਰ ਜੀ ਦੀ ਨਜ਼ਰ ਮੇਜ਼ ਤੇ ਪਏ ਮੋਏ ਚੂਹੇ ਤੇ ਪਈ। ਜ਼ਖ਼ਮਾਂ ਵਿਚੋਂ ਲਹੂ ਡੈਸਕ ਤੇ ਚੋ ਰਿਹਾ ਸੀ।
‘‘ਇਹ ਜੀਵ-ਹਤਿਆ ਕਿਸ ਸੂਰ ਦੇ ਪੁਤਰ ਨੇ ਕੀਤੀ ਏ?’’ ਉਹਨਾਂ ਮਰੇ ਹੋਏ ਨੂੰ ਡੈਸਕ ਤੇ ਰਖਣ ਨਾਲੋਂ ਚੂਹੇ ਨੂੰ ਮਾਰਨਾ ਵੱਡਾ ਜੁਰਮ ਬਨਾਣਾ ਹੀ ਠੀਕ ਸਮਝਿਆ।
ਸਾਰੀ ਜਮਾਤ ਇਸ ਤਰ੍ਹਾਂ ਚੁਪ ਸੀ ਜਿਸ ਤਰ੍ਹਾਂ ਕਮਰੇ ਵਿਚ ਕੋਈ ਹੁੰਦਾ ਹੀ ਨਹੀਂ। ਮਾਸਟਰ ਜੀ ਨੇ ਕਰੋਧ ਵਿਚ ਆ ਕੇ ਫਿਰ ਕਿਹਾ : ‘‘ਜਲਦੀ ਦੱਸੋ ਨਹੀਂ ਤੇ ਛੇ ਛੇ ਬੈਂਤ ਸਾਰਿਆਂ ਨੂੰ ਠੋਕਾਂਗਾ।’’
ਬੈਂਤਾਂ ਤੋਂ ਡਰ ਕੇ ਜਾਂ ਕਿਸੇ ਪੁਰਾਣੀ ਦੁਸ਼ਮਣੀ ਕਰ ਕੇ ਇਕ ਮੁੰਡੇ ਨੇ ਉਠ ਕੇ ਕਿਹਾ:
‘‘ਜੀ, ਭੋਪੀ ਨੇ।’’
ਮਾਸਟਰ ਜੀ ਨੇ ਭੋਪੀ ਨੂੰ ਕੰਨੋਂ ਧੂਹ ਕੇ ਡੈਸਕ ਤੋਂ ਬਾਹਰ ਕੱਢ ਲਿਆ।
‘‘ਹਰਾਮਜ਼ਾਦੇ, ਮੈਂ ਤੇਰੇ ਪਿਓ ਦੀ ਉਮਰ ਦਾ ਵਾਂ’’, ਤੇ ਤਾੜ ਕਰਦੀ ਇਕ ਚਪੇੜ ਭੋਪੀ ਦੇ ਮੂੰਹ ਤੇ ਪਈ। ਹੱਥ ਦੀ ਇਕ ਉਂਗਲ ਉਹਦੇ ਨੱਕ ਤੇ ਲਗ ਗਈ ਤੇ ਉਹਦੀ ਨਕਸੀਰ ਫੁਟ ਪਈ। ਭੋਪੀ ਨੇ ਰੁਮਾਲ ਕਢ ਕੇ ਨੱਕ ਅਗੇ ਰਖ ਲਿਆ ਤੇ ਨਕਸੀਰ ਦਾ ਲਹੂ ਉਸ ਤੇ ਲਗ ਗਿਆ।
ਭੋਪੀ ਸਕੂਲ ਦੀ ਕਮੇਟੀ ਦੇ ਬੁਢੇ ਪ੍ਰਧਾਨ ਦਾ ਪਿਛਲੀ ਉਮਰ ਵਿਚ ਵਿਆਹੀ ਵਹੁਟੀ ਵਿਚੋਂ ਇਕੋ ਇਕ ਪੁੱਤਰ ਸੀ। ਮੁੰਡੇ ਦੇ ਲਹੂ ਨਾਲ ਭਰਿਆ ਰੁਮਾਲ ਤਾਂ ਉਹਦਾ ਪਿਓ ਸ਼ਾਇਦ ਸਹਾਰ ਲੈਂਦਾ ਪਰ ਮਾਸਟਰ ਜੀ ਨੇ ਗਾਲ੍ਹ ਹੀ ਕੁਝ ਅਜੇਹੀ ਚੁਣੀ ਸੀ। ਇਕ ਬੁੱਢੇ ਪਤੀ ਦੀ ਜਵਾਨ ਇਸਤਰੀ ਤੇ ਅਲਜ਼ਾਮ ਲਾਇਆ ਸੀ। ਮਾਸਟਰ ਭੋਲਾ ਰਾਮ ਜੀ ਨੂੰ ਤੀਸਰੇ ਦਿਨ ਨੌਕਰੀਓਂ ਜਵਾਬ ਮਿਲ ਗਿਆ। ਹੁਣ ‘‘ਟਰੀਬੀਊਨ’’ ਦਾ ਦੂਜਾ ਸਫ਼ਾ ਮਾਸਟਰ ਜੀ ਲਈ ਬੇਹਦ ਖਿਚ ਰੱਖਣ ਲਗ ਪਿਆ ਤੇ ਬਾਕੀ ਦੀ ਅਖ਼ਬਾਰ ਬੇਸਵਾਦ ਲੱਗਣ ਲਗ ਪਈ। ਜਵਾਹਰ ਲਾਲ ਦੀ ਰਿਹਾਈ। ਸ਼ਿਮਲਾ ਕਾਨਫ਼ਰੰਸ ਦੀ ਅਸਫਲਤਾ ਤੇ ਜਾਪਾਨ ਦੀ ਜੰਗ ਵਿਚ ਹਾਰ, ਵਾਧੂ ਜਿਹੀਆਂ ਗੱਲਾਂ ਸਨ। ਬਹੁਤ ਜ਼ਰੂਰੀ ਗੱਲ ਤਾਂ ਇਹ ਸੀ ਕਿ ਕਿਸੇ ਸਕੂਲ ਨੂੰ ਇਕ ਮਾਸਟਰ ਦੀ ਲੋੜ ਹੈ ਜਾਂ ਨਹੀਂ। ਮਾਸਟਰ ਜੀ ਬਗ਼ੈਰ ਪਹਿਲਾ ਸਫ਼ਾ ਦੇਖੇ, ਦੂਜਾ ਸਫ਼ਾ ਖੋਲ੍ਹਦੇ ਤੇ ਪੜ੍ਹਨ ਵਿਚ ਜੁਟ ਜਾਂਦੇ। ਆਦਮੀਆਂ ਦੀਆਂ ਲੋੜਾਂ ਪਿਛੋਂ ਕੋਠੀਆਂ, ਮਸ਼ੀਨਾਂ ਮੋਟਰਾਂ, ਕੁੱਤੇ ਆਦਿ ਖ਼ਰੀਦਣ ਵੇਚਣ ਦੇ ਇਸ਼ਤਿਹਾਰ ਤੇ ਫਿਰ ਵਿਆਹਾਂ ਵਾਸਤੇ ਕੁੜੀਆਂ ਮੁੰਡਿਆਂ ਦੀਆਂ ਮੰਗਾਂ ਆ ਜਾਂਦੀਆਂ, ਪਰ ਮਾਸਟਰ ਜੀ ਅਜੇ ਵੀ ਪੜ੍ਹਦੇ ਜਾਂਦੇ, ਸ਼ਾਇਦ ਕੋਈ ਮਾਸਟਰ ਲਈ ਇਸ਼ਤਿਹਾਰ ਇਨ੍ਹਾਂ ਵਿਚ ਹੀ ਅੜਿਆ ਹੋਇਆ ਹੋਵੇ। ਕਈ ਕਿਸਮ ਦੀਆਂ ਲੋੜਾਂ ਦੇ ਇਸ਼ਤਿਹਾਰ ਨਿਕਲਦੇ, ਕਲਰਕਾਂ ਦੀਆਂ, ਏਜੰਟਾਂ ਦੀਆਂ, ਅਫ਼ਸਰਾਂ ਦੀਆਂ, ਖਾਨਸਾਮਿਆਂ ਤੇ ਡਰਾਈਵਰਾਂ ਦੀਆਂ, ਘਰ ਵਿਚ ਪੜ੍ਹਾਣ ਵਾਲੇ ਟਿਊਟਰਾਂ ਦੀਆਂ ਤੇ ਕਈ ਵਾਰੀ ਮਾਸਟਰਾਂ ਦੀਆਂ ਵੀ। ਮਾਸਟਰ ਜੀ ਕੋਲ ਬਚੇ ਹੋਏ ਪੈਸੇ, ਅਰਜ਼ੀਆਂ ਟਾਈਪ ਕਰਨ, ਉਨ੍ਹਾਂ ਨੂੰ ਰਜਿਸਟਰੀ ਕਰਾਣ ਤੇ ਸਕੂਲ ਦੇ ਮੈਨੇਜਰਾਂ ਨਾਲ ਮੁਲਾਕਾਤਾਂ ਕਰਨ ਤੇ ਖ਼ਰਚ ਹੋਣ ਲਗ ਪਏ।
ਆਖ਼ਰ ਇਕ ਦਿਨ ਮਾਸਟਰ ਜੀ ਨੂੰ ਨਵੀਂ ਨੌਕਰੀ ਦੀ ਚਿੱਠੀ ਆ ਹੀ ਗਈ। ਮਾਸਟਰ ਜੀ ਇਕ ਪਿੰਡ ਦੇ ਖ਼ਾਲਸਾ ਹਾਈ ਸਕੂਲ ਵਿਚ ਪੰਜਵੀਂ ਛੇਵੀਂ ਨੂੰ ਅੰਗਰੇਜ਼ੀ ਪੜ੍ਹਾਣ ਲਈ ਰਖ ਲਏ ਗਏ। ਪਰ ਮਾਸਟਰ ਜੀ ਉਹ ਪੁਰਾਣੇ ਮਾਸਟਰ ਭੋਲਾ ਰਾਮ ਜੀ ਨਹੀਂ ਸਨ ਰਹਿ ਗਏ। ਬੇਰੁਜ਼ਗਾਰੀ ਦਾ ਸਹਿਮ ਉਨ੍ਹਾਂ ਦੇ ਮੂੰਹ ਉਤੇ ਚਿਤਰਿਆ ਗਿਆ ਸੀ। ਨਕਸ਼ਾਂ ਦੇ ਤਿਖੇ-ਪਨ ਨੂੰ ਫ਼ਿਕਰਾਂ ਦੀਆਂ ਲੀਕਾਂ ਨੇ ਲੁਕਾਣਾ ਸ਼ੁਰੂ ਕਰ ਦਿਤਾ ਸੀ ਤੇ ਆਵਾਜ਼ ਕੁਝ ਬੈਠ ਜਿਹੀ ਗਈ ਜਾਪਦੀ ਸੀ। ਤੇ ਅਚੇਤ ਹੀ ਇਸ ਗੱਲ ਦਾ ਸਕੂਲ ਦੇ ਹਰ ਇਕ ਮੁੰਡੇ ਨੂੰ ਇਸ ਤਰ੍ਹਾਂ ਪਤਾ ਸੀ ਜਿਵੇਂ ਕਿਸੇ ਨੇ ਡੌਂਡੀ ਪਿਟਵਾ ਦਿਤੀ ਹੋਵੇ।
ਮਾਸਟਰ ਜੀ ਮੁੰਡਿਆਂ ਦੇ ਮਖ਼ੌਲਾਂ ਦਾ ਨਿਸ਼ਾਨਾ ਬਣਨ ਲਗ ਪਏ, ਪਹਿਲਾਂ ਅੰਦਰੋਂ ਅੰਦਰੀਂ ਤੇ ਫੇਰ ਪਰਤੱਖ। ਲੰਘਦੇ ਜਾਂਦੇ ਮੁੰਡੇ ਮਾਸਟਰ ਜੀ ਨੂੰ ਵੇਖ ਕੇ ਦੰਦੀਆਂ ਕਢ ਲੈਂਦੇ। ਕੋਈ ਪਿਛੋਂ ਸੁਰ ਵਿਚ ਮਾਸਟਰ ਜੀ ਦੀਆਂ ਛੇੜਾਂ ਗੌਣ ਲਗ ਪੈਂਦਾ, ਕੋਈ ਆਪਣੇ ਨਾਲ ਦੇ ਮੁੰਡੇ ਨੂੰ ਭੋਲੂ ਆਖ ਕੇ ਗਾਣਾ ਸੁਨਾਉਣ ਲਗ ਪੈਂਦਾ। ‘‘ਇਸ ਸਕੂਲ ਦਾ ਡਿਸਿਪਲਿਨ ਠੀਕ ਨਹੀਂ ਹੈ।’’ ਮਾਸਟਰ ਜੀ ਨੇ ਇਕ ਦਿਨ ਇਕ ਪੁਰਾਣੇ ਮਾਸਟਰ ਨਾਲ ਗੱਲ ਕੀਤੀ। ਉਸ ਮਾਸਟਰ ਨੇ ਆਪਣੀ ਡੂੰਘੀ ਵਾਕਫੀਅਤ ਦਾ ਰੁਹਬ ਪਾਂਦੇ ਹੋਏ ਕਿਹਾ :
‘‘ਡਿਸਿਪਲਿਨ ਤੇ ਕਿਤੇ ਵੀ ਠੀਕ ਨਹੀਂ ਰਹਿ ਗਿਆ, ਮਾਸਟਰ ਜੀ! ਦੁਨੀਆਂ ਕਮਿਊਨਿਸਟ ਹੁੰਦੀ ਜਾਂਦੀ ਏ, ਕਮਿਊਨਿਸਟ। ਕਮਿਊਨਿਸਟ ਕਹਿੰਦੇ ਨੇ ਰੱਬ ਕੋਈ ਨਹੀਂ ਹੈ ਤੇ ਆਦਮੀ ਸਾਰੇ ਇਕੋ ਜਿਹੇ ਨੇ। ਵਾਹਿਗੁਰੂ ਵਾਹਿਗੁਰੂ! ਤੇ ਫਿਰ ਡਿਸਿਪਲਿਨ ਖ਼ਰਾਬ ਹੁੰਦਾ ਜਾਂਦਾ ਏ, ਜਿਨ੍ਹਾਂ ਦੇ ਮੂੰਹ ਵਿਚ ਦੰਦ ਨਹੀਂ ਸਨ ਹੁੰਦੇ ਉਹ ਪਿੰਡਾਂ ਦੇ ਜੱਟ ਬੂਟ ਇੰਤਜ਼ਾਮ ਵਿਚ ਮੀਨ ਮੇਖ ਕੱਢਣ ਲਗ ਪਏ ਨੇ। ਏਸੇ ਤਰ੍ਹਾਂ ਸਕੂਲਾਂ ਵਿਚ ਵੀ ਇਹ ਕਮਿਊਨਿਸਟੀ ਕੋਹੜ ਫੈਲਣ ਲਗ ਪਿਆ ਹੈ ਰੱਬ ਹੀ ਭਲੀ ਕਰੇ।’’
ਕਮਿਊਨਿਸਟਾਂ ਬਾਰੇ ਉਰਦੂ ਦੀਆਂ ਅਖ਼ਬਾਰਾਂ ਵਿਚੋਂ ਵੀ ਭੋਲਾ ਰਾਮ ਨੇ ਬਹੁਤ ਕੁਝ ਪੜ੍ਹਿਆ ਹੋਇਆ ਸੀ…।
‘‘ਹਾਂ ! ਹੁਣ ਪਤਾ ਲਗਾ, ਇਹ ਮੁੰਡੇ ਖਰੂਦ ਕਿਉਂ ਕਰਦੇ ਨੇ, ਇਹ ਕਮਿਊਨਿਸਟ ਹੋ ਗਏ ਨੇ।’’ ਉਹ ਸੋਚਣ ਲਗ ਪਏ, ‘‘ਏਸੇ ਕਰ ਕੇ ਹੀ ਉਹ ਆਪਣੇ ਉਸਤਾਦਾਂ ਦਾ ਆਦਰ ਨਹੀਂ ਕਰਦੇ ਸਨ।’’ ‘‘ਕਮਿਊਨਿਜ਼ਮ ਸਕੂਲਾਂ ਦੇ ਡਿਸਿਪਲਿਨ ਨੂੰ ਮਲੀਆਮੇਟ ਕਰਨ ਵਾਲੀ ਚੀਜ਼ ਸੀ। ਇਸ ਨੂੰ ਵਧਣ ਤੋਂ ਰੋਕਣਾ ਚਾਹੀਦਾ ਹੈ, ਪਰ ਉਹ ਇਕੱਲਾ ਕੀ ਕਰ ਸਕਦਾ ਸੀ। ਇਹ ਵਡੇ ਵਡੇ ਲੀਡਰਾਂ ਦਾ ਕੰਮ ਸੀ। ਟਨ, ਟਨ ਪੰਜਵੀਂ ਟੱਲੀ ਵਜ ਪਈ। ਮਾਸਟਰ ਜੀ ਇਨ੍ਹਾਂ ਸੋਚਾਂ ਵਿਚ ਡੁਬੇ ਛੇਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਣ ਕਮਰੇ ਵਿਚ ਚਲੇ ਗਏ। ਉਹਨਾਂ ਨੂੰ ਕਮਰਾ ਕਮਿਊਨਿਸਟਾਂ ਨਾਲ ਭਰਿਆ ਹੋਇਆ ਜਾਪਦਾ ਸੀ ਤੇ ਮਾਸਟਰ ਜੀ ਇਕੱਲੇ ਸਨ।
‘‘ਅੱਜ ਮੈਂ ਤੁਹਾਨੂੰ ਹਫ਼ਤੇ ਦੇ ਦਿਨਾਂ ਦੇ ਅੰਗਰੇਜ਼ੀ ਨਾਂ ਦਸਦਾ ਹਾਂ। ਮੈਂ ਅੱਗੇ ਅੱਗੇ ਬੋਲਾਂਗਾ ਤੇ ਤੁਸੀਂ ਸਾਰਿਆਂ ਮੇਰੇ ਪਿਛੇ ਬੋਲਣਾ।’’
‘‘ਚੰਗਾ ਜੀ, ਨਾ ਜੀ। ਚੰਗਾ ਜੀ, ਨਾ ਜੀ।’’ ਮੁੰਡਿਆਂ ਨੇ ਕੋਠਾ ਸਿਰ ਤੇ ਚੁਕ ਲਿਆ।
ਬੈਂਤ ਭਾਵੇਂ ਮਾਸਟਰ ਜੀ ਦੇ ਹੱਥ ਵਿਚ ਹਮੇਸ਼ਾਂ ਰਹਿੰਦੀ ਸੀ, ਪਰ ਪਿਛਲੇ ਸਕੂਲ ਵਾਪਰੀ ਘਟਨਾ ਦੇ ਡਰ ਤੋਂ ਤੇ ਇਨ੍ਹਾਂ ਕਮਿਊਨਿਸਟਾਂ ਦੇ ਡਰ ਤੋਂ ਉਨ੍ਹਾਂ ਨੂੰ ਹੁਣ ਕਦੀ ਇਸ ਦੇ ਵਰਤਣ ਦਾ ਹੌਂਸਲਾ ਨਹੀਂ ਸੀ ਪਿਆ। ਸ਼ਹਿਰ ਵਿਚ ਤਾਂ ਮਾੜੇ ਚੰਗੇ ਦਾ ਪਤਾ ਹੁੰਦਾ ਸੀ ਪਰ ਪਿੰਡਾਂ ਵਿਚ ਤਾਂ ਸਾਰੇ ਜੱਟ ਹੀ ਰਾਣੀ ਖਾਂ ਹੁੰਦੇ ਨੇ। ‘‘ਅੰਗਰੇਜ਼ੀ ਹਫ਼ਤਾ ਐਤਵਾਰ ਤੋਂ ਸ਼ੁਰੂ ਹੁੰਦਾ ਹੈ, ਐਤਵਾਰ ਨੂੰ ਕਹਿੰਦੇ ਹਨ ਸੰਡੇ।’’ ‘‘ਸੰਡੇ ਸੰਢੇ, ਝੋਟੇ, ਢੱਗੇ’’ ਆਦਿ ਦੀਆਂ ਆਵਾਜ਼ਾਂ ਨਾਲ ਫਿਰ ਕਮਰਾ ਗੂੰਜ ਉਠਿਆ। ਮੁੰਡੇ ਅੱਜ ਬੜੇ ਖਰੂਦੀ ਹੋਏ ਸਨ। ਬੜਾ ਜ਼ੋਰ ਲਾ ਕੇ ਮਸਾਂ ਮਸਾਂ ਮਾਸਟਰ ਜੀ ‘‘ਸੈਚਰਡੇ’’ ਤਕ ਅਪੜੇ ਤੇ ਮੁੰਡਿਆਂ ਨੇ ਖੇਡ ਮੁਕਦੀ ਵੇਖ ਠੀਕ ਹਰਫ਼ ਨਾ ਆਖਣ ਦੀ ਸੌਂਹ ਪਾ ਲਈ। ਸੈਚਰਡੇ ਤੋਂ ਸ਼ੁਰੂ ਹੋ ਕੇ ਟਾਂਗਾ, ਮੋਟਰ ਤੇ ਗੱਡੀ ਤਕ ਅਪੜੇ। ਮਾਸਟਰ ਜੀ ਜਾਣਦੇ ਸਨ ਕਿ ਵਿਚ ਮੁੰਡੇ ‘ਨਾ ਜੀ’ ਵੀ ਕਹਿ ਜਾਂਦੇ ਸਨ। ‘‘ਬੱਸ, ਅੱਜ ਏਨਾ ਹੀ’’ ਆਖ ਕੇ ਮਾਸਟਰ ਜੀ ਕਮਰੇ ਵਿਚ ਟਹਿਲਣ ਲਗ ਪਏ। ਉਹ ਦਿਲ ਵਿਚ ਕਮਿਊਨਿਸਟਾਂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢ ਰਹੇ ਸਨ।
‘‘ਮਾਸਟਰ ਜੀ ਖ਼ਸਤਾ ਦੀ ਅੰਗਰੇਜ਼ੀ ਕੀ ਹੁੰਦੀ ਏ?’’
‘‘ਕਿਸ ਦੀ?’’
‘‘ਜੀ ਖ਼ਸਤਾ ਦੀ, ਖ਼ਸਤਾ ਖ਼ਤਾਈਆਂ।’’
‘‘ਕਲ੍ਹ ਦੱਸਾਂਗਾ।’’ ਮਾਸਟਰ ਜੀ ਨੇ ਅਟਕਦੀ ਆਵਾਜ਼ ਵਿਚ ਮੁੰਡੇ ਨੂੰ ਜਵਾਬ ਦਿਤਾ ਉਨ੍ਹਾਂ ਨੂੰ ਆਉਂਦੀ ਹੀ ਨਹੀਂ ਸੀ। ਸਾਰੀ ਜਮਾਤ ਹੱਸਣ ਲਗ ਪਈ ਮਾਸਟਰ ਜੀ ਦਾ ਰੰਗ ਚਿੱਟਾ ਸੁਫ਼ੈਦ ਹੋ ਗਿਆ ਤੇ ਲੱਤਾਂ ਕੰਬਣ ਲਗ ਪਈਆਂ।
ਮਾਸਟਰ ਜੀ ਨੇ ਇਕ ਹਸਦੇ ਮੁੰਡੇ ਵਲ ਉਂਗਲ ਕਰ ਕੇ ਕਿਹਾ, ‘‘ਖੜੇ ਹੋ ਜਾਉ ਤੁਮ।’’
ਮਾਸਟਰ ਜੀ ਦਾ ਜੀਅ ਕੀਤਾ ਹੱਥ ਵਿਚ ਫੜੇ ਬੈਂਤ ਨਾਲ ਮਾਰ ਮਾਰ ਕੇ ਉਸ ਦੀ ਮਿੱਝ ਕੱਢ ਦੇਣ, ਪਰ ਹੌਂਸਲਾ ਨਾ ਪਿਆ। ਜਦੋਂ ਉਹ ਖੜਾ ਹੋ ਗਿਆ ਤਾਂ ਮਾਸਟਰ ਜੀ ਨੇ ਫਿਰ ਕਿਹਾ :
‘‘ਸ਼ਰਾਰਤ ਕਿਉਂ ਕੀਤੀ ਏ ਤੂੰ?’’
‘‘ਮੈਂ ਕਦੋਂ ਕੀਤੀ ਏ ਜੀ?’’
‘‘ਬਾਹਰ ਨਿਕਲ ਜਾ।’’
‘‘ਬਾਹਰ ਜੀ ਧੁੱਪ ਬੜੀ ਏ।’’
ਸਾਰੀ ਜਮਾਤ ਹਿਣ ਹਿਣ ਕਰ ਕੇ ਹੱਸ ਪਈ।
‘‘ਮੈਂ ਤੈਨੂੰ ਕਹਿਨਾ ਬਾਹਰ ਨਿਕਲ ਜਾ।’’
‘‘ਇਹ ਸਕੂਲ ਤੇ ਸਾਡਾ ਏ ਜੀ, ਬਾਹਰ ਕਿਥੇ ਨਿਕਲ ਜਾਂ?’’
‘‘ਜਾਂ ਤੂੰ ਬਾਹਰ ਨਿਕਲ ਜਾ ਤੇ ਜਾਂ ਮੈਂ ਨਿਕਲ ਜਾਂਦਾ ਹਾਂ।’’
‘‘ਮੈਂ ਤੇ ਆਖਿਆ ਏ ਜੀ, ਮੈਨੂੰ ਇਥੇ ਹੀ ਰਹਿਣ ਦਿਓ।’’
ਮਾਸਟਰ ਭੋਲਾ ਰਾਮ ਜੀ ਬਾਹਰ ਨਿਕਲ ਆਏ, ਪਹਿਲਾਂ ਕਮਰੇ ਵਿਚੋਂ, ਫੇਰ ਸਕੂਲ ਵਿਚੋਂ। ਸਕੂਲ ਦੇ ਸੌੜੇ ਵਲਗਣ ਵਿਚ ਉਨ੍ਹਾਂ ਦੇ ਭਰੇ ਹੋਏ ਦਿਲ ਦੇ ਫਿਸ ਪੈਣ ਦਾ ਡਰ ਸੀ। ਬਾਜ਼ਾਰ ਵਿਚੋਂ ਹੁੰਦੇ ਹੋਏ ਉਹ ਘਰ ਜਾਣ ਲਗੇ। ਮਾਸਟਰ ਭੋਲਾ ਰਾਮ ਅੱਜ ਗਲੀ ਦੇ ਕੱਖਾਂ ਨਾਲੋਂ ਵੀ ਹੌਲਾ ਹੋ ਗਿਆ। ‘‘ਸਕੂਲ ਸਾਡਾ ਏ… ਇਹ ਕਮਿਊਨਿਸਟਾਂ ਨੇ ਹੀ ਇਨ੍ਹਾਂ ਨੂੰ ਸਿਖਾਇਆ ਸੀ। ਉਹ ਕਹਿੰਦੇ ਨੇ ਜ਼ਮੀਨ ਕਿਸਾਨਾਂ ਦੀ ਏ, ਸੋ ਸਕੂਲ ਮੁੰਡਿਆਂ ਦਾ ਏ ਤੇ ਮਾਸਟਰ…. ਮਾਸਟਰ… ਇਹ ਦੁੱਧ ਵੇਚਦਾ ਹਲਵਾਈ, ਔਹ ਪੱਗਾਂ ਸੁਕਾਂਦਾ ਲਲਾਰੀ ਦਾ ਮੁੰਡਾ, ਆਹ ਜੁੱਤੀਆਂ ਗੰਢਦਾ ਚਮਿਆਰ ਜਾਂ ਬਾਜ਼ਾਰ ਵਿਚ ਛਿੱਲਾਂ ਖਾਂਦਾ ਖੋਤਾ, ਇਹ ਸਭ ਮੈਥੋਂ ਚੰਗੇ ਨੇ। ਇਹ ਹਾਲਤ ਸਿਰਫ਼ ਏਸ ਲਈ ਹੈ ਕਿ ਦੁਨੀਆਂ ਤੇ ਕਮਿਊਨਿਜ਼ਮ ਦਾ ਕੋਹੜ ਫੈਲ ਰਿਹਾ ਏ ਤੇ ਸਾਰੇ ਮੁੰਡੇ ਕਮਿਊਨਿਸਟ ਬਣਦੇ ਜਾ ਰਹੇ ਨੇ।’’
ਉਨ੍ਹਾਂ ਦੇ ਘਰ ਅੰਦਰੋਂ ਆਪਣੇ ਮੁੰਡੇ ਦੇ ਅੜੀ ਕਰਨ ਦੀ ਆਵਾਜ਼ ਆ ਰਹੀ ਸੀ। ਪ੍ਰਾਇਮਰੀ ਸਕੂਲ ਵਿਚ ਛੇਤੀ ਛੁੱਟੀ ਹੋਣ ਕਰਕੇ ਉਹ ਮਾਸਟਰ ਜੀ ਤੋਂ ਪਹਿਲਾਂ ਹੀ ਘਰ ਅਪੜ ਗਿਆ ਹੋਇਆ ਸੀ। ਰੋਟੀ ਖਾਣ ਲਗਿਆਂ, ਉਹਦੀ ਦੁੱਧ ਚੁੰਘਦੀ ਭੈਣ ਨੇ ਸਬਜ਼ੀ ਦੀ ਕੌਲੀ ਵਿਚ ਹੱਥ ਮਾਰ ਕੇ ਸਬਜ਼ੀ ਭੁੰਜੇ ਡੇਗ ਦਿਤੀ ਸੀ ਤੇ ਮੁੰਡਾ ਰੋਣ ਲਗ ਪਿਆ ਸੀ। ਮਾਂ ਨੇ ਬਥੇਰਾ ਸਮਝਾਇਆ, ਖੰਡ ਵੀ ਲਿਆ ਕੇ ਦਿਤੀ, ਪਰ ਉਹ ਮੰਨਣ ਵਿਚ ਹੀ ਨਹੀਂ ਸੀ ਆਉਂਦਾ। ‘‘ਖਾ ਲੈ ਓਏ! ਅਜੇ ਤੇ ਬਥੇਰੀ ਸਬਜ਼ੀ ਏ ਕੌਲੀ ਵਿਚ।’’ ਮਾਸਟਰ ਜੀ ਨੇ ਆਪਣਾ ਫੈਸਲਾ ਸੁਣਾਇਆ। ਮੁੰਡਾ ਉਸੇ ਤਰ੍ਹਾਂ ਮੰਜੀ ਤੇ ਲੇਟਿਆ ਡੁਸਕਦਾ ਰਿਹਾ।
‘‘ਉਠ ਕੇ ਰੋਟੀ ਖਾ ਲੈ! ਮੈਂ ਤੈਨੂੰ ਆਖ਼ਰੀ ਵਾਰ ਆਖ ਦਿਤਾ ਏ।’’
ਪਰ ਮੁੰਡਾ ਉਸੇ ਤਰ੍ਹਾਂ ਰੋਂਦਾ ਰਿਹਾ।
ਕਚੀਚੀ ਵੱਟ ਮਾਸਟਰ ਜੀ ਨੇ ਬਾਹੋਂ ਧਰੀਕ ਕੇ ਮੁੰਡੇ ਨੂੰ ਹੇਠਾਂ ਸੁੱਟ ਲਿਆ।
‘‘ਹਰਾਮਜ਼ਾਦਾ, ਤੂੰ ਵੀ ਕਮਿਊਨਿਜ਼ਮ ਸਿਖ ਰਿਹਾ ਏਂ! ਤੁਸਾਂ ਦੁਨੀਆਂ ਦੀਆਂ ਨੀਹਾਂ ਹਿਲਾ ਦਿਤੀਆਂ ਹਨ, ਤੁਸੀਂ ਮੁਲਕ ਨੂੰ ਤਬਾਹ ਕਰ ਕੇ ਛਡੋਗੇ।’’
ਮਾਸਟਰ ਭੋਲਾ ਰਾਮ ਮੁੰਡੇ ਨੂੰ ਕੁਟੀ ਜਾ ਰਹੇ ਸਨ, ਤੇ ਮੁੰਡੇ ਦੀ ਮਾਂ ਛੁੜਾਨ ਦੀ ਕੋਸ਼ਿਸ਼ ਕਰ ਰਹੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)