Zaban Da Qatal (Punjabi Story) : Ashraf Suhail

ਜ਼ਬਾਨ ਦਾ ਕਤਲ (ਕਹਾਣੀ) : ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ ਸਨ ਤੇ ਕੁਝ ਸਰਦੀ ਹੋਣ ਕਰ ਕੇ ਧੁੱਪੇ ਖੜੋਤੇ ਕੋਸੀ-ਕੋਸੀ ਧੁੱਪ ਸੇਕ ਰਹੇ ਸਨ। ਕੁਝ ਵੱਡੇ ਬੱਚੇ ਕਿਤਾਬਾਂ ਖੋਲ੍ਹ ਕੇ ਆਪਣਾ ਸਬਕ ਯਾਦ ਕਰ ਰਹੇ ਸਨ। ਇਨ੍ਹਾਂ ਸਾਰੇ ਬਾਲਾਂ ਵਿੱਚੋਂ ਇੱਕ ਛੇ ਸਾਲ ਦਾ ਮੁੰਡਾ ਇਲਿਆਸ ਨਿੱਕਾ ਜਿਹਾ ਬਸਤਾ ਗਲ ਵਿੱਚ ਪਾਈ ਧੁੱਪੇ ਖੜਾ ਅਤੇ ਸੋਚ ਰਿਹਾ ਸੀ ਕਿ ਸ਼ਹਿਰ ਤੇ ਪਿੰਡ ਦੇ ਮੁੰਡਿਆਂ ਵਿੱਚ ਕਿੰਨਾ ਫਰਕ ਐ। ਉਥੇ ਸਭ ਆਪਸ ਵਿੱਚ ਯਾਰ-ਦੋਸਤ ਸਨ, ਪਰ ਇਥੇ ਉਸ ਨਾਲ ਕੋਈ ਮੁੰਡਾ ਵੀ ਯਾਰੀ ਲਾਉਣ ਨੂੰ ਤਿਆਰ ਨਹੀਂ ਸੀ।
ਇਲਿਆਸ ਦਾ ਘਰ ਸਕੂਲ ਦੀ ਪਿਛਲੀ ਗਲੀ ਵਿੱਚ ਸੀ। ਉਸ ਨੂੰ ਸਕੂਲ ਦਾਖਲ ਹੋਇਆਂ ਚਾਰ ਮਹੀਨੇ ਹੋ ਗਏ ਸਨ, ਪਰ ਸਕੂਲ ਵਿੱਚ ਉਹਦਾ ਦਿਲ ਨਹੀਂ ਸੀ ਲੱਗਦਾ। ਉਹਨੂੰ ਸਕੂਲ ਦੇ ਮਾਸਟਰ ਵੀ ਚੰਗੇ ਨਹੀਂ ਸਨ ਲੱਗਦੇ ਅਤੇ ਮੁੰਡੇ ਵੀ ਉਸ ਨਾਲ ਦੋਸਤੀ ਨਹੀਂ ਸਨ ਪਾਉਂਦੇ। ਉਹ ਉਸ ਨੂੰ ਗੰਦਾ ਤੇ ਪੇਂਡੂ ਕਹਿੰਦੇ ਸਨ।
ਪਹਿਲੇ ਪੰਜ ਸਾਲ ਉਸ ਨੇ ਸਕੂਲ ਵਿੱਚ ਬੜੀ ਮੁਸ਼ਕਲ ਨਾਲ ਗੁਜ਼ਾਰੇ। ਕਈ ਵਾਰ ਉਸ ਨੂੰ ਕਲਾਸ ਵਿੱਚ ਬੈਠਣਾ ਮੁਸ਼ਕਲ ਹੋ ਜਾਂਦਾ। ਉਹ ਚੰਗਾ ਵਿਦਿਆਰਥੀ ਸੀ ਤੇ ਦਿਲ ਲਾ ਕੇ ਪੜ੍ਹਦਾ ਸੀ। ਘਰ ਦਾ ਕੰਮ (ਹੋਮ ਵਰਕ) ਵੀ ਵੇਲੇ ਸਿਰ ਕਰਦਾ ਤੇ ਹੁਸ਼ਿਆਰ ਵੀ ਬਹੁਤ ਸੀ। ਭਾਸ਼ਣ ਦੇਣ ਦਾ ਉਸ ਨੂੰ ਸ਼ੁਰੂ ਤੋਂ ਸ਼ੌਕ ਸੀ। ਉਹ ਅਕਸਰ ਆਪਣੀ ਮਾਂ ਜੀ ਨੂੰ ਭਾਸ਼ਣ ਦੇ ਕੇ ਦਿਖਾਉਂਦਾ ਹੁੰਦਾ ਸੀ। ਘਰ ਵਿੱਚ ਜਦੋਂ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਇਲਿਆਸ ਨੂੰ ਆਖਿਆ ਜਾਂਦਾ ਕਿ ਭਾਸ਼ਣ ਦੇ, ਤਾਂ ਉਹ ਉਸੇ ਵੇਲੇ ਮੰਜੀ ‘ਤੇ ਚੜ੍ਹ ਕੇ ਜਾਂ ਕਿਸੇ ਉਚੀ ਥਾਂ ਖੜੋ ਕੇ ਭਾਸ਼ਣ ਦੇਣਾ ਸ਼ੁਰੂ ਕਰ ਦਿੰਦਾ। ਭਾਸ਼ਣ ਵਿੱਚ ਉਹ ਅਕਸਰ ਆਪਣੇ ਸਕੂਲ ਦੀਆਂ ਕਿਤਾਬਾਂ ਦੇ ਸਬਕ ਪੜ੍ਹਦਾ ਅਤੇ ਕੁਝ ਆਪਣੇ ਕੋਲੋਂ ਜੋੜ ਲੈਂਦਾ। ਭਾਸ਼ਣ ਦਿੰਦੇ ਸਮੇਂ ਉਹ ਬਿਲਕੁਲ ਨਹੀਂ ਸੀ ਝਿਜਕਦਾ, ਪਰ ਸਕੂਲ ਵਿੱਚ ਵੜਦਿਆਂ ਹੀ ਉਹ ਚੁੱਪ ਹੋ ਜਾਂਦਾ ਸੀ। ਸਕੂਲ ਵਿੱਚ ਉਸ ਦੀ ਪੁਜੀਸ਼ਨ ਮਾੜੀ ਹੋਣ ਕਾਰਨ ਉਹ ਪਿੰਡ ਤੋਂ ਸ਼ਹਿਰ ਆਇਆ ਸੀ।
ਇੱਕ ਦਿਨ ਉਹ ਸਕੂਲ ਥੋੜ੍ਹੀ ਦੇਰ ਨਾਲ ਪਹੁੰਚਿਆ ਤਾਂ ਕਲਾਸ ਵਿੱਚ ਮਾਸਟਰ ਜੀ ਨਹੀਂ ਸਨ। ਉਸ ਦੇ ਕਲਾਸ ਵਿੱਚ ਵੜਦਿਆਂ ਹੀ ‘ਪੇਂਡੂ’-‘ਪੇਂਡੂ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਇਹ ਆਵਾਜ਼ਾਂ ਉਸ ਦਾ ਅੰਦਰ ਚੀਰਦੀਆਂ ਹੋਈਆਂ ਲੰਘ ਗਈਆਂ। ਉਹਨੂੰ ਬੜਾ ਦੁੱਖ ਹੋਇਆ, ਪਰ ਉਹਨੇ ਆਪਣੇ ਅੱਥਰੂ ਰੋਕ ਲਏ। ਇਨ੍ਹਾਂ ਗੱਲਾਂ ਕਰ ਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹਨੂੰ ਆਪਣਾ ਸਬਕ ਚੰਗੀ ਤਰ੍ਹਾਂ ਯਾਦ ਨਹੀਂ ਸੀ ਹੁੰਦਾ।
ਇੱਕ ਦਿਨ ਮਾਸਟਰ ਜੀ ਨੇ ਉਸ ਦਾ ਘਰ ਦਾ ਕੰਮ ਚੈਕ ਕਰਦਿਆਂ ਆਖਿਆ, ‘‘ਤੂੰ ਕਦੀ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਤੂੰ ਪੇਂਡੂ ਐਂ।” ਮਾਸਟਰ ਜੀ ਦੇ ਮੂੰਹੋਂ ‘ਪੇਂਡੂ’ ਸ਼ਬਦ ਸੁਣ ਕੇ ਉਹ ਰੋ ਪਿਆ। ਪਹਿਲਾਂ ਉਸ ਨੂੰ ਹੌਸਲਾ ਸੀ ਕਿ ਮੁੰਡੇ ਹੀ ਮੈਨੂੰ ਪੇਂਡੂ ਕਹਿੰਦੇ ਨੇ ਅਤੇ ਜੇ ਕਦੇ ਮਾਸਟਰ ਜੀ ਨੂੰ ਪਤਾ ਲੱਗ ਗਿਆ ਤਾਂ ਉਹ ਉਨ੍ਹਾਂ ਨੂੰ ਗੁੱਸੇ ਹੋਣਗੇ ਅਤੇ ਸਜ਼ਾ ਦੇਣਗੇ, ਪਰ ਅੱਜ ਮਾਸਟਰ ਜੀ ਦੇ ਮੂੰਹੋਂ ਨਿਕਲੇ ਸ਼ਬਦ ਉਹਨੂੰ ਉਦਾਸ ਕਰ ਗਏ। ਉਹ ਬਹੁਤ ਪਰੇਸ਼ਾਨ ਹੋਇਆ। ਕੁਝ ਦਿਨ ਚੁੱਪਚਾਪ ਰਿਹਾ। ਉਸ ਤੋਂ ਕਿਸੇ ਨਾ ਪੁੱਛਿਆ ਕਿ ਤੂੰ ਕਿਉਂ ਉਦਾਸ ਐੈਂ? ਉਹਨੂੰ ਉਹ ਦਿਨ ਯਾਦ ਆਇਆ, ਜਦੋਂ ਸਕੂਲ ਦੀ ਚੈਕਿੰਗ ਲਈ ਅਫਸਰ ਨੇ ਆਉਣਾ ਸੀ। ਉਸ ਦਿਨ ਬੱਚੇ ਖੁਸ਼ ਸਨ, ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅੱਜ ਅਫਸਰ ਦੇ ਜਾਣ ਪਿੱਛੋਂ ਮਠਿਆਈ ਤੇ ਦੁੱਧ ਦੇ ਪੈਕੇਟ ਬੱਚਿਆਂ ਨੂੰ ਮੁਫਤ ਦਿੱਤੇ ਜਾਣਗੇ।
ਸਕੂਲ ਦੇ ਬੱਚਿਆਂ ਨੂੰ ਲਾਈਨ ਬਣਾ ਕੇ ਅਫਸਰਾਂ ਨੂੰ ‘ਜੀ ਆਇਆਂ’ ਕਹਿਣ ਲਈ ਖੜਾ ਕਰ ਦਿੱਤਾ ਗਿਆ। ਬੱਚਿਆਂ ਨੂੰ ਸਮਝਾਇਆ ਗਿਆ ਕਿ ਅਫਸਰ ਜੋ ਕੁਝ ਪੁੱਛਣ, ਉਨ੍ਹਾਂ ਨੂੰ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਜਾਵੇ ਤੇ ਉਨ੍ਹਾਂ ਨਾਲ ਉਰਦੂ ਵਿੱਚ ਗੱਲਬਾਤ ਕੀਤੀ ਜਾਵੇ। ਇਲਿਆਸ ਕੱਦ ਦੇ ਹਿਸਾਬ ਨਾਲ ਕਲਾਸ ਦੇ ਮੁੰਡਿਆਂ ਨਾਲੋਂ ਜ਼ਰਾ ਛੋਟਾ ਸੀ, ਇਸ ਲਈ ਉਸ ਨੂੰ ਸਭ ਤੋਂ ਅਗਲੀ ਲਾਈਨ ਵਿੱਚ ਖੜਾ ਕੀਤਾ ਗਿਆ ਸੀ। ਅਫਸਰਾਂ ਦੀ ਟੀਮ ਨੇ ਇੱਕ-ਦੋ ਬੱਚਿਆਂ ਕੋਲੋਂ ਸਵਾਲ ਪੁੱਛੇ ਅਤੇ ਬੱਚਿਆਂ ਨੇ ਠੀਕ ਜਵਾਬ ਦਿੱਤੇ। ਫਿਰ ਇੱਕ ਅਫਸਰ ਨੇ ਇਲਿਆਸ ਦੇ ਮੋਢੇ ‘ਤੇ ਹੱਥ ਰੱਖਿਆ ਅਤੇ ਉਸ ਦਾ ਨਾਂ ਪੁੱਛਿਆ। ਇਲਿਆਸ ਨੇ ਆਪਣਾ ਪੂਰਾ ਨਾਂ ਮੁਹੰਮਦ ਇਲਿਆਸ ਸਰੂਰ ਦੱਸਿਆ। ਅਫਸਰ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਗਿਣਤੀ ਸੁਣਾਓ।’ ਇਲਿਆਸ ਨੇ ਗਿਣਤੀ ਸੁਣਾਉਣੀ ਸ਼ੁਰੂ ਕੀਤੀ; ਇੱਕ, ਦੋ, ਤਿੰਨ, ਚਾਰ, ਪੰਜ, ਛੇ… ਸੱਤਰ ਇੱਕ ਇਕਹੱਤਰ ਤੱਕ ਪਹੁੰਚਿਆ ਸੀ ਕਿ ਅਫਸਰ ਨੇ ਇਲਿਆਸ ਨੂੰ ਰੋਕ ਦਿੱਤਾ।
ਇਲਿਆਸ ਨੂੰ ਪਤਾ ਨਹੀਂ ਲੱਗਾ ਕਿ ਉਹ ਗਿਣਤੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਬੋਲ ਗਿਆ ਸੀ। ਉਸ ਨੂੁੰ ਮਾਸਟਰ ਜੀ ਦੇ ਆਖੇ ਸ਼ਬਦ ਚੇਤੇ ਆ ਗਏ ਕਿ ਅਫਸਰਾਂ ਨਾਲ ਉਰਦੂ ਵਿੱਚ ਗੱਲ ਕਰਨੀ ਐ। ਇਕਦਮ ਉਹਦਾ ਰੰਗ ਫਿੱਕਾ ਪੈ ਗਿਆ, ਪਰ ਹੁਣ ਕੀ ਹੋ ਸਕਦਾ ਸੀ, ਸਮਾਂ ਲੰਘ ਚੁੱਕਾ ਸੀ।
ਅਫਸਰ ਵਾਪਸ ਚਲੇ ਗਏ, ਪਰ ਇਲਿਆਸ ਨੂੰ ਉਸ ਦਿਨ ਸਕੂਲੋਂ ਬਹੁਤ ਮਾਰ ਪਈ। ਮਾਸਟਰ ਜੀ ਕਹਿ ਰਹੇ ਸਨ ਕਿ ਉਸ ਨੇ ਸਕੂਲ ਦੀ ਬੇਇੱਜ਼ਤੀ ਕਰਵਾ ਦਿੱਤੀ ਹੈ। ਉਸ ਨੂੰ ਦੁੱਧ ਤੇ ਮਠਿਆਈ ਵੀ ਨਾ ਦਿੱਤੀ ਗਈ। ਉਸ ਦਿਨ ਸਕੂਲੋਂ ਪਰਤਣ ਸਮੇਂ ਸਾਰੇ ਮੁੰਡੇ ਹੱਥਾਂ ਵਿੱਚ ਮਠਿਆਈ ਤੇ ਦੁੱਧ ਦੇ ਲਿਫਾਫੇ ਲਈ ਘਰਾਂ ਨੂੰ ਖੁਸ਼ੀ-ਖੁਸ਼ੀ ਜਾ ਰਹੇ ਸਨ, ਪਰ ਸਵੇਰੇ ਪਾਏ ਨਵੇਂ ਕੱਪੜੇ ਇਲਿਆਸ ਨੂੰ ਆਪਣੇ ਸਰੀਰ ‘ਤੇ ਗੰਦੇ ਲੱਗ ਰਹੇ ਸਨ। ਉਹਨੂੰ ਆਪਣੇ ਬਸਤੇ ਦਾ ਭਾਰ ਪਹਿਲਾਂ ਨਾਲੋਂ ਜ਼ਿਆਦਾ ਜਾਪ ਰਿਹਾ ਸੀ। ਉਸ ਰਾਤ ਇਲਿਆਸ ਸੌਂ ਨਾ ਸਕਿਆ। ਮਾਸਟਰ ਜੀ ਹੱਥੋਂ ਵੱਜੀਆਂ ਚਪੇੜਾਂ, ਗਾਲ੍ਹਾਂ ਤੇ ਠੁੱਡਿਆਂ ਦਾ ਸੇਕ ਉਹ ਸਾਰੀ ਰਾਤ ਮਹਿਸੂਸ ਕਰਦਾ ਰਿਹਾ। ਸਵੇਰੇ ਉਠਿਆ ਤਾਂ ਉਸ ਦੀਆਂ ਅੱਖਾਂ ਲਾਲ ਸਨ ਅਤੇ ਉਹਨੂੰ ਤੇਜ਼ ਬੁਖਾਰ ਹੋ ਗਿਆ ਸੀ।
ਸਮਾਂ ਬੀਤਣ ਦੇ ਨਾਲ-ਨਾਲ ਇਲਿਆਸ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ। ਉਹ ਹੁਣ ਦੂਜੇ ਬਾਲਾਂ ਵਾਂਗ ਉਰਦੂ ਬੋਲੀ ਸਿੱਖ ਗਿਆ ਅਤੇ ਉਸਤਾਦਾਂ ਦੀਆਂ ਨਜ਼ਰਾਂ ਵਿੱਚ ਚੰਗਾ ਵਿਦਿਆਰਥੀ ਬਣਨ ਦੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਿਆ। ਹੁਣ ਉਹ ਅਕਸਰ ਸਕੂਲ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਸੀ। ਭਾਸ਼ਣ ਮੁਕਾਬਲਿਆਂ ਵਿੱਚ ਉਹ ਅਕਸਰ ਪਹਿਲੇ ਨੰਬਰ ‘ਤੇ ਆਉਂਦਾ। ਉਹਦੇ ਵਿੱਚ ਕਾਫੀ ਆਤਮ ਵਿਸ਼ਵਾਸ ਪੈਦਾ ਹੋ ਗਿਆ ਸੀ।
ਹੁਣ ਇਲਿਆਸ ਨੌਵੀਂ ਜਮਾਤ ਵਿੱਚ ਹੋ ਗਿਆ ਸੀ। ਜਮਾਤ ਦੇ ਜ਼ਿਆਦਾ ਮੁੰਡੇ ਉਹਦੇ ਦੋਸਤ ਬਣ ਗਏ ਸਨ। ਉਹਦੀ ਲਿਖਾਈ ਸਭ ਮੁੰਡਿਆਂ ਨਾਲੋਂ ਸੋਹਣੀ ਹੋ ਗਈ ਸੀ। ਉਹਨੂੰ ਹੁਣ ਪੜ੍ਹਾਈ, ਸਕੂਲ, ਦੋਸਤ, ਮਾਸਟਰ ਸਭ ਚੰਗੇ ਲੱਗਣ ਲੱਗ ਪਏ। ਸਕੂਲ ਵਿੱਚ ਸਾਲਾਨਾ ਭਾਸ਼ਣ ਮੁਕਾਬਲੇ ਹੋਣ ਵਾਲੇ ਸਨ। ਇਸ ਵਾਰ ਮੁੱਖ ਅਧਿਆਪਕ ਨੇ ਆਖਿਆ ਸੀ ਕਿ ਇਸ ਸਾਲ ਵਿਦਿਆਰਥੀ ਆਪਣੇ ਪਸੰਦੀਦਾ ਨਾਇਕ ‘ਤੇ ਭਾਸ਼ਣ ਦੇਣਗੇ।
ਇਲਿਆਸ ਦੇ ਪਿਤਾ ਜੀ ਪਹਿਲਾਂ ਜੰਡਿਆਲਾ ਸ਼ੇਰ ਖਾਨ ਪਿੰਡ ਵਿੱਚ ਰਹਿੰਦੇ ਸਨ। ਮਗਰੋਂ ਸ਼ਹਿਰ ਸ਼ਿਫਟ ਹੋ ਗਏ। ਉਨ੍ਹਾਂ ਨੇ ਸ਼ਹਿਰ ਵਿੱਚ ਆਪਣਾ ਘਰ ਬਣਾ ਲਿਆ। ਉਹ ਸਾਦੇ ਸੁਭਾਅ ਦੇ ਮਾਲਕ ਸਨ। ਜਦੋਂ ਉਹ ਪਿੰਡ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਹਜ਼ਰਤ ਵਾਰਸ ਸ਼ਾਹ ਦੀ ਮਜ਼ਾਰ ‘ਤੇ ਜਾ ਕੇ ਔਲਾਦ ਲਈ ਦੁਆ ਮੰਗੀ ਸੀ। ਨਾਲੇ ਇਹ ਸੁੱਖਣਾ ਸੁੱਖੀ ਸੀ ਕਿ ਜੇ ਸਾਡੇ ਘਰ ਔਲਾਦ ਹੋਈ ਤਾਂ ਉਹ ਹਰ ਸਾਲ ਮਜ਼ਾਰ ‘ਤੇ ਇੱਕ ਚਾਦਰ ਚੜ੍ਹਾਇਆ ਕਰੇਗਾ।
ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਇਲਿਆਸ ਪੈਦਾ ਹੋਇਆ ਸੀ ਅਤੇ ਹੁਣ ਸ਼ਹਿਰ ਦੇ ਬਾਜਵੂਦ ਉਹਦੇ ਪਿਤਾ ਜੀ ਹਰ ਸਾਲ ਆਪਣੇ ਪਿੰਡ ਜੰਡਿਆਲਾ ਸ਼ੇਰ ਖਾਨ ਜਾ ਕੇ ਹਜ਼ਰਤ ਵਾਰਸ ਸ਼ਾਹ ਦੀ ਮਜ਼ਾਰ ਤੇ ਚਾਦਰ ਚੜ੍ਹਾਉਂਦੇ ਸਨ। ਇਲਿਆਸ ਵੀ ਨਾਲ ਹੁੰਦਾ ਸੀ। ਇਸ ਕਰ ਕੇ ਉਹਨੂੰ ਹਜ਼ਰਤ ਵਾਰਸ ਸ਼ਾਹ ਬਾਰੇ ਦੂਜੇ ਆਮ ਪੰਜਾਬੀਆਂ ਨਾਲੋਂ ਬਹੁਤ ਜਾਣਕਾਰੀ ਸੀ। ਇਲਿਆਸ ਦੇ ਘਰ ਵਾਰਸ ਸ਼ਾਹ ਦੀ ਲਿਖੀ ਕਿਤਾਬ ‘ਕਿੱਸਾ ਹੀਰ ਰਾਂਝਾ’ ਮੌਜੂਦ ਸੀ, ਜਿਸ ਨੂੰ ਉਸ ਦੇ ਦਾਦਾ ਜੀ ਸਵੇਰੇ ਸਵੇਰੇ ਪੜ੍ਹਦੇ ਹੁੰਦੇ ਸਨ। ਇਸ ਕਰ ਕੇ ਇਲਿਆਸ ਨੇ ਇਸ ਸਾਲ ਹਜ਼ਰਤ ਵਾਰਸ ਸ਼ਾਹ ‘ਤੇ ਭਾਸ਼ਣ ਦੇਣ ਦਾ ਫੈਸਲਾ ਕੀਤਾ। ਉਸ ਨੇ ਆਪਣੀ ਮਾਂ ਜੀ ਕੋਲੋਂ ਵਾਰਸ ਸ਼ਾਹ ਦੀ ਜ਼ਿੰਦਗੀ ਬਾਰੇ ਜਾਣਕਾਰੀ ਲੈ ਕੇ ਇੱਕ ਖੂਬਸੂਰਤ ਭਾਸ਼ਣ ਤਿਆਰ ਕਰ ਲਿਆ। ਉਸ ਦੇ ਮਾਂ ਜੀ ਜੰਡਿਆਲਾ ਸ਼ੇਰ ਖਾਨ ਪੈਦਾ ਹੋਏ ਸਨ ਅਤੇ ਉਨ੍ਹਾਂ ਨੇ ਸਾਰੀ ਜ਼ਿੰਦਗੀ ਉਥੇ ਗੁਜਾਰੀ ਸੀ। ਉਨ੍ਹਾਂ ਨੂੰ ਵਾਰਸ ਸ਼ਾਹ ਬਾਰੇ ਬਹੁਤ ਕੁਝ ਪਤਾ ਸੀ। ਇਲਿਆਸ ਨੇ ਆਪਣੇ ਦਾਦਾ ਜੀ ਹੋਰਾਂ ਕੋਲੋਂ ਵਾਰਸ ਸ਼ਾਹ ਦੀ ‘ਹੀਰ’ ਵਿੱਚੋਂ ਕੁਝ ਚੰਗੇ ਸ਼ੇਅਰ ਪੁੱਛ ਕੇ ਆਪਣੇ ਭਾਸ਼ਣ ਵਿੱਚ ਸ਼ਾਮਲ ਕਰ ਲਏ ਸਨ। ਭਾਸ਼ਣ ਲਿਖਣ ਮਗਰੋਂ ਇਲਿਆਸ ਨੇ ਇੱਕ ਨਜ਼ਰ ਫਿਰ ਭਾਸ਼ਣ ‘ਤੇ ਮਾਰੀ, ਉਸ ਨੂੰ ਆਪਣਾ ਭਾਸ਼ਣ ਪ੍ਰਭਾਵਸ਼ਾਲੀ ਲੱਗਿਆ।
ਅਗਲੇ ਦਿਨ ਸਕੂਲ ਵਿੱਚ ਸਾਲਾਨਾ ਭਾਸ਼ਣ ਮੁਕਾਬਲੇ ਦੀਆਂ ਤਿਆਰੀਆਂ ਮੁਕੰਮਲ ਸਨ। ਸਾਰੇ ਸਕੂਲ ਨੂੰ ਝੰਡੀਆਂ ਨਾਲ ਸਜਾਇਆ ਗਿਆ ਸੀ। ਬੜੀ ਰੌਣਕ ਸੀ। ਵਿਦਿਆਰਥੀ ਸਾਫ ਸੁਥਰੇ ਕੱਪੜੇ ਪਾ ਕੇ ਆਏ ਹੋਏ ਸਨ। ਇਲਿਆਸ ਵੀ ਨਵੀਂ ਪੈਂਟ-ਸ਼ਰਟ ਪਾ ਕੇ ਹੀ ਆਇਆ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਸਟੇਜ ‘ਤੇ ਸੋਹਣੇ ਤਰੀਕੇ ਨਾਲ ਬੋਲ ਸਕਦਾ ਹੈ। ਭਾਸ਼ਣ ਮੁਕਾਬਲੇ ਸ਼ੁਰੂ ਹੋਏ। ਇਲਿਆਸ ਦੀ ਵਾਰੀ ਅਖੀਰ ਵਿੱਚ ਆਈ। ਉਹ ਬੜੇ ਵਿਸ਼ਵਾਸ ਨਾਲ ਸਟੇਜ ‘ਤੇ ਆਇਆ ਤੇ ਆਪਣੀ ਪੈਂਟ ਦੀ ਜੇਬ ਵਿੱਚੋਂ ਕਾਪੀ ਦੇ ਕੁਝ ਵਰਕੇ ਕੱਢੇ, ਜਿਨ੍ਹਾਂ ਉਤੇ ਉਹਨੇ ਭਾਸ਼ਣ ਲਿਖਿਆ ਹੋਇਆ ਸੀ। ਉਸ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ। ਇਲਿਆਸ ਬੋਲ ਰਿਹਾ ਸੀ ਤੇ ਉਹਦੀ ਆਵਾਜ਼ ਲਾਊਡ ਸਪੀਕਰ ਰਾਹੀਂ ਪੂਰੇ ਇਲਾਕੇ ਵਿੱਚ ਗੂੰਜ ਰਹੀ ਸੀ। ਸਕੂਲ ਦੇ ਨਾਲ ਇਲਿਆਸ ਦਾ ਦਾਦਕਾ ਘਰ ਸੀ, ਜਿੱਥੇ ਉਹਦੇ ਮਾਂ ਜੀ ਘਰ ਦੀ ਛੱਤ ਉਤੇ ਬੈਠੇ ਆਪਣੇ ਪੁੱਤਰ ਦੇ ਬੋਲ ਸੁਣ ਰਹੇ ਸਨ-
‘‘ਮੇਰੀ ਇਹ ਖੁਸ਼ ਕਿਸਮਤੀ ਹੈ ਕਿ ਮੈਂ ਇੱਕ ਅਜਿਹੇ ਪਿੰਡ ਵਿੱਚ ਪੈਦਾ ਹੋਇਆ ਹਾਂ, ਜਿੱਥੇ ਪ੍ਰਸਿੱਧ ਸੂਫੀ ਸ਼ਾਇਰ ਹਜ਼ਰਤ ਵਾਰਸ ਸ਼ਾਹ ਪੈਦਾ ਹੋਏ ਸਨ ਤੇ ਉਨ੍ਹਾਂ ਦੀ ਮਜ਼ਾਰ ਉਸੇ ਪਿੰਡ ਵਿੱਚ ਹੈ। ਵਾਰਸ ਸ਼ਾਹ ਇੱਕ ਅਜ਼ੀਮ ਸੂਫੀ ਸਨ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਅਰਫਤ ਦੇ ਸ਼ੇਅਰ ਜ਼ਿਆਦਾ ਹਨ। ਉਨ੍ਹਾਂ ਦੀ ਲਿਖੀ ਹੋਈ ਕਿਤਾਬ ‘ਕਿੱਸਾ ਹੀਰ ਰਾਂਝਾ’ ਅੱਜ ਵੀ ਬਹੁਤ ਮਕਬੂਲ ਹੈ ਅਤੇ ਦੁਨੀਆ ਦੇ ਪ੍ਰਸਿੱਧ ਸਾਹਿਤ ਵਿੱਚ ਉਸ ਦਾ ਸ਼ੁਮਾਰ ਹੁੰਦਾ ਹੈ…।”
ਸਟੇਜ ਉਤੇ ਇਲਿਆਸ ਦੀ ਖਾਲਸ ਲਖਨਵੀ ਲਹਿਜ਼ੇ ਦੀ ਉਰਦੂ ਵਿੱਚ ਆਵਾਜ਼ ਗੂੰਜ ਰਹੀ ਸੀ, ਜਿਹੜੀ ਉਸ ਦੇ ਅਨਪੜ੍ਹ ਪਿਤਾ ਨੂੰ ਸਮਝ ਨਹੀਂ ਸੀ ਆ ਰਹੀ, ਪਰ ਸਕੂਲ ਦੇ ਇਕੱਠ ਵਿੱਚ ਹਰ ਕੋਈ ਉਸ ਦੀ ਆਵਾਜ਼ ਤੇ ਭਾਸ਼ਣ ਦੇ ਅੰਦਾਜ਼ ਦੀ ਦਾਦ ਦੇ ਰਿਹਾ ਸੀ। ਤਾੜੀਆਂ ਵੱਜ ਰਹੀਆਂ ਸਨ।
ਇਲਿਆਸ ਦੀ ਸੋਹਣੀ ਆਵਾਜ਼ ਨੇ ਪੂਰੇ ਸਕੂਲ ਵਿੱਚ ਬੈਠੇ ਲੋਕਾਂ ਨੂੰ ਬਿਠਾ ਕੇ ਰੱਖ ਦਿੱਤਾ ਸੀ, ਪਰ ਸਟੇਜ ਮਗਰ ਖਲੋਤੇ ਵਾਰਸ ਸ਼ਾਹ ਦੀ ਬੇਚੈਨ ਰੂਹ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਦਾ ਹੜ੍ਹ ਵਗ ਰਿਹਾ ਸੀ। ਇਹ ਵਗਦੇ ਅੱਥਰੂ ਕੋਈ ਨਾ ਵੇਖ ਸਕਿਆ। ਆਪਣੇ ਹੀ ਪੁੱਤਰਾਂ ਹੱਥੋਂ ਆਪਣੀ ਹੀ ਧਰਤ ਉਤੇ ਆਪਣੀ ਜ਼ਬਾਨ ਦਾ ਕਤਲ ਵੇਖ ਕੇ ਹਜ਼ਰਤ ਵਾਰਸ ਸ਼ਾਹ ਦੀ ਰੂਹ ਬੇਚੈਨ ਹੋ ਗਈ ਤੇ ਅਖੀਰ ਉਸ ਸਕੂਲ ਤੋਂ ਬਾਹਰ ਦੂਰ ਉਡ ਗਈ, ਜਿੱਥੇ ਇਲਿਆਸ ਦੀ ਆਵਾਜ਼ ਨਹੀਂ ਸੀ ਅੱਪੜ ਸਕਦੀ।
(ਲਿਪੀਅੰਤਰ: ਡਾ. ਰਾਜਵੰਤ ਕੌਰ ਪੰਜਾਬੀ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ਰਫ਼ ਸੁਹੇਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ