Vir Chakkar (Punjabi Story) : Manmohan Bawa

ਵੀਰ ਚੱਕਰ (ਕਹਾਣੀ) : ਮਨਮੋਹਨ ਬਾਵਾ

ਉਸ ਦਿਨ ਮੌਸਮ ਸਾਫ਼ ਸੀ ਅਤੇ ਧੁੱਪ ਨਿਕਲੀ ਹੋਈ। ਸਾਰੇ ਜਵਾਨ ਅਰਧ-ਗੋਲਾਕਾਰ ਵਾਲੀਆਂ ਛੱਤਾਂ ਦੀਆਂ ਬੈਰਕਾਂ 'ਚੋਂ ਨਿਕਲ ਕੇ ਬਾਹਰ ਆ ਗਏ। 'ਅਨੋਮਾ' ਦੀ ਇਸ ਚੌਕੀ ਤੋਂ ਬਰਫ਼ਾਨੀ ਚੋਟੀਆਂ ਬਹੁਤ ਨੇੜੇ ਅਤੇ ਖ਼ੂਬਸੂਰਤ ਦਿਸ ਰਹੀਆਂ ਸਨ। ਖੁੱਲ੍ਹੀ ਥਾਵੇਂ ਨਾਸ਼ਤਾ ਕਰਦਿਆਂ ਕੋਸੀ-ਕੋਸੀ ਧੁੱਪ ਬੜੀ ਪਿਆਰੀ ਲੱਗ ਰਹੀ ਸੀ। ਅੱਗੇ ਬਰਫ਼ਾਨੀ ਰਸਤੇ ਦੀ ਯਾਤਰਾ ਦੀ ਕਠਿਨਾਈ ਘੱਟ ਕਰਨ ਲਈ ਉਹ ਸਾਰੇ ਇੱਕ-ਦੂਜੇ ਨਾਲ ਠੱਠਾ-ਮਜ਼ਾਕ ਕਰ ਰਹੇ ਸਨ।
''ਸੁਣਾ ਬਈ ਪਾਲਿਆ,'' ਜਮਾਂਦਾਰ ਬਿਕਰਮ ਸਿੰਘ ਨੇ ਕਿਰਪਾਲ ਸਿੰਘ ਦੇ ਮੋਢੇ 'ਤੇ ਹੱਥ ਮਾਰਦਿਆਂ ਆਖਿਆ, ''ਇੰਜ ਚੁੱਪ, ਉਦਾਸ ਜਿਹਾ ਕਿਉਂ ਖੜ੍ਹਾ ਏ। ਯਾਦ ਆ ਰਹੀ ਏ?''
''ਉਦਾਸ ਨਾ ਹੋਵੇ ਤਾਂ ਹੋਰ ਕੀ ਕਰੇ?'' ਕੋਲ ਖੜ੍ਹਾ ਰਾਮ ਸਿੰਘ ਚਮੋਲੀ ਬੋਲਿਆ, ''ਵਿਆਹ ਤੋਂ ਬਾਅਦ ਮਸਾਂ ਚਾਰ-ਪੰਜ ਦਿਨ ਹੀ ਮਿਲੇ ਹੋਣਗੇ ਅਤੇ ਬਸ ਛੁੱਟੀ ਖ਼ਤਮ।''

ਪਾਲੇ ਨੇ ਗੱਲ ਨੂੰ ਹਾਸੇ 'ਚ ਉਡਾਉਣ ਦਾ ਯਤਨ ਕੀਤਾ। ਪਰ ਅੱਖਾਂ ਕਦੀ ਝੂਠ ਨਹੀਂ ਬੋਲਦੀਆਂ, ਜਿਨ੍ਹਾਂ 'ਚ ਡੰੂਘੀ ਉਦਾਸੀ ਝਲਕ ਰਹੀ ਸੀ। ਆਪਣੀ ਕਲਪਨਾ 'ਚ ਉਹ ਆਪਣਾ ਕਿੱਟ ਬੈਗ ਚੁੱਕ ਕੇ ਘਰੋਂ ਮੁੜਨ ਲੱਗਿਆਂ ਬੂਹੇ 'ਚ ਖੜ੍ਹੀ ਜੀਤੋ ਦੀਆਂ ਅੱਖਾਂ 'ਚੋਂ ਵਗਦੇ ਅੱਥਰੂ ਵੇਖ ਰਿਹਾ ਸੀ। ਪਾਲੇ ਦੇ ਦਿਲ ਵਿੱਚ ਟੀਸ ਜਿਹੀ ਉੱਠੀ, ਕੁਝ ਬੋਲਣ ਦਾ ਯਤਨ ਕੀਤਾ, ਪਰ ਗੱਚ ਭਰ ਆਇਆ। ਅੱਖਾਂ 'ਚ ਆਏ ਅੱਥਰੂਆਂ ਨੂੰ ਲੁਕਾਉਣ ਲਈ ਉਹ ਗਗਨ-ਚੁੰਬੀ ਬਰਫ਼ਾਨੀ ਚੋਟੀਆਂ ਵੱਲ ਤੱਕਣ ਲੱਗਾ। ਫੇਰ ਬੋਲਿਆ:
''ਕਦੋਂ ਤੱਕ ਪਹੁੰਚ ਜਾਵਾਂਗੇ ਆਪਣੀ ਚੌਕੀ 'ਚ? ਹੋਰ ਕਿੰਨੇ ਘੰਟੇ ਦਾ ਰਸਤਾ?''
''ਘੰਟੇ ਨਹੀਂ, ਦਿਨਾਂ ਦੀ ਗੱਲ ਕਰ,'' ਬਿਕਰਮ ਸਿੰਘ ਨੇ ਉੱਤਰ ਦਿੱਤਾ, ''ਮੇਰੀ ਜਾਣਕਾਰੀ ਮੁਤਾਬਕ ਤਿੰਨ ਦਿਨ ਲੱਗ ਜਾਣਗੇ।''

ਉਸੇ ਵੇਲੇ ਮੇਜਰ ਸੁਦੇਸ਼ ਕੁਮਾਰ ਥਾਪਰ ਨਾਸ਼ਤਾ ਕਰਕੇ ਬੈਰਕ ਤੋਂ ਬਾਹਰ ਨਿਕਲੇ ਅਤੇ ਕੜਕਵੀਂ ਰੋਅਬਦਾਰ ਆਵਾਜ਼ 'ਚ ਆਖਿਆ, ''ਦੋ ਦਿਨ ਆਰਾਮ ਕਰ ਲਿਆ। ਹੁਣ ਜਵਾਨੋ, ਆਪਣੇ ਪਿੱਠੂ ਚੁੱਕੋ ਅਤੇ ਫਾਰਵਰਡ ਪੋਸਟ ਵੱਲ ਮਾਰਚ ਲਈ ਤਿਆਰ ਹੋ ਜਾਓ।''

ਕੁਝ ਦੇਰ ਬਾਅਦ ਉਹ ਸਾਰੇ ਆਪਣੇ ਪਿੱਠੂ ਅਤੇ ਰਾਈਫਲਾਂ ਚੁੱਕੀ ਆਪਣੀ ਫਾਰਵਰਡ ਪੋਸਟ ਦੇ ਮੋਰਚੇ ਸੰਭਾਲਣ ਲਈ ਤੁਰ ਪਏ। ਤੁਰਨ ਤੋਂ ਪਹਿਲਾਂ ਪਾਲੇ ਨੇ ਆਪਣੀ ਜੀਤੋ ਨੂੰ ਲਿਖੀ ਹੋਈ ਚਿੱਠੀ ਇਸ ਚੌਕੀ ਦੇ ਜਵਾਨ ਦੇ ਹੱਥ ਫੜਾਉਂਦਿਆਂ ਕਿਹਾ ਕਿ ਜਦ ਡਾਕ ਜਾਵੇ ਤਾਂ ਇਸ ਨੂੰ ਵੀ ਭੇਜ ਦੇਣਾ। ਪਹਿਲਾਂ ਦੋ-ਤਿੰਨ ਕਿਲੋਮੀਟਰ ਤੱਕ ਪਥਰੀਲੀਆਂ ਚੱਟਾਨਾਂ 'ਚੋਂ ਲੰਘਦਾ ਹੋਇਆ ਤੰਗ ਜਿਹਾ ਰਸਤਾ। ਹਲਕੀ-ਹਲਕੀ ਚੜ੍ਹਾਈ। ਦੋਵੇਂ ਪਾਸੇ ਖ਼ੁਸ਼ਕ ਪਹਾੜ, ਜਿਨ੍ਹਾਂ 'ਤੇ ਕਿਸੇ ਮਰੇ ਹੋਏ ਵਿਸ਼ਾਲ ਜਾਨਵਰ ਦੇ ਪਿੰਜਰ ਵਾਂਗ ਚੱਟਾਨਾਂ ਉਭਰਦੀਆਂ ਦਿੱਸ ਰਹੀਆਂ ਸਨ। ਤਿੰਨ ਕੁ ਘੰਟੇ ਤੁਰਦੇ ਰਹਿਣ ਤੋਂ ਬਾਅਦ ਧੁੱਪ ਬਹੁਤ ਤਿੱਖੀ ਹੋ ਗਈ। ਧੁੱਪ ਨਾਲ ਚੱਟਾਨਾਂ ਦੇ ਗਰਮ ਹੋਣ ਕਾਰਨ ਚੱਟਾਨਾਂ ਵੀ ਆਪਣੀ ਗਰਮੀ ਵਾਯੂਮੰਡਲ 'ਚ ਖਿਲਾਰਨ ਲੱਗੀਆਂ। ਗਰਮੀ ਕਾਰਨ ਜਵਾਨਾਂ ਦੇ ਚਿਹਰਿਆਂ ਤੋਂ ਮੁੜ੍ਹਕਾ ਚੋਣ ਲੱਗਾ। ਉਨ੍ਹਾਂ ਆਪਣੀਆਂ ਗਰਮ ਜਰਸੀਆਂ ਲਾਹ ਕੇ ਆਪਣੇ ਪਿੱਠੂਆਂ ਉੱਤੇ ਟੰਗ ਦਿੱਤੀਆਂ ਅਤੇ ਹੌਲੀ-ਹੌਲੀ ਪੈਰ ਚੁੱਕਦਿਆਂ ਅੱਗੇ ਵਧਦੇ ਗਏ। ਇਸ ਉਚਾਈ ਉੱਤੇ ਹਵਾ 'ਚ 'ਆਕਸੀਜਨ' ਘੱਟ ਹੋ ਜਾਣ ਕਾਰਨ ਸਾਹ ਵੀ ਚੜ੍ਹਦਾ ਜਾ ਰਿਹਾ ਸੀ। ਰਫ਼ਤਾਰ ਬਹੁਤ ਧੀਮੀ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਾਹ ਲੈਣ ਲਈ ਰੁਕਣਾ ਪੈਂਦਾ। ਪਿੱਠਾਂ ਉਪਰ ਚੁੱਕਿਆ ਵੀਹ-ਵੀਹ ਕਿਲੋ ਦਾ ਭਾਰ। ਮੇਜਰ ਸੁਦੇਸ਼ ਕੁਮਾਰ ਨੇ ਆਪਣਾ ਜ਼ਿਆਦਾ ਸਮਾਨ ਆਪਣੇ ਅਰਦਲੀ ਨੂੰ ਚੁਕਾਇਆ ਹੋਇਆ ਸੀ।

ਤੁਰਦਿਆਂ-ਤੁਰਦਿਆਂ ਪਾਣੀ ਪੀਣ ਦਾ ਆਰਡਰ ਨਹੀਂ ਸੀ। ਤੇਹ ਨਾਲ ਜੀਭਾਂ ਤਾਲੂ ਨਾਲ ਲੱਗੀਆਂ ਹੋਈਆਂ। ਜਦ ਕੁਝ ਦੇਰ ਲਈ ਆਰਾਮ ਕਰਨ ਲਈ ਰੁਕਦੇ ਤਾਂ ਆਪਣੀਆਂ ਪਾਣੀ ਦੀਆਂ ਬੋਤਲਾਂ 'ਚੋਂ ਗਟ-ਗਟ ਕਰਕੇ ਪਾਣੀ ਪੀਣ ਲੱਗਦੇ। ਨਾਲ ਇਹ ਚਿੰਤਾ ਵੀ ਰਹਿੰਦੀ ਕਿ ਹਾਲੇ ਤਾਂ ਬਹੁਤ ਪੈਂਡਾ ਤੈਅ ਕਰਨਾ ਹੈ, ਰਸਤੇ 'ਚ ਹੀ ਨਾ ਖ਼ਤਮ ਹੋ ਜਾਵੇ।

ਦੁਪਹਿਰ ਕੁ ਵੇਲੇ ਉਹ ਪਿਛਲੀ ਚੌਕੀ ਤੋਂ ਬੰਨ੍ਹ ਕੇ ਲਿਆਂਦੇ ਪਰੌਂਠੇ ਖਾਣ ਲਈ ਇੱਕ ਵੱਡੀ ਸਾਰੀ ਚੱਟਾਨ ਦੀ ਛਾਂ ਓਹਲੇ ਰੁਕ ਗਏ। ਪਰੌਂਠੇ ਖਾਣ ਤੋਂ ਬਾਅਦ ਮੇਜਰ ਸੁਦੇਸ਼ ਨੇ ਜਦ ਪਾਣੀ ਦੀ ਬੋਤਲ ਮੂੰਹ ਨੂੰ ਲਾਈ ਤਾਂ ਉਸ ਵਿੱਚ ਮਸਾਂ ਦੋ ਕੁ ਘੁੱਟ ਪਾਣੀ ਸੀ। ਉਸ ਨੇ ਕੋਲ ਬੈਠੇ ਬਿਕਰਮ ਸਿੰਘ ਦੀ ਬੋਤਲ ਵੱਲ ਵੇਖਿਆ। ਸ਼ਾਇਦ ਸੋਚ ਰਿਹਾ ਸੀ ਮੰਗੇ ਕਿ ਨਾ ਮੰਗੇ? ਪਰ ਪਿਆਸਾ ਕੀ ਨਾ ਕਰਦਾ!
''ਲਿਆ ਬਈ ਬਿਕਰਮ ਸਿਆਂ, ਜ਼ਰਾ ਪਾਣੀ ਵਾਲੀ ਬੋਤਲ ਤਾਂ ਇਧਰ ਕਰ।''

ਜੇ ਕਿਸੇ ਸਿਪਾਹੀ ਜਾਂ ਛੋਟੇ ਅਫ਼ਸਰ ਨੇ ਪਾਣੀ ਮੰਗਿਆ ਹੁੰਦਾ ਤਾਂ ਉਸ ਨੇ ਨਾਂਹ ਕਰ ਦੇਣੀ ਸੀ। ਇਸ ਤਰ੍ਹਾਂ ਦੇ ਸਫ਼ਰ ਵਿੱਚ ਪਾਣੀ ਤਾਂ ਜਾਨ ਹੁੰਦਾ ਹੈ ਆਦਮੀ ਦੀ। ਕੋਹਾਂ ਤੱਕ ਪਾਣੀ ਨਹੀਂ ਸੀ। ਅੱਗਿਓਂ ਬਰਫ਼ ਸ਼ੁਰੂ। ਮੇਜਰ ਸਾਹਿਬ ਵੀ ਏਸ ਅਸਲੀਅਤ ਨੂੰ ਸਮਝਦੇ ਸਨ। ਉਨ੍ਹਾਂ ਨੇ ਸਿਰਫ਼ ਇੱਕ ਘੁੱਟ ਪਾਣੀ ਪੀਤਾ ਅਤੇ ਬੋਤਲ ਉਸ ਨੂੰ ਵਾਪਸ ਫੜਾ ਦਿੱਤੀ। ਕੋਠ ਬੈਠਾ ਪਾਲਾ ਅਤੇ ਚਮੋਲੀ ਇਹ ਸਭ ਕੁਝ ਬੜੇ ਧਿਆਨ ਨਾਲ ਵੇਖ ਰਹੇ ਸਨ। ਫੇਰ ਕੁਝ ਸੋਚਦਿਆਂ ਪਾਲੇ ਨੇ ਆਪਣੀ ਪਾਣੀ ਦੀ ਬੋਤਲ ਮੇਜਰ ਵਲ ਵਧਾ ਦਿੱਤੀ। ਮੇਜਰ ਸਾਹਿਬ ਨੇ ਬੋਤਲ ਫੜ ਕੇ ਚਾਰ-ਪੰਜ ਘੁੱਟ ਪਾਣੀ ਦੇ ਪੀ ਲਏ।
ਕੁਝ ਦੇਰ ਆਰਾਮ ਕਰਨ ਤੋਂ ਬਾਅਦ ਜਦ ਉਹ ਅੱਗੇ ਲਈ ਤੁਰੇ ਤਾਂ ਥੋੜ੍ਹੀ ਬੱਦਲਵਾਈ ਹੋ ਗਈ ਸੀ।
''ਚਲੋ ਘੱਟ ਤੋਂ ਘੱਟ ਧੁੱਪ ਅਤੇ ਗਰਮੀ ਤੋਂ ਤਾਂ ਬਚਾਂਗੇ।'' ਆਕਾਸ਼ ਵੱਲ ਤੱਕਦਿਆਂ ਪਾਲਾ ਬੋਲਿਆ।
''ਇਹ ਤੇ ਠੀਕ ਏ, ਪਰ ਕਿਤੇ ਬਰਫ਼ ਹੀ ਨਾ ਪੈਣੀ ਸ਼ੁਰੂ ਹੋ ਜਾਵੇ।'' ਬਿਕਰਮ ਸਿੰਘ ਨੇ ਆਪਣਾ ਡਰ ਜ਼ਾਹਰ ਕੀਤਾ।
''ਬਸ ਅਗਲੀ ਚੌਕੀ 'ਚ ਪਹੁੰਚ ਜਾਈਏ। ਸੌਣ ਲਈ ਛੱਤ ਅਤੇ ਪੱਕੀਆਂ ਕੰਧਾਂ।''
''ਕੀ ਪਤਾ, ਸਾਡੇ ਵੀਹ ਜਣਿਆਂ ਦੇ ਸੌਣ ਲਈ ਬੈਰਕਾਂ ਹੋਣਗੀਆਂ ਵੀ ਜਾਂ ਨਹੀਂ?'' ਕਿਤੇ ਟੈਂਟ ਹੀ ਨਾ ਲਾਉਣੇ ਪੈਣ।''

ਜਿਵੇਂ ਕਿ ਉਨ੍ਹਾਂ ਨੂੰ ਡਰ ਸੀ, ਜਦ ਤੱਕ ਉਨ੍ਹਾਂ ਦਾ ਇਹ ਫ਼ੌਜੀ ਦਸਤਾ ਬਰਫ਼ਾਨੀ ਗਲੇਸ਼ੀਅਰ ਤੱਕ ਪਹੁੰਚਿਆ ਤਾਂ ਆਕਾਸ਼ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਗਿਆ। ਕੁਝ ਦੇਰ ਬਾਅਦ ਠੰਢ ਐਨੀ ਵਧ ਗਈ ਕਿ ਲਾਹੇ ਹੋਏ ਗਰਮ ਕੱਪੜੇ ਪਾਉਣੇ ਪਏ। ਸਿਰ 'ਤੇ ਪਾਈਆਂ ਉੱਨ ਦੀਆਂ ਟੋਪੀਆਂ ਨੂੰ ਵੀ ਕੰਨਾਂ ਦੇ ਥੱਲੇ ਤੱਕ ਖਿਸਕਾ ਲਿਆ। ਮੇਜਰ ਸਾਹਿਬ ਨੇ ਹੁਕਮ ਦਿੱਤਾ ਕਿ ਸਾਰੇ ਜਣੇ 'ਮਿਟਨ' (ਦਸਤਾਨੇ) ਵੀ ਪਾ ਲੈਣ।

ਕੁਝ ਅੱਗੇ ਜਾ ਕੇ ਉਨ੍ਹਾਂ ਦੇ ਪੈਰ ਕਦੀ ਗਿੱਟਿਆਂ ਅਤੇ ਕਦੀ ਗੋਡਿਆਂ ਤੱਕ ਨਰਮ-ਨਰਮ ਬਰਫ਼ 'ਚ ਧਸਣ ਲੱਗੇ। ਚਾਹੇ ਬੂਟਾਂ ਉਪਰ 'ਗੇਟਰ' ਪਾਏ ਹੋਏ ਸਨ ਪਰ ਬਰਫ਼ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੇ ਪੈਰਾਂ ਤੱਕ ਪਹੁੰਚਣ ਦਾ ਰਸਤਾ ਬਣਾ ਹੀ ਲੈਂਦੀ। ਪੈਰ ਠੰਢੇ-ਠਾਰ ਹੋ ਗਏ। ਸਾਹ ਲੈਂਦਿਆਂ ਇੰਜ ਲਗਦਾ ਜਿਵੇਂ ਨੱਕ 'ਚੋਂ ਧੂੰਆਂ ਨਿਕਲ ਰਿਹਾ ਹੋਵੇ। ਤਾਪਮਾਨ ਬਹੁਤ ਘੱਟ ਹੋ ਗਿਆ ਸੀ। ਸਾਹ ਦੀ ਨਮੀ ਬਰਫ਼ ਬਣ ਕੇ ਉਨ੍ਹਾਂ ਦੀਆਂ ਮੁੱਛਾਂ 'ਤੇ ਜੰਮਦੀ ਜਾ ਰਹੀ ਸੀ। ਇੱਕ ਵਾਰੀ ਜਦ ਬਿਕਰਮ ਸਿੰਘ ਨੇ ਥੁੱਕਿਆ ਤਾਂ ਬਰਫ਼ 'ਤੇ ਪੈਂਦਿਆਂ ਹੀ ਥੁੱਕ ਗੋਲੀ ਬਣ ਕੇ ਰੁੜ੍ਹ ਗਿਆ।

ਅਤੇ ਫੇਰ ਬੱਦਲਾਂ ਨੇ ਥੱਲੇ ਆ ਕੇ ਸਾਰਿਆਂ ਨੂੰ ਆਪਣੇ 'ਚ ਘੇਰ ਲਿਆ। ਧੁੰਦ ਅਤੇ ਬੱਦਲ ਐਨੇ ਗਹਿਰੇ ਹੋ ਗਏ ਕਿ ਛੇ ਹੱਥ ਅੱਗੇ ਚਲ ਰਿਹਾ ਬੰਦਾ ਵਿਖਾਈ ਨਾ ਦੇਵੇ। ਉਨ੍ਹਾਂ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਉਹ ਧਰਤੀ 'ਤੇ ਨਹੀਂ ਸਗੋਂ ਬੱਦਲਾਂ ਵਿੱਚ ਤੁਰਦੇ ਜਾ ਰਹੇ ਹੋਣ। ਬਿਕਰਮ ਸਿੰਘ ਨੇ ਚਾਹੇ ਇਸ ਤੋਂ ਪਹਿਲਾਂ ਬਰਫ਼ਾਂ 'ਤੇ ਸਫ਼ਰ ਕੀਤਾ ਅਤੇ ਪਹਾੜ ਦੀਆਂ ਚੜ੍ਹਾਈਆਂ ਚੜ੍ਹੀਆਂ ਸਨ, ਪਰ ਐਨੀ ਠੰਢ ਕਦੀ ਨਹੀਂ ਸੀ ਹੰਢਾਈ। ਨੱਕ ਅਤੇ ਗੱਲਾਂ ਨੂੰ ਪੂਰੀ ਤਰ੍ਹਾਂ ਸੁੰਨ ਹੋ ਜਾਣ ਤੋਂ ਬਚਾਉਣ ਲਈ ਦਸਤਾਨੇ ਨਾਲ ਢੱਕੀਆਂ ਆਪਣੀਆਂ ਉਂਗਲਾਂ ਨਾਲ ਰਗੜਨਾ ਪੈਂਦਾ।

ਹੁਣ ਬਿਕਰਮ ਸਿੰਘ ਦੇ ਮਸਤਕ 'ਚ ਕੋਈ ਦੂਜਾ ਵਿਚਾਰ ਨਹੀਂ ਸੀ ਅਤੇ ਸਾਰਾ ਧਿਆਨ ਬਰਫ਼ 'ਚ ਧਸਦੇ-ਚੁੱਕਦੇ ਪੈਰਾਂ ਅਤੇ ਆਪਣੇ ਅੰਗਾਂ ਨੂੰ ਠੰਢ ਨਾਲ ਜੰਮ ਜਾਣ ਤੋਂ ਬਚਾਉਣ ਵਿੱਚ ਸੀ। ਨਾਲ ਹੀ ਉਹ ਆਪਣੇ ਦੁਆਲੇ ਵਧਦੀ ਠੰਢ ਨੂੰ ਬੜੇ ਗਹੁ ਨਾਲ ਮਹਿਸੂਸ ਕਰ ਰਿਹਾ ਸੀ।
''ਅਗਲੀ ਚੌਕੀ ਕਿੰਨੀ ਦੂਰ ਹੈ ਹਾਲੇ?'' ਪਾਲੇ ਨੇ ਬਿਕਰਮ ਤੋਂ ਪੁੱਛਿਆ।
''ਇਹ ਤੇ ਪਤਾ ਨਹੀਂ। ਪਰ ਪਿਛਲੀ ਚੌਕੀ ਵਾਲਿਆਂ ਦੇ ਕਹਿਣ ਅਨੁਸਾਰ ਸਾਨੂੰ ਤਿੰਨ ਕੁ ਵਜੇ ਤੱਕ ਪਹੁੰਚ ਜਾਣਾ ਚਾਹੀਦਾ ਹੈ।''
ਪਾਲੇ ਨੇ ਘੜੀ ਵੇਖਣ ਲਈ ਆਪਣੇ ਦਸਤਾਨੇ ਵਾਲੇ ਹੱਥ ਨਾਲ ਆਪਣੀ ਜਰਸੀ ਦੀ ਖੱਬੀ ਬਾਂਹ ਨੂੰ ਪਰ੍ਹੇ ਹਟਾ ਕੇ ਵੇਖਿਆ ਤਾਂ ਢਾਈ ਵੱਜ ਗਏ ਸਨ। ''ਬਸ ਅੱਧਾ-ਪੌਣਾ ਘੰਟਾ ਹੋਰ।'' ਪਾਲੇ ਨੇ ਸੁਖ ਦਾ ਸਾਹ ਲੈਂਦਿਆਂ ਮਨ ਹੀ ਮਨ ਆਖਿਆ।
ਜਦ ਬਰਫ਼ 'ਚ ਇਸੇ ਤਰ੍ਹਾਂ ਚਲਦਿਆਂ ਦੋ ਘੰਟੇ ਹੋਰ ਬੀਤ ਗਏ ਅਤੇ ਥਕਾਵਟ ਤੇ ਠੰਢ ਨਾਲ ਸਾਰਿਆਂ ਦੇ ਪੈਰ ਡਗਮਗਾਉਣ ਲੱਗੇ ਤਾਂ ਬਿਕਰਮ ਸਿੰਘ ਨੇ ਮੇਜਰ ਸਾਹਿਬ ਨੂੰ ਆਖਿਆ,
''ਕਿਤੇ ਅਸੀਂ ਗ਼ਲ਼ਤ ਦਿਸ਼ਾ ਵੱਲ ਤਾਂ ਨਹੀਂ ਤੁਰੀ ਜਾ ਰਹੇ?''
''ਆਈ ਨੋ, ਆਈ ਨੋ।'' ਮੇਜਰ ਸਾਹਿਬ ਨੇ ਅਫ਼ਸਰੀ ਅੰਦਾਜ਼ 'ਚ ਆਖਿਆ।
''ਇਹ ਤੇ ਠੀਕ ਏ, ਪਰ ਇਸ ਧੁੰਦ ਜਿਹੀ 'ਚ ਪਤਾ ਨਹੀਂ ਲਗਦਾ ਕਿ ਅਸੀਂ ਪੂਰਬ ਵੱਲ ਚਲ ਰਹੇ ਹਾਂ ਦੱਖਣ-ਪੱਛਮ ਵੱਲ?''
''ਯੂ ਫਾਲੋ ਮੀ। ਮੇਰੇ ਪਿੱਛੇ-ਪਿੱਛੇ ਆਉਂਦੇ ਜਾਓ।'' ਮੇਜਰ ਸਾਹਿਬ ਨੇ ਕਰੜਾਈ ਨਾਲ ਆਖਿਆ।

ਬਿਕਰਮ ਸਿੰਘ ਨੇ ਆਪਣੇ ਸਾਥੀਆਂ ਵੱਲ ਵੇਖਿਆ। ਉਸ ਦੇ ਆਪਣੇ ਅਤੇ ਚਮੋਲੀ ਦੇ ਇਲਾਵਾ ਸਾਰਿਆਂ ਦੀ ਹਾਲਤ ਖਸਤਾ ਸੀ। ਮਸਾਂ-ਮਸਾਂ ਸਾਹ ਲੈਂਦੇ ਅਤੇ ਮਸਾਂ-ਮਸਾਂ ਪੈਰ ਚੁੱਕਦੇ। ਚਮੋਲੀ ਗੜ੍ਹਵਾਲ ਦਾ ਰਹਿਣ ਵਾਲਾ, ਜਿੱਥੇ ਹਰ ਸਾਲ ਬਰਫ਼ਾਂ ਪਈਆਂ ਰਹਿੰਦੀਆਂ ਸਨ। ਬਿਕਰਮ ਸਿੰਘ ਨੇ ਵੀ ਆਪਣੀ ਉਮਰ ਦੇ ਕਈ ਵਰ੍ਹੇ ਭਾਰਤ-ਤਿੱਬਤ ਦੀਆਂ ਸੀਮਾਵਾਂ 'ਤੇ ਕੱਟੇ ਸਨ।

ਤੇ ਫੇਰ ਜਿਵੇਂ ਉਨ੍ਹਾਂ ਦਾ ਇਮਤਿਹਾਨ ਲੈਣ ਲਈ ਬਰਫ਼ਬਾਰੀ ਸ਼ੁਰੂ ਹੋ ਗਈ। ਦੁਸ਼ਮਣਾਂ ਦੀ ਗੋਲਾਬਾਰੀ ਨਾਲ ਐਨੇ ਜਵਾਨ ਨਹੀਂ ਸਨ ਮਰੇ ਜਿੰਨੇ ਇਸ ਨਾਮੁਰਾਦ ਠੰਢ ਨਾਲ। ''ਸਾਡੇ ਲੀਡਰ ਐਨੇ ਮੂਰਖ ਕਿਉਂ ਹਨ?'' ਜਦੋਂ ਕਿਸੇ ਸਮਝੌਤੇ ਦੀ ਗੱਲਬਾਤ ਸ਼ੁਰੂ ਹੁੰਦੀ ਤਾਂ ਸਭ ਤੋਂ ਵੱਧ ਸਾਨੂੰ ਸਿਪਾਹੀਆਂ ਨੂੰ ਆਸ ਬੱਝਦੀ ਹੈ। ਪਰ ਲੱਗਦਾ ਏ ਜਿਵੇਂ ਹਕੂਮਤਾਂ ਦਾ ਕੰਮ ਸਿਰਫ਼ ਫ਼ੌਜਾਂ ਨੂੰ ਲੜਾਉਣਾ ਹੈ। ਸਮਝੌਤਾ ਕਰਨ ਦਾ ਵੱਲ ਸ਼ਾਇਦ ਸਾਡੇ ਲੀਡਰ ਭੁੱਲ ਗਏ ਹੋਏ ਹਨ। ਪਰ ਇਨ੍ਹਾਂ ਨੂੰ ਕੀ ਫ਼ਰਕ? ਏਅਰ-ਕੰਡੀਅਨ ਕਮਰਿਆਂ 'ਚ ਬੈਠੇ ਫ਼ੈਸਲੇ ਲੈਂਦੇ ਅਤੇ 'ਬਦ-ਬਿਆਨੀਆਂ' ਕਰਦੇ ਰਹਿੰਦੇ ਹਨ। ਇੱਕ ਵਾਰੀ ਮੋਢੇ 'ਤੇ ਵੀਹ ਕਿਲੋ ਭਾਰ ਅਤੇ ਇਸ ਮਾਰੂ ਠੰਢ 'ਚ ਇੱਕ-ਦੋ ਦਿਨ ਚੱਲ ਕੇ ਵੇਖਣ ਤਾਂ ਪਤਾ ਲੱਗੇ ਇਨ੍ਹਾਂ ਨੂੰ...!

ਜਦ ਇੱਕ ਘੰਟਾ ਹੋਰ ਚਲਦੇ ਰਹਿਣ ਤੋਂ ਬਾਅਦ ਵੀ ਉਹ ਚੌਕੀ 'ਤੇ ਨਹੀਂ ਪਹੁੰਚ ਸਕੇ, ਸਾਰਿਆਂ ਦਾ ਇੱਕ ਕਦਮ ਚੁੱਕਣਾ ਵੀ ਮੁਸ਼ਕਿਲ ਹੋ ਗਿਆ ਅਤੇ ਮੇਜਰ ਸਾਹਿਬ ਦੇ ਆਪਣੇ ਪੈਰ ਵੀ ਲੜਖੜਾਉਣ ਲੱਗੇ ਤਾਂ ਉਨ੍ਹਾਂ ਨੇ ਸਾਰਿਆਂ ਨੂੰ 'ਹਾਲਟ' ਦਾ ਹੁਕਮ ਦਿੱਤਾ। ਫੇਰ ਜਵਾਨਾਂ ਨੂੰ ਸੰਬੋਧਤ ਹੁੰਦਿਆਂ ਬੋਲੇ:
''ਲੱਗਦਾ ਏ ਪਿਛਲੀ ਚੌਕੀ ਵਾਲਿਆਂ ਸਾਨੂੰ ਠੀਕ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ। ਮੈਂ ਸਾਰਿਆਂ ਨੂੰ ਐਵੇਂ ਗ਼ਲਤ ਦਿਸ਼ਾ ਵੱਲ ਤੋਰ ਕੇ ਮਾਰਨਾ ਨਹੀਂ ਚਾਹੁੰਦਾ। ਹੁਣ ਤੁਹਾਡੇ 'ਚੋਂ ਕੁਝ ਜਣੇ ਦੋ-ਦੋ ਦੀਆਂ ਤਿੰਨ ਪਾਰਟੀਆਂ ਬਣਾ ਕੇ ਤਿੰਨ ਪਾਸੇ ਜਾਣ ਅਤੇ ਚੌਕੀ ਦਾ ਪਤਾ ਲੱਗਣ 'ਤੇ ਸਾਨੂੰ ਆ ਕੇ ਖ਼ਬਰ ਕਰਨ। ਬਹੁਤਾ ਦੂਰ ਤੱਕ ਨਾ ਜਾਣਾ।''

ਤਿੰਨ ਟੋਲੀਆਂ ਤਿੰਨ ਦਿਸ਼ਾਵਾਂ ਵੱਲ ਤੁਰ ਪਈਆਂ। ਅੱਧੇ ਕੁ ਘੰਟੇ ਬਾਅਦ ਚਮੋਲੀ ਦੀ ਟੋਲੀ ਵਾਪਸ ਆ ਗਈ। ਦੂਜੀਆਂ ਪਾਰਟੀਆਂ ਵੀ। ਉਹ ਸੱਚਮੁੱਚ ਗ਼ਲ਼ਤ ਦਿਸ਼ਾ ਵੱਲ ਤੁਰਦੇ ਜਾ ਰਹੇ ਸਨ। ਪਰ ਹਾਲੇ ਬਹੁਤ ਦੂਰ ਨਹੀਂ ਸੀ ਗਏ। ਚੌਕੀ ਉਨ੍ਹਾਂ ਦੇ ਸੱਜੇ ਪਾਸੇ ਵੱਲ ਸੀ ਜਿਸ ਨੂੰ ਚਮੋਲੀ ਨੇ ਲੱਭ ਲਿਆ ਸੀ। ਜੇ ਰੇਜਮੈਂਟ ਦਾ ਝੰਡਾ ਹਵਾ 'ਚ ਨਾ ਲਹਿਰਾ ਰਿਹਾ ਹੁੰਦਾ ਤਾਂ ਸੰਭਵ ਹੈ ਕਿ ਬੈਰਕਾਂ ਬਰਫ਼ ਨਾਲ ਢੱਕੀਆਂ ਹੋਣ ਕਾਰਨ ਅਦਿੱਖ ਰਹਿ ਜਾਂਦੀਆਂ।
ਸਾਰੇ ਦਸਤੇ ਨੇ ਆਪਣੀ ਦਿਸ਼ਾ ਬਦਲੀ ਅਤੇ ਕੁਝ ਦੇਰ ਬਾਅਦ ਚੌਕੀ ਦੇ ਨਜ਼ਰ ਆਉਂਦਿਆਂ ਹੀ ਸਾਰਿਆਂ ਦੇ ਮੁਰਝਾਏ ਜਿਹੇ ਚਿਹਰਿਆਂ 'ਤੇ ਖ਼ੁਸ਼ੀ ਝਲਕਣ ਲੱਗੀ।

ਅੱਧੇ ਕੁ ਘੰਟੇ ਬਾਅਦ ਉਹ ਸਾਰੇ ਆਪਣੇ ਕੱਪੜਿਆਂ ਤੋਂ ਬਰਫ਼ਾਂ ਝਾੜ ਕੇ ਅਰਧ-ਗੋਲਾਕਾਰ ਵਾਲੀਆਂ ਛੱਤਾਂ ਅਤੇ ਐਸਕੀਮੂਆਂ ਦੇ ਇਗਲੂਆਂ ਵਾਂਗ ਦਿਸਣ ਵਾਲੀਆਂ ਬੈਰਕਾਂ 'ਚ ਬੈਠੇ ਸਨ। ਬੈਰਕਾਂ 'ਚ ਕੋਈ ਹੀਟਰ ਵਗੈਰਾ ਬੇਸ਼ੱਕ ਨਹੀਂ ਸੀ ਪਰ ਬਾਹਰ ਵਾਲੀ ਜਾਨ-ਲੇਵਾ ਠੰਢ ਤੋਂ ਬਚਾਓ ਜ਼ਰੂਰ ਸੀ। ਗਰਮ-ਗਰਮ ਚਾਹ ਨਾਲ ਆਂਡੇ ਤੇ ਬਿਸਕੁਟ ਖਾਣ ਤੋਂ ਬਾਅਦ ਜਿਸਮ ਵਿੱਚ ਕੁਝ ਗਰਮੀ ਆਈ। ਮੇਜਰ ਸਾਹਿਬ, ਜੋ ਦੂਸਰੇ ਕਮਰੇ ਵਿੱਚ ਇੱਥੋਂ ਦੇ ਜੇ.ਸੀ.ਓ. ਨਾਲ ਬੈਠੇ ਸਨ, ਆ ਕੇ ਹੁਕਮ ਦਿੱਤਾ ਕਿ ਉਹ ਸਾਰੇ ਫੌਰਨ ਉੱਠ ਕੇ ਬਾਹਰ ਆ ਜਾਣ ਅਤੇ ਚੌਕੀ ਤੋਂ ਜ਼ਰਾ ਕੁ ਦੂਰੀ 'ਤੇ ਕਿਸੇ ਪੱਧਰੀ ਥਾਵੇਂ ਆਪਣੇ ਤੰਬੂ ਲਾ ਲੈਣ। ਸਮੱਸਿਆ ਇਹ ਕਿ ਇੱਥੇ ਸਿਰਫ਼ ਤਿੰਨ ਬੈਰਕਾਂ ਸਨ, ਛੋਟੀਆਂ-ਛੋਟੀਆਂ। ਇੱਕ 'ਚ ਰਸੋਈ ਅਤੇ ਖਾਣ-ਪੀਣ ਦਾ ਸਮਾਨ, ਦੂਜੇ 'ਚ ਇਸ ਚੌਕੀ ਦੇ ਚਾਰ-ਪੰਜ ਜਵਾਨ ਅਤੇ ਤੀਜੀ 'ਚ ਜੇ.ਸੀ.ਓ. ਨਾਲ ਮੇਜਰ ਸਾਹਿਬ। ਵੀਹ ਜਣਿਆਂ ਲਈ ਇਨ੍ਹਾਂ 'ਚ ਸੌਂ ਸਕਣਾ ਅਸੰਭਵ ਸੀ।

ਹੁਕਮ ਸੁਣ ਕੇ ਸਾਰੇ ਜਵਾਨਾਂ ਦੇ ਚਿਹਰੇ ਮੁਰਝਾ ਗਏ। ਚਮੋਲੀ ਅਤੇ ਅਜੀਤ ਗੁਰੰਗ ਨੂੰ ਨਾਲ ਲੈ ਕੇ ਬਿਕਰਮ ਸਿੰਘ ਬਾਹਰ ਨਿਕਲਿਆ ਅਤੇ ਤੰਬੂ ਲਾਉਣ ਲਈ ਕੋਈ ਠੀਕ-ਠਾਕ ਥਾਂ ਲੱਭਣ ਲੱਗਾ। ਉਹਨੇ ਵੇਖਿਆ ਕਿ ਚਾਹੇ ਇੱਥੇ ਕੁਝ ਪੱਧਰਾ ਥਾਂ ਸੀ ਅਤੇ ਚਾਰ-ਪੰਜ 'ਫੋਰ-ਮੈਨ' ਟੈਂਟ ਲੱਗ ਸਕਦੇ ਸਨ, ਪਰ ਇਸ ਦੇ ਸੱਜੇ ਪਾਸੇ ਬਰਫ਼ਾਨੀ ਢਲਾਣ ਸੀ ਅਤੇ ਕਿਸੇ ਵੀ ਵੇਲੇ ਉਪਰੋਂ ਤਿਲਕ ਕੇ ਆਈ ਬਰਫ਼ ਉਨ੍ਹਾਂ ਦੇ ਟੈਂਟਾਂ 'ਤੇ ਡਿੱਗ਼ ਸਕਦੀ ਸੀ। ਇੱਥੇ ਰਹਿੰਦੇ ਇੱਕ-ਦੋ ਜਵਾਨਾਂ ਨੇ ਇਸ ਖ਼ਤਰੇ ਬਾਰੇ ਉਨ੍ਹਾਂ ਨੂੰ ਚਿਤਾਵਨੀ ਵੀ ਦੇ ਦਿੱਤੀ ਸੀ।
ਪਰ ਤੰਬੂ ਲਾਉਣ ਲਈ ਅਗਲਾ ਢੁਕਵਾਂ ਸਥਾਨ ਉੱਥੋਂ ਇੱਕ-ਡੇਢ ਕਿਲੋਮੀਟਰ ਹੋਰ ਅੱਗੇ ਸੀ।
ਉਹ ਵੀਹ ਜਵਾਨ ਆਪਸ 'ਚ ਸਲਾਹ-ਮਸ਼ਵਰਾ ਕਰਨ ਲੱਗੇ। ਉਹ ਚਾਹੇ ਥੱਕੇ ਹੋਏ ਸਨ ਪਰ ਮੌਤ ਦੀ ਛਾਂ ਥੱਲੇ ਰਾਤ ਬਿਤਾਉਣ ਦੇ ਵਿਚਾਰ ਨਾਲ ਘਬਰਾ ਗਏ। ਜਦ ਉਨ੍ਹਾਂ ਮੇਜਰ ਸੁਦੇਸ਼ ਕੁਮਾਰ ਅੱਗੇ ਆਪਣੀ ਰਾਏ ਜ਼ਾਹਰ ਕੀਤੀ ਤਾਂ ਉਹ ਬੋਲੇ:
''ਇਸ ਤੋਂ ਪਹਿਲਾਂ ਕੀ ਕਦੀ ਬਰਫ਼ਾਂ 'ਚ ਟੈਂਟ ਲਾ ਕੇ ਨਹੀਂ ਰਹੇ?''
''ਰਹੇ ਹਾਂ ਸਰ, ਪਰ...ਪਰ!'' ਬਿਕਰਮ ਸਿੰਘ ਬੋਲਿਆ।
''ਕਦੀ ਦੁਸ਼ਮਣ ਦੀਆਂ ਗੋਲੀਆਂ ਦੀ ਬੁਛਾੜ 'ਚੋਂ ਨਹੀਂ ਲੰਘੇ? ਡਰਦੇ ਹੋ?''

ਫ਼ੌਜੀ ਅਨੁਸ਼ਾਸਨ। ਬਹੁਤੀ ਬਹਿਸ ਕਰਨਾ ਵੀ ਵਾਜਬ ਨਹੀਂ। ਪਰ ਅੰਦਰੋਂ ਅਸਲੀ ਗੱਲ ਸਾਰੇ ਚੰਗੀ ਤਰ੍ਹਾਂ ਸਮਝਦੇ ਸਨ। ਜੇ ਉਹ ਇੱਕ-ਡੇਢ ਕਿਲੋਮੀਟਰ ਟੈਂਟ ਲਾਉਂਦੇ ਹਨ ਤਾਂ ਉਨ੍ਹਾਂ ਨਾਲ ਮੇਜਰ ਸਾਹਿਬ ਨੂੰ ਵੀ ਚਲਣਾ ਪੈਣਾ ਸੀ। ਉੱਥੇ ਫੇਰ ਨਾ ਪੱਕੀ ਛੱਤ, ਨਾ ਆਰਾਮ ਵਾਲਾ ਬਿਸਤਰਾ ਅਤੇ ਨਾ ਖਾਣ-ਪੀਣ ਦੇ ਇਹ ਸੁਖ-ਆਰਾਮ! ਇਸ ਤੋਂ ਇਲਾਵਾ ਚਾਹੇ ਮੇਜਰ ਸਾਹਿਬ ਨੂੰ ਆਪਣੀ ਟ੍ਰੇਨਿੰਗ ਦੌਰਾਨ ਸਖ਼ਤ ਟ੍ਰੇਨਿੰਗ ਅਤੇ ਡਿਸਪਲਿਨ 'ਚੋਂ ਨਿਕਲਣਾ ਪਿਆ ਸੀ, ਪਰ ਇਹ ਜਵਾਨ ਉਨ੍ਹਾਂ ਤੋਂ ਜ਼ਿਆਦਾ ਸਖ਼ਤ ਜਾਨ, ਜੋ ਗ਼ਰੀਬੀ 'ਚ ਪਲੇ ਅਤੇ ਬਚਪਨ ਤੋਂ ਹੀ ਸਖ਼ਤ ਸਰੀਰਕ ਮਿਹਨਤ ਕਰਦੇ ਰਹੇ ਸਨ। ਮੇਜਰ ਸਾਹਿਬ ਆਪ ਐਨੇ ਥੱਕ ਗਏ ਸਨ ਕਿ ਇੱਕ ਕਦਮ ਹੋਰ ਤੁਰਨਾ ਵੀ ਉਨ੍ਹਾਂ ਨੂੰ ਅਸੰਭਵ ਲੱਗ ਰਿਹਾ ਸੀ।

ਅਫ਼ਸਰ ਦੇ ਹੁਕਮ ਨਾਲ ਜਵਾਨ ਨੂੰ ਅੱਗ ਵਿੱਚ ਵੀ ਛਾਲ ਮਰਨੀ ਪੈ ਜਾਂਦੀ ਹੈ। ਉਨ੍ਹਾਂ ਨੂੰ ਮਜਬੂਰਨ ਉਸੇ ਸਥਾਨ 'ਤੇ ਟੈਂਟ ਲਾਉਣੇ ਪਏ। ਰੋਟੀ ਖਾ ਕੇ ਉਹ ਸਾਰੇ ਆਪਣੇ-ਆਪਣੇ ਦੂਜੇ ਨਾਲ ਜੁੜ ਕੇ ਕਿ ਪਾਸਾ ਪਰਤਣਾ ਔਖਾ। ਇੱਕ-ਦੂਜੇ ਨੂੰ ਲੱਤਾਂ ਵੱਜਦੀਆਂ। ਬਿਕਰਮ ਸਿੰਘ ਦੇ ਟੈਂਟ 'ਚ ਪਏ ਦੋ ਜਵਾਨ ਤਾਂ ਆਪਣੇ ਸਲੀਪਿੰਗ ਬੈਗਾਂ 'ਚ ਵੜਦੇ ਹੀ ਸੌਂ ਗਏ। ਪਰ ਬਿਕਰਮ ਅਤੇ ਚਮੋਲੀ ਨੂੰ ਨੀਂਦ ਨਾ ਆਈ। ਬਾਹਰ ਆਕਾਸ਼ ਸਾਫ਼। ਚੰਨ ਦਾ ਚਾਨਣ ਟੈਂਟ ਦੇ ਕੱਪੜੇ 'ਚੋਂ ਪੁਣ-ਪੁਣ ਕੇ ਹਲਕੀ ਮੈਲੀ ਚਾਦਰ ਵਾਂਗ ਅੰਦਰ ਪਸਰਿਆ ਹੋਇਆ ਸੀ। ਬਿਕਰਮ ਅਤੇ ਚਮੋਲੀ ਕਾਫ਼ੀ ਦੇਰ ਤੱਕ ਗੱਲਾਂ ਕਰਦੇ ਰਹੇ, ਘਰ ਦੀਆਂ, ਆਪਣੇ ਬਾਲ-ਬੱਚਿਆਂ ਦੀਆਂ, ਅਗਲੇ ਮੋਰਚਿਆਂ 'ਚ ਲਹੂ ਨੂੰ ਜਮਾ ਦੇਣ ਵਾਲੀ ਭਿਆਨਕ ਠੰਢ ਦੀਆਂ...। ਫੇਰ ਪਤਾ ਨਹੀਂ ਕਦੋਂ ਬਿਕਰਮ ਸਿੰਘ ਨੂੰ ਨੀਂਦ ਆ ਗਈ।
ਪਤਾ ਨਹੀਂ ਕਿੰਨੀ ਕੁ ਰਾਤ ਬੀਤੀ ਸੀ ਕਿ ਉਸ ਦੇ ਕੰਨ 'ਚ ਚਮੋਲੀ ਦੀ ਆਵਾਜ਼ ਪਈ। ਉਹ ਉਸ ਨੂੰ ਹਿਲਾ ਕੇ ਘਬਰਾਈ ਹੋਈ ਆਵਜ਼ 'ਚ ਕਹਿ ਰਿਹਾ ਸੀ:
''ਉੱਠ ਬਿਕਰਮ ਸਿਆਂ! ਇਹ ਆਵਾਜ਼ ਸੁਣ।''
''ਕਿਹੜੀ ਆਵਾਜ਼? ਮੈਨੂੰ ਤੇ ਕੁਝ ਵੀ ਨਹੀਂ ਸੁਣ ਰਿਹਾ। ਤੈਨੂੰ ਐਵੇਂ ਸੁਫ਼ਨੇ ਆ ਰਹੇ ਹਨ। ਹਾਈ ਆਲਟੀਚੂਡ ਸਿਕਨੈੱਸ!''
''ਨਹੀਂ, ਬਿਕਰਮ ਨਹੀਂ। ਜ਼ਰਾ ਕੰਨ ਲਾ ਕੇ ਸੁਣ- ਦੂਰੋਂ ਆ ਰਹੀ ਇਹ ਘੂੰ-ਘੂੰ ਦੀ ਆਵਾਜ਼।'' ਉਸ ਦੀ ਕੰਬਦੀ ਆਵਾਜ਼ 'ਚ ਮੌਤ ਦਾ ਖ਼ੌਫ਼ ਝਲਕ ਰਿਹਾ ਸੀ, ''ਮੈਂ ਪਛਾਣਦਾ ਹਾਂ, ਚੰਗੀ ਤਰ੍ਹਾਂ ਪਛਾਣਦਾ ਹਾਂ ਇਸ ਮਾਰੂ ਆਵਾਜ਼ ਨੂੰ...।''
ਬਿਕਰਮ ਸਿੰਘ ਨੇ ਵੀ ਇਸ ਗਰਜਨਾ ਵਰਗੀ ਧੁਨੀ ਨੂੰ ਸੁਣਿਆ ਜੋ ਉਨ੍ਹਾਂ ਦੇ ਨੇੜੇ ਆਉਂਦਿਆਂ ਹੋਰ ਵੀ ਉੱਚੀ ਹੁੰਦੀ ਜਾ ਰਹੀ ਸੀ।
''ਇਹ ਤੇ ਐਵਲਾਂਚ ਏ! ਬਰਫ਼ਾਨੀ ਤੂਫ਼ਾਨ!'' ਕਹਿੰਦਿਆਂ ਬਿਕਰਮ ਸਿੰਘ ਹੱਥਾਂ ਵਿੱਚ ਚੁੱਕ ਟੈਂਟਾਂ 'ਚੋਂ ਨਿਕਲਦਿਆਂ ਇਸ ਮਾਰੂ ਐਵਲਾਂਚ ਦੀ ਮਾਰ ਤੋਂ ਪਰ੍ਹੇ ਸੁਰੱਖਿਅਤ ਸਥਾਨ ਵੱਲ ਦੌੜ ਪਏ। ਨਾਲ ਹੀ ਉਹ ਉੱਚੀ ਆਵਾਜ਼ ਨਾਲ ਦੂਜੇ ਟੈਂਟਾਂ 'ਚ ਸੁੱਤੇ ਜਵਾਨਾਂ ਨੂੰ ਵੀ ਟੈਂਟਾਂ 'ਚੋਂ ਨਿਕਲ ਕੇ ਦੌੜਨ ਲਈ ਆਵਾਜ਼ਾਂ ਮਾਰਦੇ ਰਹੇ।

ਬਰਫ਼ਾਨੀ ਤੂਫ਼ਾਨ ਦੀ ਆਵਾਜ਼ ਹੋਰ ਨੇੜੇ ਆਉਂਦੀ ਹੋਈ ਹੋਰ ਭਿਆਨਕ ਹੁੰਦੀ ਗਈ ਜਿਵੇਂ ਹਜ਼ਾਰਾਂ ਸ਼ੰਖਨਾਦ, ਤੋਪਾਂ ਦੇ ਚੱਲਣ ਦੀ ਗੜਗੜਾਹਟ। ਇਹ ਹਜ਼ਾਰਾਂ ਮਣ ਬਰਫ਼, ਜੋ ਕਿਤੋਂ ਉਪਰੋਂ ਖਿਸਕਦਿਆਂ ਰਸਤੇ ਵਿੱਚ ਆਉਂਦੀ ਹੋਰ ਬਰਫ਼ ਨੂੰ ਵੀ ਖਿਸਕਾਉਂਦੀ ਲਈ ਆ ਰਹੀ ਸੀ, ਕਿਸੇ ਹੋਰ ਨੂੰ ਟੈਂਟਾਂ 'ਚੋਂ ਨਿਕਲਣ ਜਾਂ ਨਿਕਲ ਕੇ ਦੌੜਨ ਦਾ ਮੌਕਾ ਹੀ ਨਾ ਦਿੱਤਾ। ਦੋ-ਤਿੰਨ ਜਣੇ ਬਾਹਰ ਨਿਕਲੇ ਵੀ, ਪਰ ਉਸੇ ਵੇਲੇ ਇਹ ਬਰਫ਼ਾਨੀ ਹੜ੍ਹ ਉਨ੍ਹਾਂ ਨੂੰ ਟੈਂਟਾਂ ਸਮੇਤ ਵਹਾ ਕੇ ਲੈ ਗਿਆ ਜਾਂ ਆਪਣੇ ਥੱਲੇ ਦਬਾ ਦਿੱਤਾ। ਉਨ੍ਹਾਂ ਦੇ ਵੇਖਦਿਆਂ ਹੀ ਵੇਖਦਿਆਂ, ਅੱਖ ਦੇ ਝਮਕਣ ਦੇ ਅੰਤਰਾਲ ਵਿੱਚ ਹੀ ਇਹ ਸਭ ਕੁਝ ਵਾਪਰ ਗਿਆ। ਕੁਝ ਬਰਫ਼ ਉਨ੍ਹਾਂ ਚਾਰਾਂ ਉੱਤੇ ਹੀ ਡਿੱਗੀ, ਪਰ ਉਨ੍ਹਾਂ ਨੇ ਆਪਣੇ-ਆਪ ਨੂੰ ਸੰਭਾਲ ਲਿਆ।

ਇਹ ਤੂਫ਼ਾਨ ਜਿਵੇਂ ਆਇਆ ਸੀ, ਉਵੇਂ ਹੀ ਮਿੰਟਾਂ-ਸਕਿੰਟਾਂ 'ਚ ਲੰਘ ਗਿਆ। ਜਿਸ ਥਾਂ 'ਤੇ ਕੁਝ ਪਲ ਪਹਿਲਾਂ ਪੀਲੇ-ਨੀਲੇ ਰੰਗ ਦੇ ਟੈਂਟਾਂ ਦੀ ਇਕ ਬਸਤੀ ਜਿਹੀ ਸੀ, ਹੁਣ ਬਰਫ਼ ਹੀ ਬਰਫ਼ ਸੀ। ਬਰਫ਼ ਅਤੇ ਮੌਤ ਵਰਗੀ ਖ਼ਾਮੋਸ਼ੀ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।
ਬਿਕਰਮ ਸਿੰਘ ਅਤੇ ਉਸ ਦੇ ਸਾਥੀ ਬੂਟਾਂ ਨੂੰ ਹੱਥ 'ਚ ਫੜੀ, ਨੰਗੇ ਪੈਰ ਬਰਫ਼ 'ਤੇ ਦੌੜਦਿਆਂ ਬੈਰਕਾਂ 'ਚ ਪਹੁੰਚੇ ਅਤੇ ਸੁੱਤੇ ਹੋਏ ਮੇਜਰ ਸਾਹਿਬ ਨੂੰ ਜਗਾਇਆ।
''ਕੀ ਏ! ਕੀ ਸਵੇਰ ਹੋ ਗਈ? ਏਨੀ ਛੇਤੀ?''
''ਸਵੇਰ ਨਹੀਂ ਸਾਹਿਬ, ਪਰਲੋ ਆ ਗਈ। 'ਐਵਲਾਂਚ'! ਸਾਰੇ ਤੰਬੂਆਂ ਨੂੰ ਵਹਾ ਕੇ ਲੈ ਗਈ।''

ਮੇਜਰ ਸਾਹਿਬ ਅੱਖਾਂ ਮਲਦੇ ਉੱਠੇ। ਰਾਤ ਨੂੰ ਸ਼ਾਇਦ ਬਹੁਤ ਪੀ ਲਈ ਸੀ, ਇਸ ਲਈ ਸਥਿਤੀ ਦੀ ਭਿਆਨਕਤਾ ਨੂੰ ਸਮਝਣ 'ਚ ਉਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਦੇਰ ਲੱਗ ਗਈ। ਬੈਰਕਾਂ 'ਚ ਸੁੱਤੇ ਬਾਕੀ ਦੇ ਜਵਾਨ ਵੀ ਜਾਗ ਪਏ ਸਨ। ਜਦ ਮੇਜਰ ਸਾਹਿਬ ਨੂੰ ਸਮਝ ਵਿੱਚ ਆਇਆ।
''ਫੇਰ ਤੁਸੀਂ ਕਿਵੇਂ ਬਚ ਗਏ? ਅਤੇ ਹੁਣ ਇੱਥੇ ਖੜ੍ਹੇ ਕੀ ਕਰ ਰਹੇ ਹੋ? ਜਾਓ ਅਤੇ ਉਨ੍ਹਾਂ ਨੂੰ ਬਰਫ਼ਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰੋ...।''

ਚਾਰ ਜਵਾਨ ਉਹ ਅਤੇ ਪੰਜ ਚੌਂਕੀ ਦੇ ਜਵਾਨ। ਉਨ੍ਹਾਂ ਨੇ ਬੂਟ ਅਤੇ ਗਰਮ ਕੱਪੜੇ ਪਾਏ ਅਤੇ ਆਪਣੇ ਹੱਥਾਂ 'ਚ ਬੇਲਚੇ, ਗੈਂਤੀਆਂ ਅਤੇ 'ਆਈਸ ਐਕਸ' ਫੜ ਕੇ ਬਰਫ਼ ਨੂੰ ਹਟਾਉਂਦਿਆਂ ਆਪਣੇ ਦੱਬੇ ਹੋਏ ਸਾਥੀਆਂ ਨੂੰ ਲੱਭਣ ਲੱਗੇ। ਬਰਫ਼ਾਨੀ ਠੰਢ ਉਨ੍ਹਾਂ ਦੇ ਬੂਟਾਂ, ਜ਼ੁਰਾਬਾਂ ਅਤੇ ਦਸਤਾਨਿਆਂ ਨੂੰ ਚੀਰਦੀ ਹੋਈ ਸੂਈਆਂ ਵਾਂਗ ਚੁਭ ਰਹੀ ਸੀ। ਉਹ ਆਪਣੇ ਦਰਦ-ਤਕਲੀਫ ਦੀ ਪਰਵਾਹ ਨਾ ਕਰਦਿਆਂ ਬਰਫ਼ਾਂ ਫਰੋਲਦੇ ਰਹੇ। ਜਦ ਕਦੀ ਕੋਈ ਦੱਬਿਆ ਟੈਂਟ ਬਰਫ਼ਾਂ 'ਚ ਫਸਿਆ ਦਿੱਸਣ ਲਗਦਾ ਤਾਂ ਆਪਣੇ ਹੱਥਾਂ ਨਾਲ ਛੇਤੀ-ਛੇਤੀ ਬਰਫ਼ ਬਰਫ਼ ਪਰ੍ਹੇ ਹਟਾ ਕੇ ਆਪਣੇ ਜਵਾਨਾਂ ਨੂੰ ਟੈਂਟਾਂ ਵਿੱਚੋਂ ਕੱਢਦੇ ਰਹੇ। ਕਈ ਟੈਂਟ, ਜਵਾਨਾਂ ਸਮੇਤ, ਬਹੁਤ ਦੂਰ ਤੱਕ ਰੁੜ੍ਹਦੇ ਚਲੇ ਗਏ ਸਨ।

ਇਹ ਕੰਮ ਕਈ ਘੰਟਿਆਂ ਤੱਕ, ਸਵੇਰ ਹੋਣ ਤੱਕ ਚਲਦਾ ਰਿਹਾ। ਮੇਜਰ ਸਾਹਿਬ ਨੇ ਵੀ ਸਾਰੇ ਗਰਮ ਕੱਪੜੇ ਪਾਏ ਅਤੇ ਬੈਰਕ ਦੇ ਰੋਸ਼ਨਦਾਨ ਕੋਲ ਆ ਕੇ ਖੜ੍ਹੇ ਵੇਖਦੇ ਜਾਂ ਕਿਸੇ ਵੇਲੇ ਬਾਹਰ ਆ ਕੇ ਹੁਕਮ ਚਲਾਉਂਦੇ ਅਤੇ ਫੇਰ ਠੰਢ ਕਾਰਨ ਹੱਥ ਮਲਦੇ ਅੰਦਰ ਵੜ ਕੇ ਰੰਮ ਦੇ ਦੋ-ਤਿੰਨ ਪੈੱਗ ਚੜ੍ਹਾ ਜਾਂਦੇ। ਸੂਰਜ ਦੇ ਨਿਕਲਣ ਤੋਂ ਤਿੰਨ-ਚਾਰ ਘੰਟੇ ਬਾਅਦ ਤੱਕ ਉਹ ਇੱਕ ਟੈਂਟ ਦੇ ਚਾਰ ਜਵਾਨਾਂ ਦੇ ਇਲਾਵਾ ਬਾਕੀ ਸਾਰਿਆਂ ਨੂੰ ਬਰਫ਼ਾਂ 'ਚੋਂ ਜਿਊਂਦਿਆਂ ਕੱਢਣ 'ਚ ਸਫ਼ਲ ਹੋ ਗਏ।
ਉਨ੍ਹਾਂ ਗੁੰਮ ਹੋ ਗਏ ਚਾਰ ਜਵਾਨਾਂ ਵਿੱਚ ਕਿਰਪਾਲ ਸਿੰਘ ਵੀ ਸੀ।

ਕੁਝ ਦੇਰ ਨਜ਼ਰ ਦੌੜਾਨ ਅਤੇ ਇਧਰ-ਉਧਰ ਵੇਖਣ ਤੋਂ ਬਾਅਦ ਬਿਕਰਮ ਸਿੰਘ ਨੇ ਆਪਣੇ ਤੋਂ ਤਿੰਨ-ਚਾਰ ਸੌ ਫੁੱਟ ਥੱਲੇ ਇੱਕ ਢਲਾਣ ਉੱਤੇ ਦੋ ਜਵਾਨਾਂ ਨੂੰ ਲੰਮੇ ਪਿਆਂ ਵੇਖਿਆ। ਢਲਾਣ ਐਨੀ ਸਖ਼ਤ ਕਿ ਉਨ੍ਹਾਂ ਤੱਕ ਪਹੁੰਚਣਾ ਅਸੰਭਵ। ਬਿਕਰਮ ਸਿੰਘ ਚਮੋਲੀ ਅਤੇ ਅਜੀਤ ਗੁਰੰਗ ਨੇ ਚੌਂਕੀ 'ਚ ਜਾ ਕੇ ਰੱਸੀਆਂ, ਪੈੱਗ (ਕਿੱਲੇ) ਅਤੇ ਬਰਫ਼ਾਂ 'ਚ ਚੜ੍ਹਨ ਉਤਰਨ ਵਾਲਾ ਹੋਰ ਸਮਾਨ ਲੈ ਆਂਦਾ, ਬਰਫ਼ 'ਚ ਪੈੱਗ ਗੱਡੇ, ਬਿਕਰਮ ਸਿੰਘ ਨੇ ਇੱਕ ਪੈੱਗ ਨਾਲ ਇੱਕ ਮਜ਼ਬੂਤ ਰੱਸੀ ਬੰਨ੍ਹੀ, ਹੱਥਾਂ 'ਚ ਮਿਟਨ (ਦਸਤਾਨੇ) ਪਾਏ, ਲੱਕ ਅਤੇ ਲੱਤਾਂ 'ਚ ਹਾਰਨੈੱਸ ਪਾਏ ਅਤੇ ਲੱਕ ਨਾਲ ਮਜ਼ਬੂਤੀ ਨਾਲ ਫਿੱਟ ਕੀਤੇ, ਲੱਕ ਨਾਲ ਬੰਨ੍ਹੀ ਰੱਸੀ 'ਚ ਕੈਗਬਿਨਰ ਫਸਾਏ, ਫੇਰ ਆਪਣੇ ਕੈਗਬਿਨਰ 'ਚ ਰੱਸੀ ਵਲੀ ਅਤੇ ਚਮੋਲੀ ਦੀ ਤੇ ਰੱਸੀ ਦੀ ਸਹਾਇਤਾ ਨਾਲ ਥੱਲੇ ਉੱਤਰ ਗਿਆ। ਫੇਰ ਅਜੀਤ ਗੁਰੰਗ ਨੇ ਰੱਸੀ ਫੜੀ ਅਤੇ ਚਮੋਲੀ ਵੀ ਬਿਕਰਮ ਸਿੰਘ ਵਾਂਗ ਥੱਲੇ ਉੱਤਰ ਗਿਆ। ਇਨ੍ਹਾਂ ਦੋਹਾਂ ਨੇ ਦੋ ਸਾਲ ਪਹਿਲਾਂ ਹੀ ਪਹਾੜਾਂ 'ਤੇ ਚੜ੍ਹਨ-ਉਤਰਨ ਦੀ ਟਰੇਨਿੰਗ ਪ੍ਰਾਪਤ ਕੀਤੀ ਹੋਈ ਸੀ।

ਉਨ੍ਹਾਂ ਥੱਲੇ ਉਤਰ ਕੇ ਵੇਖਿਆ ਕਿ ਉਹ ਦੋਵੇਂ ਜਵਾਨ ਭਾਵੇਂ ਬੇਸੁਧ ਸਨ, ਪਰ ਹੌਲੀ-ਹੌਲੀ ਸਾਹ ਲੈ ਰਹੇ ਸਨ। ਜੇ ਉਹ ਕੁਝ ਦੇਰ ਹੋਰ ਉਨ੍ਹਾਂ ਕੋਲ ਨਾ ਪਹੁੰਚਦੇ ਤਾਂ ਉਨ੍ਹਾਂ ਦਾ ਠੰਢ ਨਾਲ ਮਰ ਜਾਣਾ ਲਾਜ਼ਮੀ ਸੀ। ਚਮੋਲੀ ਨੇ ਇੱਕ ਜਵਾਨ ਦੇ ਲੱਕ ਦੁਆਲੇ ਛੋਟੀ ਰੱਸੀ ਬੰਨ੍ਹੀ ਅਤੇ ਉਪਰ ਖੜ੍ਹੇ ਜਵਾਨਾਂ ਨੂੰ ਰੱਸੀ ਖਿੱਚਣ ਲਈ ਕਿਹਾ। ਇੱਕ-ਇੱਕ ਇੰਚ ਕਰਕੇ ਖਿੱਚਦਿਆਂ ਉਹ ਦੋਵੇਂ ਬੇਸੁਧ ਜਵਾਨ ਉਪਰ ਤੱਕ ਪਹੁੰਚ ਗਏ। ਇਹ ਕੁਝ ਕਰਦਿਆਂ ਦੋ ਘੰਟੇ ਲੱਗ ਗਏ।
ਗਰਮ ਬਿਸਤਰਿਆਂ 'ਚ ਲਿਟਾਉਣ, ਬਰਾਂਡੀ ਆਦਿ ਪਿਲਾਉਣ ਨਾਲ ਉਨ੍ਹਾਂ ਦੋਹਾਂ ਨੂੰ ਹੋਸ਼ ਆ ਗਈ। ਪਰ ਦੋ ਜਣਿਆਂ ਦਾ ਕੋਈ ਪਤਾ ਨਾ ਲੱਗਾ ਕਿ ਬਰਫ਼ ਉਨ੍ਹਾਂ ਨੂੰ ਕਿਧਰ ਰੋੜ੍ਹ ਕੇ ਲੈ ਗਈ।
ਬਰਫ਼ਾਨੀ ਠੰਢ 'ਚ ਇਹ ਸਭ ਕੁਝ ਕਰਦਿਆਂ ਚਮੋਲੀ ਅਤੇ ਬਿਕਰਮ ਸਿੰਘ ਦੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ਬਿਲਕੁਲ ਸੁੰਨ ਹੋ ਗਈਆਂ, ਤਕਰੀਬਨ ਸੜ ਗਈਆਂ ਸਨ, ਜਿਸ ਨੂੰ 'ਫਰੋਸਟਬਾਈਟ' ਕਿਹਾ ਜਾਂਦਾ ਹੈ ਅਤੇ ਜਿਸ ਦਾ ਇਲਾਜ ਅਸੰਭਵ ਹੈ।
ਇਸ ਫਰੋਸਟਬਾਈਟ ਕਾਰਨ ਚਮੋਲੀ ਦੇ ਪੈਰਾਂ ਦੀਆਂ ਦੋ ਉਂਗਲਾਂ ਅਤੇ ਹੱਥ ਦੀ ਇੱਕ ਉਂਗਲ ਕੱਟੀ ਗਈ ਅਤੇ ਬਿਕਰਮ ਸਿੰਘ ਦੇ ਹੱਥਾਂ-ਪੈਰਾਂ ਦੀਆਂ ਦੋ-ਦੋ ਉਂਗਲਾਂ।

ਕਿਰਪਾਲ ਸਿੰਘ ਅਤੇ ਪ੍ਰੇਮ ਬਹਾਦੁਰ ਦੀ ਦੇਹ ਵੀ ਨਹੀਂ ਮਿਲੀ। ਮਿਲਟਰੀ ਅਫ਼ਸਰਾਂ ਨੇ ਉਸ ਨੂੰ 'ਮਰ ਗਿਆ' ਦੀ ਬਜਾਏ 'ਗੁੰਮ ਹੋ ਗਿਆ' ਘੋਸ਼ਿਤ ਕਰ ਦਿੱਤਾ। ਕਿਰਪਾਲ ਸਿੰਘ ਦੀ ਨਵ-ਵਿਆਹੁਤਾ ਜੀਤੋ। ਉਹ ਖ਼ਤ, ਜੋ ਕਿਰਪਾਲ ਸਿੰਘ ਵੱਖ-ਵੱਖ ਚੌਂਕੀਆਂ 'ਚ ਬੈਠ ਕੇ ਲਿਖਦਾ ਅਤੇ ਪਾਉਂਦਾ ਰਿਹਾ ਸੀ, ਉਸ ਦੇ ਮਰਨ (ਯਾਅਨੀ ਗੁੰਮ ਹੋਣ) ਤੋਂ ਕਈ ਹਫ਼ਤੇ ਤੱਕ ਮਿਲਦੇ ਰਹੇ। ਉਹ ਪੜ੍ਹਦੀ, ਤੜਫਦੀ ਅਤੇ ਗਸ਼ ਖਾ ਕੇ ਡਿੱਗ ਪੈਂਦੀ।

ਸ਼ਹਿਰ ਦੀ ਮੁੱਖ ਸੜਕ 'ਤੇ ਗੁਲਾਬੀ ਰੰਗ ਦੀ ਇੱਕ ਸ਼ਾਨਦਾਰ ਕੋਠੀ ਦੇ ਗੇਟ 'ਤੇ ਲੱਗੀ 'ਨੇਮ-ਪਲੇਟ' ਉੱਤੇ ਲਿਖਿਆ ਹੈ 'ਮੇਜਰ ਸੁਦੇਸ਼ ਕੁਮਾਰ- ਵੀਰ ਚੱਕਰ'। ਇਹ ਵੀਰ ਚੱਕਰ ਇਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅਤੇ ਬੇਮਿਸਾਲ ਬਹਾਦੁਰੀ ਤੇ ਨਿਰਭੈਤਾ ਦਾ ਸਬੂਤ ਦੇਂਦਿਆਂ 'ਆਪਣੇ ਜਵਾਨਾਂ ਨੂੰ ਐਵਲਾਂਚ' ਵਿੱਚੋਂ ਕੱਢਣ ਅਤੇ ਬਚਾਉਣ ਦੇ ਇਵਜ਼ 'ਚ ਮਿਲਿਆ ਹੈ...।

ਪਰ ਗੱਲ ਇੱਥੇ ਖ਼ਤਮ ਨਹੀਂ ਹੁੰਦੀ। ਜਦ ਬਿਕਰਮ ਸਿੰਘ ਅਤੇ ਰਾਮ ਸਿੰਘ ਚਮੋਲੀ ਨੇ ਇਸ ਘਟਨਾ ਦੀ ਅਸਲੀਅਤ ਬਾਰੇ ਇਧਰ-ਉਧਰ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ 'ਸੱਚ ਬੋਲਣ' ਦੇ ਦੋਸ਼ ਵਿੱਚ ਉਨ੍ਹਾਂ ਦੇ ਅਹੁਦੇ ਘਟਾ ਕੇ 'ਡਿਮੋਟ' ਕਰ ਦਿੱਤਾ ਗਿਆ।

  • ਮੁੱਖ ਪੰਨਾ : ਕਹਾਣੀਆਂ, ਮਨਮੋਹਨ ਬਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ