Vadda Banda (Punjabi Story) : Ashok Vasishth

ਵੱਡਾ ਬੰਦਾ (ਕਹਾਣੀ) : ਅਸ਼ੋਕ ਵਾਸਿਸ਼ਠ

“ਅਹਿ ਕੀ ਕਰਦੈਂ...ਤੈਨੂੰ ਮਾਰਨਾ ਵੀ ਨਹੀਂ ਆਉਂਦਾ...ਖਿੱਚ ਕੇ ਮਾਰ ਇਹਦੇ ਮੂੰਹ ‘ਤੇ...ਜੇ ਤੈਨੂੰ ਮਾਰਨੀ ਨਹੀਂ ਆਉਂਦੀ ਤਾਂ ਮੈਂ ਦੱਸਾਂ ਕਿੱਦਾਂ ਮਾਰੀਦੈ।” ਗਭਰੂ ਦੇ ਢਿੱਲੇ ਹੱਥਾਂ ਵੱਲ ਤੱਕਦਿਆਂ ਬਜ਼ੁਰਗੀ ਦੀਆਂ ਹੱਦਾਂ ਵਿਚ ਦਾਖ਼ਲ ਹੋਣ ਜਾ ਰਹੇ ‘ਨੌਜਵਾਨ’ ਨੇ ਕਿਹਾ।
ਗਭਰੂ ਦੇ ਗਰਮ ਖ਼ੂਨ ਨੇ ਉਬਾਲਾ ਖਾਧਾ। ਉਸ ਬੰਦੇ ਦੇ ਮੂੰਹ ‘ਤੇ ਪੂਰੇ ਜੋਰ ਨਾਲ ਚੰਡ ਮਾਰ ਦਿੱਤੀ। ਉਹਦੇ ਮੂੰਹ ਵਿਚਲੇ ਹੁਣ ਤਕ ਮਸਾਂ ਮਸਾਂ ਬਚੇ ਦੋ ਦੰਦ ਭੁੜਕ ਕੇ ਬਾਹਰ ਨਿਕਲ ਆਏ ਤੇ ਖ਼ੂਨ ਦੇ ਛਿੱਟੇ ਜ਼ਮੀਨ ‘ਤੇ ਬਿਖਰ ਗਏ।
“ਆਹ ਹੋਈ ਨਾ ਗੱਲ਼..ਜਵਾਨਾ ਮਜਾ ਆ ਗਿਆ। ਹੁਣ ਲੱਗਦੈ ਕਿਸੇ ਗੱਭਰੂ ਨੇ ਵਾਰ ਕੀਤੈ,” ਕੋਲ ਖਲੋਤੇ ਇਕ ਦੂਜੇ ਬਜ਼ੁਰਗ ਤੋਂ ਰਿਹਾ ਨਾ ਗਿਆ।
“ਸਹੁਰੀ ਦਿਆ ਪਹਿਲਾਂ ਤਾਂ ਤੂੰ ਪਿਆਰ ਈ ਕਰਦਾ ਰਿਹੈਂ। ਡੌਲੇ ਕਮਾਏ ਨੇ ਡੰਬਲ ਫੇਰ ਫੇਰ...ਉਹਦਾ ਕੀ ਫਾਇਦਾ ਜੇ ਅਗਲੇ ਦੀ ਫੂਕ ਨਾ ਨਿਕਲੇ।”
ਏਧਰ ‘ਨੌਜਵਾਨ’ ਤੇ ਭੀੜ ਦੇ ਦੂਜੇ ਲੋਕ ਗਭਰੂ ਦੀ ਪਿੱਠ ਥਾਪੜ ਰਹੇ ਸਨ ਤੇ ਉਧਰ ਕਰਾਰੀ ਚੰਡ ਨੇ ਬੰਦੇ ਦੇ ਅੜਾਟ ਕੱਢ ਦਿਤੇ ਸਨ। ਉਹ ਹਾਲੋਂ ਬੇਹਾਲ ਹੋਇਆ ਭੁੰਜੇ ਪਿਆ ਤੜਪ ਰਿਹਾ ਸੀ। ਗਭਰੂ ਦੇ ਬੱਜਰ ਹੱਥ ਨਾਲ ਵੱਜੀ ਚੰਡ ਨੇ ਉਹਨੂੰ ਅੰਦਰ ਤਕ ਹਿਲਾ ਦਿੱਤਾ ਸੀ।
“ਕੁਝ ਤਾਂ ਲਿਹਾਜ ਕਰੋ। ਬਜ਼ੁਰਗ ਆਦਮੀ ਐ।” ਜਦੋਂ ਚੰਡਾਂ, ਮੁੱਕਿਆਂ, ਹੂਰਿਆਂ ਦਾ ਸਿਲਸਿਲਾ ਚਲਦਿਆਂ ਅੱਧਾ ਘੰਟਾ ਹੋ ਗਿਆ ਤਾਂ ਇਕ ਮੁੱਛਫੁਟ ਗਭਰੂ ਨੇ ਭੀੜ ਨੂੰ ਮੁਖ਼ਾਤਬ ਹੁੰਦਿਆਂ ਕਿਹਾ।
“ਲਿਹਾਜ਼! ਕਾਹਦਾ ਲਿਹਾਜ਼? ਕਿਉਂ ਕਰੀਏ ਅਸੀਂ ਲਿਹਾਜ਼ ਇਸਦਾ?” ਇਕ ਜਣਾ ਭੁੜਕਿਆ।
“ਨਾ ਤੇਰਾ ਕੁਝ ਲੱਗਦੈ? ਜੇ ਲੱਗਦਾ ਤਾਂ ਦਸ ਦੇ। ਅਸੀਂ ਲਿਹਾਜ਼ ਕਰ ਲੈਂਦੇ ਆਂ।” ਤੀਜਾ ਜਣਾ ਵਿਚੋਂ ਬੋਲ ਪਿਆ।
“ਮਾਸੜ ਲੱਗਦਾ ਇਹਦਾ।” ਇਕ ਹੋਰ ਜਣਾ ਬੋਲਿਆ।
“ਮਾਸੜ ਲੱਗਦਾ ਹੋਉ ਤੇਰਾ...ਮੂੰਹ ਸੰਭਾਲ ਕੇ ਬੋਲ। ਐਵੇਂ ਅਵਾ ਤਵਾ ਬੋਲਣ ਦੀ ਲੋੜ ਨ੍ਹੀਂ।” ਨੌਜਵਾਨ ਨੇ ਪਲਟ ਵਾਰ ਕਰਦਿਆਂ ਕਿਹਾ।
“ਫੇਰ ਇਹਦੀ ਤਰਫ਼ਦਾਰੀ ਕਿਉਂ ਕਰਦੈਂ?” ਤੀਜੇ ਜਣੇ ਨੇ ਪੈਂਦੇ ਸੱਟੇ ਪੁੱਛਿਆ।
“ਬਾਈ, ਮੈਂ ਤਰਫ਼ਦਾਰੀ ਨਹੀਂ ਕਰ ਰਿਹਾ। ਮੈਨੂੰ ਇਹ ਵੀ ਨਹੀਂ ਪਤਾ ਇਸ ਕੀਤਾ ਕੀ ਐ, ਇਹ ਹੈ ਕੌਣ?”
“ਇਹਨੇ ਇਕ ਮਾਸੂਮ ਬੱਚੀ ਨਾਲ ਜ਼ਬਰ ਕੀਤੈ, ਉਸ ਨਾਲ ਬਦਫੈਲੀ ਕੀਤੀ ਏ, ਰੰਗੇ ਹੱਥੀਂ ਫੜਿਆ ਗਿਐ, ਬੱਚੀ ਦੀਆਂ ਚੀਕਾਂ ਸੁਣ ਕੇ ਸਾਡੇ ਲੂੰ ਕੰਡੇ ਖੜ੍ਹੇ ਹੋ ਗਏ ਸਨ, ਅਸੀਂ ਮੌਕੇ ‘ਤੇ ਜਾ ਕੇ ਉਹਨੂੰ ਇਹਦੇ ਜਬਾੜੇ ‘ਚੋਂ ਕੱਢਿਆ, ਜਾਨਣਾ ਚਾਹੁੰਨਾਂ ਇਹ ਹੈ ਕੌਣ? ਲੈ ਸੁਣ ਲੈ, ਇਹ ਇਥੋਂ ਦਾ ਭੂਤਰਿਆ ਸਾਨ੍ਹ ਐ, ਸਾਨ੍ਹ।” ਇਕ ਬੰਦਾ ਚੀਕ-ਚੀਕ ਦੱਸ ਰਿਹਾ ਸੀ।
“ਬਈ ਇਹਨੇ ਜੋ ਕੀਤੈ, ਉਹ ਮਾਫ਼ੀ ਦੇ ਲੈਕ ਨਈ; ਮੈਂ ਤਾਂ ਇਸ ਲਈ ਕਿਹਾ ਸੀ ਕਿ ਇਹਦਾ ਕੁੱਟ ਕੁਟਾਪਾ ਬਹੁਤ ਹੋ ਚੁੱਕੈ...ਹੁਣ ਬਸ ਕਰੋ। ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ।” ਨੌਜਵਾਨ ਨੇ ਆਪਣੀ ਮਨਸ਼ਾ ਸਾਫ਼ ਕੀਤੀ।
“ਗੱਲ ਤਾਂ ਤੇਰੀ ਠੀਕ ਐ ਜਵਾਨਾ। ਬਰਖੁਰਦਾਰੋ, ਹੁਣ ਬਸ ਕਰੋ...ਇਹਨੂੰ ਪੁਲਸ ਦੇ ਹਵਾਲੇ ਕਰ ਦਿੰਦੇ ਆਂ। ਉਂਜ ਵੀ ਸਾਨੂੰ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈਣਾ ਚਾਹੀਦਾ।” ਬਜ਼ੁਰਗ ਨੇ ਨੌਜਵਾਨ ਦੀ ਹਾਮੀ ਭਰਦਿਆਂ ਕਿਹਾ।
ਪਰ ਭੀੜ ਕਿੱਥੇ ਸ਼ਾਂਤ ਹੋਣ ਵਾਲੀ ਸੀ, ਹਰ ਬੰਦਾ ਇਕ ਦੂਜੇ ਤੋਂ ਵੱਧ ਕੇ ਚੀਕ ਰਿਹਾ ਸੀ, ਫਿਰ ਵੀ ਦੋ-ਚਾਰ ਸੱਜਣਾਂ ਨੇ ਬਜ਼ੁਰਗ ਦੀ ਹਮਾਇਤ ਕੀਤੀ, ਉਹਦਾ ਹੱਥ ਉਪਰ ਹੋ ਗਿਆ। ਅਖ਼ੀਰ ਉਸ ਦੀ ਗੱਲ ਮੰਨ ਲਈ ਗਈ।
“ਚੱਲ ਠੀਕ ਐ, ਹੋਰ ਪਰਸ਼ਾਦਾ ਨਹੀਂ ਛਕਾਉਂਦੇ ਪਰ ਥੋੜ੍ਹਾ ਜਿੰਨਾ ਪ੍ਰਸ਼ਾਦ ਤਾਂ ਦੇ ਈ ਸਕਦੇ ਆਂ! ਕਿਉਂ ਬਜ਼ੁਰਗੋ, ਕੀ ਖ਼ਿਆਲ ਐ ਤੁਹਾਡਾ?”
“ਮੇਰਾ ਕੀ ਖ਼ਿਆਲ ਹੋਣਾ! ਖ਼ਿਆਲ ਤਾਂ ਗਭਰੂਆਂ ਦਾ ਹੁੰਦੈ ਬਈ। ਜਿੱਦਾਂ ਮਰਜੀ ਕਰੋ ਪਰ ਜ਼ਰਾ ਅੱਗਾ ਪਿੱਛਾ ਦੇਖ ਕੇ।” ਗਭਰੂ ਦੀ ਅਸਲ ਮਨਸ਼ਾ ਤਾੜਦਿਆਂ ਬਜ਼ੁਰਗ ਨੇ ਕਿਹਾ।
“ਠੀਕ ਐ ਫੇਰ, ਰੁਕ ਜਾਓ ਬਈ ਜਵਾਨੋਂ, ਰੁਕ ਜਾਓ। ਇਹਨੇ ਬਹੁਤ ਪਰਸ਼ਾਦਾ ਛੱਕ ਲਿਆ। ਕਿਤੇ ਬਦਹਜ਼ਮੀ ਨਾ ਹੋ ਜਾਏ। ਬਸ ਹੁਣ ਮਾੜਾ ਜਿਹਾ ਪ੍ਰਸ਼ਾਦ ਦੇ ਦਿਓ ਤੇ ਫੇਰ ਭੇਜ ਦਿੰਦੇ ਆਂ ਇਹਨੂੰ ਡੰਡਿਆਂ ਵਾਲੇ ਪੀਰਾਂ ਕੋਲ।” ਗਭਰੂ ਮੁਸਕਰਾਇਆ।
“ਲੈ ਪ੍ਰਸ਼ਾਦ ਤਾਂ ਮੈਂ ਦੇ ਦਿਨਾਂ ਇਹਨੂੰ।” ਇਕ ਹੋਰ ਉਤਸਾਹੀ ਸੱਜਣ ਜਿਹੜਾ ਨਾ ਨੌਜਵਾਨ ਸੀ ਅਤੇ ਨਾ ਬਜ਼ੁਰਗ ਲੋਕਾਂ ਨੂੰ ਪਿੱਛੇ ਧੱਕਦਾ ਮੋਹਰੇ ਆਣ ਖਲੋਤਾ। ਉਸ ਬੜੀ ਨੀਝ ਨਾਲ ਬੰਦੇ ਦਾ ਮੂੰਹ ਤੱਕਿਆ। ਫੇਰ ਪੋਲੇ ਜਿਹੇ ਹੱਥਾਂ ਨਾਲ ਉਸ ਦੀਆਂ ਗੱਲ੍ਹਾਂ ਪਲੋਸੀਆਂ। ਦੇਖਦਿਆਂ ਹੀ ਦੇਖਦਿਆਂ ਗੂੜ੍ਹਾ ਕਾਲਾ ਰੰਗ ਉਸ ਦੀਆਂ ਸੁਰਖ਼ ਗੱਲ੍ਹਾਂ ਨਾਲ ਆਢਾ ਲੈਣ ਲੱਗ ਪਿਆ।
-
“ਤੇਰੀ ਬੇੜੀ ਕਿਤੇ ਤੱਣ-ਪੱਤਣ ਨਹੀਂ ਲੱਗੀ!”
“ਕਿੱਥੇ, ਮੇਰੇ ਤਾਂ ਭਾਗ ਈ ਜਾਣੋਂ ਸੌਂ ਗਏ ਨੇ। ਉਹਦੀਆਂ ਗੱਲਾਂ ਵਿਚ ਆ ਕੇ ਆਪਣਾ ਆਪ ਗੁਆ ਲਿਐ। ਪਰ ਉਹ ਕੋਈ ਲੜ ਪੱਲਾ ਈ ਨਹੀਂ ਫੜਾਉਂਦਾ।”
“ਜ਼ਰਾ ਜੋਰ ਦੇ ਉਹਦੇ ਤੇ, ਜੇਕਰ ਫੇਰ ਵੀ ਨਾ ਮੰਨੇ ਤਾਂ ਉਂਗਲ ਟੇਢੀ ਕਰ ਲਈਂ, ਆਪੇ ਰਸਤੇ ‘ਤੇ ਆ ਜਾਊ।”
“ਭੈਣੇ ਰਸਤੇ ‘ਤੇ ਤਾਂ ਉਹਨੇ ਆਪੇ ਈ ਆਉਣਾ...ਸਾਡੇ ਕਿਹਾਂ ਜਾਂ ਨਾ ਕਿਹਾਂ ਦੀ ਕੋਈ ਵੁੱਕਤ ਨਹੀਂ। ਬਹੁਤੀ ਆਕੜ ਕੇ ਵੀ ਤਾਂ ਗੱਲ ਨਹੀਂ ਕਰ ਸਕਦੇ, ਤੈਥੋਂ ਭਲਾ ਕੀ ਲੁਕਿਐ।”
“ਗੱਲ ਤਾਂ ਤੇਰੀ ਠੀਕ ਆ, ਮੀਨਾ। ਪਰ ਇਸ ਵਾਰ ਤੇਰੀ ਜਾਨ ਖ਼ਤਰੇ ‘ਚ ਪੈ ਸਕਦੀ ਏ।” ਰੀਨਾ ਨੇ ਆਪਣੇ ਮਨ ਦਾ ਤੌਖਲਾ ਜ਼ਾਹਿਰ ਕੀਤਾ।
“ਰੋਣਾ ਤਾਂ ਇਸੇ ਗੱਲ ਦਾ ਏ। ਉਹਨੂੰ ਕਹਿੰਦੀ ਹਾਂ ਤਾਂ ਉਹ ਹੱਸ ਛੱਡਦਾ ਹੈ, ਇਕ ਦਿਨ ਮੂਡ ਵਿਚ ਸੀ, ਕਹਿਣ ਲੱਗਾ, ‘ਤੂੰ ਫਿਕਰ ਕਿਸ ਗੱਲ ਦਾ ਕਰਦੀ ਏਂ, ਕੁਝ ਨਹੀਂ ਹੋਣ ਦਿੰਦਾ ਤੈਨੂੰ, ਡਾਕਟਰ ਖ਼ਾਸ ਬੰਦੈ ਮੇਰਾ, ਇਲਾਜ ਕਰ ਦੇਵੇਗਾ, ਤੈਂ ਕਿਹੜਾ ਕੁਝ ਖਰਚਣਾ!’ ਮੈਂ ਕਿਹਾ, ‘ਉਹ ਤਾਂ ਠੀਕ ਆ, ਅੱਗੇ ਵੀ ਤੁਸੀਂ ਸਾਂਭਦੇ ਰਹੇ ਓਂ, ਇਸ ਵਾਰ ਵੀ ਸਾਂਭ ਲਓਗੇ, ਮੈਂ ਜਾਣਦੀ ਆਂ, ਪਰ ਵਾਰ-ਵਾਰ ਗਰਭ ਡੇਗਣ ਨਾਲ ਜਾਨ ਖ਼ਤਰੇ ਵਿਚ ਪੈ ਜਾਵੇਗੀ।’ ਉਸ ਮੇਰੇ ਮੋਢੇ ‘ਤੇ ਹੱਥ ਰਖਿਆ, ਮੈਨੂੰ ਹਿੱਕ ਨਾਲ ਲਾਇਆ, ਮੇਰਾ ਮੂੰਹ ਚੁੰਮਿਆ ਤੇ ਕਹਿਣ ਲੱਗਾ, ‘ਮੈਂ ਤੈਨੂੰ ਮਰਨ ਨਹੀਂ ਦਿੰਦਾ, ਇਹ ਗੱਲ ਤੂੰ ਲੜ ਬੰਨ੍ਹ ਲੈ, ਹਾਂ ਅੱਗੇ ਤੋਂ ਇਸ ਦਾ ਖ਼ਿਆਲ ਜਰੂਰ ਰਖਾਂਗੇ।”
“ਸਭ ਮੋਮੋਠਗਣੀਆਂ ਨੇ, ਪਾਜੀ ਕਿਸੇ ਥਾਂ ਦਾ, ਵੇ ਤੇਰਾ ਕੱਖ ਨਾ ਰਹੇ। ਤੂੰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਸਤਾਊਂਦੈਂ, ਰੱਬ ਤੈਨੂੰ ਸਤਾਏਗਾ ਇਕ ਦਿਨ।” ਰੀਨਾ ਗੁੱਸੇ ‘ਚ ਬੁੜਬੜਾਉਣ ਲੱਗੀ।
“ਹੰਢਿਆ ਵਰਤਿਆ ਖਿਲਾੜੀ ਐ ਉਹ। ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਗਊਆਂ-ਬੱਕਰੀਆਂ ਵਾਂਗ ਵਾਹੁੰਦਾ, ਪਰ ਸਮਾਜ ‘ਚ ਬੜੀ ਇੱਜ਼ਤ ਐ ਉਸ ਦੀ। ਬੜਾ ਨਾਮਣਾ ਖੱਟ ਰਿਹੈ। ਕੋਈ ਉਂਗਲ ਨਹੀਂ ਰੱਖ ਸਕਦਾ ਉਸ ਦੇ ਚਰਿੱਤਰ ‘ਤੇ। ਪਰ ਅੰਦਰ ਖਾਤੇ...।”
“ਅੰਦਰਖਾਤੇ? ਭੇਡ ਦੀ ਖਲ ‘ਚ ਭੇੜੀਆ...।” ਰੀਨਾ ਨੇ ਗੱਲ ਪੂਰੀ ਕਰ ਦਿੱਤੀ।
“ਸੁਣਿਐ, ਸਰਕਾਰੇ ਦਰਬਾਰੇ ਵੀ ਉਹ ਕਿਸੇ ਵੱਡੇ ਅਹੁਦੇ ‘ਤੇ ਐ। ਇਸ ਲਈ ਅਫਸਰ ਉਸ ਤੋਂ ਭੈ ਖਾਂਦੇ ਨੇ। ਸਾਡੀ ਤਾਂ ਔਕਾਤ ਹੀ ਕੀ ਐ, ਉਸ ਅੱਗੇ!”
“ਵੱਡੇ ਬੰਦੇ ਇਸੇ ਗੱਲ ਦਾ ਫਾਇਦਾ ਉਠਾਂਦੇ ਨੇ। ਸਾਡੇ ਜਿਹੇ ਲੋਕ ਗਰਜ਼ਾਂ ਤੇ ਮਜਬੂਰੀਆਂ ‘ਚ ਬੱਝੇ ਪਿੱਸਦੇ ਰਹਿੰਦੇ ਨੇ।”
“ਲੈ ਹੋਰ ਸੁਣ। ਇਕ ਦਿਨ ਦੀ ਗੱਲ ਏ। ਉਹ ਘਰ ਇਕੱਲਾ ਸੀ। ਮੈਂ ਸੋਚਿਆ, ਬਈ ਮੌਕਾ ਚੰਗਾ ਏ, ਗੱਲ ਕਰ ਈ ਲਵਾਂ। ਮੈਂ ਉਹਦੇ ਕਮਰੇ ਵਿਚ ਗਈ, ਬੂਹਾ ਢੋਇਆ ਹੋਇਆ ਸੀ, ਸੋਚਿਆ ਖੜਕਾਉਣ ਦੀ ਕੀ ਲੋੜ ਐ...ਉਹ ਕਿਹੜਾ ਬੂਹਾ ਖੜਕਾ ਕੇ ਜਾਂ ਮੈਥੋਂ ਪੁੱਛ ਕੇ ਮੇਰੇ ਪਾਸ ਆਉਂਦੈ, ਮੈਂ ਵੀ ਏਦਾਂ ਈ ਚਲੀ ਜਾਨੀ ਆਂ, ਬੂਹਾ ਖੋਲ੍ਹਿਆ, ਥੋੜ੍ਹਾ ਅੰਦਰ ਗਈ, ਪਰ ਜੋ ਦੇਖਿਆ, ਉਹ ਤਾਂ ਮੇਰੇ ਚਿੱਤ-ਚੇਤੇ ਵੀ ਨਹੀਂ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਈ ਖਿਸਕ ਗਈ। ਮੈਂ ਤੈਨੂੰ ਨਹੀਂ ਦੱਸ ਸਕਦੀ। ਪਰ ਹੁਣ ਹਾਲਤ ਇਹ ਹੋ ਗਈ ਐ ਕਿ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ। ਨਾਲੇ ਤੈਂ ਕਿਹੜਾ ਕਿਸੇ ਨਾਲ ਗੱਲ ਕਰਨੀ ਏਂ। ਇਕ ਭਰੋਸਾ ਜਿਹਾ ਬੱਝਾ ਐ ਤੇਰੇ ਉਪਰ।”
ਮੀਨਾ ਨੂੰ ਕਲਾਵੇ ‘ਚ ਲੈਂਦਿਆਂ ਰੀਨਾ ਨੇ ਕਿਹਾ, “ਮੈਂ ਸਭ ਜਾਣਦੀ ਆਂ। ਮੈਥੋਂ ਭਲਾ ਕੀ ਲੁੱਕਿਆ ਹੋਇਆ। ਕਹਿਣ ਨੂੰ ਭਾਵੇਂ ਮੈਂ ਕਹਿ ਦਿੱਤਾ ਪਈ ਤੂੰ ਉਂਗਲ ਟੇਢੀ ਕਰ ਲੈ, ਪਰ ਨਾਲ ਇਹ ਵੀ ਜਾਣਦੀ ਆਂ ਅਸੀਂ ਲੱਖ ਚਾਹੀਏ ਤਾਂ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੇ। ਮੈਂ ਖ਼ੁਦ ਉਹਦੇ ਚੱਕਰ ਵਿਚ ਇਕ ਵਾਰ ਨਹੀਂ ਕਈ-ਕਈ ਵਾਰ ਫਸ ਚੁੱਕੀ ਆਂ। ਰਾਤਾਂ ਵੀ ਕੱਟੀਆਂ ਨੇ ਉਸ ਨਾਲ। ਇਕ ਵਾਰ ਤਾਂ ਢਿੱਡ ਵੀ ਹੋ ਗਿਆ ਸੀ, ਪਰ ਭਲਾ ਹੋਵੇ ਤੇਰਾ, ਤੈਂ ਦਵਾਈ ਦਵਾ ਦਿੱਤੀ ਤੇ ਮੇਰਾ ਬਚਾਅ ਹੋ ਗਿਆ। ਤੇਰੇ ਨਾਲ ਇਹ ਭੇਦ ਸਾਂਝਾ, ਇਸ ਲਈ ਖੁੱਲ੍ਹ ਕੇ ਗੱਲ ਕਰ ਲਈਦੀ ਆ। ਹੋਰਾਂ ਦੀ ਵੀ ਇਹੋ ਹਾਲਤ ਐ, ਪਰ ਪਰਦਾ ਜਿਹਾ ਬਣਿਆ ਹੋਇਆ। ਇਸ ਲਈ ਕਿਸੇ ਹੋਰ ਨਾਲ ਖੁਲ੍ਹ ਕੇ ਗੱਲ ਕਰ ਨਹੀਂ ਹੁੰਦੀ। ਚਲ ਛੱਡ ਇਸ ਗੱਲ ਨੂੰ, ਉਸ ਦਿਨ ਤੈਂ ਕੀ ਦੇਖਿਆ ਅੰਦਰ? ਉਹ ਕਿਸੇ ਹੋਰ ਨਾਲ ਲੱਗਾ ਹੋਇਆ ਸੀ?”
“ਉਹ ਤਾਂ ਰੋਜ਼ ਈ ਕਿਸੇ ਨਾ ਕਿਸੇ ਨਾਲ ਲੱਗਾ ਰਹਿੰਦੈ, ਹੋਰ ਨਾਲ ਲੱਗਾ ਹੁੰਦਾ ਤਾਂ ਮੈਨੂੰ ਹੈਰਾਨੀ ਨਹੀਂ ਹੋਣੀ ਸੀ। ਇਹ ਕਿਹੜਾ ਨਵੀਂ ਗੱਲ ਸੀ ਮੇਰੇ ਲਈ। ਤੂੰ ਵੀ ਤਾਂ ਜਾਣਦੀ ਐਂ ਉਹਦੇ ਚੋਚਲਿਆਂ ਨੂੰ।”
“ਪਰ ਤੇਰੀ ਹੈਰਾਨੀ ਦਾ ਸਬਬ?” ਰੀਨਾ ਦੀ ਬੇਚੈਨੀ ਵੱਧਣ ਲੱਗੀ ਤੇ ਉਸ ਕਾਹਲੀ ਪੈਂਦਿਆਂ ਪੁੱਛਿਆ।
“ਉਹ ਕੋਈ ਹੋਰ ਨਹੀਂ, ਸਗੋਂ ਮੇਰੀ ਆਪਣੀ ਮਾਂ ਸੀ।” ਇਸ ਤੋਂ ਅੱਗੇ ਮੀਨਾ ਕੁਝ ਬੋਲ ਨਾ ਸਕੀ। ਉਸ ਦੀਆਂ ਅੱਖਾਂ ‘ਚੋਂ ਅਥਰੂ ਕਿਰਨ ਲੱਗੇ। ਰੀਨਾ ਨੇ ਉਸ ਨੂੰ ਕਲਾਵੇ ‘ਚ ਲੈ ਲਿਆ, ਉਸ ਦੀਆਂ ਗੱਲ੍ਹਾਂ ‘ਤੇ ਹੱਥ ਫੇਰਦੀ ਰਹੀ, ਉਸ ਦੇ ਹੰਝੂ ਪੂੰਝਣ ਲੱਗੀ, “ਬਸ ਮੇਰੀ ਰਾਣੀ, ਐਵੇਂ ਜੀ ਹਲਕਾ ਨਾ ਕਰ, ਇਹ ਵੀ ਤਾਂ ਸਿਹਤ ਲਈ ਚੰਗਾ ਨਹੀਂ।”
“ਮੇਰਾ ਪਿਓ ਚਾਈਂ ਚਾਈਂ ਉਸ ਦੇ ਦਰ ‘ਤੇ ਸਾਨੂੰ ਦੋਹਾਂ ਮਾਵਾਂ-ਧੀਆਂ ਨੂੰ ਲੈ ਕੇ ਗਿਆ ਸੀ। ਉਹਦੇ ਲਈ ਤਾਂ ਇਹ ਉਪਰੋਂ ਉਤਰਿਆ ਦੇਵਦੂਤ ਸੀ। ਉਸ ਘਰ ‘ਚ ਆਯਾ ਰੱਖਣ ਦੇ ਬਹਾਨੇ ਚਾਂਦੀ ਦੇ ਛਿੱਲੜ ਸੁੱਟੇ ਸਨ ਉਸ ਅੱਗੇ, ਤੇ ਉਹ ਵਿਛ ਗਿਆ ਸੀ ਇਹਦੇ ਅੱਗੇ। ਉਸ ਪਹਿਲਾਂ ਮੇਰੀ ਮਾਂ ਨੂੰ ਹੱਥ ਪਾਇਆ। ਕਈ ਦਿਨ ਮਜੇ ਲੈਂਦਾ ਰਿਹਾ, ਮਾਂ ਨੂੰ ਭਾਵੇਂ ਇਹ ਚੰਗਾ ਨਹੀਂ ਲੱਗਦਾ ਸੀ, ਪਰ ਉਹ ਕਰਦੀ ਵੀ ਕੀ! ਮੈਨੂੰ ਤਾਂ ਇਹ ਵੀ ਯਾਦ ਨਹੀਂ ਰਿਹਾ ਕਿ ਉਸ ਮੇਰੇ ਨਾਲ਼..ਬਸ ਏਨਾ ਈ ਯਾਦ ਐ ਕਿ ਇਕ ਦਿਨ ਮੈਂ ਮਾਂ ਦੀ ਥਾਂ ਕੰਮ ਕਰਨ ਲਈ ਉਹਦੇ ਗਈ ਸਾਂ।”
-
“ਆਹ ਤਾਂ ਬਾਈ ਅਨਰਥ ਹੋ ਰਿਹੈ! ਲੋਕਾਂ ਨੂੰ ਸ਼ਰਮ ਹਯਾ ਰਹੀ ਨੀ ਹੁਣ...ਕੁਝ ਨਹੀਂ ਸੋਚਦੇ ਉਲਟਾ ਸਿੱਧਾ ਕਾਰਾ ਕਰਨ ਲੱਗਿਆਂ!” ਬਜ਼ਾਰ ਵਿਚ ਖਲੋਤਾ ਇਕ ਜਣਾ ਕਹਿ ਰਿਹਾ ਸੀ।
“ਪੈਸੇ ਦੀ ਗਰਮੀ ਐ!” ਇਕ ਦੁਕਾਨ ਦੇ ਬਾਹਰ ਡੱਠੀ ਕੁਰਸੀ ‘ਤੇ ਬੈਠੇ ਦੂਜੇ ਬੰਦੇ ਨੇ ਕਿਹਾ।
“ਢੱਠੇ ਖੂਹ ‘ਚ ਪਵੇ ਇਹੋ ਜਿਹਾ ਪੈਸਾ...ਬੰਦਾ ਛੋਟੇ-ਵੱਡੇ ਦਾ ਤਾਂ ਕੁਝ ਲਿਹਾਜ਼ ਕਰੇ!” ਉਥੇ ਖਲੋਤੇ ਤੀਜੇ ਜਣੇ ਨੇ ਆਪਣੀ ਭੜਾਸ ਕੱਢੀ।
“ਇਹ ਸਾਰੀਆਂ ਗੱਲਾਂ ਹਮਾਤੜ ਸਾਥ ਲਈ ਹੁੰਦੀਆਂ ਨੇ ਮੇਰੇ ਭਾਈ, ਇਨ੍ਹਾਂ ਲੋਕਾਂ ਨੇ ਤਾਂ ਸਭ ਖਾਧਾ ਪੀਤਾ ਹੁੰਦਾ!” ਹੁਣੇ-ਹੁਣੇ ਉਥੇ ਪੁੱਜਾ ਇਕ ਸਿਆਣਾ ਕਹਿ ਰਿਹਾ ਸੀ।
“ਹੁਣ ਲੋਕਾਂ ਦੇ ਛਿੱਤਰ ਖਾ ਰਿਹੈ!” ਛਿੱਤਰ ਪਰੇਡ ਦਾ ਨਜ਼ਾਰਾ ਦੇਖ ਕੇ ਆਇਆ ਇਕ ਸੱਜਣ ਦੱਸ ਰਿਹਾ ਸੀ।
“ਇਹ ਤਾਂ ਬਾਈ ਉਹਦੇ ਕਰਮਾਂ ਦਾ ਫਲ ਐ...ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ!” ਕੋਲ ਖਲੋਤੀ ਅਧਖੜ ਉਮਰ ਦੀ ਔਰਤ ਨੇ ਗੱਲ ਨਿਬੇੜਨ ਦਾ ਯਤਨ ਕੀਤਾ।
“ਬੜਾ ਕਮੀਨਾ ਆਦਮੀ ਐ...ਸਾਹਮਣੇ ਮੁਹੱਲੇ ਦੀ ਸ਼ਾਇਦ ਈ ਕੋਈ ਮੁਟਿਆਰ ਹੋਵੇਗੀ ਜਿਸ ਨਾਲ ਇਹਨੇ ਮੂੰਹ ਕਾਲਾ ਨਾ ਕੀਤਾ ਹੋਵੇ!” ਇਕ ਮਨਚਲਾ ਆਪਣੇ ਸਾਥੀ ਦੇ ਕੰਨ ਵਿਚ ਫੂਕ ਮਾਰ ਰਿਹਾ ਸੀ।
“ਮੈਨੂੰ ਤਾਂ ਕਈ ਵਾਰ ਮੁਹੱਲੇ ਦੇ ਨਿਆਣਿਆਂ ਨੂੰ ਦੇਖ ਕੇ ਸ਼ੱਕ ਜਿਹਾ ਪੈ ਜਾਂਦਾ...ਜਿਆਦਾ ਨਹੀਂ ਤਾਂ ਅੱਧੇ ਨਿਆਣੇ ਜ਼ਰੂਰ ਇਹਦੇ ਹੋਣਗੇ!” ਦੂਜੇ ਮਨਚਲੇ ਨੇ ਉਸ ਦੀ ਗੱਲ ਦੀ ਹਾਮੀ ਭਰੀ।
“ਸ਼ਰਮ ਕਰ ਕੁਝ; ਤੇਰੇ ਘਰ ਵੀ ਮਾਂ-ਭੈਣ ਹੈ।” ਅਧਖੜ ਉਮਰ ਦੀ ਔਰਤ ਨੇ ਉਸ ਨੂੰ ਤਾੜਿਆ।
“ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਸਿਲਸਿਲਾ ਚਲਦਾ ਆ ਰਿਹੈ?” ਗੱਲ ਦੀ ਤਹਿ ਤਕ ਜਾਣ ਲਈ ਕਿਸੇ ਖੋਜੀ ਸੱਜਣ ਦੇ ਮੂੰਹ ‘ਚੋਂ ਨਿਕਲਿਆ।
“ਇਸ ਲਈ ਤਾਂ ਜੀ ਉਸ ਨਾਲ ਬੈਠਣਾ ਪਵੇਗਾ...ਤੇ ਸਾਡੇ ਵੱਸ ਦਾ ਇਹ ਹੈ ਨਹੀਂ। ਹੋ ਸਕਦੈ ਤੇਰੇ ਪੱਲੇ ਉਹ ਕੁਝ ਪਾ ਦੇਵੇ ਪਰ ਜ਼ਰਾ ਦੇਖ ਕੇ। ਮਤੇ ਬਾਅਦ ਵਿਚ ਪਿਛਵਾੜੇ ਹੱਥ ਮਾਰਦਾ ਫਿਰੇਂ, ਪਤਾ ਨਹੀਂ ਕੀ ਹੋਇਆ...ਘਰੋਂ ਤਾਂ ਚੰਗਾ ਭਲਾ ਨਿਕਲਿਆ ਸੀ।” ਉਹਦੀ ਗੱਲ ਸੁਣ ਸਾਰੇ ਉਚੀ ਉਚੀ ਹੱਸ ਪਏ।
“ਅੰਕਲ ਜੀ, ਅੰਕਲ ਜੀ, ਤੁਹਾਡੀ ਫੋਟੋ ਆਈ ਐ..ਟੀ ਵੀ ‘ਤੇ।” ਗੁਆਂਢੀਆਂ ਦਾ ਨਿੱਕਾ ਦੌੜਦਾ ਆਇਆ ਤੇ ਉਥੇ ਖਲੋਤੇ ਇਕ ਬੰਦੇ ਦੀ ਬਾਂਹ ਫੜ ਦੱਸਣ ਲੱਗਾ।
“ਕਿਉਂ ਪੁੱਤ, ਤੈਨੂੰ ਹੋਰ ਕੋਈ ਨਹੀਂ ਲੱਭਾ, ਮੂਰਖ਼ ਬਣਾਉਣ ਲਈ।”
“ਨਹੀਂ ਅੰਕਲ ਜੀ, ਮੈਂ ਸੱਚ ਕਹਿਨਾਂ...ਤੁਸੀਂ ਸਾਡੇ ਟੀ ਵੀ ‘ਚ ਆਏ ਸੀ।” ਨਿੱਕੇ ਨੇ ਕਿਹਾ।
“ਇਹ ਬੱਚਾ ਸੱਚ ਕਹਿੰਦਾ ਸ਼੍ਰੀਮਾਨ ਜੀ, ਤੁਸੀਂ ਉਦੋਂ ਮੇਰੇ ਨਾਲ ਈ ਖਲੋਤੇ ਸਓ ਜਦ ਅਸਾਂ ਓਸ ਵੱਡੇ ਬੰਦੇ ਦੀ ਭੁਗਤ ਸੁਆਰੀ ਸੀ।”
“ਹੱਲਾ!”
-
“ਮੀਨਾ, ਅਹਿ ਦੇਖਿਆ, ਅਖ਼ਬਾਰ ਅੱਜ ਦਾ? ਦੇਖ ਉਸ ਪਾਜੀ ਦੀ ਕਿੰਨੀ ਸੋਹਣੀ ਤਸਵੀਰ ਛਪੀ ਏ!” ਰੀਨਾ ਨੇ ਉਸ ਨੂੰ ਅਖ਼ਬਾਰ ਦਿਖਾਉਂਦਿਆਂ ਕਿਹਾ।
ਮੀਨਾ ਨੇ ਅਖ਼ਬਾਰ ਫੜੀ। ਪਹਿਲੇ ਸਫੇ ‘ਤੇ ਕਲ੍ਹ ਦੀ ਛਿੱਤਰ ਪਰੇਡ ਵਾਲੀ ਰੰਗੀਨ ਫੋਟੋ ਛਪੀ ਸੀ, ਉਸ ਦੇ ਚਿਹਰੇ ‘ਤੇ ਪੁਤੀ ਕਾਲਖ, ਪਾਟੇ ਕਪੜੇ, ਮੂੰਹ ‘ਚੋਂ ਨਿਕਲਿਆ ਖ਼ੂਨ ਸਾਫ਼ ਦਿਸ ਰਿਹਾ ਸੀ। ਉਸ ਪਿੱਛੇ ਇਕ ਬੰਦਾ ਜੁੱਤੀ ਚੁੱਕੀ ਖਲੋਤਾ ਸੀ, ਸ਼ਾਇਦ ਮਾਰ ਰਿਹਾ ਹੋਵੇਗਾ। ਮੀਨਾ ਨੇ ਫੋਟੋ ਨੂੰ ਗਹੁ ਨਾਲ ਦੇਖਿਆ, ਉਸ ਦੇ ਚਿਹਰੇ ਦਾ ਰੰਗ ਬਦਲਿਆ, ਸਵੇਰ ਵਾਲੀ ਬੇਬਸੀ ਦੀ ਥਾਂ ਭਿਆਨਕ ਰੋਹ ਨੇ ਲੈ ਲਈ, ਅੱਖਾਂ ‘ਚ ਲਾਲੀ ਉਤਰ ਆਈ, ਗੁੱਸੇ ਨੇ ਉਬਾਲਾ ਖਾਧਾ, ਹੱਥ ਨੇ ਹਰਕਤ ਕੀਤੀ ਤਾਂ ਅਖ਼ਬਾਰ ਪਰ੍ਹੇ ਭੁੜਕ ਕੇ ਸੜਕ ‘ਤੇ ਜਾ ਡਿੱਗਾ; “ਵੱਡਾ ਬੰਦਾ” ਉਹਦੇ ਮੂੰਹ ‘ਚੋਂ ਨਿਕਲਿਆ ਅਤੇ ਉਸ ਘਿਰਣਾ ਨਾਲ ਫੋਟੋ ‘ਤੇ ਥੁੱਕ ਦਿੱਤਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ