Upar Di Aamdan (Punjabi Story) : Kartar Singh Duggal

ਉੱਪਰ ਦੀ ਆਮਦਨ (ਕਹਾਣੀ) : ਕਰਤਾਰ ਸਿੰਘ ਦੁੱਗਲ

ਸੋਚ-ਸੋਚ ਕੇ ਉਨ੍ਹਾਂ ਇਹੀ ਫੈਸਲਾ ਕੀਤਾ ਕਿ ਤਾਏ ਜਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ।ਹੋਰ ਕੋਈ ਚਾਰਾ ਨਹੀਂ ਸੀ।ਤਾਇਆ ਵਿਹਲਾ ਸੀ, ਸੈਰ-ਸਪਾਟੇ ਦਾ ਸ਼ੌਕੀਨ, ਖੁਸ਼ ਹੋ ਕੇ ਆ ਜਾਵੇਗਾ।ਹੋਰ ਜੋ ਵੀ ਆਇਆ, ਤਿੰਨ ਮਹੀਨੇ ਕਿਸੇ ਉਨ੍ਹਾਂ ਕੋਲ ਨਹੀਂ ਬਹਿ ਰਹਿਣਾ ਸੀ।
ਸੋਮਨਾਥ ਤੇ ਉਸ ਦੀ ਤ੍ਰੀਮਤ ਜਾਨਕੀ ਅਜੀਬ ਜੱਕੇ-ਤੱਕੇ ਵਿਚ ਸਨ।ਇਕ ਤਾਂ ਸਰਕਾਰ ਨੇ ਉਨ੍ਹਾਂ ਦੀ ਬਦਲੀ ਬੰਗਲੌਰ ਦੀ ਕਰ ਦਿੱਤੀ ਸੀ।ਪੰਜਾਬੋਂ ਸੈਂਕੜੇ ਮੀਲ ਦੂਰ ਤੇ ਹੁਣ ਬੰਗਲੌਰ ਆਏ ਉਨ੍ਹਾਂ ਨੂੰ ਛੇ ਮਹੀਨੇ ਵੀ ਨਹੀਂ ਹੋਏ ਸਨ ਕਿ ਸੋਮਨਾਥ ਨੂੰ ਇਕ ਕੋਰਸ ਕਰਨ ਲਈ ਗੁਹਾਟੀ ਜਾਣਾ ਪੈ ਰਿਹਾ ਸੀ।ਤਿੰਨ ਮਹੀਨੇ ਦਾ ਕੋਰਸ ਸੀ। ਪਿੱਛੇ ਉਸ ਦੀ ਤ੍ਰੀਮਤ ਤੇ ਬੱਚਾ ਇਕੱਲੇ ਹੋਣਗੇ।ਇੰਨੀ ਵੱਡੀ ਕੋਠੀ ਸੀ, ਸ਼ਹਿਰ ਦੇ ਬਾਹਰਵਾਰ।ਨੌਕਰ-ਚਾਕਰ ਸਨ, ਪਰ ਫਿਰ ਵੀ ਜਨਾਨੀ-ਮੁਹਾਣੀ ਜਾਨਕੀ ਤਿੰਨ ਮਹੀਨੇ ਇਕੱਲਿਆਂ ਕਿਵੇਂ ਕੱਟ ਲੈਂਦੀ।ਮਹਿੰਗਾਈ ਦੇ ਦਿਨ, ਚੋਰੀਆਂ ਇੰਨੀਆਂ ਵਧ ਗਈਆਂ ਸਨ ਕਿ ਕੀੜੀਆਂ ਵਾਂਗ ਅਗਲੇ ਗਲ਼ ਵੱਢ ਸੁੱਟਦੇ।
ਤੇ ਉਨ੍ਹਾਂ ਚਿੱਠੀ ਪਾ ਕੇ ਤਾਏ ਜਵਾਲੇ ਨੂੰ ਸੱਦ ਲਿਆ।ਉਸ ਦੀ ਗੱਡੀ ਦਾ ਭਾੜਾ ਤੇ ਹੋਰ ਰਾਹ ਦਾ ਖਰਚ ਉਸ ਨੂੰ ਮਨੀਆਰਡਰ ਕਰਕੇ ਭੇਜ ਦਿੱਤਾ ਗਿਆ।
ਤਾਏ ਜਵਾਲੇ ਨੇ ਸੁਣਿਆ ਤੇ ਝੱਟ ਤਿਆਰ ਹੋ ਪਿਆ।ਸੋਮਨਾਥ ਨੂੰ ਉਸ ਬੱਚਿਆਂ ਵਾਂਗ ਪਾਲਿਆ ਸੀ। ਸੋਮਨਾਥ ਦਾ ਪਿਓ ਤਾਂ ਉਸ ਨੂੰ ਪੰਜ ਸਾਲ ਦਾ ਛੱਡ ਕੇ ਮਰ ਗਿਆ ਸੀ।ਤਾਏ ਜਵਾਲੇ ਨੇ ਉਸ ਨੂੰ ਪੜ੍ਹਾਇਆ ਸੀ। ਪੜ੍ਹ-ਲਿਖ ਕੇ ਮੁੰਡਾ ਜਦੋਂ ਨੌਕਰ ਹੋਇਆ, ਤਾਏ ਜਵਾਲੇ ਨੇ ਉਸ ਦਾ ਵਿਆਹ ਕੀਤਾ।ਸੋਮਨਾਥ ਤੇ ਆਪਣੇ ਪੁੱਤਰ ਕਾਨ੍ਹ ਸਿੰਘ ਵਿਚ ਤਾਏ ਜਵਾਲੇ ਨੇ ਕਦੀ ਵਿਤਕਰਾ ਨਹੀਂ ਸੀ ਕੀਤਾ।
ਜਦੋਂ ਦਾ ਨੌਕਰੀ ਤੋਂ ਰਿਟਾਇਰ ਹੋਇਆ, ਉਂਜ ਵੀ ਤਾਇਆ ਜਵਾਲਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦਾ।ਭਾਵੇਂ ਕੋਈ ਨਾਤੇਦਾਰ ਹੋਵੇ, ਭਾਵੇਂ ਨਾ ਹੋਵੇ।ਤਾਇਆ ਜਵਾਲਾ ਸਾਰੀ ਉਮਰ ਪਟਵਾਰੀ ਰਿਹਾ ਸੀ।ਸੈਂਕੜੇ ਲੋਕਾਂ ਦੀਆਂ ਖੁੱਭੀਆਂ ਹੋਈਆਂ ਖੇਤੀਆਂ ਉਸ ਕੱਢੀਆਂ ਸਨ।ਹਜ਼ਾਰਾਂ ਲਈ ਹੇਰਾ-ਫੇਰੀਆਂ ਕੀਤੀਆਂ ਸਨ।ਲੱਖਾਂ ਦੇ ਕੰਮ ਆਇਆ ਸੀ।ਆਪਣੇ ਪਿੰਡ ਵਿਚ ਤਾਇਆ ਜਵਾਲਾ ਪਹਿਲਾ ਮੁੰਡਾ ਸੀ, ਜਿਸ ਮਿਡਲ ਪਾਸ ਕੀਤੀ ਸੀ। ਮਿਡਲ ਪਾਸ ਕੀਤੀ ਤੇ ਝੱਟ ਉਸ ਨੂੰ ਨੌਕਰੀ ਮਿਲ ਗਈ ਸੀ।ਸ਼ੁਰੂ-ਸ਼ੁਰੂ ਵਿਚ ਤਾਂ ਉੱਠਦਾ-ਬੈਠਦਾ ਨਾਇਬ ਤਹਿਸੀਲਦਾਰੀ ਦੇ ਸੁਪਨੇ ਵੇਖਦਾ ਰਹਿੰਦਾ, ਪਰ ਪੂਰੇ ਚਾਲੀ ਸਾਲ ਉਹ ਨੌਕਰੀ ਕਰਕੇ ਪਟਵਾਰੀ ਹੀ ਰਿਟਾਇਰ ਹੋਇਆ।ਹਮੇਸ਼ਾ ਜਦੋਂ ਉਸ ਦੀ ਤਰੱਕੀ ਦੀ ਗੱਲ ਤੁਰਦੀ, ਕੋਈ ਨਾ ਕੋਈ ਵਿਘਨ ਪੈ ਜਾਂਦਾ।ਕਦੇ ਕੋਈ ਉਸ ਦੇ ਖ਼ਿਲਾਫ਼ ਸ਼ਿਕਾਇਤ ਕਰ ਦਿੰਦਾ ਕਿ ਉਹ ਵੱਢੀ ਖਾਂਦਾ।ਕਦੇ ਉਸ ਦੇ ਅਫਸਰਾਂ ਨੂੰ ਸ਼ਿਕਾਇਤ ਹੁੰਦੀ, ਉਹ ਉਨ੍ਹਾਂ ਦੀ ਪੱਤੀ ਠੀਕ-ਠੀਕ ਉਨ੍ਹਾਂ ਨੂੰ ਨਹੀਂ ਪਹੁੰਚਾਉਂਦਾ ਸੀ।
ਤਰੱਕੀ ਨਾ ਹੋਈ ਤਾਂ ਕੀ, ਤਾਏ ਜਵਾਲੇ ਦੀ ਉੱਪਰ ਦੀ ਆਮਦਨ ਤਹਿਸੀਲਦਾਰ ਦੀ ਤਨਖਾਹ ਜਿੰਨੀ ਸੀ।ਤਾਏ ਜਵਾਲੇ ਨੂੰ ਕਿਸੇ ਗੱਲ ਦੀ ਕਦੇ ਕੋਈ ਚਿੰਤਾ ਨਹੀਂ ਸੀ ਹੋਈ, ਇਕ ਗਾਂ ਸੁੱਕਦੀ ਤਾਂ ਦੂਜੀ ਉਸ ਦੇ ਕਿੱਲੇ ਨਾਲ ਕੋਈ ਬੰਨ੍ਹ ਜਾਂਦਾ।ਇਕ ਮਹਿੰ ਲੱਤ ਮਾਰਦੀ ਤਾਂ ਕੋਈ ਹੋਰ ਲਵੇਰੀ ਉਸ ਦੇ ਵਿਹੜੇ ਛੱਡ ਜਾਂਦਾ।ਡੰਗਰਾਂ ਦੇ ਚਾਰੇ ਨਾਲ ਕੋਠੜੀਆਂ ਭਰੀਆਂ ਰਹਿੰਦੀਆਂ।ਅਨਾਜ ਦੀਆਂ ਬੋਰੀਆਂ ਛੱਤ-ਛੱਤ ਤੱਕ ਚੜ੍ਹੀਆਂ ਹੁੰਦੀਆਂ।ਘਿਓ, ਗੁੜ, ਤਾਜ਼ਾ ਸਬਜ਼ੀ, ਫ਼ਲ, ਬਜਾਜੀ, ਹਰ ਚੀਜ਼ ਪਟਵਾਰੀ ਦੇ ਘਰ ਤੁਰਦੀ ਰਹਿੰਦੀ।ਤਾਏ ਜਵਾਲੇ ਨੇ ਆਪਣੇ ਹੱਥੀਂ ਸ਼ਾਇਦ ਹੀ ਕਦੇ ਕੱਚੀ ਕੌਡੀ ਖਰਚ ਕੀਤੀ ਹੋਵੇ।ਗਰਜ਼ਮੰਦ ਲੋਕ ਹਰ ਚੀਜ਼ ਉਸ ਦੇ ਘਰ ਪਹੁੰਚਾ ਜਾਂਦੇ।ਤਾਇਆ ਜਵਾਲਾ ਵੀ ਕੰਮ ਆਉਣ ਵਾਲਾ ਬੰਦਾ ਸੀ।ਜੋ ਆਏ, ਸੋ ਰਾਜ਼ੀ ਜਾਏ।
ਰਿਟਾਇਰ ਹੋ ਕੇ ਵੀ ਤਾਇਆ ਜਵਾਲਾ ਲੋਕਾਂ ਦੇ ਕੰਮ ਕਰਾਉਂਦਾ ਰਹਿੰਦਾ।ਜ਼ਿਆਦਾਤਰ ਅਫਸਰ ਉਸ ਦੇ ਜਾਣ-ਪਛਾਣ ਸਨ।ਕਈਆਂ ਨਾਲ ਰਲ ਕੇ ਉਸ ਰਿਸ਼ਵਤ ਖਾਧੀ ਸੀ।ਹੁਣ ਵੀ ਜਦੋਂ ਕਿਸੇ ਦੇ ਜਾਂਦਾ, ਤਾਏ ਜਵਾਲੇ ਦਾ ਹਿੱਸਾ ਉਸ ਨੂੰ ਮਿਲ ਜਾਂਦਾ।
ਸੋਮਨਾਥ ਨੇ ਜਦੋਂ ਦੀ ਹੋਸ਼ ਸੰਭਾਲੀ, ਹਮੇਸ਼ਾ ਤਾਏ ਜਵਾਲੇ ਨਾਲ ਝਗੜਦਾ ਕਿ ਉਸ ਨੂੰ ਰਿਸ਼ਵਤ ਨਹੀਂ ਲੈਣੀ ਚਾਹੀਦੀ ਸੀ।ਤਾਇਆ ਜਵਾਲਾ ਅੱਗੋਂ ਹੱਸ ਛੱਡਦਾ।ਪਟਵਾਰੀ ਦੀ ਤਨਖਾਹ ਅਠਾਰਾਂ ਰੁਪਏ ਸੀ।ਇਸ ਤਨਖਾਹ ਵਿਚ ਕਿਸੇ ਦਾ ਗੁਜ਼ਾਰਾ ਕਿਵੇਂ ਹੋ ਸਕਦਾ ਸੀ? ਅਠਾਰਾਂ ਰੁਪਏ ਤਾਂ ਉਸ ਦੀ ਮਹਿੰ ਮਹੀਨੇ ਵਿਚ ਖਾ ਜਾਂਦੀ ਸੀ।ਸੋਮਨਾਥ ਸੁਣਦਾ ਤੇ ਚੁੱਪ ਹੋ ਜਾਂਦਾ।
''ਹੋਰ ਸਾਰੇ ਪ੍ਰਬੰਧ ਮੈਂ ਕਰ ਦਿੱਤੇ ਨੇ, ਇਕ ਉੱਪਰ ਦੀ ਆਮਦਨ ਦਾ ਇੱਥੇ ਮੈਂ ਤੁਹਾਡਾ ਇੰਤਜ਼ਾਮ ਨਹੀਂ ਕਰ ਸਕਿਆ।'' ਸਟੇਸ਼ਨ ਤੋਂ ਤਾਏ ਜਵਾਲੇ ਨੂੰ ਲਿਆਂਦੇ ਹੋਏ ਸੋਮਨਾਥ ਨੇ ਰਸਤੇ ਵਿਚ ਛੇੜਿਆ।
ਤਾਇਆ ਜਵਾਲਾ ਖੂਬ ਹੱਸਿਆ।ਹਸੀ ਜਾਵੇ, ਹਸੀ ਜਾਵੇ।
ਅਗਲੇ ਦਿਨ ਤਾਏ ਜਵਾਲੇ ਨੂੰ ਸੌਂਪ-ਸੰਪਾਣੀ ਕਰਕੇ ਸੋਮਨਾਥ ਗੁਹਾਟੀ ਤੁਰ ਗਿਆ।
ਸੋਮਨਾਥ ਨੂੰ ਤੁਰੇ ਕੋਈ ਤਿੰਨ ਘੰਟੇ ਹੋਏ ਹੋਣਗੇ ਕਿ ਉਸ ਦਾ ਪੰਜਾਬੀ ਚਪੜਾਸੀ ਦਫ਼ਤਰੋਂ ਨਿੱਜੀ ਡਾਕ ਲੈ ਕੇ ਆਇਆ।ਡਾਕ ਅੰਦਰ ਜਾਨਕੀ ਨੂੰ ਪਹੁੰਚਾ ਕੇ ਤਾਇਆ ਜਵਾਲਾ ਧੁੱਪ ਵਿਚ ਬੈਠਾ ਚਪੜਾਸੀ ਨਾਲ ਗੱਪਾਂ ਮਾਰਨ ਲੱਗ ਪਿਆ।ਚਪੜਾਸੀ ਬੜਾ ਪ੍ਰੇਸ਼ਾਨ ਸੀ। ਉਸ ਦੀ ਧੀ ਜਵਾਨ ਹੋ ਗਈ ਸੀ ਤੇ ਅਜੇ ਤੱਕ ਉਸ ਨੂੰ ਕੋਈ ਮੁੰਡਾ ਨਹੀਂ ਮਿਲਿਆ ਸੀ।ਇੰਨੇ ਦੂਰ ਬੈਠਾ ਉਹ ਕਿਵੇਂ ਆਪਣੀ ਕੁੜੀ ਲਈ ਯੋਗ ਵਰ ਢੂੰਡੇ? ਚਪੜਾਸੀ ਦੀ ਤ੍ਰੀਮਤ ਬਿਮਾਰ ਰਹਿੰਦੀ ਸੀ।ਉਸ ਨੂੰ ਸੰਗ੍ਰਹਿਣੀ ਹੋ ਗਈ ਸੀ।ਕੋਈ ਕਹਿੰਦਾ ਬਚ ਜਾਵੇਗੀ, ਕੋਈ ਕਹਿੰਦਾ ਨਹੀਂ ਬਚੇਗੀ। ਚਪੜਾਸੀ ਕਹਿੰਦਾ, ਜੋ ਕੁਝ ਹੋਣਾ ਸੀ ਹੋਵੇ, ਵਿਚੋਂ ਕਜੀਆ ਮੁੱਕੇ।ਉਸ ਦੀ ਬਿਮਾਰੀ ਤੋਂ ਉਹ ਬੜਾ ਅਵਾਜ਼ਾਰ ਸੀ। ਫਿਰ ਉੱਧਰ ਦਫ਼ਤਰ ਵਿਚ ਮਦਰਾਸੀ ਵੱਡਾ ਬਾਬੂ ਉਸ ਨੂੰ ਸਾਹ ਨਹੀਂ ਸੀ ਲੈਣ ਦਿੰਦਾ।ਹੁਣ ਉਸਦੀ ਦਫ਼ਤਰੀ ਬਣਨ ਦੀ ਵਾਰੀ ਸੀ ਤੇ ਹੈੱਡ ਕਲਰਕ ਕਿਸੇ ਹੋਰ ਦੀ ਮਦਦ ਕਰ ਰਿਹਾ ਸੀ।ਚਪੜਾਸੀ ਕਹਿੰਦਾ, ਉਸ ਨੂੰ ਪੱਕਾ ਯਕੀਨ ਸੀ ਕਿ ਵੱਡਾ ਬਾਬੂ ਸੋਮਨਾਥ ਦੇ ਵੀ ਕੰਨ ਭਰ ਦੇਵੇਗਾ ਤੇ ਤਰੱਕੀ ਕਿਸੇ ਹੋਰ ਦੀ ਹੋ ਜਾਵੇਗੀ।
ਤਾਇਆ ਜਾਵਲਾ ਚਪੜਾਸੀ ਦੀਆਂ ਗੱਲਾਂ ਸੁਣ ਰਿਹਾ, ਕਿੰਨੇ ਚਿਰ ਤੋਂ ਉਸ ਦੇ ਮੂੰਹ ਵੱਲ ਵੇਖ ਉਸ ਦੀਆਂ ਅੱਖਾਂ ਵਿਚ ਝਾਕ ਰਿਹਾ ਸੀ।ਫਿਰ ਗੱਲਾਂ ਕਰਦੇ-ਕਰਦੇ ਉਹ ਬਾਹਰ ਕੋਠੀ ਦੇ ਫਾਟਕ ਤੱਕ ਨਿਕਲ ਗਏ।ਫਾਟਕ ਦੇ ਬਾਹਰ ਚਪੜਾਸੀ ਤੇ ਫਾਟਕ ਦੇ ਅੰਦਰ ਤਾਇਆ ਜਵਾਲਾ ਤੇ ਫਿਰ ਚਪੜਾਸੀ ਦਾ ਹੱਥ ਉਸ ਦੀ ਜੇਬ ਵਿਚ ਗਿਆ।ਫਿਰ ਉਹੀ ਹੱਥ ਤਾਏ ਜਵਾਲੇ ਦੀ ਮੁੱਠੀ ਵੱਲ ਵਧਿਆ, ਗਰੀਬ ਚਪੜਾਸੀ ਦਾ ਕੰਬਦਾ ਹੱਥ।ਫਿਰ ਤਾਏ ਜਵਾਲੇ ਨੇ ਫਾਟਕ ਬੰਦ ਕਰ ਲਿਆ।
ਗਰਮ-ਗਰਮ ਮੁੱਠੀ ਤਾਇਆ ਜਵਾਲਾ ਧੁੱਪ ਵਿਚ ਮੁੜ ਆ ਬੈਠਾ, ਚਿਟਕਾ ਲਵਾਉਣ ਲੱਗ ਪਿਆ। ਸਵਾਦ-ਸਵਾਦ, ਗਠੁੱਲੇ 'ਤੇ ਧੁੱਪ ਵਿਚ ਬੈਠੇ ਤਾਏ ਜਵਾਲੇ ਦੀ ਅੱਖ ਲੱਗ ਗਈ।
''ਇਹ ਤੁਹਾਡੀ ਜੇਬ ਵਿਚ ਕੀ ਏ?'' ਉਸ ਦੀ ਨੂੰਹ ਜਾਨਕੀ ਨੇ ਤਾਏ ਜਵਾਲੇ ਤੋਂ ਪੁੱਛਿਆ।
''ਉਂਜ ਹੀ ਛਿੱਲੜ ਹੈ।'' ਤਾਇਆ ਜਵਾਲਾ ਸਾਹੋ-ਸਾਹ ਉੱਠ ਖਲੋਤਾ।ਪਸੀਨਿਉਂ-ਪਸੀਨਿਉਂ ਹੋ ਰਿਹਾ ਸੀ।
ਸੁਪਨਾ ਸੀ।ਤਾਇਆ ਜਵਾਲਾ ਸੋਮਨਾਥ ਦੇ ਬੱਚੇ ਨੂੰ ਕੁੱਛੜ ਚੁੱਕੀ, ਕੋਠੀ ਦੇ ਲਾਅਨ ਵਿਚ ਟਹਿਲਣ ਲੱਗ ਪਿਆ।ਖਾਣਾ ਮੇਜ਼ 'ਤੇ ਲੱਗ ਗਿਆ ਸੀ।ਤਾਏ ਜਵਾਲੇ ਨੂੰ ਨੌਕਰ ਆਦਰ ਨਾਲ ਸੱਦ ਕੇ ਅੰਦਰ ਲੈ ਗਿਆ।
ਦੁਪਹਿਰ ਦੇ ਖਾਣੇ ਤੋਂ ਬਾਅਦ ਜਾਨਕੀ ਸੌਂਦੀ ਸੀ, ਬੱਚੇ ਨੇ ਵੀ ਸੌਂ ਜਾਣਾ ਸੀ।ਜਾਨਕੀ ਦੀ ਮਰਜ਼ੀ ਸੀ ਕਿ ਤਾਇਆ ਜਵਾਲਾ ਵੀ ਆਰਾਮ ਕਰ ਲਵੇ। ਮੁੜ-ਮੁੜ ਉਹ ਕਹਿੰਦੀ, ਤੁਸੀਂ ਝੱਟ ਘੜੀ ਚਾਰਪਾਈ 'ਤੇ ਲੱਕ ਸਿੱਧਾ ਕਰ ਲਵੋ। ਪਰ ਤਾਏ ਜਵਾਲੇ ਨੂੰ ਜਿਵੇਂ ਸੌਣ ਦੇ ਖ਼ਿਆਲ ਤੋਂ ਡਰ ਆ ਰਿਹਾ ਹੋਵੇ ਤੇ ਉਹ ਬਾਹਰ ਨਿਕਲ ਗਿਆ।ਸਾਹਮਣੇ ਰੇਲਵੇ ਲਾਈਨ ਦੇ ਉਸ ਪਾਸੇ ਹਾਟ ਲੱਗਾ ਹੋਇਆ ਸੀ।ਤਾਇਆ ਜਵਾਲਾ ਸ਼ਾਮ ਤੱਕ ਘੁੰਮਦਾ ਰਿਹਾ।ਜਦੋਂ ਮੁੜਿਆ ਤਾਂ ਉਹ ਕੁਝ ਸਬਜ਼ੀ, ਕੁਝ ਫ਼ਲ ਤੇ ਸੋਮਨਾਥ ਦੇ ਬੱਚੇ ਲਈ ਇਕ ਖਿਡੌਣਾ ਖਰੀਦ ਲਿਆਇਆ।ਘਰ ਪੁੱਜਾ ਤਾਂ ਤਾਇਆ ਜਿਵੇਂ ਲੱਦਿਆ ਹੋਵੇ।''ਇਹ ਤੁਸੀਂ ਕਾਹਨੂੰ ਤਕਲੀਫ਼ ਕੀਤੀ ਏ?'' ਮੁੜ-ਮੁੜ ਜਾਨਕੀ ਕਹਿੰਦੀ।ਉਹ ਤਾਂ ਹਰ ਰੋਜ਼ ਸਵੇਰੇ ਮੋਟਰ 'ਤੇ ਬਾਜ਼ਾਰ ਜਾਂਦੀ ਸੀ ਤੇ ਆਪਣੇ ਹੱਥੀਂ ਸਬਜ਼ੀ, ਫ਼ਲ ਆਦਿ ਖਰੀਦ ਕੇ ਲਿਆਂਦੀ ਸੀ।ਫਿਰ ਜਾਨਕੀ ਨੇ ਜ਼ਿੱਦ ਕਰਕੇ ਤਾਏ ਕੋਲੋਂ ਪੂਰਾ ਹਿਸਾਬ ਲਿਆ ਤੇ ਕੌਡੀ-ਕੌਡੀ ਜਿਹੜੀ ਖਰਚ ਕੀਤੀ ਸੀ, ਉਸ ਨੂੰ ਮੋੜ ਦਿੱਤੀ।ਦਸਾਂ ਦਾ ਨੋਟ ਉਂਜ ਦਾ ਉਂਜ ਤਾਏ ਜਵਾਲੇ ਦੀ ਜੇਬ ਵਿਚ ਆ ਗਿਆ।
ਉਸ ਦਿਨ ਤਰਕਾਲਾਂ ਵੇਲੇ ਜਾਨਕੀ ਤਾਏ ਜਵਾਲੇ ਨੂੰ ਉਥੋਂ ਦਾ ਮੰਦਰ ਵਿਖਾਉਣ ਤੁਰ ਪਈ।ਮੰਦਰ ਕੋਈ ਦੂਰ ਨਹੀਂ ਸੀ, ਪੈਦਲ ਹੀ ਉਹ ਗਏ।ਮੰਦਰ ਤੋਂ ਬਾਹਰ ਜਾਨਕੀ ਨੇ ਬਟੂਆ ਖੋਲ੍ਹਿਆ ਤੇ ਅੰਦਰ ਮੱਥਾ ਟੇਕਣ ਲਈ ਇਕ ਰੁਪਿਆ ਆਪਣੇ ਲਈ ਕੱਢਿਆ ਤੇ ਇਕ ਚਾਂਦੀ ਦਾ ਰੁਪਇਆ ਤਾਏ ਜਵਾਲੇ ਨੂੰ ਦਿੱਤਾ।
ਸਾਰਾ ਸਮਾਂ ਮੰਦਰ ਵਿਚ ਬੈਠਾ ਕੀਰਤਨ ਸੁਣਦਾ ਰਿਹਾ ਤੇ ਤਾਏ ਜਵਾਲੇ ਨੂੰ ਲੱਗਦਾ ਕੋਈ ਚੀਜ਼ ਉਸ ਦੇ ਸੀਨੇ 'ਤੇ ਜਿਵੇਂ ਚੁਭ ਰਹੀ ਹੋਵੇ।ਇਹ ਦਸ ਦਾ ਨੋਟ ਸੀ।ਮੁੜ-ਮੁੜ ਤਾਇਆ ਜਵਾਲਾ ਆਪਣੇ ਮਨ ਨੂੰ ਸਮਝਾਉਂਦਾ।ਅੰਦਰ ਦੀ ਜੇਬ ਵਿਚ ਰੱਖਿਆ ਇਹ ਨੋਟ ਸੀ।ਅੱਜ-ਕੱਲ ਦੇ ਨੋਟ ਕਿਵੇਂ ਆਕੜੇ ਹੋਏ ਹੁੰਦੇ ਹਨ।
ਅਗਲੀ ਸਵੇਰ ਸੌਂ ਕੇ ਉਠਿਆ ਤਾਂ ਤਾਏ ਜਵਾਲੇ ਲਈ ਉਰਦੂ ਦਾ ਅਖ਼ਬਾਰ ਉਡੀਕ ਕਰ ਰਿਹਾ ਸੀ।ਸਿਆਣੀ ਨੂੰਹ ਨੇ ਪਹਿਲਾਂ ਹੀ ਇਸ ਦਾ ਪ੍ਰਬੰਧ ਕਰ ਦਿੱਤਾ ਸੀ।ਉਸ ਨੂੰ ਪਤਾ ਸੀ ਕਿ ਤਾਏ ਦੀ ਅਖ਼ਬਾਰ ਤੋਂ ਬਿਨਾਂ ਰੋਟੀ ਨਹੀਂ ਸੀ ਲੰਘਦੀ ਤੇ ਉਰਦੂ ਤੋਂ ਬਿਨਾਂ ਉਸ ਨੂੰ ਹੋਰ ਕੋਈ ਜ਼ਬਾਨ ਨਹੀਂ ਆਉਂਦੀ ਸੀ।ਜਿੰਨੇ ਦਿਨ ਤਾਏ ਨੇ ਉਨ੍ਹਾਂ ਕੋਲ ਰਹਿਣਾ ਸੀ, ਉਸ ਦਾ ਅਖ਼ਬਾਰ ਸਵੇਰੇ ਆ ਜਾਇਆ ਕਰੇਗਾ।
ਬੀੜੀ ਪੀਣ ਦਾ ਸ਼ੌਕੀਨ ਸੀ।ਨੂੰਹ ਰਾਣੀ ਨੇ ਉਸ ਦੇ ਆਉਣ ਤੋਂ ਪਹਿਲਾਂ ਬੀੜੀਆਂ ਦੇ ਕਈ ਪੈਕਟ ਉਸ ਦੇ ਕਮਰੇ ਵਿਚ ਲਿਆ ਰੱਖੇ ਸਨ।ਜਿੰਨੀਆਂ ਮਰਜ਼ੀ ਪੀਵੇ।ਬੀੜੀਆਂ ਬੰਗਲੌਰ ਵਿਚ ਹੀ ਤਾਂ ਬਣੀਆਂ ਸਨ।
ਸਾਰੀ ਉਮਰ ਤਾਏ ਜਵਾਲੇ ਦਾ ਇਕੋ-ਇਕ ਜੋੜਾ ਹੁੰਦਾ ਸੀ; ਉਹੀ ਧੋਂਦਾ, ਉਹੀ ਪਾਉਂਦਾ।ਜਾਨਕੀ ਨੇ ਪਹਿਲੀ ਗੱਲ ਇਹ ਕੀਤੀ ਕਿ ਤਾਏ ਲਈ ਛੇ ਜੋੜੇ ਕੱਪੜਿਆਂ ਦੇ ਬਣਵਾਏ।ਬਾਕੀ ਘਰ ਦੇ ਕੱਪੜਿਆਂ ਦੇ ਨਾਲ ਉਸ ਦੇ ਕੱਪੜੇ ਵੀ ਧੋਬੀ ਕੋਲ ਧੋਣ ਲਈ ਜਾਂਦੇ।ਜਾਨਕੀ ਹਰ ਰੋਜ਼ ਉਸ ਦੇ ਕੱਪੜੇ ਬਦਲਵਾ ਦਿੰਦੀ।ਤਾਇਆ ਜਵਾਲਾ ਇਕ ਕਮੀਜ਼ ਦੀ ਜੇਬ ਵਿਚੋਂ ਦੂਜੀ ਜੇਬ ਵਿਚ ਦਸਾਂ ਦਾ ਨੋਟ ਕੱਢਦਾ ਤੇ ਪਾਉਂਦਾ ਰਹਿੰਦਾ।ਅੱਜ ਕਿੰਨੇ ਦਿਨ ਉਸ ਨੂੰ ਇੱਥੇ ਆਏ ਨੂੰ ਹੋ ਗਏ ਸਨ, ਇਕ ਪੈਸਾ ਉਸ ਨੂੰ ਖ਼ਰਚ ਕਰਨਾ ਨਹੀਂ ਪਿਆ ਸੀ।ਗਾਹ-ਗਹਾੜੇ ਦੇ ਪ੍ਰਸ਼ਾਦੇ ਲੰਗਰੋਂ। ਚੰਗੀ ਤੋਂ ਚੰਗੀ ਰੋਟੀ ਖਾਣ ਨੂੰ ਮਿਲ ਜਾਂਦੀ ਸੀ।ਧੋਬੀ ਦੇ ਧੋਤੇ ਹੋਏ ਸਾਫ਼ ਕੱਪੜੇ ਪਾਉਣ ਨੂੰ ਮਿਲ ਜਾਂਦੇ ਸਨ ਤੇ ਰਹਿਣ ਲਈ ਨਿਵੇਕਲਾ ਕਮਰਾ ਸੀ।
ਬਾਹਰ ਜਾਂਦਾ, ਕੁਝ ਨਾ ਕੁਝ ਖਰੀਦ ਲਿਆਂਦਾ।ਘਰ ਪੁੱਜਦਾ ਤਾਂ ਪਹਿਲੀ ਗੱਲ, ਜਾਨਕੀ ਪੈਸਾ-ਪੈਸਾ ਉਸਦਾ ਉਸ ਨੂੰ ਮੋੜ ਦਿੰਦੀ ਤੇ ਮੁੜ-ਮੁੜ ਕਹਿੰਦੀ ਉਹ ਖੇਚਲ ਨਾ ਕਰਿਆ ਕਰੇ।ਉਹ ਆਪ ਜੋ ਬਾਜ਼ਾਰ ਜਾਂਦੀ ਸੀ, ਜਿਹੜੀ ਚੀਜ਼ ਉਸ ਨੂੰ ਲੋੜ ਹੁੰਦੀ, ਜਾਨਕੀ ਆਪ ਮੋਟਰ 'ਤੇ ਜਾ ਕੇ ਖਰੀਦ ਲਿਆਂਦੀ, ਸਗੋਂ ਇਸ ਤਰਾਂ ਮੋਟਰ ਦੀ ਬੈਟਰੀ ਵੀ ਤਾਜ਼ਾ ਹੋ ਜਾਂਦੀ ਸੀ।ਗਰੀਬ-ਗੁਰਬੇ ਨੂੰ ਦੇਣ ਲਈ, ਹੋਰ ਘਰ ਦਾ ਨਿੱਕ-ਸੁੱਕ ਖਰੀਦਣ ਲਈ ਹਮੇਸ਼ਾ ਜਾਨਕੀ ਤਾਏ ਕੋਲ ਕੁਝ ਟੁੱਟੇ ਪੈਸੇ ਰੱਖਦੀ।ਉਹ ਖਤਮ ਹੋ ਜਾਂਦੇ, ਹੋਰ ਦੇ ਦਿੰਦੀ।ਤਾਏ ਜਵਾਲੇ ਨੂੰ ਸਮਝ ਨਾ ਆਉਂਦੀ ਕਿ ਦਸਾਂ ਦੇ ਨੋਟ ਦਾ ਉਹ ਕੀ ਕਰੇ।ਦੋ ਹਫ਼ਤੇ ਗੁਜ਼ਰ ਗਏ ਸਨ।ਅਜੇ ਤੱਕ ਨੋਟ ਸਗਵੇਂ ਦਾ ਸਗਵਾਂ ਪਿਆ ਸੀ।ਇਕ ਪੈਸਾ ਨਹੀਂ ਉਸ ਦੇ ਵਿਚੋਂ ਤਾਏ ਦਾ ਕਿਤੇ ਖਰਚ ਹੋ ਸਕਿਆ।ਖਰਚ ਕਰਦਾ ਵੀ ਕਿੱਥੇ?
ਫਿਰ ਇਕ ਦਿਨ ਤਾਇਆ ਬਾਹਰ ਬਰਾਂਡੇ ਵਿਚ ਬੈਠਾ ਅਖ਼ਬਾਰ ਪੜ ਰਿਹਾ ਸੀ ਕਿ ਅੰਦਰੋਂ ਨੌਕਰ ਆਇਆ ਤੇ ਕਿਹਾ, ''ਇਹ ਤੁਹਾਡਾ ਦਸਾਂ ਦਾ ਨੋਟ ਤੁਹਾਡੀ ਚਾਰਪਾਈ ਹੇਠ ਪਿਆ ਸੀ।'' ਨੌਕਰ ਨੇ ਨੋਟ ਤਾਏ ਦੇ ਹਵਾਲੇ ਕਰ ਦਿੱਤਾ।ਤਾਇਆ ਜਵਾਲਾ ਸੋਚ-ਸੋਚ ਕੇ ਹੈਰਾਨ ਹੁੰਦਾ, ਇੰਜ ਸਾਰੀ ਜ਼ਿੰਦਗੀ ਵਿਚ ਉਸ ਕਦੀ ਪੱਲਿਓਂ ਪੈਸਾ ਨਹੀਂ ਗੁਆਇਆ ਸੀ।ਕਦੋਂ ਨੋਟ ਉਸ ਦੀ ਜੇਬ ਵਿਚੋਂ ਨਿਕਲ ਕੇ ਹੇਠਾਂ ਡਿੱਗ ਪਿਆ, ਉਸ ਨੂੰ ਸਮਝ ਨਹੀਂ ਆ ਰਹੀ ਸੀ।
ਕੁਝ ਦਿਨ ਬੀਤੇ ਤੇ ਧੋਬੀ ਘਰੋਂ ਉਚੇਚਾ ਮੁੜ ਕੇ ਆਇਆ।ਤਾਏ ਜਵਾਲੇ ਨੇ ਜਿਹੜੀ ਕਮੀਜ਼ ਧੋਣ ਲਈ ਭੇਜੀ ਸੀ, ਉਸ ਦੀ ਜੇਬ ਵਿਚੋਂ ਉਸ ਨੂੰ ਦਸਾਂ ਦਾ ਨੋਟ ਮਿਲਿਆ ਸੀ।ਤਾਏ ਜਵਾਲੇ ਨੇ ਸੁਣਿਆ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਇਸ ਤਰ੍ਹਾਂ ਤਾਂ ਉਸ ਦੀ ਸਾਰੀ ਹਯਾਤੀ ਵਿਚ ਕਦੇ ਨਹੀਂ ਹੋਇਆ ਸੀ।
ਫਿਰ ਤਾਏ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਉਸ ਨੋਟ ਦੀ ਖ਼ਬਰੇ ਕੋਈ ਵੁੱਕਤ ਹੀ ਨਹੀਂ ਸੀ।ਰਹਿਣ ਲਈ ਘਰ ਸੀ ਤੇ ਪਾਉਣ ਨੂੰ ਕੱਪੜੇ ਸਨ।ਦੋਵਾਂ ਵੇਲੇ ਚੰਗਾ-ਚੋਖਾ ਖਾਣ ਨੂੰ ਪੱਕਿਆ-ਪਕਾਇਆ ਮਿਲ ਜਾਂਦਾ ਸੀ, ਉਸ ਨੂੰ ਜਿਵੇਂ ਉਸ ਨੋਟ ਦੀ ਕੋਈ ਲੋੜ ਹੀ ਨਹੀਂ ਸੀ।
ਫਿਰ ਇੰਜ ਹੋਣ ਲੱਗਾ।ਹਰ ਰੋਜ਼ ਰਾਤ ਨੂੰ ਸੁੱਤੇ-ਸੁੱਤੇ ਤਾਏ ਜਵਾਲੇ ਦੀ ਅੱਖ ਖੁੱਲ ਜਾਂਦੀ।ਕੇਹੇ ਭੈੜੇ ਸੁਪਨੇ ਉਸ ਨੂੰ ਆਉਂਦੇ ਸਨ।ਹਰ ਰੋਜ਼ ਜਿਵੇਂ ਇਕ ਕੰਡਿਆਲਾ ਸੱਪ ਆਉਂਦਾ ਤੇ ਉਸ ਦੀ ਛਾਤੀ 'ਤੇ ਉਸ ਨੂੰ ਡੰਗਦਾ।ਹਰ ਰੋਜ਼ ਭੋਥਲ ਕੇ ਉਹ ਜਾਗ ਪੈਂਦਾ।ਦਰਅਸਲ ਉਹ ਨੋਟ ਸੀ।ਜੇਬ ਵਿਚ ਪਿਆ ਨੋਟ ਰਾਤ ਨੂੰ ਖ਼ਬਰੇ ਤਾਏ ਜਵਾਲੇ ਨੂੰ ਚੁਭਦਾ ਸੀ ਤੇ ਉਸ ਨੂੰ ਹਰ ਰੋਜ਼ ਭੈੜੇ-ਭੈੜੇ ਸੁਪਨੇ ਆਉਣ ਲੱਗਦੇ।
ਤਾਇਆ ਜਵਾਲਾ ਦਸਾਂ ਦੇ ਨੋਟ ਤੋਂ ਡਾਹਢਾ ਤੰਗ ਸੀ।ਨਾ ਖਰਚ ਹੋ ਸਕਦਾ ਤੇ ਨਾ ਕਿਤੇ ਸੰਭਾਲਿਆ ਜਾ ਸਕਦਾ। ਜਿੱਥੇ ਰੱਖਦਾ ਤੇ ਭੁੱਲਦਾ, ਕੋਈ ਨਾ ਕੋਈ ਨੌਕਰ ਮੁੜ ਉਸ ਦੀ ਤਲੀ 'ਤੇ ਲਿਆ ਰੱਖਦਾ।ਤਾਇਆ ਜਵਾਲਾ ਬੜਾ ਪ੍ਰੇਸ਼ਾਨ ਸੀ।ਫਿਰ ਇਕ ਦਿਨ ਦਫ਼ਤਰ ਦਾ ਚਪੜਾਸੀ ਜਦੋਂ ਡਾਕ ਦੇ ਕੇ ਜਾ ਰਿਹਾ ਸੀ ਤਾਂ ਤਾਇਆ ਉਸ ਦੇ ਨਾਲ ਕੋਠੀ ਦੇ ਫਾਟਕ ਤੱਕ ਤੁਰ ਪਿਆ।ਫਾਟਕ ਖੁੱਲਣ ਵੇਲੇ ਅੱਜ ਤਾਏ ਜਵਾਲੇ ਦਾ ਹੱਥ ਜੇਬ ਵਿਚ ਗਿਆ ਤੇ ਫਿਰ ਉਹੀ ਹੱਥ ਚਪੜਾਸੀ ਦੀ ਮੁੱਠੀ ਵੱਲ ਵਧਿਆ।
ਚਪੜਾਸੀ ਹੈਰਾਨ ਸੀ।''ਤੂੰ ਇਹ ਮੋੜ ਲੈ, ਤੇਰਾ ਕੰਮ ਵੀ ਹੋ ਜਾਵੇਗਾ'', ਤਾਏ ਜਵਾਲੇ ਨੇ ਚਪੜਾਸੀ ਦੀ ਮੁੱਠੀ ਭੀੜਦੇ ਹੋਏ ਉਸ ਨੂੰ ਯਕੀਨ ਦਿਵਾਇਆ ਤੇ ਫਿਰ ਕਾਹਲੀ-ਕਾਹਲੀ ਕੋਠੀ ਦਾ ਫਾਟਕ ਬੰਦ ਕਰ ਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ