Ujaar (Punjabi Story) : Kulwant Singh Virk

ਉਜਾੜ (ਕਹਾਣੀ) : ਕੁਲਵੰਤ ਸਿੰਘ ਵਿਰਕ

ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਏਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ 'ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰ੍ਹੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ। ਉਸਦੇ ਮੂੰਹ ਤੇ ਕੋਈ ਝੁਰੜੀ ਨਹੀਂ ਦਿਸਦੀ ਸੀ, ਸਗੋਂ ਚਿੱਟੀ ਪਲਮਦੀ ਦਾੜ੍ਹੀ ਦੇ ਉੱਤੇ ਉਸਦੀਆਂ ਗੋਰੀਆਂ ਗੱਲ੍ਹਾਂ ਅਜੇ ਥਿੰਦਿਆਈ ਦੀ ਭਾਹ ਮਾਰਦੀਆਂ। ਉਸਦੀ ਨਜ਼ਰ ਪਹਿਲਾਂ ਤੋਂ ਵੀ ਤੇਜ਼ ਹੋ ਗਈ ਜਾਪਦੀ ਸੀ। ਅਜੇ ਅਗਲੇ ਦਿਨ ਉਹ ਤੇ ਉਸਦਾ ਨਿੱਕਾ ਪੁੱਤਰ ਆਪਣੀ ਭੁੱਲੀ ਹੋਈ ਗਾਂ ਲੱਭਣ ਚੜ੍ਹੇ ਸਨ ਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੂਰ ਚੁਗਦੀ ਗਾਂ ਵੇਖ ਕੇ ਪਛਾਣ ਲਈ ਸੀ। ਦੰਦਾਂ ਵਿੱਚ ਪੀੜ ਹੋਣ ਕਰਕੇ ਉਸਨੇ ਬਹੁਤ ਸਾਰੇ ਦੰਦ ਕਢਵਾ ਦਿੱਤੇ ਹੋਏ ਸਨ, ਪਰ ਇਸ ਨਾਲ ਉਸਦੇ ਚਿਹਰੇ ਦਾ ਰੁਹਬ ਨਹੀਂ ਸੀ ਵਿਗੜਿਆ।ਹਾਂ, ਦਾਲ ਸਲੂਣੇ ਬਿਨਾਂ ਉਹ ਰੋਟੀ ਔਖੀ ਹੀ ਖਾ ਸਕਦਾ ਸੀ ਤੇ ਹਰ ਸਲੂਣੇ ਵਿੱਚ ਉਹ ਤਰੀ ਜ਼ਰੂਰ ਚਾਹੁੰਦਾ ਸੀ। ਇੱਕ ਵਾਰੀ ਜਦੋਂ ਉਹਦੀ ਬੁੱਢੀ ਵਹੁਟੀ ਨੇ ਗੋਭੀ ਘਿਓ ਵਿੱਚ ਭੁੰਨ ਕੇ ਬਣਾ ਦਿੱਤੀ ਤਾਂ ਉਸ ਬੜਾ ਖਿਝ ਕੇ ਆਖਿਆ, "ਗੋਭੀ ਠੀਕ ਬਣਾਣੀਂ ਏਂ ਤੂੰ, ਜਿਵੇਂ ਆਂਡੜੇ ਹੁੰਦੇ ਨੇ।" ਗੰਨੇ ਤੇ ਬੇਰਾਂ ਦੇ ਸਵਾਦ ਤੋਂ ਹੁਣ ਉਹ ਵਾਂਝਾ ਹੋ ਗਿਆ ਸੀ ਤੇ ਦਾਣੇ ਚੱਬਣੇ ਉਸ ਲਈ ਅਸਲੋਂ ਅਸੰਭਵ ਸਨ। ਇਹਨਾਂ ਸਾਰੀਆਂ ਚੀਜ਼ਾਂ ਦੀ ਕਸਰ ਉਹ ਵਧੇਰਾ ਦੁੱਧ ਪੀ ਕੇ ਕੱਢ ਲੈਂਦਾ। ਸ਼ਾਇਦ ਇਸੇ ਦੁੱਧ ਦਾ ਸਦਕਾ ਹੀ ਸੀ ਕਿ ਜਦੋਂ ਕੋਈ ਕਾਮਾਂ ਹਲ ਖਲ੍ਹਾਰ ਕੇ ਪੈਲੀ ਦੀਆਂ ਗੁੱਠਾਂ ਗੋਡਣ ਲਗਦਾ ਤਾਂ ਆਲਾ ਸਿੰਘ ਖਲੋਤਾ ਹਲ ਆਪ ਹਿੱਕ ਲੈਂਦਾ।
ਇਹਨਾਂ ਬੁੱਢਿਆਂ ਢੱਗਿਆਂ ਦੀ ਉਹ ਰਗ ਰਗ ਤੋਂ ਜਾਣੂੰ ਸੀ। ਇਸ ਧੌਲੇ ਢੱਗੇ ਦੀ ਮਾਂ ਦੀ ਮਾਂ ਉਸ ਦੇ ਪੁੱਤਰ ਦੇ ਦਾਜ ਵਿੱਚ ਆਈ ਸੀ ਤੇ ਉਸਦੇ ਘਰ ਆ ਕੇ ਦਸ ਸੂਏ ਸੂਈ ਸੀ। ਉਹਨਾਂ ਦਸ ਸੂਇਆਂ ਵਿੱਚ ਇੱਕ ਇਸ ਬੁੱਢੇ ਢੱਗੇ ਦੀ ਮਾਂ ਸੀ। ਨਿੱਕਾ ਹੁੰਦਾ ਇਹ ਧੌਲਾ ਢੱਗਾ ਬੜਾ ਸ਼ੈਤਾਨ ਸੀ। ਜਦੋਂ ਆਲਾ ਸਿੰਘ ਇਸ ਨੂੰ ਖੋਲ੍ਹ ਕੇ ਗਾਂ ਹੇਠ ਛੱਡਦਾ ਤਾਂ ਇਹ ਗਾਂ ਵੱਲ ਏਡੀ ਜ਼ੋਰ ਦੀ ਭੱਜਦਾ ਕਿ ਇਸ ਤੋਂ ਗਾਂ ਦੇ ਕੋਲ ਆਪਣੇ ਆਪ ਨੂੰ ਠੱਲ੍ਹਿਆ ਨਾ ਜਾਂਦਾ ਤੇ ਇਹ ਗਾਂ ਦੇ ਹੇਠ ਪੈਣ ਦੀ ਥਾਂ ਉਸ ਕੋਲੋਂ ਅਗਾਂਹ ਲੰਘ ਜਾਂਦਾ ਤੇ ਫਿਰ ਮੁੜ ਕੇ ਆਉਂਦਾ। ਗਾਂ ਚੁੰਘਦੇ ਨੂੰ ਬੰਨ੍ਹਣ ਲੱਗਿਆਂ ਪੈਰ ਮਿੱਧ ਦੇਂਦਾ ਤੇ ਕਦੀ-ਕਦੀ ਗੁੱਸੇ ਵਿੱਚ, ਬੰਨ੍ਹ ਕੇ ਪਿਛਾਂਹ ਹਟਣ ਲੱਗਿਆਂ ਨੂੰ, ਸਿਰ ਵੀ ਮਾਰਦਾ।
ਇਸ ਦੀ ਉਮਰ ਦੇ ਦੂਜੇ ਵਰ੍ਹੇ ਜਦੋਂ ਸਾਰੇ ਡੰਗਰ ਚੁਗਣ ਲਈ ਛਿੜਦੇ ਤਾਂ ਇਹ ਵਹਿੜਕਾ ਖੁਰਲੀ ਤੇ ਹੀ ਬੱਧਾ ਰਹਿੰਦਾ। ਖੁਲ੍ਹਿਆ ਹੋਇਆ ਤੇ ਇਹ ਕਾਬੂ ਹੀ ਨਹੀਂ ਸੀ ਆਉਂਦਾ। ਇਕ ਵੇਰ ਇਹ ਰੱਸਾ ਤੁੜਾ ਕੇ ਖੁਲ੍ਹ ਗਿਆ ਸੀ ਤੇ ਅੰਨੇਵਾਹ ਬੜੀ ਦੂਰ ਭੱਜ ਗਿਆ। ਮਸਾਂ ਮਸਾਂ ਆਲਾ ਸਿੰਘ ਦੇ ਪੁੱਤਰ ਨੇ ਘੋੜੀ ਤੇ ਚੜ੍ਹ ਕੇ ਇਸ ਨੂੰ ਵੇੜ੍ਹ ਕੇ ਆਂਦਾ ਤੇ ਕਈਆਂ ਜਾਣਿਆਂ ਰਲ ਕੇ ਫੜਿਆ।
ਤੇ ਤੀਜੇ ਵਰ੍ਹੇ ਇਸ ਨੇ ਬੱਧੇ ਬੱਧੇ ਹੀ ਇੱਕ ਮੱਝ ਤ੍ਰਟ ਦਿੱਤੀ ਤੇ ਆਲਾ ਸਿੰਘ ਨੂੰ ਮੱਝ ਨੂੰ ਬੀਮਾਰ ਹੋਣ ਤੋਂ ਬਚਾਉਣ ਲਈ ਉਸ ਦੇ ਪਿੰਡੇ ’ਤੇ ਚੀਕਣੀ ਮਿੱਟੀ ਮਲਣੀ ਪਈ ਸੀ।
ਚੌਥੇ ਵਰ੍ਹੇ ਜਦੋਂ ਇਸ ਦੇ ਗਲ ਘੁੰਗਰੂਆਂ ਦਾ ਹਾਰ ਪਾ ਕੇ ਮੁਹਰਲੇ ਫਲ੍ਹੇ ਜੁੱਤਾ ਤਾਂ ਕਈ ਮੰਗਣ ਆਏ ਬਾਜ਼ੀਗਰ ਤੇ ਬਾਜ਼ੀਗਰਨੀਆਂ ਇਸ ਦੀਆਂ ਲੰਮੀਆਂ ਪਲਾਂਘਾਂ ਤੇ ਘੁਟਵੇਂ ਜੁੱਸੇ ਦੀਆਂ ਸਿਫ਼ਤਾਂ ਕਰ ਕੇ ਤੇ ਇਸ ਦੇ ਗਲ ਕੌਡੀਆਂ ਤੇ ਮਣਕਿਆਂ ਦੀਆਂ ਗਾਨੀਆਂ ਪਾ ਕੇ ਆਲਾ ਸਿੰਘ ਤੋਂ ਕਣਕ ਦੀਆਂ ਭਰੀਆਂ ਲੈ ਗਏ। ਹਲੀਂ ਜੁੱਤੇ ਦੀ ਨੱਥ ਆਲਾ ਸਿੰਘ ਪਿਛਾਂਹ ਨੂੰ ਫੜ੍ਹੀ ਰੱਖਦਾ। ਨਹੀਂ ਤੇ ਇਹ ਆਪਣੇ ਹੇਠਲੇ ਢੱਗੇ ਨੂੰ ਸਿੱਧਾ ਨਹੀਂ ਸੀ ਹੋਣ ਦਿੰਦਾ।
ਪਰ ਹੁਣ ਤੇ ਨੱਥ ਛੱਡ ਇਸ ਦੇ ਗਲ ਰੱਸੇ ਦੀ ਵੀ ਲੋੜ ਨਹੀਂ ਸੀ। ਇਹ ਧੌਲਾ ਢੱਗਾ ਤੇ ਆਪਣੀ ਹੋਂਦ ਤੋਂ ਵੀ ਮੁਨਕਰ ਸੀ। ਜਿੱਥੇ ਜੋਈਏ, ਬਿਨਾਂ ਅੜੀ ਦੇ ਜੁੱਪ ਪੈਂਦਾ। ਗੱਡੇ ਉੱਤੇ ਭਾਵੇਂ ਕੋਈ ਆਦਮੀ ਵੀ ਨਾ ਹੋਵੇ, ਸਿੱਧਾ ਘਰ ਲੈ ਆਉਂਦਾ। ਓੜ ਅਸਲੋਂ ਸਿੱਧੀ ਕੱਢਦਾ। ਇਸਦੀਆਂ ਕੋਈ ਵੱਖਰੀਆਂ ਆਦਤਾਂ ਨਹੀਂ ਸਨ, ਨਾ ਕੋਈ ਖ਼ਰਾਬੀਆਂ, ਨਾ ਇਸ ਦੀਆਂ ਕੋਈ ਖ਼ਾਹਿਸ਼ਾਂ ਸਨ ਅਤੇ ਨਾ ਉਹਨਾਂ ਦੇ ਪੂਰਾ ਕਰਨ ਦਾ ਕੋਈ ਯਤਨ। ਇਹ ਕੇਵਲ ਪੱਠੇ ਖਾਂਦਾ, ਸਾਹ ਲੈਂਦਾ ਤੇ ਜੂਲੇ ਹੇਠਾਂ ਜੁੱਪਦਾ। ਕੋਈ ਪੰਦਰਾਂ ਵਰ੍ਹੇ ਪਹਿਲਾਂ ਇਹ ਧੌਲਾ ਵਹਿੜਕਾ ਤੇ ਆਲਾ ਸਿੰਘ ਦੋਵੇਂ ਜੀਉਂਦੇ ਸਨ, ਪਰ ਹੁਣ ਇਕੱਲਾ ਆਲਾ ਸਿੰਘ ਹੀ।
ਹਾਂ, ਆਲਾ ਸਿੰਘ ਬੁੱਢਾ ਹੋ ਕੇ ਵੀ ਅਜੇ ਜੀਉਂਦਾ ਸੀ। ਉਸਦੇ ਜੀਉਂਦੇ ਹੋਣ ਦਾ ਨਿਸ਼ਚਾ ਕੇਵਲ ਡਾਕਟਰਾਂ ਨੂੰ ਹੀ ਨਹੀਂ ਸੀ, ਸਗੋਂ ਸਾਰਿਆਂ ਨੂੰ, ਘਰਦਿਆਂ ਨੂੰ, ਪਿੰਡ ਵਾਲਿਆਂ ਨੂੰ ਤੇ ਕੋਲ ਦੇ ਪਿੰਡ ਵਾਲਿਆਂ ਨੂੰ ਵੀ ਸੀ। ਇਹਨਾਂ ਸਾਰਿਆਂ ਲਈ ਉਹ ਅਜੇ ਜੀਉਂਦਾ ਸੀ। ਸਾਰੇ ਉਸਦੀ ਸੁੱਖ ਸਾਂਦ ਪੁੱਛਦੇ ਅਤੇ ਉਸਦੇ ਬਾਬਤ ਗੱਲਾਂ ਧਿਆਨ ਨਾਲ ਸੁਣਦੇ। ਆਪਣੇ ਦਵਾਲੇ ਦੇ ਪਿੰਡਾਂ ਦੀ ਤੇ ਉਹ ਮਾਨੋਂ ਹਵਾ ਵਿੱਚ ਉੱਕਰਿਆ ਹੋਇਆ ਸੀ। ਕੋਈ ਸੋਝੀ ਵਾਲਾ ਰਾਹੀ ਜਾਂ ਪ੍ਰਾਹੁਣਾ ਵੀ ਉਸ ਦੇ ਨਾਂ ਤੋਂ ਜਾਣੂੰ ਹੋਇਆਂ ਬਿਨਾਂ ਨਹੀਂ ਸੀ ਰਹਿ ਸਕਦਾ।
ਕਈਆਂ ਵਰ੍ਹਿਆਂ ਤੋਂ ਆਲਾ ਸਿੰਘ ਇਸੇ ਤਰ੍ਹਾਂ ਜੀਊ ਰਿਹਾ ਸੀ। ਪਹਿਲੇ ਵਰ੍ਹਿਆਂ ਵਿੱਚ ਤੇ ਇਹ ਜੀਵਨ ਟੋਰ ਹੋਰ ਵੀ ਤਿੱਖੀ ਸੀ। ਉਸਦਾ ਸਰੀਰ ਏਡਾ ਵੱਡਾ ਅਤੇ ਤਗੜਾ ਸੀ ਕਿ ਨੇੜੇ ਨੇੜੇ ਦੇ ਪਿੰਡਾਂ ਵਿੱਚ ਉਸਦੇ ਮੇਚ ਦਾ ਕੋਈ ਬੰਦਾ ਨਹੀਂ ਸੀ। ਇੱਕ ਵਾਰ ਜਦੋਂ ਅੰਮ੍ਰਿਤਸਰ ਦੀ ਮੱਸਿਆ ਤੇ ਉਸਦਾ ਕੜਾ ਪਾਣ ਨੂੰ ਜੀਅ ਕੀਤਾ ਸੀ ਤਾਂ ਸਾਰੇ ਅੰਮ੍ਰਿਤਸਰ ਵਿੱਚ ਉਸ ਦੀ ਵੀਣੀ ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ। ਨਹਿਰਾਂ ਆਉਣ ’ਤੇ ਉਸ ਡੰਗਰ ਛੱਡ ਕੇ ਆਪਣੇ ਪੁਰਾਣੇ ਪਿੰਡ ਤੋਂ ਪੰਜ ਛੇ ਕੋਹ ਦੂਰ ਆਪਣੀ ਭੋਇੰ ਵਿੱਚ ਆਪਣੇ ਨਵੇਂ ਪਿੰਡ ਦੀ ਨੀਂਹ ਰੱਖੀ ਸੀ। ਉਸ ਨੂੰ ਮੁਨਸਫ਼ ਮੰਨ ਕੇ ਸਾਰੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ। ਉਸਦੇ ਜ਼ੋਰ ਦੇਣ ਤੇ ਕੰਮੀਆਂ ਨੂੰ ਵੀ ਘਰ ਛੱਤਣ ਲਈ ਹਾਤੇ ਮਿਲੇ ਸਨ। ਕੋਲ ਦੇ ਕਿਸੇ ਪਿੰਡ ਵਿੱਚ ਕੰਮੀਆਂ ਦੀ ਕੋਈ ਆਪਣੀ ਥਾਂ ਨਹੀਂ ਸੀ। ਉਸਨੇ ਹੀ ਸਾਰੇ ਪਿੰਡ ਨੂੰ ਉੱਦਮ ਦੇ ਕੇ ਸਾਂਝਾ ਖੂਹ ਲਵਾਇਆ ਸੀ ਤੇ ਪਿੰਡ ਦੀ ਛੱਪੜ ਦੇ ਪਾਣੀਆਂ ਤੋਂ ਖਲਾਸੀ ਕਰਾਈ ਸੀ। ਇੱਕ ਵੱਡੇ ਅਫ਼ਸਰ ਨੂੰ ਮਿਲ ਕੇ ਉਸ ਪਿੰਡ ਵਿੱਚ ਡਾਕਖ਼ਾਨਾ ਖੁਲ੍ਹਵਾ ਲਿਆ ਸੀ। ਇਸ ਨੂੰ ਉਹ ਆਪਣੇ ਰਸੂਖ ਦਾ ਸਿਖ਼ਰ ਸਮਝਦਾ ਸੀ। ਆਪਣੇ ਸਾਲਿਆਂ ਨੂੰ ਉਹ ਬੜਾ ਤਿੜ ਕੇ ਕਹਿੰਦਾ, " ਤੁਹਾਡਾ ਕਾਟ ਤੇ ਸਾਨੂੰ ਝੱਟ ਆ ਮਿਲਦਾ ਏ, ਸਾਡਾ ਕਾਟ ਈ ਕਿਧਰੇ ਭੋਰੇ ਪੈ ਜਾਂਦਾ ਏ।" ਨਾਲ ਦੇ ਪਿੰਡ ਵਿੱਚ ਬੜਾ ਵੱਡਾ ਮੁਸਲਮਾਨ ਜ਼ਿੰਮੀਦਾਰ ਸੀ ਜਿਸ ਨੂੰ ਮਲਕ ਸਾਹਬ ਆਖਦੇ ਸਨ। ਹਰ ਐਤਵਾਰ ਉਸਨੂੰ ਲਾਹੌਰੋਂ ਅਖ਼ਬਾਰ ਆਉਂਦੀ। ਉਸਦੇ ਆਪਣੇ ਪਿੰਡ ਡਾਕਖਾਨਾ ਨਾ ਹੋਣ ਕਰਕੇ ਡਾਕੀਏ ਦੇ ਫੇਰੇ ਤੱਕ ਅਖ਼ਬਾਰ ਆਲਾ ਸਿੰਘ ਦੇ ਪਿੰਡ ਹੀ ਪਈ ਰਹਿੰਦੀ। ਇਸ ਉਡੀਕ ਤੋਂ ਬਚਣ ਲਈ ਮਲਕ ਹੁਰਾਂ ਆਪਣਾ ਨੌਕਰ ਘੋੜੀ ਤੇ ਆਲਾ ਸਿੰਘ ਤੇ ਘਰ ਘੱਲਣਾ ਆਰੰਭ ਦਿੱਤਾ। ਨੌਕਰ ਦੇ ਫੇਰਿਆਂ ਵਿੱਚ ਆਲਾ ਸਿੰਘ ਨੂੰ ਮਲਕ ’ਤੇ ਆਪਣੀ ਜਿੱਤ ਲੁਕੀ ਹੋਈ ਦਿੱਸਦੀ ਸੀ। ਏਡਾ ਵੱਡਾ ਮਲਕ ਹੋ ਕੇ ਵੀ ਡਾਕਖ਼ਾਨਾ ਨਹੀਂ ਲਵਾ ਸਕਦਾ ਸੀ।
ਜਦੋਂ ਵੀ ਉਹ ਨੌਕਰ ਨੂੰ ਵੇਖਦਾ ਤਾਂ ਜ਼ਰੂਰ ਪੁੱਛਦਾ, " ਅੱਜ ਨਵਾਬ ਕਿੱਧਰ ਸਵਾਰ ਹੋਇਆ ਏ?"
"ਕਿਧਰੇ ਨਹੀਂ ਜੀ, ਆਹ ਮਲਕ ਹੁਰਾਂ ਦੀ ਅਖਬਾਰ ਲੈਣ ਚੱਲਿਆਂ ।” ਨਵਾਬ ਉਸਦਾ ਜਵਾਬ ਦਿੰਦਾ ਤਾਂ ਆਲਾ ਸਿੰਘ ਪੋਲੇ ਮੂੰਹ ਆਖ ਦੇਂਦਾ, "ਅੱਛਾ ਅੱਜ ਐਤਵਾਰ ਹੋਣਾ ਏ ਨਾਂ।" ਪਰ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ:" ਆਲਾ ਸਿੰਆਂ, ਤੂੰ ਬੜਾ ਬੰਦਾ ਏਂ, ਜਿਸ ਡਾਕਖ਼ਾਨਾ ਲਵਾ ਲਿਆ ਏ, ਵੇਖ ਕਿੱਡੇ ਕਿੱਡੇ ਬੰਦੇ ਛਿੱਕੇ ਟੰਗੇ ਹੋਏ ਨੀਂ।"
ਉਸਦੇ ਪਿੰਡ ਦੇ ਨੇੜੇ ਦੀ ਆਬਾਦੀ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਆਏ ਆਬਾਦਕਾਰ ਵਸੇ ਹੋਏ ਸਨ। ਇਹਨਾਂ ਨੂੰ ਤੇ ਆਲਾ ਸਿੰਘ ਆਦਮੀ ਨਹੀਂ ਸੀ ਸਮਝਦਾ। ਇਹ ਸਾਰੇ ਆ ਕੇ ਉਸਦੀ ਪੁਆਂਦੀ ਬਹਿੰਦੇ। ਉਹਨਾਂ ਦੀਆਂ ਗਵਾਚੀਆਂ ਮੱਝੀਂ ਉਹ ਕੋਲ ਦੇ ਜਾਂਗਲੀਆਂ ਦਿਆਂ ਪਿੰਡਾਂ ਵਿੱਚੋਂ ਮੁੜਾ ਦਿੰਦਾ, ਪਰ ਕਈ ਵਾਰੀ ਉਹ ਆਪ ਕੁਝ ਭਰਾਵਾਂ ਨੂੰ ਨਾਲ ਲੈ ਕੇ ਧਕੋ ਧਕੀ ਉਹਨਾਂ ਦੀਆਂ ਪੱਕੀਆਂ ਹੋਈਆਂ ਕਣਕਾਂ ਵੱਢ ਕੇ ਗੱਡਿਆਂ ਤੇ ਲੱਦ ਲਿਆਉਂਦਾ ਹੁੰਦਾ ਸੀ।
ਆਲਾ ਸਿੰਘ ਦੀ ਸ਼ਕਾਇਤ ਨਾ ਕਰਨ ਦਾ ਆਬਾਦਕਾਰਾਂ ਨੂੰ ਲਾਭ ਜ਼ਰੂਰ ਮਿਲਦਾ। ਉਹਨਾਂ ਦੇ ਡੰਗਰ ਘੱਟ ਚੋਰੀ ਹੁੰਦੇ, ਉਹਨਾਂ ਦੀਆਂ ਸਰ੍ਹਵਾਂ ਤੇ ਕਣਕਾਂ ਵਿੱਚ ਰਾਤੀਂ ਜਾਂਗਲੀ ਆਪਣੀਆਂ ਮੱਝੀਂ ਨਾ ਚਾਰਦੇ ਤੇ ਉਹਨਾਂ ਦੀਆਂ ਕੁਲੀਆਂ ਵਿੱਚ ਸੰਨ੍ਹਾਂ ਘੱਟ ਲਗਦੀਆਂ। ਆਪਣੇ ਪਿੰਡ ਦੇ ਸਾਰੇ ਰੰਡੇ ਕਵਾਰੇ ਕੰਮੀ ਆਲਾ ਸਿੰਘ ਨੇ ਇਹਨਾਂ ਪਿੰਡਾਂ ਵਿੱਚ ਵਿਆਹ ਲਏ ਸਨ।
ਆਏ ਗਏ ਦੀ ਸੇਵਾ ਵਿੱਚ ਆਲਾ ਸਿੰਘ ਸਭ ਤੋਂ ਅੱਗੇ ਸੀ। ਖੁਰਿਆਂ ਪਿੱਛੇ ਭੱਜਦੀਆਂ ਵਾਹਰਾਂ ਨੂੰ ਉਹ ਰੋਟੀ ਖਵਾਉਂਦਾ। ਇੱਕ ਵਾਰ ਅਕਾਲੀਆਂ ਦੇ ਇੱਕ ਜੱਥੇ ਨੂੰ ਰੋਟੀ ਖਵਾਣ ਬਦਲੇ ਕਈ ਰਾਤਾਂ ਉਸਨੂੰ ਹਵਾਲਾਤ ਵਿੱਚ ਕੱਟਣੀਆਂ ਪਈਆਂ ਸਨ। ਇਕ ਕਹਾਣੀ ਉਸ ਬਾਰੇ ਬੜੀ ਪ੍ਰਸਿੱਧ ਸੀ। ਇੱਕ ਸ਼ਾਮ ਉਹ ਘੋੜੀ ਤੇ ਚੜ੍ਹ ਕੇ ਮੰਡੀਓਂ ਘਰ ਆ ਰਿਹਾ ਸੀ। ਉਸੇ ਰਾਹ ਤੇ ਇੱਕ ਨਵਾਂ ਵਿਆਹਿਆ ਜੋੜਾ ਸੜਕ ਸੁਆਰ ਸੀ। "ਛੋਹਰਾ ਕਿੱਥੇ ਜਾਊ ਏਂ?" ਆਲਾ ਸਿੰਘ ਨੇ ਮੁੰਡੇ ਤੋਂ ਪੁੱਛਿਆ।
"ਬਹਾਲੀਕੀ ਜਾਊ ਆਂ, ਆਪਣੇ ਸਹੁਰੇ।" ਬਹਾਲੀਕੀ ਆਲਾ ਸਿੰਘ ਦਾ ਆਪਣਾ ਪਿੰਡ ਸੀ।
"ਕਿਦ੍ਹੇ ਘਰ?"
"ਵੀਰੂ ਸ੍ਹਾਈ ਦੇ।"
ਆਲਾ ਸਿੰਘ ਆਪ ਘੋੜੀ ਤੋਂ ਉੱਤਰ ਬੈਠਾ ਤੇ ਉਹਨਾਂ ਨੂੰ ਉੱਤੇ ਬਿਠਾ ਦਿੱਤਾ। ਰਾਤ ਨੂੰ ਜਦੋਂ ਉਹ ਈਸਾਈ ਘੋੜੀ ਆਲਾ ਸਿੰਘ ਦੇ ਘਰ ਬੰਨ੍ਹਣ ਆਇਆ ਤਾਂ ਉਸ ਲੈਣੋਂ ਨਾਂਹ ਕਰ ਦਿੱਤੀ, "ਨਹੀਂ ਭਈ ਵੀਰੂ, ਜਦੋਂ ਮੇਰੀ ਧੀ ਸਹੁਰੇ ਜਾਏ ਇਹਦੇ ਤੇ ਚੜ੍ਹ ਕੇ ਜਾਏ ਤੇ ਜਦੋਂ ਆਵੇ ਇਹਦੇ ਤੇ ਈ ਚੜ੍ਹ ਕੇ ਆਵੇਗੀ।"
ਪਰ ਹੁਣ ਤੇ ਪਿੰਡ ਵਿੱਚ ਹਵਾ ਈ ਕੁਝ ਪੁੱਠੀ ਜਿਹੀ ਵਗ ਗਈ ਸੀ। ਉਸਦੇ ਆਪਣੇ ਉੱਦਮ ਨਾਲ ਛਤਾਏ ਹੋਏ ਸਾਂਝੇ ਟੱਪ ਹੇਠ ਕਾਵਾਂ ਰੌਲੀ ਜਿਹੀ ਪਈ ਰਹਿੰਦੀ। ਕੁਝ ਮੁੰਡੇ ਉਸਦੇ ਬੈਠਿਆਂ ਹੀ ਤਾਸ਼ ਖੇਡਦੇ ਰਹਿੰਦੇ ਤੇ ਆਪਸ ਵਿੱਚ ਝਗੜਦੇ ਰਹਿੰਦੇ ਜਾਂ ਕੋਈ ਪਾੜ੍ਹਾ ਅਖ਼ਬਾਰ ਲੈ ਕੇ ਬਹਿ ਜਾਂਦਾ ਤੇ ਪਰਲ ਪਰਲ ਅਖ਼ਬਾਰ ਹੀ ਸੁਣਾਂਦਾ ਰਹਿੰਦਾ। ਓਨਾ ਚਿਰ ਹੋਰ ਕੋਈ ਗੱਲਬਾਤ ਨਾ ਹੋ ਸਕਦੀ ਕਿਉਂ ਜੋ ਸਾਰੇ ਲੋਕਾਂ ਦਾ ਧਿਆਨ ਅਖ਼ਬਾਰ ਸੁਣਨ ਵੱਲ ਹੀ ਹੁੰਦਾ।
ਪਤਾ ਨਹੀਂ ਕਿਉਂ ਆਲਾ ਸਿੰਘ ਨੂੰ ਅਖ਼ਬਾਰ ਦੀ ਦੂਜਿਆਂ ਨਾਲੋਂ ਘੱਟ ਸਮਝ ਆਉਂਦੀ ਤੇ ਉਹ ਇਸ ਬਾਰੇ ਕਦੇ ਕੋਈ ਸਵਾਦਲੀ ਗੱਲ ਨਾ ਕਰ ਸਕਦਾ। ਕਈ ਵੇਰੀ ਖਿਝ ਕੇ ਉਹ ਆਖਦਾ, "ਇਹ ਸਭ ਝੂਠ ਏ। ਉਹ ਕੂੜ ਥੱਪ ਕੇ ਏਥੇ ਘੱਲ ਦੇਂਦੇ ਨੇ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਚੱਲ ਜਾਂਦਾ ਏ।" ਪਰ ਕਿਸੇ ਤੇ ਇਸ ਗੱਲ ਦਾ ਰਤੀ ਅਸਰ ਨਾ ਹੁੰਦਾ। ਸਭ ਕੁਝ ਝੂਠ ਕਿਸ ਤਰ੍ਹਾਂ ਹੋ ਸਕਦਾ ਸੀ? ਜਦੋਂ ਲੜਾਈ ਲੱਗਣ ਦੀ ਖ਼ਬਰ ਆਈ ਤਾਂ ਸਭ ਕੁਝ ਮਹਿੰਗਾ ਹੋਣ ਲੱਗ ਪਿਆ। ਲੀਡਰ ਕੈਦ ਹੋ ਗਏ ਤੇ ਉਹਨਾਂ ਦੇ ਕਿਧਰੇ ਜਾਣ ਆਉਣ ਦੀ ਕੋਈ ਖ਼ਬਰ ਨਹੀਂ ਸੀ ਆਉਂਦੀ। ਅੰਗਰੇਜ਼ਾਂ ਦੀ ਜਿੱਤ ਦੀਆਂ ਖ਼ਬਰਾਂ ਆਉਣ ਲੱਗੀਆਂ, ਤਾਂ ਲੀਡਰ ਛੱਡ ਦਿੱਤੇ ਗਏ। ਜਦੋਂ ਲੜਾਈ ਹਟਣ ਦੀ ਖ਼ਬਰ ਆਈ ਤਾਂ ਕੋਈ ਨਹੀਂ ਸੀ ਕਹਿੰਦਾ ਕਿ ਲੜਾਈ ਅਜੇ ਨਹੀਂ ਹਟੀ। ਪਰ ਆਲਾ ਸਿੰਘ ਲਈ ਇਹ ਸਭ ਕੁਝ ਝੂਠ ਸੀ। ਜੇ ਟੱਪ ਥੱਲੇ ਝੂਠ ਦਾ ਹੀ ਪ੍ਰਚਾਰ ਹੋਣਾ ਸੀ ਤਾਂ ਕਿਉਂ ਨਾ ਗੁਰਦੁਆਰੇ ਦੇ ਭਾਈ ਹੁਰੀਂ ਆ ਕੇ ਏਥੇ 'ਪੰਥ ਪ੍ਰਕਾਸ਼' ਜਾਂ 'ਰਾਜ ਖ਼ਾਲਸਾ' ਪੜ੍ਹਿਆ ਕਰਨ। ਜਦੋਂ ਭਾਈ ਹੋਰੀਂ ਰਾਗ ਨਾਲ ਰਾਜ ਖ਼ਾਲਸਾ ਪੜ੍ਹਦੇ ਤੇ ਕਿਤੋਂ ਕਿਤੋਂ ਮਤਲਬ ਸਮਝਾਂਦੇ ਤਾਂ ਟੱਪ ਥੱਲੇ ਅਮਨ ਹੋ ਜਾਂਦਾ। ਸਾਰੇ ਲੋਕਾਂ ਦੀਆਂ ਚਤਰਾਈਆਂ ਤੇ ਡੂੰਘੀਆਂ ਵਿਚਾਰਾਂ ਨੂੰ ਲਗਾਮ ਮਿਲ ਜਾਂਦੀ ਤੇ ਹਰ ਪਾਸੇ ਚੁਪ ਹੋ ਜਾਂਦੀ। ਆਲਾ ਸਿੰਘ ਦੇ ਭਾਰੇ ਅਤੇ ਸਤਿਕਾਰੇ ਹੋਏ ਸਰੀਰ ਦਾ ਰੁਅਬ ਇਸ ਤਰ੍ਹਾਂ ਪੈਦਾ ਹੋਏ ਖਲਾਅ ਵਿੱਚ ਛਾ ਜਾਂਦਾ ਤੇ ਉਸਦੇ ਮਨ ਨੂੰ ਸ਼ਾਂਤੀ ਮਿਲਦੀ। ਇਸ ਮਿੱਠੇ ਜਿਹੇ ਵਾਯੂਮੰਡਲ ਦਾ ਇਮਤਿਹਾਨ ਲੈਣ ਲਈ ਉਹ ਕਦੀ ਕਦੀ ਕੁਝ ਬੋਲਦਾ: "ਭਾਈ ਜੀ, ਏਥੋਂ ਜ਼ਰਾ ਸਹਿਜ ਨਾਲ ਪੜ੍ਹੋ", " ਭਾਈ ਜੀ ਇਹਦਾ ਮਤਲਬ ਜ਼ਰਾ ਸਮਝਾਇਆ ਜੇ," "ਧੰਨ ਸਿੱਖ ਸਨ ਜੀ ਉਹ।" ਪਰ ਮਾਰਸ਼ਲ ਲਾਅ ਵਾਂਗ ਇਹ ਭਾਈ ਹੁਰਾਂ ਵਾਲਾ ਹਥਿਆਰ ਵੀ ਕਦੀ ਕਦੀ ਹੀ ਵਰਤਿਆ ਜਾ ਸਕਦਾ ਸੀ, ਹਰ ਰੋਜ਼ ਤਾਂ ਨਹੀਂ।
ਕਦੇ ਕਦੇ ਟੱਪ ਥੱਲੇ ਬਹਿਸਾਂ ਹੁੰਦੀਆਂ, ਗਰਮ ਗਰਮ ਬਹਿਸਾਂ, ਅਕਾਲੀਆਂ ਦੀਆਂ ,ਕਾਂਗਰਸੀਆਂ ਦੀਆਂ, ਕਮਿਊਨਿਸਟਾਂ ਦੀਆਂ। ਬਹਿਸ ਕਰਨ ਵਾਲੇ ਜੋਸ਼ ਵਿੱਚ ਆ ਜਾਂਦੇ, ਜਿਵੇਂ ਕੋਈ ਉਹਨਾਂ ਦੇ ਘਰ ’ਤੇ ਵਾਰ ਕਰ ਰਿਹਾ ਹੁੰਦਾ ਹੈ। ਆਲਾ ਸਿੰਘ ਜਾਣਦਾ ਸੀ ਅਕਾਲੀ ਸਿੱਖ ਪੰਥ ਦੀ ਉੱਨਤੀ ਚਾਹੁੰਦੇ ਹਨ, ਕਾਂਗਰਸੀ ਦੇਸ਼ ਦੀ ਆਜ਼ਾਦੀ ਤੇ ਕਮਿਊਨਿਸਟ ਸਭ ਇੱਕ ਕਰਨੀ ਚਾਹੁੰਦੇ ਹਨ, ਪਰ ਏਸ ਤੋਂ ਵਧੇਰੇ ਉਹ ਇਹਨਾਂ ਬਾਰੇ ਕੁਝ ਨਹੀਂ ਸੀ ਕਹਿ ਸਕਦਾ। ਉਹ ਮੱਸਿਆ ਤੇ ਸੱਜੇ ਰਾਜਸੀ ਦੀਵਾਨਾਂ ਵਿੱਚ ਬੈਠਾ ਸੀ। ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸਮਝੀਆਂ ਸਨ, ਪਰ ਚੰਗੀ ਤਰ੍ਹਾਂ ਨਹੀਂ। ਇਹ ਬਹਿਸਾਂ ਕਰਨ ਵਾਲੇ ਅਖ਼ਬਾਰਾਂ ਤੇ ਰਸਾਲੇ ਵੀ ਪੜ੍ਹਦੇ ਸਨ। ਬਾਹਰੋਂ ਆਏ ਵਰਕਰਾਂ ਨੂੰ ਮਿਲਦੇ ਸਨ। ਗੱਡੀਆਂ ਵਿੱਚ, ਹੱਟੀਆਂ 'ਤੇ, ਸਟੇਸ਼ਨਾਂ 'ਤੇ, ਸੜਕਾਂ 'ਤੇ ਇਹੋ ਹੀ ਗੱਲਾਂ ਕਰਦੇ ਤੇ ਸੁਣਦੇ ਸਨ।
ਖੱਤਰੀ ਤੇ ਕਮੀਨ ਵੀ ਇਹਨਾਂ ਬਹਿਸਾਂ ਵਿੱਚ ਨਾਲ ਰਲ ਜਾਂਦੇ ਤੇ ਫਿਰ ਇਹ ਲੋਕ ਟੱਪ ਥੱਲੇ ਭੋਇੰ ਜਾਂ ਆਪਣੀ ਮੰਜੀ ਤੇ ਬਹਿਣ ਦੀ ਥਾਂ ਬਹਿਸ ਕਰਦੇ ਜੱਟਾਂ ਦੇ ਨਾਲ ਹੀ ਤਖ਼ਤਪੋਸ਼ ਜਾਂ ਮੰਜੀ ਤੇ ਬੈਠ ਜਾਂਦੇ। ਕਈ ਵੇਰੀ ਤੇ ਇਹ ਕਮੀਨ ਬਹਿਸ ਵਿੱਚ ਕਿਸੇ ਜੱਟ ਨੂੰ ਹੌਲਿਆਂ ਕਰ ਦੇਂਦੇ। ਆਲਾ ਸਿੰਘ ਲਈ ਇਹ ਕਲਜੁਗ ਦੀ ਝਾਕੀ ਹੁੰਦੀ। ਉਹ ਹੈਰਾਨ ਸੀ ਕਿ ਉਹ ਜੱਟ ਇਸ ਕੰਮ ਤੋਂ ਹਟ ਕਿਉਂ ਨਹੀਂ ਸੀ ਜਾਂਦਾ। ਆਲਾ ਸਿੰਘ ਦਾ ਕਦੇ ਕਿਸੇ ਨੇ ਨਿਰਾਦਰ ਨਹੀਂ ਸੀ ਕੀਤਾ ਤੇ ਨਾ ਕਦੇ ਕਿਸੇ ਉਸਦੀ ਗੱਲ ਟੋਕੀ ਸੀ, ਪਰ ਉਸਦਾ ਮਨ ਤੇ ਇਹਨਾਂ ਗੁੰਝਲਾਂ ਵੱਲ ਆਉਂਦਾ ਹੀ ਨਹੀਂ ਸੀ ਤੇ ਨਾ ਹੀ ਉਹ ਕੁਝ ਕਹਿ ਸਕਦਾ ਸੀ। ਆਪਣੀ ਹੱਥੀਂ ਛਤਾਏ ਟੱਪ ਹੇਠ ਉਹ ਇਸ ਤਰ੍ਹਾਂ ਬੈਠਾ ਰਹਿੰਦਾ, ਜਿਵੇਂ ਕਿਸੇ ਮੌਜੀ ਰਾਜੇ ਨੇ ਆਪਣੀ ਰਿਆਸਤ ਦੇ ਹਾਈਕੋਰਟ ਜੱਜ ਨੂੰ ਸਿਵਲ ਸਰਜਨ ਬਣਾ ਕੇ ਕਿਸੇ ਹਸਪਤਾਲ ਵਿੱਚ ਬਿਠਾ ਦਿੱਤਾ ਹੋਵੇ ਤੇ ਉਸਨੂੰ ਪਤਾ ਨਾ ਹੋਵੇ ਕਿ ਉਹਨੇ ਕੀ ਕਰਨਾ ਹੈ?
ਪਿੰਡ ਵਿੱਚ ਕਮਿਊਨਿਸਟਾਂ ਦੇ ਜਲਸੇ ਹੁੰਦੇ। ਕਮਿਊਨਿਸਟ ਲੀਡਰ ਥਾਣੇਦਾਰਾਂ ਤੇ ਪੁਲਸ ਕਪਤਾਨਾਂ ਨੂੰ ਉਹਨਾਂ ਦੇ ਮੂੰਹ ਤੇ ਸਿੱਧੀਆਂ ਸਿੱਧੀਆਂ ਸੁਣਾਂਦੇ, "ਤੁਸੀਂ ਨਿੱਕੇ ਨਿੱਕੇ ਹਿਟਲਰ ਤੇ ਟੋਜੋ ਹੋ, ਅਸਾਂ ਉਹਨਾਂ ਦਾ ਰਾਜ ਖਤਮ ਕਰ ਦਿੱਤਾ ਹੈ, ਤੁਹਾਡਾ ਰਾਜ ਵਧੇਰਾ ਚਿਰ ਨਹੀਂ ਰਿਹ ਸਕਦਾ।" ਜਾਂ "ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰੋਟੀਆਂ ਨਾਲ ਬੰਨ੍ਹ ਕੇ ਲਿਆਇਆ ਕਰਨ, ਜੱਟਾਂ ਦੇ ਘਰੋਂ ਰੋਟੀਆਂ ਖਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ।” ਆਲਾ ਸਿੰਘ ਟੋਡੀ ਨਹੀਂ ਸੀ। ਮੁਰੱਬੇ ਮਿਲਣ ਵੇਲੇ ਉਸ ਮੁਰੱਬਾ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਹ ਸਾਹਿਬ ਦੇ ਤਰਲੇ ਨਹੀਂ ਸੀ ਪਾਉਣਾ ਚਾਹੁੰਦਾ, ਪਰ ਇਹੋ ਜਿਹੀਆਂ ਗੱਲਾਂ ਉਸਦੇ ਮੂੰਹੋਂ ਨਹੀਂ ਸੀ ਨਿਕਲ ਸਕਦੀਆਂ। ਉਸ ਉਹ ਵੇਲੇ ਦੇਖੇ ਸਨ ਜਦੋਂ ਨੰਬਰਦਾਰ ਜਾਂ ਜ਼ੈਲਦਾਰ ਵਿਰੁੱਧ ਗੱਲ ਆਖਣੀ ਜੁਰਮ ਸੀ। ਉਹ ਇਹਨਾਂ ਗੱਲਾਂ ਤੇ ਤਾਲੀ ਨਹੀਂ ਸੀ ਵਜਾ ਸਕਦਾ। ਡਰ ਤੋਂ ਨਹੀਂ, ਇਸ ਲਈ ਕਿ ਇਹ ਉਸਦੇ ਦਿਲ ਦੀਆਂ ਆਵਾਜ਼ਾਂ ਨਹੀਂ ਸਨ, ਪਰ ਉਹ ਇਹ ਵੀ ਅਨੁਭਵ ਕਰ ਲੈਂਦਾ ਕਿ ਉਹ ਹੁਣ ਮੁਹਰਲੀ ਪਾਲ ਵਿੱਚ ਨਹੀਂ ਖਲੋਤਾ ਸੀ। ਉਸਦੇ ਅੱਗੇ ਹੋਰ ਕਈ ਲੋਕ ਸਨ ਤੇ ਉਹ ਭੱਜ ਕੇ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ।
ਕਮਿਊਨਿਸਟ ਮੁੰਡੇ ਡਿਪਟੀ ਕਮਿਸ਼ਨਰਾਂ ਤੇ ਪੁਲਸ ਕਪਤਾਨਾਂ ਨੂੰ ਮਿਲਦੇ ਤੇ ਧੰਨਵਾਦੀ ਹੋਣ ਦੀ ਥਾਂ ਉਹਨਾਂ ਨਾਲ ਹੋਈ-ਹੋਈ ਗੱਲਬਾਤ ਉੱਤੇ ਖੁੱਲ੍ਹੇ ਜਲਸਿਆਂ ਵਿੱਚ ਨੁਕਤਾਚੀਨੀ ਕਰਦੇ। ਸਰਕਾਰ ਦੇ ਬਾਰੇ ਇਹ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਕਿਸੇ ਨਾਲ ਦੇ ਪਿੰਡ ਦੀ ਪਰ੍ਹੇ ਹੁੰਦੀ ਹੈ।
ਕਈ ਫ਼ੌਜੀ ਮੁੜ ਕੇ ਪਿੰਡ ਆ ਰਹੇ ਸਨ, ਆਜ਼ਾਦ ਹਿੰਦ ਫੌਜ ਦੇ ਤੇ ਕਈ ਦੂਜੇ। ਰਾਜ ਉਲਟਾਉਣ ਦੇ ਸੁਪਨੇ ਦੇਖਣ ਵਾਲੇ, ਆਜ਼ਾਦ ਦੇਸ਼ਾਂ ਵਿੱਚ ਬੰਦਿਆਂ ਵਾਂਗ ਫਿਰਨ ਵਾਲੇ। ਇਹਨਾਂ ਫੌਜੀਆਂ ਨੇ ਜਰਨੈਲ ਵੇਖੇ, ਬਾਦਸ਼ਾਹ ਵੇਖੇ, ਬੰਦੂਕਾਂ, ਤੋਪਾਂ, ਮਸ਼ੀਨ ਗੰਨਾਂ ਚਲਾਣੀਆਂ ਸਿੱਖੀਆਂ; ਮੋਟਰਾਂ ਤੇ ਟੈਂਕ ਚਲਾਣੇ ਸਿੱਖੇ। ਅੰਗਰੇਜ਼ ਵੇਖੇ, ਅਮਰੀਕਨ ਵੇਖੇ, ਹਬਸ਼ੀ ਵੇਖੇ, ਇਟੈਲੀਅਨਾਂ ਨੂੰ ਕੈਦ ਰੱਖਿਆ, ਈਰਾਨ, ਮਿਸਰ, ਇਟਲੀ ਫਰਾਂਸ ਤੇ ਇੰਗਲਿਸਤਾਨ ਵਿੱਚ ਉਹ ਗਏ। ਕਿੰਨੀਆਂ ਕੌਮਾਂ ਦੀਆਂ ਉਮੈਦਾਂ ਬਣੇ ਰਹੇ। ਆਲਾ ਸਿੰਘ ਨੂੰ ਆਖ਼ਰ ਉਹ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸਨ? ਇੱਕ ਕਵੀ ਮੁੰਡੇ ਨੂੰ ਦੂਰੋਂ ਜਲਸਿਆਂ ’ਤੇ ਸੱਦੇ ਆਉਂਦੇ। ਵੱਡੇ ਵੱਡੇ ਅਖ਼ਬਾਰੀ ਲੋਕਾਂ ਨਾਲ ਉਸਦਾ ਮੇਲ ਮਿਲਾਪ ਸੀ। ਇਹਨਾਂ ਮੁਲਾਕਾਤਾਂ ਦੀਆਂ ਗੱਲਾਂ ਉਹ ਜਲਸਿਆਂ ਤੋਂ ਆ ਕੇ ਸੁਣਾਂਦਾ ਤੇ ਲੋਕੀਂ ਬੜੇ ਗਹੁ ਨਾਲ ਸੁਣਦੇ। ਇਸ ਸਭ ਕੁਝ ਦੇ ਸਾਹਮਣੇ ਆਲਾ ਸਿੰਘ ਲੜਖੜਾ ਜਾਂਦਾ।
ਪਿੰਡ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਉਸ ਹੋਰ ਕੋਈ ਥਾਂ ਨਹੀਂ ਸੀ ਵੇਖੀ ਤੇ ਇਸ ਥਾਂ ਤੋਂ ਬਿਨਾਂ ਹੋਰ ਕੋਈ ਥਾਂ ਉਹ ਕਬੂਲਣ ਲਈ ਤਿਆਰ ਵੀ ਨਹੀਂ ਸੀ। ਜਦੋਂ ਉਹ ਟੱਪ ਥੱਲੇ ਆ ਕੇ ਬਹਿੰਦਾ ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਕਈ ਗੀਟੇ ਆਪਣੀ ਗੁਥਲੀ ਵਿੱਚੋਂ ਕੱਢਦਾ। ਨੇੜੇ-ਤੇੜੇ ਦੇ ਵੱਡੇ ਪੀਰਾਂ, ਫ਼ਕੀਰਾਂ ਦੀਆਂ ਗੱਲਾਂ ਸੁਣਾਂਦਾ, " ਪੀਰ ਬਹਾਰ ਸ਼ਾਹ ਤੇ ਅਸਲੋਂ ਮਸਤਾਨਾ ਸੀ। ਮੇਰੀ ਇੱਕ ਮੱਝ ਨੂੰ ਘੋਟੂ ਪਿਆ, ਬੜੀ ਮੱਝ ਸੀ ਉਹ, ਇਹਨਾਂ ਵੱਟੂਆਂ ਤੋਂ ਲਈ ਸੀ ਮੈਂ ਲੜ ਝਗੜ ਕੇ। ਡੰਗਰ ਨਹੀਂ ਸਨ ਇਹ ਸਹੁਰੇ ਹੱਥੋਂ ਛੱਡਦੇ, ਲੇਖਾ ਭਾਵੇਂ ਕਿੰਨਾਂ ਦਈਏ। ਓਸ ਮੱਝ ਨੂੰ ਘੋਟੂ ਪਿਆ ਤੇ ਮੈਂ ਖੀਰ ਸੁੱਖੀ। ਮੱਝ ਬਚ ਰਹੀ, ਰੱਬੋਂ ਹੀ ਬਚ ਰਹੀ। ਬਹਾਰ ਸ਼ਾਹ ਵਿਚਾਰੇ ਓਥੇ ਕੀ ਕਰਨਾ ਸੀ? ਲਓ ਜੀ ਮੈਂ ਉਹ ਖੀਰ ਲੈ ਕੇ ਗਿਆ ਤੇ ਇੱਕ ਥੜ੍ਹੇ ਜਿਹੇ ਤੇ ਬੈਠਾ ਹੋਇਆ, ਪਰ ਨੰਗਾ ਈ ਤੇ ਬੱਸ ਅਸਲੋਂ ਈ ਪਲਾਂਘ ਕੁ ਤੇ ਕੋਲ ਥੜ੍ਹੇ ਦੇ ਉੱਤੇ ਹੀ ਝਾੜੇ ਫਿਰਿਆ ਹੋਇਆ ਸੂ।"
ਤੇ ਕਦੀ ਕੋਈ ਹੋਰ ਅਨੋਖੀ ਜਿਹੀ ਗੱਲ ਨੂੰ ਲੈ ਤੁਰਦਾ, " ਇਹ ਜਿਹੜੇ ਅੰਗਰੇਜ਼ ਨੇ, ਇਹ ਬੜੀ ਤਾੜ ਵਾਲੇ ਬੰਦੇ ਹੁੰਦੇ ਨੇ, ਨੁਹਾਰ ਦੀ ਬੜੀ ਸਿੰਝਾਣ ਰੱਖਦੇ ਨੇ। ਇੱਕ ਬੰਦੋਬਸਤ ਵਾਲਾ ਸਾਹਬ ਸੀ ਪੁਰਾਣਾ ਤੇ ਕਿਧਰੇ ਬਾਪੂ ਉਰਾਂ ਦੇ ਵੇਲੇ ਇੱਧਰ ਰਹਿ ਗਿਆ ਹੋਇਆ ਸੀ। ਅਮਰ ਸਿੰਘ ਦੀ ਰੱਖ ਵਿੱਚ ਸ਼ਿਕਾਰ ਖੇਡਦਾ ਮੈਨੂੰ ਟੱਕਰ ਗਿਆ। ਅਜੇ ਕਾਲੀ ਦਾੜ੍ਹੀ ਸਾਂ ਉਦੋਂ। ਝੱਟ ਆਂਹਦਾ ਏ, " ਓਏ ਤੁਮ ਨੱਥਾ ਸਿੰਘ ਦਾ ਲੜਕਾ ਏਂ।" ਮੈਂ ਆਖਿਆ, "ਜੀ ਆਹੋ, ਉਹ ਮੇਰਾ ਬਾਪ ਸੀ।"
ਕਦੀ ਉਹ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪੜਦਾਦਿਆਂ ਦੇ ਘੋਲਾਂ ਤੇ ਦੌੜਾਂ ਦੇ ਮੁਕਾਬਲੇ ਜਾਂ ਭੱਟੀਆਂ ਤੇ ਖਰਲਾਂ ਦੀ ਵੱਡੀ ਲੜਾਈ ਦੀਆਂ ਗੱਲਾਂ ਛੇੜ ਦਿੰਦਾ। ਗੱਲਬਾਤ ਵਿੱਚ ਉਹ ਸਾਰੇ ਪਿੰਡ ਵਿੱਚੋਂ ਸੁਚੱਜਾ ਸੀ, ਗੱਲਾਂ ਅੰਤ ਮੁੱਕ ਜਾਂਦੀਆਂ। ਥੋੜ੍ਹੀ ਦੇਰ ਰਸ ਰਹਿੰਦਾ ਤੇ ਫਿਰ ਕਾਵਾਂ ਰੌਲੀ ਪੈ ਜਾਂਦੀ ਤੇ ਇਸ ਕਾਵਾਂ ਰੌਲੀ ਵਿੱਚ ਆਲਾ ਸਿੰਘ ਦੀ ਸ਼ਖ਼ਸੀਅਤ ਗਵਾਚ ਜਾਂਦੀ।
ਇੱਕ ਦਿਨ ਇੱਕ ਵੱਡਾ ਸਾਰਾ ਇਨਾਮੀ ਘੋੜਾ ਆਲਾ ਸਿੰਘ ਮੁੱਲ ਲੈ ਆਇਆ। ਨੇੜੇ ਨੇੜੇ ਦੇ ਸਾਰੇ ਚੰਗੇ ਘੋੜੀਆਂ ਘੋੜੇ ਉਸ ਮੁਕਾਬਲੇ ਲਈ ਵਿਸਾਖੀ ਦੇ ਮੇਲੇ ਤੇ ਸੱਦੇ ਤੇ ਹਰਾ ਦਿੱਤੇ, ਭੱਜਣ ਵਿੱਚ, ਨੇਜੇ ਵਿੱਚ ਤੇ ਭੁੰਬਰ ਵਿੱਚ। ਆਲਾ ਸਿੰਘ ਦੀ ਹਵੇਲੀ 'ਤੇ ਘੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਉਹ ਵੀ ਘੋੜੇ ਨੂੰ ਲੋੜ ਤੋਂ ਵੱਧ ਸੰਗਲ ਪਿਛਾੜੀਆਂ ਪਾਈ ਰੱਖਦਾ। ਆਏ ਗਏ ਨੂੰ ਰੋਟੀ ਪਾਣੀ ਦਿੰਦਾ ਤੇ ਘੋੜੇ ਦੀਆਂ ਗੱਲਾਂ ਸੁਣਾਂਦਾ।
ਇੱਕ ਵਾਰ ਇੱਕ ਅੜੀ ਖੋੜਾ ਜੱਟ ਵੀ ਆਪਣੀ ਘੋੜੀ ਭਜਾਣ ਲਈ ਓਥੇ ਲੈ ਆਇਆ। ਆਖੇ ਜਾਂ ਘੋੜੀ ਦੇ ਦੇਣੀ ਜਾਂ ਘੋੜਾ ਲੈ ਲੈਣਾ, ਦੌੜ ਹੋਈ, ਘੋੜੀ ਹਾਰ ਗਈ। ਘੋੜੀ ਵਾਲੇ ਜੱਟ ਨੇ ਘੋੜੀ ਆਲਾ ਸਿੰਘ ਦੀ ਖੁਰਲੀ ’ਤੇ ਬੰਨ੍ਹ ਦਿੱਤੀ। ਸਾਰੀ ਭੀੜ ਦੇ ਸਾਹਮਣੇ ਆਲਾ ਸਿੰਘ ਨੇ ਉਸਦੇ ਮੋਢੇ 'ਤੇ ਹੱਥ ਧਰ ਕੇ ਆਖਿਆ, "ਗੱਲ ਸੁਣ ਭਰਾਵਾ, ਇਹ ਖੁਰਲੀ ਵੀ ਤੇਰੀ ਤੇ ਕਿੱਲੇ ਵੀ ਤੇਰੇ। ਜੇ ਤਾਂ ਘੋੜੀ ਬੱਧੀ ਆ ਆਪਣੀ ਕਰਕੇ ਤਾਂ ਜਮ ਜਮ ਬੰਨ੍ਹ, ਪਰ ਜੇ ਮੇਰੀ ਕਰ ਕੇ ਬੱਧੀ ਆ ਤਾਂ ਹੁਣੇ ਖੋਲ੍ਹ ਲੈ। ਮੈਂ ਕੋਈ ਤੇਰੀ ਘੋੜੀ ਦਾ ਬਪਾਰ ਤੇ ਨਹੀਂ ਨਾ ਕਰਨਾ। ਬਈ ਕੋਈ ਬਪਾਰੀ ਆਂ ਮੈਂ। ਮੈਨੂੰ ਤੇ ਇਹ ਮੇਰਾ ਆਪਣਾ ਈ ਬੜਾ ਏ ਕਰਮਾਂ ਵਾਲਾ, ਬੱਸ ਜਿਊਂਦਾ ਰਹੇ।" ਹਰ ਪਾਸਿਓਂ ਵਾਹ-ਵਾਹ ਹੋਈ।
ਅਗਲੇ ਦਿਨ ਹੀ ਡਿਸਟ੍ਰਿਕਟ ਬੋਰਡ ਦੀ ਇੱਕ ਸੀਟ ਲਈ ਮੈਂਬਰ ਖਲ੍ਹਾਰਣ ਦੀ ਗੱਲ ਹੋ ਗਈ। ਆਲਾ ਸਿੰਘ ਦੇ ਖ਼ਿਆਲ ਵਿੱਚ ਇਹ ਕੋਈ ਵਧੇਰੇ ਸੋਚਣ ਵਾਲੀ ਗੱਲ ਨਹੀਂ ਸੀ। ਉਸ ਆਖਿਆ, "ਪਿਛਲੀ ਵੇਰ ਮੈਂਬਰ ਸੀ ਸ਼ੇਰੇ ਕੀ ਬਰਾਦਰੀ ਦਾ, ਐਤਕੀਂ ਸਾਡੀ ਟੱਲੇ ਕਿਆਂ ਦੀ ਵਾਰੀ ਐ। ਪਿੰਡ ਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ, ਪਰ ਅੱਧ ਤੇ ਦੇਣ ਨਾ ਸਾਨੂੰ।"
ਪਰ ਆਲਾ ਸਿੰਘ ਦੀ ਇਹ ਦਲੀਲ ਕਿਸੇ ਨੂੰ ਜਚੀ ਨਾ। ਉਹ ਪਾਰਟੀਆਂ ਦੀਆਂ ਟਿਕਟਾਂ ,ਪਾਲਸੀਆਂ ਤੇ ਪ੍ਰੋਗਰਾਮਾਂ, ਚੌੜੇ ਤੇ ਸੌੜੇ ਦ੍ਰਿਸ਼ਟੀਕੋਣਾਂ ਦੀਆਂ ਗੱਲਾਂ ਕਰਨ ਲੱਗ ਪਏ। ਆਖ਼ਰ ਇਹ ਕੌਣ ਲੋਕ ਸਨ ਜੋ ਆਪਣੀ ਕੁਲ ਨਾਲੋਂ ਟਿਕਟ ਨੂੰ ਚੰਗਾ ਸਮਝਦੇ ਸਨ। ਪਿਛਲੇ ਦਿਨ ਦੀ ਵਾਹ-ਵਾਹ ਪਿੱਛੋਂ ਇਹ ਹਾਰ ਚੋਖੀ ਚੁਭਦੀ ਸੀ। ਆਲਾ ਸਿੰਘ ਉੱਠ ਕੇ ਆਪਣੀ ਹਵੇਲੀ ਨੂੰ ਟੁਰ ਪਿਆ।
ਓਥੇ ਮੁਰੱਬਿਆਂ ਵਾਲਾ ਮੰਗਲ ਸਿੰਘ ਆਇਆ ਹੋਇਆ ਸੀ। ਮੰਗਲ ਸਿੰਘ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ। ਪਰ ਦੂਰ ਹੋਣ ਕਰਕੇ ਦੋਵੇਂ ਘੱਟ ਵੱਧ ਹੀ ਮਿਲਦੇ ਸਨ।
"ਮੰਗਲ ਸਿੰਹਾਂ, ਤੈਨੂੰ ਆਖਿਆ ਸੀ ਨਾ, ਆਹਲਣਿਓਂ ਡਿੱਗਾ ਬੋਟ ਮੁੜ ਨਹੀਂ ਵਿੱਚ ਪਿਆ ਕਦੀ। ਪਿੰਡੋਂ ਨਿਕਲ ਕੇ ਤੂੰ ਅਸਲੋਂ ਬੇਗਾਨਾ ਹੋ ਗਿਆ ਏਂ।" ਆਲਾ ਸਿੰਘ ਨੇ ਉਲ੍ਹਾਮਾ ਦਿੱਤਾ, ਤੇ ਫੇਰ ਹੋਰ ਗੱਲਾਂ ਹੁੰਦੀਆਂ ਰਹੀਆਂ, ਮਾਲ ਡੰਗਰ ਦੀਆਂ, ਫ਼ਸਲਾਂ ਦੀਆਂ, ਗਵਾਂਢੀ ਪਿੰਡਾਂ ਦੀਆਂ, ਗੱਡੀ ਦੀਆਂ, ਭੋਇੰ ਦੀਆਂ।"
" ਆ ਪਿੰਡ ਚੱਲੀਏ ਆਲਾ ਸਿੰਆਂ, ਟੱਪ ਹੇਠ ਬਹਾਂਗੇ, ਝੱਟ, ਕੋਈ ਗੱਲ ਕਰਾਂ ਸੁਣਾਂਗੇ।" ਮੰਗਲ ਸਿੰਘ ਨੇ ਸਲਾਹ ਦਿੱਤੀ।
"ਪਿੰਡ ਤੇ ਅਸਲੋਂ ਖੱਚ ਹੋ ਗਿਅ ਏ। ਬੰਦਾ ਤੇ ਮੁੱਢੋਂ ਰਿਹਾ ਈ ਕਾਈ ਨਹੀਂ ਨਾ। ਮੁੰਡੀਰ ਤੇ ਭੂਤਰੀ ਹੋਈ ਤੇ ਹਰ ਵੇਲੇ ਕਾਵਾਂ ਰੌਲੀ ਪਾਈ ਰੱਖਦੀ ਏ। ਨਾਂ ਕੋਈ ਸੁਰ ਸੁਆਦ ਦੀ ਕਰਨੀ ਤੇ ਨਾ ਕੋਈ ਸੁਣਨੀ। ਮੈਨੂੰ ਤੇ ਪਿੰਡ ਅਸਲੋਂ ਉਜਾੜ ਲੱਗਦਾ ਏ; ਉਜਾੜ। ਮੈਂ ਨਈਂ ਜਾਣਾ ਓਥੇ ਕਦੀ।"
ਕੋਲ ਹੀ ਬੇਰੀ ਹੇਠ ਬੱਧਾ ਧੌਲਾ ਢੱਗਾ ਉਗਾਲੀ ਕਰ ਰਿਹਾ ਸੀ। ਉਸਦੇ ਪੱਕੇ ਹੋਏ ਕੰਨ 'ਤੇ ਇੱਕ ਕਾਂ ਚੁੰਝ ਮਾਰ ਕੇ ਲਹੂ ਕੱਢ ਰਿਹਾ ਸੀ, ਪਰ ਬੁੱਢਾ ਹੋਇਆ ਢੱਗਾ ਆਪਣੇ ਲੰਮੇ ਸਿੰਗਾਂ ਨਾਲ ਉਸਨੂੰ ਹਟਾਂਦਾ ਨਹੀਂ ਸੀ।
ਸੜਕ ਤੇ ਮਲਕ ਦਾ ਨੌਕਰ ਪਿੰਡੋਂ ਅਖ਼ਬਾਰ ਲਿਆਉਣ ਲਈ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ। ਆਲਾ ਸਿੰਘ ਨੇ ਉਸਨੂੰ ਵੇਖਿਆ, ਪਰ ਅੱਜ ਕਵਾਇਆ ਨਾ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ