Tusin Kaun Ho ? (Punjabi Story) : Manmohan Bawa

ਤੁਸੀਂ ਕੌਣ ਹੋ ? (ਕਹਾਣੀ) : ਮਨਮੋਹਨ ਬਾਵਾ

ਗੱਡੀ ਚਲਦੀ-ਚਲਦੀ ਖੜ੍ਹ ਗਈ। ਸਾਰੀ ਰਾਤ ਡਰ ਦੇ ਮਾਰੇ ਨੀਂਦ ਨਹੀਂ ਸੀ ਆਈ। ਸਿਰ ਲੁਕਾਈ ਲੰਮਾ ਪਿਆ ਲੋਕਾਂ ਦੀਆਂ ਗੱਲਾਂ ਸੁਣਦਾ ਰਿਹਾ ਸਾਂ। ਮੈਂ ਬੈਠ ਕੇ ਬਾਰੀ ਥਾਣੀਂ ਬਾਹਰ ਵੱਲ ਨਜ਼ਰ ਮਾਰੀ। ਧੁੰਦਲੀ-ਧੁੰਦਲੀ ਸਵੇਰ, ਮੈਂ ਚਾਹ ਵਾਲੇ ਤੋਂ ਚਾਹ ਦਾ ਕਸੋਰਾ ਲੈ ਕੇ ਹੱਥ ਵਿੱਚ ਫੜਿਆ ਤੇ ਪੁੱਛਿਆ, ''ਕਿਹੜਾ ਸਟੇਸ਼ਨ ਏ?''
''ਅਲੀਪੁਰ ਦੁਆਰ।''

ਨਾਂ ਜਾਣਿਆ-ਪਛਾਣਿਆ ਲੱਗਿਆ। ਪੱਗ ਸਰਹਾਣਿਓਂ ਚੁੱਕ ਕੇ ਹੈਂਡ ਬੈਗ 'ਚ ਪਾਈ, ਸੂਟ ਕੇਸ ਅਤੇ ਹੈਂਡ ਬੈਗ ਚੁੱਕਿਆ ਅਤੇ ਚੁੱਪ ਕਰਕੇ ਗੱਡੀ 'ਚੋਂ ਉਤਰ ਪੈਂਦਾ ਹਾਂ। ਸਿਰ ਦੇ ਵਾਲ ਤਾਂ ਪਹਿਲਾਂ ਹੀ ਮੁਨਾਏ ਹੋਏ ਸਨ। ਹੁਣ ਮੈਨੂੰ ਲੱਗਿਆ ਜਿਵੇਂ ਲੋਕੀਂ ਮੇਰੀ ਦਾੜ੍ਹੀ ਵੱਲ ਅਜੀਬ-ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ। ਜਾਨ ਹੈ ਤਾਂ ਜਹਾਨ ਹੈ, ਦਾੜ੍ਹੀ...? ਮੈਂ ਮਨ ਹੀ ਮਨ ਆਖਿਆ। ਗੁਹਾਟੀ ਰਹਿੰਦਿਆਂ ਇੱਕ ਆਸਾਮੀ ਕੁੜੀ ਨਾਲ ਮਿੱਤਰਤਾ ਹੋ ਗਈ ਸੀ। ਉਸ ਨੇ ਇੱਕ ਦਿਨ ਆਖਿਆ ਕਿ ਜੇ ਮੇਰੀ ਦਾੜ੍ਹੀ ਨਾ ਹੁੰਦੀ ਉਹ ਨਿਡਰ ਹੋ ਕੇ ਮੈਨੂੰ ਆਪਣੇ ਘਰ ਵਾਲਿਆਂ ਸਾਹਮਣੇ ਪੇਸ਼ ਕਰ ਸਕਦੀ ਸੀ। ਮੈਨੂੰ ਲੱਗਿਆ ਸੀ ਜਿਵੇਂ ਉਹ ਮੈਨੂੰ ਕਿਸੇ ਜੁਰਮ ਤੋਂ ਛੁਟਕਾਰਾ ਪਾਉਣ ਲਈ ਕਹਿ ਰਹੀ ਹੋਵੇ। ਮੈਂ ਹੱਸ ਕੇ ਟਾਲ ਦਿੱਤਾ। ਮਨ ਨਹੀਂ ਸੀ ਮੰਨਿਆ।
ਵੇਟਿੰਗ ਰੂਮ 'ਚ ਜਾ ਕੇ ਸੂਟ ਕੇਸ 'ਚੋਂ ਕੁਝ ਜ਼ਰੂਰੀ ਚੀਜ਼ਾਂ ਅਤੇ ਕੱਪੜੇ ਕੱਢ ਕੇ ਹੈਂਡ ਬੈਗ 'ਚ ਪਾਏ, ਸੂਟ ਕੇਸ ਕਲਾਕ ਰੂਮ 'ਚ ਜਮ੍ਹਾਂ ਕਰਵਾਇਆ ਅਤੇ ਹੈਂਡ ਬੈਗ ਚੁੱਕ ਕੇ ਸਟੇਸ਼ਨ ਦੇ ਬਾਹਰ ਆ ਜਾਂਦਾ ਹਾਂ। ਉਨ੍ਹੀਂ ਦਿਨੀਂ ਐਸ.ਟੀ.ਡੀ. ਬੂਥ ਨਹੀਂ ਸਨ ਹੁੰਦੇ। ਦੁਕਾਨਾਂ ਵੀ ਹਾਲੇ ਨਹੀਂ ਸਨ ਖੁੱਲ੍ਹੀਆਂ। ਟੈਲੀਫੋਨ ਐਕਸਚੇਂਜ ਦਾ ਸਾਈਨ ਬੋਰਡ ਵੇਖ ਕੇ ਮੈਂ ਉਸ ਵਿੱਚ ਵੜ ਜਾਂਦਾ ਹਾਂ। ਐਕਸਚੇਂਜ 'ਚ ਦੋ ਬੰਗਾਲੀ ਬੈਠੇ ਚਾਹ ਪੀ ਰਹੇ ਸਨ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਮੇਰੀ ਮਾਂ ਬੀਮਾਰ ਹੈ, ਘਰ ਟੈਲੀਫੋਨ ਕਰਨਾ ਹੈ। ਉਨ੍ਹਾਂ 'ਚੋਂ ਇੱਕ, ਜਿਸ ਦੀ ਥੋੜ੍ਹੀ-ਥੋੜ੍ਹੀ ਦਾੜ੍ਹੀ ਹੈ ਅਤੇ ਗੱਲ੍ਹਾਂ ਅੰਦਰ ਨੂੰ ਵੜੀਆਂ ਹੋਈਆਂ, ਮੇਰੇ ਵੱਲ ਤਿੱਖੀਆਂ ਨਜ਼ਰਾਂ ਨਾਲ ਤੱਕਦਿਆਂ ਕਹਿੰਦਾ ਹੈ, ''ਕੌਣ ਹੋ?''
ਮੈਂ ਚੁੱਪ ਰਹਿੰਦਾ ਹਾਂ।
''ਸਾਨੂੰ ਕੀ? ਕੋਈ ਵੀ ਹੋਵੇ। ਮੌਕਾ ਏ ਪੈਸਾ ਬਣਾਉਣ ਦਾ।'' ਦੂਜਾ ਕਹਿੰਦਾ ਹੈ।
ਮੈਨੂੰ ਨੰਬਰ ਪੁੱਛ ਕੇ ਨੰਬਰ ਘੁਮਾਉਣ ਲੱਗਦਾ ਹੈ। ਬੜੀ ਦੇਰ ਬਾਅਦ ਨੰਬਰ ਮਿਲਦਾ ਹੈ। ''ਕਿੱਥੋਂ ਬੋਲ ਰਿਹਾ ਏਂ...? ਚੰਗਾ ਕੀਤਾ...। ਇੱਥੇ ਹੀ ਕਿਤੇ ਜੰਗਲਾਂ ਵੱਲ ਚਲਿਆ ਜਾ... ਜਦ ਤਕ ਹਾਲਾਤ ਠੀਕ ਨਹੀਂ ਹੁੰਦੇ ਅੱਗੇ ਨਾ ਆਵੀਂ...।''
''ਕਿੰਨੇ ਪੈਸੇ?'' ਮੈਂ ਪੁੱਛਦਾ ਹਾਂ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੂੰ ਮੇਰੇ ਤੋਂ ਜੋ ਵੀ ਮਿਲੇਗਾ, ਜੇਬ 'ਚ ਪਾ ਲੈਣਗੇ।
''ਢਾਈ ਸੌ ਰੁਪੈ।''
''ਐਨੇ?''
''ਓਏ, ਇੱਕ ਤਾਂ ਤੇਰਾ ਕੰਮ ਕਰ ਦਿੱਤਾ, ਉਪਰੋਂ ਤਾੜਾ-ਤਾੜੀ ਕਰਦਾ ਏਂ।''

ਉਨ੍ਹਾਂ ਨੂੰ ਢਾਈ ਸੌ ਰੁਪੈ ਦੇ ਕੇ ਮੈਂ ਬਾਹਰ ਆਉਂਦਿਆਂ ਕਿਸੇ ਨਾਈ ਦੀ ਦੁਕਾਨ ਲੱਭਣ ਲੱਗਦਾ ਹਾਂ। ਇੱਕ ਨਾਈ ਨੂੰ ਆਪਣੀ ਕੁਰਸੀ ਅਤੇ ਦੁਕਾਨ ਤੋਂ ਮਿੱਟੀ ਝਾੜਦਿਆਂ ਵੇਖ ਕੇ ਮੈਂ ਦੁਕਾਨ 'ਚ ਵੜ ਜਾਂਦਾ ਹਾਂ। ਨਾਈ ਦੀ ਕੁਰਸੀ 'ਤੇ ਬੈਠਿਆਂ ਬਹੁਤ ਅਜੀਬ ਅਤੇ ਆਪਣੇ ਆਪ 'ਚ ਬਹੁਤ ਹੀਣ ਅਨੁਭਵ ਹੋ ਰਿਹਾ ਹੈ। ਨਾਈ ਪਹਿਲਾਂ ਮੇਰੇ ਚਿਹਰੇ ਵੱਲ ਤੱਕਦਾ ਹੈ ਤੇ ਫੇਰ ਮੇਰੇ ਹੱਥ ਵੱਲ। ਉਹ ਵੀ ਉਸਤਰਾ ਚੁਕਦਿਆਂ ਮੌਕੇ ਦਾ ਫਾਇਦਾ ਉਠਾਉਣ ਦੀ ਨੀਅਤ ਨਾਲ ਕਹਿੰਦਾ ਹੈ, ''ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਐਸਾ ਬਣਾ ਦੇਵਾਂਗਾ ਕਿ ਸ਼ੀਸ਼ੇ 'ਚ ਮੂੰਹ ਵੇਖ ਕੇ ਆਪਣੇ ਆਪ ਨੂੰ ਵੀ ਪਛਾਣ ਨਹੀਂ ਸਕੇਂਗਾ।''

ਉਸ ਦੀ ਗੱਲ ਸੁਣ ਕੇ ਮਨ 'ਚ ਕ੍ਰੋਧ ਉਬਾਲੇ ਮਾਰਨ ਲਗਦਾ ਹੈ। ਜੀਅ ਕਰਦਾ ਹੈ ਕਿ ਮਾਰ-ਮਾਰ ਕੇ ਇਸ ਦਾ ਬੂਥਾ ਇੰਝ ਵਿਗਾੜ ਦੇਵਾਂ ਕਿ ਇਹੀ ਆਪਣੇ ਆਪ ਨੂੰ ਨਾ ਪਛਾਣ ਸਕੇ। ਫੇਰ ਮੈਂ ਆਪਣੇ ਗੁੱਸੇ 'ਤੇ ਕਾਬੂ ਪਾ ਕੇ ਕੁਰਸੀ ਤੋਂ ਉਠ ਕੇ ਬਾਹਰ ਸੜਕ 'ਤੇ ਆ ਜਾਂਦਾ ਹਾਂ। ਮਨ ਹੀ ਮਨ ਕਹਿੰਦਾ ਹਾਂ- ਵੇਖੀ ਜਾਊ ਜੋ ਹੁੰਦਾ ਹੈ।

ਚਿੱਕੜ ਅਤੇ ਗੰਦਗੀ ਨਾਲ ਭਰੇ ਬੱਸ ਸਟੈਂਡ 'ਤੇ ਛੋਟੇ ਆਕਾਰ ਦੀਆਂ ਬੱਸਾਂ ਖੜ੍ਹੀਆਂ ਹਨ। ਇੱਕ ਬੱਸ ਕੰਡਕਟਰ 'ਹਾਸ਼ੀਮਾਰਾ, ਮਾਦਰੀਹਟ, ਫੁਨਸ਼ਿਓਲਿੰਗ' ਲਈ ਸਵਾਰੀਆਂ ਨੂੰ ਹਾਕਾਂ ਮਾਰ ਰਿਹਾ ਹੈ।
'ਮਾਦਰੀਹਾਟ' ਦਾ ਨਾਂ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਜਾਂਦੇ ਹਨ। ਇਸ ਸਥਾਨ 'ਤੇ ਕੁਝ ਵਰ੍ਹੇ ਪਹਿਲਾਂ ਆਪਣੇ ਇੱਕ ਬੰਗਾਲੀ ਮਿੱਤਰ ਨਾਲ ਆਇਆ ਸਾਂ। ''ਮਾਦਰੀਹਾਟ ਦੇ ਕਿੰਨੇ ਪੈਸੇ?'' ਮੈਂ ਆਪਣਾ ਬਟੂਆ ਬੋਝੇ 'ਚੋਂ ਕੱਢਦਿਆਂ ਪੁੱਛਦਾ ਹਾਂ।
''ਮਾਦਰੀਹਾਟ ਜਾਓਗੇ, ਕਿਸ ਕੋਲ?''
''ਜਲਦਾਪਾਰਾ ਵਾਈਲਡ ਲਾਈਫ ਸੈਂਕਚੁਅਰੀ ਜਾਣਾ ਹੈ,'' ਮੈਂ ਉੱਤਰ ਦੇਂਦਾ ਹਾਂ।
''ਇਹ ਬਹੁਤ ਚੱਕਰ ਲਾ ਕੇ ਜਾਵੇਗੀ, ਸਿੱਧੀ ਬੱਸ ਇੱਕ ਘੰਟੇ ਬਾਅਦ।''
''ਕੋਈ ਗੱਲ ਨਹੀਂ।'' ਅਤੇ ਮੈਂ ਟਿਕਟ ਲੈ ਕੇ ਬੱਸ 'ਚ ਬੈਠ ਜਾਂਦਾ ਹਾਂ।

ਬੱਸ ਬਹੁਤ ਛੋਟੀ ਹੈ, ਸਤਾਈ ਸੀਟਰ, ਜਿਸ 'ਚ ਘੁਸੜ-ਮੁਸੜ ਕੇ ਪੈਂਤੀ-ਚਾਲੀ ਬੰਦੇ ਬੈਠ ਜਾਂਦੇ ਹਨ। ਸਵਾਰੀਆਂ ਖੇਸੀਆਂ, ਕੰਬਲਾਂ ਦੀਆਂ ਬੁੱਕਲਾਂ ਮਾਰੀ ਗੁੱਛਾ-ਮੁੱਛਾ ਹੋ ਕੇ ਬੈਠੀਆਂ ਹਨ ਅਤੇ ਸਾਰੀ ਬੱਸ ਬੀੜੀਆਂ, ਸਿਗਰਟਾਂ ਦੇ ਧੂੰਏਂ ਨਾਲ ਭਰੀ ਹੋਈ ਹੈ। 'ਜੇ ਮੈਂ ਵੀ... ਤਾਂ ਕਿਸੇ ਨੂੰ ਸ਼ੱਕ ਨਹੀਂ ਪਵੇਗਾ ਕਿ ਮੈਂ ਕੌਣ ਹਾਂ।'

ਬੱਸ ਅਜੇ ਜੰਗਲ 'ਚੋਂ ਲੰਘਦੀ ਤੰਗ ਜਿਹੀ ਸੜਕ 'ਤੇ ਹੋ ਕੇ ਚਲਦੀ ਜਾ ਰਹੀ ਹੈ। ਕਦੀ-ਕਦੀ ਰੁੱਖਾਂ ਨੂੰ ਕੱਟ ਕੇ ਬਣਾਈ ਖੁੱਲ੍ਹੀ ਥਾਂ 'ਚ ਝੌਂਪੜੀਆਂ ਦੀ ਕੋਈ ਬਸਤੀ ਦਿਸ ਪੈਂਦੀ ਹੈ। ਕਿਤੇ-ਕਿਤੇ ਕਿਸੇ ਸਾਈਨ ਬੋਰਡ 'ਤੇ ਬਣੀ ਸ਼ੇਰ ਦੀ ਤਸਵੀਰ ਥੱਲੇ ਬੰਗਾਲੀ 'ਚ ਕੁਝ ਲਿਖਿਆ ਅਤੇ ਸੜਕ ਦੇ ਨਾਲ-ਨਾਲ ਇੱਕ ਹਾਥੀ ਤੁਰਦਿਆਂ ਵੇਖ ਕੇ ਮੈਂ ਸਮਝ ਜਾਂਦਾ ਹਾਂ ਕਿ ਇਹ ਵੀ ਕੋਈ 'ਰਿਜ਼ਰਵ ਫਾਰੈਸਟ' ਹੈ। ਹੌਲੀ-ਹੌਲੀ ਤੁਰਦੀ ਰੁਕਦੀ ਬੱਸ ਚਾਰ-ਪੰਜ ਘੰਟਿਆਂ ਬਾਅਦ ਜੰਗਲ ਨੂੰ ਪਾਰ ਕਰਕੇ ਇੱਕ ਬਸਤੀ ਵਿਚਕਾਰ ਆ ਕੇ ਰੁਕ ਜਾਂਦੀ ਹੈ। ਇੱਥੇ ਕੋਈ ਹਫ਼ਤਾਵਾਰੀ ਹਾਟ ਲੱਗਿਆ ਹੋਇਆ ਹੈ। ਸਾਰਿਆਂ ਨਾਲ ਮੈਂ ਵੀ ਕੁਝ ਖਾਣ-ਪੀਣ ਲਈ ਉੱਤਰ ਜਾਂਦਾ ਹਾਂ। ਹਾਟ ਵਿੱਚ ਛੋਟੇ-ਛੋਟੇ ਕੱਦ ਦੇ ਆਦਮੀ ਤੀਵੀਆਂ ਫਿਰਦੇ ਨਜ਼ਰ ਆ ਰਹੇ ਸਨ।
ਉੱਥੋਂ ਚੱਲ ਕੇ ਜਦ ਬੱਸ ਮਾਦਰੀਹਾਟ ਆ ਕੇ ਰੁਕੀ ਤਾਂ ਸ਼ਾਮ ਦੇ ਚਾਰ-ਪੰਜ ਵੱਜ ਚੁੱਕੇ ਸਨ। ਮੈਂ ਉੱਤਰ ਕੇ ਇੱਕ ਚਾਹ ਦੀ ਦੁਕਾਨ ਸਾਹਮਣੇ ਪਏ ਲਕੜੀ ਦੇ ਬੈਂਚ 'ਤੇ ਬੈਠ ਕੇ ਚਾਹ ਪੀਣ ਲਗਦਾ ਹਾਂ। ਕੋਲ ਹੀ ਤਿੰਨ-ਚਾਰ ਮੁੰਡੇ ਬੈਠੇ ਮੇਰੇ ਵੱਲ ਵੇਖਦੇ ਮੇਰੇ ਬਾਰੇ ਆਪਸ 'ਚ ਗੱਲਾਂ ਕਰਦੇ ਪ੍ਰਤੀਤ ਹੁੰਦੇ ਹਨ, ਜਾਂ ਮੈਨੂੰ ਹੀ ਲਗਦਾ ਹੈ ਕਿ ਇਹ ਮੇਰੇ ਬਾਰੇ ਹੀ ਗੱਲਾਂ ਕਰ ਰਹੇ ਹਨ।
''ਕਿਧਰੋਂ ਆਏ ਹੋ?'' ਇੱਕ ਪੁੱਛਦਾ ਹੈ।
''ਇੱਥੇ ਕਿਧਰ ਜਾਣਾ ਹੈ?'' ਦੂਜਾ ਕਹਿੰਦਾ ਹੈ।

ਮੈਂ ਕੁਝ ਦੇਰ ਚੁੱਪ ਰਹਿੰਦਾ ਹਾਂ। ਫੇਰ ਕਹਿੰਦਾ ਹਾਂ ਕਿ ਮੈਂ ਜਲਦਾਪਾਰਾ ਵਾਈਲਡ ਲਾਈਫ ਸੈਂਕਚੁਅਰੀ ਵੇਖਣ ਆਇਆ ਹਾਂ। ਮੇਰੇ ਬੋਲਣ 'ਤੇ ਉਹ ਸਾਰੇ ਮੈਨੂੰ ਉਪਰ ਤੋਂ ਲੈ ਕੇ ਥੱਲੇ ਵੱਲ ਤੱਕਦੇ ਹਨ। ਮੈਂ ਜਾਣਦਾ ਹਾਂ ਕਿ ਇਹ ਕੀ ਸੋਚ ਰਹੇ ਹੋਣਗੇ। 'ਸੈਂਕਚੁਅਰੀ' ਵੇਖਣ ਆਉਣ ਵਾਲਿਆਂ ਵਾਂਗ ਨਾ ਤੇ ਮੇਰੇ ਕੋਲ ਕੈਮਰਾ ਹੈ, ਨਾ ਦੂਰਬੀਨ ਅਤੇ ਨਾ ਹੀ 'ਸੂਰਤ ਸ਼ਕਲ'। ਉਹ ਆਪਸ 'ਚ ਆਪਣੀ ਭਾਸ਼ਾ 'ਚ ਗੱਲਾਂ ਕਰਨ ਲੱਗਦੇ ਹਨ। ਮੈਂ ਇਨ੍ਹਾਂ ਦੀ ਬੰਗਾਲੀ ਭਾਸ਼ਾ ਕੁਝ-ਕੁਝ ਸਮਝਦਾ ਹਾ। ਗੱਲਾਂ ਤੋਂ ਇਹ 'ਨਕਸਲਵਾਦੀ' ਕਿਸਮ ਦੇ ਬੰਦੇ ਲਗਦੇ ਹਨ। ਇਨ੍ਹਾਂ 'ਚੋਂ ਇੱਕ ਕਹਿੰਦਾ ਹੈ ਜਿਸ ਦੇ ਅਰਥ ਕੁਝ ਇਸ ਤਰ੍ਹਾਂ ਸਮਝ ਆਉਂਦੇ ਹਨ, ''ਐਵੇਂ ਨਾ ਬੋਲੀ ਜਾਓ... ਠੀਕ ਏ... ਕੋਈ ਵੀ ਹੋਵੇ।''

ਜਲਦਾਪਾਰਾ ਸੈਂਕਚੁਅਰੀ ਦਾ ਰੈਸਟ ਹਾਊਸ' ਇੱਥੋਂ ਅੱਠ-ਦਸ ਕਿਲੋਮੀਟਰ ਅੰਦਰ ਹੈ। ਅੰਦਰ ਜਾਨਵਰਾਂ ਦਾ ਖ਼ਤਰਾ ਹੋਣ ਕਰਕੇ ਸ਼ਾਇਦ ਰਿਕਸ਼ਾ ਨਹੀਂ ਜਾਂਦੀ। ਜੇਬ 'ਚ ਪੈਸੇ ਘਟਦੇ ਜਾ ਰਹੇ ਹਨ ਪਰ ਫੇਰ ਵੀ ਮੈਨੂੰ ਅੰਦਰ ਜਾਣ ਲਈ ਟੈਕਸੀ ਦੇ ਪੰਜਾਹ ਰੁਪਏ ਖਰਚਣੇ ਪੈਂਦੇ ਹਨ। ਟੈਕਸੀ 'ਚ ਬੈਠ ਕੇ ਰੈਸਟ ਹਾਊਸ ਵੱਲ ਜਾਂਦਿਆਂ ਸੋਚ ਰਿਹਾ ਸਾਂ ਕਿ ਇੱਥੇ ਰਹਿਣ ਲਈ ਪੰਜ-ਸੱਤ ਦਿਨ ਲਈ ਕਮਰਾ ਮਿਲ ਜਾਏ ਤਾਂ 'ਖ਼ਤਰੇ' ਵਾਲੇ ਦਿਨ ਬੇਫ਼ਿਕਰੀ ਨਾਲ ਗੁਜ਼ਰ ਸਕਦੇ ਹਨ। ਸੰਘਣੇ ਜੰਗਲ ਵਿਚਕਾਰ ਖੁੱਲ੍ਹੀ ਥਾਵੇਂ ਲੱਕੜੀ ਦਾ ਬਣਿਆ ਦੋ ਮੰਜ਼ਿਲਾ ਡਾਕ ਬੰਗਲਾ, ਇੱਕ ਪਾਸੇ ਕਾਮਿਆਂ ਦੇ ਕੁਆਰਟਰ ਅਤੇ ਹਾਥੀਆਂ ਦੇ ਵਾੜੇ। ਤਿੰਨ-ਚਾਰ ਵਰ੍ਹੇ ਪਹਿਲਾਂ ਜਦ ਮੈਂ ਆਇਆ, ਉਦੋਂ ਮੈਂ ਇਹ ਰੈਸਟ ਹਾਊਸ ਵੇਖਿਆ ਸੀ ਪਰ ਇਸ ਦੇ ਆਲੇ-ਦੁਆਲੇ ਦਾ ਵਾਤਾਵਰਨ ਬਦਲਿਆ ਹੋਇਆ ਲੱਗਾ। ਰੈਸਟ ਹਾਊਸ ਦੇ ਸਾਹਮਣੇ ਵੱਡੀਆਂ-ਵੱਡੀਆਂ ਲਿਸ਼ਕਦੀਆਂ ਕਾਰਾਂ ਦਿਸ ਰਹੀਆਂ ਅਤੇ ਕੁਝ ਹੋਰ ਆ ਰਹੀਆਂ ਸਨ।

ਰੈਸਟ ਹਾਊਸ ਦੇ 'ਕੇਅਰ ਟੇਕਰ' ਨਾਲ ਮੈਂ ਕਮਰੇ ਬਾਰੇ ਗੱਲ ਕਰਦਾ ਹਾਂ। ''ਪਰਮਿਟ ਲੈ ਕੇ ਆਏ ਹੋ?'' ਉਹ ਪੁੱਛਦਾ ਹੈ। ਮੇਰੇ ਨਾਂਹ ਕਹਿਣ 'ਤੇ ਉਹ ਮੈਨੂੰ ਉੱਥੋਂ ਵਾਪਸ ਚਲੇ ਜਾਣ ਲਈ ਕਹਿੰਦਾ ਹੈ ਪਰ ਮੈਂ ਜਾਂਦਾ ਨਹੀਂ ਅਤੇ ਇੱਕ ਪਾਸੇ ਖੜ੍ਹਾ ਹੋ ਕੇ ਕਦੇ ਹਾਥੀਆਂ ਅਤੇ ਕਦੇ ਜੰਗਲ 'ਚ ਬਣੀ ਉੱਚੀ ਸਾਰੀ ਮਚਾਨ ਵੱਲ ਵੇਖਣ ਲੱਗਦਾ ਹਾਂ। ਮੈਂ ਵੇਖਿਆ ਕਿ ਇਨ੍ਹਾਂ ਕਾਰਾਂ 'ਚੋਂ ਉਤਰਨ ਵਾਲੇ ਸੋਹਣੀਆਂ-ਸੋਹਣੀਆਂ ਕੁੜੀਆਂ, ਚਾਹ ਦੇ ਬਾਗਾਨਾਂ ਦੇ ਮਾਲਕ, ਐਕਟਰ-ਐਕਟਰੈਸਾਂ ਆਦਿ ਹਨ। ਬਹੁਤ ਸਾਰੇ ਪਰਮਿਟ ਲੈ ਕੇ ਆ ਰਹੇ ਹਨ। ਜੋ ਬਿਨਾਂ ਪਰਮਿਟ ਦੇ ਆਏ, ਉਨ੍ਹਾਂ ਤੋਂ ਕੁਝ ਲੈ ਦੇ ਕੇ ਕਮਰੇ ਮਿਲਦੇ ਜਾ ਰਹੇ ਹਨ।

ਹਨੇਰਾ ਪੈ ਗਿਆ ਤਾਂ ਕੇਅਰ ਟੇਕਰ ਘੋਸ਼ ਬਾਬੂ ਮੇਰੇ ਵੱਲ ਪ੍ਰਸ਼ਨ ਭਰੀਆਂ ਅਤੇ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਤਕਦਾ ਹੈ। ਹੁਣ ਸਥਿਤੀ ਇਹ ਹੈ ਕਿ ਉਹ ਮੈਨੂੰ ਵਾਪਸ ਚਲੇ ਜਾਣ ਲਈ ਵੀ ਮਜਬੂਰ ਨਹੀਂ ਕਰ ਸਕਦਾ। ਜੇ ਵਾਪਸ ਜਾਂਦਿਆਂ ਰਸਤੇ 'ਚ ਮੈਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਸੁੱਟਿਆ ਤਾਂ ਦੋਸ਼ ਉਸ ਉੱਤੇ ਆਉਣਾ ਹੈ। ਇਸ ਕਾਰਨ ਮੈਨੂੰ ਇੱਕ ਰਾਤ ਇੱਥੇ ਰਹਿਣ ਲਈ ਕਿਸੇ 'ਸਰਵੈਂਟ ਕੁਆਰਟਰ' 'ਚ ਸੌਣ ਦੀ ਥਾਂ ਮਿਲ ਜਾਂਦੀ ਹੈ। ਮੱਛਰਾਂ ਕਾਰਨ ਸਾਰੀ ਰਾਤ ਸੌਂ ਨਹੀਂ ਸਕਿਆ। ਅਗਲੀ ਸਵੇਰ ਇੱਕ ਕਾਰ 'ਚ ਲਿਫਟ ਲੈ ਕੇ ਮੈਂ ਮੁੜ ਮਾਦਰੀਹਾਟ ਦੀ ਚਾਹ ਦੀ ਦੁਕਾਨ 'ਤੇ ਪਹੁੰਚ ਜਾਂਦਾ ਹਾਂ।

ਮੇਰੇ ਚਾਹ ਪੀਂਦਿਆਂ ਅਤੇ ਪਕੌੜੇ ਖਾਂਦਿਆਂ ਇੱਕ ਬੰਗਾਲੀ ਮੁੰਡਾ ਮੇਰੇ ਕੋਲ ਆ ਬੈਠਦਾ ਹੈ।
''ਤੁਸੀਂ ਇੱਥੇ ਜੰਗਲੀ ਜਾਨਵਰ ਵੇਖਣ ਆਏ ਸੀ?''
''ਹਾਂ।''
''ਕੁਝ ਦਿੱਸਿਆ?''
''ਹਾਂ।''
''ਕੀ ਕੀ?''
''ਮਿੱਲਾਂ ਅਤੇ ਚਾਹ ਦੇ ਬਾਗਾਨਾਂ ਦੇ ਮਾਲਕ, ਨਾਲ ਛੋਕਰੀਆਂ, ਐਕਟਰ-ਐਕਟਰੈਸਾਂ।'' ਮੈਂ ਕਹਿੰਦਾ ਹਾਂ।

''ਇਹ ਤਾਂ ਐਸ਼ ਕਰਨ ਆਉਂਦੇ ਹਨ ਇੱਥੇ।'' ਇਸ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਵੀ ਕਰਦਾ ਅਤੇ ਇਨ੍ਹਾਂ ਲੋਕਾਂ ਨੂੰ ਗਾਲ੍ਹਾਂ ਵੀ ਕੱਢਦਾ ਰਿਹਾ। ਲੱਗਦਾ ਹੈ ਕਿ ਇਹ ਵੀ ਕੋਈ ਨਕਸਲਵਾਦੀ ਕਿਸਮ ਦਾ ਆਦਮੀ ਹੈ। ਮੈਨੂੰ ਇਹ ਵੀ ਲੱਗਿਆ ਕਿ ਮੇਰੀਆਂ ਗੱਲਾਂਬਾਤਾਂ, ਮੇਰੇ ਬੋਲਣ ਦੇ ਲਹਿਜ਼ੇ ਤੋਂ ਇਸ ਨੇ ਪਛਾਣ ਲਿਆ ਹੈ ਕਿ ਮੈਂ ਪੰਜਾਬੀ ਹਾਂ ਅਤੇ ਸ਼ਾਇਦ ਸਿੱਖ ਵੀ। ਪਰ ਫੇਰ ਵੀ ਉਸ ਨੇ ਸਿੱਧੇ ਤੌਰ 'ਤੇ ਇਸ ਬਾਰੇ ਨਾ ਮੇਰੇ ਤੋਂ ਪੁੱਛਿਆ ਅਤੇ ਨਾ ਹੀ ਕੁਝ ਕਿਹਾ। ਕਾਫ਼ੀ ਦੇਰ ਗੱਲਾਂ ਕਰਦੇ ਰਹਿਣ ਤੋਂ ਬਾਅਦ ਉਹ ਕਹਿੰਦਾ ਹੈ, ''ਮੈਨੂੰ ਲਗਦਾ ਹੈ ਕਿ ਤੁਹਾਨੂੰ ਜੰਗਲਾਂ ਅਤੇ ਆਦਿ-ਵਾਸੀਆਂ ਵਿੱਚ ਬਹੁਤ ਰੁਚੀ ਹੈ। ਇਸ ਮਾਦਰੀਹਾਟ ਤੋਂ ਚਾਲੀ-ਪੰਜਾਹ ਕਿਲੋਮੀਟਰ 'ਤੇ ਭੂਟਾਨ ਦਾ ਸੀਮਾਵਰਤੀ ਸ਼ਹਿਰ 'ਫੁਨਸ਼ਿਓਲਿੰਗ' ਹੈ। ਬਹੁਤ ਸੋਹਣਾ, ਭੂਟਾਨੀ ਸੱਭਿਅਤਾ।'' ਫਿਰ ਉਹ ਮੈਨੂੰ ਫੁਨਸ਼ਿਓਲਿੰਗ ਤੋਂ ਪੰਦਰਾਂ-ਸੋਲਾਂ ਕਿਲੋਮੀਟਰ ਦੂਰ ਜੰਗਲਾਂ ਅਤੇ ਪਹਾੜੀਆਂ ਵਿਚਕਾਰ ਘਿਰੇ ਇੱਕ 'ਟੋਟੋ' ਨਾਂ ਦੇ ਜੰਗਲੀ ਕਬੀਲੇ ਬਾਰੇ ਵੀ ਦੱਸਦਾ ਹੈ।
''ਕੀ ਤੁਸੀਂ ਉੱਥੇ ਜਾਣਾ ਚਾਹੋਗੇ?''
''ਜਾਣਾ ਤਾਂ ਚਾਹਵਾਂਗਾ,'' ਮੈਨੂੰ ਆਦਿਵਾਸੀ ਕਬੀਲਿਆਂ ਬਾਰੇ ਜਾਣਨ 'ਚ ਦਿਲਚਸਪੀ ਤੇ ਬੇਸ਼ੱਕ ਸੀ ਥੋੜ੍ਹੀ-ਬਹੁਤ, ਪਰ ਜ਼ਿਆਦਾ ਫ਼ਾਇਦਾ ਆਪਣੀ ਸੁਰੱਖਿਆ ਪੱਖੋਂ ਨਜ਼ਰ ਆ ਰਿਹਾ ਸੀ।
''ਪਰ ਕਿਵੇਂ ਜਾਵਾਂਗਾ ਅਤੇ ਉੱਥੇ ਰਹਾਂਗਾ ਕਿੱਥੇ?''

''ਇਹੀ ਤੇ ਮੈਂ ਦੱਸਣ ਲੱਗਿਆਂ ਹਾ। ਉੱਥੇ ਮੇਰੀ ਇੱਕ ਬਹੁਤ ਨਜ਼ਦੀਕੀ ਜਾਣਕਾਰ ਰਹਿੰਦੀ ਹੈ 'ਸੁਨੰਦਾ'। ਇੱਕ ਡਿਸਪੈਂਸਰੀ 'ਚ ਕੰਮ ਕਰਦੀ ਹੈ। ਮੈਂ ਕਈ ਚਿਰਾਂ ਤੋਂ ਉਸ ਵੱਲ ਨਹੀਂ ਜਾ ਸਕਿਆ। ਮੈਂ ਉਸ ਦੇ ਨਾਂ ਤੁਹਾਨੂੰ ਇੱਕ ਖ਼ਤ ਦੇਂਦਾ ਹਾ। ਤੁਸੀਂ ਉੱਥੇ ਬੜੇ ਆਰਾਮ ਨਾਲ ਰਹਿ ਸਕਦੇ ਹੋ। ਮੇਰਾ ਹਾਲ-ਚਾਲ ਦੱਸਣਾ।'' ਕਹਿੰਦਿਆਂ-ਕਹਿੰਦਿਆਂ ਉਸ ਦੀਆਂ ਅੱਖਾਂ 'ਚ ਇੱਕ ਖ਼ਾਸ ਤਰ੍ਹਾਂ ਦੀ ਚਮਕ ਆ ਗਈ। ਉਸ ਦੇ ਇਸ 'ਸੁਨੰਦਾ' ਨਾਲ, ਕਿਸ ਤਰ੍ਹਾਂ ਦੇ ਸਬੰਧ ਹਨ? ਮੈਂ ਅੰਦਾਜ਼ਾ ਲਾਉਣ ਲੱਗਦਾ ਹਾਂ। ਇਸ ਤੋਂ ਬਾਅਦ ਬੰਗਾਲੀ ਭਾਸ਼ਾ 'ਚ ਖ਼ਤ ਲਿਖ ਕੇ ਮੈਨੂੰ ਦੇਂਦਾ ਅਤੇ ਟੋਟੋਪਾੜਾ ਪਹੁੰਚਣ ਦਾ ਰਸਤਾ ਵੀ ਸਮਝਾਉਂਦਾ ਰਹਿੰਦਾ ਹੈ।
ਇੱਕ ਬੱਸ 'ਚ ਬੈਠ ਕੇ ਮੈਂ 'ਫੁਨਸ਼ਿਓਲਿੰਗ' ਜਾ ਉਤਰਦਾ ਹਾਂ ਅਤੇ ਇੱਕ ਆਦਮੀ ਤੋਂ ਟੋਟੋਪਾੜਾ ਵੱਲ ਜਾਣ ਦਾ ਰਸਤਾ ਪੁੱਛਦਾ ਹਾਂ।
''ਟੋਟੋਪਾੜਾ? ਇਹ 'ਟੋਟ' ਕਬੀਲੇ ਦੇ ਲੋਕ ਬਹੁਤ ਖ਼ਤਰਨਾਕ ਹਨ। ਨਰ ਭਕਸ਼ੀ। ਉਸ ਪਾਸੇ ਕੋਈ ਨਹੀਂ ਜਾਂਦਾ।''
''ਮੇਰੇ ਕੁਝ ਜਾਣਕਾਰ ਰਹਿੰਦੇ ਹਨ ਉੱਥੇ।''
''ਠੀਕ ਏ। ਜਿਵੇਂ ਤੁਹਾਡੀ ਮਰਜ਼ੀ। ਔਹ ਜੋ ਰਸਤਾ ਜਾ ਰਿਹਾ ਹੈ ਨਾ ਤੀਸਤਾ ਨਦੀ ਵੱਲ...।'' ਉਹਨੇ ਇੰਜ ਕਿਹਾ ਜਿਵੇਂ ਮੌਤ ਦੇ ਮੂੰਹ 'ਚ ਜਾ ਰਿਹਾ ਹੋਵਾਂ। (ਉਸ ਨੂੰ ਭਲਾ ਮੈਂ ਕਿਵੇਂ ਸਮਝਾਵਾਂ ਕਿ ਮੈਂ ਮੌਤ ਦੇ ਮੂੰਹ 'ਚੋਂ ਨਿਕਲ ਕੇ ਜਾ ਰਿਹਾ ਹਾਂ।)

ਅੱਗੇ ਦਾ ਰਸਤਾ ਮੈਨੂੰ ਉਸ ਬੰਗਾਲੀ 'ਸ਼ਬੀਰ ਮੋਂਡਲ' ਨੇ ਸਮਝਾ ਦਿੱਤਾ ਹੋਇਆ ਸੀ। ਨਦੀ 'ਚ ਉਸ ਵੇਲੇ ਪਾਣੀ ਬਹੁਤ ਘੱਟ ਸੀ ਅਤੇ ਪਾਟ ਬਹੁਤ ਚੌੜਾ। ਪਾਣੀ ਕਈ ਧਾਰਾਵਾਂ 'ਚ ਵਗਦਾ ਹੋਇਆ। ਕਦੀ ਰੇਤ ਆ ਜਾਂਦੀ, ਕਦੀ ਪਾਣੀ। ਕਿਤੇ ਪੈਂਟ ਉੱਤੇ ਕਰਕੇ ਪਾਣੀ ਦੀ ਧਾਰ 'ਚੋਂ ਲੰਘਦਾ ਅਤੇ ਜਿੱਥੇ ਕਿਤੇ ਡੂੰਘਾ ਹੁੰਦਾ ਉੱਥੋਂ ਕੰਮ ਚਲਾਊ ਲੱਕੜੀ ਦੇ ਪੁਲ ਰਾਹੀਂ। ਚਾਰ-ਪੰਜ ਕਿਲੋਮੀਟਰ ਚੌੜੇ ਨਦੀ ਦੇ ਪਾਟ ਨੂੰ ਪਾਰ ਕਰਨ ਤੋਂ ਬਾਅਦ ਪਹਾੜੀ ਦੀ ਚੜ੍ਹਾਈ ਚੜ੍ਹਦੀ ਇੱਕ ਪਗਡੰਡੀ 'ਤੇ ਤੁਰਨ ਲੱਗਦਾ ਹਾਂ। ਜਿਉਂ-ਜਿਉਂ ਅੱਗੇ ਵਧਦਾ ਹਾ ਪਗਡੰਡੀ ਸੌੜੀ ਅਤੇ ਜੰਗਲ ਘਣਾ ਹੁੰਦਾ ਜਾ ਰਿਹਾ ਹੈ। ਕਈ ਘੰਟੇ ਤੁਰਦਾ ਰਿਹਾ। ਸੂਰਜ ਛਿਪਣ 'ਤੇ ਆ ਗਿਆ ਪਰ ਟੋਟੋਪਾੜਾ ਦਾ ਨਾਂ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਆਦਮੀ ਕੀ, ਇਸ ਰਸਤੇ 'ਤੇ ਕੋਈ ਜਾਨਵਰ ਵੀ ਆਉਂਦਾ ਜਾਂਦਾ ਨਹੀਂ ਦਿੱਸਦਾ। ਭੁੱਖ ਲੱਗੀ ਹੋਈ ਅਤੇ ਤੌਖਲਾ ਵੀ ਵਧਦਾ ਜਾ ਰਿਹਾ ਹੈ।

ਹਨੇਰਾ ਪੈਣ ਤੋਂ ਕੁਝ ਦੇਰ ਪਹਿਲਾਂ ਰਸਤੇ 'ਚ ਕੁਝ ਪਾਲਤੂ ਸੂਰ, ਫੇਰ ਕੁਝ ਕੱੁਕੜ-ਕੁੱਕੜੀਆਂ ਨਜ਼ਰ ਆਉਂਦੇ ਹਨ। ਹੁਣ ਮੈਨੂੰ ਬਸਤੀ ਦੇ ਨੇੜੇ ਹੋਣ ਦੀ ਆਸ ਨਜ਼ਰ ਆਉਂਦੀ ਹੈ ਅਤੇ ਅਚਾਨਕ, ਇੱਕ ਫ਼ਿਲਮੀ ਦ੍ਰਿਸ਼ ਦੀ ਤਰ੍ਹਾਂ ਜੰਗਲ ਵਿਚਕਾਰ ਘਿਰਿਆ ਬਾਂਸਾਂ ਦੀਆਂ ਝੌਂਪੜੀਆਂ ਨਾਲ ਭਰਿਆ ਟੋਟੋਪਾੜਾ ਦਾ ਪਿੰਡ ਵਿਖਾਈ ਦੇਣ ਲੱਗਦਾ ਹੈ। ਰਸਤਾ ਵੀ ਚੌੜਾ ਹੋ ਗਿਆ ਹੈ। ਰਸਤੇ ਦੇ ਦੋਵੇਂ ਪਾਸੇ, ਧਰਤੀ ਤੋਂ ਅੱਠ-ਦਸ ਫੁੱਟ ਉੱਠੀਆਂ ਮੋਟੇ ਬਾਂਸਾਂ ਦੇ ਸਹਾਰੇ ਖੜ੍ਹੀਆਂ ਝੌਂਪੜੀਆਂ ਦੇ ਸਾਹਮਣੇ ਟੋਟੋ ਕਬੀਲੇ ਦੀਆਂ ਤੀਵੀਆਂ, ਬੱਚੇ ਮੇਰੇ 'ਓਪਰੇ' ਆਦਮੀ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਹਨ। ਤੀਵੀਆਂ ਦੇ ਤੇੜ ਲੂੰਗੀਆਂ, ਸਿਰ 'ਤੇ ਰੁਮਾਲ ਜਿਹਾ ਬੰਨਿ੍ਹਆ ਹੋਇਆ।

ਇੱਕ ਆਦਮੀ ਖੜ੍ਹਾ ਨਜ਼ਰ ਆਉਣ 'ਤੇ ਮੈਂ ਉਸ ਤੋਂ ਸੁਨੰਦਾ ਬਾਰੇ ਪੁੱਛਦਾ ਹਾਂ। ਉਸ ਦੀ ਗੱਲ ਮੈਨੂੰ ਸਮਝ ਨਹੀਂ ਆ ਰਹੀ। ਫੇਰ ਮੈਂ ਉਸ ਨੂੰ ਡਿਸਪੈਂਸਰੀ, ਹਸਪਤਾਲ, ਡਾਕਟਰ ਆਦਿ ਸ਼ਬਦਾਂ ਰਾਹੀਂ ਪੁੱਛਦਾ ਹਾਂ।
''ਅਊ-ਅਊੂ'' ਉਹ ਹਾਂ 'ਚ ਸਿਰ ਹਿਲਾਉਂਦਿਆਂ ਅੱਗੇ ਤੁਰੀ ਜਾਣ ਲਈ ਇਸ਼ਾਰਾ ਕਰਦਾ ਹੈ।

ਬਸਤੀ ਦੇ ਬਿਲਕੁਲ ਅੰਤ ਉੱਤੇ ਇੱਟਾਂ ਦਾ ਬਣਿਆ ਇੱਕ ਪੱਕਾ ਮਕਾਨ ਦਿੱਸਦਾ ਹੈ ਤੇ ਮੈਂ ਸਮਝ ਜਾਂਦਾ ਹਾਂ ਕਿ ਇਹ ਡਿਸਪੈਂਸਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਮਕਾਨ ਦਾ ਇੱਕ ਛੋਟਾ ਜਿਹਾ ਵਰਾਂਡਾ ਹੈ ਅਤੇ ਦੋ ਦਰਵਾਜ਼ੇ। ਮੈਂ ਇੱਕ ਦਰਵਾਜ਼ੇ 'ਤੇ ਦਸਤਕ ਦੇਂਦਾ ਹਾਂ। ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਇੱਕ ਪੰਦਰਾਂ-ਸੋਲ੍ਹਾਂ ਵਰ੍ਹਿਆਂ ਦੀ ਕੁੜੀ ਸਾਹਮਣੇ ਦਿੱਸਦੀ ਹੈ। ਇਹ ਸੁਨੰਦਾ ਨਹੀਂ ਹੋ ਸਕਦੀ। ਮੈਂ ਸੋਚਦਾ ਹਾਂ ਅਤੇ ਮੈਂ ਉਸ ਤੋਂ ਸੁਨੰਦਾ ਦੀਦੀ ਬਾਰੇ ਪੁੱਛਦਾ ਹਾਂ। ਉਹ ਕੁੜੀ ਵਾਪਸ ਪਰਤ ਜਾਂਦੀ ਹੈ ਅਤੇ ਕੁਝ ਦੇਰ ਬਾਅਦ ਇੱਕ ਅਠਾਈ ਤੀਹ ਕੁ ਵਰ੍ਹਿਆਂ ਦੀ ਤੀਵੀਂ ਨੂੰ ਲੈ ਕੇ ਆ ਜਾਂਦੀ ਹੈ।
''ਤੁਸੀਂ ਸੁਨੰਦਾ ਦੀਦੀ?'' ਕਹਿੰਦਿਆਂ ਮੈਂ 'ਸ਼ਬੀਰ ਮੋਂਡਲ' ਦਾ ਦਿੱਤਾ ਪੱਤਰ ਉਸ ਨੂੰ ਫੜਾ ਦੇਂਦਾ ਹਾਂ।

ਉਹ ਕੁਝ ਪਲ ਮੇਰੇ ਵੱਲ, ਮੇਰੇ ਹੱਥ 'ਚ ਫੜੇ ਹੈਂਡ ਬੈਗ ਅਤੇ ਮੇਰੇ ਧੂੜ ਭਰੇ ਕੱਪੜਿਆਂ ਅਤੇ ਪੈਰਾਂ ਵੱਲ ਵੇਖਦੀ ਹੈ। ਉਤਸੁਕਤਾ ਕਾਰਨ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਉਹ ਪੱਤਰ ਨਾ ਖੋਲ੍ਹਦੀ ਹੈ ਨਾ ਪੜ੍ਹਦੀ ਹੈ। ਸ਼ਾਇਦ ਮੇਰੀ ਮੌਜੂਦਗੀ 'ਚ ਨਹੀਂ ਪੜ੍ਹਨਾ ਚਾਹੁੰਦੀ। ਫੇਰ ਟੁੱਟੀ-ਫੁੱਟੀ ਹਿੰਦੀ 'ਚ ਕਹਿੰਦੀ ਹੈ, ''ਅੰਦਰ ਲੰਘ ਆਓ।''
ਇੱਕ ਨਿੱਕੇ ਜਿਹੇ ਕਾਰੀਡੋਰ 'ਚ ਲੰਘ ਕੇ ਉਹ ਹੱਥ ਦੇ ਧੱਕੇ ਨਾਲ ਇੱਕ ਦਰਵਾਜ਼ਾ ਖੋਲ੍ਹਦੀ ਅਤੇ ਮੈਨੂੰ ਉਸ ਦਰਵਾਜ਼ੇ 'ਚੋਂ ਇੱਕ ਕਮਰੇ ਵਿੱਚ ਜਾਣ ਦਾ ਇਸ਼ਾਰਾ ਕਰਦੀ ਹੈ।

ਕਮਰੇ 'ਚ ਇੱਕ ਤਖਤਪੋਸ਼ ਹੈ, ਇੱਕ ਕੁਰਸੀ ਅਤੇ ਇੱਕ ਛੋਟਾ ਜਿਹਾ ਮੇਜ਼। ਮੈਂ ਤਖਤਪੋਸ਼ 'ਤੇ ਬੈਠ ਕੇ ਆਪਣੇ ਬੂਟ ਉਤਾਰਦਾ ਅਤੇ ਫੇਰ ਆਪਣੀ ਥਕਾਵਟ ਮਿਟਾਉਣ ਲਈ ਤਖਤਪੋਸ਼ 'ਤੇ ਲੰਮਾ ਪੈ ਜਾਂਦਾ ਹਾਂ। ਥੋੜ੍ਹੀ ਦੇਰ ਬਾਅਦ ਛੋਟੀ ਕੁੜੀ ਪਰਦਾ ਚੁੱਕ ਕੇ ਅੰਦਰ ਆਉਂਦੀ ਅਤੇ ਤਖਤਪੋਸ਼ ਉੱਤੇ ਭੂਟਾਨੀ ਨਮੂਨੇ ਦਾ ਗਲੀਚਾ ਵਿਛਾ ਕੇ ਸਰ੍ਹਾਣਾ ਅਤੇ ਕੰਬਲ ਰੱਖ ਕੇ ਚਲੀ ਜਾਂਦੀ ਹੈ। ਕੁਝ ਦੇਰ ਬਾਅਦ ਇੱਕ ਟ੍ਰੇਅ 'ਚ ਚਾਹਦਾਨੀ ਅਤੇ ਬਿਸਕੁਟ ਲਈ ਵੱਡੀ ਤੀਵੀਂ ਅੰਦਰ ਆਉਂਦੀ ਅਤੇ ਟ੍ਰੇਅ ਮੇਜ਼ 'ਤੇ ਰੱਖ ਕੇ ਕੁਰਸੀ 'ਤੇ ਬੈਠ ਜਾਂਦੀ ਹੈ। ਕੇਤਲੀ ਵਿੱਚੋਂ ਪਿਆਲੇ 'ਚ ਚਾਹ ਉਲਟਾਉਂਦਿਆਂ ਮੈਨੂੰ ਲਗਦਾ ਹੈ ਕਿ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਹੈ। ਮੈਂ ਉਸ ਨੂੰ ਆਪਣੀ ਆਦਿਵਾਸੀਆਂ 'ਚ ਰੁਚੀ ਅਤੇ ਟੋਟੋ ਲੋਕਾਂ ਬਾਰੇ ਪੁੱਛਦਾ ਹਾਂ। ਉਨ੍ਹਾਂ ਦੀ ਡਿਸਪੈਂਸਰੀ ਬਾਰੇ ਵੀ ਕੁਝ ਸਵਾਲ ਕਰਦਾ ਹਾਂ। ਉਸ ਦੀ ਟੁੱਟੀ-ਫੁੱਟੀ ਹਿੰਦੀ ਤੋਂ ਜੋ ਮੈਨੂੰ ਸਮਝ ਆਉਂਦਾ ਹੈ ਉਹ ਇਹ ਹੈ ਕਿ ਡਿਸਪੈਂਸਰੀ ਈਸਾਈ ਮਿਸ਼ਨਰੀਆਂ ਨੇ ਬਣਵਾਈ ਹੈ, ਖ਼ਾਸ ਇਨ੍ਹਾਂ ਟੋਟੋ ਲੋਕਾਂ ਦੇ ਇਲਾਜ ਲਈ। ਬੀਮਾਰਾਂ ਦੀ ਦੇਖ-ਭਾਲ ਤੋਂ ਇਲਾਵਾ ਇਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੇ ਕੰਮ ਸਿਖਾਉਂਦਿਆਂ ਇਨ੍ਹਾਂ ਦੀ ਸਹਾਇਤਾ ਕਰਦੇ ਹਨ। ''ਤੁਸੀਂ ਦੋਵੇਂ ਇਕੱਲੇ ਰਹਿੰਦੇ ਹੋ?''
''ਹਾਂ।''
''ਡਰ ਨਹੀਂ ਲਗਦਾ?''
''ਡਰ ਕਾਹਦਾ।''
''ਇਨ੍ਹਾਂ ਅਸੱਭਿਆ ਜੰਗਲੀ ਲੋਕਾਂ ਤੋਂ?''
''ਜੰਗਲ 'ਚ ਰਹਿਣ ਵਾਲੇ ਹਨ। ਪਰ ਅਸੱਭਿਆ ਦਾ ਭਾਵ ਮੈਂ ਨਹੀਂ ਸਮਝੀ। ਮੈਨੂੰ ਤਾਂ ਇਹ ਬਹੁਤ ਭੋਲੇ-ਭਾਲੇ, ਬੱਚਿਆਂ ਵਰਗੇ ਲਗਦੇ ਹਨ।''

ਕੁਝ-ਕੁਝ ਇਸ ਤਰ੍ਹਾਂ ਵੀ ਸਮਝ 'ਚ ਆਇਆ ਕਿ ਇਸ ਦਾ ਪਤੀ ਕੁਝ ਮਹੀਨੇ ਜਾਂ ਵਰ੍ਹੇ ਪਹਿਲਾਂ ਮਲੇਰੀਏ ਨਾਲ ਮਰ ਗਿਆ ਸੀ। ਉਸ ਤੋਂ ਬਾਅਦ ਨਾ ਹੀ ਇਨ੍ਹਾਂ ਇੱਥੋਂ ਜਾਣਾ ਚਾਹਿਆ, ਨਾ ਇਨ੍ਹਾਂ ਟੋਟੋ ਲੋਕਾਂ ਨੇ ਜਾਣ ਦਿੱਤਾ ਅਤੇ ਇਹ ਛੋਟੀ ਕੁੜੀ ਉਸ ਦੀ ਭੈਣ ਹੈ ਜਾਂ ਧੀ? ਇਸ ਬਾਰੇ ਮੈਂ ਪੂਰੀ ਤਰ੍ਹਾਂ ਜਾਣ ਨਹੀਂ ਸਕਿਆ। ਸਿਰਫ਼ ਇੰਨਾ ਹੀ ਜਾਣ ਸਕਿਆ ਕਿ ਇਹ ਨੇੜੇ ਦੇ ਕਿਸੇ 'ਖਾਸੀ ਕਬੀਲੇ' ਤੋਂ ਹਨ।

ਮੈਂ ਇਨ੍ਹਾਂ ਕੋਲ ਤਕਰੀਬਨ ਇੱਕ ਹਫ਼ਤਾ ਰਹਿੰਦਾ ਹਾਂ। ਇਸ ਇੱਕ ਹਫ਼ਤੇ ਵਿੱਚ ਇਨ੍ਹਾਂ ਟੋਟੋ ਲੋਕਾਂ ਨਾਲ ਮਿਲਦਿਆਂ-ਜੁਲਦਿਆਂ ਮੈਂ ਇਨ੍ਹਾਂ ਦੀਆਂ ਖੇਡਾਂ, ਆਦਮੀ, ਤੀਵੀਆਂ, ਕੁੜੀਆਂ ਦਾ ਰਾਤੀਂ ਸ਼ਰਾਬ ਪੀ ਕੇ ਨੱਚਣਾ-ਗਾਉਣਾ, ਖਾਣ-ਪੀਣ ਅਤੇ ਛੋਟੇ-ਮੋਟੇ ਸ਼ਿਕਾਰ ਆਦਿ ਦੀਆਂ ਸਰਗਰਮੀਆਂ 'ਚ ਹਿੱਸਾ ਲੈਂਦਾ ਰਹਿੰਦਾ ਹਾਂ। ਦੋਵੇਂ ਮਾਵਾਂ-ਧੀਆਂ ਜਾਂ ਭੈਣਾਂ, ਮੈਨੂੰ ਆਪਣਾ ਮਹਿਮਾਨ ਸਮਝ ਕੇ ਪੂਰੀ ਤਰ੍ਹਾਂ ਸੇਵਾ ਕਰਦੀਆਂ ਹਨ। ਹੁਣ ਵਕਤ ਵੀ ਕੁਝ ਸਾਜ਼ਗਾਰ ਹੋ ਗਏ ਹੋਣਗੇ। ਜਾਣ ਤੋਂ ਪਹਿਲਾਂ ਮੈਂ ਇਹੀ ਸੋਚਦਾ ਹਾਂ ਕਿ ਇਸ ਸੁਨੰਦਾ ਦੇ ਉਸ 'ਸ਼ਬੀਰ ਮੋਂਡਲ' ਨਾਲ ਕੁਝ ਵੱਖਰੀ ਤਰ੍ਹਾਂ ਦੇ ਡੂੰਘੇ ਸਬੰਧ ਹੋਣਗੇ ਜੋ ਇਹ ਇਸਤਰੀ ਮੇਰੀ ਯਾਨੀ ਸ਼ਬੀਰ ਮੋਂਡਲ ਦੇ 'ਮਿੱਤਰ' ਦੀ ਐਨੀ ਖਾਤਰਦਾਰੀ ਕਰਦੀ ਰਹੀ ਹੈ।

ਵਿਦਾ ਲੈਣ ਲੱਗਿਆਂ ਗੱਲਾਂ ਹੀ ਗੱਲਾਂ 'ਚ ਮੈਂ ਸ਼ਬੀਰ ਮੋਂਡਲ ਦਾ ਨਾਂ ਲੈਂਦਾ ਹਾਂ ਤਾਂ ਉਹ ਹੱਸਦਿਆਂ ਹੋਇਆਂ ਕਹਿੰਦੀ ਏ ਕਿ ਉਹ 'ਸ਼ਬੀਰ ਮੋਂਡਲ' ਨਾਂ ਦੇ ਕਿਸੇ ਵਿਅਕਤੀ ਨੂੰ ਨਹੀਂ ਜਾਣਦੀ।
''ਨਹੀਂ ਜਾਣਦੇ? ਉਸ ਨੇ ਤਾਂ ਮੈਨੂੰ ਤੁਹਾਡੇ ਨਾਂ ਉਹ ਪੱਤਰ ਦਿੱਤਾ ਸੀ।'' ''ਮੈਂ 'ਸੁਨੰਦਾ' ਵੀ ਨਹੀਂ ਹਾਂ। ਉਸ ਨੂੰ ਇੱਥੋਂ ਗਿਆਂ ਇੱਕ ਸਾਲ ਹੋ ਗਿਆ ਹੈ।''
ਮੈਂ ਕੁਝ ਦੇਰ ਹੈਰਾਨ ਜਿਹਾ ਖੜ੍ਹਾ ਸੋਚਦਾ ਰਹਿੰਦਾ ਹਾਂ। ਫੇਰ ਪੁੱਛਦਾ ਹਾਂ, ''ਜੇ ਤੁਸੀਂ 'ਸ਼ਬੀਰ ਮੋਂਡਲ' ਨੂੰ ਨਹੀਂ ਜਾਣਦੀ, ਤੁਸੀਂ ਸੁਨੰਦਾ ਵੀ ਨਹੀਂ, ਮੈਨੂੰ ਵੀ ਨਹੀਂ ਜਾਣਦੇ? ਅਤੇ ਮੈਨੂੰ ਪੁੱਛਿਆ ਵੀ ਨਹੀਂ ਕਿ ਮੈਂ ਕੌਣ ਹਾਂ?''
''ਮੈਂ ਇਹ ਪੁੱਛਣ ਦੀ ਲੋੜ ਮਹਿਸੂਸ ਨਹੀਂ ਕੀਤੀ।'' ਉਸ ਨੇ ਮੁਸਕਰਾਉਂਦਿਆਂ ਆਖਿਆ।
ਆਪਣਾ ਹੈਂਡ ਬੈਗ ਫੜੀ ਨਦੀ ਪਾਰ ਕਰਦਿਆਂ ਸੋਚਦਾ ਜਾ ਰਿਹਾ ਹਾਂ ਕਿ ਉਸ ਦੇ ਇਸ ਉੱਤਰ 'ਚ ਕਿੰਨੇ ਹੀ ਉੱਤਰ ਅਤੇ ਹੋਰ ਕਿੰਨਾ ਕੁਝ ਲੁਕਿਆ ਪਿਆ ਹੈ, ਅਤੇ ਕਿੰਨਾ ਅੰਤਰ ਹੈ ਸਾਡੇ ਸ਼ਹਿਰੀ ਸੱਭਿਅਕ ਲੋਕਾਂ ਅਤੇ ਇਨ੍ਹਾਂ ਅਖੌਤੀ ਅਸੱਭਿਆ ਲੋਕਾਂ 'ਚ...।

  • ਮੁੱਖ ਪੰਨਾ : ਕਹਾਣੀਆਂ, ਮਨਮੋਹਨ ਬਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ