Totian Wala Jhola (Punjabi Story) : Satgur Singh

ਤੋਤਿਆਂ ਵਾਲਾ ਝੋਲਾ (ਕਹਾਣੀ) : ਸਤਗੁਰ ਸਿੰਘ

ਮੇਲੇ ਵਿੱਚ ਦੋ ਗੁੱਤਾਂ ਵਾਲੀ ਨਿੱਕੀ ਜਿਹੀ ਮਾਸੂਮ ਬਾਲੜੀ ਆਪਣੇ ਪਾਪਾ ਨਾਲ ਚੂੜੀਆਂ ਦੀ ਦੁਕਾਨ ਤੇ ਖੜ੍ਹੀ ਸੋਹਣੀਆਂ ਲਾਲ ਸੂਹੀਆਂ ਚੂੜੀਆਂ ਖਰੀਦ ਦੀ ਹੈ।
“ਪਾਪਾ ਮੈਂ ਤਾਂ ਇਹ ਚੂੜੀਆਂ ਲੈਣੀਆਂ ਨੇ... ਲਾਲ ਲਾਲ ਚੂੜੀਆਂ ਕਿੰਨੀਆ ਸੋਹਣੀਆਂ...।”
ਭਾਈ ਬਾਲੜੀ ਦੇ ਨਿੱਕੇ ਹੱਥਾਂ ਚ ਚੂੜੀਆਂ ਪਾਉਂਦਾ ਹੈ, ਨਾਲ ਦੀ ਨਾਲ ਸੀਨ ਫਲੈਸ ਬੈੱਕ ’ਚ ਚਲਾ ਜਾਂਦਾ ਹੈ, ਉਹੀ ਹੱਥ ਕਿਸੇ ਜਵਾਨ ਔਰਤ ਦਾ ਹੁੰਦਾ ਹੈ...ਵੱਡੀਆਂ ਲਾਲ ਸੂਹੀਆਂ ਚੂੜੀਆਂ ਭਾਈ ਚੜਾਉਂਦਾ ਹੈ।

(ਜੋਰੇ ਦੇ ਘਰਵਾਲੀ ਜੀਤੀ ਹੈ...ਜੋ ਵਿਆਹੀ ਤਾਂ ਜੋਰੇ ਨਾਲ ਹੈ ਪਰ ਅੰਦਰੋਂ ਅੰਦਰੀ ਪਿਆਰ ਕਿਸੇ ਹੋਰ ਲਾਗੇ ਪਿੰਡ ਦੇ ਮੁੰਡੇ ਬੂਟੇ ਨਾਲ ਕਰਦੀ ਹੈ, ਬੂਟਾ ਵੀ ਮੇਲੇ ’ਚ ਆਇਆ ਹੈ...ਉਹ ਉਹਨਾਂ ਦੇ ਪਿੱਛੇ ਹੈ...ਜੋਰੇ ਨੂੰ ਪਹਿਲੀ ਵਾਰ ਉਦੋਂ ਹੀ ਪਤਾ ਲੱਗਿਆ ਸੀ।
“ਸਾਡਾ ਵੀ ਪਤਾ ਨੀ ਕਦੋਂ ਕੋਈ ਹੱਥ ਫੜੂ। ਸੁਰਖ ਚੂੜੀਆਂ ਪਾ ਕੇ।” ਬੂਟਾ ਨਾਲ ਦੇ ਨੂੰ ਆਖਦਾ ਹੈ।
ਜੀਤੀ ਨੂੰ ਚਾਅ ਚੜ ਜਾਂਦਾ ਹੈ ਕਿ ਬੂਟਾ ਵੀ ਮੇਲੇ ’ਚ ਆ ਗਿਆ...ਹੁਣ ਉਸਦਾ ਧਿਆਨ ਜੋਰੇ ਦੀ ਬਜਾਇ ਬੂਟੇ ਚ ਸੀ। ਲਾਲ ਚੂੜੀਆਂ ਬੇਸ਼ੱਕ ਭੀੜੀਆਂ ਸਨ ਪਰ ਬੂਟੇ ਦੀ ਖੁਸ਼ੀ ਲਈ ਉਹੋ ਹੀ ਚੜਾਈਆਂ ਸਨ।
“ਜੇ ਭੀੜੀਆਂ ਨੇ ਤਾਂ ਪਿਆਜੀ ਚੜਾ ਲਉ।” ਜੋਰੇ ਨੇ ਹਲੀਮੀ ਵਿੱਚ ਕਿਹਾ।
“ਨਹੀਂ ਮੈਨੂੰ ਇਹੋ ਪਸੰਦ ਨੇ...ਪਸੰਦ ਹੁੰਦੀ ਐ ਅਪਦੀ ਅਪਦੀ...ਤੁਸੀਂ ਵੀ ਆਪਣੀ ਪਸੰਦ ਦੀ ਚੀਜ਼ ਵੇਖ ਲਉ....ਏਨੇ ਮੈਂ ਹੋਰ ਕੁਝ ਵੇਖ ਲਵਾਂ।” ਜੀਤੀ ਨੇ ਘਬਰਾਹਟ ਵਿੱਚ ਕਿਹਾ।

ਇਹ ਵੇਖ ਕੇ ਕਿ ਉਹ ਹੁਣ ਉਸਦਾ ਏਥੇ ਖੜਨਾ ਚੰਗਾ ਨਹੀਂ ਸਮਝਦੀ...ਜੋਰਾ ਉਸਨੂੰ ਛੱਡ ਕੇ ਪਰਾਂ ਚਲਾ ਜਾਂਦਾ ਹੈ...ਜੋਰੇ ਨੂੰ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਹੈ, ਨਾਲੋ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਕਰਕੇ ਹੀ ਘਰਵਾਲੀ ਨੂੰ ਛੱਡ ਕੇ ਪਾਸੇ ਹੋਇਆ ਹੈ।
“ਯਾਰ ਬੂਟਿਆ ਪਤੰਗ ਸੁੰਨੈ..ਮੇਲੇ ਚ ਲੁੱਟਣ ਨੂੰ...ਕੱਟ ਦੇ ਡੋਰਾਂ।” ਬੂਟੇ ਦੇ ਨਾਲ ਦਾ ਆਖਦਾ ਹੈ।
“ਡੋਰ ਕੱਟਣ ਦੀ ਕੀ ਲੋੜ ਆ...ਜਦੋਂ ਡੋਰ ਈ ਆਪਣੇ ਹੱਥ ਫੜਾ ਗਿਆ।” ਬੂਟੇ ਨੇ ਹੱਸਦਿਆਂ ਕਿਹਾ।
“ਹੁਣ ਡੋਰ ਈ ਫੜੀ ਰੱਖੋਂਗੇ ਕਿ ਤੁਣਕਾ ਵੀ ਮਾਰੋਂਗੇ।” ਜੀਤੀ ਨੇ ਕਿਹਾ।ਤਿੰਨੇ ਹੱਸ ਪੈਂਦੇ ਨੇ।
“ਚਲੋ ਹੁਣ ਲਾਹੋ ਪਤੰਗ ਥੱਲੇ...ਚੱਲੀਏ।” ਬੂਟੇ ਦੇ ਨਾਲ ਦਾ ਆਖਦਾ ਹੈ।
ਜੀਤੀ ਭੱਜਣ ਦੀ ਤਿਆਰੀ 'ਚ ਸੀ..ਉਹ ਬੂਟੇ ਨਾਲ ਸਦਾ ਲਈ ਭੱਜ ਗਈ...ਤਿੰਨ ਕੁ ਵਰਿਆਂ ਦੀ ਕੁੜੀ ਨੂੰ ਪਾਲੀ ਨੂੰ ਜੋਰੇ ਕੋਲ ਛੱਡ ਗਈ।

***

ਨਿੱਕੀ ਬਾਲੜੀ ਸੂਹੀਆਂ ਚੂੜੀਆਂ ਚੜਾ ਕੇ ਆਪਣੇ ਪਾਪਾ ਦੇ ਮੋਢਿਆਂ ਤੇ ਬੈਠੀ ਵੰਗਾਂ ਨਾਲ ਖੇਡਦੀ ਜਾ ਰਹੀ ਹੈ....ਉਸਦੇ ਹੱਥ ਚ ਬਾਲ ਗੁੱਡਾ ਹੁੰਦਾ ਹੈ।
ਅੱਗੋਂ ਮੇਲੇ ਚ ਰਾਣੋ ਖੜੀ ਹੈ, ਜਿਸਨੂੰ ਜੋਰੇ ਦੀ ਜਿੰਦਗੀ ਬਾਰੇ ਪਤਾ ਹੈ...ਉਹ ਉਸ ਨਾਲ ਹਮਦਰਦੀ ਰੱਖਦੀ ਹੈ... ਉਹ ਉਸਨੂੰ ਪਿਆਰ ਵੀ ਕਰਦੀ ਹੈ.... ਜੋਰਾ ਉਸ ਵੱਲ ਵੇਖਦਾ ਹੈ...ਉਹ ਤੋਤਿਆਂ ਵਾਲਾ ਝੋਲਾ ਮੇਲੇ ਵਿਚ ਕਿੱਲੀ ਤੇ ਟੰਗ ਦਿੰਦੀ ਹੈ...ਤਾਂ ਕਿ ਜੋਰਾ

ਉਸਨੂੰ ਚੁੱਕ ਲਵੇ ਤੇ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਉਸਦਾ ਪਿਆਰ ਪ੍ਰਵਾਨ ਕਰ ਲਵੇ। ਜੋਰਾ ਉਸ ਵੱਲ ਵੇਖਦਾ ਰੁਕ ਰੁਕ ਕੇ ਉਸ ਝੋਲੇ ਵੱਲ ਵੇਖਦਾ..ਕਦੇ ਰਾਣੋ ਵੱਲ ਤੇ ਕਦੇ ਬਾਲੜੀ ਵੱਲ ਵੇਖਦਾ ਉਦਾਸ ਹੋ ਕੇ ਅੱਗੇ ਲੰਘ ਜਾਂਦਾ ਹੈ...ਜਿਵੇਂ ਉਸਨੂੰ ਆਖ ਗਿਆ ਹੋਵੇ..ਹੁਣ ਕੁਝ ਨਹੀਂ ਰਾਣੋ...ਸੁੱਕਿਆਂ ਕਾਨਿਆਂ 'ਚ।
“ਰਾਣੋ ਉਹ ਤੈਨੂੰ ਨਹੀਂ ਪ੍ਰਵਾਨ ਕਰੇਗਾ..ਕਿਉਂਕਿ ਤੂੰ ਬਾਂਝ ਏ..ਜੇ ਤੇਰੇ ਕਰਮਾਂ ਚ ਸੁੱਖ ਹੁੰਦਾ ਤੇਰਾ ਪਤੀ ਹੀ ਤੈਨੂੰ ਕਿਉਂ ਛੱਡਦਾ।” ਰਾਣੋ ਦੇ ਨਾਲ ਦੀ ਆਖਦੀ ਹੈ।

ਰਾਣੋ ਹਰ ਮੇਲੇ ਉਹਨਾਂ ਦਾ ਇਸੇ ਤਰਾਂ ਇੰਤਜ਼ਾਰ ਕਰਦੀ ਪਰ ਉਹ ਹਰ ਵਾਰ ਲੰਘ ਜਾਂਦੇ...ਹਰ ਵਾਰ ਬਾਲੜੀ ਅਣਜਾਣ ਰਹਿੰਦੀ.....ਇਕ ਵਾਰ ਤਾਂ ਬਾਲੜੀ ਨੇ ਉਸ ਝੋਲੇ ਵੱਲ ਇਸ਼ਾਰਾ ਵੀ ਕੀਤਾ...ਜੋ ਉਸਦੇ ਪਾਪਾ ਲਈ ਅਸਹਿ ਸੀ ਪਰ ਫੇਰ ਅੱਗੇ ਲੰਘ ਗਏ....ਘਰ ਗਏ ਤਾਂ ਬਾਲੜੀ ਮੋਢਿਆਂ ਤੇ ਬੈਠੀ ਹੈ ਜੋਰਾ ਹਰ ਵਾਰ ਦੀ ਤਰ੍ਹਾਂ ਖਾਲੀ ਘਰ ਵੱਲ ਵੇਖ ਕੇ ਕੌੜਾ ਘੁੱਟ ਭਰਦਾ ਹੈ।

ਬਾਲੜੀ ਹੁਣ 17 ਸਾਲ ਦੀ ਪਾਲੀ ਬਣ ਗਈ ਸੀ...ਇੱਕ ਦਿਨ ਉਸਦੇ ਹੱਥ ਪਾਪਾ ਦੀ ਲਿਖੀ ਕਿਤਾਬ 'ਤੋਤਿਆਂ ਵਾਲਾ ਝੋਲਾ' ਕਿਤੋਂ ਲੱਭ ਜਾਂਦੀ ਹੈ। ਇਸ ਉਤੇ ਉਸੇ ਝੋਲੇ ਦੀ ਫੋਟੋ ਜਿਹੀ ਬਣੀ ਹੁੰਦੀ ਹੈ....ਜੋ ਉਹ ਮੇਲੇ ਵਿਚ ਵੇਖਦੀ ਹੁੰਦੀ ਹੈ....ਵਾਰ ਵਾਰ ਉਹੀ ਸੀਨ ਘੁੰਮਦੇ ਨੇ। ਉਹ ਸੋਚਦੀ ਹੈ। ਇਸਦਾ ਮਤਲਬ ਉਸ ਝੋਲੇ ਤੇ ਇਸ ਕਿਤਾਬ ਦਾ ਕੋਈ ਸੰਬੰਧ ਹੈ...ਵੇਖਦੀ ਆਂ ਪੜ ਕੇ ਕਿਉਂ ਹਰ ਵਾਰ...ਉਹ ਝੋਲਾ ਪਾਪਾ ਦੀਆਂ ਨਜ਼ਰਾਂ ਸਾਹਵੇਂ ਰੱਖਿਆ ਜਾਂਦਾ ਸੀ...ਤੇ ਮੰਮੀ ਵੀ ਮੇਲੇ ਚੋਂ ਹੀ ਪਾਪਾ ਤੇ ਮੈਨੂੰ ਛੱਡ ਕੇ ਗਈ ਸੀ....।  ਉਹ ਉਸਨੂੰ ਪੜਨਾ ਸ਼ੁਰੂ ਕਰ ਦਿੰਦੀ ਹੈ..ਕਿਤਾਬ ਖੁੱਲਦੀ ਹੈ ਤੇ ਪਹਿਲੇ ਪੰਨੇ ਤੇ ਲਿਖਿਆ ਹੁੰਦਾ ਹੈ।

ਸੀ ਲਾਈ ਜਵਾਨੀ ਜਿੰਨਾਂ ਦੇ ਮੈਂ ਲੇਖੇ
ਉਹ ਖਾਬਾਂ ਦੇ ਤੋਤੇ ਉਡਾ ਕੇ ਨਾ ਵੇਖੇ।

ਕਿਤਾਬ ਦੇ ਪਹਿਲੇ ਭਾਗ ਵਿੱਚ ਬੂਟੇ ਤੇ ਜੀਤੀ ਦੇ ਸਬੰਧਾਂ ਦਾ ਜਿਕਰ ਮਿਲਦਾ ਹੈ। ਬਾਲੜੀ ਹਾਲੇ ਰੁੜਨਾ ਹੀ ਸਿੱਖੀ ਸੀ...ਬੂਟਾ ਜੀਤੀ ਦੇ ਮਾਮੇ ਦੇ ਮੁੰਡੇ ਨਾਲ ਉਸਦੇ ਘਰ ਆਇਆ ਸੀ ਤਾਂ ..ਜੀਤੀ ਨੇ ਜੋਰੇ ਨੂੰ ਚਾਹ ਤੇ ਬੂਟੇ ਨੂੰ ਦੁੱਧ ਬਣਾ ਕੇ ਦਿੱਤਾ ਸੀ...ਜੋਰੇ ਨੂੰ ਲੱਗਿਆ ਚਲੋ ਘੱਟ ਹੋਣਾ ਰਿਸ਼ਤੇਦਾਰ ਲਈ ਦੁੱਧ ਜਰੂਰੀ ਹੈ।

ਇਸੇ ਤਰ੍ਹਾਂ ਕਈ ਮਹੀਨਿਆਂ ਬਾਅਦ ਜਦੋਂ ਉਹ ਖੇਤ ਪਾਣੀ ਤੇ ਗਿਆ ਸੀ ਤਾਂ ਕੋਈ ਉਸਦੀ ਗੈਰਹਾਜਰੀ ਵਿੱਚ ਕੰਧ ਟੱਪ ਕੇ ਉਸਦੇ ਘਰ ਵੜ ਰਿਹਾ ਸੀ...ਉਸਨੂੰ ਯਾਦ ਹੈ ਕਿ ਜੀਤੀ ਨੇ ਉਸਦੀ ਨਾਭੀ ਪੱਗ ਦੇ ਜਰੀਏ ਉਸਨੂੰ ਕੰਧ ਤੋਂ ਉੱਪਰ ਖਿੱਚਿਆ ਸੀ। ਉਹ ਸਾਮਰਤੱਕ ਬੂਟਾ ਹੀ ਸੀ। ਉਸ ਦਿਨ ਕਿੰਨੀ ਹਨੇਰੀ ਰਾਤ ਸੀ ਪਰ ਫਿਰ ਵੀ ਉਸਨੇ ਬੂਟੇ ਨੂੰ ਪਹਿਚਾਣ ਲਿਆ ਸੀ।

ਇੱਕ ਦਿਨ ਜੋਰਾ ਉਸ ਪੱਗ ਨਾਲ ਫਾਹਾ ਲੈ ਕੇ ਮਰਨਾ ਚਾਹੁੰਦਾ ਸੀ....ਪਰ ਖੇਡਦੀ ਬਾਲੜੀ ਨੂੰ ਵੇਖ ਕੇ ਉਸਨੇ ਉਸ ਨੂੰ ਉਸੇ ਪੱਗ ਦੀ ਪੀਂਘ ਪਾ ਦਿੱਤੀ ਸੀ। ਜੋਰਾ ਹਮੇਸ਼ਾ ਹੀ ਉਹ ਪੱਗ ਆਪਣੀ ਬਾਲੜੀ ਉੱਤੇ ਪਾ ਦਿੰਦਾ ਜਦੋਂ ਉਹ ਸੌਦੀ ਸੀ...ਬੇਸ਼ੱਕ ਜੋਰੇ ਲਈ ਇਹ ਨਾਸੂਰ ਸੀ ਪਰ ਫੇਰ ਵੀ ਉਹ ਆਪਣੀ ਜਿੰਦਗੀ ਵਿੱਚ ਖੁਸੀਆਂ ਲੱਭ ਰਿਹਾ ਸੀ।

ਫੇਰ ਉਹ ਦਿਨ ਆਉਂਦਾ ਹੈ ਜੋ ਕਿਸੇ ਦੀ ਜਿੰਦਗੀ ਵਿੱਚ ਰੱਬ ਕਰਕੇ ਨਾਂ ਆਵੇ। ਮੇਲੇ ਵਿਚੋਂ ਜੀਤੀ ਬੂਟੇ ਨਾਲ ਭੱਜ ਜਾਂਦੀ ਹੈ। ਉਹ ਉਸਨੂੰ ਮੇਲੇ ਵਿਚ ਲੱਭਦਾ ਹੈ ਤੇ ਉਸਨੂੰ ਪਤਾ ਹੈ ਕਿ ਉਹ ਹੁਣ ਕਦੇ ਨਹੀਂ ਆਵੇਗੀ। ਨਿਰਾਸ ਹੋਇਆ ਵਾਪਿਸ ਆਉਂਦਾ ਹੈ। ਘਰ ਉਸਦੀ ਧੀ ਬੈਠੀ ਹੈ ਜੋ ਉਸਦੇ ਹੱਥ ਚ ਖੇਡਾਂ ਵੇਖ ਕੇ ਖਿੜ ਜਾਂਦੀ ਹੈ। ਜਦੋਂ ਉਹ ਮੰਮੀ ਬਾਰੇ ਪੁੱਛਦੀ ਹੈ ਤਾਂ ਜੋਰਾ ਉਸਨੂੰ ਨਾਨਕੇ ਗਈ ਦਾ ਲਾਰਾ ਲਾਉਂਦਾ ਹੈ। ਉਂਝ ਵੀ ਜੀਤੀ ਤਾਂ ਕੁੜੀ ਨੂੰ ਕੁੱਟਦੀ ਹੁੰਦੀ ਸੀ। ਉਹ ਮਾਂ ਦਾ ਕਰਦਾ ਵੀ ਬਹੁਤ ਘੱਟ ਸੀ। ਥੋੜਾ ਜਿਹਾ ਕਰਕੇ ਫੇਰ ਖੇਡਣ ਲੱਗ ਜਾਂਦੀ ਹੈ।

ਮਹੀਨਿਆਂ ਬਾਅਦ ਕੱਚੇ ਜਿਹੇ ਵਿਹੜੇ ਵਾਲੇ ਕੱਚੇ ਘਰ ਵਿਚ ਜੋਰਾ ਆਪਣੀ ਪਿਆਰੀ ਲਾਡੋ ਦੀਆਂ ਮੀਢੀਆਂ ਕਰ ਰਿਹਾ ਹੁੰਦਾ ਹੈ...ਵਿਚਾਰੀ ਧੀ ਉਹੀ ਸਵਾਲ ਦੁਆਰਾ ਕਰਦੀ ਹੈ ਜੋ ਹਰ ਰੋਜ ਕਰਦੀ ਹੈ। “ਪਾਪਾ ਮੰਮਾ ਕਦੋਂ ਆਉਣਗੇ ਤੇ ਮੇਰੇ ਲਈ ਮੇਰਾ ਵੀਰਾ ਤੇ ਤੋਤੇ ਕਦੋਂ ਲਿਆਉਣਗੇ।”ਪਾਪਾ ਚੁੱਪ ਕਰ ਜਾਂਦਾ ਹੈ। ਉਹ ਫਿਰ ਆਖਦੀ ਹੈ।

“ਦੱਸੋ ਨਾ ਪਾਪਾ ਪਾਪਾ...ਮੰਮਾ ਕਦੋਂ ਆਉਣਗੇ....ਮੇਰੀ ਮੰਮੀ ਕਿੱਥੇ ਨੇ ...ਨਾਲੇ ਵੀਰਾ....।”
“ਜਲਦੀ ਆਉਣਗੇ ਪੁੱਤ...ਚਲ ਛੱਡ ਇਸ ਵਾਰ ਮੇਲੇ ਤੇ ਕੀ ਲਉਗਾ ਮੇਰਾ ਪੁੱਤ...।”
“ਪਾਪਾ ਨਾਲੇ ਚਿੜੀਆਂ ਹਨਾ...ਨਾਲੇ ਮੋਰ...ਐਨਾ ਵੱਡਾ ਜਹਾਜ਼...ਪਾਪਾ ਮੰਮਾ ਵੀ ਮੇਲੇ ਚ ਆਉਣਗੇ।”

“ਹਾਂ ਬੇਟਾ....ਜਰੂਰ ਆਉਣਗੇ...।” ਮੀਢੀਆਂ ਗੁੰਦ ਨੇ ਕੰਘੀ ਮਾਰ ਕੇ...ਉਸਦੇ ਝੋਲੇ ਵਿਚ ਪਿੰਨੀਆਂ ਪਾ ਕੇ ਸਕੂਲ ਛੱਡਣ ਜਾਂਦਾ ਹੈ....ਘਰ ਆ ਕੇ ਵਾਪਿਸ ਮੰਜੇ ਤੇ ਪਏ ਗੁੱਡੇ ਨੂੰ ਚੁੱਕਦਾ ਹੈ....ਹੁਬਕੀ ਹੁੰਬਕੀ ਰੋਣ ਲੱਗ ਜਾਂਦਾ ਹੈ...ਕਿੰਨਾ ਰੋਂਦਾ ਹੈ ਜਿਨਾਂ ਕਦੇ ਨਾ ਰੋਇਆ ਹੋਵੇ।

ਜਦੋਂ ਵੀ ਮੇਲਾ ਆਉਂਦਾ ਉਹ ਤੋਤਿਆਂ ਵਾਲਾ ਝੋਲਾ ਮੇਰਾ ਇਤਜ਼ਾਰ ਕਰਦਾ ਹੈ। ਰਾਣੋ ਪਰ ਮੇਰੇ ਕੋਲ ਬਾਲੜੀ ਹੈ ਮੈਨੂੰ ਇਸ ਦੀਆਂ ਖੁਸ਼ੀਆਂ ਤੋਂ ਵਧਕੇ ਹੁਣ ਕੁਝ ਵੀ ਵੱਧ ਕੇ ਨਹੀਂ ਜਾਪਦਾ ਹੁਣ ਤਾਂ ਬੱਸ ਇਸ ਲ਼ਈ ਚੰਗਾ ਵਰ ਲੱਭ ਕੇ ਆਪ ਕਿਸੇ ਤੀਰਥ ਜਾਤਰਾ ਲਈ ਚਲਿਆ ਜਾਣਾ ਹੈ। ਜਿਵੇਂ ਤੈਨੂੰ ਠੀਕ ਲੱਗੇ ਪਰ ਮੈਂ ਤੇਰਾ ਹਮੇਸ਼ਾ ਇਤਜਾਰ ਕਰਾਂਗੀ....ਹਾਲੇ ਵੀ ਤੋਤੇ ਤੇਰੀ ਆਸ ਵਿਚ ਬੈਠੇ ਨੇ....ਇਹ ਤੇਰੇ ਘਰ ਦੀ ਟਾਹਣੀ ਤੋਂ ਬਿਨਾਂ ਕਿਤੇ ਹੋਰ ਨਹੀਂ ਬੈਠਣਗੇ।

***

ਇਹ ਸਾਰਾ ਕੁਝ ਪੜ ਕੇ ਪਾਲੀ ਕਿਤਾਬ ਰੱਖ ਕੇ ਰੋਣ ਲੱਗਦੀ ਹੈ ਤੇ ਆਪਣੇ ਪਾਪਾ ਦੇ ਭੱਜ ਕੇ ਗਲ ਲੱਗ ਜਾਂਦੀ ਹੈ...ਉਹ ਹੁਣ ਪਾਪਾ ਤੇ ਰਾਣੋ ਨੂੰ ਮਿਲਾਉਣਾ ਚਾਹੁੰਦੀ ਹੈ...ਉਹ ਸੋਚਦੀ ਹੈ ਸਚਮੁੱਚ ਪਾਪਾ ਉਸਦਾ ਵਿਆਹ ਕਰਕੇ ਕੱਲੇ ਰਹਿ ਜਾਣਗੇ...ਮੈਂ ਪਾਪਾ ਨੂੰ ਇਕੱਲੇ ਨਹੀਂ ਰਹਿਣ ਦੇਣਾ..ਉਹਨਾਂ ਦਾ ਏਨਾਂ ਇੰਤਜਾਰ ਕੋਈ ਕਰ ਰਿਹੈ ਸੋਚਿਆ ਵੀ ਨਹੀਂ ਸੀ....ਉਹ ਪਾਪਾ ਇਕੱਲੇ ਨਹੀਂ ਰਹਿਣਗੇ) ਅਗਲੇ ਦਿਨ ਉਹ ਪਾਪਾ ਨਾਲ ਗੱਲ ਕਰਦੀ ਹੈ...ਤੇ ਉਹੀ ਨਾਭੀ ਪੱਗ ਬੰਨਣ ਲਈ ਆਖਦੀ ਹੈ।

“ਪਾਪਾ ਮੇਲਾ ਕਦੋਂ ਆਉਣਾ ਹੈ....ਇਸ ਵਾਰ ਮੇਲਾ ਮੈਂ ਤੇਰੇ ਨਾਲ ਵੇਖਨੈ...ਛੋਟੀ ਬਾਲੜੀ ਬਣ ਕੇ।” ਪਾਲੀ ਆਖਦੀ ਹੈ।
“ਠੀਕ ਐ ਬੇਟਾ....ਤੂੰ ਕੀ ਲਏਂਗੀ ਆਪਣੇ ਲਈ....ਐਤਕੀ ਮੈਂ ਆਪਣੇ ਲਈਂ ਨਹੀਂ ਤੁਹਾਡੇ ਲਈ ਲਵਾਂਗੀ....।”

ਆਖਰ ਮੇਲੇ ਦਾ ਦਿਨ ਆ ਜਾਂਦਾ...ਜੋਰਾ ਉਹੀ ਨਾਭੀ ਪੱਗ ਬੰਨ ਕੇ ਜਾਂਦਾ ਹੈ ਜਿਸ ਨਾਲ ਉਸਦੀ ਪਤਨੀ ਨੇ ਉਸ ਨਾਲ ਦਗਾ ਕੀਤਾ ਸੀ।....ਪਾਲੀ ਕਾਹਲੀ ਕਾਹਲੀ ਚੂੜੀਆਂ ਖਰੀਦ ਦੀ ਹੈ....ਤੇ ਉਧਰ ਆਪਣੇ ਪਾਪਾ ਨੂੰ ਲੈ ਜਾਂਦੀ ਹੈ...ਪਹਿਲਾਂ ਤਾਂ ਜਾਣ ਬੁੱਝ ਕੇ ਉਸ ਝੋਲੇ ਕੋਲ ਦੀ ਲੰਘ ਜਾਂਦੀ ਹੈ...ਪਾਪਾ ਵੀ ਆਸ ਨਾਲ ਵੇਖਦੇ ਨੇ ਤੇ ਉਹ ਮੁਟਿਆਰ ਵੀ...ਜੋ ਹਰ ਮੇਲੇ ਤੇ ਇੰਤਜ਼ਾਰ ਕਰਦੀ ਸੀ.....ਫੇਰ ਅਚਾਨਕ ਪਿੱਛੇ ਮੁੜ ਕੇ ਤੋਤਿਆਂ ਵਾਲਾ ਝੋਲਾ ਚੁੱਕ ਲੈਂਦੀ ਹੈ...।

“ਪਾਪਾ ਆ ਝੋਲਾ ਕਿੰਨਾ ਸੋਹਣੈ....”(ਜਲਦੀ ਚੁੱਕ ਕੇ ਤੁਰਨ ਲੱਗਦੀ ਹੈ...ਫੇਰ ਮੁੜ ਕੇ ਆਖਦੀ ਹੈ..
“ਮੇਰੇ ਪਾਪਾ ਦੀ ਪਿਆਰੀ ਤੁਸੀਂ ਵੀ ਆ ਜਾਉ ਨਾ ਹੁਣ ਥੋਡਾ ਬਨਵਾਸ ਪੂਰਾ ਹੋ ਗਿਆ। ਮਾਫ ਕਰਨਾ ਮੈਂ ਦੇਰ ਕਰ ਦਿੱਤੀ।”
(ਬੱਸ ਫੇਰ ਕੀ ਪਾਪਾ ਦੇ ਚਿਹਰੇ ਤੇ ਮੋਰ ਨੱਚਣ ਲੱਗਦੇ ਨੇ...)
“ਪਾਪਾ ਕਾਸ਼ ਮੈਂ ਇਹ ਤੋਤਿਆਂ ਵਾਲਾ ਝੋਲਾ ਕਿੰਨੇ ਸਾਲ ਪਹਿਲਾਂ ਚੁੱਕ ਲੈਂਦੀ....”
“ਨਹੀਂ ਪੁੱਤਰ ਉਦੋਂ ਤੇਰੇ ਖਾਬਾਂ ਦੇ ਤੋਤੇ ਬਹੁਤ ਛੋਟੇ ਤੀ।”

ਪਾਲੀ ਪਾਪਾ ਤੇ ਉਸ ਔਰਤ ਦਾ ਇੱਕ ਇੱਕ ਹੱਥ ਫੜੀਂ ਕੱਚੇ ਕੱਚੇ ਪਹੇ ਜਾ ਰਹੀ ਹੁੰਦੀ ਹੈ...ਦੂਰੋਂ ਸੀਨ ਖਿੱਚਿਆ ਗਿਆ ਹੁੰਦਾ ਹੈ...ਵੇਲਾ ਸ਼ਾਮ ਦਾ....ਸੂਰਜ ਡੁੱਬ ਰਿਹਾ ਹੈ.....।

  • ਮੁੱਖ ਪੰਨਾ : ਕਹਾਣੀਆਂ, ਸਤਗੁਰ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ