Tilchauli (Punjabi Story) : Mohan Bhandari

ਤਿਲਚੌਲੀ (ਕਹਾਣੀ) : ਮੋਹਨ ਭੰਡਾਰੀ

ਚੌਧਰੀ ਰੌਣਕ ਮੱਲ ਭਮੱਤਰ ਗਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬ ਉਠਿਆ। ਪਸੀਨਾ ਉਹਦੀ ਚਿਉਕਣੀ ਗੋਗੜ 'ਤੇ ਇਉਂ ਫਿਰ ਗਿਆ, ਜਿਵੇਂ ਰੱਜੀ ਹੋਈ ਭੋਂ ਉਪਰ ਕੱਸੀ ਦਾ ਪਹਿਲਾ ਪਾਣੀ ਫਿਰ ਜਾਂਦਾ ਹੈ। ਉਹਨੂੰ ਸ਼ਾਮ ਦੇ ਘੁਸਮੁਸੇ ਤੋਂ ਡਰ ਲੱਗ ਰਿਹਾ ਸੀ। ਚੁਪਾਸੇ ਵਰਤੀ ਮੌਤ ਜਿਹੀ ਚੁੱਪ ਨੇ ਉਹਨੂੰ ਹੋਰ ਵੀ ਭੈਭੀਤ ਕਰ ਦਿੱਤਾ। ਉਹਨੇ ਆਪਣੇ ਆਲੇ ਦੁਆਲੇ ਦੇਖਿਆ। ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ। ਭਖਦੀ ਭੱਠੀ ਵਿਚੋਂ ਨਿਕਲਦੇ ਪੰਘਰੇ ਲੋਹੇ ਵਰਗੇ ਭਿਆਨਕ ਖਿਆਲਾਂ ਨੇ ਉਹਦੇ ਲਹੂ ਦਾ ਦੌਰਾ ਤੇਜ਼ ਕਰ ਦਿੱਤਾ। ਭਿਆਨਕ ਤੇ ਅਜੀਬ ਜਿਹੇ ਖਿਆਲ ਉਸ ਨੂੰ ਆਉਣ ਲੱਗੇ ਤੇ ਮੌਤ ਵਰਗੇ ਕਈ ਖ਼ਿਆਲ ਉਹਦੇ ਮਨ ਵਿਚ ਆਏ, "ਜੇ ਭਲਾ ਇਸ ਹਨੇਰੀ ਰਾਤ 'ਚ ਮੈਨੂੰ ਕੋਈ ਮਾਰ ਜਾਏ। ਮੇਰਾ ਗਲ ਹੀ ਘੁੱਟ ਦੇਵੇ। ਜਾਂ ਰੱਸਿਆਂ ਨਾਲ ਨੂੜ ਕੇ ਮੈਨੂੰ ਕੀੜਿਆਂ ਦੇ ਭੌਣ 'ਤੇ ਸੁੱਟ ਜਾਏ। ਕੀੜੇ ਮੇਰੀ ਬੋਟੀ ਬੋਟੀ ਚੂੰਡ ਲੈਣ।" ਫੇਰ ਉਹਨੂੰ ਯਾਦ ਆਇਆ ਕਿ ਕਿਵੇਂ ਪੰਦਰਾਂ ਦਿਨ ਪਹਿਲਾਂ ਦੀ ਇਹੋ ਜਿਹੀ ਇਕ ਸ਼ਾਮ ਹੀ ਤਿੰਨ ਡਾਕੂਆਂ ਨੇ ਲਾਗਲੇ ਪਿੰਡ ਨੂੰ ਜਾਂਦੇ ਕਿਸੇ ਪਿਓ ਪੁੱਤ ਨੂੰ ਘੇਰ ਲਿਆ ਸੀ। ਪਿਓ ਦੇ ਦੇਖਦਿਆਂ ਦੇਖਦਿਆਂ ਪੁੱਤ ਨੂੰ ਗੋਲੀਆਂ ਨਾਲ ਛਾਣ ਦਿੱਤਾ ਸੀ। ਉਸ ਪਿੱਛੋਂ ਪਿਓ ਨੂੰ ਵੀ। ਟਾਹਲੀ ਉਹਲੇ ਲੁਕਿਆ ਕੋਈ ਰਾਹੀ ਇਹ ਦੇਖ ਕੇ ਡਰ ਗਿਆ ਸੀ ਤੇ ਭੱਜ ਉਠਿਆ ਸੀ। ਭੱਜੇ ਜਾਂਦੇ ਉਹਦੇ ਕੰਨਾਂ ਕੋਲ ਦੀ ਕਿੰਨੀਆਂ ਹੀ ਗੋਲੀਆਂ ਸ਼ਾਂ ਸ਼ਾਂ ਕਰਦੀਆਂ ਲੰਘ ਗਈਆਂ ਸਨ, ਪਰ ਉਹ ਬਚ ਗਿਆ। ਇਹ ਸਾਰੀ ਵਿਥਿਆ ਚੌਧਰੀ ਰੌਣਕ ਮੱਲ ਨੇ ਆਪ ਆਪਣੇ ਕੰਨੀਂ ਓਸ ਬੰਦੇ ਤੋਂ ਸੁਣੀ ਸੀ।
ਉਹ ਤਾਂ ਇਸ ਸੁੰਨਸਾਨ ਵਿਚ ਇਕੱਲਾ ਸੀ। ਬਿਲਕੁਲ ਇਕੱਲਾ। ਇਕ ਵਾਰੀ ਫੇਰ ਉਹਦਾ ਸਾਰਾ ਸਰੀਰ ਕੰਬ ਗਿਆ।
ਦੂਰ ਸਾਹਮਣੇ ਚੁਰੱਸਤੇ ਵਿਚ ਕਿਸੇ ਪੁੱਤ ਵਿਗੁਚੀ ਦੇ ਬਾਲੇ ਟੂਣੇ ਦੇ ਦੀਵੇ ਦੀ ਲਾਟ ਕੰਬ ਰਹੀ ਸੀ।
ਕਾਹਲੀ ਕਾਹਲੀ ਉਹ ਆਪਣੇ ਘਰ ਨੂੰ ਤੁਰ ਪਿਆ। ਕੀੜਿਆਂ ਦੇ ਭੌਣ 'ਤੇ ਤਿਲਚੌਲੀ ਪਾਉਣ ਆਇਆ ਉਹ ਬੜੇ ਠਰ੍ਹੰਮੇ ਨਾਲ, ਹਵਾ ਨਾਲ ਹਠਖੇਲੀਆਂ ਕਰਦਾ ਆਇਆ ਸੀ। ਘਰ ਨੂੰ ਮੁੜੇ ਜਾਂਦੇ ਦੇ ਉਹਦੇ ਕਦਮ ਥਿੜਕ ਥਿੜਕ ਜਾਂਦੇ ਸਨ। ਉਹਨੂੰ ਲੱਗਿਆ ਜਿਵੇਂ ਕੋਈ ਉਹਦਾ ਪਿੱਛਾ ਕਰ ਰਿਹਾ ਹੋਵੇ। ਉਹਦੇ ਬਿਲਕੁਲ ਨਾਲ ਕੋਈ ਤੁਰ ਰਿਹਾ ਹੋਵੇ। ਉਹਨੇ ਪਿੱਛੇ ਮੁੜ ਕੇ ਦੇਖਿਆ। ਉਥੇ ਤਾਂ ਕੋਈ ਵੀ ਨਹੀਂ ਸੀ। ਉਹਦਾ ਪਰਛਾਵਾਂ ਹੀ ਸੀ, ਜਿਹੜਾ ਸ਼ਾਇਦ ਉਸ ਤੋਂ ਜ਼ਿਆਦਾ ਡਰਿਆ ਹੋਇਆ ਸੀ। ਉਸ ਤੋਂ ਜ਼ਿਆਦਾ ਉਹ ਕੰਬ ਰਿਹਾ ਸੀ।
ਖੜਕਾ ਹੋਣ ਦੇ ਡਰੋਂ ਪੰਜ-ਗਜ਼ੀ ਧੋਤੀ ਦਾ ਲੜ ਉਹਨੇ ਇਕ ਹੱਥ ਨਾਲ ਫੜ ਲਿਆ। ਸੰਭਲ ਸੰਭਲ ਤੁਰਦਾ ਉਹ ਇੱਦਾਂ ਆਪਣੇ ਘਰ ਆ ਵੜਿਆ, ਜਿੱਦਾਂ ਕੋਈ ਸੱਪ ਚਾਨਣ ਦੀ ਮਸਤੀ ਵਿਚ ਖੇਡਦਾ ਖੇਡਦਾ ਕਿਸੇ ਅਣਡਿੱਠ ਨਿਉਲੇ ਦੀ ਨਜ਼ਰ ਚੜ੍ਹਨੋਂ ਡਰਦਾ ਆਪਣੀ ਖੁੱਡ ਵਿਚ ਸਰਕ ਜਾਂਦਾ ਹੈ।
ਅੰਦਰੋਂ ਤਾਕੀ ਵਿਚ ਦੀ ਉਸ ਬਾਹਰ ਵੱਲ ਦੇਖਿਆ। ਲੋਕਾਂ ਦਾ ਹੜ੍ਹ ਸ਼ਹਿਰ ਵੱਲ ਆ ਰਿਹਾ ਸੀ। ਅਗਲੇ ਕਮਰੇ ਵਿਚ ਵੜਦਿਆਂ ਹੀ ਉਹ ਆਪਣੇ ਨਵਾਰੀ ਪਲੰਘ 'ਤੇ ਡਿੱਗ ਪਿਆ। ਪਿਆ ਪਿਆ ਆਪਣੀ ਪਹਿਲੀ ਜ਼ਿੰਦਗੀ ਬਾਰੇ ਸੋਚਣ ਲੱਗਾ। ਸੋਚਦਾ ਉਹ ਉਥੇ ਪੁੱਜ ਗਿਆ, ਜਿੱਥੇ ਚੌਧਰੀ ਰੌਣਕ ਮੱਲ ਨਹੀਂ ਸੀ ਹੁੰਦਾ। ਬੱਸ ਰੌਣਕੀ ਹੁੰਦਾ ਸੀ। ਇਕੱਲਾ, ਮਾਂ ਦਾ ਲਾਡਲਾ, ਰੌਣਕੀ! ਤੇ ਉਹ ਪਿੰਡਾਂ ਵਿਚ ਫਿਰ ਕੇ ਕੱਪੜੇ ਵੇਚਦਾ ਹੁੰਦਾ ਸੀ। ਛੋਟੀ ਜਿਹੀ ਕੱਪੜੇ ਦੀ ਭਾਰੀ ਗਠੜੀ ਕਿਸੇ ਬਾਜ਼ੀਗਰਨੀ ਦੀ ਪਿੱਠ 'ਤੇ ਲੱਦੇ ਨਿਆਣੇ ਵਾਂਗ ਉਹਦੀਆਂ ਵੱਖੀਆਂ ਵਿਚ ਵੜ ਵੜ ਜਾਂਦੀ। ਪਿੰਡ ਦੀਆਂ ਸੁਆਣੀਆਂ ਨੂੰ ਗਜ਼ ਗਜ਼ ਕੱਪੜਾ ਵੇਚਦਾ ਉਹ ਮਸਾਂ ਗੁਜ਼ਾਰਾ ਤੋਰਦਾ। ਥੱਕਿਆ ਟੁੱਟਿਆ ਘਰ ਆ ਕੇ ਜਦ ਉਹ ਆਪਣੀ ਜ਼ਨਾਨੀ ਦੇ ਹੱਥਾਂ ਦੀ ਪੱਕੀ ਰੋਟੀ ਖਾਂਦਾ ਤਾਂ ਉਹਦਾ ਸਾਰਾ ਥਕੇਵਾਂ ਲਹਿ ਜਾਂਦਾ। ਦੋਵੇਂ ਵੇਲੇ ਮਿਲਦੀ ਰੁੱਖੀ-ਮਿੱਸੀ ਰੋਟੀ ਉਹਨੂੰ ਬਹੁਤ ਸੁਆਦ ਲੱਗਦੀ ਤੇ ਉਹ ਇਸ ਲਈ ਰੱਬ ਦਾ ਸੌ ਸੌ ਸ਼ੁਕਰ ਕਰਦਾ। ਜ਼ਿੰਦਗੀ ਉਹਦੀ ਸਾਵੀ ਤੁਰ ਰਹੀ ਸੀ।
ਇਕ ਦਿਨ ਉਹਦਾ ਕੱਪੜਾ ਬਹੁਤ ਵਿਕਿਆ। ਕੁਝ ਰੁਪਏ ਉਹਨੂੰ ਉਧਾਰ ਦੇ ਮਿਲ ਗਏ। ਘਰ ਆ ਕੇ ਉਹਨੇ ਜਦ ਸਾਰੇ ਗਿਣੇ ਤਾਂ ਪੂਰੇ ਸੌ ਰੁਪਏ ਸਨ।
ਸੌ ਸੌ ਦੇ ਨੋਟ ਤਾਂ ਉਹਨੇ ਬਹੁਤ ਦੇਖੇ ਸਨ। ਸ਼ਹਿਰ ਦੇ ਹਟਵਾਣੀਏ ਦੀ ਦੁਕਾਨ ਦਾ ਗੱਲਾ ਸੌ ਸੌ ਦੇ ਨੋਟਾਂ ਨਾਲ ਹੀ ਤਾਂ ਭਰਿਆ ਰਹਿੰਦਾ ਸੀ। ਉਹਨੂੰ ਪਤਾ ਨਹੀਂ ਕੀ ਅਹੁੜਿਆ ਕਿ ਉਹ ਛੋਟੇ ਨੋਟਾਂ ਬਦਲੇ ਪਿੰਡ ਦੇ ਸ਼ਰਾਬ ਦੇ ਠੇਕੇ ਤੋਂ ਸੌ ਦਾ ਇਕੋ ਇਕ ਨੋਟ ਬਦਲਾ ਲਿਆਇਆ। ਉਹਦੀ ਤਾਂ ਤੋਰ ਹੀ ਬਦਲ ਗਈ। ਘਰ ਵਿਚ ਪਹਿਲੀ ਵੇਰ ਸੌ ਦਾ ਨੋਟ ਆਇਆ ਸੀ।
ਕੋਰੇ ਕੁੱਜੇ ਵਿਚ ਸੌ ਦਾ ਨੋਟ ਰੱਖ ਕੇ ਉਹਨੇ ਨਵੇਂ ਥਾਨ ਨਾਲੋਂ ਲੀਰ ਪਾੜ ਕੇ ਉਹਦਾ ਮੂੰਹ ਬੰਨ੍ਹ ਦਿੱਤਾ। ਕੁੱਜਾ ਉਹ ਕੱਚੀ ਕੋਠੀ ਵਿਚ ਰੱਖ ਕੇ ਲੰਮਾ ਪੈ ਗਿਆ। ਸਾਰੀ ਦੀ ਸਾਰੀ ਰਾਤ ਉਹ ਪਾਸੇ ਮਾਰਦਾ ਰਿਹਾ। ਉਹਨੂੰ ਨੀਂਦ ਨਹੀਂ ਸੀ ਆ ਰਹੀ। ਉਹ ਘੰਟੇ ਘੰਟੇ ਪਿੱਛੋਂ ਕੁੱਜੇ ਦਾ ਮੂੰਹ ਖੋਲ੍ਹ ਕੇ ਸੌ ਦੇ ਨੋਟ ਨੂੰ ਹੱਥਾਂ ਨਾਲ ਟੋਹ ਟੋਹ ਕੇ ਮੁੜ ਕੋਠੀ ਵਿਚ ਰੱਖ ਦਿੰਦਾ।
ਉਸ ਰਾਤ ਉਹਦੀ ਅਜੀਬ ਹਾਲਤ ਹੋ ਗਈ ਸੀ।
ਉਹਦੀ ਘਰਵਾਲੀ ਉਸ ਦੀ ਇਹ ਹਾਲਤ ਵੇਖ ਵੇਖ ਘਬਰਾ ਰਹੀ ਸੀ। ਉਸ ਨੂੰ ਕੀ ਝੱਲ ਚੜ੍ਹ ਗਿਆ ਸੀ, ਉਸ ਰਾਤ। ਉਹ ਹੁਣ ਵੀ ਕਦੇ ਕਦੇ ਸੋਚਣ ਲੱਗ ਜਾਂਦੀ।
ਫੇਰ ਉਹਨੇ ਆਪਣੇ ਪਿੰਡ ਹੀ ਬਜਾਜੀ ਹੀ ਹੱਟੀ ਪਾ ਲਈ ਤੇ ਉਹ ਰੌਣਕੀ ਦੀ ਥਾਂ ਰੌਣਕ ਮੱਲ ਬਣ ਗਿਆ।
ਪਿੰਡ ਵਿਚ ਉਹਦਾ ਸੁਹਣਾ ਵਣਜ ਚਲ ਗਿਆ। ਦੋ ਦੋ ਚਾਰ ਚਾਰ ਤੋਂ ਵਧਦੀਆਂ ਅਸਾਮੀਆਂ ਹੁਣ ਸਾਰੇ ਪਿੰਡ ਵਿਚ ਫੈਲ ਗਈਆਂ।
ਕੱਪੜੇ 'ਤੇ ਲੱਗੇ ਕੰਟਰੋਲ ਨੇ ਉਹਨੂੰ ਬਲੈਕ ਕਰਨੀ ਸਿਖਾਈ। ਨਿੱਤ ਨਵੇਂ ਟੈਕਸਾਂ ਨੇ ਉਹਨੂੰ ਦੂਹਰੀਆਂ ਵਹੀਆਂ ਰੱਖਣੀਆਂ ਸਿਖਾ ਦਿੱਤੀਆਂ। ਪਿੰਡ ਦਾ ਵਾਲ ਵਾਲ ਉਹਦਾ ਕਰਜ਼ਾਈ ਸੀ। ਸਾਰੇ ਇਲਾਕੇ ਵਿਚ ਹੁਣ "ਰੌਣਕ ਮੱਲ, ਰੌਣਕ ਮੱਲ" ਹੋ ਰਹੀ ਸੀ।
ਫੇਰ ਉਹਨੂੰ ਆਪਣਾ ਪਿੰਡ ਛੋਟਾ ਛੋਟਾ ਲੱਗਣ ਲੱਗਾ। ਜਿਵੇਂ ਉਹਦੀ ਦਿਨ-ਪਰ-ਦਿਨ ਵਧਦੀ ਗੋਗੜ ਹੁਣ ਇਸ ਪਿੰਡ ਵਿਚ ਨਹੀਂ ਸੀ ਸਮਾ ਸਕਦੀ।
ਇਕ ਰਾਤ ਉਹ ਟਰੱਕ ਵਿਚ ਸਮਾਨ ਪਾ ਕੇ ਲਾਗਲੇ ਸ਼ਹਿਰ ਆ ਵੜਿਆ। ਆਸਾਮੀਆਂ ਪਿੰਡਾਂ ਤੋਂ ਸ਼ਹਿਰ ਦੇ ਚੱਕਰ ਮਾਰਨ ਲੱਗੀਆਂ। ਜਿਸ ਦੀ ਧੀ ਭੈਣ ਦਾ ਵਿਆਹ ਧਰਿਆ ਜਾਂਦਾ, ਉਹ ਰੌਣਕ ਮੱਲ ਕੋਲ ਜ਼ਰੂਰ ਪੁੱਜਦਾ। ਜ਼ਮੀਨ ਗਹਿਣੇ ਧਰ ਕੇ ਆਪਣੀ ਗਰਜ਼ ਪੂਰੀ ਕਰਦਾ। ਰੌਣਕ ਮੱਲ ਦੇ ਗੁਣ ਗਾਉਂਦਾ ਉਹ ਥੱਕਦਾ ਨਾ।
ਹੁਣ ਰੌਣਕ ਮੱਲ ਦੇ ਦੋ ਭੱਠੇ ਚੱਲਦੇ ਸਨ। ਉਹਦੇ ਆਪਣੇ ਟਰੱਕ ਚੱਲਦੇ ਸਨ। ਕਈ ਕੰਪਨੀਆਂ ਦਾ ਉਹ ਹਿੱਸੇਦਾਰ ਸੀ। ਉਹਦਾ ਏਨਾ ਕੰਮ ਹੋਣ 'ਤੇ ਵੀ ਉਹਨੂੰ ਹੁਣ ਕੋਈ ਕੰਮ ਨਹੀਂ ਸੀ। ਬੱਸ ਗੋਗੜ 'ਤੇ ਘੜੀ ਮੁੜੀ ਉਹ ਹੱਥ ਫੇਰਦਾ ਰਹਿੰਦਾ। ਕਦੇ ਕਦੇ ਮਸਤੀ ਵਿਚ ਆ ਕੇ ਆਪਣੀ ਘਰਵਾਲੀ 'ਤੇ ਰੋਅਬ ਝਾੜਦਾ ਉਹ ਕਹਿੰਦਾ, "ਭਾਗਵਾਨੇ, ਕੀ ਸਮਝਦੀ ਹੈਂ, ਜਿਹੜੇ ਰੌਣਕੀ ਨੂੰ ਘਰ ਵਿਚ ਸੌ ਦਾ ਨੋਟ ਪਿਆ ਦੇਖ ਕੇ ਉਸ ਰਾਤ ਨੀਂਦ ਨਹੀਂ ਸੀ ਆਈ, ਅੱਜ ਚਾਰ ਡਿੰਗਾਂ 'ਤੇ ਪਿਸ਼ਾਬ ਕਰਨ ਗਿਆ ਏਨਾ ਕਮਾ ਲੈਂਦੈ।"
ਵਧੀ ਗੋਗੜ 'ਤੇ ਉਹਦਾ ਹੱਥ ਮੱਲੋ-ਮੱਲੀ ਫਿਰਨ ਲੱਗ ਜਾਂਦਾ। ਇਸ ਸਾਲ ਦੀਆਂ ਚੋਣਾਂ ਵਿਚ ਉਹ ਸ਼ਹਿਰ ਦਾ ਮੁਖੀਆ ਚੁਣਿਆ ਗਿਆ। ਰੌਣਕ ਮੱਲ ਤੋਂ ਹੁਣ ਉਹ ਚੌਧਰੀ ਰੌਣਕ ਮੱਲ ਬਣ ਗਿਆ।
ਏਨਾ ਕੁਝ ਹੋਣ 'ਤੇ ਵੀ ਉਹਨੂੰ ਚੈਨ ਨਹੀਂ ਸੀ ਮਿਲਿਆ। ਵਪਾਰਕ ਧੰਦਿਆਂ ਵਿਚ ਉਲਝਿਆ ਉਹ ਦਿਨ ਰਾਤ ਭਟਕਦਾ ਰਹਿੰਦਾ। ਉਹਦੀਆਂ ਕਈ ਆਸਾਮੀਆਂ ਉਹਨੂੰ ਅੱਖਾਂ ਦਿਖਾਉਣ ਲੱਗ ਜਾਂਦੀਆਂ। ਕਈ ਆਸਾਮੀਆਂ ਮਰ-ਮੁੱਕਰ ਜਾਂਦੀਆਂ। ਉਹਦੇ ਆਪਣੇ ਖ਼ਾਸ ਪਿੰਡ ਦਾ ਬਚਨਾ ਕਾਮਰੇਡ ਖੁੱਲ੍ਹਮ-ਖੁੱਲ੍ਹਾ ਉਹਦੇ ਖ਼ਿਲਾਫ਼ ਪ੍ਰਚਾਰ ਕਰਦਾ ਫਿਰਦਾ ਰਹਿੰਦਾ। ਬਾਂਹ ਕੱਢ ਕੇ, ਉਹਦੀਆਂ ਦੁਕਾਨਾਂ ਦੀ ਕਤਾਰ ਵੱਲ ਇਸ਼ਾਰਾ ਕਰ ਕੇ ਉਹ ਕਹਿੰਦਾ, "ਓਏ ਰੌਣਕਾ, ਕੀਹਦੀ ਖਾਤਰ ਜੋੜਦੈਂ ਇਹ ਮਿਲਖਾਂ, ਮੌਕਾ ਔਣ 'ਤੇ ਲੋਕਾਂ ਨੇ ਇਹ ਆਪੇ ਸਾਂਭ ਲੈਣੀਆਂ ਨੇ।"
ਇਹ ਸੁਣ ਕੇ ਚੌਧਰੀ ਰੌਣਕ ਮੱਲ ਉਪਰੋਂ ਤਾਂ ਹੱਸ ਛੱਡਦਾ, ਪਰ ਅੰਦਰੋ-ਅੰਦਰ ਜਿਵੇਂ ਉਹਨੂੰ ਕਾਂਬਾ ਛਿੜ ਜਾਂਦਾ। ਆਪਸ ਵਿਚ ਗੱਲਾਂ ਕਰਦੇ ਲੋਕ ਉਹਨੂੰ ਲੱਗਦਾ, ਜਿਵੇਂ ਉਹਦੀਆਂ ਹੀ ਚੁਗਲੀਆਂ ਕਰ ਰਹੇ ਹੋਣ, ਉਹਦੇ ਖ਼ਿਲਾਫ਼ ਵਿਉਂਤਾਂ ਬਣਾ ਰਹੇ ਹੋਣ।
ਕਈ ਕਈ ਭਰਮ, ਕਈ ਕਈ ਵਹਿਮ ਖ਼ਾਹ-ਮਖ਼ਾਹ ਉਹਨੂੰ ਤੰਗ ਕਰੀ ਜਾਂਦੇ। ਉਹਦੀਆਂ ਰਾਤਾਂ ਦੀ ਨੀਂਦ ਹਰਾਮ ਹੁੰਦੀ ਰਹਿੰਦੀ। ਕਦੇ ਕਦੇ ਉਹ ਉਭੜਵਾਹੇ ਉਠ ਬਹਿੰਦਾ। ਭੈੜੇ ਭੈੜੇ ਸੁਪਨੇ ਉਸ ਨੂੰ ਆਉਂਦੇ ਰਹਿੰਦੇ।
ਫੇਰ ਉਹਨੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਪੰਡਤਾਂ ਭਾਈਆਂ ਨੂੰ ਉਹ ਪੂਜਣ ਲੱਗਾ। ਇਲਾਕੇ ਦੇ ਵੱਡੇ ਸੰਤਾਂ ਨੂੰ ਕਈ ਵੇਰਾਂ ਕਾਰ ਵਿਚ ਬਿਠਾ ਕੇ ਆਪਣੇ ਸ਼ਹਿਰ ਲੈ ਆਇਆ। ਸਾਲ ਵਿਚ ਕਈ ਸਤਸੰਗ ਉਹਨੇ ਕਰਾਏ। ਸਕੂਲਾਂ, ਮੰਦਰਾਂ ਤੇ ਗੁਰਦੁਆਰਿਆਂ ਨੂੰ ਉਹਨੇ ਹਜ਼ਾਰਾਂ ਰੁਪਏ ਮਦਦ ਵਜੋਂ ਦਿੱਤੇ। ਹੜ੍ਹ ਪੀੜਤਾਂ ਵਿਚ ਉਹਨੇ ਹਜ਼ਾਰਾਂ ਕੰਬਲ ਵੰਡੇ। ਇਲੈਕਸ਼ਨ ਫੰਡ ਵਿਚ ਉਹਨੇ ਐਡੀ ਵੱਡੀ ਥੈਲੀ ਭੇਟ ਕੀਤੀ ਕਿ ਵੱਡੇ ਵੱਡੇ ਸ਼ਾਹੂਕਾਰਾਂ ਦੇ ਦੰਦ ਜੋੜ ਦਿੱਤੇ।
ਪਰ ਫੇਰ ਕੀ ਇਕ ਖੋਹ ਜਿਹੀ, ਇਕ ਭਟਕਣ ਜਿਹੀ ਉਹਨੂੰ ਅੰਦਰੋ-ਅੰਦਰ ਖਾਈ ਜਾਂਦੀ। ਆਪਣੇ ਕੰਮ ਵੱਲੋਂ ਅਵੇਸਲਾ ਹੋ ਕੇ, ਕੰਮ ਜਿਹੜਾ ਹੁਣ ਆਪੇ ਹੀ ਚਲੀ ਜਾ ਰਿਹਾ ਸੀ, ਉਹ ਚੈਨ ਭਾਲ ਰਿਹਾ ਸੀ। ਉਹੋ ਜਿਹਾ ਚੈਨ ਜਿਹੜਾ ਉਹਨੂੰ ਕਦੇ ਪਿੰਡਾਂ 'ਚ ਗਜ਼ ਗਜ਼ ਕੱਪੜਾ ਵੇਚ ਕੇ ਆਏ ਥੱਕੇ ਟੁੱਟੇ ਨੂੰ ਚੁੱਲ੍ਹੇ ਮੂਹਰੇ ਬਹਿ ਕੇ ਰੁੱਖੀ-ਮਿੱਸੀ ਰੋਟੀ ਖਾਂਦਿਆਂ ਨਸੀਬ ਹੁੰਦਾ ਸੀ। "ਕਿੰਨਾ ਠਰ੍ਹੰਮਾ, ਕਿੰਨਾ ਚੈਨ ਸੀ ਉਸ ਜ਼ਿੰਦਗੀ ਵਿਚ", ਕਦੇ ਕਦੇ ਉਹ ਸੋਚਦਾ।
ਫੇਰ ਉਹਨੂੰ ਇਕ ਪਰਤਾਪੀ ਸੰਤਾਂ ਦੇ ਦਰਸ਼ਨ ਹੋਏ। ਸਾਰੀ ਵਿਥਿਆ ਉਹਨੇ ਸੰਤਾਂ ਨੂੰ ਕਹਿ ਸੁਣਾਈ। ਇਕ ਵੇਰਾਂ ਤਾਂ ਉਹ ਸੰਤਾਂ ਅੱਗੇ ਚੌਧਰੀ ਮੱਲ ਤੋਂ ਇਕ ਤੁੱਛ ਰੌਣਕੀ ਬਣ ਗਿਆ। ਸੰਤ ਨੂੰ ਦਇਆ ਆ ਗਈ, ਉਹਦੀ ਇਹ ਹਾਲਤ ਦੇਖ ਕੇ। ਮੂੰਹ ਵਿਚ ਘਾਹ, ਗਲ ਵਿਚ ਖੱਦਰ ਦਾ ਪਰਨਾ ਅਤੇ ਨੰਗੇ ਪੈਰੀਂ ਸ਼ਹਿਰ ਦਾ ਚੌਧਰੀ ਉਨ੍ਹਾਂ ਦੇ ਚਰਨਾਂ ਵਿਚ ਢਹਿਆ ਪਿਆ ਸੀ।
ਸੰਤਾਂ ਨੇ ਜੱਗ ਕਰਾਇਆ। ਉਨ੍ਹਾਂ ਨੇ ਉਹਦਾ ਹੱਥ ਲਵਾ ਕੇ ਗਰੀਬਾਂ ਨੂੰ ਕੱਪੜੇ ਵੰਡਾਏ। ਬ੍ਰਾਹਮਣਾਂ ਨੂੰ ਕਈ ਕਪਲਾ ਗਊਆਂ ਦਾਨ ਕਰਵਾਈਆਂ। ਉਹ ਉਹਦੇ ਕੋਲ ਸਵਾ ਮਹੀਨਾ ਰਹੇ। ਜਾਂਦੇ ਹੋਏ ਉਹਨੂੰ ਉਹ ਅਸੀਸ ਦੇ ਗਏ ਤੇ ਕਹਿ ਗਏ, "ਦੇਖ਼ ਰੌਣਕ ਮੱਲ ਕੱਲ੍ਹ ਨੂੰ ਮੰਗਲਵਾਰ ਹੈ। ਕੱਲ੍ਹ ਤੋਂ ਹੀ ਡੁੱਬਦੇ ਸੂਰਜ ਨਾਲ ਕੀੜਿਆਂ ਦੇ ਭੌਣ 'ਤੇ ਤਿਲਚੌਲੀ ਪਾ ਕੇ ਆਇਆ ਕਰ। ਸਵਾ ਸਾਲ ਤਿਲਚੌਲੀ ਪਾਉਂਦਾ ਰਿਹਾ, ਤਾਂ ਇਹ ਬੇਜ਼ੁਬਾਨ ਕੀੜੇ ਤੈਨੂੰ ਤਾਰ ਦੇਣਗੇ। ਦੇਖੀਂ ਕਿਤੇ ਭੁੱਲ ਨਾ ਜਾਈਂ।"
ਇਹ ਕਹਿ ਕੇ ਸੰਤ, ਨਗਰੀ ਤੋਂ ਬਾਹਰ ਹੋ ਗਏ। ਹੁਣ ਹਰ ਡੁੱਬਦੇ ਸੂਰਜ ਨਾਲ ਚੌਧਰੀ ਰੌਣਕ ਮੱਲ ਕੀੜਿਆਂ ਦੇ ਭੌਣ 'ਤੇ ਤਿਲਚੌਲੀ ਪਾਉਣ ਜਾਂਦਾ। ਵੱਡੇ ਤੋਂ ਵੱਡਾ ਕੰਮ ਛੱਡ ਉਹ ਆਪਣੇ ਹੱਥੀਂ ਤਿਲਚੌਲੀ ਪਾ ਕੇ ਆਉਂਦਾ। ਕਿੰਨਾ ਕਿੰਨਾ ਚਿਰ ਉਹ ਕੀੜਿਆਂ ਦੇ ਭੌਣ 'ਤੇ ਬੈਠਾ ਚੌਲਾਂ ਪਿੱਛੇ ਕੀੜਿਆਂ ਦੀ ਲੜਾਈ ਦੇਖਦਾ ਰਹਿੰਦਾ, ਸੁਆਦ ਲੈਂਦਾ ਰਹਿੰਦਾ। ਆਪਣੀ ਜ਼ਿੰਦਗੀ ਉਹਨੂੰ ਫੇਰ ਸਾਵੀ ਹੁੰਦੀ ਜਾਪੀ।
ਕਈ ਦਿਨਾਂ ਤੋਂ ਇਕ ਅਜੀਬ ਤਮਾਸ਼ਾ ਕੀੜਿਆਂ ਦਾ ਉਹ ਵੇਖ ਰਿਹਾ ਸੀ। ਛੋਟੇ ਛੋਟੇ ਕੀੜਿਆਂ ਤੋਂ ਇਕ ਵੱਡੇ ਕੱਦ-ਬੁੱਤ ਵਾਲਾ ਕੀੜਾ ਤਿਲ ਲੱਗੀ ਸ਼ੱਕਰ ਦੀ ਚਿਬਕੀ ਰੋੜੀ ਖੋਹ ਕੇ ਲੈ ਜਾਂਦਾ। ਉਹਦਾ ਇਹ ਹਮਲਾ ਵੇਖ ਕੇ ਚੌਧਰੀ ਖਿੜ ਉਠਦਾ। "ਕਿੰਨਾ ਹਿੰਮਤੀ ਐ, ਸਦਕੇ ਤੇਰੇ।" ਉਹਦੇ ਮੂੰਹੋਂ ਆਪੇ ਨਿਕਲ ਜਾਂਦਾ।
ਅੱਜ ਸ਼ਹਿਰ ਵਿਚ ਕੁਸ਼ਤੀਆਂ ਸਨ। ਇਲਾਕੇ ਵਿਚੋਂ ਆਏ ਕਰਜ਼ਾਈ ਭੋਥੇ ਪਾਈਂ, ਸ਼ਰਾਬ ਵਿਚ ਗੁੱਟ, ਉਹਦੇ ਵੱਲ ਘੂਰ ਘੂਰ ਦੇਖਦੇ ਸਨ। ਕਾਮਰੇਡ ਬਚਨਾ ਲੋਕਾਂ ਦੇ ਹੜ੍ਹ ਵਿਚ ਚਾਮ੍ਹਲਿਆ ਇਉਂ ਸੀ ਜਿਵੇਂ ਵਿਆਹ ਵਿਚ ਨਾਇਣ ਫਿਰਦੀ ਹੁੰਦੀ ਹੈ। ਚੌਧਰੀ ਰੌਣਕ ਮੱਲ ਨੂੰ ਕੁਸ਼ਤੀਆਂ ਵੇਖਣਾ ਅੱਜ ਚੰਗਾ ਨਾ ਲੱਗਾ।
ਉਹ ਤਾਂ ਆਪਣੇ ਪਹਿਲਵਾਨ ਕੀੜੇ ਦੇ ਦਾਓ-ਪੇਚ ਹੀ ਵੇਖੇਗਾ ਇਹ ਸੋਚਦਾ, ਠਰ੍ਹੰਮੇ ਨਾਲ ਤੁਰਦਾ, ਅਠਖੇਲੀਆਂ ਕਰਦਾ, ਉਹ ਕੀੜਿਆਂ ਦੇ ਭੌਣ 'ਤੇ ਪੁੱਜਾ। ਤਿਲਚੌਲੀ ਪਾਉਣ ਤੋਂ ਪਹਿਲਾਂ ਉਹਨੇ ਇਕ ਨਿੱਕੀ ਜਿਹੀ ਚਿਬਕੀ ਹੋਈ ਤਿਲਾਂ ਨਾਲ ਭਰੀ ਗੁੜ ਦੀ ਰੋੜੀ ਭੌਣ 'ਤੇ ਸੁੱਟੀ। ਤਮਾਸ਼ਾ ਵੇਖਣ ਲਈ ਉਹ ਤਿਆਰ ਹੋ ਗਿਆ। ਐਤਕੀਂ ਉਹਦੇ ਮੂੰਹੋਂ 'ਸਦਕੇ ਤੇਰੇ' ਨਾ ਨਿਕਲਿਆ। ਉਹ ਕੰਬ ਗਿਆ।
ਵੱਡੇ ਕੀੜੇ ਤੋਂ ਗੁੜ ਦੀ ਨਿੱਕੀ ਜਿਹੀ ਡਲੀ ਖੋਹ ਕੇ ਛੋਟੇ ਛੋਟੇ ਪੰਜ ਛੇ ਕੀੜੇ ਆਪਣੀ ਖੁੱਡ ਵੱਲ ਚਾਈਂ ਚਾਈਂ ਲਿਜਾ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਮੋਹਨ ਭੰਡਾਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ