Theh (Punjabi Story) : Ajmer Sidhu

ਥੇਹ (ਕਹਾਣੀ) : ਅਜਮੇਰ ਸਿੱਧੂ

ਅੱਜ ਮੇਰਾ ਹਸਪਤਾਲੋਂ ਆਏ ਦਾ ਨੌਵਾਂ ਦਿਨ ਏ । ਡਾਕਟਰ ਦਿਮਾਗ ਦਾ ਕੈਂਸਰ ਦੱਸਦੇ ਨੇ । ਓਪਰੇਸ਼ਨ ਕਰਨ ਤੋਂ ਬਾਅਦ ਵੀ ਚੌਵੀ ਪੱਚੀ ਦਿਨ ਰੱਖੀ ਛੱਡਿਆ । ਵੈਸੇ ਮੈਂ ਹਸਪਤਾਲ ਰਹਿਣਾ ਨਈਂ ਚਾਹੁੰਦਾ ਸੀ । ਉਥੇ ਰਹਿਣ ਨਾਲ ਤਾਂ ਮੇਰਾ ਰੋਗ ਹੋਰ ਵਧਦਾ ਸੀ । ਉਥੇ ਗੱਲਾਂ ਈ ਆਲੇ-ਦੁਆਲੇ ਇੱਦਾਂ ਦੀਆਂ ਲਿਖੀਆਂ ਹੋਈਆਂ ਸਨ । ਦਿਲ ਘਬਰਾ ਜਾਂਦਾ ਸੀ । ਮੈਂ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜ ਨ੍ਹੀਂ ਹੋਇਆ ।
ਮਸਾਂ ਛੁੱਟੀ ਮਿਲੀ । ਪਰ ਮੇਰੀ ਹਾਲਤ ਨੂੰ ਬਹੁਤਾ ਫ਼ਰਕ ਨਹੀਂ ਪਿਆ । ਮੈਂ... । ਮੈਨੂੰ ਡਰ ਲੱਗੀ ਜਾਂਦੈ । ਅਜੇ ਤੜਕੇ ਪਾਠੀ ਬੋਲਿਆ ਸੀ, ਜਦੋਂ ਮੇਰੀਆਂ ਅੱਖਾਂ ਸਾਹਮਣੇ ਆ ਗਿਆ । ਪਹਿਲਾਂ ਤਾਂ ਸਾਰੀ ਰਾਤ ਮੇਰੇ ਸਰੀਰ 'ਤੇ ਕੀੜੀ ਘੁੰਮਦੀ ਰਹੀ । ਸੌਣ ਨਾ ਦਿੱਤਾ । ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਹੱਥੇ ਨ੍ਹੀਂ ਆਈ ।...ਪਰ ਇਹ ਸ਼ਰੇਆਮ ਸਾਹਮਣੇ ਘੁੰਮੀ ਜਾਂਦਾ ।
ਪਰਸੋਂ ਵੀ ਬਹੂ ਨੇ ਬਚਾ ਲਿਆ । ਇਹ ਤਾਂ ਡੰਗ ਮਾਰਨ ਲੱਗਾ ਸੀ । ਖੈਰ... । ਹੁਣ ਤਾਂ ਕੰਧ ਉੱਤੇ ਘੁੰਮੀ ਜਾਂਦਾ । ਕਾਲਾ ਸ਼ਾਹ ਕੌਡੀਆਂ ਆਲਾ ਏ । ਮੈਨੂੰ ਲਗਦੈ ਇਹ ਆਪਣੀ ਪੁਰਾਣੀ ਜਗ੍ਹਾ ਲੱਭਦਾ । ਪਹਿਲਾਂ ਇੱਥੇ ਬਾਬੇ ਨਾਨਕ ਦਾ ਕਲੈਂਡਰ ਹੁੰਦਾ ਸੀ । ਉਹਨਾਂ ਉੱਤੇ ਫਨ ਖਿਲਾਰ ਕੇ ਛਾਂ ਕੀਤੀ ਹੁੰਦੀ ਸੀ । ਉਦੋਂ ਤਾਂ ਇਹਨੇ ਕਹਿਰ ਕਰ 'ਤਾ । ਇਹਦੇ ਵਿੱਚ ਜਾਨ ਆ ਗਈ ਸੀ । ਸਿੱਧਾ ਮੇਰੇ ਮੰਜੇ 'ਤੇ ਆ ਚੜ੍ਹਿਆ ਸੀ । ਰਜਾਈ 'ਚੋਂ ਲੱਭਿਆ ਨਹੀਂ ਸੀ । ਮੈਂ ਚੀਕਾਂ ਮਾਰਦਾ ਰਹਿ ਗਿਆ ਸੀ ।
ਬੁੜ੍ਹਾ ਆਤੂ ਕਹਿੰਦਾ ਸੀ ਸੱਪਾਂ ਨੂੰ ਧਰਤੀ ਵਿਹਲ ਦੇ ਦਿੰਦੀ ਏ । ਨ੍ਹੀਂ ਤਾਂ ਨਰਭਿੰਦਰ ਨੇ ਮਾਰ ਦੇਣਾ ਸੀ । ਹੁਣ ਫੇਰ ਕੰਧ ਤੋਂ ਮੇਰੇ ਵੱਲ ਫਨ ਖ਼ਿਲਾਰੀ ਆਉਂਦਾ ।...ਇਹ ਤਾਂ ਨੇੜੇ ਪਹੁੰਚ ਗਿਆ । ਦੌਣ ਵਾਲੇ ਪਾਸੇ ਆ ਚੜ੍ਹਿਆ । ਮੈਂ... । ਮੈਂ... । ਇਹਦੀ ਜੀਭ... ।"
''ਨ੍ਹੀਂ... ।"
''ਕੀ ਹੋਇਆ...ਚਾਚਾ ਜੀ ।"
''ਆਜਾ ਪੁੱਤ...ਆਜਾ ! ਅੱਜ ਤੂੰ ਮੈਨੂੰ ਫੇ' ਬਚਾ ਲਿਆ । ਨ੍ਹੀਂ ਤਾਂ ਏਹ ਆਪਣਾ ਕਾਰਾ ਕਰ ਚੱਲਿਆ ਸੀ... । ਜੀਉਂਦੀ ਵਸਦੀ ਰਹੁ ।"
ਇਹ ਬਹੂ ਬੜੀ ਚੰਗੀ ਏ । ਮੇਰੀਆਂ ਚੀਕਾਂ ਸੁਣ ਕੇ ਭੱਜੀ ਆਈ । ਨਾਲੇ ਇਹਨੂੰ ਦੇਖ ਕੇ ਕੌਡੀਆਂ ਵਾਲਾ ਵੀ ਹਰਨ ਸੁੰਹ ਹੋ ਗਿਆ । ਇਹ ਬੜੀ ਦਲੇਰ ਏ । ਕਈ ਵਾਰ ਡਰ ਵੀ ਜਾਂਦੀ ਏ । ਇਹ ਵੱਡੇ ਦੀ ਨੂੰਹ ਏ ।
ਮੈਤੋਂ ਵੱਡਾ ਸੇਵਾ ਸੁੰਹ ਏ । ਉਹਨੇ ਆਪਣਾ ਮੁੰਡਾ ਨਰਭਿੰਦਰ ਤਾਂ ਵਿਆਹ ਲਿਆ ਸੀ । ਬਹੂ ਵੱਲੋਂ ਜ਼ਮੀਨ ਰਲਦੀ ਸੀ । ਅਜੇ ਕੁੜੀ ਕੁਆਰੀ ਬੈਠੀ ਏ । ਮੇਰਾ ਖ਼ਿਆਲ...ਸਤਾਈਆਂ ਨੂੰ ਢੁੱਕਣ ਡਹੀਓ ਏ । ਕੁੜੀ ਮੇਰੇ ਨੇੜੇ ਨੀਂ ਆਂਦੀ । ਇੱਕ ਵਾਰੀ ਮੈਤੋਂ ਜ਼ਿਆਦਾ ਕੁੱਟ ਹੋ ਗਈ ਸੀ । ਪਤਾ ਨ੍ਹੀਂ ਲੱਗਿਆ ਮੇਰੇ ਦਿਮਾਗ ਨੂੰ ਕੀ ਹੋਇਆ । ਬੱਸ... । ਏਹੋ ਜਿਹੀਆਂ ਕੁੜੀਆਂ ਦੇਖ ਕੇ ਮੇਰਾ ਤਾਂ ਸਿਰ ਫਟਣ ਨੂੰ ਕਰਦੈ ।...ਫੇ' ਦੌਰਾ ਪੈ ਜਾਂਦੇ । ਹਾਏ ! ਧੀਆਂ ਧਿਆਣੀਆਂ... । ਕਿੱਡਾ ਪਾਪ... । ਨਹੀਂ... ।
ਹੁਣ ਬਾਹਰ ਧੁੱਪ ਨਿਕਲ ਆਈ ਏ ।
''ਚਾਚਾ ਜੀ, ਰੋਟੀ ਖਾ ਲੋ' ।" ਬਹੂ ਰੋਟੀ ਲੈ ਆਈ ਏ । ਟੇਬਲ 'ਤੇ ਰੋਟੀ ਰੱਖ ਕੇ ਮੁੜਵੇਂ ਪੈਰੀਂ ਅਖ਼ਬਾਰ ਵੀ ਰੱਖ ਗਈ । ਮੈਂ ਮੋਟੀ-ਮੋਟੀ ਖ਼ਬਰ ਦੇਖਣ ਲੱਗ ਪਿਆ ਹਾਂ । ਤੀਜੇ ਸਫ਼ੇ 'ਤੇ ਜਾ ਕੇ ਮੇਰਾ ਹੱਥ ਰੁਕ ਗਿਆ ਹੈ ।...ਸਾਹ ਫੁੱਲਣ ਲੱਗ ਪਿਆ ਹੈ ।...ਕਾਹਲੀ ਨਾਲ ਪੜ੍ਹਨ ਲੱਗ ਪਿਆ ਹਾਂ ।...ਲੱਛਣ...ਭਾਰ ਘਟਣ ਲੱਗਦਾ ਹੈ । ਬੁਖਾਰ, ਦਸਤ...ਮੇਰਾ ਸਾਹ ਧੌਕਣੀ ਵਾਂਗੂੰ ਚੱਲਣ ਲੱਗ ਪਿਆ ਹੈ ।
ਮੇਰੀਆਂ ਪੁੜਪੁੜੀਆਂ ਦੀਆਂ ਨਾੜਾਂ ਉੱਭਰ ਆਈਆਂ ਹਨ । ਲਗਦਾ ਫਟ ਜਾਣਗੀਆਂ । ਮੈਂ ਘੁੱਟ ਕੇ ਫੜ ਲਈਆਂ ਨੇ । ਅੱਖਾਂ ਅੱਗੇ ਹਨੇਰਾ ਹੋ ਗਿਆ ਹੈ । ਜ਼ੋਰ ਦੀ ਖੜਾਕਾ ਹੋਇਆ ਹੈ ।
ਹੁਣ ਮੈਂ ਠੀਕ ਹਾਂ । ਮਸਾਂ ਸ਼ਾਂਤ ਹੋਇਆ । ਰੋਟੀ ਵਾਲਾ ਥਾਲ ਪਰ੍ਹਾਂ ਡਿੱਗਿਆ ਪਿਆ ਹੈ । ਅਖ਼ਬਾਰ ਆਲੂ ਮਟਰਾਂ ਦੀ ਸਬਜ਼ੀ ਨਾਲ ਲਿਬੜੀ ਪਈ ਹੈ । ਬਹੂ ਕਿਚਨ ਵਿੱਚ ਖੜ੍ਹੀ ਦੇਖ ਰਹੀ ਹੈ । ਬਚਾਰੀ ਡਰੀ ਪਈ ਏ ਪਰ ਮੈਨੂੰ ਪਤਾ ਨ੍ਹੀਂ ਕੀ ਹੋ ਜਾਂਦਾ ਹੈ । ਆਪਣੇ ਬੱਚਿਆਂ ਨਾਲ... । ਮੈਨੂੰ ਕੀ ਲੋੜ ਏ ਅਖ਼ਬਾਰ ਦੇ ਇਹੋ ਜਿਹੇ ਲੇਖ ਪੜ੍ਹਨ ਦੀ । ਮੈਂ ਕਿਹੜਾ ਪੜ੍ਹ ਕੇ ਅਫ਼ਸਰ ਲੱਗਣਾ ।
''ਆਜਾ ਧੀਏ ! ਚੁੱਕ ਲੈ ਭਾਂਡੇ । ਪਤਾ ਨੀ ਦਿਮਾਗ ਨੂੰ ਕੀ ਅੱਗ ਲੱਗ ਗਈ ।" ਮੈਂ ਬਹੂ ਨੂੰ ਆਪਣੀ ਹਾਲਤ ਦੱਸਦਾ ਹਾਂ । ਉਹ ਭਾਂਡੇ ਟੀਂਡੇ ਚੁੱਕ ਕੇ ਰਸੋਈ 'ਚ ਲੈ ਜਾਂਦੀ ਏ । ਮੁੜਵੇਂ ਪੈਰੀਂ ਪੋਚਾ ਵੀ ਲਾ ਦਿੰਦੀ ਏ । ਮੈਂ ਬਹੂ ਦੀ ਦੁਬਾਰਾ ਲਿਆਂਦੀ ਰੋਟੀ ਖਾ ਕੇ ਉਹਤੋਂ ਮਾਫ਼ੀ ਮੰਗਦਾ ਹਾਂ ।
''ਪਤਾ...ਨੀਂ ਅਕਲ 'ਤੇ ਕੀ ਪਰਦਾ ਪੈ ਗਿਆ, ਧੀਏ । ਮੈਂ ਤਾਂ... ।"
''ਰੋਂਦੇ ਕਿਉਂ ਓ ਚਾਚਾ ਜੀ । ਮੈਂ ਤੁਹਾਡੀ ਹਾਲਤ ਸਮਝਦੀ ਆਂ । ਹੁਣ ਤੁਸੀਂ ਠੀਕ ਓ । ਡਾਕਟਰ ਸਾਹਿਬ ਕਹਿੰਦੇ ਸੀ, ਤੁਸੀਂ ਬਿਲਕੁਲ ਠੀਕ ਓ । ਅੱਗੇ ਨਾਲੋਂ ਦੇਖੋ ਚਿਹਰੇ ਤੇ ਕਿੰਨਾ ਨੂਰ ਆ । ਬੱਸ ਦਵਾਈ ਖਾਈ ਜਾਓ । ਫੇ' ਦੇਖੋ ।" ਬਹੂ ਮੈਨੂੰ ਦਿਲਾਸਾ ਦੇ ਰਹੀ ਹੈ ਪਰ ਮੈਨੂੰ ਇਹ ਝੂਠਾ ਝੂਠਾ ਲਗਦਾ । ਮੈਨੂੰ ਮੇਰੀ ਜ਼ਿੰਦਗੀ ਦਾ ਪਤੈ ।
''ਕਿਹੜੀਆਂ ਸੋਚਾਂ 'ਚ ਪੈ 'ਗੇ ਚਾਚਾ ਜੀ ।...ਮੈਨੂੰ ਪਤੈ । ਮੈਂ ਅੱਜੇ ਜਸਪਿੰਦਰ ਨੂੰ ਚਿੱਠੀ ਲਿਖਦੀ ਹਾਂ । ਉਹ ਤੁਹਾਨੂੰ... ... ।"
''ਨਈਂ...ਨਈਂ... ।" ਮੇਰਾ ਸਾਹ ਤੇਜ਼ ਹੋ ਗਿਆ ਹੈ । ਸਿਰ ਫਟਣ ਨੂੰ ਕਰ ਰਿਹੈ । ਮੈਂ ਮੰਜੇ ਤੇ ਪੈ ਗਿਆ ਹਾਂ । ਬਹੂ ਜਸਪਿੰਦਰ ਨੂੰ ਚਿੱਠੀ ਲਿਖਣ ਲਈ ਪੈੱਨ ਲੱਭਣ ਲੱਗ ਪਈ ਹੈ ।
ਬਹੂ ਦਾ ਸੁਭਾਅ ਤਾਂ ਵਧੀਆ । ਇਹਦੇ ਪਰਿਵਾਰ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ । ਬੱਸ ਇਹੋ ਬਚੀ ਸੀ । ਉਂਝ ਇਹਦੇ ਵਿਚਾਰ ਬੜੇ ਨੇਕ ਨੇ । ਮੈਨੂੰ ਥੋੜ੍ਹਾ- ਥੋੜ੍ਹਾ ਸਮਝਦੀ ਏ । ਮੇਰੀ ਸੇਵਾ ਪੂਰੀ ਕਰਦੀ ਏ । ਮੇਰੇ ਦੁੱਖਾਂ ਦੀ ਦਾਰੂ.... ।
ਮੈਂ ਕਨੇਡਾ ਤੋਂ ਵਾਪਸ ਆਇਆ ਸੀ । ਚੁੱਪ ਰਹਿੰਦਾ ਸੀ । ਮਨ ਬੁਝਿਆ ਜਿਹਾ । ਮੇਰੇ ਦੁੱਖ ਨੂੰ ਕੋਈ ਸਮਝ ਨਹੀਂ ਰਿਹਾ ਸੀ । ਅਜੇ ਮਹੀਨਾ ਹੀ ਟੱਪਿਆ ਸੀ । ਜਦੋਂ ਉਹ ਘਟਨਾ ਵਾਪਰ ਗਈ । ਮੈਨੂੰ ਆਪੇ ਤੋਂ ਭੈਅ ਆਉਣ ਲੱਗਾ । ਲੋਕਾਚਾਰੀ ਦਾ ਡਰ ਮਾਰ ਰਿਹਾ ਸੀ... । ਜੇ ਲੋਕਾਂ ਨੂੰ ਪਤਾ ਲੱਗ ਗਿਆ । ਮੈਂ ਕਿਸੇ ਨੂੰ ਮੂੰਹ ਦਿਖਾਣ ਜੋਗਾ ਨਹੀਂ ਰਹਾਂਗਾ । ਮੇਰੇ ਅੰਦਰਲੇ ਡਰ ਨੇ ਮੈਨੂੰ ਪਾਗਲਾਂ ਵਰਗਾ ਕਰ 'ਤਾ ਸੀ ।
ਹੁਣ ਤਾਂ ਮੈਂ ਕੁਝ ਠੀਕ ਆਂ । ਉਦੋਂ ਮੇਰੀ ਹਾਲਤ ਜ਼ਿਆਦਾ ਖਰਾਬ ਸੀ । ਮੈਨੂੰ ਕੀੜੀਆਂ ਤੇ ਸੱਪਣੀਆਂ ਬਹੁਤ ਤੰਗ ਕਰਦੀਆਂ ਸਨ । ਮੇਰੇ ਪਿੰਡੇ ਤੇ ਆ ਚੜ੍ਹਦੀਆਂ । ਮੇਰਾ ਦਿਲ ਕਰਦਾ ਸੀ ਕਿ ਮੈਂ ਚਾਰ-ਪੰਜ ਮਿੰਟਾਂ ਬਾਅਦ ਸੂਟ ਬਦਲ ਦਿਆਂ । ਮੈਨੂੰ ਸੁੱਚਮ ਰੱਖਣਾ ਚੰਗਾ ਲੱਗਦਾ । ਦਿਹਾੜੀ ਦੇ ਚਾਰ ਪੰਜ ਸੂਟ ਬਦਲਦਾ ਸੀ, ਧੋਂਦਾ ਵੀ ਆਪੇ ਸੀ । ਔਰਤ ਤਾਂ ਮੇਰੇ ਕੱਪੜਿਆਂ ਨੂੰ ਹੱਥ ਨਹੀਂ ਲਾ ਸਕਦੀ । ਮੈਂ ਤਾਂ ਕਮਰੇ ਅੰਦਰ ਵੀ ਨੀਂ ਵੜਨ ਦਿੰਦਾ । ਜੇ ਆ ਵੀ ਜਾਏ । ਮੈਨੂੰ ਸਾਰਾ ਕਮਰਾ ਧੋਣਾ ਪੈਂਦਾ । ਕਈ ਵਾਰ ਤਾਂ ਸਾਰਾ ਦਿਨ ਕੰਧਾਂ ਧੋਦਿਆਂ ਲੰਘ ਜਾਂਦਾ ਤੇ ਉਹ... ।
ਉਦੋਂ ਮੈਨੂੰ ਨੀਂਦ ਬਿਲਕੁਲ ਨਹੀਂ ਸੀ ਆਉਂਦੀ । ਨਾਏਾ ਭੁੱਖ ਲੱਗਦੀ ਸੀ । ਬੱਸ ਜਸਪਿੰਦਰ ਮੋਹਰੇ ਆ ਖੜ੍ਹਦੀ ਸੀ । ਉਹ ਤਾਂ ਹੁਣ ਵੀ ਪਿੱਛਾ ਨੀ ਛੱਡਦੀ । ਹਾਏ ਓਏ ਮੇਰੇ ਡਾਢਿਆ ਰੱਬਾ ।
ਮੈਨੂੰ ਆਪ ਨ੍ਹੀਂ ਪਤਾ ਲਗਦਾ । ਇਸ ਮੱਤ ਨੂੰ ਕੀ ਹੋ ਗਿਆ । ਉਂਝ ਸੇਵਾ ਸੂੰਹ ਨੇ ਮੇਰੀ ਦੇਖ ਭਾਲ ਪੂਰੀ ਕੀਤੀ । ਧਰਮੀ ਬੰਦਾ ਏ । ਨਾਲੇ ਨਾਲ ਦਾ ਜੰਮਿਆ ਭਰਾ । ਮੈਨੂੰ ਦੋ ਤਿੰਨ ਸਾਲ ਤੋਂ ਡਾਕਟਰਾਂ ਕੋਲ ਲੈ ਕੇ ਫਿਰ ਰਿਹਾ ।
ਮੇਰੀ ਬਿਮਾਰੀ ਕਦੇ ਵੀ ਡਾਕਟਰਾਂ ਦੀ ਸਮਝ 'ਚ ਨਹੀਂ ਪਈ । ਬੱਸ... । ਦਵਾਈਆਂ ਨਾਲ ਵਾਹ ਵਾਸਤਾ ਰਿਹਾ । ਮੈਨੂੰ ਬਹੁਤੇ ਡਾਕਟਰਾਂ 'ਤੇ ਤਰਸ ਵੀ ਆਉਂਦਾ । ਜਦੋਂ ਉਹ ਅੱਧ ਦੀਆਂ ਪਤਾਲ ਮਾਰਦੇ, ਮੇਰਾ ਗੁੱਸਾ ਵੱਧ ਜਾਂਦਾ । ਡਾਕਟਰ ਘੰਟਿਆਂ ਬੱਧੀ ਮੇਰੇ ਦੁਆਲੇ ਲੱਗੇ ਰਹਿੰਦੇ । ਬਿਮਾਰੀ ਬਾਰੇ ਪੁੱਛਦੇ । ਮੈਨੂੰ ਤਾਂ ਆਪ ਨਹੀਂ ਪਤਾ । ਉਂਝ ਮੇਰੀ ਬਿਮਾਰੀ ਬਾਰੇ ਚਾਰ ਗੱਲਾਂ ਕਾਉਂਟ ਕਰਦੀਆਂ ਹਨ ।
ਪਹਿਲੀ ਗੱਲ ਇਹ ਮੈਂ ਕਿਸੇ ਨੂੰ ਵੀ ਆਪਣੇ ਨਾਲ ਟੱਚ ਨਹੀਂ ਕਰਨ ਦੇਣਾ ਚਾਹੁੰਦਾ । ਆਪਣੇ ਸਰੀਰ ਨੂੰ ਸਾਫ਼ ਰੱਖਣਾ ਚਾਹੁੰਦਾ ਹਾਂ । ਮੇਰਾ ਚਿੱਤ ਕਰਦੈ ਪਾਣੀ ਵਿਚ ਵੜਿਆ ਰਹਾਂ । ਬੇਸ਼ੱਕ ਚੌਵੀ ਘੰਟੇ... । ਬੌਡੀ ਤੇ ਸਾਬਣ ਮਲੀ ਜਾਵਾਂ । ਪਾਣੀ ਪਾਈ ਜਾਵਾਂ ।
ਸੇਵਾ ਸੂੰਹ ਤੇ ਨਰਭਿੰਦਰ ਮੇਰੇ 'ਤੇ ਬੜਾ ਖਿਝਦੇ ਨੇ । ਅਖੇ ਸਾਬਣ ਮਲੀ ਜਾਨਾਂ ।...ਪਾਣੀ ਅਜਾਈਂ ਗੁਆਈ ਜਾਨਾਂ । ਜਦੋਂ ਕੋਈ ਔਰਤ ਮੇਰੇ ਕੋਲੋਂ ਲੰਘ ਜਾਂਦੀ ਹੈ, ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ । ਮੈਂ ਨਹਾਉਣ ਲੱਗ ਪੈਂਦਾ ਆਂ । ਫੇਰ ਮਲ ਮਲ ਕੇ ਨਹਾਉਂਦਾ ਹਾਂ ।
ਦੂਜੀ ਗੱਲ ਮੈਂ ਜ਼ਨਾਨੀ ਨੂੰ ਨੇੜੇ ਨਹੀਂ ਢੁੱਕਣ ਦੇਣਾ ਚਾਹੁੰਦਾ । ਸਿਵਾਏ ਇੱਕ ਬਹੂ ਤੋਂ... । ਮੈਨੂੰ ਜ਼ਨਾਨੀਆਂ ਨਾਲ ਬੜੀ ਨਫ਼ਰਤ ਏ । ਜਾਣ ਬੁੱਝ ਕੇ ਮੇਰੇ ਕੋਲ ਨੂੰ ਆਉਣਗੀਆਂ ।...ਅਖੇ ਚਾਚਾ ਜੀ ਹੁਣ ਸਿਹਤ ਕਿੱਦਾਂ । ਬਈ ਚਾਚੇ ਤੋਂ... । ਮੇਰੇ ਕੋਲੋਂ ਜ਼ਨਾਨੀ ਲੰਘੀ ਨਹੀਂ ਤੇ ਮੈਨੂੰ ਦੌਰਾ ਪਿਆ ਨਹੀਂ । ਮੈਨੂੰ ਬਹੁਤੀਆਂ ਔਰਤਾਂ ਦੀ ਸ਼ਕਲ ਗੋਰਖਣ ਵਰਗੀ ਲਗਦੀ ਏ । ਵੈਸੇ ਉਹ ਗਰੇਟ ਪਰਸਨੈਲਟੀ ਸੀ ਪਰ ਉਹਦੀ ਉਹ ਹਾਲਤ... । ਚੇਤੇ ਆਉਂਦਿਆਂ ਹੀ ਘਬਰਾਹਟ ਹੋਣ ਲਗਦੀ ਹੈ । ਹੋਰ ਤਾਂ ਹੋਰ... । ਮੈਂ ਅੰਗ ਨਹੀਂ ਦੇਖਣੇ ਚਾਹੁੰਦਾ । ਮੇਰੇ ਮੋਹਰੇ ਉਹ ਦਿ੍ਸ਼ ਘੁੰਮਣ ਲਗਦੇ ਹਨ ।
ਤੀਜੀ ਗੱਲ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਏ । ਨੀਂਦ ਵੀ ਨਹੀਂ ਆਉਂਦੀ । ਰਾਤ ਦੇ ਨ੍ਹੇਰੇ ਵਿੱਚ ਔਰਤਾਂ ਦੇ ਡਰਾਉਣੇ ਡਰਾਉਣੇ ਚਿਹਰੇ ਮੇਰੇ ਮੋਹਰੇ ਘੁੰਮਦੇ ਰਹਿੰਦੇ ਹਨ । ਫੇਰ ਉਹ ਸੱਪ ਜਾਂ ਸੱਪਣੀਆਂ ਬਣ ਜਾਂਦੇ ਨੇ ਤੇ ਮੈਨੂੰ ਡੱਸਣ ਲੱਗਦੇ ਨੇ । ਚੌਥੀ... । ਮੈਂ ਭੁੱਲ ਗਿਆ ।
ਮੈਂ ਡਾਕਟਰਾਂ ਨੂੰ ਸਾਰਾ ਕੁਝ ਦੱਸਦਾਂ ਵੀ ਆਂ ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ । ਡਾਕਟਰ ਵੀ ਨਾਂਹ ਕਰ ਜਾਂਦੇ ਨੇ । ਉਂਝ ਡਾਕਟਰ ਢੀਂਡਸਾ ਕਾਬਲ ਬੰਦਾ ਲੱਗਿਆ । ਵੈਸੇ ਤਾਂ ਉਹ ਖਚਰੀ ਹਾਸੀ ਹੱਸਦਾ ਰਹਿੰਦਾ । ਉਹਨੇ ਸੇਵਾ ਸੂੰਹ ਨੂੰ ਦੱਸਿਆ ਸੀ ।
''ਇਹ ਅਬਸੈਸਿਵ ਕੰਪਲਸਿਵ ਨਿਊਰੋਸਿਸ ਦਾ ਮਰੀਜ਼ ਹੈ । ਇਹ ਅਲਰਜੀ ਪਲੱਸ ਟੈਨਸ਼ਨ ਕੇਸ ਹੈ । ਇਹਦੀ ਦਵਾਈ ਘੱਟ ਕਰੋ । ਰੋਗੀ ਨੂੰ ਰੈਸਟ ਦਿਓ । ਟੈਨਸ਼ਨ ਦੂਰ ਹੋਣ ਨਾਲ ਠੀਕ ਹੋਜੂ... ।"
ਉਹਨੇ ਭੁੱਖ, ਨੀਂਦ ਤੇ ਟੈਨਸ਼ਨ ਤੋਂ ਕੈਪਸੂਲ ਤੇ ਗੋਲੀਆਂ ਵੀ ਦਿੱਤੇ ਸਨ । ਮੈਂ ਕੁਝ ਕੁਝ ਠੀਕ ਹੋਣ ਲੱਗ ਪਿਆ ਸੀ ਪਰ ਫੇਰ ਬੀਮਾਰੀ ਵੱਧਣ ਲੱਗ ਪਈ । ਹੋਰ ਕਈ ਡਾਕਟਰਾਂ ਨੂੰ ਦਿਖਾਇਆ ।
ਮੈਨੂੰ ਦੋ ਕੁ ਮਹੀਨੇ ਸੁੱਖਾ ਨੰਦ ਦੇ ਡੇਰੇ ਤੋਂ ਆਰਾਮ ਰਿਹਾ ਪਰ ਮੈਨੂੰ ਕਾਣਤ ਆ ਜਾਂਦੀ । ਸਾਬਣ ਮਲਦਾ ਰਹਿੰਦਾ । ਪਾਣੀ ਨਾਲ ਅੰਗ ਪੈਰ ਧੋਂਦਾ ਰਹਿੰਦਾ । ਹੌਲੀ- ਹੌਲੀ ਮੇਰੀ ਹਾਲਤ ਪਹਿਲੇ ਵਰਗੀ ਹੋ ਗਈ । ਮਨ ਉਚਾਟ ਰਹਿਣ ਲੱਗ ਪਿਆ । ਮੈਂ ਸਹਿਮ ਗਿਆ ਸੀ ।
''ਸਰਦਾਰ ਜੀ, ਇਹ ਤਾਂ... । ਹੁਣ ਉਪਰ ਵਾਲੇ ਦੇ ਵੱਸ ਏ । ਇਹ ਆਪਣੇ ਆਪ ਨੂੰ ਸਲੋਅ ਡੈੱਥ ਵੱਲ ਲੈ ਤੁਰਿਆ । ਸਾਡੇ ਕੰਟਰੋਲ ਤੋਂ ਬਾਹਰ ਏ ।" ਡਾਕਟਰਾਂ ਨੇ ਸੇਵਾ ਸੂੰਹ ਨੂੰ ਸੇਵਾ ਕਰਨ ਲਈ ਕਹਿ ਦਿੱਤਾ ।
ਜਦੋਂ ਇਹ ਗੱਲ ਮੇਰੇ ਤੱਕ ਪੁੱਜੀ, ਮੈਂ ਹੱਸ ਪਿਆ ਸੀ । ਸੇਵਾ ਸੂੰਹ ਤੇ ਨਰਭਿੰਦਰ ਮੇਰੀ ਸੇਵਾ ਵਿਚ ਜੁੱਟ ਗਏ । ਉਨ੍ਹਾਂ ਬਹੂ ਨੂੰ ਮੇਰੀ ਹਰ ਇੱਛਾ ਪੂਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।
ਦਿਨ ਬ ਦਿਨ ਮੇਰੀ ਹਾਲਤ ਵਿਗੜਦੀ ਗਈ । ਇਕ ਦਿਨ ਮੈਂ ਟੈਲੀਵੀਜ਼ਨ ਮੂਹਰੇ ਬੈਠਾ ਫਿਲਮ ਦੇਖ ਰਿਹਾ ਸੀ । ਬਹੂ ਦੁੱਧ ਲੈ ਆਈ । ਪਹਿਲਾਂ ਕੰਡੋਮ ਦੀ ਮਸ਼ਹੂਰੀ ਆਈ । ਮੈਨੂੰ...ਮੇਰਾ ਸਾਹ ਤੇਜ਼ ਹੋ ਗਿਆ ਸੀ । ਫਿਰ ਅੱਗੇ ਸਿਹਤ ਵਿਭਾਗ ਵਾਲਿਆਂ ਦੀ ਸਿੱਖਿਆ ਆ ਗਈ ।
''ਬਚੋ...ਲੱਛਣ... ।" ਮੇਰਾ ਸਾਹ ਹੋਰ ਤੇਜ਼ ਹੋ ਗਿਆ ਸੀ । ਪੁੜਪੁੜੀਆਂ ਦੀਆਂ ਨਾੜਾਂ ਉਭਰੀਆਂ । ਗਲਾਸ ਫਰਸ਼ 'ਤੇ ਡਿੱਗ ਪਿਆ । ਖੜਾਕ... । ਫੇਰ ਮੈਂ ਅੰਨ੍ਹਾ ਈ ਹੋ ਗਿਆ ਸੀ । ਨ੍ਹੇਰਾ ਨ੍ਹੇਰਾ... ।
ਮੈਨੂੰ ਅੱਧੇ ਘੰਟੇ ਬਾਅਦ ਸੁਰਤ ਆਈ ਸੀ । ਟੈਲੀਵਿਜ਼ਨ ਖਿੱਲਰਿਆ ਪਿਆ ਸੀ । ਬਹੂ ਮੇਰੇ ਉੱਤੇ ਰਜਾਈ ਦੇ ਕੇ ਕੋਲ ਖੜ੍ਹੀ ਸੀ । ਬਚਾਰੀ ਪਸੀਨੋ ਪਸੀਨੀ ਹੋਈ ਪਈ ਸੀ । ਮੇਰੀ ਧਾਹ ਨਿਕਲ ਗਈ ਸੀ । ਉਹ ਮੈਨੂੰ... ।
ਬਹੂ ਦੇ ਘਰੋਂ ਮੇਰਾ ਭਤੀਜਾ ਨਰਭਿੰਦਰ ਸੂੰਹ ਕੋਈ ਸਿਆਣਾ ਲੈ ਆਇਆ ਸੀ । ਬਹੂ ਉਹਨੂੰ ਦੇਖ ਕੇ ਸੇਵਾ ਸੂੰਹ ਤੇ ਨਰਭਿੰਦਰ ਨੂੰ ਸ਼ੇਰਨੀ ਵਾਂਗ ਪੈ ਗਈ ਸੀ । ''ਤੁਹਾਡਾ ਦਿਮਾਗ ਟਿਕਾਣੇ ਹੈ ਜਾਂ ਨਹੀਂ । ਤੁਹਾਨੂੰ ਚਾਰ ਮਹੀਨੇ ਹੋ 'ਗੇ ਠੱਗਾਂ ਮਗਰ ਘੁੰਮਦਿਆਂ ਨੂੰ । ਜੇ ਚਾਚਾ ਜੀ ਨੂੰ ਕੁਸ਼ ਹੋ ਗਿਆ । ਲੋਕਾਂ ਨੂੰ ਕੀ ਮੂੰਹ ਦਿਖਾਉਂਗੇ । ਬੰਦਿਆਂ ਆਂਗ ਚੰਡੀਗੜ੍ਹ ਚੁੱਕ ਕੇ ਲੈ ਜੋ । ਪੀ ਜੀ ਆਈ ਦਾਖਲ ਕਰਾ ਦਿਓ । ਜੇ ਤੁਸੀਂ ਨ੍ਹੀਂ ਲਿਜਾ ਸਕਦੇ...ਤਾਂ ਮੈਂ 'ਕੱਲੀ ਲੈ ਜਾਨੀ ਆ ।"
ਅਗਲੇ ਦਿਨ ਮੈਨੂੰ ਚੰਡੀਗੜ੍ਹ ਲੈ ਗਏ । ਡਾਕਟਰ ਕਹਿੰਦੇ ਦਿਮਾਗ ਦਾ ਕੈਂਸਰ ਏ । ਪਹਿਲਾਂ ਤਾਂ ਬਿਮਾਰੀ ਪੱਲੇ ਹੀ ਨਹੀਂ ਪੈਂਦੀ ਸੀ । ਕਈ ਮਸ਼ੀਨਾਂ ਲਾ-ਲਾ ਦੇਖੀਆਂ । ਛੋਟੇ ਬੜੇ ਕਈ ਡਾਕਟਰ ਆਏ । ਅੰਤ ਉਨ੍ਹਾਂ ਉਪਰੇਸ਼ਨ ਕਰਕੇ ਘਰ ਨੂੰ ਤੋਰ ਦਿੱਤਾ ਪਰ ਮੇਰੀ ਹਾਲਤ ਪਹਿਲਾਂ ਵਾਲੀ ਏ । ਇਹ ਤਾ ਬਹੂ... ।
ਹੁਣ ਤੇ ਇਹ ਪਰਿਵਾਰ ਮੇਰੀ ਸੇਵਾ ਬੜੀ ਕਰਦਾ । ਪਹਿਲਾਂ ਸੇਵਾ ਸੂੰਹ ਨੇ ਸ਼ਰੀਕੇਬਾਜ਼ੀ ਪੂਰੀ ਕੀਤੀ ਸੀ । ਉਹਦਾ ਵਿਆਹ ਕਰਕੇ ਬਾਪੂ ਬੇਬੇ ਦੁਨੀਆਂ ਤੋਂ ਚਲਦੇ ਹੋਏ । ਮੇਰੀ ਵਾਰੀ ਸੱਪ ਸੁੰਘ ਗਿਆ ਸੀ । ਦੋਨਾਂ ਭਰਾਵਾਂ ਨੂੰ ਦੋ-ਦੋ ਕਿੱਲੇ ਜ਼ਮੀਨ ਦੇ ਆਂਦੇ ਸਨ । ਭਰਾ ਭਰਜਾਈ ਮੇਰੇ ਵਾਲੀ ਹੜੱਪਣੀ ਚਾਹੁੰਦੇ ਸਨ । ''ਦੇਖ ਕਰਨੈਲ ਸਿਆਂ, ਵਿਆਹ 'ਚ ਕੀ ਧਰਿਆ । ਨਾਲੇ ਦਿਓਰ ਭਾਬੀ 'ਚ ਕੀ ਵੰਡਿਆ । ਤੈਨੂੰ ਇਸ ਘਰ 'ਚ ਪੂਰਾ ਮਾਣ ਇੱਜ਼ਤ ਮਿਲੂ । ਮੈਂ ਦਊਂ । ਚੰਗੀ ਰੋਟੀ ਮਿਲੂ । ਬਾਕੀ ਮੈਂ...ਹੈਗੀ ਆਂ ।" ਭਰਜਾਈ ਨੇ ਹਿੱਕ ਠੋਕੀ ਸੀ ।
ਮੈਂ ਭਰਜਾਈ ਦੇ ਇਨ੍ਹਾਂ ਬੋਲਾਂ ਨਾਲ ਦੋ ਕੁ ਸਾਲ ਲੰਘਾਏ ਵੀ ਪਰ ਹੌਲੀ ਹੌਲੀ ਮੈਨੂੰ ਲੱਗਿਆ, ਮੈਂ ਘਰ 'ਚ ਇਕੱਲਾ ਹਾਂ । ਮੈਨੂੰ ਕੰਮ ਅੱਗੇ ਜੋੜੀ ਰੱਖਿਆ ਜਾਂਦਾ ਜਾਂ ਕਿੱਤੇ... । ਮੈਂ ਵਿਆਹ ਕਰਾਉਣ ਦੀ ਠਾਣ 'ਲੀ । ਜਦੋਂ ਵੀ ਕੋਈ ਰਿਸ਼ਤਾ ਆਂਦਾ । ਭਰਜਾਈ ਭਾਨੀ ਮਾਰ ਦਿੰਦੀ ਸੀ ।
ਨੱਠ ਭੱਜ ਕੇ ਵਿਆਹ ਹੋ ਗਿਆ ਸੀ । ਕਰਤਾਰੀ ਸੂਝਵਾਨ ਜ਼ਨਾਨੀ ਟੱਕਰੀ । ਸਾਲ ਬਾਅਦ ਜਸਪਿੰਦਰ ਉਹਦੀ ਗੋਦੀ ਸੀ । ਘਰ ਭਰਿਆ ਭਰਿਆ ਲੱਗਣ ਲੱਗ ਪਿਆ ਸੀ । ਦੂਜਾ ਜਣੇਪਾ ਦੇਰ ਨਾਲ ਹੋਇਆ ।
ਦਸਾਂ ਸਾਲਾਂ ਬਾਅਦ ਜਾ ਕੇ ਕੁੱਖ ਹਰੀ ਹੋਈ ਪਰ... । ਜੀਅ ਵੀ ਗਿਆ ਤੇ ਕਰਤਾਰੀ ਵੀ । ਮੇਰਾ ਘਰ ਉੱਜੜ ਗਿਆ ਸੀ । ਮੈਂ 'ਕੱਲਾ ਰਹਿ ਗਿਆ ਸੀ । ਟੁੱਟ ਗਿਆ ਸੀ । ਬੱਸ ਗਿਆਰਾਂ ਸਾਲਾਂ ਦੀ ਜਸਪਿੰਦਰ ਮੇਰਾ ਸੰਸਾਰ ਸੀ... । ਜਿਹਦੇ ਸਹਾਰੇ ਜੀਣ ਦਾ ਉਪਰਾਲਾ ਕੀਤਾ । ਦੋ ਤਿੰਨ ਸਾਲ ਤਾਂ ਇੱਧਰ ਉੱਧਰ ਭੱਸੜ ਭੰਨਾਉਂਦਾ ਰਿਹਾ । ਨਰਭਿੰਦਰ ਵੀ ਜੁਆਨ ਹੋ ਗਿਆ ਸੀ । ਮੈਂ 'ਕੱਲਾ ਰਹਿ ਗਿਆ ਸੀ ।
ਮੈਂ ਘਰ ਦਾ ਕੰਮ ਨਬੇੜਦਾ । ਸ਼ਹਿਰ ਨੂੰ ਤੁਰ ਪੈਂਦਾ । ਸਾਰਾ ਦਿਨ ਤੁਰਦਾ ਫਿਰਦਾ ਰਹਿੰਦਾ । ਉੱਥੇ ਕਸ਼ਮੀਰ ਨਾਲ ਮੇਰਾ ਯਾਰਾਨਾ ਗੂੜ੍ਹਾ ਹੋ ਗਿਆ ਸੀ । ਉਹ ਬੰਦਾ ਬੜੇ ਕੰਮ ਦਾ ਸੀ । ਉਹ ਪਹਿਲੇ ਦਿਨੇ ਮੈਨੂੰ ਤਾੜ ਗਿਆ ਸੀ । ਵੈਸੇ ਸ਼ਿਕਾਰੀ ਉਹ ਵੀ ਤਕੜਾ ਸੀ । ਅਸੀਂ ਜਲਦੀ ਘੁਲ ਮਿਲ ਗਏ ਸਾਂ । ਉਹ ਮੈਨੂੰ ਰੋਜ਼ ਗੋਰਖਣ ਕੋਲ ਲੈ ਜਾਂਦਾ ।...ਪੈਸੇ ਦਿੰਦੇ । ਕੰਮ ਨਬੇੜ ਕੇ ਘਰਾਂ ਨੂੰ ਮੁੜ ਆਂਦੇ ।
ਗੋਰਖਣ ਬੜੀ ਹਾਲੇ ਦੀ ਚੀਜ਼ ਸੀ । ਬਚਾਰੀ ਕੁਦੇਸਣ... । ਪਹਿਲਾਂ ਪਹਿਲ ਤਾਂ ਟਾਮਾਂ ਟਾਮਾਂ ਬੰਦਾ ਜਾਂਦਾ ਸੀ । ਹੌਲੀ-ਹੌਲੀ ਉਹਦਾ ਧੰਦਾ ਵਧ ਗਿਆ ਸੀ । ਪੈਸੇ ਵੀ ਘੱਟ ਲੈਣ ਲੱਗ ਪਈ ਸੀ । ਚੌਂਹ ਕੁ ਸਾਲਾਂ ਵਿੱਚ ਹੀ ਪੰਦਰਾਂ-ਵੀਹ ਰੁਪਏ 'ਤੇ ਆ ਗਈ ਸੀ । ਟਰੱਕ ਡਰੈਵਰਾਂ ਨਾਲ ਤੁਰੀ ਫ਼ਿਰਦੀ । ਰਿਕਸ਼ੇ ਵਾਲੇ ਖਿੱਚੀ ਫ਼ਿਰਦੇ । ਦਸ- ਦਸ, ਪੰਦਰਾਂ-ਪੰਦਰਾਂ ਮੁੰਡੇ... ।
ਮੈਂ ਉਹਦੇ ਕੋਲ ਜਾਣਾ ਘੱਟ ਕਰ 'ਤਾ ਸੀ ਪਰ ਸ਼ਹਿਰ ਰੋਜ਼ਾਨਾ ਜਾਂਦਾ । ਕਿਤੇ-ਕਿਤੇ ਉਹਦੇ ਕੋਲ ਵੀ ਜਾ ਆਂਦਾ । ਇੱਕ ਵਾਰ ਉਹਦੇ ਬੀਤੇ ਦੀ ਗੱਲ ਛੇੜੀ ਤਾਂ ਉਹ ਫੁੱਟ ਪਈ ਸੀ ।
''ਅਰੇ ਜੋ ਮੱਲ ਕਲਾਂ ਏ ਨਾ । ਵਹਾਂ ਕਾ ਵੋ...ਜਥੇਦਾਰ ਨਿਹੰਗ ਸਿੰਘ ਟੱਕਰ ਸਿੰਘ ਏ ਨਾ । ਦੋ ਹਜ਼ਾਰ ਮੇਂ ਮੁਝੇ ਖਰੀਦ ਕਰ ਲਾਯਾ ਥਾ ।...ਸਾਲਾ ਰੋਟੀ ਨ੍ਹੀਂ ਦੇ ਪਾਇਆ । ਪਹਿਲੇ ਤੋਂ ਬੜੇ-ਬੜੇ ਸਬਜ਼ਬਾਗ ਦਿਖਾਤਾ ਥਾ । ਛੋਡ ਕਰ ਭਾਗ ਗਿਆ । ਭੁਖੀ ਮਰ ਜਾਤੀ ।...ਧੰਦਾ ਕਰ ਲੀਆ ।" ਉਹਨੇ ਬੜੀ ਸਾਰੀ ਗਾਲ੍ਹ ਕੱਢੀ । ਮੈਨੂੰ ਗੋਰਖਣ ਦਾ ਦੁੱਖ ਅਸਹਿ ਲੱਗਿਆ ।
ਉਹਦੇ ਕੋਲ ਗਾਹਕ ਜਾਣੇ ਘੱਟ ਗਏ ਸਨ । ਮੈਂ ਚੰਡੀਗੜ੍ਹ ਰੋਡ 'ਤੇ ਦੁਕਾਨਾਂ ਉੱਤੇ ਸਾਰਾ ਦਿਨ ਬੈਠਾ ਰਹਿੰਦਾ । ਉਹ ਵੀ ਤੁਰੀ ਫ਼ਿਰਦੀ । ਮੈਂ ਦਸ-ਵੀਹ ਰੁਪਏ ਜ਼ਰੂਰ ਦੇ ਦਿੰਦਾ ।
ਜਸਪਿੰਦਰ ਬਾਰਾਂ ਜਮਾਤਾਂ ਪਾਸ ਕਰ 'ਗੀ ਸੀ । ਮੇਰੇ ਵਾਂਗੂੰ ਹੱਡੀ-ਪੈਰੀਂ ਖੁੱਲ੍ਹੀ ਨਿਕਲੀ । ਜੁਆਨ ਧੀ ਦਾ ਖ਼ਿਆਲ ਆਇਆ । ਮੈਂ ਸ਼ਹਿਰ ਜਾਣਾ ਘੱਟ ਕਰ 'ਤਾ । ਜਸਪਿੰਦਰ ਸਾਰਾ ਦਿਨ ਘਰ ਦੇ ਕੰਮ ਵਿੱਚ ਜੁੱਟੀ ਰਹਿੰਦੀ । ਤੜਕੇ ਹਵੇਲੀ ਜਾ ਕੇ ਮੱਝਾਂ ਚੋਂਦੀ । ਘਰੇ ਆ ਕੇ ਦੁੱਧ ਰਿੜਕਦੀ । ਪੱਠਿਆਂ ਦਾ ਤੇ ਖੇਤਾਂ ਦਾ ਕੰਮ ਸੂਰਜ ਭਈਆ ਕਰ ਲੈਂਦਾ । ਮੈਤੋਂ ਤੜਕੇ ਘੱਟ ਹੀ ਉੱਠ ਹੁੰਦਾ ਸੀ ।
ਇੱਕ ਦਿਨ ਪੀ ਜ਼ਿਆਦਾ ਹੋ 'ਗੀ ਸੀ । ਸ਼ਰਾਬ ਤਾਂ ਸੁੱਤੇ ਦੀ ਉੱਤਰ 'ਗੀ । ਤੜਕੇ ਜਾ ਕੇ ਸਰੀਰ ਟੁੱਟਣ ਲੱਗ ਪਿਆ ਸੀ । ਮੈਂ ਹਵੇਲੀ ਵੱਲ ਚਲਿਆ ਗਿਆ । ਇੱਕ ਮੰਜੇ 'ਤੇ ਜਸਪਿੰਦਰ ਤੇ ਭਈਏ ਨੂੰ ਦੇਖ ਕੇ ਮੇਰੇ ਤਾਂ ਅੱਗ ਲੱਗ 'ਗੀ । ਮੈਨੂੰ ਦੇਖ ਕੇ ਦੋਨੋਂ ਕੱਪੜੇ ਸਾਂਭਣ ਲੱਗ ਪਏ ਸਨ ।
ਜਸਪਿੰਦਰ ਘਰ ਨੂੰ ਭੱਜ ਆਈ । ਭਈਆ ਮੈਂ ਲੰਮਾ ਪਾ ਲਿਆ ਸੀ । ਹਵੇਲੀ ਕੋਈ ਗੰਡਾਸੀ ਜਾਂ ਦਾਤ ਨੀਂ ਮਿਲਿਆ । ਨ੍ਹੀਂ ਤਾਂ ਪਾਰ ਬੁਲਾ ਦੇਣਾ ਸੀ... । ਮੇਰੇ ਹੱਥ ਫੌੜ੍ਹਾ ਆ ਗਿਆ ਸੀ । ਭਈਏ ਦੀਆਂ ਚੀਕਾਂ ਉੱਚੀਆਂ ਹੋਈਆਂ ਤਾਂ ਮੈਂ ਫੌੜ੍ਹਾ ਵਗਾਹ ਮਾਰਿਆ ।
''ਕਮੀਨਿਆ, ਜਿਸ ਥਾਲੀ ਖਾਨਾਂ । ਉਸੇ 'ਚ ਛੇਕ ।"
''ਸਰਦਾਰ ਜੀ, ਆਪ ਬੀ ਤੋ ਗੋਰਖਣ... ।" ਭਈਆ ਮੋਹਰੇ ਬੋਲਣ ਲੱਗ ਪਿਆ ਸੀ । ਮੈਂ ਹਵੇਲੀਓ ਉਹਨੂੰ ਭਜਾ ਦਿੱਤਾ ।
ਭਈਏ ਦੀ ਗੱਲ ਨੇ ਮੇਰੇ ਅੱਗ ਲਾ ਦਿੱਤੀ । ਉਸੇ ਪਲ ਗੋਰਖਣ ਕੋਲ ਨਾ ਜਾਣ ਦੀ ਸਹੁੰ ਖਾਧੀ । ਘਰ ਆ ਕੇ ਜਸਪਿੰਦਰ ਦੀਆਂ ਵੀ ਹੱਡੀਆਂ ਤੋੜੀਆਂ । ਹਫ਼ਤਾ ਭਰ ਵੱਖੀ ਦੀ ਹੱਡੀ ਕਿਰਪਾਲੇ ਕੋਲੋਂ ਚੜ੍ਹਾਉਂਦੀ ਰਹੀ । ਮੈਂ ਕੁੜੀ ਦੇ ਹੱਥ ਪੀਲੇ ਕਰਨ ਲਈ ਨੱਠ-ਭੱਜ ਕਰਨ ਲੱਗਾ । ਦੋ ਮਹੀਨੇ ਵਿੱਚ ਗੱਲ ਬਣ 'ਗੀ । ਬੜੀ ਭੈਣ ਮਲਕਪੁਰ ਵਾਲੀ ਰਿਸ਼ਤਾ ਲੈ ਆਈ । ਮੁੰਡਾ ਕਨੇਡਾ ਸੀ । ਦਿਨਾਂ ਵਿੱਚੇ ਰਿਸ਼ਤਾ ਪੱਕਾ ਹੋ ਗਿਆ । ਮੁੰਡੇ ਨੇ ਕਾਗ਼ਜ਼ ਭਰ ਦਿੱਤੇ । ਦੋ ਕੁ ਸਾਲਾਂ ਵਿਚ ਹੀ ਜਸਪਿੰਦਰ ਕਨੇਡਾ ਜਾ ਪੁੱਜੀ । ਮੇਰੇ ਸਾਰੇ ਗੁੱਸੇ-ਗਿੱਲੇ ਦੂਰ ਹੋ 'ਗੇ ।
ਮੈਂ ਨਵਾਂ ਭਈਆ ਰੱਖ ਲਿਆ ਸੀ । ਕੰਮ ਭਈਏ ਦੇ ਜ਼ੁੰਮੇ ਲਾ ਕੇ ਆਪ ਸ਼ਹਿਰ ਜਾ ਬਹਿੰਦਾ । ਕੁੜੀ ਵੱਲੋਂ ਸੁਰਖ਼ਰੁ ਹੋ ਗਿਆ ਸੀ । ਖੁਸ਼ੀ ਦੀਆਂ ਚਿੱਠੀਆਂ ਆਂਦੀਆਂ । ਕਿਤੇ-ਕਿਤੇ ਫ਼ੋਨ ਵੀ ਕਰਾ ਲੈਂਦਾ । ਦੋਸਤਾਂ ਦਾ ਘੇਰਾ ਵਧ ਗਿਆ ਸੀ । ਕਿਤੇ-ਕਿਤੇ ਸ਼ਰਾਬ ਵੀ ਪੀ ਲਈਦੀ ਸੀ ।
ਗੋਰਖਣ ਦਾ ਧੰਦਾ ਬੰਦ ਹੋ ਗਿਆ ਸੀ । ਅਵਾਗੌਣ ਸੜਕਾਂ 'ਤੇ ਤੁਰੀ ਫਿਰਦੀ । ਕਿਸੇ ਨੂੰ ਪਛਾਣਦੀ ਵੀ ਨਈਂ ਸੀ । ਉੱਚੀ-ਉੱਚੀ ਚੀਕਾਂ ਮਾਰਦੀ । ਲੋਕਾਂ ਨੂੰ ਗਾਲ੍ਹਾਂ ਕੱਢਦੀ ਤੁਰੀ ਫਿਰਦੀ । ਵਾਲ ਖਿੱਲਰੇ-ਖਿੱਲਰੇ ਹੁੰਦੇ । ਲਾਲੀ ਨਾਲ ਦਗ-ਦਗ ਕਰਦਾ ਚਿਹਰਾ ਸੂਤਿਆ ਗਿਆ ਸੀ । ਪੀਲਾ ਭੂਕ ਹੋ ਗਿਆ ਸੀ । ਉਹਦੇ ਕੋਲੋਂ ਡਰ ਆਉਂਦਾ । ਜਿਹੜਾ ਵੀ ਉਹਦੇ ਕੋਲ ਜਾਂਦਾ । ਪਹਿਲਾਂ ਹੱਸਦੀ । ਫੇ' ਉੱਚੀ-ਉੱਚੀ ਗਾਲ੍ਹਾਂ ਕੱਢਣ ਲੱਗ ਪੈਂਦੀ ।
''ਤੇਰੀ ਮਾਂ ਕੀ... । ਸਾਲਾ...ਨੀਂ ।" ਹੱਸਦੀ-ਹੱਸਦੀ ਤੁਰ ਪੈਂਦੀ ।
ਗੋਰਖਣ ਦੀ ਦਿਨੋ ਦਿਨ ਹਾਲਤ ਖ਼ਰਾਬ ਹੁੰਦੀ ਗਈ । ਕਈ ਵਾਰ ਸਰੀਰ 'ਤੇ ਕੱਪੜੇ ਵੀ ਨਾ ਹੁੰਦੇ । ਭਰੇ ਬਾਜ਼ਾਰ ਵਿੱਚ ਲੰਮੀ ਪਈ ਹੁੰਦੀ । ਉਂਗਲਾਂ ਨਾਲ ਕਰੋਲਾ ਕਰਾਲੀ ਕਰਦੀ ਰਹਿੰਦੀ । ਉਹਦੇ ਵੱਲ ਦੇਖਿਆ ਨਾ ਜਾਂਦਾ । ਲੋਕੀਂ ਪਰਾਂ ਨੂੰ ਮੂੰਹ ਕਰਕੇ ਲੰਘ ਜਾਂਦੇ ।
ਮੈਂ ਜਸਪਿੰਦਰ ਦੇ ਪੁਰਾਣੇ ਲੀੜੇ ਉਹਦੇ ਪੁਆ ਦਿੰਦਾ । ਦੋ ਕੁ ਦਿਨਾਂ ਬਾਅਦ ਫੇਰ ਨੰਗੀ ਹੋ ਜਾਂਦੀ । ਪਹਿਲਾਂ ਸਿਰ ਤੋਂ ਚੁੰਨੀ ਉੱਡ ਜਾਂਦੀ । ਫ਼ੇਰ ਸਲਵਾਰ ਗੈਬ ਹੋ ਜਾਂਦੀ । ਝੱਗਾ ਗਲਮੇ ਤੋਂ ਫੜ ਕੇ ਫਾੜ ਲੈਂਦੀ । ਲੋਕ ਨੰਗੇ ਸਰੀਰ ਵੱਲ ਦੇਖਦੇ । ਪਾਸਾ ਵੱਟ ਕੇ ਲੰਘ ਜਾਂਦੇ । ਸੜਕ 'ਤੇ ਪਈ ਕਰੋਲਾ ਕਰਾਲੀ... । ਮੈਨੂੰ ਕਾਣਤ ਆ ਜਾਂਦੀ । ਮੈਂ ਸ਼ਹਿਰ ਜਾਣਾ ਬੰਦ ਕਰ ਦਿੱਤਾ ਸੀ ।
ਜਸਪਿੰਦਰ ਨੇ ਮੇਰੇ ਕਾਗਜ਼ ਭਰੇ ਹੋਏ ਸਨ । ਸਾਲ ਕੁ ਬਾਅਦ ਕਾਗਜ਼ਾਂ ਦੇ ਚੱਕਰ ਵਿੱਚ ਫਸ ਗਿਆ । ਸ਼ਹਿਰ ਜਾਂਦਾ ਗੋਰਖਣ ਦਿਸਦੀ ਨਾ । ਉਹਦੀ ਗੁੰਮਸ਼ੁਦੀ ਬਾਰੇ ਕਈ ਤਰ੍ਹਾਂ ਦੇ ਚਰਚੇ ਸਨ । ਕਈ ਕਹਿੰਦੇ ਉਹ ਏਡਜ਼ ਦੀ ਮਰੀਜ਼ ਸੀ । ਏਡਜ਼ ਲੈ ਬੈਠੀ । ਕਈ ਕਹਿੰਦੇ ਬਿਮਾਰੀ ਫੈਲਣ ਦੇ ਡਰੋਂ ਪ੍ਰਸ਼ਾਸਨ ਨੇ ਮਾਰ ਕੇ ਖਪਾ ਦਿੱਤੀ । ਇਸ ਲਾਇਲਾਜ ਬਿਮਾਰੀ ਦਾ ਸੁਣ ਕੇ ਮੈਂ ਕੰਬ ਗਿਆ ਸੀ । ਮੈਨੂੰ ਆਪਣਾ ਪਾਲਾ ਮਾਰ ਰਿਹਾ ਸੀ । ਏਡਜ਼ ਦਾ ਟੈਸਟ... ।
ਅੱਧੀ ਰਾਤ ਬੀਤ ਚੁੱਕੀ ਹੈ । ਗੋਰਖਣ ਮੇਰਾ ਖਹਿੜਾ ਨਈਂ ਛੱਡ ਰਹੀ । ਜ਼ਰਾ ਕੁ ਅੱਖ ਲਗਦੀ ਹੈ । ਝੱਟ ਮੋਹਰੇ ਆ ਕੇ ਹੱਸਣ ਲੱਗ ਪੈਂਦੀ ਹੈ । ਮਿੰਟ ਵਿੱਚ ਸੱਪਣੀ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਕਦੇ... । ਮਿੰਟ ਵਿੱਚ ਸੂਟ ਬਦਲ ਲੈਂਦੀ ਹੈ । ਸੂਟ ਜਸਪਿੰਦਰ ਵਾਲੇ ਪਾ ਕੇ ਆਉਂਦੀ ਹੈ । ਜਸਪਿੰਦਰ ਤੇੜ ਵਾਲੇ ਸੂਟ ਕਨੇਡਾ ਜਾਣ ਵੇਲੇ ਛੱਡ ਗਈ ਸੀ । ਮੈਂ ਗੋਰਖਣ ਨੂੰ ਸਾਰੇ ਦੇ ਦਿੱਤੇ ਸਨ ।
ਜਸਪਿੰਦਰ ਵਾਲੇ ਸੂਟ ਮੁੜ-ਮੁੜ ਮੇਰੀਆਂ ਅੱਖਾਂ ਸਾਹਮਣੇ ਆਈ ਜਾ ਰਹੇ ਹਨ.... । ਹੈਂਅ ! ਇਹ ਕੀ ? ਸਿਰਫ਼ ਧੜ 'ਤੇ ਸੂਟ ਦਿਸ ਰਿਹਾ । ਗੋਰਖਣ ਦਾ ਸਿਰ ਉੱਡ ਗਿਆ ਹੈ । ਬਿਨਾਂ ਮੂੰਹ ਤੋਂ ਧੜ ਘੁੰਮੀ ਜਾ ਰਿਹੈ ਪਰ ਸੂਟ ਜਸਪਿੰਦਰ ਦਾ ਇਹ ਸੂਟ ਤਾਂ ਜਸਪਿੰਦਰ ਨੇ ਉਦਣ ਪਾਇਆ ਸੀ ਜਿੱਦਣ ਭਈਆ... । ਮੈਂ ਅੰਨ੍ਹਾਂ ਕਿਉਂ ਨਹੀਂ ਹੋ ਜਾਂਦਾ ।
ਇਹ ਧੜ ਹਿਲਦਾ ਕਿਉਂ ਨੀਂ? ਕਾਲਾ ਜੈਂਪਰ ਥੱਲੇ ਚਿੱਟੀ ਸਲਵਾਰ... । ਜੈਂਪਰ ਤੇ ਸਲਵਾਰ ਅਹਿੱਲ ਖੜ੍ਹ ਗਏ ਹਨ ।...ਹੈਂਅ ! ਸਲਵਾਰ ਉੱਤੇ ਖੂਨ । ਕਾਲੇ ਜੈਂਪਰ ਤੇ ਚਿੱਟੀ ਸਲਵਾਰ ਵਾਲਾ ਧੜ ਅੱਗੇ ਵਧ ਰਿਹੈ । ਮੇਰੇ ਪੌਂਦੀ ਆ ਖੜ੍ਹਿਆ । ਚਿੱਟੇ-ਚਿੱਟੇ ਡੇਲੇ । ਹੱਥ ਮੇਰੇ ਵੱਲ ਵਧ ਰਹੇ ਹਨ । ਮੈਨੂੰ ਗਿੱਚੀਉਂ ਫੜ ਲਿਆ ਹੈ । ਮੈਤੋਂ ਹਿੱਲਿਆ ਨਈਂ ਜਾਂਦਾ । ਨਾਈਂ ਬੋਲਿਆ ਜਾ ਰਿਹੈ ।
ਹੈਂਅ ! ਇਹ ਕੀ ?...ਧੜ ਉੱਤੇ ਜਸਪਿੰਦਰ ਦਾ ਚਿਹਰਾ ਲੱਗ ਗਿਆ । ਮੇਰੀ ਧੀ?
''...ਨ੍ਹੀਂ । ਮੇਰੀਏ ਮੋਰਨੀਏ... ।"
''ਕੀ ਹੋਇਆ, ਚਾਚਾ ਜੀ ।...ਬੋਲਦੇ ਕਿਉਂ ਨ੍ਹੀਂ?"
''ਬਹੂ...? ਸੌਂ ਜਾ ਧੀਏ । ਭੈੜਾ ਸੁਪਨਾ ਆਇਆ । ਦਬਾਅ ਪਿਆ ।"
ਮੈਂ, ਬਹੂ ਤੇ ਨਰਭਿੰਦਰ ਨੂੰ ਭੇਜ ਦਿੰਦਾ ਹਾਂ ਪਰ ਮੈਨੂੰ ਇਹ ਗੱਲ ਸਮਝ ਨ੍ਹੀਂ ਆਉਂਦੀ, ਜਸਪਿੰਦਰ ਨੇ ਇਹ ਰੂਪ ਕਿਉਂ ਧਾਰਿਆ । ਮੇਰੀ ਗਿੱਚੀ ਨੂੰ ਪੈ ਗਈ । ਇਹ ਬੜੀ ਭੈੜੀ ਬਿਮਾਰੀ ਹੈ । ਪਤਾ ਨ੍ਹੀਂ ਦਿਮਾਗ ਵਿੱਚ ਕੀ-ਕੀ ਘੁੰਮੀ ਜਾਂਦਾ । ਇਹ ... ਗੋਰਖਣ ਮਰ ਕੇ ਵੀ ਪਿੱਛਾ ਨ੍ਹੀਂ ਛੱਡਦੀ । ਸਾਲੀ ਸੱਪਣੀ...ਥੂ । ਮੈਂ ਸਵੇਰੇ ਡਾਕਟਰ ਢੀਂਡਸਾ ਕੋਲ ਜਾਵਾਂਗਾ । ਉਹਨੂੰ ਸਾਰੀ ਗੱਲ ਦੱਸਾਂਗਾ । ਹੁਣ ਅੱਖ ਲਾ ਕੇ ਦੇਖ ਲੈਂਦਾ ਹਾਂ ।
ਦਿਨ ਚੜ੍ਹ ਆਇਆ ਹੈ । ਬਹੂ ਚਾਹ ਦੇ ਗਈ ਹੈ ਪਰ ਅਖ਼ਬਾਰ ਨ੍ਹੀਂ ਦੇ ਕੇ ਗਈ । ਰਾਤ ਪਤਾ ਨ੍ਹੀਂ ਕੀ-ਕੀ ਖ਼ਿਆਲ ਆਂਦੇ ਰਹੇ । ਸਾਰੀ ਰਾਤ ਸੱਪਣੀ ਗੋਰਖਣ ਮੈਨੂੰ ਤੰਗ ਕਰਦੀ ਰਹੀ । ਹੈਰਾਨੀ ਦੀ ਗੱਲ ਤਾਂ ਇਹ ਏ ਗੋਰਖਣ ਦੀ ਜਗ੍ਹਾ ਜਸਪਿੰਦਰ ਆਂਦੀ ਰਹੀ । ਬਿਲਕੁਲ ਗੋਰਖਣ ਵਾਂਗੂੰ ਸਲਵਾਰ ਖੋਲ੍ਹ ਲੈਂਦੀ ਸੀ । ਫੇ' ਕਰੋਲਾ ਕਰਾਲੀ ਕਰਨ ਲੱਗ ਪੈਂਦੀ ਸੀ । ਮੈਂ ਹੁਣੇ ਬਹੂ ਨੂੰ ਕਹਿ ਕੇ ਉਹਨੂੰ ਫੋਨ ਕਰਦਾਂ । ਧੀ ਦੀ ਖ਼ਬਰ ਸਾਰ ਤਾਂ ਲੈਣੀ ਚਾਹੀਦੀ ਏ ।
ਮੇਰੀ ਧੀ ਹੈ ਬੜੀ ਭੋਲੀ । ਹੁਣ ਮੈਂ ਕਈ ਵਾਰ ਸੋਚਦਾਂ ਉਹਦਾ ਵਿਆਹ ਸੂਰਜ ਭਈਏ ਨਾਲ ਕਰ ਦਿੰਦਾ ਪਰ ਜੱਟ ਦੀ ਅਣਖ... । ਖ਼ੈਰ ਭਈਏ ਵਾਲੀ ਗੱਲ ਤਾਂ ਮੈਨੂੰ ਭੁੱਲ ਵੀ ਗਈ ਏ । ਉਸ ਚਿਬੜ ਜਿਹੇ ਦਾ ਚਿਹਰਾ ਸੀਗਾ ਵੀ ਕਿਹੜੇ ਕੰਮ ਦਾ । ਜਾਬ੍ਹਾਂ ਵਿੱਚ ਨੂੰ ਵੜੀਆਂ ਹੋਈਆਂ ਪਰ ਮੇਰੀ ਧੀ ਤਾਂ ਵਾਰਿਸ ਸ਼ਾਹ ਦੀ ਹੀਰ ਜਿੰਨੀ ਸੋਹਣੀ ਏ ।
ਜਸਪਿੰਦਰ ਦੇ ਜਾਣ ਤੋਂ ਢਾਈ ਸਾਲ ਬਾਅਦ ਮੈਂ ਵੀ ਕਨੇਡਾ ਚਲੇ ਗਿਆ ਸੀ । ਮੈਨੂੰ ਮਿਲ ਕੇ ਕੁੜਮ ਤੇ ਕੁੜਮਣੀ ਦੇ ਚਿਹਰੇ ਖਿੜ ਉੱਠੇ ਸਨ । ਹਫਤਾ ਕੁ ਸੋਹਣਾ ਮੇਲਾ ਲੱਗਾ ਰਿਹਾ । ਫ਼ੇਰ ਸਾਰੇ ਆਪਣੇ-ਆਪਣੇ ਕੰਮ ਵਿੱਚ ਜੁੱਟ ਗਏ । ਵੀਕ 'ਤੇ ਇੱਕ ਦੂਜੇ ਦਾ ਮੂੰਹ ਦੇਖਦੇ । ਮੈਨੂੰ ਵੀ ਜਰਾ ਦੇਰੀ ਨਾਲ ਕੰਮ ਮਿਲ ਗਿਆ ਸੀ ।
ਸਾਲ ਤਾਂ ਸੋਹਣਾ ਲੰਘਿਆ । ਫ਼ੇਰ ਜੁਆਈ ਮੱਖਣ ਸੂੰਹ ਤੰਗ ਕਰਨ ਲੱਗ ਪਿਆ ਸੀ । ਮੇਰੇ ਨਾਲ ਤਾਂ ਖੁਸ਼ ਹੋ ਕੇ ਬੋਲਦਾ । ਜਸਪਿੰਦਰ ਨਾਲ ਮੂੰਹ ਵੱਟੀ ਰੱਖਦਾ । ਉਹਦੇ ਨੇੜੇ ਘੱਟ ਹੀ ਜਾਂਦਾ । ਕੁੜੀ ਦੁਖੀ ਬੜੀ ਸੀ । ਕਿਹਦੇ ਨਾਲ ਗੱਲ ਕਰਦੀ । ਜੇ ਮੈਂ ਮਾਂ ਹੁੰਦੀ, ਮੈਨੂੰ ਦੱਸ ਦਿੰਦੀ । ਉਹ ਉਹਨੂੰ ਬਿਸਤਰ 'ਤੇ ਖਿੱਚ-ਖਿੱਚ ਲੈ ਕੇ ਜਾਂਦੀ । ਮੱਖਣ ਸੂਈ ਕੁੱਤੀ ਵਾਂਗੂੰ ਕੁੜੀ ਨੂੰ ਪੈਂਦਾ । ਉਹਤੋਂ ਬਾਂਹ ਛੁਡਾ ਇੱਧਰ ਉੱਧਰ ਨਿਕਲ ਜਾਂਦਾ । ਮੈਨੂੰ ਸ਼ੱਕ ਸੀ ਕਿਸੇ ਗੋਰੀ ਨਾਲ ਖੇਹ ਖਾਂਦਾ ਹਊ । ਹੌਲੀ-ਹੌਲੀ ਆਪੇ ਸੁਧਰ ਜਾਉ ਪਰ ਧੀ ਧਿਆਣੀ... ।
ਮੱਖਣ ਨੂੰ ਹਲਕਾ-ਹਲਕਾ ਬੁਖਾਰ ਰਹਿੰਦਾ ਸੀ । ਜਦੋਂ ਦੇਖੋ ਬੁਖਾਰ ਚੜ੍ਹਿਆ ਹੁੰਦਾ । ਟੁੱਟਦਾ ਨਈਂ ਸੀ । ਮੈਨੂੰ ਤੇ ਜਸਪਿੰਦਰ ਨੂੰ ਡਾਕਟਰ ਦੇ ਜਾਣ ਨਈਂ ਦਿੰਦੇ ਸਨ । ਜਸਪਿੰਦਰ ਨੇ ਦੱਸਿਆ ਸੀ ਕਿ ਬੁਖਾਰ ਦਾ ਤਾਂ ਪਹਿਲੋਂ ਤੋਂ ਏਹੀ ਹਾਲ ਏ । ਮਾੜਾ ਮੋਟਾ ਤਾਂ ਰਹਿੰਦੈ ਪਰ ਹੌਲੀ-ਹੌਲੀ ਉਲਟੀਆਂ ਟੱਟੀਆਂ ਦੀ ਬਿਮਾਰੀ ਰਹਿਣ ਲੱਗੀ । ਜਦੋਂ ਵਿਆਹ ਹੋਇਆ ਸੀ, ਉਦੋਂ ਨਾਲੋਂ ਮੱਖਣ ਦਾ ਚਾਰ ਗੁਣਾ ਭਾਰ ਘੱਟ ਗਿਆ ਸੀ ।
ਮੈਨੂੰ ਲੱਗਿਆ ਸਾਡੇ ਤੋਂ ਕੁਝ ਛੁਪਾਇਆ ਜਾ ਰਿਹੈ । ਮੈਂ ਤੇ ਜਸਪਿੰਦਰ ਘਰ ਵਿੱਚ ਬਗਾਨੇ ਬਣ ਕੇ ਰਹਿ ਗਏ । ਜਦੋਂ ਮੱਖਣ ਨਾਲ ਗੱਲ ਬਾਤ ਹੁੰਦੀ, ਉਹ ਖਾਊਂ ਵੱਢੂੰ-ਖਾਊਂ ਵੱਢੂੰ ਕਰਦਾ । ਸਾਰੇ ਜੀਆਂ ਵਿੱਚ ਤਣਾਅ ਬਣਿਆ ਰਹਿੰਦਾ । ਜਸਪਿੰਦਰ ਦਾ ਮੱਖਣ ਨਾਲ ਝਗੜਾ ਹੁੰਦਾ ਰਹਿੰਦਾ । ਕੁੜੀ ਸਿਆਣੀ ਏ । ਫੇਰ ਵੀ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ।
ਪਤਾ ਨਹੀਂ ਕੁੜਮ-ਕੁੜਮਣੀ ਦੇ ਦਿਮਾਗ ਵਿੱਚ ਕੀ ਫੁਰੀ । ਮੱਖਣ, ਜਸਪਿੰਦਰ ਤੇ ਮੈਨੂੰ ਲੈ ਕੇ ਇੰਡੀਆ ਆ ਗਏ । ਰੋਜ਼ ਮੱਖਣ ਨੂੰ ਲੈ ਕੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਤੁਰੇ ਰਹਿੰਦੇ । ਦਾਨ ਪੁੰਨ ਕਰਦੇ । ਦੋ ਕੁ ਮਹੀਨਿਆਂ ਵਿੱਚ ਗੁਰਦੁਆਰੇ ਮੁੱਕੇ ਤਾਂ ਮੰਦਰਾਂ ਪੀਰਾਂ ਫਕੀਰਾਂ ਦੀਆਂ ਥਾਵਾਂ 'ਤੇ ਮੱਥੇ ਟੇਕਣੇ ਸ਼ੁਰੂ ਹੋ ਗਏ ।
ਤੇ ਫੇਰ ਜਿਸ ਗੱਲ ਦਾ ਮੈਨੂੰ ਖਦਸ਼ਾ ਸੀ, ਉਹ ਹੋ ਗਈ । ਮੱਖਣ ਤੁਰਦਾ ਬਣਿਆ । ਮੇਰੀ ਧੀ ਰੰਡੀ ਹੋ ਗਈ । ਮਾਂ-ਬਾਹਰੀ ਧੀ ਦੇ ਵਰਲਾਪ ਸੁਣੇ ਨਾ ਜਾਣ । ਮੈਂ ਟੁੱਟ ਗਿਆ ਸੀ । ਮੱਖਣ ਨੇ ਮੈਨੂੰ ਕਿਸੇ ਪਾਸੇ ਜੋਗਾ ਨਈਂ ਸੀ ਛੱਡਿਆ । ਮੇਰੀ ਧੀ ਮੇਰੇ ਗਲੇ ਲੱਗ ਭੁੱਬੀਂ ਰੋਂਦੀ । ਮੈਂ ਚੁੱਪ ਵੀ ਨਾ ਕਰਾ ਸਕਦਾ ।
ਕੁੜਮ ਭਲਾ ਪੁਰਸ਼ ਸੀ । ਧਰਮੀ ਬੰਦਾ ਸੀ । ਦੋ ਹਫ਼ਤੇ ਵਿੱਚ ਧਾਰਮਿਕ ਰਸਮਾਂ ਨਬੇੜ ਕੇ ਜਸਪਿੰਦਰ ਨੂੰ ਲੈ ਕਨੇਡਾ ਤੁਰ ਗਿਆ । ਤਿੰਨਾਂ ਨੂੰ ਮੈਂ ਕਨੇਡਾ ਦੀ ਫਲੈਟ ਚੜ੍ਹਾ ਆਇਆ । ਘਰ ਵਿੱਚ ਇਕੱਲਾ ਰਹਿ ਗਿਆ ਸੀ । ਜੁਆਈ ਦੀ ਮੌਤ ਨੇ ਮੇਰਾ ਲੱਕ ਤੋੜ ਦਿੱਤਾ ਸੀ ।
ਦੋ ਕੁ ਮਹੀਨੇ ਬਾਅਦ ਖੁਸ਼ੀ ਦੀ ਖ਼ਬਰ ਆਈ । ਜਸਪਿੰਦਰ ਦੇ ਗੁੱਡੀ ਹੋਈ ਸੀ । ਫੋਨ 'ਤੇ ਕੁੜਮ ਨੇ ਖ਼ਬਰ ਸੁਣਾਈ ਤਾਂ ਮੈਂ ਖਿੜ ਉੱਠਿਆ । ਉਹਨੂੰ ਵਧਾਈਆਂ ਦਿੱਤੀਆਂ । ਸ਼ਰੀਕੇ ਵਿੱਚ ਲੱਡੂ ਵੰਡੇ । ਕੁੜੀ ਦਾ ਮਨ ਪਰਚਿਆ ਰਹੂ । ਇਹ ਸੋਚ ਕੇ ਮੈਂ ਤਾਂ ਖੁਸ਼ੀ ਵਿੱਚ ਉਡਿਆ ਫਿਰਦਾ ਪਰ ਮੇਰੀ ਜਸਪਿੰਦਰ ਨਾਲ ਗੱਲ ਬਾਤ ਨਈਂ ਹੋ ਰਹੀ ਸੀ । ਕੁੜਮ ਦਸਦਾ ਸੀ ਕਿ ਉਹ ਹਸਪਤਾਲ ਵਿੱਚ ਹੈ । ਸਿਹਤ ਠੀਕ ਨਹੀਂ ਹੈ ।
ਮੈਨੂੰ ਦੋਹਤੀ ਹੋਣ ਦੀ ਖੁਸ਼ੀ ਤਾਂ ਬੜੀ ਸੀ ਪਰ ਧੀ ਨੂੰ ਛੁੱਟੀ ਨਾ ਮਿਲਣ ਕਰਕੇ ਪ੍ਰੇਸ਼ਾਨ ਵੀ ਬਹੁਤ ਸੀ । ਮੈਂ ਕਨੇਡਾ ਜਾਣ ਦਾ ਮਨ ਹੀ ਬਣਾ ਰਿਹਾ ਸੀ । ਉਹ ਖ਼ਬਰ ਵੀ ਮੇਰੇ ਕੰਨੀਂ ਪੈ ਗਈ । ਮੈਂ ਤਾਂ ਕੰਬ ਗਿਆ ਸੀ ।
ਹਿਆਲੀਏ ਜੀਤ ਨੇ ਮੇਰੇ ਨਾਲ ਕਨੇਡਾ ਬੇਰੀਆਂ ਤੋੜਨ ਦਾ ਕੰਮ ਕੀਤਾ ਸੀ । ਦੇਸ਼ ਗੇੜਾ ਮਾਰਨ ਆਇਆ ਤਾਂ ਮੇਰੇ ਕੋਲ ਮੱਖਣ ਦੀ ਮੌਤ ਦਾ ਅਫ਼ਸੋਸ ਕਰਨ ਆ ਗਿਆ ਸੀ । ਦੋ ਤਿੰਨ ਘੰਟੇ ਬੈਠਾ ਰਿਹਾ । ਮੱਖਣ ਦੀਆ ਸਿਫ਼ਤਾਂ ਹੁੰਦੀਆਂ ਰਹੀਆਂ । ਮੈਂ ਧੀ ਦੇ ਦੁੱਖ ਵਿੱਚ ਡੁੱਬਿਆ ਪਿਆ ਸੀ । ਉਸ ਤੁਰਨ ਲੱਗਿਆਂ ਮੈਨੂੰ ਹੌਸਲਾ ਦਿੱਤਾ ।
''ਦੇਖ, ਸਰਦਾਰ ਕਰਨੈਲ ਸਿਆਂ । ਇਹ ਤੇ ਜੋ ਬਿਧ ਮਾਤਾ ਨੇ ਲਿਖਿਆ ਉਹ ਤਾਂ ਹੋਏਗਾ । ਉਹਦੀ ਲਿਖੀ ਨੂੰ ਕਿੱਦਾਂ ਮੋੜ ਸਕਦੇ ਆਂ ।...ਨਾਲੇ ਜਿਹੜੀ ਮੱਖਣ ਨੂੰ ਬਿਮਾਰੀ ਸੀ ।...ਏਡਜ਼ ਦੀ । ਉਹਤੋਂ ਕੋਈ ਨ੍ਹੀਂ ਬਚ ਸਕਿਆ ।" ਜੀਤ ਤੋਂ ਵੀ ਅੱਗੇ ਬੋਲਿਆ ਨ੍ਹੀਂ ਸੀ ਗਿਆ । ਮੇਰੇ ਅੰਦਰੋਂ ਕੁਝ ਲਾਵੇ ਵਾਂਗ ਫੁੱਟਣ ਨੂੰ ਫਿਰ ਰਿਹਾ ਸੀ ।
ਮੈਂ ਉਹ ਰਾਤ ਮਸਾਂ ਕੱਟੀ । ਹਿਆਲੀਏ ਜੀਤ ਦੇ ਬੋਲ ਮੇਰੇ ਕੰਨਾਂ ਵਿੱਚ ਸ਼ਾਂ-ਸ਼ਾਂ ਕਰੀ ਜਾਣ । ਰਾਤ ਘੁੰਮਦਿਆਂ ਫਿਰਦਿਆਂ ਕੱਟ ਲੀ । ਸਵੇਰੇ ਉੱਠ ਕੇ ਧੀ ਕੋਲ ਜਾਣ ਲਈ ਨੱਠ-ਭੱਜ ਕਰਨ ਲੱਗਾ । ਸ਼ਹਿਰ ਜਾ ਕੇ ਏਜੰਟ ਨੂੰ ਮਿਲਿਆ । ਸ਼ਾਮੀਂ ਘਰ ਮੁੜਿਆ ਤਾਂ ਜਸਪਿੰਦਰ ਦੀ ਚਿੱਠੀ ਆਈ ਪਈ ਸੀ ।
''ਤੂੰ ਮੇਰਾ ਪਿਓ ਨ੍ਹੀਂ, ਦੁਸ਼ਮਣ ਨਿਕਲਿਆ । ਇਹਦੇ ਨਾਲੋਂ ਖੂਹ 'ਚ ਧੱਕਾ ਦੇ ਦਿੰਦਾ । ਮੇਰੇ ਲਈ ਲੱਭਿਆ ਮੱਖਣ ਸਿੰਘ... । ਚਾਰ ਸਾਲ ਮੇਰੀ ਦੇਹ ਨੂੰ ਚਰੂੰਡਦਾ ਰਿਹਾ । ਤੇ ਤੁਰ ਗਿਆ । ਹੁਣ ਮੇਰੀ ਵਾਰੀ ਏ । ਨਾਲ ਇਸ ਨਿੱਕੀ ਜਿਹੀ ਜਿੰਦ ਦੀ । ਮੈਂ ਤਾਂ... ।" ਤੇ ਅਗਾਂਹ ਮੈਤੋਂ ਚਿੱਠੀ ਪੜ੍ਹੀ ਨਾ ਗਈ । ਧਰਤੀ ਅਸਮਾਨ ਘੁੰਮਦੇ ਨਜ਼ਰ ਆਏ । ਮੇਰੇ ਅੰਦਰੋਂ ਕੁਝ ਬਾਰੂਦ ਵਾਂਗ ਫਟਿਆ ਤੇ ਮੇਰਾ ਜਿਸਮ ਮਿਟੀ ਹੋ ਗਿਆ ਸੀ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ