Thali Da Baingan (Story in Punjabi) : Krishan Chander

ਥਾਲੀ ਦਾ ਬੈਂਗਣ (ਕਹਾਣੀ) : ਕ੍ਰਿਸ਼ਨ ਚੰਦਰ

ਤਾਂ ਜਨਾਬ ਜਦੋਂ ਮੀਰਪੁਰਾ 'ਚ ਮੇਰਾ ਧੰਦਾ ਕਿਸੇ ਤਰ੍ਹਾਂ ਨਾਲ ਨਹੀਂ ਚੱਲਿਆ, ਫਾਕੇ 'ਤੇ ਫਾਕੇ ਹੋਣ ਲੱਗੇ ਤਾਂ ਜੇਬ 'ਚ ਆਖਰੀ ਅਠੱਨੀ ਰਹਿ ਗਈ ਤਾਂ ਮੈਂ ਆਪਣੀ ਬੀਵੀ ਨੂੰ ਪੁੱਛਿਆ ਕਿ, 'ਘਰ 'ਚ ਥੋੜ੍ਹਾ ਜਿਹਾ ਆਟਾ ਵੀ ਨਹੀਂ ਏ ਕੀ?'
ਉਹ ਭਲੀਮਾਣਸ ਬੋਲੀ, 'ਚਾਰ ਰੋਟੀਆਂ ਦਾ ਹੋਵੇਗਾ ।'
ਮੈਂ ਜੇਬ 'ਚੋਂ ਆਖਰੀ ਅਠੱਨੀ ਕੱਢ ਕੇ ਉਸ ਨੂੰ ਦਿੰਦੇ ਹੋਏ ਕਿਹਾ, 'ਜਾ ਬਾਜ਼ਾਰ 'ਚੋਂ ਬੈਂਗਣ ਲੈ ਆ । ਅੱਜ ਰੋਟੀ ਨਾਲ ਬੈਂਗਣ ਦੀ ਸਬਜ਼ੀ ਖਾ ਲਵਾਂਗੇ ।'
ਉਹ ਭਲੀਮਾਣਸ ਬਹੁਤ ਚਿੰਤਾਤੁਰ ਹੋ ਕੇ ਬੋਲੀ, 'ਇਸ ਵੇਲੇ ਖਾ ਲਵਾਂਗੇ, ਸ਼ਾਮ ਦੇ ਖਾਣੇ ਦਾ ਕੀ ਹੋਵੇਗਾ?'
'ਤੂੰ ਚਿੰਤਾ ਨਾ ਕਰ । ਉਹ ਉੱਤੇ ਵਾਲਾ ਦੇਵੇਗਾ', ਮੈਂ ਕਿਹਾ ।
ਫਿਰ ਮੇਰੀ ਨਜ਼ਰ ਉਸ ਬਕਸੇ 'ਤੇ ਪਈ ਜਿਸ 'ਚ ਨਿੱਕਾ ਜਿਹਾ ਤਾਜ ਮਹੱਲ ਰੱਖਿਆ ਹੋਇਆ ਸੀ । ਉਹ ਤਾਜ ਮਹੱਲ ਮੈਂ ਆਪਣੀ ਬੀਵੀ ਲਈ ਨਵੀਂ-ਨਵੀਂ ਸ਼ਾਦੀ ਦੇ ਦਿਨਾਂ 'ਚ ਆਗਰੇ 'ਚੋਂ ਖਰੀਦਿਆ ਸੀ ਤੇ ਤਾਜ ਮਹੱਲ ਨੂੰ ਵੇਖ ਕੇ ਹੀ ਖਰੀਦਿਆ ਸੀ । ਪ੍ਰੇਮ ਵੀ ਕੀ ਚੀਜ਼ ਏ । ਉਸ ਵੀਹ ਰੁਪਏ ਦੇ ਤੋਹਫ਼ੇ ਨੂੰ ਪਾ ਕੇ ਮੇਰੀ ਬੀਵੀ ਦਾ ਚੰਨ ਵਰਗਾ ਮੁਖੜਾ ਗੁਲਾਬੀ ਹੋ ਗਿਆ ਸੀ ।
ਉਸ ਸਮੇਂ ਜਦੋਂ ਉਸ ਸ਼ੀਸ਼ੇ ਦੇ ਤਾਜ ਮਹੱਲ ਨੂੰ ਵੇਖ ਕੇ ਕਿਹਾ, 'ਕੁਝ ਨਾ ਹੋਇਆ, ਤਾਂ ਇਸ ਖਿਡੌਣੇ ਨੂੰ ਵੇਚ ਦਿਆਂਗੇ ।' ਤਾਂ ਜਨਾਬ ਉਹਦਾ ਚਿਹਰਾ ਅਜਿਹਾ ਪੀਲਾ ਪੈ ਗਿਆ, ਜਿਵੇਂ ਕਿਸੇ ਨੇ ਅਚਾਣਕ ਉਹਦੇ ਚਿਹਰੇ ਦਾ ਸਾਰਾ ਲਹੂ ਖਿੱਚ ਲਿਆ ਹੋਵੇ । ਭੈਅ, ਮਜਬੂਰੀ ਤੇ ਨਿਰਾਸ਼ਾ ਦੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਨਾਲ ਕੰਬਦੀ ਹੋਈ ਆਵਾਜ਼ 'ਚ ਉਹ ਬੋਲੀ, 'ਨਹੀਂ! ਮੈਂ ਇਹਨੂੰ ਵੇਚਣ ਨਹੀਂ ਦੇਵਾਂਗੀ ਇਹ ਤਾਂ... ਇਹ ਤਾਂ ਮੇਰੇ ਸੁਹਾਗ ਦੀ ਨਿਸ਼ਾਨੀ ਏ ।'
ਮੈਂ ਉਹਦੇ ਗੁੱਸੇ ਨੂੰ ਠੰਢਾ ਕਰਨ ਲਈ ਬਹੁਤ ਨਰਮੀ ਨਾਲ ਕਿਹਾ, 'ਚੰਗਾ! ਨਹੀਂ ਵੇਚਾਂਗੇ ਇਹਨੂੰ । ਕੁਝ ਹੋਰ ਵੇਚ ਦਿਆਂਗੇ । ਹੋ ਸਕਦਾ ਏ, ਉਹ ਉਤੇ ਵਾਲਾ ਕੋਈ ਹੋਰ ਸਾਧਨ ਪੈਦਾ ਕਰ ਦੇਵੇਗਾ । ਤੂੰ ਇਸ ਸਮੇਂ ਜਾ ਕੇ ਬੈਂਗਣ ਤਾਂ ਲੈ ਆ! ਭੁੱਖ ਨਾਲ ਮਰਿਆ ਜਾ ਰਿਹਾ ਆਂ ।'
ਉਹ ਬਾਜ਼ਾਰ ਤੋਂ ਬੈਂਗਣ ਲੈ ਕੇ ਆਈ । ਰਸੋਈ 'ਚ ਬਹਿ ਕੇ ਤੇ ਸਾਹਮਣੇ ਲੱਕੜ ਦੇ ਨਿੱਕੇ ਜਿਹੇ ਪਟੜੇ 'ਤੇ ਰੱਖ ਕੇ ਉਹਨੇ ਪਹਿਲਾ ਬੈਂਗਣ ਕੱਟਿਆ ਹੀ ਸੀ ਕਿ ਉਹਨੂੰ ਅੰਦਰੋਂ ਵੇਖ ਕੇ ਠਠੰਬਰ ਗਈ, 'ਓਏ! ਉਹਦੇ ਮੂੰਹੋਂ ਅਚਾਨਕ ਨਿਕਲਿਆ ।'
'ਕੀ ਏ?' ਮੈਂ ਰਸੋਈ ਅੰਦਰ ਗਿਆ । ਉਹਨੇ ਕੱਟਿਆ ਹੋਇਆ ਬੈਂਗਣ ਵਿਖਾਇਆ, 'ਵੇਖੋ ਤਾਂ ਇਹਦੇ ਅੰਦਰ ਕੀ ਲਿਖਿਆ ਏ?'
ਮੈਂ ਗਹੁ ਨਾਲ ਬੈਂਗਣ ਨੂੰ ਵੇਖਿਆ । ਉਹਦੇ ਅੰਦਰ ਬੀਜ ਇਸ ਤਰ੍ਹਾਂ ਇਕ-ਦੂਜੇ ਨਾਲ ਜੁੜ ਗਏ ਸਨ ਕਿ 'ਅੱਲਾਹ' ਸ਼ਬਦ ਸਾਫ਼ ਦਿਖਾਈ ਦੇ ਰਿਹਾ ਸੀ, 'ਹੇ ਭਗਵਾਨ! ਮੈਂ ਆਪਣੇ ਮੱਥੇ 'ਤੇ ਹੱਥ ਰੱਖ ਕੇ ਕਿਹਾ, 'ਇਹ ਤਾਂ ਮੁਸਲਮਾਨਾਂ ਦਾ ਅੱਲਾਹ ਏ ।'
ਮੁਹੱਲਾ ਪੂਰਬੀਆ ਜਿਥੇ ਮੈਂ ਰਹਿੰਦਾ ਸੀ, 'ਮਿਕਸਡ' ਮੁਹੱਲਾ ਸੀ ਅਰਥਾਤ ਅੱਧੀ ਆਬਾਦੀ ਹਿੰਦੂਆਂ ਦੀ ਸੀ, ਅੱਧੀ ਮੁਸਲਮਾਨਾਂ ਦੀ । ਲੋਕ ਕਤਾਰ-ਦਰ-ਕਤਾਰ ਉਸ ਬੈਂਗਣ ਨੂੰ ਵੇਖਣ ਲਈ ਆਉਣ ਲੱਗੇ । ਹਿੰਦੂਆਂ ਤੇ ਕਿਰਸਤਾਨਿਆਂ ਨੂੰ ਤਾਂ ਉਸ ਬੈਂਗਣ 'ਤੇ ਯਕੀਨ ਨਾ ਆਇਆ । ਪਰ ਹਾਜੀ ਮੀਆਂ ਅੱਛਨ ਉਸ 'ਤੇ ਵਿਸ਼ਵਾਸ ਕਰ ਗਏ । ਪਹਿਲਾ ਚੜ੍ਹਾਵਾ ਉਨ੍ਹਾਂ ਨੇ ਦਿੱਤਾ । ਮੈਂ ਉਸ ਕੱਟੇ ਹੋਏ ਬੈਂਗਣ ਨੂੰ ਉਸ ਸ਼ੀਸ਼ੇ ਦੇ ਬਕਸੇ 'ਚ ਰੱਖਿਆ, ਜਿਸ 'ਚ ਤਾਜ ਮਹੱਲ ਰੱਖਿਆ ਸੀ । ਥੋੜ੍ਹੀ ਦੇਰ ਮਗਰੋਂ ਇਕ ਮੁਸਲਮਾਨ ਨੇ ਉਹਦੇ ਹੇਠਾਂ ਹਰਾ ਕੱਪੜਾ ਵਿਛਾ ਦਿੱਤਾ । ਮੁੰਨਨ ਮੀਆਂ ਤੰਬਾਕੂ ਵਾਲੇ ਨੇ ਕੁਰਾਨ ਦਾ ਪਾਠ ਸ਼ੁਰੂ ਕਰ ਦਿੱਤਾ । ਫਿਰ ਕੀ ਸੀ । ਸ਼ਹਿਰ ਦੇ ਸਾਰੇ ਮੁਸਲਮਾਨਾਂ 'ਚ ਉਸ ਬੈਂਗਣ ਦੀ ਚਰਚਾ ਸ਼ੁਰੂ ਹੋ ਗਈ । ਜਨਾਬ, ਸਮਸਤੀਪੁਰਾ ਤੋਂ ਮੇਮਨਪੁਰਾ ਤੱਕ ਬੇਜਵਾੜੇ ਤੋਂ ਕਮਾਈਗੜ੍ਹ ਅਤੇ ਇਧਰ ਟੀਲਾ ਮੀਆਂ ਦੇ ਚੌਕ ਤੋਂ ਲੈ ਕੇ ਮੁਹੱਲਾ ਕੋਠਿਆਰਾਂ ਤੱਕ ਲੋਕ ਬੈਂਗਣ ਨੂੰ ਵੇਖਣ ਲਈ ਆਉਣ ਲੱਗੇ । ਲੋਕ ਬੋਲੇ, 'ਇਕ ਕਾਫਿਰ ਦੇ ਘਰ 'ਚ ਈਮਾਨ ਨੇ ਆਪਣਾ ਜਲਵਾ ਵਿਖਾਇਆ ਏ ।' ਚੜ੍ਹਾਵਾ ਵਧਦਾ ਗਿਆ । ਪਹਿਲਾਂ ਪੰਦਰਾਂ ਦਿਨਾਂ 'ਚ ਸੱਤ ਹਜ਼ਾਰ ਤੋਂ ਉਤੇ ਵਸੂਲ ਹੋਇਆ, ਜਿਸ 'ਚੋਂ ਤਿੰਨ ਸੌ ਰੁਪਏ ਸਾਈਂ ਕਰਮਸ਼ਾਹ ਨੂੰ ਦਿੱਤੇ, ਜਿਹੜਾ ਚਰਸ ਦਾ ਦਮ ਲਾ ਕੇ ਹਰ ਸਮੇਂ ਉਸ ਬੈਂਗਣ ਦੀ ਨਿਗਰਾਨੀ ਕਰਦਾ ਸੀ ।
ਪੰਦਰਾਂ-ਵੀਹ ਦਿਨ ਤੋਂ ਬਾਅਦ ਲੋਕਾਂ ਦਾ ਜੋਸ਼-ਈਮਾਨ ਠੰਢਾ ਪੈਂਦਾ ਵਿਖਾਈ ਦਿੱਤਾ, ਤਾਂ ਕਿ ਰਾਤ ਜਦੋਂ ਸਾਈਂ ਚਰਸ ਦਾ ਦਮ ਲਾ ਕੇ ਬੇਸੁੱਧ ਪਿਆ ਸੀ, ਮੈਂ ਹੌਲੀ ਜਿਹੀ ਆਪਣੀ ਬੀਵੀ ਨੂੰ ਜਗਾਇਆ ਤੇ ਕੱਟੇ ਹੋਏ ਬੈਂਗਣ ਦੇ ਉਤਲੇ ਸ਼ੀਸ਼ੇ ਦਾ ਬਾਕਸ ਹਟਾ ਕੇ ਕਿਹਾ, 'ਵੇਖੋ, ਕੀ ਵਿਖਾਈ ਦਿੰਦਾ ਏ?'
ਉਹ ਬੋਲੀ, 'ਅੱਲਾਹ', ਮੈਂ ਕੱਟੇ ਹੋਏ ਬੈਂਗਣ ਦੀ ਦਿਸ਼ਾ ਥੋੜ੍ਹੀ ਜਿਹੀ ਸਰਕਾਈ ਤੇ ਪੁੱਛਿਆ, 'ਹੁਣ ਕੀ ਵਿਖਾਈ ਦਿੰਦਾ ਏ?'
'ਓਮ!' ਓਏ, ਇਹ ਤਾਂ 'ਓਮ' ਏ । 'ਮੇਰੀ ਬੀਵੀ ਨੇ ਉਂਗਲ ਠੋਡੀ 'ਤੇ ਰੱਖ ਲਈ । ਉਹਦੇ ਸਾਰੇ ਚਿਹਰੇ 'ਤੇ ਉਤਸੁਕਤਾ ਸੀ । ਰਾਤੋ-ਰਾਤ ਮੈਂ ਪੰਡਿਤ ਰਾਮ ਦਿਆਲ ਦਾ ਬੂਹਾ ਖੜਕਾਇਆ ਤੇ ਉਹਨੂੰ ਬੁਲਾ ਕੇ ਕੱਟੇ ਹੋਏ ਬੈਂਗਣ ਦੀ ਬਦਲੀ ਦਿਸ਼ਾ ਵਿਖਾਈ । ਪੰਡਿਤ ਰਾਮ ਦਿਆਲ ਨੇ ਚੀਕ ਕੇ ਕਿਹਾ, 'ਓਏ! ਇਹ ਤਾਂ 'ਓਮ' ਏ 'ਓਮ', ਏਨੇ ਦਿਨਾਂ ਤੱਕ ਮੁਸਲਮਾਨ ਧੋਖਾ ਦਿੰਦੇ ਰਹੇ ।
ਉਹਦੀ ਚੀਕ ਸੁਣ ਕੇ ਸਾਈਂ ਕਰਮ ਸ਼ਾਹ ਜਾਗ ਪਿਆ । ਉਹਦੀ ਸਮਝ 'ਚ ਕੁਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਰਿਹਾ ਏ । ਉਹ ਪਾਟੀਆਂ-ਪਾਟੀਆਂ ਲਾਲ ਅੱਖਾਂ ਨਾਲ ਸਾਡੇ ਵੱਲ ਵੇਖ ਰਿਹਾ ਸੀ । ਪੰਡਿਤ ਰਾਮ ਦਿਆਲ ਨੇ ਉਸ ਨੂੰ ਲੱਤ ਮਾਰ ਕੇ ਕਿਹਾ, 'ਨਿਕਲ ਜਾ ਓਏ! ਸਾਡਾ ਧਰਮ ਭ੍ਰਿਸ਼ਟ ਕਰਦਾ ਏਂ । ਓਮ ਨੂੰ ਅੱਲਾਹ ਦੱਸਦਾ ਏਂ ।'
ਬਸ ਫਿਰ ਕੀ ਸੀ । ਸਾਰੇ ਸ਼ਹਿਰ 'ਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਕੱਟੇ ਹੋਏ ਬੈਂਗਣ ਦੇ ਅੰਦਰ ਅਸਲ 'ਚ ਓਮ ਦਾ ਨਾਂਅ ਖੁਦਿਆ ਹੋਇਆ ਹੈ । ਪੰਡਿਤ ਰਾਮ ਦਿਆਲ ਨੇ ਚਾਰਜ ਲੈ ਲਿਆ । ਰਾਤ-ਦਿਨ ਆਰਤੀ ਹੋਣ ਲੱਗੀ । ਭਜਨ ਗਾਏ ਜਾਣ ਲੱਗੇ । ਚੜ੍ਹਾਵਾ ਚੜ੍ਹਨ ਲੱਗਾ । ਮੈਂ ਰਾਮ ਦਿਆਲ ਦਾ ਹਿੱਸਾ ਵੀ ਰੱਖ ਦਿੱਤਾ ਸੀ ਕਿ ਜਿਹੜਾ ਮਿਹਨਤ ਕਰੇ, ਉਹਨੂੰ ਵੀ ਫਲ ਮਿਲਣਾ ਚਾਹੀਦਾ ਏ । ਪਰ ਬੈਂਗਣ 'ਤੇ ਮਲਕੀਅਤ ਮੇਰੀ ਹੀ ਰਹੀ ।
ਹੁਣ ਸ਼ਹਿਰ ਦੇ ਵੱਡੇ-ਵੱਡੇ ਸੰਤ-ਜੋਗੀ, ਸਿੱਧ-ਮਹਾਤਮਾ ਤੇ ਸੁਆਮੀ-ਸੰਨਿਆਸੀ ਉਸ ਬੈਂਗਣ ਨੂੰ ਵੇਖਣ ਲਈ ਆਉਣ ਲੱਗੇ, ਜਿਥੇ ਅੱਲਾਹ ਨੇ ਓਮ ਬਣ ਕੇ ਉਸ ਕੱਟੇ ਹੋਏ ਬੈਂਗਣ 'ਚ ਮਾਨੋ ਮੁਸਲਮਾਨਾਂ ਨੂੰ ਹਰਾ ਦਿੱਤਾ ਸੀ ਅਤੇ ਪਾਣੀਪਤ ਦੀਆਂ ਤਿੰਨੇ ਲੜਾਈਆਂ ਦਾ ਬਦਲਾ ਲੈ ਲਿਆ ਸੀ । ਸ਼ਹਿਰ 'ਚ ਥਾਂ-ਥਾਂ ਲੈਕਚਰ ਹੋ ਰਹੇ ਸਨ । ਹਿੰਦੂ ਧਰਮ ਦੀ ਉੱਤਮਤਾ 'ਤੇ ਧੂੰਆਂਧਾਰ ਭਾਸ਼ਣ ਦਿੱਤੇ ਜਾ ਰਹੇ ਸਨ । ਸ਼ਹਿਰ 'ਚ ਤਣਾਓ ਵਰਗੀ ਅਵਸਥਾ ਪੈਦਾ ਹੋ ਗਈ ਸੀ । ਹਿੰਦੂ ਕਹਿੰਦੇ ਸਨ, ਉਹ 'ਓਮ' ਏ । ਮੁਸਲਮਾਨ ਕਹਿੰਦੇ ਸਨ, ਇਹ 'ਅੱਲਾਹ' ਹੈ ।
'ਹਰਿ ਹਰਿ ਓਮ ਤਤਸਤ... ਅੱਲਾਹ ਹੂ ਅਕਬਰ ।' ਅਗਲੇ ਪੰਜ ਦਿਨਾਂ 'ਚ ਕੋਈ ਪੰਦਰਾਂ-ਵੀਹ ਹਜ਼ਾਰ ਦਾ ਚੜ੍ਹਾਵਾ ਚੜ੍ਹਿਆ ਤੇ ਸੋਨੇ ਦੀਆਂ ਅੰਗੂਠੀਆਂ ਤੇ ਸੋਨੇ ਦਾ ਇਕ ਕੰਗਣ ਵੀ ਹੱਥ ਆਇਆ, ਪਰ ਹੌਲੀ-ਹੌਲੀ ਲੋਕਾਂ ਦਾ ਖੁਮਾਰ ਫਿਰ ਢਲਣ ਲੱਗਿਆ ਤਾਂ ਜਨਾਬ! ਮੈਂ ਸੋਚਿਆ ਹੁਣ ਕੋਈ ਹੋਰ ਤਰਕੀਬ ਲੜਾਉਣੀ ਚਾਹੀਦੀ ਹੈ । ਸੋਚ-ਸੋਚ ਕੇ ਜਦੋਂ ਇਕ ਰਾਤ ਪੰਡਿਤ ਹਰਦਿਆਲ ਭੰਗ ਦੇ ਨਸ਼ੇ 'ਚ ਧੁੱਤ ਫਰਸ਼ 'ਤੇ ਲੇਟੇ ਹੋਏ ਸਨ ਤਾਂ ਮੈਂ ਆਪਣੀ ਬੀਵੀ ਨੂੰ ਜਗਾ ਕੇ ਕਿਹਾ, 'ਭਲੀਏ ਲੋਕੇ, ਵੇਖ ਉਸ ਸ਼ੀਸ਼ੇ ਦੇ ਬਕਸੇ ਅੰਦਰ ਕੱਟੇ ਹੋਏ ਬੈਂਗਣ ਦੇ ਅੰਦਰ ਤੈਨੂੰ ਕੀ ਵਿਖਾਈ ਦਿੰਦਾ ਏ?'
'ਓਮ ਏ, ਸਾਫ਼ ਏ ।'
ਮੈਂ 'ਓਮ' ਦਾ ਕੋਣ ਜ਼ਰਾ ਜਿਹਾ ਹੋਰ ਸਰਕਾ ਦਿੱਤਾ ਤੇ ਪੁੱਛਿਆ, 'ਹੁਣ ਦੱਸ, ਕੀ ਵਿਖਾਈ ਦਿੰਦਾ ਏ?'
ਉਹ ਵੇਖ ਕੇ ਘਬਰਾ ਗਈ । ਮੂੰਹ 'ਚ ਉਂਗਲ ਪਾ ਕੇ ਬੋਲੀ, 'ਹੇ ਰਾਮ! ਇਹ ਤਾਂ ਕਰਾਸ ਏ । ਈਸਾਈਆਂ ਦੀ ਸਲੀਬ ਏ ।'
'ਸ਼ੁਸ' ਮੈਂ ਆਪਣੇ ਬੁੱਲ੍ਹਾਂ 'ਤੇ ਉਂਗਲ ਰੱਖਦੇ ਹੋਏ ਕਿਹਾ, 'ਬਸ, ਕਿਸੇ ਨੂੰ ਕੁਝ ਨਾ ਆਖੀਂ । ਸਵੇਰ ਤੱਕ ਚੁੱਪ ਰਹਿਣਾ ਹੋਵੇਗਾ । ਕੱਲ੍ਹ ਐਤਵਾਰ ਏ । ਕੱਲ੍ਹ ਸਵੇਰੇ ਮੈਂ ਪਾਦਰੀ ਸਾਹਿਬ ਨੂੰ ਮਿਲਾਂਗਾ ।'
ਕੱਟੇ ਹੋਏ ਬੈਂਗਣ 'ਚ ਮਸੀਹੀ ਸਲੀਬ ਨੂੰ ਵੇਖਣ ਲਈ ਪਾਦਰੀ ਸਾਹਿਬ ਆਪਣੇ ਨਾਲ ਯਾਰਾਂ (੧੧) ਈਸਾਈਆਂ ਨੂੰ ਲੈ ਕੇ ਆਏ ਤੇ ਬੈਂਗਣ ਦੀ ਸਲੀਬ ਵੇਖ ਕੇ ਆਪਣੇ ਸੀਨੇ 'ਤੇ ਕਰਾਸ ਬਣਾਉਣ ਲੱਗੇ । ਈਸਾਈਆਂ ਦੇ ਭਜਨ ਗਾਉਣ ਲੱਗੇ ਤੇ ਸਿਰ 'ਤੇ ਜਾਲੀਦਾਰ ਰੁਮਾਲ ਲਈ ਸੁੰਦਰ ਫਰਾਕ ਪਾਈ ਸੁਡੌਲ ਪਿੰਡਲੀਆਂ ਵਾਲੀਆਂ ਔਰਤਾਂ ਇਸ ਚਮਤਕਾਰ ਨੂੰ ਵੇਖ ਕੇ ਗਦਗਦ ਹੁੰਦੀਆਂ ਗਈਆਂ ।
ਸ਼ਹਿਰ 'ਚ ਤਣਾਓ ਹੋਰ ਵੀ ਵਧ ਗਿਆ । ਹਿੰਦੂ ਕਹਿੰਦੇ ਸਨ ਇਸ ਬੈਂਗਣ 'ਤੇ 'ਓਮ' ਹੈ, ਮੁਸਲਮਾਨ ਕਹਿੰਦੇ ਸਨ 'ਅੱਲਾਹ' ਹੈ ਅਤੇ ਈਸਾਈ ਕਹਿੰਦੇ ਸਨ 'ਸਲੀਬ ਏ' ਵਧਦੇ-ਵਧਦੇ ਇਕ-ਦੂਜੇ 'ਤੇ ਪੱਥਰ ਸੁੱਟੇ ਜਾਣ ਲੱਗੇ । ਇੱਕਾ-ਦੁੱਕਾ ਛੁਰੇਬਾਜ਼ੀ ਦੀਆਂ ਵਾਰਦਾਤਾਂ ਹੋਣ ਲੱਗੀਆਂ । ਸਮਸਤੀਪੁਰਾ 'ਚ ਦੋ ਹਿੰਦੂ ਮਾਰ ਸੁੱਟੇ ਗਏ । ਈਸਾਈ ਮੁਹੱਲੇ 'ਚ ਤਿੰਨ ਮੁਸਲਮਾਨ । ਇਕ ਈਸਾਈ ਨੂੰ ਸ਼ਹਿਰ ਦੇ ਵੱਡੇ ਚੌਕ 'ਚ ਮਾਰ ਦਿੱਤਾ ਗਿਆ । ਸ਼ਹਿਰ 'ਚ ਦਫ਼ਾ ੧੪੪ ਲਾ ਦਿੱਤੀ ਗਈ ।
ਜਿਹੜੇ ਦਿਨ ਮੇਰੀ ਗ੍ਰਿਫਤਾਰੀ ਹੋਣ ਵਾਲੀ ਸੀ, ਉਸ ਤੋਂ ਪਹਿਲੇ ਦਿਨ ਦੀ ਰਾਤ ਮੈਂ ਬੈਂਗਣ ਨੂੰ ਮੋਰੀ 'ਚ ਸੁੱਟ ਦਿੱਤਾ । ਘਰ ਦਾ ਸਾਰਾ ਸਮਾਨ ਬੰਨ੍ਹ ਲਿਆ ਤੇ ਬੀਵੀ ਨੂੰ ਕਿਹਾ, 'ਕਿਸੇ ਦੂਜੇ ਸ਼ਹਿਰ 'ਚ ਚੱਲ ਕੇ ਦੂਜਾ ਧੰਦਾ ਕਰਾਂਗੇ ।'
'ਤਾਂ ਜਨਾਬ ਤਦੋਂ ਤੋਂ ਮੁੰਬਈ 'ਚ ਹਾਂ । ਮੀਰਪੁਰਾ ਦੇ ਉਨ੍ਹਾਂ ਦੋ ਮਹੀਨਿਆਂ 'ਚ ਜੋ ਧਨ ਮੈਂ ਕਮਾਇਆ ਸੀ, ਉਸ ਨਾਲ ਇਕ ਟੈਕਸੀ ਖਰੀਦ ਲਈ ਸੀ । ਹੁਣ ਚਾਰ ਸਾਲ ਤੋਂ ਇਸ ਟੈਕਸੀ ਨੂੰ ਚਲਾਉਂਦਾ ਹਾਂ ਅਤੇ ਇਮਾਨਦਾਰੀ ਦੀ ਰੋਟੀ ਖਾਂਦਾ ਹਾਂ ।' ਏਨਾ ਕਹਿ ਕੇ ਮੈਂ ਬਾਰ ਦੀ ਮੇਜ਼ ਤੋਂ ਆਪਣਾ ਗਿਲਾਸ ਚੁੱਕਿਆ ਤੇ ਆਖਰੀ ਘੁੱਟ ਲੈ ਕੇ ਉਹਨੂੰ ਖਾਲੀ ਕਰ ਦਿੱਤਾ । ਇੱਕਾ-ਇਕ ਮੇਰੀ ਨਜ਼ਰ ਮੇਜ਼ ਦੀ ਸਤ੍ਹਾ 'ਤੇ ਉਸ ਥਾਂ ਪਈ, ਜਿਥੇ ਮੇਰੇ ਗਿਲਾਸ ਦੇ ਸ਼ੀਸ਼ੇ ਦੇ ਪੈਂਦੇ ਨੇ ਇਕ ਗਿੱਲਾ ਨਿਸ਼ਾਨ ਬਣਾ ਦਿੱਤਾ ਸੀ । ਮੈਂ ਆਪਣੇ ਦੂਜੇ ਸਾਥੀ ਟੈਕਸੀ ਡਰਾਈਵਰ ਮੁਹੰਮਦ ਭਾਈ ਨੂੰ ਕਿਹਾ, 'ਮੁਹੰਮਦ ਭਾਈ, ਵੇਖੋ ਤਾਂ ਇਸ ਗਿਲਾਸ ਦੇ ਪੈਂਦੇ ਦੇ ਹੇਠਾਂ ਕੀ ਨਿਸ਼ਾਨ ਬਣ ਗਿਆ ਏ, 'ਓਮ' ਏ ਕਿ 'ਅੱਲਾਹ' ਏ?'
ਮੁਹੰਮਦ ਭਾਈ ਨੇ ਗਹੁ ਨਾਲ ਨਿਸ਼ਾਨ ਨੂੰ ਵੇਖਿਆ ਤੇ ਫਿਰ ਮੈਨੂੰ ਵੇਖਿਆ । ਫਿਰ ਮੇਰੀ ਪਿੱਠ 'ਤੇ ਜ਼ੋਰ ਨਾਲ ਹੱਥ ਮਾਰ ਕੇ ਕਿਹਾ, 'ਓਏ ਸਾਲੇ ਇਹ ਬੰਬਈ ਏ । ਇਥੇ ਨਾ ਓਮ ਹੁੰਦਾ ਏ ਨਾ ਅੱਲਾਹ ਤੇ ਨਾ ਸਲੀਬ... ਜੋ ਕੁਝ ਏ, ਰੁਪਿਆ ਏ, ਬਸ ਰੁਪਿਆ ।' ਏਨਾ ਕਹਿ ਕੇ ਮੁਹੰਮਦ ਭਾਈ ਨੇ ਮੇਜ਼ 'ਤੇ ਹੱਥ ਫੇਰ ਕੇ ਪਾਣੀ ਦੇ ਨਿਸ਼ਾਨ ਨੂੰ ਗ਼ਲਤ ਅੱਖਰ ਵਾਂਗ ਮਿਟਾ ਦਿੱਤਾ ।

(ਅਨੁਵਾਦ: ਸੁਰਜੀਤ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ