The Selfish Giant (Story in Punjabi) : Oscar Wilde

ਸਵਾਰਥੀ ਦਿਉ (ਕਹਾਣੀ) : ਆਸਕਰ ਵਾਇਲਡ

ਸਕੂਲੋਂ ਆਉਣ ਵੇਲੇ ਰੋਜ ਸ਼ਾਮ ਨੂੰ ਬੱਚੇ ਉਸ ਦਿਉ ਦੇ ਬਾਗ ਵਿੱਚ ਜਾ ਕੇ ਖੇਡਿਆ ਕਰਦੇ ਸਨ ।
ਬਹੁਤ ਸੁੰਦਰ ਬਾਗ ਸੀ, ਮਖਮਲੀ ਘਾਹ ਵਾਲਾ ! ਘਾਹ ਵਿੱਚ ਥਾਂ ਥਾਂ ਤਾਰਿਆਂ ਦੀ ਤਰ੍ਹਾਂ ਰੰਗੀਨ ਫੁਲ ਜੜੇ ਸਨ ਅਤੇ ਉਸ ਵਿੱਚ ਬਾਰਾਂ ਆੜੂਆਂ ਦੇ ਦਰਖਤ ਸਨ ਜਿਨ੍ਹਾਂ ਵਿੱਚ ਬਸੰਤ ਵਿੱਚ ਗੁਲਾਬੀ ਡੋਡੀਆਂ ਲੱਗਦੀਆਂ ਸਨ ਅਤੇ ਪਤਝੜ ਵਿੱਚ ਰਸਦਾਰ ਫਲ । ਟਾਹਣੀਆਂ ਤੇ ਬੈਠਕੇ ਚਿੜੀਆਂ ਇੰਨਾ ਮਿੱਠਾ ਸੁਰੀਲਾ ਗਾਉਂਦੀਆਂ ਸਨ ਕਿ ਬੱਚੇ ਖੇਲ ਰੋਕ ਕੇ ਉਨ੍ਹਾਂ ਨੂੰ ਸੁਣਨ ਲੱਗਦੇ ਸਨ ।
ਇੱਕ ਦਿਨ ਦਿਉ ਵਿਦੇਸ਼ ਤੋਂ ਪਰਤ ਆਇਆ । ਉਹ ਆਪਣੇ ਮਿੱਤਰ ਨੂੰ ਮਿਲਣ ਗਿਆ ਸੀ ਉਹ ਉੱਥੇ ਸੱਤ ਸਾਲ ਤੱਕ ਰੁਕ ਗਿਆ ਸੀ । ਸੱਤ ਸਾਲ ਤੱਕ ਗੱਲਾਂ ਕਰਦੇ ਰਹਿਣ ਦੇ ਬਾਅਦ ਉਨ੍ਹਾਂ ਦੀਆਂ ਗੱਲਾਂ ਖ਼ਤਮ ਹੋ ਗਈਆਂ ( ਕਿਉਂਕਿ ਉਸਨੇ ਥੋੜ੍ਹੀਆਂ ਜਿਹੀਆਂ ਗੱਲਾਂ ਤਾਂ ਕਰਨੀਆਂ ਸਨ,ਬਹੁਤਾ ਕੁਝ ਕਹਿਣ ਕਹਾਉਣ ਵਾਲਾ ਤਾਂ ਉਨ੍ਹਾਂ ਕੋਲ ਹੈ ਨਹੀਂ ਸੀ ) ਅਤੇ ਉਹ ਆਪਣੇ ਘਰ ਪਰਤ ਆਇਆ । ਜਦੋਂ ਉਹ ਆਇਆ ਤਾਂ ਉਸਨੇ ਬਾਗ ਵਿੱਚ ਬੱਚਿਆਂ ਨੂੰ ਊਧਮ ਮਚਾਉਂਦੇ ਹੋਏ ਵੇਖਿਆ ।
‘‘ਓਏ ਬਦਮਾਸ਼ੋ ! ਤੁਸੀਂ ਇੱਥੇ ਕੀ ਕਰ ਰਹੇ ਹੋ ? ‘‘ਉਸਨੇ ਚਿੰਘਾੜ ਕੇ ਪੁੱਛਿਆ । ਮੁੰਡੇ ਡਰ ਕੇ ਭੱਜ ਗਏ ।
‘‘ਮੇਰਾ ਬਾਗ ਮੇਰਾ ਬਾਗ ਹੈ । ਕੋਈ ਬੇਵਕੂਫ਼ ਵੀ ਇਸਨੂੰ ਸਮਝ ਸਕਦਾ ਹੈ ? ‘‘ਇਸ ਲਈ ਉਸਨੇ ਉਸਦੇ ਚਾਰੇ ਪਾਸੇ ਉੱਚੀ ਜਿਹੀ ਦੀਵਾਰ ਕਰਵਾਈ ਅਤੇ ਫਾਟਕ ਉੱਤੇ ਇੱਕ ਤਖਤੀ ਲਟਕਾ ਦਿੱਤੀ ਜਿਸ ਉੱਤੇ ਲਿਖਿਆ ਸੀ ਕਿ – ‘ਆਮ ਰਸਤਾ ਨਹੀਂ ਹੈ ।’
ਹੁਣ ਬੇਚਾਰੇ ਬੱਚਿਆਂ ਦੇ ਖੇਡਣ ਲਈ ਕੋਈ ਜਗ੍ਹਾ ਨਾ ਰਹਿ ਗਈ । ਉਹ ਸੜਕ ਉੱਤੇ ਖੇਡਣ ਲੱਗੇ ਪਰ ਸੜਕ ਉੱਤੇ ਨੁਕੀਲੇ ਪੱਥਰ ਚੁੱਭਦੇ ਸਨ ਇਸ ਲਈ ਜਦੋਂ ਉਨ੍ਹਾਂ ਨੂੰ ਛੁੱਟੀ ਹੋ ਜਾਂਦੀ ਸੀ ਤਾਂ ਉਹ ਉਸ ਉੱਚੀ ਦੀਵਾਰ ਦੇ ਚੱਕਰ ਲਗਾਉਂਦੇ ਸਨ ।
ਉਸਦੇ ਬਾਅਦ ਬਸੰਤ ਆਇਆ ਅਤੇ ਸਾਰੇ ਬਾਗਾਂ ਵਿੱਚ ਛੋਟੀਆਂ – ਛੋਟੀਆਂ ਚਿੜੀਆਂ ਚਹਿਕਣ ਲੱਗੀਆਂ ਅਤੇ ਨਵੇਂ ਟੂਸੇ ਫੁੱਟਣ ਲੱਗੇ । ਪਰ ਇਸ ਦਿਉ ਦੇ ਬਾਗ ਵਿੱਚ ਅਜੇ ਵੀ ਸਿਆਲ ਸੀ । ਉਸ ਵਿੱਚ ਕੋਈ ਬੱਚੇ ਨਹੀਂ ਸਨ ਇਸ ਲਈ ਚਿੜੀਆਂ ਗਾਉਣ ਲਈ ਇੱਛੁਕ ਨਹੀਂ ਸਨ ਅਤੇ ਦਰਖਤ ਫੁੱਲਣਾ ਭੁੱਲ ਗਏ ਸਨ ।
ਇੱਕ ਵਾਰ ਇੱਕ ਫੁੱਲ ਘਾਹ ਵਿੱਚੋਂ ਸਿਰ ਕੱਢ ਕੇ ਉਪਰ ਝਾਕਿਆ, ਪਰ ਜਦੋਂ ਉਸਨੇ ਉਹ ਤਖਤੀ ਵੇਖੀ ਤਾਂ ਉਸਨੂੰ ਇੰਨਾ ਦੁੱਖ ਹੋਇਆ ਕਿ ਉਹ ਸ਼ਬਨਮ ਦੇ ਹੰਝੂ ਕੇਰਦਾ ਹੋਇਆ ਫਿਰ ਜ਼ਮੀਨ ਵਿੱਚ ਸੌਣ ਚਲਾ ਗਿਆ ।
ਹਾਂ, ਬਰਫ਼ ਅਤੇ ਪਾਲਾ ਬੇਹੱਦ ਖੁਸ਼ ਸਨ – – ‘‘ਬਸੰਤ ਸ਼ਾਇਦ ਇਸ ਬਾਗ ਨੂੰ ਭੁੱਲ ਗਈ ਹੈ—ਹੁਣ ਆਪਾਂ ਸਾਲ ਭਰ ਇੱਥੇ ਰਹਾਂਗੇ । ‘‘ਉਨ੍ਹਾਂ ਨੇ ਉੱਤਰੀ ਧਰੁਵ ਦੀਆਂ ਬਰਫੀਲੀਆਂ ਨ੍ਹੇਰੀਆਂ ਨੂੰ ਵੀ ਬੁਲਾ ਲਿਆ ਅਤੇ ਉਹ ਵੀ ਉੱਥੇ ਆ ਗਈਆਂ ।
‘‘ਵਾਹ ! ਕਿਵੇਂ ਦੀ ਚੰਗੀ ਜਗ੍ਹਾ ਹੈ’’ ਨ੍ਹੇਰੀ ਨੇ ਕਿਹਾ – ‘‘ਇੱਥੇ ਗੜਿਆਂ ਨੂੰ ਵੀ ਸੱਦ ਲਿਆ ਜਾਵੇ ਤਾਂ ਕਿਵੇਂ ਰਹੇ ! ‘‘ਅਤੇ ਗੜੇ ਵੀ ਆ ਗਏ ।
‘ਪਤਾ ਨਹੀਂ ਅਜੇ ਤੱਕ ਬਸੰਤ ਕਿਉਂ ਨਹੀਂ ਆਈ ? ‘ਸਵਾਰਥੀ ਦਿਉ ਨੇ ਸੋਚਿਆ – ਉਸਨੇ ਖਿੜਕੀ ਵਿੱਚ ਬੈਠਕੇ ਠੰਡੇ ਸਫੇਦ ਬਾਗ ਵੱਲ ਵੇਖਿਆ – ‘ਹੁਣ ਤਾਂ ਮੌਸਮ ਬਦਲਣਾ ਚਾਹੀਦਾ ਹੈ ! ‘
ਲੇਕਿਨ ਬਸੰਤ ਨਹੀਂ ਆਈ ਅਤੇ ਨਾ ਗਰਮੀ – ਪਤਝੜ ਵਿੱਚ ਹਰ ਬਾਗ ਵਿੱਚ ਸੁਨਿਹਲੇ ਫਲ ਲਮਕਣ ਲੱਗੇ – ਪਰ ਦਿਉ ਦੇ ਬਾਗ ਦੀਆਂ ਟਾਹਣੀਆਂ ਖਾਲੀ ਸਨ ।
‘‘ਉਹ ਬਹੁਤ ਸਵਾਰਥੀ ਹੈ, ‘‘ਪਤਝੜ ਨੇ ਕਿਹਾ – ਅਤੇ ਉੱਥੇ ਹਮੇਸ਼ਾ ਸਿਆਲ ਰਿਹਾ – ਅਤੇ ਨ੍ਹੇਰੀ, ਬਰਫ਼ ਅਤੇ ਗੜਿਆਂ ਦੇ ਨਾਲ ਕੋਹਰਾ ਬਰਾਬਰ ਛਾਇਆ ਰਿਹਾ ।
ਇੱਕ ਦਿਨ ਸਵੇਰੇ ਜਦੋਂ ਦਿਉ ਆਇਆ ਤਾਂ ਉਸਨੂੰ ਬਹੁਤ ਆਕਰਸ਼ਕ ਸੰਗੀਤ ਸੁਣਾਈ ਦਿੱਤਾ । ਇੰਨੀ ਮਿੱਠੀ ਸੀ ਉਹ ਆਵਾਜ਼ ਕਿ ਉਸਨੇ ਸਮਝਿਆ ਰਾਜੇ ਦੇ ਬਾਜੇ ਵਾਲੇ ਏਧਰ ਤੋਂ ਗਾਉਂਦੇ ਹੋਏ ਨਿਕਲ ਰਹੇ ਹਨ । ਪਰ ਅਸਲੋਂ ਉਸਦੀ ਖਿੜਕੀ ਦੇ ਕੋਲ ਇੱਕ ਰੁੱਖ ਦੀ ਟਾਹਣੀ ਉੱਤੇ ਬੈਠਕੇ ਇੱਕ ਚਿੜੀ ਗੀਤ ਗਾ ਰਹੀ ਸੀ । ਕਿਸੇ ਵੀ ਪੰਛੀ ਦੇ ਗੀਤ ਨੂੰ ਸੁਣਿਆਂ ਉਸਨੂੰ ਇੰਨੇ ਦਿਨ ਗੁਜ਼ਰ ਗਏ ਸਨ ਕਿ ਉਹ ਉਸਨੂੰ ਸਵਰਗੀ ਸੰਗੀਤ ਸਮਝ ਰਿਹਾ ਸੀ । ਅਤੇ ਖੁੱਲ੍ਹੀ ਖਿੜਕੀ ਵਿੱਚੋਂ ਸੰਗੀਤ ਦੀਆਂ ਲਹਿਰਾਂ ਉਸਨੂੰ ਚੁੰਮ ਜਾਂਦੀਆਂ ਸਨ ।
‘‘ਮੈਂ ਸਮਝਦਾ ਹਾਂ ਬਸੰਤ ਆ ਗਈ ਹੈ, ‘‘ਦਿਉ ਨੇ ਕਿਹਾ ਅਤੇ ਬਿਸਤਰ ਤੋਂ ਉਛਲ ਕੇ ਬਾਹਰ ਝਾਕਣ ਲਗਾ ।
ਉਸਨੇ ਇੱਕ ਹੈਰਾਨੀ ਭਰਿਆ ਦ੍ਰਿਸ਼ ਵੇਖਿਆ – ਦੀਵਾਰ ਦੇ ਇੱਕ ਛੋਟੇ ਜਿਹੇ ਛੇਦ ਵਿੱਚੋਂ ਬੱਚੇ ਅੰਦਰ ਵੜ ਆਏ ਸਨ ਅਤੇ ਦਰਖਤ ਦੀਆਂ ਸ਼ਾਖਾਵਾਂ ਉੱਤੇ ਬੈਠ ਗਏ ਸਨ । ਦਰਖਤ ਬੱਚਿਆਂ ਦਾ ਸਵਾਗਤ ਕਰਨ ਵਿੱਚ ਇੰਨੇ ਖੁਸ਼ ਸਨ ਕਿ ਉਹ ਫੁੱਲਾਂ ਨਾਲ ਲਦ ਗਏ ਸਨ ਅਤੇ ਲਹਿਰਾਉਣ ਲੱਗੇ ਸਨ ! ਚਿੜੀਆਂ ਖੁਸ਼ੀ ਨਾਲ ਫੁਦਕ – ਫੁਦਕ ਕੇ ਗੀਤ ਗਾ ਰਹੀਆਂ ਸਨ ਅਤੇ ਫੁਲ ਘਾਹ ਵਿੱਚੋਂ ਝਾਤੀਆਂ ਮਾਰ ਮਾਰ ਹੱਸ ਰਹੇ ਸਨ ।
ਪਰ ਫਿਰ ਵੀ ਇੱਕ ਖੂੰਜੇ ਵਿੱਚ ਅਜੇ ਸਿਆਲ ਸੀ । ਉੱਥੇ ਇੱਕ ਬਹੁਤ ਛੋਟਾ ਬੱਚਾ ਖੜਾ ਸੀ । ਉਹ ਇੰਨਾ ਛੋਟਾ ਸੀ ਕਿ ਉਸ ਤੋਂ ਟਾਹਣੀ ਤੱਕ ਪਹੁੰਚਿਆ ਨਹੀਂ ਜਾਂਦਾ ਸੀ – ਇਸ ਲਈ ਉਹ ਰੋਂਦਾ ਹੋਇਆ ਘੁੰਮ ਰਿਹਾ ਸੀ । ਦਰਖਤ ਬਰਫ ਨਾਲ ਢਕਿਆ ਸੀ ਅਤੇ ਉਸ ਉੱਤੇ ਉੱਤਰੀ ਹਵਾ ਵਗ ਰਹੀ ਸੀ ।
‘‘ਪਿਆਰੇ ਬੱਚੇ, ਚੜ੍ਹ ਆਓ ! ‘‘ਦਰਖਤ ਨੇ ਕਿਹਾ ਅਤੇ ਟਾਹਣੀ ਝੁਕਾ ਦਿੱਤੀ ਪਰ ਉਹ ਬੱਚਾ ਬਹੁਤ ਛੋਟਾ ਸੀ ।
ਉਹ ਦ੍ਰਿਸ਼ ਵੇਖਕੇ ਦਿਉ ਦਾ ਦਿਲ ਪਿਘਲ ਗਿਆ । ‘ਮੈਂ ਕਿੰਨਾ ਸਵਾਰਥੀ ਸੀ ! ‘ਉਸਨੇ ਸੋਚਿਆ, ‘ਇਹੀ ਕਾਰਨ ਸੀ ਕਿ ਹੁਣ ਤੱਕ ਮੇਰੇ ਬਾਗ ਵਿੱਚ ਬਸੰਤ ਨਹੀਂ ਆਈ ਸੀ ? ਮੈਂ ਉਸ ਬੱਚੇ ਨੂੰ ਦਰਖਤ ਉੱਤੇ ਚੜ੍ਹਾ ਦੇਵਾਂਗਾ, ਇਹ ਦੀਵਾਰ ਤੁੜਵਾ ਦੇਵਾਂਗਾ ਅਤੇ ਫਿਰ ਮੇਰਾ ਬਾਗ਼ ਹਮੇਸ਼ਾ ਲਈ ਬੱਚਿਆਂ ਦਾ ਖੇਡ ਦਾ ਮੈਦਾਨ ਬਣ ਜਾਏਗਾ ! ‘
ਉਹ ਹੇਠਾਂ ਉਤਰਿਆ ਅਤੇ ਦਰਵਾਜਾ ਖੋਲਕੇ ਬਾਗ ਵਿੱਚ ਗਿਆ । ਜਦੋਂ ਬੱਚਿਆਂ ਨੇ ਵੇਖਿਆ ਤਾਂ ਡਰਕੇ ਭੱਜੇ ਅਤੇ ਬਾਗ ਵਿੱਚ ਫਿਰ ਸਿਆਲ ਆ ਗਿਆ । ਪਰ ਉਸ ਛੋਟੇ ਬੱਚੇ ਦੀਆਂ ਅੱਖਾਂ ਵਿੱਚ ਅੱਥਰੂ ਭਰੇ ਸਨ ਅਤੇ ਉਹ ਦਿਉ ਦਾ ਆਉਣਾ ਨਹੀਂ ਵੇਖ ਸਕਿਆ । ਦਿਉ ਚੁਪਚਾਪ ਪਿੱਛੇ ਤੋਂ ਗਿਆ ਅਤੇ ਮਲਕ ਦੇਕੇ ਉਸਨੂੰ ਚੁੱਕਕੇ ਦਰਖਤ ਉੱਤੇ ਬਿਠਾ ਦਿੱਤਾ ਦਰਖਤ ਵਿੱਚ ਝੱਟਪੱਟ ਕਲੀਆਂ ਫੁੱਟ ਨਿਕਲੀਆਂ ਅਤੇ ਚਿੜੀਆਂ ਪਰਤ ਆਈਆਂ ਅਤੇ ਗਾਉਣ ਲੱਗੀਆਂ । ਛੋਟੇ ਬੱਚੇ ਨੇ ਆਪਣੀਆਂ ਛੋਟੀਆਂ ਬਾਂਹਾਂ ਫੈਲਾਕੇ ਦਿਉ ਨੂੰ ਚੁੰਮ ਲਿਆ । ਦੂਜੇ ਬੱਚਿਆਂ ਨੇ ਵੀ ਇਹ ਵੇਖਿਆ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਦਿਉ ਹੁਣ ਕਠੋਰ ਨਹੀਂ ਰਿਹਾ ਤਾਂ ਉਹ ਵੀ ਪਰਤ ਆਏ ਅਤੇ ਉਨ੍ਹਾਂ ਦੇ ਨਾਲ-ਨਾਲ ਬਸੰਤ ਦਾ ਮਾਹੌਲ ਵੀ ਪਰਤ ਆਇਆ ।
‘‘ਹੁਣ ਇਹ ਬਾਗ ਤੁਹਾਡਾ ਹੈ, ‘‘ਦਿਉ ਨੇ ਕਿਹਾ ਅਤੇ ਉਸਨੇ ਫਾਹੁੜਾ ਕਹੀ ਲੈ ਕੇ ਉਹ ਦੀਵਾਰ ਢਾਹ ਦਿੱਤੀ ।
ਦਿਨਭਰ ਬੱਚੇ ਖੇਡਦੇ ਰਹੇ ਅਤੇ ਸ਼ਾਮ ਹੋਣ ਵੇਲੇ ਉਹ ਦਿਉ ਤੋਂ ਵਿਦਾ ਲੈਣ ਆਏ । ‘‘ਪਰ ਤੁਹਾਡਾ ਉਹ ਨਿੱਕਾ ਸਾਥੀ ਕਿੱਥੇ ਹੈ ? ‘‘ਉਸਨੇ ਪੁੱਛਿਆ ‘‘ਉਹ ਜਿਸਨੂੰ ਮੈਂ ਦਰਖਤ ਉੱਤੇ ਬਿਠਾਇਆ ਸੀ ! ‘‘ਦਿਉ ਉਸਨੂੰ ਪਿਆਰ ਕਰਨ ਲਗਾ ਸੀ ।
‘‘ਅਸੀਂ ਨਹੀਂ ਜਾਣਦੇ –ਅੱਜ ਉਹ ਪਹਿਲੀ ਵਾਰ ਆਇਆ ਸੀ । ‘‘
ਦਿਉ ਬਹੁਤ ਦੁੱਖੀ ਹੋ ਗਿਆ ।
ਹਰ ਰੋਜ ਸਕੂਲ ਦੇ ਬਾਅਦ ਬੱਚੇ ਆਕੇ ਦਿਉ ਦੇ ਨਾਲ ਖੇਡਦੇ ਸਨ । ਪਰ ਉਹ ਛੋਟਾ ਬੱਚਾ ਫਿਰ ਕਦੇ ਨਹੀਂ ਵਿਖਾਈ ਦਿੱਤਾ । ਉਹ ਸਾਰੇ ਬੱਚਿਆਂ ਨੂੰ ਚਾਹੁੰਦਾ ਸੀ ਪਰ ਉਸ ਨਿੱਕੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ !
ਵਰ੍ਹੇ ਗੁਜ਼ਰ ਗਏ ਅਤੇ ਉਹ ਦਿਉ ਬਹੁਤ ਬੁੱਢਾ ਹੋ ਗਿਆ । ਹੁਣ ਇੱਕ ਆਰਾਮ ਕੁਰਸੀ ਡਾਹ ਕੇ ਬੈਠ ਜਾਂਦਾ ਸੀ ਅਤੇ ਬੱਚਿਆਂ ਦੀਆਂ ਖੇਡਾਂ ਨੂੰ ਵੇਖਿਆ ਕਰਦਾ ਸੀ – ‘‘ਮੇਰੇ ਬਾਗ ਵਿੱਚ ਇੰਨੇ ਫੁਲ ਹਨ ਪਰ ਇਹ ਜਿੰਦਾ ਫੁਲ ਸਭ ਤੋਂ ਕੋਮਲ ਤੇ ਸੋਹਣੇ ਹਨ ! ‘‘
ਇੱਕ ਦਿਨ ਠੰਡ ਦੀ ਸਵੇਰੇ ਉਸਨੇ ਆਪਣੀ ਖਿੜਕੀ ਦੇ ਬਾਹਰ ਵੇਖਿਆ । ਵਚਿੱਤਰ ਦ੍ਰਿਸ਼ ਸੀ । ਉਸਨੇ ਹੈਰਾਨੀ ਨਾਲ ਅੱਖਾਂ ਮਲੀਆਂ । ਦੂਰ ਖੂੰਜੇ ਵਿੱਚ ਇੱਕ ਦਰਖਤ ਸਫੈਦ ਫੁੱਲਾਂ ਨਾਲ ਢਕਿਆ ਸੀ । ਉਸਦੀਆਂ ਟਾਹਣੀਆਂ ਸੋਨੇ ਦੀਆਂ ਸਨ ਅਤੇ ਉਸ ਵਿੱਚ ਚਾਂਦੀ ਦੇ ਦੋ ਫਲ ਲਟਕ ਰਹੇ ਸਨ ਅਤੇ ਉਸਦੇ ਹੇਠਾਂ ਉਹ ਬੱਚਾ ਖੜਾ ਸੀ । ਉਹ ਪਿਆਰਾ ਨਿੱਕਾ ਬੱਚਾ ਜਿਸਨੂੰ ਉਹ ਪਿਆਰ ਕਰਦਾ ਸੀ ।
ਦਿਉ ਖੁਸ਼ੀ ਨਾਲ ਪਾਗਲ ਹੋਕੇ ਭੱਜਿਆ ਅਤੇ ਬੱਚੇ ਦੇ ਕੋਲ ਗਿਆ ਪਰ ਜਦੋਂ ਕੋਲ ਅੱਪੜਿਆ ਤਾਂ ਗ਼ੁੱਸੇ ਨਾਲ ਚੀਖ ਉਠਿਆ – ‘‘ਕਿਸਨੇ ਤੈਨੂੰ ਜਖ਼ਮੀ ਕਰਨ ਦੀ ਹਿੰਮਤ ਕੀਤੀ ? ‘‘ਕਿਉਂਕਿ ਬੱਚੇ ਦੀਆਂ ਹਥੇਲੀਆਂ ਅਤੇ ਪੈਰਾਂ ਤੇ ਕਰਾਸ ਦੇ ਨਿਸ਼ਾਨ ਸਨ ।
‘‘ਇਹ ਕਿਸਨੇ ਕੀਤਾ ਹੈ ? ਦੱਸ, ਮੈਂ ਉਸਨੂੰ ਹੁਣੇ ਇਸਦਾ ਮਜਾ ਚਖਾਉਂਦਾ ਹਾਂ ! ‘‘
‘‘ਨਹੀਂ ! ‘‘ਬੱਚੇ ਨੇ ਕਿਹਾ – ‘‘ਇਹ ਪ੍ਰੇਮ ਦੇ ਜਖਮ ਹਨ ! ‘‘
ਦਿਉ ਸ਼ਾਂਤ ਹੋ ਗਿਆ ।
‘‘ਕੌਣ ਹੋ ਤੁਸੀਂ ? ‘‘ਉਸਨੇ ਡਰ ਰਲੀ ਸ਼ਰਧਾ ਨਾਲ ਪੁੱਛਿਆ । ਬੱਚਾ ਹੱਸਿਆ ਅਤੇ ਬੋਲਿਆ – ‘‘ਤੂੰ ਇੱਕ ਵਾਰ ਮੈਨੂੰ ਆਪਣੇ ਬਾਗ ਵਿੱਚ ਖੇਡਣ ਦਿੱਤਾ ਸੀ । ਅੱਜ ਤੂੰ ਮੇਰੇ ਬਾਗ ਵਿੱਚ ਚਲ – ਉਹ ਬਾਗ ਜਿਸਨੂੰ ਲੋਕ ਸਵਰਗ ਕਹਿੰਦੇ ਹਨ । ‘‘
ਜਦੋਂ ਦੁਪਹਿਰ ਨੂੰ ਬੱਚੇ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਉਸ ਦਰਖਤ ਦੇ ਹੇਠਾਂ ਚਿੱਟੇ ਫੁੱਲਾਂ ਦੀ ਚਾਦਰ ਲਈਂ ਬੁੱਢਾ ਦਿਉ ਅਨੰਤ ਨੀਂਦਰ ਵਿੱਚ ਮਸਤ ਹੈ ।

  • ਮੁੱਖ ਪੰਨਾ : ਆਸਕਰ ਵਾਇਲਡ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ