The Gift of the Magi (Story in Punjabi) : O Henry

ਸਿਆਣਿਆਂ ਦੇ ਤੋਹਫੇ (ਕਹਾਣੀ) : ਓ ਹੈਨਰੀ

ਇਕ ਡਾਲਰ ਸੱਤਾਸੀ ਸੈਂਟ। ਕੁੱਲ ਏਨੀ ਰਕਮ। ਇਹ ਪੈਸੇ ਤਾਂ ਇਕ ਇਕ ਨਿਕੇ ਪੈਸੇ ਦੇ, ਦੋ ਦੋ ਪੈਸੇ ਦੇ ਸਿੱਕੇ ਸਨ ਜਿਹੜੇ ਮਸਾਂ ਬਚਾਏ ਸਨ, ਕਦੀ ਸਬਜੀ ਵਾਲੇ ਨਾਲ ਝਗੜਾ ਕੀਤਾ, ਕਦੀ ਰਾਸ਼ਣ ਵਾਲੇ ਨਾਲ। ਭਾਅ ਕਰਦੇ ਕਰਦੇ ਕਦੇ ਕਦੇ ਤਾਂ ਇਉਂ ਲਗਦਾ ਕਿ ਔਰਤ ਬੜੀ ਕੰਜੂਸ ਅਤੇ ਲੀਚੜ ਹੈ। ਤਿੰਨ ਵਾਰ ਡੈਲਾ ਨੇ ਰਕਮ ਗਿਣੀ। ਉਹੀ, ਇਕ ਡਾਲਰ ਸੱਤਾਸੀ ਸੈਂਟ। ਅਗਲੇ ਦਿਨ ਸੀ ਕ੍ਰਿਸਮਿਸ ਦਾ ਤਿਉਹਾਰ। ਕਰਦੀ ਵੀ ਕੀ ਉਹ। ਛੋਟੇ, ਮੈਲੇ ਜਿਹੇ ਸੋਫ਼ੇ ਉਪਰ ਡਿਗ ਕੇ ਰੋ ਹੀ ਸਕਦੀ ਸੀ ਬਸ। ਇਹੀ ਉਸ ਨੇ ਕੀਤਾ। ਇਹੋ ਕੁਝ ਹੁੰਦਾ ਹੈ ਇਹੋ ਜਿਹੇ ਸਮੇਂ। ਸਿਸਕਣਾ, ਨੱਕ ਸੁਕੇੜਨਾ ਜਾਂ ਕਦੇ ਮੁਸਕਰਾਉਣਾ, ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਨਾ।
ਏਨਾ ਕੁ ਫਰਕ ਹੋਰ ਲਾ ਲਵੋ ਕਿ ਰੋਣਾ ਜ਼ਿਆਦਾ ਹੁੰਦਾ ਹੈ, ਹੱਸਣਾ ਘੱਟ।
ਘਰ ਦੀ ਮਾਲਕਣ, ਸਾਡੀ ਨਾਇਕਾ, ਪਹਿਲੀ ਮੰਜ਼ਲ ਵਲ ਵਧ ਰਹੀ ਹੈ, ਰੋਣ ਵਾਲੀ ਮੰਜ਼ਲ ਵਲ। ਆਓ ਘਰ ਉਪਰ ਇਕ ਨਿਗਾਹ ਮਾਰੀਏ। ਅੱਠ ਡਾਲਰ ਪ੍ਰਤੀ ਹਫਤਾ ਕਿਰਾਇਆ। ਤਨਖਾਹ ਹੈ, ੩੦ ਡਾਲਰ। ਘਰ ਬਾਰੇ ਕੀ ਗੱਲ ਕਰੀਏ। ਚਾਰੇ ਪਾਸੇ ਗਰੀਬੀ ਦੇ ਦੀਦਾਰ ਹੋ ਰਹੇ ਹਨ। ਹੇਠਾਂ ਦਰਵਾਜੇ ਦੇ ਬਾਹਰ ਘੰਟੀ ਵਾਲਾ ਬਟਣ ਲੱਗਾ ਤਾਂ ਹੋਇਆ ਹੈ ਪਰ ਕਿਸੇ ਦੀ ਉਂਗਲ ਕਦੀ ਉਸ ਤੱਕ ਨਹੀਂ ਪੁੱਜੀ। ਇਕ ਤਖਤੀ ਹੈ ਜਿਸ ਉਪਰ ਲਿਖਿਆ ਹੈ, ਮਿਸਟਰ ਜੇਮਜ਼ ਡਿਲਿੰਘਮ ਯੰਗ।
ਕਿਸੇ ਜ਼ਮਾਨੇ 'ਚ ਇਸ ਮਕਾਨ ਮਾਲਕ ਦੀ ਹਾਲਤ ਕੁਝ ਚੰਗੀ ਸੀ। ਉਦੋਂ ਤਖਤੀ ਉਪਰ ਡਿਲਿੰਘਮ ਸ਼ਬਦ ਕੁਝ ਜ਼ਿਆਦਾ ਚਮਕਦਾ ਹੁੰਦਾ ਸੀ। ਹੁਣ ਸੁੰਗੜ ਕੇ ਤਨਖਾਹ ੩੦ ਡਾਲਰ ਰਹਿ ਗਈ ਤਾਂ ਡਿਲਿੰਘਮ ਦੇ ਅੱਖਰ ਧੁੰਦਲੇ ਪੈ ਗਏ। ਡਿਲਿੰਘਮ ਦੀ ਹੁਣ ਤਾਂ ਸਿਰਫ ਡੀ ਠੀਕ ਤਰ੍ਹਾਂ ਦਿਸਦੀ ਹੈ ਪਰ ਜਦੋਂ ਮਿਸਟਰ ਜੇਮਜ਼ ਡਿਲਿੰਘਮ ਯੰਗ ਘਰ ਪਰਤਦੇ ਤਾਂ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਜੇਮਜ਼ ਡਿਲਿੰਘਮ, ਜੀਹਨੂੰ ਹੁਣ ਅਸੀ ਡੈਲਾ ਕਹਿੰਦੇ ਹਾਂ, ਪਤੀ ਨੂੰ ਗਲਵਕੜੀ ਵਿਚ ਘੁੱਟ ਲੈਂਦੀ, ਉਹਨੂੰ ਜੇਮਜ਼ ਕਹਿ ਕੇ ਬੁਲਾਉਂਦੀ। ਇਹ ਸਭ ਉਸ ਨੂੰ ਬੜਾ ਚੰਗਾ ਲਗਦਾ।
ਡੈਲਾ ਰੋਣ ਤੋਂ ਹਟੀ। ਗੱਲ੍ਹਾਂ ਉਪਰ ਰਤਾ ਕੁ ਪਾਊਡਰ ਮਲਿਆ। ਖਿੜਕੀ ਕੋਲ ਖਲੋਤੀ, ਵਾੜ ਉਪਰ ਚੜ੍ਹਦੀ ਭੂਰੀ ਬਿਲੀ ਨੂੰ ਦੇਖਣ ਲੱਗੀ। ਕੱਲ੍ਹ ਨੂੰ ਹੈ ਕ੍ਰਿਸਮਿਸ ਦਾ ਤਿਉਹਾਰ ਤੇ ਕੋਲ ਹਨ ਇਕ ਡਾਲਰ ਸੱਤਾਸੀ ਸੈਂਟ। ਇਸ ਰਕਮ ਨਾਲ ਉਹ ਜਿਮ ਵਾਸਤੇ ਕਿਹੜਾ ਤੁਹਫਾ ਖਰੀਦੇ? ਕਿੰਨਿਆਂ ਮਹੀਨਿਆਂ ਤੋਂ ਇਕ ਇਕ ਪੈਸਾ ਬਚਾ ਰਹੀ ਸੀ। ਨਤੀਜਾ ਕੀ ਨਿਕਲਿਆ? ਤੀਹ ਡਾਲਰ ਹਫਤਾ ਤਾਂ ਤਨਖਾਹ ਹੈ। ਇਹਦੇ ਨਾਲ ਬਣਦਾ ਕੀ ਐ? ਜਿੰਨਾ ਕੁ ਸੋਚਦੀ, ਖਰਚਾ ਉਸ ਤੋਂ ਜਿਆਦਾ ਹੋ ਜਾਂਦਾ। ਹਮੇਸ਼ ਇਹੀ ਹੁੰਦਾ। ਜਿਮ ਦੇ ਤੋਹਫੇ ਲਈ ਇਕ ਡਾਲਰ ਸੱਤਾਸੀ ਸੈਂਟ, ਪਿਆਰਾ ਜਿਮ। ਉਸ ਵਾਸਤੇ ਕੁੱਝ ਸੁਹਣਾ ਖਰੀਦਣ ਦੀ ਯੋਜਨਾ ਲਈ ਕਿੰਨੇ ਕਿੰਨੇ ਸੁਹਾਵਣੇ ਘੰਟੇ ਬਿਤਾਏ ਸਨ। ਕੋਈ ਅਜਿਹੀ ਚੀਜ਼ ਜਿਹੜੀ ਸੁਹਣੀ ਹੋਵੇ, ਅਜੀਬ ਹੋਵੇ, ਦਿਲ-ਖਿਚਵੀਂ ਹੋਵੇ, ਜਿਹੜੀ ਜਿਮ ਲਾਇਕ ਹੋਵੇ ਬਸ। ਖਿੜਕੀਆਂ ਵਿਚਕਾਰ ਕੰਧ ਉਪਰ ਸ਼ੀਸ਼ਾ ਟੰਗਿਆ ਹੋਇਆ ਸੀ। ਅੱਠ ਡਾਲਰ ਕਿਰਾਏ ਵਾਲੇ ਮਕਾਨ ਵਿਚ ਤੁਸੀਂ ਅਜਿਹਾ ਸ਼ੀਸ਼ਾ ਦੇਖਿਆ ਹੋਣੈ। ਇਕ ਕਮਜ਼ੋਰ ਪਤਲਾ ਜਿਹਾ ਬੰਦਾ ਸ਼ੀਸ਼ੇ ਨਾਮ ਦੀ ਇਸ ਚੀਜ਼ ਵਿਚੋਂ ਆਪਣੀ ਸ਼ਕਲ ਦਾ ਠੀਕ ਅੰਦਾਜ਼ਾ ਲਾ ਲੈਂਦਾ ਸੀ।
ਅਚਾਨਕ ਉਹ ਖਿੜਕੀ ਵਲੋਂ ਮੁੜ ਕੇ ਸ਼ੀਸ਼ੇ ਅਗੇ ਜਾ ਖਲੋਤੀ। ਚਿਹਰੇ ਦਾ ਰੰਗ ਤਾਂ ਵੀਹ ਸਕਿੰਟਾਂ ਵਿਚ ਉਡ ਗਿਆ ਪਰ ਅੱਖਾਂ ਵਿਚ ਚਮਕ ਰਹੀ। ਛੇਤੀ ਉਸ ਨੇ ਆਪਣੇ ਵਾਲ ਖੋਲ੍ਹ ਦਿਤੇ ਜੋ ਹੇਠਾਂ ਵੱਲ ਦੂਰ ਤਕ ਖਿਸਕ ਗਏ।
ਜੇਮਜ਼ ਡਿਲਿੰਘਮ ਯੰਗ ਖਾਨਦਾਨ ਪਾਸ ਦੋ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਦੀ ਮਾਲਕੀ ਕਾਰਨ ਉਹ ਫਖਰ ਕਰਿਆ ਕਰਦੇ ਸਨ। ਇਕ ਸੀ ਸੋਨੇ ਦੀ ਘੜੀ ਜਿਹੜੀ ਪਹਿਲਾਂ ਉਨ੍ਹਾਂ ਦੇ ਪਿਤਾ ਪਾਸ ਸੀ ਤੇ ਉਸ ਤੋਂ ਪਹਿਲਾਂ ਦਾਦਾ ਜੀ ਪਾਸ। ਦੂਜੀ ਅਮੁੱਲ ਵਸਤੂ ਸਨ ਡੈਲਾ ਦੇ ਕੇਸ। ਈਰਾਨ ਦੀ ਸਭ ਤੋਂ ਸੁਹਣੀ ਮਹਾਰਾਣੀ ਸ਼ੀਬਾ ਜੇ ਕਿਤੇ ਡੈਲਾ ਦੇ ਫਲੈਟ ਸਾਹਮਣੇ ਰਹਿੰਦੀ ਹੁੰਦੀ ਤਾਂ ਆਪਣੇ ਕੇਸ ਸੁਕਾਉਣ ਲੱਗਿਆਂ ਡੈਲਾ, ਸ਼ੀਬਾ ਦੇ ਬੇਸ਼ਕੀਮਤੀ ਹੀਰਿਆਂ ਨੂੰ ਮੱਧਮ ਪਾ ਦਿੰਦੀ। ਇਵੇਂ ਹੀ ਸਮਰਾਟ ਸੁਲੇਮਾਨ ਜੇ ਇਸ ਇਮਾਰਤ ਦਾ ਚੌਕੀਦਾਰ ਹੁੰਦਾ, ਉਸ ਨੇ ਆਪਣਾ ਸਾਰਾ ਖਜ਼ਾਨਾ ਇਸ ਦੇ ਤਹਿਖਾਨੇ ਵਿਚ ਦੱਬਿਆ ਹੁੰਦਾ ਅਤੇ ਜਿਮ ਉਸ ਨੇੜੇ ਦੀ ਲੰਘਦਾ ਹੋਇਆ ਆਪਣੀ ਘੜੀ ਤੋਂ ਸਮਾਂ ਦੇਖਦਾ ਤਾਂ ਸੁਲੇਮਾਨ ਨੇ ਈਰਖਾਵਸ ਆਪਣੀ ਦਾਹੜੀ ਖੁਰਚਣ ਲੱਗ ਜਾਣਾ ਸੀ।
ਡੈਲਾ ਦੇ ਖੂਬਸੂਰਤ ਕੇਸ ਲਹਿਰਾਉਂਦੇ ਚਮਚਮਾਉਂਦੇ ਇਉ ਲਮਕ ਰਹੇ ਸਨ ਜਿਵੇਂ ਕੋਈ ਝਰਨਾ ਹੇਠਾਂ ਉਤਰ ਰਿਹਾ ਹੋਵੇ। ਗੋਡਿਆਂ ਤੱਕ ਲੰਮੇ ਵਾਲ, ਇਉਂ ਲਗਦਾ ਸੀ ਜਿਵੇਂ ਉਸ ਦਾ ਲਿਬਾਸ ਇਹੀ ਹੋਵੇ। ਘਬਰਾ ਕੇ ਵਾਲਾਂ ਨੂੰ ਉਸ ਨੇ ਛੇਤੀ ਦੇ ਕੇ ਫੇਰ ਬੰਨ੍ਹ ਲਿਆ। ਪਲ ਭਰ ਸੁੰਨ ਜਿਹੀ ਖਲੋਤੀ ਰਹੀ ਤੇ ਫਿਰ ਅਚਾਨਕ ਉਸ ਦੀ ਅੱਖ ਵਿਚੋਂ ਇਕ ਹੰਝੂ ਘਸੇ ਕਾਲੀਨ ਉਪਰ ਜਾ ਡਿੱਗਾ। ਉਸ ਨੇ ਪੁਰਾਣੀ ਭੂਰੀ ਜਾਕਟ ਪਹਿਨੀ ਤੇ ਪੁਰਾਣਾ ਭੂਰਾ ਟੋਪ ਸਿਰ 'ਤੇ ਰੱਖਿਆ। ਅੱਖਾਂ ਵਿਚ ਲਿਸ਼ਕ, ਧੜਾਧੜ ਸਖਤ ਕਦਮਾਂ ਨਾਲ ਪੌੜੀ ਤੋਂ ਹੇਠਾਂ ਉਤਰੀ ਤੇ ਜਦੋਂ ਤੇਜ਼ੀ ਨਾਲ ਮੁੜੀ ਤਾਂ ਸਕਰਟ ਲਹਿਰਾਇਆ। ਜਿਸ ਦੁਕਾਨ ਸਾਹਮਣੇ ਜਾ ਕੇ ਰੁਕੀ ਉਸ ਉਪਰ ਬੋਰਡ ਲੱਗਾ ਹੋਇਆ ਸੀ, ਮੈਡਮ ਸੋਫਰਾਨੀ-ਵਾਲਾਂ ਤੋਂ ਬਣੀਆਂ ਵਸਤਾਂ। ਭਜਦੀ ਹੋਈ ਉਹ ਦੁਕਾਨ ਦੀਆਂ ਪੌੜੀਆਂ ਚੜ੍ਹੀ, ਰੁਕੀ ਤਾਂ ਹਫ ਰਹੀ ਸੀ। ਉਚੀ ਲੰਮੀ ਮੈਡਮ ਸੋਫਰਾਨੀ ਸਹਿਜ ਮਜਾਜ਼, ਦਿਲ ਨੂੰ ਠੰਢ ਪਾਉਣ ਵਾਲੀ ਔਰਤ ਸੀ।
ਡੈਲਾ ਨੇ ਪੁੱਛਿਆ, ਮੇਰੇ ਵਾਲ ਖਰੀਦੋਗੇ?
ਮੈਡਮ ਨੇ ਕਿਹਾ, ਇਹੋ ਤਾਂ ਮੇਰਾ ਕਾਰੋਬਾਰ ਹੈ। ਟੋਪ ਉਤਾਰੋ। ਪਹਿਲਾਂ ਦੇਖ ਲਵਾਂ ਕਿਹੋ ਜਿਹੇ ਹਨ ਤੁਹਾਡੇ ਵਾਲ।
ਸੁਨਹਿਰੀ ਵਾਲਾਂ ਦਾ ਝਰਨਾ ਜ਼ਮੀਨ ਵਲ ਦੌੜਿਆ। ਮੈਡਮ ਨੇ ਆਪਣੇ ਤਜਰਬੇਕਾਰ ਹੱਥਾਂ ਨਾਲ ਵਾਲਾਂ ਨੂੰ ਤੋਲਦਿਆਂ ਕਿਹਾ, ਵੀਹ ਡਾਲਰ।
ਹੌਲੀ ਦੇ ਕੇ ਡੈਲਾ ਨੇ ਕਿਹਾ, ਦਿਉ।
ਅਗਲੇ ਦੋ ਘੰਟੇ ਗੁਲਾਬੀ ਖੰਭਾਂ ਉਪਰ ਸਵਾਰ ਹੋ ਕੇ ਉਡ ਗਏ। ਸਿਆਣਾ ਪਾਠਕ ਮੇਰੇ ਘਸੇ ਪਿੱਟੇ ਅਲੰਕਾਰਾਂ ਵਲ ਬੇਸ਼ਕ ਧਿਆਨ ਨਾ ਵੀ ਦੇਵੇ। ਡੈਲਾ ਨੇ ਇਹ ਸਮਾਂ ਦੁਕਾਨਾਂ ਵਿਚ ਰਖੇ ਸਮਾਨ ਦੀ ਫੋਲਾ ਫਾਲੀ ਕਰਦਿਆਂ ਬਿਤਾਇਆ। ਜਿਸ ਚੀਜ਼ ਦੀ ਉਸ ਨੂੰ ਤਲਾਸ਼ ਸੀ ਆਖਰ ਉਹ ਮਿਲ ਹੀ ਗਈ। ਇਹੀ ਤਾਂ ਉਹ ਲੱਭ ਰਹੀ ਸੀ। ਇਹੀ ਤਾਂ ਸੀ ਜਿਮ ਵਾਸਤੇ, ਸਿਰਫ ਜਿਮ ਵਾਸਤੇ। ਸਾਰੀਆਂ ਦੁਕਾਨਾਂ ਛਾਣ ਮਾਰੀਆਂ ਸਨ ਪਰ ਕਿਤੇ ਇਹ ਨਹੀਂ ਸੀ-ਇਹ ਸੀ ਜੇਬ ਵਿਚ ਰੱਖਣ ਵਾਲੀ ਜਿਮ ਦੀ ਘੜੀ ਵਾਸਤੇ ਪਲਾਟੀਨਮ ਦੀ ਜੰਜੀਰ। ਡਿਜ਼ਾਇਨ ਸਾਦਾ ਪਰ ਦਿਲ ਖਿਚਵਾਂ। ਡਿਜ਼ਾਇਨ ਦੀ ਥੋੜ੍ਹੀ, ਕੀਮਤ ਤਾਂ ਇਸ ਦੀ ਧਾਤ ਦੀ ਸੀ। ਹਰੇਕ ਵਧੀਆ ਚੀਜ ਉਹ ਹੁੰਦੀ ਹੈ ਜਿਸ ਦਾ ਅਸਲਾ ਵਧੀਆ ਹੋਵੇ। ਬਾਹਰਲੀ ਦਿਖਾਵਟ ਤੋਂ ਕੀ ਲੈਣਾ ਦੇਣਾ। ਪਹਿਲੀ ਨਜ਼ਰ ਹੀ ਜਾਣ ਗਈ ਸੀ ਕਿ ਇਹ ਚੇਨੀ ਬਣੀ ਹੀ ਜਿਮ ਦੀ ਘੜੀ ਵਾਸਤੇ ਹੈ। ਜਿਮ ਵੀ ਇਹੋ ਜਿਹਾ ਸੀ, ਸਾਦਾ ਜਿਹਾ ਪਰ ਅਮੁੱਲ। ਲਉ ਜੀ ਜਿਹੋ ਜਿਹੀ ਜੰਜੀਰ ਉਹੋ ਜਿਹਾ ਜਿਮ। ਬਣ ਗਈ ਗੱਲ।
ਜਦੋਂ ਡੈਲਾ ਘਰ ਪੁੱਜੀ ਤਾਂ ਉਸ ਦੀ ਮਸਤੀ ਥੋੜੀ ਕੁ ਘਟ ਹੋ ਗਈ। ਹੁਣ ਉਹ ਵਿਹਾਰਕ, ਅਕਲਵੰਦ ਬੰਦਿਆਂ ਵਾਂਗ ਸੋਚਣ ਲੱਗੀ। ਅਲਮਾਰੀ ਵਿਚੋਂ ਉਹ ਸੂਈਆਂ ਕਲਿੱਪ ਕੱਢੇ ਜਿਨ੍ਹਾਂ ਨੂੰ ਗਰਮ ਕਰਕੇ ਵਾਲ ਘੁੰਗਰਾਲੇ ਕਰੀਦੇ ਹਨ। ਸੂਈਆਂ ਕਲਿੱਪ ਚੁੱਲ੍ਹੇ ਉਪਰ ਗਰਮ ਕਰਨ ਲੱਗੀ ਤੇ ਫਿਰ ਲੱਗ ਗਈ ਸਿਰ ਦੀ ਉਸ ਬਰਬਾਦੀ ਨੂੰ ਸੰਵਾਰਨ ਵਿਚ, ਜਿਹੜੀ ਬਰਬਾਦੀ ਪਿਆਰ ਵਿਚ ਅਕਸਰ ਹੋਇਆ ਹੀ ਕਰਦੀ ਹੈ। ਇਹੋ ਜਿਹੀ ਬਰਬਾਦੀ ਖਾਸੀ ਕਸ਼ਟਦਾਇਕ ਹੋਇਆ ਕਰਦੀ ਹੈ।
ਚਾਲੀ ਮਿੰਟ ਲੱਗੇ। ਡੈਲਾ ਦਾ ਸਿਰ ਛੋਟੇ ਛੋਟੇ ਘੁੰਗਰਾਲੇ ਵਾਲਾਂ ਨਾਲ ਸਜ ਗਿਆ। ਇਉਂ ਲਗਦਾ ਸੀ ਜਿਵੇਂ ਸਕੂਲੋਂ ਭੱਜੀ ਬੱਚੀ ਹੋਵੇ ਕੋਈ। ਸ਼ੀਸ਼ੇ ਅੱਗੇ ਖਲੋ ਕੇ ਫਿਰ ਉਸ ਨੇ ਪੂਰੇ ਧਿਆਨ ਨਾਲ ਆਪਣੀ ਸ਼ਕਲ ਦਾ ਆਲੋਚਨਾਤਮਕ ਜਾਇਜ਼ਾ ਲਿਆ-ਪਹਿਲੀ ਨਜ਼ਰ ਦੇਖਣ ਸਾਰ ਜੇ ਜਿਮ ਨੇ ਮੈਨੂੰ ਜਾਨੋ ਨਾ ਮਾਰਿਆ ਤਾਂ ਕਹੇਗਾ ਕਿ ਤੂੰ ਕ੍ਰਿਸਮਸ ਦੇ ਗੱਵਈਆਂ ਵਰਗੀ ਲਗਦੀ ਹੈ। ਪਰ ਮੈਂ ਕੀ ਕਰਦੀ ਬਈ? ਇਕ ਡਾਲਰ ਸੱਤਾਸੀ ਸੈਂਟਾਂ ਨਾਲ ਕੀ ਖਰੀਦਦੀ ਆਪਣੇ ਜਿਮ ਵਾਸਤੇ?
ਠੀਕ ਸੱਤ ਵਜੇ ਉਸ ਨੇ ਕਾਫੀ ਬਣਾਈ। ਸਟੋਵ 'ਤੇ ਕੜਾਹੀ ਰੱਖੀ। ਜਿਮ ਆਉਣ ਹੀ ਵਾਲਾ ਹੈ ਨਾ। ਗਰਮਾ ਗਰਮ ਪਕੌੜੇ ਬਣਾਵਾਂਗੀ। ਲੇਟ ਹੁੰਦਾ ਹੀ ਨਹੀਂ ਕਦੀ। ਚੇਨੀ ਦਾ ਗੋਲ ਛੱਲਾ ਬਣਾ ਕੇ ਉਸ ਨੇ ਮੁਠੀ ਵਿਚ ਬੰਦ ਕਰ ਲਿਆ ਤੇ ਦਰਵਾਜੇ ਨੇੜੇ ਰੱਖੇ ਸਟੂਲ 'ਤੇ ਬੈਠ ਕੇ ਉਡੀਕਣ ਲੱਗੀ। ਪੌੜੀਆਂ ਚੜ੍ਹਦੇ ਕਦਮਾਂ ਦੀ ਆਵਾਜ਼ ਸੁਣੀ। ਪਲ ਭਰ ਲਈ ਉਸ ਦਾ ਚਿਹਰਾ ਸ਼ਾਂਤ ਹੋਇਆ। ਜੀਵਨ ਦੀਆਂ ਨਿਕੀਆਂ ਨਿਕੀਆਂ ਚੀਜ਼ਾਂ ਹਾਸਲ ਕਰਨ ਵਾਸਤੇ ਪ੍ਰਾਰਥਨਾ ਕਰੀ ਜਾਣੀ ਉਸ ਦੀ ਆਦਤ ਸੀ। ਇਸ ਪਲ ਵੀ ਫੁਸਫੁਸਾਈ, ਹੇ ਪ੍ਰਭੂ, ਮਿਹਰ ਰੱਖੀਂ, ਹੁਣ ਵੀ ਮੈਂ ਜਿਮ ਨੂੰ ਸੁਹਣੀ ਈ ਲੱਗਾਂ।
ਦਰਵਾਜਾ ਖੁਲ੍ਹਿਆ। ਜਿਮ ਅੰਦਰ ਆਇਆ। ਦਰਵਾਜਾ ਬੰਦ ਕੀਤਾ। ਪਤਲਾ ਜਿਹਾ ਕਮਜ਼ੋਰ ਜਿਹਾ ਲੱਗ ਰਿਹਾ ਸੀ ਵਿਚਾਰਾ। ਉਮਰ ਕੇਵਲ ਬਾਈ ਸਾਲ ਪਰ ਮੋਢਿਆਂ 'ਤੇ ਪਰਿਵਾਰ ਦਾ ਬੋਝ ਪੂਰਾ। ਉਸ ਨੂੰ ਨਵਾਂ ਓਵਰਕੋਟ ਚਾਹੀਦਾ ਸੀ। ਉਹਦੇ ਕੋਲ ਤਾਂ ਦਸਤਾਨੇ ਵੀ ਨਹੀਂ ਸਨ। ਜਿਮ ਅੰਦਰ ਲੰਘਿਆ। ਜਿਵੇਂ ਕੋਈ ਬੰਦਾ ਸ਼ਿਕਾਰੀ ਕੁੱਤੇ ਨੂੰ ਦੇਖ ਕੇ ਅਡੋਲ ਖਲੋ ਜਾਂਦਾ ਹੈ ਉਸੇ ਤਰ੍ਹਾਂ ਅਹਿਲ ਹੋ ਗਿਆ। ਉਸ ਦੀ ਨਜ਼ਰ ਡੈਲਾ ਉਪਰ ਪੈ ਚੁਕੀ ਸੀ। ਉਹ ਇਸ ਤਰ੍ਹਾਂ ਕਿਉਂ ਦੇਖ ਰਿਹਾ ਸੀ-ਡੈਲਾ ਨੂੰ ਪਤਾ ਨਾ ਲੱਗਾ। ਉਹ ਡਰ ਗਈ ਜਿਮ ਦੀਆਂ ਅੱਖਾਂ ਵਿਚ ਨਾ ਗੁੱਸਾ ਸੀ, ਨਾ ਹੈਰਾਨੀ, ਨਾ ਨਫ਼ਰਤ। ਉਸ ਦਾ ਹਾਵ ਭਾਵ ਭਿਆਨਕ ਨਹੀਂ ਸੀ, ਨਾ ਹੀ ਅਜਿਹੀ ਕੋਈ ਭਾਵਨਾ ਸੀ ਜਿਸ ਵਾਸਤੇ ਡੈਲਾ ਆਪਣੇ ਆਪ ਨੂੰ ਤਿਆਰ ਕਰੀ ਬੈਠੀ ਸੀ। ਜਿਮ ਲਗਾਤਾਰ ਡੈਲਾ ਦੇ ਚਿਹਰੇ ਵਲ ਦੇਖੀ ਗਿਆ ਤੇ ਜਿਹੜੇ ਭਾਵ ਜਿਮ ਦੇ ਚਿਹਰੇ ਉਪਰ ਉਕਰੇ ਹੋਏ ਸਨ, ਡੈਲਾ ਨੂੰ ਸਮਝ ਵਿਚ ਨਾ ਆਏ।
ਡੈਲਾ ਨੇ ਉਸ ਵਲ ਸਰਕਦਿਆਂ ਕਿਹਾ, ਜਿਮ, ਪਿਆਰੇ ਜਿਮ, ਮੈਨੂੰ ਇਉਂ ਨਾ ਦੇਖ। ਮੈਂ ਆਪਣੇ ਵਾਲ ਕਟਵਾ ਕੇ ਵੇਚ ਦਿਤੇ ਕਿਉਂਕਿ ਮੈਂ ਤੁਹਾਨੂੰ ਕ੍ਰਿਸਮਸ ਸੁਗਾਤ ਦਿਤੇ ਬਗੈਰ ਰਹਿ ਨਹੀਂ ਸਕਦੀ ਸੀ। ਵਾਲ ਤਾਂ ਛੇਤੀ ਫੇਰ ਲੰਮੇ ਹੋ ਜਾਣੇ ਨੇ। ਮੈਨੂੰ ਵਿਸ਼ਵਾਸ ਹੈ ਤੁਸੀਂ ਬੁਰਾ ਨਹੀ ਮਨਾਉਂਗੇ। ਸੁਗਾਤ ਤਾਂ ਦੇਣੀ ਸੀ। ਮੇਰੇ ਵਾਲ ਤੇਜੀ ਨਾਲ ਵਧਦੇ ਨੇ। ਮੈਨੂੰ ਸ਼ੁਭ ਕ੍ਰਿਸਮਸ ਕਹੋ ਜਿਮ। ਆਉ ਜਿਮ। ਮੌਜ ਮਸਤੀ ਕਰੀਏ। ਤੁਹਾਨੂੰ ਪਤਾ ਨਹੀਂ ਮੈਂ ਕਿਹੋ ਜਿਹੀ ਸੁਗਾਤ ਤੁਹਾਡੇ ਲਈ ਖਰੀਦ ਕੇ ਲਿਆਈ ਆਂ।
ਤੂੰ ਆਪਣੇ ਵਾਲ ਕਟਵਾ ਦਿੱਤੇ, ਜਿਮ ਬੋਲਿਆ। ਉਸ ਨੇ ਇਹ ਸ਼ਬਦ ਏਨੇ ਸਹਿਜੇ ਸਹਿਜੇ ਬੋਲੇ ਜਿਵੇਂ ਕਿ ਬਹੁਤ ਜੋਰ ਲਾਉਣ ਬਾਦ ਵੀ ਕਿਸੇ ਨੂੰ ਗੱਲ ਸਮਝ ਨਾ ਆਈ ਹੋਵੇ। ਕਟਵਾ ਹੀ ਨਹੀਂ ਦਿਤੇ, ਵੇਚ ਵੀ ਦਿਤੇ, ਡੈਲਾ ਨੇ ਕਿਹਾ, ਕੀ ਬਿਨਾ ਵਾਲਾਂ ਤੋਂ ਮੈਨੂੰ ਪਿਆਰ ਨਹੀਂ ਕਰੋਗੇ? ਬਗੈਰ ਵਾਲਾਂ ਦੇ ਵੀ ਮੈਂ ਤਾਂ ਮੈਂ ਈ ਹਾਂ ਨਾਂ। ਹੈਰਾਨ ਜਿਹੀ ਨਜ਼ਰ ਜਿਮ ਨੇ ਕਮਰੇ ਵਿਚ ਦੌੜਾਈ। ਜਿਵੇਂ ਕੋਈ ਸ਼ੈਦਾਈ ਵਿਹਾਰ ਕਰਦਾ ਹੈ। ਜਿਮ ਫਿਰ ਬੋਲਿਆ, ਕੀ ਆਖਿਐ ਤੂੰ? ਕਿ ਤੇਰੇ ਕੇਸ ਚਲੇ ਗਏ? ਡੈਲਾ ਬੋਲੀ, ਹੁਣ ਨੀ ਲੱਭਣੇ ਉਹ। ਮੈਂ ਦੱਸਿਐ ਨਾ। ਵਿਕ ਵੀ ਗਏ। ਚਲੇ ਗਏ। ਉਮਰ ਹੀ ਏਨੀ ਸੀ ਮੇਰੇ ਕੇਸਾਂ ਦੀ। ਡੈਲਾ ਦੀ ਆਵਾਜ਼ ਹੁਣ ਗੰਭੀਰ ਅਤੇ ਮਿਠਾਸਪੂਰਨ ਹੋ ਗਈ ਪਰ ਤੁਹਾਡੇ ਬਾਰੇ ਮੇਰੇ ਪਿਆਰ ਦੀ ਗਿਣਤੀ ਕੋਈ ਨੀ ਕਰ ਸਕਦਾ। ਪਿਆਰੇ ਜਿਮ, ਪਕੌੜੇ ਬਣਾਵਾਂ?
ਸੁੰਨ-ਮਸੁੰਨ ਜਿਹੀ ਹਾਲਤ ਵਿਚੋਂ ਜਿਮ ਹੁਣ ਬਾਹਰ ਨਿਕਲਿਆ। ਉਸ ਨੇ ਡੈਲਾ ਨੂੰ ਗਲਵਕੜੀ ਵਿਚ ਘੁਟ ਲਿਆ।
ਆਓ ਪਾਠਕੋ, ਦਸ ਸਕਿੰਟਾਂ ਵਾਸਤੇ ਆਪਾਂ ਆਪਣਾ ਧਿਆਨ ਕਿਸੇ ਹੋਰ ਮਾਮੂਲੀ ਜਿਹੀ ਚੀਜ਼ ਵਲ ਕਰੀਏ। ਹਫ਼ਤੇ ਦੇ ਅੱਠ ਡਾਲਰ ਜਾਂ ਦਸ ਲੱਖ, ਫਰਕ ਕੀ ਹੈ? ਗਣਿਤ ਸ਼ਾਸਤਰੀ ਅਤੇ ਗਿਆਨੀ ਧਿਆਨੀ ਗਲਤ ਮਲਤ ਉਤਰ ਦੇਣਗੇ। ਮੈਜਈ ਦਰਵੇਸ, ਯਕੀਨਨ ਬੇਸ਼ੁਮਾਰ ਕੀਮਤ ਦੇ ਤੋਹਫੇ ਲੈ ਕੇ ਆਏ ਸਨ ਪਰ ਇਹ ਗੱਲ ਉਨ੍ਹਾਂ ਵਿਚ ਵੀ ਨਹੀਂ ਸੀ। ਗੱਲ ਤਾਂ ਤੁਹਾਨੂੰ ਅਜੇ ਦੱਸਣੀ ਹੈ। ਓਵਰਕੋਟ ਦੀ ਜੇਬ ਵਿਚੋਂ ਜਿਮ ਨੇ ਇਕ ਲਿਫਾਫਾ ਕੱਢਿਆ ਤੇ ਮੇਜ ਉਪਰ ਸੁੱਟ ਦਿੱਤਾ।
ਜਿਮ ਨੇ ਕਿਹਾ, ਗਲਤ ਨਾ ਸਮਝੀਂ ਡੈਲਾ। ਤੂੰ ਵਾਲਾਂ ਦਾ ਸਟਾਈਲ ਬਦਲ ਦਿਤਾ ਜਾਂ ਸ਼ੈਪੂ ਬਦਲ ਦਿਤਾ, ਇਸ ਗੱਲ ਨਾਲ ਮੇਰੇ ਪ੍ਰੇਮ ਨੂੰ ਫਰਕ ਨਹੀ ਪੈਂਦਾ। ਇਉਂ ਹੋ ਈ ਨਹੀ ਸਕਦਾ ਕਦੀ। ਪਰ ਜਦੋਂ ਤੂੰ ਇਹ ਲਿਫਾਫਾ ਖੋਲ੍ਹੇਂਗੀ ਤਾ ਤੈਨੂੰ ਮੇਰੀ ਪ੍ਰੇਸ਼ਾਨੀ ਦਾ ਪਤਾ ਲੱਗੇਗਾ।
ਗੋਰੀਆਂ ਉਂਗਲਾਂ ਨੇ ਲਿਫਾਫੇ ਦਾ ਧਾਗਾ ਉਧੇੜਿਆ। ਉਫ, ਇਕ ਦਰਦਨਾਕ ਚੀਕ। ਹੁਣ ਸ਼ੁਰੂ ਹੋਈ ਜਨਾਨੀਆਂ ਵਾਲੀ ਹਰਕਤ, ਹਿਰਦੇਵੇਧਕ ਵਿਰਲਾਪ। ਮੋਟੇ ਮੋਟੇ ਹੰਝੂ। ਧਰਵਾਸ ਦੇਣ ਵਾਸਤੇ ਘਰ ਦੇ ਮਾਲਕ ਨੂੰ ਖਾਸੀ ਤਾਕਤ ਲਾਉਣੀ ਪਈ।
ਲਉ ਜੀ ਪੈਕਟ ਵਿਚੋਂ ਨਿਕਲਿਆ ਬੇਅੰਤ ਸੁਹਣੀਆਂ ਕੰਘੀਆਂ ਅਤੇ ਕਲਿੱਪਾਂ ਦਾ ਪੂਰਾ ਸੈਟ। ਉਹੀ ਸੈਟ ਜਿਹੜਾ ਬਰਾਡਵੇ ਦੀ ਵੱਡੀ ਦੁਕਾਨ ਵਿਚ ਡੈਲਾ ਨੇ ਇਕ ਵੇਰ ਵਾਰ ਵਾਰ ਦੇਖਿਆ ਸੀ ਤੇ ਉਸ ਦੀ ਤੱਕਣੀ ਵਿਚੋਂ ਇਸ ਨੂੰ ਖਰੀਦਣ ਦੀ ਇੱਛਾ ਜਿਮ ਨੇ ਪੜ੍ਹ ਲਈ ਸੀ। ਐਨੀਆਂ ਖੂਬਸੂਰਤ ਕੰਘੀਆਂ? ਕੱਛੂ ਦੀ ਖੋਪਰੀ ਦੇ ਬਣੇ ਹੋਏ ਤੇ ਮੋਤੀਆਂ ਨਾਲ ਮੜ੍ਹੇ ਕਿਨਾਰੇ, ਲਿਸ਼ਕਾਰੇ ਮਾਰਦੇ ਹੋਏ ਕਲਿੱਪ। ਐਨੇ ਸੁਹਣੇ ਰੰਗ, ਡੈਲਾ ਦੇ ਵਾਲਾਂ ਦੀ ਰੰਗਤ ਦੇ, ਉਨ੍ਹਾਂ ਵਾਲਾਂ ਵਰਗੇ ਜਿਹੜੇ ਕਟ ਗਏ ਤੇ ਵਿਕ ਗਏ। ਬੜੀਆਂ ਮਹਿੰਗੀਆਂ ਕੰਘੀਆਂ ਡੈਲਾ ਕਿਹੜਾ ਜਾਣਦੀ ਨਹੀਂ ਸੀ। ਉਹ ਜਾਣਦੀ ਸੀ, ਕਦੀ ਨਹੀਂ ਖਰੀਦ ਸਕੇਗੀ ਇਹ ਕੰਘੀਆਂ ਤੇ ਕਲਿੱਪ, ਕਦੀ ਨਹੀਂ ਸਜਾ ਸਕੇਗੀ। ਪਰ ਆਪਣੇ ਦਿਲ ਦਾ ਕੀ ਕਰਦੀ ਉਹ? ਕਲਿੱਪਾਂ ਦੀ ਖਾਹਸ਼, ਬੇਸਬਰੀ, ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ ਸੁਭਾਵਕ ਸੀ। ਉਹੀ ਕੰਘੀਆਂ ਕਲਿੱਪ ਹੁਣ ਉਹਦੇ ਸਨ, ਪਰ ਉਹ ਲੰਮੇ ਕੇਸ ਜਿਨ੍ਹਾਂ ਦਾ ਸ਼ਿੰਗਾਰ ਇਨ੍ਹਾਂ ਕਲਿੱਪਾਂ ਨੇ ਬਣਨਾ ਸੀ, ਉਹ ਚਲੇ ਗਏ ਸਨ ਦੂਰ।
ਜਿਹੜਾ ਤੁਹਫਾ ਡੈਲਾ ਨੇ ਲਿਆਂਦਾ ਸੀ ਉਹ ਜਿੰਮ ਨੇ ਅਜੇ ਨਹੀਂ ਦੇਖਿਆ ਸੀ। ਖੁੱਲ੍ਹੀ ਹਥੇਲੀ ਉਪਰ ਚੇਨੀ ਰੱਖ ਕੇ ਡੈਲਾ ਨੇ ਜਿਮ ਨੂੰ ਦਿਖਾਈ ਤੇ ਬਹੁਤ ਉਤਸੁਕਤਾ ਨਾਲ ਜਿਮ ਵੱਲ ਦੇਖਣ ਲੱਗੀ। ਚੇਨੀ ਤਾਂ ਲਿਸ਼ਕਾਰੇ ਮਾਰ ਹੀ ਰਹੀ ਸੀ ਡੈਲਾ ਦੀਆਂ ਅੱਖਾਂ ਵਿਚ ਕਿਹੜਾ ਘੱਟ ਚਮਕ ਆਈ? ਬਹੁਤ ਗਜ਼ਬ ਦੀ ਹੈ ਕਿ ਨਹੀਂ ਜਿਮ?
ਇਹ ਖਰੀਦਣ ਲਈ ਮੈਂ ਸਾਰਾ ਸ਼ਹਿਰ ਫਰੋਲ ਮਾਰਿਆ। ਤੂੰ ਹੁਣ ਦਿਨ ਵਿਚ ਸੌ ਸੌ ਵਾਰ ਟਾਈਮ ਦੇਖਿਆ ਕਰੇਂਗਾ। ਲਿਆਉ, ਇਧਰ ਕਰੋ ਆਪਣੀ ਘੜੀ। ਦੇਖੀਏ ਕਿਵੇਂ ਲੱਗੇਗੀ ਉਸ ਨਾਲ ਇਹ।
ਡੈਲਾ ਦੀ ਗੱਲ ਮੰਨਣ ਦੀ ਥਾਂ ਜਿਮ ਸੋਫੇ 'ਤੇ ਲੁੜ੍ਹਕ ਗਿਆ। ਸਿਰ ਹੇਠਾਂ ਹੱਥ ਰੱਖ ਕੇ ਮੁਸਕਰਾਇਆ, ਡੈਲਾ ਥੋੜੀ ਦੇਰ ਲਈ ਆਪਾਂ ਕ੍ਰਿਸਮਸ ਦੇ ਤੋਹਫੇ ਇਕ ਪਾਸੇ ਰੱਖ ਦੇਈਏ। ਇਹ ਇਨੇ ਸੁਹਣੇ ਨੇ ਕਿ ਆਪਾਂ ਇਨ੍ਹਾਂ ਨੂੰ ਪਹਿਨਣ ਦੇ ਕਾਬਲ ਨਹੀਂ ਬਸ। ਤੇਰੇ ਵਾਸਤੇ ਕੰਘੀਆਂ ਕਲਿੱਪ ਖਰੀਦਣ ਵਾਸਤੇ ਮੈਂ ਉਹ ਘੜੀ ਵੇਚ ਆਇਆਂ। ਚਲੋ ਠੀਕ ਹੋਇਆ। ਹੁਣ ਇਉਂ ਕਰ, ਪਕੌੜੇ ਤਲ।
ਤੁਹਾਨੂੰ ਪਤਾ ਈ ਐ ਪਾਠਕੋ, ਇਹ ਮੈਜਈ ਬੜੇ ਦੂਰੰਦੇਸ਼ ਸਨ। ਯਕੀਨਨ ਦੂਰੰਦੇਸ਼। ਪੰਘੂੜੇ ਵਿਚ ਲੇਟੇ ਯਸੂ ਵਾਸਤੇ ਤੋਹਫੇ ਲੈ ਕੇ ਆਏ ਸਨ ਉਹ। ਉਨ੍ਹਾਂ ਦੇ ਤੋਹਫੇ ਕਿਹੜਾ ਘੱਟ ਕੀਮਤੀ ਸਨ? ਪਰ ਇਕ ਫਰਕ ਹੈ। ਜੇ ਚਾਹੁੰਦੇ, ਮੈਜਈ ਆਪਣੇ ਤੋਹਫੇ ਬਦਲ ਸਕਦੇ ਸਨ, ਦੁਕਾਨਦਾਰ ਬਦਲ ਕੇ ਹੋਰ ਦੇ ਦਿੰਦਾ। ਇਥੇ ਮੈਂ ਆਪਣੇ ਟੁੱਟੇ-ਫੁਟੇ ਅੰਦਾਜ਼ ਵਿਚ ਨਿਕੇ ਫਲੈਟ ਵਿਚ ਰਹਿੰਦੇ ਦੋ ਮੂਰਖ ਬੱਚਿਆਂ ਦੀ ਕਹਾਣੀ ਸੁਣਾਈ ਹੈ ਜਿਨ੍ਹਾਂ ਨੇ ਆਪਣੇ ਸਭ ਤੋਂ ਕੀਮਤੀ ਖਜ਼ਾਨਿਆਂ ਦੀ ਰਾਖ ਬਣਾ ਦਿਤੀ। ਤਾਂ ਵੀ, ਇਸ ਕਲਯੁਗ ਵਿਚ ਅਕਲਵੰਦ ਲੋਕਾਂ ਲਈ ਮੇਰੇ ਇਹ ਦੋ ਸ਼ਬਦ ਸੁਣੋ, ਜਿੰਨੇ ਲੋਕ ਸੁਗਾਤਾਂ ਦਿੰਦੇ ਹਨ, ਉਨ੍ਹਾਂ ਵਿਚੋਂ ਇਹੋ ਦੋ ਸਭ ਤੋਂ ਵਧੀਕ ਅਕਲਮੰਦ ਹਨ। ਲੋਕ ਤੋਹਫੇ ਲੈਣਗੇ/ਦੇਣਗੇ ਪਰ ਸਾਰਿਆਂ ਵਿਚੋਂ ਵਧੀਕ ਸਿਆਣੇ ਡੈਲਾ ਤੇ ਜਿਮ ਹਨ। ਹਰ ਥਾਂ, ਉਹੀ ਸਿਆਣੇ ਸਾਬਤ ਹੋਣਗੇ।ਮੇਰੇ ਲਈ ਤਾਂ ਉਹੀ ਮੈਜਈ ਹਨ ।
ਅਨੁਵਾਦ: ਪ੍ਰੋ. ਹਰਪਾਲ ਸਿੰਘ ਪੰਨੂ

  • ਮੁੱਖ ਪੰਨਾ : ਓ ਹੈਨਰੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ