Sham Lal Vedanti (Punjabi Story) : Sant Singh Sekhon

ਸ਼ਾਮ ਲਾਲ ਵੇਦਾਂਤੀ (ਕਹਾਣੀ) : ਸੰਤ ਸਿੰਘ ਸੇਖੋਂ

ਸ਼ਾਮਾਂ ਪੈ ਰਹੀਆਂ ਸਨ । ਗਰਮੀ ਲੋਹੜੇ ਦੀ ਸੀ ਤੇ ਹੁਸੜ ਹੋ ਗਿਆ ਸੀ । ਹਵਾ ਬਿਲਕੁਲ ਮਰੀ ਹੋਈ ਸੀ । ਸੂਰਜ ਵਕਤ ਤੋਂ ਪਹਿਲਾਂ ਛਿਪ ਚੁਕਾ ਸੀ । ਉਸ ਬੱਦਲ ਵਿਚ ਜੋ ਦਿਨ ਭਰ ਦੀ ਆਸ ਰਹਿ ਕੇ ਹੁਣ ਆ ਰਹੀ ਰਾਤ ਦਾ ਭੈ ਬਣ ਰਿਹਾ ਸੀ। ਸ਼ਾਮ ਲਾਲ ਦਿਹਾੜ ਦੁਕਾਨ ਦੇ ਨਰਕ ਵਿਚ ਕਟ ਕੇ ਗੁਆਂਢੀਆਂ ਤੋਂ ਕੁਝ ਪਹਿਲਾਂ ਹੀ ਘਰ ਆ ਗਿਆ ਸੀ ਪਰ ਉਹ ਭੱਠ ਵਿਚੋਂ ਨਿਕਲ ਕੇ ਚੁੱਲ੍ਹੇ ਵਿਚ ਪੈਣ ਨੂੰ ਤਿਆਰ ਨਹੀਂ ਸੀ । ਝਟ ਕਰਦਾ ਉਹ ਛਤ ਤੇ ਚੜ੍ਹ ਗਿਆ ਤੇ ਮੰਜੀ ਤੇ ਦਰੀ ਚਾਦਰ ਵਿਛਾ, ਕੁੜਤਾ ਪਗੜੀ ਲਾਹ, ਨਹਾਣ ਲਈ ਪਾਣੀ ਦੀ ਉਡੀਕ ਵਿਚ ਬੈਠ ਗਿਆ । ਇਹ ਪਾਣੀ ਉਸ ਦੀ ਵਹੁਟੀ ਇਕ ਬਾਲਟੀ ਵਿਚ ਪੌੜੀਆਂ ਚੜ੍ਹਾ ਰਹੀ ਸੀ। ਉਸ ਦਾ ਸਿਰ ਤੋਂ ਉਤਲਾ ਧੜ ਖੱਬੇ ਪਾਸੇ ਟੇਢੇ ਹੋ ਕੇ ਸੱਜੇ ਹਥ ਚੁਕੀ ਬਾਲਟੀ ਨੂੰ ਸਹਾਰ ਰਹੇ ਸਨ ਤੇ ਇਸ ਦ੍ਰਿਸ਼ ਵਿਚ ਉਸ ਦੀ ਹਾਲਤ ਬੜੀ ਤਰਸ ਯੋਗ ਸੀ ।
ਉਹ ਛਤ ਤੇ ਆ ਗਈ, ਪਸੀਨੇ ਨਾਲ ਤਰ ਤੇ ਹਫੀ ਹੋਈ, ਬਾਲਟੀ ਪਤੀ ਦੀ ਮੰਜੀ ਦੇ ਸਿਰ੍ਹਾਣੇ ਵਲ ਧਰੀ ਤੇ ਦੂਜੀ ਮੰਜੀ ਤੇ ਸਾਹ ਲੈਣ ਲਈ ਧੜਮ ਕਰਕੇ ਲੇਟ ਗਈ ।
ਹੇਠਾਂ, ਰਸੋਈ ਵਿਚ, ਇਨ੍ਹਾਂ ਦੀ ਪਲੇਠੀ ਦੀ ਧੀ, ਅਠਾਰਾ ਸਾਲ ਦੀ ਵਿਦਿਆ, ਟੱਬਰ ਦੀ ਰੋਟੀ ਤਿਆਰ ਕਰ ਰਹੀ ਸੀ । ਇਹ ਰਸੋਈ ਕੀ ਸੀ, ਨਰਕ ਵਿਚੋਂ ਚੁੱਕ ਲਿਆਂਦੀ ਹੋਈ ਕੋਈ ਭੱਠੀ ਸੀ । ਕੁਝ ਇਨਸਾਨੀ ਕਾਰੀਗਰੀ ਦਾ ਸਦਕਾ ਜਿਸ ਨੇ ਇਸ ਦੀ ਹਵਾਦਾਰੀ ਲਈ ਕੋਈ ਸਿਰ-ਦਰਦੀ ਨਹੀਂ ਸੀ ਤੇ ਇਕ ਨ ਹੋਣ ਵਰਗੀ ਚਿਮਨੀ ਤੋਂ ਹੀ ਸੰਤੋਖ ਕਰ ਲਿਆ ਸੀ ਤੇ ਬਾਕੀ ਉਸ ਪਾਲਕ ਤੇ ਦਿਆਲੂ ਸ਼ਕਤੀ ਦੇ ਤੁਫ਼ੈਲ ਜੋ ਸ਼੍ਰਿਸ਼ਟੀ ਦਾ ਤੇ ਇਸ ਦੇ ਹਵਾ, ਪਾਣੀ, ਮੌਸਮ, ਆਦਿ, ਦਾ ਜਨਤਾ ਦੇ ਭਲੇ ਨੂੰ ਮੁੱਖ ਰਖਦੀ ਹੋਈ ਪੂਰਾ ਪਰਬੰਧ ਕਰਦੀ ਹੈ ਇਹ ਰਸੋਈ ਆਪਣ ਵਿਚਲੀ ਨਿਰਦੋਸ਼ ਕੁਮਾਰੀ ਸਣੇ ਉਸ ਚਾਰਟ ਵਿਚ ਇਕ ਤਸਵੀਰ ਬਣੀ ਹੋਈ ਸੀ, ਅਸਾਡੇ ਦੇਸ ਆਮ ਬਜ਼ਾਰ ਵਿਚ ਵਿਕਦੀਆਂ ਹਨ, ਧਰਮੀ ਦੁਕਾਨਦਾਰ ਲੇਟੀ ਚਮੇੜ ਕੇ ਕੰਧਾਂ ਤੇ ਥਮਲਿਆਂ ਨਾਲ ਲਾ ਛਡਦੇ ਹਨ--ਜਾਣੋ ਇਕ ਸੁੰਦਰ ਇਸਤਰੀ ਆਪਣੇ ਇਸ ਸੰਸਾਰ ਵਿਚ ਕੀਤੇ ਪਾਪਾਂ ਦੀ ਸਜ਼ਾ ਵਿਚ ਨਰਕ ਦੀ ਅੱਗ ਵਿਚ ਸੜ ਰਹੀ ਸੀ । ਹੋ ਸਕਦਾ ਹੈ ਵਿੱਦਿਆ ਕਿਸੇ ਪਿਛਲੇ ਜਨਮ ਦੇ ਕੀਤੇ ਪਾਪਾਂ ਦੀ ਸਜ਼ਾ ਇਥੇ ਭੋਗ ਰਹੀ ਹੋਵੇ ਪਰ ਸਾਧਾਰਣ ਮਾਨੁਖਾ-ਅੱਖ ਨੂੰ ਤਾਂ ਉਹ ਇਤਨੀ ਮਾਸੂਮ ਜਾਪਦੀ ਸੀ ਜੋ ਉਸ ਨੇ ਕਦੀ ਵੀ ਤੇ ਕਿਤੇ ਵੀ ਪਾਪ ਨਹੀਂ ਕੀਤਾ ਹੋਣਾ । ਇਕ ਪਦਾਰਥਵਾਦੀ ਉਸ ਦੀ ਇਸ ਮੰਦੀ ਦਸ਼ਾ ਦਾ ਕਾਰਣ ਉਸ ਦੇ ਪਿਤਾ ਦੀ ਅਯੋਗਤਾ ਨੂੰ ਠਹਿਰਾਂਦਾ ਤੇ ਇਸ ਤਰਾਂ ਉਹ ਈਸਾਈ ਮਤ ਦੇ ਇਕ ਮੁਖ ਸਿਧਾਂਤ ਦੇ-ਮਾਪਿਆਂ ਦੇ ਪਾਪ ਉਨ੍ਹਾਂ ਦੀ ਸੰਤਾਨ ਤੇ ਭਾਰੂ ਪੈਂਦੇ ਸਨ - ਅਨੁਕੂਲ ਹੁੰਦਾ।ਇਹ ਹੈ ਵੀ ਠੀਕ ਕਿਉਂਕਿ ਪਦਾਰਥਕ ਅਯੋਗਤਾ ਹੀ ਸਭ ਤੋਂ ਵੱਡਾ ਪਾਪ ਤਾਂ ਹੈ ।
ਮਾਂ, ਪਰ, ਆਪਣੀ ਬੱਚੀ ਨੂੰ ਇਸ ਤਰਾਂ ਇਕੱਲੀ ਨੂੰ ਨਰਕ ਭੁਗਤਣ ਕਦੋ ਦੇਂਦੇ ਸੀ ? ਜਿਉਂ ਹੀ ਉਸ ਦਾ ਸਾਹ ਵਿਚ ਸਾਹ ਮਿਲਿਆ ਉਹ ਹੇਠ ਰਸੋਈ ਵਿਚ ਵਿੱਦਿਆ ਦੀ ਮਦਦ ਨੂੰ ਆ ਗਈ।
ਅਸ਼ਨਾਨ ਕਰਕੇ, ਅਯੋਗਤਾ ਦਾ ਦੋਸ਼ੀ, ਸ਼ਾਮ ਲਾਲ ਅਨ੍ਹੇਰੇ ਨੂੰ ਹਰ ਸ਼ੈ ਤੋਂ ਆਪਣੀ ਚਾਦਰ ਪਾਂਦੇ ਦੇਖਣ ਤੋਂ ਸਿਵਾ ਹੋਰ ਕੀ ਕਰ ਸਕਦਾ ਸੀ ? ਇਸ ਰੌਲੇ ਤੇ ਬਖੇੜ ਦੀ ਦੁਨੀਆਂ ਤੋਂ ਬੇਲਾਗ ਹੋ ਕੇ ਉਹ ਵੇਦਾਂਤ ਦੀ ਦੁਨੀਆਂ ਵਿਚ ਉਡਾਰੀਆਂ ਲਾਣ ਲਈ ਤਿਆਰ ਹੋਕੇ ਬੈਠ ਗਿਆ । ਆਰੰਭ ਉਸ ਨੇ ਮਨੁਖ ਤੇ ਵਿਚਾਰ ਕਰਨ ਨਾਲ ਕੀਤਾ । ਮਨੁਖ ਦੀ ਕੀ ਹਸਤੀ ਹੈ ? ਇਹ ਅਮੀਰ ਹੋ ਸਕਦਾ ਹੈ, ਗ਼ਰੀਬ ਹੋ ਸਕਦਾ ਹੈ । ਇਹ ਦਿਹਾੜੀ ਦਾ ਸੌ ਰੁਪਿਆ ਕਮਾ ਸਕਦਾ ਹੈ ਤੇ ਇਹ ਦਿਨ ਭਰ ਵਿਚ ਚਾਰ ਆਨੇ ਵੀ ਨਹੀਂ ਬਣਾ ਸਕਦਾ । ਬਾਹਰਲੀ ਦੁਨੀਆਂ ਨੂੰ ਸ਼ਾਮ ਲਾਲ ਨੇ ਇਤਨਾ ਧਿਆਨ ਕਦ ਦਿਤਾ ਸੀ ਜੋ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦਾ ? ਮਨੁਖਾ ਜਤਨ ਨੂੰ, ਜਿਤਨਾਕੁ ਉਹ ਆਪਣੇ ਤਜਰਬੇ ਤੋਂ ਜਾਣਦਾ ਸੀ, ਉਹ ਇਕ ਬਹੁਤ ਅਦਨਾ ਤਾਕਤ ਸਮਝਦਾ ਸੀ। ਇਹ ਸਿਰਫ਼ ਕਿਸਮਤ ਹੀ ਹੈ ਜੋ ਆਦਮੀ ਤੇ ਆਦਮੀ ਵਿਚ ਇਤਨਾ ਫ਼ਰਕ ਪਾ ਸਕਦੀ ਹੈ, ਇਸ ਦਾ ਵਿਸਵਾਸ਼ ਸੀ । ਤੇ ਇਸ ਤੋਂ ਉਪਰੰਤ ਜੇ ਕੋਈ ਗਲ ਮਨੁਖ ਦੀ ਸਮਝ ਵਿਚ ਨਾ ਆਵੇ ਤਾਂ ਕਰਮ ਦਾ ਸਿਧਾਂਤ ਸਭ ਗੁੰਝਲਾਂ ਖੋਲ੍ਹਣ ਵਾਲਾ ਹੈ ਹੀ। ਸ਼ਾਮ ਲਾਲ ਗਰੀਬ ਸੀ ਤੇ ਦੁਖੀ ਸੀ, ਇਸ ਲਈ ਕਿ ਉਸ ਨੇ ਪਿਛਲੇ ਜਨਮ ਵਿਚ ਚੰਗੇ ਕਰਮ ਨਹੀਂ ਸਨ ਕੀਤੇ। ਉਸ ਨੂੰ ਇਹ ਸੋਝੀ ਨਹੀਂ ਸੀ ਕਿ ਪਿਛਲੇ ਜਨਮ ਦੇ ਮੰਦੇ ਕਰਮ ਇਤਨਾ ਦੁਖੀ ਨਹੀਂ ਕਰ ਸਕਦੇ ਜਿਤਨੀ ਇਸ ਜਨਮ ਵਿਚ ਕਾਰਜ ਸਾਧਣ ਦੀ ਪਦਾਰਥ ਅਯੋਗਤਾ । ਯੋਗਤਾ, ਉਸ ਦੀ ਅਕਲ ਦੇ ਖ਼ਜ਼ਾਨੇ ਤੋਂ ਬਾਹਰਲੀ ਵਸਤ ਸੀ; ਕਿਸਮਤ ਦੀ ਨੀਂਹ ਉਤੇ ਉਸ ਦੀ ਫ਼ਿਲਾਸਫ਼ੀ ਦਾ ਉੱਚਾ ਮਹਲ ਉਸਰਿਆ ਹੋਇਆ ਸੀ।
ਪਰ ਸ਼ਾਮ ਲਾਲ ਭਾਵੇਂ ਅਣਜਾਤੇ ਹੀ ਹੋਵੇ, ਇਕ ਵੇਦਾਂਤੀ ਸੀ । ਤੇ ਵੇਦਾਂਤੀ ਹੁੰਦਾ ਹੋਇਆ ਕੀ ਉਹ ਕਿਸਮਤ ਦੇ ਮਸਲੇ ਉਲੰਘ ਨਹੀਂ ਸੀ ਸਕਦਾ ? ਇਸ ਕਿਸਮਤ ਦਾ ਸੰਬੰਧ ਇਸ ਜਨਮ ਨਾਲ ਹੀ ਹੈ ਯਾ ਇਸ ਤੋਂ ਪਾਰ ਵੀ ? ਇਹ ਸਵਾਲ ਸੀ ਜੋ ਉਸ ਦੇ ਅਚੇਤ ਮਨ ਨੂੰ ਹੁਣ ਟੁੰਬ ਰਿਹਾ ਸੀ।
ਦੂਸਰੇ ਬੱਚੇ ਇਕ ਇਕ ਕਰ ਕੇ ਆ ਰਹੇ ਸਨ । ਬਾਰਾਂ ਸਾਲ ਦਾ ਪੰਨਾ ਬਾਜ਼ਾਰ ਵਿਚੋਂ ਖੇਡ ਮਲ੍ਹ ਕੇ ਥਕਿਆ ਆਇਆ। ਔਂਦੇ ਹੀ ਉਸ ਨੂੰ ਨਹਾਣ ਦੀ ਨਾਜ਼ਕ ਘਟਨਾ ਦਾ ਸਾਹਮਣਾ ਪੈ ਗਿਆ ਜੋ ਪਤਾ ਨਹੀਂ ਮਾਂ ਉਸ ਤੇ ਕਿਉਂ ਗੁਜ਼ਾਰਣਾ ਚਾਹੁੰਦੀ ਸੀ । ਇਸ ਤੋਂ ਬਚ ਕੇ ਉਹ ਪੌੜੀਆਂ ਚੜ੍ਹ ਗਿਆ ਤੇ ਮੂਕ ਹਵਾ ਵਿਚ ਨਹਾ ਰਹੇ ਪਿਤਾ ਕੋਲ ਡੱਠੀ ਮੰਜੀ ਤੇ ਜਾ ਬੈਠਾ। ਸ਼ਾਮ ਲਾਲ ਦੀ ਵੇਦਾਂਤਕ ਉਡਾਰੀ ਇਥੇ ਕਟੀ ਗਈ ।
"ਕੀ ਕਰਦਾ ਆਇਆ ਹੈਂ, ਪੰਨੇ ?"
ਪੰਨਾ ਸਾਰਾ ਦਿਨ ਸਕੂਲ ਰਿਹਾ ਸੀ ਤੇ ਸ਼ਾਮ ਨੂੰ ਉਸ ਨੇ ਕੇਵਲ ਲੋੜੀਂਦੀ ਖੇਡ ਦੀ ਖੁਰਾਕ ਲਈ ਸੀ।
"ਸਬਕ ਦਾ ਕੀ ਹਾਲ ਹੈ ? "ਸ਼ਾਮ ਲਾਲ ਨੇ ਰੋਜ਼ ਵਾਂਗ ਪੁਛਿਆ ।
"ਯਾਦ ਹੈ ਚੰਗੀ ਤਰਾਂ" ਪੰਨੇ ਨੇ ਹੌਸਲੇ ਨਾਲ ਜਵਾਬ ਦਿਤਾ।
"ਅਛਾ, ਸੁਣਾ ਤਾਂ ਉਹ ਨਜ਼ਮ-ਮਾਂ ਬਾਪ ਦੀ ਖ਼ਿਦਮਤ।"
ਮੁੰਡੇ ਨੇ ਹਸਬ ਮਾਮੂਲ ਕਾਹਲੀ ਕਾਹਲੀ ਹੇਕ ਵਿਚ ਇਹ ਨਜ਼ਮ ਕੋਈ ਇਸ ਮਹੀਨੇ ਵਿਚ ਦਸਵੀਂ ਵਾਰੀ ਪਿਓ ਨੂੰ ਸੁਣਾਈ ਪੁਤਰ ਦੇ ਮੂੰਹ ਤੋਂ ਇਹ ਨਜ਼ਮ ਸੁਣ ਕੇ ਸ਼ਾਮ ਲਾਲ ਨੂੰ ਬੜ ਤਸੱਲੀ ਹੁੰਦੀ ਸੀ। ਉਹ ਪੁਤਰ ਨੂੰ ਇਸ ਨਜ਼ਮ ਦਾ ਭਾਵ ਅਰਥ ਗ੍ਰਹਿਣ ਕਰਵਾਣਾ ਚਾਹੁੰਦਾ ਸੀ । ਉਹ ਚਾਹੁੰਦਾ ਸੀ ਕਿ ਉਸ ਸੇਵਾ ਤੇ ਪਾਲਣਾ ਬਦਲੇ ਜੋ ਪੰਨੇ ਦੇ ਮਾਂ ਪਿਓ ਉਸ ਦੇ ਬਚਪਨ ਵਿਚ ਉਸ ਦੀ ਕਰ ਰਹੇ ਸਨ, ਵੱਡਾ ਹੋ ਕੇ ਪੰਨਾ ਉਨ੍ਹਾਂ ਦੀ ਖਿਦਮਤ ਕਰੇ ।ਪਰ ਪੰਨਾ ਇਸ ਪਾਲਣਾ ਦਾ ਬਹੁਤ ਘੱਟ ਕ੍ਰਿਤਗਯ ਸੀ। ਉਸ ਨੂੰ ਕਿਤਾਬਾਂ, ਕਾਗਜ਼, ਪਿਨਸਲ, ਤੇ ਹੋਰ ਲੋੜੀਂਦੀਆਂ ਚੀਜ਼ਾਂ ਆਮ ਤੌਰ ਤੇ ਆਪਣੇ ਜਮਾਤੀਆਂ ਨਾਲੋਂ ਹਫ਼ਤਾ ਯਾ ਦੋ ਹਫ਼ਤੇ ਵੀ ਬਾਦ ਮਿਲਦੀਆਂ ਤੇ ਇਸ ਦੇ ਕਾਰਣ ਉਸ ਨੂੰ ਘਣੀ ਸ਼ਰਮਿੰਦਗੀ ਉਠਾਣੀ ਪੈਂਦੀ, ਤੇ ਕਈ ਵਾਰੀ ਉਸਤਾਦ ਕੋਲੋਂ ਦੋ ਚਾਰ ਚਪੇੜਾਂ ਵੀ ਰਸੀਦ ਹੁੰਦੀਆਂ। ਇਸ ਲਈ ਭਾਵੇਂ ਹਫ਼ਤੇ ਵਿਚ ਦੋ ਤਿੰਨ ਵਾਰੀ ਇਹ ਨਜ਼ਮ ਉਸ ਪਾਸੋਂ ਕਹਾਈ ਜਾਂਦੀ, ਉਸ ਉਤੇ ਇਸ ਦਾ ਕੋਈ ਖਾਸ ਅਸਰ ਹੁੰਦਾ ਨਹੀਂ ਸੀ ਜਾਪਦਾ ।
ਨਜ਼ਮ ਮਸਾਂ ਹੀ ਖ਼ਤਮ ਹੋਈ ਸੀ ਕਿ ਪੌੜੀਆਂ ਵਿਚੋਂ ਲੀਲਾ ਨਿਕਲ ਆਈ। ਲੀਲਾ ਦੀ ਉਮਰ ਕੋਈ ਦਸ ਕੁ ਵਰ੍ਹੇ ਦੀ ਸੀ ਤੇ ਆਪਣੀ ਦੁਬਲੀ ਜਿਹੀ ਖੱਬੀ, ਢਾਕ ਤੇ ਉਸ ਨੇ ਤਿੰਨ ਕੁ ਸਾਲ ਦਾ ਛੋਟਾ ਭਰਾ ਚੁਕਿਆ ਹੋਇਆ ਸੀ। ਜਦ ਉਹ ਹੇਠਾਂ ਰਸੋਈ ਪਾਸੋਂ ਲੰਘੀ ਤਾਂ ਬੱਚੇ ਨੇ ਮਾਂ ਨੂੰ ਦੇਖ ਲਿਆ ਸੀ ਤੇ ਉਹ ਦੀ ਮਾਂ ਪਾਸ ਜਾਣ ਦੀ ਇੱਛਾ ਤੀਬਰ ਹੋ ਗਈ ਸੀ। ਪਰ ਮਾਂ ਰੁਝੇਵੇਂ ਦੇ ਕਾਰਣ ਉਸ ਨੂੰ ਨਾ ਲੈ ਸਕੀ । ਇਸ ਲਈ ਉਹ ਮਾੜਕੀ ਜਿਹੀ ਆਵਾਜ਼ ਵਿਚ ਰੋ ਰਿਹਾ ਸੀ ਸ਼ਾਮ ਲਾਲ ਨੇ ਉਸ ਨੂੰ ਲੈਣ ਲਈ ਹਥ ਵਧਾਏ ਤੇ ਉਹ ਮਾਂ ਤੋਂ ਬਾਦ ਪਿਉ ਦੀ ਗੋਦ ਨੂੰ ਗਨੀਮਤ ਸਮਝ ਕੇ ਉਸ ਦੇ ਪਾਸ ਚਲਾ ਗਿਆ । ਲੀਲਾ ਨੇ ਸੁਖ ਦਾ ਸਾਹ ਭਰਿਆ ਤੇ ਆਪਣੀ ਮੰਜੀ ਤੇ ਸ਼ਾਮ ਦੇ ਅਨ੍ਹੇਰੇ ਵਿਚੋਂ ਜੋ ਆਰਾਮ ਉਸ ਨੂੰ ਮਿਲ ਸਕਦਾ ਸੀ ਲੈਣ ਲਗੀ ।
ਰਸੋਈ ਵਿਚਲਾ ਕਸ਼ਟ ਵੀ ਜਲਦੀ ਦੂਰ ਹੋ ਗਿਆ । ਬੜੀ ਫੁਰਤੀ ਨਾਲ ਮਾਂ ਧੀ ਰੋਟੀ ਉਪਰ ਲੈ ਆਈਆਂ, ਕਣਕ ਦੇ ਫੁਲਕੇ, ਮਾਂਹ ਛੋਲਿਆਂ ਦੀ ਦਾਲ ਤੇ ਪਿਆਜ਼ । ਪਾਣੀ ਦੀ ਘੜੀ ਪਹਿਲਾਂ ਦੀ ਉਪਰ ਲਿਆਂਦੀ ਪਈ ਸੀ। ਇਸ ਟੱਬਰ ਲਈ ਭਾਵੇਂ ਸਾਰੇ ਦਿਨ ਵਿਚ ਇਹ ਹੀ ਇਕ ਸੁਖਿਆਰਾ ਸਮਾਂ ਸੀ- ਘਟੋ ਘਟ ਬੱਚਿਆਂ ਲਈ ਜਿਨ੍ਹਾਂ ਨੂੰ ਦਿਨ ਭਰ ਦੇ ਨੱਸਣ ਟੱਪਣ ਤੋਂ ਬਾਦ ਖੂਬ ਭੁਖ ਲਗ ਰਹੀ ਹੁੰਦੀ ਸੀ- ਕਿਉਂ ਨੀਂਦ ਨੇ ਗਰੀਬੀ ਅਮੀਰੀ ਦੇ ਫਰਕ ਨੂੰ ਦੂਰ ਕਰ ਦੇਣ ਹੁੰਦਾ ਸੀ । ਆਸ਼ਾ ਭਰਪੂਰ ਸਾਰੇ ਜੀਅ ਟੱਬਰ ਵਿਚ ਆਪਣੀ ਆਪਣੀ ਮਹੱਤਤਾ ਅਨੁਸਾਰ ਮੰਜੀਆਂ ਤੇ ਯਾ ਭੋਇੰ ਤੇ-ਸ਼ਾਮ ਲਾਲ ਤੇ ਪੰਨਾ ਮੰਜੀਆਂ ਦੇ ਅਰ ਦੁਸਰੇ ਭੋਇੰ ਤੇ ਚੌਕੜੀਆਂ ਮਾਰਕੇ ਰੋਟੀ ਖਾਣ ਲਈ ਬੈਠ ਗਏ । ਵਿਧਾਤਾ ਵਾਂਗ ਹੀ ਨਿਰਚੇਤ ਅਰ ਉਸ ਤੋਂ ਘਟ ਕਾਣੀ ਵੰਡ ਕਰਨ ਵਾਲੀ ਮਾਂ ਨੇ ਰੋਟੀਆਂ ਵਰਤਾ ਦਿਤੀਆਂ ।
ਰੋਟੀ ਖਾ ਚੁਕਣ ਤੇ ਸਾਰੇ ਆਪਣੀਆਂ ਆਪਣੀਆਂ ਮੰਜੀਆਂ ਤੇ ਡਿਗ ਪਏ । ਛੋਟੇ ਬੱਚੇ ਨੀਂਦ ਨੇ ਇਤਨਾ ਦਬਾ ਲਏ ਸਨ ਕਿ ਉਨਾਂ ਦੇ ਬਿਸਤਰੇ ਕਰਨੇ ਵੀ ਔਖੇ ਹੋ ਗਏ ਸਨ । ਮਾਂ, ਪਿਉ ਤੇ ਵਿੱਦਿਆ ਹਾਲ ਜਾਗ ਰਹੇ ਸਨ । ਪੰਨਾਂ ਨੀਂਦ ਤੇ ਜਾਗ ਦੀ ਵਿਚਕਾਰਲੀ ਹਦ ਤੇ ਘੁੰਮ ਰਿਹਾ ਸੀ ।
ਇਸ ਆਪਤ-ਵਿਗਾਸ ਦੇ ਸਮੇਂ ਦੀ ਸ਼ਾਮ ਲਾਲ ਨੂੰ ਸਾਰੇ ਦਿਨ ਤੋਂ ਉਡੀਕ ਤਾਂ ਸੀ । ਮਾਂ ਨੇ ਹਾਲੀ ਮਸਾਂ ਹੀ ਭਾਂਡੇ ਮਾਂਜੇ ਧੋਤੇ ਹੋਣਗੇ ਕਿ ਉਹ ਆਪਣੀ ਫ਼ਿਲਾਸਫ਼ੀ ਜਾ ਵਿਸਥਾਰ ਕਰਨ ਲੱਗ ਪਿਆ, ਜਿਸ ਲਈ ਉਹ ਪਿਛਲ ਇਕ ਘੰਟੇ ਤੋਂ ਤਿਆਰੀ ਕਰ ਰਿਹਾ ਸੀ ।
"ਮੈਂ ਹੈਰਾਨ ਹਾਂ, ਭਾਗਵਾਨੇ, ਕਿਸਮਤ ਕਿਉਂ ਇਸ ਤਰ੍ਹਾਂ ਸਾਡੇ ਨਾਲ ਰੁਸ ਗਈ ਹੈ," ਵੇਦਾਂਤੀ ਸ਼ਾਮ ਲਾਲ ਨੇ ਕਿਹਾ ।
"ਹਾਂ, ਲਾਲਾ ਜੀ," ਭਾਗਵਾਨ ਨੇ ਜਵਾਬ ਦਿਤਾ ।"
"ਕੀ ਕਮਾਈ ਕੀਤੀ ਹੈ ਅੱਜ ਮੈਂ ? ਭਲਾ, ਬੁਝ ਤਾਂ ।"
"ਹਾਂ, ਕਿੰਨੀ ਕੁ ?" ਗੁੰਬਜ਼ ਦੀ ਆਵਾਜ਼ ਆਈ ।
"ਤਿੰਨ ਆਨੇ," ਸ਼ਾਮ ਲਾਲ ਨੇ ਨਾਟਕੀ ਅੰਦਾਜ਼ ਵਿਚ ਦੱਸਿਆ ।
"ਫਿਟੇ ਮੂੰਹ ਅਜਿਹੀ ਕਿਸਮਤ ਦਾ, ਕੋਈ ਕੀ ਕਰੇ ?"
“ਹਾਂ, ਠੀਕ ਹੈ, ਕੀ ਕਰੇ ਕੋਈ ?” ਗੁੰਬਜ਼ ਦੀ ਆਵਾਜ਼ ਮੱਧਮ ਜਿਹੀ ਬੋਲੀ ।
“ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਰੇ ਟੱਬਰ ਵਿਚ ਕੋਈ ਵੀ ਅਜਿਹਾ ਭਾਗ ਵਾਲਾ ਜੀ ਨਹੀਂ ਜਿਸ ਕਰਕੇ ਹੀ ਸਾਡੇ ਤੇ ਕਿਸਮਤ ਕੁਝ ਮਿਹਰਬਾਨ ਹੋਵੇ,” ਸ਼ਾਮ ਲਾਲ ਨੇ ਇਸ ਚਰਚਾ ਦਾ ਦੂਜਾ ਕਦਮ ਉਠਾਂਦੇ ਹੋਏ ਕਿਹਾ।
ਇਸ ਤੇ ਮਾਂ ਨੂੰ ਕੁਝ ਖਿਝ ਲਗੀ । “ਕਿਉਂ ਨਹੀਂ ?” ਉਸ ਨੇ ਕਿਹਾ । “ਜਾਗਦਾ ਹੈਂ; ਪੁਤਰ ਪੰਨੇ ?"
ਪੰਨਾ ਜਾਗ ਤੇ ਨੀਂਦ ਦੀ ਵਿਚਕਾਰਲੀ ਹੱਦ ਤੋਂ ਖਿਚਿਆ ਬੁੜਬੁੜਾਇਆ" ਹਾਂ ਬੇਬੇ, ਕਿਉਂ ?"
''ਕੁਝ ਨਹੀਂ, ਪੁਤਰ, ਸੌਂ ਜਾ ਚੰਨਿਆ ।" ਤੇ ਭਾਗਵਾਨ ਨੇ ਮੁੜ ਪਤੀ ਨੂੰ ਹੌਸਲਾ ਦੇਣ ਲਈ ਕਿਹਾ, "ਇਤਨੇ ਨਿਰਾਸ ਨਾ ਹੋਵ, ਲਾਲਾ ਜੀ, ਮੇਰਾ ਪੰਨਾ ਬੜਾ ਭਾਗਾਂ ਵਾਲਾ ਪੁੱਤਰ ਹੈ। ਜੋਤਸ਼ੀ ਕਹਿੰਦਾ ਹੈ ਜਦੋਂ ਇਹ ਪੰਦਰਵੇਂ ਵਰ੍ਹੇ ਵਿਚ ਪੈਰ ਰਖੇਗਾ ਤਾਂ ਨੌ ਨਿਧਾਂ ਬਾਰਾਂ ਸਿਧਾਂ ਹੋ ਜਾਣਗੀਆਂ।"
ਇਸ ਵੇਲੇ ਜਾਣੋ ਮਾਂ ਦੀਆਂ ਤਾਰੀਫ਼ਾਂ ਤੇ ਅਸੀਸਾਂ ਵਿਚੋਂ ਹਿਸਾ ਲੈਣ ਲਈ ਛੋਟਾ ਮੁੰਡਾ ਜਾਗ ਪਿਆ ਤੇ ਲਗਾ ਰੀਂ ਰੀਂ ਰੋਣ। ਮਾਂ ਨੂੰ ਛੇਤੀ ਦੇ ਕੇ ਉਸ ਨੂੰ ਸੰਭਾਲਿਆ, ਚੁੱਪ ਕਰਾ ਕੇ ਮੁੜ ਸੁਲਾ ਦਿੱਤਾ ਤੇ ਨਾਲ ਹੀ ਉਸ ਦੇ ਸੁਭਾਗ ਹੋਣ ਦੀਆਂ ਗੱਲਾਂ ਨਾਲ ਆਪਣੇ ਮਨ ਨੂੰ ਢਾਰਸ ਦਿਤੀ । ਵਿਚੋਂ ਸ਼ਾਮ ਲਾਲ ਨੇ ਆਪਣੀ ਫ਼ਿਲਾਸਫ਼ੀ ਦੇ ਅਗਲੇ ਕਦਮ ਦੀ ਤਿਆਰੀ ਕਰ ਲਈ ।
ਪਰ ਉਸ ਨੂੰ ਇਹ ਅਗਲਾ ਕਦਮ ਚੁਕਣਾ ਨਾ ਮਿਲਿਆ। ਪੁਤਰ ਨੂੰ ਸੁਲਾ ਕੇ ਪਤੀ ਵਲ ਧਿਆਨ ਪਰਤਦੀ ਹੋਈ ਭਾਗਵਾਨ ਨੇ ਇਕ ਵਖਰੀ ਹੀ ਗੱਲ ਛੇੜ ਦਿਤੀ ।
''ਵਿੱਦਿਆ ਦੇ ਵਿਆਹ ਦਾ ਕੀ ਸੋਚਿਆ ਜੇ ?" ਉਸ ਪਤੀ ਨੂੰ ਪੁਛਿਆ । "ਉਸ ਦੇ ਸਹੁਰਿਆਂ ਦਾ ਖ਼ਤ ਆਏ ਨੂੰ ਇਤਨੇ ਦਿਨ ਹੋ ਗਏ। ਉਨ੍ਹਾਂ ਵਿਆਹ ਇਸੇ ਸਾਲ ਤਾਂ ਮੰਗਿਆ ਹੈ।"
''ਹਾਂ, ਇਸੇ ਸਾਲ'', ਸ਼ਾਮ ਲਾਲ ਨੂੰ ਮੰਨਣਾ ਪਿਆ।
''ਤਾਂ ਫਿਰ ਤੁਸੀਂ ਕੀ ਸਲਾਹ ਕੀਤੀ ਹੈ ? ਖਤ ਦਾ ਜਵਾਬ ਦੇ ਦਿਤਾ?"
''ਨਹੀਂ, ਤੇਰੇ ਨਾਲ ਸਲਾਹ ਕਰਕੇ ਹੀ ਦੇਣਾ ਸੀ, ਨਾ ?"
''ਪਰ ਜੋ ਸਾਡਾ ਹਾਲ, ਇਸ ਸਾਲ ਅਸੀਂ ਕਿਸ ਤਰਾਂ ਵਿਆਹ ਦੇ ਸਕਦੇ ਹਾਂ ?" ਭਾਗਵਾਨ ਨੇ ਪਤੀ ਨੂੰ ਉਸ ਦੀ ਮਜਬੂਰੀ ਦਾ ਇਹਸਾਸ ਕਰਵਾਣਾ ਚਾਹਿਆ ।
''ਕਰਜ਼ਾ ਚੁਕਣਾ ਪਵੇਗਾ, ਹੋਰ ਕੀ ?” ਸ਼ਾਮ ਲਾਲ ਨੇ ਉਤਰ ਵਿਚ ਕਿਹਾ, ਤੇ ਇਕ ਤਰ੍ਹਾਂ ਨਾਲ ਉਸ ਦਾ ਚਿਹਰਾ ਚਮਕ ਉਠਿਆ । ਉਸ ਦਾ ਚਿਹਰਾ ਇਸੇ ਤਰਾਂ ਚਮਕ ਉਠਦਾ ਜਦ ਵੀ ਉਸ ਨੂੰ ਕਰਜ਼ ਚੁਕਣ ਦਾ ਮੌਕਾ ਹਥ ਔਂਦਾ, ਉਹ ਆਪਣੇ ਭਿੰਨ ਭਿੰਨ ਸਮਿਆਂ ਤੇ ਕਰਜ਼ ਮੰਗਣ ਤੇ ਲੈਣ ਵਿਚ ਕਾਮਯਾਬ ਹੋਣ ਦੀਆਂ ਗੱਲਾਂ ਕਰਕੇ ਬੜਾ ਸੁਆਦ ਲੈਂਦਾ ਸੀ । ਉਹ ਕਰਜ਼ਖਾਹਾਂ ਨਾਲ ਕੀਤੀਆਂ ਬਹਿਸਾਂ ਨੂੰ ਉਸ ਤਰਾਂ ਮਜ਼ੇ ਲੈ ਲੈ ਕੇ ਦੁਹਰਾਂਦਾ ਜਿਵੇਂ ਪਹਿਲਵਾਨ ਆਪਣੇ ਘੋਲਾਂ ਨੂੰ । ਸ਼ਾਮ ਲਾਲ ਨੂੰ ਆਪਣੀ ਪਰਤੀਤ ਤੇ ਵੱਡਾ ਮਾਣ ਸੀ । ਦੁਨੀਆਂ ਨੂੰ ਉਸ ਉਤੇ ਅਥਾਹ ਭਰੋਸਾ ਸੀ । ਥੋੜੀ ਜਿਹੀ ਜਾਇਦਾਦ ਦੇ ਤੇ ਉਹ ਕਰਜ਼ੇ ਦਾ ਇਕ ਵੱਡਾ ਬੋਝ ਉਠਾਣ ਵਿਚ ਕਾਮਯਾਬ ਹੋ ਚੁੱਕਾ ਸੀ। ਉਸ ਵਲੋਂ ਵੀ ਇਹ ਕਹਿ ਦੇਣਾ ਯੋਗ ਹੈ, ਇਸ ਪਰਤੀਤ ਨੂੰ ਗੁਆਣ ਦੀ ਕਦੀ ਕੋਈ ਗਲ ਨਹੀਂ ਸੀ ਹੋਈ ! ਉਸ ਨੇ ਕਿਸੇ ਦਾ ਕਰਜ਼ਾ ਮਾਰ ਲੈਣ ਦਾ ਕਦੀ ਖ਼ਿਆਲ ਤਕ ਨਹੀਂ ਸੀ ਕੀਤਾ। ਤੇ ਨਾ ਹੀ ਕਦੀ ਆਪਣੀ ਮਜਬੂਰੀ ਦੱਸ ਕੇ ਕਰਜ਼ਖ਼ਾਹਾਂ ਤੋਂ ਤਮਸਕ, ਆਦਿ, ਨਵੇਂ ਕਰ ਦੇਣ ਵੇਲੇ ਹੌਲੀਆਂ ਸ਼ਰਤਾਂ ਮੰਗੀਆਂ ਸਨ। ਅਸਲ ਵਿਚ ਉਸ ਨੂੰ ਆਪਣੇ ਕਰਜ਼ੇ ਦਾ ਕਦੀ ਇਹਸਾਸ ਨਹੀਂ ਸੀ ਹੋਇਆ। ਉਸ ਨੇ ਕਦੀ ਬਿਆਜ ਚੁਕਾਣ ਦੀ ਵੀ ਖੇਚਲ ਨਹੀਂ ਸੀ ਕੀਤੀ । ਸਦਾ ਇਸ ਨੂੰ ਪੁਰਾਣੇ ਲੇਖੇ ਵਿਚ ਜਮਾ ਕਰਵਾ ਛਡਿਆ ਸੀ । ਸੋ ਹੁਣ ਤਕ ਉਸਦੇ ਸਾਰੇ ਕਰਜ਼ੇ ਕਾਗਜ਼ੀ ਲੇਖੇ ਹੀ ਸਨ । ਕਰਜ਼ਖ਼ਾਹਾਂ ਨੂੰ ਵੀ ਪਤਾ ਸੀ ਜੋ ਕੁਝ ਉਸ ਕੋਲੋਂ ਮੁੜਨਾ ਸੀ ਜੇ ਉਹ ਉਸ ਨਾਲ ਔਖੇ ਭਾਰੇ ਭੀ ਹੁੰਦੇ ਨੇ ਉਨ੍ਹਾਂ ਦੀ ਇਕ ਹੀ ਆਸ ਉਸਦਾ ਪੁੱਤਰ ਪੰਨਾ ਸੀ ਤੇ ਸ਼ਾਇਦ ਉਨ੍ਹਾਂ ਨੂੰ ਵੀ ਜੋਤਸ਼ੀ ਨੇ ਯਕੀਨ ਕਰਵਾ ਛਡਿਆ ਸੀ ਕਿ ਜਿਉਂ ਹੀ ਉਹ ਪੰਦਰਵੇਂ ਵਰ੍ਹੇ ਵਿਚ ਪੈਰ ਰਖੇਗਾ ਨੌ ਨਿਧੀ ਬਾਰਾਂ ਸਿਧਾਂ ਹੋ ਜਾਣਗੀਆਂ ਤੇ ਉਹ ਸਭ ਕਰਜ਼ੇ ਬਿਆਜ਼ ਸਣੇ ਖੁਲ੍ਹੇ ਦਿਲ ਨਾਲ ਚੁਕਾ ਦੇਵੇਗਾ । ਸਚ ਪੁਛੋ ਤਾਂ ਪੰਨੇ ਨੂੰ ਵੱਡਾ ਹੁੰਦਾ ਦੇਖ ਕੇ ਕਰਜ਼ਖ਼ਾਹਾਂ ਨੂੰ ਉਹ ਹੀ ਤਸੱਲੀ ਹੁੰਦੀ ਸੀ ਜੋ ਪਠੋਰੇ ਨੂੰ ਵੱਧਦਾ ਦੇਖ ਕੇ ਕਸਾਈ ਨੂੰ ਹੁੰਦੀ ਹੈ । ਯਾ ਚੰਗੇਰੇ ਸ਼ਬਦਾਂ ਵਿਚ ਇਉਂ ਕਹਿ ਲਵੋ ਕਿ ਕਰਜ਼ਖ਼ਾਹ ਵੀ ਪੰਨੇ ਨੂੰ ਉਸੇ ਤਰ੍ਹਾਂ ਆਪਣੀ ਪਕ ਰਹੀ ਫਸਲ ਸਮਝਦੇ ਸਨ ਜਿਸ ਤਰ੍ਹਾਂ ਉਸਦੇ ਮਾਪੇ।
ਪਰ ਜੋ ਕੁਝ ਵੀ ਹੋਵੇ ਅਗੇ ਨੂੰ ਕੋਈ ਸ਼ਾਮ ਲਾਲ ਨੂੰ ਹੋਰ ਨਵਾਂ ਕਰਜ਼ਾ ਦੇਣ ਨੂੰ ਤਿਆਰ ਨਹੀਂ ਸੀ । ਤੇ ਇਹ ਨਿਰਾਸ਼ਾ ਹੀ ਸੀ ਜੋ ਉਸ ਦੀ ਭਾਗਵਾਨ ਦੇ ਦਿਮਾਗ ਤੇ ਇਕ ਬੋਝ ਬਣੀ ਹੋਈ ਸੀ । ਪਰ ਸ਼ਾਮ ਲਾਲ ਨੂੰ ਆਪਣੀ ਤਾਕਤ ਅਜ਼ਮਾਣ ਦਾ ਜਾਣੋ ਇਕ ਹੋਰ ਮੌਕਾ ਹਥ ਔਣ ਲਗਾ ਸੀ ਤੇ ਉਸਦਾ ਚਿਹਰਾ ਚਮਕ ਉਠਿਆ ਸੀ ।
"ਜੇ ਵਿਆਹ ਜ਼ਰੂਰ ਇਸੇ ਸਾਲ ਦੇਣਾ ਹੈ ਤਾਂ ਅਸੀਂ ਕਰਜ਼ਾ ਚੁੱਕ ਸਕਦੇ ਹਾਂ" , ਉਸ ਨੇ ਭਗਵਾਨ ਦਾ ਫਿਕਰ ਦੂਰ ਕਰਨ ਲਈ ਕਿਹਾ ।
ਇਹ ਸਾਰਾ ਸਮਾਂ ਵਿੱਦਿਆ ਚੁਪ ਕੀਤੀ ਆਪਣੀ ਮੰਜੀ ਤੇ ਪਈ ਰੋਈ ਗਈ ਸੀ। ਉਹ ਵੀ ਇਕ ਅਜੀਬ ਕਿਸ਼ਮ ਦੀ ਨਾਜ਼ਕ ਤਬੀਅਤ ਵਾਲੀ ਧੀ ਸੀ। ਵਿਆਹ ਦੀ ਇਹ ਗੱਲ ਉਸ ਨੂੰ ਉਹ ਹੁਲਾਸ ਨਹੀਂ ਸੀ ਦੇ ਰਹੀ ਜਿਸ ਨੂੰ ਆਮ ਨੌਜਵਾਨ ਕੁੜੀਆਂ ਮੁੰਡਿਆਂ ਲਈ ਛਿਪਾਣਾ ਔਖਾ ਹੋ ਜਾਂਦਾ ਹੈ । ਉਸ ਨੂੰ ਸਗੋਂ ਇਸ ਤੋਂ ਆਪਣੇ ਮਾਂ ਪਿਉ ਦੀ ਮਜਬੂਰੀ ਦਾ ਦਰਦ ਭਰਿਆ ਗਿਆਨ ਹੋ ਰਿਹਾ ਸੀ ਤੇ ਉਹ ਆਪਣੇ ਹਾਹੁਕੇ ਮਾਂ ਦੇ ਕੰਨਾਂ ਤਕ ਪਹੁੰਚਣ ਤੋਂ ਰੋਕ ਨ ਸਕੀ ।
"ਰੋਂਦੀ ਕਿਉਂ ਹੈਂ, ਵਿੱਦਿਆ ? ਕਮਲੀ ! ਸਾਰੀਆਂ ਕੁੜੀਆਂ ਦਾ ਹੀ ਵਿਆਹ ਹੋ ਜਾਂਦਾ ਹੈ, ਅਗੇਤਰਾ ਪਛੇਤਰਾ ! ਮੇਰੀ ਧੀ, ਕਿਤਨਾ ਇਸ ਨੂੰ ਇਸ ਘਰ ਦਾ ਪਿਆਰ ਹੈ !" ਮਾਂ ਨੇ ਆਪਣੇ ਆਪ ਵਿਚ ਫੁੱਲ ਕੇ ਕਿਹਾ।
"ਹਾਂ ਹਾਂ, ਕਿਉਂ ਰੋ ਰਹੀ ਹੈਂ, ਬੇਟੀ ? ਪਿਉ ਨੇ ਸੁਰ ਮਿਲਾਈ । "ਕਮਲੀ, ਨਾ ਰੋ ।"
ਵਿੱਦਿਆ ਨੂੰ ਹਾਹੁਕੇ ਦਬਾਣੇ ਪਏ ।
"ਮੈਂ ਏਡਾ ਹੀ ਗਿਆ ਗੁਆਚਾ ਨਹੀਂ ਕਿ ਤੇਰਾ ਵਿਆਹ ਵੀ ਲੋੜੀਂਦੀ ਸਜ ਧਜ ਨਾਲ ਨ ਕਰ ਸਕਾਂ ?" ਉਹ ਜੋਸ਼ ਨਾਲ ਭਾਸ਼ਨ ਕਰਨ ਲਗਾ । "ਮੇਰੀ ਸਾਖ ਹਾਲੀ ਮਰੀ ਨਹੀਂ। ਕੁਝ ਵੀ ਕਹਿਣ ਇਹ ਲੋਕ, ਮੈਨੂੰ ਆਪਣੇ ਖਾਨਦਾਨ ਦੀ ਇੱਜ਼ਤ ਦੀ ਕਦਰ ਹੈ । ਮੈਂ ਮੂਲੋਂ ਹੀ ਨਹੀਂ ਰਹਿ ਚੁਕਾ ।"
ਵਿੱਦਿਆ ਦੇ ਭੁਲੇਖੇ ਦੂਰ ਕਰਨ ਲਈ ਇਹ ਕਾਫ਼ੀ ਸੀ । ਉਹ ਭਰੇ ਦਿਲ ਤੇ ਰੋਣ ਨੂੰ ਦਬਾ ਕੇ ਸੌਂ ਗਈ । ਭਾਗਵਾਨ ਵੀ ਦਿਨ ਭਰ ਦੀ ਥੱਕੀ ਟੁੱਟੀ ਊਂਘ ਰਹੀ ਸੀ। ਉਹ ਆਪਣੀ ਮੰਜੀ ਤੇ ਜਾ ਡਿਗੀ ਤੇ ਪਲਾਂ ਵਿਚ ਨੀਂਦ ਦੇ ਘੁਰਾੜੇ ਮਾਰਨ ਲਗੀ । ਸ਼ਾਮ ਲਾਲ ਰਹਿ ਗਿਆ, ਸੌਂ ਜਾਵੇ ਜਾਂ ਵੇਦਾਂਤ ਵਿਚ ਉਡਾਰੀਆਂ ਲਾਵੇ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ