Saban Di Chippar (Punjabi Story) : Kulwant Singh Virk

ਸਾਬਣ ਦੀ ਚਿੱਪਰ (ਕਹਾਣੀ) : ਕੁਲਵੰਤ ਸਿੰਘ ਵਿਰਕ

ਅਸੀਂ ਤਿੰਨੇ ਹੋਟਲ ਵਿਚ ਬੈਠੇ ਚਾਹ ਪੀ ਰਹੇ ਸਾਂ, ਮੈਂ, ਪ੍ਰੇਮ ਤੇ ਨਰਿੰਦਰ। ਨਰਿੰਦਰ ਸਰਦਾਰਾਂ ਦਾ ਮੁੰਡਾ ਸੀ। ਹੁਣ ਕਹਾਣੀਆਂ ਲਿਖਣ ਲਗ ਪਿਆ ਸੀ। ਇਹ ਤੇ ਕੋਈ ਅਨੋਖੀ ਗੱਲ ਨਹੀਂ ਸੀ। ਸਰਦਾਰਾਂ ਦੇ ਮੁੰਡਿਆਂ ਤੋਂ ਕਿਹੜਾ ਕੰਮ ਭੁਲਿਆ ਹੋਇਆ ਏ। ਆਪਣੀਆਂ ਪੈਲੀਆਂ ਦੀ ਵੱਟਾਂ ਤੇ ਫੇਰੇ ਵੀ ਮਾਰਦੇ ਨੇ ਤੇ ਵਜ਼ੀਰੀਆਂ ਵੀ ਕਰਦੇ ਨੇ। ਹਵਾਈ ਜਹਾਜ਼ ਵੀ ਚਲਾਂਦੇ ਨੇ ਤੇ ਸ਼ਿਕਾਰ ਮਗਰ ਕੁੱਤੇ ਵੀ ਭਜਾਂਦੇ ਨੇ, ਨੌਕਰੀਆਂ ਵੀ ਕਰਦੇ ਨੇ ਤੇ ਜਲੂਸ ਕੱਢ ਕੇ ਕੈਦ ਵੀ ਹੁੰਦੇ ਨੇ। ਮਜ਼ੇ ਦੀ ਗੱਲ ਤੇ ਇਹ ਸੀ ਕਿ ਉਸ ਦੀਆਂ ਕਹਾਣੀਆਂ ਮਾਰਕਸ ਦੇ ਸ਼ਬਦਾਂ ਵਿਚ ‘ਲੁੱਟੇ ਹੋਏ ਲੋਕਾਂ’, ਦਾ ਪੱਖ ਪੂਰਦੀਆਂ ਸਨ। ਸਮਾਜਕ ਨਿਆਂ ਲਈ ਰੌਲਾ ਪਾਉਂਦੀਆਂ ਸਨ। ਇਸ ਬਾਰੇ ਹੀ ਗੱਲਾਂ ਹੋ ਰਹੀਆਂ ਸਨ।
ਪ੍ਰੇਮ ਤੇ ਮੈਂ ਇਸ ਦੇ ਹੱਕ ਵਿਚ ਨਹੀਂ ਸਾਂ ਕਿ ਕਹਾਣੀਆਂ ਇਸੇ ਸਵਾਲ ਦੀ ਭੇਟਾ ਕਰ ਦਿੱਤੀਆਂ ਜਾਣ।

‘‘ ਇਹ ਗਰੀਬੀ ਅਮੀਰੀ ਦਾ ਰੌਲਾ ਐਵੇਂ ਮੋਟੀ ਬੁੱਧ ਦੀ ਨਿਸ਼ਾਨੀ ਏ,’’ ਪ੍ਰੇਮ ਕਹਿ ਰਿਹਾ ਸੀ, ‘‘ਜਿਨ੍ਹਾਂ ਲੋਕਾਂ ਦੀ ਸੂਝ ਲਿੱਸੀ ਏ ਉਹ ਸਮਝਦੇ ਨੇ ਕਿ ਬਹੁਤੇ ਪੈਸੇ ਨਾਲ ਬਹੁਤੀਆਂ ਮੌਜਾਂ ਨੇ ਤੇ ਜੇ ਥੋੜਾ ਹੋਵੇ ਤਾਂ ਕੋਈ ਸਵਾਦ ਨਹੀਂ। ਉਹ ਲੋਕ ਗਰੀਬ ਦੇ ਦਿਲ ਨੂੰ ਇਕ ਐਸੀ ਥਾਂ ਗਿਣਦੇ ਨੇ ਜਿਸ ਵਲ ਕੇਵਲ ਇਕ ਪਾਸੇ ਦਾ ਰਸਤਾ ਹੀ ਖੁਲ੍ਹਾ ਏ। ਉਸ ਰਸਤੇ ਤੇ ਦੁੱਖ ਕਲੇਸ਼ ਉਸ ਵਲ ਭਜੇ ਜਾਂਦੇ ਨੇ, ਪਰ ਉਧਰੋਂ ਦੂਜੇ ਪਾਸਿਓਂ ਕੋਈ ਖੇੜਾ, ਕੋਈ ਲਿਸ਼ਕ ਉਸ ਦੇ ਮੂੰਹ ’ਤੇ ਨਹੀਂ ਆ ਸਕਦੀ। ਰਸਤਾ ਹੀ ਬੰਦ ਕਰ ਦਿੰਦੇ ਨੇ, ਇਹ ਲੋਕ। ਮੈਂ ਇਹ ਨਹੀਂ ਮੰਨਦਾ।’’ ਪ੍ਰੇਮ ਨੇ ‘ਨਾਂਹ’ ਵਿਚ ਸਿਰ ਹਿਲਾਇਆ ਤੇ ਨਰਿੰਦਰ ਵਲ ਇਸ ਤਰ੍ਹਾ ਵੇਖਿਆ ਜਿਵੇਂ ਉਸ ਦੇ ਉਲਟ ਗੱਲ ਕਰਦੇ ਸਾਰ ਹੀ ਹੂਰੋ-ਹੂਰੀ ਹੋ ਪਏਗਾ।
ਪਾਸੇ ਵਾਲੇ ਕਮਰੇ ਦਾ ਬੂਹਾ ਖੁਲ੍ਹਾ, ਵਿਚੋਂ ਇਕ ਖੂਬਸੂਰਤ ਔਰਤ, ਇਕ ਆਦਮੀ ਤੇ ਇਕ ਬੱਚਾ ਨਿਕਲੇ। ਅਸੀਂ ਉਨ੍ਹਾਂ ਵਲ ਵੇਖਣ ਲਗ ਪਏ। ਔਰਤ ਇੰਨੇ ਆਦਮੀਆਂ ਦੀਆਂ ਤਿੱਖੀਆਂ ਨਜ਼ਰਾਂ ਹੇਠ ਘਬਰਾਈ ਹੋਈ ਸਿੱਧੀ ਦਰਵਾਜ਼ੇ ਵਲ ਵੇਖਦੀ ਬਾਹਰ ਨਿਕਲ ਗਈ। ਬੱਚਾ ਮੇਜ਼ ’ਤੇ ਟਿਕਾਏ ਫੁੱਲਾਂ ਨੂੰ ਹੱਥ ਲਾ ਕੇ ਵੇਖਣ ਲਈ ਖੜਾ ਹੋ ਗਿਆ। ਆਦਮੀ ਬਾਹਰੋਂ ਵਾਪਸ ਆ ਕੇ ਉਸ ਨੂੰ ਨਾਲ ਲੈ ਗਿਆ। ਸਾਡਾ ਧਿਆਨ ਫਿਰ ਆਪਣੀ ਚਾਹ ਤੇ ਆਪਣੀਆਂ ਗੱਲਾਂ ਵਲ ਮੁੜ ਆਇਆ।
ਮੈਨੂੰ ਪ੍ਰੇਮ ਦੀ ਗੱਲ ਸਿਆਣੀ ਲਗੀ। ‘‘ਇਹ ਥੀਊਰੀ ਤੇ ਮੈਨੂੰ ਵੀ ਗਲਤ ਜਾਪਦੀ ਏ।’’ ਮੈਂ ਆਪਣਾ ਹਿੱਸਾ ਪਾਇਆ। ‘‘ਜੇ ਅਸੀਂ ਇਸ ਹੋਟਲ ਵਿਚ ਬੈਠ ਕੇ ਚੋਖੇ ਪੈਸਿਆਂ ਦੀ ਚਾਹ ਪੀ ਰਹੇ ਹਾਂ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਹੋਟਲ ਤੋਂ ਬਾਹਰ ਕਿਸੇ ਨੂੰ ਚਾਹ ਦਾ ਸੁਆਦ ਹੀ ਨਹੀਂ ਆ ਰਿਹਾ। ਹੋ ਸਕਦਾ ਹੈ ਕਿ ਕੋਈ ਆਪਣੀ ਵਹੁਟੀ ਜਾਂ ਧੀ ਹੱਥੋਂ ਚਾਹ ਪੀ ਕੇ ਕਿਤੇ ਸੁਆਦ ਲੈ ਰਿਹਾ ਹੋਵੇ।’’

ਪ੍ਰੇਮ ਨੇ ਮੇਰੀ ਗੱਲ ਦੀ ਤਾਕੀਦ ਵਿਚ ਦੋ ਵਾਰ ਸਿਰ ਹਿਲਾਇਆ ਤੇ ਫਿਰ ਚਾਹ ਦਾ ਘੁਟ ਭਰਿਆ ਸ਼ਾਇਦ ਇਹ ਵੇਖਣ ਲਈ ਕਿ ਇਸ ਮਹਿੰਗੇ ਹੋਟਲ ਦੀ ਚਾਹ ਕਿੰਨੀ ਕੁ ਸੁਆਦ ਏ। ਫਿਰ ਉਸ ਨੇ ਮੇਰੇ ਵਲ ਵੇਖ ਕੇ ਕਿਹਾ, ‘‘ਹਾਂ, ਇਹੀ ਤੇ ਮੈਂ ਕਹਿੰਦਾ ਹਾਂ। ਮੈਂ ਪੁੱਛਣਾ ਵਾਂ ਕੀ ਰਾਂਝਾ ਬਹੁਤ ਅਮੀਰ ਸੀ? ਪਰ ਅੱਜ ਕਿਹੜਾ ਏ ਜਿਹੜਾ ਇਹ ਆਖੇ ਕਿ ਉਸ ਦੀ ਜ਼ਿੰਦਗੀ ਫਜ਼ੂਲ ਤੇ ਘਟੀਆ ਸੀ?’’
ਨਰਿੰਦਰ ਬੁਲ੍ਹਾਂ ਵਿਚ ਮੁਸਕਰਾਇਆ । ਅੱਖ ਦੇ ਫੋਰ ਲਈ ਇਸ ਤਰ੍ਹਾਂ ਲਗਾ ਜਿਵੇਂ ਕੁਝ ਕਹਿਣ ਲੱਗਾ ਏ, ਪਰ ਉਹ ਬੋਲਿਆਂ ਕੁਝ ਨਾ।ਮੈਦਾਨ ਸਾਡੇ ਹੱਥ ਸੀ।
ਪ੍ਰੇਮ ਨੇ ਚਾਹ ਦੇ ਦੋ ਘੁੱਟ ਹੋਰ ਭਰੇ ਤੇ ਫਿਰ ਕੁਝ ਜੋਸ਼ ਵਿਚ ਆ ਕੇ ਕਿਹਾ :
‘‘ਮੈਨੂੰ ਉਹ ਲੋਕ ਬਹੁਤ ਬੁਰੇ ਲਗਦੇ ਨੇ ਜਿਹੜੇ ਦੇਸ਼ ਦੀ ਵੱਸੋਂ ਦੇ ਵੱਡੇ ਹਿੱਸੇ ਨੂੰ ਕਦੀ ਤੇ ਮਧੋਲਿਆ ਹੋਇਆ ਕਹਿੰਦੇ ਨੇ ਤੇ ਕਦੀ ਲਿਤਾੜਿਆ ਹੋਇਆ। ਉਹ ਕਿਹੜੀ ਲਹਿਰ ਏ ਜਿਸ ਵਿਚ ਇਹ ਆਏ ਹੋਣ ਤੇ ਉਹ ਸਫਲ ਨਾ ਹੋਈ ਹੋਵੇ! ਇਹ ਇਕੱਲੇ ਸਾਡੇ ਦੇਸ਼ ਦੀ ਗੱਲ ਨਹੀਂ, ਹਰ ਦੇਸ਼ ਵਿਚ ਇਸੇ ਤਰ੍ਹਾਂ ਹੀ ਹੋਇਆ ਏ। ਜਿਹੜੇ ਲੋਕਾਂ ਦੀ ਛੁਹ ਲਹਿਰਾਂ ਨੂੰ ਬੰਨੇ ਲਾਉਂਦੀ ਏ ਉਨ੍ਹਾਂ ਨੂੰ ਤੁਸੀਂ ਲਿਤਾੜੇ ਹੋਏ ਕਿਵੇਂ ਕਹਿ ਸਕਦੇ ਓ?’’ ਪ੍ਰੇਮ ਨੇ ਆਪਣੀ ਦਲੀਲ ਦੇ ਤੇਜ ਨਾਲ ਆਪ ਹੀ ਗਰਮ ਹੋ ਰਿਹਾ ਸੀ। ਉਸ ਇਹ ਅਖੀਰਲੀ ਗੱਲ ਏਡੀ ਉਚੀ ਮੁਕਾਈ ਕਿ ਉਥੇ ਬੈਠੇ ਕਈ ਲੋਕ ਸਾਡੇ ਵਲ ਵੇਖਣ ਲਗ ਪਏ।

ਆਪਣੇ ਵਲੋਂ ਉਨ੍ਹਾਂ ਦਾ ਧਿਆਨ ਹਟਾਣ ਲਈ ਕੁਝ ਚਿਰ ਅਸੀਂ ਚੁੱਪ ਕਰਕੇ ਚਾਹ ਪੀਂਦੇ ਰਹੇ, ਪਰ ਸਾਡੇ ਦਿਮਾਗ ਵਿਚ ਬਹਿਸ ਕਰਕੇ ਤਿੱਖੇ ਹੋਏ ਹੋਏ ਸਨ ਤੇ ਚੁੱਪ ਰਹਿਣਾ ਔਖਾ ਸੀ। ਮੈਂ ਫਿਰ ਹੌਲੀ ਜਿਹੀ ਗੱਲ ਛੇੜ ਦਿੱਤੀ :
‘‘ਮੈਂ ਦੁਨੀਆਂ ਦੇ ਦੋ ਸੁਆਦ ਸਭ ਤੋਂ ਉੱਤਮ ਮੰਨਦਾ ਹਾਂ- ਇਞਾਣਾ ਖਿਡਾਂਦੀ ਮਾਂ ਦਾ ਸੁਆਦ ਤੇ ਮੁਕਲਾਵੇ ਜਾਂਦੀ ਵਹੁਟੀ ਦਾ ਸੁਆਦ।ਇਹ ਸੁਆਦ ਮਾਣਦੀਆਂ ਇਸਤਰੀਆਂ ਨੂੰ ਮੈਂ ਖਲੋ ਖਲੋ ਕੇ, ਲੁਕ ਲੁਕ ਕੇ ਵੇਖਿਆ ਏ। ਮੈਨੂੰ ਤੇ ਇਥੇ ਗਰੀਬ ਅਮੀਰ ਵਿਚ ਕਦੀ ਫਰਕ ਨਹੀਂ ਲਗਾ। ਦੋਹਾਂ ਦੇ ਮੂੰਹ ਇਕੋ ਜਿਹੇ ਖਿੜੇ ਹੋਏ ਹੁੰਦੇ ਨੇ।’’
‘‘ਓਇ ਅਸੀਂ ਦੋਵੇਂ ਈ ਬੋਲੀ ਜਾਨੇ ਆਂ, ਤੂੰ ਕਿਉਂ ਨਹੀਂ ਬੋਲਦਾ?’’ ਪ੍ਰੇਮ ਨੇ ਖਿਝ ਕੇ ਨਰਿੰਦਰ ਨੂੰ ਕਿਹਾ।
‘‘ਮੈਂ ਇਸ ਮਾਮਲੇ ’ਤੇ ਬਹਿਸ ਨਹੀਂ ਕਰਨਾ ਚਾਹੁੰਦਾ।’’ ਨਰਿੰਦਰ ਸਵੈ-ਵਿਸ਼ਵਾਸ ਦੇ ਚੁਬਾਰੇ ਤੋਂ ਬੋਲਿਆ।
‘‘ਕਿਉਂ?’’
‘‘ਕਿਉਂਕਿ ਇਸ ’ਤੇ ਬਹਿਸ ਹੋ ਹੀ ਨਹੀਂ ਸਕਦੀ।’’
‘‘ਪਰ ਗੱਲਾਂ ਤੇ ਹੋ ਸਕਦੀਆਂ ਨੇ।’’
‘‘ਹਾਂ।’’
‘‘ਫਿਰ ਕੋਈ ਗੱਲ ਹੀ ਦੱਸ ਦੇ।’’
‘‘ਕੋਈ ਕਾਈ ਨਹੀਂ। ਬੱਸ ਇਕੋ ਈ ਗੱਲ ਏ। ਸਾਰੀਆਂ ਮੇਰੀਆਂ ਲਿਖਤਾਂ ’ਤੇ ਏਸ ਇਕੋ ਗੱਲ ਦੀ ਹੀ ਪਾਣ ਚੜ੍ਹੀ ਹੋਈ ਏ।’’ ਹੁਣ ਨਰਿੰਦਰ ਕੁਝ ਢਿੱਲਾ ਹੋ ਆਇਆ ਸੀ।
‘‘ਹੱਛਾ! ਏਨੀ ਬਹੁਤੀ ਲਿਸ਼ਕ ਵਾਲੀ ਗੱਲ ਤੇ ਅਸੀਂ ਅੱਜ ਸੁਣ ਕੇ ਹੀ ਉਠਣਾ ਏ’’ ਪ੍ਰੇਮ ਨੇ ਚਾਅ ਨਾਲ ਆਖਿਆ। ਉਸ ਦੀ ਗੱਲ ਵਿਚ ਹੁਣ ਤਰਲਾ ਵੀ ਸੀ।
ਨਰਿੰਦਰ ਦੇ ਮਨ ਵਿਚ ਮਿਹਰ ਪਈ ਤੇ ਉਹ ਗੱਲ ਸੁਣਾਨ ਲਗ ਪਿਆ ।
‘‘ਇਹ ਗੱਲ ਹੈ ਤੇ ਚਿਰੋਕਣੀ, ਪਰ ਮੇਰੇ ਵਾਸਤੇ ਤੇ ਹਰ ਵੇਲੇ ਸੱਜਰੀ ਏ।’’

‘‘ ਮੈਨੂੰ ਐਮ.ਏ. ਪਾਸ ਕੀਤਿਆਂ ਅਜੇ ਥੋੜਾ ਚਿਰ ਹੀ ਹੋਇਆ ਸੀ ਤੇ ਪਿੰਡ ਹੀ ਰਹਿੰਦਾ ਹੁੰਦਾ ਸਾਂ। ਸਾਡੀ ਹਵੇਲੀ ਦੇ ਨਾਲ ਹੀ ਸਾਡੇ ਖੇਤਾਂ ਵਿਚ ਕੰਮ ਕਰਨ ਵਾਲੇ ਇਕ ਆਦਮੀ ਦਾ ਘਰ ਸੀ। ਉਸ ਦੀ ਇਕ ਕੁੜੀ ਸਾਡੇ ਘਰ ਕੰਮ ਕਰਦੀ ਸੀ। ਕੰਮ ਉਹ ਕੋਈ ਰਸੋਈ ਦਾ ਤੇ ਨਹੀਂ ਸੀ ਕਰਦੀ। ਰਸੋਈ ਦੇ ਤੇ ਉਸ ਨੂੰ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ। ਬੱਸ ਸਫਾਈ ਤੇ ਹੋਰ ਉਤਲਾ ਉਤਲਾ ਕੰਮ ਕਰਦੀ ਸੀ।ਇਸ ਗੱਲ ਦੀ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਘਰ ਵਿਚ ਬੈਠੀ ਭੌਂਰੀ ਤੇ ਕੰਮ ਕਰਦੀ ਉਹ ਕਿਸੇ ਨੂੰ ਰੜਕਦੀ ਹੀ ਨਹੀਂ ਸੀ। ਕੋਈ ਉਸ ਵਲ ਅੱਖ ਭਰ ਕੇ ਵੇਖਦਾ ਨਹੀਂ ਸੀ। ਉਸ ਦੇ ਸਾਹਮਣੇ ਬਗੈਰ ਉਸ ਨੂੰ ਵਿਚੋਂ ਦਿੱਤੇ ਅਸੀਂ ਕੁਝ ਵੀ ਖਾ ਸਕਦੇ ਸਾਂ। ਉਸ ਦੇ ਕੋਲ ਫਿਰਦਿਆਂ ਕੋਈ ਵੀ ਗੱਲ ਕਰ ਸਕਦੇ ਸਾਂ। ਉਸ ਦੀਆਂ ਵੀ ਅੱਖਾਂ ਸਨ, ਕੰਨ ਸਨ, ਦਿਮਾਗ ਸੀ, ਦਿਲ ਸੀ, ਇਹ ਸਾਡੇ ਟੱਬਰ ਦੇ ਕਿਸੇ ਜੀਅ ਦੇ ਮਨ ਵਿਚ ਆਉਂਦਾ ਹੀ ਨਹੀਂ ਸੀ। ਸਾਰੇ ਟੱਬਰ ਦੇ ਇਸ ਵਤੀਰੇ ਕਰਕੇ ਮੇਰੀ ਉਸ ਵਿਚ ਦਿਲਚਸਪੀ ਹੋ ਗਈ। ਉਹ ਸਾਡੇ ਬਾਰੇ ਕੀ ਸੋਚਦੀ ਸੀ? ਸਾਡੇ ਵਿਚ ਆਪਣੀ ਕੀ ਥਾਂ ਮਿਥਦੀ ਸੀ? ਬਾਹਰਲੀ ਦੁਨੀਆਂ ਵਿਚ ਆਪਣੀ ਕੀ ਥਾਂ ਵੇਖਦੀ ਸੀ? ਉਸ ਦੀਆਂ ਕੀ ਉਮੰਗਾਂ ਸਨ?
‘‘ ਮੈਂ ਵੇਖਿਆ ਕਿ ਉਸ ਦੀ ਸ਼ਕਲ ਮਾੜੀ ਨਹੀਂ ਸੀ। ਕੇਵਲ ਉਸ ਨੂੰ ਆਪਣੇ ਆਪ ਦਾ ਪਤਾ ਨਹੀਂ ਸੀ।
‘‘ਇਕ ਦਿਨ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਉਸ ਨੂੰ ਹੱਟੀਓਂ ਰੇਠੇ ਲਿਆਉਣ ਲਈ ਇਕ ਅਠਿਆਨੀ ਦਿੱਤੀ। ਹੱਟੀ ਪਿੰਡ ਦੇ ਦੂਜੇ ਸਿਰੇ ਸੀ।ਹੱਟੀ ਵਾਲੇ ਨੇ ਕਿਹਾ, ਰੇਠੇ ਮੁਕੇ ਹੋਏ ਨੇ, ਪਰ ਮੇਰਾ ਮੁੰਡਾ ਸ਼ਹਿਰੋਂ ਸੌਦਾ ਲੈਣ ਗਿਆ ਹੋਇਆ ਏ। ਗੱਡੀ ਨੂੰ ਟੇਸ਼ਨ ਤੋਂ ਲੰਘਿਆ ਢੇਰ ਚਿਰ ਹੋ ਗਿਆ ਏ, ਹੁਣੇ ਆਉਂਦਾ ਹੀ ਹੋਵੇਗਾ, ਰੇਠੇ ਵੀ ਲਿਆਵੇਗਾ। ਤੂੰ ਝਟ ਉਡੀਕ ਲੈ।
‘‘ ਕੁੜੀ ਉਥੇ ਬੈਠ ਗਈ। ਅਨ੍ਹੇਰਾ ਹੋ ਗਿਆ, ਪਰ ਹੱਟੀ ਵਾਲੇ ਦਾ ਮੁੰਡਾ ਅਪੜਿਆ ਨਾ। ਬੇ ਉਮੀਦ ਹੋ ਕੇ ਕੁੜੀ ਮੁੜ ਆਈ। ਅਨ੍ਹੇਰਾ ਹੋ ਜਾਣ ਕਰਕੇ ਅਸੀਂ ਬੂਹਾ ਬੰਦ ਕੀਤਾ ਹੋਇਆ ਸੀ। ਵਾਪਸ ਆ ਕੇ ਉਸ ਨੇ ਖੜਕਾਇਆ। ਮੈਂ ਖੋਲ੍ਹਿਆਂ ਤਾਂ ਉਸ ਨੇ ਕਿਹਾ, ਮਾਤਾ ਜੀ ਨੂੰ ਕਹੋ ਕਿ ਰੇਠੇ ਨਹੀਂ ਮਿਲੇ ਸਵੇਰੇ ਲੈ ਆਵਾਂਗੀ। ਹੁਣ ਪੈਸੇ ਰਖ ਲੈਣ। ਮਾਤਾ ਜੀ ਨੇ ਸੁਣ ਕੇ ਦੂਰੋਂ ਹੀ ਕਿਹਾ, ਤੂੰ ਪੈਸੇ ਆਪਣੇ ਕੋਲ ਹੀ ਰੱਖ, ਸਵੇਰੇ ਜਾ ਕੇ ਲੈ ਆਵੀਂ। ਪਰ ਉਸ ਨੇ ਇਹ ਗੱਲ ਅਣਸੁਣੀ ਕਰ ਕੇ ਅਠਿਆਨੀ ਮੇਰੇ ਹੱਥ ਵਿਚ ਫੜਾ ਦਿੱਤੀ।
‘‘ ਪਰ ਤੂੰ ਆਪਣੇ ਕੋਲ ਹੀ ਕਿਉਂ ਨਹੀਂ ਰਖਦੀ?’’ ਮੈਂ ਪੁੱਛਿਆ।
‘‘ਲਓ, ਸਰਦਾਰ ਜੀ! ਜੇ ਕਿਧਰੇ ਗਵਾਚ ਜਾਵੇ ਤਾਂ ਅਸਾਂ ਗਰੀਬਾਂ ਨੇ ਕਿਥੋਂ ਭਰ ਕੇ ਦੇਣੀ ਏਂ?’’
‘‘ਮੈਨੂੰ ਇਸ ਗੱਲ ’ਤੇ ਬੜੀ ਹੈਰਾਨੀ ਹੋਈ ਕਿ ਕਈਆਂ ਲੋਕਾਂ ਨੂੰ ਇਕ ਰਾਤ ਲਈ ਇਕ ਅਠਿਆਨੀ ਸਾਂਭਣ ਤੋਂ ਵੀ ਡਰ ਆਉਂਦਾ ਏ।
‘‘ਇਕ ਦਿਨ ਉਹ ਬਾਹਰ ਧੁਪੇ ਸਾਡੇ ਕਪੜੇ ਧੋ ਰਹੀ ਸੀ। ਮੈਂ ਆਪਣੇ ਕਮਰੇ ਵਿਚ ਬੈਠਾ ਬਾਰੀ ਵਿਚੋਂ ਉਸ ਨੂੰ ਵੇਖ ਰਿਹਾ ਸਾਂ। ਬਾਰੀ ਅੱਗੇ ਜਾਲੀ ਲਗੀ ਹੋਈ ਸੀ। ਉਂਜ ਵੀ ਕਮਰੇ ਵਿਚ ਅਨ੍ਹੇਰਾ ਜਿਹਾ ਸੀ। ਇਸ ਲਈ ਉਹ ਮੈਨੂੰ ਵੇਖ ਨਹੀਂ ਸਕਦੀ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਉਥੇ ਬੈਠਾ ਸਾਂ।
‘‘ਉਸ ਦਾ ਆਪਣਾ ਕਮੀਜ਼ ਵੀ ਬਹੁਤ ਮੈਲਾ ਹੋਇਆ ਹੋਇਆ ਸੀ। ਉਸ ਕੋਲ ਸ਼ਾਇਦ ਹੋਰ ਕਮੀਜ਼ ਹੈ ਹੀ ਨਹੀਂ ਸੀ ਤੇ ਧੋਣ ਦਾ ਇਹੋ ਤਰੀਕਾ ਸੀ ਕਿ ਉਹ ਕਮੀਜ਼ ਲਾਹ ਕੇ ਉਨਾ ਚਿਰ ਆਪਣੇ ਦੁਆਲੇ ਚਾਦਰ ਵਲੇਟੀ ਰਖੇ। ਉਸ ਨੂੰ ਚੂੰਕਿ ਕਿਸੇ ਬੰਦੇ ਦੇ ਨੇੜੇ ਹੋਣ ਦਾ ਖਿਆਲ ਨਹੀਂ ਸੀ, ਉਸ ਨੇ ਬੇਖਬਰ ਖੜੇ ਹੋ ਕੇ ਕਮੀਜ਼ ਲਾਹੀ ਤੇ ਫਿਰ ਆਪਣੇ ਦੁਆਲੇ ਚਾਦਰ ਵਲ ਲਈ। ਇਕ ਛਿਨ ਲਈ ਇਕ ਸੁੰਦਰ ਸਰੀਰ ਦੀ ਝਲਕ ਮੈਨੂੰ ਦਿਸੀ। ਜੀ ਕਰਦਾ ਸੀ ਕਿ ਇਹ ਛਿਨ ਲੰਮਾ ਹੋ ਜਾਏ। ਕਦੀ ਜੀ ਵੀ ਰੱਜਿਆ ਏ? ‘‘ਹੁਣ ਮੇਰੀ ਉਸ ਦੇ ਨੇੜੇ ਹੋਣ ਦੀ ਉਤਸੁਕਤਾ ਹੋਰ ਵੀ ਵਧ ਗਈ।

‘‘ ਇਕ ਦਿਨ ਉਹ ਮੇਰਾ ਕਮਰਾ ਸਾਫ ਕਰ ਰਹੀ ਸੀ। ਮੈਂ ਅੰਦਰ ਆ ਗਿਆ। ਕੁਝ ਥੋੜੀ ਜਿਹੀ ਸਾਂਝ ਦਾ ਮੈਨੂੰ ਪਹਿਲੇ ਹੀ ਵਿਸ਼ਵਾਸ ਸੀ। ਮੇਰੇ ਲਈ ਇਹ ਬੜੀ ਮਹਾਨ ਘੜੀ ਸੀ ਮੈਂ ਆਪਣੇ ਜਜ਼ਬੇ ਉਹਦੇ ਪੈਰਾਂ ਵਿਚ ਖਲਾਰ ਕੇ ਉਹਨੂੰ ਇਕ ਉੱਚੀ ਦੁਨੀਆਂ ਦੀ ਝਲਕ ਦੇਣਾ ਚਾਹੁੰਦਾ ਸਾਂ। ਉਸ ਦੇ ਹੱਥ ਵਿਚੋਂ ਝਾੜੂ ਲੈ ਮੈਂ ਭੋਏਂ ਤੇ ਰਖ ਦਿੱਤਾ ਤੇ ਫਿਰ ਉਸ ਨੂੰ ਬਾਹੋਂ ਫੜ ਕੇ ਆਪਣੀ ਮੰਜੀ ’ਤੇ ਬਹਾ ਲਿਆ।ਮੈਂ ਆਪ ਢੁਕ ਕੇ ਉਸ ਦੇ ਨਾਲ ਬੈਠ ਗਿਆ ਤੇ ਇਕ ਹੱਥ ਉਸ ਦੇ ਮੋਢੇ ’ਤੇ ਰੱਖ ਕੇ ਉਸ ਨੂੰ ਹੋਰ ਆਪਣੇ ਨਾਲ ਘੁਟ ਲਿਆ।’’
‘‘ ਇਹ ਗੱਲ ਚੰਗੀ ਨਹੀਂ ਸਰਦਾਰ ਜੀ, ਤੁਹਾਡੇ ਲਈ’’ ਉਸ ਨੇ ਨਿਮ੍ਹਾਂ ਜਿਹਾ ਉਲ੍ਹਾਮਾ ਦਿੱਤਾ।
‘‘ਨਹੀਂ ਚੰਗੀ ਏ, ਬੜੀ ਚੰਗੀ।’’ ਮੈਂ ਭੱਦੇ ਜਿਹੇ ਤਰੀਕੇ ਨਾਲ ਉਸ ਨੂੰ ਟਾਲਿਆ ਤੇ ਉਹ ਕੁਝ ਮੁਸਕਰਾ ਪਈ, ਸ਼ਾਇਦ ਮੇਰੇ ਇਸ ਸਿੱਧੇ ਜਿਹੇ ਜਵਾਬ ’ਤੇ।
ਬਹੁਤ ਚੰਗਾ ਮੁੱਢ ਬੱਝ ਗਿਆ ਸਮਝ ਕੇ ਮੈਂ ਉਸ ਦਾ ਹੱਥ ਛੱਡ ਦਿੱਤਾ ਤੇ ਉਹ ਉਠ ਕੇ ਖਲੋ ਗਈ ।
‘‘ਇਹ ਸਾਬਣ ਲੈ ਲਵਾਂ ਸਰਦਾਰ ਜੀ?’’ ਉਸ ਨੇ ਉਠਦਿਆਂ ਸਾਰ ਹੀ ਮੰਗ ਕੀਤੀ। ਜਿਥੇ ਅਸੀਂ ਬੈਠੇ ਸਾਂ ਉਸ ਦੇ ਸਾਹਮਣੇ ਅੰਗੀਠੀ ’ਤੇ ਮੇਰੇ ਨਹਾਉਣ ਵਾਲੇ ਸਾਬਣ ਦੀ ਚਿੱਪਰ ਪਈ ਸੀ। ਇਸ ਸਾਰੀ ਖੇਡ ਵਿਚ ਉਸ ਦਾ ਧਿਆਨ ਸ਼ਾਇਦ ਉਸ ਚਿੱਪਰ ਵਿਚ ਹੀ ਰਿਹਾ ਸੀ।ਜੇ ਕੋਈ ਮੈਨੂੰ ਪੁਛੇ ਤਾਂ ਮੈਨੂੰ ਤੇ ਇਸ ਮਜ਼ੇਦਾਰ ਸੁਪਨੇ ਵਿਚੋਂ ਕਿਸੇ ਚੀਜ਼ ਦੀ ਹੋਸ਼ ਨਹੀਂ ਸੀ।
‘‘ ਹਾਂ, ਲੈ ਲੈ’’ ਕਹਿ ਕੇ ਮੈਂ ਉਸੇ ਮੰਜੀ ’ਤੇ ਫਿਰ ਬੈਠ ਗਿਆ।
‘‘ਉਸ ਦਿਨ ਤੋਂ ਪਿਛੋਂ ਹਰ ਇਕ ਲਈ ਰਜਵੀਂ ਰੋਟੀ ਤੋਂ ਬਿਨਾਂ ਹੋਰ ਕੋਈ ਗੱਲ ਮੇਰੇ ਮਨ ਵਿਚ ਖੁਭਣੀ ਅਸੰਭਵ ਹੋਈ ਹੋਈ ਏ। ਜਦੋਂ ਕੁਝ ਲੋਕਾਂ ਲਈ ਥੁੜਾਂ ਸਰੀਰ ਦੇ ਹੋਰ ਸਾਰੇ ਰਸਤੇ ਤੇ ਸੁਆਦ ਬੰਦ ਕਰ ਦੇਣ ਤਾਂ ਬਾਕੀ ਦੇ ਲੋਕਾਂ ਨੂੰ ਕੁਝ ਚਿਰ ਹੋਰ ਗੱਲਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਬੱਸ, ਆਪਣੀਆਂ ਲਿਖਤਾਂ ਦੀ ਸਫਾਈ ਵਿਚ ਮੇਰੇ ਕੋਲ ਹੋਰ ਕੋਈ ਦਲੀਲ ਨਹੀਂ।’’

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ