Rehman Di Jutti (Story in Punjabi) : Rajinder Singh Bedi

ਰਹਿਮਾਨ ਦੀ ਜੁੱਤੀ (ਕਹਾਣੀ) : ਰਾਜਿੰਦਰ ਸਿੰਘ ਬੇਦੀ

ਸਾਰਾ ਦਿਨ ਕੰਮ ਕਰਨ ਪਿੱਛੋਂ, ਜਦੋਂ ਬੁੱਢਾ ਰਹਿਮਾਨ ਘਰ ਪਹੁੰਚਿਆ ਤਾਂ ਉਸਨੂੰ ਡਾਢੀ ਭੁੱਖ ਲੱਗੀ ਹੋਈ ਸੀ। “ਜੀਨਾ ਦੀ ਮਾਂ, ਜੀਨਾ ਦੀ ਮਾਂ!” ਉਸਨੇ ਉੱਚੀ ਆਵਾਜ਼ ਵਿਚ ਕਿਹਾ, “ਰੋਟੀ ਪਾ ਦੇ ਬਸ, ਝਟਾਪਟ।” ਬੁੱਢੀ ਉਦੋਂ ਕਪੜੇ ਭਿਓਂਈ ਬੈਠੀ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਹੱਥ ਪੂੰਝਦੀ, ਰਹਿਮਾਨ ਨੇ ਝੱਟ ਆਪਣੀ ਜੁੱਤੀ ਲਾਹ ਕੇ ਮੰਜੀ ਹੇਠ ਸਰਕਾਅ ਦਿਤੀ ਤੇ ਖੱਦਰ ਦੇ ਮੁਲਤਾਨੀ ਤਹਿਮਦ ਨੂੰ ਜ਼ਰਾ ਉੱਚਾ ਚੁੱਕ ਕੇ ਮੰਜੀ ਉੱਤੇ ਨਿੱਠ ਕੇ ਬੈਠਦਾ ਹੋਇਆ ਬੋਲਿਆ,
“ਬਿਸਮਿੱਲਾ।”
ਬੁਢਾਪੇ ਵਿਚ ਭੁੱਖ ਜਵਾਨ ਹੋ ਜਾਂਦੀ ਹੈ। ਰਹਿਮਾਨ ਦੀ 'ਬਿਸਮਿੱਲਾ' ਬੁਢਾਪੇ ਤੇ ਜਵਾਨੀ ਦੀ ਉਸ ਦੌੜ ਵਿਚ ਥਾਲੀ ਨਾਲੋਂ ਬੜੀ ਪਹਿਲਾਂ ਤੇ ਖਾਸੀ ਦੂਰ ਨਿਕਲ ਗਈ ਸੀ ਤੇ ਬੁੱਢੀ ਨੇ ਅਜੇ ਤਾਈਂ ਸੱਜੀ (ਕਪੜੇ ਧੋਣ ਵਾਲਾ ਸੋਢਾ) ਤੇ ਨੀਲ ਵਾਲੇ ਹੱਥ ਦੁਪੱਟੇ ਨਾਲ ਨਹੀਂ ਸੀ ਪੂੰਝੇ। ਜੀਨਾ ਦੀ ਮਾਂ ਪਿੱਛਲੇ ਚਾਲ੍ਹੀ ਸਾਲਾਂ ਤੋਂ ਆਪਣੇ ਹੱਥ ਦੁਪੱਟੇ ਨਾਲ ਹੀ ਪੂੰਝਦੀ ਸੀ ਤੇ ਰਹਿਮਾਨ ਲਗਭਗ ਏਨੇ ਅਰਸੇ ਤੋਂ ਹੀ ਉਸ ਉੱਤੇ ਖਿਝਦਾ ਰਿਹਾ ਸੀ ਪਰ ਅੱਜ ਅਚਾਨਕ ਉਹ ਆਪ ਵੀ ਉਸਦੀ ਸਮਾਂ ਬਚਾਉਣ ਦੀ ਉਸ ਆਦਤ ਨੂੰ ਸਲਾਹੁਣ ਲੱਗ ਪਿਆ ਸੀ। ਰਹਿਮਾਨ ਬੋਲਿਆ, 'ਜੀਨਾ ਦੀ ਮਾਂ, ਜ਼ਰਾ ਜਲਦੀ...।' ਤੇ ਬੁੱਢੀ ਆਪਣੇ ਚੁਤਾਲੀ ਸਾਲਾ ਪੁਰਾਣੇ ਸੁਭਾਅ ਅਨੁਸਾਰ ਬੋਲੀ, “ਓਹੋ, ਜ਼ਰਾ ਸਾਹ ਤਾਂ ਲੈ ਬਾਬਾ ਤੂੰ!”
ਸੋ ਸਬੱਬੀਂ ਰਹਿਮਾਨ ਦੀ ਨਿਗਾਹ ਆਪਣੇ ਜੁੱਤੀ ਉੱਤੇ ਜਾ ਪਈ ਜਿਹੜੀ ਉਸਨੇ ਕਾਹਲ ਵਿਚ ਲਾਹ ਕੇ ਮੰਜੀ ਦੇ ਹੇਠ ਸਰਕਾਅ ਦਿਤੀ ਸੀ। ਰਹਿਮਾਨ ਦੀ ਇਕ ਜੁੱਤੀ ਦੂਜੀ ਉੱਤੇ ਚੜ੍ਹੀ ਹੋਈ ਸੀ। ਇਹ ਭਵਿੱਖ ਵਿਚ ਕਿਸੇ ਸਫ਼ਰ 'ਤੇ ਜਾਣ ਦੀ ਨਿਸ਼ਾਨੀ ਸੀ। ਰਹਿਮਾਨ ਨੇ ਹੱਸਦਿਆਂ ਹੋਇਆਂ ਕਿਹਾ-
“ਅੱਜ ਫੇਰ ਮੇਰੀ ਜੁੱਤੀ, ਜੁੱਤੀ 'ਤੇ ਚੜ੍ਹੀ ਹੋਈ ਐ, ਜੀਨਾ ਦੀ ਮਾਂ-ਅੱਲ੍ਹਾ ਜਾਣੇ ਕਿਹੜੇ ਸਫ਼ਰ 'ਤੇ ਜਾਣਾ ਐਂ ਮੈਂ!”
“ਜੀਨਾ ਨੂੰ ਮਿਲਣ ਜਾਣੈ, ਹੋਰ ਕਿੱਥੇ ਜਾਣੈ ਤੈਂ?”-ਬੁੱਢੀ ਬੋਲੀ, “ਐਵੇਂ ਤਾਂ ਨੀਂ ਤੇਰਾ ਗੁੱਦੜ ਧੋਂਦੀ ਪਈ ਮੈਂ, ਬੁੱਢਿਆ! ਦੋ ਡਬਲੀ ਪੈਸਿਆਂ ਦਾ ਤਾਂ ਸੋਢਾ–ਨੀਲ ਈ ਲੱਗ ਗਿਐ ਤੇਰੇ ਕਪੜਿਆਂ ਨੂੰ। ਤੇ ਤੂੰ ਦੋ ਪੈਸੇ ਕਮਾਏ ਵੀ ਐ ਕਦੀ?”
“ਆਹੋ ਸੱਚ! ਕੱਲ੍ਹ ਮੈਂ ਆਪਣੀ ਇਕਲੌਤੀ ਬੱਚੀ ਨੂੰ ਮਿਲਣ ਅੰਬਾਲੇ ਜਾਣੈ। ਤਾਂਹੀਏਂ ਤਾਂ ਇਹ ਜੁੱਤੀ, ਜੁੱਤੀ ਨਾਲੋਂ ਵੱਖ ਹੋਣ ਦਾ ਨਾਂਅ ਨਹੀਂ ਲੈਂਦੀ ਪਈ।” ਪਾਰ ਸਾਲ ਵੀ ਜਦੋਂ ਇਹ ਜੁੱਤੀ, ਜੁੱਤੀ 'ਤੇ ਚੜ੍ਹੀ ਸੀ ਤਾਂ ਰਹਿਮਾਨ ਨੂੰ ਪਰਚੀ ਪਾਉਣ ਖਾਤਰ ਜਿਲ੍ਹਾ ਕਚਹਿਰੀ ਜਾਣਾ ਪਿਆ ਸੀ। ਉਸਨੂੰ ਉਸ ਸਾਲ ਦਾ ਸਫ਼ਰ ਤੇ ਜੁੱਤੀਆਂ ਦੀ ਕਰਤੂਤ ਚੰਗੀ ਤਰ੍ਹਾਂ ਯਾਦ ਸੀ। ਜਿਲ੍ਹਾ ਕਚਹਿਰੀ ਤੋਂ ਵਾਪਸੀ ਵੇਲੇ ਉਸਨੂੰ ਪੈਦਲ ਹੀ ਆਉਣਾ ਪਿਆ ਸੀ ਕਿਉਂਕਿ ਬਣਨ ਵਾਲੇ ਮੈਂਬਰ ਨੇ ਤਾਂ ਵਾਪਸੀ ਦਾ ਕਿਰਾਇਆ ਵੀ ਨਹੀਂ ਸੀ ਦਿਤਾ। ਉਸ ਵਿਚ ਮੈਂਬਰ ਦਾ ਕਸੂਰ ਨਹੀਂ ਸੀ ਬਲਿਕੇ ਜਦੋਂ ਰਹਿਮਾਨ ਪਰਚੀ ਉੱਤੇ ਨੀਲੀ ਚਰਖੀ ਦਾ ਨਿਸ਼ਾਨ ਲਾਉਣ ਲੱਗਿਆ ਸੀ ਤਾਂ ਉਸਦੇ ਹੱਥ ਕੰਬ ਗਏ ਸਨ ਤੇ ਘਬਰਾਹਟ ਵਿਚ ਨਿਸ਼ਾਨ ਕਿਸੇ ਦੂਜੇ ਮੈਂਬਰ ਦੇ ਹੱਕ ਵਿਚ ਲੱਗ ਗਿਆ ਸੀ।
ਜੀਨਾ ਨੂੰ ਮਿਲਿਆਂ ਦੋ ਸਾਲ ਹੋ ਚੱਲੇ ਸਨ। ਜੀਨਾ ਅੰਬਾਲੇ ਵਿਆਹੀ ਹੋਈ ਸੀ ਉਹਨਾਂ ਦੋ ਸਾਲਾਂ ਵਿਚ ਆਖ਼ਰੀ ਕੁਝ ਮਹੀਨੇ ਰਹਿਮਾਨ ਨੇ ਬੜੀ ਔਖ ਨਾਲ ਬਿਤਾਏ ਸਨ। ਉਸਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਮਘਦੀ ਹੋਈ ਪਾਥੀ ਉਸਦੇ ਦਿਲ ਉੱਤੇ ਰੱਖੀ ਹੋਈ ਹੋਵੇ। ਜਦੋਂ ਉਸਨੂੰ ਜੀਨਾ ਨੂੰ ਮਿਲਣ ਦਾ ਖ਼ਿਆਲ ਆਉਂਦਾ ਤਾਂ ਉਸਨੂੰ ਕੁਝ ਸ਼ਾਂਤੀ, ਕੁਝ ਤਸੱਲੀ ਜਿਹੀ ਹੁੰਦੀ। ਜਦੋਂ ਮਿਲਣ ਦਾ ਖ਼ਿਆਲ ਹੀ ਏਨਾ ਤਸੱਲੀ ਭਰਿਆ ਸੀ ਤਾਂ ਮਿਲਣਾ ਕੇਹਾ ਹੋਵੇਗਾ?-ਬੁੱਢਾ ਰਹਿਮਾਨ ਬੜੀ ਹਸਰਤ ਨਾਲ ਸੋਚਦਾ। ਉਹ ਆਪਣੀ ਲਾਡਲੀ ਧੀ ਨੂੰ ਮਿਲੇਗਾ ਤੇ ਫੇਰ ਤਲੰਗਿਆਂ ਦੇ ਸਰਦਾਰ ਅਲੀ ਮੁਹੰਮਦ ਨੂੰ। ਪਹਿਲਾਂ ਤਾਂ ਉਹ ਰੋਏਗਾ, ਫੇਰ ਹੱਸਣ ਲੱਗੇਗਾ, ਫੇਰ ਰੋ ਪਵੇਗਾ ਤੇ ਆਪਣੇ ਨਿੱਕੇ ਦੋਹਤਵਾਨ ਨੂੰ ਗਲੀਆਂ, ਬਾਜ਼ਾਰਾਂ ਵਿਚ ਖਿਡਾਉਂਦਾ ਫਿਰੇਗਾ...“ਇਹ ਤਾਂ ਮੈਂ ਭੁੱਲ ਹੀ ਗਿਆ ਸੀ-ਜੀਨਾ ਦੀ ਮਾਂ।” ਰਹਿਮਾਨ ਨੇ ਮੰਜੀ ਦੀ ਇਕ ਟੁੱਟੀ ਹੋਈ ਰੱਸੀ ਨੂੰ ਆਦਤ ਅਨੁਸਾਰ ਆਪਸ ਵਿਚ ਰਗੜ ਕੇ ਤੋੜਦਿਆਂ ਹੋਇਆਂ ਕਿਹਾ-“ਬੁਢਾਪੇ ਵਿਚ ਚੇਤਾ ਕਿੰਨਾ ਮਾੜਾ ਹੋ ਜਾਂਦੈ!”
ਅਲੀ ਮੁਹੰਮਦ ਜੀਨਾ ਦਾ ਘਰਵਾਲਾ ਸੀ। ਨਰੋਆ ਜਵਾਨ ਸੀ। ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਨਾਇਕ ਬਣ ਗਿਆ ਸੀ। ਤਲੰਗੇ ਉਸਨੂੰ ਆਪਣਾ ਸਰਦਾਰ ਕਹਿੰਦੇ ਸਨ। ਅਮਨ ਸ਼ਾਂਤੀ ਦੇ ਦਿਨਾਂ ਵਿਚ ਅਲੀ ਮੁਹੰਮਦ ਬੜੇ ਜੋਸ਼ ਨਾਲ ਹਾਕੀ ਖੇਡਦਾ ਹੁੰਦਾ ਸੀ। ਐੱਨ. ਡਬਲਿਊ. ਆਰ., ਪੁਲਿਸ ਮੈਨ, ਬਰਗੇਡ ਵਾਲੇ, ਯੂਨੀਵਰਸਟੀ ਵਾਲੇ ਉਸਨੇ ਸਾਰੇ ਹਰਾ ਦਿਤੇ ਸਨ। ਹੁਣ ਤਾਂ ਉਹ ਆਪਣੀ ਐਮਟੀ ਨਾਲ ਬਸਰਾ ਜਾਣ ਵਾਲਾ ਸੀ ਕਿਊਂਕਿ ਇਰਾਕ ਵਿਚ ਰਸ਼ੀਦ ਅਲੀ ਕਾਫੀ ਤਾਕਤ ਇਕੱਠੀ ਕਰ ਚੁੱਕਿਆ...ਇਸ ਹਾਕੀ ਕਰਕੇ ਹੀ ਅਲੀ ਮੁਹੰਮਦ ਕੰਪਨੀ ਕਮਾਂਡਰ ਦੀਆਂ ਨਜ਼ਰਾਂ ਵਿਚ ਖਾਸਾ ਚੜ੍ਹ ਗਿਆ ਸੀ। ਨਾਇਕ ਬਣਨ ਤੋਂ ਪਹਿਲਾਂ ਉਹ ਜੀਨਾ ਨਾਲ ਬੜਾ ਚੰਗਾ ਸਲੂਕ ਕਰਦਾ ਸੀ-ਪਰ ਉਹ ਪਿੱਛੋਂ ਉਹ ਆਪਣੀਆਂ ਹੀ ਨਜ਼ਰਾਂ ਵਿਚ ਏਨਾ ਵੱਡਾ ਹੋ ਗਿਆ ਕਿ ਚਰਣਾ ਵਿਚ ਬੈਠੀ ਜੀਨਾ ਉਸਨੂੰ ਨਜ਼ਰ ਹੀ ਨਹੀਂ ਸੀ ਆਉਂਦੀ। ਉਸਦਾ ਇਕ ਹੋਰ ਵੀ ਕਾਰਣ ਸੀ-ਮਿਸੇਜ਼ ਹੋਲਟ, ਕੰਪਨੀ ਕਮਾਂਡਰ ਦੀ ਘਰਵਾਲੀ ਨੇ ਇਨਾਮ ਵੰਡ ਸਮਾਗਮ ਸਮੇਂ ਅੰਗਰੇਜ਼ੀ ਵਿਚ ਅਲੀ ਮੁਹੰਮਦ ਨੂੰ ਕੁਝ ਕਿਹਾ ਸੀ ਜਿਸਦਾ ਅਨੁਵਾਦ ਸੂਬੇਦਾਰ ਨੇ ਕੀਤਾ ਸੀ-'ਮੈਂ ਚਾਹੁੰਦੀ ਹਾਂ ਤੇਰੀ ਸਟਿੱਕ ਚੁੰਮ ਲਵਾਂ'-ਅਲੀ ਮੁਹੰਮਦ ਦਾ ਖ਼ਿਆਲ ਸੀ ਇਸ ਸ਼ਬਦ ਸਟਿੱਕ ਨਹੀਂ ਹੋਣਾ ਕੁਝ ਹੋਰ ਹੋਵੇਗਾ। ਬੜੇ ਈਰਖਾਲੂ ਸੁਭਾਅ ਦਾ ਆਦਮੀ ਹੈ ਸੂਬੇਦਾਰ, ਅੰਗਰੇਜ਼ੀ ਵੀ ਤਾਂ ਗੁਹਾਣੇ ਤਾਈਂ ਦੀ ਈ ਪੜ੍ਹਿਆ ਏ।
ਰਹਿਮਾਨ ਨੂੰ ਇੰਜ ਮਹਿਸੂਸ ਹੋਣ ਲੱਗਿਆ ਜਿਵੇਂ ਉਸ ਨੇ ਆਪਣੇ ਜਵਾਈ ਨੂੰ ਨਹੀਂ ਕਿਸੇ ਬੜੇ ਵੱਡੇ ਅਫ਼ਸਰ ਨੂੰ ਮਿਲਣ ਜਾਣਾ ਹੈ। ਉਸਨੇ ਮੰਜੀ ਤੋਂ ਝੁਕ ਕੇ ਜੁੱਤੀ ਤੋਂ ਜੁੱਤੀ ਲਾਹੀ, ਜਿਵੇਂ ਉਹ ਅੰਬਾਲੇ ਜਾਣ ਤੋਂ ਡਰਦਾ ਹੋਵੇ। ਇਸ ਅਰਸੇ ਵਿਚ ਜੀਨਾ ਦੀ ਮਾਂ ਰੋਟੀ ਲੈ ਆਈ। ਅੱਜ ਉਸਨੇ ਆਸੋਂ ਉਲਟ ਮੀਟ ਬਣਾਇਆ ਹੋਇਆ ਸੀ। ਜੀਨਾ ਦੀ ਮਾਂ ਨੇ ਬੜੀ ਮਸ਼ਕਿਲ ਨਾਲ ਮੰਡੀਓਂ ਮੀਟ ਮੰਗਵਾਇਆ ਸੀ ਤੇ ਉਸ ਵਿਚ ਕਾਫੀ ਸਾਰਾ ਘਿਓ ਪਾਇਆ ਸੀ। ਛੇ ਮਹੀਨੇ ਪਹਿਲਾਂ ਰਹਿਮਾਨ ਨੂੰ ਤਿੱਲੀ ਦੀ ਖ਼ਰਾਬੀ ਦਾ ਰੋਗ ਲੱਗ ਗਿਆ ਸੀ, ਇਸ ਲਈ ਉਹ ਗੁੜ, ਤਿਲ, ਬੈਂਗਨ, ਮਸਰਾਂ ਦੀ ਦਾਲ, ਮੀਟ ਤੇ ਚਿਕਾਨਾਈ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਦਾ ਸੀ। ਇਸ ਛੇ ਮਹੀਨਿਆ ਦੇ ਅਰਸੇ ਵਿਚ ਰਹਿਮਾਨ ਨੇ ਸ਼ਾਇਦ ਸੇਰ ਦੇ ਲਗਭਗ ਨਸ਼ਾਦਰ ਲੱਸੀ ਵਿਚ ਘੋਲ ਕੇ ਪੀ ਲਿਆ ਸੀ ਤਾਂ ਕਿਤੇ ਜਾ ਕੇ ਉਸਦੀ ਸਾਹ ਦੀ ਤਕਲੀਫ਼ ਕੁਝ ਘੱਟ ਹੋਈ ਸੀ। ਭੁੱਖ ਲੱਗਣ ਦੇ ਨਾਲ ਨਾਲ ਉਸਦੇ ਪਿਸ਼ਾਬ ਦੀ ਪੀਲਕ ਸਫ਼ੇਦੀ ਵਿਚ ਬਦਲੀ ਸੀ। ਅੱਖਾਂ ਦਾ ਗੰਧਲਾ ਤੇ ਧੁੰਦਲਾਪਣ ਜਿਵੇਂ ਦਾ ਤਿਵੇਂ ਸੀ। ਪਲਕਾਂ ਦਾ ਫੜਕਨਾਂ ਓਵੇਂ ਹੀ ਸੀ ਤੇ ਚਮੜੀ ਕਾਲੀ ਸਿਆਹ ਹੋ ਗਈ ਸੀ। ਮੀਟ ਵੇਖ ਕੇ ਰਹਿਮਾਨ ਹਿਰਖ ਗਿਆ, ਬੋਲਿਆ-“ਚਾਰ ਪੰਜ ਦਿਨ ਪਹਿਲਾਂ ਤਾਂ ਤੂੰ ਬੈਂਗਨ ਬਣਾਏ ਸੀ, ਓਦੋਂ ਮੈਂ ਚੁੱਪ ਰਿਹਾ। ਪਰਸੋਂ ਮਸਰਾਂ ਦੀ ਦਾਲ ਬਣਾਈ ਬੈਠੀ ਸੀ, ਓਦੋਂ ਵੀ ਮੈਂ ਚੁੱਪ ਰਿਹਾ-ਤਾਂ, ਤੂੰ ਬਸ ਚਾਹੁੰਦੀ ਐਂ ਬਈ ਮੈਂ ਬੋਲਾਂ ਈ ਨਾ; ਮਰੀ ਮਿੱਟੀ ਬਣਿਆ ਰਹਾਂ। ਸੱਚ ਕਹਿ ਰਿਹਾਂ ਤੂੰ ਮੈਨੂੰ ਮਾਰਨ 'ਤੇ ਤੁਲੀ ਹੋਈ ਐਂ, ਜੀਨਾ ਦੀ ਮਾਂ।”
ਬੁੱਢੀ ਨੂੰ ਪਹਿਲੇ ਦਿਨ ਤੋਂ ਹੀ, ਜਿਸ ਦਿਨ ਉਸਨੇ ਬੈਂਗਨ ਬਣਾਏ ਸਨ, ਰਹਿਮਾਨ ਤੋਂ ਇਹੋ ਕੁਝ ਸੁਣਨ ਦੀ ਆਸ ਸੀ। ਪਰ ਰਹਿਮਾਨ ਦੀ ਚੁੱਪ ਤੋਂ ਬੁੱਢੀ ਨੇ ਉਲਟੇ ਹੀ ਅਰਥ ਲਾਏ। ਦਰਅਸਲ ਬੁੱਢੀ ਨੇ ਇਕ ਨਿਖੱਟੂ ਪਿੱਛੇ ਆਪਣੇ ਸਾਰੇ ਸਵਾਦ ਤਿਆਗ ਦਿਤੇ ਸਨ। ਬੁੱਢੀ ਦੇ ਸੋਚਣ ਦਾ ਢੰਗ ਵੀ ਨਿਆਰਾ ਸੀ। ਜਦੋਂ ਦੀ ਉਹ ਮੋਟੇ ਢਿੱਡ ਵਾਲੇ ਉਸ ਢਾਚੇ ਨਾਲ ਵੱਝੀ ਸੀ ਉਸ ਨੇ ਸੁਖ ਹੀ ਕਿਹੜਾ ਵੇਖਿਆ ਸੀ। ਫੇਰ ਇਕ ਤਰਬੂਜ਼ ਤੋਂ ਤਿਲ੍ਹਕ ਦੇ ਗੋਡਾ ਤੁੜਵਾ ਬੈਠਣ ਪਿੱਛੋਂ ਪੈਨਸ਼ਨ ਲੈ ਲਈ ਸੀ ਉਸਨੇ ਤੇ ਘੇਰੇ ਬੈਠਾ ਰਹਿੰਦਾ ਸੀ। ਬੁੱਢੀ ਨੇ ਕਪੜੇ ਨਚੋੜਦਿਆਂ ਹੋਇਆਂ ਕਿਹਾ-“ਤੂੰ ਨਾ ਖਾਹ ਬਾਬਾ। ਤੇਰੀ ਖਾਤਰ ਮੈਂ ਤਾਂ ਨੀਂ ਮਰਨਾ ਸੁੱਖਿਆ, ਮੈਨੂੰ ਤਾਂ ਰੋਜ਼ ਰੋਜ਼ ਦਾਲ ਚੰਗੀ ਨੀਂ ਲੱਗਦੀ।”
ਰਹਿਮਾਨ ਦਾ ਜੀਅ ਕੀਤਾ ਕਿ ਉਹ ਮੰਜੀ ਹੇਠੋਂ ਜੁੱਤੀ ਚੁੱਕ ਲਏ ਤੇ ਉਸ ਬੁੱਢੀ ਦੇ ਸਿਰ ਦੇ ਰਹੇ–ਸਹੇ ਵਾਲ ਵੀ ਝਾੜ ਦਵੇ। ਸਿਰ ਦੀ ਖੁਸ਼ਕੀ ਦੇ ਲੱਥਦਿਆਂ ਹੀ ਬੁੱਢੀ ਦਾ ਜਮਾਂਦਰੂ ਨਜ਼ਲਾ ਵੀ ਠੀਕ ਹੋ ਜਾਵੇਗਾ। ਪਰ ਕੁਝ ਗਰਾਹੀਆਂ ਮੂੰਹ ਵਿਚ ਪਾਉਣ ਪਿੱਛੋਂ ਤੂਰੰਤ ਉਸ ਨੇ ਸੋਚਿਆ-'ਪਿੱਤਾ ਵਧਿਆ ਐ ਤਾਂ ਵਧਿਆ ਰਹੇ, ਕੇਡਾ ਸਵਾਦ ਮੀਟ ਬਣਾਇਆ ਐ ਮੇਰੀ ਜੀਨਾ ਦੀ ਮਾਂ ਨੇ। ਮੈਂ ਵੀ ਲੂਨਾਂ ਸ਼ਿਕਰਾ ਆਂ ਪੂਰਾ।' ਤੇ ਫੇਰ ਰਹਿਮਾਨ ਚਟਖਾਰੇ ਲੈ ਲੈ ਕੇ ਸਬਜ਼ੀ ਖਾਣ ਲੱਗਾ। ਤਰੀ ਵਿਚ ਭਿੱਜੀ ਬੁਰਕੀ ਉਸਦੇ ਮੂੰਹ ਵਿਚ ਜਾਂਦੀ ਤਾਂ ਉਸਨੂੰ ਖ਼ਿਆਲ ਆਉਂਦਾ-ਆਖ਼ਰ ਉਸਨੇ ਜੀਨਾ ਦੀ ਮਾਂ ਨੂੰ ਕਿਹੜਾ ਸੁਖ ਦਿਤਾ ਹੈ? ਉਹ ਚਾਹੁੰਦਾ ਸੀ ਕਿ ਤਹਿਸੀਲ ਵਿਚ ਚਪੜਾਸੀ ਲੱਗ ਜਾਏ ਤੇ ਫੇਰ ਉਹਨਾਂ ਦੇ ਪੁਰਾਣੇ ਦਿਨ ਮੁੜ ਆਉਣ। ਖਾਣ ਪਿੱਛੋਂ ਰਹਿਮਾਨ ਨੇ ਆਪਣੀਆਂ ਉਂਗਲਾਂ ਪੱਗ ਦੇ ਲੜ ਨਾਲ ਪੂੰਝੀਆਂ ਤੇ ਉਠ ਖੜ੍ਹਾ ਹੋਇਆ। ਕਿਸੇ ਅਧ ਚੇਤਨ ਅਹਿਸਾਸ ਵੱਸ ਉਸਨੇ ਆਪਣੀ ਜੁੱਤੀ ਚੁੱਕੀ ਤੇ ਦਲਾਨ ਵਿਚ ਇਕ ਦੂਜੀ ਨਾਲੋਂ ਅੱਡ ਕਰਕੇ ਰੱਖ ਦਿਤੀ।
ਪਰ ਇਸ ਸਫ਼ਰ ਤੋਂ ਛੁਟਕਾਰਾ ਨਹੀਂ ਸੀ ਹੋਣਾ, ਹਾਲਾਂਕਿ ਆਪਣੀ ਅੱਠ ਦਿਨਾਂ ਦੀ ਮੱਕੀ ਨੂੰ ਗੋਡੀ ਕਰਨਾ ਵੀ ਲਾਜ਼ਮੀ ਸੀ।
ਸਵੇਰੇ ਦਾਲਾਨ ਵਿਚ ਝਾੜੂ ਦੇਂਦਿਆਂ ਬੁੱਢੀ ਨੇ ਬੇਧਿਆਨੀ ਨਾਲ ਰਹਿਮਾਨ ਦੀ ਜੁੱਤੀ ਪਰ੍ਹਾਂ ਸਰਕਾ ਦਿਤੀ ਤੇ ਜੁੱਤੀ ਦੀ ਅੱਡੀ ਦੂਜੀ ਜੁੱਤੀ ਉੱਤੇ ਫੇਰ ਜਾ ਚੜ੍ਹੀ। ਸ਼ਾਮ ਹੁੰਦਿਆਂ ਹੁੰਦਿਆਂ ਸਲਾਹ ਢਿੱਲੀ ਹੋਣ ਲੱਗੀ-ਸੌਣ ਤੋਂ ਪਹਿਲਾਂ ਅੰਬਾਲੇ ਜਾਣ ਦਾ ਖ਼ਿਆਲ ਰਹਿਮਾਨ ਦੇ ਦਿਲ ਵਿਚ ਕੱਚਾ ਪੱਕਾ ਸੀ-ਉਸਦਾ ਖ਼ਿਆਲ ਸੀ ਕਿ ਤਰਾਈ ਵਿਚ ਗੋਡੀ ਕਰਨ ਤੋਂ ਬਾਅਦ ਹੀ ਕਿਧਰੇ ਜਾਵੇਗਾ। ਤੇ ਨਾਲੇ ਕੱਲ੍ਹ ਦੇ ਮੀਟ ਸਦਕਾ ਫੇਰ ਉਸਦੇ ਢਿੱਡ ਵਿਚ ਗੜਬੜ ਹੋਣ ਲੱਗ ਪਈ ਸੀ। ਪਰ ਸਵੇਰੇ ਜਦੋਂ ਉਸਨੇ ਫੇਰ ਜੁੱਤੀਆਂ ਦੀ ਹਾਲਤ ਵੇਖੀ ਤਾਂ ਉਸਨੇ ਸੋਚਿਆ ਹੁਣ ਅੰਬਾਲੇ ਜਾਏ ਬਿਨਾਂ ਛੁਟਕਾਰਾ ਨਹੀਂ ਹੋਣਾ। ਮੈਂ ਲੱਖ ਇਨਕਾਰ ਕਰਾਂ ਪਰ ਮੇਰਾ ਦਾਨਾਪਾਣੀ ਤੇ ਮੇਰੀਆਂ ਜੁੱਤੀਆਂ ਬੜੀਆਂ ਬਲਵਾਨ ਨੇ, ਉਹ ਮੈਨੂੰ ਸਫ਼ਰ 'ਤੇ ਜਾਣ ਵਾਸਤੇ ਮਜ਼ਬੂਰ ਕਰ ਰਹੇ ਨੇ। ਉਦੋਂ ਸਵੇਰ ਦੇ ਸਤ ਵੱਜੇ ਸਨ ਤੇ ਸਵੇਰ ਵੇਲੇ ਇਰਾਦੇ ਬੁਲੰਦ ਹੁੰਦੇ ਨੇ। ਰਹਿਮਾਨ ਨੇ ਫੇਰ ਆਪਣੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਤੇ ਉਹਨਾਂ ਦੀ ਨਿਗਰਾਨੀ ਕਰਨ ਲੱਗਾ।
ਧੋਤੇ ਤੇ ਨੀਲ ਦਿੱਤੇ ਕਪੜੇ ਰਾਤੋ–ਰਾਤ ਸੁੱਕ ਕੇ ਲਿਸ਼ਕਣ ਲੱਗ ਪਏ ਸਨ। ਨੀਲ ਆਪਣੇ ਆਪ ਨੂੰ ਗੰਵਾਅ ਕੇ ਸਫ਼ੇਦੀ ਨੂੰ ਕਿੰਨਾ ਉਘਾੜ ਦਿੰਦਾ ਹੈ। ਜਦੋਂ ਕਦੀ ਬੁੱਢੀ ਨੀਲ ਦੇ ਬਿਨਾਂ ਕਪੜੇ ਧੋਂਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਹੁਣੇ ਉਹਨਾਂ ਨੂੰ ਛੱਪੜ ਦੇ ਪਾਣੀ ਵਿਚੋਂ ਕੱਢਿਆ ਹੋਵੇ ਤੇ ਪਾਣੀ ਦੀ ਮਿੱਟਮੈਲੀ ਰੰਗਤ ਉਹਨਾਂ ਵਿਚ ਇੰਜ ਵੱਸ ਗਈ ਹੋਵੇ ਜਿਵੇਂ ਕਮਲੇ ਦੇ ਦਿਮਾਗ ਵਿਚ ਸਿਆਣਾ ਹੋਣ ਦਾ ਭਰਮ ਵੱਸਿਆ ਹੁੰਦਾ ਹੈ।
ਜੀਨਾ ਦੀ ਮਾਂ ਦੋ ਤਿੰਨ ਦਿਨਾਂ ਦੀ ਹਰ ਰੋਜ਼ ਉਖੱਲੀ ਵਿਚ ਜੌਂ ਕੁੱਟ ਕੇ ਸੱਤੂ ਬਣਾ ਰਹੀ ਸੀ। ਘਰੇ ਪੁਰਾਣਾ ਗੁੜ ਪਿਆ ਸੀ ਜਿਸਨੂੰ ਧੁੱਪ ਵਿਚ ਰੱਖ ਕੇ ਕੀੜੇ ਕੱਢ ਦਿਤੇ ਗਏ ਸਨ। ਉਸਦੇ ਇਲਾਵਾ ਸੁੱਕੀ ਮੱਕੀ ਦੇ ਭੁੱਟੇ ਸਨ। ਸੋ ਜੀਨਾ ਦੀ ਮਾਂ ਬੜੇ ਦਿਨਾਂ ਦੀ ਇਸ ਸਫ਼ਰ ਦੀ ਤਿਆਰੀ ਕਰ ਰਹੀ ਸੀ ਤੇ ਜੁੱਤੀ ਦਾ ਜੁੱਤੀ 'ਤੇ ਚੜ੍ਹਨਾ ਤਾਂ ਸਿਰਫ ਉਸਦੀ ਪੁਸ਼ਟੀ ਕਰਦਾ ਸੀ। ਬੁੱਢੀ ਦਾ ਖ਼ਿਆਲ ਸੀ ਕਿ ਇਸ ਬਹਾਨੇ ਰਹਿਮਾਨ ਦਾ ਨਵਾਂ ਤਹਿਮਦ (ਚਾਦਰਾ) ਵੀ ਬਣ ਜਾਏਗਾ ਤੇ ਜੀਨਾ ਲਈ ਸੁਗਾਤ ਵੀ।
ਰਹਿਮਾਨ ਨੇ ਕੁਝ ਸੋਚਦਿਆਂ ਹੋਇਆਂ ਪੁੱਛਿਆ-“ਜੀਨਾ ਦੀ ਮਾਂ, ਭਲਾਂ ਕੀ ਨਾਂਅ ਰੱਖਿਐ ਉਹਨਾਂ ਆਪਣੇ ਨਿੱਕੇ ਦਾ?'
ਬੁੱਢੀ ਹੱਸ ਕੇ ਬੋਲੀ-“ਸਾਹਕ (ਇਸਹਾਕ : ਹਜ਼ਰਤ ਇਬਰਾਹਿਮ ਦੇ ਸਾਹਬਜਾਦੇੇ ਦਾ ਨਾਂ ਜਿਹਨਾਂ ਦੀ ਨਸਲ 'ਚੋ ਸਾਹਬਜਾਦੇ ਯਕੂਬ, ਮੂਸਾ ਤੇ ਈਸਾ ਵਗ਼ੈਰਾ ਅਣਗਿਣਤ ਪੈਗੰਬਰ ਔਲੀਆ ਇਸਲਾਮ ਹੋਏ-ਅਨੁ.) ਰੱਖਿਐ ਨਾਂਅ, ਹੋਰ ਕੀ ਰੱਖਿਆ ਐ, ਉਹਨਾਂ ਆਪਣੇ ਨਿੱਕੇ ਦਾ-ਸੱਚਮੁੱਚ ਬੜਾ ਕਮਜ਼ੋਰ ਐ ਤੇਰਾ ਚੇਤਾ ਵੀ।”
ਇਸਹਾਕ ਦਾ ਨਾਂ ਭਲਾ ਰਹਿਮਾਨ ਕਿਵੇਂ ਯਾਦ ਰੱਖ ਸਕਦਾ ਸੀ-ਜਦੋਂ ਉਹ ਆਪ ਨਿੱਕਾ ਹੁੰਦਾ ਸੀ ਤਾਂ ਉਸਦਾ ਦਾਦਾ ਵੀ ਰਹਿਮਾਨ ਦਾ ਨਾਂ ਭੁੱਲ ਗਿਆ ਸੀ। ਦਾਦਾ ਖਾਂਦਾ ਪੀਂਦਾ ਆਦਮੀ ਸੀ ਤੇ ਉਸਨੇ ਚਾਂਦੀ ਦੀ ਤਖ਼ਤੀ ਉੱਤੇ ਅਰਬੀ ਸ਼ਬਦਾਂ ਵਿਚ ਰਹਿਮਾਨ ਲਿਖਵਾ ਕੇ ਆਪਣੇ ਪੋਤੇ੍ਰ ਦੇ ਗਲੇ ਵਿਚ ਪਾ ਦਿੱਤਾ ਸੀ ਪਰ ਪੜ੍ਹਨਾ ਕਿਸ ਨੂੰ ਆਉਂਦਾ ਸੀ-ਬਸ ਉਹ ਤਖ਼ਤੀ ਨੂੰ ਦੇਖ ਕੇ ਹੱਸ ਪੈਂਦਾ...। ਉਹਨੀਂ ਦਿਨੀ ਤਾਂ ਨਾਂ ਗਾਮੂੰ, ਸ਼ੇਰਾ, ਫੱਤੂ, ਫੱਜਾ ਵਗ਼ੈਰਾ ਹੀ ਹੁੰਦੇ ਸੀ। ਇਸਹਾਕ, ਸ਼ੋਆਬ ਵਗ਼ੈਰਾ ਨਾਂ ਤਾਂ ਹੁਣ ਕਸਬਾਈ ਲੋਕਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਸੀ। ਰਹਿਮਾਨ ਸੋਚਣ ਲੱਗਿਆ-'ਸਾਹਕ ਤਾਂ ਹੁਣ ਡੇਢ ਸਾਲ ਦਾ ਹੋ ਚੁੱਕਿਆ ਹੋਵੇਗਾ। ਹੁਣ ਉਸਦੀ ਧੌਣ ਵੀ ਨਹੀਂ ਝੂਲਦੀ ਹੋਣੀ। ਉਹ ਗਰਦਨ ਚੁੱਕ ਕੇ ਮੇਰੇ ਵੱਲ ਬਿਟਰ–ਬਿਟਰ ਝਾਕਦਾ ਰਹੇਗਾ ਤੇ ਆਪਣੇ ਨਿੱਕੇ ਜਿਹੇ ਦਿਲ ਵਿਚ ਸੋਚੇਗਾ-ਅੱਲ੍ਹਾ ਜਾਣੇ ਇਹ ਬਾਬਾ, ਚਿੱਟੇ ਵਾਲਾਂ ਵਾਲਾ ਬੁੜ੍ਹਾ, ਸਾਡੇ ਘਰ ਕਿੱਥੋਂ ਆ ਗਿਆ! ਉਹ ਨਹੀਂ ਜਾਣਦਾ ਹੋਵੇਗਾ ਕਿ ਉਹ ਉਸਦਾ ਆਪਣਾ ਨਾਨਾ ਏਂ। ਆਪਣਾ ਨਾਨਾ ਜਿਸ ਦੇ ਮਾਸ–ਮੱਝਾ ਨਾਲ ਉਹ ਖ਼ੁਦ ਵੀ ਬਣਿਆਂ ਏਂ। ਉਹ ਸੰਗ ਕੇ ਆਪਣਾ ਮੂੰਹ ਜੀਨਾ ਦੀ ਬੁੱਕਲ ਵਿਚ ਲੁਕਾਅ ਲਵੇਗਾ। ਮੇਰਾ ਜੀਅ ਕਰੇਗਾ ਜੀਨਾ ਨੂੰ ਵੀ ਆਪਣੀ ਗੋਦੀ ਵਿਚ ਚੁੱਕ ਲਵਾਂ, ਪਰ ਜਵਾਨ ਧੀਆਂ ਨੂੰ ਕੌਣ ਗੋਦੀ ਚੁੱਕਦਾ ਹੁੰਦੈ ਭਲਾਂ!-ਐਵੇਂ ਹੀ ਏਨੀ ਵੱਡੀ ਹੋ ਗਈ ਜੀਨਾ। ਬਚਪਨ ਵਿਚ ਜਦੋਂ ਉਹ ਖੇਡ ਕੁੱਦ ਕੇ ਬਾਹਰੋਂ ਆਉਂਦੀ ਸੀ ਤਾਂ ਉਸਨੂੰ ਛਾਤੀ ਨਾਲ ਲਾ ਕੇ ਕਿੰਨੀ ਠੰਡ ਪੈ ਜਾਂਦੀ ਹੁੰਦੀ ਸੀ। ਉਹਨੀਂ ਦਿਨੀ ਇਸ ਦਿਲ ਉੱਤੇ ਇਹ ਮਘਦੀ ਹੋਈ ਪਾਥੀ ਰੱਖੀ ਮਹਿਸੂਸ ਨਹੀਂ ਸੀ ਹੁੰਦੀ ਹੁੰਦੀ। ਹੁਣ ਉਹ ਸਿਰਫ ਉਸਨੂੰ ਦੂਰੋਂ ਹੀ ਦੇਖ ਸਕੇਗਾ, ਉਸਦਾ ਸਿਰ ਪਿਆਰ ਨਾਲ ਚੁੰਮ ਲਵੇਗਾ-ਤੇ-ਕੀ ਓਹੋ ਤਸੱਲੀ ਮਿਲ ਸਕੇਗੀ?'
ਰਹਿਮਾਨ ਨੂੰ ਇਸ ਗੱਲ ਤਾਂ ਪੱਕਾ ਯਕੀਨ ਸੀ ਕਿ ਉਹਨਾਂ ਸਾਰਿਆਂ ਨੂੰ ਵੇਖ ਕੇ ਉਹਦਾ ਰੋਣ ਨਿਕਲ ਜਾਵੇਗਾ। ਉਹ ਅੱਥਰੂ ਰੋਕਣ ਦੀ ਲੱਖ ਕੋਸ਼ਿਸ਼ ਕਰੇਗਾ, ਪਰ ਉਹ ਆਪ–ਮੁਹਾਰੇ ਵਹਿ ਤੁਰਨਗੇ ਕਿ ਤਲੰਗਾ ਉਸਦੀ ਧੀ ਨੂੰ ਕੁੱਟਮਾਰ ਕਰਦਾ ਹੈ। ਉਹ ਜ਼ਬਾਨ ਦੀ ਫਜ਼ੂਲ ਬਕਬਕ ਦੇ ਬਿਨਾਂ ਹੀ ਇਹ ਗੱਲ ਕਹਿ ਦਵੇਗਾ ਕਿ 'ਜੀਨਾ ਮੇਰੀਏ ਧੀਏ। ਤੇਰੇ ਪਿੱਛੇ ਮੈਂ ਬੜੇ ਕਰੜੇ ਦਿਨ ਵੇਖੇ ਨੇ ਜਦੋਂ ਚੌਧਰੀ ਖੁਸ਼ਹਾਲ ਨੇ ਮੈਨੂੰ ਕੁੱਟਿਆ ਸੀ ਤਾਂ ਮੇਰੀ ਢੂਹੀ ਟੁੱਟ ਗਈ ਸੀ, ਮੈਂ ਮਰ ਹੀ ਤਾਂ ਚੱਲਿਆ ਸੀ-ਫੇਰ ਤੂੰ ਕਿੱਥੇ ਲੱਭਦੀ ਆਪਣੇ ਅੱਬਾ ਨੂੰ? ਪਰ ਅਣ–ਆਈ ਕੋਈ ਨਹੀਂ ਮਰਦਾ। ਸ਼ਾਇਦ ਮੈਂ ਤੇਰੇ ਲਈ ਜਾਂ ਸਾਹਕੇ ਲਈ ਜਾਂ ਕਿਸੇ ਹੋਰ ਸਾਊ–ਸੁਥਰੇ ਦੇ ਚਰਨਾ ਦੀ ਧੂੜ ਬਚ ਗਿਆ।
...ਤੇ ਕੀ ਨਿੱਕੇ ਦਾ ਲਹੂ ਜੋਸ਼ ਮਾਰਨੋਂ ਰਹਿ ਜਾਊ? ਉਹ ਹੁਮਕ ਹੁਮਕ ਦੇ ਆ ਜੂ–ਗਾ ਮੇਰੇ ਕੋਲ, ਤੇ ਮੈਂ ਕਹਾਂਗਾ-'ਸਾਹਕ ਬੇਟਾ ਦੇਖ ਮੈਂ ਤੇਰੇ ਲਈ ਲਿਆਇਆਂ-ਸਤੂ, ਮੱਕੀ ਦੇ ਭੂਤ ਪਿੰਨੇ ਤੇ ਖਡੌਣੇ ਤੇ ਹੋਰ ਬੜਾ ਛਿੱਛਪੱਤ; ਪਿੰਡ ਦੇ ਲੋਕਾਂ ਦਾ ਇਹੀ ਗਰੀਬੀ ਦਾਅਵਾ ਹੁੰਦੈ।' ਨਿੱਕਾ ਬੜੀ ਮੁਸ਼ਕਿਲ ਨਾਲ ਦੰਦਾਂ ਨਾਲ ਪਪੋਲ ਸਕੇਗਾ ਕਿਸੇ ਹਰੇ ਫੁੱਲੇ ਨੂੰ ਤੇ ਜਦੋਂ ਤਲੰਗੇ ਨਾਲ ਮੇਰੀ ਤੂੰ–ਤੂੰ, ਮੈਂ–ਮੈਂ ਹੋਵੇਗੀ ਤਾਂ ਖੂਬ ਖ਼ਰੀਆਂ–ਖ਼ਰੀਆਂ ਸੁਣਾਵਾਂਗਾ। ਵੱਡਾ ਸਮਝਦਾ ਕੀ ਐ ਆਪਣੇ ਆਪ ਨੂੰ-ਕੱਲ੍ਹ ਦੀ ਭੂਤਨੀ ਤੇ... ਤੇ...ਉਹ ਨਾਰਾਜ਼ ਹੋ ਜਾਵੇਗਾ। ਘਰ ਰੱਖੂੰ ਆਪਣੀ ਧੀ ਨੂੰ...ਤੇ ਫੇਰ ਮੈਂ ਉਸਦੇ ਪੁੱਤ ਨੂੰ ਚੁੱਕੀ ਫਿਰੂੰਗਾ ਗਲੀ ਗਲੀ, ਬਾਜ਼ਾਰ ਬਾਜ਼ਾਰ...ਤੇ ਮੰਨ ਜਾਵੇਗਾ ਤਲੰਗਾ।'
ਰਹਿਮਾਨ ਨੇ ਗੋਡੀ ਦਾ ਬੰਦੋਬਸਤ ਕੀਤਾ। ਖੜ੍ਹੀ ਫਸਲ 'ਤੇ ਕੁਝ ਰੁਪਏ ਉਧਾਰ ਲਏ। ਬੋਹੀਆ ਚੁੱਕਿਆ ਤੇ ਸਫ਼ਰ ਖਰਚ ਨਾਲ ਬੰਨ੍ਹਿਆਂ ਕੇ ਯੱਕੇ 'ਤੇ ਸਵਾਰ ਹੋ ਗਿਆ। ਬੁੱਢੀ ਨੇ ਉਸਨੂੰ ਅੱਲ੍ਹਾ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ-“ਬਸਰਾ ਪਹੁੰਚ ਜਾਵੇਂਗਾ, ਕੁਝ ਦਿਨਾਂ ਵਿਚ। ਮੇਰੀ ਜੀਨਾ ਨੂੰ ਨਾਲ ਲੈਂਦਾ ਆਵੀਂ ਤੇ ਮੇਰੇ ਸਾਹਕੇ ਨੂੰ ਵੀ-ਹੁਣ ਪਤਾ ਨਹੀਂ ਕਦੋਂ ਦਮ ਨਿਕਲ ਜਾਵੇ।”
ਮਲਿਕਾ ਰਾਣੀ ਤੋਂ ਮਾਨਕ ਪੁਰ ਪਹੁੰਚਦਿਆਂ ਪਹੁੰਚਦਿਆਂ ਰਹਿਮਾਨ ਨੇ ਇਸਹਾਕ ਲਈ ਬਹੁਤ ਸਾਰੀਆਂ ਚੀਜ਼ਾਂ ਖ਼ਰੀਦ ਲਈਆਂ। ਇਕ ਛੋਟਾ ਜਿਹਾ ਸ਼ੀਸ਼ਾ ਸੀ। ਇਕ ਸਲੋਲਾਈਟ ਦਾ ਜਾਪਾਨੀ ਛਣਕਣਾ ਜਿਸ ਵਿਚ ਲੱਗੇ ਅੱਧੀ ਦਰਜਣ ਦੇ ਲਗਭਗ ਘੁੰਗਰੂ ਯਕਦਮ ਵੱਜ ਪੈਂਦੇ ਸਨ। ਮਾਣਕਪੁਰ ਤੋਂ ਰਹਿਮਾਨ ਨੇ ਇਕ ਛੋਟਾ ਜਿਹਾ ਗੱਡੀਰਾ ਵੀ ਖ਼ਰੀਦ ਲਿਆ ਤਾਂਕਿ ਇਸਹਾਕ ਫੜ੍ਹ ਕੇ ਤੁਰਨਾ ਸਿੱਖ ਜਾਵੇ। ਕਦੀ ਰਹਿਮਾਨ ਕਹਿੰਦਾ ਅੱਲ੍ਹਾ ਕਰੇ, ਇਸਹਾਕ ਦੇ ਦੰਦ ਇਸ ਕਾਬਿਲ ਹੋਣ ਕਿ ਉਹ ਭੂਤ ਪਿੰਨੇ ਖਾ ਸਕੇ। ਫੇਰ ਇਕਦਮ ਉਸਦੀ ਇੱਛਾ ਹੁੰਦੀ ਕਿ ਉਹ ਏਨਾ ਛੋਟਾ ਹੋਵੇ ਕਿ ਤੁਰਨਾ ਵੀ ਨਾ ਸਿੱਖਿਆ ਹੋਵੇ ਤੇ ਜੀਨਾ ਦੀਆਂ ਗੁਆਂਢਣਾ ਜੀਨਾ ਨੂੰ ਕਹਿਣ-'ਨਿੱਕੇ ਨੇ ਤਾਂ ਆਪਣੇ ਨਾਨੇ ਦੇ ਗੱਡੀਰੇ ਨਾਲ ਤੁਰਨਾ ਸਿੱਖਿਐ'...ਤੇ ਰਹਿਮਾਨ ਨਹੀਂ ਜਾਣਦਾ ਸੀ ਕਿ ਉਹ ਨਿੱਕੇ ਨੂੰ ਵੱਡਾ ਦੇਖਣਾ ਚਾਹੁੰਦਾ ਹੈ ਜਾਂ ਵੱਡੇ ਨੂੰ ਨਿੱਕਾ! ਸਿਰਫ ਉਸਦੀ ਇੱਛਾ ਸੀ ਕਿ ਉਸਦੇ ਸੱਤੂ, ਉਸਦੇ ਭੂਤ ਪਿੰਨੇ, ਉਸਦਾ ਸ਼ੀਸ਼ਾ, ਉਸਦਾ ਛਣਕਣਾ, ਉਸਦਾ ਗੱਡੀਰਾ ਤੇ ਖ਼ਰੀਦੀਆਂ ਹੋਈਆਂ ਸਾਰੀਆਂ ਚੀਜ਼ਾਂ ਕੰਮ ਆ ਸਕਣ ਤੇ ਉਹਨਾਂ ਦੀ ਉਹ ਸਲਹੁਤ ਹੋੋਵੇ ਜਿਸਦੀ ਉਸਨੂੰ ਇੱਛਾ ਸੀ। ਕਦੀ ਉਹ ਸੋਚਦਾ, ਕੀ ਜੀਨਾ ਪਿੰਡ ਦੇ ਇਹਨਾਂ ਗਰੀਬੀ ਤੋਹਫ਼ਿਆਂ ਨੂੰ ਪਸੰਦ ਕਰੇਗੀ? ਕੀ ਪਤਾ ਉਹ ਉਸਦਾ ਦਿਲ ਰੱਖਣ ਲਈ ਇਹਨਾਂ ਚੀਜ਼ਾਂ ਨੂੰ ਵੇਖ ਕੇ ਗਦਗਦ ਹੋ ਜਾਵੇ ਪਰ ਕੀ ਉਹ ਸਿਰਫ ਮੇਰਾ ਜੀਅ ਰੱਖਣ ਲਈ ਹੀ ਇੰਜ ਕਰੇਗੀ? ਫੇਰ ਤਾਂ ਮੈਨੂੰ ਬੜਾ ਦੁੱਖ ਹੋਵੇਗਾ। ਕੀ ਮੇਰੇ ਸੱਤੂ ਸੱਚਮੁੱਚ ਉਸਨੂੰ ਪਸੰਦ ਨਹੀਂ ਆ ਸਕਦੇ? ਮੇਰੀ ਧੀ ਨੂੰ, ਮੇਰੀ ਜੀਨਾ ਨੂੰ! ਅਲੀਆ ਤਾਂ ਪਰਇਆ ਪੇਟ ਹੈ, ਉਹ ਕੁਝ ਵੀ ਪਸੰਦ ਨਹੀਂ ਕਰੇਗਾ। ਉਹ ਤਾਂ ਨਾਇਕ ਹੈ। ਅੱਲ੍ਹਾ ਜਾਣੇ ਸਾਹਬ ਲੋਕਾਂ ਨਾਲ ਕੀ ਕੁਝ ਖਾਂਦਾ ਹੋਵੇਗਾ। ਉਹ ਕਿਉਂ ਪਸੰਦ ਕਰਨ ਲੱਗਾ ਪਿੰਡ ਦੇ ਸੱਤੂ-ਤੇ ਨਾਨਕਪੁਰ ਤੋਂ ਰਵਾਨਾ ਹੋਣ ਲੱਗਾ ਰਹਿਮਾਨ ਕੰਬਣ ਲੱਗ ਪਿਆ।
ਰਹਿਮਾਨ ਨੂੰ ਦਿਮਾਗੀ ਤੇ ਸਰੀਰਕ ਥਕਾਣ ਕਾਰਣ ਘੂਕੀ ਜਿਹੀ ਚੜ੍ਹਣ ਲੱਗੀ। ਰਾਤ ਵਾਲੇ ਮੀਟ ਨੇ ਉਸਦੇ ਢਿੱਡ ਵਿਚ ਸੁੱਤਾ ਸ਼ੈਤਾਨ ਜਗਾ ਦਿਤਾ ਸੀ। ਅੱਖਾਂ ਵਿਚ ਪੀਲਕ, ਅੰਦਰੂਨੀ ਗਰਮੀ ਦੀ ਸੂਚਕ, ਤਾਂ ਸੀ ਹੀ ਪਰ ਕੁਝ ਸਫ਼ਰ, ਕੁਝ ਰਾਤ ਦੇ ਮਾਸਾ ਹਾਰੀ ਖਾਣੇ ਕਾਰਕੇ ਅੱਖਾਂ ਵਿਚ ਅੰਗਿਆਰ ਭਖ਼ਣ ਲੱਗ ਪਏ। ਰਹਿਮਾਨ ਨੇ ਆਪਣੇ ਢਿੱਡ ਨੂੰ ਦੱਬਿਆ। ਤਿਲੀ ਵਾਲੀ ਜਗ੍ਹਾ ਫੇਰ ਚਸਕਦੀ ਮਹਿਸੂਸ ਹੋਈ, ਜੀਨਾ ਦੀ ਮਾਂ ਨੇ ਐਵੇਂ ਹੀ ਮੀਟ ਬਣਾ ਲਿਆ-ਪਰ ਉਦੋਂ ਤਾਂ ਉਸਨੂੰ ਦੁਪੱਟੇ ਨਾਲ ਹੱਥ ਪੂੰਝਣੇ ਤੇ ਮੀਟ ਦੋਵੇਂ ਚੀਜ਼ਾਂ ਪਸੰਦ ਆਈਆਂ ਸਨ।
ਰਹਿਮਾਨ ਨੂੰ ਇਕ ਜਗ੍ਹਾ ਪਿਸ਼ਾਬ ਦੀ ਹਾਜਤ ਹੋਈ ਤੇ ਉਸਨੇ ਦੇਖਿਆ ਕਿ ਉਸਦਾ ਪੀਲਾ ਪਿਸ਼ਾਬ ਕਾਲੀ ਭਾਅ ਮਾਰਨ ਲੱਗ ਪਿਆ ਸੀ। ਰਹਿਮਾਨ ਨੂੰ ਫੇਰ ਵਹਿਮ ਹੋ ਗਿਆ। ਸੋ ਉਸਨੇ ਸੋਚਿਆ ਮੈਨੂੰ ਪ੍ਰਹੇਜ਼ ਰੱਖਣਾ ਚਾਹੀਦਾ ਸੀ-ਪੁਰਾਣੀ ਬਿਮਾਰੀ ਫੇਰ ਜਾਗ ਪਈ ਹੈ।
ਗੱਡੀ ਵਿਚ, ਖਿੜਕੀ ਵਾਲੇ ਪਾਸਿਓਂ ਪੁਰੇ ਦੀ ਹਵਾ ਫਰਾਟੇ ਭਰਦੀ ਅੰਦਰ ਆ ਰਹੀ ਸੀ। ਬਿਰਖ਼ਾਂ ਦੇ ਅੱਖਾਂ ਸਾਹਮਣੇ ਘੁੰਮਣ, ਕਦੀ ਅੱਖਾਂ ਬੰਦ ਕਰਨ ਤੇ ਖੋਲ੍ਹਣ ਨਾਲ ਰਹਿਮਾਨ ਨੂੰ ਗੱਡੀ ਬਿਲਕੁਲ ਕਿਸੇ ਭੰਗੂੜੇ ਵਾਂਗ ਅੱਗੇ ਪਿੱਛੇ ਹਿੱਲਦੀ ਮਹਿਸੂਸ ਹੋ ਰਹੀ ਸੀ। ਦੋ ਤਿੰਨ ਸਟੇਸ਼ਨ ਇਸੇ ਊਂਘ ਵਿਚ ਨਿਕਲ ਗਏ। ਜਦੋਂ ਉਹ ਕਰਨਾਲ ਤੋਂ ਇਕ ਦੋ ਸਟੇਸ਼ਨ ਉਰੇ ਹੀ ਸੀ ਤਾਂ ਉਸਦੀ ਅੱਖ ਖੁੱਲ੍ਹ ਗਈ-ਉਸਦੀ ਸੀਟ ਹੇਠੋਂ ਗੰਢੜੀ ਚੁੱਕੀ ਗਈ ਸੀ ਸਿਰਫ ਉਸਦੇ ਆਪਣੇ ਗੁਜਾਰੇ ਲਈ ਸੱਤੂ ਤੇ ਚਾਦਰ ਦੇ ਪੱਲੇ ਨਾਲ ਬੰਨ੍ਹੇ ਭੂਤ ਪਿੰਨੇ ਜਾਂ ਉਸਦੀਆਂ ਪਸਰੀਆਂ ਹੋਈਆਂ ਲੱਤਾਂ ਵਿਚਕਾਰ ਗੱਡੀਰਾ ਖੜ੍ਹਾ ਸੀ।
ਰਹਿਮਾਨ ਰੌਲਾ ਪਾਉਣ ਲੱਗ ਪਿਆ। ਉਸ ਡੱਬੇ ਵਿਚ ਦੋ ਬਾਬੂ ਕਿਸਮ ਦੇ ਆਦਮੀ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਬੁੱਢੇ ਨੂੰ ਚੀਕਦਿਆਂ–ਕੂਕਦਿਆਂ ਦੇਖ ਕੇ ਚੀਕੇ-“ਕਿਉਂ ਰੌਲਾ ਪਾਈ ਜਾਣੇ ਬਾਬਾ, ਚੁੱਪ ਕਰਕੇ ਬਹਿ”-ਪਰ ਰਹਿਮਾਨ ਬੋਲਦਾ ਹੀ ਰਿਹਾ। ਉਸਦੀ ਸਾਹਮਣੀ ਸੀਟ ਉੱਤੇ ਇਕ ਲਾਪਰੀਆਂ ਮੁੱਛਾਂ ਵਾਲਾ ਕਾਂਸਟੇਬਲ ਬੈਠਾ ਸੀ। ਰਹਿਮਾਨ ਨੇ ਉਸਨੂੰ ਘੇਰ ਲਿਆ ਤੇ ਬੋਲਿਆ-“ਤੂੰ ਹੀ ਮੇਰੀ ਗੰਢੜੀ ਚੁਕਵਾਈ ਆ ਬੇਟਾ”...ਕਾਂਸਟੇਬਲ ਨੇ ਇਕ ਝਟਕੇ ਨਾਲ ਰਹਿਮਾਨ ਨੂੰ ਪਰ੍ਹਾਂ ਧਰੀਕ ਦਿਤਾ। ਉਸ ਖਿੱਚੋਤਾਣੀ ਵਿਚ ਰਹਿਮਾਨ ਦਾ ਸਾਹ ਉਖੱੜ ਗਿਆ। ਬਾਊ ਫੇਰ ਬੋਲਿਆ-“ਤੂੰ ਸੌਂ ਕਿਉਂ ਗਿਆ ਸੀ, ਬਾਬਾ? ਤੂੰ ਨਿਗਾਹ ਰੱਖਦਾ ਆਪਣੀ ਗੰਢੜੀ ਦੀ...ਤੇਰੀ ਅਕਲ ਚਰਨ ਚਲੀ ਗਈ ਸੀ ਕਿਤੇ?”
ਰਹਿਮਾਨ ਉਸ ਸਮੇਂ ਸਾਰੀ ਦੁਨੀਆਂ ਨਾਲ ਭਿੜ ਜਾਣ ਲਈ ਤਿਆਰ ਸੀ। ਉਸਨੇ ਕਾਂਸਟੇਬਲ ਦੀ ਵਰਦੀ ਪਾੜ ਸੁੱਟੀ। ਕਾਂਸਟੇਬਲ ਨੇ ਗੱਡੀਰੇ ਦਾ ਡੰਡਾ ਖਿੱਚ ਕੇ ਰਹਿਮਾਨ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਉਦੋਂ ਹੀ ਟਿਕਟ ਚੈਕਰ ਅੰਦਰ ਆ ਵੜਿਆ। ਉਸਨੇ ਵੀ ਬਾਬੂ ਲੋਕਾਂ ਦੀ ਰਾਏ ਨਾਲ ਸਹਿਮਤ ਹੋ ਕੇ ਰਹਿਮਾਨ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਤੇ ਰਹਿਮਾਨ ਨੂੰ ਹੁਕਮ ਦਿਤਾ ਕਿ ਉਹ ਕਰਨਾਲ ਪਹੁੰਚ ਕੇ ਗੱਡੀ ਵਿਚੋਂ ਉਤਰ ਜਾਵੇ, ਉਸਨੂੰ ਰੇਲਵੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਚੈਕਰ ਨਾਲ ਲੜਾਈ ਵਿਚ ਇਕ ਲੱਤ ਰਹਿਮਾਨ ਦੇ ਢਿੱਡ ਵਿਚ ਵੱਜੀ ਤੇੇ ਉਹ ਫਰਸ਼ ਉੱਤੇ ਲੰਮ–ਲੇਟ ਹੋ ਗਿਆ।
ਕਰਨਾਲ ਆ ਚੁੱਕਿਆ ਸੀ-ਰਹਿਮਾਨ, ਉਸਦੀ ਚਾਦਰ ਤੇ ਗੱਡੀਰਾ ਪਲੇਟ ਫਾਰਮ ਉੱਤੇ ਲਾਹ ਦਿੱਤਾ ਗਿਆ। ਗੱਡੀਰੇ ਦਾ ਡੰਡਾ ਇਕ ਪਾਸੇ ਖ਼ੂਨ ਨਾਲ ਲਿਬੜਿਆ ਆਪਣੇ ਢਾਂਚੇ ਨਾਲੋਂ ਵੱਖ ਪਿਆ ਹੋਇਆ ਸੀ। ਤੇ ਉਹ ਮੱਕੀ ਦੇ ਭੂਤ ਪਿੰਨੇ ਖੁੱਲ੍ਹੀ ਹੋਈ ਚਾਦਰ ਵਿਚੋਂ ਨਿਕਲ ਨਿਕਲ ਪਲੇਟਫਾਰਮ ਉੱਤੇ ਰੁੜ੍ਹੇ ਫਿਰਦੇ ਸਨ।
ਰਹਿਮਾਨ ਦੇ ਢਿੱਡ ਵਿਚ ਖਾਸੀ ਸੱਟ ਵੱਜੀ ਸੀ। ਉਸਨੂੰ ਸਟਰੇਚਰ ਉੱਤੇ ਪਾ ਕੇ ਕਰਨਾਲ ਦੇ ਹਸਪਤਾਲ ਲੈ ਜਾਇਆ ਗਿਆ।
ਜੀਨਾ, ਸਾਹਕ, ਅਲੀ ਮੁਹੰਮਦ, ਜੀਨਾ ਦੀ ਮਾਂ...ਇਕ ਇਕ ਕਰਕੇ ਰਹਿਮਾਨ ਦੀਆਂ ਨਜ਼ਰਾਂ ਸਾਹਮਣਿਓ ਲੰਘਣ ਲੱਗੇ। ਜ਼ਿੰਦਗੀ ਦੀ ਫਿਲਮ ਕਿੰਨੀ ਛੋਟੀ ਹੁੰਦੀ ਹੈ-ਇਸ ਵਿਚ ਮੁਸ਼ਕਿਲ ਨਾਲ ਤਿੰਨ ਚਾਰ ਆਦਮੀ ਤੇ ਇਕ ਦੋ ਔਰਤਾਂ ਹੀ ਆ ਸਕਦੀਆਂ ਨੇ। ਹੋਰ ਮਰਦ ਤੇ ਔਰਤਾਂ ਵੀ ਆਉਂਦੀਆਂ ਨੇ, ਪਰ ਉਹਨਾਂ ਬਾਰੇ ਕੁਝ ਵੀ ਤਾਂ ਚੇਤੇ ਨਹੀਂ ਰਹਿੰਦਾ। ਜੀਨਾ, ਸਾਹਕਾ, ਅਲੀ ਮੁਹੰਮਦ ਤੇ ਜੀਨਾ ਦੀ ਮਾਂ...ਜਾਂ ਕਦੀ–ਕਦਾਰ ਉਹਨਾਂ ਕੁਝ ਲੋਕਾਂ ਵਿਚਕਾਰ ਕਸ਼ਮਕਸ਼ ਦੀ ਕੋਈ ਘਟਨਾ ਯਾਦ ਆ ਜਾਂਦੀ ਹੈ ਜਿਵੇਂ ਕਿ ਪਲੇਟਫਾਰਮ ਉੱਤੇ ਪਿਆ ਹੋਇਆ ਗੱਡੀਰਾ, ਤੇ ਮੱਕੀ ਦੇ ਰੁੜ੍ਹੇ ਫਿਰਦੇ ਭੂਤ ਪਿੰਨੇ ਜਿਹਨਾਂ ਨੂੰ ਖਲਾਸੀ, ਵਾਚ ਮੈਨ, ਸਿਗਨਲ ਵਾਲਿਆਂ ਦੇ ਆਵਾਰਾ ਛੋਹਰ ਚੁੱਕ ਕੇ ਭੱਜ ਰਹੇ ਸੀ ਤੇ ਉਹਨਾਂ ਦੇ ਕਾਲੇ ਕਾਲੇ ਚਿਹਰਿਆਂ ਉੱਤੇ ਸਫ਼ੇਦ ਦੰਦ ਬਿਲਕੁਲ ਉਸੇ ਤਰ੍ਹਾਂ ਦਿਖਾਈ ਦੇਂਦੇ ਜਿਵੇਂ ਉਸ ਧੁੰਦਲੇ ਜਿਹੇ ਦ੍ਰਿਸ਼ ਵਿਚ ਉਹਨਾਂ ਦਾ ਹਾਸਾ, ਉਹਨਾਂ ਦੇ ਠਹਾਕੇ...ਜਾਂ ਦੂਰ ਕੋਈ ਪੁਲਿਸ ਮੈਨ ਆਪਣੀ ਡਾਇਰੀ ਵਿਚ ਕੁਝ ਜ਼ਰੂਰੀ ਕੁਝ ਗੈਰਜ਼ਰੂਰੀ ਵੇਰਵਾ ਲਿਖ ਰਿਹਾ ਹੋਵੇ-
...ਫੇਰ ਲੱਤ ਮਾਰੀ...
ਹੈਂ? ਇੰਜ ਨਹੀਂ ਹੋ ਸਕਦਾ...ਅੱਛਾ ਫੇਰ ਲੱਤ ਮਾਰੀ।
ਤੇ ਫੇਰ... ਫੇਰ ਹਸਪਤਾਲ ਦੇ ਚਿੱਟੇ ਬਿਸਤਰੇ, ਕਫ਼ਨ ਵਰਗੀਆਂ ਸਫ਼ੈਦ ਚਾਦਰਾਂ, ਕਬਰਾਂ ਵਰਗੇ ਮੰਜੇ, ਮਾਤਮੀ ਚਿਹਰਿਆਂ ਵਾਲੀਆਂ ਨਰਸਾਂ ਤੇ ਡਾਕਟਰ...
ਰਹਿਮਾਨ ਦੇ ਵੇਖਿਆ, ਉਸਦੀ ਭੂਤ ਪਿੰਨਿਆਂ ਵਾਲੀ ਚਾਦਰ ਹਸਪਤਾਲ ਵਿਚ ਉਸਦੇ ਸਿਰਹਾਣੇ ਪਈ ਸੀ। “ਇਹ ਵੀ ਉੱਥੇ ਈ ਛੱਡ ਆਏ ਹੁੰਦੇ”-ਰਹਿਮਾਨ ਨੇ ਕਿਹਾ। “ਈਹਦੀ ਮੈਨੂੰ ਕੀ ਲੋੜ ਸੀ?” ਇਸ ਦੇ ਇਲਾਵਾ ਰਹਿਮਾਨ ਕੋਲ ਕੁਝ ਵੀ ਨਹੀਂ ਸੀ। ਡਾਕਟਰ ਤੇ ਨਰਸਾਂ ਉਸਦੇ ਸਿਰਹਾਣੇ ਖੜ੍ਹੇ ਹਰ ਵਾਰੀ ਲੱਠੇ ਦੀ ਚਿੱਟੀ ਚਾਦਰ ਨੂੰ ਮੂੰਹ ਵੱਲ ਖਿਸਕਾਅ ਦੇਂਦੇ ਸਨ...ਰਹਿਮਾਨ ਨੂੰ ਕੈਅ ਦੀ ਹਾਜਤ ਮਹਿਸੂਸ ਹੋਈ ਨਰਸ ਨੇ ਫੌਰਨ ਇਕ ਚਿਲਮਚੀ ਬੈੱਡ ਦੇ ਹੇਠ ਸਰਕਾਅ ਦਿਤੀ। ਰਹਿਮਾਨ ਕੈਅ ਕਰਨ ਲਈ ਝੁਕਿਆ ਤੇ ਉਸਨੇ ਦੇਖਿਆ ਕਿ ਉਸਨੇ ਆਪਣੀ ਜੁੱਤੀ ਆਮ ਵਾਂਗ ਕਾਹਲ ਨਾਲ ਮੰਜੇ ਕੋਲ ਲਾਹ ਦਿਤੀ ਸੀ ਤੇ ਜੁੱਤੀ ਫੇਰ ਜੁੱਤੀ ਉੱਤੇ ਚੜ੍ਹੀ ਹੋਈ ਸੀ। ਰਹਿਮਾਨ ਇਕ ਫਿੱਕਾ ਤੇ ਨਿੱਕਾ ਜਿਹਾ ਹਾਸਾ ਹੱਸਿਆ ਤੇ ਬੋਲਿਆ-“ਡਾਕਦਾਰਜੀ! ਮੈਂ ਸਫ਼ਰ 'ਤੇ ਜਾਣੈ ਜੀ, ਤੁਸੀਂ ਦੇਖ ਰਹੇ ਓ ਨਾ ਮੇਰੀ ਜੁੱਤੀ, ਜੁੱਤੀ ਉੱਤੇ ਕਿਵੇਂ ਚੜ੍ਹੀ ਹੋਈ ਐ?”
ਡਾਕਟਰ ਜਵਾਬ ਵਿਚ ਮੁਸਕਰਾਇਆ ਤੇ ਬੋਲਿਆ-“ਹਾਂ ਬਾਬਾ, ਤੂੰ ਬੜੇ ਲੰਮੇਂ ਸਫ਼ਰ 'ਤੇ ਜਾਣਾ ਏਂ...” ਫੇਰ ਰਹਿਮਾਨ ਦੇ ਸਿਰਹਾਣੇ ਪਈ ਚਾਦਰ ਟੋਂਹਦਾ ਹੋਇਆ ਬੋਲਿਆ-“ਪਰ ਤੇਰਾ ਸਫ਼ਰ ਦਾ ਸਾਮਾਨ ਕਿੰਨਾ ਥੋੜ੍ਹਾ ਏ-ਅਹਿ ਸਿਰਫ ਇਹੋ ਭੂਤ ਪਿੰਨਾ ਤੇ ਏਨਾ ਲੰਮਾ ਸਫ਼ਰ”-ਬਸ ਜੀਨਾ, ਜੀਨਾ ਦੀ ਮਾਂ, ਸਾਹਕਾ ਤੇ ਅਲੀ ਮੁਹੰਮਦ ਜਾਂ ਉਹ ਅਫ਼ਸੋਸਨਾਕ ਘਟਨਾ...
ਰਹਿਮਾਨ ਨੇ ਆਪਣੇ ਸਫ਼ਰ ਦੇ ਸਾਮਾਨ ਉੱਤੇ ਆਪਣਾ ਹੱਥ ਰੱਖ ਲਿਆ ਤੇ ਇਕ ਬੜੇ ਲੰਮੇਂ ਸਫ਼ਰ ਤੇ ਰਵਾਨਾ ਹੋ ਗਿਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ