Ranjakdas (Punjabi Story) : Pargat Singh Satauj

ਰੰਜਕਦਾਸ (ਕਹਾਣੀ) : ਪਰਗਟ ਸਿੰਘ ਸਤੌਜ

ਪਿਛਲੇ ਦੋ ਸਾਲਾਂ ਤੋਂ ਮੇਰੀ ਮੌਤ ਬਾਰੇ ਗੱਦੀ ਕੁੱਤਿਆਂ ਵਾਂਗੂੰ 'ਟਊਂ-ਟਊਂ' ਜਿਹਾ ਕਰਦਿਆਂ ਸੁਣ ਕੇ ਮੇਰੀ ਰੂਹ ਦੀ ਜ਼ਮੀਰ ਜਾਗ ਹੀ ਪਈ ਹੈ ਕਿ ਤੁਹਾਨੂੰ ਸੱਚ ਆਪ ਹੀ ਦੱਸ ਦੇਵਾਂ। ਤੁਸੀਂ ਸੋਚਦੇ ਹੋਓਂਗੇ, 'ਇਹ ਦੋ ਸਾਲਾਂ ਤੋਂ ਮਰਿਆ ਬੂਬਣਾ ਕਿਹੜੇ ਖੱਲ-ਖੂੰਜੇ 'ਚੋਂ ਬੋਲ ਪਿਆ ਹੈ।' ਹੈਰਾਨ ਨਾ ਹੋਓ ਬਾਬਿਓ! ਮੈਂ ਡੇਰੇ ਆਲੇ ਬਾਬੇ ਰੰਜਕਦਾਸ ਦੀ ਰੂਹ ਆਪ ਆਈ ਹਾਂ, ਤੁਹਾਡੇ ਭਰਮ ਜਾਲ ਤੋੜਨ ਲਈ।
ਹੈਂ? ਹਾਂ! ਹਾਂ! ਓਹੀ ਪੂਜਨੀਕ ਬਾਬਾ ਰੰਜਕਦਾਸ ਜੀ।
ਅੱਜ ਹੀ ਮੇਰੀ ਬਰਸੀ ਮਨਾਈ ਜਾ ਰਹੀ ਐ।
ਹੈਂ? ਦੇਖਣਾ ਚਾਹੁੰਦੇ ਹੋਂ?
ਆਓ ਫੇਰ ਡੇਰੇ ਲੈ ਚੱਲਾਂ।
ਊਂ ਤਾਂ ਮੈਂ ਝੰਡੇ ਅਮਲੀ ਵਾਂਗੂੰ ਸਾਰੀ ਰਾਮ-ਲੀਲਾ ਆਪ ਈ ਸੁਣਾ ਦਿਉਂ। ਜੇ ਕੁਛ ਪੁੱਛਣਾ ਵੀ ਹੋਵੇ ਤਾਂ ਉੱਚੀ ਬੋਲਿਓ। ਮੈਨੂੰ ਵੀ ਅੱਜ ਦੇ ਨੇਤਾਵਾਂ ਵਾਂਗ ਉੱਚਾ ਈ ਸੁਣਦੈ।
ਆਹ ਦੇਖੋ! ਮੇਰੀ ਬਰਸੀ ਦਾ ਰੌਣਕ-ਮੇਲਾ। ਮਰਕੇ ਚੀਮਿਆਂ ਆਲੇ ਮੇਲੇ ਜਿੰਨਾ 'ਕੱਠ ਐ। ਇਥੇ ਤੁਹਾਨੂੰ ਮਨੁੱਖ ਦੀ ਹਰ ਬਰੈਟੀ ਮਿਲਜੂ। ਮੇਰੀ ਸੇਵਾ ਭਾਵਨਾ 'ਚ ਅੰੰਨ੍ਹੇ ਹੋਏ ਵੀ ਮਿਲ ਜਾਣਗੇ। ਕਈ ਹੀਰ 'ਤੇ ਰਾਂਝਿਆਂ ਦੇ ਇਸ਼ਕ ਪੇਚੇ ਲੜਾਉਣ ਲਈ ਵੀ ਇਹ ਡੇਰਾ ਬੇਲੇ ਦਾ ਕੰਮ ਸਾਰ ਦਿੰਦੈ। ਕਈ ਬਿਚਾਰੇ ਟੱਲੀ ਛੜੇ ਵਰਗੇ ਵੀ ਲੋਕਾਂ ਦੀਆਂ ਤੀਵੀਂਆਂ 'ਤੇ ਅੱਖਾਂ ਤੱਤੀਆਂ ਕਰਕੇ ਸਾਰਨ ਆ ਜਾਂਦੇ ਨੇ। ਜੇ ਮੌਕਾ ਲੱਗੇ ਤਾਂ ਚੂੰਢੀ -ਚੱਪਾ ਵੀ ਵੱਢ ਜਾਂਦੇ ਨੇ। ਤੇ.. .. ..।
ਹੈਂ.. ..? ਹੈਂ? ਕੀ ਕਿਹਾ?
ਅੱਛਿਆ, ਅੱਛਿਆ! ਸਮਝ ਗਿਆ। ਗੁੱਸਾ ਨਾ ਮੰਨਿਓਂ! ਮੈਂ, ਸੋਨੂੰ ਦੱਸਿਐ ਵੀ 'ਓਨਾ' ਵਾਂਗ ਘੱਟ ਈ ਸੁਣਦੈ। ਅੱਛਿਆ, ਤੁਹਾਡੀ ਮਰਜੀ। ਜੇ ਮੇਰੀ ਕਹਾਣੀ ਸੁਣਨੀ ਈ ਐ ਤਾਂ ਉਹ ਵੀ ਸੁਣਾ ਦਿੰਨਾਂ। ਹੁਣ ਕਿਹੜਾ ਆਪਣਾ ਆਰਤੀ ਦਾ ਟੈਂਮ ਖੁੰਝਦਾ ਜਾਂਦੈ। ਨਾ ਹੀ ਆਪਾਂ ਗਜਾ ਨੂੰ ਜਾਣੈ। ਹੁਣ ਤਾਂ ਆਪਣਾ ਅਸ਼ੀਰਵਾਦ ਦੇਣ ਦਾ ਵੀ ਪੱਕਾ ਟੈਂਮ ਬੰਨਿਆ ਹੋਇਐ। ਉਹ ਫੇਰ ਦੱਸੂੰ। ਹਾਂ ਸੱਚ! ਮੇਰੀ ਕਹਾਣੀ। ਲੈ ਸੁਣੋ।
ਅਸੀਂ ਤਾਂ ਮੇਰੇ ਕੰਜਰ ਬਾਪ ਦੇ ਤਿੰਨ ਪਤੰਦਰ ਜੰਮੇ ਸੀ। ਮੈਂ ਵੱਡਾ, ਦੋ ਮੈਥੋਂ ਛੋਟੇ। ਲੈ.. .ਐ.. .ਹੱਸਣ ਆਲੀ ਜਾਂ ਗੰਭੀਰ ਹੋਕੇ ਸੋਚਣ ਆਲੀ ਇਹਦੇ 'ਚ ਕੋਈ ਗੱਲ ਨੀ। ਮੇਰੇ ਬਾਪੂ ਨੂੰ ਸਾਰਾ ਪਿੰਡ ਈ ਕੰਜਰ ਕਹਿੰਦਾ ਸੀ। ਕੰਜਰ ਕਹੇ ਵੀ ਕਿਉਂ ਨਾ ਉਹਨੇ ਕੰਮ ਈ ਕੰਜਰਾਂ ਆਲੇ ਕੀਤੇ ਸੀ। ਉਹ ਵੀ ਸੁਣ ਲਓ ਕਿਉਂ? ਮੇਰੇ ਬਾਪ ਦੇ ਨਸ਼ੇ-ਪੱਤੇ ਕਰਕੇ ਕਿਸੇ ਨੇ ਡੋਲਾ ਨਹੀਂ ਸੀ ਤੋਰਿਆ। ਫੇਰ ਬਾਪੂ ਨੇ 'ਮਰਦੀ ਨੇ ਅੱਕ ਚੱਬਿਆ, ਹਾਰ ਕੇ ਛੜੇ ਜੇਠ ਨਾਲ ਲਾਈਆਂ' ਵਾਲੀ ਗੱਲ ਕਰਕੇ ਸਾਡੇ ਗੁਆਂਢੀ ਪਿੰਡੋਂ ਡੂੰਮਾਂ ਦੀ ਕੁੜੀ ਕੱਢ ਲਿਆਇਆ ਸੀ। ਬਾਪੂ ਮਿਰਜ਼ੇ ਵਾਂਗੂ ਬੁੱਧੂ ਵੀ ਨਹੀਂ ਸੀ ਵੀ ਕਿਸੇ ਜੰਡ ਥੱਲੇ ਦਮ ਲੈਣ ਲਈ ਬੈਠ ਜਾਂਦਾ। ਉਹ ਤਾਂ ਪੂਰਾ ਸੱਤਾਂ ਨਦੀਆਂ ਦਾ ਤਾਰੂ ਸੀ। ਰਾਤੇ-ਰਾਤ ਸਾਡੀ ਮਾਂ ਵੀਹ ਜੂਹਾਂ ਟਪਾ ਦਿੱਤੀ। ਸਵੇਰ ਨੂੰ ਡੂੰਮ ਅੱਧਾ ਪਿੰਡ ਲੈ ਕੇ ਸਾਡੇ ਘਰ ਆ ਵੜੇ। ਹੁਣ ਬਾਪੂ ਉਹਨਾਂ ਨੂੰ ਕਿੱਥੋਂ ਮਿਲਣਾ ਸੀ ਜਿਵੇਂ ਕਹਿੰਦੇ ਨੇ, 'ਉਡਦੀ ਧੂੜ ਦਿਸੇ, ਪੀਰ ਨਜ਼ਰ ਨੀ ਆਉਂਦਾ' ਵਾਂਗ ਬਾਪੂ ਤਾਂ ਹਵਾ ਨੂੰ ਗੰਢਾਂ ਦੇ ਗਿਆ ਸੀ। ਡੂੰਮ ਕਿੰਨੇ ਹੀ ਦਿਨ ਲਾਹਵਾਂ ਦੇ ਪਿੰਡਾਂ ਵਿੱਚ ਬਾਪੂ ਦੀਆਂ ਪੈੜਾਂ ਸੁੰਘਦੇ ਫਿਰਦੇ ਰਹੇ। ਜਦ ਕੁਛ ਹੱਥ ਪੱਲੇ ਨਾ ਪਿਆ ਤਾਂ ਮੂਤ ਦੀ ਝੱਗ ਵਾਂਗ ਆਪੇ ਬੈਠ ਗਏ।
ਇੱਕ ਮਿੰਟ.. ..ਓਧਰ ਦੇਖੋ! ਓ.. ..ਹ.. .ਆਉਂਦੀਆਂ ਨੇ ਸੁਲਫ਼ੇ ਦੀ ਲਾਟ ਵਰਗੀਆਂ। ਓਹ ਦੇਖਦਿਓਂ, ਸਾਰਿਆਂ ਤੋਂ ਮੂਹਰੇ ਲਾਲ ਚੁੰਨੀ ਆਲੀ।
ਹਾਂ ਹਾਂ ਓਹੀ!
ਉਹ ਅੱਜ-ਕੱਲ ਬਾਬੇ ਨੌਂਮੀ ਦਾਸ ਤੋਂ ਸ਼ਾਮ ਨੂੰ 'ਅਸ਼ੀਰਵਾਦ' ਲੈਣ ਆਉਂਦੀ ਹੁੰਦੀ ਐ। ਪਹਿਲਾਂ ਕਈ ਮਹੀਨੇ ਮੈਥੋਂ ਵੀ ਬੜਾ ਅਸ਼ੀਰਵਾਦ ਲਿਐ। ਕਈਆਂ ਨੂੰ ਤਾਂ ਸਾਡੀ ਭਵੂਤੀ ਨੇ ਪੁੱਤਰ ਫਲ ਵੀ ਦਿੱਤੈ।
ਹੈਂ ਕੀ ਕਿਹਾ? ਫਸਦੀਆਂ?
ਲੈ ਫਸਣ ਨੂੰ ਕੀ ਐ ਬੱਸ ਗਿੱਦੜਸਿੰਗੀ ਚਾਹੀਦੀ ਐ। ਹਰੇਕ ਬਿਜ਼ਨਸ ਨੂੰ ਚਲਾਉਣ ਦੀ ਗਿੱਦੜਸਿੰਗੀ ਹੁੰਦੀ ਐ ਗੁਰਮੁਖੋ! ਜਿੰਨੀ ਕੋਈ ਗਿੱਦੜਸਿੰਗੀ ਚੰਗੀ ਲਾਉਣ ਜਾਣਦਾ ਹੋਊ, ਓਨਾ ਈ ਕਾਮਯਾਬ ਹੋਊ।
ਓਹ ਦੇਖਦੈਂ ਬਾਮਣੀ! ਉਹ ਸਾਡੀ ਪੱਕੀ ਅਜੈਂਟ ਐ। ਸਾਰੇ ਪਿੰਡ ਦੀ ਖ਼ਬਰਸਾਰ ਏਸੇ ਦੇ ਜ਼ਰੀਏ ਆਉਂਦੀ ਐ। ਰੱਬ ਨੂੰ ਟਾਕੀਆਂ ਲਾਉਂਣ ਤੱਕ ਜਾਂਦੀ ਐ। ਇਹ ਜਿੰਨ੍ਹਾ ਨੂੰ ਡੇਰੇ ਲੈ ਕੇ ਆਉਂਦੀ ਐ, ਉਨਾਂ ਤੋਂ ਸੀ. ਆਈ. ਡੀ. ਆਲਿਆਂ ਵਾਗੂੰ ਪਹਿਲਾਂ ਈ ਸਾਰਾ ਭੇਤ-ਸੇਤ ਲੈ ਲੈਂਦੀ ਐ। ਜਦੋਂ ਓਹੀ ਗੱਲਾਂ ਅਸੀਂ.. ..।
ਓਹ ਖੜ ਵੀ ਜਾਹ.. ..। ਕਈ ਮਹੀਨੇ ਬਾਪੂ ਦੀ ਕਿਸੇ ਨੂੰ ਉੱਘ-ਸੁੱਘ ਈ ਨੀ ਲੱਗੀ। ਥੋਨੂੰ ਦੱਸਿਐ ਬਾਪੂ ਵੀ ਪੂਰਾ ਕੰਜਰ ਸੀ। ਦੋਵਾਂ ਪਿੰਡਾਂ ਦੀ ਕਿਸੇ ਬੰਦੇ ਵਿੱਚੋਂ ਦੀ ਵਾਰ-ਸਾਰ ਲੈਂਦਾ ਰਿਹਾ। ਜਦ ਗੱਲ ਪੂਰੀ ਠੰਢੀ ਪੈ ਗਈ ਤਾਂ ਇੱਕ ਦਿਨ ਬਾਪੂ ਨੇ ਸਵੇਰੇ ਸਾਝਰੇ ਹੀ ਨੂੰਹ ਤੋਂ ਮਾਂ ਦੇ ਪੈਰੀਂ ਹੱਥ ਲਿਆ ਲਵਾਏ। ਪਿੰਡ ਵਿੱਚ ਪਹਿਲਾਂ-ਪਹਿਲਾਂ ਤਾਂ ਮੁਰਗਿਆਂ ਵਿੱਚ ਬਿੱਲਾ ਆ ਵੜਨ ਵਾਂਗ 'ਕੁਰਰ.. .ਕੁਰਕ' ਜਿਹੀ ਹੋਈ। ਜਦ ਬਾਪੂ ਨੇ ਦੇਸੀ ਦਾ ਅਧੀਆ ਲਾ ਕੇ, ਹੱਥ 'ਚ ਗੰਡਾਸਾ ਲਈਂ ਬੀਹੀ ਵਿੱਚ ਜਾ ਲਲਕਾਰਾ ਮਾਰਿਆ, ''ਕਿਹੜਾ ਮੇਰਾ ਸਾਲਾ ਕੁਛ ਕਹਿਦੂ। ਜਾਂ ਤਾਂ ਪ੍ਰਹੁਣੇ ਨੂੰ ਆਪਣੀਆਂ ਕੁੜੀਆਂ ਦਾ ਸਾਕ ਦਿੰਦੇ। ਜਦੋਂ ਹੁਣ ਸੋਡਾ ਜਮਾਈ, ਸੋਡੀ ਛੋਟੀ ਨੂੰ ਕੱਢ ਲਿਆਇਆ, ਹੁਣ ਕਿਉਂ ਬੋਲਦੇ ਓਂ।'' ਸਾਰੇ ਵਿਹੜੇ 'ਚ ਸੰਨਾਟਾ ਛਾ ਗਿਆ। ਸਾਲੇ, ਸਾਰੇ ਗਿੱਦੜਾਂ ਵਾਂਗ ਘੁਰਨਿਆਂ 'ਚ ਜਾ ਵੜੇ। ਬਾਪੂ ਨੂੰ ਸਾਰਾ ਪਿੰਡ ਕੰਜਰ ਕਹਿਣ ਲੱਗ ਪਿਆ।
ਫੇਰ ਅੱਗੇ ਕੰਜਰ ਦੇ, ਕੰਜਰ ਪੁੱਤ ਅਸੀਂ ਜੰਮ ਪਏ। ਉਝ ਵੀ ਮੇਰੇ ਨਾਮ ਰੰਜਕਦਾਸ ਦੇ ਅੱਖਰਾਂ ਨੂੰ ਜੇ ਤੁਸੀਂ ਉਲਟਾ ਕਰਕੇ ਪੜੋ ਤਾਂ ਕੰਜਰਦਾਸ ਹੀ ਬਣਦੈ। ਊਂ ਵੀ ਸਾਨੂੰ ਇਹ ਕੰਜਰ ਦੀ ਅੱਲ ਵਿਰਸੇ ਵਿੱਚ ਹੀ ਮਿਲ ਗਈ ਸੀ।
ਪਹਿਲਾਂ ਤਾਂ ਕੰਜਰਾਂ ਆਲਾ ਕੰਮ ਮੈਂ ਆਪਣੇ ਵਿਹੜੇ ਵਿੱਚ ਹੀ ਕੀਤਾ ਸੀ। ਦੂਜਾ ਕੰਮ ਟਰੱਕਾਂ.. .. .।
ਓਹ ਖੜ ਵੀ ਜਾਹ ਪਤੰਦਰਾ! ਕਿਉਂ ਔਸਰ ਝੋਟੀ ਦੇ ਥਣਾਂ ਨੂੰ ਹੱਥ ਲਾਉਣ ਵਾਂਗੂੰ ਟੱਪੀ ਜਾਨੈਂ। ਤੈਨੂੰ ਕਹਿਤਾ ਵੀ ਸਾਰੀ ਸੁਣਾਉਂ ਕਹਾਣੀ ਤੈਨੂੰ, ਵਾਰਿਸ ਦੀ ਹੀਰ ਵਾਂਗੂੰ..।
ਹਾਂ ਉਹ ਸਾਡੇ ਗੁਆਂਢੀਆਂ ਦੀ ਬਹੂ ਸੀ। ਕੰਜਰ ਦੀ ਬੜੇ ਮੋਸ਼ਨ ਕਰਿਆ ਕਰੇ। ਜਦੋਂ ਕਦੇ ਮੂਹਰ ਦੀ ਮਿਗ਼ਰਾਈ ਵਾਂਗੂੰ ਤਰਦੀ ਲੰਘ ਜਾਂਦੀ, ਦਿਲ ਧੈਂਅ ਕਰਕੇ ਬੈਠ ਜਾਂਦਾ। ਪਹਿਲਾਂ ਤਾਂ ਮੈਂ ਦੇਖਿਆ ਕੁਛ ਚਿਰ। ਜਦ ਉਹ ਵੱਤ ਸਿਰ ਜੇ ਲੱਗੀ, ਆਪਾਂ ਪਾ ਦਿੱਤੀ ਫੇਰ ਸਿਰ 'ਚ ਭਵੂਤੀ ਓਹਦੇ। ਫੇਰ ਤਾਂ ਬੱਕਰੀ ਦੇ ਮੇਂਮਣੇ ਵਾਂਗੂ 'ਮੈਂ-ਮੈਂ' ਕਰਦੀ ਫਿਰਿਆ ਕਰੇ। ਮੈਂ ਕਿਹਾ ਕਾਹਨੂੰ ਪੁੱਛਦੈਂ, ਐਸੀ ਲਾਈ ਚਾਟ 'ਤੇ, ਸਾਡੇ ਘਰ ਦੇ ਕੌਲੇ ਈ ਚੱਟਦੀ ਫਿਰੀ ਜਾਇਆ ਕਰੇ ਸਾਰਾ ਦਿਨ।
ਇੱਕ ਦਿਨ ਆਪਾਂ ਜਾਨੀ ਚੋਰ ਵਾਂਗੂੰ ਦੇਖ ਕੇ ਆਲ਼ਾ-ਦੁਆਲ਼ਾ ਦੁਪਹਿਰੇ ਈ ਜਾ ਧੁਖਾਈ ਧੂਣੀ। ਅਜੇ ਮੰਤਰ ਪੜਨ ਈ ਲੱਗੇ ਸੀ 'ਪਹਿਲੀ ਚੋਰੀ, ਪਹਿਲਾ ਛਾਪਾ' ਵਾਂਗੂ ਉਹਦੇ ਘਰ ਆਲੇ ਦੀ ਪੈ ਗਈ ਰੇਡ। ਪਤਾ ਨੀ ਪਤੰਦਰ ਕਿੱਥੋਂ ਕੁੱਤੇ ਵਾਂਗੂ ਪੈੜ ਸੁੰਘਦਾ ਆਇਆ ਸੀ। ਹੱਥ 'ਚ ਸਾਲੇ ਦੇ ਡਾਂਗ। ਦੋ ਨਾਲ ਚਾਚੇ ਦੇ ਮੁੰਡੇ। ਆਪਾਂ ਤਾਂ ਬਲੈਕੀਆਂ ਦੇ ਭੁੱਕੀ ਦੀ ਬੋਰੀ ਛੱਡ ਕੇ ਭੱਜਣ ਆਲਿਆਂ ਵਾਂਗੂ ਓਥੀ ਸਾਰਾ ਕੁਝ ਛੱਡ ਕੇ ਚਿੱਤੜ-ਅੱਡੀਆਂ ਲਾ ਗਏ। ਆਪਣੇ ਭੱਜੇ ਜਾਂਦੇ ਦੇ ਇੱਕ ਡਾਂਗ ਤਾਂ ਜ਼ਰੂਰ ਵੱਜੀ ਪਰ ਆਪਾਂ ਹਾਕੀ ਦੀ ਗੇਂਦ ਵਾਂਗੂੰ ਤਿੰਨਾਂ ਨੂੰ ਝਕਾਨੀ ਜੀ ਦੇ ਕੇ ਵਿਚਕਾਰ ਦੀ ਲੰਘੇ ਆਏ।
ਕੀ ਕਿਹਾ? ਡਾਂਗ?
ਲੈ ਇੱਕ ਡਾਂਗ ਨਾਲ ਆਪਾਂ ਨੂੰ ਕੀ ਹੁੰਦੈ। ਇਹ ਤਾਂ ਆਪਣੀ ਖ਼ੁਰਾਕ ਐ। ਨਾਲੇ ਕੰਜਰਾਂ ਦੇ ਡਾਂਗਾਂ ਈ ਪੈਂਦੀਆਂ ਨੇ, ਹੋਰ ਆਪਣੇ ਕਿਹੜਾ ਭੈਣ ਦੀ ਨੋਟਾਂ ਆਲੇ ਹਾਰ ਪੈਣਗੇ? ਹੈਂ! ਲੈ ਅੱਗੇ ਸੁਣੋ ਫੇਰ ਕਹਾਣੀ। ਓਥੋਂ ਫੇਰ ਮੈਂ ਜਿਉਂ ਭੱਜਿਆ, ਆਪਾਂ ਟਰੱਕ ਡਰਾਈਵਰੀ ਨੂੰ ਮੱਥਾ ਆ ਟੇਕਿਆ.. .. .।
ਕੀ..?
ਲੈ ਪਿੰਡ ਛੱਡਣ ਨੂੰ ਕਿਹੜਾ ਆਪਣਾ ਝੋਨੇ ਚੋਂ ਪਾਣੀ ਸੁੱਕਦਾ ਸੀ ਨੰਗਾਂ ਦਾ..ਟਰੱਕਾਂ 'ਤੇ ਕੀਤੀ ਫੇਰ ਆਪਾਂ ਤਿੰਨ-ਚਾਰ ਸਾਲ ਡਰੈਵਰੀ ਡਟ ਕੇ। ਨਾਲੇ ਤਾਂ ਤੀਵੀਂਆਂ ਨਾਲ ਵਾਧੂ ਸਰਕਸ ਖੇਡਦੇ। ਨਾਲੇ ਨਸ਼ਾ-ਪੱਤਾ ਖੁੱਲਾ.. .. .।
ਇੱਕ ਮਿੰਟ, ਇੱਕ ਮਿੰਟ। ਓਧਰ ਦੇਖੋ।
ਏ.. ..ਓ.. .ਹ ਦੇ..ਖ। ਓਹ ਚਿੱਟੇ ਸੂਟ ਆਲੀ ਸਿੰਘਣੀ। ਗਾਤਰਾ ਦੇਖ ਕਿਵੇਂ ਲਮਕਾਇਐ। ਤੁਸੀਂ ਹੈਰਾਨ ਹੋਂਗੇ। ਕਹੋਂਗੇ ਬੂਬਣਾ ਸਾਲਾ ਊਂਈ 'ਉੱਘ ਦੀਆਂ ਪਤਾਲ' ਮਾਰੀ ਜਾਂਦੈ। ਇਹ ਗੱਲ ਹੈ ਸੱਚੀ, ਤੁਸੀਂ ਚਾਹੇ ਝੂਠ ਮੰਨੋ। ਆਹ ਗਾਤਰੇ ਦੀ ਤਾਂ ਕਿਲਾ ਕੰਧ ਇਹਨੇ ਊਂਈ ਕੱਢ ਛੱਡੀ ਐ, ਵਿੱਚੋਂ ਇਹਦੇ ਵੀ ਸੌ ਪਾੜ ਖੁਲ੍ਹੇ ਨੇ। ਇੱਕ ਦਿਨ ਮੇਰੇ ਕੋਲ ਆਈ 'ਕੱਲੀ। ਟੇਕ ਕੇ ਦਸ ਰੁਪਏ ਮੱਥਾ ਮੂਹਰੇ ਬੈਠ ਗਈ, ਫੋਟੋ ਖਿਚਾਉਣ ਆਲਿਆਂ ਵਾਂਗੂ। ਮੈਂ ਕਿਹਾ, ''ਦੱਸ ਬੀਬਾ ਕੀ ਦੁੱਖ ਐ।'' ਪਹਿਲਾਂ ਤਾਂ ਬੋਲੀ ਨੀ। ਪੰਦਰਾਂ ਸਾਲ ਦੀ ਕੁੜੀ ਵਾਂਗੂ ਨਖ਼ਰੇ 'ਚ ਵਟ ਜੇ ਕਰੀਂ ਜਾਵੇ। ਜਦੋਂ ਮੈਂ ਹੱਸ ਕੇ ਕਿਹਾ, '' ਬੀਬਾ ਖੁੱਲ੍ਹ ਕੇ ਦੱਸ ਕੀ ਦੁੱਖ ਐ, ਸੰਤਾਂ ਕੋਲੇ ਹਰ ਮਰਜ਼ ਦੀ ਦਾਰੂ ਐ।'' ਤਾਂ ਉਹ ਵੀ ਬੁੱਲ ਜੇ ਮਰੋੜਦੀ, ਫੋਕਾ ਜਾ ਹੱਸਦੀ ਕਹਿੰਦੀ, ''ਬੱਚੇ ਦਾ ਦਾਨ ਬਖ਼ਸ਼ੋ ਜੀ।'' ਮੈਂ ਕਿਹਾ, ''ਘਰ ਆਲਾ?''
ਕਹਿੰਦੀ, ''ਉਹ ਤਾਂ ਜੀ ਮਿੱਸ ਭੜਾਕੈ।''
ਫੇਰ ਆਪਾਂ ਝੋਟੇ, ਢੱਠਿਆਂ ਵਾਂਗੂ ਮਨਜ਼ੂਰ ਸੁਦਾ ਦਾਗ਼ ਦੇ ਕੇ ਛੱਡੇ ਈ ਹੁੰਨੇ ਆਂ। ਸਾਲ ਬਾਅਦ ਉਹਨਾਂ ਦੇ ਘਰ ਦੀ ਦੇਹਲੀ ਵਧ 'ਗੀ।
ਹੁਣ ਇਧਰ ਸੁਣੋ! ਬਰੇਟਿਆਂ ਤੋਂ ਮੈਂ ਰਾਤ ਨੂੰ ਪੱਧਰ ਲਾਹ ਕੇ ਮੁੜਿਆ ਸੀ। ਮੈਂਨੂੰ ਪੂਰੀ ਕਾਹਲ। ਉਪਰੋਂ ਮੀਂਹ ਹਨੇਰੀ ਜ਼ੋਰਾਂ ਦੀ। ਓਧਰੋਂ ਮੈਂ ਰਸਤੇ 'ਚੋਂ ਕਿਸੇ ਪਿੰਡੋਂ ਟੈਂਮ ਚੱਕਣਾ। ਇੱਕ ਟੁੱਟੀ ਜਿਹੀ ਮਰੂਤੀ ਆਲਾ ਸਾਇਡ ਨਾ ਦੇਵੇ। ਮੈਂ ਪਹਿਲਾਂ ਤਾਂ ਗੱਡੀ ਥੋੜ੍ਹਾ ਜਾ ਪਿੱਛੇ ਕਰਲੀ। ਫੇਰ ਮੈਂ ਦਵੱਲ ਤੀ। ਦੂਰੋਂ ਈ ਦੇ ਹਾਰਨ ਤੇ ਹਾਰਨ, ਦੇ ਹਾਰਨ ਤੇ ਹਾਰਨ। ਜਦੋਂ ਉਹਨੇ ਮਾੜੀ ਜੀ ਇੱਕ ਪਾਸੇ ਕੀਤੀ, ਆਪਾਂ ਮਾਰਿਆ ਐਸਾ ਕੱਟ, ਗੱਡੀ ਰਜਾਈ ਵਾਂਗੂ 'ਕੱਠੀ ਕਰਤੀ। ਆਪਾਂ ਨੇ ਦਵੱਲ ਤੀ ਫੇਰ ਗੱਡੀ। ਰਾਤ ਨੂੰ ਓਸ ਪਿੰਡੋਂ ਟੈਂਮ ਚੱਕਿਆ 'ਤੇ ਸਵੇਰੇ ਚਾਰ ਵਜਦੇ ਨੂੰ ਫੇਰ ਨਿਕਲਗੇ।
ਕੀ ਮਰਿਆ?
ਲੈ ਮਰਨ ਕਿਹੜਾ! ਉਹਦਾ ਤਾਂ ਐ ਕਚੂਮਰ ਨਿਕਲ ਗਿਆ ਸੀ ਜਿਵੇਂ ਗੰਢੇ ਉੱਤੋਂ ਦੀ ਟਰਾਲੀ ਦਾ ਟੈਰ ਲੰਘਿਆ ਹੁੰਦੈ। ਆਪਾਂ ਸੋਚਿਆ, 'ਭੈਣ ਮਰਾਵੇ ਲੱਡੇ ਆਲਾ ਬਾਣੀਆ। ਆਪਣੀ ਕਿਹੜਾ ਗੱਡੀ ਐ। ਆਪੇ ਮਾਲਕ ਸਾਲਾ ਫਸੇ, ਚਾਹੇ ਛੁਟੇ, ਆਪਾਂ ਨੂੰ ਕੀ! ਆਪਾਂ ਛੱਡਕੇ ਰਸਤੇ 'ਚ ਗੱਡੀ 'ਹੀਰੇ ਨੀ ਰਾਂਝਾ ਜੋਗੀ ਹੋ ਗਿਆ' ਡੇਰੇ ਆ ਬੈਠੇ। ਡੇਰੇ ਆਲੇ ਸਾਧ ਨਾਲ ਆਪਣੀ ਚੰਗੀ ਸੱਥਰੀ ਪੈਂਦੀ ਸੀ। ਆਉਂਦੇ-ਜਾਂਦੇ ਉਹਦੇ ਕੋਲੇ ਖੜ੍ਹਦੇ, ਸਾਧ ਨੂੰ ਚੰਗਾ ਅਸਲੀ ਮਾਲ ਖਵਾਉਂਦੇ। ਸਾਧ ਨੂੰ ਦੱਸੀ ਸਾਰੀ ਗੱਲ। ਸਾਧ ਕਹਿੰਦਾ, ''ਕੋਈ ਗੱਲ ਨੀ ਪੁੱਤਰਾ। ਡੇਰੇ ਅਹੇ ਜੇ ਲੁੰਗ-ਲਾਣੇ ਲਈ ਈ ਹੁੰਦੇ ਨੇ। ਨਾਲੇ ਤੂੰ ਟਰੱਕਾਂ 'ਚੋਂ ਕੀ ਕੱਢੇਂਗਾ। ਐਮੇਂ ਦਿਨ ਰਾਤ ਖਪਾ ਖ਼ੂਨ ਹੋਇਆ ਰਹਿਣੈ। ਕਿਸੇ ਡੇਰੇ 'ਚ ਬੈਠ ਕੇ 'ਸਾਨ੍ਹਪੁਣਾ' ਕਰ। ਜਦ ਮੈਂ ਉਹਦੇ ਸਾਨ੍ਹਪੁਣਾ ਕਹਿਣ 'ਤੇ ਹੈਰਾਨੀ ਨਾਲ ਵੇਖਿਆ ਤਾਂ ਉਹਨੇ ਰਮਜ਼ ਸਮਝਾਈ, ਸਾਧਪੁਣਾ ਅਸਲ 'ਚ ਸਾਨ੍ਹਪੁਣਾ ਈ ਹੁੰਦੈ।
ਕੀ ਕਿਹੈ ਬਾਬਿਓ?
ਸੋਨੂੰ ਦੱਸਿਐ ਵੀ.. .ਹਾਂ.. ..! ਲੈ ਸਾਧ ਤਾਂ ਆਪ ਸਾਡੀ ਵਰੈਟੀ ਦਾ ਈ ਸੀ। ਤੀਵੀਂ ਮਗਰ ਐਂ ਭਜਦਾ ਸੀ ਜਿਵੇਂ ਕਬੱਡੀ ਦਾ ਜਾਫ਼ੀ ਧਾਵੀ ਨੂੰ ਫੜਨ ਭਜਦੈ। ਘਰੋਂ ਵੀ ਆਪਣੀ ਵੱਡੀ ਭਾਬੀ ਨਾਲ ਖੇਹ ਖਾਂਦਾ ਛਿੱਤਰ ਖਾ ਕੇ ਈ ਭੱਜਿਆ ਸੀ। ਓਹ.. .ਦੇਖਦਿਓਂ ਮੇਰਾ ਚੇਲਾ, ਜਿਹੜਾ ਹੁਣ ਮਹੰਤ ਬਣਿਆ ਬੈਠੈ। ਉਨ੍ਹਾਂ ਦੇ ਘਰ ਵੀ ਸਾਲੇ ਦੇ ਚੂਹੇ ਭੁੱਖੇ ਮਰਦੇ ਸੀ। ਭੁੱਖਾ ਮਰਦਾ ਚਰ੍ਹੀ ਦੇ ਸੁੱਕੇ ਟਾਂਡੇ ਵਾਂਗੂ ਹੋਇਆ ਪਿਆ ਸੀ। ਹੁਣ ਦੇਖਦਿਓਂ ਕਿਵੇਂ ਨੂਰ ਝਲਕਦੈ ਚਿਹਰੇ ਤੋਂ। ਜੇ ਕਬੀਲਦਾਰੀ ਦੇ ਗਧੀ-ਗੇੜ 'ਚ ਪਿਆ ਰਹਿੰਦਾ, ਨੇਰ੍ਹਾ ਢੋਂਦਾ ਛੜਾ ਈ ਤੁਰ ਜਾਂਦਾ ਜੱਗ ਤੋਂ। ਅੱਜ ਇਹਨੇ ਕੱਲੇ ਨੇ ਈ ਦੇਖਲੈ.. ..ਹਾਂ....।
ਓਹ! ਹਾਂ! ਚਲ ਕੋਈ ਨਾ। ਗੱਲ ਸਾਲੀ ਊਂਈ ਮੀਂਹ 'ਚ ਤਿਲਕਦੇ ਅਮਲੀ ਦੇ ਸਾਈਕਲ ਮਾਂਗੂੰ ਹੋਰ ਈ ਪਾਸੇ ਤਿਲਕ ਜਾਂਦੀ ਐ।
ਹਾਂ! ਉਸਤਾਦ ਕਹਿੰਦਾ, ''ਮਨ-ਮਰਜੀ ਕਰਨ ਦੀ ਪੱਕੀ ਮਨਜ਼ੂਰੀ ਐਨ ਮੋਹਰ ਲਾ ਕੇ। ਤੈਨੂੰ ਕਿਸੇ ਚੀਜ਼ ਦੇ ਮਗਰ ਭੱਜਣ ਦੀ ਲੋੜ ਨੀ। ਜਿਹੜੀ ਚੀਜ਼ ਨੂੰ ਜੀਅ ਕਰੂ ਬੱਸ ਮੂੰਹੋਂ ਬਚਨ ਕੱਢਣੇ ਨੇ। ਇੱਕ ਦੀਆਂ ਦੋ-ਦੋ ਆਉਣਗੀਆਂ ਭੱਜੀਆਂ।''
ਕੀ ਕਿਹਾ ਮਾੜਾ ਜਾ ਉੱਚੀ ਬੋਲ। ਸੋਨੂੰ ਕਿਹੈ ਵੀ ਮੈਨੂੰ ਹਾਂ..ਅ.... ਹੈਥੇ ਆ!
ਗਿੱਦੜਸਿੰਗੀ? ਗਿੱਦੜਸਿੰਗੀ ਕਿਹਾ, ਬੜੀ ਕਿਹਾ। ਅਹੀ ਜੀ ਦੱਸੀ ਉਸਤਾਦ ਨੇ ਗਿੱਦੜਸਿੰਗੀ, ਮਰਕੇ ਰੰਗਲ-ਮੰਗਲ ਹੋ ਗਏ। ਜਿਹੜੀ ਮਾਈ ਕੇਰਾਂ ਸਾਡੇ ਭਰਮ-ਜਾਲ 'ਚ ਫਸ ਜੇ, ਉਹਦੇ ਤਾਂ ਅਸੀਂ ਅਹਿਆ ਜਾ ਪਾਉਂਣਿਆਂ ਨਾਗਵਲ, ਬੱਸ ਸਾਡੇ ਕਿੱਲੇ ਦੇ ਈ ਆਲ਼ੇ-ਦੁਆਲ਼ੇ ਗੇੜੇ ਕੱਢਦੀ ਰਹਿੰਦੀ ਐ।
ਦੇਖੋ! ਦੇਖੋ! ਉਧਰ ਦੇਖੋ। ਓ....ਹ ਓਹੀ ਸਿੰਘਣੀ। ਕਿਉਂ? ਮਨਦਿਓਂ ਨਾ ਬਾਬੇ ਰੰਜਕਦਾਸ ਨੂੰ। ਰਗੜਦੀ ਐ ਨਾ ਮੇਰੀ ਸਮਾਧ 'ਤੇ ਮੱਥਾ। ਨਾਲੇ ਸੋਡੀਆਂ ਸੇਹਰਿਆਂ ਨਾਲ ਵਿਆਹ ਕੇ ਲਿਆਂਦੀਆਂ ਪਰਖਲਿਓ, ਜੇ ਨਾ ਪੰਜ ਦਿਨਾਂ 'ਚ ਸੋਨੂੰ ਦੁੱਧੋਂ ਹਟੀ ਮੱਝ ਦੇ ਕੱਟੇ ਵਾਂਗੂੰ ਭੁੱਲ ਜਾਣ।
ਇੱਕ ਗੱਲ ਹੋਰ ਐ ਪਰਦੇ ਆਲੀ। ਬਾਮਣੀ ਵਾਂਗੂੰ ਇਹ ਵੀ ਸਾਡੀ ਏਜੰਟ ਐ, ਦੂਜੇ ਨੰਬਰ ਦੀ। ਊਂ ਇਹਨੇ ਕੰਮ ਪਹਿਲੇ ਨੰਬਰ ਆਲੇ ਕੀਤੇ ਨੇ। ਇਹਨੇ ਤਾਂ ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਸਾਡੀ ਐਸੀ ਮਹਿਮਾ ਗਾਈ, ਹੋਰ ਪਿੰਡਾਂ ਦੇ ਲੋਕ ਵੀ ਸਾਡੇ ਪੈਰਾਂ ਨੂੰ ਆ ਡਿੱਗੇ। ਆਹ ਦੇਖਦਿਓਂ ਦੋ ਕਮਰੇ। ਓਹ ਆਹ.. ਯਾਰ, ਜਿਹੜੇ ਇਧਰ ਨਮੇਂ ਪਏ ਨੇ। ਹਾਂ, ਹਾਂ ਇਹੀ। ਇਹ ਏਸੇ ਦੀ ਮਿਹਰਬਾਨੀ ਦੇ ਨੇ।
ਕੀ ਪੈਸੇ?
ਲੈ ਇਹ ਕਿਉਂ ਪੈਸੇ ਦਿਉ। ਇਹਦੇ ਕੀ ਪੁੱਠੇ ਦਿਨ ਆਏ ਨੇ। ਸਾਡੀ ਅਸਲੀਅਤ ਦਾ ਤਾਂ ਇਹਨੂੰ ਪਤਾ ਈ ਐ। ਸਮਗਾਂ ਇਹਨੂੰ ਤਾਂ ਅਸੀਂ ਹੱਥ ਝਾੜਦੇ ਰਹੇ ਆਂ, ਜਿਵੇਂ ਭਾੜਾ ਪਾ ਕੇ ਮੱਝ ਦੀ ਧਾਰ ਕੱਢ ਲਈਂ ਦੀ ਐ। ਇਹਨੇ ਤਾਂ ਸਾਨੂੰ ਮੁਰਗ਼ੇ ਫਸਾਏ ਸੀ।
ਕੀ ਕਿਹਾ?
ਹਾਂ ਹਾਂ ਇਹੀ ਦੱਸਣ ਲੱਗਿਆਂ। ਇਹ ਤਿੰਨ ਕੇਸ ਲਿਆਈ ਮੁੰਡੇ ਦੀ ਦਾਤ ਲੈਣ ਆਲੇ। ਆਪਾਂ ਨੇ ਤਿੰਨਾਂ ਨੂੰ ਈ ਮੁੰਡਾ ਹੋਣ ਦੇ ਬਚਨ ਕਰਤੇ। ਆਪਣੇ ਨਿਕਲਣ ਲਈ ਮੋਰੀਆਂ ਪਹਿਲਾਂ ਈ ਰੱਖ ਲਈਆਂ......।
ਕੀ ਕਿਹਾ? ਉੱਚਾ ਬੋਲ।
ਅੱਛਿਆ ਮੋਰੀਆਂ! ਮੋਰੀਆਂ ਨੀ ਸਮਝਦਾ ਤੂੰ। ਮੋਰੀਆਂ ਇਹ ਤੀ, ਵੀ ਬੱਚਾ ਹੋਣ ਆਲੀ ਤੀਵੀਂ ਕਿਸੇ ਸ਼ਰਾਬੀ ਨਾਲ ਜ਼ਬਾਨ ਸਾਂਝੀ ਨਾ ਕਰੇ। ਸਵੇਰੇ ਉੱਠ ਕੇ ਰੋਜ਼ ਸੂਰਜ ਨੂੰ ਮੱਥਾ ਟੇਕੇ। ਬਾਂਝ ਤੀਵੀਂ ਦੇ ਹੱਥ ਦਾ ਨਾ ਖਾਵੇ।
ਕਾਹਨੂੰ ਪੁੱਛਦੈਂ ਫੇਰ! ਐਸਾ ਹੋਇਆ ਚਮਤਕਾਰ, ਤਿੰਨਾਂ 'ਚੋਂ ਇੱਕ ਦੇ ਮੁੰਡਾ ਹੋ ਗਿਆ। ਆਇਆ ਫੇਰ ਉਹ ਢੋਲ ਵਜਾਉਂਦਾ ਜਿਵੇਂ ਦਿੱਲੀ ਆਲਾ ਲਾਲ ਕਿਲਾ ਫ਼ਤਿਹ ਕਰ ਲਿਆ ਹੋਵੇ। ਕਹਿੰਦਾ, ''ਦੱਸੋ ਬਾਬਾ ਜੀ ਸੇਵਾ?'' ਆਪਾਂ ਕਹਿਤਾ ਫੇਰ, ''ਭਗਤਾ ਸੰਗਤਾਂ ਲਈ ਇੱਕ ਕਮਰਾ ਪਵਾ ਦੇ।'' ਉਹ ਖੱਬਾ ਕਮਰਾ ਓਸੇ ਨੇ ਪਵਾਇਐ ਫੇਰ। ਵਟ ਕੱਢਤੇ।
ਹਾਂ ਹਾਂ ਉਹ ਵੀ ਆਏ ਸੀ ਮੂੰਹ ਜਾ ਲਟਕਾਈਂ ਜਿਵੇਂ ਸਾਲਿਆਂ ਨੂੰ ਮੰਡੀ 'ਚ ਮਿਰਚਾਂ ਦਾ ਭਾਅ ਘੱਟ ਮਿਲਿਆ ਹੋਵੇ। ਆ ਕੇ ਉਲਾਂਭਾ ਜਾ ਦੇਣ ਆਲਿਆਂ ਮਾਂਗੂੰ ਕਹਿੰਦੇ, ''ਸਾਡੇ ਤਾਂ ਜੀ ਕੁੜੀ ਹੋ ਗੀ।''
ਆਪਾਂ ਨੇ ਫਸਾ ਲਏ ਫੇਰ ਉਨ੍ਹਾਂ ਘੁੰਡੀਆਂ 'ਚ ਈ। ਇੱਕ ਤਾਂ ਪਹਿਲਾਂ ਈ ਮੰਨ ਗਈ ਸੀ। ਕਹਿੰਦੀ, ''ਫਲਾਣਾ ਆਇਆ ਸੀ ਸ਼ਰਾਬ ਪੀ ਕੇ, ਮੈਂ ਤਾਂ ਗਲਤੀ ਨਾਲ ਉਹਦੇ ਨਾਲ ਬੋਲ ਪਈ।''
ਦੂਜੀ ਲੀਹ 'ਤੇ ਈ ਨਾ ਲੱਗੇ। ਕੋਈ ਗੱਲ ਈ ਨਾ ਮੰਨੇ। ਫੇਰ ਆਪਾਂ ਵੀ ਗਿੱਦੜਸਿੰਗੀ ਜਾਣਦੇ ਸੀ। ਫੇਰ ਮੰਨ ਗੀ। ਕਹਿੰਦੀ, ਇਕ ਦਿਨ ਸੂਰਜ ਨੂੰ ਪਾਣੀ ਦੇਣ ਦੀ ਭੁੱਲ ਤਾਂ ਹੋ ਗਈ ਹੋਵੇ ਕਹਿ ਨੀ ਸਕਦੀ।''
ਬੱਸ ਆਪਣੇ ਲਈ ਤਾਂ ਫੇਰ ਐਨੀ ਓ ਆਂਟ ਵਾਧੂ ਸੀ। ਕਰਾ ਤੀ ਤਸੱਲੀ।
ਓਏ ਆਹੋ ਯਾਰ ਸਬਰ ਤਾਂ ਕਰ। ਊਂਈ ਸੂਣ ਆਲੀ ਮੱਝ ਮਾਂਗੂੰ ਮਿੱਟੀ ਜੀ ਪੱਟੀ ਜਾਨੈ।
ਇੱਕ ਮਿੰਟ, ਦਿਖਾਈ ਦਿੰਨਾਂ ਪਹਿਲਾਂ ਸੋਨੂੰ। ਏ....ਓ....ਹ, ਜਿਹੜੀ ਲੰਗਰ ਦੀਆਂ ਰੋਟੀਆਂ ਲਾਹੁਣ ਲੱਗੀ ਐ, ਚਿੱਟੀ ਜੀ ਚੁੰਨੀ ਆਲੀ ਗੁਲਾਬ ਕੌਰ। ਜੀਹਦੇ ਉਪਰਲੇ ਬੁੱਲ੍ਹ ਤੇ ਕਾਲਾ ਜਾ ਤਿਣ ਐ।
ਹਾਂ ਹਾਂ ਓਹੀ। ਇਹ ਸਾਥੋਂ ਦੂਏ ਤੀਏ ਦਿਨ ਨਜ਼ਰ ਦਾ ਪਾਣੀ ਕਰਵਾਉਣ ਆਉਂਦੀ ਹੁੰਦੀ ਸੀ। ਹੌਲੀ-ਹੌਲੀ ਇਹਨੇ ਆਪਣੇ ਚਾਚੇ ਦੀ ਨੂੰਹ ਨੂੰ ਵੀ ਭਾੜਾ ਪਾ ਲਿਆ ਸੀ। ਫੇਰ ਵਾਰੀ-ਵਾਰੀ ਪਾਣੀ ਕਰਵਾਉਣ ਆਉਂਦੀਆਂ। ਪਹਿਲਾਂ ਇੱਕ ਗੱਲ ਸੋਨੂੰ ਹੋਰ ਦੱਸਾਂ। ਹੈਰਾਨ ਕਰਨ ਆਲੀ। ਇੱਕ ਇਹਦੀ ਕੁੜੀ ਸੀ ਚੌਦਾਂ ਪੰਦਰਾਂ ਸਾਲਾਂ ਦੀ। ਇਹਦੀ ਬੁੱਕਲ ਓਹਦੇ ਨਾਲ ਵੀ ਖੁੱਲ੍ਹੀ ਹੋਈ ਸੀ। ਜਦੋਂ ਆਉਂਦੀ, ਨਾਲ ਕੁੜੀ ਨੂੰ ਲੈ ਕੇ ਆਉਂਦੀ। ਕੁੜੀ ਕਰਕੇ ਇਹਦੇ ਘਰ ਆਲਾ ਵੀ ਸ਼ੱਕ ਨੀ ਕਰਦਾ ਸੀ। ਇਹਦੀ ਕੁੜੀ ਦਾ ਟਾਂਕਾ ਵੀ ਆਪਾਂ ਨੇ ਈ ਫਿੱਟ ਕਰਵਾਇਆ ਸੀ, ਨੰਬਰਦਾਰਾਂ ਦੇ ਮੁੰਡੇ ਗੁਰਮੁਖ ਨਾਲ। ਗੁਰਮੁਖ ਵੀ ਫੇਰ ਆਪਣਾ ਵਿਸ਼ਵਾਸ ਯੋਗ ਚੇਲਾ ਬਣ ਗਿਆ ਸੀ।
ਹਾਂ ਸੱਚ! ਇੱਕ ਦਿਨ ਇਹ ਪਾਣੀ ਕਰਾਉਣ ਆਈ ਸਿਖਰ ਦੁਪਹਿਰੇ। ਇਹਦੀ ਕੁੜੀ ਬਾਹਰ ਬਰਾਂਡੇ 'ਚ ਗੁਰਮੁਖ ਨਾਲ ਗੱਲੀਂ ਪੈ ਗਈ। ਅਸੀਂ ਅੰਦਰ ਬਾਰ ਅੜਾ ਕੇ ਮੰਤਰ ਪੜਨ ਲੱਗ ਗਏ।
ਇਹਦੇ ਘਰ ਆਲੇ ਨੂੰ ਪਤਿਉਰੇ ਨੂੰ ਪਤਾ ਨੀ ਕਿੱਥੋਂ ਸੀ. ਆਈ. ਡੀ. ਮਿਲ ਗਈ, ਡਾਂਗ ਚੁੱਕ ਕੇ ਆ ਗਿਆ। ਮੈਨੂੰ ਤਾਂ ਨੀ ਓਹਨੇ ਕੁਛ ਕਿਹਾ ਪਰ ਦੋਹਾਂ ਮਾਵਾਂ ਧੀਆਂ ਨੂੰ ਇਥੋਂ ਕੁਟਦਾ ਈ ਲੈ ਕੇ ਗਿਆ।
ਕੁੱਤੇ ਦੀ ਸੁੰਘਣੀ ਆਲਿਆਂ ਨੇ ਪਤਾ ਨੀ ਕਿਵੇਂ ਸੁੰਘੀ। ਗੱਲ ਤਾਂ ਹਨੇਰੀ ਦੇ ਰੇਤੇ ਮਾਂਗੂੰ ਪਿੰਡ ਦੇ ਹਰੇਕ ਘਰ ਦੇ ਵਿਹੜੇ 'ਚ ਜਾ ਖਿੱਲਰੀ। ਫੇਰ ਹੌਲੀ-ਹੌਲੀ ਆਪੇ ਠੰਡੀ ਹੋ ਗਈ।
ਕੇਰਾਂ ਮਾਘ ਦਾ ਮਹੀਨਾ। ਫੇਰ ਪਾਲਾ! ਕਾਹਨੂੰ ਪੁੱਛਦੈਂ! ਤੁਰੇ ਫਿਰਦੇ ਬੰਦਿਆਂ ਦਾ ਖ਼ੂਨ ਜੰਮਦਾ ਸੀ। ਓਦੇਂ ਚੇਲਾ ਮੇਰਾ ਪਿੰਡ ਗਿਆ ਹੋਇਆ ਸੀ। ਰਾਤ ਵੀ ਸਾਲੀ ਗਾਮੋਂ ਝਿਉਰੀ ਵਰਗੀ। ਐ.. .ਨ ਕਾਲੀ ਕਲੂਟੀ। ਕੋਈ ਚੰਨ ਨਾ ਤਾਰਾ। ਮੈਂ ਔਹ ਕਮਰੇ 'ਚ ਪਿਆ ਸੀ। ਰਾਤ ਦਾ ਵੱਜਿਆ ਹੋਣੈ ਓਦੋਂ ਮੈਨੂੰ ਲਗਦੈ ਬਾਰਾਂ-ਇੱਕ। ਮੇਰੇ ਕਮਰੇ ਦਾ ਬਾਰ ਖੜਕਿਆ। ਜਦੋਂ ਕਈ ਵਾਰੀ ਖੜਕਿਆ ਫੇਰ ਮੈਂ ਸੋਚਿਆ, ਵੀ 'ਐਨੀ ਰਾਤ ਨੂੰ ਕੌਣ ਹੋ ਸਕਦੈ?' ਮਨ 'ਚ ਆਈ ਵੀ 'ਕਿਤੇ ਕੋਈ ਭਗਤਣੀ ਨਾ ਹੋਵੇ?' ਊਂ ਭਗਤਣੀਆਂ ਵੀ ਕਈ ਵਾਰ ਮੇਰੇ ਕੋਲ ਰਾਤ ਨੂੰ ਆ ਜਾਂਦੀਆਂ ਸੀ। ਦਿਮਾਗ਼ ਸਾਲਾ ਫੇਰ ਗੱਲ ਕੱਟ ਗਿਆ, ਵੀ 'ਉਹ ਤਾਂ ਮੈਨੂੰ ਪਹਿਲਾਂ ਦਸਦੀਆਂ ਨੇ। ਨਾਲੇ ਡੇਰੇ ਦਾ ਬਾਰ ਖੁੱਲਾ ਰੱਖਣ ਨੂੰ ਕਹਿੰਦੀਆਂ ਨੇ।' ਮਨ ਕਹੇ, 'ਨਾਂਹ, ਉਹ ਤਾਂ ਨੀ ਹੋ ਸਕਦੀਆਂ।' ਸਾਲੀ ਸੋਚ, ਥਾਲ 'ਚ ਪਾਏ ਪਾਣੀ ਮਾਂਗੂੰ ਕਦੇ ਇਧਰ, ਕਦੇ ਓਧਰ। ਫੇਰ ਸੋਚਿਆ, 'ਮਨਾਂ ਕਿਸੇ ਭਗਤਣੀ ਨੂੰ ਹਥੌਲਾ ਕਰਵਾਉਣ ਦੀ ਐਮਰਜ਼ੈਸੀ ਵੀ ਹੋ ਸਕਦੀ ਐ। ਸੰਗਤਾਂ ਦੇ 'ਕੰਮ' ਆਉਂਣਾ ਤਾਂ ਆਪਣਾ ਕੰਮ ਐ, ਚਲ ਬਾਰ ਖੋਲ।
ਜਦੋਂ ਮੈਂ ਖੋਲਿਆ ਬਾਰ! ਮੇਰੇ ਤਾਂ ਖ਼ਾਨਿਓਂ ਗਈਆਂ। ਸਾਲੇ ਮਾਘ ਦੇ ਮਹੀਨੇ 'ਚ ਵੀ ਪਸੀਨੇ ਆਉਂਣ। ਮੇਰੇ ਤਾਂ ਮੂੰਹ 'ਚੋਂ ਬੋਲ ਈ ਨਾ ਨਿੱਕਲੇ। ਬਾਰ 'ਚ ਖੜਾ ਗੁਲਾਬ ਕੌਰ ਦਾ ਘਰ ਆਲਾ 'ਤੇ ਉਹਦੇ ਚਾਚੇ ਦਾ ਮੁੰਡਾ, ਮੇਰੇ ਕਣੀ ਸਾਲੇ ਭੀਸਰੇ ਸਾਨੂ ਮਾਂਗੂੰ ਝਾਕੀ ਜਾਣ। ਸੋਚਿਆ, 'ਮਨਾਂ ਹੁਣ ਨੀ ਖ਼ੈਰ, ਭੱਜਲੈ।' ਜਦੋਂ ਲੱਗਿਆ ਭੱਜਣ, ਇੱਕ ਨੇ ਮੈਨੂੰ ਮਾਰ ਕੇ ਜੱਫਾ ਓਥੀ ਸਿੱਟ ਲਿਆ। ਕਹਿੰਦਾ, ''ਬੂਬਨਿਆ ਸਾਧਾ, ਸਾਰੇ ਪਿੰਡ ਦੀਆਂ ਤੀਮੀਂਆਂ ਖ਼ਰਾਬ ਕਰਤੀਆਂ, ਹੁਣ ਦੇ ਦੇਣ ਸਾਰੀਆਂ ਦਾ। ਲੇਖੇ ਇਥੀ ਹੋਣਗੇ।'' ਮੈਂ ਵਥੇਰੇ ਡਰਾਵੇ ਵੀ ਦਿੱਤੇ, ਹੱਥ ਵੀ ਜੋੜੇ। ਕਾਹਨੂੰ ਮੰਨਦੇ ਨੇ ਸਾਲੇ। ਇੱਕ ਨੇ ਮੈਨੂੰ ਦੱਬੀਂ ਰੱਖਿਆ, ਦੂਜੇ ਨੇ ਗਲਗੂਠਾ ਦੇਤਾ। ਆਪਾਂ ਨੂੰ ਪਹੁੰਚਾ ਦਿੱਤਾ ਫੇਰ ਬਿਨਾਂ ਟਿਕਟੋਂ ਪਰਲੋਕ 'ਚ।
ਕੀ ਕਿਹਾ? ਚੋਲਾ?
ਓਹ ਕਾਹਨੂੰ। ਚੋਲਾ ਛੱਡਣ ਨੂੰ ਕਿਹੜਾ ਆਪਾਂ ਬਾਬੇ ਨਾਨਕ ਹੋਰੀਂ ਸੀ। ਇਹ ਤਾਂ ਸਾਰੀ ਮਿਹਰਬਾਨੀ ਇਨ੍ਹਾਂ ਦੀਓ ਐ। ਇਹਨਾਂ ਨੇ ਮੈਨੂੰ ਚੱਕਿਆ ਓਥੋਂ, ਲਿਆ ਕੇ ਮੰਜੇ 'ਤੇ ਪਾ ਤਾ। ਉਪਰ ਦੇ ਦਿੱਤੀ ਰਜਾਈ। ਵੱਡੀ ਸਾਰੀ ਧੂਫ਼ ਸਿਰਹਾਣੇ ਜਗਾਤੀ। ਇੱਕ ਦੋ ਆਹ ਜੰਤਰੀਆਂ ਜੀਆਂ ਰੱਖ ਤੀਆਂ ਸਿਰਹਾਣੇ। ਚਲੋ ਇਹ ਕੰਮ ਦਾਂ ਇਹਨਾਂ ਨੇ ਬੜਾ ਕੰਮ ਦਾ ਕੀਤਾ। ਚਾਹੇ ਆਪਣੀ ਬੱਚਤ ਲਈ ਓ ਕੀਤਾ ਹੋਵੇ। ਮੇਰੀ ਬੇਜ਼ਤੀ ਹੋਣੋਂ ਜ਼ਰੂਰ ਬਚ ਗੀ। ਲੋਕਾਂ ਨੇ ਸਮਝ ਲਿਆ ਸਾਧ ਚੋਲਾ ਛੱਡ ਗਿਆ। ਹੁਣ ਤੁਸੀਂ ਆਪ ਦੇਖਲੋ, ਬਣਿਆ ਪਿਆ ਨਾ ਮਰਕੇ ਚੀਮਿਆਂ ਆਲਾ ਮੇਲਾ। ਆਹ ਹੁਣ ਜਿਹੜੇ ਪੰਜ-ਸੱਤ ਕਮਰੇ ਪਾਏ ਨੇ, ਅੰਗਰੇਜ਼ੀ ਜੋੜੀਆਂ ਆਲੇ, ਇਹ ਵੀ ਮੇਰੀ ਸਮਾਧ 'ਤੇ ਸੁੱਖਣਾ ਸੁੱਖਣ ਆਲਿਆਂ ਨੇ ਈ ਪਾਏ ਨੇ। ਹੁਣ ਤਾਂ ਮੇਰਾ ਨਾਂ ਰਬੜ ਮਾਂਗੂੰ ਲੋਕਾਂ ਨੇ ਹੋਰ ਵੀ ਵਧਾ ਦਿੱਤਾ, 'ਜਤੀ-ਸਤੀ ਸੰਤ ਬਾਬਾ ਰੰਜਕ ਦਾਸ ਜੀ।' ਲੋਕਾਂ ਨੂੰ ਐਂ ਪਤਾ ਨੀ ਵੀ ਬਾਬਾ ਤਾਂ ਸਾਡੀਆਂ ਤੀਵੀਂਆਂ ਨੂੰ ਅਸ਼ੀਰਵਾਦ ਦਿੰਦਾ ਮਰਿਐ। ਹਾ....ਹਾ....ਹਾ....।
ਕੀ ਕਿਹਾ?
ਸੋਡੇ ਤੋਂ ਡਰ?
ਲੈ ਸੋਡੇ ਤੋਂ ਮੈਨੂੰ ਕਾਹਦਾ ਡਰ ਐ ਬਈ? ਜਿੰਨੀਆਂ ਗੱਲਾਂ ਮੈਂ ਦੱਸੀਆਂ ਨੇ, ਤੁਸੀਂ ਇੱਕ ਵੀ ਕਹਿ ਕੇ ਦੇਖੋ ਮੇਰੇ ਭਗਤਾਂ ਨੂੰ, ਜੇ ਨਾ ਸੋਨੂੰ ਪਿੰਡੋਂ ਕੱਢ ਦੇਣ। ਇਹ ਗਿੱਦੜਸਿੰਗੀਆਂ ਕੋਈ ਐਸੀਆਂ-ਵੈਸੀਆਂ ਨੀ ਲਾਈਆਂ ਹੁੰਦੀਆਂ ਸਾਡੀਆਂ। ਅਸੀਂ ਤਾਂ ਵੱਡਿਆਂ-ਵੱਡਿਆਂ ਦੀ ਘੀਸੀ ਕਰਾ ਦਿੰਨਿਆਂ। ਤੁਸੀਂ ਦੋ ਟੋਟਰੂ ਤਾਂ ਕੀ ਮੇਰਾ ਫਰਮਾਂਹ ਪੱਟ ਦੋਂਗੇ।
ਊਂ ਇੱਕ ਗੱਲ ਜ਼ਰੂਰ ਐ। ਜੇ ਇਹ ਲੋਕ ਮੇਰਾ ਨਾਂ ਪੁੱਠਾ ਕਰਕੇ ਪੜ ਲੈਣ ਤਾਂ ਇਹਨਾਂ ਨੂੰ ਸਮਝ ਜ਼ਰੂਰ ਲੱਗ ਜੇ। ਪਰ ਅਸੀਂ ਲੋਕਾਂ ਨੂੰ ਐਸੀ ਪੁੱਠੀ ਭਮਾਈ ਦਿੰਨਿਆਂ, ਇਹ ਨਾਮ ਪੁੱਠਾ ਕਰਕੇ ਪੜਨਾ ਤਾਂ ਕੀ, ਪੁੱਠੇ ਪਾਸਿਓਂ ਦੇਖਦੇ ਵੀ ਨੀ।
ਚਲੋ ਛੱਡੋ ਇਨਾ ਗੱਲਾਂ ਨੂੰ ਹੁਣ ਮੇਰਾ ਓਧਰ ਸਵਰਗਾਂ 'ਚ ਵੀ ਅਸ਼ੀਰਵਾਦ ਦੇਣ ਦਾ ਟੈਂਮ ਹੋਇਆ ਪਿਐ। ਓਧਰ ਵੀ ਮੈਂ ਜਾ ਕੇ.......।
ਕੀ ਕਿਹਾ?
ਓਹ ਨਹੀਂ! ਤੁਸੀਂ ਕੀ ਕਰੋਂਗੇ ਮਿੱਟੀ ਦੇ ਭੂੰਡੋ।
ਓ ਅਸ਼ਕੇ! ਔਹ ਦੇਖੋ! ਔਹ ਸੋਡੇ ਆਲੀਆਂ ਵੀ ਆਉਂਦੀਆਂ ਨੇ ਪਰਾਂਤਾਂ 'ਚ ਦਾਣੇ ਪਾਈਂ।
ਉਨ੍ਹਾਂ ਨੂੰ ਰੋਕ ਕੇ ਦੇਖੋ ਪਹਿਲਾਂ ਤਾਂ। ਉਰ੍ਹਾਂ ਨੂੰ ਹੋ ਸੋਨੂੰ ਪਰਦੇ ਆਲੀ ਗੱਲ ਦੱਸਾਂ। ਹੁਣ ਇਹ ਵੀ ਬਾਬੇ ਤੋਂ ਅਸ਼ੀਰਵਾਦ ਲੈਣ ਆਉਂਦੀਆਂ ਹੁੰਦੀਆਂ ਨੇ।
ਚੰਗਾ ਭਗਤੋ! ਹੁਣ ਮੈਂ ਚੱਲਿਆ। ਓ. ਕੇ. ਬਾਏ-ਬਾਏ!
ਕੀ......?
ਨਹੀਂ ਹੋਰ ਟੈਂਮ ਨੀ। ਮੈਂ ਓਧਰ ਵੀ ਜਾ ਕੇ 'ਅਸ਼ੀਰਵਾਦ'...... ਹਰੀ ਓ.....ਮ......!!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪਰਗਟ ਸਿੰਘ ਸਤੌਜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ