Peshawar Express (Story in Punjabi) : Krishan Chander

ਪਿਸ਼ਾਵਰ ਐਕਸਪ੍ਰੈੱਸ (ਕਹਾਣੀ) : ਕ੍ਰਿਸ਼ਨ ਚੰਦਰ

ਜਦੋਂ ਮੈਂ ਪਿਸ਼ਾਵਰ ਤੋਂ ਚੱਲੀ ਤਾਂ ਮੈਂ ਛਕਾ ਛਕ ਇਤਮੀਨਾਨ ਦਾ ਸਾਹ ਲਿਆ । ਮੇਰੇ ਡੱਬਿਆਂ ਵਿੱਚ ਜ਼ਿਆਦਾਤਰ ਹਿੰਦੂ ਲੋਕ ਬੈਠੇ ਹੋਏ ਸਨ । ਇਹ ਲੋਕ ਪਿਸ਼ਾਵਰ ਤੋਂ , ਹੋਤੀ ਮਰਦਾਨ ਤੋਂ , ਕੋਹਾਟ ਤੋਂ , ਚਾਰਸਦਾ ਤੋਂ , ਖ਼ੈਬਰ ਤੋਂ , ਲੰਡੀ ਕੋਤਲ ਤੋਂ , ਬੰਨਾਂ ਨੌਸ਼ਹਿਰਾ ਤੋਂ , ਮਾਨਸਹਰਾ ਤੋਂ ਆਏ ਸਨ ਅਤੇ ਪਾਕਿਸਤਾਨ ਵਿੱਚ ਜਾਨ ਅਤੇ ਮਾਲ ਨੂੰ ਮਹਿਫ਼ੂਜ਼ ਨਾ ਪਾ ਕੇ ਹਿੰਦੁਸਤਾਨ ਦਾ ਰੁਖ਼ ਕਰ ਰਹੇ ਸਨ , ਸਟੇਸ਼ਨ ਤੇ ਜ਼ਬਰਦਸਤ ਪਹਿਰਾ ਸੀ ਅਤੇ ਫ਼ੌਜ ਵਾਲੇ ਵੱਡੀ ਚੌਕਸੀ ਨਾਲ ਕੰਮ ਕਰ ਰਹੇ ਸਨ । ਉਨ੍ਹਾਂ ਲੋਕਾਂ ਨੂੰ ਜੋ ਪਾਕਿਸਤਾਨ ਵਿੱਚ ਪਨਾਹਗੁਜ਼ੀਨ ਅਤੇ ਹਿੰਦੁਸਤਾਨ ਵਿੱਚ ਸ਼ਰਨਾਰਥੀ ਕਹਿਲਾਂਦੇ ਸਨ ਉਸ ਵਕਤ ਤੱਕ ਚੈਨ ਦਾ ਸਾਹ ਨਾ ਆਇਆ ਜਦੋਂ ਤੱਕ ਮੈਂ ਪੰਜਾਬ ਦੀ ਰੋਮਾਨਖ਼ੇਜ ਸਰਜ਼ਮੀਨ ਦੀ ਤਰਫ਼ ਕਦਮ ਨਾ ਬੜਾਏ , ਇਹ ਲੋਕ ਸ਼ਕਲੋ ਸੂਰਤ ਤੋਂ ਬਿਲਕੁਲ ਪਠਾਣ ਮਲੂਮ ਹੁੰਦੇ ਸਨ , ਗੋਰੇ ਚਿਟੇ ਮਜ਼ਬੂਤ ਹੱਥ ਪੈਰ , ਸਿਰ ਤੇ ਕੁਲਾਹ ਅਤੇ ਲੁੰਗੀ , ਅਤੇ ਜਿਸਮ ਤੇ ਕਮੀਜ਼ ਅਤੇ ਸ਼ਲਵਾਰ , ਇਹ ਲੋਕ ਪਸ਼ਤੋ ਵਿੱਚ ਗੱਲਾਂ ਕਰਦੇ ਸਨ ਅਤੇ ਕਦੇ ਕਦੇ ਨਿਹਾਇਤ ਕੁਰਖ਼ਤ ਕਿਸਮ ਦੀ ਪੰਜਾਬੀ ਵਿੱਚ ਬਾਤ ਚੀਤ ਕਰਦੇ ਸਨ । ਉਨ੍ਹਾਂ ਦੀ ਹਿਫਾਜਤ ਲਈ ਹਰ ਡੱਬੇ ਵਿੱਚ ਦੋ ਸਿਪਾਹੀ ਬੰਦੂਕਾਂ ਲੈ ਕੇ ਖੜੇ ਸਨ । ਵਜੀਹ ਬਲੋਚੀ ਸਿਪਾਹੀ ਆਪਣੀਆਂ ਪਗੜੀਆਂ ਦੇ ਅਕਬ ਮੋਰ ਦੇ ਛਤਰ ਦੀ ਤਰ੍ਹਾਂ ਖ਼ੂਬਸੂਰਤ ਤੁਰੇ ਲਗਾਏ ਹੋਏ ਹੱਥ ਵਿੱਚ ਆਧੁਨਿਕ ਰਾਇਫ਼ਲਾਂ ਲਈਂ ਉਨ੍ਹਾਂ ਹਿੰਦੂ ਪਠਾਣਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਬੱਚਿਆਂ ਦੀ ਤਰਫ਼ ਮੁਸਕਰਾ ਮੁਸਕਰਾ ਕਰ ਵੇਖ ਰਹੇ ਸਨ ਜੋ ਇੱਕ ਤਾਰੀਖ਼ੀ ਖੌਫ ਅਤੇ ਸ਼ਰ ਦੇ ਅਸਰ ਹੇਠ ਉਸ ਸਰ ਜ਼ਮੀਨ ਤੋਂ ਭੱਜੇ ਜਾ ਰਹੇ ਸਨ ਜਿੱਥੇ ਉਹ ਹਜਾਰਾਂ ਸਾਲ ਤੋਂ ਰਹਿੰਦੇ ਚਲੇ ਆਏ ਸਨ ਜਿਸ ਦੀ ਸੰਗਲਾਖ਼ ਸਰ ਜ਼ਮੀਨ ਤੋਂ ਉਹਨਾਂ ਨੇ ਊਰਜਾ ਹਾਸਲ ਕੀਤੀ ਸੀ । ਜਿਸ ਦੇ ਠੰਡੇ ਪਾਣੀ ਦੇ ਚਸ਼ਮਿਆਂ ਤੋਂ ਉਹਨਾਂ ਨੇ ਪਾਣੀ ਪੀਤਾ ਸੀ । ਅੱਜ ਇਹ ਵਤਨ ਯਕ ਲਖ਼ਤ ਬੇਗਾਨਾ ਹੋ ਗਿਆ ਸੀ ਅਤੇ ਉਸ ਨੇ ਆਪਣੇ ਮਿਹਰਬਾਨ ਸੀਨੇ ਦੇ ਕਵਾੜ ਬੰਦ ਕਰ ਦਿੱਤੇ ਸਨ ਅਤੇ ਉਹ ਇੱਕ ਨਵੇਂ ਦੇਸ ਦੇ ਤਪਦੇ ਹੋਏ ਮੈਦਾਨਾਂ ਦਾ ਤਸਵਰ ਦਿਲ ਵਿੱਚ ਲਈ ਨਾ ਚਾਹੁੰਦੇ ਹੋਏ ਉੱਥੋਂ ਰੁਖ਼ਸਤ ਹੋ ਰਹੇ ਸਨ ।ਇਸ ਸਮੇਂ ਇੱਕ ਗੁਦਗੁਦੀ ਤਸੱਲੀ ਜਰੂਰ ਸੀ ਕਿ ਉਹਨਾਂ ਦੀਆਂ ਜਾਨਾਂ ਬੱਚ ਗਈਆਂ ਸਨ । ਉਨ੍ਹਾਂ ਦਾ ਬਹੁਤ ਸਾਰਾ ਮਾਲ ਮੱਤਾ ਅਤੇ ਉਨ੍ਹਾਂ ਦੀਆਂ ਬਹੂਆਂ , ਬੇਟੀਆਂ , ਮਾਵਾਂ ਅਤੇ ਬੀਵੀਆਂ ਦੀ ਆਬਰੂ ਮਹਿਫ਼ੂਜ਼ ਸੀ ਲੇਕਿਨ ਉਨ੍ਹਾਂ ਦਾ ਦਿਲ ਰੋ ਰਿਹਾ ਸੀ ਅਤੇ ਅੱਖਾਂ ਸਰਹਦ ਦੇ ਪਥਰੀਲੇ ਸੀਨੇ ਤੇ ਇਵੇਂ ਗੱਡੀਆਂ ਹੋਈਆਂ ਸਨ ਜਿਵੇਂ ਇਸਨੂੰ ਚੀਰ ਕੇ ਅੰਦਰ ਵੜ ਜਾਣਾ ਚਾਹੁੰਦੀਆਂ ਹੋਣ ਅਤੇ ਉਸ ਦੇ ਰਹਿਮ ਭਰੇ ਮਮਤਾ ਦੇ ਫ਼ਵਾਰੇ ਤੋਂ ਪੁੱਛਣਾ ਚਾਹੁੰਦੀਆਂ ਹੋਣ , 'ਬੋਲ ਮਾਂ,ਅੱਜ ਕਿਸ ਜੁਰਮ ਦੇ ਅੰਜਾਮ ਵਿੱਚ ਤੂੰ ਆਪਣੇ ਬੇਟਿਆਂ ਨੂੰ ਘਰੋਂ ਕੱਢ ਦਿੱਤਾ ਹੈ । ਆਪਣੀਆਂ ਬਹੂਆਂ ਨੂੰ ਇਸ ਖ਼ੂਬਸੂਰਤ ਵਿਹੜੇ ਤੋਂ ਮਹਿਰੂਮ ਕਰ ਦਿੱਤਾ ਹੈ ਜਿੱਥੇ ਉਹ ਕੱਲ੍ਹ ਤੱਕ ਸੁਹਾਗ ਦੀਆਂ ਰਾਣੀਆਂ ਬਣ ਬੈਠੀਆਂ ਸਨ । ਆਪਣੀਆਂ ਅਲਬੇਲੀਆਂ ਕੰਵਾਰੀਆਂ ਨੂੰ ਜੋ ਅੰਗੂਰ ਦੀਆਂ ਵੇਲਾਂ ਦੀ ਤਰ੍ਹਾਂ ਤੇਰੀ ਛਾਤੀ ਨੂੰ ਚਿੰਮੜ ਰਹੀਆਂ ਸਨ ਝੰਜੋੜ ਕੇ ਵੱਖ ਕਰ ਦਿੱਤਾ ਹੈ ।ਕਿਸ ਲਈ ਅੱਜ ਇਹ ਦੇਸ ਬਦੇਸ ਹੋ ਗਿਆ ਹੈ ।ਮੈਂ ਚੱਲਦੀ ਜਾ ਰਹੀ ਸੀ ਅਤੇ ਡੱਬਿਆਂ ਵਿੱਚ ਬੈਠੀ ਹੋਈ ਮਖ਼ਲੂਕ ਆਪਣੇ ਵਤਨ ਦੀ ਉਚੇਰੀ ਸਤਹਾ ਤੇ ਇਸ ਦੀਆਂ ਬੁਲੰਦ ਅਤੇ ਸਿਖਰੀ ਚਟਾਨਾਂ , ਇਸ ਦੀਆਂ ਮਰਗਜ਼ਾਰਾਂ(ਚਰਾਗਾਹਾਂ), ਇਸ ਦੀਆਂ ਹਰਿਆਲੀਆਂ ਵਾਦੀਆਂ, ਕੁੰਜਾਂ ਅਤੇ ਬਾਗ਼ਾਂ ਦੀ ਤਰਫ਼ ਇਵੇਂ ਵੇਖ ਰਹੀ ਸੀ , ਜਿਵੇਂ ਹਰ ਜਾਣੇ ਪਹਿਚਾਣੇ ਮੰਜ਼ਰ ਨੂੰ ਆਪਣੇ ਸੀਨੇ ਵਿੱਚ ਛੁਪਾ ਕੇ ਲੈ ਜਾਣਾ ਚਾਹੁੰਦੀ ਹੋਵੇ,ਜਿਵੇਂ ਨਜ਼ਰ ਹਰ ਲਖ਼ਤਾ ਰੁਕ ਜਾਵੇ , ਅਤੇ ਮੈਨੂੰ ਅਜਿਹਾ ਮਲੂਮ ਹੋਇਆ ਕਿ ਇਸ ਅਜ਼ੀਮ ਰੰਜੋ ਗਮ ਦੇ ਭਾਰ ਨਾਲ ਮੇਰੇ ਕਦਮ ਭਾਰੀ ਹੁੰਦੇ ਜਾ ਰਹੇ ਹਨ ਅਤੇ ਰੇਲ ਦੀ ਪਟਰੀ ਮੈਨੂੰ ਜਵਾਬ ਦਿੰਦੀ ਜਾ ਰਹੀ ਹੈ । ਹਸਨ ਅਬਦਾਲ ਤੱਕ ਲੋਕ ਇਵੇਂ ਹੀ ਮੰਦੇ ਹਾਲ ਨਿਰਾਸ਼ਾ ਅਤੇ ਕਸ਼ਟ ਦੀ ਤਸਵੀਰ ਬਣੇ ਰਹੇ । ਹਸਨ ਅਬਦਾਲ ਦੇ ਸਟੇਸ਼ਨ ਤੇ ਬਹੁਤ ਸਾਰੇ ਸਿੱਖ ਆਏ ਹੋਏ ਸਨ ।ਪੰਜਾ ਸਾਹਿਬ ਤੋਂ ਲੰਮੀਆਂ ਲੰਮੀਆਂ ਕਰਪਾਨਾਂ ਪਹਿਨੀਂ , ਚਿਹਰਿਆਂ ਤੇ ਹਵਾਈਆਂ ਉੜੀਆਂ ਹੋਈਆਂ ,ਬਾਲ ਬੱਚੇ ਸਹਿਮੇ ਸਹਿਮੇ , ਇਉਂ ਮਲੂਮ ਹੁੰਦਾ ਸੀ ਕਿ ਆਪਣੀ ਹੀ ਤਲਵਾਰ ਦੇ ਘਾਉ ਨਾਲ ਇਹ ਲੋਕ ਖ਼ੁਦ ਮਰ ਜਾਣਗੇ । ਡੱਬਿਆਂ ਵਿੱਚ ਬੈਠ ਕੇ ਉਨ੍ਹਾਂ ਲੋਕਾਂ ਨੇ ਇਤਮੀਨਾਨ ਦਾ ਸਾਹ ਲਿਆ ਅਤੇ ਫਿਰ ਦੂਜੇ ਸਰਹਦ ਦੇ ਹਿੰਦੂ ਅਤੇ ਸਿੱਖ ਪਠਾਣਾਂ ਨਾਲ ਗੁਫਤਗੂ ਸ਼ੁਰੂ ਹੋ ਗਈ । ਕਿਸੇ ਦਾ ਘਰ ਵਾਰ ਜਲ ਗਿਆ ਸੀ,ਕੋਈ ਸਿਰਫ਼ ਇੱਕ ਕਮੀਜ਼ ਅਤੇ ਸ਼ਲਵਾਰ ਵਿੱਚ ਭੱਜਿਆ ਸੀ,ਕਿਸੇ ਦੇ ਪੈਰੀਂ ਜੁਤੀ ਨਾ ਸੀ ਅਤੇ ਕੋਈ ਇੰਨਾ ਹੁਸ਼ਿਆਰ ਸੀ ਕਿ ਆਪਣੇ ਘਰ ਦੀ ਟੁੱਟੀ ਚਾਰਪਾਈ ਤੱਕ ਉਠਾ ਲਿਆਇਆ ਸੀ । ਜਿਨ੍ਹਾਂ ਲੋਕਾਂ ਦਾ ਸੱਚੀਂ ਬਹੁਤ ਨੁਕਸਾਨ ਹੋਇਆ ਸੀ ਉਹ ਗੁੰਮਸੁੰਮ ਬੈਠੇ ਹੋਏ ਸਨ,ਖ਼ਾਮੋਸ਼ ਚੁਪ ਚਾਪ ਅਤੇ ਜਿਸ ਦੇ ਕੋਲ ਕਦੇ ਕੁੱਝ ਨਹੀਂ ਸੀ ਉਹ ਆਪਣੀ ਲੱਖਾਂ ਦੀ ਜਾਇਦਾਦ ਗੁਆਚਣ ਦਾ ਗ਼ਮ ਕਰ ਰਿਹਾ ਸੀ ਅਤੇ ਦੂਸਰਿਆਂ ਨੂੰ ਆਪਣੀ ਫ਼ਰਜੀ ਇਮਾਰਤ ਦੇ ਕਿੱਸੇ ਸੁਣਾ ਸੁਣਾ ਕੇ ਡਰਾ-ਤਰਸਾ ਰਿਹਾ ਸੀ ਅਤੇ ਮੁਸਲਮਾਨਾਂ ਨੂੰ ਗਾਲਾਂ ਦੇ ਰਿਹਾ ਸੀ । ਬਲੋਚੀ ਸਿਪਾਹੀ ਇੱਕ ਪੁਰ ਵਕਾਰ ਅੰਦਾਜ਼ ਵਿੱਚ ਦਰਵਾਜਿਆਂ ਤੇ ਰਾਇਫ਼ਲਾਂ ਸੰਭਾਲੀ ਖੜੇ ਸਨ ਅਤੇ ਕਦੇ ਕਦੇ ਇੱਕ ਦੂਜੇ ਦੀ ਤਰਫ਼ ਕੁਣੱਖਾ ਵੇਖ ਕੇ ਮੁਸਕਰਾ ਪੈਂਦੇ । ਤਕਸ਼ਲਾ ਦੇ ਸਟੇਸ਼ਨ ਤੇ ਮੈਨੂੰ ਬਹੁਤ ਅਰਸੇ ਤੱਕ ਖੜਾ ਰਹਿਣਾ ਪਿਆ , ਨਾ ਜਾਣੇ ਕਿਸ ਦਾ ਇੰਤਜਾਰ ਸੀ , ਸ਼ਾਇਦ ਆਸਪਾਸ ਦੇ ਪਿੰਡਾਂ ਤੋਂ ਹਿੰਦੂ ਸ਼ਰਨਾਰਥੀ ਆ ਰਹੇ ਸਨ , ਜਦੋਂ ਗਾਰਡ ਨੇ ਸਟੇਸ਼ਨ ਮਾਸਟਰ ਤੋਂ ਵਾਰ ਵਾਰ ਪੁੱਛਿਆ ਤਾਂ ਉਸ ਨੇ ਕਿਹਾ ਇਹ ਗੱਡੀ ਅੱਗੇ ਨਾ ਜਾ ਸਕੇਗੀ । ਇੱਕ ਘੰਟਾ ਹੋਰ ਗੁਜਰ ਗਿਆ । ਹੁਣ ਲੋਕਾਂ ਨੇ ਆਪਣਾ ਖਾਣਪੀਣ ਦਾ ਸਾਮਾਨ ਖੋਲਿਆ ਅਤੇ ਖਾਣਪੀਣ ਲੱਗ ਪਾਏ । ਸਹਿਮੇ ਸਹਿਮੇ ਬੱਚੇ ਕਹਿਕਹੇ ਲਗਾਉਣ ਲੱਗੇ ਅਤੇ ਮਾਸੂਮ ਕੰਵਾਰੀਆਂ ਦਰੀਚਿਆਂ ਵਿੱਚੋਂ ਬਾਹਰ ਝਾਕਣ ਲੱਗੀਆਂ ਅਤੇ ਵੱਡੇ ਬੁਢੇ ਹੁਕੇ ਗੁੜਗੜਾਉਣ ਲੱਗੇ ।ਥੋੜ੍ਹੀ ਦੇਰ ਬਾਅਦ ਦੂਰੋਂ ਰੌਲਾ ਸੁਣਾਈ ਦਿੱਤਾ ਅਤੇ ਢੋਲਾਂ ਦੇ ਪਿਟਣ ਦੀਆਂ ਆਵਾਜਾਂ ਸੁਣਾਈ ਦੇਣ ਲੱਗੀਆਂ । ਹਿੰਦੂ ਸ਼ਰਨਾਰਥੀਆਂ ਦਾ ਜਥਾ ਆ ਰਿਹਾ ਸੀ ਸ਼ਾਇਦ ਲੋਕਾਂ ਨੇ ਸਿਰ ਕੱਢ ਕੇ ਏਧਰ ਏਧਰ ਵੇਖਿਆ ।ਜਥਾ ਦੂਰੋਂ ਆ ਰਿਹਾ ਸੀ ਅਤੇ ਨਾਅਰੇ ਲਗਾ ਰਿਹਾ ਸੀ । ਵਕਤ ਗੁਜਰਦਾ ਗਿਆ ਜਥਾ ਕਰੀਬ ਆਉਂਦਾ ਗਿਆ , ਢੋਲਾਂ ਦੀ ਆਵਾਜ ਤੇਜ਼ ਹੁੰਦੀ ਗਈ । ਜਥੇ ਦੇ ਕਰੀਬ ਆਉਂਦੇ ਹੀ ਗੋਲੀਆਂ ਦੀ ਆਵਾਜ ਕੰਨਾਂ ਵਿੱਚ ਪਈ ਅਤੇ ਲੋਕਾਂ ਨੇ ਆਪਣੇ ਸਿਰ ਖਿੜਕੀਆਂ ਤੋਂ ਪਾਸੇ ਹਟਾ ਲਏ ਇਹ ਹਿੰਦੂਆਂ ਦਾ ਜਥਾ ਸੀ ਜੋ ਆਸ ਪਾਸ ਦੇ ਪਿੰਡਾਂ ਤੋਂ ਆ ਰਿਹਾ ਸੀ , ਪਿੰਡਾਂ ਦੇ ਮੁਸਲਮਾਨ ਲੋਕ ਇਸਨੂੰ ਆਪਣੀ ਹਿਫਾਜਤ ਵਿੱਚ ਲਿਆ ਰਹੇ ਸਨ । ਚੁਨਾਂਚਿ ਹਰ ਇੱਕ ਮੁਸਲਮਾਨ ਨੇ ਇੱਕ ਕਾਫ਼ਰ ਦੀ ਲਾਸ਼ ਆਪਣੇ ਮੋਢੇ ਤੇ ਉਠਾ ਰੱਖੀ ਸੀ ਜਿਸ ਨੇ ਜਾਨ ਬੱਚਾ ਕੇ ਪਿੰਡ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ।ਦੋ ਸੌ ਲਾਸ਼ਾਂ ਸਨ । ਭੀੜ ਨੇ ਇਹ ਲਾਸ਼ਾਂ ਨਿਹਾਇਤ ਇਤਮੀਨਾਨ ਨਾਲ ਸਟੇਸ਼ਨ ਪਹੁੰਚ ਕੇ ਬਲੋਚੀ ਦਸਤੇ ਦੇ ਸਪੁਰਦ ਕੀਤੀਆਂ ਅਤੇ ਕਿਹਾ ਕਿ ਉਹ ਉਨ੍ਹਾਂ ਮਹਾਜਰੀਨ ਨੂੰ ਨਿਹਾਇਤ ਹਿਫਾਜਤ ਨਾਲ ਹਿੰਦੁਸਤਾਨ ਦੀ ਸਰਹਦ ਤੇ ਲੈ ਜਾਉ , ਚੁਨਾਂਚਿ ਬਲੋਚੀ ਸਿਪਾਹੀਆਂ ਨੇ ਨਿਹਾਇਤ ਖਿੜੇ ਮੱਥੇ ਇਸ ਗੱਲ ਦਾ ਜ਼ਿੰਮਾ ਲਿਆ ਅਤੇ ਹਰ ਡੱਬੇ ਵਿੱਚ ਪੰਦਰਾਂ ਵੀਹ ਲਾਸ਼ਾਂ ਰੱਖ ਦਿੱਤੀਆਂ ਗਈਆਂ । ਇਸ ਦੇ ਬਾਅਦ ਭੀੜ ਨੇ ਹਵਾ ਵਿੱਚ ਫ਼ਾਇਰ ਕੀਤਾ ਅਤੇ ਗੱਡੀ ਚਲਾਣ ਲਈ ਸਟੇਸ਼ਨ ਮਾਸਟਰ ਨੂੰ ਹੁਕਮ ਦਿੱਤਾ । ਮੈਂ ਚਲਣ ਲੱਗੀ ਸੀ ਕਿ ਫਿਰ ਮੈਨੂੰ ਰੋਕ ਦਿੱਤਾ ਗਿਆ ਅਤੇ ਮਜਮੇ ਦੇ ਸਰਗ਼ਨੇ ਨੇ ਹਿੰਦੂ ਸ਼ਰਨਾਰਥੀਆਂ ਨੂੰ ਕਿਹਾ ਕਿ ਦੋ ਸੌ ਆਦਮੀਆਂ ਦੇ ਚਲੇ ਜਾਣ ਨਾਲ ਉਨ੍ਹਾਂ ਦੇ ਪਿੰਡ ਉਜਾੜ ਹੋ ਜਾਣਗੇ ਅਤੇ ਉਨ੍ਹਾਂ ਦੀ ਤਜਾਰਤ ਤਬਾਹ ਹੋ ਜਾਵੇਗੀ ਇਸ ਲਈ ਉਹ ਗੱਡੀ ਵਿੱਚੋਂ ਦੋ ਸੌ ਆਦਮੀ ਉਤਾਰ ਕੇ ਆਪਣੇ ਪਿੰਡ ਲੈ ਜਾਣਗੇ ।ਚਾਹੇ ਕੁੱਝ ਵੀ ਹੋਵੇ । ਉਹ ਆਪਣੇ ਮੁਲਕ ਨੂੰ ਇਵੇਂ ਬਰਬਾਦ ਹੁੰਦੇ ਹੋਏ ਨਹੀਂ ਵੇਖ ਸਕਦੇ । ਇਸ ਤੇ ਬਲੋਚੀ ਸਿਪਾਹੀਆਂ ਨੇ ਉਸ ਦੀ ਸੂਝ ਸਮਝ ਅਤੇ ਦੂਰ ਅੰਦੇਸ਼ੀ ਦੀ ਦਾਦ ਦਿੱਤੀ ਅਤੇ ਉਨ੍ਹਾਂ ਦੀ ਵਤਨ ਦੋਸਤੀ ਨੂੰ ਸਰਾਹਿਆ । ਚੁਨਾਂਚਿ ਇਸ ਤੇ ਬਲੋਚੀ ਸਿਪਾਹੀਆਂ ਨੇ ਹਰ ਡੱਬੇ ਵਿੱਚੋਂ ਕੁੱਝ ਆਦਮੀ ਕੱਢ ਕੇ ਮਜਮੇ ਦੇ ਹਵਾਲੇ ਕੀਤੇ । ਪੂਰੇ ਦੋ ਸੌ ਆਦਮੀ ਕੱਢੇ ਗਏ । ਇੱਕ ਘੱਟ ਨਾ ਇੱਕ ਜ਼ਿਆਦਾ । "ਲਾਈਨ ਲਗਾਉ ਕਾਫਰੋ , " ਸਰਗ਼ਨੇ ਨੇ ਕਿਹਾ । ਸਰਦਾਰ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜਾਗੀਰਦਾਰ ਸੀ । ਅਤੇ ਆਪਣੇ ਲਹੂ ਦੀ ਰਵਾਨੀ ਵਿੱਚ ਮੁਕਦਸ ਜਹਾਦ ਦੀ ਗੂੰਜ ਸੁਣ ਰਿਹਾ ਸੀ । ਕਾਫ਼ਰ ਪੱਥਰ ਦੇ ਬੁੱਤ ਬਣੇ ਖੜੇ ਸਨ । ਮਜਮੇ ਦੇ ਲੋਕਾਂ ਨੇ ਉਹਨਾਂ ਨੂੰ ਫੜ ਫੜ ਕੇ ਲਾਈਨ ਵਿੱਚ ਖੜਾ ਕੀਤਾ । ਦੋ ਸੌ ਆਦਮੀ , ਦੋ ਸੌ ਜ਼ਿੰਦਾ ਲਾਸ਼ਾਂ , ਚਿਹਰੇ ਸਤੇ ਹੋਏ । ਅੱਖਾਂ ਫ਼ਿਜ਼ਾ ਵਿੱਚ ਤੀਰਾਂ ਦਾ ਮੀਂਹ ਜਿਹਾ ਮਹਿਸੂਸ ਕਰਦੀਆਂ ਹੋਈਆਂ । ਪਹਿਲ ਬਲੋਚੀ ਸਿਪਾਹੀਆਂ ਨੇ ਕੀਤੀ । ਪੰਦਰਾਂ ਆਦਮੀ ਫ਼ਾਇਰਿੰਗ ਨਾਲ ਡਿੱਗ ਗਏ । ਇਹ ਤਕਸ਼ਲਾ ਦਾ ਸਟੇਸ਼ਨ ਸੀ । ਵੀਹ ਹੋਰ ਆਦਮੀ ਡਿੱਗ ਗਏ । ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਅਤੇ ਲੱਖਾਂ ਤਾਲਿਬੇ ਇਲਮ (ਵਿਦਿਆਰਥੀ ) ਇਸ ਤਹਿਜ਼ੀਬ ਅਤੇ ਤਮੀਜ਼ ਦੇ ਕੇਂਦਰ ਤੋਂ ਕਿੱਤੇ ਦੀ ਮੁਹਾਰਤ ਹਾਸਲ ਕਰਦੇ ਸਨ । ਪੰਜਾਹ ਹੋਰ ਮਾਰੇ ਗਏ । ਤਕਸ਼ਲਾ ਦੇ ਅਜਾਇਬ ਘਰ ਵਿੱਚ ਇੰਨੇ ਖ਼ੂਬਸੂਰਤ ਬੁੱਤ ਸਨ ਇੰਨੇ ਸੋਹਣੇ ਸੰਗ ਤਰਾਸ਼ੀ ਦੇ ਦੁਰਲਭ ਨਮੂਨੇ , ਕਦੀਮ ਤਹਿਜ਼ੀਬ ਦੇ ਝਿਲਮਿਲ ਝਿਲਮਿਲ ਕਰਦੇ ਚਿਰਾਗ਼ । ਪੰਜਾਹ ਹੋਰ ਮਾਰੇ ਗਏ । ਪਸੇ ਮੰਜ਼ਰ ਵਿੱਚ ਸਿਰ ਕਪ ਦਾ ਮਹਿਲ ਸੀ ਅਤੇ ਖੇਡਾਂ ਦਾ ਅਸਗ਼ੀ ਥੀਏਟਰ ਅਤੇ ਮੀਲਾਂ ਤੱਕ ਫੈਲੇ ਹੋਏ ਇੱਕ ਵਸੀਅ ਸ਼ਹਿਰ ਦੇ ਖੋਲੇ , ਤਕਸ਼ਲਾ ਦੀ ਬੀਤ ਚੁਕੀ ਅਜ਼ਮਤ ਦੇ ਪੁਰ ਸ਼ਿਕਵਾ ਮਜ਼ਹਰ । ਤੀਹ ਹੋਰ ਮਾਰੇ ਗਏ । ਇੱਥੇ ਕਨਿਸ਼ਕ ਨੇ ਹਕੂਮਤ ਕੀਤੀ ਸੀ ਅਤੇ ਲੋਕਾਂ ਨੂੰ ਅਮਨ ਤੇ ਆਸ਼ਥਾ ਅਤੇ ਹੁਸਨ ਤੇ ਦੌਲਤ ਨਾਲ ਮਾਲਾਮਾਲ ਕੀਤਾ ਸੀ ।ਪੱਚੀ ਹੋਰ ਮਾਰੇ ਗਏ । ਇੱਥੇ ਬੁੱਧ ਦਾ ਨਗ਼ਮਾ ਉਰਫ਼ਾਂ ਗੂੰਜਿਆ ਸੀ । ਇੱਥੇ ਭਿਕਸ਼ੂਆਂ ਨੇ ਅਮਨ ਅਤੇ ਸੁਲਹਾ ਅਤੇ ਆਸ਼ਤੀ ਦਾ ਪਾਠ ਹਯਾਤ ਦਿੱਤਾ ਸੀ । ਹੁਣ ਆਖ਼ਰੀ ਗਿਰੋਹ ਦੀ ਵਾਰੀ ਆ ਗਈ ਸੀ । ਇੱਥੇ ਪਹਿਲੀ ਵਾਰ ਹਿੰਦੁਸਤਾਨ ਦੀ ਸਰਹਦ ਤੇ ਇਸਲਾਮ ਦਾ ਪ੍ਰਚਮ ਲਹਿਰਾਇਆ ਸੀ । ਬਰਾਬਰੀ ਅਤੇ ਭਰੱਪਣ ਅਤੇ ਇਨਸਾਨੀਅਤ ਦਾ ਪ੍ਰਚਮ । ਸਭ ਮਰ ਗਏ । ਅੱਲ੍ਹਾ ਹੂ ਅਕਬਰ । ਫ਼ਰਸ਼ ਖ਼ੂਨ ਨਾਲ ਲਾਲ ਸੀ । ਜਦੋਂ ਮੈਂ ਪਲੇਟਫ਼ਾਰਮ ਤੋਂ ਗੁਜਰੀ ਤਾਂ ਮੇਰੇ ਪੈਰ ਰੇਲ ਦੀ ਪਟਰੀ ਤੋਂ ਫਿਸਲੇ ਜਾਂਦੇ ਸਨ ਜਿਵੇਂ ਮੈਂ ਹੁਣੇ ਡਿੱਗ ਜਾਵਾਂਗੀ ਅਤੇ ਡਿੱਗ ਕੇ ਬਾਕੀ ਬਚਦੇ ਮਸਾਫਿਰਾਂ ਨੂੰ ਵੀ ਖ਼ਤਮ ਕਰ ਦਊਂਗੀ । ਹਰ ਡੱਬੇ ਵਿੱਚ ਮੌਤ ਆ ਗਈ ਸੀ ਅਤੇ ਲਾਸ਼ਾਂ ਦਰਮਿਆਨ ਰਖ ਦਿੱਤੀਆਂ ਗਈਆਂ ਸਨ ਅਤੇ ਜ਼ਿੰਦਾ ਲਾਸ਼ਾਂ ਦਾ ਹਜੂਮ ਚਾਰੇ ਤਰਫ਼ ਸੀ ਅਤੇ ਬਲੋਚੀ ਸਿਪਾਹੀ ਮੁਸਕਰਾ ਰਹੇ ਸਨ ਕਿਤੇ ਕੋਈ ਬੱਚਾ ਰੋਣ ਲਗਾ ਕਿਸੇ ਬੁੜ੍ਹੀ ਮਾਂ ਨੇ ਸਿਸਕੀ ਲਈ । ਕਿਸੇ ਦੇ ਲੁਟੇ ਹੋਏ ਸੁਹਾਗ ਨੇ ਆਹ ਭਰੀ। ਅਤੇ ਮੈਂ ਚੀਖਦੀ ਚਲਾਂਦੀ ਰਾਵਲਪਿੰਡੀ ਦੇ ਪਲੇਟਫ਼ਾਰਮ ਤੇ ਆ ਖੜੀ ਹੋਈ । ਇੱਥੋਂ ਕੋਈ ਸ਼ਰਨਾਰਥੀ ਗੱਡੀ ਵਿੱਚ ਸਵਾਰ ਨਾ ਹੋਇਆ । ਇੱਕ ਡੱਬੇ ਵਿੱਚ ਕੁਝ ਮੁਸਲਮਾਨ ਨੌਜਵਾਨ ਪੰਦਰਾਂ ਵੀਹ ਬੁਰਕਾ ਪੋਸ਼ ਔਰਤਾਂ ਨੂੰ ਲੈ ਕੇ ਸਵਾਰ ਹੋਏ । ਹਰ ਨੌਜਵਾਨ ਰਾਇਫ਼ਲ ਨਾਲ ਲੈਸ ਸੀ । ਇੱਕ ਡੱਬੇ ਵਿੱਚ ਬਹੁਤ ਸਾਰਾ ਜੰਗੀ ਸਾਮਾਨ ਲੱਦਿਆ ਗਿਆ ਮਸ਼ੀਨ ਗੰਨਾਂ , ਅਤੇ ਕਾਰਤੂਸ , ਪਿਸਤੌਲ ਅਤੇ ਰਾਇਫ਼ਲਾਂ । ਜਿਹਲਮ ਅਤੇ ਗੁਜਰ ਖ਼ਾਂ ਦੇ ਦਰਮਿਆਨੀ ਇਲਾਕੇ ਵਿੱਚ ਮੈਨੂੰ ਜੰਜੀਰ ਖਿਚ ਕੇ ਖੜਾ ਕਰ ਦਿੱਤਾ ਗਿਆ । ਮੈਂ ਰੁਕ ਗਈ । ਲੈਸ ਨੌਜਵਾਨ ਗੱਡੀ ਤੋਂ ਉੱਤਰਨ ਲੱਗੇ । ਬੁਰਕਾ ਪੋਸ਼ ਔਰਤਾਂ ਨੇ ਰੌਲਾ ਮਚਾਣਾ ਸ਼ੁਰੂ ਕੀਤਾ । ਅਸੀਂ ਹਿੰਦੂ ਹਾਂ । ਅਸੀਂ ਸਿੱਖ ਹਾਂ । ਸਾਨੂੰ ਜ਼ਬਰਦਸਤੀ ਲਈ ਜਾ ਰਹੇ ਹਨ । ਉਹਨਾਂ ਨੇ ਬੁਰਕੇ ਪਾੜ ਦਿੱਤੇ ਅਤੇ ਚਿਲਾਣਾ ਸ਼ੁਰੂ ਕੀਤਾ । ਨੌਜਵਾਨ ਮੁਸਲਮਾਨ ਹੱਸਦੇ ਹੋਏ ਉਹਨਾਂ ਨੂੰ ਘਸੀਟ ਕੇ ਗੱਡੀ ਵਿੱਚੋਂ ਕੱਢ ਲਿਆਏ । ਹਾਂ ਇਹ ਹਿੰਦੂ ਔਰਤਾਂ ਹਨ , ਅਸੀਂ ਇਹਨਾਂ ਨੂੰ ਰਾਵਲਪਿੰਡੀ ਤੋਂ ਇਨ੍ਹਾਂ ਦੇ ਆਰਾਮ ਦੇਹ ਘਰਾਂ , ਇਹਨਾਂ ਦੇ ਖ਼ੁਸ਼ਹਾਲ ਘਰਾਣਿਆਂ , ਇਹਨਾਂ ਦੇ ਇਜਤਦਾਰ ਮਾਂ ਬਾਪ ਕੋਲੋਂ ਖੋਹ ਕੇ ਲਿਆਏ ਹਾਂ । ਹੁਣ ਇਹ ਸਾਡੀ ਮਰਜੀ ਅਸੀਂ ਇਨ੍ਹਾਂ ਦੇ ਨਾਲ ਜੋ ਚਾਹੇ ਸਲੂਕ ਕਰਾਂਗੇ । ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਇਨ੍ਹਾਂ ਨੂੰ ਸਾਥੋਂ ਖੋਹ ਕੇ ਲੈ ਜਾਵੇ । ਸਰਹਦ ਦੇ ਦੋ ਨੌਜਵਾਨ ਹਿੰਦੂ ਪਠਾਣ ਛਲਾਂਗ ਮਾਰ ਕੇ ਗੱਡੀ ਤੋਂ ਉੱਤਰ ਗਏ , ਬਲੋਚੀ ਸਿਪਾਹੀਆਂ ਨੇ ਨਿਹਾਇਤ ਇਤਮੀਨਾਨ ਨਾਲ ਫ਼ਾਇਰ ਕਰਕੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ । ਪੰਦਰਾਂ ਵੀਹ ਨੌਜਵਾਨ ਹੋਰ ਨਿਕਲੇ , ਉਨ੍ਹਾਂ ਨੂੰ ਵੀ ਲੈਸ ਮੁਸਲਮਾਨਾਂ ਦੇ ਗਿਰੋਹ ਨੇ ਮਿੰਟਾਂ ਵਿੱਚ ਖ਼ਤਮ ਕਰ ਦਿੱਤਾ । ਦਰਅਸਲ ਗੋਸ਼ਤ ਦੀ ਦੀਵਾਰ ਲੋਹੇ ਦੀ ਗੋਲੀ ਦਾ ਮੁਕਾਬਲਾ ਨਹੀਂ ਕਰ ਸਕਦੀ । ਨੌਜਵਾਨ ਹਿੰਦੂ ਔਰਤਾਂ ਨੂੰ ਘਸੀਟ ਕੇ ਜੰਗਲ ਵਿੱਚ ਲੈ ਗਏ ਮੈਂ ਹੋਰ ਮੂੰਹ ਛੁਪਾ ਕੇ ਉੱਥੋਂ ਭੱਜੀ । ਕਾਲਾ , ਖ਼ੌਫ਼ਨਾਕ ਸਿਆਹ ਧੂੰਆਂ ਮੇਰੇ ਮੂੰਹ ਵਿੱਚੋਂ ਨਿਕਲ ਰਿਹਾ ਸੀ । ਜਿਵੇਂ ਕਾਇਨਾਤ ਤੇ ਬਦੀ ਦੀ ਸਿਆਹੀ ਛਾ ਗਈ ਸੀ ਅਤੇ ਸਾਹ ਮੇਰੇ ਸੀਨੇ ਵਿੱਚ ਇਉਂ ਉਲਝਣ ਲੱਗੇ ਜਿਵੇਂ ਇਹ ਲੋਹੇ ਦੀ ਛਾਤੀ ਹੁਣੇ ਫੁੱਟ ਜਾਵੇਗੀ ਅਤੇ ਅੰਦਰ ਭੜਕਦੇ ਹੋਏ ਲਾਲ ਲਾਲ ਸ਼ੋਅਲੇ ਇਸ ਜੰਗਲ ਨੂੰ ਖ਼ਾਕ ਸੁਆਹ ਕਰ ਦੇਣਗੇ ਜੋ ਇਸ ਵਕਤ ਮੇਰੇ ਅੱਗੇ ਪਿੱਛੇ ਫੈਲਿਆ ਹੋਇਆ ਸੀ ਅਤੇ ਜਿਸ ਨੇ ਉਨ੍ਹਾਂ ਪੰਦਰਾਂ ਔਰਤਾਂ ਨੂੰ ਅੱਖ ਪਲਕਾਰੇ ਵਿੱਚ ਨਿਗਲ ਲਿਆ ਸੀ । ਲਾਲਾ ਮੂਸੇ ਦੇ ਕਰੀਬ ਲਾਸ਼ਾਂ ਵਿੱਚੋਂ ਇੰਨੀ ਗੰਦੀ ਸੜਾਂਦ ਨਿਕਲਣ ਲੱਗੀ ਕਿ ਬਲੋਚੀ ਸਿਪਾਹੀ ਇਨ੍ਹਾਂ ਨੂੰ ਬਾਹਰ ਸੁੱਟਣ ਪਰ ਮਜਬੂਰ ਹੋ ਗਏ । ਉਹ ਹੱਥ ਦੇ ਇਸ਼ਾਰੇ ਨਾਲ ਇੱਕ ਆਦਮੀ ਨੂੰ ਬੁਲਾਉਂਦੇ ਅਤੇ ਉਸ ਨੂੰ ਕਹਿੰਦੇ , " ਉਸ ਦੀ ਲਾਸ਼ ਨੂੰ ਉਠਾ ਕੇ ਇੱਥੇ ਲਿਆਓ , ਦਰਵਾਜ਼ੇ ਤੇ ।" ਅਤੇ ਜਦੋਂ ਉਹ ਆਦਮੀ ਇੱਕ ਲਾਸ਼ ਉਠਾ ਕੇ ਦਰਵਾਜ਼ੇ ਤੇ ਲਿਆਂਦਾ ਤਾਂ ਉਹ ਉਸਨੂੰ ਗੱਡੀ ਤੋਂ ਬਾਹਰ ਧੱਕਾ ਦੇ ਦਿੰਦੇ । ਥੋੜ੍ਹੀ ਦੇਰ ਵਿੱਚ ਸਭ ਲਾਸ਼ਾਂ ਇੱਕ ਇੱਕ ਹਮਰਾਹੀ ਦੇ ਨਾਲ ਬਾਹਰ ਸੁੱਟ ਦਿੱਤੀਆਂ ਗਈਆਂ ਅਤੇ ਡੱਬਿਆਂ ਵਿੱਚ ਆਦਮੀ ਘੱਟ ਹੋ ਜਾਣ ਨਾਲ ਟੰਗਾਂ ਫੈਲਾਣ ਦੀ ਜਗ੍ਹਾ ਵੀ ਹੋ ਗਈ ।ਫਿਰ ਲਾਲਾ ਮੂਸਾ ਗੁਜਰ ਗਿਆ । ਅਤੇ ਵਜੀਰਾਬਾਦ ਆ ਗਿਆ । ਵਜੀਰਾਬਾਦ ਦਾ ਮਸ਼ਹੂਰ ਜੰਕਸ਼ਨ , ਵਜੀਰਾਬਾਦ ਦਾ ਮਸ਼ਹੂਰ ਸ਼ਹਿਰ , ਜਿੱਥੇ ਹਿੰਦੁਸਤਾਨ ਭਰ ਲਈ ਛੁਰੀਆਂ ਅਤੇ ਚਾਕੂ ਤਿਆਰ ਹੁੰਦੇ ਹਨ । ਵਜੀਰਾਬਾਦ ਜਿੱਥੇ ਹਿੰਦੂ ਅਤੇ ਮੁਸਲਮਾਨ ਸਦੀਆਂ ਤੋਂ ਵਿਸਾਖੀ ਦਾ ਮੇਲਾ ਵੱਡੀ ਧੂਮਧਾਮ ਨਾਲ ਮਨਾਂਦੇ ਹਨ ਅਤੇ ਉਸ ਦੀਆਂ ਖ਼ੁਸ਼ੀਆਂ ਵਿੱਚ ਇੱਕਠੇ ਹਿੱਸਾ ਲੈਂਦੇ ਹਨ । ਵਜੀਰਾਬਾਦ ਦਾ ਸਟੇਸ਼ਨ ਲਾਸ਼ਾਂ ਨਾਲ ਪਟਿਆ ਹੋਇਆ ਸੀ । ਸ਼ਾਇਦ ਇਹ ਲੋਕ ਵਿਸਾਖੀ ਦਾ ਮੇਲਾ ਦੇਖਣ ਆਏ ਸਨ । ਲਾਸ਼ਾਂ ਦਾ ਮੇਲਾ । ਸ਼ਹਿਰ ਵਿੱਚ ਧੂੰਆਂ ਉਠ ਰਿਹਾ ਸੀ ਅਤੇ ਸਟੇਸ਼ਨ ਦੇ ਕਰੀਬ ਅੰਗਰੇਜ਼ੀ ਬੈਂਡ ਦੀ ਧੁਨ ਸੁਣਾਈ ਦੇ ਰਹੀ ਸੀ ਅਤੇ ਹਜੂਮ ਦੀਆਂ ਪੁਰ ਰੌਲਾ ਤਾਲੀਆਂ ਅਤੇ ਕਹਿਕਹਿਆਂ ਦੀਆਂ ਆਵਾਜਾਂ ਵੀ ਸੁਣਾਈ ਦੇ ਰਹੀਆਂ ਸਨ । ਕੁਝ ਮਿੰਟਾਂ ਵਿੱਚ ਹਜੂਮ ਸਟੇਸ਼ਨ ਤੇ ਆ ਗਿਆ । ਅੱਗੇ ਅੱਗੇ ਦਿਹਾਤੀ ਨੱਚਦੇ ਗਾਉਂਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿੱਛੇ ਨੰਗੀਆਂ ਔਰਤਾਂ ਦਾ ਹਜੂਮ , ਅਲਫ ਨੰਗੀਆਂ ਔਰਤਾਂ , ਬੁੜ੍ਹੀਆਂ , ਨੌਜਵਾਨ , ਬਚੀਆਂ , ਦਾਦੀਆਂ ਅਤੇ ਪੋਤੀਆਂ , ਮਾਵਾਂ ਅਤੇ ਭੈਣਾਂ ਅਤੇ ਬੇਟੀਆਂ , ਕੰਵਾਰੀਆਂ ਅਤੇ ਹਾਮਲਾ ਔਰਤਾਂ , ਨੱਚਦੇ ਗਾਉਂਦੇ ਹੋਏ ਮਰਦਾਂ ਦੇ ਘੇਰੇ ਵਿੱਚ ਸਨ । ਔਰਤਾਂ ਹਿੰਦੂ ਅਤੇ ਸਿੱਖ ਸਨ ਅਤੇ ਮਰਦ ਮੁਸਲਮਾਨ ਸਨ ਅਤੇ ਦੋਨਾਂ ਨੇ ਮਿਲ ਕੇ ਅਜੀਬ ਵਿਸਾਖੀ ਮਨਾਈ ਸੀ , ਔਰਤਾਂ ਦੇ ਬਾਲ ਖੁੱਲੇ ਹੋਏ ਸਨ । ਉਨ੍ਹਾਂ ਦੇ ਜਿਸਮਾਂ ਤੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਉਹ ਇਸ ਤਰ੍ਹਾਂ ਸਿਧੇ ਤਣ ਕੇ ਚੱਲ ਰਹੀਆਂ ਸਨ ਜਿਵੇਂ ਹਜਾਰਾਂ ਕੱਪੜਿਆਂ ਵਿੱਚ ਉਨ੍ਹਾਂ ਦੇ ਜਿਸਮ ਛੁਪੇ ਹੋਣ , ਜਿਵੇਂ ਉਨ੍ਹਾਂ ਦੀਆਂ ਰੂਹਾਂ ਤੇ ਸਕੂਨ ਆਮੇਜ਼ ਮੌਤ ਦੇ ਘਣੇ ਸਾਏ ਛਾ ਗਏ ਹੋਣ । ਉਨ੍ਹਾਂ ਦੀਆਂ ਨਿਗਾਹਾਂ ਦਾ ਜਲਾਲ ਦਰਦ ਪਦੀ ਨੂੰ ਵੀ ਸ਼ਰਮਾਉਂਦਾ ਸੀ ਅਤੇ ਹੋਠ ਦੰਦਾਂ ਦੇ ਅੰਦਰ ਇਵੇਂ ਮੀਚੇ ਹੋਏ ਸਨ ਜਿਵੇ ਕਿਸੇ ਭਿਆਨਕ ਲਾਵੇ ਦਾ ਮੂੰਹ ਬੰਦ ਕੀਤਾ ਹੋਵੇ । ਸ਼ਾਇਦ ਹੁਣੇ ਇਹ ਲਾਵਾ ਫੁੱਟ ਪਵੇਗਾ ਅਤੇ ਆਪਣੀ ਨਰਕੀ ਅੱਗ ਨਾਲ ਦੁਨੀਆਂ ਨੂੰ ਜਹੰਨਮ ਰਾਜ਼ ਬਣਾ ਦੇਵੇਗਾ । ਭੀੜ ਵਿੱਚੋਂ ਆਵਾਜਾਂ ਆਈਆਂ । ਪਾਕਿਸਤਾਨ ਜ਼ਿੰਦਾ ਬਾਅਦ ! ਇਸਲਾਮ ਜ਼ਿੰਦਾਬਾਦ !! ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜ਼ਿੰਦਾਬਾਦ !!! ਨੱਚਦੇ ਥਿਰਕਦੇ ਹੋਏ ਕਦਮ ਪਰੇ ਹੱਟ ਗਏ ਅਤੇ ਹੁਣ ਇਹ ਅਜੀਬੋ ਗਰੀਬ ਹਜੂਮ ਡੱਬਿਆਂ ਦੇ ਐਨ ਸਾਹਮਣੇ ਸੀ । ਡੱਬਿਆਂ ਵਿੱਚ ਬੈਠੀਆਂ ਔਰਤਾਂ ਨੇ ਘੁੰਡ ਚਾੜ੍ਹ ਲਏ ਅਤੇ ਡੱਬਿਆਂ ਦੀਆਂ ਖਿੜਕੀਆਂ ਇੱਕ ਇੱਕ ਕਰਕੇ ਬੰਦ ਹੋਣ ਲੱਗੀਆਂ । ਬਲੋਚੀ ਸਿਪਾਹੀਆਂ ਨੇ ਕਿਹਾ । ਖਿੜਕੀਆਂ ਮਤ ਬੰਦ ਕਰੋ , ਹਵਾ ਰੁਕਦੀ ਹੈ , ਖਿੜਕੀਆਂ ਬੰਦ ਹੁੰਦੀਆਂ ਗਈਆਂ । ਬਲੋਚੀ ਸਿਪਾਹੀਆਂ ਨੇ ਬੰਦੂਕਾਂ ਤਾਣ ਲਿੱਤੀਆਂ । ਠਾਅ!ਠਾਅ !ਫਿਰ ਵੀ ਖਿੜਕੀਆਂ ਬੰਦ ਹੁੰਦੀਆਂ ਗਈਆਂ ਅਤੇ ਫਿਰ ਡੱਬੇ ਵਿੱਚ ਇੱਕ ਖਿੜਕੀ ਵੀ ਨਾ ਖੁੱਲੀ ਰਹੀ । ਹਾਂ ਕੁੱਝ ਸ਼ਰਨਾਰਥੀ ਜਰੂਰ ਮਰ ਗਏ । ਨੰਗੀਆਂ ਔਰਤਾਂ ਸ਼ਰਨਾਰਥੀਆਂ ਦੇ ਨਾਲ ਬਿਠਾ ਦਿੱਤੀਆਂ ਗਈਆਂ । ਅਤੇ ਮੈਂ ਇਸਲਾਮ ਜ਼ਿੰਦਾਬਾਦ ਅਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜ਼ਿੰਦਾਬਾਦ ਦੇ ਨਾਅਰਿਆਂ ਦੇ ਦਰਮਿਆਨ ਰੁਖ਼ਸਤ ਹੋਈ । ਗੱਡੀ ਵਿੱਚ ਬੈਠਾ ਹੋਇਆ ਇੱਕ ਬੱਚਾ ਲੁੜਕਦਾ ਲੁੜਕਦਾ ਇੱਕ ਬੁੜ੍ਹੀ ਦਾਦੀ ਦੇ ਕੋਲ ਚਲਾ ਗਿਆ ਅਤੇ ਉਸ ਤੋਂ ਪੁੱਛਣ ਲਗਾ , "ਮਾਂ ਤੂੰ ਨਹਾ ਕੇ ਆਈ ਹੈਂ ?"
ਦਾਦੀ ਨੇ ਆਪਣੇ ਹੰਝੂਆਂ ਨੂੰ ਰੋਕਦੇ ਹੋਏ ਕਿਹਾ," ਹਾਂ ਨੰਨ੍ਹੇ , ਅੱਜ ਮੈਨੂੰ ਮੇਰੇ ਵਤਨ ਦੇ ਬੇਟਿਆਂ ਨੇ, ਭਾਈਆਂ ਨੇ ਨਹਾਇਆ ਹੈ" ।
"ਤੇਰੇ ਕੱਪੜੇ ਕਿੱਥੇ ਨੇ,ਅੰਮਾਂ ?"
"ਉਨ੍ਹਾਂ ਤੇ ਮੇਰੇ ਸੁਹਾਗ ਦੇ ਖ਼ੂਨ ਦੇ ਛਿੱਟੇ ਸਨ ,ਪੁੱਤਰ । ਉਹ ਲੋਕ ਉਨ੍ਹਾਂ ਨੂੰ ਧੋਣ ਲਈ ਲੈ ਕੇ ਗਏ ਨੇ"।
ਦੋ ਨੰਗੀਆਂ ਲੜਕੀਆਂ ਨੇ ਗੱਡੀ ਤੋਂ ਛਲਾਂਗ ਲਗਾ ਦਿੱਤੀ ਅਤੇ ਮੈਂ ਚੀਖਦੀ ਚਲਾਂਦੀ ਅੱਗੇ ਭੱਜੀ । ਅਤੇ ਲਾਹੌਰ ਪਹੁੰਚ ਕੇ ਦਮ ਲਿਆ । ਮੈਨੂੰ ਇੱਕ ਨੰਬਰ ਪਲੇਟਫ਼ਾਰਮ ਤੇ ਖੜਾ ਕੀਤਾ ਗਿਆ । ਨੰਬਰ ੨ ਪਲੇਟਫ਼ਾਰਮ ਤੇ ਦੂਜੀ ਗੱਡੀ ਖੜੀ ਸੀ । ਇਹ ਅੰਮ੍ਰਿਤਸਰ ਤੋਂ ਆਈ ਸੀ ਅਤੇ ਇਸ ਵਿੱਚ ਮੁਸਲਮਾਨ ਸ਼ਰਨਾਰਥੀ ਬੰਦ ਸਨ । ਥੋੜ੍ਹੀ ਦੇਰ ਦੇ ਬਾਅਦ ਮੁਸਲਿਮ ਖਿਦਮਤਗਾਰ ਮੇਰੇ ਡੱਬਿਆਂ ਦੀ ਤਲਾਸ਼ੀ ਲੈਣ ਲੱਗੇ । ਅਤੇ ਜ਼ੇਵਰ ਅਤੇ ਨਗਦੀ ਅਤੇ ਦੂਜਾ ਕੀਮਤੀ ਸਾਮਾਨ ਮਹਾਜਰੀਨ ਤੋਂ ਲੈ ਲਿਆ ਗਿਆ । ਇਸ ਦੇ ਬਾਅਦ ਚਾਰ ਸੌ ਆਦਮੀ ਡੱਬਿਆਂ ਵਿੱਚੋਂ ਕੱਢ ਕੇ ਸਟੇਸ਼ਨ ਤੇ ਖੜੇ ਕੀਤੇ ਸਨ । ਇਹ ਮਜਹਬ ਦੇ ਬੱਕਰੇ ਸਨ ਕਿਉਂਕਿ ਹੁਣੇ ਹੁਣੇ ਨੰਬਰ ੨ ਪਲੇਟਫ਼ਾਰਮ ਤੇ ਜੋ ਮੁਸਲਿਮ ਮਹਾਜਰੀਨ ਦੀ ਗੱਡੀ ਆ ਕੇ ਰੁਕੀ ਸੀ ਉਸ ਵਿੱਚ ਚਾਰ ਸੌ ਮੁਸਲਮਾਨ ਮੁਸਾਫ਼ਰ ਘੱਟ ਸਨ ਅਤੇ ਪੰਜਾਹ ਮੁਸਲਿਮ ਔਰਤਾਂ ਅਗ਼ਵਾ ਕਰ ਲਈਆਂ ਗਈਆਂ ਸਨ । ਇਸ ਲਈ ਇੱਥੇ ਵੀ ਪੰਜਾਹ ਔਰਤਾਂ ਚੁਣ ਚੁਣ ਕੇ ਕੱਢ ਲਈਆਂ ਗਈਆਂ ਅਤੇ ਚਾਰ ਸੌ ਹਿੰਦੁਸਤਾਨੀ ਮਸਾਫਿਰਾਂ ਨੂੰ ਤਹਿ ਤੇਗ਼ ਕੀਤਾ ਗਿਆ ਤਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਆਬਾਦੀ ਦਾ ਤਵਾਜ਼ਨ ਬਰਕਰਾਰ ਰਹੇ । ਮੁਸਲਿਮ ਖਿਦਮਤ ਗਾਰਾਂ ਨੇ ਇੱਕ ਦਾਇਰਾ ਬਣਾ ਰੱਖਿਆ ਸੀ ਅਤੇ ਛੁਰੇ ਹੱਥ ਵਿੱਚ ਸਨ ਅਤੇ ਦਾਇਰੇ ਵਿੱਚ ਵਾਰੀ ਵਾਰੀ ਇੱਕ ਮਹਾਜ਼ਰ ਛੁਰੇ ਦੀ ਜ਼ੱਦ ਵਿੱਚ ਆਉਂਦਾ ਸੀ ਅਤੇ ਕਮਾਲ ਪ੍ਰਬੀਨਤਾ ਅਤੇ ਫੁਰਤੀ ਨਾਲ ਹਲਾਕ ਕਰ ਦਿੱਤਾ ਜਾਂਦਾ ਸੀ । ਕੁਝ ਮਿੰਟਾਂ ਵਿੱਚ ਚਾਰ ਸੌ ਆਦਮੀ ਖ਼ਤਮ ਕਰ ਦਿੱਤੇ ਗਏ ਅਤੇ ਫਿਰ ਮੈਂ ਅੱਗੇ ਚੱਲੀ। ਹੁਣ ਮੈਨੂੰ ਆਪਣੇ ਜਿਸਮ ਦੇ ਜ਼ਰੇ ਜ਼ਰੇ ਤੋਂ ਘਿਣ ਆਉਣ ਲੱਗੀ । ਇਸ ਕਦਰ ਪਲੀਤ ਅਤੇ ਬਦਬੂਦਾਰ ਮਹਿਸੂਸ ਕਰ ਰਹੀ ਸੀ ।ਜਿਵੇਂ ਮੈਨੂੰ ਸ਼ੈਤਾਨ ਨੇ ਸਿੱਧਾ ਜਹੰਨਮ ਵਿੱਚੋਂ ਧੱਕਾ ਦੇ ਕੇ ਪੰਜਾਬ ਵਿੱਚ ਭੇਜ ਦਿੱਤਾ ਹੋਵੇ । ਅਟਾਰੀ ਪਹੁੰਚ ਕੇ ਫਿਜ਼ਾ ਬਦਲ ਜਿਹੀ ਗਈ । ਮੁਗ਼ਲਪੁਰਾ ਹੀ ਤੋਂ ਬਲੋਚੀ ਸਿਪਾਹੀ ਬਦਲ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ ਡੋਗਰੇ ਅਤੇ ਸਿੱਖ ਸਿਪਾਹੀਆਂ ਨੇ ਲੈ ਲਈ ਸੀ । ਲੇਕਿਨ ਅਟਾਰੀ ਪਹੁੰਚ ਕੇ ਤਾਂ ਮੁਸਲਮਾਨਾਂ ਦੀਆਂ ਇੰਨੀਆਂ ਲਾਸ਼ਾਂ ਹਿੰਦੂ ਮਹਾਜਰ ਨੇ ਵੇਖੀਆਂ ਕਿ ਉਨ੍ਹਾਂ ਦੇ ਦਿਲ ਗੁਦਗੁਦੀ ਲਜ਼ਤ ਨਾਲ ਬਾਗ ਬਾਗ ਹੋ ਗਏ । ਆਜ਼ਾਦ ਹਿੰਦੁਸਤਾਨ ਦੀ ਸਰਹਦ ਆ ਗਈ ਸੀ ਵਰਨਾ ਇੰਨਾ ਹੁਸੀਨ ਮੰਜ਼ਰ ਕਿਸ ਤਰ੍ਹਾਂ ਦੇਖਣ ਨੂੰ ਮਿਲਦਾ ਅਤੇ ਜਦੋਂ ਮੈਂ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੀ ਤਾਂ ਸਿੱਖਾਂ ਦੇ ਨਾਅਰਿਆਂ ਨੇ ਜ਼ਮੀਨ ਅਸਮਾਨ ਨੂੰ ਗੁੰਜਾ ਦਿੱਤਾ । ਇੱਥੇ ਵੀ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਸਨ ਅਤੇ ਹਿੰਦੂ ਜਾਟ ਅਤੇ ਸਿੱਖ ਅਤੇ ਡੋਗਰੇ ਹਰ ਡੱਬੇ ਵਿੱਚ ਝਾਕ ਕੇ ਪੁੱਛਦੇ ਸਨ , ਕੋਈ ਸ਼ਿਕਾਰ ਹੈ , ਮਤਲਬ ਇਹ ਕਿ ਕੋਈ ਮੁਸਲਮਾਨ ਹੈ । ਇੱਕ ਡੱਬੇ ਵਿੱਚ ਚਾਰ ਹਿੰਦੂ ਅਤੇ ਬਰਾਹਮਣ ਸਵਾਰ ਹੋਏ । ਸਿਰ ਘਟਾ ਹੋਇਆ , ਲੰਮੀ ਚੋਟੀ , ਰਾਮ ਨਾਮ ਦੀ ਧੋਤੀ ਬੰਨ੍ਹ , ਹਰ ਦਵਾਰ ਦਾ ਸਫ਼ਰ ਕਰ ਰਹੇ ਸਨ । ਇੱਥੇ ਹਰ ਡੱਬੇ ਵਿੱਚ ਅੱਠ ਦਸ ਸਿੱਖ ਅਤੇ ਜਾਟ ਵੀ ਬੈਠ ਗਏ , ਇਹ ਲੋਕ ਰਾਇਫ਼ਲਾਂ ਅਤੇ ਕਿਰਚਾਂ ਨਾਲ ਲੈਸ ਸਨ ਅਤੇ ਪੂਰਬੀ ਪੰਜਾਬ ਵਿੱਚ ਸ਼ਿਕਾਰ ਦੀ ਤਲਾਸ਼ ਵਿੱਚ ਜਾ ਰਹੇ ਸਨ । ਉਨ੍ਹਾਂ ਵਿੱਚੋਂ ਇੱਕ ਦੇ ਦਿਲ ਵਿੱਚ ਕੁੱਝ ਸ਼ੁਬਹਾ ਜਿਹਾ ਹੋਇਆ । ਉਸ ਨੇ ਇੱਕ ਬਰਾਹਮਣ ਤੋਂ ਪੁੱਛਿਆ । "ਬਰਾਹਮਣ ਦੇਵਤਾ ਕਿੱਧਰ ਜਾ ਰਹੇ ਹੋ ?"
"ਹਰ ਦਵਾਰ । ਤੀਰਥ ਕਰਨ "।
"ਹਰ ਦਵਾਰ ਜਾ ਰਹੇ ਹੋ ਕਿ ਪਾਕਿਸਤਾਨ ਜਾ ਰਹੇ ਹੋ "।
" ਮੀਆਂ ਅੱਲ੍ਹਾ ਅੱਲ੍ਹਾ ਕਰੋ " । ਦੂਜੇ ਬਰਾਹਮਣ ਦੇ ਮੂੰਹ ਤੋਂ ਨਿਕਲਿਆ ।
ਜਾਟ ਹੱਸਿਆ , " ਤਾਂ ਆਓ ਅੱਲ੍ਹਾ ਅੱਲ੍ਹਾ ਕਰੀਏ । ਓਏ ਨੱਥਾ ਸਿਹਾਂ , ਸ਼ਿਕਾਰ ਮਿਲ ਗਿਆ ਭਈ ਆਓ ਇਹਦਾ ਅੱਲ੍ਹਾ ਬੇਲੀ ਕਰੀਏ "। ਇੰਨਾ ਕਹਿ ਕੇ ਜਾਟ ਨੇ ਕਿਰਚ ਕਢ ਕੇ ਬਰਾਹਮਣ ਦੇ ਸੀਨੇ ਵਿੱਚ ਮਾਰੀ ।ਦੂਜੇ ਬਰਾਹਮਣ ਭੱਜਣ ਲੱਗੇ । ਜਾਟਾਂ ਨੇ ਉਨ੍ਹਾਂ ਨੂੰ ਦਬੋਚ ਲਿਆ ।" ਐਸੇ ਨਹੀਂ ਬਰਾਹਮਣ ਦੇਵਤਾ , ਜ਼ਰਾ ਡਾਕਟਰੀ ਮੁਆਇਨਾ ਕਰਾਂਦੇ ਜਾਓ । ਹਰ ਦਵਾਰ ਜਾਣ ਤੋਂ ਪਹਿਲਾਂ ਡਾਕਟਰੀ ਮੁਆਇਨਾ ਬਹੁਤ ਜਰੂਰੀ ਹੁੰਦਾ ਹੈ " ।
ਡਾਕਟਰੀ ਮੁਆਇਨੇ ਤੋਂ ਮੁਰਾਦ ਇਹ ਸੀ ਕਿ ਉਹ ਲੋਕ ਖ਼ਤਨਾ ਦੇਖਦੇ ਸਨ ਜਿਸ ਦੇ ਖ਼ਤਨਾ ਹੋਇਆ ਹੁੰਦਾ ਉਸਨੂੰ ਉਥੇ ਹੀ ਮਾਰ ਦਿੰਦੇ । ਚਾਰੇ ਮੁਸਲਮਾਨ ਜੋ ਬਰਾਹਮਣ ਦਾ ਰੂਪ ਧਾਰ ਕੇ ਆਪਣੀ ਜਾਨ ਬੱਚਾਉਣ ਲਈ ਭੱਜ ਰਹੇ ਸਨ ਉਥੇ ਹੀ ਮਾਰ ਦਿੱਤੇ ਗਏ ਅਤੇ ਮੈਂ ਅੱਗੇ ਚੱਲੀ ।ਰਸਤੇ ਵਿੱਚ ਇੱਕ ਜਗ੍ਹਾ ਜੰਗਲ ਵਿੱਚ ਮੈਨੂੰ ਖੜਾ ਕਰ ਦਿੱਤਾ ਗਿਆ ਅਤੇ ਮਹਾਜਰੀਨ ਅਤੇ ਸਿਪਾਹੀ ਅਤੇ ਜਾਟ ਅਤੇ ਸਿੱਖ ਸਭ ਨਿਕਲ ਕੇ ਜੰਗਲ ਦੀ ਤਰਫ਼ ਭੱਜਣ ਲੱਗੇ । ਮੈਂ ਸੋਚਿਆ ਸ਼ਾਇਦ ਮੁਸਲਮਾਨਾਂ ਦੀ ਬਹੁਤ ਵੱਡੀ ਫ਼ੌਜ ਉਨ੍ਹਾਂ ਤੇ ਹਮਲਾ ਕਰਨ ਲਈ ਆ ਰਹੀ ਹੈ ।ਐਨੇ ਨੂੰ ਮੈਂ ਕੀ ਵੇਖਦੀ ਹਾਂ ਕਿ ਜੰਗਲ ਵਿੱਚ ਬਹੁਤ ਸਾਰੇ ਮੁਸਲਮਾਨ ਮੁਜਾਰੇ ਆਪਣੇ ਬੀਵੀ ਬੱਚਿਆਂ ਨੂੰ ਲਈ ਛੁਪੇ ਬੈਠੇ ਹਨ । ਸਿਰੀ ਅਸਤ ਅਕਾਲ ਅਤੇ ਹਿੰਦੂ ਧਰਮ ਦੀ ਜੈ ਦੇ ਨਾਅਰਿਆਂ ਦੀ ਗੂੰਜ ਨਾਲ ਜੰਗਲ ਕੰਬ ਉੱਠਿਆ , ਅਤੇ ਉਹ ਲੋਕ ਘੇਰੇ ਵਿੱਚ ਲੈ ਲਏ ਗਏ । ਅੱਧੇ ਘੰਟੇ ਵਿੱਚ ਸਭ ਸਫ਼ਾਇਆ ਹੋ ਗਿਆ । ਬੁਢੇ , ਜਵਾਨ , ਔਰਤਾਂ ਅਤੇ ਬੱਚੇ ਸਭ ਮਾਰ ਦਿੱਤੇ ਗਏ । ਇੱਕ ਜਾਟ ਦੇ ਨੇਜੇ ਤੇ ਇੱਕ ਨੰਨ੍ਹੇ ਬੱਚੇ ਦੀ ਲਾਸ਼ ਸੀ ਅਤੇ ਉਹ ਉਸ ਨੂੰ ਹਵਾ ਵਿੱਚ ਘੁਮਾ ਘੁਮਾ ਕੇ ਕਹਿ ਰਿਹਾ ਸੀ । " ਆਈ ਵਿਸਾਖੀ । ਆਈ ਵਿਸਾਖੀ ਜਟਾ ਲਿਆਏ ਹੈ ਹੈ " । ਜੰਲਧਰ ਤੋਂ ਏਧਰ ਪਠਾਣਾਂ ਦਾ ਇੱਕ ਪਿੰਡ ਸੀ । ਇੱਥੇ ਗੱਡੀ ਰੋਕ ਕੇ ਲੋਕ ਪਿੰਡ ਵਿੱਚ ਵੜ ਗਏ । ਸਿਪਾਹੀਆਂ ਅਤੇ ਮਹਾਜਰੀਨ ਅਤੇ ਜਾਟ ਪਠਾਣਾਂ ਨੇ ਮੁਕਾਬਲਾ ਕੀਤਾ । ਲੇਕਿਨ ਆਖਿਰ ਮਾਰੇ ਗਏ , ਬੱਚੇ ਅਤੇ ਮਰਦ ਹਲਾਕ ਹੋ ਗਏ ਤਾਂ ਔਰਤਾਂ ਦੀ ਵਾਰੀ ਆਈ ਅਤੇ ਉਥੇ ਹੀ ਇਸ ਖੁੱਲੇ ਮੈਦਾਨ ਵਿੱਚ ਜਿੱਥੇ ਕਣਕ ਦੇ ਖਲਿਆਣ ਲਗਾਏ ਜਾਂਦੇ ਸਨ ਅਤੇ ਸਰੋਂ ਦੇ ਫੁਲ ਮੁਸਕਰਾਂਦੇ ਸਨ ਅਤੇ ਗ਼ੁਫ਼ਤ ਮਆਬ ਬੀਬੀਆਂ ਆਪਣੇ ਖ਼ਾਵੰਦਾਂ ਦੀ ਨਜ਼ਰ ਸ਼ੌਕ ਦੀ ਤਾਬ ਨਾ ਲਿਆਕੇ ਕਮਜ਼ੋਰ ਸ਼ਾਖਾਂ ਦੀਆਂ ਤਰ੍ਹਾਂ ਝੁਕ ਝੁਕ ਜਾਂਦੀਆਂ ਸਨ । ਇਸ ਵਸੀਅ ਮੈਦਾਨ ਵਿੱਚ ਜਿੱਥੇ ਪੰਜਾਬ ਦੇ ਦਿਲ ਨੇ ਹੀਰ ਰਾਂਝੇ ਅਤੇ ਸੋਹਣੀ ਮਹੀਂਵਾਲ ਦੀ ਲਾਫ਼ਾਨੀ ਉਲਫਤ ਦੇ ਤਰਾਨੇ ਗਾਏ ਸਨ । ਇਨ੍ਹਾਂ ਟਾਹਲੀਆਂ , ਕਿਕਰਾਂ ਅਤੇ ਪਿੱਪਲ ਦੇ ਦਰਖ਼ਤਾਂ ਥਲੇ ਵਕਤੀ ਚਕਲੇ ਆਬਾਦ ਹੋਏ । ਪੰਜਾਹ ਔਰਤਾਂ ਅਤੇ ਪੰਜ ਸੌ ਖ਼ਾਵੰਦ , ਪੰਜਾਹ ਭੇੜੇਂ ਅਤੇ ਪੰਜ ਸੌ ਕਸਾਬ , ਪੰਜਾਹ ਸੋਹਣੀਆਂ ਅਤੇ ਪੰਜ ਮਹੀਂਵਾਲ , ਸ਼ਾਇਦ ਹੁਣ ਝਨਾ ਨਦੀ ਵਿੱਚ ਕਦੇ ਤੁਗ਼ਿਆਨੀ ਨਾ ਆਵੇਗੀ । ਸ਼ਾਇਦ ਹੁਣ ਕੋਈ ਵਾਰਿਸ ਸ਼ਾਹ ਦੀ ਹੀਰ ਨਾ ਗਾਏਗਾ । ਸ਼ਾਇਦ ਹੁਣ ਮਿਰਜ਼ਾ ਸਾਹਿਬਾਂ ਦੀ ਦਾਸਤਾਨ ਉਲਫਤ ਅਤੇ ਆਫ਼ਤ ਉਨ੍ਹਾਂ ਮੈਦਾਨਾਂ ਵਿੱਚ ਕਦੇ ਨਾ ਗੂੰਜੇਗੀ । ਲੱਖਾਂ ਵਾਰ ਲਾਹਨਤ ਹੋਵੇ ਇਹਨਾਂ ਆਗੂਆਂ ਨੂੰ ਅਤੇ ਉਨ੍ਹਾਂ ਦੀਆਂ ਸੱਤ ਪੁਸ਼ਤਾਂ ਨੂੰ , ਜਿਨ੍ਹਾਂ ਨੇ ਇਸ ਖ਼ੂਬਸੂਰਤ ਪੰਜਾਬ , ਇਸ ਅਲਬੇਲੇ ਪਿਆਰੇ , ਸੁਨਹਿਰੇ ਪੰਜਾਬ ਦੇ ਟੁਕੜੇ ਟੁਕੜੇ ਕਰ ਦਿੱਤੇ ਸਨ ਅਤੇ ਉਸ ਦੀ ਪਾਕੀਜ਼ਾ ਰੂਹ ਨੂੰ ਗ੍ਰਹਿਣ ਦਿੱਤਾ ਸੀ ਅਤੇ ਉਸ ਦੇ ਮਜ਼ਬੂਤ ਜਿਸਮ ਵਿੱਚ ਨਫ਼ਰਤ ਦੀ ਮਵਾਦ ਭਰ ਦਿੱਤੀ ਸੀ , ਅੱਜ ਪੰਜਾਬ ਮਰ ਗਿਆ ਸੀ , ਉਸ ਦੇ ਨਗ਼ਮੇ ਗੁੰਗੇ ਹੋ ਗਏ ਸਨ , ਉਸ ਦੇ ਗੀਤ ਮੁਰਦਾ , ਉਸ ਦੀ ਜ਼ਬਾਨ ਮੁਰਦਾ , ਉਸ ਦਾ ਬੇਬਾਕ ਨਿਡਰ ਭੋਲਾ ਭਾਲਾ ਦਿਲ ਮੁਰਦਾ , ਅਤੇ ਨਾ ਮਹਿਸੂਸ ਕਰਨਹਾਰ ਅਤੇ ਅੱਖ ਅਤੇ ਕੰਨ ਨਾ ਹੁੰਦੇ ਹੋਏ ਵੀ ਮੈਂ ਪੰਜਾਬ ਦੀ ਮੌਤ ਵੇਖੀ ਅਤੇ ਖੌਫ ਨਾਲ ਅਤੇ ਹੈਰਤ ਨਾਲ ਮੇਰੇ ਕਦਮ ਇਸ ਪਟਰੀ ਤੇ ਰੁਕ ਗਏ । ਪਠਾਣ ਮਰਦਾਂ ਅਤੇ ਔਰਤਾਂ ਦੀਆਂ ਲਾਸ਼ਾਂ ਉਠਾਈਂ ਜਾਟ ਅਤੇ ਸਿੱਖ ਅਤੇ ਡੋਗਰੇ ਅਤੇ ਸਰਹੱਦੀ ਹਿੰਦੂ ਵਾਪਸ ਆਏ ਅਤੇ ਮੈਂ ਅੱਗੇ ਚੱਲੀ । ਅੱਗੇ ਇੱਕ ਨਹਿਰ ਆਉਂਦੀ ਸੀ ਜ਼ਰਾ ਜ਼ਰਾ ਵਕਫ਼ੇ ਦੇ ਬਾਅਦ ਮੈਂ ਰੁਕਦੀ ਜਾਂਦੀ , ਜਿਉਂ ਹੀ ਕੋਈ ਡਬਾ ਨਹਿਰ ਦੇ ਪੁਲ ਤੋਂ ਗੁਜਰਦਾ , ਲਾਸ਼ਾਂ ਨੂੰ ਐਨ ਹੇਠਾਂ ਨਹਿਰ ਦੇ ਪਾਣੀ ਵਿੱਚ ਡੇਗ ਦਿੱਤਾ ਜਾਂਦਾ । ਇਸ ਤਰ੍ਹਾਂ ਜਦੋਂ ਹਰ ਡੱਬੇ ਦੇ ਰੁਕਣ ਦੇ ਬਾਅਦ ਸਭ ਲਾਸ਼ਾਂ ਪਾਣੀ ਵਿੱਚ ਡੇਗ ਦਿੱਤੀਆਂ ਗਈਆਂ ਤਾਂ ਲੋਕਾਂ ਨੇ ਦੇਸੀ ਸ਼ਰਾਬ ਦੀਆਂ ਬੋਤਲਾਂ ਖੋਲ ਲਈਆਂ ਅਤੇ ਮੈਂ ਖ਼ੂਨ ਅਤੇ ਸ਼ਰਾਬ ਅਤੇ ਨਫ਼ਰਤ ਦੀ ਭਾਫ ਉਗਲਦੀ ਹੋਈ ਅੱਗੇ ਵਧੀ। ਲੁਧਿਆਣਾ ਪਹੁੰਚ ਕੇ ਲੁਟੇਰੇ ਗੱਡੀ ਵਿੱਚੋਂ ਉੱਤਰ ਗਏ ਅਤੇ ਸ਼ਹਿਰ ਵਿੱਚ ਜਾ ਕੇ ਉਹਨਾਂ ਨੇ ਮੁਸਲਮਾਨਾਂ ਦੇ ਮਹੱਲਿਆਂ ਦਾ ਪਤਾ ਢੂੰਡ ਕੱਢਿਆ । ਅਤੇ ਉੱਥੇ ਹਮਲਾ ਕੀਤਾ ਅਤੇ ਲੁੱਟ ਮਾਰ ਕੀਤੀ ਅਤੇ ਮਾਲ ਗ਼ਨੀਮਤ ਆਪਣੇ ਮੋਢਿਆਂ ਤੇ ਲੱਦੇ ਹੋਏ ਤਿੰਨ ਚਾਰ ਘੰਟਿਆਂ ਦੇ ਬਾਅਦ ਸਟੇਸ਼ਨ ਤੇ ਵਾਪਸ ਆਏ ਜਦੋਂ ਤੱਕ ਲੁੱਟ ਮਾਰ ਨਾ ਹੋ ਚੁੱਕੀ । ਜਦੋਂ ਤੱਕ ਦਸ ਵੀਹ ਮੁਸਲਮਾਨਾਂ ਦਾ ਖ਼ੂਨ ਨਾ ਹੋ ਚੁਕਿਆ । ਜਦੋਂ ਤੱਕ ਸਭ ਮਹਾਜਰੀਨ ਆਪਣੀ ਨਫ਼ਰਤ ਨੂੰ ਖੂਨ ਨਾਲ ਨਾ ਰੰਗ ਲੈਂਦੇ ਮੇਰਾ ਅੱਗੇ ਚੱਲਣਾ ਦੁਸ਼ਵਾਰ ਕੀ ਨਾਮੁਮਕਿਨ ਸੀ , ਮੇਰੀ ਰੂਹ ਵਿੱਚ ਇੰਨੇ ਘਾਉ ਸਨ ਅਤੇ ਮੇਰੇ ਜਿਸਮ ਦਾ ਜ਼ਰਾ ਜ਼ਰਾ ਗੰਦੇ ਨਾਪਾਕ ਖ਼ੂਨੀਆਂ ਦੇ ਕਹਕਹਿਆਂ ਨਾਲ ਇਸ ਤਰ੍ਹਾਂ ਲਿੱਬੜ ਗਿਆ ਸੀ ਕਿ ਮੈਨੂੰ ਗ਼ੁਸਲ ਦੀ ਸ਼ਦੀਦ ਜ਼ਰੂਰਤ ਮਹਿਸੂਸ ਹੋਈ । ਲੇਕਿਨ ਮੈਨੂੰ ਮਲੂਮ ਸੀ ਕਿ ਇਸ ਸਫ਼ਰ ਵਿੱਚ ਕੋਈ ਮੈਨੂੰ ਨਹਾਉਣ ਨਹੀਂ ਦੇਵੇਗਾ ।
ਅੰਬਾਲਾ ਸਟੇਸ਼ਨ ਤੇ ਰਾਤ ਦੇ ਵਕਤ ਮੇਰੇ ਇੱਕ ਫ਼ਸਟ ਕਲਾਸ ਦੇ ਡੱਬੇ ਵਿੱਚ ਇੱਕ ਮੁਸਲਮਾਨ ਡਿਪਟੀ ਕਮਿਸ਼ਨਰ ਅਤੇ ਉਸ ਦੇ ਬੀਵੀ ਬੱਚੇ ਸਵਾਰ ਹੋਏ । ਇਸ ਡੱਬੇ ਵਿੱਚ ਇੱਕ ਸਰਦਾਰ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਵੀ ਸਨ , ਫ਼ੌਜੀਆਂ ਦੇ ਪਹਿਰੇ ਵਿੱਚ ਮੁਸਲਮਾਨ ਡਿਪਟੀ ਕਮਿਸ਼ਨਰ ਨੂੰ ਸਵਾਰ ਕਰ ਦਿੱਤਾ ਗਿਆ ਅਤੇ ਫ਼ੌਜੀਆਂ ਨੂੰ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਸਖ਼ਤ ਤਾਕੀਦ ਕਰ ਦਿੱਤੀ ਗਈ । ਰਾਤ ਦੇ ਦੋ ਵਜੇ ਮੈਂ ਅੰਬਾਲੇ ਤੋਂ ਚੱਲੀ ਅਤੇ ਦਸ ਮੀਲ ਅੱਗੇ ਜਾ ਕੇ ਰੋਕ ਦਿੱਤੀ ਗਈ । ਫ਼ਸਟ ਕਲਾਸ ਦਾ ਡਬਾ ਅੰਦਰ ਤੋਂ ਬੰਦ ਸੀ । ਇਸ ਲਈ ਖਿੜਕੀ ਦੇ ਸ਼ੀਸ਼ੇ ਤੋੜ ਕੇ ਲੋਕ ਅੰਦਰ ਵੜ ਗਏ ਅਤੇ ਡਿਪਟੀ ਕਮਿਸ਼ਨਰ ਅਤੇ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਛੋਟੇ ਬੱਚਿਆਂ ਨੂੰ ਕਤਲ ਕੀਤਾ ਗਿਆ , ਡਿਪਟੀ ਕਮਿਸ਼ਨਰ ਦੀ ਇੱਕ ਨੌਜਵਾਨ ਕੁੜੀ ਸੀ ਅਤੇ ਬਹੁਤ ਖ਼ੂਬਸੂਰਤ , ਉਹ ਕਿਸੇ ਕਾਲਜ ਵਿੱਚ ਪੜ੍ਹਦੀ ਸੀ । ਦੋ ਇੱਕ ਨੌਜਵਾਨਾਂ ਨੇ ਸੋਚਿਆ ਇਸਨੂੰ ਬੱਚਾ ਲਿਆ ਜਾਵੇ । ਇਹ ਹੁਸਨ , ਇਹ ਰੁਨਾਈ , ਇਹ ਤਾਜ਼ਗੀ ਇਹ ਜਵਾਨੀ ਕਿਸੇ ਦੇ ਕੰਮ ਆ ਸਕਦੀ ਹੈ । ਇੰਨਾ ਸੋਚ ਕੇ ਉਹਨਾਂ ਨੇ ਜਲਦੀ ਨਾਲ ਕੁੜੀ ਅਤੇ ਜ਼ੇਵਰਾਤ ਦੇ ਸੰਦੂਕ ਨੂੰ ਸੰਭਾਲਿਆ ਅਤੇ ਗੱਡੀ ਤੋਂ ਉੱਤਰ ਕੇ ਜੰਗਲ ਵਿੱਚ ਚਲੇ ਗਏ । ਕੁੜੀ ਦੇ ਹੱਥ ਵਿੱਚ ਇੱਕ ਕਿਤਾਬ ਸੀ । ਇੱਥੇ ਇਹ ਕਾਨਫ਼ਰੰਸ ਸ਼ੁਰੂ ਹੋਈ ਕਿ ਕੁੜੀ ਨੂੰ ਛੱਡ ਦਿੱਤਾ ਜਾਵੇ ਜਾਂ ਮਾਰ ਦਿੱਤਾ ਜਾਵੇ । ਕੁੜੀ ਨੇ ਕਿਹਾ , "ਮੈਨੂੰ ਮਾਰਦੇ ਕਿਉਂ ਹੋ ? ਮੈਨੂੰ ਹਿੰਦੂ ਕਰ ਲੌ । ਮੈਂ ਤੁਹਾਡੇ ਮਜ਼ਹਬ ਵਿੱਚ ਦਾਖ਼ਲ ਹੋ ਜਾਂਦੀ ਹਾਂ ।ਤੁਹਾਡੇ ਵਿੱਚੋਂ ਕੋਈ ਇੱਕ ਮੇਰੇ ਤੋਂ ਬਿਆਹ ਕਰ ਲੇ । ਮੇਰੀ ਜਾਨ ਲੈਣ ਨਾਲ ਕੀ ਫ਼ਾਇਦਾ !"
"ਠੀਕ ਤਾਂ ਕਹਿੰਦੀ ਹੈ ", ਇੱਕ ਬੋਲਿਆ ।
"ਮੇਰੇ ਖ਼ਿਆਲ ਵਿੱਚ ", ਦੂਜੇ ਨੇ ਗੱਲ ਕੱਟਦੇ ਹੋਏ ਅਤੇ ਕੁੜੀ ਦੇ ਢਿੱਡ ਵਿੱਚ ਛੁਰਾ ਖੋਭਦੇ ਹੋਏ ਕਿਹਾ ।"ਮੇਰੇ ਖ਼ਿਆਲ ਵਿੱਚ ਇਸਨੂੰ ਖ਼ਤਮ ਕਰ ਦੇਣਾ ਹੀ ਬਿਹਤਰ ਹੈ । ਚਲੋ ਗੱਡੀ ਵਿੱਚ ਵਾਪਸ ਚਲੋ । ਕੀ ਕਾਨਫ਼ਰੰਸ ਲਗਾ ਰੱਖੀ ਹੈ ਤੁਸਾਂ ਨੇ " ।
ਕੁੜੀ ਜੰਗਲ ਵਿੱਚ ਘਾਹ ਦੇ ਫ਼ਰਸ਼ ਤੇ ਤੜਫ਼ ਤੜਫ਼ ਕੇ ਮਰ ਗਈ । ਉਸ ਦੀ ਕਿਤਾਬ ਉਸ ਦੇ ਖ਼ੂਨ ਨਾਲ ਤਰਬਤਰ ਹੋ ਗਈ । ਕਿਤਾਬ ਦੇ ਟਾਈਟਲ ਤੇ ਲੀਖਿਆ ਸੀ : ਇਸ਼ਤਰਾਕੀਅਤ ਅਮਲ ਔਰ ਫਲਸਫਾ ਅਜ਼ ਜਾਨ ਸਟਰੈਟਜੀ । ਉਹ ਜ਼ਹੀਨ ਕੁੜੀ ਹੋਵੇਗੀ । ਉਸਦੇ ਦਿਲ ਵਿੱਚ ਆਪਣੇ ਮੁਲਕਾਂ ਕੌਮ ਦੀ ਖਿਦਮਤ ਦੇ ਇਰਾਦੇ ਹੋਣਗੇ । ਉਸ ਦੀ ਰੂਹ ਵਿੱਚ ਕਿਸੇ ਨੂੰ ਮੁਹਬਤ ਕਰਨ , ਕਿਸੇ ਨੂੰ ਚਾਹੁਣ , ਕਿਸੇ ਦੇ ਗਲੇ ਲੱਗ ਜਾਣ , ਕਿਸੇ ਬੱਚੇ ਨੂੰ ਦੁਧ ਪਿਲਾਣ ਦਾ ਜਜ਼ਬਾ ਹੋਵੇਗਾ । ਉਹ ਕੁੜੀ ਸੀ , ਉਹ ਮਾਂ ਸੀ , ਉਹ ਪਤਨੀ ਸੀ , ਉਹ ਮਹਿਬੂਬਾ ਸੀ । ਉਹ ਕਾਇਨਾਤ ਦੀ ਤਖ਼ਲੀਕ ਦਾ ਮੁਕਦਸ ਰਹੱਸ ਸੀ ਅਤੇ ਹੁਣ ਉਸ ਦੀ ਲਾਸ਼ ਜੰਗਲ ਵਿੱਚ ਪਈ ਸੀ ਅਤੇ ਗਿਦੜ , ਗਿਰਝਾਂ ਅਤੇ ਕਾਂ ਉਸ ਦੀ ਲਾਸ਼ ਨੂੰ ਨੋਚ ਨੋਚ ਕਰ ਖਾਣਗੇ ।
'ਇਸ਼ਤਰਾਕੀਅਤ(ਸਮਾਜਵਾਦ ) , ਫਲਸਫਾ ਔਰ ਅਮਲ' ਵਹਿਸ਼ੀ ਦਰਿੰਦੇ ਇਨ੍ਹਾਂ ਨੂੰ ਨੋਚ ਨੋਚ ਖਾ ਰਹੇ ਸਨ ਅਤੇ ਕੋਈ ਨਹੀਂ ਬੋਲਦਾ ਅਤੇ ਕੋਈ ਅੱਗੇ ਨਹੀਂ ਆਉਂਦਾ ਅਤੇ ਕੋਈ ਅਵਾਮ ਵਿੱਚੋਂ ਇਨਕਲਾਬ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਅਤੇ ਮੈਂ ਰਾਤ ਦੀ ਤਾਰੀਕੀ ਅੱਗ ਅਤੇ ਸ਼ਰਾਰਿਆਂ ਨੂੰ ਛੁਪਾ ਕੇ ਅੱਗੇ ਜਾ ਰਹੀ ਹਾਂ ਅਤੇ ਮੇਰੇ ਡੱਬਿਆਂ ਵਿੱਚ ਲੋਕ ਸ਼ਰਾਬ ਪੀ ਰਹੇ ਹਨ ਅਤੇ ਮਹਾਤਮਾ ਗਾਂਧੀ ਦੇ ਜੈਕਾਰੇ ਬੁਲਾ ਰਹੇ ਹਨ ।ਇੱਕ ਅਰਸੇ ਦੇ ਬਾਅਦ ਮੈਂ ਬੰਬਈ ਵਾਪਸ ਆਈ ਹਾਂ , ਇੱਥੇ ਮੈਨੂੰ ਨਹਾ ਧੁਆ ਕੇ ਸ਼ੈਡ ਵਿੱਚ ਰੱਖ ਦਿੱਤਾ ਗਿਆ ਹੈ । ਮੇਰੇ ਡੱਬਿਆਂ ਵਿੱਚ ਹੁਣ ਸ਼ਰਾਬ ਦੇ ਭਪਾਰੇ ਨਹੀਂ ਹਨ , ਖ਼ੂਨ ਦੇ ਛਿੱਟੇ ਨਹੀਂ ਹਨ , ਵਹਿਸ਼ੀ ਖ਼ੂਨੀ ਕਹਿਕਹੇ ਨਹੀਂ ਹਨ ਮਗਰ ਰਾਤ ਦੀ ਤਨਹਾਈ ਵਿੱਚ ਜਿਵੇਂ ਭੂਤ ਜਾਗ ਉਠਦੇ ਹਨ ਮੁਰਦਾ ਰੂਹਾਂ ਬੇਦਾਰ ਹੋ ਜਾਂਦੀਆਂ ਹਨ ਅਤੇ ਜ਼ਖ਼ਮੀਆਂ ਦੀਆਂ ਚੀਖ਼ਾਂ ਅਤੇ ਔਰਤਾਂ ਦੇ ਵੈਣ ਅਤੇ ਬੱਚਿਆਂ ਦੀ ਪੁਕਾਰ , ਹਰ ਤਰਫ਼ ਫਿਜ਼ਾ ਵਿੱਚ ਗੂੰਜਣ ਲੱਗਦੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਕਦੇ ਕੋਈ ਇਸ ਸਫ਼ਰ ਤੇ ਨਾ ਲੈ ਕੇ ਜਾਵੇ । ਮੈਂ ਇਸ ਸ਼ੈਡ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ ਕਿ ਹੁਣ ਮੈਨੂੰ ਕਦੇ ਕੋਈ ਇਸ ਸਫ਼ਰ ਪਰ ਨਾ ਲੈ ਜਾਵੇ । ਮੈਂ ਇਸ ਸ਼ੈਡ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ , ਮੈਂ ਉਸ ਖੌਫ਼ਨਾਕ ਸਫ਼ਰ ਤੇ ਦੁਬਾਰਾ ਨਹੀਂ ਜਾਣਾ ਚਾਹੁੰਦੀ , ਹੁਣ ਮੈਂ ਉਸ ਵਕਤ ਜਾਵਾਂਗੀ । ਜਦੋਂ ਮੇਰੇ ਸਫ਼ਰ ਤੇ ਦੋ ਤਰਫ਼ਾ ਸੁਨਹਿਰੇ ਕਣਕ ਦੇ ਖਲਿਆਣ ਲਹਿਰਾਉਣਗੇ ਅਤੇ ਸਰੋਂ ਦੇ ਫੁਲ ਝੂਮ ਝੂਮ ਕੇ ਪੰਜਾਬ ਦੇ ਰਸੀਲੇ ਉਲਫਤ ਭਰੇ ਗੀਤ ਗਾਣਗੇ ਅਤੇ ਕਿਸਾਨ ਹਿੰਦੂ ਅਤੇ ਮੁਸਲਮਾਨ ਦੋਨੋਂ ਰਲ ਮਿਲ ਕੇ ਖੇਤ ਕੱਟਣਗੇ ,ਬੀਜਣਗੇ । ਹਰੇ ਹਰੇ ਖੇਤਾਂ ਵਿੱਚ ਗ਼ੁਡਾਈ ਕਰਨਗੇ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਮਿਹਰੋ ਵਫ਼ਾ ਅਤੇ ਅੱਖਾਂ ਵਿੱਚ ਸ਼ਰਮ ਅਤੇ ਰੂਹਾਂ ਵਿੱਚ ਔਰਤ ਲਈ ਪਿਆਰ ਅਤੇ ਮੁਹਬਤ ਅਤੇ ਇਜ਼ਤ ਦਾ ਜਜ਼ਬਾ ਹੋਵੇਗਾ । ਮੈਂ ਲੱਕੜੀ ਦੀ ਇੱਕ ਬੇ ਜਾਨ ਗੱਡੀ ਹਾਂ ਲੇਕਿਨ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਇਸ ਖ਼ੂਨ ਅਤੇ ਗੋਸ਼ਤ ਅਤੇ ਨਫ਼ਰਤ ਦੇ ਬੋਝ ਨਾਲ ਮੈਨੂੰ ਨਾ ਲੱਦਿਆ ਜਾਵੇ ।ਮੈਂ ਅਕਾਲ ਮਾਰੇ ਇਲਾਕਿਆਂ ਵਿੱਚ ਅਨਾਜ ਢੋਊਂਗੀ । ਮੈਂ ਕੋਇਲਾ ਅਤੇ ਤੇਲ ਅਤੇ ਲੋਹਾ ਲੈ ਕੇ ਕਾਰਖਾਨਿਆਂ ਵਿੱਚ ਜਾਵਾਂਗੀ ਮੈਂ ਕਿਸਾਨਾਂ ਲਈ ਨਵੇਂ ਹੱਲ ਅਤੇ ਨਵੀਂ ਖਾਦ ਮੁਹਈਆ ਕਰਾਂਗੀ । ਮੈਂ ਆਪਣੇ ਡੱਬਿਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਸ਼ਹਾਲ ਟੋਲੀਆਂ ਲੈ ਕੇ ਜਾਵਾਂਗੀ , ਅਤੇ ਬਾ ਅਸਮਤ ਔਰਤਾਂ ਦੀਆਂ ਮਿਠੀਆਂ ਨਜਰਾਂ ਆਪਣੇ ਮਰਦਾਂ ਦਾ ਦਿਲ ਟਟੋਲ ਰਹੀਆਂ ਹੋਣਗੀਆਂ । ਅਤੇ ਉਨ੍ਹਾਂ ਦੀਆਂ ਗੋਦਾਂ ਵਿੱਚ ਨੰਨ੍ਹੇ ਮੁੰਨ੍ਹੇ ਖ਼ੂਬਸੂਰਤ ਬੱਚਿਆਂ ਦੇ ਚਿਹਰੇ ਕੰਵਲ ਦੇ ਫੁੱਲਾਂ ਦੀਆਂ ਤਰ੍ਹਾਂ ਨਜ਼ਰ ਆਉਣਗੇ ਅਤੇ ਉਹ ਇਸ ਮੌਤ ਨੂੰ ਨਹੀਂ ਬਲਕਿ ਆਉਣ ਵਾਲੀ ਜਿੰਦਗੀ ਨੂੰ ਝੁਕ ਕੇ ਸਲਾਮ ਕਰਣਗੇ । ਜਦੋਂ ਨਾ ਕੋਈ ਹਿੰਦੂ ਹੋਵੇਗਾ ਨਾ ਮੁਸਲਮਾਨ ਬਲਕਿ ਸਭ ਮਜ਼ਦੂਰ ਹੋਣਗੇ ਅਤੇ ਮਨੁੱਖ ਹੋਣਗੇ ।

(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ