Pachhan (Punjabi Story) : Mohan Bhandari

ਪਛਾਣ (ਕਹਾਣੀ) : ਮੋਹਨ ਭੰਡਾਰੀ

ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ 'ਤੇ ਬੈਠਾ ਸੀ?
ਕੁੱਲੀ ਅੰਦਰ ਪਿਆ ਗੇਬਾ ਸੋਚ ਰਿਹਾ ਸੀ। ਰਾਤ, ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਉਹਦੇ ਅੰਦਰ ਇਕ ਨਿਰੰਤਰ ਘੋਲ ਚਲਦਾ ਰਿਹਾ ਸੀ। ਮਕਾਨ, ਵਿਹੜੇ ਵਿਚ ਦਗ਼ ਰਹੀ ਧੂਣੀ ਵਾਂਗ ਤਪੀ ਜਾਂਦਾ ਸੀ ਤੇ ਵਾੜ ਵਿਚੋਂ ਧੂੰਆਂ ਅਸਮਾਨ ਵੱਲ ਉਠਦਾ ਰਿਹਾ ਸੀ। ਕੁਝ ਚਿਰ ਲਈ ਤਾਂ ਜਿਵੇਂ ਸਭ ਕੁਝ ਇਸ ਧੂੰਏਂ ਵਿਚ ਗਲੇਫ਼ਿਆ ਗਿਆ ਸੀ। ਖੇਤ, ਅਸਮਾਨ, ਸ਼ਹਿਰ ਤੇ ਸੰਸਦ ਭਵਨ, ਵੀ। ਸੰਸਦ ਭਵਨ, ਜਿਸ ਨੂੰ ਕੱਲ੍ਹ ਘਰ ਮੁੜਨ ਲੱਗੇ ਉਹ ਅਲਵਿਦਾ ਕਹਿ ਆਏ ਸਨ, ਧੂੰਏਂ ਭਰੇ ਵਾਤਾਵਰਨ 'ਚ, ਉਹਨੂੰ ਇਉਂ ਲੱਗੀ ਜਿਵੇਂ ਕੋਈ ਆਫ਼ਰੀ ਹੋਈ ਸਰ੍ਹਾਲ ਚੁਫ਼ਾਲ ਪਈ ਹੂੰਗ ਰਹੀ ਹੋਵੇ।
ਇਕ ਵੇਰਾਂ ਉਹਦੇ ਬਾਬੇ ਨੇ ਦੱਸਿਆ ਸੀ ਕਿ ਸਰ੍ਹਾਲ ਆਦਮੀ ਦਾ ਸਾਹ ਪੀ ਜਾਂਦੀ ਹੈ। ਕੋੜ੍ਹਮਗਜ਼ ਤੇ ਅਵੇਸਲੇ ਆਦਮੀ ਅਕਸਰ ਉਹਦਾ ਸ਼ਿਕਾਰ ਬਣ ਜਾਂਦੇ ਨੇ। ਇਹ ਵੀ ਕਿ ਉਹ ਇਕ ਦੋ ਸੱਟਾਂ ਨਾਲ ਮਰਦੀ ਨਹੀਂ। ਸਰ੍ਹਾਲ ਮਾਰਨ ਲਈ ਤਾਂ ਉਹਨੂੰ ਲਗਾਤਾਰ ਕੁੱਟਣਾ ਪੈਂਦਾ ਹੈ। ਨਹੀਂ ਤਾਂ ਉਹ ਫੇਰ ਸਰਕਣ ਲੱਗਦੀ ਹੈ। ਮੱਠੀ ਮੱਠੀ ਤੋਰ ਤੇ ਇਸ ਖੜੋਤ ਵਰਗੀ ਮੱਠੀ ਤੋਰ ਤੋਂ ਚਿੜ੍ਹ ਜਿਹੀ ਆਉਣ ਲੱਗਦੀ ਹੈ।
ਜ਼ਿੰਦਗੀ ਤਾਂ ਤੇਜ਼, ਭਰਵੀਂ ਪੁਲਾਂਘ ਦਾ ਨਾਂ ਹੈ ਜੋ ਸਦਾ ਦੋ ਕਦਮ ਅਗੇਰੇ ਹੁੰਦੀ ਹੈ।
ਰਾਤੀਂ ਜਸ਼ਨ ਦੌਰਾਨ ਵੀ ਬਾਬੇ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਸਨ। ਨਿੱਕੇ ਨਿੱਕੇ ਸੰਕੇਤਾਂ ਵਿਚ। ਜਿਵੇਂ ਉਂਗਲੀ ਦੇ ਇਕੋ ਇਸ਼ਾਰੇ ਨਾਲ ਚਰਾਂਦ ਦੇ ਵਲਦਾਰ ਰਸਤੇ ਦਾ ਭੇਤ ਦਸ ਦਈਦਾ ਹੈ। ਗੇਬੇ ਦੇ ਸਾਥੀ ਸੁਣਦੇ ਰਹੇ ਸਨ, ਹੱਸਦੇ ਰਹੇ ਸਨ। ਸ਼ਾਇਦ ਬਹੁਤੀਆਂ ਗੱਲਾਂ ਦੀ ਉਹਨਾਂ ਨੂੰ ਸਮਝ ਨਹੀਂ ਸੀ ਆਈ। ਭਾਵੇਂ ਉਹ ਗੇਰੇ ਜਿੰਨਾ ਹੀ ਪੜ੍ਹੇ ਹੋਏ ਸਨ। ਰੋਜ਼ ਕਿਤਾਬਾਂ ਪੜ੍ਹਦੇ ਸਨ। ਕਿਤਾਬਾਂ ਜੀਵਨ ਬਾਰੇ ਤਾਂ ਬੜਾ ਕੁੱਝ ਦੱਸਦੀਆਂ ਹਨ ਪਰ ਆਪ ਜੀਵਨ ਨਹੀਂ ਹੁੰਦੀਆਂ। ਜਿਵੇਂ ਚਰਾਂਦ ਦਾ ਭੇਤ ਉਸ ਵਿਚ ਰਹਿ ਕੇ ਹੀ ਪਤਾ ਲੱਗ ਸਕਦਾ ਹੈ। ਸਮੁਚੀ ਗਾਹ ਕੇ। ਉਹਦੇ ਸਾਥੀ ਆਉਣਗੇ ਤਾਂ ਇਹ ਗੱਲ ਉਹ ਉਹਨਾਂ ਨੂੰ ਦੱਸੇਗਾ। ਬਿਖੜੇ ਰਾਹ 'ਤੇ ਉਹਨਾਂ ਨਾਲ ਤੁਰੇਗਾ। ਕਿਉਂਕਿ ਉਹ ਕਾਮਾ ਹੈ, ਕੋਈ ਰਾਜਕੁਮਾਰ ਨਹੀਂ ਜੀਹਦੇ ਸਾਹਮਣੇ ਭਵਿੱਖ ਕਾਲੀਨ ਵਾਂਗ ਵਿੱਛਿਆ ਪਿਆ ਹੋਵੇ।
ਉਹਦੀ ਸੋਚ ਨੇ ਪਾਸਾ ਪਰਤਿਆ।
ਸੂਰਜ ਦੀਆਂ ਕਿਰਨਾਂ ਨੇ ਛੱਪਰ ਵਿਚੋਂ ਦੀ ਕੁੱਲੀ ਅੰਦਰ ਝਾਕਣਾ ਸ਼ੁਰੂ ਕਰ ਦਿੱਤਾ ਸੀ। ਖੂੰਜੇ ਵਿਚ ਪਈ ਸੰਮਾਂ ਵਾਲੀ ਡਾਂਗ ਨੂੰ ਜਿਵੇਂ ਸਵੇਰ ਦੀ ਸੂਹੀ ਧੁੰਪ ਛੇੜ ਕੇ ਜਗਾ ਰਹੀ ਸੀ। ਕਿੰਨੇ ਹੀ ਰੰਗ ਉਸ ਦੁਆਲੇ ਖੇਡ ਰਹੇ ਸਨ। ਉਹਨੇ ਕੁੱਲ਼ੀ ਅੰਦਰ ਪਏ ਨੇ ਹੀ ਅੰਗੜਾਈ ਲਈ ਤੇ ਲੜਾਈ ਬਾਰੇ ਸੋਚਣ ਲੱਗਾ। ਲੜਾਈ ਜੋ ਉਹਦੇ ਵਡਾਰੂ ਲੜਦੇ ਰਹੇ ਸਨ। ਫੇਰ ਉਹਦਾ ਬਾਬਾ, ਬਾਪ ਤੇ ਹੁਣ ਉਹ ਆਪ। ਉਹ ਲੜ ਰਿਹਾ ਹੈ ਤੇ ਲੜਦਾ ਰਹੇਗਾ। ਸਾਰੇ ਮੁਹਾਜ਼ਾਂ 'ਤੇ ਲੱੜਦਾ ਰਹੇਗਾ। ਪਰ ਇਹ ਲੜਾਈ ਕਦੋਂ ਤੱਕ ਲੜਨੀ ਪਵੇਗੀ। ਕਦੋਂ ਤੱਕ...?
ਏਥੇ ਆ ਕੇ ਉਹ ਥੋੜ੍ਹਾ ਰੁਕਿਆ। ਸੋਚਦਾ ਰਿਹਾ। ਕਦੋਂ ਤੱਕ?
ਫੇਰ ਉਹਦੀ ਸੋਚ ਵਿਚੋਂ ਇਕ ਚਿਹਰਾ ਉਭਰਿਆ। ਇਕ ਸ਼ਾਇਰ ਦਾ ਚਿਹਰਾ। ਜੀਹਨੇ ਕਦੇ ਲਿਖਿਆ ਸੀ :
'ਮੇਰੇ ਮੁਲਕ ਮੇ, ਤੀਨ ਆਦਮੀ ਹੈਂ,
ਏਕ ਬੋਤਾ ਹੈ,
ਦੂਸਰਾ ਪਕਾਤਾ ਹੈ,
ਤੀਸਰਾ ਖਾਤਾ ਹੈ।
ਮੈਂ ਪੂਛਤਾ ਹੂੰ,
ਤੀਸਰਾ ਆਦਮੀ ਕੌਨ ਹੈ?
ਮੇਰੇ ਦੇਸ਼ ਕੀ ਸੰਸਦ ਮੌਨ ਹੈ।'
ਲੜਾਈ ਜਾਰੀ ਰਹੇਗੀ। ਉਦੋਂ ਤੱਕ ਜਦ ਤਾਈਂ ਇਹ ਤੀਸਰਾ ਆਦਮੀ ਜਿਉਂਦਾ ਹੈ ਜਾਂ ਜਦ ਤੱਕ ਇਸਨੂੰ ਬੀਜਣ ਤੇ ਪਕਾਉਣ ਨਹੀਂ ਲਾਇਆ ਜਾਂਦਾ। ਪਰ ਤੀਸਰਾ ਆਦਮੀ ਹੀ ਕਿਉਂ? ਸਗੋਂ ਤੀਜਾ ਮੁਲਕ ਤੇ ਤੀਜਾ ਮਹਾਂਦੀਪ ਵੀ। ਉਹਨੇ ਸ਼ਾਇਰ ਦੀਆਂ ਤੁਕਾਂ ਦਾ ਅਰਥ ਹੋਰ ਵੀ ਵਿਸ਼ਾਲ ਕਰਕੇ ਸੋਚਿਆ। ਹਾਂ, ਲੜਾਈ ਜਾਰੀ ਹੈ ਤੇ ਜਾਰੀ ਰਹੇਗੀ।
ਉਹਦੀਆਂ ਨਜ਼ਰਾਂ ਵਿਚ ਸ਼ਾਇਰ ਹੋਰ ਵੀ ਉਚਾ ਹੋ ਗਿਆ ਸੀ।
ਛੱਪਰ ਵਿਚੋਂ ਝਰ ਰਹੀ ਧੁੱਪ ਦੀ ਇਕ ਕਾਤਰ ਉਹਦੇ ਮੂੰਹ ਉਤੇ ਆਣ ਵੱਜੀ। ਉਹਦਾ ਚਿਹਰਾ ਦਗ਼ਦੇ ਅੰਗਿਆਰ ਵਾਗ ਭੱਖ ਉਠਿਆ। ਜਿਵੇਂ ਅੰਗਿਆਰ ਦਾ ਫੁੱਲ ਖਿੜ ਪਿਆ ਹੋਵੇ।
ਦਿਨ ਪੂਰੇ ਨਿਖ਼ਾਰ ਵਿਚ ਚੜ੍ਹਿਆ ਸੀ। ਚਿੜੀਆਂ ਚਹਿਕ ਰਹੀਆਂ ਸਨ। ਰੁਮਕਦੀ ਹਵਾ ਵਿਚੋਂ ਦੂਰ ਕਿਤੋਂ ਆਜੜੀਆਂ ਦੇ ਗੀਤਾਂ ਅਤੇ ਨਗੋਜ਼ਿਆਂ ਦੀ ਰਲਵੀਂ-ਮਿਲਵੀਂ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਅੰਦਰ ਪਿਆ ਲੰਬੇ ਲੰਬੇ ਗੀਤਾਂ ਦੀਆਂ ਹੇਕਾਂ ਸੁਣਦਾ ਰਿਹਾ। ਨਗੋਜ਼ਿਆਂ ਦੀਆਂ ਧੁਨਾਂ ਮਾਣਦਾ ਰਿਹਾ। ਆਜੜੀਆਂ ਦੇ ਗੀਤਾਂ ਨੇ ਜਿਵੇਂ ਉਹਦੇ ਉਤੇ ਕੋਈ ਜਾਦੂ ਧੂੜ ਦਿੱਤਾ ਹੋਵੇ। ਗੌਣ ਵਾਲੇ ਲੋਕ ਉਹਦੇ ਚਾਚੇ, ਤਾਏ ਸਨ। ਕਬੀਲੇ ਦੇ ਹੋਰ ਗੱਭਰੂ, ਮੁਟਿਆਰਾਂ ਸਨ। ਜੋ ਪਹੁ ਫੁੱਟਣ ਤੋਂ ਪਹਿਲਾਂ ਆਪਣੇ ਇੱਜੜ ਚਰਾਂਦਾਂ ਵੱਲ ਲੈ ਗਏ ਸਨ। ਉਹ, ਉਹਦਾ ਬਾਬਾ ਤੇ ਕੁਝ ਹੋਰ ਬੁੱਢੇ-ਬੁੱਢੀਆਂ ਕੁੱਲੀਆਂ ਵਿਚ ਰਹਿ ਗਏ ਸਨ। ਪਰ ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ 'ਤੇ ਬੈਠਾ ਸੀ?
ਸੂਰਜ ਚੜ੍ਹਦੇ ਨਾਲ, ਵਿਹੜੇ ਵਿਚ ਅਲਾਣੀ ਮੰਜੀ ਡਾਹ ਕੇ ਬੈਠਾ ਉਹ ਆਪਣੀ ਹੁੱਕੀ ਪੀਣ ਲੱਗਾ ਸੀ। ਪੈਰਾਂ ਭਾਰ ਨਿੱਠ ਕੇ ਬੈਠਾ ਉਹ ਆਪਣੇ ਗੋਡਿਆਂ ਉਤੇ ਹੁਕੀ ਧਰੀ ਭਰਵੇਂ ਕਸ਼ ਖਿੱਚ ਰਿਹਾ ਸੀ। ਜਿਵੇਂ ਕੋਈ ਮੁੰਿਹਮ ਸਰ ਕਰੀ ਬੈਠਾ ਹੋਵੇ ਜਾਂ ਫੇਰ ਕਿਸੇ ਅਗਲੇ ਮੋਰਚੇ ਲਈ ਤਿਆਰ ਹੋ ਰਿਹਾ ਹੋਵੇ। ਇਕ ਚੇਤੰਨ ਤੇ ਨਿੱਡਰ ਮਨੁੱਖ ਵਾਂਗ। ਜੀਹਨੂੰ ਲੜਾਈ ਵਿਚ ਕੇਵਲ ਕੁੱਦਣਾ ਹੀ ਨਹੀਂ ਸਗੋਂ ਉਹ ਸਾਰੇ ਦਾਓ ਪੇਚ ਵੀ ਆਉਂਦੇ ਹੋਣ ਜਿਨ੍ਹਾਂ ਸਦਕਾ ਦੁਸ਼ਮਣ 'ਤੇ ਫ਼ਤਹਿ ਪਾਈਦੀ ਹੈ ਤੇ ਫੇਰ ਜਿੱਤ ਦੇ ਬਿਗਲਾਂ ਦੀ ਆਵਾਜ਼ ਵਿਚ ਮਨਾਏ ਜਾ ਰਹੇ ਜਸ਼ਨ ਦੌਰਾਨ ਵੀ ਅਗਲੇ ਮੋਰਚੇ ਦੀ ਸੂਹ ਰੱਖੀਦੀ ਹੈ। ਅਜਿਹਾ ਮਨੁੱਖ ਜੀਹਦਾ ਸਰੀਰ ਤਾਂ ਭਾਵੇਂ ਸੌ ਜਾਵੇ ਪਰ ਮਨ ਸਦਾ ਜਾਗਦਾ ਰਹਿੰਦਾ ਹੈ। ਇਕ ਬਿੰਦ ਦਾ ਅਵੇਸਲਾਪਣ ਦਿਸਦੀ ਜਿੱਤ ਨੂੰ ਹਾਰ ਵਿਚ ਬਦਲ ਸਕਦਾ ਹੈ ਤੇ ਇਹ ਸੂਰਮਿਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦਾ।
ਚਿੜੀਆਂ ਦੀ ਚਹਿਕ, ਰੁਮਕਦੀ ਹਵਾ, ਆਜੜੀਆਂ ਦੇ ਗੀਤਾਂ ਅਤੇ ਨਗੋਜ਼ਿਆਂ ਦੀਆਂ ਧੁਨਾਂ ਦੇ ਜਾਦੂ ਵਿਚੋਂ ਉਹਨੇ ਫੇਰ ਬਾਹਰ ਬੈਠੇ ਆਪਣੇ ਬਾਬੇ ਵੱਲ ਦੇਖਿਆ। ਉਹਦੀ ਭੂਰੀ ਦਾਹੜੀ ਦੁਆਲੇ ਸੂਰਜ ਦੀਆਂ ਕਿਰਨਾਂ ਅਤੇ ਹੁੱਕੀ ਦਾ ਧੂੰਆਂ ਜਿਵੇਂ ਲੁਕਣ ਮੀਟੀ ਖੇਡ ਰਹੇ ਹੋਣ। ਉਹਦੇ ਚਿਹਰੇ ਦੁਆਲੇ ਇਕ ਪਰਵਾਹ ਜਿਹਾ ਪਸਰਿਆ ਹੋਇਆ ਸੀ। ਜਿਵੇਂ ਕਲੰਡਰਾਂ ਉਤੇ ਛਪੀਆਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਵਿਚ ਹੁੰਦਾ ਹੈ। ਉਹਨੂੰ ਲੱਗਿਆ ਜਿਵੇਂ ਬਾਬਾ ਸੱਚਮੁੱਚ ਮਹਾਂਪੁਰਸ਼ ਹੋਵੇ। ਇਕ ਸੂਰਮਾ। ਆਜੜੀਆਂ ਦਾ ਦੇਵਤਾ। ਪਰ ਦੂਜੇ ਹੀ ਪਲ ਉਹ ਠਠੰਬਰਿਆ, ਉਸ ਸੋਚਿਆ ਤੇ ਇਹ ਖਿਆਲ ਝਟਕ ਦਿਤਾ। ਇਸ ਮੁਲਕ ਵਿਚ ਪਹਿਲਾਂ ਵੀ ਬੜੇ ਸੂਰਮੇਂ ਪੈਦਾ ਹੋਏ ਸਨ। ਕਿੰਨੇ ਹੀ ਮਹਾਂਪੁਰਸ਼। ਪਰ ਲੋਕਾਂ ਨੇ ਉਹਨਾਂ ਨੂੰ ਆਪੋ ਆਪਣੇ ਵਰਗਾਂ ਵਿਚ ਵੰਡ ਲਿਆ ਤੇ ਫੇਰ ਅੰਨ੍ਹੇ ਵਿਸ਼ਵਾਸ ਵਿਚ ਉਹਨਾਂ ਨੂੰ ਰੱਬ ਬਣਾ ਕੇ ਮਾਰ ਦਿੱਤਾ। ਉਹਨਾਂ ਦੀਆਂ ਜਿੰਦਗੀਆਂ ਵਿਚੋਂ ਮਨੁੱਖੀ ਅਮਲ ਖਾਰਜ ਕਰ ਦਿੱਤੇ ਗਏ। ਅਵਤਾਰ ਧਾਰਨ ਦੀ ਕਥਾ ਪਾ ਕੇ ਉਹ ਮਾਂ ਦੀਆਂ ਜਨਮ ਪੀੜਾਂ ਨੂੰ ਭੁੱਲ ਗਏ। ਉਹਦੀ ਕੁੱਖ ਦੇ ਦਰਦ ਨੂੰ ਵਿਸਾਰ ਦਿੱਤਾ। ਆਪਣੇ ਬਾਬੇ ਨੂੰ ਇਸ ਤਰ੍ਹਾਂ ਦਾ ਉਹ ਨਹੀਂ ਸੀ ਦੇਖਣਾ ਚਾਹੁੰਦਾ। ਕਿੰਨਾ ਚੰਗਾ ਹੋਵੇ ਜੇ ਉਹ ਇਨਸਾਨ ਹੀ ਰਹੇ। ਹੱਡ ਚੰਮ ਦਾ ਬੰਦਾ। ਆਪਣੇ ਲੋਕਾਂ ਵਿਚ ਵਿਚਰਨ ਵਾਲਾ। ਆਪਣੇ ਲੋਕਾਂ ਵਰਗਾ। ਇਕ ਮਨੁੱਖ ਜੀਹਤੋਂ ਕਦੇ ਗ਼ਲਤੀ ਵੀ ਹੋ ਸਕਦੀ ਹੈ।
ਉਹ ਆਜੜੀ ਨੇ। ਉਹਨਾਂ ਦੇ ਵਡਾਰੂ ਪਤਾ ਨਹੀਂ ਕਿਹੜੇ ਮੁਲਕ ਵਿਚ ਪੈਦਾ ਹੋਏ ਸਨ। ਪਤਾ ਨਹੀਂ ਉਹ ਕਿਹੜੇ ਕਿਹੜੇ ਦੇਸ਼ ਵਿਚ ਘੁੰਮੇ ਸਨ। ਅੱਜ ਏਥੇ, ਕੱਲ ਉਥੇ। ਪਤਾ ਨਹੀਂ, ਕਿਉਂ ਉਹ ਧਰਤੀ ਦੇ ਇਕ ਟੁਕੜੇ ਨੂੰ ਆਪਣਾ ਬਣਾ ਕੇ ਨਹੀਂ ਬੈਠਦੇ? ਉਹਨਾਂ ਦੇ ਪੈਰਾਂ 'ਚ ਚੱਕਰ ਕਿਉਂ ਹੈ? ਉਹਨਾਂ ਦੇ ਨਕਸ਼ਾਂ ਵਿਚ ਕਿਸੇ ਇਕ ਕੰਮ ਦੇ ਨਿਸ਼ਾਨ ਕਿਉਂ ਨਹੀਂ? ਖਾਨਾ ਬਦੋਸ਼ਾਂ ਦਾ ਕਿਹੜਾ ਮੁਲਕ ਹੈ? ਨਕਸ਼ੇ ਦੀਆਂ ਕੁੱਝ ਗਿਣੀਆਂ ਮਿੱਥੀਆਂ ਲਕੀਰਾਂ ਵਿਚ ਘਿਰੀ ਹੋਈ ਧਰਤੀ ਨੂੰ ਇਕ ਮੁਲਕ ਕਿਉਂ ਆਖਿਆ ਜਾਂਦਾ ਹੈ? ਇਹ ਸਵਾਲ ਉਹਦੇ ਮਨ ਵਿਚੋਂ ਸੇਕ ਵਾਂਗ ਭੱਖ ਕੇ ਉਠਦੇ ਰਹੇ ਤੇ ਉਹਦਾ ਮੱਥਾ ਤਪਦਾ ਰਿਹਾ। ਇਹ ਕਿਹੀ ਤਪਸ਼ ਸੀ ਜੋ ਮੱਥਾ ਪਾੜ ਕੇ ਬਾਹਰ ਨਹੀਂ ਸੀ ਨਿਕਲ ਰਹੀ? ਉਹਨੇ ਉਦਾਸ ਹੋ ਕੇ, ਬਾਹਰ ਬੈਠੇ ਆਪਣੇ ਬਾਬੇ ਵੱਲ ਫੇਰ ਦੇਖਿਆ ਤੇ ਉਹਨੂੰ ਲੱਗਿਆ ਜਿਵੇਂ ਉਹ ਕੁੱਲ ਦੁਨੀਆਂ ਦਾ ਬੰਦਾ ਹੋਵੇ। ਸਾਰਾ ਸੰਸਾਰ ਉਹਨਾਂ ਦਾ ਆਪਣਾ ਹੋਵੇ।
ਫੇਰ ਇਕ ਅਜਿਹਾ ਸਮਾਂ ਆਇਆ ਕਿ ਉਹ ਇਸ ਸ਼ਹਿਰ ਦੀ ਗੁੱਠ ਵਿਚ ਕੁੱਲੀਆਂ ਪਾ ਕੇ ਰਹਿਣ ਲੱਗੇ। ਗੇਬੇ ਨੂੰ ਪੜ੍ਹਨ ਪਾ ਦਿੱਤਾ ਗਿਆ। ਹੁਣ ਸਾਰੇ ਕਬੀਲੇ ਵਿਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਣ ਕਰਕੇ ਲੋਕ ਉਹਦੀ ਇੱਜ਼ਤ ਕਰਦੇ ਸਨ। ਉਸ ਤੋਂ ਗੁੰਝਲਦਾਰ ਮਸਲਿਆਂ ਦਾ ਹੱਲ ਪੁੱਛਦੇ ਰਹਿੰਦੇ ਸਨ। ਆਪਣਾ ਦੁੱਖ ਦਰਦ, ਉਹਦੇ ਨਾਲ ਸਾਂਝਾ ਕਰਦੇ ਸਨ। ਉਹਨੇ ਆਪਣੇ ਬਾਬੇ ਦੀ ਇੱਜ਼ਤ ਨੂੰ ਕਬੀਲੇ ਵਿਚ ਹੋਰ ਵਧਾਇਆ ਸੀ। ਹੋਰ ਪੱਕੀ ਕੀਤਾ ਸੀ। ਇਸ ਸ਼ਹਿਰ ਵਿਚ ਉਹ ਪ੍ਰਵਾਨ ਚੜ੍ਹਿਆ ਸੀ। ਉਹਨੇ ਪੜ੍ਹਾਈ ਕੀਤੀ ਸੀ। ਉਹਦੇ ਸਾਥੀ ਬਣੇ ਸਨ। ਜਿਨ੍ਹਾਂ ਨਾਲ ਉਹ ਸੰਘਰਸ਼ ਦੇ ਰਾਹ 'ਤੇ ਤੁਰਿਆ ਸੀ। ਉਹਨਾਂ ਨਾਲ ਉਹ ਭਖਦੇ ਮਸਲਿਆਂ 'ਤੇ ਬਹਿਸ ਕਰਦਾ ਸੀ। ਉਹ ਇਕ ਆਜੜੀ ਦਾ ਪੁੱਤ ਸੀ। ਜੀਹਦੇ ਜਨਮ ਨਾਲ ਨਵੇਂ ਸੰਘਰਸ਼ ਦਾ ਰਾਹ ਖੁੱਲ੍ਹ ਜਾਂਦਾ ਹੈ। ਸੰਘਰਸ਼ ਤਾਂ ਆਜੜੀਆਂ ਦੇ ਲਹੂ ਵਿਚ ਰਚਿਆ ਹੋਇਆ ਹੁੰਦਾ ਹੈ।
ਉਹਨੂੰ ਯਾਦ ਆਇਆ ਜਦੋਂ ਉਹਨੂੰ ਸੰਸਦ ਭਵਨ ਵਿਚ ਨੌਕਰੀ ਮਿਲੀ ਸੀ। ਸੰਘਰਸ਼ ਨੇ ਉਥੇ ਵੀ ਉਹਦਾ ਸਾਥ ਦਿੱਤਾ ਸੀ। ਆਪਣੀਆਂ ਮੰਗਾਂ ਮਨਵਾਉਣ ਲਈ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ ਸੀ। ਆਪਣੇ ਬਾਬੇ ਵਾਂਗ ਉਹ ਟਿਕਣ ਵਾਲਾ ਨਹੀਂ ਸੀ। ਸੋ ਹੜਤਾਲ ਵਿਚ ਕੁੱਦ ਪਿਆ ਸੀ। ਭਾਵੇਂ ਉਹਨਾਂ ਦੇ ਲੀਡਰ ਨੇ ਸਮਝਾਇਆ ਸੀ ਤੇ ਕਿਹਾ ਸੀ ''ਥੋਡੀ ਨੌਕਰੀ ਅਜੇ ਕੱਚੀ ਹੈ। ਤੁਸੀਂ ਭਾਵੇਂ ਹੜਤਾਲ ਨਾ ਕਰਿਓ।'' ਤਾਂ ਗੇਬੇ ਨੇ ਉਠ ਕੇ ਕਿਹਾ ਸੀ, ''ਪਰ ਬੰਦੇ ਅਸੀਂ ਪੱਕੇ ਹਾਂ।'' ਲੀਡਰ ਨੂੰ ਅਗਲੀ ਗੱਲ ਨਹੀਂ ਸੀ ਅਹੁੜੀ। ਗੇਬੇ ਤੇ ਉਹਦੇ ਸਾਥੀਆਂ ਨੇ ਹੜਤਾਲ ਵਿਚ ਡੱਟ ਕੇ ਹਿੱਸਾ ਲਿਆ ਸੀ। ਉਹਨਾਂ ਨੂੰ ਨੌਕਰੀ ਵਿਚੋਂ ਕੱਢ ਦਿੱਤਾ ਗਿਆ ਸੀ। ਇਕ ਮੱਧਰੇ ਕੱਦ ਦਾ ਗੰਜਾ ਅਫਸਰ ਆਇਆ ਸੀ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਖੜ੍ਹੀ ਕਰਕੇ ਉਹਨੈ ਆਪਣੀਆਂ ਡਰਾਕਲ ਜਿਹੀਆਂ ਅੱਖਾਂ ਘੁਮਾ ਕੇ ਕਿਹਾ ਸੀ- 'ਅੱਜ ਤੋਂ ਥੋਡੀ ਛੁੱਟੀ।' ਇਹ ਸੁਣ ਕੇ ਗੇਬੇ ਦੀਆਂ ਅੱਖਾਂ 'ਚ ਰੋਹ ਭਰਿਆ ਲਹੂ ਉਤਰ ਆਇਆ ਸੀ ਪਰ ਉਹਦਾ ਜਬਤ ਡਾਢਾ ਸੀ। ਉਹਨੂੰ ਪਤਾ ਸੀ ਕਿ ਵਕਤੀ ਗੁੱਸੇ ਨੂੰ ਭੱਠੀਆਂ ਤਪਾਉਣ ਲਈ ਕਿਵੇਂ ਸਾਂਭ ਕੇ ਰੱਖੀਦਾ ਹੈ। ਉਹ ਘਰਾਂ ਨੂੰ ਮੁੜ ਆਏ ਸਨ।
ਰਾਤੀਂ ਬਾਬੇ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ। ਏਸੇ ਕਰਕੇ ਗੇਬੇ ਨੂੰ ਕੁੱਲੀ ਵਿਚੋਂ ਅੱਜ ਕਿਸੇ ਨੇ ਨਹੀਂ ਸੀ ਉਠਾਇਆ।
ਬਾਹਰ ਵਿਹੜੇ ਵਿਚ ਬੈਠਾ ਉਹਦਾ ਬਾਬਾ ਅਜੇ ਵੀ ਹੁੱਕੀ ਪੀ ਰਿਹਾ ਸੀ। ਰਾਤ ਦੇ ਜਸ਼ਨ ਦੀ ਗਰਮੀ ਉਹਦੇ ਪੰਘਰਦੇ ਲਹੂ ਵਿਚ ਜਿਵੇਂ ਮਚਲ ਰਹੀ ਹੋਵੇ। ਅਮਲ ਤੋਂ ਪਹਿਲਾਂ ਇਵੇਂ ਹੀ ਤਾਂ ਹੋਇਆ ਕਰਦਾ ਹੈ। ਜਿਵੇਂ ਭੂਚਾਲ ਆਉਣ ਤੋਂ ਪਹਿਲਾਂ ਲਾਵਾ ਧਰਤੀ ਹੇਠਾਂ ਮਚਲਦਾ ਹੁੰਦਾ ਹੈ। ਸੋ ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ 'ਤੇ ਬੈਠਾ ਸੀ।
ਉਂਜ ਸੰਸਦ ਭਵਨ ਦੀ ਨੌਕਰੀ ਉਹਨੂੰ ਬਹੁਤ ਜਚੀ ਨਹੀਂ ਸੀ। ਉਥੇ ਰੌਲਾ ਕੁਝ ਜ਼ਿਆਦਾ ਹੀ ਉਚਾ ਹੋ ਜਾਂਦਾ ਸੀ। ਏਨਾ ਉਚਾ ਕਿ ਆਮ ਆਦਮੀ ਦੀ ਆਵਾਜ਼ ਉਹਦੇ ਵਿਚ ਡੁੱਬ ਕੇ ਰਹਿ ਜਾਂਦੀ ਸੀ। ਉਥੇ ਜਾ ਕੇ ਮਨੁੱਖਾਂ ਦੀ ਬੋਲੀ ਵਿਚ ਫ਼ਰਕ ਕਿਉਂ ਪੈ ਜਾਂਦਾ ਹੈ?
ਉਹ ਕਦੇ ਕਦੇ ਸੋਚਣ ਲੱਗ ਪੈਂਦਾ।
ਇਕ ਦਿਨ ਆਪਣੇ ਬਾਬੇ ਨੂੰ ਵੀ ਉਹ ਸੰਸਦ ਭਵਨ ਲੈ ਗਿਆ। ਓਦਣ ਕੋਈ ਬੜਾ ਭਾਰੀ ਜਸ਼ਨ ਸੀ ਸ਼ਾਇਦ। ਉਹਦਾ ਬਾਬਾ ਗੈਲਰੀ ਵਿਚ ਬੈਠਾ ਕੁਝ ਚਿਰ ਸੁਣਦਾ ਰਿਹਾ। ਫੇਰ ਉਹਨੂੰ ਜਿਵੇਂ ਅੱਚਵੀਂ ਜਿਹੀ ਲੱਗ ਗਈ ਤੇ ਉਹ ਉਠ ਕੇ ਬਾਹਰ ਤੁਰ ਆਇਆ। ਅਖੇ 'ਏਥੋਂ ਤਾਂ ਮੈਨੂੰ ਬਘਿਆੜਾਂ ਦੀ ਮੁਸ਼ਕ ਆਉਂਦੀ ਐ।' ਇਹ ਸੁਣ ਕੇ ਗੇਬਾ ਕਿੰਨਾ ਹੀ ਚਿਰ ਹੱਸਦਾ ਰਿਹਾ। ਹੈਰਾਨ ਵੀ ਹੋਇਆ ਕਿ ਆਜੜੀ ਦਾ ਨੱਕ ਕਿੰਨਾ ਤਿੱਖਾ ਹੁੰਦਾ ਹੈ। ਬਾਬਾ ਆਜੜੀ ਸੀ ਤੇ ਕੋਹਾਂ ਤੋਂ ਬਘਿਆੜਾਂ ਦੀ ਬੂੰ ਸੁੰਘ ਲੈਂਦਾ ਸੀ।
ਰਾਤ ਜਦੋਂ ਉਹ ਆਪਣੇ ਸਾਥੀਆਂ ਨਾਲ ਵਾੜੇ 'ਚ ਵੜਿਆ ਸੀ ਤਾਂ ਜਸ਼ਨ ਜਾਰੀ ਸੀ। ਵਾੜੇ ਦੇ ਗੱਭੇ ਧੂਣੀ ਬਲ ਰਹੀ ਸੀ। ਸਾਰੇ ਮਰਦ ਔਰਤਾਂ, ਧੂਣੀ ਦੁਆਲੇ ਬੈਠੇ ਭੱਠੀ ਦੀ ਸ਼ਰਾਬ ਪੀ ਰਹੇ ਸਨ। ''ਬਘਿਆੜ ਮਾਰਿਆ ਹੋਣੈਂ। ਇਸੇ ਕਰਕੇ....।'' ਉਹਨੇ ਆਪਣੇ ਸਾਥੀਆਂ ਨੂੰ ਦੱਸਿਆ। ਉਹ ਸਮਝ ਗਏ ਸਨ। ਬਘਿਆੜ ਉਹਨਾਂ ਦਾ ਦੁਸ਼ਮਣ ਸੀ। ਰਾਤ ਬਰਾਤੇ ਅਚਾਨਕ ਹਮਲਾ ਕਰਕੇ ਉਹ ਉਹਨਾਂ ਦੀਆਂ ਭੇਡਾਂ, ਬੱਕਰੀਆਂ ਪਾੜ ਜਾਂਦਾ ਸੀ। ਉਹ ਸੂਹ ਰੱਖਦੇ ਸਨ। ਜਦੋਂ ਬਘਿਆੜ ਮਾਰ ਲੈਂਦੇ ਤਾਂ ਕਬੀਲੇ ਵਿਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਰਾਤੀਂ ਜਸ਼ਨ ਮਨਾਇਆ ਜਾਂਦਾ।
ਬਾਬੇ ਨੇ ਚਾਂਘਰ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ। ਉਹਦੇ ਸਾਥੀ ਪਿਛਲੇ ਪੈਰੀ ਮੁੜਨ ਲੱਗੇ ਤਾਂ ਬਾਬੇ ਨੇ ਮੂਹਰ ਦੀ ਹੋ ਕੇ ਉਹਨਾਂ ਨੂੰ ਘੇਰ ਲਿਆ।
''ਤੁਸੀਂ ਕੋਈ ਓਪਰੇ ਓ? ਜਿਹੇ ਗੇਬੇ ਦੇ ਸਾਥੀ, ਤਿਹੇ ਸਾਡੇ।'' ਬਾਬੇ ਨੇ ਮੋਹ 'ਚ ਆ ਕੇ ਉਹਨਾਂ ਨੂੰ ਵਾਰੋ ਵਾਰੀ ਚੁੰਮਿਆ ਸੀ। ਉਹਨਾਂ ਦੀਆਂ ਪਿੱਠਾਂ ਥਾਪੜੀਆਂ ਸਨ। ਮੁੜ ਮੁੜ ਉਹਨਾਂ ਨੂੰ ਜੱਫੀਆਂ ਪਾਉਂਦਾ ਰਿਹਾ। ਰਾਤੀਂ ਬਾਬਾ ਉਹਨੂੰ ਹੋਰ ਵੀ ਚੰਗਾ ਚੰਗਾ ਲੱਗਿਆ। ਪਹਿਲਾਂ ਤਾਂ ਉਹਨੇ ਕਦੇ ਵੀ ਕਬੀਲੇ ਦੇ ਜਸ਼ਨ ਵਿਚ ਬਾਹਰ ਦੇ ਬੰਦਿਆਂ ਨੂੰ ਨਹੀਂ ਸੀ ਆਉਣ ਦਿੱਤਾ। ਰਾਤ ਉਹ ਪੂਰੇ ਲੋਰ ਵਿਚ ਸੀ। ਦੌਰ ਫੇਰ ਸ਼ੁਰੂ ਹੋ ਗਿਆ ਸੀ।
ਰਾਤ, ਸਾਰੀ ਰਾਤ ਵਾੜੇ ਵਿਚ ਢੋਲਕੀ ਵੱਜਦੀ ਰਹੀ। ਮਰਦ ਔਰਤਾਂ ਬਾਹਾਂ 'ਚ ਬਾਹਾਂ ਪਾ ਕੇ ਨੱਚਦੇ ਰਹੇ। ਬੋਲੀਆਂ ਪਾਉਂਦੇ ਰਹੇ। ਹੇਰੀਆਂ ਲਾਉਂਦੇ ਰਹੇ।
ਲੰਬੀਆਂ ਲੰਬੀਆਂ ਹੇਕਾਂ ਕੱਢ ਕੇ ਕਬੀਲੇ ਦੇ ਮਰਦ ਜਦੋਂ ਹੇਰੀ ਲਾਉਂਦੇ ਤਾਂ ਅਸਮਾਨ ਜਿਵੇਂ ਗੂੰਜ ਉਠਦਾ।
ਗੇਬੇ ਦਾ ਇਕ ਸਾਥੀ ਸ਼ਰਾਬ ਦੇ ਨਸ਼ੇ ਵਿਚ ਕੁਝ ਜਜ਼ਬਾਤੀ ਹੋ ਗਿਆ ਸੀ ਤੇ ਬਾਬੇ ਦੇ ਕੰਨ ਵਿਚ ਸਾਰੀ ਗੱਲ ਦੱਸ ਦਿੱਤੀ। ਸੁਣ ਕੇਬਾਬੇ ਨੇ ਸੰਸਦ ਭਵਨ ਵੱਲ ਰੋਹ ਭਰੀਆਂ ਅੱਖਾਂ ਨਾਲ ਦੇਖਿਆ। ਆਪਣੇ ਸਿਰ ਨੂੰ ਝਟਕਾ ਦਿੱਤਾ। ਉਹਦੇ ਕੰਨਾਂ ਵਿਚ ਪਈਆਂ ਨੱਤੀਟਾ ਜਿਵੇਂ ਤੜਫ਼ ਉਠੀਆਂ।
ਉਹ ਇਕੋ ਝਟਕੇ ਨਾਲ ਛਾਲ ਮਾਰ ਕੇ ਉਠ ਖੜ੍ਹਾ ਹੋਇਆ। ਉਹਨੇ ਧੂਣੀ ਦੁਆਲੇ ਗੇੜਾ ਕੱਢਿਆ। ਜਿਵੇਂ ਆਪਣੇ ਲੋਕਾਂ ਨੂੰ ਹਾੜ ਰਿਹਾ ਹੋਵੇ। ਫੇਰ ਉਹਨਾਂ ਵੱਲ ਉਂਗਲ ਖੜ੍ਹੀ ਕਰਕੇ ਲਲਕਾਰਾ ਮਾਰਿਆ, 'ਮੰਡਿਓ ਚੇਤੰਨ ਹੋ ਕੇ ਰਿਹੋ। ਆਪਾਂ ਬਘਿਆੜਾਂ ਨੂੰ ਮਾਰ ਕੇ ਹੀ ਦਮ ਲੈਣੈ। ਕਹਿ ਕੇ ਉਹ, ਏਨਾ ਨੱਚਿਆ, ਏਨਾ ਨੱਚਿਆ ਕਿ ਉਹਦੇ ਪੈਰਾਂ ਹੇਠਾਂ ਧਰਤੀ ਕੰਬਣ ਲੱਗ ਪਈ।
ਗੇਬੇ ਦੇ ਸਾਥੀ ਹੱਸਦੇ ਹੱਸਦੇ ਵਾਪਸ ਚਲੇ ਗਏ। ਉਹਨਾਂ ਲਈ ਜਿਵੇਂ ਇਹ ਆਜੜੀਆਂ ਦੀ ਗੱਲ ਸੀ।
ਉਹਨੇ ਉਠ ਕੇ ਅੰਗੜਾਈ ਲਈ। ਖੂੰਜੇ ਵਿਚ ਪਈ ਡਾਂਗ ਨੂੰ ਘੂਰ ਕੇ ਦੇਖਿਆ ਤੇ ਫੇਰ ਸੋਚਣ ਲੱਗਾ।
ਉਹਦੇ ਸਾਥੀ ਆਉਣ ਵਾਲੇ ਸਨ। ਜਦੋਂ ਆਉਣਗੇ ਤਾਂ ਉਹ ਉਹਨਾਂ ਨੂੰ ਦੱਸੇਗਾ ਕਿ ਉਹਦੇ ਬਾਬੇ ਦੀ ਵੰਗਾਰ ਕੇਵਲ ਆਜੜੀਆਂ ਲਈ ਨਹੀਂ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਮੋਹਨ ਭੰਡਾਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ