Moti : Principal Sujan Singh

ਮੋਤੀ (ਲੇਖ) : ਪ੍ਰਿੰਸੀਪਲ ਸੁਜਾਨ ਸਿੰਘ

ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ ਵਿਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਨਹੀਂ ਸੀ ਚੂੰਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ 'ਤੇ ਮੈਨੂੰ ਇਹ ਕੁੱਤਾ ਰੱਖਣ ਦੀ ਆਗਿਆ ਦੇ ਦਿਤੀ ਸੀ।
ਜਦ ਮੈਂ ਛੇ ਸਾਲ ਦਾ ਸਾਂ, ਪਿਤਾ ਜੀ ਆਪਣੀ ਜਵਾਨੀ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ ਤੇ ਉਨ੍ਹਾਂ ਨਾਲ ਕੁੱਤਿਆਂ ਦਾ ਬੜਾ ਸਬੰਧ ਸੀ। ਮੇਰੇ ਪਿਤਾ ਜੀ ਜਵਾਨੀ ਵਿਚ ਚੰਗੇ ਸ਼ਿਕਾਰੀ ਰਹੇ ਸਨ ਤੇ ਬੰਦੂਕਾਂ ਤੇ ਕੁੱਤਿਆਂ ਦੇ ਖਰੀਦਣ ਦਾ ਉਨ੍ਹਾਂ ਨੂੰ ਬੜਾ ਸ਼ੌਕ ਸੀ। 'ਬਾਜ਼’ ਤੇ 'ਪਿਲਕ’ ਦੀਆਂ ਸ਼ਿਕਾਰੀ ਬਹਾਦਰੀਆਂ ਸੁਣਾ ਸੁਣਾ ਕੇ ਉਹ ਬਹੁਤ ਖੁਸ਼ ਹੁੰਦੇ ਸਨ। ਇਹ ਸ਼ਿਕਾਰੀ ਕੁੱਤਾ ਤੇ ਕੁੱਤੀ ਉਨ੍ਹਾਂ ਨੂੰ ਸੁਪੈਜ਼ੰਡ ਦੇ ਇਕ ਪਠਾਣ ਨੇ ਮਿੱਤਰਤਾ ਦੀ ਨਿਸ਼ਾਨੀ ਵਜੋਂ ਦਿਤੇ ਸਨ। ਪਿਤਾ ਜੀ ਕਹਿੰਦੇ ਹੁੰਦੇ ਸਨ ਕਿ ਉਸ ਮੁਸਲਮਾਨ ਪਠਾਣ ਨਾਲ ਅਸੀਂ ਪੱਗ ਵਟਾਈ ਹੋਈ ਹੈ। ਉਹ ਕਈ ਵਾਰੀ ਪਿਤਾ ਜੀ ਨੂੰ ਬਲੋਚਿਸਤਾਨੋਂ ਚੱਲ ਕੇ ਕਲਕੱਤੇ ਮਿਲਣ ਆਉਂਦਾ ਹੁੰਦਾ ਸੀ ਅਤੇ ਕਈ ਵਾਰੀ ਪਿਤਾ ਜੀ ਉਸ ਨੂੰ ਮਿਲਣ ਸੁਪੈਜ਼ੰਡ ਜਾਂਦੇ ਹੁੰਦੇ ਸਨ। ਉਨ੍ਹਾਂ ਜ਼ਮਾਨਿਆਂ ਵਿਚ ਮਜ਼ਹਬ ਪਿਆਰ ਸਮਝਿਆ ਜਾਂਦਾ ਸੀ। ਮੁਸਲਿਮ ਲੀਗਾਂ, ਸਿੱਖ ਲੀਗਾਂ ਤੇ ਹਿੰਦੂ ਸਭਾਵਾਂ ਦਾ ਜਨਮ ਹਾਲੀ ਨਹੀਂ ਸੀ ਹੋਇਆ।
ਪਿਤਾ ਜੀ ਕਹਿੰਦੇ ਹੁੰਦੇ ਸਨ ਕਿ 'ਪਿਲਕ’ ਨੇ ਇਕ ਵਾਰੀ ਚਿਤਰੇ ਨੂੰ ਕੰਨੋਂ ਫੜ ਲਿਆ ਤੇ ਉਨਾ ਚਿਰ ਨਾ ਛੱਡਿਆ ਜਿੰਨਾ ਚਿਰ ਉਨ੍ਹਾਂ ਉਸ ਨੂੰ ਗੋਲੀ ਦਾ ਨਿਸ਼ਾਨਾ ਨਾ ਬਣਾ ਲਿਆ। ਇਨ੍ਹਾਂ ਦੋਹਾਂ ਤੋਂ ਛੁੱਟ ਪਿਤਾ ਜੀ ਇਕ ਹੋਰ ਛੋਟੇ ਜਿਹੇ ਕੁੱਤੇ ਦਾ ਜ਼ਿਕਰ ਕਰਦੇ ਸਨ ਜਿਸ ਦਾ ਨਾਂ ਸੀ ਮੋਤੀ, ਤੇ ਜੋ ਸਹਿਆਂ ਦਾ ਉਨ੍ਹਾਂ ਦੀਆਂ ਰੁੱਡਾਂ ਵਿਚ ਵੜ ਕੇ ਸ਼ਿਕਾਰ ਕਰਦਾ ਹੁੰਦਾ ਸੀ। ਇਹ ਨਿਕਚੂ ਜਿਹਾ ਕੁੱਤਾ, ਕਹਿੰਦੇ ਸਨ ਕਿ ਦੇਖਣ ਨੂੰ ਬੜਾ ਸੋਹਣਾ ਸੀ। ਇਕ ਵਾਰੀ ਇਹ ਸੇਹ ਦੀ ਰੁੱਡ ਵਿਚ ਫਸ ਗਿਆ। ਸਾਰੇ ਸ਼ਿਕਾਰੀ ਟੁਰ ਆਏ। ਪਿਤਾ ਜੀ ਉਥੇ ਰਾਤ ਭਰ ਬੈਠੇ ਰਹੇ। ਦੂਸਰੇ ਦਿਨ ਮੋਤੀ ਸੇਹ ਦੇ ਤਕਲਿਆਂ ਨਾਲ ਜ਼ਖ਼ਮੀ, ਲਹੂ ਨਾਲ ਲਿਬੜੇ ਮੂੰਹ ਨਾਲ ਨਿਕਲਿਆ। ਇਸ ਕੁੱਤੇ ਨਾਲ ਪਿਤਾ ਜੀ ਦਾ ਪੁੱਤਰਾਂ ਵਰਗਾ ਪਿਆਰ ਹੋ ਗਿਆ ਸੀ ਤੇ ਉਸ ਨੂੰ ਉਹ ਮਗਰੋਂ ਸ਼ਿਕਾਰ ਲਈ ਰੁੱਡਾਂ ਵਿਚ ਨਹੀਂ ਸੀ ਵਾੜਦੇ। ਇਕ ਦਿਨ ਉਹ ਸ਼ਹਿਰ ਕਾਰਤੂਸ ਖਰੀਦਣ ਗਏ ਹੋਏ ਸਨ ਕਿ ਚਾਚਾ ਜੀ ਨੇ ਮੋਤੀ ਨੂੰ ਰੁੱਡ ਵਿਚ ਵਾੜ ਦਿੱਤਾ। ਮੋਤੀ ਉਸ ਰੁੱਡ ਵਿਚੋਂ ਮੁੜ ਨਾ ਨਿਕਲਿਆ। ਪਿਤਾ ਜੀ ਆਪਣੇ ਭਰਾ ਨਾਲ ਬੜੇ ਲੜੇ ਤੇ ਕਈ ਰਾਤਾਂ ਰੁੱਡ ਦੇ ਮੂੰਹ ਅੱਗੇ ਜਾ ਕੇ ਉਸ ਦੀ ਉਡੀਕ ਕਰਦੇ ਤੇ ਆਵਜ਼ਾਂ ਦੇ-ਦੇ ਕੇ ਰੋਂਦੇ ਰਹੇ। ਉਦੋਂ ਤੋਂ ਉਨ੍ਹਾਂ ਦਾ ਦਿਲ ਕੁੱਤੇ ਰੱਖਣ ਤੋਂ ਚੜ੍ਹ ਗਿਆ। 'ਪਿਲਕ’ ਦੀ ਮੌਤ ਨੇ ਉਨ੍ਹਾਂ ਨੂੰ ਹੋਰ ਸੱਟ ਮਾਰੀ। ਸਾਰਾ ਦਿਨ ਲੱਭਣ ਤੋਂ ਮਗਰੋਂ ਉਹ ਪਿਤਾ ਜੀ ਦੇ ਪਲੰਘ ਉਤੇ ਰਜਾਈ ਹੇਠਾਂ ਮੋਈ ਹੋਈ ਲੱਭੀ ਗਈ। ਉਹ ਕਹਿੰਦੇ ਹੁੰਦੇ ਸਨ:
ਕਿਸੁ ਨਾਲਿ ਕੀਚੈ ਦੋਸਤੀ
ਸਭੁ ਜਗੁ ਚਲਣਹਾਰੁ॥
ਉਨ੍ਹਾਂ ਦੀਆਂ ਬੀਤੀਆਂ ਕਹਾਣੀਆਂ ਤੋਂ ਮੇਰੇ ਵਿਚ ਕੁੱਤਿਆਂ ਦਾ ਸ਼ੌਕ ਜਾਗਿਆ। ਮੈਂ ਵੀ ਤਾਂ ਆਪਣੇ ਪਿਤਾ ਜਾ ਪੁੱਤਰ ਸਾਂ। ਸਾਰਾ ਸਾਰਾ ਦਿਨ ਡੰਮੀ ਬੰਦੂਕ ਲੈ ਕੇ ਫਰਜ਼ੀ ਸ਼ਿਕਾਰ ਕਰਦਾ ਫਿਰਦਾ ਸਾਂ ਤੇ ਫਰਜ਼ੀ ਮੋਤੀ ਨੂੰ ਸੀਟੀਆਂ ਮਾਰਦਾ ਸਾਂ।
ਇਕ ਦਿਨ ਪਿਤਾ ਜੀ ਆਪਣੇ ਕਿਸੇ ਬੰਗਾਲੀ ਮਿੱਤਰ ਨੂੰ ਮਿਲਣ ਗਏ। ਮੈਂ ਵੀ ਨਾਲ ਸਾਂ। ਕਾਊਚ ਦੇ ਹੇਠੋਂ ਕੋਈ ਕੂਲੀ ਕੂਲੀ ਚੀਜ਼ ਮੈਨੂੰ ਛੋਹੀ। ਮੈਂ ਥੱਲੇ ਦੇਖਿਆ ਤੇ ਡਰਿਆ। ਇਹ ਕੁੱਤੇ ਦੀ ਬੂਥੀ ਸੀ। ਪਿਤਾ ਜੀ ਦੇ ਦੋਸਤ ਨੇ ਕਿਹਾ, “ਡਰ ਨਾ ਬੱਚਾ, ਇਹ ਵਢਦਾ ਨਹੀਂ।”
ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ। ਮੈਂ ਉਸ ਨਾਲ ਚੰਪਕ-ਕੁੰਜ ਵਿਚ ਕਿੰਨਾ ਚਿਰ ਖੇਡਦਾ ਵੀ ਰਿਹਾ। ਆਉਣ ਲੱਗਿਆਂ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, “ਕੀ ਗੱਲ ਹੈ ਬੇਟਾ, ਉਦਾਸ ਕਿਉਂ ਹੈਂ? ਮਾਂ ਕੋਲ ਜਾਏਂਗਾ।” ਮੈਂ ਉਸ ਵੱਲ ਬਿਨਾ ਦੇਖਿਆਂ ਤੇ ਬਿਨਾ ਉਤਰ ਦਿਤਿਆਂ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਨਾਲ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਪਿਤਾ ਜੀ ਨੇ ਅੱਖ ਦੀ ਬੇਮਲੂਮ ਜਿਹੀ ਘੂਰੀ ਦਿਤੀ, ਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ, “ਦੋਸਤ, ਕੁੱਤੇ ਪਿਛੇ ਮੈਂ ਆਪਣੇ ਬੇਟੇ ਨੂੰ ਨਾਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ।” ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ, “ਬੇਟਾ, ਤੂੰ ਮੋਤੀ ਲੈਣਾ ਹੈ? ਜਾਹ ਲੈ ਜਾ, ਬੀਬਾ ਪੁੱਤਰ।”
ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤ੍ਰਭਕੇ ਸਨ। ਉਨ੍ਹਾਂ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਮੇਰੀ ਉਦਾਸੀ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ। ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿਚ ਪਾਈ ਤੇ ਮੇਰੇ ਹੱਥ ਫੜਾ ਦਿਤੀ। ਮੋਤੀ ਹੈਰਾਨ ਸੀ। ਸ਼ਾਇਦ ਸੋਚ ਰਿਹਾ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ! ਮੋਤੀ ਮੁੜ ਮੁੜ ਆਪਣੇ ਮਾਲਕ ਵੱਲ ਦੇਖਦਾ ਸੀ, ਪਰ ਉਸ ਦੇ ਕਹਿਣ 'ਤੇ, ਕਿ ਜਾ ਮੋਤੀ, ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ, ਉਹ ਮੇਰੇ ਨਾਲ ਤੁਰ ਪਿਆ। ਉਸੇ ਵੇਲੇ ਪੱਪੀ, ਮੋਤੀ ਦੀ ਮਾਂ, ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ-ਮੋਟਰ ਫੜੀ ਤੇ ਅਸੀਂ ਆਪਣੇ ਘਰ ਪਹੁੰਚੇ।
ਪਤਾ ਨਹੀ ਕਿਉਂ ਮੋਤੀ ਫਕੀਰਾਂ, ਮੰਗਤਿਆਂ ਤੇ ਸਾਧੂਆਂ ਨੂੰ ਚੋਰ ਸਮਝਦਾ ਸੀ। ਖਬਰੇ ਉਸ ਦੀ ਨਜ਼ਰ ਇਨਸਾਨਾਂ ਕੋਲੋਂ ਤਿੱਖੀ ਸੀ ਜੋ ਉਹ ਕੱਪੜਿਆਂ ਤੇ ਸਰੀਰ ਦੇ ਹੇਠਾਂ ਲੁਕੇ ਇਨਸਾਨ ਨੂੰ ਦੇਖ ਲੈਂਦਾ ਸੀ, ਪਰ ਕਦੇ ਕਦੇ ਕਿਸੇ ਸਾਧੂ ਨੂੰ ਬਿਨਾ ਭੌਂਕਿਆਂ ਲੰਘ ਵੀ ਜਾਣ ਦਿੰਦਾ ਸੀ।
ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲ੍ਹਾ ਹੁੰਦਾ ਸੀ, ਉਹ ਮੇਰੇ ਮਗਰ ਦੱਬੇ ਪੈਰੀਂ ਤੁਰ ਪੈਂਦਾ ਸੀ, ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿਚ ਦਾਖ਼ਲ ਹੋਵਾਂ। ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ, ਤੇ ਉਸ ਨਾਲ ਪਿਆਰ ਕਰਦੇ ਸਨ। ਉਹ ਕਿਸੇ ਦਾ ਮੂੰਹ ਚੱਟ ਲੈਂਦਾ ਸੀ, ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ। ਗੇਂਦ ਨਾਲ ਖੇਡਦੇ ਮੁੰਡਿਆਂ ਦਾ ਗੇਂਦ ਮੂੰਹ ਵਿਚ ਲੈ ਕੇ ਉਠ ਨੱਸਦਾ ਸੀ, ਤੇ ਮੇਰੇ ਹੱਥ ਵਿਚ ਫੜਾ ਕੇ ਸਾਹ ਲੈਂਦਾ ਸੀ। ਇਕ ਦਿਨ ਸਾਡਾ ਬੁੱਢਾ ਮਾਸਟਰ ਕੁੱਤੇ ਨੂੰ ਕਲਾਸ ਵਿਚ ਦੇਖ ਕੇ ਬੜਾ ਗੁੱਸੇ ਵਿਚ ਆਇਆ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜਿਆ। ਮੋਤੀ ਕੋਈ ਉਸ ਦਾ ਵਿਦਿਆਰਥੀ ਥੋੜ੍ਹਾ ਸੀ ਜੋ ਉਸ ਦਾ ਰੁਹਬ ਝੱਲ ਲੈਂਦਾ। ਉਸ ਨੇ ਵਧ ਕੇ ਇਕ ਘੁਰਕੀ ਸੁਣਾਈ ਤੇ ਨਾਲ ਹੀ ਚਿੱਟੇ ਦੁੱਧ ਦੰਦ ਦਿਖਾਏ। ਮਾਸਟਰ ਰੂਲ ਸਮੇਤ ਆਪਣੀ ਕੁਰਸੀ ਉਤੇ ਡਿੱਗ ਪਿਆ ਤੇ ਲੱਤਾਂ ਉਪਰ ਚੁੱਕ ਲਈਆਂ। ਮੋਤੀ 'ਮਾਰੇ ਕੋਲੋਂ ਦੁੜਾਇਆ ਚੰਗਾ’ ਦੇ ਅਖਾਣ ਦਾ ਕਾਇਲ ਸੀ। ਮਾਸਟਰ ਦੀ ਇਹ ਹਾਲਤ ਦੇਖ ਕੇ ਉਹ ਮੇਰੇ ਕੋਲ ਮੁੜ ਆਇਆ ਤੇ ਬੈਂਚ ਦੇ ਹੇਠਾਂ ਵੜ ਕੇ ਬਹਿ ਗਿਆ।
“ਤਾਂ ਇਹ ਕੁੱਤਾ ਤੇਰਾ ਹੈ?” ਜ਼ਿਲ੍ਹਾ ਆਰਾ ਦੇ ਬੁੱਢੇ ਮਾਸਟਰ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ, ਜਿਵੇਂ ਉਹ ਕੁੱਤੇ ਤੋਂ ਡਰਦਾ ਹੀ ਨਹੀਂ।
ਮੈਂ ਡਰਦਿਆਂ ਡਰਦਿਆਂ ਮਾਸਟਰ ਨੂੰ ਕਿਹਾ, “ਇਹ ਕੁੱਤਾ ਮੇਰਾ ਹੀ ਹੈ।” ਉਸ ਉਸੇ ਵੇਲੇ ਆਗਿਆ ਦਿਤੀ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ। ਮੈਨੂੰ ਉਸ ਦਿਨ ਦੋ ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਸਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁੜਦਿਆਂ ਸਾਰ ਸੇਵੀਆਂ ਦਾ ਸੁਆਦ ਚਖਾਉਣਾ ਹੈ- ਇਹ ਮਾਸਟਰ ਚਪੇੜਾਂ ਮਾਰਨ ਨੂੰ 'ਸੇਵੀਆਂ ਦਾ ਸੁਆਦ' ਆਖਦਾ ਹੁੰਦਾ ਸੀ। ਘਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਤਾ ਜੀ ਨੂੰ ਸੁਣਾਈ, ਪਰ ਮਾਤਾ ਜੀ ਕੋਲੋਂ ਮੈਨੂੰ ਮੋਤੀ ਬਹੁਤਾ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ। ਮੈਂ ਉਂਗਲ ਖੜ੍ਹੀ ਕਰ ਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਹੀ ਰਿਹਾ ਸਾਂ ਕਿ “ਹੱਛਾ ਬੱਚੂ, ਮੈਨੂੰ ਮਾਰ ਪੁਆਈ...”, ਉਹ ਮੇਰੇ ਕੋਲ ਆ ਕੇ ਲੰਮਾ ਪੈ ਗਿਆ ਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਖਬਰੇ ਉਹ ਮੈਨੂੰ ਕਹਿ ਰਿਹਾ ਸੀ ਕਿ ਮਿੱਤਰ, ਆਪਣੇ ਵੰਡੇ ਦਾ ਮੈਨੂੰ ਮਾਰ ਲੈ। ਉਸ ਤੋਂ ਮਗਰੋਂ ਉਸ ਨੇ ਸਕੂਲ ਜਾਣ ਦੀ ਇਕੋ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਹੀ ਪਤਾ ਲੱਗਾ, ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਇਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਉਸ ਨੂੰ ਜਮਾਤ ਦੇ ਕਮਰੇ ਵਿਚ ਲਿਜਾਣ ਲਈ ਪੁਚਕਾਰਿਆ, ਪਰ ਉਹ ਕਦ ਐਸੇ ਖੁਸ਼ਕ ਮਾਸਟਰ ਦੇ ਕਮਰੇ ਵਿਚ ਜਾਣਾ ਚਾਹੁੰਦਾ ਸੀ ਜਿਸ ਨੂੰ ਕੁੱਤਿਆਂ ਨਾਲ ਵੀ ਵਰਤਾਉ ਕਰਨਾ ਨਹੀਂ ਸੀ ਆਉਂਦਾ। ਮੈਂ ਗੁੱਸੇ ਵਿਚ ਆ ਕੇ ਕਿਹਾ, “ਨੱਠ ਜਾ ਮੋਤੀ! ਨਹੀਂ 'ਤੇ ਮੈਂ ਮਾਰਾਂਗਾ।” ਮੋਤੀ ਸੱਚੀਂ-ਮੁੱਚੀਂ ਉਠ ਦੌੜਿਆ। ਮੈਨੂੰ ਬੜਾ ਅਫ਼ਸੋਸ ਲੱਗਾ; ਮਤੇ ਮੇਰਾ ਮਿੱਤਰ ਗੁਆਚ ਜਾਵੇ। ਸਕੂਲ ਦੀ ਟੱਲੀ ਵੱਜਣ ਵਾਲੀ ਸੀ, ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿਤਾ। ਮੇਰਾ ਧਿਆਨ ਮੋਤੀ ਵੱਲ ਹੀ ਲੱਗਾ ਰਿਹਾ। ਬੇ-ਖਿਆਲੀ ਵਿਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ। ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿਚ ਮਿਲਿਆ ਤੇ ਮੇਰੇ ਨਾਲ ਕੋਠੇ ‘ਤੇ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।
“ਕੁਝ ਲੱਭਾ ਹੈ?” ਮਾਤਾ ਨੇ ਜਾਂਦਿਆਂ ਹੀ ਪੁੱਛਿਆ।
“ਮੋਤੀ ਗੁਆਚ ਚੱਲਿਆ ਸੀ, ਉਹ ਲੱਭ ਪਿਆ ਹੈ।”
“ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ।” ਮਾਤਾ ਜੀ ਨੇ ਬਾਲ-ਵਿਧਵਾ ਨੌਕਰਾਣੀ ਵੱਲ ਇਸ਼ਾਰਾ ਕਰ ਕੇ ਕਿਹਾ। ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ।
ਪਿਤਾ ਜੀ ਉਸ ਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਪਏ, ਜਦ ਉਸ ਨੇ ਉਨ੍ਹਾਂ ਦੀ ਜਾਨ ਬਚਾਈ। ਪਿਤਾ ਜੀ ਆਪਣੇ ਦਫ਼ਤਰ ਵਿਚੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਅਚਾਨਕ ਮੋਤੀ ਜੋ ਉਸ ਦਿਨ ਉਨ੍ਹਾਂ ਨਾਲ ਗਿਆ ਹੋਇਆ ਸੀ, ਨੇ ਉਨ੍ਹਾਂ ਦੀ ਪਤਲੂਣ ਫੜ ਲਈ। ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ, ਪਰ ਮੋਤੀ ਉਨ੍ਹਾਂ ਨੂੰ ਪਤਲੂਣੋਂ ਫੜ ਕੇ ਖਿੱਚੀ ਜਾਂਦਾ ਸੀ। ਅਚਾਨਕ ਉਨ੍ਹਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ। ਦੋਹਾਂ ਬੂਟਾਂ ਦੇ ਵਿਚਕਾਰ ਇਕ ਕਰੂੰਡੀਆਂ ਗੁੱਛੀ ਹੋਇਆ ਬੈਠਾ ਸੀ।
ਮੋਤੀ ਮੇਰੇ ਨਾਲ ਛੁੱਟੀ ਵਾਲੇ ਦਿਨ ਰਾਜਗੰਜ ਜਾਇਆ ਕਰਦਾ ਸੀ। ਇਕ ਦਿਨ ਪਿਤਾ ਜੀ, ਮੈਂ ਤੇ ਮੋਤੀ ਅਗਨਬੋਟ ਵਿਚ ਬੈਠੇ ਸਾਂ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈਟੀ ਨਾਲੋਂ ਨਿਕਲ ਚੁੱਕਾ ਸੀ। ਮੋਤੀ ਮੈਨੂੰ ਨਾ ਦਿਸਿਆ। ਅਚਾਨਕ ਉਹ ਮੈਨੂੰ ਜੈਟੀ ‘ਤੇ ਦਿਸਿਆ। ਮੈਂ ਚੀਕ ਚਿਹਾੜਾ ਪਾ ਦਿਤਾ। ਪਿਤਾ ਜੀ ਛਾਲ ਮਾਰ ਕੇ ਜੈਟੀ ‘ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿਚ ਦੇ ਲਿਆ। ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ। ਜਹਾਜ਼ ਤੇ ਜੈਟੀ ਵਿਚਕਾਰ ਵੀਹ ਬਾਈ ਫੁਟ ਦਾ ਪਾੜ ਸੀ ਤੇ ਦਰਿਆ ਹੁਗਲੀ ਸ਼ਾਂ-ਸ਼ਾਂ ਕਰਦਾ ਵਗ ਰਿਹਾ ਸੀ। ਪਿਤਾ ਜੀ ਨੇ ਦੋ ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ। ਪੰਜਾਬੀ ਦਾ ਇਹ ਕਾਰਨਾਮਾ ਕਈ ਬੰਗਾਲੀ ਹੈਰਾਨੀ ਨਾਲ ਦੇਖ ਰਹੇ ਸਨ। ਉਨ੍ਹਾਂ ਦੀਆਂ ਇਸਤਰੀਆਂ ਇਸ ਜਵਾਨ ਨਾਲ ਆਪਣੇ ਪਤੀਆਂ, ਭਰਾਵਾਂ ਤੇ ਸਬੰਧੀਆਂ ਦਾ ਮੁਕਾਬਲਾ ਕਰ ਰਹੀਆਂ ਸਨ। ਅਚਾਨਕ ਉਪਰਲੀਆਂ ਪੌੜੀਆਂ ਤੋਂ ਇਕ ਮੇਮ ਉਤਰੀ ਅਤੇ ਪਿਤਾ ਜੀ ਨੂੰ ਆਪਣੀ ਬੋਲੀ ਵਿਚ ਕਹਿਣ ਲੱਗੀ, “ਤੁਸੀਂ ਬੜੇ ਬਹਾਦਰ ਹੋ, ਪਰ ਤੁਸੀਂ ਇਸ ਕੁੱਤੇ ਪਿਛੇ ਐਨਾ ਖਤਰਾ ਕਿਉਂ ਮੁੱਲ ਲਿਆ?” ਪਿਤਾ ਜੀ ਨੇ ਉਤਰ ਦਿਤਾ ਸੀ ਕਿ ਮੇਰਾ ਬੱਚਾ ਇਸ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਕੁੱਤੇ ਨੂੰ ਬੱਚੇ ਵਾਂਗ ਪਿਆਰ ਕਰਦਾ ਹਾਂ।
ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, “ਤਾਂ ਇਹ ਤੁਹਾਡਾ ਬੱਚਾ ਹੈ?” ਉਸ ਨੇ ਮੇਰੀ ਖੱਬੀ ਗੱਲ੍ਹ ਨੂੰ ਥਪਕਿਆ, ਤੇ ਉਸ ਦਿਲ ਤੋਂ ਮੇਰਾ ਤੇ ਮੋਤੀ ਦਾ ਉਸ ਨਾਲ ਮਿੱਤਰਾਨਾ ਪੈ ਗਿਆ। ਮੋਤੀ ਮੇਰੇ ਮਿੱਤਰਾਂ ਦਾ ਝੱਟ ਦੋਸਤ ਬਣ ਜਾਂਦਾ ਸੀ।
ਮੈਨੂੰ ਹੁਣ ਚੇਤਾ ਆਉਂਦਾ ਹੈ ਕਿ ਮੇਮ ਸਾਹਿਬ ਦਾ ਮੇਰੇ ਨਾਲੋਂ ਕੁੱਤੇ ਨਾਲ ਬਹੁਤ ਪਿਆਰ ਸੀ। ਇਸ ਕੁੱਤੇ ਨਾਲ ਕਈ ਤਰ੍ਹਾਂ ਦਾ ਪਿਆਰ ਹੁੰਦਾ ਸੀ: ਮੈਂ ਉਸ ਨੂੰ ਦੋਸਤਾਂ ਵਾਂਗ ਪਿਆਰ ਕਰਦਾ ਸਾਂ, ਪਿਤਾ ਜੀ ਦਾ ਪਿਆਰ ਹੌਲੀ ਹੌਲੀ ਮਾਪਿਆਂ ਵਾਲਾ ਹੋ ਰਿਹਾ ਸੀ, ਮਾਤਾ ਜੀ ਇਸ ਨੂੰ ਮੇਰੇ ਪਿਛੇ ਚੰਗਾ ਜਾਣਦੇ ਸਨ, ਪਰ ਇਸ ਮੇਮ ਦਾ ਪਿਆਰ ਅਜੀਬ ਸੀ। ਸ਼ਾਇਦ ਉਹ ਇਸ ਲਈ ਇਸ ਨੂੰ ਪਿਆਰ ਕਰਦੀ ਸੀ, ਕਿਉਂਕਿ ਪਿਤਾ ਜੀ ਇਸ ਨੂੰ ਪਿਆਰ ਕਰਦੇ ਸਨ।
ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ ਦੇ ਵੇਲੇ ਆਪਣੇ ਬੰਗਲੇ ਦੇ ਬਰਾਂਡੇ ਵਿਚੋਂ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿਛੇ ਮੈਨੂੰ ਅੰਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫ਼ਾ ਮਿਲਿਆ ਕਰਦਾ ਸੀ। ਮੇਮ ਦੇ ਦੋ ਵੱਡੇ ਕੁੱਤੇ ਹੋਰ ਸਨ। ਮੋਤੀ ਉਨ੍ਹਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ। ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉਡਿਆ ਫਿਰਦਾ।
ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ, ਪਰ ਪਿਤਾ ਜੀ ਨੇ ਕੇਵਲ ਇੰਨਾ ਉਤਰ ਦਿਤਾ ਸੀ ਕਿ ਇਹ ਮੇਰੇ ਬੱਚੇ ਦਾ ਖਿਲੌਣਾ ਹੈ। ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਨ੍ਹਾਂ ਦਾ ਪੁੱਤਰ ਖੋਹਣ ਲਈ ਕਿਉਂ ਬੇਚੈਨ ਸੀ! ਪੇਸ਼ ਨਾ ਚੱਲਦੀ ਦੇਖ ਕੇ ਉਸ ਮੇਰੇ ‘ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ। ਨੋਟ ਦਿਖਾਏ, ਚਮਕਦੇ ਟਣਕਦੇ ਰੁਪਿਆਂ ਦੀ ਢੇਰੀ ਲਾ ਦਿਤੀ, ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ, ਜਾਂ ਘਰ ਵਿਚ ਰੁਪਈਆਂ ਦੀ ਕਮੀ ਨਾ ਹੋਣ ਕਰ ਕੇ ਪਰਵਾਹ ਨਹੀਂ ਸੀ, ਤੇ ਜਾਂ ਬਚਪਨ ਉਹ ਸਮਾਂ ਸੀ ਜਦੋਂ ਯਾਰ ਰੁਪਈਆਂ ਪਿਛੇ ਨਹੀਂ ਸੀ ਵੇਚੇ ਜਾਂਦੇ! ਮੈਂ ਸਾਫ ਨਾਂਹ ਕਰ ਦਿਤੀ।
ਢੇਰ ਚਿਰ ਪਿਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ। ਪਿਤਾ ਜੀ ਆਸਾਮ ਵਿਚੋਂ ਬਿਮਾਰ ਹੋਏ ਆਏ ਸਨ। ਉਨ੍ਹਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ। ਸਾਮਾਨ, ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿਤੇ ਸਨ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ-ਬੇਹੋਸ਼ੀ ਦੀ ਹਾਲਤ ਵਿਚ ਲੰਮੇ ਪਾਏ ਗਏ। ਮੋਤੀ ਲਾਗੇ ਖੜ੍ਹਾ ਸੀ। ਮੈਂ ਉਸ ਨੂੰ ਟੈਕਸੀ ਵਿਚ ਬਿਠਾਉਣ ਦਾ ਚਾਹਵਾਨ ਸਾਂ, ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦਿਤਾ। ਮੋਤੀ ਦੇ ਹੱਕ ਵਿਚ ਅੱਖਾਂ ਰਾਹੀਂ ਕੀਤੀ ਅਪੀਲ ਘੂਰੀ ਨਾਲ ਨਾ-ਮਨਜ਼ੂਰ ਹੋਈ। ਕਲਕੱਤੇ ਦੇ ਗਹਿਮਾ-ਗਹਿਮ ਬਾਜ਼ਾਰਾਂ ਵਿਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ। ਹੈਰੀਸਨ ਰੋਡ ਵਿਚ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਗੀਤ 'ਕਦਮ ਬੜ੍ਹੇ ਆਗੇ, ਮਨ ਪਾਛੇ ਭਾਗੇ' ਸੁਣ ਕੇ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ।
ਗੱਡੀ ਵਿਚ ਸੀਟਾਂ ਬੁੱਕ ਸਨ। ਅਸੀਂ ਆਪਣੇ ਕਮਰੇ ਵਿਚ ਬੈਠੇ। ਪੰਦਰਾਂ ਵੀਹਾਂ ਮਿੰਟਾਂ ਬਾਅਦ ਜਦ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ, ਮੋਤੀ ਸ਼ੁਦਾਈਆਂ ਵਾਂਗ ਕਿਸੇ ਗੁਆਚੇ ਨੂੰ ਲੱਭਦਾ ਪਲੇਟਫਾਰਮ ‘ਤੇ ਦਾਖ਼ਲ ਹੋਇਆ। ਮੇਰੇ ਕੋਲੋਂ ਨਾ ਰਿਹਾ ਗਿਆ। ਮੈਂ ਆਵਾਜ਼ ਦਿਤੀ। ਅੰਨ੍ਹੇਵਾਹ ਨੱਠਦਾ ਮੋਤੀ ਡੱਬੇ ਨਾਲ ਆਣ ਮਿਲਿਆ। ਪਲੇਟਫਾਰਮ ਲੰਘ ਚੁੱਕਾ ਸੀ। ਦੌੜ ਲਾਈਨਾਂ ਵਿਚ ਸ਼ੁਰੂ ਸੀ। ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ। ਉਹ ਝਈਆਂ ਲੈਂਦਾ ਸੀ। ਮਲੂਮ ਹੁੰਦਾ ਸੀ, ਉਹ ਚੱਕ ਭਰ ਕੇ ਗੱਡੀ ਖੜ੍ਹੀ ਕਰ ਲਵੇਗਾ, ਪਰ ਬੇ-ਰਹਿਮ, ਬੇ-ਦਿਲ ਇੰਜਣ ਤੇਜ਼ ਹੋ ਰਿਹਾ ਸੀ। ਮਾਤਾ ਜੀ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ। ਪਤਾ ਨਹੀਂ ਕਿਉਂ, ਮਾਤਾ ਜੀ ਜ਼ੰਜੀਰ ਖਿੱਚ ਕੇ ਗੱਡੀ ਖੜ੍ਹੀ ਨਹੀਂ ਸਨ ਕਰਦੇ। ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹੋ ਹੈ। ਮੋਤੀ ਅੱਜ ਦੌੜ ਵਿਚ ਹਾਰ ਖਾ ਰਿਹਾ ਸੀ। ਮੈਂ, ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ ਹਟ ਗਿਆ, ਉਸ ਨੂੰ ਵੇਖਦਾ ਰਿਹਾ। ਛਾਲ ਮਾਰਨ ਨੂੰ ਜੀਅ ਨਹੀਂ ਸੀ ਕਰਦਾ।
ਪਿਤਾ ਜੀ ਹੋਸ਼ ਵਿਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ। ਮਗਰੋਂ ਸਾਨੂੰ ਗੁਆਂਢੀਆਂ ਦੀ ਚਿੱਠੀ ਆਈ ਸੀ ਕਿ ਲਗਾਤਾਰ ਇਕ ਮਹੀਨਾ ਮੋਤੀ ਸਾਡੇ ਵੇਚੇ ਹੋਏ ਮਕਾਨ ਅੱਗੇ ਬੈਠਾ ਰਹਿੰਦਾ ਸੀ। ਦਿਨ ਰਾਤ ਵਿਚ ਇਕ ਘੰਟਾ ਉਹ ਕਿਤੇ ਗਾਇਬ ਰਹਿੰਦਾ ਸੀ। ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ‘ਤੇ ਦੇਖਣ ਜਾਂਦਾ ਹੋਵੇ। ਇਕ ਦਿਨ ਰਾਤੀਂ ਉਹ ਬੜਾ ਰੋਇਆ। ਖਬਰੇ ਉਹੋ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ, ਤੇ ਫੇਰ ਉਸ ਨੂੰ ਕਿਸੇ ਨੇ ਨਹੀਂ ਸੀ ਦੇਖਿਆ। ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਹੈ, ਪਰ ਸਮੇਂ ਦੇ ਗੇੜ ਅਜੀਬ ਹਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ