Moti (Punjabi Story) : Hari Singh Dilbar

ਮੋਤੀ (ਕਹਾਣੀ) : ਹਰੀ ਸਿੰਘ ਦਿਲਬਰ

ਰੁਲੀਏ ਨੂੰ ਕੋਈ ਪਿਆਰ ਨਹੀਂ ਸੀ ਕਰਦਾ। ਜਦ ਤੋਂ ਉਹਦਾ ਪਿਉ ਇਸ ਦੁਨੀਆਂ ਤੋਂ ਤੁਰ ਗਿਆ, ਉਹ ਬੱਕਰੀਆਂ ਚਾਰਨ ਲੱਗ ਪਿਆ ਸੀ। ਉਹ ਮਿੱਸੀ ਰੋਟੀ ਪਰਨੇ ਦੇ ਲੜ ਬੰਨ੍ਹ ਕੇ ਸਵੇਰੇ ਬਾਹਰ ਲੈ ਜਾਂਦਾ ਤੇ ਨਹਿਰੀ ਪਾਣੀ ਦੇ ਨਾਲੇ ਲਾਗੇ ਜਾਂ ਰੋਹੀ ਦੇ ਕਿਸੇ ਬ੍ਰਿਛ ਹੇਠ ਬੈਠ ਕੇ ਦੁਪਹਿਰੇ ਰੋਟੀ ਖਾ ਲੈਂਦਾ। ਸਾਰਾ ਦਿਨ ਉਜਾੜਾਂ, ਰੋਹੀਆਂ, ਢੱਕੀਆਂ, ਵਣਾਂ ਤੇ ਖੇਤਾਂ ਵਿਚ ਫਿਰਦਾ ਰਹਿੰਦਾ ਤੇ ਆਥਣੇ ਘਰ ਮੁੜਦਾ। ਉਹ ਬੱਕਰੀਆਂ ਦਾ ਦੁੱਧ ਵੇਚਦਾ ਸੀ ਤੇ ਇਸ ਤਰ੍ਹਾਂ ਵੱਟਤ ਨਾਲ ਉਹਦੀ ਬੁੱਢੀ ਮਾਂ ਘਰ ਦੇ ਖਰਚ ਪੂਰੇ ਕਰਨ ਦੇ ਜਤਨ ਕਰਦੀ।
ਰੋਹੀ ਦੇ ਖੇਤਾਂ ਵਿਚ ਤਾਂ ਬੂਟੇ ਉਗ ਹੀ ਆਉਂਦੇ ਹਨ। ਰੁਲੀਏ ਦੇ ਮਾਸ ਵਿਚ ਭਾਵੇਂ ਚਮਕ ਨਹੀਂ ਸੀ ਪਰ ਜੋਬਨ ਆਉਣ ਕਰ ਕੇ ਉਹਦੇ ਹਿਰਦੇ ਵਿਚ ਪਿਆਰ ਤਾਂ ਉਗ ਹੀ ਪਿਆ ਸੀ। ਕਿਸੇ-ਕਿਸੇ ਮੁਟਿਆਰ ਕੁੜੀ ਨੂੰ ਰੁਲੀਆ ਬਿਨਾਂ ਪੈਸਿਓਂ ਦੁੱਧ ਦੇਣ ਦਾ ਜਤਨ ਕਰਦਾ ਪਰ ਕੋਈ ਇਸ ਤੋਂ ਮੁਫਤ ਦੁੱਧ ਨਾ ਲੈਂਦੀ। ਇਹਦੇ ਕੋਮਲ ਹੁੰਦੇ ਜਾ ਰਹੇ ਹਿਰਦੇ ਉਤੇ ਦੁੱਖ ਭਰੀ ਤਿੱਖੀ ਲਕੀਰ ਫਿਰ ਜਾਂਦੀ ਪਰ ਇਹਦੀਆਂ ਅੱਖਾਂ ਜੋਬਨ ਦੇ ਖਿਆਲੀ ਚਿੱਤਰਾਂ ਉਦਾਲੇ ਘੁੰਮਦੀਆਂ ਰਹਿੰਦੀਆਂ।
ਇਹਦੇ ਪਿੰਡ ਦੇ ਸਰਦਾਰਾਂ ਦੀ ਕੁੜੀ ਸ਼ਹਿਰ ਦੇ ਕਾਲਜ ਵਿਚ ਪੜ੍ਹਨ ਜਾਇਆ ਕਰਦੀ। ਇਹ ਉਹਦੀਆਂ ਚਿੱਟੀਆਂ ਚਾਂਦੀ ਰੰਗੀਆਂ ਐਨਕਾਂ ਵੱਲ ਝਾਕਦਾ ਰਹਿੰਦਾ ਪਰ ਕੁੜੀ ਅੱਖਾਂ ਫੇਰ ਕੇ ਕਿਸੇ ਹੋਰ ਪਾਸੇ ਝਾਕਣ ਲੱਗ ਪੈਂਦੀ। ਇਹਦੇ ਪਿੰਡ ਦੇ ਕੋਲੋਂ ਲੰਘਦੀ ਪੱਕੀ ਸੜਕ ਉਤੇ ਸਰਦਾਰਾਂ ਦਾ ਨੌਕਰ ਆਪਣੀ ਰਬੜ-ਟੈਰ ਦੇ ਘੋੜੇ ਨੂੰ ਛੇੜ ਦਿੰਦਾ ਅਤੇ ਘੋੜਾ ਹਵਾ ਹੋ ਜਾਂਦਾ। ਕੁੜੀ ਦੀ ਬਰੀਕ ਚਾਦਰ ਦੇ ਪੱਲੇ, ਹਵਾ ਵਿਚ ਖੇਡਣ ਲੱਗ ਪੈਂਦੇ। ਰੁਲੀਆ ਦੂਰ ਤਾਂਈਂ ਉਸ ਵੱਲ ਝਾਕਦਾ ਰਹਿੰਦਾ, ਜਦ ਤਾਂਈਂ ਰਬੜ-ਟੈਰ ਦਿੱਸਣੋਂ ਬੰਦ ਨਹੀਂ ਸੀ ਹੋ ਜਾਂਦੀ। ਇਕ ਵਾਰੀ ਤਾਂ ਸੜਕ ਉਤੇ ਘੋੜੇ ਦੇ ਪੌਡਾਂ ਦੀ ਖੜੱਪ-ਖੜੱਪ ਰੁਲੀਏ ਦੀ ਹਿੱਕ ਉਤੇ ਵੱਜਦੀ ਤੇ ਘੋੜਾ ਨਠਾਉਂਦੇ ਨੌਕਰ ਦੇ ਪੇਚਦਾਰ ਸੁਰੀਲੇ ਬੋਲ, ਹਵਾ ਵਿਚ ਘੁਲ ਜਾਂਦੇ ਤੇ ਕਿੰਨਾ-ਕਿੰਨਾ ਚਿਰ ਰੁਲੀਏ ਦੇ ਕੰਨਾਂ ਵਿਚ ਚੁੰਝਾਂ ਖੋਭਦੇ ਰਹਿੰਦੇ। ਅਮੀਰੀ ਦੇ ਰਸ ਰੰਗ ਰੁਲੀਏ ਦੇ ਹਿਰਦੇ ਨੂੰ ਛੇੜਦੇ ਰਹਿੰਦੇ। "ਚਿੱਟੇ ਰੰਗ ਦੇ ਇਹ ਬੰਦੇ ਕਿੰਨੇ ਬੇ-ਕਿਰਕ ਹੁੰਦੇ ਹਨ", ਰੁਲੀਏ ਦੇ ਚਿੱਤ ਵਿਚ ਖਿਆਲ ਆਉਂਦਾ।
ਇਸ ਸਾਲ ਜੇਠ ਦੇ ਮਹੀਨੇ ਜਦੋਂ ਡੰਗਰਾਂ ਵਿਚ ਛੂਤ ਦੀ ਬਿਮਾਰੀ ਪੈ ਗਈ ਤਾਂ ਉਹ ਕਿੱਲਿਓਂ ਹਿੱਲ ਨਹੀਂ ਸਨ ਸਕਦੇ। ਇਸ ਰੋਗ ਨੇ ਰੋਹੀਆਂ ਦੇ ਹਰਨਾਂ ਨੂੰ ਵੀ ਵਲ੍ਹੇਟ ਵਿਚ ਲੈ ਲਿਆ ਸੀ। ਉਨ੍ਹਾਂ ਦੇ ਖੁਰਾਂ ਵਿਚੋਂ ਲਹੂ ਸਿੰਮਦਾ ਸੀ, ਪੈਰ ਪਾਟ ਗਏ ਸਨ। ਉਹ ਇਕ ਪੈਰ ਨਹੀਂ ਪੁੱਟ ਸਕਦੇ ਸਨ। ਪਾਲੀ ਮੁੰਡਿਆਂ ਦੇ ਨਾਲ ਸਰਦਾਰਾਂ ਦਾ ਸਾਹਿਬਜ਼ਾਦਾ ਮੋਹਰੀ ਬਣ ਕੇ ਆਉਂਦਾ ਜਿਸ ਦੇ ਮੋਢੇ ਉਤੇ ਪਿਉ ਦੀ ਲਸੰਸ ਵਾਲੀ ਬੰਦੂਕ ਹੁੰਦੀ ਸੀ ਤੇ ਬਿਨਾਂ ਕਾਰਤੂਸ ਖਰਚ ਕਰਿਆਂ ਇਕ-ਦੋ ਬਕਟ ਕੁੱਟ-ਮਾਰ ਕੇ ਘਰ ਨੂੰ ਧੂਹ ਕੇ ਲੈ ਜਾਂਦਾ ਤੇ ਮਾਸ ਪਕਾ ਕੇ ਆਪ ਖਾਂਦਾ ਤੇ ਮਿੱਤਰਾਂ ਬੇਲੀਆਂ ਨੂੰ ਖਵਾਂਦਾ।
ਜੇ ਰੁਲੀਏ ਦਾ ਵੱਸ ਚਲਦਾ ਤਾਂ ਇਹ ਉਹਦੀਆਂ ਮੋਮ ਜਿਹੀਆਂ ਪੁੜਪੁੜੀਆਂ ਵਿਚ ਲੋਹੇ ਦੇ ਸੰਮ ਵਾਲੀ ਡਾਂਗ ਮਾਰ ਕੇ ਉਸ ਸਾਹਿਬਜ਼ਾਦੇ ਨੂੰ ਪਰੇ ਹਟਾ ਦਿੰਦਾ ਜਿਹੜਾ ਬੇਵੱਸ ਹਰਨੀਆਂ ਨੂੰ ਛੱਡ ਕੇ ਉਨ੍ਹਾਂ ਦੇ ਬਕਟ ਮਾਰ ਕੇ ਖਾ ਜਾਂਦਾ। ਹਰਨੀਆਂ ਬਿਟ-ਬਿਟ ਤਕਦੀਆਂ ਰਹਿੰਦੀਆਂ।
ਰੁਲੀਏ ਦਾ ਮਨੁੱਖੀ ਪਿਆਰ ਜਨੌਰਾਂ ਦੇ ਪਿਆਰ ਵਿਚ ਬਦਲਦਾ ਗਿਆ। ਉਹ ਆਪਣੇ ਨਵੇਂ ਜੰਮੇ ਡੱਬ-ਖੜੱਬੇ ਮੇਮਣਿਆਂ ਦੇ ਬਰੀਕ ਬੁੱਲ੍ਹ ਚੁੰਮਦਾ ਰਹਿੰਦਾ।
ਭੌਰੂ ਇਹਦਾ ਰੋਹੀਆਂ ਦਾ ਸਾਥੀ ਸੀ। ਜਦ ਰੁਲੀਆ ਇੱਜੜ ਤੋਂ ਉਰੇ ਹੋ ਜਾਂਦਾ ਤਾਂ ਇਹ ਕੁੱਤਾ ਬੱਕਰੀਆਂ ਦੇ ਉਦਾਲੇ ਰਾਖੀ ਵਜੋਂ ਫਿਰਦਾ ਰਹਿੰਦਾ। ਜੇ ਗਰਮੀ ਦੀ ਲੰਮੀ ਦੁਪਹਿਰੇ ਰੁਲੀਆ ਸੌਂ ਜਾਂਦਾ, ਤਾਂ ਕਿਸੇ ਜਨੌਰ ਨੂੰ ਭੌਰੂ ਇੱਜੜ ਨੇੜੇ ਨਹੀਂ ਸੀ ਫੜਕਣ ਦਿੰਦਾ। ਰੁਲੀਆ ਵੀ ਇਹਨੂੰ ਬੱਕਰੀਆਂ ਦਾ ਦੁੱਧ ਪਿਆਉਂਦਾ ਸੀ।
ਇਕ ਦਿਨ ਹਰਨਾਂ ਦੀ ਡਾਰ ਨਾਲੋਂ ਨਿੱਕਾ ਜਿਹਾ ਬਕਟ ਵਿੱਛੜ ਕੇ ਰੁਲੀਏ ਦੇ ਇੱਜੜ ਵਿਚ ਆ ਰਲਿਆ। ਭੌਰੂ ਨੇ ਕਈ ਗੇੜੇ ਉਸ ਹਰਨ ਦੇ ਬੱਚੇ ਦੇ ਪਿੱਛੇ ਲਾਏ ਪਰ ਬਕਟ ਨੇ ਇੱਜੜ ਨਾ ਛੱਡਿਆ। ਕਈ ਬੱਕਰੀਆਂ ਨੇ ਵੀ ਭੌਰੂ ਨੂੰ ਢੁੱਡਾਂ ਮਾਰੀਆਂ ਤੇ ਭੌਂਕਣ ਤੋਂ ਰੋਕਿਆ; ਤੇ ਫਿਰ ਇਕਦਮ ਰੁਲੀਏ ਨੇ ਭੌਰੂ ਨੂੰ ਆਪਣੇ ਖਰ੍ਹਵੇਂ ਬੋਲ ਨਾਲ ਝਿੜਕਿਆ। ਉਹ ਪੂਛ ਹਿਲਾਉਂਦਾ ਚਊਂ-ਚਊਂ ਚੀਕ ਕੇ ਮਾਲਕ ਦੀ ਸੈਨਤ ਸਮਝ ਚੁੱਪ ਹੋ ਗਿਆ। ਫਿਰ ਭੌਰੂ ਰੁਲੀਏ ਦੀਆਂ ਲੱਤਾਂ ਚੁੰਮਣ ਲੱਗ ਪਿਆ। ਹਰਨ ਦੇ ਬੱਚੇ ਦੀ ਕੰਬ ਰਹੀ ਕੁੱਖ ਟਿਕ ਗਈ, ਤੇ ਆਪਣੀਆਂ ਮੋਟੀਆਂ ਅੱਖਾਂ ਨਾਲ ਰੁਲੀਏ ਦੇ ਪਿਆਰ ਨੂੰ ਜਾਚਣ ਲੱਗ ਪਿਆ।
ਰੁਲੀਏ ਨੇ ਬਕਟ ਨੂੰ ਪੁਚਕਾਰਿਆ। ਉਹਨੇ ਆਪਣੀ ਲੰਮੀ ਕੋਮਲ ਬੂਥੀ ਉਪਰ ਚੁੱਕੀ ਤੇ ਨੇੜੇ ਦੀ ਹਵਾ ਵਿਚੋਂ ਪਿਆਰ ਦੀ ਵਾਸ਼ਨਾ ਸੁੰਘਣ ਲੱਗ ਪਿਆ, ਤੇ ਹੌਲੀ-ਹੌਲੀ ਪੈਰ ਪੁਟਦਾ ਰੁਲੀਏ ਵੱਲ ਵਧਿਆ। ਉਹਦੇ ਭੈਅ-ਭੀਤ ਹੋਏ ਹਿਰਦੇ ਵਿਚੋਂ ਕਾਂਬਾ ਝੜ ਗਿਆ ਤੇ ਪਿਆਰ ਦੀ ਲਹਿਰ ਉਗ ਪਈ।
ਰੋਟੀ ਦਾ ਇਕ ਟੁਕੜਾ ਰੁਲੀਆ ਹੱਥ ਵਿਚ ਲੈ ਕੇ ਅੱਗੇ ਹੋਇਆ ਤੇ ਹਰਨ ਦੀ ਲੰਮੀ ਬੂਥੀ ਨੂੰ ਛੁਹਾ ਦਿੱਤਾ। ਮਨੁੱਖੀ ਪਿਆਰ ਹਰਨ ਦੇ ਸਰੀਰ ਦੇ ਅਣੂ-ਅਣੂ ਵਿਚ ਉਤਰ ਗਿਆ। ਉਹ ਬੱਝ ਗਿਆ ਪਿਆਰ ਵਿਚ। ਬਕਟ ਦਾ ਭਰੋਸਾ ਉਡ ਗਿਆ ਕਿ ਮਨੁੱਖ ਹਰਨਾਂ ਦੀ ਜਾਤ ਦੇ ਵੈਰੀ ਹੁੰਦੇ ਹਨ। ਪਿਆਰ ਤਰਸੇ ਬਕਟ ਨੇ ਆਪਣੀ ਧੌਣ ਰੁਲੀਏ ਦੀ ਬਾਂਹ ਉਤੇ ਧਰ ਦਿੱਤੀ। ਓਪਰੇ ਤੇ ਰੋਹੀਆਂ ਦੇ ਜਨੌਰ ਦੇ ਮਾਸੂਮ ਪਿਆਰ ਨੇ ਅੱਜ ਰੁਲੀਏ ਦੇ ਰੁੱਖੇ ਜੀਵਨ ਵਿਚ ਅਨੰਦ ਭਰ ਦਿੱਤਾ। ਰੁਲੀਏ ਨੂੰ ਇਉਂ ਅਹਿਸਾਸ ਹੋਇਆ ਜਿਵੇਂ ਅੱਜ ਇਹਨੇ ਸਰਦਾਰਾਂ ਦੇ ਸਾਹਿਬਜ਼ਾਦੇ ਦੇ ਕਹਿਰੀ ਹੱਥਾਂ ਦੀਆਂ ਕੁੰਡੀਆਂ ਤੋਂ ਇਸ ਬਕਟ ਨੂੰ ਬਚਾ ਕੇ ਆਪਣੀ ਬੁੱਕਲ ਵਿਚ ਲੈ ਲਿਆ ਹੈ।
ਰੁਲੀਏ ਨੇ ਬਕਟ ਦੀ ਕੂਲੀ ਪਿੱਠ ਉਤੇ ਹੱਥ ਫੇਰਿਆ। ਉਹਦੇ ਸਰੀਰ ਦਾ ਕਾਂਬਾ ਲਹਿ ਗਿਆ, ਜਿਵੇਂ ਸਿਆਲ ਦੀ ਰੁੱਤ ਦੀ ਸਵੇਰ ਦੀ ਕਹਿਰੀ ਤੇ ਚੁਭਵੀਂ ਠੰਢ ਲੋਪ ਹੋ ਗਈ ਤੇ ਸੂਰਜ ਦੀ ਨਿੱਘੀ ਧੁੱਪ ਠੰਢ ਮਾਰੀਆਂ ਹੱਡੀਆਂ ਵਿਚ ਰਚਣ ਲੱਗ ਪਈ।
ਇਕ ਬੱਕਰੀ ਜਿਸ ਦਾ ਡੱਬਾ ਮੇਮਣਾ ਮਰ ਗਿਆ ਸੀ, ਬਕਟ ਦੇ ਨੇੜੇ ਆਈ ਤੇ ਪਿਆਰ ਛੂਹਾਂ ਦੇ ਕੇ ਅਪਣੱਤ ਜਤਾਉਣ ਲੱਗ ਪਈ।
ਰੁਲੀਏ ਨੇ ਬਕਟ ਦੀ ਬੂਥੀ ਨੂੰ ਬੱਕਰੀ ਦੇ ਥਣਾਂ ਨਾਲ ਛੁਹਾ ਦਿੱਤਾ। ਬੱਕਰੀ ਦੇ ਲੇਵੇ ਵਿਚੋਂ ਦੁੱਧ ਲੰਮੇ ਥਣਾਂ ਵਿਚ ਉਤਰ ਆਇਆ। ਥਣ ਪਾਟਣ 'ਤੇ ਆ ਗਏ। ਹਰਨ ਦੇ ਬੁੱਲ੍ਹਾਂ ਦੀ ਛੂਹ ਦੇ ਪੱਜ ਨਾਲ ਉਹ ਆਪੇ ਡੁੱਲ੍ਹ-ਡੁੱਲ੍ਹ ਪੈਂਦੇ ਸਨ। ਰੋਹੀ ਦੀਆਂ ਰੁੱਖੀਆਂ ਝਾੜੀਆਂ ਸੂਤ-ਸੂਤ ਕੇ ਬੱਕਰੀ ਨੇ ਜਿਹੜਾ ਦੁੱਧ ਤਿਆਰ ਕੀਤਾ ਸੀ, ਸਾਰਾ ਬਕਟ ਦੇ ਮੂੰਹ ਵਿਚ ਉਤਾਰ ਦਿੱਤਾ। ਉਹਨੇ ਆਪਣੀਆਂ ਲੱਤਾਂ ਖਿੰਡਾ ਲਈਆਂ।
ਬਕਟ ਦੇ ਹਿਰਦੇ ਵਿਚ ਦੁੱਧ ਦੇ ਨਾਲ ਈ, ਬੱਕਰੀਆਂ ਦੀ ਅਪਣੱਤ ਪ੍ਰਵੇਸ਼ ਕਰ ਗਈ।
ਜਦ ਸ਼ਿਕਾਰੀ ਕੁੱਤੇ ਬੱਕਰੀਆਂ ਦੇ ਇਸ ਇੱਜੜ ਵਿਚ ਹਰਨ ਦੇ ਇਸ ਬੱਚੇ ਨੂੰ ਦੇਖ ਕੇ ਉਸ ਵੱਲ ਪਾੜ ਖਾਣੇ ਦੰਦ ਖੋਲ੍ਹ ਕੇ ਮੂੰਹ ਪਾਉਣ ਲਈ ਆਉਂਦੇ ਤਾਂ ਭੌਰੂ ਇਸ ਹੱਲੇ ਨੂੰ ਧੌਣ ਅਕੜਾ ਕੇ ਰੋਕਦਾ। ਰੁਲੀਏ ਦੀ ਸੰਮ ਵਾਲੀ ਡਾਂਗ ਮੋਢੇ 'ਤੇ ਖੜ੍ਹੋ ਜਾਂਦੀ। ਬੱਕਰੀਆਂ ਸਿੰਗ ਉਲਾਰਦੀਆਂ।
ਜਦ ਪਿੰਡ ਦਾ ਕੋਈ ਜੁਆਕ ਇੱਜੜ ਵਿਚੋਂ ਇਸ ਬਕਟ ਨੂੰ ਫੜਨ ਤੇ ਡਰਾਉਣ ਦਾ ਉਪਰਾਲਾ ਕਰਦਾ ਤਾਂ ਰੁਲੀਏ ਦਾ ਖਰ੍ਹਵਾਂ ਬੋਲ ਉਹਦੀ ਇੱਲਤ ਨੂੰ ਥਾਂਏਂ ਰੋਕ ਦਿੰਦਾ।
ਜਦ ਇੱਜੜ ਰੋਹੀ ਵਿਚ ਚਰ ਕੇ ਬੈਠ ਜਾਂਦਾ ਤਾਂ ਰੁਲੀਆ ਲਿਟ ਜਾਂਦਾ। ਬਕਟ ਨੇੜੇ ਆ ਕੇ ਬੈਠ ਜਾਂਦਾ, ਆਪਣੀ ਧੌਣ ਰੁਲੀਏ 'ਤੇ ਸਿੱਟ ਦਿੰਦਾ। ਉਹ ਇਹਦੀ ਬੂਥੀ ਤੇ ਪਿੰਡੇ ਨੂੰ ਪਲੋਸਦਾ, ਪਿਆਰ ਛੂਹਾਂ ਦੀ ਲੋਰ ਵਿਚ ਊਂਘਦਾ ਰਹਿੰਦਾ।
ਸਰਦਾਰ ਰਤਨ ਸਿੰਘ ਨੂੰ ਇਕ ਦਿਨ ਦੁੱਧ ਦੀ ਲੋੜ ਪਈ। ਉਹਦੇ ਘਰ ਭਾਵੇਂ ਦੋ ਮਹੀਆਂ ਲਵੇਰੀਆਂ ਸਨ; ਤੇ ਜਾਂ ਉਹ ਦੁੱਧ ਮੁੱਲ ਵੀ ਲੈ ਸਕਦਾ ਸੀ, ਕਈ ਨੌਕਰ ਸਨ, ਭੋਇੰ ਬੰਭੀ ਸੀ, ਪੈਸਾ ਬਥੇਰਾ ਸੀ, ਹਵੇਲੀਆਂ ਦਾ ਮਾਲਕ ਸੀ, ਧੀਆਂ-ਪੁੱਤਰ ਕਾਲਜ ਵਿਚ ਪੜ੍ਹਦੇ ਸਨ, ਕਈ ਹਲ ਵਗਦੇ ਸਨ; ਪਰ ਜਿਥੇ ਉਹਦਾ ਕੰਮ ਮੁਫਤ ਬਣ ਸਕਦਾ ਸੀ, ਉਥੇ ਉਹ ਪੈਸਾ ਕਿਉਂ ਖਰਚਦਾ, ਤੇ ਉਹ ਆਪਣੇ ਬੱਚਿਆਂ ਦੇ ਮੂੰਹੋਂ ਦੁੱਧ ਖੋਹ ਕੇ ਪਟਵਾਰੀ ਜਾਂ ਤਹਿਸੀਲਦਾਰ ਨੂੰ ਕਿਉਂ ਦਿੰਦਾ?
ਉਸ ਦਿਨ ਸਰਦਾਰ ਨੇ ਚੌਕੀਦਾਰ ਨੂੰ ਰੁਲੀਏ ਦੇ ਵਾੜੇ ਦੁੱਧ ਲੈ ਆਉਣ ਲਈ ਭੇਜਿਆ। ਰੁਲੀਏ ਨੂੰ ਪੈਸਿਆਂ ਦੀ ਕੋਈ ਆਸ ਨਹੀਂ ਸੀ। ਉਹ ਸਰਦਾਰ ਤਾਂ ਛਮਕੀ ਹਿਲਾ-ਹਿਲਾ ਕੇ ਈ ਪਿੰਡ ਦੇ ਮਜ਼ਦੂਰ ਕਾਮਿਆਂ ਨੂੰ ਮੁਫਤ ਮੱਕੀ ਜਾਂ ਕਣਕ ਦੀ ਗੁਡਾਈ ਲਈ ਲੈ ਜਾਂਦਾ ਸੀ, ਤੇ ਰੁਲੀਏ ਨੂੰ ਉਹਨੇ ਕਿਹੜਾ ਪੌਂਡ ਤੇ ਮੋਹਰਾਂ ਦੇ ਦੇਣੀਆਂ ਸਨ? ਲੰਗੋਟੀ ਝਾੜਦੇ ਰੁਲੀਏ ਨੇ ਦੁੱਧ ਵਲੋਂ ਕੋਰਾ ਜਵਾਬ ਦੇ ਦਿੱਤਾ ਜਿਸ ਉਤੇ ਸਰਦਾਰ ਸਾਹਿਬ ਬਹੁਤ ਦੁਖੀ ਹੋਏ। ਉਹਨੇ ਇਸ ਹਾਰ ਤੋਂ ਤੰਗ ਆ ਕੇ ਫਿਰ ਚੌਕੀਦਾਰ ਨੂੰ ਮੋੜਿਆ ਕਿ ਉਹ ਰੁਲੀਏ ਦੇ ਘਰੋਂ ਕੁਕੜੀ ਦੇ ਚਾਰ ਆਂਡੇ ਲੈ ਆਵੇ। ਰੁਲੀਏ ਦੀ ਮਾਂ ਨੇ ਸਭ ਆਂਡੇ ਉਸ ਦਿਨ ਸਵੇਰੇ ਇਕ ਬਾਈਸਿਕਲ ਵਾਲੇ ਸ਼ਹਿਰੀ ਨੂੰ ਦੇ ਦਿੱਤੇ ਸਨ। ਹੁਣ ਘਰ ਕੋਈ ਆਂਡਾ ਨਹੀਂ ਸੀ, ਸਰਦਾਰ ਦਾ ਕ੍ਰੋਧ ਉਤਾਰਨ ਲਈ।
ਉਸ ਦਿਨ ਪਿੰਡ ਵਿਚ ਪੁਲਿਸ ਆਈ ਹੋਈ ਸੀ। ਉਨ੍ਹਾਂ ਦੀ ਸੇਵਾ ਦੁੱਧ ਤੇ ਆਂਡਿਆਂ ਨਾਲ ਈ ਹੋ ਸਕਦੀ ਸੀ। ਫਿਰ ਸਾਹਿਬ ਨੇ ਕੁਕੜੀ ਦੀ ਮੰਗ ਕੀਤੀ। ਚੌਕੀਦਾਰ ਖੁੱਡੇ ਵੱਲ ਵਧਿਆ ਪਰ ਰੁਲੀਏ ਦੀ ਬੁੱਢੀ ਮਾਂ ਨੇ ਖਿੜਕੀ ਬੰਦ ਕਰ ਦਿੱਤੀ, ਤੇ ਫਿਰ ਆਪਣੇ ਕੰਬਦੇ ਹੱਥ ਨਾਲ ਕੁਕੜੀ ਦੇ ਆਂਡੇ ਵਰਗੇ ਚਿੱਟੇ ਖਿੰਡੇ ਵਾਲਾਂ ਨੂੰ ਸੰਭਾਲਣ ਲੱਗ ਪਈ। ਚੌਕੀਦਾਰ ਖਾਲੀ ਹੱਥ ਮੁੜ ਗਿਆ, ਤੇ ਬੁੱਢੀ ਮਾਂ ਭੈਅਦਾਇਕ ਸੁਪਨੇ ਮਨ ਵਿਚ ਵਾਹੁਣ ਲੱਗ ਪਈ।
ਅਗਲੇ ਦਿਨ ਸਰਦਾਰ ਸਾਹਿਬ ਆਣ ਗਰਜੇ, "ਉਇ ਰੁਲੀਆ, ਤੈਂ ਇਕ ਜੰਗਲੀ ਜਨੌਰ ਆਪਣੇ ਇੱਜੜ ਵਿਚ ਬੰਨ੍ਹਿਆ ਹੋਇਆ ਹੈ। ਇਸ ਅਪਰਾਧ ਵਿਚ ਤੈਨੂੰ ਪੁਲਿਸ ਦੇ ਹਵਾਲੇ ਕੀਤਾ ਜਾਊਗਾ।"
ਇਹ ਸੁਣ ਕੇ ਰੁਲੀਆ ਮਨ ਵਿਚ ਕੁਛ ਗਿੜਗਿੜਾਇਆ ਤੇ ਕੰਬਿਆ। ਉਹਦੀ ਜੀਭ ਥਥਲਾ ਗਈ। ਉਹਦੀ ਮਾਂ ਕੁੱਬੀ-ਕੁੱਬੀ ਸੋਟੀ ਦੇ ਸਹਾਰੇ ਸਰਦਾਰ ਵੱਲ ਵਧੀ, ਉਹਦੇ ਪੈਰੀਂ ਝੋਨਾ ਧਰਨ ਲਈ, ਪਰ ਉਹ ਇਉਂ ਪਿਛੇ ਹਟ ਗਿਆ ਜਿਵੇਂ ਉਸ ਵੱਲ ਕੋਈ ਦੋ-ਮੂੰਹੀਂ ਨਾਗਣ ਆਪਣੀ ਸਿਰੀ ਉਚੀ ਕਰੀ ਆ ਰਹੀ ਹੋਵੇ।
"ਹਰਾਮ ਦਿਆ ਪੁੱਤਾ, ਤੂੰ ਜੇਲ੍ਹ ਜਾਏਂਗਾ।" ਕਹਿੰਦਿਆਂ ਸਰਦਾਰ ਦੇ ਚਿਹਰੇ 'ਤੇ ਕ੍ਰੋਧ ਦੀ ਲਾਲੀ ਫਿਰ ਗਈ।
ਉਹ ਆਪਣੇ ਹੱਥ ਵਿਚ ਚਾਂਦੀ ਦੇ ਮੁੱਠੇ ਵਾਲੀ ਛਟੀ ਹਿਲਾਉਂਦਾ ਦੰਦ ਪੀਂਹਦਾ ਤੁਰ ਗਿਆ।
ਰੁਲੀਏ ਦੀ ਮਾਂ ਅਸਫਲ ਈ ਆਪਣੀ ਚਾਦਰ ਦੇ ਪੱਲੇ ਨਾਲ ਅੱਖਾਂ ਪੂੰਝਦੀ ਰਹਿ ਗਈ। ਤਾਰਿਆਂ ਵਾਂਗ ਉਹਦੀਆਂ ਅੱਖਾਂ ਵਿਚ ਹੰਝੂ ਝੜ ਰਹੇ ਸਨ।
ਉਸ ਰਾਤ ਚਿਰ ਤਾਂਈਂ ਰੁਲੀਏ ਦੀਆਂ ਅੱਖਾਂ ਵਿਚ ਨੀਂਦ ਨਾ ਪਈ। ਉਹ ਕੰਬਦੇ ਤਾਰਿਆਂ ਵੱਲ ਝਾਕਦਾ ਰਿਹਾ। ਕਿੰਨੇ ਈ ਤਾਰੇ ਅਸਮਾਨ ਵਿਚ ਟੁੱਟਦੇ ਰਹੇ ਤੇ ਉਨ੍ਹਾਂ ਦੀਆਂ ਚਾਂਦੀ ਰੰਗੀਆਂ ਪੈੜਾਂ ਮਿਟਦੀਆਂ ਰਹੀਆਂ। ਉਹ ਕਈ ਵਾਰ ਆਪਣੇ ਮੰਜੇ ਤੋਂ ਉਠਿਆ ਤੇ ਬਕਟ ਦੀ ਬੂਥੀ ਨੂੰ ਉਪਰ ਚੁੱਕ ਕੇ ਆਪਣੇ ਬੁੱਲ੍ਹਾਂ ਨਾਲ ਛੁਹਾ ਕੇ ਘੁਟਦਾ ਰਿਹਾ। ਛੇਕੜ ਉਹ ਬੋਲਿਆ, "ਮੋਤੀ! ਕੀ ਹੁਣ ਤੂੰ ਮੈਨੂੰ ਛੱਡ ਜਾਏਂਗਾ?"
"ਹਊਂ, ਹਊਂ!" ਬਕਟ ਦੇ ਮੂੰਹ ਵਿਚੋਂ 'ਵਾਜ ਆਈ ਤੇ ਫਿਰ ਉਹ ਸ਼ਾਂਤੀ ਨਾਲ ਲਿਟ ਗਿਆ ਤੇ ਨੀਂਦ ਦੀ ਸੰਘਣੀ ਅਥਾਹ ਗੁਫਾ ਵਿਚ ਜਾ ਗੁੰਮਿਆ।
ਅਗਲੇ ਦਿਨ ਆਥਣੇ ਇਕ ਲਾਲ ਪਗੜੀ ਵਾਲਾ ਰੁਲੀਏ ਦੇ ਘਰ ਅੱਗੇ ਖੜ੍ਹਾ ਸੀ ਤੇ ਉਹਦੇ ਹੱਥ ਵਿਚ ਖਾਖੀ ਜਿਹੇ ਕਾਗਜ਼ ਦਾ ਪੱਤਰਾ ਸੀ। ਝੋਨਾ ਸੰਭਾਲਦੀ ਬੁੱਢੀ ਮਾਂ ਦੇ ਹੱਥ ਕੰਬ ਰਹੇ ਸਨ। ਰੁਲੀਆ ਅੰਦਰ ਵੜਿਆ, ਤੇ ਮਾਂ ਦੀ ਮੈਲੀ ਜਿਹੀ ਪੋਟਲੀ ਵਿਚੋਂ ਪੰਜਾਂ ਰੁਪਈਆਂ ਦਾ ਨੋਟ ਕੱਢਿਆ ਤੇ ਉਹਦੀਆਂ ਤਹਿਆਂ ਖੋਲ੍ਹਦਾ ਸਿਪਾਹੀ ਵੱਲ ਵਧਿਆ। ਤਖ਼ਤੇ ਦੇ ਉਹਲੇ ਹੋ ਕੇ ਉਹਨੇ ਸਿਪਾਹੀ ਅੱਗੇ ਵਧੇ ਹੱਥ ਉਤੇ ਉਹ ਨੋਟ ਟਿਕਾ ਦਿੱਤਾ, ਜਿਹੜਾ ਉਹਨੇ ਕਈ ਦਿਨ ਬੱਕਰੀਆਂ ਦਾ ਦੁੱਧ ਵੇਚ ਕੇ ਖੱਟਿਆ ਸੀ, ਮੇਮਣਿਆਂ ਦੇ ਮੂੰਹ ਵਿਚੋਂ ਦੁੱਧ ਖੋਹ-ਖੋਹ ਕੇ ਉਨ੍ਹਾਂ ਦੇ ਖਾਲੀ ਲੱਕੇ ਅੰਦਰ ਵਾੜ-ਵਾੜ ਕੇ। ਤਾਂ ਵੀ ਰੁਲੀਏ ਨੇ ਇਹ ਜਾਣਿਆ ਕਿ ਉਹਨੇ ਕੁਝ ਗੰਵਾਇਆ ਨਹੀਂ, ਕਮਾਇਆ ਹੈ। ਹੁਣ ਉਹ ਜੇਲ੍ਹ ਵਿਚ ਨਹੀਂ ਜਾਊਗਾ। ਆਪਣੀਆਂ ਬੱਕਰੀਆਂ ਚਾਰਿਆ ਕਰੂਗਾ ਤੇ ਮੇਮਣਿਆਂ ਦੇ ਖਾਲੀ ਢਿੱਡਾਂ ਨੂੰ ਬੇਰੀ ਦੇ ਪੱਤਿਆਂ ਨਾਲ ਭਰਿਆ ਕਰੂਗਾ। ਉਹਦਾ ਇੱਜੜ ਬਣਿਆ ਰਹੂਗਾ, ਉਹਦਾ ਪਰਿਵਾਰ ਸਜਿਆ ਰਹੂਗਾ, ਬਕਟ ਉਸ ਨਾਲੋਂ ਨਹੀਂ ਵਿਛੜੂਗਾ, ਉਹਦਾ ਪਿਆਰ ਨਹੀਂ ਟੁੱਟੂਗਾ, ਉਹਦੀ ਜੀਵਨ ਰੌਅ ਨਹੀਂ ਟੁੱਟੂਗੀ, ਬੱਕਰੀਆਂ ਮੋਤੀ ਨੂੰ ਨਹੀਂ ਓਦਰਨਗੀਆਂ।
ਪਰ ਪੱਕ ਰਹੀਆਂ ਬੱਲੀਆਂ ਉਤੇ ਗੜੇ ਪੈ ਗਏ। ਸਿਪਾਹੀ ਮੁੜ ਗਿਆ, ਸਰਦਾਰ ਆ ਧਮਕਿਆ। ਉਹ ਸ਼ਿਕਾਰ ਖੇਡ ਕੇ ਆਇਆ ਸੀ ਪਰ ਉਹਦੇ ਹੱਥ ਅੱਜ ਕੋਈ ਜਨੌਰ ਨਹੀਂ ਸੀ ਆਇਆ। ਅੱਜ ਦੀ ਅਸਫ਼ਲਤਾ ਦਾ ਸਾਰਾ ਕ੍ਰੋਧ ਹੁਣ ਰੁਲੀਏ ਉਤੇ ਉਤਰਿਆ। ਉਹਨੇ ਬੰਦੂਕ ਤਾਣ ਲਈ ਤੇ ਬਕਟ ਵੱਲ ਸਿੱਧੀ ਕੀਤੀ। ਉਸੇ ਵੇਲੇ ਰੁਲੀਆ ਸਰਦਾਰ ਦੇ ਪੈਰਾਂ ਉਤੇ ਡਿੱਗ ਪਿਆ, "ਸਰਦਾਰ ਜੀ, ਤੁਸੀਂ ਖਿਮਾ ਕਰੋ। ਨਾ ਮਾਰੋ ਇਸ ਨਿਰਦੋਸ਼ ਨੂੰ। ਮੈਂ ਇਹਨੂੰ ਰੋਹੀ ਵਿਚ ਛੱਡ ਆਊਂਗਾ।" ਸਰਦਾਰ ਚਲਿਆ ਗਿਆ।
ਅਗਲੇ ਆਥਣ ਜਦ ਵਾੜੇ ਵਿਚ ਰੁਲੀਆ ਆਪਣੀਆਂ ਬੱਕਰੀਆਂ ਦੀ ਧਾਰ ਚੋ ਰਿਹਾ ਸੀ ਤਾਂ ਸਰਦਾਰ ਦੇ ਸਾਹਿਬਜ਼ਾਦੇ ਨੇ ਆ ਪੈਰ ਪਾਏ। ਬੈਂਤ ਦੀ ਛਟੀ ਉਹਦੇ ਕੂਲੇ ਹੱਥਾਂ ਵਿਚ ਸ਼ੂਕ ਰਹੀ ਸੀ। ਵਾੜੇ ਵਿਚੋਂ ਭਾਵੇਂ ਸੰਗੋਹ ਦੀ ਦੁਰਗੰਧ ਉਹਦੀਆਂ ਨਾਸਾਂ ਨੂੰ ਔਖਾ ਕਰ ਰਹੀ ਸੀ, ਪਰ ਉਹ ਕ੍ਰੋਧ ਦੇ ਬੁੱਲੇ ਹੇਠ ਅਗਾਂਹ ਵਧ ਗਿਆ ਤੇ ਬਕਟ ਦੇ ਗਲ ਚੰਮ ਦਾ ਪਟਾ ਪਾਉਣ ਲਈ ਘੇਰਾ ਪਾਉਣ ਲੱਗਾ। ਬਕਟ ਨੇ ਬੱਕਰੀਆਂ ਵਿਚ ਕੁਰਲਾਟ ਪਾ ਦਿੱਤਾ। ਬਕਟ ਵੱਡਾ ਸੀ ਤੇ ਬੱਕਰੀਆਂ ਛੋਟੀਆਂ, ਲੁਕਦਾ ਕਿਥੇ। ਉਹ ਸਿਆਲੇ ਦੀ ਰਾਤ ਦੇ ਤਾਰਿਆਂ ਵਾਂਗ ਕੰਬ ਰਿਹਾ ਸੀ। ਭੌਰੂ ਵੀ ਆਪਣੇ ਸੱਜਣ ਦੀ ਮੱਦਤ ਲਈ ਲਪਕਿਆ ਪਰ ਰੁਲੀਏ ਨੇ ਛੇਤੀ ਚੁੱਪ ਕਰਾ ਦਿੱਤਾ ਕਿਉਂਕਿ ਇਸ ਤਰ੍ਹਾਂ ਰਾਏਜ਼ਾਦੇ ਦੀ ਹੱਤਕ ਸੀ ਤੇ ਕ੍ਰੋਧ ਵਧਣ ਦਾ ਡਰ ਸੀ। ਮਿਕ-ਮਿਕ ਕਰਦੀਆਂ ਬੱਕਰੀਆਂ ਸਹਿਮ ਗਈਆਂ, ਸੁੰਗੜ ਗਈਆਂ। ਉਹ ਪੀਲੀਆਂ ਅੱਖਾਂ ਨਾਲ ਬੁੱਚੜ ਨੂੰ ਪਛਾਣ ਕੇ ਘੂਰ ਰਹੀਆਂ ਸਨ ਪਰ ਅੱਖਾਂ ਦੀ ਤੱਕਣੀ ਨਾਲ ਨਿਰਲੱਜ ਬੇਹਯਾ ਪਾਪੀ ਮਰ ਤਾਂ ਨਹੀਂ ਜਾਂਦਾ, ਨਹੀਂ ਤਾਂ ਇਨ੍ਹਾਂ ਦਾ ਵਾਧਾ ਰੁਕ ਨਾ ਜਾਵੇ?
ਘ੍ਰਿਣਾ ਇਕ ਅਸਫ਼ਲ ਹਥਿਆਰ ਬਣ ਕੇ ਡਿੱਗ ਪੈਂਦੀ ਹੈ!
ਛੇਕੜ ਰਾਏਜ਼ਾਦੇ ਨੇ ਬਕਟ ਦੇ ਗਲ ਵਿਚ ਪਟਾ ਪਾ ਈ ਲਿਆ। ਉਹਦੇ ਨਾਲ ਪਿੰਡ ਦੇ ਦੋ-ਚਾਰ ਹੋਰ ਵੀ ਇੱਲਤੀ ਮੁੰਡੇ ਸਨ। ਬਕਟ ਬੱਕਰੀਆਂ ਦੇ ਪੈਰਾਂ ਵਿਚ ਲਿਟ ਗਿਆ। ਉਹਨੂੰ ਛਮਕੀਆਂ ਨਾਲ ਉਠਾਇਆ ਗਿਆ। ਡਰ ਮਾਰਿਆ ਹਰਨ ਪਿਛੇ-ਪਿਛੇ ਇਉਂ ਤੁਰ ਪਿਆ ਜਿਵੇਂ ਹਥਕੜੀਏਂ ਨਰੜਿਆ ਅਪਰਾਧੀ ਪੁਲਿਸ ਦੇ ਸਿਪਾਹੀ ਮਗਰ ਤੁਰਦਾ ਹੈ ਤੇ ਆਪਣੇ ਘਰ ਵੱਲ ਤੇ ਫਿਰ ਪਿੰਡ ਵੱਲ ਤੇ ਫਿਰ ਜੂਹ ਵੱਲ ਝਾਕਦਾ ਜਾਂਦਾ ਹੈ।
ਆਪਣੇ ਡੁੱਲ੍ਹੇ ਦੁੱਧ ਦਾ ਰੁਲੀਏ ਨੂੰ ਕੋਈ ਦੁੱਖ ਨਹੀਂ ਸੀ ਪਰ ਚੰਡਾਲ ਦੇ ਹੱਥੀਂ ਘੜੀਸਿਆ ਜਾਂਦਾ, ਹੱਥੀਂ ਪਾਲਿਆ ਬਕਟ ਦੇਖ ਕੇ ਉਹਨੇ ਧਾ ਮਾਰੀ, "ਹਾਏ ਉਏ ਮੇਰਾ ਮੋਤੀ!"
ਰੁਲੀਏ ਦੇ ਮੂੰਹੋਂ ਮੋਤੀ ਸੁਣ ਕੇ ਬਕਟ ਪਿਛੇ ਝਾਕਿਆ। ਉਹਦੀ ਪਿੱਠ ਉਤੇ ਛਮਕੀ ਧਸ ਗਈ। ਉਹ ਨਿੱਕੀ ਪੂਛ ਕੰਬਦੀਆਂ ਲੱਤਾਂ ਵਿਚ ਦੇ ਕੇ ਤੁਰ ਪਿਆ।
ਰੁਲੀਆ ਭੁੱਬ ਮਾਰ ਕੇ ਡਿੱਗ ਪਿਆ। ਨੇੜੇ ਦੇ ਆਦਮੀਆਂ ਦੇ ਦਿਲਾਂ ਵਿਚ ਕੰਬਣੀ ਛਿੜ ਗਈ। ਇਹ ਧੱਕਾ ਸੀ, ਪਰ ਰਾਏਜ਼ਾਦੇ ਨੂੰ ਕੌਣ ਰੋਕੇ! ਬਕਟ ਵੀ ਆਪਣੇ ਡਿੱਗੇ ਪਏ ਸੁਆਮੀ ਉਤੇ ਦੋ ਹੰਝੂ ਨਾ ਕੇਰ ਸਕਿਆ।
ਰੁਲੀਏ ਦੇ ਸਰੀਰ ਵਿਚ ਜਿਵੇਂ ਬਿਜਲੀ ਦੀ ਲਹਿਰ ਫਿਰ ਗਈ ਹੋਵੇ। ਉਹ ਇਕਦਮ ਉਠਿਆ, ਤੇ ਨੱਠ ਕੇ ਬਕਟ ਦੀ ਧੌਣ ਨਾਲ ਚਿੰਬੜ ਗਿਆ। ਬਕਟ ਦੀਆਂ ਮੋਟੀਆਂ ਅੱਖਾਂ ਵਿਚੋਂ ਤੱਤੇ ਪਾਣੀ ਦੇ ਦੋ ਤੁਬਕੇ ਰੁਲੀਏ ਦੀ ਪਤਝੜ ਮਾਰੀ ਗੱਲ੍ਹ ਉਤੇ ਡਿੱਗੇ।
ਰੁਲੀਏ ਦੀ ਪਿੱਠ ਉਤੇ ਛਮਕੀਆਂ ਦੀ ਵਾਛੜ ਹੋਈ। ਲਾਲ ਲਾਸਾਂ ਉਹਦੇ ਸਰੀਰ ਉਤੇ ਉਘੜ ਆਈਆਂ ਜਿਹੜੀਆਂ ਉਹਦੇ ਪਾਟੇ ਹੋਏ ਕੁੜਤੇ ਦੀਆਂ ਮੋਰੀਆਂ ਵਿਚੋਂ ਸਾਫ਼ ਦਿਸ ਰਹੀਆਂ ਸਨ। ਛੇਕੜ ਰੁਲੀਏ ਦੇ ਹੱਥ ਢਿੱਲੇ ਹੋ ਕੇ ਬਕਟ ਦੀ ਧੌਣ ਨਾਲ ਟੁੱਟ ਗਏ।
ਰੁਲੀਏ ਨੂੰ ਡਰ ਸੀ ਕਿ ਰਾਏਜ਼ਾਦਾ ਜ਼ਰੂਰ ਬਕਟ ਨੂੰ ਮਾਰ ਕੇ ਖਾ ਜਾਊ ਕਿਉਂਕਿ ਉਹ ਰੋਹੀ ਦੇ ਬਿਮਾਰ ਹਰਨਾਂ ਨੂੰ ਮਾਰਨੋਂ ਵੀ ਸੰਕੋਚ ਨਹੀਂ ਸੀ ਕਰਦਾ। ਰੁਲੀਏ ਨੇ ਫਿਰ ਲੇਰ ਮਾਰੀ, "ਹਾਏ ਮੇਰਾ ਮੋਤੀ!"
ਸੰਧਿਆ ਹੋ ਰਹੀ ਸੀ। ਮੰਦਰ ਦੇ ਕਲਸ ਦੀ ਪ੍ਰੇਮ ਤੱਕਣੀ ਬੇਅਰਥ ਈ ਡੁੱਲ੍ਹ ਰਹੀ ਸੀ। ਗੁਰਦੁਆਰੇ ਦਾ ਘੜਿਆਲ ਨਾ ਖੜਕਿਆ, ਤੇ ਨਾ ਈ ਸੰਤਾਂ ਦੇ ਡੇਰੇ ਦਾ ਸੰਖ ਵਿਲਕਿਆ। ਚਾਨਣ ਵਿਚ ਹਨ੍ਹੇਰਾ ਅਜੇ ਘੁਲ ਈ ਰਿਹਾ ਸੀ, ਸ਼ਿਵਾਲੇ ਅਜੇ ਜੋਤਾਂ ਨਹੀਂ ਸਨ ਜਗੀਆਂ, ਪੱਛਮ ਦੀ ਹਵਾ ਜਿਹੜੀ ਸਾਰਾ ਦਿਨ ਸਰੀਰਾਂ ਤੇ ਕੱਪੜਿਆਂ ਨੂੰ ਛੇੜਦੀ ਰਹੀ ਸੀ, ਹੁਣ ਅਹਿੱਲ ਸੀ।
"ਤੈਂ ਕਿਉਂ ਜੰਗਲੀ ਜਨੌਰ ਨੂੰ ਆਪਣੇ ਵਾੜੇ ਬੰਨ੍ਹਿਆ?" ਰਾਏਜ਼ਾਦੇ ਦਾ ਕ੍ਰੋਧ ਫੁੱਟਿਆ।
"ਛੋਟੇ ਸਰਦਾਰ, ਮੈਂ ਇਹਨੂੰ ਕੱਲ੍ਹ ਨੂੰ ਦੂਰ ਰੋਹੀ ਵਿਚ ਛੱਡ ਆਊਂਗਾ। ਅੱਜ ਦੀ ਰਾਤ ਛੱਡ ਦੇ।" ਬਕਟ ਦੀ ਜਿੰਦ ਬਚਾਉਣ ਲਈ ਰੁਲੀਏ ਨੇ ਵਚਨ ਕੀਤਾ। ਚਹੁੰ ਭਲੇਮਾਣਸਾਂ ਦੀ ਜੀਭ ਖੁੱਲ੍ਹੀ, "ਓਏ ਸਹੁਰੀ ਦਿਆ, ਤੈਂ ਕਿਉਂ ਰੱਖਿਆ ਹਰਨ ਆਪਣੇ ਵਾੜੇ? ਤੈਂ ਕੀ ਇਹਦਾ ਦੁੱਧ ਚੋਣੈ?" ਇਕ ਧੌਲ-ਦਾੜ੍ਹੀਆ ਨਿਆਂਕਾਰੀ ਲਹਿਜੇ ਵਿਚ ਦਇਆਵਾਨ ਹੋ ਕੇ ਅੱਗੇ ਵਧਿਆ।
"ਬਾਬਾ, ਮੈਂ ਛੱਡ ਦਿਊਂਗਾ ਸਵੇਰੇ!"
"ਚਲੋ, ਫੈਸਲਾ ਹੋਇਆ!" ਇਕ ਹੋਰ ਖੁਸ਼ੀ ਵਿਚ ਕੂਇਆ। ਰਾਏਜ਼ਾਦੇ ਨੇ ਗਲੋਂ ਪਟਾ ਖੋਲ੍ਹਿਆ ਤੇ ਪਿੱਠ ਮਰੋੜ ਕੇ ਤੁਰ ਗਿਆ। ਭੀੜ ਖਿੰਡ ਗਈ, ਬਕਟ ਵਾੜੇ ਜਾ ਵੜਿਆ। ਟਪੂਸੀਆਂ ਮਾਰਦਾ।
ਅਗਲੇ ਦਿਨ ਰੁਲੀਆ ਇੱਜੜ ਰੋਹੀ ਵਿਚ ਲੈ ਗਿਆ। ਬਕਟ ਦੇ ਗਲ ਬਾਹਾਂ ਪਾ ਕੇ ਛੇਕੜਲੀ ਮਿਲਣੀ ਕੀਤੀ ਤੇ ਕਿਹਾ, "ਜਾਹ ਮਿੱਤਰਾ, ਇਹ ਮੇਰਾ ਪਿਆਰ ਲੈ ਜਾ ਰੋਹੀਆਂ ਵਿਚ। ਮੁੜ ਮੇਰੇ ਨੇੜੇ ਨਾ ਆਵੀਂ। ਇਥੇ ਤੇਰੀ ਮੌਤ ਦੰਦ ਖੋਲ੍ਹੀ ਤੇਰੀ ਭਾਲ ਵਿਚ ਫਿਰਦੀ ਐ।"
ਜਾਨਵਰ ਨਾ ਸਮਝਿਆ। ਉਹ ਰੁਲੀਏ ਦੇ ਉਦਾਲੇ ਗੇੜੇ ਕੱਢਣ ਲੱਗ ਪਿਆ। ਭੌਰੂ ਨੂੰ ਉਹਦੇ ਪਿਛੇ ਪਾਉਣ ਦਾ ਜਤਨ ਵੀ ਅਸਫ਼ਲ ਈ ਰਿਹਾ। ਉਹ ਇਹਦਾ ਮਿੱਤਰ ਬਣ ਚੁੱਕਿਆ ਸੀ, ਹੁਣ ਉਹ ਇਹਦੀਆਂ ਲੱਤਾਂ ਕਿਵੇਂ ਪਾੜਦਾ? ਕਈ ਵਾਰੀ ਡਾਂਗ ਰੁਲੀਏ ਨੇ ਬਕਟ ਦੇ ਡਰਾਵੇ ਲਈ ਹਵਾ ਵਿਚ ਘੁਮਾਈ, ਪਰ ਬੇਅਰਥ! ਬਕਟ ਨੇ ਪਿਛਾ ਨਾ ਛਡਿਆ। ਹਰਨਾਂ ਦੀ ਇਕ ਡਾਰ ਅੱਗਿਓਂ ਲੰਘ ਗਈ। ਬਕਟ ਨੇ ਉਕਾ ਧਿਆਨ ਨਾ ਕੀਤਾ। ਡਾਰ ਖੜ੍ਹੋ ਗਈ, ਆਪਣੀ ਜਾਤ ਦੇ ਪਿਆਰ ਨੂੰ ਹਵਾ ਵਿਚੋਂ ਸੁੰਘਿਆ ਪਰ ਬਕਟ ਕੋਲ ਆਦਮ-ਜਾਤ ਖੜੋਤੀ ਦੇਖ ਹਰਨ ਘ੍ਰਿਣਾ ਦੀ ਝਾਤ ਮਾਰ ਕੇ ਹਵਾ ਵਿਚ ਟਪੂਸੀਆਂ ਮਾਰਦੇ ਦੂਰ ਲੋਪ ਹੋ ਗਏ।
ਬਕਟ ਨਾ ਵਿਛੜਿਆ। ਓੜਕ ਜਦ ਆਥਣੇ ਇੱਜੜ ਪਿੰਡ ਮੁੜਿਆ ਤਾਂ ਅੱਕ ਕੇ ਰੁਲੀਏ ਨੇ ਦੋ ਡਾਂਗਾਂ ਉਹਦੀ ਪਿੱਠ ਉਤੇ ਮਾਰੀਆਂ। ਬਕਟ ਰੋਹੀ ਨੂੰ ਨੱਠ ਗਿਆ। ਰੁਲੀਏ ਨੇ ਪਿੱਠ ਘੁਮਾਈ। ਬਕਟ ਬੱਕਰੀਆਂ ਵਿਚ ਸੀ।
ਰੁਲੀਆ ਬਹੁਤ ਦੂਰ ਤਾਂਈਂ ਉਹਦੇ ਪਿਛੇ ਨੱਠਿਆ ਅਤੇ ਸੰਘਣੀ ਝਿੜੀ ਵਿਚ ਵਾੜ ਆਇਆ। ਹੁਣ ਉਹਨੂੰ ਭਰੋਸਾ ਸੀ ਕਿ ਨਹੀਂ ਪਰਤੂਗਾ। ਇਸ ਤਰ੍ਹਾਂ ਉਹਨੂੰ ਪਟੜੀ ਤੋਂ ਪਾਰ ਈ ਹਨ੍ਹੇਰਾ ਹੋ ਗਿਆ ਸੀ। ਮੁੜ ਉਹਨੇ ਆਪਣੀਆਂ ਖਿੰਡੀਆਂ ਬੱਕਰੀਆਂ ਸਾਂਭ ਲਈਆਂ। ਵਾੜੇ ਵੜਦਿਆਂ ਪਿੰਡ ਦੇ ਦੀਵੇ ਜਗ ਚੁੱਕੇ ਸਨ।
ਨਿਸ਼ਚਿੰਤ ਰੁਲੀਆ ਮੰਜੀ ਉਤੇ ਲਿਟਿਆ ਪਿਆ ਸੀ। ਵਾੜੇ ਦੀ ਖਿੜਕੀ ਮੂਹਰੇ ਘੁਰ-ਘੁਰ ਹੋਈ। ਕਿੜ-ਕਿੜ ਵਾਣ ਦਾ ਮੰਜਾ ਕੜਕਿਆ। ਰੁਲੀਏ ਨੇ ਕੁੰਡੀ ਖੋਲ੍ਹੀ। ਬਕਟ ਅੰਦਰ ਆਇਆ। ਮਿਣ-ਮਿਣ ਨਾਲ ਬੱਕਰੀਆਂ ਨੇ ਸੁਆਗਤ ਕੀਤਾ।
"ਓ ਕਮਬਖ਼ਤ! ਤੇਰੀ ਮੌਤ ਤੇਰਾ ਪਿੱਛਾ ਨਹੀਂ ਛੱਡਦੀ।" ਰੁਲੀਏ ਨੇ ਪਿਠ 'ਤੇ ਹੱਥ ਫੇਰਦਿਆਂ ਹੌਲੀ-ਹੌਲੀ ਕਿਹਾ। ਅਸਮਾਨ ਉਤੇ ਤਾਰੇ ਕੰਬ ਰਹੇ ਸਨ।
ਲੰਮੀ ਰਾਤ ਤਾਈਂ ਰੁਲੀਆ ਆ ਰਹੇ ਵਿਛੋੜੇ ਦੇ ਚਿੱਤਰ ਵਾਹੁੰਦਾ ਰੋਂਦਾ ਰਿਹਾ। ਚਿਰ ਤਾਈਂ ਉਹਦੀਆਂ ਸਿਸਕੀਆਂ ਬੰਦ ਨਾ ਹੋਈਆਂ।
ਕੁੱਕੜ ਦੀ ਬਾਂਗ ਤੋਂ ਪਹਿਲਾਂ ਉਹ ਉਠਿਆ ਤੇ ਬਕਟ ਦੀਆਂ ਅੱਖਾਂ ਉਤੇ ਪਰਨਾ ਬੰਨ੍ਹ ਦਿੱਤਾ ਤੇ ਧੂਹ ਕੇ ਤੁਰ ਪਿਆ। ਨਾਂਹ ਨੁੱਕਰ ਕਰਦਾ ਬਕਟ ਅੰਨ੍ਹੇ ਰਾਹ 'ਤੇ ਤੁਰ ਪਿਆ। ਊਂਘ ਤੋੜਦਿਆਂ ਬੱਕਰੀਆਂ ਮਿਆਂਕ ਕੇ ਚੁੱਪ ਹੋ ਗਈਆਂ।
ਰੁਲੀਆ ਸੂਰਜ ਦੀ ਟਿੱਕੀ ਦਿੱਸਣ ਤੋਂ ਪਹਿਲਾਂ ਕਈ ਕੋਹ ਦਾ ਪੈਂਡਾ ਮਾਰ ਕੇ ਬਕਟ ਨੂੰ ਛੱਡ ਕੇ ਮੁੜ ਪਿਆ ਸੀ।
ਸਾਰਾ ਦਿਨ ਸਿਰ ਤੋਂ ਲੰਘ ਗਿਆ। ਰੁਲੀਆ ਇੱਜੜ ਚਾਰ ਕੇ ਘਰ ਮੁੜਿਆ। ਦਿਨ ਛਿਪ ਗਿਆ। ਹਨ੍ਹੇਰਾ ਹੋ ਗਿਆ। ਦੀਵੇ ਜਗੇ ਤੇ ਬੁਝ ਗਏ। ਆਟੇ ਦੀ ਮਸ਼ੀਨ ਦੀ ਤੁਕ-ਤੁਕ ਬੰਦ ਹੋ ਗਈ। ਲੋਕ ਸੌਂ ਗਏ।
ਵਾੜੇ ਦੀ ਖਿੜਕੀ ਅੱਗੇ ਘੁਰ-ਘੁਰ ਫਿਰ ਹੋਈ। ਰੁਲੀਆ ਸੌਂ ਰਿਹਾ ਸੀ। ਭੌਰੂ ਆਪਣੇ ਮਿੱਤਰ ਦਾ ਬੋਲ ਪਛਾਣ ਗਿਆ। ਮੰਜੇ ਦੀ ਬਾਹੀ ਉਹਨੇ ਪੰਜੇ ਨਾਲ ਘਰੋੜੀ। ਇਕ ਨਹੁੰ ਵਿਚ ਰੁਲੀਏ ਦੀ ਚਾਦਰ ਫਸ ਕੇ ਤੁਣਕੀ ਗਈ। ਰੁਲੀਆ ਜਾਗਿਆ। ਭੌਰੂ ਬੇਚੈਨੀ ਨਾਲ ਚਊਂ-ਚਊਂ ਕਰਦਾ ਖਿੜਕੀ ਵੱਲ ਤੁਰ ਪਿਆ, ਤੇ ਰੁਲੀਆ ਉਹਦੇ ਪਿਛੇ।
ਪਿੰਡ ਦੇ ਕੁੱਤਿਆਂ ਦਾ ਟੋਲਾ ਬਕਟ ਉਤੇ ਟੁੱਟ ਪਿਆ। ਭੌਰੂ ਨੇ ਆਪਣੇ ਪੁਰਾਣੇ ਮਿੱਤਰ ਦੀ ਮਦਦ ਵਿਚ ਪਿੱਠ ਉਤੇ ਦੰਦ ਖਾਧੇ। ਅਸਫ਼ਲ ਭੌਰੂ ਮੁੜ ਆਇਆ। ਬਕਟ ਜਾਨ ਬਚਾ ਕੇ ਨੱਠ ਗਿਆ। ਹਵਾ ਵਿਚ ਗੂੰਜਦੀਆਂ ਆਵਾਜ਼ਾਂ ਢਿੱਲੀਆਂ ਪੈ ਕੇ ਸੌਂ ਗਈਆਂ। ਰੁਲੀਆ ਜਾਗਦਾ ਰਿਹਾ ਤੇ ਕੰਬਦੇ ਤਾਰਿਆਂ ਵੱਲ ਝਾਕਦਾ ਰਿਹਾ। ਘੁਰ-ਘੁਰ ਨਾ ਹੋਈ। ਬਕਟ ਨਾ ਆਇਆ।
ਅਗਲੇ ਦਿਨ ਸੂਰਜ ਦੀ ਟਿੱਕੀ ਦਿੱਸਣ ਤੋਂ ਪਹਿਲਾਂ ਰੁਲੀਆ ਉਠਿਆ ਤੇ ਵਾੜੇ ਦੀ ਖਿੜਕੀ ਖੋਲ੍ਹ ਕੇ ਬਾਹਰ ਆਇਆ ਤਾਂ ਦੇਖਿਆ ਕਿ ਕੰਧ ਕੋਲ ਹਰਨ ਦੀ ਲੋਥ ਪਈ ਹੈ। ਪਿੰਡ ਦੇ ਲੰਡਰ ਕੁੱਤੇ ਉਹਦੇ ਉਦਾਲੇ ਘੁੰਮ ਰਹੇ ਸਨ। ਕੰਧ ਦੀਆਂ ਜੜ੍ਹਾਂ ਵਿਚ ਲਹੂ ਡੁੱਲ੍ਹਿਆ ਪਿਆ ਸੀ। ਮਰੇ ਪਏ ਬਕਟ ਦੇ ਗਲ ਬਾਂਹ ਪਾ ਕੇ ਰੁਲੀਏ ਨੇ ਭੁੱਬ ਮਾਰੀ, "ਹਾਏ ਮੇਰਾ ਮੋਤੀ!"
ਅਸ਼ਬਦੀ ਰੂਪ ਭਾਵ ਉਹਦੇ ਹਿਰਦੇ ਵਿਚ ਫਿਰ ਰਿਹਾ ਸੀ- ਨਾ ਤਾਂ ਲੋਕ ਕੁੜੀਆਂ ਨੂੰ ਪਿਆਰ ਕਰਨ ਦਿੰਦੇ ਹਨ ਤੇ ਨਾ ਜਨੌਰਾਂ ਨੂੰ!
ਸਰਦਾਰ ਸਾਹਿਬ ਦੇ ਕੁੱਤਿਆਂ ਦੀ ਸੈਨਾ ਲਹੂ ਲਿੱਬੜੇ ਦੰਦ ਖੋਲ੍ਹੀ ਉਦਾਲੇ ਘੁੰਮ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗਿਆਨੀ ਹਰੀ ਸਿੰਘ ਦਿਲਬਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ