Masti Bota (Punjabi Story) : Gurdial Singh

ਮਸਤੀ ਬੋਤਾ (ਕਹਾਣੀ) : ਗੁਰਦਿਆਲ ਸਿੰਘ

ਅੱਡੇ ਉਤੇ ਤੁਰਦਿਆਂ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਹਨੂੰ ਸਾਰਾ ਕੁਝ ਓਪਰਾ-ਓਪਰਾ ਲੱਗਿਆ, ਜਿਵੇਂ ਭੁੱਲ ਕੇ ਗਲਤ ਥਾਂ ਉਤੇ ਆ ਗਿਆ ਹੋਵੇ, ਪਰ ਜਦੋਂ ਦੂਰੋਂ ਈ ਖੰਡੇ ਨੇ 'ਸਾਸਰੀ-ਕਾਲ' ਬੁਲਾਈ ਤਾਂ ਉਹ ਤਸੱਲੀ ਨਾਲ ਮੁਸਕਰਾਇਆ ਖੰਡਾ ਬੋਤੇ ਦਾ ਗੋਡਾ ਬੰਨ੍ਹੀ, ਉਹਨੂੰ ਸਰਾਂ ਦੇ ਕੋਲ ਬਿਠਾਈ ਖੜ੍ਹਾ ਸੀ। ਜਦੋਂ ਬੋਤੇ ਨੂੰ ਪੁਚਕਾਰ ਕੇ ਉਹਦੀ ਮੁਹਾਰ ਹੱਥੋਂ ਛੱਡਦਿਆਂ, ਖੰਡਾ ਉਸ ਦਾ ਸਮਾਨ ਚੁੱਕਣ ਲਈ ਨੇੜੇ ਆਇਆ ਤਾਂ ਉਹਨੇ ਗਹੁ ਨਾਲ ਵੇਖਿਆ, ਓਹੋ ਡੱਬੀਆਂ ਵਾਲਾ ਪਾਟਿਆ ਖੇਸ ਤੇ ਖੱਦਰ ਦਾ ਕੁੜਤਾ, ਲੱਤਾਂ ਨੰਗੀਆਂ, ਪਰ ਪੈਰੀਂ ਠਿੱਬੇ ਛਿੱਤਰਾਂ ਦੀ ਥਾਂ, ਘਸੇ ਹੋਏ ਫ਼ਲੀਟ। ਫ਼ਲੀਟਾਂ ਦੇ ਪੁਰਾਣੇ ਕੱਪੜੇ ਵਿਚ ਹੋਈਆਂ ਮੋਰੀਆਂ ਵਿਚੋਂ, ਚੀਚੀਆਂ ਦੀਆਂ ਭੌਰੀਆਂ, ਬੇਰ ਦੀਆਂ ਗਿਟਕਾਂ ਵਾਂਗ ਬਾਹਰ ਨਿਕਲੀਆਂ ਹੋਈਆਂ ਸਨ।
"ਮੈਂ ਤਾਂ, ਕਾਕਾ ਜੀ, ਕੋਹ ਵਾਟ 'ਗਾਹਾਂ ਈ ਤੁਰਿਆ ਗਿਆ," ਉਸ ਨੇੜੇ ਆ ਕੇ ਆਪਣੀਆਂ ਉਲਝੀਆਂ ਮੁੱਛਾਂ ਫਰਕਾਉਂਦਿਆਂ ਕਿਹਾ, "ਇਨ੍ਹਾਂ ਪੀਪਿਆਂ-ਜਿਆਂ ਦਾ ਵੀ ਪਤਾ ਨ੍ਹੀਂ ਲੱਗਦਾ, ਕਦੇ ਕਿਤੇ ਅੱਡਾ ਬਣਾ ਲੈਂਦੇ ਐ, ਕਦੇ ਕਿਤੇ। ਆਵਦੇ ਪਿਓ ਆਲ੍ਹਾ ਈ ਰਾਜ ਬਣਾ ਛੱਡਿਐ...ਹੋਰ ਤਾਂ ਖ਼ੈਰ-ਸੁੱਖ ਨਾਲ ਆਏ ਜੀ?"
"ਸਭ ਖ਼ੈਰ-ਸੁੱਖ। ਹੋਰ, ਤੂੰ ਤਾਂ ਤਕੜੈਂ?"
ਜਸਵਿੰਦਰ ਨੇ ਸੁਤੇ-ਸੁਭਾ ਈ ਕਿਹਾ ਤੇ ਆਪਣੇ ਸੂਟ ਉਤੇ ਪਈ ਧੂੜ ਗੁਲੂਬੰਦ ਨਾਲ ਝਾੜਨ ਲੱਗ ਪਿਆ।
"ਥੋਡੀ ਕਿਰਪੈ ਜੀ।" ਖੰਡੇ ਨੇ ਵੀ ਓਵੇਂ ਬੇਧਿਆਨੀ ਨਾਲ ਜੁਆਬ ਦਿੰਦਿਆਂ ਸਮਾਨ ਵੱਲ ਵੇਖਿਆ, "ਆਹੀ ਬਕਸੈ ਜੀ ਆਪਣਾ-ਹੋਰ ਤਾਂ ਨ੍ਹੀਂ ਕੋਈ ਸਮਾਨ?"
"ਬਸ ਏਹੋ ਐ।" ਜਸਵਿੰਦਰ ਉਸ ਵੱਲ ਰਤਾ ਘੂਰ ਕੇ ਝਾਕਦਿਆਂ, ਰੁਮਾਲ ਨਾਲ ਮੂੰਹ ਪੂੰਝਣ ਲੱਗ ਪਿਆ।
ਖੰਡੇ ਨੇ ਬੈਗ ਚੁੱਕਿਆ ਤੇ ਮੂਹਰੇ-ਮੂਹਰੇ ਤੁਰਦਿਆਂ, ਬੋਤੇ ਕੋਲ ਲਿਜਾ ਕੇ ਪਾਖੜੇ ਨਾਲ ਬੰਨ੍ਹਣ ਲੱਗਾ ਪਿਆ।
"ਇਹ ਬੋਤਾ ਆਪਣੈ, ਤਾਇਆ?"
ਜਸਵਿੰਦਰ ਨੇ ਬੋਤੇ ਦੀ ਕਾਲੀ ਧੌਣ ਤੇ ਮੂੰਹ ਨੂੰ ਦਿੱਤੇ ਨਰੋਏ ਛਿੱਕਲੇ ਵੱਲ ਹੈਰਾਨੀ ਨਾਲ ਝਾਕਦਿਆਂ ਪੁੱਛਿਆ।
"ਆਹੋ ਜੀ! ਹੋਰ ਕੀਹਦਾ ਹੋਣੈ! ਖੰਡੇ ਨੇ ਰਤਾ ਹੱਸ ਕੇ ਕਿਹਾ, "ਐਡੀ ਛੇਤੀ ਭੁੱਲ ਗਿਆ ਜੀ? ਪਿਛਲੇ ਸਾਲ ਵੀ ਤੂੰ...ਏਸੇ ਤੇ ਗਿਆ ਸੀ ਜੀ।"
ਜਸਵਿੰਦਰ ਹੋਰ ਹੈਰਾਨ ਹੋਇਆ। ਪਰ ਪਹਿਲਾਂ ਉਸ ਖੰਡੇ ਵੱਲ ਦੁਬਾਰਾ ਘੂਰ ਕੇ ਵੇਖਿਆ, ਉਹਨੂੰ ਫ਼ਲੀਟਾਂ ਨਾਲ ਉਹਦੀਆਂ ਨੰਗੀਆਂ ਲੱਤਾਂ ਹੋਰ ਵੀ ਬਲੌਰੀ ਲੱਗੀਆਂ। ਫੇਰ ਉਸ ਗਹੁ ਨਾਲ ਬੋਤੇ ਦੀਆਂ ਕਾਲੀਆਂ-ਸ਼ਾਹ ਬਲੌਰੀ ਅੱਖਾਂ, ਸੰਘਣੀਆਂ ਲੰਮੀਆਂ ਝਿਮਣੀਆਂ ਤੇ ਭਰਵੇਂ ਮੂੰਹ ਵੱਲ ਇਉਂ ਤੱਕਿਆ ਜਿਵੇਂ ਉਹਨੂੰ ਖੰਡੇ ਦੀ ਗੱਲ ਦਾ ਸੱਚ ਨਾ ਆਇਆ ਹੋਵੇ ਤੇ ਜਦੋਂ ਬੋਤਾ ਬੁੱਕਿਆ ਤਾਂ ਉਹਦੇ ਛਿੱਕਲੇ ਵਿਚੋਂ ਸੂਹਾ-ਸੂਹਾ ਬੁੱਥ-ਜਿਹਾ ਬਾਹਰ ਨਿਕਲਦਾ ਵੇਖ ਕੇ ਜਸਵਿੰਦਰ ਸੱਚੀਂ ਤ੍ਰਹਿ ਗਿਆ। ਬੋਤੇ ਨੇ ਕੈਰੀ-ਅੱਖ ਉਸ ਵੱਲ ਝਾਕਿਆ ਤੇ ਸਿਰ ਛੰਡ ਕੇ ਫੁੰਕਾਰਾ ਮਾਰਦਿਆਂ ਝੱਗ ਦੇ ਤੂੰਬੇ ਆਸੇ-ਪਾਸੇ ਖਿਲਾਰ ਦਿੱਤੇ, ਤੇ ਆਪਣੇ ਅਗਲੇ ਗੋਡੇ ਤੇ ਈਡਰ ਭੁੰਜੇ ਘਸਾਉਂਦਿਆਂ ਅਚਵੀ ਨਾਲ ਦੰਦ ਕਰੀਚਣ ਲੱਗ ਪਿਆ।
"ਇਹ ਅਸਲ 'ਚ ਜੀ, ਐਤਕੀਂ ਸਿਆਲ 'ਚ ਮਸਤ ਗਿਆ ਸਾਲਾ!" ਖੰਡੇ ਨੇ ਬੈਗ ਨੂੰ ਚੰਗੀ ਤਰ੍ਹਾਂ ਕੱਸਦਿਆਂ ਆਪ-ਮੁਹਾਰਿਆਂ ਹੀ ਕਿਹਾ, "ਐਤਕੀਂ ਕੁਸ਼ ਗੁੜ-ਗੜ ਚੰਗਾ ਚਾਰ 'ਤਾ ਮੁੰਡਿਆਂ ਨੇ, ਕੰਮ ਵੀ ਊਂ ਤਾਂ ਬਥੇਰਾ ਲਿਐ, ਪਰ ਸੂਤ ਨ੍ਹੀਂ ਆਇਆ, ਨਾਲੇ ਪਿਛਲੇ ਸਾਲ ਇਹਨੇ ਨੇਛਾਂ ਵੀ ਕੱਢ-ਲੀਆਂ-ਹੁਣ ਤਾਂ ਮੁੰਡਿਆਂ ਨੂੰ ਵੀ ਪੈਣ ਲੱਗ ਪਿਆ ਸੀ-ਤਾਹੀਂ ਛਿੱਕਲਾਂ ਦੇਣ ਲੱਗੇ ਐਂ ਨਾ।"
ਜਸਵਿੰਦਰ ਨੂੰ ਸੱਚੀਂ ਇਉਂ ਲੱਗਿਆ ਜਿਵੇਂ ਬੋਤਾ ਉਸ ਵੱਲ, ਕਿਸੇ ਪੁਰਾਣੀ ਖਾਰ ਕਰਕੇ ਕੌੜ ਅੱਖ ਝਾਕ ਰਿਹਾ ਹੋਵੇ। ਉਸ ਮੁਸਕਰਾ ਕੇ ਸਿਰ ਉਤੇ ਗੁਲੂਬੰਦ ਕੱਸਦਿਆਂ, ਠੋਡੀ ਕੋਲ ਉਹਦੇ ਲੜਾਂ ਦੀ ਗੰਢ ਦੇ ਲਈ ਤੇ "ਮੈਂ ਆਇਆ ਕਹਿ ਕੇ ਸੜਕ ਦੇ ਦੂਜੇ ਪਾਸੇ ਖਤਾਨਾਂ ਵੱਲ ਤੁਰ ਪਿਆ।
ਖੰਡੇ ਨੇ ਬੋਤੇ ਨੂੰ ਪੁਚਕਾਰਿਆ ਤੇ ਪਾਖੜੇ ਦੇ ਉਤੇ ਵਿਛਾਇਆ ਗੁਦੈਲਾ, ਚੁਤਹੀ ਤੇ ਲਾਲ ਰੰਗ ਦੀ, ਚਿੱਟੀਆਂ ਬੂਟੀਆਂ ਵਾਲੀ ਝਾਲਰਦਾਰ ਚਾਦਰ ਨੂੰ ਸੂਤ ਕਰਨ ਲੱਗ ਪਿਆ। ਬੋਤਾ ਜਦੋਂ ਬਹੁਤੀ ਅੱਚਵੀ ਕਰਨ ਲੱਗ ਪਿਆ ਤਾਂ ਉਸ ਉਹਨੂੰ ਝਿੜਕਿਆ ਵੀ ਪਰ ਅੱਗੋਂ ਸਗੋਂ ਉਹ ਹੋਰ ਬੁੱਕਣ ਲੱਗ ਪਿਆ।
"ਆਓ ਜੀ, ਫੇਰ ਛੇਤੀ ਕਰੋ। ਨਾਲੇ ਊਂ ਵੀ ਕੁਵੇਲਾ ਹੁੰਦਾ ਜਾਂਦੈਂ।" ਖੰਡੇ ਨੇ ਜਸਵਿੰਦਰ ਨੂੰ ਹੌਲੀ-ਹੌਲੀ ਤੁਰਦਿਆਂ ਵੇਖ ਕੇ ਉਚੀ-ਸਾਰੀ ਕਿਹਾ।
ਜਸਵਿੰਦਰ ਚੁੱਪ-ਕੀਤਾ, ਆਪਣੀ ਪੈਂਟ, ਬੂਟਾਂ ਤੇ ਕੋਟ ਵੱਲ ਨਿਗਾਹ ਮਾਰਦਾ, ਜਦੋਂ ਬੋਤੇ ਦੇ ਨੇੜੇ ਆਇਆ ਤਾਂ ਬੋਤਾ ਫੇਰ ਬੁੱਕਿਆ। ਐਤਕੀਂ ਉਸ ਬੋਤੇ ਦੀਆਂ ਕਹਿਰੀ ਅੱਖਾਂ ਵਿਚ ਸਿੱਧਾ ਤੱਕਿਆ ਤੇ ਫੇਰ ਮੁਸਕਰਾ ਕੇ ਬੁੱਲ੍ਹਾਂ ਵਿਚ ਈ ਇੱਕ ਗਾਲ੍ਹ ਕੱਢੀ। ਜੀਅ ਕੀਤਾ ਕਿ ਜੇ ਉਸ ਕੋਲ ਇੱਕ ਚਮੜੇ ਦਾ ਗੁੰਦਵਾਂ, ਲੰਮਾ ਛਾਂਟਾ ਹੋਵੇ ਤਾਂ ਉਹ ਇਹਨੂੰ ਵਾਹੇ ਵਾਹਣਾਂ ਵਿਚ ਭਜਾਉਂਦਿਆਂ ਅਜਿਹਾ ਘਰਕਾਏ ਕਿ ਸਾਰੀ ਮਸਤੀ ਪਲਾਂ ਵਿਚ ਨਿਕਲ ਜਾਏ। ਪਰ ਉਨ੍ਹਾਂ ਛਾਂਟਿਆਂ ਦਾ ਤਾਂ ਅੱਜਕੱਲ੍ਹ ਰਵਾਜ਼ ਨਹੀਂ ਰਿਹਾ...ਬੋਤਿਆਂ ਉਤੇ ਚੜ੍ਹਨ ਦਾ ਈ ਰਵਾਜ ਕਿੱਥੇ ਰਹਿ ਗਿਐ, ਇਹ ਤਾਂ ਇਨ੍ਹਾਂ ਪਛੜੇ ਇਲਾਕਿਆਂ ਦੀ ਮਜਬੂਰੀ ਐ। "ਆਓ ਜੀ ਬੈਠੋ, ਬੈਠੋ ਕੇਰਾਂ।" ਖੰਡੇ ਨੇ ਬੋਤੇ ਦਾ ਗੋਡਾ ਖੋਲ੍ਹ ਕੇ ਪੈਰ ਨਾਲ ਉਹਦੀ ਲੱਤ ਦਬਦਿਆਂ ਤੇ ਮੁਹਾਰ ਖਿੱਚ ਉਹਨੂੰ ਕਾਬੂ ਰੱਖਦਿਆਂ ਕਿਹਾ।
ਬੋਤੇ ਨੇ ਜਸਵਿੰਦਰ ਨੂੰ ਪਲਾਕੀ ਵੀ ਚੱਜ ਨਾਲ ਨਾ ਮਾਰਨ ਦਿੱਤੀ, ਤੜਾਫਾ ਮਾਰ ਕੇ ਬੇਕਾਬੂ ਹੁੰਦਿਆਂ ਭੱਜ ਤੁਰਿਆ। ਖੰਡੇ ਨੇ ਮੁਹਾਰ ਖਿੱਚ ਕੇ ਉਹਨੂੰ ਕਾਬੂ ਕਰਦਿਆਂ ਝਿੜਕਿਆ ਤੇ ਮੁਹਾਰ ਜਸਵਿੰਦਰ ਵੱਲ ਉਤਾਂਹ ਵਗਾਹ ਮਾਰੀ। "ਵੇਖਿਓ, ਮੁਹਾਰ ਢਿੱਲੀ ਨਾ ਛੱਡਿਓ, ਇਹਦਾ ਜਿੰਨ ਦਾ ਕੋਈ ਵਸਾਹ ਨ੍ਹੀਂ ਹੁੰਦਾ।" ਖੰਡੇ ਨੇ ਮਗਰ ਮਗਰ ਭੱਜਦਿਆਂ ਤੇ ਖੇਸ ਸੂਤ ਕਰਦਿਆਂ ਉਚੀ ਕਿਹਾ।
ਬੋਤਾ ਉਹਦੀ ਵਾਜ ਸੁਣ ਕੇ ਸਾਰੇ ਜ਼ੋਰ ਨਾਲ ਬੁੱਕਿਆ ਤੇ ਰੱਸੀ ਨਾਲ ਬੰਨ੍ਹੀ ਪੂਛ ਉਹਨੇ ਕਈ ਵਾਰ ਪੱਟਾਂ ਨਾਲ ਮਾਰੀ। ਰੱਸੀ ਨਾਲ ਬੰਨ੍ਹੇ ਘੁੰਗਰੂਆਂ ਦਾ ਛਣਕਾਟ ਬੱਝਵੀਂ ਤਾਲ ਨਾਲ ਸੁਣਿਆ ਤਾਂ ਬੋਤਾ ਚਾਲ ਪੈ ਕੇ ਸਿੱਧੇ ਹੋ ਤੁਰਿਆ। ਜਸਵਿੰਦਰ ਨੇ ਮੁਹਾਰ ਭਾਵੇਂ ਪੂਰੀ ਤਰ੍ਹਾਂ ਕਾਬੂ ਕੀਤੀ ਹੋਈ ਸੀ ਪਰ ਉਹਦਾ ਚਿੱਤ ਟਿਕਾਣੇ ਨਹੀਂ ਸੀ ਰਿਹਾ।
"ਏਸ ਊਤ ਜਾਨਵਰ ਦਾ ਕਾਕਾ ਜੀ ਕੋਈ ਵਸਾਹ ਨ੍ਹੀਂ ਹੁੰਦਾ," ਖੰਡੇ ਨੇ ਭੱਜਿਆਂ ਆਉਂਦਿਆਂ ਖੰਘ ਕੇ ਕਿਹਾ ਤੇ ਫੇਰ ਆਪੇ ਹੀ ਇੱਕ ਪੁਰਾਣੀ ਗੱਲ ਛੇੜ ਲਈ।
"ਇਹ ਕੋਈ ਚਾਲ-ਪੰਜਾਹ ਵਰ੍ਹਿਆਂ ਦੀ ਗੱਲ ਹੋਊ ਕਾਕਾ ਜੀ-ਓਦੋਂ ਆਪਣੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ। ਇੱਕ ਵਾਰੀ ਆਪਣੇ ਪਿੰਡ ਕਿਸੇ ਅੰਗਰੇਜ਼ ਮੋਹਕਮ ਨੇ ਆਉਣਾ ਸੀ। ਆਪਣੇ ਵੱਡੇ ਜੈਲਦਾਰ...ਵੇਖੀਂ ਬਈ ਤੇਰੇ ਬਾਬਾ ਜੀ, ਓਦੋਂ ਜਿਉਂਦੇ ਸੀ। ਆਪਣੇ ਸਾਰੇ ਪਿੰਡ 'ਚ ਬਸ ਆਪਣੇ ਘਰੇ ਈ ਸਵਾਰੀ ਹੁੰਦੀ ਸੀ। ਰੱਥ ਵੀ ਹੁੰਦਾ ਸੀ ਓਦੋਂ ਤਾਂ ਪਰ ਉਹ ਮੋਹਕਮ ਕਹਿੰਦੈ 'ਹਮ ਤੋ ਊਠ ਦੀ ਸਵਾਰੀ ਕਰੂੰਗਾ।' ਸਾਨੂੰ ਬੜਾ ਹਾਸਾ ਆਇਆ, ਬਈ ਊਠ ਦੀ ਵੀ ਕੋਈ ਸਵਾਰੀ ਹੋਈ?"
"ਖੈਰ ਜੀ, ਹੁਕਮ ਸੀ, ਬੋਤਾ ਛੰਗਾਰ ਕੇ ਅਸੀਂ ਲੈ-ਗੇ। ਮੇਰੀ ਉਮਰ ਓਦੋਂ ਵਾਹਵਾਹ ਸੀ, ਮਾੜੀ-ਮਾੜੀ ਮੁੱਛ ਫੁਟਦੀ ਹੋਊ।" ਖੰਡੇ ਨੇ ਖੰਘੂਰਾ ਮਾਰਿਆ ਤੇ ਬੁੱਕਲ ਸੂਤ ਕਰਦਿਆਂ ਰਤਾ ਹੌਲੀ ਹੋ ਗਿਆ। ਬਿੰਦ ਦਾ ਬਿੰਦ ਚੁੱਪ ਰਹਿ ਕੇ ਮੁੜ ਬੋਤੇ ਦੇ ਨਾਲ ਭੱਜਦਿਆਂ, ਚੜ੍ਹੇ ਸਾਹ ਨਾਲ ਗੱਲ ਅੱਗੇ ਤੋਰੀ।
"ਜਾਂ ਉਹ ਉਤੇ ਚੜ੍ਹਨ ਲੱਗਿਆ ਤਾਂ ਆਪਣੇ ਵੱਡੇ ਜੈਲਦਾਰ ਸਾਹਬ ਆਖਣ ਲੱਗੇ, 'ਸਾਬ੍ਹ, ਇਹ ਜਾਨਵਰ ਤਿੰਨ ਵਾਰੀ ਬੈਠਦਾ ਤੇ ਤਿੰਨ ਵਾਰੀ ਖੜ੍ਹਾ ਹੁੰਦੈ।' ਮੋਹਕਮ ਟੋਪ ਲਾਹ ਕੇ ਹੇਠ ਉਤੇ ਦੇਖਣ ਲੱਗ ਪਿਆ: 'ਤੀਨ ਬਾਰੀਂ!' ਉਹ 'ਕੇਰਾਂ ਤਾਂ ਹਰਾਨ ਜਿਹਾ ਹੋ ਗਿਆ ਪਰ ਫੇਰ ਸਾਲਾ ਬਾਂਦਰ-ਮੂੰਹਾਂ ਜਿਆ ਬਗਿਆੜ ਵਾਂਗੂੰ ਮੂੰਹ ਟੱਡ ਕੇ ਹੱਸ ਪਿਆ। ਕਹਿੰਦਾ 'ਚਾਹੇ ਸਾਤ ਬਾਰੀਂ ਊਠੇ-ਬੈਠੇ, ਹਮ ਸਭ ਕਾਬੂ ਕਰ ਲਏਂਗਾ-ਐਸੇ ਬੈਸੇ ਜਾਨਵਰ ਹਮ ਨੇ ਬਹੁਤ ਦੇਖੇ ਐ-ਸਭ ਕਾਬੂ ਕਰਨ ਕਾ ਢੰਗ ਹਮ ਕੋ ਆਉਂਦੈ।"
"ਖੈਰ ਜੀ ਉਹ ਚੜ੍ਹ ਤਾਂ ਗਿਆ, ਮੈਂ ਹੱਸਾਂ!- ਬੋਤਾ ਏਸੇ ਆਂਗੂ, ਐਂ ਕੇਰਾਂ ਭਰ-ਜੁਆਨ, ਨੇਛਾਂ ਆਲਾ! ਨਾਗ ਵਰਗਾ ਉਹਦਾ ਰੰਗ, ਕਿਤੇ ਧਰਤੀ ਉਤੇ ਪੈਰ ਲਾਵੇ, ਕਿਤੇ ਨਾ! ਮੈਂ ਚਿੱਤ 'ਚ ਆਖਿਆ, ਮੇਰਿਆ ਸਾਲਿਆ, ਤੂੰ ਆਵਦੇ ਮੁਲਖ 'ਚ ਐਸੇਬੈਸੇ ਜਾਨਵਰ ਕਾਬੂ ਕੀਤੇ ਹੋਣੇ ਐਂ, ਸਾਡੇ ਦੇਸ ਦੇ ਮਸਤੀ ਊਠ ਨ੍ਹੀਂ ਦੇਖੇ ਹੋਣੇ!"
"ਲੌ ਜੀ, ਕਾਕਾ ਜੀ, ਓਹਾ ਗੱਲ ਹੋਈ। ਆਪਣੇ ਪਿੰਡ ਦੇ ਪੱਖੋ ਦੇ ਸੰਨ੍ਹ 'ਚ ਓਦੋਂ ਚਾਰਪੰਜ ਕੋਹ 'ਚ ਟਿੱਬੇ ਤੇ ਝਿੜੀਆਂ ਹੁੰਦੀਆਂ ਸੀਆ-ਹ, ਮਾ-ਰ, ਰੋਹੀ ਬੀਆਬਾਨ। ਬੋਤਾ ਤਾਂ ਜੀ ਬੇਵਸਾ ਹੋ ਕੇ ਰੋਹੀਏਂ ਚੜ੍ਹ ਗਿਆ। ਆਪਣੇ ਜੈਲਦਾਰ ਸਾਹਬ ਕੋਲੇ ਘੋੜੀ ਸੀ-ਡੱਬੀ। ਉਨ੍ਹਾਂ ਨੇ ਬਥੇਰਾ ਜਤਨ ਕੀਤਾ ਬਈ ਕਿਸੇ ਤਰ੍ਹਾਂ ਬੋਤੇ ਨੂੰ ਮੂਹਰਿਓਂ ਵਲ ਲੈਣ-ਪਰ ਕਿੱਥੇ। ਮੂਹਰੇ-ਮੂਹਰੇ ਬੋਤਾ-ਤੇ ਮਗਰ ਮੋਹਕਮ ਦੇ ਅਮਲੇ ਫੈਲੇ ਤੇ ਅਹਿਲਕਾਰਾਂ ਦੀ ਪਦੀੜ ਪੈਂਦੀ ਤੁਰੀ ਜਾਏ ਦਬੜਕ, ਦਬੜਕ! ਤੇ ਮੇਰੀ ਹਾਸੀ ਨਾ ਬੰਦ ਹੋਵੇ।" ਤੇ ਖੰਡਾ ਚੜ੍ਹੇ ਸਾਹ ਨਾਲ ਹੁਣ ਵੀ ਜਿਉਂ ਹੱਸਣ ਲੱਗਿਆ, ਉਹਨੂੰ ਉਥੂ ਆ ਗਿਆ। ਬਿੰਦ ਦਾ ਬਿੰਦ ਉਹ ਫੇਰ ਹੌਲੀ ਹੋਇਆ, ਪਰ ਓਵੇਂ ਮੁੜ ਬੋਤੇ ਦੇ ਬਰਾਬਰ ਹੁੰਦਿਆਂ ਕਹਾਣੀ ਅੱਗੇ ਤੋਰ ਲਈ।
"ਲਓ ਜੀ, ਮੈਂ ਨਵਾਂ ਹਾਣ ਸੀ-ਨਾਲੇ ਮੈਂ ਈ ਓਸ ਬੋਤੇ ਨੂੰ ਪਾਲਿਆ ਸੀ, ਮੈਨੂੰ ਉਹਦੇ ਸਾਰੇ ਵੱਸਵਾਂ ਦਾ ਪਤਾ ਸੀ। ਇਹ ਵੀ ਮੈਨੂੰ ਪਤਾ ਸੀ ਬਈ ਉਹ ਕਿਹੜਿਆਂ ਟਿੱਬਿਆਂ-ਵਾਹਣਾਂ ਵੰਨੀਂ ਜਾਊ। ਮੈਨੂੰ ਜੈਲਦਾਰ ਸਾਹਬ ਨੇ ਅਸ਼ਾਰਾ ਕੀਤਾ ਤੇ ਮੈਂ ਲਾਂਗੜ ਕੱਸ ਕੇ, ਆਪਣੀ ਸੁੰਨੀ ਖੂਹੀ ਕੋਲੋਂ ਦੀ ਹੋ ਕੇ, ਜਿਉਂ ਚੱਲਿਆ, ਅੱਧ ਕੋਹ ਤੇ ਫੇਰ ਰੁਕਿਆ। ਪਰ ਮੈਨੂੰ ਉਹਦੀ ਰਗ ਦਾ ਪਤਾ ਸੀ। ਮੈਂ ਹੌਲੀ ਹੋ ਕੇ ਦੋ-ਚਾਰ ਬੁਸ਼ਕਰਾਂ ਮਾਰੀਆਂ, ਉਹ ਹੌਲੀ ਹੋ ਗਿਆ। ਉਤੋਂ ਉਸ ਬਾਂਦਰ-ਮੂੰਹੇਂ ਨੂੰ ਵੀ, ਮੈਨੂੰ ਵੇਖ ਕੇ ਕੁਸ਼ ਸੁਰਤ ਆ-ਗੀ ਤੇ ਉਹਨੇ ਵੀ ਮੁਹਾਰ ਫੜ ਕੇ ਸਾਰੇ ਜ਼ੋਰ ਨਾਲ ਐਸੀ ਖਿੱਚੀ ਬਈ ਬੋਤੇ ਦੀ ਧੌਣ ਮੁੜ ਕੇ ਪੁੱਠੀ ਹੋ ਗਈ।
"ਖੈਰ ਜੀ, ਮੈਂ ਭੱਜ ਕੇ ਬੋਤੇ ਦੇ ਗਲ ਨੂੰ ਜਾ ਚਿੰਬੜਿਆ ਤੇ ਮੋਹਕਮ ਤੋਂ ਮੁਹਾਰ ਫੜ ਕੇ ਮਸਾਂ ਖੜ੍ਹਾਇਆ। ਫੇਰ ਝਿੜਕ ਕੇ ਮੈਂ ਮੂਹਰੇ-ਮੂਹਰੇ ਮੁਹਾਰ ਫੜ ਕੇ ਤੁਰਿਆ, ਤਾਂ ਕਿਤੇ ਜਾ ਕੇ ਉਹ ਕਾਬੂ ਆਇਆ।
"ਜਦੋਂ ਫੇਰ ਅਸੀਂ ਝਿੜੀ ਵਿਚੋਂ ਈ, ਮਲ੍ਹਿਆਂ ਨਾਲ ਪਾਸੇ ਛਲੌਂਦੇ ਟਿੱਬੀਆਂ ਉਤੋਂ ਦੀ ਲੰਘੇ ਤਾਂ ਉਹ ਸਾਲਾ ਬਾਂਦਰ-ਮੂੰਹਾਂ ਜਿਆ ਆਸੇ-ਪਾਸੇ ਝਾਕ-ਝਾਕ ਆਖੇ, 'ਬਾਹ ਬਈ ਬਾਹ! ਇਹ ਤਾਂ ਬਹੁਤ ਖੂਬਸੂਰਤ ਐ, ਆਪ ਕਾ ਲਾਕਾ!' ਮੈਂ ਚਿੱਤ 'ਚ ਆਖਿਆ, ਜੇ ਮੈਂ ਨਾ ਹੁੰਦਾ ਤਾਂ ਹੁਣੇ ਤੈਨੂੰ ਪਤਾ ਲੱਗ ਜਾਂਦਾ ਖ਼ੂਬਸੂਰਤ 'ਲਾਕੇ ਦਾ! ਲੌ ਜੀ ਐਸੀ ਤਾਂ ਓਸ ਅੰਗਰੇਜ ਨਾਲ ਕੀਤੀ ਸੀ ਏਸ ਜਿੰਨ ਨੇ। ਰੱਬੋਂ ਈ ਬਚ ਗਿਆ, ਜੇ ਮੈਂ ਨਾ ਜਾਂਦਾ ਤਾਂ ਓਦੇਂ ਉਹ ਊਠ ਉਹਨੂੰ ਈਡਰ ਹੇਠਾਂ ਰਗੜ ਕੇ ਕਿਹੜਾ ਨਾ ਮਾਰ ਦਿੰਦਾ।"
ਖੰਡੇ ਦਾ ਸਾਹ ਬਹੁਤਾ ਈ ਚੜ੍ਹ ਗਿਆ ਸੀ। ਬੋਤਾ ਓਸੇ ਚਾਲ ਵਗ ਰਿਹਾ ਸੀ। ਜਸਵਿੰਦਰ ਨੂੰ ਉਹਦੀ ਕਹਾਣੀ ਸੁਣ ਕੇ ਸੱਚ-ਮੁੱਚ ਈ ਇਉਂ ਜਾਪਣ ਲੱਗ ਪਿਆ ਕਿ ਬੋਤਾ ਉਹਤੋਂ ਬੇ-ਕਾਬੂ ਹੋ ਕੇ ਰੋਹੀਏਂ ਚੜ੍ਹ ਜਾਏਗਾ... ਤੇ ਫੇਰ ਖੰਡਾ ਹੀ ਉਹਨੂੰ ਆ ਕੇ ਬਚਾਏਗਾ।
"ਆ ਜਾ ਤਾਇਆ, ਹਿੰਮਤ ਕਰ।" ਖੰਡੇ ਨੂੰ ਪਿਛਾਂਹ ਰਹਿੰਦਿਆਂ ਵੇਖ ਕੇ ਜਸਵਿੰਦਰ ਨੇ ਕਿਹਾ।
"ਚਲੋ ਚਲੋ, ਬਸ ਆਇਆ," ਫ਼ਲੀਟਾਂ ਵਿਚੋਂ ਰਾਹ ਦਾ ਰੇਤਾ ਕੱਢਦਿਆਂ ਖੰਡੇ ਨੇ ਧੀਮੀ ਵਾਜ ਨਾਲ ਕਿਹਾ, ਤੇ ਫੇਰ ਉਚੀ-ਉਚੀ ਆਪਮੁਹਾਰਾ ਈ ਬੋਲਣ ਲੱਗ ਪਿਆ, "ਹੁਣ ਤਾਂ ਕਾਕਾ ਜੀ ਬੁੜ੍ਹੇ ਹੋ-ਗੇ। ਜਮਾ ਈ ਨ੍ਹੀਂ ਸਾਹ-ਸਤ ਰਿਹਾ। ਤੁਸੀਂ ਤਾਂ ਖੈਰ ਆਪ ਪੜ੍ਹੇ-ਲਿਖੇ ਓਂ, ਹੁਣ ਸੋਲ੍ਹਵੀਂ ਸਤਾਰ੍ਹਵੀਂ 'ਚ ਪੜ੍ਹਦੇ ਹੋਓਂਗੇ, ਥੋਨੂੰ ਕੀ ਦੱਸਣੈਥੋਡੇ ਅੰਦਰ ਤਾਂ ਅੱਗੇ ਚਾਨਣ ਬਹੁਤ ਐ।...ਊਂ ਸਾਰੀਆਂ ਗੱਲਾਂ ਉਮਰ-ਸਿਰ ਦੀਆਂ ਹੁੰਦੀਐਂ।"
ਖੰਡਾ ਬੋਲਦਾ-ਬੋਲਦਾ ਫੇਰ ਬੋਤੇ ਦੇ ਮਗਰ ਭੱਜ ਤੁਰਿਆ ਸੀ, ਪਰ ਹੁਣ ਉਹਤੋਂ ਨਾਲ ਨਹੀਂ ਸੀ ਰਲਿਆ ਜਾ ਰਿਹਾ। ਬੋਤਾ ਮੁਹਾਰ ਖਿੱਚਿਆਂ ਵੀ ਹੌਲੀ ਨਹੀਂ ਸੀ ਹੋ ਰਿਹਾ। ਪੂਛ ਪੱਟਾਂ ਨਾਲ ਫੜਾਕ-ਫੜਾਕ ਮਾਰਦਿਆਂ, ਆਪਣੀ ਪੂਛ ਵਾਲੀ ਰੱਸੀ ਨਾਲ ਬੱਧੇ ਘੁੰਗਰੂਆਂ ਦੀ ਤਾਲ ਨਾਲ ਈ ਜਿਵੇਂ ਬੁੱਕਦਿਆਂ, ਉਹਦੇ ਪੈਰ ਕਾਹਲੇ ਹੁੰਦੇ ਜਾਂਦੇ ਸਨ।
ਠੰਡੀ ਹਵਾ ਦਾ ਇੱਕ ਤਿੱਖਾ ਬੁੱਲਾ ਆਇਆ ਤੇ ਜਸਵਿੰਦਰ ਦਾ ਲੂੰ-ਕੰਡਾ ਖੜ੍ਹਾ ਹੋ ਗਿਆ। ਫੱਗਣ ਦੇ ਮਹੀਨੇ ਏਡਾ ਬੁੱਲਾ। ਉਹਨੂੰ ਹੈਰਾਨੀ ਹੋਈ ਪਰ ਉਹਨੂੰ ਯਾਦ ਆਇਆ ਕਿ ਇਹ ਦੇਸੀ ਸਾਲ ਦਾ ਆਖਰੀ ਮਹੀਨਾ ਸੀ। ਇਹਨੂੰ ਲੋਕ 'ਖਚਰੀ-ਰੁੱਤ' ਵੀ ਕਹਿੰਦੇ ਹਨ। ਰੁੱਤ ਬਦਲ ਰਹੀ ਸੀ ਤੇ ਬਦਲਦੀ ਰੁੱਤ ਦੀ ਮਹਿਕ ਆਸੇ-ਪਾਸੇ ਦੀਆਂ ਪੈਲੀਆਂ ਤੇ ਰੁੱਖਾਂ ਵਿਚੋਂ ਮਹਿਸੂਸ ਹੋ ਰਹੀ ਸੀ...ਇਹ ਮਹਿਕ ਭਾਵੇਂ ਸੁਖਾਵੀਂ ਸੀ, ਪਰ ਬੋਤੇ ਦੀ ਹੱਥ ਵਿਚ ਫੜੀ ਮੁਹਾਰ ਵਿਚੋਂ ਉਹਨੂੰ ਅਜੀਬ ਜਿਹਾ ਮੁਸ਼ਕ ਆ ਰਿਹਾ ਸੀ ਜਿਸ ਨਾਲ ਜਿਵੇਂ ਉਹਨੂੰ ਸਾਹ ਕੁਝ ਖਿੱਚਵਾਂ ਆਉਣ ਲੱਗ ਪਿਆ ਸੀ।
ਉਸ ਭਉਂ ਕੇ ਵੇਖਿਆ, ਤਾਇਆ ਖੰਡਾ ਬਹੁਤਾ ਹੀ ਪਿਛਾਂਹ ਰਹਿ ਗਿਆ ਸੀ। ਉਹਦਾ ਦਿਲ ਧੜਕਿਆ: ਬੋਤਾ ਹੁਣ ਬੇਵੱਸਾ ਹੋਏਗਾ, ਉਸ ਤੋਂ ਸੰਭਾਲਿਆ ਨਹੀਂ ਜਾਣਾ, ਖੰਡੇ ਨੂੰ ਮਗਰ ਹੀ ਬਿਠਾ ਲੈਂਦਾ ਤਾਂ ਚੰਗਾ ਸੀ।
('ਮਸਤੀ ਬੋਤਾ' ਵਿਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ