Maharaja Ashok (Punjabi Story) : Sudarshan

ਮਹਾਰਾਜਾ ਅਸ਼ੋਕ (ਕਹਾਣੀ) : ਸੁਦਰਸ਼ਨ

ਜਦ ਮਹਾਰਾਜਾ ਅਸ਼ੋਕ ਤਖ਼ਤ 'ਤੇ ਬੈਠਾ ਤਾਂ ਉਹ ਬੜਾ ਪੱਥਰ ਦਿਲ ਅਤੇ ਜ਼ਾਲਮ ਸੀ । ਉਹ ਆਪਣੇ ਰਾਜਾ ਹੋਣ ਦਾ ਰੋਹਬ ਪਾਉਣ ਲਈ ਲੋਕਾਂ ਨੂੰ ਅਜਿਹੀਆਂ ਸਜ਼ਾਵਾਂ ਦਿੰਦਾ ਸੀ ਕਿ ਜਿਨ੍ਹਾਂ ਬਾਰੇ ਸੁਣ ਕੇ ਮਨੁੱਖ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ ।
ਉਸ ਦੀ ਰਾਜਧਾਨੀ ਦੇ ਨੇੜੇ ਹੀ ਇਕ ਇਮਾਰਤ ਬਣਾਈ ਗਈ ਸੀ ਜਿਸ ਦਾ ਨਾਂ ਉਸ ਨੇ 'ਨਰਕ' ਰੱਖਿਆ ਹੋਇਆ ਸੀ । ਇਸ ਭਵਨ ਵਿਚ ਮੁਜਰਿਮ ਨੂੰ ਸਜ਼ਾਵਾਂ ਦੇਣ ਦੇ ਬਹੁਤ ਹੀ ਖ਼ਤਰਨਾਕ ਤਰੀਕਿਆਂ ਦੇ ਵਸੀਲੇ ਬਣਾਏ ਗਏ ਸਨ ਕਿ ਜੋ ਇਕ ਵਾਰੀ ਇਸ ਭਵਨ ਵਿਚ ਲਿਆਂਦਾ ਜਾਏ ਉਹ ਮੁੜ ਕੇ ਬਾਹਰ ਜਾਣ ਜੋਗਾ ਨਾ ਰਹੇ । ਇਸ ਲਈ ਮੁਜਰਿਮ ਨੂੰ ਆਰੇ ਨਾਲ ਚੀਰਿਆ ਜਾਂਦਾ, ਉਬਲਦੇ ਤੇਲ ਵਿਚ ਸੁੱਟਿਆ ਜਾਂਦਾ, ਕਦੇ ਜਿਊਾਦੇ ਨੂੰ ਮਿੱਟੀ ਵਿਚ ਦੱਬਿਆ ਜਾਂਦਾ, ਕੁੱਤਿਆਂ ਤੋਂ ਨੁਚਵਾਇਆ ਜਾਂਦਾ । ਲੋਕ ਇਸ ਤਰ੍ਹਾਂ ਦੇ ਜ਼ੁਲਮ ਸਹਿ ਤਾਂ ਰਹੇ ਸਨ ਪਰ ਬੋਲਦੇ ਨਹੀਂ ਸਨ ਕਿਉਂਕਿ ਅਸ਼ੋਕ ਮਹਾਰਾਜਾ ਸੀ ਅਤੇ ਉਹਦੇ ਕੋਲ ਫ਼ੌਜ ਦੀ ਅਥਾਹ ਸ਼ਕਤੀ ਸੀ ।
ਤਖ਼ਤ 'ਤੇ ਬੈਠਣ ਤੋਂ ਬਾਅਦ ਅਸ਼ੋਕ ਨੇ ਨਾਲ ਦੇ ਰਾਜ ਕਾਲਿੰਗਾ ਦੇ ਰਾਜੇ 'ਤੇ ਹਮਲਾ ਕਰ ਦਿੱਤਾ । ਵਿਚਾਰੇ ਰਾਜੇ ਕੋਲ ਅਸ਼ੋਕ ਵਰਗੀ ਫ਼ੌਜ ਨਹੀਂ ਸੀ, ਇਸ ਲਈ ਉਹ ਹਾਰ ਗਿਆ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਭੱਜ ਗਿਆ । ਇਹ ਜਾਣ ਕੇ ਮਹਾਰਾਜਾ ਅਸ਼ੋਕ ਦੇ ਪੈਰ ਜ਼ਮੀਨ 'ਤੇ ਨਹੀਂ ਸਨ ਟਿਕ ਰਹੇ । ਉਸ ਨੇ ਕਾਲਿੰਗਾ ਰਾਜ 'ਤੇ ਕਬਜ਼ਾ ਕਰ ਲਿਆ । ਆਪਣੀ ਫ਼ੌਜ ਨੂੰ ਛੱਡ ਕੇ ਉਹ ਇਕੱਲਾ ਹੀ ਪਾਟਲੀਪੁੱਤਰ ਵੱਲ ਤੁਰ ਪਿਆ । ਰਾਤ ਦਾ ਸਮਾਂ ਸੀ, ਮਹਾਰਾਜਾ ਅਸ਼ੋਕ ਘੋੜੇ 'ਤੇ ਸਵਾਰ ਹੋ ਕੇ ਹੌਲੀ-ਹੌਲੀ ਜੰਗਲ ਵਿਚੋਂ ਲੰਘ ਰਿਹਾ ਸੀ । ਉਹਦਾ ਵਿਚਾਰ ਸੀ ਕਿ ਕੋਈ ਬਸਤੀ ਨਜ਼ਰ ਆ ਜਾਏ ਤਾਂ ਥੋੜ੍ਹੀ ਦੇਰ ਲਈ ਉਹ ਆਰਾਮ ਕਰ ਲਏ ਪਰ ਕੋਈ ਆਬਾਦੀ ਦੂਰ-ਦੂਰ ਤੱਕ ਨਜ਼ਰ ਨਹੀਂ ਆਈ ।
ਫਿਰ ਕੀ ਹੋਇਆ, ਇਕਦਮ ਇਕ ਸ਼ੇਰ ਝਾੜੀਆਂ ਵਿਚੋਂ ਨਿਕਲ ਆਇਆ ਅਤੇ ਉਸ ਨੇ ਅਸ਼ੋਕ 'ਤੇ ਹਮਲਾ ਕਰ ਦਿੱਤਾ । ਉਸ ਨੇ ਅਸ਼ੋਕ ਨੂੰ ਜ਼ਮੀਨ 'ਤੇ ਸੁੱਟ ਲਿਆ । ਇਹ ਸਮਾਂ ਬੜਾ ਨਾਜ਼ੁਕ ਸੀ । ਜੇਕਰ ਇਕ ਪਲ ਦੀ ਦੇਰ ਹੋ ਜਾਂਦੀ ਤਾਂ ਮਹਾਰਾਜੇ ਅਸ਼ੋਕ ਦਾ ਜੀਵਨ ਖ਼ਤਮ ਸੀ ਪਰ ਏਨੇ ਨੂੰ ਇਕ ਨੌਜਵਾਨ ਹੱਥ ਵਿਚ ਤਿਖੀ ਤਲਵਾਰ ਲਈ ਝੱਟ ਸਾਹਮਣੇ ਆ ਗਿਆ ਅਤੇ ਉਸ ਨੇ ਸ਼ੇਰ 'ਤੇ ਜ਼ੋਰਦਾਰ ਵਾਰ ਕਰ ਕੇ ਉਸ ਦਾ ਸਿਰ ਲਾਹ ਦਿੱਤਾ ਅਤੇ ਅਸ਼ੋਕ ਨੂੰ ਬਚਾ ਲਿਆ ।
ਇਹ ਨੌਜਵਾਨ ਕਾਲਿੰਗਾ ਦੇ ਰਾਜਾ ਮਰਗੇਂਦਰ ਸੈਨ ਦਾ ਬੇਟਾ ਜਤਿੰਦਰ ਸੀ ਜੋ ਅਸ਼ੋਕ ਦੇ ਹਮਲੇ ਤੋਂ ਬਾਅਦ ਆਪਣੇ ਮਾਤਾ-ਪਿਤਾ ਨਾਲ ਭੱਜਿਆ ਸੀ ਅਤੇ ਫਿਰ ਜੰਗਲ ਵਿਚ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ । ਉਸ ਨੇ ਮਹਾਰਾਜੇ ਅਸ਼ੋਕ ਨੂੰ ਪਹਿਚਾਣ ਲਿਆ ਪਰ ਇਹ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਉਹ ਵੀ ਰਾਜੇ ਦੀ ਔਲਾਦ ਹੈ । ਆਪਣੀ ਜਾਨ ਬਚਾਉਣ ਵਾਲੇ ਨੌਜਵਾਨ 'ਤੇ ਅਸ਼ੋਕ ਬਹੁਤ ਖੁਸ਼ ਸੀ, ਉਸ ਨੇ ਉਸ ਨੂੰ ਆਖਿਆ, 'ਨੌਜਵਾਨਾ, ਤੂੰ ਮੇਰੀ ਜਾਨ ਬਚਾਈ ਹੈ, ਮੈਂ ਤੇਰਾ ਅਹਿਸਾਨ ਮੰਨਦਾ ਹਾਂ ਤੂੰ ਆਪਣੀ ਕੋਈ ਇੱਛਾ ਦੱਸ । ਮੈਂ ਤੇਰੀ ਹਰ ਖਾਹਸ਼ ਪੂਰੀ ਕਰਾਂਗਾ ।' ਜਤਿੰਦਰ ਨੇ ਉੱਤਰ ਦਿੱਤਾ, 'ਮੈਂ ਜਾਣਦਾ ਹਾਂ ਕਿ ਤੁਸੀਂ ਮਹਾਰਾਜਾ ਅਸ਼ੋਕ ਹੋ ਜੋ ਚਾਹੋ ਕਰ ਸਕਦੇ ਹੋ ਪਰ ਮੈਂ ਤੁਹਾਡੀ ਜਾਨ ਬਚਾ ਕੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਮੈਂ ਆਪਣਾ ਇਨਸਾਨੀ ਫ਼ਰਜ਼ ਪੂਰਾ ਕੀਤਾ ਹੈ । ਮੈਂ ਇਨਸਾਨ ਹਾਂ ਤੇ ਹਰ ਇਨਸਾਨ ਦਾ ਫ਼ਰਜ਼ ਹੈ ਕਿ ਉਹ ਦੂਜੇ ਇਨਸਾਨ ਦੀ ਮਦਦ ਕਰੇ ।'
ਇਕ ਤਾਂ ਇਹ ਮੁੰਡਾ ਸੋਹਣਾ ਸੁਨੱਖਾ ਸੀ । ਉਸ ਦੀ ਆਵਾਜ਼ ਮਿੱਠੀ ਸੀ । ਉਸ ਨੇ ਮਹਾਰਾਜਾ ਅਸ਼ੋਕ ਦੀ ਜਾਨ ਬਚਾਈ ਸੀ । ਇਸ ਲਈ ਮਹਾਰਾਜੇ ਅਸ਼ੋਕ ਜੀ ਦੇ ਦਿਲ ਵਿਚ ਉਸ ਲਈ ਡੂੰਘਾ ਪਿਆਰ ਪੈਦਾ ਹੋ ਗਿਆ ਸੀ । ਮਹਾਰਾਜਾ ਅਸ਼ੋਕ ਉਸ ਨੂੰ ਆਪਣੇ ਨਾਲ ਪਾਟਲੀਪੁੱਤਰ ਲੈ ਗਿਆ ਅਤੇ ਉਸ ਨੇ ਆਪਣੇ ਮਹਿਲ ਵਿਚ ਰਹਿਣ ਲਈ ਕਮਰਾ ਦੇ ਦਿੱਤਾ । ਜਤਿੰਦਰ ਵਿਚ ਸਿਰਫ਼ ਬਹਾਦਰੀ ਦਾ ਗੁਣ ਹੀ ਨਹੀਂ ਸੀ ਉਸ ਦੀ ਸ਼ਖ਼ਸੀਅਤ ਵਿਚ ਹੋਰ ਵੀ ਬਹੁਤ ਸਾਰੇ ਗੁਣ ਸਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋਇਆ ਮਹਾਰਾਜਾ ਅਸ਼ੋਕ ਉਸ ਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਦਿਲੋਂ ਉਸ ਨੂੰ ਆਪਣਾ ਪੁੱਤਰ ਮੰਨਣ ਲੱਗ ਪਿਆ ਤੇ ਫਿਰ ਉਹਦੇ ਪਿਆਰ ਦੀ ਹਾਲਤ ਇਹ ਹੋ ਗਈ ਕਿ ਜਦੋਂ ਤੱਕ ਉਹ ਜਤਿੰਦਰ ਨੂੰ ਵੇਖ ਨਾ ਲੈਂਦਾ ਉਸ ਦੇ ਦਿਲ ਨੂੰ ਚੈਨ ਨਾ ਮਿਲਦਾ ।
ਦੂਜੇ ਪਾਸੇ ਮਹਾਰਾਜਾ ਅਸ਼ੋਕ ਨੇ ਐਲਾਨ ਕਰ ਦਿੱਤਾ ਕਿ ਕਾਲਿੰਗਾ ਦੇ ਰਾਜੇ ਦਾ ਪੁੱਤਰ ਜਤਿੰਦਰ ਸਾਥੋਂ ਹਾਰੀ ਹੋਈ ਫ਼ੌਜ ਦਾ ਆਗੂ ਸੀ । ਉਸ ਨੂੰ ਗਿ੍ਫ਼ਤਾਰ ਕਰਾਉਣ ਜਾਂ ਕਰਨ ਵਾਲੇ ਨੂੰ ਇਕ ਹਜ਼ਾਰ ਅਸ਼ਰਫ਼ੀ (ਸੋਨੇ ਦਾ ਸਿੱਕਾ) ਇਨਾਮ ਦਿੱਤਾ ਜਾਏਗਾ । ਉਸ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਨੌਜਵਾਨ ਨੂੰ ਮੈਂ ਗਿ੍ਫ਼ਤਾਰ ਕਰਨਾ ਚਾਹੁੰਦਾ ਹਾਂ ਉਹ ਉਹੀ ਹੈ ਜਿਸ ਨੇ ਮੇਰੀ ਜਾਨ ਬਚਾਈ ਹੈ ਤੇ ਮੇਰੇ ਦਿਲ ਦੀ ਧੜਕਣ ਬਣ ਚੁੱਕਿਆ ਹੈ ।
ਇਕ ਦਿਨ ਮਹਾਰਾਜਾ ਅਸ਼ੋਕ ਨੇ ਇਕ ਮੁਜਰਿਮ ਨੂੰ ਸਜ਼ਾ ਦਿੱਤੀ ਅਤੇ ਉਸ ਨੂੰ ਇਕ ਲਿਖਤ ਆਰਡਰ ਦੇ ਕੇ ਆਪਣੇ ਸਿਪਾਹੀਆਂ ਦੇ ਪਹਿਰੇ ਹੇਠ ਨਰਕ ਭਵਨ ਵੱਲ ਭੇਜ ਦਿੱਤਾ । ਉਸ ਆਰਡਰ ਵਿਚ ਲਿਖਿਆ ਸੀ ਕਿ ਇਹ ਆਰਡਰ ਲੈ ਕੇ ਆਉਣ ਵਾਲੇ ਨੂੰ ਉਬਲਦੇ ਹੋਏ ਤੇਲ ਦੇ ਕੜਾਹੇ ਵਿਚ ਪਾ ਕੇ ਮਾਰ ਦਿੱਤਾ ਜਾਏ । ਪਰ ਇਸ ਗੱਲ ਦਾ ਪਤਾ ਲਿਖੇ ਆਰਡਰ ਨੂੰ ਲੈ ਕੇ ਆਉਣ ਵਾਲੇ ਨੂੰ ਪਤਾ ਨਹੀਂ ਸੀ ।
ਜਦੋਂ ਸਿਪਾਹੀ ਅਤੇ ਮੁਜਰਿਮ ਅੱਧਾ ਕੁ ਰਸਤਾ ਪਾਰ ਕਰ ਚੁੱਕੇ ਤਾਂ ਉਹ ਕਾਫੀ ਥੱਕ ਚੁੱਕੇ ਸਨ । ਸਾਰੇ ਰੁੱਖਾਂ ਦੇ ਸਾਏ ਹੇਠ ਲੰਮੇ ਪੈ ਗਏ, ਦੁਪਹਿਰ ਦਾ ਸਮਾਂ ਸੀ, ਠੰਢੀ-ਠੰਢੀ ਹਵਾ ਚੱਲ ਰਹੀ ਸੀ । ਥੱਕੇ ਹੋਣ ਕਰਕੇ ਝੱਟ ਸੌਂ ਗਏ ।
ਇਹ ਇਤਫਾਕ ਦੀ ਗੱਲ ਹੈ ਕਿ ਜਤਿੰਦਰ ਵੀ ਉਸੇ ਜੰਗਲ ਵਿਚ ਘੁੰਮ ਰਿਹਾ ਸੀ, ਘੁੰਮਦਾ ਹੋਇਆ ਉਹ ਵੀ ਸੁੱਤੇ ਹੋਏ ਸਿਪਾਹੀਆਂ ਅਤੇ ਮੁਜਰਿਮ ਕੋਲ ਪਹੁੰਚ ਗਿਆ । ਉਸ ਨੇ ਤੁਰੰਤ ਪਛਾਣ ਲਿਆ ਕਿ ਵਿਚਾਲੇ ਸੁੱਤਾ ਪਿਆ ਬੰਦਾ ਹੀ ਮੁਜਰਿਮ ਹੈ ਅਤੇ ਅਗਲ ਬਗਲ ਸੁੱਤੇ ਪਏ ਸਰਕਾਰੀ ਬੰਦੇ ਹਨ । ਉਸ ਨੇ ਹੌਲੀ ਜਿਹੀ ਮੁਜਰਿਮ ਨੂੰ ਜਗਾਇਆ ਅਤੇ ਉਸ ਤੋਂ ਸਰਕਾਰੀ ਆਰਡਰ ਲੈ ਕੇ ਪੜ੍ਹਿਆ । ਉਸੇ ਸਮੇਂ ਉਸ ਨੂੰ ਖਿਆਲ ਆਇਆ ਕਿ ਮਰਗੇਂਦਰ ਸੈਨ ਦਾ ਪੁੱਤਰ ਹਾਂ ਮੇਰੀ ਗ੍ਰਿਫ਼ਤਾਰੀ ਲਈ ਵੱਡਾ ਇਨਾਮ ਐਲਾਨਿਆ ਗਿਆ ਹੈ । ਪਤਾ ਨਹੀਂ ਮੈਂ ਕਿਸ ਵੇਲੇ ਫੜਿਆ ਜਾਵਾਂ, ਫਿਰ ਮੇਰੀ ਮੌਤ ਤਾਂ ਪੱਕੀ ਹੈ । ਜੇਕਰ ਮੈਂ ਇਸ ਸਮੇਂ ਇਸ ਬੰਦੇ ਨੂੰ ਬਚਾ ਲਵਾਂ ਤਾਂ ਇਹ ਬਚ ਜਾਏਗਾ । ਇਸ ਦੇ ਬਾਲ ਬੱਚੇ ਭੁੱਖੇ ਨਹੀਂ ਮਰਨਗੇ ।
ਇਹ ਸੋਚ ਕੇ ਜਤਿੰਦਰ ਨੇ ਉਸ ਮੁਜਰਿਮ ਨੂੰ ਭਜਾ ਦਿੱਤਾ ਅਤੇ ਉਹ ਸਰਕਾਰੀ ਆਰਡਰ ਵਾਲਾ ਕਾਗਜ਼ ਆਪਣੀ ਜੇਬ ਵਿਚ ਕੇ ਸਿਪਾਹੀਆਂ ਦੇ ਵਿਚਾਲੇ ਲੇਟ ਗਿਆ ਅਤੇ ਜਦੋਂ ਸਿਪਾਹੀ ਜਾਗੇ ਤਾਂ ਬੜੇ ਹੈਰਾਨ ਹੋਏ ਪਰ ਆਪਣੀ ਜਾਨ ਅਤੇ ਨੌਕਰੀ ਬਚਾਉਣ ਦੀ ਖਾਤਿਰ ਚੁੱਪ ਰਹੇ ਅਤੇ ਨਵੇਂ ਬੰਦੇ ਨੂੰ ਲੈ ਕੇ ਨਰਕ ਦੇ ਅਫ਼ਸਰ ਦੇ ਹਵਾਲੇ ਕਰ ਦਿੱਤਾ ।
ਉਸ ਅਫ਼ਸਰ ਨੂੰ ਕੀ ਪਤਾ ਸੀ ਕਿ ਇਹ ਉਹ ਮੁਜਰਿਮ ਨਹੀਂ ਹੈ ਜਿਸ ਨੂੰ ਮਹਾਰਾਜੇ ਅਸ਼ੋਕ ਨੇ ਭੇਜਿਆ ਸੀ । ਉਸ ਨੇ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਤੇਲ ਦਾ ਕੜਾਹਾ ਅੱਗ 'ਤੇ ਚੜ੍ਹਾ ਦਿੱਤਾ ਜਾਏ ।
ਦੂਜੇ ਪਾਸੇ ਮਹਾਰਾਜਾ ਅਸ਼ੋਕ ਨੂੰ ਖਿਆਲ ਆਇਆ ਕਿ ਚਲੋ ਚੱਲ ਕੇ ਵੇਖੀਏ ਕਿ ਗੁਨਾਹਗਾਰ ਕਿਸ ਤਰ੍ਹਾਂ ਮਰਦਾ ਹੈ ਅਤੇ ਮੇਰੇ ਆਦਮੀ ਉਸ ਨੂੰ ਕਿਸ ਤਰ੍ਹਾਂ ਮਾਰਦੇ ਹਨ ਪਰ ਜਦੋਂ ਉਹ ਜੰਗਲ ਵਿਚ ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਮੁਜਰਿਮ ਤੁਰਿਆ ਆ ਰਿਹਾ ਹੈ । ਅਸ਼ੋਕ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ । ਉਸ ਨੇ ਉਸ ਨੂੰ ਪੁੱਛਿਆ, 'ਮੈਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਸੀ ਤੂੰ ਬਚ ਕੇ ਕਿਧਰ ਜਾ ਰਿਹਾ ਏਂ ?'
ਮੁਜਰਿਮ ਕੰਬ ਗਿਆ ਪਰ ਥੋੜ੍ਹਾ ਹੌਸਲਾ ਰੱਖ ਕੇ ਆਖਣ ਲੱਗਾ, 'ਮੈਨੂੰ ਇਕ ਨੌਜਵਾਨ ਨੇ ਭਜਾਇਆ ਅਤੇ ਸਰਕਾਰੀ ਆਰਡਰ ਲੈ ਕੇ ਆਪ ਸਿਪਾਹੀਆਂ ਨਾਲ ਚਲਾ ਗਿਆ ।'
'ਕੀ ਉਸ ਨੌਜਵਾਨ ਨੇ ਸਰਕਾਰੀ ਆਰਡਰ ਪੜ੍ਹਿਆ ਸੀ?'
'ਜੀ, ਜਨਾਬ ਉਸ ਨੇ ਪੜ੍ਹ ਲਿਆ ਸੀ ।' ਮਹਾਰਾਜਾ ਅਸ਼ੋਕ ਦਾ ਗੁੱਸਾ ਹੈਰਾਨੀ ਵਿਚ ਬਦਲ ਗਿਆ । ਉਸ ਨੇ ਹੌਲੀ ਜਿਹੀ ਪੁੱਛਿਆ, 'ਉਸ ਨੌਜਵਾਨ ਦੀ ਸ਼ਕਲ ਸੂਰਤ ਕੇਹੋ ਜਿਹੀ ਸੀ?'
'ਗੋਰਾ ਰੰਗ, ਚੌੜਾ ਮੱਥਾ, ਮੋਟੀਆਂ-ਮੋਟੀਆਂ ਅੱਖਾਂ'... 'ਤੇ ਆਵਾਜ਼?'
'ਬੜੀ ਮਿੱਠੀ, ਬੜੇ ਸੋਹਣੇ ਢੰਗ ਨਾਲ ਬੋਲਦਾ ਹੈ', ਮਹਾਰਾਜਾ ਅਸ਼ੋਕ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਨੌਜਵਾਨ ਉਹੀ ਹੈ ਜਿਸ ਨੇ ਮੇਰੀ ਜਾਨ ਬਚਾਈ ਸੀ । ਉਸ ਨੂੰ ਤਰੇਲੀਆਂ ਆਉਣ ਲੱਗ ਪਈਆਂ । ਉਹ ਬੜੀ ਤੇਜ਼ੀ ਨਾਲ ਨਰਕ ਭਵਨ ਵੱਲ ਭੱਜਿਆ । ਉਸ ਦੇ ਮਨ ਵਿਚ ਬਸ ਇਹੋ ਖਿਆਲ ਸੀ ਕਿ ਕਿਸੇ ਵੀ ਤਰ੍ਹਾਂ ਮੈਨੂੰ ਬਚਾਉਣ ਵਾਲਾ ਬਚ ਜਾਏ । ਉਹ ਛੇਤੀ ਹੀ ਨਰਕ ਭਵਨ ਪਹੁੰਚਿਆ ਅਤੇ ਵੇਖਿਆ ਕਿ ਜੱਲਾਦ ਉਸ ਨੂੰ ਉੱਬਲ ਰਹੇ ਤੇਲ ਵਿਚ ਪਾ ਰਿਹਾ ਹੈ । ਉਸ ਦੇ ਹੱਥ-ਪੈਰ ਜੰਜ਼ੀਰਾਂ ਨਾਲ ਜਕੜੇ ਹੋਏ ਸਨ । ਉਸ ਨੇ ਉਸ ਨੌਜਵਾਨ ਨੂੰ ਤੇਲ ਵਾਲੇ ਕੜਾਹੇ ਵਿਚ ਪਾਇਆ ਹੀ ਸੀ ਕਿ ਅਸ਼ੋਕ ਨੇ ਉਸ ਨੂੰ ਪਹਿਚਾਣ ਲਿਆ ਅਤੇ ਜ਼ੋਰ ਨਾਲ ਹੁਕਮ ਦਿੱਤਾ ਕਿ ਇਸ ਨੂੰ ਤੁਰੰਤ ਕੜਾਹੇ ਵਿਚੋਂ ਬਾਹਰ ਕੱਢੋ । ਅਸ਼ੋਕ ਦਾ ਹੁਕਮ ਸੁਣ ਕੇ ਉਸ ਨੂੰ ਕੜਾਹੇ ਵਿਚੋਂ ਬਾਹਰ ਕੱਢ ਲਿਆ ਗਿਆ, ਅਸ਼ੋਕ ਨੇ ਹਕੀਮਾਂ ਨੂੰ ਉਸ ਨੌਜਵਾਨ ਦੇ ਇਲਾਜ ਲਈ ਦਿਨ-ਰਾਤ ਇਕ ਕਰਨ ਦਾ ਆਦੇਸ਼ ਦਿੱਤਾ । ਹਕੀਮਾਂ ਦੀ ਮਿਹਨਤ ਅਤੇ ਲਗਨ ਕੰਮ ਆਈ ਅਤੇ ਜਤਿੰਦਰ ਛੇਤੀ ਹੀ ਤੰਦਰੁਸਤ ਹੋ ਗਿਆ ।
ਤੇ ਫਿਰ ਮਹਾਰਾਜਾ ਅਸ਼ੋਕ ਨੇ ਨਰਕ ਭਵਨ ਵਾਲੀ ਬਿਲਡਿੰਗ ਢਾਹ ਦਿੱਤੀ । ਮੁਜਰਿਮ ਨੂੰ ਸਜ਼ਾ ਦੇਣ ਵਾਲੇ ਜ਼ਾਲਮਾਨਾਂ ਤਰੀਕੇ ਛੱਡ ਦਿੱਤੇ ਗਏ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਮਰਗੇਂਦਰ ਸੈਨ ਦਾ ਪੁੱਤਰ ਜਤਿੰਦਰ ਹੈ ਤਾਂ ਉਸ ਦੀ ਗ੍ਰਿਫ਼ਤਾਰੀ ਦਾ ਹੁਕਮ ਰੱਦ ਕਰ ਦਿੱਤਾ । ਉਸ ਨੂੰ ਮੌਤ ਦੀ ਸਜ਼ਾ ਦੇਣੀ ਰੱਦ ਕਰ ਦਿੱਤੀ ਅਤੇ ਉਸ ਦੀ ਜਾਨ ਬਖ਼ਸ਼ੀ ਕਰ ਦਿੱਤੀ । ਅਸ਼ੋਕ ਨੇ ਜਤਿੰਦਰ ਦੇ ਪਿਤਾ ਦਾ ਜਿੱਤਿਆ ਹੋਇਆ ਰਾਜ ਉਸ ਨੂੰ ਵਾਪਸ ਕਰ ਦਿੱਤਾ ਅਤੇ ਉਸ ਤੋਂ ਬਾਅਦ ਪੂਰਾ ਜੀਵਨ ਕਿਸੇ ਰਾਜੇ 'ਤੇ ਹਮਲਾ ਨਹੀਂ ਕੀਤਾ ।

(ਅਨੁਵਾਦ: ਸੁਰਜੀਤ ਪੰਛੀ)

  • ਮੁੱਖ ਪੰਨਾ : ਸੁਦਰਸ਼ਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ