Maara Banda (Punjabi Story) : Prem Parkash

ਮਾੜਾ ਬੰਦਾ (ਕਹਾਣੀ) : ਪ੍ਰੇਮ ਪ੍ਰਕਾਸ਼

ਉਹ ਉੱਥੇ ਹੀ ਖੜ੍ਹਾ ਸੀ ।
ਮੇਰੀ ਪਤਨੀ ਨੇ ਮੈਥੋਂ ਚੋਰੀ-ਚੋਰੀ ਰਸੋਈ 'ਚੋਂ ਨਿਕਲ਼ ਕੇ ਉਹਨੂੰ ਦੋ ਵਾਰ ਦੇਖਿਆ । ਫੇਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ । ਮੈਂ ਖਿਝੀ ਨਜ਼ਰ ਨਾਲ਼ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ ।
ਮੈਂ ਮੇਜ਼ 'ਤੇ ਬਹਿ ਕੇ ਫੇਰ ਉਹੀ ਚਿੱਠੀ ਲਿਖਣ ਦਾ ਜਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ । ਜੰਗਲ਼ਾਤ ਦੇ ਅਫ਼ਸਰ, ਆਪਣੀ ਭੂਆ ਦੇ ਪੁੱਤਰ-ਭਰਾ ਨੂੰ ਫ਼ਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ । ਸਾਈਜ਼ ਤੇ ਡਿਜ਼ਾਈਨ ਲਿਖਣ ਵੇਲ਼ੇ ਗੱਲ ਉਲ਼ਝ ਗਈ ਸੀ । ਜ਼ਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ''ਹੈਂ ਜੀ, ਉਹ ਉੁੱਥੇ ਈ ਖਲੋਤੈ!''
ਪਤਨੀ ਹਾਲੇ ਵੀ ਬੇਚੈਨ ਸੀ । ਮੈਂ ਚਾਹੁੰਦਾ ਸੀ ਪਈ ਉਹਦਾ ਧਿਆਨ ਹੀ ਨਾ ਕਰੇ । ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ । ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ । ਉਹ ਉਂਜੇ ਖਲੋਤਾ ਸੀ-ਚੌਕ ਦੇ ਖੱਬੇ ਪਾਸੇ, ਆਪਣੇ ਰਿਕਸ਼ੇ ਦਾ ਰੁਖ਼ ਪਾਰਕ ਵੱਲ ਨੂੰ ਕਰ ਕੇ । ਪਹਿਲਾਂ ਉਹ ਰਿਕਸ਼ੇ ਦੀ ਗੱਦੀ 'ਤੇ ਬੈਠਾ ਸੀ । ਫੇਰ ਉਹ ਪੈਡਲਾਂ 'ਤੇ ਖਲੋ ਗਿਆ । ਹੁਣ ਉਹਨੇ ਕਾਠੀ 'ਤੇ ਕੂਹਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ । ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ ।
ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ । ਘੱਟੋ-ਘੱਟ ਉਦੋਂ ਉਹ ਖ਼ਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ਼ ਕੋਈ ਲੈਣ-ਦੇਣ ਹੀ ਨਾ ਹੋਵੇ । ਕੁੱਬੀ ਹੋਈ ਉਹਦੀ ਪਿੱਠ 'ਤੇ ਸੱਜੇ ਮੋਢੇ ਦੀ ਹੱਡੀ ਤੱਕ, ਭੈੜੀ ਜਿਹੀ ਬੁਸ਼ਰਟ 'ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ । ਕੱਛੇ ਹੇਠ ਕਾਲ਼ੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ਼ ਮੈਲ਼ੇ, ਉਲਝੇ ਹੋਏ ਸਨ । ਉਹਨੂੰ ਵੇਖ ਕੇ ਈ ਦਿਲ ਖ਼ਰਾਬ ਹੁੰਦਾ ਸੀ । ਜੇ ਉਹਦੀ ਫੋਟੇ ਖਿੱਚ ਕੇ ਅਖ਼ਬਾਰ 'ਚ ਛਾਪੀ ਜਾਵੇ ਤੇ ਹੇਠਾਂ ਲਿਖ ਦਿੱਤਾ ਜਾਵੇ-ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇੱਕਲੌਤੇ ਪੁੱਤਰ ਨੂੰ ਕਤਲ ਕਰ ਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ-ਤਾਂ ਲੋਕ ਸੱਚ ਮੰਨ ਲੈਣਗੇ । ਇਹਦੀਆਂ ਭੁੱਖੀਆਂ-ਭੁੱਖੀਆਂ ਨਜ਼ਰਾਂ ਏਸ ਤਰ੍ਹਾਂ ਹੈਰਾਨੀ ਨਾਲ਼ ਵੇਖਦੀਆਂ ਨੇ, ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ ......ਕਮੀਨੀਆਂ ਜਿਹੀਆਂ ।
ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰ ਕੇ, ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ । ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ ਦੋ ਰੁਪਏ ਬੁੜ-ਬੁੜ ਕਰਕੇ ਵਗਾਹ ਮਾਰੇ ਸਨ ਤਾਂ ਮੇਰਾ ਦਿਲ ਕੀਤਾ ਸੀ ਪਈ ਉਹਨੂੰ ਵਾਲ਼ਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਂਹਵਾਂ ਦੇ ਕਾਨੇ ਮਰੋੜ ਦਿਆਂ ।
ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ । ਕੁਝ ਮੈਂ ਆਪ ਵੀ ਚੁੱਪ ਕਰ ਗਿਆ ਪਈ ਏਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ, ਛਿੱਟੇ ਹੀ ਪੈਣਗੇ । ਉਹ ਨਿੱਕੀ ਜਿਹੀ ਗਾਲ੍ਹ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ਼ ਆਦਮੀ ਮਿੱਟੀ ਹੋ ਜਾਂਦਾ ਏ । ਫੇਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲ੍ਹਾਂ ਕੱਢ ਲਵੇ, ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਏ ।
ਉਂਞ ਵੀ ਮੈਂ ਨਹੀਂ ਚਾਹੁੰਦਾ ਪਈ ਮਾੜੇ ਬੰਦੇ ਨਾਲ਼ ਲੜਿਆ ਜਾਵੇ । ਪਰ ਇਹ ਬੇਇਨਸਾਫ਼ੀ ਵੀ ਸਹਿ ਨਹੀਂ ਹੁੰਦੀ । ਸਬਜ਼ੀ-ਮੰਡੀ ਤੋਂ ਇਥੋਂ ਤੱਕ ਦੇ ਦੋ ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ । ਫੇਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਏ ਇਹਨਾਂ ਦਾ ਮੰਗਣ ਦਾ ਜਾਂ ਠੱਗਣ ਦਾ । ਪਹਿਲਾਂ ਕਹਿਣਗੇ, ਜੋ ਮਰਜ਼ੀ ਦੇ ਦਿਉ । ਪਰ ਲੈਣ ਵੇਲ਼ੇ ਆਪਣੀ ਮਰਜ਼ੀ ਦੇ ਲੈਣਗੇ । ਜੇ ਪੈਸੇ ਤੈਅ ਕਰ ਲਉ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ-ਬੀਬੀ ਜੀ, ਇਹ ਤਾਂ ਬੜੀ ਦੂਰ ਏ । ਸ਼ਹਿਰ ਦਾ ਦੂਜਾ ਪਾਸਾ ਆ ਗਿਆ । ਮਾਡਲ ਟਾਊਨ ਤਾਂ ਡੂਢ ਮੀਲ ਲੰਮਾ ਏ, ਗ਼ਰੀਬ ਆਦਮੀ ਨੂੰ ਮਾਰ ਲਿਆ । ਏਸ ਵੇਲ਼ੇ ਕੋਈ ਏਨੀ ਦੂਰ ਕਾਹਨੂੰ ਆਉਂਦਾ ਏ ।
ਅੱਜ ਤਾਂ ਦੁਪਹਿਰ ਦੇ ਦੋ ਹੀ ਵੱਜੇ ਸਨ । ਇਹਦਾ ਖ਼ਿਆਲ ਸੀ ਪਈ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜ਼ਨਾਨੀ ਨੂੰ ਠੱਗ ਲਵਾਂਗੇ । ਰਿਕਸ਼ਾ ਰੋਕ ਕੇ ਕਹਿੰਦਾਇਹ ਤਾਂ ਬੀਬੀ ਜੀ ਸ਼ਕਤੀ ਨਗਰ ਈ ਆ ਗਿਆ । ਸੜਕ ਟੁੱਟੀ ਪਈ ਏ । ਤਿੰਨ ਰੁਪਏ ਦਿਓ ।
ਅਵਾਜ਼ ਸੁਣ ਕੇ ਮੈਂ ਬਾਹਰ ਨਿਕਲ਼ ਆਇਆ । ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ ਦੋ ਰੁਪਏ ਵਗਾਹ ਸੁੱਟੇ । ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ-ਗ਼ਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ-ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ਼ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ । ਮੈਨੂੰ ਪਤਾ ਸੀ ਪਈ ਉਹ ਇੱਕ ਰੁਪਇਆ ਵੱਧ ਮੰਗ ਕੇ ਪੰਜਾਹ ਪੈਸੇ ਵੱਧ ਲੈਣਾ ਚਾਹੁੰਦਾ ਸੀ । ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾਲ਼, ਮਿੰਨਤ ਨਾ ਸਹੀ, ਨਿਮਰਤਾ ਨਾਲ਼ ਕਹਿੰਦਾ ਪਈ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ, ਇਹ ਦੂਰ ਨਿਕਲ਼ੀ । ਮੈਨੂੰ ਪੰਜਾਹ ਪੈਸੇ ਹੋਰ ਦੇ ਦਿਉ । ਉਹਨੂੰ ਉਸੇ ਵੇਲ਼ੇ ਮਿਲ਼ ਜਾਣੇ ਸਨ । ਭਗਤਣੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗ਼ਰੀਬ-ਗ਼ੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਏ । ਇਹਨੇ ਤਾਂ ਫੇਰ ਵੀ ਉਹਨੂੰ ਢੋ ਕੇ ਲਿਆਂਦਾ ਸੀ । ਪਰ ਪੁਆੜਾ ਪੈ ਗਿਆ ਉਹਦੇ ਰੁਪਏ ਸੁੱਟਣ ਅਤੇ ਮੇਰੇ ਗਰਮ ਹੋਣ 'ਤੇ ।
ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ਼ ਲੈ ਆਈ, ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹਨੂੰ ਵੇਖ ਆਈ । ਕੁਰਸੀ 'ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ । ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ''ਛੱਡੋ ਪਰੇ ਤਿੰਨ ਰੁਪਏ ਹੀ ਨੇ, ਦੇ ਦਿਓ, ਆਹ!''
''ਨਹੀਂ ।'' ਮੈਂ ਇੱਕੋ ਸ਼ਬਦ ਬੋਲਿਆ ।
''ਉਹ ਗ਼ਰੀਬ ਏ, ਪੈਸੇ ਡਿਗ ਵੀ ਪੈਂਦੇ ਨੇ । ਬੱਚੇ ਰੋਜ਼ ਰੁਪਇਆ ਦੋ ਰੁਪਏ ਖ਼ਰਚ ਦੇਂਦੇ ਨੇ । ਕਿੰਨੇ ਪੈਸੇ ਐਵੇਂ ਰੋਹੜ ਛੱਡੀਦੇ ਨੇ ।'' ਉਹ ਰਿਕਸ਼ੇ ਵਾਲ਼ੇ ਦੀ ਵਕੀਲ ਬਣੀ ਬੈਠੀ ਸੀ । ਹਮਰਦਰਦੀ ਨਾਲ਼ ਜਾਂ ਡਰ ਨਾਲ਼ । ਉਂਞ ਉਹਦੀ ਗੱਲ ਠੀਕ ਸੀ । ਮੈਂ ਰੋਜ਼ ਤਿੰਨ-ਢਾਈ ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ । ਮਹੀਨੇ 'ਚ ਦੋ-ਤਿੰਨ ਵਾਰ ਸਿਨਮਾ ਦੇਖਦਾ ਹਾਂ ।
''ਡੈਡੀ, ਰਿਕਸ਼ੇ ਵਾਲ਼ਾ ਉੱਥੇ ਖਲੋਤਾ । ......ਇੱਕ ਬੰਦੇ ਨੇ ਪੁੱਛਿਆ, ਚੱਲਣਾ ਈ ਕੰਪਨੀ ਬਾਗ਼-ਕਹਿੰਦਾ ਨਹੀਂ ।'' ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ ।
ਬੇਵਕੂਫ਼, ਜਾਹਲ, ਤਦੇ ਸਾਲ਼ੇ ਗ਼ਰੀਬ ਨੇ । ਨਾਜਾਇਜ਼ ਤਰੀਕੇ ਨਾਲ਼ ਇੱਕ ਰੁਪਇਆ ਕਮਾਉਣ ਬਦਲੇ ਦੋ ਰੁਪਏ ਦੀ ਸਵਾਰੀ ਗੁਆ ਦਿੱਤੀ । ਪੂਰਾ ਇੱਕ ਘੰਟਾ ਬਰਬਾਦ ਕਰ ਲਿਆ । ਪੰਜ ਰੁਪਏ ਕਮਾਏ ਜਾ ਸਕਦੇ ਸੀ, ਏਸ ਸਮੇਂ, 'ਚ ।'' ਬੁੜਬੁੜਾ ਕੇ ਮੈਂ ਇਞ ਕਿਹਾ ਪਈ ਮੁੰਡਾ ਨਾ ਸੁਣੇ । ਤੇ ਚਿੱਠੀ ਅਧੂਰੀ ਹੀ ਪਰ੍ਹੇ ਕਰ ਦਿੱਤੀ । ਮੈਂ ਨਹੀਂ ਸੀ ਚਾਹੁੰਦਾ ਪਈ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ, ਜਿਹੜੀ ਰਿਕਸ਼ਾ ਵਾਲ਼ੇ ਦੇ ਖਲੋਣ ਨਾਲ਼ ਮੈਨੂੰ ਹੋ ਰਹੀ ਸੀ । ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਪਈ ਉਹ ਉੱਧਰ ਧਿਆਨ ਹੀ ਨਾ ਦੇਵੇ । ਸਾਲ਼ਾ ਆਪੇ ਥੱਕ-ਹਾਰ ਕੇ ਚਲਿਆ ਜਾਵੇਗਾ ।
ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ ।
ਮੈਂ ਉੱਠ ਕੇ ਬਾਰੀ ਵਿੱਚੀਂ ਝਾਤੀ ਮਾਰੀ । ਕੋਈ ਹੋਰ ਰਿਕਸ਼ੇ ਵਾਲ਼ਾ ਉਹਦੇ ਕੋਲ਼ ਖਲੋਤਾ ਸੀ । ਉਹ ਦੂਜਾ ਰਿਕਸ਼ਾ ਵਾਲ਼ਾ ਕੋਈ ਗੱਲ ਕਰਕੇ ਕਾਹਲ਼ ਨਾਲ਼ ਅੱਡੇ ਵੱਲ ਨੂੰ ਚਲਾ ਗਿਆ । ਮੈਨੂੰ ਲੱਗਾ, ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ । ਇਹਨਾਂ ਵਿੱਚ ਏਕਤਾ ਬੜੀ ਏ । ਝਗੜਾ ਹੋਣ 'ਤੇ ਸਾਰੇ ਚੰਬੜ ਜਾਂਦੇ ਨੇ । ਪਰ ਦੂਜੇ ਮੁਸਾਫ਼ਰ ਵੇਖ ਕੇ ਵੀ ਲੰਘ ਜਾਂਦੇ ਨੇ ।
ਬੁਲਾ ਲਿਆਵੇ ਪਿਆ, ਮੈਂ ਕੋਈ ਡਰਦਾਂ । ਸੋਚ ਕੇ ਮੈਂ ਕੁਰਸੀ 'ਤੇ ਬਹਿ ਗਿਆ । ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ । ਹੌਲ਼ੀ ਦੇਣੀ ਕਹਿੰਦੀ, ''ਰਿਕਸ਼ੇ ਵਾਲ਼ੇ ਨੂੰ ਚੰਗਾ ਹੁੰਦਾ, ਇੱਕ ਕੱਪ ਚਾਹ ਪਿਆ ਦੇਂਦੀ । ਹੁਣ ਡੋਲ੍ਹਣੀ ਪਈ ਏ ।'' ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ । ਲੱਗਦਾ ਸੀ, ਉਹ ਹਾਰ ਗਈ ਏ । ਜੇ ਉਹ ਰਿਕਸ਼ਾ ਵਾਲ਼ਾ ਮੁੜ ਕੇ ਆ ਜਾਵੇ ਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਹਨੂੰ ਚੁੱਪ ਕਰਕੇ ਤਿੰਨ ਰੁਪਏ ਹੀ ਦੇ ਦੇਵੇਗੀ ।
''ਕਿਉਂ ਜੀ,'' ਉਹ ਕਹਿਣ ਲੱਗੀ । ''ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ ਤਿੰਨ ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲ਼ੇ?''
''ਹੁਣ ਮੀਂਹ ਵਸਦੈ?'' ਮੇਰੇ ਮੂੰਹੋਂ ਇਹ ਗੱਲ ਸਖ਼ਤੀ ਨਾਲ਼ ਨਿਕਲ਼ ਗਈ, ਏਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ਼ ਹੋਇਆ । ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ । .....ਮੈਂ ਚਿੱਠੀ 'ਤੇ ਦੋ ਤਿੰਨ ਸਤਰਾਂ ਝਰੀਟੀਆਂ ਤੇ ਪੂਰੀ ਕਰ ਦਿੱਤੀ, ਪੂਰੀ ਕੀ ਕਰ ਦਿੱਤੀ, ਥੱਕ-ਹਾਰ ਕੇ ਲਿਖ ਦਿੱਤਾ-ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ । ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ, ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ, ਉਹ ਭੁੱਲ-ਭੱਲ ਗਈ ਏ । ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ, ਜਿਹੜਾ ਚੌਕ 'ਚ ਖਲੋਤਾ ਸੀ । ਸ਼ਾਇਦ ਹਾਲੇ ਵੀ ਉਂਞ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ 'ਤੇ ਕੂਹਣੀ ਟਿਕਾ ਕੇ ।
ਮੈਨੂੰ ਪਤਨੀ ਦੀ ਏਸ ਆਦਤ 'ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖ਼ਲਾਸੀ ਕਰ ਲਈ ਜਾਵੇ ।...ਤੇ ਅੱਡੇ 'ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਪੰਝੀ ਪੈਸੇ ਦਾ ਪਾਨ ਖਾ ਕੇ ਥੁੱਕ ਦੇਂਦੇ ਹੋ, ਇਸ ਗ਼ਰੀਬ ਦੀ ਤਲ਼ੀ 'ਤੇ ਥੁੱਕ ਦਿਓ । ਇਸ ਮਾਮਲੇ 'ਚ ਮੈਂ ਉਹਦੇ ਨਾਲ਼ ਬਹਿਸ ਨਹੀਂ ਕਰਨਾ ਚਾਹੁੰਦਾ । ਕਿਉਂਕਿ ਇਹ ਗੱਲ ਦਲੀਲ ਨਾਲ਼ੋਂ ਵੱਧ ਭਾਵਨਾ ਦੀ ਏ । ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ ।
ਮੇਰਾ ਦਿਲ ਕੀਤਾ, ਉੱਠ ਕੇ ਰਿਕਸ਼ੇ ਵਾਲ਼ੇ ਕੋਲ਼ ਜਾਵਾਂ ਤੇ ਪੁੱਛਾਂ ਪਈ ਤੈਂ ਜਾਣਾ ਏ ਕਿ ਨਹੀਂ ? ਭਲਾਮਾਣਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਾ... ਲੁਆ ਦਿਆਂਗਾ । ਪੁਲਿਸ ਨੂੰ ਫ਼ੋਨ ਕਰਕੇ ਕਹਿ ਦਿਆਂਗਾ...ਇਹ ਬਦਮਾਸ਼ ਰਿਕਸ਼ਾ ਵਾਲ਼ਾ ਮੈਨੂੰ ਧਮਕੀਆਂ ਦੇਂਦਾ ਏ । ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ ।
ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ । ਗੁੱਸੇ ਨਾਲ਼ ਵਿਹੜੇ 'ਚ ਗਿਆ । ਗੇਟ ਵੱਲ ਵਧਿਆ ਤਾਂ ਉਹ ਰਿਕਸ਼ਾ ਵਾਲ਼ਾ ਉੱਥੇ ਨਹੀਂ ਸੀ । ਮੈਂ ਪਿਛਾਂਹ ਮੁੜ ਕੇ ਪਤਨੀ ਨੂੰ 'ਵਾਜ਼ ਮਾਰੀ । ਉਹ ਕੋਈ ਧਰਮ-ਪੋਥੀ ਪੜ੍ਹਦੀ ਬਾਹਰ ਨਿਕਲ਼ੀ, ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ ।'' ਉਹਨੇ ਝਟ ਦੇਣੀ ਪੋਥੀ ਬੰਦ ਕਰ ਕੇ ਬਰਾਂਡੇ ਦੀ ਬੰਨੀ 'ਤੇ ਰੱਖ ਦਿੱਤੀ । ਅਸੀਂ ਲਾਅਨ 'ਚ ਪਈਆਂ ਕੁਰਸੀਆਂ 'ਤੇ ਬਹਿ ਗਏ । ਉਹਦੇ ਚਿਹਰੇ 'ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ, ਉਹ ਧੁਪ ਗਿਆ ਸੀ । ਮੈਂ ਐਵੇਂ ਪੁੱਛਿਆ, ''ਅੱਜ ਰਾਤੀਂ ਫ਼ਿਲਮ ਨਾ ਵੇਖ ਆਈਏ ?''
''ਹੂੰ...ਉਂ-ਉਂ ।...ਹੁਣ ਆਪਾਂ ਇਹ ਤਿੰਨ ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ।''
''ਤੇ ਉਹ ਪੰਜਾਹ ਪੈਸੇ, ਜਿਹੜੇ ਤੈਂ ਵੱਧ ਦੇਣੇ ਸਨ ?''
''ਉਹ ? ਉਹ ਅੱਡੇ ਵਾਲ਼ੇ ਮੰਗਤੇ ਦੀ ਤਲ਼ੀ 'ਤੇ ਧਰ ਦਿਆਂਗੇ ।''
''ਜਿਵੇਂ ਤੇਰੀ ਮਰਜ਼ੀ । ਤੂੰ ਮੁਖ਼ਤਿਆਰ ਏਂ । ਮੈਨੂੰ ਕੀ ।'' ਗੱਲ ਕਰ ਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ ।

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ