Maan Di Daulat (Punjabi Story) : Nanak Singh

ਮਾਂ ਦੀ ਦੌਲਤ (ਕਹਾਣੀ) : ਨਾਨਕ ਸਿੰਘ

ਸ਼ਹਿਰੋਂ ਪਰੇ ਕਰ ਕੇ ਇਕ ਕੱਚੇ ਕੋਠੇ ਅੱਗੇ ਨਿੱਕੇ ਜਿਹੇ ਵਿਹੜੇ ਵਿਚ ਬੈਠੀ ਇਕ ਗ਼ਰੀਬ ਸੁੰਦਰੀ ਪੁਰਾਣੇ ਝੱਗੇ ਨੂੰ ਟਾਕੀਆਂ ਲਾ ਰਹੀ ਸੀ।
ਨਿੱਕਾ ਮੁੰਡਾ ਉਸ ਦੇ ਗੋਡੇ ਮੁੰਢ ਬੈਠਾ ਖੇਡ ਰਿਹਾ ਸੀ, ਜਿਸ ਦੇ ਹੱਥ ਵਿਚ ਚੱਪਾ ਕੁ ਜੁਆਰ ਦੀ ਰੋਟੀ ਸੀ। ਉਹ ਕੁਝ ਖਾਂਦਾ ਅਤੇ ਕੁਝ ਭੋਰ ਭੋਰ ਕੇ ਸੁੱਟੀ ਜਾਂਦਾ।
ਵੱਡਾ ਮੁੰਡਾ ਰਤਾ ਕੁ ਪਰਾ ਬੈਠਾ ਆਪਣੀ ਹੀ ਖੇਡ ਵਿਚ ਮਸਤ ਸੀ। ਉਹ ਗਿੱਲੀ ਮਿੱਟੀ ਨੂੰ ਮਧੋਲ ਕੇ ਟਿੱਕੀਆਂ ਬਣਾਉਂਦਾ ਤੇ ਫਿਰ ਉਨ੍ਹਾਂ ਨੂੰ ਕੰਧ ਨਾਲ ਲਾਈ ਜਾਂਦਾ।
ਪਾਰੋ ਆਪਣੇ ਧਿਆਨ ਕੰਮ ਲੱਗੀ ਹੋਈ ਸੀ। ਉਸ ਦਾ ਧਾਗਾ ਮੁੱਕ ਗਿਆ। ਉਸ ਨੇ ਇਕ ਮੁੱਢਾ ਆਪਣੇ ਗੋਡੇ ਕੋਲ ਰੱਖਿਆ ਹੋਇਆ ਸੀ, ਪਰ ਹੁਣ ਉਸ ਨੂੰ ਲੱਭਦਾ ਨਹੀਂ ਸੀ।
ਉਹ ਛਿੱਥੀ ਹੋ ਕੇ ਮੁੰਡੇ ਨੂੰ ਪੁੱਛਣ ਲੱਗੀ-''ਵੇ ਸੁਰਿੰਦਰ ਸੜਿੰਦਰ! ਮੁੱਢਾ ਤੂੰ ਚੁੱਕਿਆ ਏ ਏਥੋਂ?''
ਮੁੰਡੇ ਨੇ ਖੇਡ ਦੇ ਖਿਆਲ ਵਿਚ ਮਾਂ ਦੀ ਗੱਲ ਦੀ ਪਰਵਾਹ ਹੀ ਨਾ ਕੀਤੀ। ਇਸ ਵੇਲੇ ਪਾਰੋ ਦਾ ਧਿਆਨ ਨਿੱਕੇ ਮੁੰਡੇ ਮਹਿੰਦਰ ਵਲ ਗਿਆ। ਉਹ ਰੋਟੀ ਦੇ ਟੁੱਕੜੇ ਅਤੇ ਧਾਗੇ ਦੇ ਮੁੱਢੇ ਨੂੰ ਪਾਣੀ ਵਿਚ ਡੋਬ ਡੋਬ ਕੇ ਭੋਇੰ ਤੇ ਪੋਚਾ ਪਾ ਰਿਹਾ ਸੀ।
ਇਹ ਵੇਖ ਕੇ ਪਾਰੋ ਗੁੱਸੇ ਨਾਲ ਲਾਲ ਹੋ ਗਈ। ਉਸ ਦੇ ਪਤੀ ਦਾ ਝੱਗਾ ਅੱਜ ਕਈ ਦਿਨਾਂ ਤੋਂ ਪਾਟਾ ਹੋਇਆ ਸੀ, ਪਰ ਧਾਗਾ ਨਾ ਹੋਣ ਕਰਕੇ ਉਹ ਇਸ ਨੂੰ ਸਿਉਂ ਨਹੀਂ ਸੀ ਸਕੀ। ਅੰਤ ਜਦ ਝੱਗੇ ਦੇ ਉਕੇ ਹੀ ਪਛਛੇ ਲੱਥ ਗਏ, ਤਾਂ ਹਾਰ ਕੇ ਉਸ ਨੇ ਗੁਆਂਢਣ ਨੂੰ ਪਾ ਪੱਕੀਆਂ ਪੂਣੀਆਂ ਕੱਤ ਦੇਣ ਦਾÎ ਇਕਰਾਰ ਕਰਕੇ ਇਕ ਮੁੱਢਾ ਉਸ ਪਾਸੋਂ ਲਿਆ ਸੀ। ਅਤੇ ਮੁਢੇ ਦਾ ਇਹ ਹਾਲ?
ਉਸ ਨੇ ਮਹਿੰਦਰ ਨੂੰ ਬਾਹੋਂ ਫੜ ਕੇ ਜ਼ੋਰ ਦੀ ਆਪਣੇ ਵਲ ਖਿੱਚਿਆ ਤੇ ਚਪੇੜਾ ਠੋਕਦੀ ਹੋਈ ਬੋਲੀ-''ਤੇਰੀ ਬੇੜੀ ਗਰਕ ਜਾਏ ਰੰਡੀ ਛੱਡਣਿਆ, ਇਹ ਕੀ ਕੀਤਾ, ਮਰ ਜਾਏਂ ਤੂੰ? ਨਾ ਹੋਵੇ ਖੇਡਾਂ ਖੇਡਣ ਜੋਗਾ ਰੱਬ ਕਰਕੇ।''
ਇਸ ਵੇਲੇ ਬਾਹਰੋਂ ਆਵਾਜ਼ ਆਈ-'ਪਕੌੜੇ ਕਰਾਰੇ ਮਸਾਲਿਆਂ ਵਾਲੇ'।
ਸੁਰਿੰਦਰ ਨੂੰ ਟਿੱਕੀਆਂ ਬਣਾਉਣੀਆਂ ਭੁੱਲ ਗਈਆਂ ਤੇ ਉਹ ਚਿੱਕੜ ਵਾਲੇ ਹੱਥ ਝੱਗੇ ਨਾਲ ਪÎੂੰਝਦਾ ਹੋਇਆ ਮਾਂ ਕੋਲ ਆ ਕੇ ਕਹਿਣ ਲੱਗਾ-''ਮਾਂ ਪੈਤਾ ਦੇ, ਥੇਤੀ ਵੀ ਹੋ ਪਕੋਰਿਆ ਵਾਲਾ ਚਲਾ ਜਾਵੇਗਾ।'' ਉਸ ਦਾ ਗੁਸਾ ਹੋਰ ਤੇਜ਼ ਹੋ ਉਠਿਆ। ਹਥ ਵਾਲਾ ਮੁਢਾ ਜਿਸ ਨੂੰ ਉਹ ਧੋ ਰਹੀ ਸੀ-ਬੰਨੀ 'ਤੇ ਰੱਖਦੀ ਹੋਈ ਬੋਲੀ-''ਦਫ਼ਾ ਹੋ, ਪੈਸਾ ਦੇ ਨਾ ਅੱਗ ਪਾ ਏਹਦੇ ਸਿਰ ਵਿਚ। ਰੁੜ੍ਹ ਜਾਣੇ ਜੱਮ, ਨਾ ਮਰਦੇ ਨੇ ਨਾ ਮਗਰੋਂ ਲਹਿੰਦੇ ਨੇ!''
ਮੁੰਡਾ ਮੱਛਰ ਪਿਆ, ਮੋਢੇ ਹਿਲਾਂਦਾ, ਲੱਤਾਂ ਭੁੜਕਾਂਦਾ ਤੇ ਬਾਹਾਂ ਛੰਡਦਾ ਹੋਇਆ ਉਹ ਮਾਂ ਦੀ ਲੱਤ ਨੂੰ ਜੱਫੀ ਪਾ ਕੇ ਐਸਾ ਜ਼ਿਦੇ ਪਿਆ ਕਿ ਛਡਣ ਦਾ ਨਾਂ ਹੀ ਨਹੀਂ ਲੈਂਦਾ। ਪਕੌੜਿਆ ਵਾਲੇ ਦੀ ਆਵਾਜ਼ ਜਿਉਂ ਜਿਉਂ ਦੂਰ ਹੁੰਦੀ ਜਾਂਦੀ ਸੀ। ਤਿਉਂ ਤਿਉਂ ਉਹ ਦੂਹਰਾ ਤੀਹਰਾ ਹੁੰਦਾ ਜਾ ਰਿਹਾ ਸੀ। ਮਾਂ ਨੂੰ ਛਡ ਕੇ ਉਹ ਭੁੰਜੇ ਲੇਟਣੀਆਂ ਲੈਣ ਲੱਗ ਪਿਆ ਤੇ ਲੇਟਿਆ ਵੀ ਓਸ ਥਾਂ ਤੇ ਜਿੱਥੇ ਮਹਿੰਦਰ ਨੇ ਚਿੱਕੜ ਕੀਤਾ ਹੋਇਆ ਸੀ। ਉਸ ਦਾ ਝੱਗਾ ਸਾਰਾ ਚਿੱਕੜ ਨਾਲ ਲੱਥ ਪੱਥ ਹੋ ਗਿਆ ਸੀ।
ਪਾਰੋ ਦਾ ਕ੍ਰੋਧ ਹੋਰ ਵਧ ਗਿਆ ਤੇ ਉਹ ਉਹਨੂੰ ਲੱਤਾਂ ਨਾਲ ਕੁੱਟਣ ਲੱਗ ਪਈ।
ਪਾਟੇ ਹੋਏ ਛਿੱਤਰ ਘਸੀਟਦਾ ਤੇ ਸਿ ਤੋਂ ਪੈਰਾਂ ਨਾਲ ਘੱਟੇ ਨਾਲ ਲਿਬੜਿਆ ਹੋਇਆ ਇਕ ਦਮ ਸੁਕੜ ਜਿਹਾ ਇਕ ਗੱਭਰੂ ਅੰਦਰ ਆਇਆ। ਉਹਦੀ ਪਿੱਠ ਪਿਛੇ ਛੋਟੀ ਜਿਹੀ ਸੱਕਾਂ ਦੀ ਗੰਢੜੀ ਸੀ, ਜਿਸ ਨੂੰ ਆਉਂਦਿਆਂ ਹੀ ਉਹਨੇ ਇਕ ਨੁਕਰੇ ਰੱਖ ਦਿੱਤਾ।
ਦੁਹਾਂ ਮੁੰਿਡਆਂ ਦੇ ਚੀਕ ਚਿਹਾੜੇ ਨੇ ਘਰ ਨੂੰ ਸਿਰ 'ਤੇ ਚੁੱਕਿਆ ਹੋਇਆ ਸੀ। ਤ੍ਰੇਹ ਤੇ ਗਰਮੀ ਨਾਲ ਭਾਵੇਂ ਭਗਤ ਸਿਉਂ ਘਬਰਾਇਆ ਹੋਇਆ ਸੀ। ਪਰ ਉਸ ਨੂੰ ਸਭ ਕੁਝ ਭੁਲ ਗਿਆ। ਉਹਨੇ ਛੇਤੀ ਨਾਲ ਜਾਕੇ ਪਹਿਲਾਂ ਛੋਟੇ ਨੂੰ ਕੁਛੜ ਲਿਆ, ਫਿਰ ਵਡੇ ਨੂੰ ਉਠਾ ਕੇ ਗਲ ਨਾਲ ਲਾਇਆ। ਤੇ ਉਹ ਪਾਰੋ ਵਲ ਘੂਰੀ ਵਟ ਕੇ ਬੋਲਿਆ-''ਇਨ੍ਹਾਂ ਵਿਚਾਰਿਆਂ 'ਤੇ ਅੱਜ ਕਾਹਦੀ ਕਰੋਪੀ ਆ ਗਈ ਏ ਜੁ ਕੋਹਣ ਡਹੀ ਹੋਈ ਐਂ?''
ਪਾਰੋ ਬੋਲੀ''ਵਿਚਾਰੇ ਨੇ ਕਿ ਸਾਹਣ ਨੇ ਰੁੜ ਜਾਣੇ। ਇਨ੍ਹਾਂ ਮਰ ਜਾਣਿਆਂ ਨੇ ਤੇ ਮੇਰੀ ਜਾਨ ਵੀ ਖਾ ਲਈ ਏ।'' ਤੇ ਉਸਨੇ ਵਾਰੋ ਵਾਰੀ ਦੁਹਾਂ ਦੀ ਕਾਰਗੁਜ਼ਾਰੀ ਪਤੀ ਨੂੰ ਬਹਿ ਕੇ ਸੁਣਾਈ।
ਦੁਹਾਂ ਦੇ ਮੂੰਹ ਚੁੰਮ ਕੇ ਪਿਆਰ ਨਾਲ ਪੁਚਕਾਰਦਾ ਹੋਇਆ ਭਗਤ ਸਿੰਘ ਬੋਲਿਆ-''ਤੇ ਹੋਇਆ ਕੀ ਫਿਰ ਹਨੇਰ ਕਿਧਰ ਆ ਗਿਆ। ਮੁਢਾ ਸੀ ਕਿ ਸੋਨੇ ਦਾ ਕੰਗਣ! ਨਿਆਣੇ ਬਾਲ ਜੂ ਹੋਏ। ਵਡੇ ਵਿਚਾਰੇ ਨੂੰ ਇਕ ਪੈਸਾ ਦੇ ਦੇਂਦੀਓਂ ਤਾਂ ਗਰਕੀ ਆ ਚੱਲੀ ਸੀ?''
ਪਾਰੋ ਗੁਸੇ ਨਾਲ ਬੋਲੀ-''ਤੁਹਾਡਿਆਂ ਲਾਡਾਂ ਨੇ ਤਾਂ ਇਨ੍ਹਾਂ ਦੀਆਂ ਜੜ੍ਹਾਂ ਪੁੱਟ ਛੱਡੀਆਂ ਨੇ। ਅਗੋਂ ਮਤ ਨਾ ਦੇਣੀ ਤੇ ਉਲਟਾ ਸਗੋਂ ਹੋਰ ਭੂਏ ਕਰਨਾ! ਇਨ੍ਹਾਂ ਰੰਡੀ ਛੱਡÎਣਿਆਂ ਨੇ ਤਾਂ ਆਪੋ ਅਖੜਾਂਦੀਆਂ ਕਰਨੀਆਂ ਹੋਈਆਂ!''
ਸੁਰਿੰਦਰ ਦਾ ਲਿਬੜਿਆ ਝੱਗਾ ਉਤਾਰਦਿਆਂ ਹੋਇਆਂ ਭਗਤ ਸਿੰਘ ਬੋਲਿਆ-
''ਉਂਜ ਈ ਮਾਰ ਸੁੱਟ ਖਾਂ ਸੰਘੀ ਨਹੁੰ ਦੇ ਕੇ। ਅਖੜਖਾਂਦੀਆਂ ਕਰਨੀਆਂ ਹੋਈਆਂ! ਬਾਲ ਨੇ, ਕੋਈ ਸਿਆਣੇ ਤੇ ਨਹੀਂ ਨਾ। (ਮੁੰਡੇ ਦੀ ਪਿੱਠ ਤੇ ਮਾਰ ਦੇ ਨਿਸ਼ਾਨ ਦੇਖਦੇ ਹੋਏ) ਦਫਾ ਹੋਣੀਏ! ਇਉਂ ਮਾਰੀਦਾ ਏ ਕਸਾਈਆਂ ਵਾਂਗ ਬਾਲਾਂ ਨੂੰ?''
ਪਤੀ ਨੂੰ ਉਂਗਲ ਨਾਲ ਮੱਥੇ ਤੋਂ ਮੁੜ੍ਹਕਾ ਪੂੰਝਦਿਆਂ ਤੇ ਬੁੱਲ੍ਹਾ ਤੇ ਜੀਭ ਫੇਰਦਿਆਂ ਵੇਖ ਕੇ ਪਾਰੋ ਨੂੰ ਆਪਣੀ ਮੂਰਖਤਾ ਦਾ ਖਿਆਲ ਆਇਆ। ਉਹ ਅੰਦਰ ਜਾ ਕੇ ਪਾਣੀ ਦਾ ਗੜਵਾ ਲਿਆਈ ਤੇ ਬੋਲੀ-''ਲੈ ਮੂੰਹ ਹੱਥ ਧੋਵੋ, ਛਡੋ ਪਰ੍ਹੇ, ਇਨ੍ਹਾਂ ਖਸਮਾਂ ਖਾਣਿਆਂ ਦਾ ਸਿਆਪਾ। ਇਨ੍ਹਾਂ ਦਾ ਤਾਂ ਦਿਨੇ ਰਾਤ ਇਹੋ ਹਾਲ ਏ। ਖਾਂਦੇ ਪੀਂਦੇ ਮਰਦੇ ਰਹਿੰਦੇ ਨੇ। ਦੱਸਣ ਤੇ ਸਹੀ ਕਿਹੜੀ ਗੱਲੋਂ ਕਦੇ ਊਣੇ ਰੱਖਿਆ ਇਹ ਇਹਨਾਂ ਨੂੰ? ਜਿਹੜੀ ਚੀਜ਼ ਔਂਦੀ ਏ ਪਹਿਲਾਂ ਲੈ ਕੇ ਦੇਈਦੀ ਏ। ਇਕ ਵੇਲੇ ਨਾ ਜੁ ਕੋਲ ਪੈਸਾ ਹੋਇਆ ਤੇ ਫਿਰ ਤੇ ਫਿਰ ਇਸ ਤਰ੍ਹਾਂ ਭੰਡੀ ਪਾ ਬਹਿਣੀ ਚੰਗੀ ਗੱਲ ਹੁੰਦੀ ਏ? ਵੇਖਣ ਸੁਣਨ ਵਾਲੇ ਕਹਿੰਦੇ ਹੋਣਗੇ ਜਿਕਣ ਇਨ੍ਹਾਂ ਕਦੇ ਕੁਝ ਡਿੱਠਾ ਹੀ ਨਹੀਂ।''
ਹੱਥ ਮੂੰਹ ਧੋ ਕੇ ਚਾਦਰ ਦੀ ਕੰਨੀ ਨਾਲ ਮੂੰਹ ਪੂਝ ਕੇ ਭਗਤ ਸਿੰਘ ਕੋਲ ਪਈ ਮੰਜੀ ਡਾਹ ਕੇ ਬੈਠ ਗਿਆ ਪਾਰੋ ਉਹਦੇ ਪੀਣ ਲਈ ਪਾਣੀ ਲੈਣ ਗਈ। ਕਟੋਰਾ ਭਰਨ ਤੋਂ ਬਾਅਦ ਉਹਨੇ ਕੁੱਜਾ ਫਰੋਲਿਆ। ਅਜੇ ਵੱਡੇ ਵੇਲੇ ਹੀ ਉਸ ਨੇ ਇਹਦੇ ਵਿਚ ਕਿੰਨੀ ਸਾਰੀ ਸ਼ੱਕਰ ਵੇਖੀ ਸੀ, ਪਰ ਹੁਣ ਅੱਖ ਵਿਚ ਵੀ ਪਾਣ ਨੂੰ ਨਹੀਂ ਸੀ। ਉਹ ਸਮਝ ਗਈ ਕਿ ਇਥੇ ਵੀ ਸੁਰਿੰਦਰ ਹੋਰਾਂ ਦਾ ਹੱਥ ਅੱਪੜ ਗਿਆ ਹੈ।
ਖਾਲੀ ਕਲੇਜੇ ਫੋਕਾ ਪਾਣੀ ਠੀਕ ਨਹੀਂ ਇਹ ਸੋਚ ਕੇ ਉਹ ਗੁਆਂਢਣ ਦੇ ਘਰ ਗਈ। ਥੋੜੀ ਜਿਹੀ ਲੱਸੀ ਲਿਆ ਕੇ ਤੇ ਵਿਚ ਪਾਣੀ ਰਲਾ ਕੇ ਕਟੋਰਾ ਭਰ ਲਿਆਈ। ਭਗਤ ਸਿੰਘ ਲੱਸੀ ਪੀ ਕੇ ਤੇ ਦੋਹਾਂ ਮੁੰਡਿਆਂ ਨੂੰ ਨਾਲ ਲੈ ਕੇ ਲੰਮਾ ਪੈ ਗਿਆ। ਪਾਰੋ ਉਹਨੂੰ ਪੱਖੀ ਝਲਦੀ ਹੋਈ ਸੁਰਿੰਦਰ ਵੱਲ ਤੱਕ ਕੇ ਬੋਲੀ-''ਇਹ ਵੱਡਾ ਤੇ ਉਕਾ ਹੀ ਚੌੜ ਹੋ ਗਿਆ ਹੈ। ਏਹਨੂੰ ਤੇ ਮੇਰਾ ਇਹੋ ਜੀ ਕਰਦਾ ਏ, ਹੱਥ ਗੋਡੇ ਤੋੜ ਕੇ ਅੰਦਰ ਪਾ ਦਿਆ ਸੂ।'' ਫਿਰ ਉਸ ਨੇ ਸ਼ੱਕਰ ਦੀ ਵਿਥਿਆ ਸੁਣਾਈ।
ਮੁੰਡਾ ਮਾਂ ਵੱਲ ਪਿੱਠ ਕਰਕੇ ਪਿਉ ਦੇ ਗਲ ਬਾਂਹ ਪਾ ਕੇ ਉਸ ਦੇ ਸੀਨੇ ਨਾਲ ਮੂੰਹ ਲਾ ਕੇ ਲੰਮਾ ਪੈ ਗਿਆ। ਭਗਤ ਸਿੰਘ ਦੋਹਾਂ ਬਾਲਾਂ ਵਲ ਤੱਕਦਾ ਹੋਇਆ ਬੋਲਿਆ-''ਚਲ, ਜਾਣ ਵੀ ਦਿਆ ਕਰ। ਐਵੇਂ ਰਤੀ ਰਤੀ ਗਲ ਬਦਲੇ ਵਿਚਾਰਿਆ ਨੂੰ ਨਾ ਕੁੱਟਿਆ ਕਰ। ਉਹ ਜਾਣੇ ਖਾ ਲਈ ਸੂ ਤੇ। ਇਨ੍ਹਾਂ ਸੂਰਤਾਂ ਨਾਲੋਂ ਸ਼ੱਕਰ ਚੰਗੀ ਏ?''
ਸੁੱਤੇ ਹੋਏ ਬਾਲਾਂ ਵੱਲ ਪਿਆਰ ਰਲਵੇ ਗੁੱਸੇ ਨਾਲ ਤੱਕ ਕੇ ਪਾਰੋ ਬੋਲੀ-
''ਤੁਸਾਂ ਨਾ ਏਨਾ ਨੂੰ ਚੌੜ ਕਰ ਛੱਡਿਆ ਤਾਂ ਮੇਰਾ ਨਾਂ ਵਟਾ ਦੇਣਾ। ਉਕਾ ਈ ਨਾ ਸਿਰੇ ਚੜ੍ਹਾਈ ਜਾਇਆ ਕਰੋ।....ਹਾਂ ਸੱਚ, ਕੀ ਬਣਿਆ ਫੇਰ ਕੰਮ ਦਾ? ਸਵੱਖਤੇ ਈ ਆ ਗਏ ਓ?''
ਠੰਢਾ ਸਾਹ ਲੈ ਕੇ ਭਗਤ ਸਿੰਘ ਬੋਲਿਆ-''ਬਣਨਾ ਕੀ ਸੀ, ਕਿਤੇ ਲਭਦਾ ਈ ਨਹੀਂ। ਐਸਾ ਨੈਹਸ਼ ਮਹੀਨਾ ਚੜ੍ਹਿਆ ਏ, ਦਿਆਲ ਸਿੰਘ ਰਾਜ ਨਾਲ ਅਜ ਇਕ ਲਾਲੇ ਦੀ ਕੋਠੀ ਗਿਆ ਸਾਂ। ਉਮੈਦ ਸੀ ਪਈ ਦੋ ਢਾਈ ਮਹੀਨੇ ਲੰਘ ਮਹੀਨੇ ਲੰਘ ਜਾਣ ਗੇ। ਪਰ ਉਹਨੇ ਦਿਹਾੜੀ ਲਵਾ ਕੇ ਹੀ ਬਾਰ੍ਹਾਂ ਆਨਿਆਂ ਦੇ ਪੈਸੇ ਹੱਥ ਫੜਾਏ। ਵੀਹਾਂ ਦਿਨਾਂ ਪਿਛੋਂ ਮਸੇ ਮਸੇ ਕੰਮ ਲੱਭਾ ਸੀ....।''
ਗੱਲ ਟੁਕ ਕੇ ਪਾਰੋ ਬੋਲੀ-''ਕਿਉਂ? ਪਰਾ ਹਟਾ ਕਿਉਂ ਦਿਤਾ?''
ਭਗਤ ਸਿੰਘ ਬੋਲਿਆ-''ਭਲੀਏ ਜ਼ੋਰ ਏ ਕਿਸੇ ਨਾਲ, ਆਖਣ ਲਗਾ ਸਾਡੇ ਆਪਣੇ ਪੁਰਾਣੇ ਮਜੂਰ ਆ ਗਏ ਨੇ।
ਉਦਾਸੀ ਅਤੇ ਨਿਰਾਸ਼ਤਾ ਭਰੇ ਹੌਂਸਲੇ ਨਾਲ ਪਾਰੋ ਬੋਲੀ, ''ਹੱਛਾ ਫੇਰ ਕੀ ਹੋਇਆ, ਆਪੇ ਹੋਰ ਕਿਤੇ ਬਣ ਜਾਊ। ਮੈਨੂੰ ਤੇ ਬਹੁਤਾ ਓਸੇ ਚੁੜੇਲ ਦਾ ਫਿਕਰ ਏ। ਰੋਜ਼ ਵੱਡੇ ਵੇਲੇ ਈ ਘਗਰਾ ਭੁੜਕਾਂਦੀ ਬੂਹੇ ਤੇ ਆ ਬਹਿੰਦੀ ਏ। ਮੈਂ ਕਹਿੰਦੀ ਸਾ ਹੋਰ ਨਹੀਂ ਤੇ ਦਸ ਕੁ ਰੁਪਈਏ ਆ ਜਾਂਦੇ, ਤੇ ਰਹਿੰਦਾ ਉਹ ਜਿਹੜੀ ਟੁਟੀ ਹੋਈ ਨੱਥ ਪਈ ਏ ਉਹਨੂੰ ਵੇਚ ਕੇ ਉਹਦਾ ਪੁਆੜਾ ਤੇ ਮੁਕਾ ਛੱਡਦੇ।''
''ਕਿੰਨੇ ਕੁ ਬਣਦੇ ਨੇ ਉਹਦੇ?''
''ਲਏ ਤੇ ਪੰਦਰਾਂ ਸਨ, ਪਰ ਹੁਣ ਪੰਜ ਛੇ ਵਿਆਜ ਦੇ ਸੁਣਾਨ ਡਹੀ ਹੋਈ ਏ।''
''ਹੱਛਾ, ਵੇਖ ਰੱਬ ਦਾਤਾ ਏ, ਕਦੇ ਨਾ ਕਦੇ ਬਹੁੜੇਗਾ ਈ ਨਾ।''
''ਤੇ ਆਟੇ ਦਾ ਕੀ ਬਣੇਗਾ? ਛਲੀਆਂ ਘਰੇੜ ਕੇ ਜਿਹੜਾ ਆਟਾ ਪੀਠਾ ਸੀ ਉਸ ਨਾਲ ਪੰਜ ਛੇ ਦਿਨ ਤਾਂ ਲੰਘ ਗਏ, ਪਰ ਹੁਣ ਤੇ ਮਸਾਂ ਰਾਤ ਜੋਗਾ ਹੀ ਨਿਕਲੇਗਾ।''
ਭਗਤ ਸਿੰਘ ਸਿਰ ਤੋਂ ਪੈਰਾਂ ਤੱਕ ਚਿੰਤਾ ਵਿਚ ਡੁੱਬ ਗਿਆ। ਫਿਰ ਬੋਲਿਆ-
"ਉਮੈਦ ਤੇ ਹੈ ਇਕ ਹੋਰ ਥਾਵੇਂ ਕੰਮ ਲੱਗ ਜਾਵਾਂਗਾ। ਮਿਸਤਰੀ ਝੰਡਾ ਸਿੰਘ ਕਹਿੰਦਾ ਸੀ ਪਹਿਲੀ ਤਰੀਕ ਨੂੰ ਸੇਠ ਦੁਨੀ ਚੰਦ ਦਾ ਭੱਠਾ ਖੁਲ੍ਹਣ ਵਾਲਾ ਏ, ਉਥੇ ਤੈਨੂੰ ਲਵਾ ਦਿਆਂਗਾ। ਅਗੋਂ ਵੇਖੀਏ ਜੋ ਰੱਬ ਭਾਵੇ।''
ਫਿਰ ਸੁੱਤੇ ਹੋਏ ਬਾਲਾਂ ਵੱਲ ਅਰਮਾਨ ਭਰੀ ਨਜ਼ਰ ਨਾਲ ਤੱਕ ਕੇ ਕਹਿਣ ਲੱਗਾ-''ਵੇਖੋ ਮਾਲਕ ਦੇ ਰੰਗ, ਇਕਨਾ ਨੂੰ ਧਨ ਦਿੰਦਾ ਏ ਤੇ ਖਾਣ ਵਾਲਾ ਕੋਈ ਨਹੀਂ ਦੇਂਦਾ, ਤੇ ਜਿਨ੍ਹਾਂ ਨੂੰ ਧੀਆਂ ਪੁੱਤਰ ਦੇਂਦਾ ਏ, ਉਨ੍ਹਾਂ ਨੂੰ ਖਾਣ ਲਈ ਨਹੀਂ ਦੇਂਦਾ। ਬੁਰਕੀ ਬੁਰਕੀ ਲਈ ਸਹਿਕਦੇ ਫਿਰਦੇ ਨੇ। ਅਜ ਜਿਸ ਲਾਲੇ ਦੀ ਕੋਠੀ ਕੰਮ ਕਰਨ ਗਏ ਸਾਂ ਦਿਆਲ ਸਿੰਘ ਕਹੇ, ਪਈ ਤਿੰਨ ਵਿਆਹ ਉਹ ਕਰਾ ਚੁੱਕਾ ਏ ਤੇ ਮਰਜ਼ੀ ਰੱਬ ਦੀ ਉਲਾਦ ਕਿਸੇ ਵਿਚੋਂ ਵੀ ਨਹੀਂ ਸੂ ਹੋਈ। ਇਕ ਮੁੰਡਾ ਕਿਸੇ ਦਾ ਲੈ ਕੇ ਪਾਲਿਆ ਸੂ, ਉਹ ਵੀ ਤੋੜ ਨਾ ਚੜਿਆ। ਧਨ ਐਸਾ ਸੂ ਜੁ ਆਖ਼ਰਾਂ ਦਾ, ਕਿਤੇ ਮਿਉਂਦਾ ਨਹੀਂ।
ਪਾਰੋ ਮਮਤਾ ਭਰੀ ਨਜ਼ਰ ਨਾਲ ਦੋਹਾਂ ਬਾਲਾਂ ਵਲ ਤੱਕ ਕੇ ਬੋਲੀ-''ਉਹ ਜਾਣੇ, ਸਾਡੀ ਇਹੋ ਦੌਲਤ ਏ! ਰੱਬ ਉਮਰ ਦੇਵੇ ਨੇ, ਅਸੀਂ ਕਈਆਂ ਨਾਲੋਂ ਚੰਗੇ ਆਂ। ਸਾਨੂੰ ਕਿਸ ਗੱਲ ਦਾ ਵਿਗੋਚਾ ਏ? ਜੀਊਂਦੇ ਰਹਿਣ, ਆਪੇ ਰੁਲ ਖੁਲ ਕੇ ਪਲ ਜਾਣਗੇ ਤੇ ਸਾਰੇ ਧੋਣੇ ਧੋਤੇ ਜਾਣਗੇ।''
ਰਾਤੀਂ ਖਾ ਪੀ ਕੇ ਸਭੇ ਵਿਹੜੇ ਵਿਚ ਮੰਜੇ ਡਾਹ ਕੇ ਸੁਤੇ। ਸੁਰਿੰਦਰ ਸੌਂ ਗਿਆ ਸੀ। ਸੁਰਿੰਦਰ ਮਾਂ ਦੇ ਮੰਜੇ ਤੇ ਬੈਠਾ ਸੀ। ਉਹਨੂੰ ਪਿਆਰ ਨਾਲ ਪਿਉ ਨੇ ਕਿਹਾ''ਕਾਕਾ! ਤੈਨੂੰ ਮਾਂ ਨੇ ਮਾਰਿਆ ਸੀ ਨਾ? ਤੂੰ ਇਸ ਨਾਲ ਨਾ ਬੋਲੀ!''
ਮਾਰ ਦਾ ਚੇਤਾ ਆਉਂਦਿਆਂ ਹੀ ਸੁਰਿੰਦਰ ਮਾਂ ਦੇ ਮੰਜੇ ਤੋਂ ਉਠ ਕੇ ਪਿਉ ਕੋਲ ਚਲਾ ਗਿਆ! ਦੋਵੇਂ ਨਿੱਕੀਆਂ ਨਿੱਕੀਆਂ ਬਾਹਾਂ ਉਹਦੇ ਗਲ ਵਿਚ ਪਾ ਕੇ ਮਾਂ ਵੱਲ ਤੱਕਦਾ ਹੋਇਆ ਬੋਲਿਆ-''ਮੈਂ ਨਹੀਂ ਬੋਲਣਾ ਤੇਰੇ ਨਾਲ, ਤੂੰ ਮੈਨੂੰ ਮਾਲਨੀ ਹੁੰਨੀ ਏ।''
ਪਾਰੋ ਦੀਆਂ ਅੱਖਾਂ ਭਰ ਆਈਆਂ। ਮੈਂ ਇਸ ਨੂੰ ਕਿਸ ਤਰ੍ਹਾਂ ਕਸਾਈਆਂ ਵਾਂਗ ਬੇ ਤਰਸੀ ਨਾਲ ਕੁੱਟਿਆ ਸੀ, ਇਸ ਦਾ ਚੇਤਾ ਆਉਂਦਿਆਂ ਹੀ ਗਲੇਡੂਆਂ ਨੇ ਉਸ ਦਾ ਗਲਾ ਫੜ ਲਿਆ। ਉਹ ਛਲਕਦੇ ਦਿਲ ਨਾਲ ਹੰਭਲਾ ਮਾਰ ਕੇ ਉਠੀ। ਸੁਰਿੰਦਰ ਨੂੰ ਚੁਕ ਕੇ ਉਹਨੇ ਛਾਤੀ ਨਾਲ ਲਾਇਆ। ਉਹਦਾ ਮੂੰਹ ਚੁੰਮਦੀ ਹੋਈ ਬੋਲੀ-''ਮੈਂ ਤੇ ਕਦੀ ਵੀ ਨਾ ਮਾਰਾਂਗੀ ਆਪਣੇ ਹੀਰੇ ਨੂੰ, ਰੱਬ ਕਰਕੇ ਮੇਰੇ ਹੱਥ ਸੜ ਜਾਣ, ਮੈਂ ਕਿਉਂ ਆਪਣੇ ਨਿਕੇ ਜਿਹੇ ਚੰਨ ਨੂੰ....''
ਮਹਿੰਦਰ ਅਗੇ ਰੋਜ਼ ਪਿਉ ਨਾਲ ਸੌਂਦਾ ਹੁੰਦਾ ਸੀ, ਪਰ ਅਜ ਪਾਰੋ ਉਸ ਨੂੰ ਆਪਣੇ ਨਾਲੋਂ ਵੱਖ ਨਾ ਕਰ ਸਕੀ। ਉਹ ਸਜੇ ਪਾਸੇ ਸੁਰਿੰਦਰ ਨੂੰ ਤੇ ਖੱਬੇ ਪਾਸੇ ਮਹਿੰਦਰ ਨੂੰ ਪਾ ਕੇ ਆਪ ਸੌਂ ਗਈ।
ਲੰਮੀ ਪਈ ਪਾਰੋ ਕਈ ਤਰ੍ਹਾਂ ਦੀਆਂ ਬੇ ਸਿਰ ਪੈਰ ਗੱਲਾਂ ਸੋਚ ਰਹੀ ਸੀ। ਖਾਸ ਕਰਕੇ ਕੋਠੀ ਵਾਲੇ ਲਾਲੇ ਬਾਬਤ ਜਿਹੜੇ ਵਾਕ ਦੁਪਹਿਰੇ ਉਹਦੇ ਪਤੀ ਨੇ ਕਹੇ ਸਨ, ਉਹ ਘੜੀ ਮੁੜੀ ਉਸਦੇ ਕੰਨਾਂ ਵਿਚ ਗੂੰਜ ਰਹੇ ਸਨ। ਇਨ੍ਹਾਂ ਹੀ ਖ਼ਿਆਲਾਂ ਵਿਚ ਉਸ ਨੂੰ ਨੀਂਦ ਆ ਗਈ। ਉਸ ਨੂੰ ਸੁਤਿਆਂ ਅਜੇ ਥੋੜ੍ਹਾ ਹੀ ਚਿਰ ਹੋਇਆ ਸੀ ਜੁ ਉਸ ਨੂੰ ਐਉਂ ਜਾਪਿਆ ਜਿਕਣ ਕੋਈ ਬੂਹਾ ਖੜਕਾ ਰਿਹਾ ਹੈ। ਉਹਨੇ ਪਤੀ ਨੂੰ ਉਠਾਇਆ। ਭਗਤ ਸਿੰਘ ਨੇ ਜਾ ਕੇ ਬੂਹਾ ਖੋਲਿਆ।
ਇਹ ਇਕ ਭਾਰੀ ਗੋਗੜ ਵਾਲਾ ਸੇਠ ਸੀ। ਭਗਤ ਸਿੰਘ ਨੇ ਉਸ ਨੂੰ ਆਦਰ ਨਾਲ ਬਿਠਾਉਂਦਿਆਂ ਹੋਇਆ ਪਾਰੋ ਨੂੰ ਕਿਹਾ, ''ਜਿਨ੍ਹਾਂ ਲਾਲਾ ਹੁਰਾਂ ਦਾ ਮੈਂ ਦਿਹਾੜੀ ਤੇਰੇ ਨਾਲ ਜ਼ਿਕਰ ਕਰ ਰਿਹਾ ਸਾਂ, ਉਹ ਇਹੋ ਨੇ। ਬੜੇ ਧਰਮੀ ਤੇ ਗਰੀਬਾਂ ਤੇ ਤਰਸ ਕਰਨ ਵਾਲੇ ਨੇ।''
ਸਿਰ ਦਾ ਕਪੜਾ ਖਿਚਦੀ ਹੋਈ ਪਾਰੋ ਧੀਮੀਂ ਆਵਾਜ਼ ਵਿਚ ਬੋਲੀ-''ਜੀ ਆਇਆ ਨੂੰ ਕੀੜੀ ਦੇ ਘਰ ਭਗਵਾਨ।''
ਭਗਤ ਸਿੰਘ ਫਿਰ ਆਖਣ ਲੱਗਾ-''ਮੈਂ ਤੈਨੂੰ ਇਕ ਗੱਲ ਨਹੀਂ ਸੀ ਦੱਸੀ, ਮੇਰਾ ਖਿਆਲ ਸੀ ਇਨ੍ਹਾਂ ਦੇ ਆਇਆ ਹੀ ਦੱਸਾਂਗਾ।''
ਪਾਰੋ ਦਾ ਦਿਲ ਧੜਕਣ ਲੱਗ ਪਿਆ। ਭਗਤ ਸਿੰਘ ਫਿਰ ਬੋਲਿਆ-''ਇਨ੍ਹਾਂ ਦੀ ਸਾਡੇ ਉਤੇ ਬੜੀ ਮਿਹਰਬਾਨੀ ਏ। ਸਾਡੀ ਗਰੀਬੀ 'ਤੇ ਤਰਸ ਕਰਕੇ ਇਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ।''
ਪਾਰੋ ਦੇ ਦਿਲ ਵਿਚ ਭਵਿੱਖਤ ਖੁਸ਼ੀ ਦੀਆਂ ਕੁਤਕਤਾਰੀਆਂ ਹੋਣ ਲੱਗੀਆਂ। ਉਸ ਦਾ ਸਿਰ ਹੋਰ ਵੀ ਨਿਉਂ ਗਿਆ। ਭਗਤ ਸਿੰਘ ਨੇ ਫਿਰ ਕਿਹਾ-''ਪਰ ਇਸ ਦੇ ਬਦਲੇ ਸਾਨੂੰ ਵੀ ਇਨ੍ਹਾਂ ਦਾ ਇਕ ਹੁਕਮ ਮੰਨਣਾ ਪਏਗਾ।''
ਪਾਰੋ ਨੂੰ ਡਰ ਜਿਹਾ ਲੱਗਣ ਲਗ ਪਿਆ। ਉਸ ਨੇ ਥਿੜਕਵੀਂ ਆਵਾਜ਼ ਵਿਚ ਪੁਛਿਆ-''ਕੀ?''
''ਇਹੋ ਕਿ.......'' ਕਹਿੰਦਾ ਕਹਿੰਦਾ ਰੁਕ ਗਿਆ, ਪਰ ਸੇਠ ਨੇ ਉਸਦੀ ਗੱਲ ਅਧੂਰੀ ਨਾ ਰਹਿਣ ਦਿੱਤੀ। ਉਹ ਬੋਲਿਆ-''ਤੁਸੀਂ ਆਪਣਾ ਇਕ ਲੜਕਾ ਸਾਨੂੰ ਦੇ ਦਿਉ। ਪਰ ਇਹ ਖ਼ਿਆਲ ਨਾ ਕਰਨਾ ਕਿ ਉਹ ਮੁੜ ਤੁਹਾਨੂੰ ਮਿਲੇਗਾ ਕਿ ਨਹੀਂ। ਉਹ ਇਕ ਤਰ੍ਹਾਂ ਨਾਲ ਤੁਹਾਡਾ ਹੀ ਰਵੇਗਾ, ਜਦ ਤੁਸੀਂ ਚਾਹੋ ਉਸ ਨੂੰ ਮਿਲ ਗਿਲ ਸਕੋਗੇ, ਕੋਈ ਰੋਕ ਨਹੀਂ ਹੋਵੇਗੀ।''
ਪਾਰੋ ਦੇ ਪੈਰਾਂ ਹੇਠ ਅੰਗਿਆਰੀਆਂ ਆ ਗਈਆਂ। ਉਸ ਦੀ ਸਾਰੀ ਭਵਿਖਤ ਖੁਸ਼ੀ ਦੀ ਆਸ ਕਪੂਰ ਦੀ ਡਲੀ ਵਾਂਗ ਉਡ ਗਈ। ਉਹ ਪਤੀ ਵਲ ਇਸ ਤਰ੍ਹਾਂ ਤੱਕਣ ਲੱਗੀ, ਜਿਵੇਂ ਰਹਿਮ ਦਾ ਦਾਨ ਮੰਗ ਰਹੀ ਹੋਵੇ। ਉਹ ਡਡਿਆ ਕੇ ਬੋਲੀ-''ਹਾਏ ਮੈਂ ਮਰ ਗਈ। ਇਹ ਕੀ ਸੌਦਾ ਕਰ ਆਏ ਓ? ਮੈਂ ਤੇ ਸਾਰੇ ਜਹਾਨ ਦੀ ਦੌਲਤ ਬਦਲੇ ਮੁੰਡੇ ਦਾ ਇਕ ਵਾਲ ਵੀ ਨਾ ਦਿਆਂ ਕਿਸੇ ਨੂੰ।''
ਇਸ ਤੋਂ ਪਿਛੋਂ ਬਹੁਤ ਸਾਰਾ ਚਿਰ ਭਗਤ ਸਿੰਘ ਤੇ ਸੇਠ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਂਦੇ ਰਹੇ, ਪਰ ਉਸਦੇ ਦਿਲ 'ਤੇ ਰਤੀ ਜਿੰਨਾਂ ਵੀ ਅਸਰ ਨਾ ਹੋਇਆ।
ਅਖ਼ੀਰ ਭਗਤ ਸਿੰਘ ਨੇ ਗੁਸੇ ਨਾਲ ਉਸ ਨੂੰ ਕਿਹਾ-''ਜੇ ਤੂੰ ਮੇਰੀ ਜ਼ਬਾਨ ਝੂਠੀ ਕਰੇਗੀ ਤਾਂ ਮੈਂ ਕੁਝ ਖਾਂ ਕੇ ਮਰ ਜਾਵਾਂਗਾ।''
ਇਸ ਗੱਲ ਨੇ ਉਸਨੂੰ ਨਿਵਾ ਲਿਆ। ਉਸਨੇ ਛਾਤੀ 'ਤੇ ਪੱਥਰ ਰੱਖ ਕੇ ਮੁੰਡਾ ਦੇਣਾ ਕਬੂਲ ਕਰ ਲਿਆ। ਹੁਣ ਇਹ ਸਵਾਲ ਬਾਕੀ ਰਹਿ ਗਿਆ ਕਿ ਸੇਠ ਨੂੰ ਕਿਹੜਾ ਮੁੰਡਾ ਦਿੱਤਾ ਜਾਵੇ। ਇਸ ਦਾ ਫੈਸਲਾ ਪਾਰੋ ਦੀ ਹੀ ਮਰਜ਼ੀ 'ਤੇ ਛੱਡ ਦਿੱਤਾ ਗਿਆ।
ਭਗਤ ਸਿੰਘ ਕਾਹਲੀ ਕਰ ਰਿਹਾ ਸੀ, ਪਰ ਪਾਰੋ ਜਿਹੜਾ ਵੀ ਮੁੰਡਾ ਦੇਣ ਲੱਗਦੀ ਉਹਦਾ ਖਿਆਲ ਕਰ ਕੇ ਉਹਦੇ ਦਿਲ ਵਿਚ ਬਰਛੀਆਂ ਵੱਜਦੀਆਂ। ਅੰਤ ਭਗਤ ਸਿੰਘ ਦੀ ਘੁਰਕੀ ਸੁਣ ਕੇ ਉਸਨੇ ਕਿਹਾ-''ਹੱਛਾ ਮਹਿੰਦਰ ਨੂੰ ਲੈ ਜਾਉ।''
ਜਦੋਂ ਸੇਠ ਨੇ ਮੁੰਡੇ ਦੀ ਬਾਂਹ ਫੜੀ, ਤਾਂ ਉਹ ਚੀਕਾਂ ਮਾਰ ਉਠੀ-''ਹਾਏ ਰੱਬ ਦਾ ਵਾਸਤਾ ਜੇ ਇਸ ਨੂੰ ਨਾ ਲਿਜਾਣਾ, ਇਸ ਨੂੰ ਨਾ ਲਿਜਾਣਾ, ਇਸ ਨੇ ਤੇ ਅਜੇ ਦੁਧ ਵੀ ਨਹੀਂ ਛੱਡਿਆ।''
ਤੇ ਜਦ ਉਸ ਨੇ ਵੱਡੇ ਨੂੰ ਫੜਿਆ ਤਾਂ ਪਾਰੋ ਪਾਗ਼ਲਾਂ ਵਾਂਗ ਸੁਰਿੰਦਰ ਉਤੇ ਲੇਟ ਗਈ ਤੇ ਦੁਹਾਈਆਂ ਦੇਂਦੀ ਹੋਈ ਬੋਲੀ-''ਹਾਏ ਮੇਰਾ ਪਾਲਿਆਂ ਪਲੋਸਿਆਂ ਨਾ ਖੜਨਾ।''
ਇਸ ਤਰ੍ਹਾਂ ਚੋਖਾ ਚਿਰ ਖਿਚੋਤਾਣੀ ਹੁੰਦੀ ਰਹੀ, ਪਰ ਕੋਈ ਸਿੱਟਾ ਨਾ ਨਿਕਲਿਆ। ਅੰਤ ਗੁਸੇ ਨਾਲ ਦੰਦ ਪੀਹਦਾ ਹੋਇਆ ਭਗਤ ਸਿੰਘ ਅਗੇ ਵਧਿਆ। ਉਸ ਨੇ ਪਾਰੋ ਨੂੰ ਏਡੇ ਜ਼ੋਰ ਦਾ ਧੱਕਾ ਦਿਤਾ ਕਿ ਉਹ ਕਈ ਕਦਮ ਦੂਰ ਜਾ ਡਿੱਗੀ। ਤੇ ਵਡੇ ਮੁੰਡੇ ਦੀ ਬਾਂਹ ਸੇਠ ਦੇ ਹੱਥ ਫੜਾਉਂਦਾ ਹੋਇਆ ਭਗਤ ਸਿੰਘ ਬੋਲਿਆ-
''ਲੈ ਜਾਉ ਜੀ ਤੁਸੀਂ! ਏਸ ਕੁੱਤੀ ਨੂੰ ਭੌਂਕੀ ਜਾਣ ਦਿਓ।''
ਸੁਰਿੰਦਰ ਦੀ ਬਾਂਹ ਫੜ ਕੇ ਸੇਠ ਘਰ ਵਲ ਤੁਰ ਪਿਆ। ਪਾਰੋ ਉਸੇ ਤਰ੍ਹਾਂ ਭੁੰਜੇ ਪਈ ਹੋਈ ਮੁੰਡੇ ਵਲ ਦੋਹੇਂ ਬਾਹਾਂ ਪਸਾਰ ਕੇ ਕੁਰਲਾ ਰਹੀ ਸੀ। ਸੁਰਿੰਦਰ ਸੇਠ ਦੇ ਹੱਥੋਂ ਬਾਂਹ ਛੁਡਾਉਣ ਦਾ ਯਤਨ ਕਰਦਾ ਹੋਇਆ ਮਾਂ ਵਲ ਤਕ ਕੇ ਪੁਕਾਰ ਰਿਹਾ ਸੀ-''ਨੀ ਮਾਂ, ਨੀ ਮਾਂ, ਹਾਏ ਮੈਨੂੰ ਛੁਡਾ ਲੈ, ਮਾਂ ਮੈਨੂੰ ਲਈ ਜਾਂਦਾ ਈ!'' ਤੇ ਮੁੰਡੇ ਨੇ ਜ਼ੋਰ ਦਾ ਝਟਕਾ ਮਾਰ ਕੇ ਸੇਠ ਕੋਲੋਂ ਬਾਂਹ ਛੁਡਾ ਲਈ। ਉਹ ਦੌੜ ਕੇ ਪਾਰੋ ਨੂੰ ਚਿੰਬੜ ਗਿਆ। ਮਾਂ ਦਾ ਹੱਥ ਫੜ ਕੇ ਖਿੱਚਦਾ ਹੋਇਆ ਕਹਿਣ ਲੱਗਾ-''ਮਾਂ ਉਸ ਨੂੰ ਕਹੁ ਸਾਡੇ ਘਰੋਂ ਚਲਾ ਜਾਵੇ। ਨੀ ਮੈਂ ਮੈਂ ਨਹੀਂ.......''
ਪਾਰੋ ਦੀ ਅੱਖ ਖੁਲ੍ਹੀ। ਸੁਰਿੰਦਰ ਉਸ ਦਾ ਹਥ ਫੜ ਕੇ ਆਪਣੀ ਵਲ ਖਿੱਚਦਾ ਹੋਇਆ ਕਹਿ ਰਿਹਾ ਸੀ-
''ਮਾਂ ਮਾਂ, ਨੀ ਮਾਂ, ਮੇਰੇ ਵਲ ਮੂੰਹ ਕਰ ਕੇ ਕਿਉਂ ਨਹੀਂ ਸੌਂਦੀ?
ਅੱਖਾਂ ਮਲਦੀ ਹੋਈ ਪਾਰੋ ਅੱਬੜਵਾਹੇ ਉਠ ਬੈਠੀ। ਸੁਰਿੰਦਰ ਨੂੰ ਉਸ ਨੇ ਘੁਟ ਕੇ ਕਲੇਜੇ ਨਾਲ ਲਾ ਲਿਆ। ਫਿਰ ਪਤੀ ਦਾ ਪੈਰ ਟੁੰਬਦੀ ਹੋਈ ਬੋਲੀ-
''ਹੈਂ ਜੀ, ਸੌਂ ਗਏ ਓ? ਹਾਏ! ਮੈਨੂੰ ਕਿਹਾ ਭੈੜਾ ਸੁਪਨਾ ਪਿਆ ਆਉਂਦਾ ਸੀ!''

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ