Punjabi Stories/Kahanian
ਅਜਮੇਰ ਸਿੱਧੂ
Ajmer Sidhu
 Punjabi Kahani
Punjabi Kavita
  

Lahore Wali Bhua Afzal Tauseef Dian Abhul Yaadan

ਲਾਹੌਰ ਵਾਲੀ ਭੂਆ ਅਫ਼ਜ਼ਲ ਤੌਸੀਫ਼ ਦੀਆਂ ਅਭੁੱਲ ਯਾਦਾਂ

ਮੇਰੇ ਪਿਤਾ ਜੀ ਮਾਪਿਆਂ ਦੇ ਇਕਲੌਤੇ ਪੁੱਤਰ ਪਰ ਚਾਰ ਭੈਣਾਂ ਦੇ ਭਰਾ ਸੀ। ਮੇਰੀਆਂ ਇਨ੍ਹਾਂ ਚਾਰ ਭੂਆ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਪੰਜਵੀਂ ਭੂਆ ਮੈਂ ਆਪ ਬਣਾਈ ਸੀ। ਇਹ ਭੂਆ ਕੋਈ ਹੋਰ ਨਹੀਂ, ਸਗੋਂ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਪ੍ਰੋ. ਅਫ਼ਜ਼ਲ ਤੌਸੀਫ਼ ਹੈ। ਜਦੋਂ ਦੇਸ਼ ਦਾ ਬਟਵਾਰਾ ਹੋਇਆ ਮੇਰੇ ਪਿਤਾ ਜੀ ਤੇ ਭੂਆ ਨਿੱਕੇ-ਨਿੱਕੇ ਬੱਚੇ ਸਨ, ਜਿਨ੍ਹਾਂ ਨੂੰ ਦਾਦਾ ਤੇ ਦਾਦੀ ਜੀ ਬਚਾਅ ਕੇ ਬਾਰ (ਪਾਕਿਸਤਾਨ) ਦੇ ਇਲਾਕੇ ਤੋਂ ਚੜ੍ਹਦੇ ਪੰਜਾਬ ਲੈ ਆਏ ਸਨ। ਉਦੋਂ ਅਫ਼ਜ਼ਲ ਤੌਸੀਫ਼ 11 ਸਾਲ ਦੀ ਸੀ। ਜਿੱਦਣ ਪਿੰਡ ਸਿੰਬਲੀ ਉਹਦੇ ਘਰ ਫ਼ਸਾਦੀਆਂ ਨੇ ਹਮਲਾ ਕੀਤਾ, ਉਸ ਦਿਨ ਉਹ ਆਪਣੀ ਮਾਂ ਜ਼ੁਬੈਦਾ ਬੇਗ਼ਮ ਨਾਲ ਨਾਨਕਾ ਘਰ ਕੂੰਮ ਖੁਰਦ ਗਈ ਹੋਈ ਸੀ। ਉਸ ਨੇ ਨਾ ਤਾਂ ਲੱਤਾਂ ਤੋਂ ਅਪੰਗ ਆਪਣੇ ਤਾਏ ਨਿਆਮਤ ਖ਼ਾਂ ਨੂੰ ਵੱਢ ਹੁੰਦੇ ਦੇਖਿਆ, ਨਾ ਉਸ ਦੇ ਇਕਲੌਤੇ ਪੁੱਤਰ ਦੇ ਚੀਥੜੇ ਹੁੰਦੇ ਦੇਖੇ। ਉਸ ਦੀਆਂ ਦੋ ਧੀਆਂ ਨੇ ਆਪਣੀ ਆਬਰੂ ਨੂੰ ਬਚਾਉਂਦੀਆਂ ਬਾਕੀ ਕੁੜੀਆਂ ਵਾਂਗ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ ਸਨ। ਧੀਆਂ ਨੂੰ ਬਚਾਉਂਦੀਆਂ ਦੋਵੇਂ ਤਾਈਆਂ ਤੇ ਦਾਦੀ ਵੀ ਮਾਰੀਆਂ ਗਈਆਂ ਸਨ। ਛੋਟਾ ਤਾਇਆ ਫ਼ਜ਼ਲ ਖ਼ਾਂ ਬਾਹਰ ਗਿਆ ਹੋਣ ਕਾਰਨ ਬਚ ਗਿਆ ਸੀ ਪਰ ਉਸ ਦੇ ਪਰਿਵਾਰ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ। ਇਨ੍ਹਾਂ 12 ਜੀਆਂ ਨੂੰ ਕਿਵੇਂ ਕਤਲ ਕੀਤਾ ਹੋਵੇਗਾ, ਇਹ ਉਸ ਨੇ ਉਦੋਂ ਕਲਪਨਾ ਕੀਤੀ, ਜਦੋਂ ਉਹ ਕੂੰਮਾਂ ਤੋਂ ਕੋਇਟੇ ਗਈ। ਰਾਹ ਵਿੱਚ ਲਾਸ਼ਾਂ ਹੀ ਲਾਸ਼ਾਂ ਸੜ ਰਹੀਆਂ ਸਨ। ਧਰਤੀ ਖ਼ੂਨ ਨਾਲ ਲੱਥ-ਪੱਥ ਹੋਈ ਪਈ ਸੀ ਜਾਂ ਫਿਰ ਉਸ ਨੇ ਪਾਕਿਸਤਾਨ ਜਾ ਕੇ ਦੇਖਿਆ ਹੋਏਗਾ, ਜਿੱਥੇ ਹਿੰਦੂ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਇਆ ਗਿਆ ਸੀ। ਜਿੱਥੇ ਪਾਥੀਆਂ ਵਾਂਗ ਲਾਸ਼ਾਂ ਪਈਆਂ ਸਨ। ਨਾ ਉਧਰ ਨਿੱਕੇ-ਨਿੱਕੇ ਬੱਚਿਆਂ ਨੂੰ ਬਖ਼ਸ਼ਿਆ ਗਿਆ ਸੀ ਤੇ ਨਾ ਹੀ ਉਹਦੇ ਆਪਣੇ ਪਿੰਡ ਸਿੰਬਲੀ ਵਿੱਚ।
ਉਹਦੇ ਮਨ ਵਿੱਚ ਮੌਤਾਂ ਦਾ ਖ਼ੌਫ਼ ਸੀ। ਇਹ ਖ਼ੌਫ਼ ਇਸ ਕਦਰ ਸੀ ਕਿ ਉਹ ਜਨਵਰੀ 1997 ਵਿੱਚ ਦਿੱਲੀ ਤੋਂ ਕਲਕੱਤੇ ਹੁੰਦੀ ਹੋਈ ਅੰਮ੍ਰਿਤਸਰ ਪੁੱਜੀ ਸੀ। ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 1947 ਵਿੱਚ ਆਜ਼ਾਦੀ ਦੇ ਨਾਂ ’ਤੇ ਮਾਰੇ ਗਏ ਪੰਜਾਬੀਆਂ ਦੀ ਯਾਦ ਵਿੱਚ ਕਾਨਫਰੰਸ ਕੀਤੀ ਸੀ। ਉਸ ਦਾ ਕਾਨਫਰੰਸ ’ਤੇ ਆਉਣਾ ਤਾਂ ਇੱਕ ਬਹਾਨਾ ਸੀ, ਉਹ ਤਾਂ ਜਲ੍ਹਿਆਂਵਾਲੇ ਬਾਗ਼ ਦੀ ਜ਼ਿਆਰਤ ਕਰਨ ਆਈ ਸੀ ਜਾਂ ਫਿਰ ਆਪਣੀ ਜਨਮ ਭੂਮੀ ਸਿੰਬਲੀ ਨੂੰ ਇੱਕ ਵਾਰ ਵੇਖਣ ਦੀ ਖ਼ਾਹਿਸ਼ ਪੂਰੀ ਕਰਨ। ਵਾਈਸ ਚਾਂਸਲਰ ਡਾ. ਐਚ.ਐਸ. ਸੋਚ ਨੇ ਉਸ ਦੇ ਸਿੰਬਲੀ ਜਾਣ ਅਤੇ ਵਾਪਸ ਆਉਣ ਦਾ ਪ੍ਰਬੰਧ ਕਰ ਦਿੱਤਾ ਸੀ। ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਸੋਚ ਨੇ ਨਾਲ ਜਾਣਾ ਸੀ। ਰਾਤ ਨੂੰ ਕਿਸੇ ਉਦਾਸ ਸ਼ਾਮ ਦੇ ਸੂਰਜ ਵਾਂਗ ਦਿਲ ਡੁੱਬਣ ਲੱਗਾ। ਉਸ ਦੀ ਜਦੋਂ ਮਾੜੀ ਜਿਹੀ ਅੱਖ ਲੱਗੀ ਤਾਂ ਖ਼੍ਵਾਬ ਵਿੱਚ ਬਚਪਨ ਆ ਗਿਆ। ਆਪਣਾ ਪਿੰਡ, ਆਪਣਾ ਘਰ, ਚੁਬਾਰੇ ’ਤੇ ਪੈਲਾਂ ਪਾਉਂਦੇ ਮੋਰ ਦੇਖੇ, ਕਪਾਹ ਸੁੱਕਦੀ ਦੇਖੀ ਤੇ ਤਾਈ ਨੂੰ ਰੋਟੀ ਪਕਾਉਂਦੇ ਦੇਖਿਆ। ਸਵੇਰੇ ਤੜਕੇ ਅੱਧੀ ਸੁੱਤੀ ਜਾਗਦੀ ਹਾਲਤ ਵਿੱਚ ਉਸ ਨੂੰ ਇੱਕ ਆਵਾਜ਼ ਸੁਣੀ-
‘‘ਮੁੜ ਕੇ ਪਿੱਛੇ ਨਾ ਵੇਖੀਂ ਪੱਥਰ ਦੀ ਹੋ ਜਾਵੇਗੀਂ।’’
ਉਹ ਡਰ ਗਈ ਸੀ। ਇਹ ਡਰ… ਕਾਂਬਾ ਕਾਹਦਾ ਸੀ? ਪੂਰੀ ਜ਼ਿੰਦਗੀ ਦੀ ਇਹ ਖ਼ਾਹਿਸ਼ ਪਿੰਡ ਦੇਖਣ ਦੀ ਪੂਰੀ ਹੋਣ ਲੱਗੀ ਤਾਂ ਉਹ ਸਵੇਰੇ ਸਿੰਬਲੀ ਨਹੀਂ ਸੀ ਗਈ। ਦਾਦੀ ਤਾਇਆ, ਤਾਈਆਂ, ਭੈਣ-ਭਰਾਵਾਂ ਦੇ ਕਤਲਾਂ ਦੇ ਹੀ ਦ੍ਰਿਸ਼ ਉਭਰੇ ਹੋਣਗੇ। ਅਫ਼ਜ਼ਲ ਤੌਸੀਫ਼ ਦਾ ਪਰਿਵਾਰ ਘੋੜੇਵਾਹ ਰਾਜਪੂਤ ਜਾਤੀ ਵਿੱਚੋਂ ਸੀ। ਉਹਦਾ ਦਾਦਾ ਗੁਲਾਮ ਗੌਂਸ, ਰਾਣਾ ਕਰਮ ਸਿੰਘ ਦੀ ਸੱਤਵੀਂ ਪੀੜ੍ਹੀ ਵਿੱਚੋਂ ਸੀ। ਉਹ ਰਾਜਾ ਮਾਨ ਸਿੰਘ ਦੀ ਫ਼ੌਜ ਵਿੱਚ ਮੁਲਾਜ਼ਮ ਸੀ। ਉਹ ਮੁਸਲਮਾਨ ਕਦੋਂ ਹੋਏ ਤੇ ਕਿਵੇਂ ਹੋਏ, ਇਸ ਗੱਲ ਦਾ ਗਿਆਨ ਉਸ ਨੂੰ ਨਹੀਂ ਸੀ ਪਰ 1947 ਵਿੱਚ ਉਹ ਮੁਸਲਮਾਨ ਹੋਣ ਦੇ ਦੋਸ਼ ਵਿੱਚ ਵੱਢੇ ਮਾਰੇ ਗਏ ਸਨ ਅਤੇ ਆਪਣੇ ਹੀ ਦੇਸ਼ ਵਿੱਚੋਂ ਕੱਢ ਦਿੱਤੇ ਗਏ ਸਨ।

+++
ਪਿੰਡ ਬਾਰੇ ਬਣਿਆ ਡਰ ਮੈਂ ਉਨ੍ਹਾਂ ਦੇ ਮਨ ਵਿੱਚੋਂ ਕੱਢਿਆ ਸੀ। ਮੈਂ ਸ਼ੁਰੂਆਤ ਵਿੱਚ ‘ਰਵੇਲ’ (ਸੰਪਾਦਕ ਇਲਿਆਸ ਘੁੰਮਣ) ਮੈਗਜ਼ੀਨ ਰਾਹੀਂ ਚਿੱਠੀ-ਪੱਤਰ ਕੀਤੇ। ਫਿਰ ਸਿੱਧੇ ਕਰਨ ਲੱਗ ਪਏ ਸਾਂ। ਉਦੋਂ ਹੀ ਮੈਂ ਉਨ੍ਹਾਂ ਨੂੰ ਭੂਆ ਜੀ ਕਹਿਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਇਸ ਫੁੱਫੀ-ਭਤੀਜੇ ਦੇ ਰਿਸ਼ਤੇ ’ਤੇ ਯਕੀਨ ਹੋ ਗਿਆ ਸੀ। ਭੂਆ ਜੀ ਸੁਣ ਕੇ ਉਨ੍ਹਾਂ ਨੂੰ ਸਕੂਨ ਵੀ ਮਿਲਦਾ ਸੀ। ਜਦੋਂ ਪੰਜਾਬੀ ਸੱਥ ਲਾਂਬੜਾ ਨੇ 2000 ਵਿੱਚ ਉਨ੍ਹਾਂ ਨੂੰ ‘ਬਾਬਾ ਫ਼ਰੀਦ ਪੁਰਸਕਾਰ’ ਦੇਣ ਦਾ ਐਲਾਨ ਕੀਤਾ ਤਾਂ ਮੈਂ ਉਨ੍ਹਾਂ ਨੂੰ ਪਿੰਡ ਆਉਣ ਲਈ ਮਨਾਇਆ ਸੀ। ਉਨ੍ਹਾਂ ਦੇ ਮਨ ਦੇ ਸਾਰੇ ਡਰ ਕੱਢ ਕੇ ਪੂਰੀ ਜ਼ਿੰਮੇਵਾਰੀ ਆਪ ਲਈ ਸੀ।
ਪੁਰਸਕਾਰ ਲੈਣ ਤੋਂ ਬਾਅਦ ਪੱਤਰਕਾਰ ਉਨ੍ਹਾਂ ਨੂੰ ਪੁੱਛ ਰਹੇ ਸਨ, ‘‘ਜੇ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਕੀ ਤਬਦੀਲੀ ਆਏਗੀ?’’ ਉਸ ਕਿਹਾ ਸੀ – ‘‘ਕਲਾਸ ਕਰੈਕਟਰ ਬਦਲੇਗਾ। ਧਾਰਮਿਕ ਅਸ਼ਹਿਣਸ਼ੀਲਤਾ ਘਟੇਗੀ। ਲੋਕੀਂ ਆਪਸ ਵਿੱਚ ਮਿਲਣਗੇ। ਭਾਈਚਾਰਾ ਵਧੇਗਾ। ਦੂਰੀਆਂ ਘਟਣਗੀਆਂ। ਆਪਸ ਵਿੱਚ ਵਿਆਹ ਹੋਣਗੇ। ਇਹ ਅਜਮੇਰ ਸਿੱਧੂ ਵਿਆਹੁਣ ਵਾਲਾ। ਮੈਂ ਇਸ ਮੁੰਡੇ ਨੂੰ ਆਪਣੀ ਭਤੀਜੀ ਦਾ ਰਿਸ਼ਤਾ ਆਫ਼ਰ ਕਰਦੀ ਹਾਂ। ਉਹ ਇਹਦੇ ਵਾਂਗ ਪੋਸਟ ਗਰੈਜੂਏਟ ਹੈ ਤੇ ਸੋਹਣੀ-ਸੁਨੱਖੀ ਬਹੁਤ ਹੈ।’’
ਅਸੀਂ ਅਗਲੇ ਦਿਨਾਂ ਵਿੱਚ ਭੂਆ ਤੇ ਰਾਣਾ ਨਵੀਦ ਇਕਬਾਲ ਨੂੰ ਸਿੰਬਲੀ ਲੈ ਆਏ ਸਾਂ। ਜਿਉਂ ਹੀ ਨਹਿਰ ਪਾਰ ਕੀਤੀ। ਮੈਂ ਉਨ੍ਹਾਂ ਦੇ ਖੇਤਾਂ ਵੱਲ ਇਸ਼ਾਰਾ ਕੀਤਾ ਸੀ। ਉਸ ਹਉਕਾ ਲਿਆ ਸੀ। ਗੱਡੀ ਖੜ੍ਹੀ ਕਰਕੇ ਸਰ੍ਹੋਂ ਦੇ ਦੋ ਫੁੱਲ ਤੋੜ ਕੇ ਮੂੰਹ ਵਿੱਚ ਪਾਏ ਸਨ। ਉਨ੍ਹਾਂ ਦੇ ਘਰ ਦੇ ਮੂਹਰੇ ਉਹ ਖੂਹ ਸੀ ਜਿੱਥੇ ਤਾਏ ਨਿਆਮਤ ਖ਼ਾਂ ਤੇ ਗੁਆਂਢੀ ਤਾਏ ਲੀਕੜ ਖ਼ਾਂ ਦੀਆਂ ਕੁੜੀਆਂ ਡੁੱਬ ਮਰੀਆਂ ਸਨ। ਉਸ ਦੇ ਪੈਰ ਉੱਥੇ ਹੀ ਰੁਕ ਗਏ ਸਨ। ਉਹ ਕਿੰਨਾ ਚਿਰ ਆਪਣੀਆਂ ਭੈਣਾਂ ਨੂੰ ਯਾਦ ਕਰਦੀ ਰਹੀ। ਨਲਕੇ ’ਤੇ ਮੋਟਰਾਂ ਆਉਣ ਕਾਰਨ ਇਹ ਖੂਹ ਪੂਰ ਦਿੱਤਾ ਗਿਆ ਸੀ। ਉਸ ਸੰਭਲਦਿਆਂ ਕਿਹਾ ਸੀ, ‘‘ਧਰਮ ਦੇ ਨਾਂ ’ਤੇ ਆਪਣੀਆਂ ਹੀ ਕਤਲ ਕਰ ਦਿੱਤੀਆਂ ਗਈਆਂ ਧੀਆਂ ਦੇ ਨਾਂ ਦੀ ਤਖ਼ਤੀ ਤਾਂ ਇਸ ਖੂਹ ’ਤੇ ਲਾ ਦਿਓ।’’ ਮੈਂ ਕਿਹਾ, ‘‘ਭੂਆ ਜੀ, ਜੇ ਇੱਥੇ ਤਖ਼ਤੀ ਲਾ ਦਿੱਤੀ ਗਈ ਤਾਂ ਲੋਕਾਂ ਨੇ ਭੂਤਾਂ-ਪ੍ਰੇਰਤਾਂ ਦੀਆਂ ਕਹਾਣੀਆਂ ਜੋੜ ਲੈਣੀਆਂ ਹਨ।’’ ਖੰਡਰ ਹੋਇਆ ਉਹ ਚੁਬਾਰਾ ਉਸ ਵਕਤ ਖੜ੍ਹਾ ਸੀ ਜਿੱਥੇ ਤਾਈਆਂ ਜਵਾਨ ਕੁੜੀਆਂ ਤੇ ਬੱਚਿਆਂ ਨੂੰ ਲੁਕਾ ਕੇ ਬੈਠੀਆਂ ਸਨ। ਸ਼ਾਮ ਦੇ ਵਕਤ ਹਮਲਾ ਹੋਇਆ ਸੀ। ਉੱਥੇ ਹੀ ਖ਼ੂਨ ਦੀਆਂ ਨਦੀਆਂ ਵਗ ਗਈਆਂ ਸਨ। ਜਦੋਂ ਅਸੀਂ ਚੁਬਾਰੇ ’ਤੇ ਗਏ। ਉਨ੍ਹਾਂ ਸਭਨਾਂ ਨੂੰ ਥੱਲੇ ਉਤਾਰ ਦਿੱਤਾ। ਮੈਂ ਸੋਚਿਆ ਜਿਵੇਂ ‘ਮੇਰਾ ਪਾਕਿਸਤਾਨ ਸਫ਼ਰਨਾਮਾ’ ਵਿੱਚ ਬਲਰਾਜ ਸਾਹਨੀ ਕੋਠੇ ’ਤੇ ਚੜ੍ਹ ਕੇ ਮਿੱਟੀ ਵਿੱਚ ਲਿਟ ਜਾਂਦਾ ਹੈ ਤੇ ਧਾਹਾਂ ਮਾਰਦਾ ਹੈ। ਭੂਆ ਵੀ ਇਵੇਂ ਹੀ ਕਰੇਗੀ ਪਰ ਉਸ ਅਜਿਹਾ ਕੀਤਾ ਨਹੀਂ ਸੀ। ਉਹ ਕੰਧਾਂ ਨੂੰ ਹੱਥ ਲਾ-ਲਾ ਦੇਖਦੀ ਰਹੀ। ਉਸ ਇਕ ਇੱਟ ਤੇ ਮਿੱਟੀ ਲਿਫ਼ਾਫ਼ੇ ਵਿੱਚ ਪਾ ਕੇ ਗੱਡੀ ਵਿੱਚ ਰਖਵਾ ਲਈ ਸੀ।
ਜ਼ੈਲਦਾਰ ਮਹਿੰਦੀ ਖ਼ਾਂ ਦੇ ਖੰਡਰ ਬਣੇ ਘਰਾਂ ਲਾਗੇ ਮਸੀਤ ਸੀ। ਕਦੇ ਉਸ ਨੂੰ ਮਸਜਿਦਗੜ੍ਹ ਕਹਿੰਦੇ ਹੁੰਦੇ ਸੀ। ਉਸ ਨੂੰ ਗੁਰਦੁਆਰੇ ਦੇ ਰੂਪ ਵਿੱਚ ਸਾਂਭ ਲਿਆ ਗਿਆ ਸੀ। ਅੰਦਰ ਬੀੜ ਪਈ ਸੀ। ਉਸ ਆਪਣੀ ਫੇਰੀ ਵਾਲੇ ਲੇਖ ਵਿੱਚ ਲਿਖਿਆ ਸੀ, ‘‘ਉਸੇ ਗਲੀ ਵਿੱਚ ਇੱਕ ਮਸੀਤ ਵੀ ਹੈਗੀ, ਜੋ ਉੱਤੋਂ-ਉੱਤੋਂ ਉਸੇ ਤਰ੍ਹਾਂ ਹੀ ਦਿੱਸਦੀ ਏ ਪਰ ਅੰਦਰੋਂ-ਅੰਦਰੋਂ ‘ਸਿੱਖਣੀ’ ਹੋ ਗਈ ਏ। ਗੁਰਦੁਆਰਾ ਬਣ ਗਈ ਏ ਪਰ ਇਹ ਮੇਰੇ ਲਈ ਕੋਈ ਜਜ਼ਬਾਤੀ ਮਸਲਾ ਨਹੀਂ। ਇੱਟਾਂ ਈ ਤਾਂ ਨੇ। ਬੰਦਾ ਹੱਥਾਂ ਨਾਲ ਘੜਦਾ, ਜੋੜਦਾ, ਆਪੇ ਨਾਂ ਰੱਖਦਾ, ਆਪੇ ਬਦਲ ਵੀ ਦਿੰਦਾ। ਜੇ ਇੱਟਾਂ ਬੋਲ ਸਕਦੀਆਂ ਤਾਂ ਮੈਂ ਉਨ੍ਹਾਂ ਨਾਲ ਬੜੀਆਂ ਗੱਲਾਂ ਕਰਦੀ। ਉਂਜ ਬੰਦੇ ਈ ਬਥੇਰਾ ਕੁਝ ਬੋਲ ਰਹੇ ਸਨ। ਮੈਨੂੰ ਲੱਗਿਆ ਜ਼ੈਲਦਾਰਾਂ ਦਾ ਮਕਾਨ ਕੋਈ ਉੱਜੜੀ ਜ਼ਨਾਨੀ ਏ ਅਤੇ ਪੁਰਾਣੇ ਮਾਲਕ ਦਾ ਮਾਤਮ ਕਰੀ ਜਾ ਰਹੀ ਏ ਪਰ ਮਸੀਤ ਜਿਵੇਂ ਮੁੜ ਕੇ ਵਸ ਗਈ ਔਰਤ ਹੋਵੇ।’’

+++
ਦੂਜੀ ਵਾਰ 2004 ਵਿੱਚ ਉਨ੍ਹਾਂ ਨੂੰ ਸਿੰਬਲੀ ਲਿਆਂਦਾ ਗਿਆ। ਉਦੋਂ ਮੇਰਾ ਵਿਆਹ ਵੀ ਹੋ ਗਿਆ ਸੀ ਤੇ ਸਾਡੇ ਘਰ ਇੱਕ ਸਾਲ ਦੀ ਬੇਟੀ ਨਵਰੂਪ ਵੀ ਸੀ। ਭੂਆ ਜੀ, ਮੇਰੀ ਪਤਨੀ ਸਾਰਾ ਤੇ ਬੇਟੀ ਨਵਰੂਪ ਨੂੰ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਰਹੇ ਸਨ। ਉਨ੍ਹਾਂ ਨਾਲ ਪੱਤਰਕਾਰ ਅਤੇ ਕੁਝ ਕਾਮਰੇਡ ਮਿੱਤਰ, ਲੇਖਕ ਤੇ ਪਿੰਡ ਵਾਸੀ ਸਨ। ਮੈਂ ਪ੍ਰਬੰਧ ਵਿੱਚ ਉਲਝਿਆ ਹੋਇਆ ਸੀ। ਮੇਰੀ ਪਤਨੀ ਤੇ ਬੇਟੀ ਵੱਲ ਇਸ਼ਾਰਾ ਕਰਕੇ ਇੱਕ ਪਿੰਡ ਵਾਸੀ ਨੇ ਭੂਆ ਜੀ ਨੂੰ ਪੁੱਛਿਆ, ‘‘ਇਹ ਵੀ ਪਾਕਿਸਤਾਨ ਤੋਂ ਆਏ ਆ? ਇਹ ਤੁਹਾਡੀ ਨੂੰਹ ਤੇ ਪੋਤੀ ਏ?’’ ਉਹ ਨਵਰੂਪ ਨੂੰ ਇੱਕ ਮੋਢੇ ਤੋਂ ਲਾਹ ਦੂਜੇ ਮੋਢੇ ਚੁੱਕਦੇ ਬੋਲੇ, ‘‘ਇਹ ਮੇਰੀ ਛੋਟੀ ਨੂੰਹ ਏ। ਇਹ ਮੇਰੀ ਖ਼ੂਬਸੂਰਤ ਪੋਤੀ ਏ।’’ ਉਹ ਬੇਟੀ ਦੇ ਵਾਲਾਂ ਵਿੱਚ ਹੱਥ ਫ਼ੇਰਦੇ। ਪਿੰਡ ਦੀਆਂ ਕੁਝ ਔਰਤਾਂ ਮੇਰੀ ਪਤਨੀ ਦੀ ਵੀ ਮਹਿਮਾਨ-ਨਿਵਾਜ਼ੀ ਕਰਨ ਲੱਗ ਪਈਆਂ। ਹਾਸਾ ਉਦੋਂ ਪੈ ਗਿਆ, ਜਦੋਂ ਇੱਕ ਪੱਤਰਕਾਰ ਨੇ ਮੇਰੀ ਪਤਨੀ ਤੋਂ ਪਾਕਿਸਤਾਨ ਦੀ ਰਾਜਨੀਤਕ ਸਥਿਤੀ ਬਾਰੇ ਜਾਣਨਾ ਚਾਹਿਆ।
ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਉਨ੍ਹਾਂ ਦੇ ਸਵਾਗਤ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਪਿੰਡ ਦਾ ਇੱਕ ਬਜ਼ੁਰਗ ਇੰਗਲੈਂਡ ਤੋਂ ਆਇਆ ਹੋਇਆ ਸੀ। ਪਿੰਡ ਵਾਲਿਆਂ ਦੇ ਕਹਿਣ ’ਤੇ ਉਸ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਠਾਉਣ ਦਾ ਫ਼ੈਸਲਾ ਹੋਇਆ ਤਾਂ ਪਿੰਡ ਦੇ ਹੀ ਕੁਝ ਬੰਦਿਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਵਿਅਕਤੀ ਫ਼ਸਾਦੀਆਂ ਵਿੱਚ ਸ਼ਾਮਲ ਸੀ। ਮੈਂ ਕਸੂਤਾ ਫ਼ਸ ਗਿਆ ਕਿ ਕੀ ਕੀਤਾ ਜਾਵੇ? ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋ ਰਿਹਾ। ਜਦੋਂ ਭੂਆ ਜੀ ਨੂੰ ਪਤਾ ਲੱਗਾ, ਮੈਨੂੰ ਕਹਿਣ ਲੱਗੇ, ‘‘ਕਾਕਾ, ਕੋਈ ਗੱਲ ਨ੍ਹੀਂ ਬਿਠਾ ਦੇ। ਕੀ ਪਤਾ ਆਪਣੇ ਪਾਪ ਧੋਣੇ ਚਾਹੁੰਦਾ ਹੋਵੇ। ਅਜਿਹੇ ਪਾਪੀ ਜਿਉਂਦੇ ਰਹਿਣੇ ਚਾਹੀਦੇ ਆਂ ਤਾਂ ਕਿ ਆਪਣੇ ਕੁਕਰਮ ਦੇਖ ਲੈਣ, ਸੁਣ ਲੈਣ। ਇਹਦੀ ਫੋਟੋ ਜ਼ਰੂਰ ਖਿੱਚ ਦੇਵੀਂ।’’
ਸ਼ਾਮ ਨੂੰ ਮੇਰੇ ਘਰ ਆਏ ਤਾਂ ਕੈਮਰੇ ਵਿੱਚ ਉਸ ਦੀ ਫ਼ੋਟੋ ਦੇਖੀ ਜਾਣ। ਉਹ ਫ਼ੋਟੋ ਸੇਵ ਕਰਕੇ ਲੈ ਗਏ ਸਨ। ਅਫ਼ਜ਼ਲ ਤੌਸੀਫ਼ ਸਿਹਤ ਪ੍ਰਤੀ ਬਹੁਤ ਜਾਗਰੂਕ ਸਨ। ਉਹ ਸਵੇਰ ਦੇ ਨਾਸ਼ਤੇ ਵਿੱਚ ਇੱਕ ਸੇਬ, ਇੱਕ ਕੇਲਾ ਤੇ ਦੁੱਧ ਦਾ ਗਿਲਾਸ ਲੈਂਦੇ। ਦੁਪਹਿਰ ਨੂੰ ਦਹੀਂ ਤੇ ਸਬਜ਼ੀ ਨਾਲ ਇੱਕ ਜਾਂ ਡੇਢ ਰੋਟੀ ਖਾਂਦੇ। ਰਾਤ ਨੂੰ ਫੇਰ ਦੁੱਧ ਦਾ ਗਿਲਾਸ ਪੀ ਕੇ ਸੌਂ ਜਾਂਦੇ। ਇੱਕ ਦਿਨ ਸਵੇਰੇ ਸਾਰਾ ਨੇ ਪਰੌਂਠੇ ਬਣਾਏ। ਮੈਂ ਦਹੀਂ ਤੇ ਮੱਖਣ ਨਾਲ ਦੋ ਪਰੌਂਠੇ ਖਾਧੇ। ਬਾਅਦ ਵਿੱਚ ਦੁੱਧ ਦਾ ਗਿਲਾਸ ਪੀ ਲਿਆ। ਮੈਨੂੰ ਕਹਿਣ ਲੱਗੇ- ‘‘ਓਏ ਹੁਣ ਤੂੰ ਖੇਤ ਵਿੱਚ ਕੰਮ ਕਰਨ ਵਾਲਾ ਕਿਸਾਨ ਨ੍ਹੀਂ ਪੜ੍ਹਨ-ਲਿਖਣ ਵਾਲਾ ਬੁੱਧੀਜੀਵੀ ਏ। ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵੀ ਤੈਨੂੰ ਐਨੀ ਖੁਰਾਕ ਦੀ ਲੋੜ ਨ੍ਹੀਂ।’’
ਅਗਲੇ ਦਿਨ ਅਮਰੀਕਾ ਤੋਂ ਆਏ ਇੱਕ ਪਰਿਵਾਰ (ਤਾਰਾ ਸਿੰਘ ਸਾਗਰ) ਦੀ ਲੜਕੀ ਦਾ ਵਿਆਹ ਸੀ। ਉੱਘੇ ਸ਼ਾਇਰ ਡਾਕਟਰ ਜਗਤਾਰ ਵੀ ਵਿਆਹ ’ਤੇ ਆਏ ਸਨ। ਡਾਕਟਰ ਸਾਹਿਬ ਉਰਦੂ ਅਦਬ ਦੀਆਂ ਗੱਲਾਂ ਕਰ ਰਹੇ ਸਨ ਪਰ ਭੂਆ ਜੀ ਦੀ ਸੁਤ੍ਹਾ ਵਿਆਹ ਦੀਆਂ ਰਸਮਾਂ ਵਿੱਚ ਸੀ। ਜਿਵੇਂ ਕੁਆਰੀਆਂ ਕੁੜੀਆਂ ਵਿਆਹ ਨੂੰ ਬਹੁਤ ਰੀਝ ਨਾਲ ਦੇਖਦੀਆਂ ਹਨ ਅਤੇ ਉਸ ਵਿੱਚ ਹਿੱਸਾ ਵੀ ਲੈਂਦੀਆਂ ਹਨ। ਉਹ ਦੁਲਹਨ ਤੇ ਲਾੜੇ ਬਾਰੇ ਬੜਾ ਬੇਬਾਕ ਹੋ ਕੇ ਟਿੱਪਣੀ ਕਰ ਰਹੇ ਸਨ।’’

+++
ਪੰਜਾਬੀ ਸਾਹਿਤ ਸਭਾ ਬੰਗਾ ਦਾ ਸਮਾਗਮ ਸੀ। ਔਰਤ ਕਵੀ ਦਰਬਾਰ ਦੀ ਪ੍ਰਧਾਨਗੀ ਤੇ ਭਾਸ਼ਣ ਭੂਆ ਦਾ ਸੀ। ਨਵਾਂਸ਼ਹਿਰ ਤੇ ਬੰਗਾ ਦੇ ਰਾਹ ਵਿੱਚ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਆਉਂਦਾ ਹੈ, ਜਿੱਥੇ ਸ਼ਹੀਦਾਂ ਬਾਰੇ ਦੇਖਣਯੋਗ ਮਿਊਜ਼ੀਅਮ ਬਣਿਆ ਹੋਇਆ ਹੈ। ਮੈਨੂੰ ਉਨ੍ਹਾਂ ਨੂੰ ਸਮਾਗਮ ਵਿੱਚ ਪਹੁੰਚਾਉਣ ਦੀ ਕਾਹਲ ਸੀ ਪਰ ਉਹ ਤਾਂ ਆਪਣੇ ਮਹਿਬੂਬ ਹੀਰੋ ਨੂੰ ਸਲਾਮ ਕੀਤੇ ਬਗੈਰ ਤੁਰ ਹੀ ਨਹੀਂ ਰਹੇ ਸਨ। ਉਨ੍ਹਾਂ ਮਿਊਜ਼ੀਅਮ ਅੱਗੇ ਗੱਡੀ ਰੁਕਵਾ ਲਈ ਸੀ। ਫਿਰ ਪਿੰਡ ਵਿੱਚ ਪੁਰਾਣੇ ਘਰ ਵੀ ਗਏ।
ਅੰਮ੍ਰਿਤਾ ਪ੍ਰੀਤਮ ਵਾਂਗ ਅਫ਼ਜ਼ਲ ਤੌਸੀਫ ਵੀ ਦੋਹਾਂ ਪੰਜਾਬਾਂ ਵਿੱਚ ਪੜ੍ਹੀ ਜਾਣ ਵਾਲੀ ਸਤਿਕਾਰੀ ਲੇਖਿਕਾ ਹੈ। ਉਹ ਪੰਜਾਬੀ ਤੇ ਉਰਦੂ ਭਾਸ਼ਾਵਾਂ ਵਿੱਚ ਮੁਹਾਰਤ ਰੱਖਣ ਵਾਲੀ ਪਰ ਆਵਾਮ ਲਈ ਪ੍ਰਤੀਬੱਧ ਲੇਖਿਕਾ ਸੀ। 2007 ਦੀ ਸਿੰਬਲੀ ਫੇਰੀ ਤੋਂ ਬਾਅਦ ਅਸੀਂ ਮਿਲੇ ਨਹੀਂ। ਉਹ ਬਿਮਾਰ ਪੈ ਗਏ ਸਨ। ਅਮਰੀਕਾ ਵਾਲੇ ਮਿੱਤਰਾਂ ਨੇ ਮੇਰੀ ਡਿਊਟੀ ਲਾਈ ਸੀ ਕਿ ਮੈਂ ਅਮਰੀਕੀ ਕਾਨਫਰੰਸ ’ਤੇ ਲੈ ਕੇ ਆਵਾਂ। ਬਿਮਾਰੀ ਕਾਰਨ ਉਹ ਜਾ ਨਾ ਸਕੇ। ਮੈਂ ਗ਼ਦਰ ਪਾਰਟੀ ਦੇ ਮੁਸਲਮਾਨ ਸੂਰਬੀਰਾਂ ਬਾਰੇ ਲਿਖਣ ਲਈ ਉਨ੍ਹਾਂ ਨੂੰ ਕਿਹਾ ਸੀ ਪਰ ਸਿਹਤ ਦੀ ਖ਼ਰਾਬੀ ਨੇ ਇਹ ਸੱਚਾ-ਸੁੱਚਾ ਕੰਮ ਹੋਣ ਨਹੀਂ ਦਿੱਤਾ। ਮੇਰੀਆਂ ਤਿੰਨ ਭੂਆਂ ਪਹਿਲਾਂ ਹੀ ਅਲਵਿਦਾ ਕਹਿ ਗਈਆਂ ਸਨ। ਇਹ ਲਾਹੌਰ ਵਾਲੀ ਭੂਆ ਵੀ 30 ਦਸੰਬਰ 2014 ਨੂੰ ਧੋਖਾ ਦੇ ਗਈ।

 
 

To veiw this site you must have Unicode fonts. Contact Us

punjabi-kavita.com