Kulfi (Punjabi Story) : Principal Sujan Singh

ਕੁਲਫ਼ੀ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

ਮਹੀਨਾ ਮੁੱਕਣ ਤੇ ਸੀ, ਪਰ ਮੁੱਕਣ ਵਿਚ ਨਹੀਂ ਸੀ ਆਉਂਦਾ । ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ ਪੰਦਰ੍ਹਾਂ ਦਿਨ ਕਿਵੇਂ ਝਟ-ਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਨ੍ਹਾਂ ਪੰਦਰਾਂ ਦਿਨਾਂ ਦੇ ਨਾਲ ਹੀ ਕਿਵੇਂ ਉਡ ਪੁਡ ਜਾਂਦੀ ਹੈ । ਮੈਨੂੰ ਪੱਠੇ ਦੀ ਸਫ਼ ਚੁੱਭ ਰਹੀ ਸੀ । ਪਾਸਾ ਵੱਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸਫ਼ ਦੀਆਂ ਪਿੜੀਆਂ ਪਿੰਡੇ ਵਿਚ ਖੁਭੀਆਂ ਹੋਈਆਂ ਸਨ ।
"ਮਲਾਈ ਵਾਲੀ ਕੁਲਫ਼ੀ", ਠੰਢੀ-ਠਾਰ ਆਵਾਜ਼ ਵਿਚ ਕੁਲਫ਼ੀ ਵਾਲੇ ਨੇ ਹੋਕਾ ਦਿੱਤਾ । ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿਚ ਗੂੰਜਦੀ ਰਹੀ । ਚਿੱਟੀ ਦੁੱਧ ਕੁਲਫ਼ੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ । ਮੇਰੇ ਮੂੰਹ ਵਿਚ ਪਾਣੀ ਆ ਗਿਆ । ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਭੈੜੀ ਹੁੰਦੀ ਹੈ । ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ 'ਕੁਲਫ਼ੀ' ਸ਼ਬਦ ਦੀ ਬਣਤਰ ਤੇ ਵਿਚਾਰ ਕਰਨ ਦੀ ਆੜ ਲੈ ਲਈ । ਕੁਫ਼ਲ ਦਾ ਅਰਥ ਜੰਦਰਾ, ਸੁਨਿਆਰਿਆਂ ਗਹਿਣਿਆਂ ਵਿਚ ਇਸ ਨੂੰ ਲਾ ਕੇ ਕੁਫ਼ਲ ਦਾ ਕੁਲਫ਼ੀ ਬਣਾ ਦਿੱਤਾ ।ਕੁਲਫ਼ੀ ਨੂੰ ਵੀ ਟੀਨ ਦੇ ਸੱਚਿਆਂ ਵਿਚ ਬੰਦ ਕਰਕੇ ਜਮਾਇਆ ਜਾਂਦਾ ਹੈ-ਇਸ ਲਈ ਕੁਲਫ਼ੀ । ਤੇ ਇੱਦਾਂ ਹੌਲੀ ਹੌਲੀ, ਪਤਾ ਨਹੀਂ ਕਦੋਂ, ਨੀਂਦ ਨੇ ਮੇਰਾ ਕੁਲਫ਼ੀ ਤੋਂ ਛੁਟਕਾਰਾ ਕਰ ਦਿੱਤਾ ।
ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ । ਮੈਂ ਖਿਝਿਆ ਹੋਇਆ ਸਾਂ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ।
"ਦਾ ਜੀ, ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਈ ਨਹੀਂ, ਤੁਛੀਂ ।"
"ਹਾਂ, ਹਾਂ ਕੀ ਕਹਿਨੈਂ ? ਦਸ ਵੀ", ਮੈਂ ਕੁਝ ਕਾਹਲੇ ਪੈ ਕੇ ਪੁੱਛਿਆ ।
"ਤੱਕਾ, ਇਕ ਤੱਕਾ ਦਿਉ, ਦਾ ਜੀ"
ਪਰ ਟੱਕਾ ਮੇਰੇ ਕੋਲ ਹੈ ਨਹੀਂ ਸੀ । ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ । ਜੂਨ ਦੀ ਛੱਬੀ ਤਰੀਕ ਸੀ ਘਰ ਦਾ ਖਰਚ, ਬਜ਼ਾਰ ਦੀ ਉਧਾਰ ਦੀ ਸ਼ਾਖ ਤੇ ਮਸੀਂ ਤੁਰ ਰਿਹਾ ਸੀ ।
"ਤੱਕਾ ਦਿਓ ਵੀ ਨਾ, ਦਾ ਜੀ ।"
ਬਾਹਰ ਮੁਰਮੁਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕੇ ਦੇ ਰਿਹਾ ਸੀ । ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, "ਕਾਕਾ ਤੂੰ ਟਕਾ ਕੀ ਕਰਨੈਂ ?"
"ਖਚਣੈ ਮੈਂ ਤਕਾ, ਹੋਰ ਕੀ ਕਰੀਦਾ, ਤੱਕੇ ਨੂੰ ?"
ਮੈਨੂੰ ਪਤਾ ਏ, ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਤੇ ਧੇਲੇ ਦੇ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿਚ ਹੀ ਨਹੀਂ ਸਨ ਆਉਂਦੇ । ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਮਿਲ ਸਕਦੇ ਤੇ ਆਮਦਨ ਮੇਰੀ, ਮੇਰੇ ਪਿਤਾ ਦੀ ਆਮਦਨ ਦੇ ਪਾਸਕੂ ਵੀ ਨਹੀਂ ਸੀ, ਹਾਲਾਂ ਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ । ਮੈਂ ਦੁਨੀਆਂ ਦੀ ਆਰਥਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ, ਧਨ-ਕੁਬੇਰਾਂ ਤੇ ਵਿਚਾਰ ਕਰਨ ਲੱਗ ਪਿਆ ।
ਬਾਹਰੋਂ ਫੇਰ 'ਮੁਰਮੁਰਾ ਛੋਲੇ' ਦਾ ਹੋਕਾ ਗੂੰਜਿਆ । ਤੇ ਨਾਲ ਹੀ ਕਾਕੇ ਆਖਿਆ, "ਤੱਕਾ ਦਿਉ ਵੀ ਨਾ ਦਾ ਜੀ ।"
"ਤੱਕਾ ਭੈੜਾ ਹੁੰਦਾ ਹੈ", ਮੈਂ ਹਾਲਾਤ ਤੋਂ ਪੈਦਾ ਹੋਈ ਬਦ-ਹਵਾਸੀ ਜਿਹੀ ਵਿਚ ਕਿਹਾ ।
"ਹੂੰ, ਤੱਕਾ ਵੀ ਕਦੇ ਭੈਰਾ ਹੁੰਦਾ, ਦਾ ਜੀ ? ਤੱਕੇ ਦਾ ਮੁਰਮੁਰਾ ਆਉਂਦੈ ।"
"ਮੁਰਮੁਰਾ ਭੈੜਾ ਹੁੰਦੈ", ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿਚ ਹੀ ਸੀ ਕਿ ਕਾਕੇ ਨੇ ਕਿਹਾ, "ਮੁਰਮੁਰਾ ਤੇ ਮਿੱਠਾ ਹੁੰਦੈ ।"
ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ । ਮੈਂ ਵੀ ਮਿੱਠੇ ਦਾ ਲੋਭੀ ਹਾਂ । ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਣਾਉਂਦਿਆਂ ਕਿਹਾ, "ਮੁਰਮੁਰੇ ਨਾਲ ਖੰਘ ਲੱਗ ਜਾਂਦੀ ਏ, ਬੱਚੂ ।"
"ਤੁਛੀਂ ਤੱਕਾ ਦੇ ਦਿਓ । ਮੈਨੂੰ ਨਹੀਂ ਲੱਗਦੀ ਲੁਗਦੀ ਖੰਘ ।"
ਮੁੰਡਾ ਮੱਛਰਦਾ ਜਾਪਦਾ ਸੀ । ਟੱਕਾ ਮੇਰੇ ਕੋਲ ਹੈ ਨਹੀਂ ਸੀ । ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ-ਖ਼ਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ-"ਮੁਰਮੁਰਾ ਗੰਦਾ ਹੁੰਦੈ ! ਅਸੀਂ ਸ਼ਾਮੀ ਬਜ਼ਾਰੋਂ ਕੁਲਫ਼ੀ ਖਾਵਾਂਗੇ ।"
ਮੁਰਮੁਰਾ ਛੋਲੇ ਵਾਲਾ ਹੁਣ ਟਲ ਚੁੱਕਾ ਸੀ । ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀਂ ਕੁਲਫ਼ੀ ਖਾਣੀ ਮੰਨ ਗਿਆ । ਸਮਝਿਆ ਬਲਾ ਟਲੀ । ਮੈਂ ਸੋਚਿਆ ਕਿਤੇ ਕੋਈ ਛਾਬੜੀ ਵਾਲਾ ਨਾ ਆ ਜਾਵੇ । ਸੋ ਮੈਂ ਕਪੜੇ ਪਾ ਕੇ ਕੜਕਦੀ ਧੁੱਪ ਵਿਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ । ਕੀਮਤੀ ਸਮਾਂ ਮੈਂ ਇਕ ਟੱਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ।
ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿਚ ਗੁਜ਼ਾਰਾ ਨਹੀਂ ਹੁੰਦਾ । ਪਰ ਸੁਣੇਗਾ ਕੌਣ ? ਇਕੱਲੇ ਦੀ ਅਵਾਜ਼ ਭਾਵੇਂ ਕਿੱਡੀ ਉੱਚੀ ਹੋਵੇ, ਸੁਣੀ ਨਹੀਂ ਜਾਂਦੀ । ਲੋੜਵੰਦ ਇਕੱਠੇ ਹੋ ਨਹੀਂ ਸਕਦੇ । ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ, ਤਾਂ ਜੋ ਇਕੱਠੀ ਮੰਗ ਨਾ ਕਰਨ । ਮੰਗ ਕੀਤਿਆਂ ਕਈ ਵਾਰੀ ਨੌਕਰੀਓਂ ਜਵਾਬ ਹੋ ਜਾਂਦਾ ਹੈ । ਮੈਂ ਡਰ ਗਿਆ । ਬੇਰੁਜ਼ਗਾਰੀ ਦੇ ਭਿਆਨਕ ਭਵਿੱਖਤ ਨੇ ਮੈਨੂੰ ਕੰਬਾ ਦਿੱਤਾ । ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ।
ਸ਼ਾਮੀਂ ਇਹ ਸਮਝ ਕੇ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦਬੇ ਪੈਰੀਂ ਘਰ ਪਹੁੰਚਿਆ । ਅਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ । ਉੱਤੋਂ ਹੀ ਅਵਾਜ਼ ਆਈ, "ਦਾ ਜੀ, ਆਇਆ ਜੇ" ਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ ।
"ਦਾ…ਜੀ…ਕੁਲਫ਼ੀ ਖਾਣ ਜਾਣਾ ਜੇ ?" ਉਸ ਨੇ ਆਸ-ਭਰਪੂਰ ਲਹਿਜੇ ਵਿਚ ਪੁੱਛਿਆ ।
"ਉੱਤੇ ਚੱਲ, ਉੱਤੇ" ਮੈਂ ਕਿਹਾ:
ਕਾਕਾ ਨਿਮੋਝੂਣਾ ਜਿਹਾ ਹੋਕੇ ਅੱਗੇ ਲੱਗ ਤੁਰਿਆ । ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿਚ ਲੈ ਕੇ ਮੈਂ ਪਿਆਰ ਨਾਲ ਕਿਹਾ, "ਹੁਣ ਰਾਤ ਪੈ ਗਈ ਏ, ਕੁਲਫ਼ੀ ਕੱਲ੍ਹ ਖਾਵਾਂਗੇ ।"
ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ । ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ । ਫੇਰ ਆਖਣ ਲੱਗਾ, "ਦਾ…ਜੀ, ਤਾਰੇ ਪਈਏ ਹੁੰਦੇ ਨੇ ਨਾ, ਵੱਡਾ ਭਾ ਆਖਦਾ ਸੀ ਤਾਰੇ ਪਈਏ ਹੁੰਦੇ ਨੇ ਤੇ ਦਾ… ਜੀ, ਸਾਰੇ ਪਈਏ ਸਾਡੇ ਕੋਥੇ ਤੇ ਕਿਉਂ ਨਹੀਂ ਵਰ੍ਹ ਪੈਂਦੇ ?"
ਮੈਂ ਇਹ ਆਖ ਕੇ, "ਤਾਰੇ ਪਈਏ ਨਹੀਂ ਹੁੰਦੇ ਮਾਨੋ ਉਸ ਦਾ ਸੁਰਗ ਢਾਹ ਛੱਡਿਆ । ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਵੇਖਦਾ ਆਖ਼ਰ ਸੌਂ ਹੀ ਗਿਆ ।
ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹੀਆ ਨਹੀਂ ਸੀ ਪੈਂਦਾ । ਮੰਗਣਾ ਬਹੁਤ ਹੀ ਔਖਾ ਕੰਮ ਹੈ । ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿਚ ।
ਆਖ਼ਰ ਇੱਕ ਸਾਥੀ ਕੋਲੋਂ ਤਿੰਨ ਰੁਪਏ ਲੈ ਹੀ ਲਏ । ਝਟ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ । ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਤਿੰਨ ਰੁਪਏ ਮੁੱਛ ਲਏ । ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ ਤੇਲ ਆਦਿ ਵਿਚ ਕਾਕੇ ਦੇ ਜਾਗਣ ਤੋਂ ਪਹਿਲਾਂ ਤਿੰਨੇ ਰੁਪਏ ਮੁੱਕ ਗਏ । ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫ਼ੀ ਖਵਾਉਣੀ ਹੈ ਪਰ ਉਨ੍ਹਾਂ ਕਹਿ ਛੱਡਿਆ, "ਬੜਾ ਉਹਨੂੰ ਯਾਦ ਰਹਿਣੈ । ਮੈਂ ਟੱਕਾ ਦੇ ਛੱਡਾਂਗੀ ਮੁਰਮੁਰੇ ਲਈ ।"
ਕਾਕੇ ਜਾਗਦਿਆਂ ਹੀ ਕੁਲਫ਼ੀ ਮੰਗੀ । ਚੀਕ ਚਿਹਾੜਾ ਪੈ ਗਿਆ । ਕੱਲ੍ਹ ਵਾਲਾ ਮੁਰਮੁਰਾ ਤੇ ਟੱਕਾ ਮਨਜ਼ੂਰ ਨਹੀਂ ਸਨ । ਆਖ਼ਰ ਸ਼ਾਮ ਨੂੰ ਕੁਲਫ਼ੀ ਖਵਾਉਣ ਦਾ ਵਾਇਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟੱਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ । ਸ਼ਾਮ ਤੋਂ ਪਹਿਲੋਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ । ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿਚ ਸਾਹ ਆਇਆ ।ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ । ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ । ਨੀਂਦ ਆਉਂਦੀ ਹੀ ਨਹੀਂ ਸੀ, ਪਰ ਆਖ਼ਰ ਪਤਾ ਨਹੀਂ ਕਦੋਂ ਆ ਗਈ । ਨੀਂਦ ਤੇ ਆਖਦੇ ਨੇ, ਸੂਲਾਂ ਤੇ ਵੀ ਆ ਜਾਂਦੀ ਹੈ ।
ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ । ਕਾਕਾ ਸੁੱਤਾ ਬੇਚੈਨ ਜਾਪਦਾ ਸੀ । ਉਸ ਦੋ ਤਿੰਨ ਵਾਰੀ ਢਿੱਡ ਵਿਚ ਲੱਤਾਂ ਮਾਰੀਆਂ ਸਨ । ਹੁਣ ਉਸ ਬਾਂਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ । ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ, ਹੁਣ ਚਿਤੰਨ ਹੋ ਗਿਆ । ਕਾਕਾ ਕੁਝ ਬੁੜ-ਬੁੜਾਇਆ । ਮੈਨੂੰ ਕੁਝ ਪਤਾ ਨਾ ਲੱਗਾ । ਫਿਰ ਉਹ ਉੱਚੀ ਬੁੜਾਇਆ, "ਕੁਫ਼ੀ, ਕੁਫ਼ੀ, ਦਾ … ਜੀ ਕੁਫ਼ੀ ।" ਮੈਂ ਬਿਹਬਲ ਹੋ ਉੱਠਿਆ । ਸਰਦਾਰ ਜੀ, ਜਾਗਦੇ ਓ", ਸ਼੍ਰੀਮਤੀ ਜੀ ਨੇ ਆਖਿਆ, ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ, ਉਸ ਜਾਰੀ ਰੱਖਿਆ, "ਖਸਮਾਂ ਖਾਣਾ ਸੁੱਤਾ ਪਿਆ ਵੀ ਕੁਲਫ਼ੀਆਂ ਮੰਗਦੈ ।" ਮੇਰੇ ਤ ਮਾਨੋ ਬਿਜਲੀ ਪੈ ਗਈ ਸੀ । ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ ।
ਸਵੇਰੇ ਜਾਗ ਕੇ ਕਾਕੇ ਕੁਲਫ਼ੀ ਦੀ ਮੰਗ ਕੋਈ ਨਾ ਕੀਤੀ । ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੈਥੋਂ ਕੁਝ ਨਾ ਮੰਗਿਆ । ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ । ਉਸ ਚੁੱਭਣ ਵਾਲੀ ਸਫ਼ ਉੱਤੇ ਅਤੇ ਹੁਦਾਰ ਨਾ ਲੈ ਸਕਣ ਦੀ ਅਸਫ਼ਲਤਾ ਤੇ ਝੂਰਦਾ ਰਿਹਾ । ਫੇਰ ਮੈਨੂੰ ਨੀਂਦ ਆ ਗਈ । ਮੇਰੀ ਨੀਂਦ ਹਾਲੇ ਅਧਵਾਟੇ ਹੀ ਸੀ ਕਿ ਗਲੀ ਵਿਚ ਕਿਸੇ ਕੁਲਫ਼ੀ ਵਾਲੇ ਨੇ ਹੋਕਾ ਦਿੱਤਾ, "ਠੰਢੀ ਠਾਰ ਕੁਲਫ਼ੀ, ਮਜ਼ੇਦਾਰ ਕੁਲਫ਼ੀ ।" ਮੈਂ ਜਾਗ ਪਿਆ । ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ਼ ਨਾਲ ਖੇਡ ਰਿਹਾ ਸੀ । ਦੂਸਰੀ ਅਵਾਜ਼ ਤੇ ਉਸਦੇ ਕੰਨ ਖੜੇ ਹੋ ਗਏ । ਬੱਤਖ਼ ਨੂੰ ਸੁੱਟ ਕੇ ਉਹ ਖੜਾ ਹੋਇਆ । ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ । ਮੈਂ ਸੋਚਿਆ, ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉਥੇ ਹੀ ਖੜੋਤਾ ਰਿਹਾ । ਫੇਰ ਉਹ ਬਾਹਰ ਤੁਰ ਗਿਆ । ਮੈਂ ਛੋਪਲੀ ਛੋਪਲੀ ਉੱਠ ਕੇ ਬੂਹੇ ਉਹਲੇ ਆ ਖੜੋਤਾ । ਕੁਲਫ਼ੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫ਼ੀ ਕੱਢ ਕੇ ਦੇਣ ਦੇ ਆਹਰ ਵਿਚ ਸੀ । ਇਹ ਮੁੰਡਾ ਗਲੀ ਦਾ 'ਬੁਲੀ' ਸੀ ਤੇ ਆਪਣੇ ਤੋਂ ਛੋਟਿਆਂ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ । ਇਹ ਕੋਈ ਅੱਠਾਂ ਕੁ ਵਰ੍ਹਿਆਂ ਦਾ ਸੀ ਤੇ ਸਾਡੇ ਕਾਕੇ ਤੋਂ ਤਿੰਨ ਕੁ ਸਾਲ ਵੱਡਾ ਸੀ । ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ । ਕੁਲਫ਼ੀ ਵੱਲ ਉਹ ਗਹੁ ਨਾਲ ਦੇਖ ਰਿਹਾ ਸੀ । ਪਰ ਉਸ ਭਾਈ ਕੋਲੋਂ ਕੁਲਫ਼ੀ ਨਹੀਂ ਸੀ ਮੰਗੀ । ਜਿਉਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫ਼ੀ ਦੀ ਪਲੇਟ ਰੱਖੀ, ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ । ਔਹ ਗਈ ਪਲੇਟ, ਔਹ ਗਈ ਕੁਲਫ਼ੀ, ਫ਼ਲੂਦਾ ਤੇ ਚਮਚਾ, ਤੇ ਮੋਰੀ ਵਿਚ ਡਿੱਗਾ ਸ਼ਾਹਾਂ ਦਾ ਮੁੰਡਾ । ਕਿਸੇ ਜੇਤੂ ਵਾਂਗ ਕਾਕਾ ਉਸ ਵੱਲ ਦੇਖਦਾ ਰਿਹਾ । ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ-ਕੁਲਫ਼ੀ ਦਾ ਨੁਕਸਾਨ ਤੇ ਆਪਣੀ ਹੇਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ । ਜਿਉਂ ਹੀ ਉਹ ਉੱਠਿਆ, ਕਾਕੇ ਨੇ ਫੇਰ ਉਸ ਨੂੰ ਇੱਕ ਐਸੀ ਢੁਡ ਮਾਰੀ ਕਿ ਉਹ ਫਿਰ ਮੋਰੀ ਵਿਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ । ਕੁਲਫ਼ੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ । ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ । ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉੱਠਾ ਲਿਆ । ਸ਼ਾਹਣੀ, ਜੋ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਆਈ । ਕਾਕੇ ਦਾ ਸਰੀਰ ਭਖ ਰਿਹਾ ਸੀ । ਸ਼੍ਰੀਮਤੀ ਨੇ ਕਿਹਾ, "ਆ ਖਸਮਾਂ ਖਾਣਿਆਂ ! ਤੂੰ ਲੱਗੈਂ ਹੁਣੇ ਉਲਾਂਭੇ ਲਿਆਉਣ ?" ਤੇ ਮਾਰਨ ਲਈ ਚਪੇੜ ਉਘਾਰੀ । ਮੈਂ ਕਿਹਾ, "ਕੁਝ ਵੰਡ ਸ਼ੁਦੈਣੇ ! ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਐਂ ।"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ