Kallo (Punjabi Story) : Nanak Singh

ਕੱਲੋ (ਕਹਾਣੀ) : ਨਾਨਕ ਸਿੰਘ

ਮੇਰਾ ਛੋਹਿਆ ਨਾਵਲ ਬਹੁਤ ਚਿਰ ਤੋਂ ਅਧੂਰਾ ਸੀ । ਕਈ ਵਾਰੀ ਇਸ ਨੂੰ ਅਰੰਭਿਆ ਤੇ ਕਈ ਵਾਰੀ ਮੁਕਾਇਆ, ਪਰ ਇਹ ਮੇਰੀ ਮਨ-ਮਰਜ਼ੀ ਦਾ ਨਾਂ ਬਣ ਸਕਿਆ । ਇਕ ਹੋਰ ਭੁਲ ਮੈਥੋਂ ਇਹ ਹੋਈ ਕਿ ਲਿਖਣ ਤੋਂ ਬਹੁਤ ਚਿਰ ਪਹਿਲਾਂ ਮੈਂ ਇਸ ਦਾ ਇਸ਼ਤਿਹਾਰ ਦੇ ਚੁਕਾ ਸਾਂ । ਕਾਹਲੇ ਪਾਠਕਾਂ ਨੇ ਮੈਨੂੰ ਤੰਗ ਕਰ ਰਖਿਆ।
ਮੈਂ ਇਸ ਨੂੰ ਛੇਤੀ ਤੋਂ ਛੇਤੀ ਮੁਕਾਉਣਾ ਚਾਹੁੰਦਾ ਸਾਂ । ਪਰ ਇਹ ਹਨੁਮਾਨ ਪੂਛ ਵਾਂਗ ਵਧਦਾ ਹੀ ਜਾਂਦਾ ਸੀ, ਮੁੱਕਣ ਦਾ ਨਾਂ ਹੀ ਨਹੀਂ ਸੀ ਲੈਂਦਾ ।

ਇਸ ਦੇ ਨਾ ਮੁੱਕਣ ਦਾ ਸਭ ਤੋਂ ਵਡਾ ਕਾਰਨ ਇਕ ਹੀ ਸੀ ਤੇ ਇਸ ਨੂੰ ਓਹੀ ਸਮਝ ਸਕਦੇ ਹਨ; ਜਿਹੜੇ ਗ੍ਰਹਿਸਥ ਦੀ ਗਹਿਰੇ ਦਲਦਲ ਵਿਚ ਗਲ ਗਲ ਫਾਥੇ ਹੋਣ । ਐਤਕੀਂ ਮੈ ਕਚੀਚੀ ਖਾ ਕੇ ਇਸ ਕੰਮ ਨੂੰ ਲਗਣਾ ਚਾਹੁੰਦਾ ਸਾਂ । ਪਰ ਘਰ ਦੇ ਚਿੜੀਆ-ਘਰ ਵਿਚ ਇਹ ਕੰਮ ਹੋਣਾ ਅਸੰਭਵ ਸੀ । ਮੈਂ ਇਸ ਸਾਰੇ ਖਲਜਗਣ ਵਿਚੋਂ ਦਰਜਨ ਕੁ ਦਿਨ ਤੇ ਦੋ ਕੁ ਦਰਜਨ ਰੁਪਏ ਬਚਾ ਕੇ ਕਿਸੇ ਸਸਤੇ ਜਿਹੇ ਪਹਾੜ ਤੇ ਜਾਣ ਦੀ ਸਲਾਹ ਕੀਤੀ । ਅਖ਼ੀਰ ੮-੭-੩੬ ਨੂੰ ਮੈ ਧਰਮਸਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਸਵਾਰ ਹੋ ਹੀ ਗਿਆ ।
ਉਥੇ ਪਹੁੰਚ ਕੇ ਮੈਂ ਆਪਣੇ ਇਕ ਰਾਮਗੜ੍ਹੀਆ ਮਿੱਤਰ ਕੋਲ ਉਤਾਰਾ ਕੀਤਾ ਤੇ ਝਟ ਪਟ ਲਿਖਾਈ ਦਾ ਕੰਮ ਆਰੰਭ ਦਿਤਾ । ਘਰ ਇਕ ਮਹੱਲੇ ਵਿਚ ਸੀ ਤੇ ਮੇਰਾ ਮਿੱਤਰ ਘਰ ਵਿਚ ਸਵਾ ਲਖ ਹੀ ਸੀ ।

ਆਂਢ ਗੁਆਂਢ ਬਹੁਤ ਸਾਰੇ ਟੱਬਰਦਾਰਾਂ ਦੇ ਘਰ ਸਨ । ਕਾਵਾਂ ਰੌਲੀ ਇਥੇ ਵੀ ਘਟ ਨਹੀ ਸੀ, ਪਰ ਮੇਰਾ ਦਿਲ ਨਹੀਂ ਸੀ ਉਕਤਾਂਦਾ । ਇਕ ਤਾਂ ਮੌਸਮ ਬੜਾ ਸੁਹਾਉਣਾ ਸੀ ਤੇ ਦੂਜੇ ਮੇਰੀ ਸਿਹਤ ਚੰਗੀ ਸੀ । ਬੱਚੇ ਚੀਕ ਚਿਹਾੜਾ ਪਾਉਂਦੇ ਸਨ ਤਾਂ ਮੈਨੂੰ ਕੀ, ਮੈਥੋਂ ਤਾਂ ਕੁਝ ਨਹੀਂ ਸੀ ਮੰਗਦੇ । ਨਾ ਹੀ ਮੈਨੂੰ ਇਸ ਗਲ ਦਾ ਫ਼ਿਕਰ ਸੀ ਕਿ ਫ਼ਲਾਣੇ ਨੂੰ ਸਕੂਲ ਜਾਣ ਵਿਚ ਦੇਰ ਹੋ ਰਹੀ ਹੈ ਤੇ ਢਿਮਕੇ ਦੇ ਕਪੜੇ ਧੁਆਉਣ ਵਾਲੇ ਹਨ । ਉਹ ਜਾਣਨ ਤੇ ਉਨ੍ਹਾਂ ਦੇ ਮਾਪੇ ।
ਪਰ ਇਕ ਦਿੱਕਤ ਜ਼ਰੂਰ ਸੀ, ਬੜੀ ਭਾਰੀ ਦਿੱਕਤ । ਇਕ ਪੂਰਬਣ ਜਿਹੀ ਮੁਟਿਆਰ ਚੂਹੜੀ ਜਿਹੜੀ ਦੋ ਦੀਥਾਂ ਢਾਈ ਵੇਲੇ ਹੀ ਆਉਂਦੀ ਸੀ ਤੇ ਕਿਸੇ ਨਾ ਕਿਸੇ ਨਾਲ ਉਸ ਦਾ ਆਢਾ ਲਗਾ ਹੀ ਰਹਿੰਦਾ ਸੀ। ਉਸ ਦਾ ਮਹਾਂ-ਭਾਰਤ ਤਾਂ ਮੇਰੇ ਨਾਵਲ ਨਾਲੋਂ ਵੀ ਅਮੁੱਕ ਸੀ, ਜਿਸ ਦਾ ਕੋਈ ਨਾ ਕੋਈ ਕਾਂਡ ਸ਼ੁਰੂ ਹੀ ਰਹਿੰਦਾ ਸੀ ।
ਉਹ ਤੀਵੀਆਂ ਨਾਲ ਲੜਦੀ ਰਹਿੰਦੀ ਸੀ : "ਤੂੰ ਇੱਥੇ ਬਾਲਾਂ ਨੂੰ ਟੱਟੀ ਕਿਉਂ ਫਿਰਾਇਆ ਏ ? ਤੂੰ ਗੰਦ ਖਿਲਾਰ ਛਡਣੀ ਏਂ...ਮੈ ਅਜੇ ਹੁਣ ਸੰਬਰ ਕੇ ਗਈ ਸਾਂ ਤੇ ਤੇਰੇ ਕੁਕੜਾਂ ਨੇ ਫ਼ਲਾਣੀਏ ਵੇਖ ਕੀ ਹਾਲ ਕਰ ਛਡਿਆ ਏ"...ਆਦਿ ।
ਉਹ ਵੀ ਅਗੋਂ ਲੋਹਾ ਲਾਖੀਆਂ ਹੁੰਦੀਆਂ ਰਹਿੰਦੀਆਂ : "ਤੇਰੇ ਵਰਗੀ ਚੰਦਰੀ ਚੂਹੜੀ ਅਸਾਂ ਵੇਖੀ ਕੋਈ ਨਹੀਂ । ਇਕ ਦੇ ਬੂਹੇ ਅਗੋਂ ਕੂੜਾ ਚੁਕ ਕੇ ਦੂਜੇ ਦੇ ਬੂਹੇ ਅਗੇ ਢੇਰ ਲਾ ਜਾਨੀ ਏਂ...ਵਿਹੜਾ ਉਸੇ ਤਰ੍ਹਾਂ ਗੰਦਾ ਰਹਿੰਦਾ ਏ...ਬਦਬੋ ਨਾਲ ਨੱਕ ਸੜ ਜਾਂਦਾ ਏ...ਮੈਂ ਰਿਪੋਟ ਕਰਾਂਗੀ, ...ਮੈਂ ਤੇਰਾ ਚੂੰਡਾ ਖੋਹਾਂਗੀ, ਮੈ ਇਉਂ ਕਰਾਂਗੀ, ਮੈਂ ਅੰਜ ਕਰਾਂਗੀਂ" ਆਦਿ ।
ਮੁਕਦੀ ਗਲ ਜਿੰਨਾਂ ਚਿਰ ਉਹ ਮਹੱਲੇ ਵਿਚੋਂ ਨਿਕਲ ਨਹੀਂ ਸੀ ਜਾਂਦੀ, ਓਨਾ ਚਿਰ ਨਾ ਉਹਦੀ ਜ਼ਬਾਨ ਮੂੰਹ ਪੈਂਦੀ ਸੀ ਤੇ ਨਾ ਮਹੱਲੇ ਵਾਲਿਆਂ ਤੇ ਵਾਲੀਆਂ ਨੂੰ ਹੋਰ ਕੋਈ ਕੰਮ ਮਿਲਦਾ ਸੀ ।
ਜਿੰਨਾ ਚਿਰ ਓਹ ਗਲੀ ਵਿਚ ਨਹੀਂ ਸੀ ਹੁੰਦੀ, ਮੇਰੇ ਲਈ ਓਨਾ ਸਮਾਂ ਬੜਾ ਸੁਖ ਵਾਲਾ ਹੁੰਦਾ ਸੀ । ਪਰ ਕਹਿੰਦੇ ਹਨ, ਸੁਖ ਦਾ ਸਮਾਂ ਝਟ ਬੀਤ ਜਾਂਦਾ ਹੈ । ਮੈਂ ਦੋ ਚਾਰ ਸਫ਼ੇ ਹੀ ਲਿਖਦਾ ਕਿ ਫਿਰ ਕਾਂ ਕਾਂ ।
ਛਿੱਥਾ ਹੋ ਕੇ ਮੈਂ ਕਹਿੰਦਾ : "ਮੇਰਿਆ ਰਬਾ ! ਕਿਧਰ ਜਾਵਾਂ । ਮੇਰੇ ਨਾਲ ਤਾਂ ਓਹੀ 'ਮੂਸਾ ਮੌਤੋਂ ਭਜਿਆ ਅਗੇ ਮੌਤ ਖੜੀ" ਵਾਲੀ ਗਲ ਹੋਈ ।"

ਮੈਨੂੰ ਧਰਮਸਾਲਾ ਆਇਆਂ ਪੰਜ ਛੀ ਦਿਨ ਹੋ ਗਏ ਸਨ ਤੇ ਏਨੇ ਕੁ ਦਿਨ ਮੈਂ ਇਥੇ ਹੋਰ ਠਹਿਰਨਾ ਸੀ । ਪਰ ਇਸ ਹਾਲਤ ਵਿਚ ਮੈਨੂੰ ਕੰਮ ਮੁੱਕਣ ਦੀ ਆਸ ਘਟ ਸੀ ।
ਛੀਵੇਂ ਦਿਨ ਦਾ ਜ਼ਿਕਰ ਹੈ, ਝੜੀ ਸਵੇਰ ਤੋਂ ਹੀ ਜਮ ਕੇ ਲਗੀ ਹੋਈ ਸੀ, ਇਕ ਪਲ ਮੀਂਹ ਨਹੀਂ ਸੀ ਖਲੋਤਾ । ਮੇਰਾ ਮਿੱਤਰ ਕੰਮ ਤੇ ਜਾਣ ਲਗਾ, ਮੇਰੇ ਲਈ ਕੁਝ ਅੰਬ ਲੈ ਕੇ ਛਡ ਗਿਆ ਸੀ ।
ਦੁਪਹਿਰੇ ਬੂਹੇ ਵਿੱਚ ਕੁਰਸੀ ਡਾਹ ਕੇ ਮੈਂ ਅੰਬ ਚੂਪ ਰਿਹਾ ਸਾਂ ਤੇ ਨਾਲੇ ਮੀਂਹ ਦਾ ਨਜ਼ਾਰਾ ਵੇਖ ਰਿਹਾ ਸਾਂ ਕਿ ਅਚਾਨਕ ਮੇਰੇ ਸਿਰ ਬਿਜਲੀ ਜਿਹੀ ਆ ਕੜਕੀ । ਅਕਾਸ਼ ਵਿਚੋਂ ਨਹੀਂ...ਧਰਤੀ ਤੋਂ ਹੀ । ਮੇਰੇ ਕੰਨਾਂ ਦੇ ਪੜਦੇ ਪਾੜਨ ਵਾਲੀ ਆਵਾਜ਼ ਆਈ..."ਸਰਦਾਰ ! ਤੁਮੇ ਦਿਖਾਈ ਨਹੀਂ ਦੇਤਾ ? ਮੈ ਅਭੀ ਝਾੜੂ ਦੇ ਕੇ ਗਈ ਹੂੰ, ਔਰ ਤੁਮ ਫਿਰ ਤਮਾਮ ਜਗਾਹ ਗੰਦੀ ਕਰ ਦੀ । ਜਮਾਦਾਰ ਦੇਖੇਗਾ ਤੋ ਜਾਨ ਹਮਾਰੀ ਲੇਗਾ" ।
ਮੈਨੂੰ ਆਪਣੀ ਮੂਰਖਤਾ ਦਾ ਖ਼ਿਆਲ ਆਇਆ । ਸੱਚ ਮੁੱਚ ਮੈਂ ਅੰਬ ਚੂਪ ਚੂਪ ਕੇ ਬੜੀ ਬੇਪਰਵਾਹੀ ਨਾਲ...ਜਿਵੇਂ ਘਰ ਦਾ ਹੀ ਰਾਜ ਹੁੰਦਾ ਹੈ...ਛਿੱਲਾਂ ਤੇ ਗਿਟਕਾਂ ਸੁੱਟੀ ਗਿਆ ਸਾਂ ।
ਮੈਂ ਅਗੇ ਹੀ ਉਸ ਪਾਸੋਂ ਬੜਾ ਡਰਦਾ ਸਾਂ । ਉਠ ਕੇ ਬੂਹੇ ਅਗੋਂ ਛਿਲਕਾਂ ਗਿਟਕਾਂ ਇਕਠੀਆਂ ਕਰਦਾ ਹੋਇਆ ਮੈਂ ਉਸ ਨੂੰ ਕਹਿਣ ਲਗਾ, "'ਬਹਿਨ ! ਮੁਆਫ਼ ਕਰਨਾ, ਮੁਝੇ ਪਤਾ ਨਹੀਂ ਥਾ । ਹਮ ਪਰਦੇਸੀ ਆਦਮੀ ਹੈਂ । ਤੁਮ ਨੇ ਅਛਾ ਕੀਆ, ਸਮਝਾ ਦੀਆ, ਫਿਰ ਐਸੀ ਗ਼ਲਤੀ ਕਬੀ ਨਹੀਂ ਹੋਗੀ ।" ਮੇਰਾ ਖ਼ਿਆਲ ਸੀ ਕਿ ਆਪਣੇ ਸੁਭਾ ਅਨੁਸਾਰ ਅਜੇ ਮੇਰੀ ਚੰਗੀ ਤਰ੍ਹਾਂ ਖ਼ਬਰ ਲਵੇਗੀ, ਪਰ ਪਤਾ ਨਹੀਂ, ਮੇਰੇ ਥੋੜ੍ਹੇ ਜਿਹੇ ਸ਼ਬਦਾਂ ਦਾ ਉਸ ਦੇ ਮਨ ਤੇ ਇਹੋ ਜਿਹਾ ਅਸਰ ਹੋਇਆ, ਉਸ ਨੇ ਬੁਲ੍ਹ ਤੋਂ ਬੁਲ੍ਹ ਨਾ ਚੁਕਿਆ ।
ਝਟ ਕੁ ਪਿਛੋਂ ਬੋਲੀ, "ਸਰਦਾਰ ਬਾਬੂ ! ਤੁਮ ਛੋੜ ਦੋ, ਹਾਥ ਮਤ ਖ਼ਰਾਬ ਕਰੋ, ਮੈਂ ਬਟੋਰ ਲੇਤੀ ਹੂੰ ।"
ਮੈਂ ਹਟ ਗਿਆ ਤੇ ਉਹ ਹਥ ਵਾਲੇ ਝਾੜੂ ਨਾਲ ਥਾਂ ਸਾਫ਼ ਕਰਨ ਲਗੀ । ਉਸ ਦੀਆਂ ਅੱਖਾਂ ਨੀਵੀਆਂ ਸਨ ਤੇ ਚਿਹਰੇ ਉਤੇ ਸ਼ਰਮਿੰਦਗੀ ਦੇ ਚਿੰਨ੍ਹ ਸਨ ।

ਦੂਸਰੇ ਦਿਨ ਜਦ ਉਹ ਆਈ, ਤਾਂ ਸਭ ਤੋਂ ਪਹਿਲਾਂ ਮੇਰਾ ਵਿਹੜਾ ਝਾੜਨ ਲਗੀ, ਜਿਹੜਾ ਉਸ ਨੇ ਪਹਿਲੀ ਵਾਰ ਝਾੜਿਆ ਸੀ । ਅੱਗੇ ਰੋਜ਼ ਮੇਰਾ ਮਿੱਤਰ ਹੀ ਕੂੜਾ ਹੂੰਝ ਕੇ ਲਾਗੇ ਦੇ ਢੇਰ ਤੇ ਸੁੱਟ ਆਉਂਦਾ ਹੁੰਦਾ ਸੀ । ਜਿਹੜੀਆਂ ਅੱਠੇ ਪਹਿਰ ਉਸ ਦੇ ਸਿਰ ਸਵਾਰ ਰਹਿੰਦੀਆਂ, ਉਨ੍ਹਾਂ ਦੇ ਵਿਹੜੇ ਗੰਦੇ ਰਹਿੰਦੇ ਸਨ ਤੇ ਵਿਚਾਰੇ ਚੁਪ ਚਪਾਤਿਆਂ ਦੇ ਵਿਹੜੇ ਨੂੰ ਕਿਨੇ ਝਾੜਨਾ ਸੀ ।
ਮੈਂ ਉਸ ਦੀ ਉਚੇਚੀ ਮਿਹਰਬਾਨੀ ਬਾਰੇ ਹੀ ਸੋਚ ਰਿਹਾਂ ਸਾਂ ਕਿ ਉਹ ਬੂਹੇ ਕੋਲ ਆ ਕੇ ਕਹਿਣ ਲਗੀ, "ਸਰਦਾਰ ਬਾਬੂ ! ਔਰ ਕੂੜਾ ਹੋ, ਤੋ ਬਾਹਰ ਫੈਂਕ ਦੋ, ਮੈ ਡਾਲ ਲੂੰ ।"
"ਨਹੀਂ ਔਰ ਤੋ ਨਹੀਂ ਹੈ ।" ਕਹਿ ਕੇ ਮੈਂ ਆਪਣੇ ਧਿਆਨ ਲਿਖਣ ਵਿੱਚ ਲਗਾ ਰਿਹਾ ।
ਪੈਡ ਦਾ ਵਰਕਾ ਪਾੜ ਕੇ ਜਦ ਮੈ ਰੱਖਣ ਲਗਾ ਤਾਂ ਐਵੇਂ ਮੇਰਾ ਧਿਆਨ ਬੂਹੇ ਵਲ ਗਿਆ । ਮੇਰਾ ਖ਼ਿਆਲ ਸੀ, ਉਹ ਚਲੀ ਗਈ ਹੋਵੇਗੀ, ਪਰ ਉਹ ਬੂਹੇ ਦੀ ਕੰਧ ਓਹਲੇ ਖੜੀ ਸੀ ਤੇ ਵਿਚ ਵਿਚ ਸਿਰ ਅਗਾਂਹ ਕਰ ਕੇ ਮੇਰੀ ਕਾਪੀ ਉਤਲੇ ਵਿੰਗੇ ਟੇਢੇ ਅਖਰਾਂ ਵਲ ਵੇਖ ਲੈਂਦੀ ਸੀ ।
ਵਿਹੜਾ ਸੰਬਰਨ ਤੋਂ ਮਗਰੋਂ ਸ਼ਾਇਦ ਮਜੂਰੀ ਮੰਗਣ ਲਈ ਖਲੋਤੀ ਹੈ...ਮੈਨੂੰ ਆਪਣੀ ਕਠੋਰਤਾ ਤੇ ਗੁੱਸਾ ਆਇਆ । ਵਿਚਾਰੀ ਮੀਂਹ ਵਿਚ ਗੁਤਾਵਾ ਹੋ ਰਹੀ ਹੈ ਤੇ ਤੈਨੂੰ ਪਤਾ ਨਹੀਂ ਲਗਾ । ਇਹ ਖ਼ਿਆਲ ਕਰ ਕੇ ਮੈ ਜੇਬ ਵਿਚ ਹਥ ਪਾ ਕੇ ਕੋਈ ਕਿੰਗਰਿਆਂ ਵਾਲਾ ਸਭ ਤੋਂ ਛੋਟਾ ਸਿੱਕਾ ਉਂਗਲ ਨਾਲ ਟਟੋਲਣ ਲਗਾ ।
ਮੇਰਾ ਹਥ ਬਾਹਰ ਕਢਣ ਤੋਂ ਪਹਿਲਾਂ ਹੀ ਉਸੇ ਤਰ੍ਹਾਂ ਮੇਰੀ ਕਾਪੀ ਉਤੇ ਨਜ਼ਰ ਜਮਾਈ, ਉਹ ਬੋਲੀ..."ਸਰਦਾਰ ਬਾਬੂ ! ਯਿਹ ਕਿਆ ਲਿਖਤੇ ਹੋ" ?
"ਐਸੇ ਕੁਛ ਲਿਖਤਾ ਹੂੰ ।" ਆਖਦਿਆਂ ਹੋਇਆਂ ਮੈ ਇਕ ਆਨਾ ਕਢ ਕੇ ਉਸ ਵਲ ਵਧਾਇਆ ਤੇ ਕਿਹਾ..."ਲੈ"
ਉਹ ਬੋਲੀ..."ਰਹਿਨੇ ਦੋ ਬਾਬੂ ! ਮੈਂ ਨਹੀਂ ਲੂੰਗੀ ।"
ਮੈਂ ਪੁਛਿਆ "ਕਿਉਂ ?" ਤੇ ਨਾਲ ਹੀ ਉਸ ਦੀ ਲਾਲਚੀ ਤਬੀਅਤ ਉਤੇ ਕ੍ਰੋਧ ਆਉਣ ਲਗਾ । ਸੋਚਿਆ, ਸ਼ਾਇਦ ਇਕ ਆਨਾ ਇਸ ਦੇ ਭਾਣੇ ਇਸ ਦੀ ਮਜ਼ਦੂਰੀ ਨਾਲੋਂ ਬਹੁਤ ਘਟ ਹੈ ।
ਉਹ ਥੋੜੀ ਜਿਹੀ ਬੁਲ੍ਹਾਂ ਵਿਚ ਮੁਸਕਰਾ ਕੇ ਬੋਲੀ "ਕਲ ਤੁਮ ਨੇ ਮੁਝੇ ਬਹਿਨ ਕਹਾ ਥਾ ਨਾ, ਇਸ ਲੀਏ" ਉਸ ਦੇ ਚਿਹਰੇ ਤੋਂ ਇਉਂ ਜਾਪਦਾ ਸੀ, ਜਿਵੇਂ ਮੈਂ ਓਹਨੂੰ ਕੋਈ ਬੜੀ ਭਾਰੀ ਦੌਲਤ ਸੌਂਪ ਦਿਤੀ ਹੈ ਤੇ ਉਹ ਮੇਰੇ ਅਹਿਸਾਨ ਥੱਲੇ ਦਬਦੀ ਜਾਂਦੀ ਹੈ ।
ਮੈਂ ਸੁਣ ਕੇ ਹੱਕਾ ਬੱਕਾ ਰਹਿ ਗਿਆ ।

ਮੀਂਹ ਹੋਰ ਤੇਜ਼ ਹੋ ਗਿਆ, ਸਖ਼ਤ ਵਾਛੜ ਪੈ ਰਹੀ ਸੀ ਤੇ ਵਾਛੜ ਦਾ ਰੁਖ ਇਸੇ ਪਾਸੇ ਦਾ ਸੀ । ਮਹੱਲੇ ਦੇ ਸਭ ਲੋਕਾਂ ਨੇ ਬੂਹੇ ਬੰਦ ਕਰ ਲਏ ਸਨ ।
ਉਹ ਅਜੇ ਤੀਕ ਮੀਂਹ ਵਿਚ ਖੜੀ ਸੀ ।
ਮੈਂ ਖ਼ਿਆਲ ਕੀਤਾ--ਮੇਰਾ ਇਕ ਸਾਧਾਰਨ "ਭੈਣ"" ਸ਼ਬਦ ਇਸ ਨੂੰ ਏਨਾਂ ਪਿਆਰਾ ਲਗਾ ਹੈ ।
ਮੈਂ ਵੀ ਤਾਂ ਆਖ਼ਰ ਮਾੜਾ ਮੋਟਾ ਸ਼ਾਇਰਾਨਾ ਦਿਲ ਰਖਦਾ ਸਾਂ । ਪਰ ਮੇਰੇ ਥਾਂ ਜੇ ਕੋਈ ਕਠੋਰ ਦਿਲ ਵਾਲਾ ਹੁੰਦਾ ਤਾਂ ਵੀ ਜਿਸ ਢੰਗ ਨਾਲ ਉਸ ਨੇ ਉਪਰੋਕਤ ਵਾਕ ਕਿਹਾ ਸੀ, ਸੁਣ ਕੇ ਮੋਮ ਹੋ ਜਾਂਦਾ ।
ਮੈਂ ਸੋਚਿਆ, ਇਹ ਪਿਆਰ ਦੀ ਕਿੰਨੀ ਭੁੱਖੀ ਹੈ, ਇਕ ਨਿੱਕੇ ਜਿਹੇ ਸ਼ਬਦ ਨੂੰ ਇਸ ਨੇ ਏਨਾ ਸੰਭਾਲ ਕੇ ਰੱਖ ਲਿਆ।

ਸੱਚ ਮੁੱਚ ਇਹ ਘਿਰਣਾ ਦੀ ਦੁਨੀਆਂ ਵਿਚ ਜੰਮੀ ਤੇ ਘਿਰਣਾ ਦੀ ਹਵਾ ਵਿੱਚ ਪਲੀ ਹੋਵੇਗੀ । ਇਹ ਵਿਚਾਰੀ ਸਾਰਾ ਦਿਨ ਲੋਕਾਂ ਦੇ ਘਰ ਸੰਬਰਦੀ ਤੇ ਗੰਦ ਕੂੜੇ ਨਾਲ ਲੱਦੀ ਰਹਿੰਦੀ ਹੈ । ਪਰ ਇਸ ਦੇ ਬਦਲੇ ਇਸਨੂੰ ਮਿਲਦੀ ਹੈ ਘ੍ਰਿਣਾ, ਤ੍ਰਿਸਕਾਰ, ਝਿੜਕਾਂ, ਗਾਲ੍ਹਾਂ, ਤੇ ਕਦੇ ਕਦੇ ਛਿੱਤਰ ਪੌਲਾ ਵੀ । ਸ਼ੈਦ ਇਸ ਕਰ ਕੇ ਇਹ ਘ੍ਰਿਣਾ ਕਰਦੀ ਹੈ। ਪਰ ਇਤਨਾ ਹੋਣ ਤੇ ਵੀ ਇਸਦਾ ਦਿਲ ਕਿਤਨਾ ਸੁਹਣਾ, ਕਿਤਨਾ ਕੋਮਲ ਹੈ। ਓ ਬਦਨਸੀਬ ਕੁੜੀਏ ! ਕਾਸ਼ ਤੂੰ ਸੱਚ ਮੁੱਚ ਮੇਰੀ ਭੈਣ ਹੁੰਦੀ । ਉਸ ਦੇ ਕਪੜਿਆਂ ਵਿਚੋ ਪਾਣੀ ਦੇ ਪ੍ਰਨਾਲੇ ਵਗ ਰਹੇ ਸਨ । ਇਧਰ ਮੇਰਾ ਦਿਲ ਅੱਖਾਂ ਥਾਣੀ ਵਹਿ ਰਿਹਾ ਸੀ ।
ਭਿੱਜ ਗਈ ਹੈ...ਬਿਲਕੁਲ ਨੁਚੜ ਰਹੀ ਹੈ । ਇਹ ਖ਼ਿਆਲ ਕਰਕੇ ਮੈਂ ਕਲਮ ਤੇ ਕਾਪੀ ਹਥੋਂ ਰੱਖ ਦਿਤੀ ਤੇ ਕਿਸੇ ਪਿਆਰ ਭਰੀ ਅਵਾਜ਼ ਵਿਚ ਉਸਨੂੰ ਕਿਹਾ, "ਤੁਮ ਭੀਗ ਰਹੀ ਹੋ, ਅੰਦਰ ਆ ਜਾਓ ।"
ਉਸ ਨੇ ਨਜ਼ਰ ਭਰ ਕੇ ਇਕ ਵਾਰੀ ਮੇਰੇ ਵਲ ਤਕਿਆ ਤੇ ਫਿਰ ਆਪਣੇ ਸਰੀਰ ਵਲ । ਉਹ ਅੰਦਰ ਨਾ ਆਈ ਤੇ ਨਾ ਹੀ ਮੂੰਹੋਂ ਕੁਝ ਬੋਲੀ ।
ਮੈਂ ਚਾਹੁੰਦਾ ਸਾਂ ਕਿ ਮੀਂਹ ਹੌਲਾ ਹੋਵੇ ਤੇ ਵਿਚਾਰੀ ਚਲੀ ਜਾਵੇ । ਪਰ ਇਹ ਕੰਮ ਮੇਰੇ ਵਸ ਦਾ ਨਹੀਂ ਸੀ ।
ਮੈਂ ਫਿਰ ਉਸ ਨੂੰ ਕਿਹਾ--"ਅੱਛਾ, ਤੋ ਮੇਰਾ ਛਾਤਾ ਲੇ ਜਾਓ ।"
ਐਤਕੀ ਉਸਦੀ ਜ਼ਬਾਨ ਖੁਲ੍ਹੀ । ਕਹਿਣ ਲਗੀ... ..."ਸਰਦਾਰ ਬਾਬੂ! ਹਮ ਲੋਗ ਤੋ ਇਸੀ ਤਰ੍ਹੇ ਪਾਨੀ ਮੇਂ ਭੀਗਾ ਕਰਤੇ ਹੈਂ । ਮੈਂ ਚਲੀ ਜਾਊਂਗੀ ।"
ਮੈ ਜ਼ਿੱਦ ਦੇ ਲਹਿਜ਼ੇ ਵਿਚ ਕਿਹਾ, "ਥੋੜੀ ਦੇਰ ਕੇ ਲੀਏ ਅੰਦਰ ਆ ਕਰ ਬੈਠ ਜਾਓ । ਜਬ ਬਾਰਸ਼ ਠਹਿਰ ਜਾਏਗੀ, ਤੋ ਚਲੀ ਜਾਨਾ ।"

ਸ਼ਾਇਦ ਉਸਦੀ ਅੰਦਰ ਆਉਣ ਦੀ ਸਲਾਹ ਹੋਈ, ਪਰ ਅੰਦਰ ਸਟੋਵ, ਪਿਰਚਾਂ ਪਿਆਲੀਆਂ ਤੇ ਦੋ ਚਾਰ ਭਾਂਡੇ ਖਿਲਰੇ ਵੇਖ ਕੇ ਬੋਲੀ...'ਯਹਾਂ ਤੋ ਸਰਦਾਰ ਤੁਮ ਰੋਟੀ ਬਨਾਤੇ ਹੋ ।"
ਮੈਂ ਉੱਤਰ ਦਿਤਾ "ਤੋ ਕਿਆ ਹਰਜ ਹੈ ਯਿਹ ਬਰਤਨ ਕਿਸੀ ਔਰ ਕੇ ਤੋ ਨਹੀਂ, ਤੁਮਾਰੇ ਭਾਈ ਕੇ ਹੈਂ ।"
ਐਉਂ ਜਾਪਦਾ ਸੀ ਕਿ ਮੇਰਾ ਇਹ ਵਾਕ ਸੁਣ ਕੇ ਉਸ ਦੀ ਨਾੜ ਨਾੜ ਵਿੱਚ ਖੁਸ਼ੀ ਦੇ ਸੋਮੇ ਵਹਿ ਤੁਰੇ । ਇਕ ਵਾਰੀ ਏਧਰੋਂ ਓਧਰੋਂ ਤਕ ਕੇ ਕਿ ਕੋਈ ਵੇਖਦਾ ਤਾਂ ਨਹੀਂ, ਉਹ ਝਾੜੂ ਨੂੰ ਬਾਹਰ ਕੰਧ ਨਾਲ ਖੜਾ ਕਰ ਕੇ ਅੰਦਰ ਲੰਘੀ, ਪਰ ਦਲੀਜ਼ ਦੇ ਕੋਲ ਹੀ ਸਾਮ੍ਹਣੇ ਤਾਕ ਨਾਲ ਲਗ ਕੇ ਖਲੋ ਗਈ...ਕੇਵਲ ਮੀਂਹ ਦੇ ਬਚਾਉ ਲਈ ।
ਇਸ ਵੇਲੇ ਉਹ ਕੰਬ ਰਹੀ ਸੀ । ਮੈਂ ਚਾਹੁੰਦਾ ਸਾਂ ਕਿ ਉਹ ਹੋਰ ਅਗਾਂਹ ਆ ਜਾਵੇ । ਮੰਜੇ ਤੇ ਨਹੀਂ, ਤਾਂ ਘਟੋ ਘਟ ਭੁੰਜੇ ਵਿਛੀ ਦਰੀ ਤੇ ਤਾਂ ਬੈਠ ਜਾਵੇ, ਪਰ ਮੈਂ ਉਸ ਨੂੰ ਮਜਬੂਰ ਨਾ ਕਰ ਸਕਿਆ । ਉਹ ਉਸੇ ਤਰ੍ਹਾਂ ਬਾਹਾਂ ਹਿੱਕ ਨਾਲ ਲਾਈ ਕੰਬਦੀ ਹੋਈ ਬੋਲੀ "ਸਰਦਾਰ ਬਾਬੂ !......"
ਮੈਂ ਉਸਦੀ ਗਲ ਨੂੰ ਵਿਚੋਂ ਟੋਕ ਕੇ ਕਿਹਾ, "ਭਾਈ ਨੂੰ ਸਰਦਾਰ ਨਹੀਂ ਕਹਿਣਾ ਚਾਹੀਏ, ਪਗਲੀ ।"
ਉਹ ਪਹਿਲਾਂ ਤਾਂ ਸੰਗੀ, ਫਿਰ ਬੋਲੀ "ਭਾਈ ! ਤੁਮ ਕਹਾਂ ਰਹਿਤੇ ਹੋ ?""
ਮੈਂ ਉੱਤਰ ਦਿਤਾ, "ਅੰਮ੍ਰਿਤਸਰ ਮੇਂ?" ਤੇ ਫਿਰ ਮੈਂ ਉਸ ਤੋਂ ਪੁਛਿਆ,
"ਤੁਮਾਰਾ ਨਾਮ ਕਿਆ ਹੈ ?"
ਉਹ ਬੋਲੀ, "ਕੱਲੋ"
ਫਿਰ ਕਹਿਣ ਲਗੀ, "ਯਹਾਂ ਕਿਤਨੇ ਦਿਨ ਔਰ ਰਹੋਗੇ ?" ਮੈ ਕਿਹਾ "ਪਾਂਚ ਛੇ ਦਿਨ ਔਰ ਰਹੂੰਗਾ, ਪਰ ਇਸ ਮਕਾਨ ਸੇ ਕਲ੍ਹ ਹੀ ਚਲਾ ਜਾਊਂਗਾ, ਇਸ ਜਗਾ ਬਹੁਤ ਸ਼ੋਰ ਰਹਿਤਾ ਹੈ ।"
ਉਹ ਕੁਝ ਚਿਰ ਚੁਪ ਕਰ ਰਹੀ । ਪਤਾ ਨਹੀਂ ਕੀ ਸੋਚਦੀ ਰਹੀ, ਫਿਰ ਕਹਿਣ ਲਗੀ "ਯਿਹ ਕਿਆ ਲਿਖਾ ਕਰਤੇ ਹੋ ?"
"ਕਿਤਾਬੇਂ ਲਿਖਤਾ ਹੂੰ ਕੱਲੋ ।"
"ਕਿਤਾਬੋਂ ਕੇ ਹਰਫ ਤੋ ਦੂਸਰੀ ਤਰ੍ਹਾ ਕੇ ਹੋਤੇ ਹੈਂ ।"
"ਯਿਹ ਭੀ ਉਸੀ ਤਰ੍ਹਾਂ ਕੇ ਹੋ ਜਾਏਂਗੇ ।"
"ਮਸ਼ੀਨ ਮੇਂ ਡਾਲਨੇ ਸੇ ?"
"ਹਾਂ।"
"ਅੰਬਰਸਰ ਮੇਂ ਪਾਨੀ ਪੜਤਾ ਹੈ ?"
"ਬਹੁਤ ਕਮ ਪੜਤਾ ਹੈ ।"
"ਵਹਾਂ ਤੁਮਾਰਾ ਕੌਨ ਕੌਨ ਹੈ ?"
"ਘਰ ਵਾਲੀ ਹੈ, ਬਚੇ ਭੀ ਹੈਂ ।"
ਮੀਂਹ ਕੁਝ ਮੱਠਾ ਹੋਂ ਗਿਆ ਵੇਖ ਕੇ ਉਹ ਬੋਲੀ-"ਅੱਛਾ ਭਾਈ, ਅਬ ਜਾਊਂਗੀ । ਅਭੀ ਬਹੁਤ ਕਾਮ ਕਰਨਾ ਹੈ ।'' ਤੇ ਉਹ ਚਲੀ ਗਈ ।

ਇਸ ਤੋਂ ਬਾਦ ਮੈਂ ਜਿੰਨੇ ਦਿਨ ਉਥੇ ਰਿਹਾ, ਬੜੇ ਅਰਾਮ ਨਾਲ ਰਿਹਾ । ਉਹੋ ਕੱਲੋ...ਜਿਹੜੀ ਅਗੇ ਤੂਫ਼ਾਨ ਮੇਲ ਬਣੀ ਰਹਿੰਦੀ ਸੀ, ਹੁਣ ਚੁੱਪ ਚੁਪਾਤੀ ਆਉਂਦੀ, ਸਾਰਿਆਂ ਦੇ ਵਿਹੜੇ ਚੰਗੀ ਤਰ੍ਹਾਂ ਬੁਹਾਰਦੀ ਤੇ ਜੇ ਕਿਸੇ ਦਾ ਥਾਂ ਕੁ ਥਾਂ ਕੁਝ ਕੂੜਾ ਖਿਲਰਦਾ, ਤਾਂ ਵੀ ਅਲਫੋਂ ਬੇ ਤਕ ਨਾ ਕਹਿੰਦੀ । ਜੇ ਕਿਸੇ ਮੁੰਡੇ ਨੂੰ ਉੱਚਾ ਬੋਲਦਾ ਵੇਖਦੀ ਤਾਂ ਕਹਿੰਦੀ, "ਸ਼ੋਰ ਮਤ ਕਰੋ, ਉਧਰ ਸਰਦਾਰ ਬਾਬੂ ਲਿਖ ਰਹੇ ਹੈਂ ।"
ਸਭ ਤੋਂ ਪਹਿਲਾਂ ਉਹ ਮੇਰੇ ਵਿਹੜੇ ਦੀ ਸਫਾਈ ਕਰਦੀ ਤੇ ਜਾਣ ਲਗੀ ਦੋ ਘੜੀਆਂ ਮੇਰੇ ਬੂਹੇ ਅਗੇ ਖਲੋ ਕੇ ਚਲੀ ਜਾਂਦੀ ।
ਜਿੰਨੇ ਦਿਨ ਮੈਂ ਰਹਿਣਾ ਸੀ, ਬੀਤ ਗਏ, ਤੇ ਮੇਰੇ ਨਾਵਲ ਦਾ ਕੰਮ ਵੀ ਮੇਰੇ ਖ਼ਿਆਲ ਅਨੁਸਾਰ ਸਫਲਤਾ ਨਾਲ ਸਮਾਪਤ ਹੋਇਆ ।
ਜਿਸ ਦਿਨ ਮੈਂ ਜਾਣਾ ਸੀ, ਉਸ ਤੋਂ ਪਹਿਲੇ ਦਿਨ ਉਹ ਅਗੇ ਵਾਂਗ ਹੀ ਮੇਰੇ ਪਾਸ ਆਈ ਤੇ ਆਉਂਦੀ ਹੀ ਬੋਲੀ, "ਕਲ ਚਲੇ ਜਾਉਗੇ, ਭਾਈ ?"
''ਹਾਂ ਕੱਲੋ ! ਕਲ ਚਲਾ ਜਾਊਂਗਾ ।" ਕਹਿਣ ਤੋ ਬਾਦ, ਮੈਂ ਉਸ ਨੂੰ ਕਿਹਾ "ਕੱਲੋ ਜਰਾ ਇਧਰ ਆ ।"
ਉਹ ਬਿਨਾਂ ਹਿਚਕਿਚਾਹਟ ਮੇਰੇ ਪਾਸ ਆ ਗਈ । ਮੈਂ ਪਿਆਰ ਭਰਿਆ ਹਥ ਉਸਦੇ ਸਿਰ ਤੇ ਫੇਰਦਿਆਂ ਹੋਇਆਂ ਉਸਦੀ ਤਲੀ ਤੇ ਇਕ ਰੁਪਿਆ ਰੱਖ ਦਿਤਾ ।
ਉਸਨੇ ਮੋੜਨਾ ਚਾਹਿਆ, ਪਰ ਮੇਰੇ ਮੂੰਹੋਂ ਇਹ ਸੁਣ ਕੇ "ਤੁਮੇ ਨਹੀਂ, ਮੈ ਅਪਣੀ ਬਹਿਨ ਕੋ ਦੇਤਾ ਹੂੰ ।" ਉਸ ਨੇ ਪ੍ਰਸੰਨਤਾ ਨਾਲ ਲੈ ਲਿਆ ।

ਦੂਜੇ ਦਿਨ ਸਵੇਰੇ ਸਾਢੇ ਅਠ ਵਜੇ ਮੈ ਸਮਾਨ ਬੰਨ੍ਹ ਕੇ ਮੋਟਰ ਦੀ ਛੱਤ ਤੇ ਰਖਵਾ ਦਿਤਾ ਤੇ ਆਪ ਆਪਣੀ ਸੀਟ ਤੇ ਬੈਠ ਗਿਆ । ਆਪਣੇ ਮੀਜ਼ਬਾਨ ਮਿੱਤਰ ਤੋਂ ਵਿਦਾ ਲੈ ਕੇ ਮੈਂ ਉਸਨੂੰ ਟੋਰ ਦਿਤਾ ਸੀ, ਕਿਉਂਕਿ ਉਸ ਨੇ ਨੌ ਵਜੇ ਕੰਮ ਤੇ ਪੁਜਣਾ ਸੀ ।
ਡਰਾਈਵਰ ਨੇ ਇੰਜਨ ਚਾਲੂ ਕਰ ਦਿਤਾ ।
ਅਚਾਨਕ ਮੇਰੀ ਨਜਰ ਦੂਰੋਂ ਭੱਜੀ ਆਉਂਦੀ ਕੱਲੋ ਤੇ ਪਈ । ਉਸ ਦੇ ਸਿਰ ਤੇ ਕੁਝ ਚੁਕਿਆ ਹੋਇਆ ਸੀ । ਤੇ ਸਾਹੋ ਸਾਹ ਹੋਈ ਉਹ ਆ ਰਹੀ ਸੀ ।
ਡਰਾਈਵਰ ਦੀ ਬਾਂਹ ਟੁੰਬ ਕੇ ਮੈਂ ਮਿੰਨਤ ਨਾਲ਼ ਕਿਹਾ, "ਬੜੀ ਮਿਹਰਬਾਨੀ ਹੋਵੇਗੀ, ਸਿਰਫ ਇਕ ਮਿੰਟ ।"
ਨੇਕ-ਦਿਲ ਡਰਾਈਵਰ ਮੰਨ ਗਿਆ । ਤੇ ਮੈਂ ਝਟ ਪਟ ਹੇਠਾਂ ਉਤਰ ਕੇ ਕੱਲੋ ਵਲ ਦੌੜਿਆ । ਮੈਨੂੰ ਵੇਖਦਿਆਂ ਹੀ ਉਸਦੀ ਜਾਨ ਵਿਚ ਜਾਨ ਆਈ । ਇੰਜਨ ਦੀ ਅਵਾਜ਼ ਸ਼ਾਇਦ ਉਸਨੇ ਦੂਰੋਂ ਸੁਣ ਲਈ ਸੀ । ਮੈਂ ਉਸਨੂੰ ਅਗਲਵਾਂਡੇ ਹੀ ਜਾ ਮਿਲਿਆ ।
ਸਿਰ ਵਾਲਾ ਛਿੱਕੂ ਭੁੰਜੇ ਰੱਖ ਕੇ ਉਹ ਸੰਗਦੀ ਸੰਗਦੀ, ਮਾਨੋਂ ਮੈਥੋਂ ਜੀਅਦਾਨ ਮੰਗਣਾ ਚਾਹੁੰਦੀ ਹੈ, ਬੋਲੀ "ਇਸੇ ਲੇ ਲੋਗੇ ?"
ਮੈਂ ਪੁਛਿਆ, ਕਿਆ ਹੈ ਕੱਲੋ ?"
ਉਹ ਸ਼ਰਮਾਂਦੀ ਹੋਈ ਬੋਲੀ, "ਭਾਵਜ ਕੇ ਲੀਏ ਥੋਹੜੇ ਆਮ ਲਾਈ ਹੂੰ, ਤੇ ਫਿਰ ਰਤਾ ਨਹਿਰ ਕੇ ਬੋਲੀ, "ਅਪਨੀ ਕਸਮ, ਭਾਈ, ਮੈਂ ਨੇ ਇਨ ਕੋ ਛੂਹਾ ਨਹੀਂ ਹੈ। ਮਜ਼ਦੂਰ ਕੋ ਉਠਾਨੇ ਕੋ ਕਹਾ ਥਾ, ਵੋਹ ਨਹੀਂ ਉਠਾਤਾ ਥਾ । ਬੋਲਾ, "ਮਿਹਤਰ ਕੀ ਚੀਜ਼ ਹਮ ਕੈਸੇ ਛੁਏਂਗੇ ?" ਇਸੇ ਸੋ ਮੈਂ ਉਠਾ ਲਾਈ । ਪਰ ਆਮ ਮੈਂਨੇ ਨਹੀਂ ਛੂਹੇ । ਕਸਮ ਖਾਤੀ ਹੂੰ ।" ਤੇ ਫਿਰ ਮੇਰੇ ਚਿਹਰੇ ਵਲ ਇਸ ਭਾਵ ਨਾਲ ਤਕਣ ਲਗੀ ਕਿ ਮੈਂ ਖ਼ਬਰੇ ਉਸਦੀ ਬੇਨਤੀ ਪ੍ਰਵਾਨ ਕਰਦਾ ਹਾਂ ਕਿ ਨਹੀਂ ।
ਮੈਂ ਬੜੇ ਉਮਾਹ ਨਾਲ ਅਪਣੇ ਦਿਲ ਦਾ ਪਿਆਰ ਉਸ ਉਤੇ ਡੋਲ੍ਹਦਿਆਂ ਹੋਇਆਂ ਕਿਹਾ, "ਕੱਲੋ ਕਿਉਂ ਨਹੀਂ' ਲੂੰਗਾ ? ਅਗਰ ਤੁਮ ਅਪਣੀ ਭਾਵਜ ਕੇ ਲੀਏ ਯਿਹ ਨਾ ਲਾਤੀ, ਤੋ ਮੈਂ ਤੁਮ ਪਰ ਬਹੁਤ ਨਰਾਜ਼ ਹੋਤਾ ।"
ਉਹ ਸਿਰ ਤੋਂ ਪੈਰਾਂ ਤਕ ਪਿਆਰ ਨਾਲ ਡੁੱਬ ਗਈ । ਖ਼ੁਸ਼ੀ ਦੇ ਮਾਰੇ ਉਹਦੇ ਮੂੰਹੋਂ, ਜੋ ਕੁਝ ਬੋਲਣਾ ਚਾਹੁੰਦੀ ਸੀ, ਨਾ ਨਿਕਲਿਆ ।
ਟੋਕਰੀ ਮੁੜ ਸਿਰ ਤੇ ਧਰ ਕੇ ਉਹ ਮੇਰੇ ਨਾਲ ਮੋਟਰ ਵਲ ਤੁਰਨ ਲਗੀ । ਪਰ ਮੈਂ ਉਸਨੂੰ ਚੁਕਣ ਨਾ ਦਿਤਾ, ਆਪ ਚੁਕ ਲਈ ।
ਉਸਨੂੰ ਦੂਹਰਾ ਪਿਆਰ ਦੇ ਕੇ ਤੇ ਇਹ ਕਹਿ ਕੇ, "ਮੇਰੀ ਅਛੀ ਬਹਿਨ, ਹਮ ਫਿਰ ਮਿਲੇਂਗੇ", ਮੈਂ ਆਪਣੀ ਸੀਟ ਤੇ ਜਾ ਬੈਠਾ । ਮੋਟਰ ਤੁਰ ਪਈ ।
ਜਿੰਨਾ ਚਿਰ ਉਹ ਮੈਨੂੰ ਦਿਸਦੀ ਰਹੀ, ਮੈਂ ਉਸ ਵਲ ਤਕਦਾ ਰਿਹਾ । ਕੱਲੋ ਨਹੀਂ, ਉਸਦਾ ਬੁਤ ਮੈਨੂੰ ਸੜਕ ਦੇ ਕੰਢੇ ਖੜਾ ਦਿਸਦਾ ਰਿਹਾ ਤੇ ਅੰਤ ਇਹ ਬੱਦਲਾਂ ਦੀ ਧੁੰਦ ਵਿਚ ਅਲੋਪ ਹੋ ਗਿਆ।

('ਮੇਰੀ ਦੁਨੀਆਂ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ