Jiwan Adhar (Russian Story in Punjabi) : Leo Tolstoy

ਜੀਵਨ ਅਧਾਰ (ਰੂਸੀ ਕਹਾਣੀ) : ਲਿਉ ਤਾਲਸਤਾਏ

(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)

( ੧ )
ਇਕ ਗ਼ਰੀਬ ਮੋਚੀ, ਸੰਤੂ ਉਸਦਾ ਨਾਮ, ਨਾ ਘਰ ਨਾ ਘਾਟ, ਆਪਣੀ ਵਹੁਟੀ ਬਚਿਆਂ ਸਣੇ ਇਕ ਜ਼ਿਮੀਂਦਾਰ ਦੇ ਕੋਠੇ ਵਿਚ ਸਿਰ ਲੁਕਾ ਕੇ ਝਟ ਟਪਾਂਦਾ ਸੀ। ਰੋਜ ਮਿਹਨਤ ਕਰਦਾ ਤੇ ਬਾਲ ਬਚਿਆਂ ਨੂੰ ਖੁਆਕੇ ਆਪ ਖਾਂਦਾ ਸੀ। ਜੁਤੀਆਂ ਦੀ ਗੰਢਾਈ ਸਸਤੀ ਸੀ ਪਰ ਰੋਟੀ ਮਹਿੰਗੀ ਸੀ। ਰੋਜ਼ ਦੀ ਮਜੂਰੀ ਨਾਲ ਮਸਾਂ ਰੋਟੀ ਦਾ ਗੁਜ਼ਾਰਾ ਚਲਦਾ ਸੀ। ਸਿਆਲ ਵਿਚ ਕੜਕਦੇ ਪਾਲੇ ਤੋਂ ਬਚਾ ਵਾਸਤੇ ਇਨ੍ਹਾਂ ਪਾਸ ਇਕੋ ਕੰਬਲ ਸੀ ਤੇ ਉਹ ਭੀ ਲੀਰਾਂ। ਦੋ ਸਾਲਾਂ ਤੋਂ ਸੰਤੂ ਪੈਸੇ ਜੋੜ ਰਿਹਾ ਸੀ ਕਿ ਨਵਾਂ ਕੰਬਲ ਖਰੀਦਿਆ ਜਾਵੇ ਤੇ ਐਤਕੀਂ ਦੇ ਸਿਆਲ ਤਕ ਸੰਤੂ ਦੀ ਵਹੁਟੀ ਨੇ ਇਕ ਪੁਰਾਣੀ ਕੁੰਨੀ ਵਿਚ ਪੰਜ ਰੁਪਏ ਕਠੇ ਕਰ ਰਖੇ। ਇਸ ਤੋਂ ਬਿਨਾਂ ਲਗ ਪਗ ਤਿੰਨ ਰੁਪਏ ਦਾ ਬਾਹਰ ਉਧਾਰ ਸੀ।
ਇਕ ਦਿਨ ਸਵੇਰੇ ਸੰਤੂ ਕੰਬਲ ਖਰੀਦਨ ਲਈ ਤਿਆਰ ਹੋਇਆ। ਪੰਜ ਰੁਪਏ ਉਸਨੇ ਲੰਗੋਟੀ ਦੇ ਪਲੇ ਬੰਨ੍ਹੇ, ਤੂਤ ਦੀ ਇਕ ਛਿਟੀ ਹਥ ਫੜਨ ਲਈ ਬਨਾਈ ਤੇ ਛਾਹ ਪਾਣੀ ਕਰਕੇ ਤੁਰ ਪਿਆ। ਉਸਦਾ ਖਿਆਲ ਸੀ ਕਿ ਉਧਾਰ ਵਾਲੇ ਤਿੰਨ ਰੁਪਏ ਵਸੂਲ ਕਰਕੇ ਮੇਰੇ ਪਾਸ ਅਠ ਰੁਪਏ ਹੋ ਜਾਣਗੇ ਤੇ ਅਠਾਂ ਰੁਪਿਆਂ ਵਿਚ ਗੁਜ਼ਾਰੇ ਜੋਗਾ ਚੰਗਾ ਕੰਬਲ ਮਿਲ ਜਾਵੇਗਾ।
ਪਿੰਡ ਪਹੁੰਚਕੇ ਉਸ ਨੇ ਇਕ ਮਕਾਨ ਤੇ ਅਵਾਜ਼ ਮਾਰੀ ਪਰ ਮਾਲਕ ਘਰ ਨਹੀਂ ਸੀ ਤੇ ਉਸ ਦੀ ਤੀਵੀਂ ਨੇ ਆਖਿਆ, ਰੁਪਏ, ਅਗਲੀ ਸੰਗ੍ਰਾਂਦ ਭੇਜ ਦਿਆਂਗੇ। ਇਕ ਹੋਰ ਘਰ ਜਾਕੇ ਉਸ ਨੇ ਆਵਾਜ਼ ਮਾਰੀ ਤਾਂ ਭੀ ਕੇਵਲ ਚਾਰ ਆਨੇ ਇਕ ਜੁਤੀ ਦੀ ਮੁਰੰਮਤ ਦੇ ਮਿਲੇ। ਹੁਣ ਦੁਕਾਨ ਤੇ ਜਾਕੇ ਸੰਤੂ ਨੇ ਕੰਬਲਾਂ ਵਾਲੇ ਨੂੰ ਆਖਿਆ ਕਿ ੫।) ਰੁਪਏ ਲੈ ਲਵੋ, ਬਾਕੀ, ਮੈਂ ਫੇਰ ਦੇ ਜਾਵਾਂਗਾ, ਪਰ ਦੁਕਾਨਦਾਰ ਨੇ ਵਿਸਾਹ ਨਾ ਕੀਤਾ ਤੇ ਨਕਦ ਰੁਪਏ ਮੰਗਿਓ ਸੂ। ਨਿਮੋਝੂਣਾ ਹੋਕੇ ਵਿਚਾਰਾ ਸੰਤੂ ਘਰ ਨੂੰ ਮੁੜਿਆ। ਜੇਹੜੀ ਚੁਆਨੀ ਇਸਨੇ ਉਗਰਾਹੀ ਸੀ ਉਸਦੀ ਚਾਹ ਪੀਕੇ ਮੁੜ ਪਿਆ।
ਇਲਾਕਾ ਪਹਾੜੀ ਸੀ। ਸਵੇਰੇ ਤੁਰਨ ਲਗਿਆਂ ਕੱਕਰ ਜੰਮਿਆ ਹੋਇਆ ਸੀ, ਹੁਣ ਭੀ ਵਾ ਅਤਿ ਠੰਡੀ ਚਲਦੀ ਸੀ, ਪਰ ਸੰਤੂ ਨੇ ਚਾਹ ਦੇ ਗੱਫੇ ਲਾਏ ਹੋਏ ਸਨ, ਮਗਨ ਹੋਕੇ ਮਨ ਨਾਲ ਗਲਾਂ ਕਰਦਾ ਆਵੇ:
"ਮੇਰਾ ਚੰਗੇ ਭਲੇ ਮਾਣਸਾਂ ਨਾਲ ਵਾਹ ਪਿਆ ਹੈ, ਕੰਮ ਕਰਾਕੇ ਲੈ ਜਾਣ ਨੂੰ ਉਤਾਵਲੇ ਤੇ ਪੈਸੇ ਦੇਣ ਨੂੰ ਅਵੇਸਲੇ ਹੁੰਦੇ ਹਨ। ਹੁਣ ਇਸ ਭਾਈ ਨੇ ਤਿੰਨ ਰੁਪਏ ਦੇਣੇ ਹਨ ਤੇ ਚੁਆਨੀ ੨ ਕਰਕੇ ਦੇਂਦਾ ਹੈ। ਮੈਂ ਚੁਆਨੀ ਦੀ ਤਾਂ ਚਾਹ ਪੀ ਲੈਂਦਾ ਹਾਂ, ਘਰ ਲੈਕੇ ਸੁਆਹ ਜਾਵਾਂ? ਮੈਂ ਗਰੀਬ ਹਾਂ, ਇਨ੍ਹਾਂ ਲੋਕਾਂ ਪਾਸ ਘਰ, ਬਾਰ, ਮਿਲਖ, ਜ਼ਿਮੀਂ, ਡੰਗਰ, ਸਭ ਕੁਝ ਹੈ, ਪਰ ਪੈਸੇ ਮੇਰੇ ਗਰੀਬ ਦੇ ਡਕ ਲੈਂਦੇ ਹਨ। ਹੁਣ ਘਰ ਜਾਣ ਲਗਿਆਂ ਭਾਵੇਂ ਮੈਨੂੰ ਪਾਲਾ ਨਹੀਂ ਪਿਆ ਲਗਦਾ ਪਰ ਮੇਰੀ ਘਰ ਵਾਲੀ ਤਾਂ ਲਾਲ ਪੀਲੀ ਹੋਵੇਗੀ। ਕੰਬਲ ਤੋਂ ਬਿਨਾਂ ਐਤਕਾਂ ਦਾ ਸਿਆਲ ਕਿਵੇਂ ਨਿਭੇਗਾ?"
ਇਸ ਤਰ੍ਹਾਂ ਮਨ ਦੇ ਉਤਾਰ ਚੜ੍ਹਾ ਵਿਚ ਮਸਤ ਸੰਤੂ ਟੁਰਿਆ ਜਾਂਦਾ ਸੀ, ਜਦ ਸ਼ਿਵਾਲੇ ਵਾਲੇ ਮੋੜ ਪਾਸ ਪੁਜਿਆ ਤਾਂ ਕੀ ਵੇਖਦਾ ਹੈ ਕਿ ਸ਼ਿਵਾਲੇ ਦੇ ਪਿਛੇ ਕੋਈ ਚਿਟੀ ਜਹੀ ਬੁਚਕੀ ਪਈ ਹੈ। ਦਿਨ ਢਲ ਚਲਿਆ ਸੀ ਤੇ ਸੰਤੂ ਨੇ ਨੀਝ ਲਾਕੇ ਵੇਖਿਆ ਜੋ ਇਹ ਕੀ ਹੈ। ਆਖੇ:- ਇਹ ਪਥਰ ਭੀ ਨਹੀਂ, ਸ਼ਾਇਦ ਕੋਈ ਢੱਗਾ ਹੋਵੇ। ਪਰ ਢੱਗਾ ਭੀ ਨਹੀਂ, ਇਸਦਾ ਸਿਰ ਆਦਮੀ ਵਰਗਾ ਹੈ। ਪਰ ਇਹ ਚਿਟੇ ਸਿਰ ਵਾਲਾ ਆਦਮੀ ਇਥੇ ਕਿਉਂ ਪਿਆ ਹੈ?"
ਸੰਤੂ ਨੇੜੇ ਪਹੁੰਚਿਆ ਤਾਂ ਇਹ ਸਚ ਮੁਚ ਆਦਮੀ ਨਿਕਲਿਆ। ਸ਼ਿਵਾਲੇ ਦੀ ਕੰਧ ਨਾਲ ਨੰਗ ਮਲੰਗ ਓਟ ਲਾਕੇ ਬੈਠਾ ਸੀ, ਪਤਾ ਨਹੀਂ ਜੀਉਂਦਾ ਕਿ ਮੋਇਆ। ਸੰਤ ਦੇ ਮੱਥੇ ਤੇ ਤ੍ਰੇਲੀ ਆ ਗਈ, ਪਤਾ ਨਹੀਂ ਕਿਸੇ ਨੇ ਇਸਨੂੰ ਮਾਰ ਕੇ ਇਥੇ ਸੁਟ ਦਿਤਾ ਹੈ? ਜੇ ਮੈਂ ਇਸ ਨੂੰ ਛੇੜਿਆ ਤਾਂ ਡੰਡਾ ਬੇੜੀ ਮੈਨੂੰ ਮਿਲੇਗੀ, ਕੀ ਪਤਾ ਸਰਕਾਰ ਫਾਹੇ ਲਾ ਦਵੇ। ਇਹ ਸੋਚ ਕਰਕੇ ਉਹ ਓਥੋਂ ਟੁਰਦਾ ਹੋਇਆ।
ਪੰਜ ਕੁ ਕਦਮ ਜਾਕੇ ਉਸਨੇ ਮੁੜ ਪਿਛਾਂਹ ਡਿਠਾ ਤਾਂ ਉਹ ਆਦਮੀ ਹੁਣ ਦੀਵਾਰ ਦੀ ਓਟ ਛੱਡਕੇ ਹਿਲਦਾ ਜੁਲਦਾ ਨਜ਼ਰੀਂ ਪਿਆ। ਇਹ ਵੇਖਕੇ ਸੰਤੂ ਹੋਰ ਤ੍ਰਿਬਕਿਆ। "ਮੈਂ ਪਿਛੇ ਜਾਕੇ ਉਸਨੂੰ ਕਿਉਂ ਬਲਾਵਾਂ? ਨੰਗੇ ਮੁੰਗੇ ਆਦਮੀ ਭੀ ਭਲਾ ਕਦੀ ਭਲੇਮਾਣਸ ਹੁੰਦੇ ਹਨ? ਮੇਰਾ ਇਸ ਲਫੰਗੇ ਨਾਲ ਕੀ ਕੰਮ, ਕੀ ਪਤਾ ਇਹ ਭੂਤ ਹੋਵੇ, ਮੈਂ ਜਾਵਾਂ ਤੇ ਸੰਘੀਓਂ ਫੜ ਲਵੇ। ਮੇਰੇ ਪਾਸ ਪੰਜ ਰੁਪਏ ਭੀ ਹਨ। ਇਸ ਦੇ ਪਾਸ ਨਹੀਂ ਜਾਣਾ ਚਾਹੀਦਾ।"
ਇਹ ਸੋਚਾਂ ਸੋਚਦਾ ਸੰਤੂ ਅਗੇ ਨੂੰ ਟੁਰ ਪਿਆ, ਪਰ ਉਸਦੇ ਅੰਦਰੋਂ ਆਵਾਜ਼ ਆਈ: "ਸੰਤੂ, ਕੀ ਤੂੰ ਇਤਨਾਂ ਅਮੀਰ ਹੋ ਗਿਆ ਹੈ ਕਿ ਤੇਰੇ ਵਿਚ ਦਇਆ ਨਹੀਂ ਰਹੀ। ਸ਼ਰਮ ਕਰ, ਓਹ ਭੀ ਤੇਰੇ ਵਰਗਾ ਗਰੀਬ ਆਦਮੀ ਹੈ, ਚਲ ਪਿਛੇ ਮੁੜ।"
ਅਤੇ ਸੰਤੂ ਪਿਛੇ ਮੁੜਕੇ ਉਸ ਆਦਮੀ ਪਾਸ ਪਹੁੰਚਿਆ।

(੨)
ਨੇੜੇ ਪਹੁੰਚ ਕੇ ਸੰਤੂ ਨੇ ਵੇਖਿਆ ਕਿ ਓਪਰ ਆਦਮੀ ਸੋਹਣੇ ਹਡ ਕਾਠ ਦਾ ਗਭਰੂ ਹੈ, ਓਸਦੇ ਪਿੰਡੇ ਤੇ ਜ਼ਖਮ ਕੋਈ ਨਹੀਂ ਪਰ ਪਾਲੇ ਨਾਲ ਕੁਕੜੀ ਹੋਇਆ ਬੈਠਾ ਹੈ। ਸੰਤੂ ਨੇ ਉਸਦੇ ਮੂੰਹ ਵਲ ਗਹੁ ਨਾਲ ਵੇਖਿਆ ਤੇ ਓਪਰੇ ਆਦਮੀ ਨੇ ਭੀ ਇਕੇਰਾਂ ਅੱਖਾਂ ਖੋਲ੍ਹਕੇ ਸੰਤੂ ਨੂੰ ਵੇਖਿਆ। ਇਸ ਦੀਦਾਰ ਵਿਚ ਪਤਾ ਨਹੀਂ ਕੀ ਜਾਦੂ ਸੀ ਸੰਤੂ ਦੇ ਸ਼ੱਕ ਦੂਰ ਹੋ ਗਏ। ਉਸਨੇ ਫੌਰਨ ਆਪਣੀ ਚਾਦਰ ਲਾਹਕੇ ਉਸਦੇ ਉਤੇ ਦੇ ਦਿਤੀ ਅਤੇ ਬਾਹੋਂ ਫੜ ਉਸਨੂੰ ਊਠਾਕੇ ਪੁਛਨ ਲਗਾ: "ਲੈ ਮਿਤ੍ਰਾ, ਹੁਣ ਜਿਥੇ ਮਰਜ਼ੀ ਆਵੀ ਜਾਹ ਅਤੇ ਆਪਣੇ ਟਿਕਾਣੇ ਪਹੁੰਚ, ਕੋਈ ਹੋਰ ਗਲ ਬਾਤ ਹੋਵੇ ਤਾਂ ਭੀ ਦਸ ਦੇ, ਤੂੰ ਟੁਰ ਫਿਰ ਤਾਂ ਸਕਦਾ ਹੈਂ?
ਇਸਦਾ ਉਤਰ ਕੋਈ ਨਾ ਮਿਲਿਆ। ਸੰਤ ਨੇ ਹੈਰਾਨ ਹੋਕੇ ਪੁਛਿਆ: “ਤੂੰ ਬੋਲਦਾਂ ਕਿਉਂ ਨਹੀਂ? ਇਥੇ ਪਾਲੇ ਵਿਚ ਪਿਆ ਹੋਇਆ ਤੂੰ ਮਰ ਜਾਵੇਂਗਾ, ਲੈ ਮੇਰੀ ਸੋਟੀ ਫੜ, ਜੇ ਕੁਝ ਨਿਤਾਕਤੀ ਹੈ ਤਾਂ ਇਸਦੇ ਆਸਰੇ ਤੁਰ।"
ਆਦਮੀ ਨੇ ਤੁਰਨਾ ਸ਼ੁਰੂ ਕੀਤਾ ਅਤੇ ਚੰਗੀ ਚੁਸਤੀ ਨਾਲ ਕਦਮ ਧਰਦਾ ਗਿਆ। ਸੰਤੂ ਨੇ ਫਿਰ ਪਛਿਆ, "ਆਪਣਾ ਨਗਰ ਕੇਹੜਾ ਹੈ?"
ਉਤਰ:-"ਮੈਂ ਇਸ ਇਲਾਕੇ ਦਾ ਨਹੀਂ।"
ਸੰਤੂ:-"ਮੇਰਾ ਭੀ ਇਹੋ ਖਿਆਲ ਸੀ ਇਥੋਂ ਦੇ ਸਾਰੇ ਆਦਮੀਆਂ ਨੂੰ ਜਾਣਦਾ ਹਾਂ। ਪਰ ਤੂੰ ਇਥੇ ਸ਼ਿਵਾਲੇ ਦੇ ਲਾਗੇ ਕਿਵੇਂ ਆਇਆ?"
ਉਤਰ:-"ਮੈਂ ਦਸ ਨਹੀਂ ਸਕਦਾ।"
ਸੰਤੂ:-"ਕਿਸੇ ਵੈਰੀ ਨੇ ਤੇਰੇ ਨਾਲ ਧੱਕਾ ਤਾਂ ਨਹੀਂ ਕੀਤਾ?"
ਉਤਰ:-"ਮੇਰਾ ਕੋਈ ਵੈਰੀ ਨਹੀਂ, ਮੈਨੂੰ ਨਿਰੰਕਾਰ ਨੇ ਸਜ਼ਾ ਦਿਤੀ ਹੈ।"
ਸੰਤੂ:-"ਨਿਰੰਕਾਰ ਤਾਂ ਸਾਰਿਆਂ ਦਾ ਨਿਆਂ ਕਰਦਾ ਹੈ, ਪਰ ਤਾਂ ਵੀ ਹੁਣ ਤੂੰ ਰੋਟੀ ਕਪੜੇ ਦਾ ਕੀ ਪ੍ਰਬੰਧ ਕਰਨਾ ਹੈ। ਕਿਥੇ ਜਾਵੇਂਗਾ?"
ਉਤਰ:—ਮੇਰਾ ਕੋਈ ਘਰ ਘਾਟ ਨਹੀਂ, ਭਾਵੇਂ ਕਿਸੇ ਪਾਸੇ ਚਲਿਆ ਜਾਵਾਂ।"
ਸੰਤੂ ਨੇ ਇਕੇਰਾਂ ਫੇਰ ਉਸ ਆਦਮੀ ਦੇ ਮੂੰਹ ਵਲ ਵੇਖਿਆ। ਉਹ ਆਦਮੀ ਆਵਾਰਾ ਜਾਂ ਬਦਮਾਸ਼ ਤਾਂ ਨਹੀਂ ਜਾਪਦਾ ਸੀ, ਬੋਲਦਾ ਭੀ ਧੀਰੇ ਸੀ, ਪਰ ਘਰ ਘਾਟ ਕਿਉਂ ਨਹੀਂ, ਇਸਦਾ ਕੋਈ ਜਵਾਬ ਨਾ ਸੁਝਿਆ।
ਸੰਤੂ ਉਸ ਆਦਮੀ ਨੂੰ ਆਪਣੇ ਘਰ ਵਲ ਲੈ ਚਲਿਆ ਤੇ ਸੋਚਦਾ ਸੀ: "ਹੁਣ ਕੰਬਲ ਦਾ ਕੀ ਬਣੇਗਾ, ਮੈਂ ਗਿਆ ਸਾਂ ਕੰਬਲ ਲੈਣ ਪਰ ਆਇਆ ਹਾਂ ਨੰਗ-ਮੂਨੰਗਾ ਆਦਮੀ ਲੈਕੇ। ਮੇਰੀ ਤੀਵੀਂ ਤੋਂ ਅਜ ਰਬ ਬਚਾਵੇ।" ਜਦ ਤੀਵੀਂ ਦਾ ਖਿਆਲ ਆਇਆ ਤਾਂ ਸੰਤੂ ਦਾ ਮੂੰਹ ਫ਼ੱਕ ਹੋ ਗਿਆ, ਪਰ ਜਦ ਉਸ ਨੂੰ ਸ਼ਿਵਾਲੇ ਪਾਸ ਪਏ ਹੋਏ ਗਭਰੂ ਦੀ ਉਹ ਦਿਲ ਖਿਚਵੀਂ ਨਜ਼ਰ ਚੇਤੇ ਆਈ ਤਾਂ ਉਸਦਾ ਮਨ ਰਸ ਨਾਲ ਭਰ ਗਿਆ।

(੩)
ਸੰਤੂ ਦੀ ਵਹੁਟੀ ਬਿਸ਼ਨੀ ਨੇ ਆਪਣੇ ਮਰਦ ਦੇ ਚਲੇ ਜਾਣ ਤੋਂ ਪਿਛੋਂ ਪਹਿਲਾਂ ਖਾਣ ਪਕਾਣ ਦਾ ਕੰਮ ਮੁਕਾਇਆ। ਫਿਰ ਸੰਤੂ ਦੀ ਪਾਟੀ ਹੋਈ ਕਮੀਜ਼ ਨੂੰ ਟਾਕੀ ਲਾਣ ਲਗੀ। ਉਹਦੇ ਹਥ ਕੰਮ ਵਲ ਸਨ ਤੇ ਖਿਆਲ ਸੰਤੂ ਵਲ ਸੀ। ਸੋਚਦੀ ਸੀ ਜੇ ਹਟੀ ਵਾਲੇ ਨੇ ਮੇਰੇ ਮਰਦ ਨਾਲ ਠੱਗੀ ਨਾ ਕੀਤੀ ਤਾਂ ਅੱਠ ਰੁਪਏ ਨੂੰ ਚੰਗਾ ਕੰਬਲ ਮਿਲ ਜਾਏਗਾ। ਸੰਤੂ ਬੜਾ ਸਿਧਾ ਸਾਦਾ ਹੈ। ਉਹ ਆਪ ਕਿਸੇ ਨਾਲ ਧੋਖਾ ਕਰਦਾ ਨਹੀਂ, ਪਰ ਤਿੰਨਾਂ ਵਰ੍ਹਿਆਂ ਦਾ ਇਞਾਣਾ ਬਾਲ ਵੀ ਉਸਨੂੰ ਠਗ ਸਕਦਾ ਹੈ। ਅਸੀਂ ਕੋਈ ਅਮੀਰਾਂ ਵਾਲਾਂ ਕੰਬਲ ਥੋੜਾ ਹੀ ਲੈਣਾ ਹੈ। ਸਾਨੂੰ ਤਾਂ ਸਿਆਲ ਗੁਜ਼ਾਰਨ ਵਾਸਤੇ ਭਾਵੇਂ ਕੋਈ ਮੋਟਾ ਤੱਪੜ ਹੀ ਮਿਲ ਜਾਏ। ਅਜ ਸੰਤੂ ਕੋਈ ਬਹੁਤ ਸਵੇਰੇ ਨਹੀਂ ਤੁਰਿਆ। ਪਰ ਕੰਮ ਮੁਕਾਕੇ ਉਹ ਹੁਣ ਵਾਪਸ ਔਂਦਾ ਹੋਵੇਗਾ। ਕਿਤੇ ਰਾਹ ਵਿਚ ਠੇਕੇ ਵਲ ਹੀ ਨਾ ਤੁਰ ਗਿਆ ਹੋਵੇ।
ਬਿਸ਼ਨੀ ਇਹ ਸੋਚਾਂ ਸੋਚਦੀ ਸੀ ਜੋ ਬਾਹਰ ਆਦਮੀਆਂ ਦੇ ਆਉਣ ਦਾ ਖੜਾਕ ਹੋਇਆ। ਉਸ ਵੇਲੇ ਕਮੀਜ਼ ਵਿਚ ਸੂਈ ਟੰਗਕੇ ਓਸ ਨੇ ਬਾਹਰ ਵੇਖਿਆ। ਸੰਤੂ ਆਪਣੇ ਨਾਲ ਇਕ ਆਦਮੀ ਨੂੰ ਲਈ ਆਂਉਦਾ ਸੀ, ਜਿਸ ਦੇ ਸਿਰ ਤੇ ਟੋਪੀ ਨਹੀਂ ਸੀ, ਜੁਤੀ ਨਹੀਂ ਸੀ। ਜਦ ਇਹ ਵੇਖਿਆ ਕਿ ਸੰਤੂ ਨੇ ਆਪਣੀ ਚਾਦਰ ਭੀ ਉਸਨੂੰ ਦੇ ਦਿਤੀ ਹੈ। ਤੇ ਸੰਤੂ ਕੰਬਲ ਭੀ ਨਹੀਂ ਲਿਆਇਆ ਤਾਂ ਬਿਸ਼ਨੀ ਨੂੰ ਸ਼ੱਕ ਪੈ ਗਿਆ, ਕਿਤੇ ਸੰਤੂ ਪੰਜਾਂ ਰੁਪਿਆਂ ਦੀ ਸ਼ਰਾਬ ਪੀਕੇ ਆਪਣੇ ਨਾਲ ਕਿਸੇ ਭੁਖੇ ਨੰਗੇ ਸ਼ਰਾਬੀ ਨੂੰ ਲੈ ਆਇਆ ਹੈ। ਬਿਸ਼ਨੀ ਦੇ ਕੋਲੋਂ ਲੰਗਕੇ ਦੋਵੇਂ ਅੰਦਰ ਚਲੇ ਗਏ। ਬਿਸ਼ਨੀ ਨੇ ਅੰਦਰ ਜਾਕੇ ਵੇਖਿਆ, ਜੋ ਓਪਰਾ ਆਦਮੀ ਜੁਆਨ ਮੁੰਡਾ ਹੈ ਤੇ ਚਾਦਰ ਦੇ ਤਲੇ ਉਸਨੇ ਕਮੀਜ਼ ਕੋਈ ਨਹੀਂ ਪਹਿਨੀ ਹੋਈ। ਉਹ ਆਦਮੀ ਅਖੀਆਂ ਨੀਵੀਆਂ ਕਰਕੇ ਖੜਾ ਸੀ। ਬਿਸ਼ਨੀ ਨੇ ਸੋਚਿਆ, ਇਹ ਡਰਦਾ ਹੈ, ਜ਼ਰੂਰ ਕੋਈ ਮਾੜਾ ਆਦਮੀ ਹੋਣਾ ਹੈ। ਬਿਸ਼ਨੀ ਦੇ ਮਥੇ ਤੇ ਵਟ ਪੈ ਗਏ ਤੇ ਉਡੀਕਨ ਲਗੀ ਕਿ ਕੀ ਕਰਦੇ ਹਨ। ਸੰਤੂ ਕਪੜੇ ਲਾਹਕੇ ਮੰਜੀ ਤੇ ਬਹਿ ਗਿਆ ਤੇ ਆਖਿਓਸੁ, ਬਿਸ਼ਨੀਏਂ ਜੇ ਰੋਟੀ ਤਿਆਰ ਹੈ ਤਾਂ ਲੈ ਆ। ਬਿਸ਼ਨੀ ਨੇ ਕੁਝ ਮੁੰਹ ਵਿਚ ਬੜ ੨ ਕੀਤੀ ਪਰ ਆਪਣੀ ਥਾਂ ਤੋਂ ਨਾਂ ਹਿਲੀ। ਉਥੇ ਖੜੀ ਦੋਹਾਂ ਵਲ ਵੇਖਦੀ ਰਹੀ। ਸੰਤੂ ਨੇ ਵੇਖਿਆ ਜੋ ਬਿਸ਼ਨੀ ਕੁਝ ਗੁਸੇ ਹੈ। ਪਰ ਉਸਨੇ ਸਮਾਂ ਟਾਲਣ ਲਈ ਓਪਰੇ ਮਨੁਖ ਨੂੰ ਕਿਹਾ ਕਿ ਮਿਤਰਾ, ਬੈਠ ਜਾ, ਕੁਝ ਰੋਟੀ ਖਾ ਪੀ ਲਈਏ। ਪਰਦੇਸੀ ਆਦਮੀ ਮੰਜੇ ਤੇ ਬਹਿ ਗਿਆ।
ਸੰਤੂ ਨੇ ਫਿਰ ਫਿਰ ਪੁਛਿਆ: "ਸਾਡੇ ਵਾਸਤੇ ਤੂੰ ਪਕਾਇਆ ਕੁਝ ਨਹੀਂ?"
ਹੁਣ ਬਿਸ਼ਨੀ ਆਪਣਾ ਗੁਸਾ ਨਾ ਰੋਕ ਸਕੀ। ਕਹਿਣ ਲਗੀ:"ਪਕਾਇਆ ਹੈ ਪਰ ਤੇਰੇ ਵਾਸਤੇ ਨਹੀਂ। ਮੈਨੂੰ ਜਾਪਦਾ ਹੈ ਸ਼ਰਾਬ ਨੇ ਤੇਰੀ ਮਤ ਮਾਰ ਦਿਤੀ ਹੈ। ਤੂੰ ਗਿਆ ਕੰਬਲ ਲੈਣ ਸੈਂ ਪਰ ਆਪਣੀ ਚਾਦਰ ਹੀ ਦੇਕੇ ਆ ਵੜਿਆ। ਹੁਣ ਇਸ ਨੰਗੇ ਮੁਨੰਗੇ, ਲਫ਼ੰਗੇ ਨੂੰ ਨਾਲ ਲੈਕੇ ਆ ਗਿਆ ਹੈਂ। ਮੇਰੇ ਪਾਸ ਸ਼ਰਾਬੀਆਂ ਵਾਸਤੇ ਰੋਟੀ ਕੋਈ ਨਹੀਂ।"
"ਬਸ ਕਰ ਬਿਸ਼ਨੀਏ ਐਵੇਂ ਜ਼ਬਾਨ ਨਹੀਂ ਮਾਰੀਦੀ। ਪਹਿਲਾਂ ਪੁਛ ਤੇ ਸਹੀ ਇਹ ਬੰਦਾ ਕਿਹੋ ਜਿਹਾ ਹੈ।"
ਬਿਸ਼ਨੀ:-"ਅਛਾ ਜਿਹੜੇ ਤੈਨੂੰ ਰੁਪਏ ਦਿੱਤੇ ਸਨ, ਕਿਥੇ ਸੁਟ ਆਇਆ ਹੈਂ।"
ਸੰਤੂ ਨੇ ਪਗ ਦੇ ਲੜ ਵਿਚੋਂ ਪੰਜ ਰੁਪਏ ਖੋਹਲਕੇ ਬਿਸ਼ਨੀ ਦੇ ਹਵਾਲੇ ਕੀਤੇ ਤੇ ਆਖਿਓਸੁ ਕਿ: "ਮੈਨੂੰ ਉਧਾਰ ਵਾਲੀ ਰਕਮ ਕੋਈ ਨਹੀਂ ਵਸੂਲ ਹੋਈ।" ਬਿਸ਼ਨੀ ਨੇ ਗੁਸੇ ਨਾਲ ਰੁਪਏ ਚੁਕ ਲਏ ਤੇ ਬੁੜ ਬੁੜ ਕਰਦੀ ਉਹਨਾਂ ਨੂੰ ਇਕ ਚਟੂਰੀ ਵਿਚ ਸਾਂਭ ਕੇ ਰਖ ਆਈ। ਫਿਰ ਆ ਕੇ ਕਹਿਣ ਲਗੀ: "ਮੇਰੇ ਪਾਸ ਤੇਰੇ ਵਾਸਤੇ ਰੋਟੀ ਕੋਈ ਨਹੀਂ। ਅਸੀਂ ਸਾਰੇ ਲਫ਼ੰਗਿਆਂ ਨੂੰ ਰੋਟੀ ਦੇਣਦਾ ਕੋਈ ਠੇਕਾ ਲਿਆ ਹੋਇਆ ਹੈ?" ਸੰਤੂ ਨੇ ਫਿਰ ਆਖਿਆ:"ਬਿਸ਼ਨੀਏ ਜ਼ਰਾ ਸੰਭਲ। ਪੈਹਲਾਂ ਦੁਜੇ ਆਦਮੀ ਦੀ ਗੱਲ ਤਾਂ ਸੁਣ ਲੈ।" ਬਿਸ਼ਨੀ ਨੇ ਆਪਣੀ ਡਾਕ ਗੱਡੀ ਚਲਾਈ ਰਖੀ: "ਮੈਂ ਤੇਰੇ ਵਰਗੇ ਸ਼ਰਾਬੀ ਦੀ ਕੀ ਗੱਲ ਸੁਣਦੀ ਹਾਂ? ਮੇਰੇ ਮਾਂ ਪਿਉ ਨੇ ਐਵੇਂ ਤੇਰੇ ਲੜ ਲਾ ਦਿਤਾ, ਤੂੰ ਤਾਂ ਮੇਰਾ ਦਾਜ ਵੀ ਵੇਚਕੇ ਸ਼ਰਾਬ ਪੀ ਗਿਆ ਹੈਂ। ਤੈਨੂੰ ਹੁਣ ਕੰਬਲ ਵਾਸਤੇ ਰੁਪਏ ਦਿਤੇ ਉਹਦੀ ਵੀ ਚਾਹ ਪੀ ਆਇਆ।"
ਸੰਤੂ ਨੇ ਦਸਣ ਦਾ ਯਤਨ ਕੀਤਾ ਕਿ ਚਾਹ ਸਿਰਫ ਚਾਰ ਆਨੇ ਦੀ ਪੀਤੀ ਹੈ। ਇਹ ਨਾਲ ਵਾਲਾ ਆਦਮੀ ਭਲੇ ਮਾਣਸ ਹੈ, ਪਰ ਬਿਸ਼ਨੀ ਨੇ ਇਕ ਨਾ ਸੁਣੀ। ਉਸ ਨੇ ਬਾਬੇ ਆਦਮ ਦੇ ਵੇਲੇ ਦੇ ਵੀ ਉਲਾਂਭੇ ਹੁਣ ਕਢੇ ਤੇ ਆਪਣੀ ਚਾਦਰ ਵਾਪਸ ਲੈਣ ਦੀ ਬੜੇ ਜ਼ੋਰ ਸ਼ੋਰ ਨਾਲ ਮੰਗ ਕੀਤੀ। ਸੰਤੂ ਵਿਚਾਰਾ ਚਾਦਰ ਦੇਣ ਲੱਗਾ ਸੀ ਕਿ ਬਿਸ਼ਨੀ ਨੇ ਛਿਤੀ ਗਿਦੜੀ ਵਾਂਗ ਆਪ ਖੋਹ ਲਈ ਤੇ ਚਾਦਰ ਦਾ ਇਕ ਸਿਰਾ ਪਾਟ ਗਿਆ। ਗੁਸੇ ਨਾਲ ਚਾਦਰ ਚੁਕ ਕੇ ਬਿਸ਼ਨੀ ਬਾਹਰ ਵੱਲ ਤੁਰੀ ਤੇ ਫਿਰ ਉਹਦੇ ਜੀ ਵਿੱਚ ਆਇਆ, ਨੰਗੇ ਮੁੰਗੇ ਆਦਮੀ ਦਾ ਪਤਾ ਤਾਂ ਕਰ ਲਵਾਂ ਕੌਣ ਹੈ। ਫਿਰ ਮੁੜ ਆਈ ਤੇ ਕਹਿਣ ਲਗੀ ਕਿ: "ਜੇ ਭਲਾ ਮਾਣਸ ਆਦਮੀ ਹੋਵੇ ਤਾਂ ਨੰਗਾ ਕਿਉਂ ਹੈ? ਇਹਦੇ ਉਪਰ ਤਾਂ ਇਕ ਕੁੜਤਾ ਵੀ ਨਹੀਂ। ਜੇ ਇਹ ਭਲਾਮਾਣਸ ਆਦਮੀ ਹੋਵੇ ਤਾਂ ਤੂੰ ਦਸਦਾ ਕਿਉਂ ਨਹੀਂ ਤੈਨੂੰ ਕਿਥੇ ਮਿਲਿਆ।"
ਸੰਤੂ:- ਮੈਂ ਤੈਨੂੰ ਇਹ ਹੀ ਗੱਲ ਤਾਂ ਦਸਣ ਲਗਾ ਹਾਂ ਤੂ ਸੁਣਦੀ ਨਹੀਂ। ਜਦੋਂ ਮੈਂ ਮੰਦਰ ਪਾਸ ਪਹੁੰਚਿਆ, ਮੈਂ ਇਸ ਨੂੰ ਬਰਫ ਵਿਚ ਨੰਗੇ ਪਏ ਵੇਖਿਆ। ਇਸ ਮੌਸਮ ਵਿਚ ਨੰਗਾ ਕੌਣ ਬੈਠ ਸਕਦਾ ਹੈ। ਰੱਬ ਨੇ ਮੈਨੂੰ ਇਸਦੇ ਪਾਸ ਭੇਜਿਆ ਨਹੀਂ ਤਾਂ ਇਹ ਮਰ ਜਾਂਦਾ। ਮੈਂ ਕਿਹਾ ਖਬਰੇ ਇਸ ਵਿਚਾਰੇ ਨੂੰ ਕੀ ਹੋਇਆ ਹੋਇਆ ਹੈ। ਮੈਂ ਇਸ ਨੂੰ ਉਠਾਇਆ,ਆਪਣੀ ਚਾਦਰ ਦਿਤੀ ਤੇ ਨਾਲ ਤੁਰਾਇਆ। ਬਿਸ਼ਨੀਏ ਕ੍ਰੋਧਵਾਨ ਨਾ ਹੋ। ਅਸੀਂ ਸਾਰਿਆਂ ਨੇ ਇਕ ਦਿਨ ਮਰ ਜਾਣਾ ਹੈ।"
ਬਿਸ਼ਨੀ ਗਰਮ ਗਰਮ ਜਵਾਬ ਦੇਣ ਲਗੀ ਹੀ ਸੀ, ਪਰ ਜਦ ਉਸ ਨੇ ਓਪਰੇ ਆਦਮੀ ਵਲ ਤਕਿਆ ਤਾਂ ਚੁਪ ਕਰ ਗਈ। ਓਹ ਆਦਮੀ ਮੰਜੇ ਦੀ ਪੈਂਦ ਵਲ ਸਿਰ ਨੀਵਾਂ ਕਰਕੇ ਬੈਠਾ ਸੀ। ਉਸ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ। ਹਥ ਗੋਡਿਆਂ ਉਪਰ ਸਨ ਤੇ ਮਥੇ ਤੋਂ ਤਕਲੀਫ ਪ੍ਰਤੀਤ ਹੁੰਦੀ ਸੀ। ਜਦ ਸੰਤੂ ਨੇ ਪੁਛਿਆ "ਬਿਸ਼ਨੀਏ ਤੇਰੇ ਦਿਲ ਵਿਚ ਨਿਰੰਕਾਰ ਦੀ ਪ੍ਰੀਤ ਕੋਈ ਨਹੀਂ?" ਤਾਂ ਬਿਸ਼ਨੀ ਦਾ ਦਿਲ ਅਚਨ ਚੇਤ ਪ੍ਰਦੇਸ਼ੀ ਆਦਮੀ ਵਲ ਨਰਮ ਹੋ ਗਿਆ। ਉਹ ਬੂਹੇ ਵਿਚੋਂ ਮੁੜ ਆਈ ਤੇ ਚੰਗੇਰ ਵਿਚੋਂ ਦੋ ਰੋਟੀਆਂ ਕਢਕੇ ਤੇ ਦੋ ਲੋਟੇ ਲੱਸੀ ਦੇ ਸਾਹਮਣੇ ਰਖਕੇ ਕਹਿਣ ਲਗੀ: "ਲੈ ਖਾਣਾ ਈਂ ਤੇ ਖਾ ਲੈ। ਸੰਤੂ ਨੇ ਓਪਰੇ ਆਦਮੀ ਨੂੰ ਪਾਸ ਬਿਠਾਇਆ ਤੇ ਦੋਹਾਂ ਨੇ ਰੋਟੀ ਖਾਣੀ ਸ਼ੁਰੂ ਕੀਤੀ। ਜਦ ਉਹ ਖਾ ਰਹੇ ਸਨ ਤੇ ਬਿਸ਼ਨੀ ਇਕ ਪਾਸੇ ਬੈਠੀ ਉਨ੍ਹਾਂ ਵਲ ਦੇਖ ਰਹੀ ਸੀ ਤਦ ਬਿਸ਼ਨੀ ਦੇ ਦਿਲ ਵਿਚ ਓਪਰੇ ਆਦਮੀ ਵਾਸਤੇ ਦਇਆ ਆਈ ਤੇ ਉਸ ਦੇ ਮਨ ਵਿਚ ਨਿਰੰਕਾਰ ਦੇ ਪ੍ਰੇਮ ਦੀ ਕਾਂਗ ਉਠੀ। ਓਪਰੇ ਆਦਮੀ ਦਾ ਮੁਖੜਾ ਚਮਕ ਪਿਆ, ਉਸ ਦੇ ਮਥੇ ਦੇ ਵੱਟ ਦੂਰ ਹੋ ਗਏ ਉਸ ਦੇ ਨੈਣ ਖੁਲ੍ਹੇ ਤੇ ਮੂੰਹ ਵਿਚੋਂ ਮੁਸਕ੍ਰਾਹਟ ਨਿਕਲੀ।
ਜਦ ਰੋਟੀ ਖਤਮ ਹੋ ਗਈ ਤਾਂ ਬਿਸ਼ਨੀ ਨੇ ਓਪਰੇ ਆਦਮੀ ਨੂੰ ਪੁਛਿਆ: "ਤੂੰ ਕਿਥੋਂ ਆਇਆ ਹੈਂ?"
ਓਪਰਾ ਆਦਮੀ:-"ਮੈਂ ਇਸ ਦੇਸ ਦਾ ਨਹੀਂ।"
ਬਿਸ਼ਨੀ:-ਤੂੰ ਸੜਕ ਉਪਰ ਕਿਸ ਤਰ੍ਹਾਂ ਆ ਗਿਆ?
ਜਵਾਬ ਵਿਚ-ਮੈਂ ਦਸ ਨਹੀਂ ਸਕਦਾ।
"ਕੀ ਕਿਸੇ ਨੇ ਤੈਨੂੰ ਲੁਟ ਲਿਆ ਹੈ?"
ਜਵਾਬ ਵਿਚ:-ਮੈਨੂੰ ਨਿਰੰਕਾਰ ਨੇ ਸਜ਼ਾ ਦਿਤੀ।
"ਤੂੰ ਉਥੇ ਨੰਗਾ ਪਿਆ ਸੀ?"
"ਹਾਂ ਨੰਗਾ ਸਾਂ। ਤੇ ਬਰਫ ਵਿਚ ਠਰਦਾ ਪਿਆ ਸਾਂ। ਸੰਤੂ ਨੇ ਮੈਨੂੰ ਵੇਖਿਆ, ਇਸਦੇ ਮਨ ਵਿਚ ਦਇਆ ਆਈ। ਇਸਨੇ ਚਾਦਰ ਲਾਹਕੇ ਮੇਰੇ ਉਪਰ ਪਾਈ ਤੇ ਮੈਨੂੰ ਨਾਲ ਲੈ ਆਇਆ। ਤੂੰ ਮੈਨੂੰ ਰੋਟੀ ਪਾਣੀ ਦਿੱਤਾ ਹੈ ਤੇ ਮੇਰੇ ਉਪਰ ਦਇਆ ਕੀਤੀ ਹੈ। ਰਬ ਤੇਰਾ ਭਲਾ ਕਰੇਗਾ।"
ਬਿਸ਼ਨੀ ਉਠੀ ਤੇ ਇਕ ਆਲੇ ਵਿਚੋਂ ਸੰਤੂ ਦਾ ਪੁਰਾਣਾ ਕੁੜਤਾ ਲਿਆਕੇ ਓਪਰੇ ਆਦਮੀ ਨੂੰ ਦਿਤਾ ਤੇ ਇਕ ਪੁਰਾਣੀ ਚਾਦਰ ਉਸਨੂੰ ਦੇਕੇ ਕਹਿਣ ਲੱਗੀ:-"ਲੈ ਹੁਣ ਸੌਂ ਜਾ। ਸਵੇਰੇ ਗੱਲਾਂ ਕਰਾਂਗੇ।"
ਰਾਤ ਨੂੰ ਬਿਸ਼ਨੀ ਨੂੰ ਇਸੇ ਓਪਰੇ ਆਦਮੀ ਦੇ ਖਿਆਲ ਨੇ ਬਥੇਰਾ ਚਿਰ ਜਗਾਈ ਰਖਿਆ ਤੇ ਸੰਤੂ ਨੂੰ ਕਹਿਣ ਲਗੀ "ਅਜ ਸਾਰਾ ਆਟਾ ਮੁਕ ਗਿਆ ਹੈ। ਕੱਲ ਗਵਾਂਢੀਆਂ ਪਾਸੋਂ ਆਟਾ ਮੰਗਾਂਗੇ।"
ਸੰਤੂ:-"ਜੇ ਰਬ ਨੇ ਜੀਂਦਿਆਂ ਰਖਿਆ ਤਾਂ ਰੋਟੀ ਭੀ ਮਿਲ ਜਾਏਗੀ।"
ਬਿਸ਼ਨੀ:-"ਓਪਰਾ ਆਦਮੀ ਆਪਣਾ ਦੇਸ ਤੇ ਵਿਥਿਆ ਕਿਉਂ ਨਹੀਂ ਦਸਦਾ?"
ਸੰਤੂ:-"ਇਸਦਾ ਕੋਈ ਕਾਰਨ ਹੋਣਾ ਹੈ।"
ਬਿਸ਼ਨੀ:-"ਅਸੀਂ ਲੋਕਾਂ ਨੂੰ ਦੇਂਦੇ ਹਾਂ, ਕੋਈ ਸਾਨੂੰ ਆ ਕੇ ਕਿਉਂ ਨਹੀਂ ਦੇ ਜਾਂਦਾ?"
ਸੰਤੂ-"ਸਾਨੂੰ ਭੀ ਰੱਬ ਦੇਈ ਜਾਂਦਾ ਹੈ। ਪਰ ਮੈਨੂੰ ਨੀਂਦ ਆ ਰਹੀ ਹੈ, ਹੁਣ ਸੌਂ ਜਾਹ।"

(੪)
ਸਵੇਰੇ ਜਦ ਸੰਤੂ ਜਾਗਿਆ ਤਾਂ ਬਿਸ਼ਨੀ ਗੁਆਂਢੀ ਪਾਸੋਂ ਆਟਾ ਮੰਗਣ ਗਈ ਹੋਈ ਸੀ। ਓਪਰਾ ਆਦਮੀ ਪੁਰਾਣੀ ਕਮੀਜ਼ ਤੇ ਪੁਰਾਣੀ ਚਾਦਰ ਪਹਿਨਕੇ ਮੰਜੇ ਤੇ ਬੈਠਾ ਉਪਰ ਨੂੰ ਤਕ ਰਿਹਾ ਸੀ। ਕੱਲ ਨਾਲੋਂ ਉਸ ਦਾ ਮੁਖੜਾ ਅੱਜ ਜ਼ਿਆਦਾ ਖੁਸ਼ ਸੀ।
ਸੰਤੂ:-ਮਿਤ੍ਰਾ! ਢਿਡ ਰੋਟੀ ਮੰਗਦਾ ਹੈ ਤੇ ਤਨ ਵਾਸਤੇ ਕਪੜੇ ਦੀ ਲੋੜ ਹੈ। ਰੋਜ਼ੀ ਕਮਾਣ ਵਾਸਤੇ ਕੰਮ ਕਰਨਾ ਪੈਂਦਾ ਹੈ। ਤੈਨੂੰ ਕਿਹੜਾ ਕੰਮ ਕਰਨਾ ਆਂਵਦਾ ਹੈ?
"ਮੈਨੂੰ ਕੋਈ ਕੰਮ ਨਹੀਂ ਆਂਵਦਾ।"
ਇਸ ਜਵਾਬ ਤੇ ਸੰਤੂ ਹੈਰਾਨ ਹੋ ਗਿਆ, ਫਿਰ ਉਸ ਨੇ ਆਖਿਆ:-"ਜੇਹੜੇ ਆਦਮੀ ਕੰਮ ਸਿਖਣਾ ਚਾਹੁੰਣ ਛੇਤੀ ਸਿਖ ਸਕਦੇ ਹਨ।"
ਜਵਾਬ:-"ਆਦਮੀ ਕੰਮ ਕਰਦੇ ਹਨ। ਇਸ ਲਈ ਮੈਂ ਕੀ ਕਰਾਂਗਾ١"
ਸਵਾਲ:-“ਤੇਰਾ ਨਾਮ ਕੀ ਹੈ।"
ਜਵਾਬ:-“ਹਰੀ ਦੂਤ।"
ਸੰਤੂ:-"ਹਛਾ! ਹਰੀ ਦੂਤ, ਜੇ ਤੂੰ ਆਪਣਾ ਹਾਲਚਾਲ ਨਹੀਂ ਦਸਣਾ ਚਾਹੁੰਦਾ ਤਾਂ ਤੇਰੀ ਮਰਜ਼ੀ١ ਪਰ ਰੋਜ਼ੀ ਕਮਾਣ ਵਾਸਤੇ ਤੈਨੂੰ ਕੰਮ ਕਰਨਾਂ ਪਵੇਗਾ, ਜੇ ਤੂੰ ਮੇਰੇ ਆਖੇ ਲਗਕੇ ਕੰਮ ਕਰਨਾਂ ਹੋਵੇ ਤਾਂ ਮੇਰੇ ਪਾਸੋਂ, ਰੋਟੀ ਤੇ ਕਪੜਾ ਲਈ ਚਲ।"
ਹਰੀ ਦੂਤ:-"ਰਬ ਤੇਰਾ ਭਲਾ ਕਰੇ,ਮੈਂ ਕੰਮ ਸਿਖਾਂਗਾ। ਮੈਨੂੰ ਕੰਮ ਕਰਨਾ ਸਿਖਾਓ।"
ਸੰਤੂ ਨੇ ਕੁਝ ਧਾਗਾ ਲੈਕੇ ਵਟਿਆ ਤੇ ਹਰੀ ਦੂਤ ਨੂੰ ਸਿਖਾਇਆ। ਫੇਰ ਧਾਗੇ ਉਪਰ ਮੋਮ ਚੜ੍ਹਾਈ। ਖੰਧੂਈ ਵਾਲੇ ਪਤਲੇ ਧਾਗੇ ਦੇ ਨਾਲ ਜੋੜਨਾਂ ਅਤੇ ਚਮੜਾ ਸੀਊਣਾ ਸਿਖਾਇਆ। ਜੋ ਕੁਝ ਸੰਤੂ ਸਿਖਾਂਦਾ ਸੀ ਹਰੀ ਦੂਤ ਤੁਰਤ ਸਿਖ ਲੈਂਦਾ ਸੀ। ਤਿੰਨ ਦਿਨਾਂ ਪਿਛੋਂ ਉਹ ਐਸਾ ਤੇਜ਼ ਕੰਮ ਕਰਨ ਲਗਾ ਜਿਵੇਂ ਸਾਰੀ ਉਮਰ ਮੋਚੀ ਰਿਹਾ ਹੋਵੇ। ਰੋਟੀ ਥੋੜੀ ਖਾਂਦਾ ਸੀ ਤੇ ਕੰਮ ਬਹੁਤਾ ਕਰਦਾ ਸੀ। ਕੰਮ ਖਤਮ ਕਰਕੇ ਚੁਪ ਬੈਠਾ ਅਕਾਸ਼ ਵਲ ਤਕਦਾ ਰਹਿੰਦਾ ਸੀ। ਬਾਜ਼ਾਰ ਵਿਚ ਥੋੜਾ ਨਿਕਲਦਾ ਸੀ। ਕੇਵਲ ਲੋੜ ਅਨੁਸਾਰ ਬੋਲਦਾ ਸੀ। ਕਿਸੇ ਨਾਲ ਠੱਠਾ ਮਖ਼ੌਲ ਨਹੀਂ ਸੀ ਕਰਦਾ। ਉਸ ਪਹਿਲੇ ਦਿਨ ਤੋਂ ਬਿਨਾਂ ਜਦ ਰੋਟੀ ਖਾਂਦਿਆਂ ਮੁਸਕਰਾਇਆ ਸੀ ਫਿਰ ਕਿਸੇ ਨੇ ਉਸਨੂੰ ਮੁਸਕਰਾਂਦਿਆਂ ਨਹੀਂ ਸੀ ਵੇਖਿਆ।

(੫)
ਦਿਨਾਂ ਦੇ ਮਹੀਨੇ ਬੀਤੇ ਮਹੀਨਿਆਂ ਦਾ ਸਾਲ ਗੁਜ਼ਰ ਗਿਆ। ਹਰੀ ਦੂਤ ਸੰਤੂ ਪਾਸ ਕੰਮ ਕਰਦਾ ਰਿਹਾ। ਉਸਦੀ ਮਸ਼ਹੂਰੀ ਦੂਰ ੨ ਤਕ ਹੋ ਗਈ। ਸਾਰੇ ਆਖਨ, ਸੰਤੂ ਦੇ ਨੌਕਰ ਵਰਗੇ ਬੂਟ ਕੋਈ ਨਹੀਂ ਸੀਉਂ ਸਕਦਾ। ਪੰਜ ਪੰਜ ਦਸ ਦਸ ਮੀਲਾਂ ਤੋਂ ਬੂਟ ਉਸ ਦੇ ਪਾਸ ਆਇਆਂ ਕਰਨ ਤੇ ਸੰਤੂ ਪਾਸ ਕੁਝ ਰੁਪਏ ਜਮ੍ਹਾਂ ਹੋ ਗਏ।
ਸਾਲ ਪਿਛੋਂ ਇਕ ਦਿਨ ਸੰਤੂ ਤੇ ਹਰੀ ਦੂਤ ਕੰਮ ਬੈਠੇ ਕਰਦੇ ਸਨ ਕਿ ਗਲੀ ਵਿਚੋਂ ਇਕ ਬੱਘੀ ਦਾ ਖੜਾਕ ਆਇਆ ਤੇ ਬੱਘੀ ਸੰਤੂ ਦੇ ਬੂਹੇ ਅੱਗੇ ਖੜੀ ਹੋ ਗਈ। ਸੰਤੂ ਨੇ ਹੈਰਾਨ ਹੋ ਕੇ ਵੇਖਿਆ। ਬੱਘੀ ਦੇ ਬਾਹਰ ਕੋਚਵਾਨ ਦੇ ਨਾਲ ਇਕ ਵਰਦੀ ਵਾਲਾ ਚਪੜਾਸੀ ਸੀ ਜਿਸ ਨੇ ਉਤਰ ਕੇ ਬੱਘੀ ਦਾ ਬੂਹਾ ਖੋਲ੍ਹਿਆ ਤੇ ਪੋਸਤੀਨ ਪਹਿਨੀ ਹੋਈ ਇਕ ਲੰਬਾ ਚੌੜਾ ਸਾਹਿਬ ਬਹਾਦਰ ਬਾਹਰ ਨਿਕਲ ਆਇਆ। ਬਿਸ਼ਨੀ ਨੇ ਦੌੜਕੇ ਬੂਹਾ ਖੋਹਲਿਆ। ਸਾਹਿਬ ਬਹਾਦਰ ਸਿਰ ਨੀਵਾਂ ਕਰਕੇ ਬੂਹੇ ਵਿਚੋਂ ਅੰਦਰ ਆਇਆ ਤੇ ਜਦ ਅੰਦਰ ਓਹ ਸਿਧਾ ਖੜਾ ਹੋਇਆ ਤਾਂ ਉਸ ਦਾ ਸਿਰ ਛਤ ਨੂੰ ਲਗਦਾ ਸੀ ਤੇ ਸਾਰਾ ਕਮਰਾ ਉਸੇ ਸਾਹਿਬ ਬਹਾਦਰ ਨਾਲ ਭਰਿਆ ਹੋਇਆ ਜਾਪਦਾ ਸੀ। ਸੰਤੂ ਛੇਤੀ ੨ ਉਠਿਆ ਤੇ ਸਲਾਮ ਕਰਕੇ ਖੜਾ ਹੋ ਗਿਆ। ਉਸ ਨੇ ਸਾਰੀ ਉਮਰ ਵਿਚ ਕਦੀ ਸਾਹਿਬ ਬਹਾਦਰ ਨੂੰ ਇਨਾਂ ਨੇੜਿਉਂ ਨਹੀਂ ਵੇਖਿਆ ਸੀ। ਸੰਤੂ ਲਿੱਸਾ ਸੀ, ਹਰੀ ਦੂਤ ਲਿੱਸਾ ਸੀ ਤੇ ਬਿਸ਼ਨੀ ਤਾਂ ਹਡੀਆਂ ਦੀ ਮੁਠ ਸੀ। ਪਰ ਇਹ ਸਾਹਿਬ ਬਹਾਦਰ ਪਤਾ ਨਹੀਂ ਕੇਹੜੀ ਦੁਨੀਆਂ ਵਿਚੋਂ ਆਇਆ ਸੀ। ਲਾਲ ਸੁਰਖ ਮੂੰਹ, ਝੋਟੇ ਵਰਗੀ ਗਰਦਨ ਤੇ ਸਰੀਰ ਇਉਂ ਜਾਪੇ ਜਿਕੂੰ ਲੋਹੇ ਦਾ ਹੁੰਦਾ ਹੈ।
ਸਾਹਿਬ ਨੇ ਰਤਾ ਕੁ ਸਾਹ ਲੈਕੇ ਆਪਣੀ ਪੋਸਤੀਨ ਲਾਹ ਦਿਤੀ। ਮੰਜੇ ਉਪਰ ਬੈਠ ਗਿਆ ਤੇ ਪੁਛਣ ਲਗਾ ਕਿ "ਤੁਹਾਡੇ ਵਿਚੋਂ ਵਡਾ ਕਾਰੀਗਰ ਕੌਣ ਹੈ?"
ਸੰਤੂ ਨੇ ਅਗੇ ਹੋਕੇ ਸਲਾਮ ਕੀਤੀ ਤੇ ਆਖਿਆ:— "ਹਜ਼ੂਰ ਮੈਂ ਹਾਂ? ਸਾਹਿਬ ਨੇ ਉਚੀ ਆਵਾਜ਼ ਨਾਲ ਚਪੜਾਸੀ ਨੂੰ ਬੁਲਾਇਆ:-"ਓ ਫਰੀਦ, ਹਮਾਰਾ ਚਮੜਾ ਲਾਓ।" ਫਰੀਦ ਵਿਚਾਰਾ ਚਮੜਾ ਤੇ ਹਥ ਵਿਚ ਫੜਕੇ ਦੌੜਦਾ ਆਇਆ। ਸਾਹਿਬ ਨੇ ਸੰਤੂ ਨੂੰ ਕਿਹਾ: "ਅਰੇ ਮੋਚੀ, ਯਿਹ ਚਮੜਾ ਦੇਖੋ।" ਸੰਤੂ ਨੇ ਵੇਖਿਆ। ਸਾਹਿਬ ਨੇ ਪੁਛਿਆ "ਕੁਝ ਪਤਾ ਹੈ ਕਿ ਇਹ ਕੈਸਾ ਚਮੜਾ ਹੈ?" ਸੰਤੂ ਨੇ ਚਮੜੇ ਨੂੰ ਚੰਗੀ ਤਰ੍ਹਾਂ ਵੇਖਕੇ ਆਖਿਆ:-"ਇਹ ਬੜਾ ਅਛਾ ਚੰਮੜਾ ਹੈ।"
ਸਾਹਿਬ:-"ਬੜਾ ਹੱਛਾ ਕਾ ਬੱਚਾ। ਤੁਮ ਗਾਉਂ ਕਾ ਮੋਚੀ ਹੈ, ਤੁਮ ਨੇ ਸਾਰੀ ਉਮਰ ਐਸਾ ਚਮੜਾ ਨਹੀਂ ਦੇਖਾ। ਯਿਹ ਬਲੋਚਿਸਤਾਨ ਸੇ ਆਇਆ ਹੈ, ਔਰ ੨0) ਰੁਪਏ ਕੀਮਤ ਹੈ।"
ਸੰਤੂ ਡਰ ਗਿਆ ਅਤੇ ਕਹਿਣ ਲਗਾ ਸਾਡੀ ਕਿਸਮਤ ਵਿਚ ਇਹੋ ਜਿਹੇ ਚਮੜੇ ਦੇਖਣੇ ਕਿਥੋਂ ਲਿਖੇ ਹਨ।
ਸਾਹਿਬ:— "ਠੀਕ ਹੈ, ਅਬ ਤੁਮ ਹਮਾਰੇ ਵਾਸਤੇ ਇਸ ਕਾ ਫੁਲ ਬੂਟ ਬਨਾਓ!"
ਸੰਤੂ:-"ਅਛਾ ਹਜ਼ਰ ਬਣਾ ਦਿਆਂਗਾ।"
ਸਾਹਿਬ:-"ਹਾਂ ਬਣਾ ਦੇਗਾ। ਯਾਦ ਰਖੋ ਹਮ ਕੋਨ ਹੈ, ਔਰ ਯੇਹ ਚਮੜਾ ਕੈਸਾ ਹੈ। ਹਮ ਜੰਗਲੋਂ ਕਾ ਅਫਸਰ ਹੈ ਔਰ ਹਮਾਰਾ ਬੂਟ ਕਲਕਤੇ ਮੇਂ ਬਨਤਾ ਹੈ। ਦੇਖੋ ਯੇਹ ਹਮਾਰਾ ਬੂਟ ਏਕ ਸਾਲ ਜ਼ਰੂਰ ਚਲੇ। ਨਾ ਇਸ ਕੀ ਸ਼ਕਲ ਬਿਗੜੇ ਔਰ ਨਾਂ ਟਾਂਕੇ ਉਖੜੇਂ। ਅਗਰ ਤੁਮ ਬਨਾ ਸਕਤੇ ਹੋ ਤੋ ਚਮੜਾ ਲੇਕਰ ਕਾਟ ਦੋ, ਅਗਰ ਨਹੀਂ ਤੋ ਕਹਿ ਦੋ। ਹਮ ਅਭੀ ਕਹਿਤਾ ਹੈ। ਅਗਰ ਬੂਟ ਕਾ ਸ਼ਕਲ ਖ਼ਰਾਬ ਹੋ ਗਿਆ ਯਾ ਟਾਂਕਾ ਉਖੜ ਗਿਆ ਤੋ ਤੁਮ ਕੋ ਕੈਦ ਕਰ ਦੇਗਾ। ਅਗਰ ਅਛਾ ਬੂਟ ਬਨਾਓ ਤੋਂ ਹਮ ੧0) ਦਸ ਰੁਪੈ ਦੇਗਾ।
ਸੰਤੂ ਡਰ ਗਿਆ ਤੇ ਪਿਛੇ ਖੜੇ ਹਰੀ ਦੁਤ ਨੂੰ ਅੜਕ ਮਾਰਕੇ ਹੌਲੀ ਜਿਹੀ ਪੁਛਿਆ:"ਇਹ ਕੰਮ ਲੈ ਲਵਾਂ ਕਿ ਨਾ?" ਹਰੀ ਦੂਤ ਨੇ ਕਿਹਾ "ਲੈ ਲਓ।" ਸੰਤੂ ਨੇ ਸਾਹਿਬ ਦੀ ਸ਼ਰਤ ਮਨਜ਼ੂਰ ਕਰ ਲਈ ਤੇ ਸਾਹਿਬ ਨੇ ਆਪਣੇ ਨੌਕਰ ਨੂੰ ਬੁਲਾਕੇ ਆਪਣਾ ਖੱਬਾ ਬੂਟ ਉਤਾਰਨ ਦਾ ਹੁਕਮ ਕੀਤਾ ਤੇ ਮੇਚਾ ਦੇਣ ਵਾਸਤੇ ਸੰਤੂ ਦੇ ਅਗੇ ਲਤ ਰਖ ਦਿਤੀ। ਸੰਤੂ ਵਿਚਾਰੇ ਨੇ ਆਪਣੇ ਹੱਥ ਪਰਨੇ ਨਾਲ ਕਿਨੀ ਵਾਰੀ ਪੂੰਝਕੇ ਸਾਹਿਬ ਬਹਾਦਰ ਦਾ ਮੇਚਾ ਲੈਣਾ ਸ਼ੁਰੂ ਕੀਤਾ। ਅੱਡੀ ਤੇ ਪੈਰ ਮੇਚਕੇ ਜਦ ਪਿੰਨੀ ਮੇਚਣ ਲਗਾ ਤਾਂ ਉਹ ਬਾਲੇ ਜੇਡੀ ਮੋਟੀ ਸੀ, ਕਾਗਜ਼ ਥੁੜ ਗਿਆ। ਸੰਤੂ ਵਿਚਾਰੇ ਨੇ ਦੋ ਕਾਗਜ਼ ਇਕਠੇ ਕੀਤੇ। ਸਾਹਿਬ ਆਪਣੀਆਂ ਜੁਰਾਬਾਂ ਵਿਚ ਪੈਰ ਹੁਣ ਹਿਲਾ ਰਿਹਾ ਸੀ ਤੇ ਕੋਠੇ ਵਿਚ ਬੈਠਾ ਹੋਇਆ ਲੋਕਾਂ ਵਲ ਬੜੇ ਰੋਹਬ ਨਾਲ ਤਕ ਰਿਹਾ ਸੀ। ਉਸ ਦੀ ਨਜ਼ਰ ਹਰੀ ਦੂਤ ਤੇ ਪਈ। ਪੁਛਣ ਲਗਾ: "ਯੇਹ ਆਦਮੀ ਕੌਨ ਹੈ?
ਸੰਤੂ:-ਹਜ਼ੂਰ ਇਹ ਕਾਰੀਗਰ ਹੈ ਤੇ ਬੂਟ ਇਸੇ ਸੀਣੇ ਹਨ।
ਸਾਹਿਬ ਬਹਾਦਰ:-"ਦੇਖੋ ਕਾਰੀਗਰ, ਬੂਟ ਐਸਾ ਬਨਾਓ, ਕਿ ਏਕ ਸਾਲ ਜ਼ਰੂਰ ਚਲੇ।"
ਸੰਤੂ ਨੇ ਦੇਖਿਆ ਕਿ ਹਰੀ ਦੂਤ ਸਾਹਿਬ ਵਲ ਨਹੀਂ ਪਰ ਸਾਹਿਬ ਦੇ ਪਿਛਲੇ ਪਾਸੇ ਗੁਠ ਵਲ ਇਉਂ ਤਕ ਰਿਹਾ ਸੀ, ਜਿਕੂੰ ਉਸ ਨੂੰ ਉਥੇ ਕੋਈ ਆਦਮੀ ਨਜ਼ਰ ਆਂਵਦਾ ਹੋਵੇ। ਕੁਝ ਚਿਰ ਦੇਖ ਦੇਖ ਕੇ ਹਰੀ ਦੂਤ ਅਚਨਚੇਤ ਮੁਸਕਰਾ ਪਿਆ ਤੇ ਉਸ ਦਾ ਚੇਹਰਾ ਚਮਕ ਪਿਆ। ਸਾਹਿਬ ਨੇ ਕੜਕ ਕੇ ਕਿਹਾ: "ਹੋ ਬਲੱਡੀ ਫੂਲ, ਦਾਂਤ ਕਿਉਂ ਨਿਕਾਲਤਾ ਹੈ, ਦੇਖੋ ਬੂਟ ਜਲਦੀ ਤਿਆਰ ਕਰ ਦੋ।"
ਸੰਤੂ:-"ਉਹ ਵੇਲੇ ਸਿਰ ਤਿਆਰ ਹੋ ਜਾਣਗੇ।"
ਸਾਹਿਬ ਨੇ ਕਿਹਾ: "ਹਾਂ ਜਲਦੀ ਫ਼ੁਲ ਬੂਟ ਬਨਾ ਦੋ।"
ਇਹ ਆਖਕੇ ਉਸਨੇ ਆਪਣੇ ਬੂਟ ਤੇ ਪੋਸਤੀਨ ਪਹਿਨ ਲਏ ਅਤੇ ਕੋਠੜੀ ਵਿਚੋਂ ਬਾਹਰ ਨਿਕਲਨ ਲਗਾ ਪਰ ਸਿਰ ਨਿਵਾਣਾਂ ਭੁਲ ਗਿਆ ਤੇ ਉਸਦਾ ਸਿਰ ਦਰਸਾਲ ਨਾਲ ਵਜਿਆ। ਗਾਹਲਾਂ ਕਢਦਾ ਤੇ ਸਿਰ ਮਲਦਾ ਸਾਹਿਬ ਬੱਘੀ ਵਿਚ ਬੈਠਕੇ ਚਲਿਆ ਗਿਆ।
ਜਦ ਉਹ ਤੁਰ ਗਿਆ ਤਾਂ ਸੰਤੂ ਕਹਿਣ ਲਗਾ:"ਆਦਮੀ ਦਾ ਹੱਡ ਕਾਠ ਅਸਲੀ ਇਤਨਾ ਚਾਹੀਦਾ ਹੈ। ਇਸਨੂੰ ਤਾਂ ਕੋਈ ਹਥੌੜੇ ਨਾਲ ਭੀ ਨਾ ਫਿਹ ਸਕੇ। ਇਸਨੇ ਸਾਡੀ ਦਰਸਾਲ ਪੁਟ ਛਡੀ ਹੈ, ਪਰ ਇਹਦੇ ਸਿਰ ਦਾ ਕੁਝ ਨਹੀਂ ਵਿਗੜਿਆ।" ਬਿਸ਼ਨੀ ਕਹਿਣ ਲਗੀ: "ਉਹ ਜੰਗਲਾਂ ਦਾ ਸਾਹਿਬ ਹੈ, ਹਟਾ ਕੱਟਾ ਕਿਉਂ ਨਾ ਹੋਵੇ। ਅਜਿਹੇ ਹੱਡ ਕਾਠ ਦੇ ਤਾਂ ਮੌਤ ਵੀ ਨੇੜੇ ਨਹੀਂ ਆ ਸਕਦੀ।"

(੬)
ਸੰਤੂ ਨੇ ਹਰੀ ਦੂਤ ਨੂੰ ਤਾਕੀਦ ਕੀਤੀ ਕਿ:"ਚਮੜਾ ਬੜਾ ਮਹਿੰਗਾ ਹੈ ਤੇ ਸਾਹਿਬ ਬੜਾ ਗੁਸੇ ਵਾਲਾ ਹੈ। ਤੂੰ ਬੜਾ ਸਿਆਣਾ ਆਦਮੀ ਹੈਂ, ਮੇਚ ਦੇ ਅਨੁਸਾਰ ਬੂਟ ਬਣਾ ਦੇਈਂ।"
ਹਰੀਦੂਤ ਨੇ "ਸਤਿ ਬਚਨ" ਆਖਕੇ ਚਮੜਾ ਕਟਣਾ ਸ਼ੁਰੂ ਕੀਤਾ। ਬਿਸ਼ਨੀ ਪਈ ਵੇਖਦੀ ਸੀ ਤੇ ਹੈਰਾਨ ਸੀ ਕਿ ਹਰੀਦੂਤ ਨਰਮ ਸਲੀਪਰ ਬਣਾ ਰਿਹਾ ਹੈ। ਪਤਾ ਨਹੀਂ ਸਾਹਬਾਂ ਦੇ ਬੂਟ ਇਸੇ ਤਰ੍ਹਾਂ ਬਣਦੇ ਹੋਣਗੇ। ਜਦ ਚਮੜੀ ਕਟਕੇ ਹਰੀ ਦੂਤ ਨੇ ਨਰਮ ਸਲੀਪਰ ਬਣਾ ਛਡੇ ਤੇ ਸੰਤੂ ਨੇ ਆਕੇ ਵੇਖਿਆ ਤਾਂ ਉਸਦੀ ਖਾਨਿਓਂ ਗਈ। ਦੁਹੱਥੜ ਪਿਟਕੇ ਕਹਿਣ ਲੱਗਾ: "ਹਰੀ ਦੂਤ ਤੂੰ ਮੈਨੂੰ ਕੈਦ ਕਰਾ ਦੇਣਾ ਹੈ। ਇਕ ਸਾਲ ਤੈਨੂੰ ਕੰਮ ਕਰਦਿਆਂ ਹੋਇਆ ਹੈ, ਤੂੰ ਕੋਈ ਗ਼ਲਤੀ ਨਹੀਂ ਕੀਤੀ। ਪਰ ਐਤਕੀ ਪਤਾ ਨਹੀਂ ਤੈਨੂੰ ਕੀ ਹੋ ਗਿਆ ਹੈ। ਸਾਹਿਬ ਨੇ ਲੰਬੇ ਬੂਟ ਆਖੇ ਸਨ ਤੂੰ ਨਰਮ ਸਲੀਪਰ ਬਣਾ ਦਿੱਤੇ। ਮੈਂ ਸਾਹਿਬ ਨੂੰ ਕੀ ਜਵਾਬ ਦੇਵਾਂਗਾ ਤੇ ੨੦) ਰੁਪਏ ਵਾਲਾ ਚਮੜਾ ਉਸਨੂੰ ਕਿਥੋਂ ਮੋੜ ਦੇਵਾਂਗਾ।"
ਅਜੇ ਸੰਤੂ ਦੇ ਮੂੰਹ ਵਾਲੀ ਗਲ ਮੁਕੀ ਨਹੀਂ ਸੀ ਕਿ ਬੂਹੇ ਤੇ ਕਿਸੇ ਦੇ ਆਵਣ ਦਾ ਖੜਕਾ ਹੋਇਆ। ਇਨ੍ਹਾਂ ਨੇ ਵੇਖਿਆ ਇਕ ਵਰਦੀ ਵਾਲਾ ਚਪੜਾਸੀ ਘੋੜੇ ਤੋਂ ਉਤਰਕੇ ਘੋੜਾ ਬਾਹਰ ਬੰਨ੍ਹ ਰਿਹਾ ਸੀ। ਬਿਸ਼ਨੀ ਨੇ ਬੂਹਾ ਖੋਹਲਿਆ ਤੇ ਉਹ ਨੌਕਰ ਅੰਦਰ ਆਇਆ ਜੇਹੜਾ ਸਾਹਿਬ ਬਹਾਦਰ ਦੇ ਨਾਲ ਆਇਆ ਸੀ। ਸੰਤੂ ਨੇ ਪੁਛਿਆ: "ਜਨਾਬ ਕੀ ਹੁਕਮ ਹੈ?" ਉਸ ਨੇ ਆਖਿਆ: 'ਕਿ ਮੇਮ ਸਾਹਿਬ ਨੇ ਮੈਨੂੰ ਬੁਟਾਂ ਵਾਸਤੇ ਭੇਜਿਆ ਹੈ।'
ਸੰਤੂ:- 'ਬੂਟਾਂ ਵਾਸਤੇ ਕੀ ਹੁਕਮ ਹੈ?'
ਨੌਕਰ-'ਸਾਡੇ ਸਾਹਿਬ ਨੂੰ ਹੁਣ ਬੂਟਾਂ ਦੀ ਲੋੜ ਨਹੀਂ ਉਹ ਮਰ ਚੁਕਾ ਹੈ।'
ਸੰਤੂ- 'ਇਹ ਕਿਵੇਂ ਹੋ ਸਕਦਾ ਹੈ?'
ਨੌਕਰ-'ਤੁਸਾਡੇ ਪਾਸੋਂ ਜਾਕੇ ਸਾਹਿਬ ਨੂੰ ਘਰ ਪਹੁੰਚਣ ਦੀ ਵੇਹਲ ਨਹੀਂ ਮਿਲੀ। ਉਹ ਫ਼ਿਟਨ ਦੇ ਵਿਚ ਹੀ ਮਰ ਗਿਆ। ਜਦ ਘਰ ਪਹੁਚਕੇ ਅਸੀਂ ਫ਼ਿਟਨ ਦਾ ਬੂਹਾ ਸਾਹਿਬ ਦੇ ਉਤਰਨ ਵਾਸਤੇ ਖੋਲ੍ਹਿਆ ਤਾਂ ਉਹ ਮਰਕੇ ਇਤਨਾ ਆਕੜ ਚੁਕਾ ਹੈ ਕਿ ਅਸੀਂ ਬੜੀ ਮੁਸ਼ਕਿਲ ਨਾਲ ਗਡੀਓ ਬਾਹਰ ਕਢਿਆ। ਸਾਡੀ ਮੇਮ ਸਾਹਿਬ ਨੇ ਮੈਨੂੰ ਫ਼ੌਰਨ ਦੁੜਾਇਆ ਕਿ ਛੇਤੀ ਮੋਚੀ ਨੂੰ ਕਹੋ, ਬੂਟਾਂ ਦੀ ਲੋੜ ਨਹੀਂ, ਨਰਮ ਸਲੀਪਰ ਬਣਾ ਦਿਓ, ਉਹ ਮੁਰਦੇ ਨੂੰ ਦਫਨਾਨ ਲਗਿਆਂ ਪਵਾਏ ਜਾਣਗੇ। ਮੈਨੂੰ ਸਲੀਪਰ ਛੇਤੀ ਬਣਾ ਦਿਓ ਮੈਂ ਨਾਲ ਲੈਕੇ ਜਾਣੇ ਹਨ। "
ਹਰੀ ਦੂਤ ਨੇ ਬਚਿਆ ਹੋਇਆ ਚਮੜਾ ਅਤੇ ਸਲੀਪਰ ਕਾਗਜ਼ ਵਿਚ ਲਪੇਟੇ ਅਤੇ ਉਸ ਨੌਕਰ ਦੇ ਹਵਾਲੇ ਕਰ ਦਿਤੇ।

(੭)
ਸਮਾਂ ਹੌਲੇ ੨ ਬੀਤਦਾ ਗਿਆ ਤੇ ਹਰੀ ਦੂਤ ਨੂੰ ਸੰਤੂ ਪਾਸ ਰਹਿੰਦਿਆਂ ਛੇ ਸਾਲ ਗੁਜ਼ਰ ਗਏ। ਉਸ ਦੀਆਂ ਆਦਤਾਂ ਵਿਚ ਕੋਈ ਫਰਕ ਨਾ ਪਿਆ। ਨਾ ਬਾਹਰ ਕਿਤੇ ਜਾਵੇ ਅਤੇ ਨਾਂ ਕਿਸੇ ਨਾਲ ਬਿਨਾਂ ਮਤਲਬ ਦੇ ਬੋਲੇ। ਇਸ ਲੰਮੇ ਸਮੇਂ ਵਿਚ ਉਹ ਕੇਵਲ ਦੋ ਬਾਰ ਹਸਿਆ ਸੀ, ਇਕ ਤਾਂ ਜਦੋਂ ਬਿਸ਼ਨੀ ਨੇ ਉਸ ਨੂੰ ਰੋਟੀ ਦਿਤੀ ਸੀ ਤੇ ਦੂਜਾ ਜਦ ਸਾਹਿਬ ਬਹਾਦੁਰ ਝੌਂਪੜੀ ਵਿਚ ਆਇਆ ਸੀ। ਸੰਤੂ ਉਸ ਦੇ ਕੰਮ ਤੇ ਬਹੁਤ ਪ੍ਰਸੰਨ ਸੀ। ਹੁਣ ਉਸਨੇ ਇਹ ਪੁਛਣਾ ਹੀ ਛਡ ਦਿਤਾ ਕਿ ਤੂੰ ਕਿਥੋਂ ਆਇਆ ਹੈਂ?
ਇਕ ਦਿਨ ਸਾਰੇ ਘਰ ਵਿਚ ਬੈਠੇ ਸਨ ਕਿ ਸੰਤੂ ਦੇ ਮੁੰਡੇ ਨੇ ਆਕੇ ਕਿਹਾ:-"ਚਾਚਾ ਹਰੀ ਦੂਤ, ਅਹ ਵੇਖੋ, ਇਕ ਜ਼ਨਾਨੀ ਦੋ ਕੁੜੀਆਂ ਨੂੰ ਨਾਲ ਲੈਕੇ ਆ ਰਹੀ ਹੈ ਤੇ ਕੁੜੀਆਂ ਵਿਚੋਂ ਇਕ ਲੰਗੜੀ ਹੈ।"
ਇਹ ਗਲ ਸੁਣਦਿਆਂ ਸਾਰ ਹਰੀ ਦੂਤ ਨੇ ਕੰਮ ਛਡ ਦਿਤਾ ਅਤੇ ਬਾਰੀ ਵਿਚੋਂ ਦੇਖਣ ਲਗਾ। ਆਪਣਾ ਕੰਮ ਛੱਡਕੇ ਹਰੀ ਦੂਤ ਬਾਰੀ ਵਿਚੋਂ ਬਾਹਰ ਨੂੰ ਬੜੀ ਅਜੀਬ ਦ੍ਰਿਸ਼ਟੀ ਨਾਲ ਵੇਖ ਰਿਹਾ ਸੀ।
ਜਦ ਉਹ ਜ਼ਨਾਨੀ ਦੋਹਾਂ ਕੁੜੀਆਂ ਨੂੰ ਨਾਲ ਲੈਕੇ ਅੰਦਰ ਆਈ ਤਾਂ ਸੰਤੂ ਨੇ ਉਠਕੇ ਉਸਦਾ ਆਦਰ ਕੀਤਾ ਤੇ ਬੈਠਣ ਨੂੰ ਥਾਂ ਦਿਤੀ। ਕੁੜੀਆਂ ਸਹਿਮ ਕੇ ਜ਼ਨਾਨੀ ਦੇ ਨੇੜੇ ਖੜੀਆਂ ਸਨ। ਦੋਹਾਂ ਦੀ ਆਯੂ ਇਕੋ, ਸ਼ਕਲ ਇਕੋ, ਲਿਬਾਸ ਇਕੋ ਸੀ। ਫਰਕ ਕੇਵਲ ਇਹੋ ਸੀ ਕਿ ਇਕ ਖਬੀ ਲੱਤੋਂ ਲੰਗੜੀ ਸੀ। ਜ਼ਨਾਨੀ ਨੇ ਆਖਿਆ: "ਮੈਨੂੰ ਇਨ੍ਹਾਂ ਕੁੜੀਆਂ ਵਾਸਤੇ ਬੂਟ ਬਣਾ ਦਿਓ।"
ਸੰਤੂ ਨੇ ਕਿਹਾ: "ਸਤਿ ਬਚਨ, ਮੇਰਾ ਆਦਮੀ ਹਰੀਦੂਤ ਬੜਾ ਕਾਰੀਗਰ ਹੈ, ਅਸੀਂ ਕਦੀ ਛੋਟੀਆਂ ਕੁੜੀਆਂ ਦੇ ਬੂਟ ਨਹੀਂ ਬਣਾਏ ਪਰ ਇਹ ਮੰਡਾ ਚੰਗਾ ਕੰਮ ਕਰ ਦੇਵੇਗਾ।"
ਸੰਤੂ ਨੇ ਹਰੀਦੂਤ ਵਲ ਵੱਖਿਆ ਤਾਂ ਹੈਰਾਨ ਹੋਇਆ ਹਰੀ ਦੂਤ ਕੁੜੀਆਂ ਨੂੰ ਬਿਟ ਬਿਟ ਵੇਖ ਰਿਹਾ ਸੀ। ਕੰਮ ਧੰਦਾ ਉਸਦੀ ਝੋਲੀ ਵਿਚ ਐਵੇਂ ਹੀ ਪਿਆ ਸੀ, ਪਰ ਉਸ ਦੀ ਨਜ਼ਰ ਕੁੜੀਆਂ ਤੇ ਸੀ। ਸੰਤੂ ਨੇ ਲੰਗੜੇ ਪੈਰ ਦਾ ਮਾਪ ਲਿਆ ਤੇ ਬਾਕੀ ਪੈਰਾਂ ਦਾ ਮਾਪ ਲੈਕੇ ਮੁਲ ਦਾ ਫੈਸਲਾ ਕਰਨ ਲਗਾ। ਜਦ ਫ਼ੈਸਲਾ ਹੋ ਗਿਆ ਤਾਂ ਉਸ ਜ਼ਨਾਨੀ ਨੇ ਕਿਹਾ:-"ਲੰਗੜੇ ਪੈਰ ਦਾ ਖਾਸ ਖਿਆਲ ਰਖਕੇ ਬੂਟ ਬਨਾਣਾ।"
ਸੰਤੂ:-"ਬਹੁਤ ਹੱਛਾ, ਵਿਚਾਰੀ ਕੁੜੀ ਤਾਂ ਬੜੀ ਸੁੰਦਰ ਹੈ, ਪੈਰ ਦਾ ਪਤਾ ਨਹੀਂ ਜਨਮ ਤੋਂ ਹੀ ਸ਼ੈਦ ਐਸਾ ਹੋਵੇ।"
ਜ਼ਨਾਨੀ:-"ਨਹੀਂ, ਇਸ ਬੱਚੀ ਦੀ ਖੱਬੀ ਲਤ ਇਸ ਦੀ ਮਾਂ ਦੇ ਤਲੇ ਆਕੇ ਚਿਥਾੜੀ ਗਈ।"
ਸੰਤੂ:-"ਤਾਂ ਫਿਰ ਆਪ ਇਨ੍ਹਾਂ ਦੀ ਮਾਤਾ ਨਹੀਂ ਹੋ?"
ਜ਼ਨਾਨੀ:-"ਨਹੀਂ ਮੈਂ ਇਨ੍ਹਾਂ ਦੀ ਮਾਂ ਨਹੀਂ ਤੇ ਨਾ ਮੇਰਾ ਹੋਰ ਕੋਈ ਰਿਸ਼ਤਾ ਹੈ। ਇਹ ਕੁੜੀਆਂ ਪਰਾਈਆਂ ਸਨ ਤੇ ਮੈਂ ਇਨ੍ਹਾਂ ਨੂੰ ਪਾਲਿਆ ਹੈ।"
ਬਿਸ਼ਨੀ:-"ਤੁਸਾਡੀਆਂ ਬਚੀਆਂ ਨਹੀਂ, ਪਰ ਤੁਸੀਂ ਇਨ੍ਹਾਂ ਨੂੰ ਪਾਲਿਆ ਤੇ ਆਪਣੀਆਂ ਵਾਂਗ ਹੈ, ਤੁਸਾਡਾ ਇਨ੍ਹਾਂ ਨਾਲ ਬਹੁਤ ਪ੍ਰੇਮ ਹੈ।"
ਜ਼ਨਾਨੀ:-"ਮੈਂ ਇਨ੍ਹਾਂ ਨਾਲ ਪਿਆਰ ਨਾ ਕਰਾਂ ਤਾਂ ਕੀ ਕਰਾਂ? ਦੋਹਾਂ ਨੂੰ ਮੈਂ ਆਪਣੀ ਛਾਤੀ ਦਾ ਦੁਧ ਪਿਲਾਇਆ ਹੈ। ਮੇਰਾ ਇਕ ਮੁੰਡਾ ਸੀ, ਉਸਨੂੰ ਰਬ ਨੇ ਲੈ ਲਿਆ। ਮੈਂ ਇਨ੍ਹਾਂ ਕੁੜੀਆਂ ਨੂੰ ਐਸਾ ਪਿਆਰ ਕਰਦੀ ਹਾਂ ਜੋ ਮੁੰਡੇ ਨਾਲ ਭੀ ਨਹੀਂ ਕਰਦੀ ਸਾਂ।"
ਬਿਸ਼ਨੀ:-"ਇਹ ਕਿਸਦੀਆਂ ਧੀਆਂ ਹਨ?"
ਜ਼ਨਾਨੀ:-"ਇਨ੍ਹਾਂਦੇ ਮਾਂ ਬਾਪ ਮਰਿਆਂ ਛੇ ਸਾਲ ਬੀਤ ਗਏ ਹਨ। ਦੋਵੇਂ ਇਕੋ ਸਤਵਾਰੇ ਵਿਚ ਮਰ ਗਏ, ਬਾਪ ਮੰਗਲਵਾਰ ਨੂੰ ਮਰਿਆ ਤੇ ਇਹ ਸ਼ੁਕਰਵਾਰ ਨੂੰ ਜੰਮੀਆਂ ਪਰ ਉਸੇ ਦਿਨ ਇਨ੍ਹਾਂ ਦੀ ਮਾਂ ਭੀ ਮਰ ਗਈ। ਇਨ੍ਹਾਂ ਦਾ ਬਾਪ ਲਕੜਹਾਰਾ ਸੀ। ਇਕ ਦਰਖਤ ਉਸ ਉਪਰ ਡਿੱਗਾ ਤੇ ਘਰ ਪਹੁੰਚਣ ਤੋਂ ਪਹਿਲਾਂ ਉਹ ਨਿਰੰਕਾਰ ਦੇ ਦੇਸ ਪਹੁੰਚ ਗਿਆ। ਸ਼ੁਕਰਵਾਰ ਨੂੰ ਇਹ ਕੁੜੀਆਂ ਜੰਮੀਆਂ। ਮੈਂ ਦੂਜੇ ਦਿਨ ਇਨ੍ਹਾਂ ਦੇ ਘਰ ਗਈ, ਇਹ ਸਾਡੇ ਹਮਸਾਏ ਸਨ, ਘਰ ' ਵਿਚ ਜਾਕੇ ਮੈਂ ਵੇਖਿਆ, ਇਨਾਂ ਦੀ ਮਾਂ ਮਰਕੇ ਲਕੜ ਹੋਈ ਪਈ ਹੈ ਤੇ ਕੁੜੀਆਂ ਦੋਵੇਂ ਜੀਂਵਦੀਆਂ ਹਨ। ਮਰਨ ਲਗਿਆਂ ਮਾਂ ਦੀ ਲੱਤ ਇਕ ਕੁੜੀ ਦੇ ਖਬੇ ਪੈਰ ਤੇ ਆ ਗਈ ਤੇ ਇਹ ਲੰਗੜੀ ਹੋ ਗਈ। ਜਦ ਗੁਆਂਢੀਆਂ ਨੇ ਕਠੇ ਹੋਕੇ ਇਨ੍ਹਾਂ ਦੀ ਮਾਂ ਦਾ ਸਸਕਾਰ ਕੀਤਾ ਤਾਂ ਮੈਨੂੰ ਸਾਰਿਆਂ ਨੇ ਆਖਿਆ ਜੋ ਇਨ੍ਹਾਂ ਕੁੜੀਆਂ ਨੂੰ ਹਾਲਾਂ ਪਾਲੋ, ਪਿਛੇ ਕੁਝ ਹੋਰ ਸਲਾਹ ਕਰਾਂਗੇ, ਮੇਰਾ ਮੁੰਡਾ ਦੋ ਮਹੀਨੇ ਦਾ ਸੀ, ਮੈਂ ਜਵਾਨ ਸਾਂ ਤੇ ਖੁਰਾਕ ਭੀ ਚੰਗੀ ਖਾਂਦੀ ਸਾਂ, ਮੇਰੀ ਛਾਤੀ ਵਿਚ ਦੁਧ ਇਤਨਾਂ ਜ਼ਿਆਦਾ ਹੋ ਗਿਆ ਕਿ ਤਿੰਨਾਂ ਨੂੰ ਪਾਲਦੀ ਰਹੀ। ਦੋ ਸਾਲ ਪਿਛੋਂ ਮੇਰਾ ਮੁੰਡਾ ਤਾਂ ਮਰ ਗਿਆ ਪਰ ਇਹ ਦੋਨੋਂ ਜੀਂਦੀਆਂ ਰਹੀਆਂ। ਲੰਗੜੀ ਨੂੰ ਪਹਿਲਾਂ ਮੈਂ ਥੋੜਾ ਦੁਧ ਚੁੰਘਾਂਦੀ ਸਾਂ ਪਰ ਫੇਰ ਮੇਰੇ ਮਨ ਵਿਚ ਦਇਆ ਆਈ ਭਈ ਇਹ ਭੀ ਰਬ ਦਾ ਜੀਵ ਹੈ। ਇਸ ਵੇਲੇ ਮੈਨੂੰ ਲੰਗੜੀ ਵਧੇਰੇ ਪਿਆਰੀ ਲਗਦੀ ਹੈ।"
ਇਹ ਆਖਕੇ ਉਸ ਜ਼ਨਾਨੀ ਨੇ ਲੰਗੜੀ ਕੁੜੀ ਨੂੰ ਚੁੰਮਿਆਂ ਤੇ ਜੁਤੀਆਂ ਦੀ ਸਾਈ ਦੇਕੇ ਟੁਰਦੀ ਹੋਈ। ਹਰੀ ਦੂਤ ਓਨ੍ਹਾਂ ਨੂੰ ਜਾਂਦਿਆਂ ਤਕਦਾ ਰਿਹਾ।

(੮)
ਬਿਸ਼ਨੀ ਅਰ ਸੰਤੂ ਹਰੀ ਦੂਤ ਦੀ ਇਸ ਅਜ਼ੀਬ ਦਸ਼ਾ ਤੇ ਹੈਰਾਨ ਸਨ। ਬਿਸ਼ਨੀ ਕਹਿਣ ਲਗੀ:'ਸਿਆਣਿਆਂ ਨੇ ਸਚ ਕਿਹਾ ਹੈ, ਮਾਂ ਪਿਉ ਨਹੀਂ ਪਾਲਦੇ, ਰਬ ਆਪ ਪਾਲਨਹਾਰ ਹੈ।'
ਇਹ ਸੁਣਕੇ ਹਰੀ ਦੂਤ ਦਾ ਚੇਹਰਾ ਇਤਨਾਂ ਚਮਕਿਆ, ਮਾਨੋਂ ਬਿਜਲੀ ਦਾ ਚਾਨਣ ਹੁੰਦਾ ਹੈ। ਉਹ ਆਪਣੀ ਥਾਂ ਤੋਂ ਉਠ ਖੜਾ ਹੋਇਆ ਤੇ ਕੰਮ ਧੰਧੇ ਵਾਲੇ ਹਥਿਆਰ ਮੇਜ਼ ਪਰ ਰਖਕੇ ਕਹਿਣ ਲੱਗਾ:-"ਮੇਰੇ ਮਿਹਰਵਾਨ ਮਿਤਰੋ, ਮੈਨੂੰ ਛੁਟੀ ਦਿਓ, ਮੈਂ ਬਥੇਰਾ ਚਿਰ ਤੁਹਾਡੇ ਪਾਸ ਰਿਹਾ ਹਾਂ, ਹੁਣ ਅਕਾਲ ਪੁਰਖ ਨੇ ਮੈਨੂੰ ਬਖਸ਼ ਦਿਤਾ ਹੈ, ਤੁਸੀਂ ਭੀ ਮੇਰਾ ਕੋਈ ਕਸੂਰ ਹੋਵੇ ਤਾਂ ਮਾਫ ਕਰੋ।"
ਹਰੀ ਦੂਤ ਦੇ ਸਿਰ ਦੇ ਚੁਫੇਰੇ ਚਾਨਣ ਹੋ ਰਿਹਾ ਸੀ, ਸੰਤੁ ਨੇ ਉਠਕੇ ਹਥ ਜੋੜੇ ਤੇ ਆਖਿਆ:-"ਹਰੀ ਦੁਤ, ਇਹ ਅਸੀਂ ਜਾਣਦੇ ਹਾਂ ਕਿ ਤੂੰ ਐਵੇਂ ਮਾਮੂਲੀ ਇਨਸਾਨ ਨਹੀਂ, ਨਾ ਮੈਂ ਤੈਨੂੰ ਰੋਕ ਸਕਦਾ ਹਾਂ ਅਤੇ ਨਾ ਕੁਝ ਆਖ ਸਕਦਾ ਹਾਂ। ਪਰ ਇਹ ਦਸ ਕਿ ਮੈਂ ਤੈਨੂੰ ਪਹਿਲੇ ਦਿਨ ਲਿਆਇਆ ਤੇ ਉਦਾਸ ਕਿਉਂ ਸੀ। ਫੇਰ ਜਦ ਬਿਸ਼ਨੀ ਨੇ ਤੈਨੂੰ ਰੋਟੀ ਦਿਤੀ ਤਾਂ ਤੂੰ ਹਸਿਆ, ਦੂਜੀ ਵਾਰ ਸਾਹਿਬ ਬਹਾਦਰ ਨੂੰ ਵੇਖਕੇ ਹਸਿਆ ਤੇ ਹੁਣ ਤੀਜੀ ਵਾਰ ਕੁੜੀਆਂ ਵਾਲੀ ਗਲ ਸੁਣਕੇ ਤੂੰ ਹਸਿਆ ਤੇ ਨਿਰਾ ਚਾਨਣ ਹੋ ਗਿਆ। ਮੈਨੂੰ ਇਹ ਦਸ ਕਿ ਤੇਰੇ ਵਿਚ ਚਮਕ ਕਿਥੋਂ ਆਈ ਤੇ ਤੂੰ ਤਿੰਨ ਵੇਰ ਹਸਿਆ ਕਿਉਂ?"
ਹਰੀਦੂਤ ਨੇ ਜਵਾਬ ਦਿਤਾ:—ਮੇਰੇ ਵਿਚ ਚਮਕ ਇਸ ਲਈ ਹੈ ਕਿ ਅਕਾਲ ਪੁਰਖ ਨੇ ਮੈਨੂੰ ਸਜ਼ਾ ਦੇਣ ਪਿਛੋਂ ਮਾਫ਼ ਕਰ ਦਿਤਾ ਹੈ। ਮੈਂ ਤਿੰਨ ਵਾਰ ਇਸ ਲਈ ਹਸਿਆ ਕਿ ਰਬ ਨੇ ਮੈਨੂੰ ਤਿੰਨਾਂ ਸਵਾਲਾਂ ਦੇ ਜਵਾਬ ਸਿਖਣ ਲਈ ਭੇਜਿਆ ਸੀ ਤੇ ਮੈਨੂੰ ਉਹ ਪਤਾ ਲਗ ਗਏ ਹਨ। ਪਹਿਲੇ ਦਾ ਪਤਾ ਉਸ ਵਕਤ ਲਗਾ ਜਦ ਬਿਸ਼ਨੀ ਨੇ ਮੈਨੂੰ ਰੋਟੀ ਦਿਤੀ, ਦੂਜੇ ਦਾ ਪਤਾ ਤਦ ਲਗਾ ਜਦ ਸਾਹਿਬ ਬਹਾਦਰ ਸਾਡੀ ਝੌਂਪੜੀ ਵਿਚ ਆਇਆ ਤੇ ਤੀਜੇ ਦਾ ਅਜ ਪਤਾ ਲਗ ਗਿਆ ਹੈ।'
ਸੰਤੂ:-"ਉਹ ਸਵਾਲ ਕੀ ਹਨ ਤੇ ਤੈਨੂੰ ਸਜ਼ਾ ਕਿਉਂ ਮਿਲੀ?"
ਹਰੀਦੂਤ:-"ਮੈਨੂੰ ਸਜ਼ਾ ਇਸ ਲਈ ਮਿਲੀ ਕਿ ਮੈਂ ਅਕਾਲ ਪੁਰਖ ਦੀ ਹੁਕਮ ਅਦੂਲੀ ਕੀਤੀ। ਮੈਂ ਕਰਤਾਰ ਦਾ ਦੂਤ ਹਾਂ, ਮੈਨੂੰ ਇਕ ਜ਼ਨਾਨੀ ਦੀ ਜਾਨ ਲੈਣ ਵਾਸਤੇ ਜ਼ਮੀਨ ਤੇ ਭੇਜਿਆ ਗਿਆ। ਮੈਂ ਧਰਤੀ ਤੇ ਪਹੁੰਚਕੇ ਦੇਖਿਆ, ਉਹ ਜ਼ਨਾਨੀ ਬੀਮਾਰ ਤੇ ਕੱਲੀ ਪਈ ਹੈ, ਤੇ ਉਸ ਦੇ ਪਾਸ ਦੋ ਸਜਰੀਆਂ ਜੌੜੀਆਂ ਕੁੜੀਆਂ ਹੌਲੇ ਹੌਲੇ ਹਥ ਪੈਰ ਮਾਰਦੀਆਂ ਸਨ ਪਰ ਮਾਂ ਪਾਸ ਇਤਨੀ ਤਾਕਤ ਨਹੀਂ ਸੀ ਜੋ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾਕੇ ਦੁਧ ਚੁੰਘਾਵੇ। ਮੈਨੂੰ ਦੇਖ ਕੇ ਉਹ ਸਮਝ ਗਈ ਕਿ ਅੰਤ ਵੇਲਾ ਆ ਗਿਆ ਹੈ ਤੇ ਹਥ ਜੋੜਕੇ ਰੋ ਰੋ ਆਖਿਉਸੁ:-"ਹੇ ਕਰਤਾਰ ਦੇ ਦੂਤ, ਮੇਰਾ ਘਰ ਵਾਲਾ ਪਰਸੋਂ ਮਰਿਆ ਸੀ, ਮੇਰੀ ਨਾ ਕੋਈ ਮਾਂ ਨਾ ਭੈਣ, ਨਾ ਚਾਚੀ ਨਾ ਤਾਈ, ਨਾ ਨਿਨਾਣ, ਨਾ ਭਰਜਾਈ, ਇਹਨਾਂ ਬਚੀਆਂ ਨੂੰ ਕੌਣ ਪਾਲੇਗਾ। ਮੈਨੂੰ ਅਜ ਨਾ ਮਾਰ। ਮਰਨ ਤੋਂ ਪਹਿਲਾਂ ਮੈਨੂੰ ਆਗਿਆ ਦੇਹ ਜੋ ਇਹਨਾਂ ਬੱਚੀਆਂ ਨੂੰ ਦੁਧ ਪਿਆਕੇ ਤੁਰਨ ਫਿਰਨ ਜੋਗਾ ਕਰ ਦਿਆਂ। ਮਾਂ ਬਾਪ ਤੋਂ ਬਿਨਾਂ ਬੱਚੇ ਕਿਵੇਂ ਜੀ ਸਕਦੇ ਹਨ?
ਮੈਨੂੰ ਉਸ ਜ਼ਨਾਨੀ ਤੇ ਤਰਸ ਆਇਆ, ਇਕ ਕੁੜੀ ਨੂੰ ਚੁਕ ਕੇ ਮੈਂ ਉਸ ਦੀ ਛਾਤੀ ਤੇ ਰਖਿਆ ਅਤੇ ਦੂਜੀ ਨੂੰ ਉਸ ਦੇ ਹੱਥ ਵਿਚ ਫੜਾਇਆ ਤੇ ਨਿਰੰਕਾਰ ਦੇ ਹਜ਼ੂਰ ਮੁੜ ਆਇਆ। ਵਾਪਸ ਆਕੇ ਮੈਂ ਬੇਨਤੀ ਕੀਤੀ ਕਿ "ਉਸ ਜ਼ਨਾਨੀ ਦਾ ਮਰਦ ਇਕ ਬ੍ਰਿਛ ਤਲੇ ਆਕੇ ਮਰ ਗਿਆ। ਉਸ ਦੀਆਂ ਦੋ ਸਜਰੀਆਂ ਕੁੜੀਆਂ ਹਨ, ਉਹ ਕਹਿੰਦੀ ਹੈ, ਮਾਂ ਬਾਪ ਤੋਂ ਬਿਨਾਂ ਬੱਚੇ ਕਿਵੇਂ ਜੀ ਸਕਦੇ ਹਨ-ਮੈਂ ਇਸ ਵਾਸਤੇ ਉਸ ਦੀ ਰੂਹ ਨਹੀਂ ਲਈ।"
ਅਕਾਲ ਪੁਰਖ ਵਲੋਂ ਹੁਕਮ ਹੋਇਆ-ਜਾਓ, ਉਸ ਜ਼ਨਾਨੀ ਦੀ ਰੂਹ ਲਵੋ ਤੇ ਇਨ੍ਹਾਂ ਤਿੰਨਾਂ ਸਵਾਲਾਂ ਦੇ ਜਵਾਬ ਸਿਖ ਕੇ ਆਓ:
(੧)ਆਦਮੀ ਦੇ ਅੰਦਰ ਕੀ ਵਸਦਾ ਹੈ?
(੨) ਆਦਮੀ ਨੂੰ ਕਿਸ ਗਲ ਦਾ ਪਤਾ ਨਹੀਂ?
(੩) ਜੀਵਨ ਆਧਾਰ ਕੀ ਹੈ?
ਜਦ ਇਨ੍ਹਾਂ ਤਿਨਾਂ ਸਵਾਲਾਂ ਦੇ ਜਵਾਬ ਸਿਖ ਲਵੇਂਗਾ ਤਦ ਤੈਨੂੰ ਵਾਪਸ ਆਵਣ ਦੀ ਆਗਿਆ ਹੈ।

ਮੈਂ ਫਿਰ ਵਾਪਸ ਧਰਤੀ ਤੇ ਆਇਆ ਤੇ ਉਸ ਜ਼ਨਾਨੀ ਦੀ ਆਤਮਾ ਲੈ ਲਈ। ਬੱਚੀਆਂ ਉਸ ਦੀ ਛਾਤੀ ਤੋਂ ਡਿਗ ਪਈਆਂ, ਮਰਨ ਲਗਿਆਂ ਉਸ ਨੇ ਪਾਸਾ ਪਰਤਿਆ ਤੇ ਇਕ ਕੁੜੀ ਦੀ ਖੱਬੀ ਲੱਤ ਉਸ ਦੇ ਤੱਲੇ ਆਕੇ ਮਰੋੜੀ ਗਈ। ਮੈਂ ਰੂਹ ਨੂੰ ਲੈਕੇ ਪਿੰਡ ਤੋਂ ਬਾਹਰ ਅਕਾਸ਼ ਵਿਚ ਚੜ੍ਹਿਆ ਪਰ ਇਕ ਹਵਾ ਚਲੀ, ਮੇਰੇ ਖੰਬ ਝੜ ਗਏ ਤੇ ਰੂਹ ਕੱਲ੍ਹੀ ਨਿਰੰਕਾਰ ਪਾਸ ਗਈ, ਮੈਂ ਉਥੇ ਹੀ ਡਿਗ ਪਿਆ। ਮੈਂ ਉਸ ਖੇਤ ਵਿਚ ਕੱਲ੍ਹਾ ਤੇ ਨੰਗਾ ਪਿਆ ਸਾਂ। ਮੈਨੂੰ ਮਨੁਸ਼ ਬਣਕੇ ਪਤਾ ਲਗਾ ਜੋ ਭੁਖ ਤੇ ਪਾਲਾ ਕੀ ਹੁੰਦੇ ਹਨ। ਮੈਨੂੰ ਭੁਖ ਲਗੀ ਹੋਈ ਸੀ ਤੇ ਪਾਲੇ ਨਾਲ ਕੁਕੜੀ ਹੋਇਆ ਪਿਆ ਸਾਂ, ਨਾਲ ਦੇ ਸ਼ਿਵਾਲੇ ਦਾ ਦਰਵਾਜ਼ਾ ਬੰਦ ਸੀ, ਇਸ ਲਈ ਸ਼ਿਵਾਲੇ ਦੀ ਕੰਧ ਦੇ ਓਹਲੇ ਬੈਠ ਗਿਆ। ਸ਼ਾਮ ਪੈ ਗਈ ਤੇ ਮੈਂ ਤਕਲੀਫ਼ ਵਿਚ ਸਾਂ, ਮੈਂ ਤੈਨੂੰ ਆਉਂਦਾ ਦੇਖਿਆ। ਤੇਰੇ ਚੇਹਰੇ ਨੂੰ ਵੇਖਕੇ ਮੈਂ ਡਰ ਗਿਆ। ਤੂੰ ਆਪਣੇ ਤੇ ਆਪਣੇ ਬਾਲ ਬੱਚਿਆਂ ਦੇ ਖਾਣ ਪੀਣ ਦੇ ਫਿਕਰ ਵਿਚ ਤੁਰਿਆ ਜਾਂਦਾ ਸੀ। ਮੈਂ ਕਿਹਾ ਇਸ ਆਦਮੀ ਨੂੰ ਮੇਰੇ ਤੇ ਕੋਈ ਤਰਸ ਨਹੀਂ ਤੇ ਆਪਣਾ ਹੀ ਫਿਕਰ ਹੈ। ਜਦ ਤੂੰ ਮੇਰੇ ਵਲ ਵੇਖਿਆ ਤਾਂ ਤੇਰਾ ਮੂੰਹ ਹੋਰ ਭੀ ਭਿਆਨਕ ਦਿਸਿਆ, ਮੈਂ ਨਿਰਾਸ਼ ਹੋ ਗਿਆ, ਪਰ ਜਦ ਤੂੰ ਥੋੜਾ ਦੂਰ ਜਾਕੇ ਮੁੜਿਆ ਤਾਂ ਮੈਂ ਵੇਖਿਆ ਤੂੰ ਆਦਮੀ ਹੀ ਹੋਰ ਸੀ। ਪਹਿਲਾਂ ਤੇਰੇ ਮੁਖੜੇ ਤੇ ਮੌਤ ਦੇ ਨਿਸ਼ਾਨ ਸਨ, ਹੁਣ ਜੀਵਨ ਦੀ ਝਲਕ ਸੀ। ਮਨੂੰ ਤੇਰੇ ਹਿਰਦੇ ਵਿਚ ਅਕਾਲ ਪੁਰਖੁ ਦੀ ਜੋਤ ਨਜ਼ਰ ਪਈ। ਤੂੰ ਮੇਰੇ ਨੇੜੇ ਆਕੇ ਚਾਦਰ ਦਿਤੀ, ਉਠਾਇਆ ਤੇ ਆਪਣੇ ਨਾਲ ਘਰ ਲੈ ਆਇਆ। ਘਰ ਆਉਦਿਆਂ ਮੈਂ ਬਿਸ਼ਨੀ ਦਾ ਮੂੰਹ ਵੇਖਿਆ। ਉਹ ਤੇਰੇ ਨਾਲੋਂ ਭੀ ਜ਼ਿਆਦਾ ਭਿਆਨਕ ਸੀ। ਜਦ ਉਹ ਤੇਰੇ ਉਤੇ ਨਰਾਜ਼ ਹੋਕੇ ਬੋਲਦੀ ਸੀ ਉਸਦੇ ਦਿਮਾਗ਼ ਉਤੇ ਕਾਲ ਦਾ ਕਬਜ਼ਾ ਸੀ। ਮੌਤ ਦੀ ਬਦਬੂ ਵਿਚ ਮੇਰਾ ਸਾਹ ਭੀ ਰੁਕ ਚਲਿਆ ਸੀ, ਓਹ ਮੈਨੂੰ ਘਰੋਂ ਬਾਹਰ ਕਢਣਾ ਚਾਹੁੰਦੀ ਸੀ, ਪਰ ਮੈਨੂੰ ਪਤਾ ਸੀ ਕਿ ਜੇ ਇਸ ਨੇ ਮੈਨੂੰ ਕਢ ਦਿਤਾ ਤਾਂ ਇਸਦੀ ਆਤਮਾ ਮਰ ਜਾਏਗੀ। ਫੇਰੇ ਤੂੰ ਉਸਨੂੰ ਰਬ ਦਾ ਨਾਮ ਲੈਕੇ ਪਿਆਰ ਨਾਲ ਸਮਝਾਇਆ ਤੇ ਬਿਸ਼ਨੀ ਦਾ ਮੁਖੜਾ ਬਦਲ ਗਿਆ। ਜਦ ਉਹ ਰੋਟੀ ਪਾਣੀ ਲੈਕੇ ਆਈ ਤਾਂ ਮੈਂ ਵੇਖਿਆ ਉਸ ਦੇ ਦਿਮਾਗ਼ ਪਰ ਕਾਲ ਦਾ ਕਬਜ਼ਾ ਨਹੀਂ ਸੀ, ਉਸ ਵਿਚ ਮੌਤ ਨਹੀਂ, ਜੀਵਨ ਸੀ ਤੇ ਨਿਰੰਕਾਰ ਦੀ ਝਲਕ ਸੀ। ਹੁਣ ਮੈਨੂੰ ਪਹਿਲੇ ਸਵਾਲ ਦਾ ਜਵਾਬ ਮਿਲਿਆ।

ਆਦਮੀ ਦੇ ਅੰਦਰ ਕੀ ਵਸਦਾ ਹੈ?
ਮੈਂ ਸਮਝ ਗਿਆ ਕਿ ਆਦਮੀ ਦੇ ਅੰਦਰ ਪ੍ਰੇਮ ਵਸਦਾ ਹੈ। ਮੈਂ ਖੁਸ਼ ਹੋਇਆ ਕਿ ਅਕਾਲ ਪੁਰਖ ਨੇ ਮੈਨੂੰ ਛੇਤੀ ਹੀ ਪਹਿਲੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਇਸੇ ਕਾਰਨ ਮੈਂ ਹਸਿਆ।
ਤੁਹਾਡੇ ਪਾਸ ਰਹਿੰਦਿਆਂ ਸਾਲ ਬੀਤ ਗਿਆ। ਇਕ ਦਿਨ ਉਹ ਸਾਹਿਬ ਬਹਾਦੁਰ ਆਇਆ ਤੇ ਕਹਿਣ ਲਗਾ ਜੁਤੀ ਜ਼ਰੂਰ ਇਕ ਸਾਲ ਚਲੇ। ਮੈਂ ਉਸਦੇ ਮੁੰਹ ਵਲ ਵੇਖਿਆ ਤੇ ਉਸਦੇ ਮੋਢੇ ਦੇ ਪਿਛੇ ਆਪਣੇ ਹੀ ਇਕ ਸਾਥੀ ਰੱਬੀ ਦੂਤ ਨੂੰ ਵੇਖਿਆ ਪਰ ਮੇਰੇ ਸਿਵਾ ਹੋਰ ਕਿਸੇ ਨੇ ਉਸ ਦੂਤ ਨੂੰ ਨਾ ਵੇਖਿਆ ਪਰ ਮੈਂ ਸਮਝ ਗਿਆ ਕਿ ਅਜ ਦਿਨ ਡੁਬਨ ਤੋਂ ਪਹਿਲਾਂ ਇਹ ਸਾਹਿਬ ਬਹਾਦੁਰ ਮਰ ਜਾਵੇਗਾ ਪਰ ਇਹ ਦਾਹਵੇ ਬੰਨ੍ਹਦਾ ਹੈ ਸਾਲਾਂ ਦੇ। ਹੁਣ ਮੈਂ ਦੂਜੇ ਸਵਾਲ ਦਾ ਜਵਾਬ ਸਮਝਿਆ।
ਆਦਮੀ ਨੂੰ ਕਿਸ ਗਲ ਦਾ ਪਤਾ ਨਹੀਂ?
ਆਦਮੀ ਨੂੰ ਆਪਣੀ ਲੋੜਾਂ ਦਾ ਪਤਾ ਨਹੀਂ। ਮੈਂ ਹੁਣ ਹਸਿਆ ਕਿਉਂ ਜੋ ਮੇਰੇ ਦੂਜੇ ਸਵਾਲ ਦਾ ਜਵਾਬ ਮਿਲ ਚੁਕਾ ਸੀ ਤੇ ਮੇਰੀ ਆਜ਼ਾਦੀ ਵਿਚ ਥੋੜਾ ਚਿਰ ਬਾਕੀ ਸੀ। ਇਸ ਉਡੀਕ ਵਿਚ ਮੈਂ ਇਥੇ ਪੰਜ ਸਾਲ ਹੋਰ ਕਟੇ। ਜਦ ਇਹ ਜ਼ਨਾਨੀ ਅਜ ਕੁੜੀਆਂ ਸਣੇ ਆਈ ਤਾਂ ਮੈਂ ਲੰਗੜੀ ਕੁੜੀ ਨੂੰ ਪਛਾਣ ਲਿਆ। ਜਦ ਜ਼ਨਾਨੀ ਨੇ ਕੁੜੀਆਂ ਦੀ ਸਾਰੀ ਵਿਥਿਆ ਸੁਣਾਈ ਤਾਂ ਮੈਂ ਸੋਚਿਆ: "ਮੈਨੂੰ ਇਨ੍ਹਾਂ ਦੀ ਮਾਂ ਕਹਿੰਦੀ ਸੀ ਕਿ ਮਾਂ ਪਿਉ ਤੋਂ ਬਿਨਾਂ ਬਚੇ ਕਿਵੇਂ ਜੀ ਸਕਦੇ ਹਨ, ਉਸਦੀ ਇਹ ਗਲ ਮੰਨਣ ਦੇ ਕਾਰਨ ਮੈਨੂੰ ਸਜ਼ਾ ਹੋਈ ਪਰ ਵੇਖੋ ਕੁੜੀਆਂ ਪਲ ਪਈਆਂ ਹਨ ਤੇ ਰਾਜ਼ੀ ਬਾਜ਼ੀ ਹਨ। ਜਦ ਅਜ ਵਾਲੀ ਜ਼ਨਾਨੀ ਨੇ ਇਨ੍ਹਾਂ ਕੁੜੀਆਂ ਨੂੰ ਪਿਆਰ ਨਾਲ ਚੁੰਮਿਆ। ਤਾਂ ਉਸ ਵਿਚ ਭੀ ਅਕਾਲ ਪੁਰਖ ਦੀ ਝਲਕ ਸੀ। ਮੇਰੇ ਤੀਸਰੇ, ਸਵਾਲ:

ਜੀਵਨ ਅਧਾਰ ਕੀ ਹੈ?
ਦਾ ਜਵਾਬ ਮਿਲ ਗਿਆ। ਮੈਨੂੰ ਪਤਾ ਲਗਾ ਕਿ ਜੀਵਨ ਅਧਾਰ ਮਾਂ, ਪਿਉ, ਧਨ, ਦੌਲਤ ਨਹੀਂ, ਜੀਵਨ ਅਧਾਰ ਅਕਾਲ ਪੁਰਖ ਆਪ ਹੈ।
ਮੈਨੂੰ ਹੁਣ ਪਤਾ ਲਗ ਚੁਕਾ ਹੈ ਕਿ ਲੋਕ ਚਿੰਤਾ ਨਾਲ ਆਪਣਾ ਕੁਝ ਨਹੀਂ ਸੁਆਰਦੇ। ਜਦ ਉਹ ਪ੍ਰੇਮ ਕਰਦੇ ਹਨ ਤਾਂ ਕੁਝ ਸੌਰਦਾ ਹੈ। ਉਸ ਮਾਂ ਨੂੰ ਪਤਾ ਨਹੀਂ ਸੀ ਕਿ ਬੱਚਿਆਂ ਨੂੰ ਪਾਲਣ ਵਾਸਤੇ ਕਿਸ ਚੀਜ਼ ਦੀ ਲੋੜ ਹੈ। ਸਾਹਿਬ ਬਹਾਦਰ ਨੂੰ ਪਤਾ ਨਹੀਂ ਕਿ ਮੈਨੂੰ ਕਿਸ ਕਿਸਮ ਦੇ ਬੂਟਾਂ ਦੀ ਲੋੜ ਹੈ। ਕਿਸੇ ਵੀ ਬੰਦੇ ਨੂੰ ਪਤਾ ਨਹੀਂ ਕਿ ਸ਼ਾਮ ਨੂੰ ਉਸਨੂੰ ਕੋਟ ਦੀ ਲੋੜ ਪਵੇਗੀ ਕਿ ਖ਼ਫ਼ਨ ਦੀ। ਮੈਂ ਜੇਕਰ ਛੇ ਸਾਲ ਇਥੇ ਗੁਜ਼ਾਰਾ ਕੀਤਾ ਹੈ ਤਾਂ ਅਕਾਲ ਪੁਰਖ ਦੀ ਦਇਆ ਨਾਲ। ਬੰਦਾ ਬੰਦੇ ਦਾ ਪਾਲਣਹਾਰ ਨਹੀਂ। ਹਰ ਇਕ ਜੀਵ ਦਾ ਅਧਾਰ ਆਪ ਪ੍ਰੇਮ ਸਰੂਪ ਅਕਾਲ ਪੁਰਖ ਹੈ। ਇਹ ਗਲਾਂ ਕਰਦਿਆਂ ਹੀ ਹਰੀਦੂਤ ਦੇ ਖੰਬ ਲਗ ਪਏ, ਛਤ ਪਾਟ ਗਈ ਤੇ ਉਹ ਇਉਂ ਆਖਦਾ ਹੋਇਆ ਅਕਾਸ਼ ਵਲ ਉਡ ਗਿਆ:
"ਸਾਚ ਕਹੌਂ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ॥"

(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. 'ਚੰਬੇ ਦੀਆਂ ਕਲੀਆਂ' ਵਿੱਚੋਂ)

  • ਮੁੱਖ ਪੰਨਾ : ਲਿਓ ਤਾਲਸਤਾਏ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ