Iqbal Hussain Moia (Punjabi Story) : Ajmer Sidhu

ਇਕਬਾਲ ਹੁਸੈਨ ਮੋਇਆ ਨਹੀਂ (ਕਹਾਣੀ) : ਅਜਮੇਰ ਸਿੱਧੂ

''ਬਹਿ ਜੇ ਤੇਰਾ ਬੇੜਾ । ਤੈਨੂੰ ਨਰਕਾਂ ਵਿਚ ਵੀ ਢੋਈ ਨਾ ਮਿਲੇ ।" ਕਾਰ ਵਿਚੋਂ ਉਤਰੀ ਹੀ ਹਾਂ । ਬਚਿੱਤਰ ਸਿੰਘ ਮੱਥੇ ਲੱਗਾ ਹੈ । ਤਪਿਆ ਪਿਆ । ਬਲਵੀਰ ਵੀ ਮੇਰੇ ਨਾਲ ਸੀ । ਮੈਨੂੰ ਉਤਾਰ ਕੇ ਚਲਾ ਗਿਆ ਹੈ ।
''ਪੈ ਗੀ ਕਲੇਜੇ ਠੰਢ ਤੇਰੇ । ਕਰ ਲੀਆਂ ਮਨ-ਆਈਆਂ ।" ਇਹਦੀਆਂ ਗਾਲ੍ਹਾਂ ਨੇ ਗੁਆਂਢੀ 'ਕੱਠੇ ਕਰ ਲਏ ਨੇ । ਮੈਂ ਗਾਲ੍ਹਾਂ ਦਾ ਗੁੱਸਾ ਨੀ ਮਨਾਇਆ । ਸਗੋਂ ਖ਼ੁਸ਼ ਹੋ ਗਈ ਹਾਂ । ਮੈਂ ਚਾਹੁੰਦੀ ਆਂ ਇਹ ਇੱਦੇਂ ਜਲੇ ਭੁੱਜੇ ।
''ਠਹਿਰ ਮਾਂ ਜ੍ਹਾਵੀਏ, ਤੇਰੇ ਕਰਦਾਂ ਡੱਕਰੇ ।" ਇਹ ਮੈਨੂੰ ਖ਼ੁਸ਼ ਦੇਖ ਕੇ ਕਿਰਪਾਨ ਕੱਢ ਲਿਆਇਆ ਹੈ । ਮਿਆਨ ਵਿਚੋਂ ਤਲਵਾਰ ਨਿਕਲਦੀ ਦੇਖ ਕੇ ਪੰਜ-ਸੱਤ ਬੰਦੇ ਅੱਗੇ ਵਧੇ ਨੇ । ਇਹਨੂੰ ਜੱਫ਼ਾ ਮਾਰ ਲਿਆ ਹੈ ।
''ਓਏ, ਛੱਡ ਦਿਓ ਮੈਨੂੰ । ਮੈਂ ਇਹ ਕਲਹਿਣੀ ਨ੍ਹੀ ਛੱਡਣੀ । ਨਾਲੇ ਉਸ ਗੰਦੀ 'ਲਾਦ ਦੀ ਲਾਹੂੰ ਧੌਣ ।" ਇਹ ਬੰਦਿਆਂ ਕੋਲੋਂ ਛੁੱਟ-ਛੁੱਟ ਜਾਂਦਾ ਹੈ । ਮੈਂ ਬੜੇ 'ਰਾਮ ਨਾਲ ਖੜ੍ਹੀ ਹਾਂ । ਮੈਨੂੰ ਕੋਈ ਡਰ-ਡੁੱਕਰ ਨ੍ਹੀ ਇਹਦਾ । ਇਹ ਜਿੰਨਾ ਜ਼ਿਆਦਾ ਤੀਂਘੜਦਾ ਹੈ, ਮੈਂ ਉਨੀਂ ਖ਼ੁਸ਼ ਹੋ ਰਹੀ ਹਾਂ । ਮੈਨੂੰ ਇਹਦੀਆਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਹੈ ।
''ਵੇ ਤੋਖਿਆ, ਛੱਡ ਦਿਓ ਇਹਨੂੰ । ਇਹ ਐਨੇ ਜੋਗਾ ਨੀ ਹੈਗਾ । ਮੈਂ ਇਹਨੂੰ ਜਾਣਦੀ ਆਂ ਵੱਡੇ ਸਰਦਾਰ ਨੂੰ ।"
''ਠਹਿਰ, ਤੇਰੀ ਮਾਂ... ।" ਇਹ ਤਲਖ਼ੀ ਵਿਚ ਆ ਗਿਆ ਹੈ । ਜ਼ੋਰ ਮਾਰ ਕੇ ਛੁੱਟ ਗਿਆ ਹੈ । ਮੇਰੇ ਵੱਲ ਭੱਜਿਆ ਹੈ ।...ਲੈ ਵੇਖ ਲੋ ਸੂਰਮੇ ਨੂੰ । ਠੋਕਰ ਖਾ ਕੇ ਡਿੱਗ ਪਿਆ ਹੈ । ਤੋਖੇ ਹੋਰਾਂ ਮੁੜ ਕਾਬੂ ਕਰ ਲਿਆ ਹੈ । ਘਰ ਤੋਂ ਬਾਹਰ ਲੈ ਗਏ ਨੇ । ਐਨੇ ਸਾਰੇ ਬੰਦਿਆਂ ਕੋਲੋਂ ਛੁੱਟ-ਛੁੱਟ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਘੜੀਸੀ ਲਈ ਜਾਂਦੇ ਨੇ ।
ਰਾਤ ਪੈ ਗਈ ਹੈ । ਹੁਣ ਮੈਨੂੰ ਨ੍ਹੇਰੇ ਤੋਂ ਭੋਰਾ ਡਰ ਨ੍ਹੀਂ ਲਗਦਾ ।
''ਚਾਚੀ, ਫ਼ਿਕਰ ਨਾ ਕਰੀਂ । ਚਾਚਾ ਗੁਰਦੁਆਰੇ ਆ । ਭਾਈ ਜੀ ਸਮਝਾ- ਬੁਝਾ ਰਹੇ ਨੇ ।" ਤੋਖਾ ਏਨਾ ਦੱਸ ਕੇ ਚਲਾ ਗਿਆ ਹੈ । ਮੈਨੂੰ ਇਹਦੀ ਕੀ ਪ੍ਰਵਾਹ ! ਬੇਸ਼ੱਕ ਜਲਿਆ ਮਰ ਜੇ ।
ਅੱਜ ਪੰਦਰਾਂ ਦਿਨ ਹੋ ਗਏ ਨੇ ਇਹਨੂੰ ਕੁੜ-ਕੁੜ ਕਰਦੇ ਨੂੰ । ਦਸ ਦਿਨ ਤਾਂ ਗੁਰਦੁਆਰੇ ਮਰਿਆ ਰਿਹਾ । ਇਕ ਦਿਨ ਭਾਈ ਘਰ ਛੱਡ ਗਿਆ ਸੀ । ਸਾਰਾ ਦਿਨ ਟੌਂਕਦਾ ਰਿਹਾ ।...ਇਹ ਉਸ ਦਿਨ ਦਾ ਹੀ ਚਿੜਿਆ ਪਿਆ । ਦਿਨਾਂ ਵਿਚ ਹੀ ਸੁੱਕ ਕੇ ਤੀਲੇ ਅਰਗਾ ਹੋ ਗਿਆ । ਉੱਦਾਂ ਹੁਣ ਬਹੁਤਾ ਗੁਰਦੁਆਰੇ ਪਾਠ ਕਰਦਾ ਰਹਿੰਦਾ ਹੈ ।
ਅੱਜ ਕੱਲ੍ਹ ਮੈਂ ਬਹੁਤ ਖ਼ੁਸ਼ ਹਾਂ । ਦਗੜ-ਦਗੜ ਕਰਦੀ ਫਿਰ ਰਹੀ ਹਾਂ । ਖੰਘੂਰੇ ਮਾਰ-ਮਾਰ ਇਹਦੇ ਕੋਲੋਂ ਲੰਘਦੀ ਹਾਂ । ਇਹ ਮੈਨੂੰ ਗੁੱਤੋਂ ਫੜ ਕੇ ਘੜੀਸਦਾ ਹੁੰਦਾ ਸੀ । ਹੁਣ ਆਊ ਮਜ਼ਾ । ਸਾਨੂੰ ਤਾਂ ਇਨ੍ਹਾਂ ਲੋਕਾਂ ਨੇ ਜਾਨਵਰ ਸਮਝ ਲਿਆ ਸੀ । ਧੌਣ 'ਤੇ ਕਿਰਪਾਨਾਂ ਰੱਖੀਆਂ । ਲੈ ਆਏ । ਬਈ ਦੱਸੋ ਰਹਿੰਦ-ਖੂੰਹਦ ਲਈ ਮੈਂ ਰੱਖੀਓ ਸੀ । ਭੁੱਖ-ਨੰਗ ਕਿਤੋਂ ਦੇ । ਜਿਨ੍ਹਾਂ ਦੇ ਕਹਿਣ 'ਤੇ ਦਾੜ੍ਹੇ ਰੱਖੇ ਸੀ, ਉਹਨਾਂ ਨੂੰ ਕਹਿੰਦੇ ਆਪਣੀ ਛੋਕਰੀ ਦੇ । ਜੇ ਕਿਤੇ ਉਹ ਅੱਜ ਜੀਂਦਾ ਹੁੰਦਾ, ਮਜ਼ਾ ਆ ਜਾਂਦਾ । ਚਲੋ, ਕੋਈ ਨ੍ਹੀਂ । ਬਚਿੱਤਰ ਸਿੰਘ ਜੀਂਦਾ ਰਹੇ ।
ਮੈਂ ਅੱਜ ਬਲਵੀਰ ਨੂੰ ਧਿਆਨ ਨਾਲ ਦੇਖਿਆ । ਦਾਦੇ ਦਾ ਭੁਲੇਖਾ ਪੈ ਗਿਆ । ਛੇ ਫੁੱਟ ਲੰਮਾ ਗੱਭਰੂ । ਗਲ, ਕੰਨ, ਕਲਾਈਆਂ ਸੋਨੇ ਨਾਲ ਭਰੀਆਂ ਪਈਆਂ । ਮੇਰੇ ਕੋਲੋਂ ਤਾਂ ਮੁੰਡੇ ਦਾ ਰੂਪ ਨ੍ਹੀਂ ਸੀ ਦੇਖਿਆ ਜਾਂਦਾ ।
ਇਹ ਜਿਹੜਾ ਬੁੱਢਾ ਬਚਿੱਤਰ ਸਿੰਘ ਹੂੰਘੇ ਮਾਰਦਾ ਪਿਆ । ਇਹ ਮੇਰਾ ਪਤੀ ਹੈ । ਠੋਸਿਆ ਹੋਇਆ । ਜਥੇਦਾਰ ਮੂਲਾ ਸਿੰਘ ਦੀ ਕਿਰਪਾਨ ਦੇ ਜ਼ੋਰ ਨਾਲ । ਉਦੋਂ ਤਾਂ ਮੈਂ ਮਜ਼ਬੂਰ ਸੀ । ਕੁਸ਼ ਕਰ ਨਾ ਸਕੀ ਪਰ ਸਾਰੀ ਉਮਰ ਇਹਨੂੰ ਬੰਦਾ ਕਰਕੇ ਨ੍ਹੀਂ ਜਾਣਿਆ । ਇਹ ਆਪਣੇ ਆਪ ਵੱਡਾ ਸਰਦਾਰ ਬਣਿਆ ਫਿਰਦਾ । ਮੈਂ ਨੀਂ ਬੁਲਾਂਦੀ । ਉਦੋਂ ਵੀ ਬੁਲਾਂਦੀ ਨ੍ਹੀਂ ਸੀ । ਇਹਦੀ ਮਾਂ ਸੜ- ਬਲ਼ ਕੇ ਕੋਅਲੇ ਹੋ ਜਾਂਦੀ । ਅਵਾ-ਤਵਾ ਬੋਲਦੀ ਰਹਿੰਦੀ । ਮੈਂ ਖਾਂਦੇ-ਪੀਂਦੇ ਘਰ ਦੀ ਧੀ ਸੀ । ਅਸੀਂ ਸਰਾਹਲ ਕਾਜ਼ੀਆਂ ਦੇ ਕਹਿੰਦੇ-ਕਹਾਉਂਦੇ ਜ਼ਿਮੀਂਦਾਰ ਸਾਂ । ਇਹ ਸਾਰੇ ਭੁੱਖੜ । ਇਨ੍ਹਾਂ ਨੂੰ ਤਾਂ ਕੋਈ ਧੀ ਨ੍ਹੀਂ ਸੀ ਦਿੰਦਾ । ਦੇਣੀ ਵੀ ਕਿਹਨੇ ਸੀ । ਨਰਕ ਵਿੱਚ ਸੁੱਟਣੀ ਸੀ । ਕਨਾਲਾਂ ਵਿਚ ਤਾਂ ਜ਼ਮੀਨ ਸੀ । ਬਣੀ ਫਿਰਦੇ ਸੀ ਨਾਢੂ ਖਾਂ ।
ਜਦੋਂ ਮੈਨੂੰ ਗੁਰਦੁਆਰੇ ਤੋਂ ਅੰਮਿ੍ਤ ਛਕਾ ਕੇ ਘਰ ਲੈ ਗਏ, ਘਰ ਦਾ ਸਮਾਨ ਖਿੱਲਰਿਆ ਪਿਆ । ਲਾ-ਪਾ ਕੇ ਦੋ ਕਮਰੇ । ਨਾਲੇ ਪਸ਼ੂਆਂ ਦਾ ਕੋਠਾ । ਗੋਹਾ-ਕੂੜਾ ਵਿਹੜੇ ਵਿਚ ਖਿੱਲਰਿਆ ਪਿਆ ਸੀ । ਇਨ੍ਹਾਂ ਦੇ ਲੀੜਿਆਂ 'ਚੋਂ ਮੁਸ਼ਕ ਆਉਂਦਾ ਸੀ । ਮੇਰਾ ਘਰ ਵਿਚ ਰਹਿਣ ਨੂੰ ਦਿਲ ਨਾ ਕਰੇ ।
ਪਹਿਲਾਂ ਪਹਿਲ ਮੈਂ ਬਹੁਤ ਤੜਫ਼ੀ । ਦਾਦਾ ਜਾਨ ਦੇ ਕਤਲ ਦਾ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ । ਮੈਨੂੰ ਕਾਂਬਾ ਛਿੜ ਪੈਂਦਾ । ਜਥੇਦਾਰ ਮੂਲਾ ਸਿੰਘ ਤੇ ਪੰਡਤ ਕਿਸ਼ੋਰ ਦੱਤ ਮੇਰੇ ਸਾਹਮਣੇ ਆ ਜਾਂਦੇ । ਮੌਲਵੀ ਦੇ ਕਹੇ ਸ਼ਬਦ ਮੈਨੂੰ ਹਲੂਣਾ ਦਿੰਦੇ -
''ਕੁਰਾਨ ਸ਼ਰੀਫ 'ਚ ਲਿਖਿਆ ਹੋਇਐ ਕਿ ਕਾਫ਼ਰ ਨੂੰ ਖ਼ਤਮ ਕਰਨਾ ਧਰਮ ਦਾ ਕੰਮ ਆ । ਸੱਚਾ ਮੁਸਲਮਾਨ ਸ਼ਮਸ਼ੀਰ ਲੈ ਕੇ ਜਾਏਗਾ । ਕੁਫ਼ਰ ਖ਼ਤਮ ਕਰਕੇ ਇਸਲਾਮ ਫ਼ੈਲਾਊਗਾ ।"
ਮੇਰੇ ਹੱਥ ਸ਼ਮਸ਼ੀਰ ਆ ਜਾਂਦੀ । ਮੈਂ ਕੁਫ਼ਰ ਦਾ ਖ਼ਾਤਮਾ ਕਰਨ ਤੁਰ ਪੈਂਦੀ । ਹੋਸ਼ ਵਿਚ ਆਂਦੀ ਤਾਂ ਰਾਤ ਦੇ ਹਨੇਰੇ ਵਿਚ ਤੁਰੀ ਹੁੰਦੀ । ਰਾਤ ਨੂੰ ਆਪ ਮੁਹਾਰੇ ਉੱਠ ਕੇ ਤੁਰ ਪੈਂਦੀ । ਮੈਨੂੰ ਇਹ ਮੋੜ ਕੇ ਲੈ ਕੇ ਜਾਂਦੇ । ਉੱਨੀ ਸਾਲ ਦੀ ਬੇਵੱਸ ਮੁਟਿਆਰ ।
ਮੈਂ ਬਚਿੱਤਰ ਸਿੰਘ ਦੇ ਘਰ ਵਿਚ ਰਹਿਣ ਦੀ ਪੱਕੀ ਠਾਣ ਲੀ ਸੀ । ਇਹ ਵੀ ਮਨ ਵਿਚ ਧਾਰ ਲਿਆ ਸੀ ਕਿ ਘਰ ਵਿਚ ਕਿਸੇ ਨਾਲ ਘੁਲਣਾ-ਮਿਲਣਾ ਨਹੀਂ । ਮੈਨੂੰ ਗੁੱਸਾ ਚੜ੍ਹਿਆ ਰਹਿੰਦਾ । ਦੋ ਸਾਲ ਬਦਲਾ ਲੈਣ ਦਾ ਸੋਚਦੀ ਨੇ ਲੰਘਾ ਦਿੱਤੇ ਪਰ ਮੈਤੋਂ ਹੁੰਦਾ ਕੁਝ ਨਾ । ਮੈਂ ਕਚੀਚੀਆਂ ਵੱਟਦੀ ਰਹਿ ਜਾਂਦੀ । ਇੱਕ ਗੱਲ ਇਨ੍ਹਾਂ ਦੇ ਸਾਰੇ ਟੱਬਰ ਨੂੰ ਸਮਝ ਲੱਗ ਗਈ ਸੀ ਕਿ ਮੈਂ ਇਨ੍ਹਾਂ ਤੋਂ ਸੂਤ ਨੀਂ ਆਣਾ । ਨਾ ਹੀ ਮੈਂ ਉਹਦਾ ਭਾਣਾ ਮੰਨ ਕੇ ਦਿਨ ਕੱਟਣੇ ਆ । ਘਰ ਵਿਚ ਮੈਂ ਇਕ ਧਿਰ ਬਣ ਗਈ ਸਾਂ । ਇਹ ਲੋਕ ਅੰਦਰੋਂ ਮੈਤੋਂ ਡਰਦੇ । ਬਾਹਰੋਂ ਰੰਗੜ ਬਣੀ ਫਿਰਦੇ । ਬੁੱਢੀ ਦੂਜੇ ਪੁੱਤਾਂ ਅੱਲ ਬੀ ਨਾ ਜਾਂਦੀ । ਇਧਰੇ ਮਰੀ ਰਹਿੰਦੀ । ਮੇਰੇ ਨਾਲ ਇੱਟ-ਖੜੱਕਾ ਕਰੀ ਰੱਖਦੀ । ਮੈਂ ਕਿਹੜਾ ਘੱਟ ਸੀ । ਘਰ ਵਿਚ ਕਲੇਸ਼ ਪਾਈ ਰੱਖਦੀ ।
ਇਕ ਦਿਨ ਇਨ੍ਹਾਂ ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਸੀ । ਉਸ ਦਿਨ ਸਵੇਰੇ-ਸਵੇਰੇ ਮੇਰੇ ਨਾਲ ਫਸ ਪਈ । ਉਹਦੀ ਭਾਈ ਸ਼ਰਧਾ ਹੋਊ, ਮੇਰੀ ਥੋੜਾ ਆ? ਤਾਂ ਕੀ ਹੋਇਆ, ਜੇ ਮੇਰੇ ਗਾਤਰਾ ਪਾ ਦਿੱਤਾ । ਮੈਨੂੰ ਕਹਿੰਦੀ ਤੂੰ ਨਹਾ ਕੇ ਲੰਗਰ ਤਿਆਰ ਕਰ । ਮੈਂ ਮੁੱਕਰ ਗਈ ਸੀ । ਬੱਸ ਉਸ ਵੇਲੇ ਲੜਾਈ ਸ਼ੁਰੂ ਹੋ ਗਈ । ਉਹਦਾ ਪੁੱਤ ਵੀ ਉਹਦੀ ਹਮੈਤ 'ਤੇ ਨਿਕਲ ਆਇਆ ਸੀ । ਮੈਨੂੰ ਚੌਂਕੇ ਵਿਚ ਢਾਹ ਲਿਆ ਸੀ । ਜਦੋਂ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਣ ਲੱਗਾ ਤਾਂ ਮੈਂ ਦੰਦੀਆਂ ਨਾਲ ਉਹਦਾ ਹੱਥ ਖਾ ਲਿਆ ।
''ਹੈਂਅ ! ਹੈਂਸਿਆਰੀ ਕੀ ਕਰਦੀ ਆ । ਨਖ਼ਸਮੀ ਨੇ ਵਖਤ ਪਾਇਆ ਹੋਇਆ ।" ਬੁੜੀ ਨੇ ਮੇਰੇ ਚਪੇੜਾਂ ਮਾਰ ਕੇ ਉਹਦਾ ਹੱਥ ਛੁਡਾਇਆ । ਫੇਰ ਗਾਲ੍ਹਾਂ ਕੱਢਣ ਲੱਗ ਪਈ । ਰੌਲਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ । ਲੋਕਾਂ ਨੇ ਮੈਨੂੰ ਇਨ੍ਹਾਂ ਜਮਦੂਤਾਂ ਕੋਲੋਂ ਛੁਡਾਇਆ । ਤੀਮੀਆਂ ਮੇਰੀ ਹਾਲਤ ਦੇਖ ਕੇ ਤੋਏ-ਤੋਏ ਕਰਨ ਲੱਗ ਪਈਆਂ । ਬੁੜ੍ਹੀ ਸਫ਼ਾਈਆਂ ਦੇਣ ਲੱਗ ਪਈ ।
''ਕੀ ਦਸਾਂ । ਇਸ ਕੰਜਰੀ ਨੇ ਸਾਰੇ ਟੱਬਰ ਨੂੰ ਸੁੱਕਣਾ ਪਾਇਆ ਹੋਇਆ । ਦੇਖ ਲੋ । ਤੁਸੀਂ ਫੇਰ ਕਹਿਣਾ, ਅਸੀਂ ਮਾੜੇ ਆਂ । ਇਕ ਘਰ ਰੱਖਿਆ । ਸਾਡੇ ਸੀਰਮੇ ਪੀਂਦੀ ਪਈ ਆ । ਅਸੀਂ ਤਾਂ ਇਨ੍ਹਾਂ ਮਲੇਛਾਂ ਦੇ ਹੱਥੋਂ ਕਦੇ ਪਾਣੀ ਨ੍ਹੀਂ ਸੀ ਲੈ ਕੇ ਪੀਂਦੇ । ਘਰ ਦੀ ਮਾਲਕ ਬਣੀ ਬੈਠੀ ਆ । ਫੇਰ ਨੀ ਭੱਲ ਪੱਚਦੀ ।" ਬੁੱਢੀ ਨੇ ਮੇਰੇ ਅੰਦਰ ਚੁਆਤੀ ਲਾ ਦਿੱਤੀ ਸੀ । ਮੇਰੀਆਂ ਅੱਖਾਂ ਵਿਚ ਲਹੂ ਉੱਤਰ ਆਇਆ ਸੀ । ਜੂੰਆਂ ਦੀ ਖਾਧ ਜਿਹੀ ਵੱਡੀ ਬਾਹਮਣੀ ਬਣ ਗਈ ਸੀ । ਇੱਦਾਂ ਦੇ ਪਤਾ ਨੀਂ ਸਾਡੇ ਕਿੰਨੇ ਮਰੂਸੀ ਹੁੰਦੇ ਸੀ । ਗੱਲ ਜ਼ਿਆਦਾ ਵੱਧ ਜਾਣੀ ਸੀ । ਜੇ ਭਾਈ ਜੀ ਨਾ ਆਉਂਦੇ ।
ਮੈਂ ਬਚਿੱਤਰ ਸਿੰਘ ਨੂੰ ਆਪਣਾ ਖ਼ਾਵੰਦ ਹੀ ਸਵੀਕਾਰ ਨ੍ਹੀਂ ਕੀਤਾ । ਇਹਦੇ ਨਾਲ ਸੌਂਦੀ ਸਾਂ, ਸਿਰਫ਼ ਭੋਗ ਦੀ ਇਕ ਵਸਤੂ ਬਣਕੇ । ਜਦੋਂ ਮੇਰੇ ਨਾਲ ਪੈਂਦਾ, ਮੈਨੂੰ ਸੱਪ ਦਿਖਾਈ ਦਿੰਦਾ । ਮੇਰੇ ਨਾਲ ਵਲ੍ਹੇਟੇ ਮਾਰਦਾ ਰਹਿੰਦਾ ਪਰ ਮੈਂ ਆਪਣੇ ਅੰਦਰ ਇਹਦਾ ਸਪੋਲੀਆ ਪਲਣ ਨ੍ਹੀਂ ਦਿੱਤਾ । ਜਦੋਂ ਕਦੇ ਵੀ ਗਰਭ ਠਹਿਰਿਆ, ਮੈਂ ਕਾੜ੍ਹਾ ਪੀ ਲੈਂਦੀ ਸੀ । ਮੈਂ ਛੇ-ਸੱਤ ਸਾਲ ਬੱਚਾ ਨ੍ਹੀਂ ਹੋਣ ਦਿੱਤਾ । ਦਾਦੇ ਦੀਆਂ ਵੱਢੀਆਂ ਲੱਤਾਂ ਦਾ ਬਦਲਾ ਲੈਂਦੀ ਰਹੀ । ਇਹ ਔਤ ਤੁਰਿਆ ਫਿਰਦਾ ਸੀ । ਲੋਕ ਇਹਨੂੰ ਛੇੜਦੇ । ਇਹਦੇ ਨਾਲਦਿਆਂ ਦੇ ਤਿੰਨ-ਤਿੰਨ, ਚਾਰ- ਚਾਰ ਨਿਆਣੇ ਹੋ ਗਏ ਸੀ । ਪੰਜ-ਛੇ ਸਾਲ ਤਾਂ ਇਨ੍ਹਾਂ ਨੂੰ ਬੱਚੇ ਦੇ ਗਿਰ ਜਾਣ ਦਾ ਭੁਲੇਖਾ ਹੀ ਰਿਹਾ । ਫੇਰ ਇਹ ਭੇਤ ਖੁੱਲ੍ਹ ਗਿਆ ਸੀ । ਮੈਨੂੰ ਮਾਂ-ਪੁੱਤ ਮਾਰਨ ਨੂੰ ਫਿਰਨ । ਸ਼ਾਇਦ ਮਾਰ ਵੀ ਦਿੰਦੇ । ਵਿਆਹ ਤਾਂ ਪਹਿਲਾਂ ਨ੍ਹੀਂ ਸੀ ਹੋਇਆ । ਮੈਨੂੰ ਮਾਰ ਕੇ ਫੇਰ ਕੀ ਕਰਦੇ । ਵਿਆਹ ਦੀ ਖ਼ਾਤਰ ਤਾਂ ਮਾਂ-ਪੁੱਤ ਨੂੰ ਮੂਲਾ ਸਿੰਘ ਕੋਲੋਂ ਅੰਮਿ੍ਤ ਛਕਣਾ ਪੈ ਗਿਆ ਸੀ ।
ਮੈਂ ਸੱਤਵੇਂ ਸਾਲ ਸ਼ੰਸ਼ੋਪੰਜ ਵਿਚ ਪੈ ਗਈ । ਇਕ ਪਾਸੇ ਦਾਦੇ ਦੀਆਂ ਵੱਢੀਆਂ ਲੱਤਾਂ ਸਨ, ਦੂਜੇ ਪਾਸੇ ਮੇਰੀ ਮਮਤਾ । ਦੂਜੀਆਂ ਜ਼ਨਾਨੀਆਂ ਦੇ ਨਿਆਣਿਆਂ ਵੱਲ ਮੈਤੋਂ ਦੇਖਿਆ ਨਾ ਜਾਂਦਾ । ਕਈਆਂ ਦੇ ਤਾਂ ਸਕੂਲ ਜਾਣ ਲੱਗ ਪਏ ਸਨ । ਨਿਆਣਿਆਂ ਨੂੰ ਦੇਖ ਕੇ ਮੇਰਾ ਹੌਕਾ ਨਿਕਲ ਜਾਂਦਾ । ਦਿਨੋਂ ਦਿਨ ਮੇਰੇ ਅੰਦਰਲੀ ਮਾਂ ਜਾਗੀ ਜਾ ਰਹੀ ਸੀ ।
ਜਦੋਂ ਖੇਹ ਖਾ ਕੇ ਸਾਨੂੰ ਕੋਠੜੀ ਵਿਚੋਂ ਕੱਢਿਆ ਸੀ, ਅਸੀਂ ਗਿਆਰ੍ਹਾਂ ਜਣੀਆਂ ਸਾਂ । ਜਥੇਦਾਰ ਮੂਲਾ ਸਿੰਘ ਤੇ ਪੰਡਤ ਕਿਸ਼ੋਰ ਦੱਤ ਜਥੇ ਸਮੇਤ ਤਲਵਾਰਾਂ ਲਸ਼ਕਾਈ ਖੜ੍ਹੇ ਸਨ । ਸਾਨੂੰ ਧਰਮ ਬਦਲਣ ਨੂੰ ਕਿਹਾ ਸੀ । ਸਾਡੇ ਵਿਚੋਂ ਇਕ ਜਣੀ ਅੜ ਗਈ ਸੀ । ਉਹ ਪਹਿਲੋਂ ਹੀ ਗਰਭਵਤੀ ਸਨ । ਉਹਦੇ ਢਿੱਡ ਵਿਚ ਕਿਰਪਾਨ ਖੁਭੋ ਦਿੱਤੀ ਸੀ । ਉਸੇ ਵੇਲੇ ਆਂਦਰਾਂ ਬਾਹਰ ਆ ਗਈਆਂ ਸਨ । ਅੱਖਾਂ ਅੱਡੀਆਂ ਰਹਿ ਗਈਆਂ ਸਨ । ਦੂਜੇ ਵਾਰ ਨਾਲ ਧੌਣ ਲਾਹ ਦਿੱਤੀ ਸੀ । ਇਕ ਬਜ਼ੁਰਗ ਨੇ ਜਥੇਦਾਰ ਅੱਗੇ ਹੱਥ ਜੋੜੇ ਸਨ:
''ਮੂਲਿਆ, ਉਸ ਵਾਹਿਗੁਰੂ ਤੋਂ ਡਰ ।"
''ਤਾਇਆ, ਘਬਰਾ ਨਾ । ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਨ੍ਹੀਂ ਹਿੱਲਦਾ ।" ਪੰਡਿਤ ਕਿਸ਼ੋਰ ਦੱਤ ਨੇ ਬਜ਼ੁਰਗ ਨੂੰ ਧੱਕਾ ਦਿੱਤਾ ਸੀ । ਜਦੋਂ ਧੌਣਾਂ ਵਢਾਉਣ ਦੀ ਸਾਡੀ ਵਾਰੀ ਆਈ, ਅਸੀਂ ਡਰ ਗਈਆਂ ਸਾਂ । ਸਾਨੂੰ ਅਮਲੀਆਂ, ਛੜਿਆਂ, ਮਲੰਗਾਂ ਨਾਲ ਤੋਰ ਦਿੱਤਾ ਗਿਆ । ਜਦੋਂ ਵੀ ਮੇਰੀ ਮਾਂ ਬਣਨ ਦੀ ਇੱਛਾ ਜਾਗਦੀ, ਉਹ ਮੇਰੇ ਖ਼ਿਆਲ ਵਿਚ ਆ ਜਾਂਦੀ । ਉਹਦਾ ਵਧਿਆ ਹੋਇਆ ਪੇਟ ਤੇ ਆਂਦਰਾਂ ਦਾ ਚੇਤਾ ਆ ਜਾਂਦਾ, ਤਾਂ ਮੈਂ ਅੱਗ-ਬਬੂਲਾ ਹੋ ਜਾਂਦੀ । ਇਸ ਔਤ ਨਾਲੋਂ ਇਹਦੀ ਮਾਂ ਜ਼ਿਆਦਾ ਪਿੱਟ ਸਿਆਪਾ ਕਰਦੀ । ਮੈਂ ਮਾਂ ਬਨਣਾ ਚਾਹੁੰਦੀ ਵੀ ਸੀ ਤੇ ਨਹੀਂ ਵੀ ।
ਮੈਨੂੰ ਸਿਆਲਾਂ ਦੇ ਦਿਨਾਂ ਵਿਚ ਪਿੰਡਾਂ ਵਿਚ ਘੁੰਮਣ ਵਾਲੇ ਜੋਗੀ ਬੜਾ ਤੰਗ ਕਰਦੇ । ਤੜਕੇ ਗਲੀ-ਗਲੀ ਗੀਤ ਗਾਉਂਦੇ ਫਿਰਦੇ । ਮੈਂ ਉੱਠ ਬਹਿੰਦੀ ਸੀ ਉਨ੍ਹਾਂ ਦੇ ਗੀਤ ਸੁਣਨ ਲਈ । ਇਕ ਤੜਕੇ ਇਕ ਜੋਗੀ ਨੇ ਹੇਕ ਚੁੱਕੀ- -'ਸੁੱਕੀ ਕੁੱਖ ਨਾ ਕਿਸੇ ਨੂੰ ਦੇਈਂ ਰੱਬਾ ।' ਮੈਂ ਉਸ ਗੀਤ ਵਿਚ ਡੁੱਬ ਗਈ ਸੀ । ਕਈ ਦਿਨ-ਰਾਤ ਮੈਂ ਪਾਗਲਾਂ ਆਂਗ ਫਿਰਦੀ ਰਹੀ । ਸੁੱਕੀ ਕੁੱਖ ਦੇ ਬੋਲ ਮੇਰੇ ਕੰਨਾਂ ਵਿਚ ਗੂੰਜਦੇ ਰਹੇ । ਸ਼ਾਇਦ ਮੈਂ ਪਾਗਲ ਹੋ ਜਾਂਦੀ । ਮੈਨੂੰ ਧੌਣ-ਵੱਢੀਓ ਕੁੜੀ ਨੇ ਬਚਾ ਲਿਆ ਸੀ । ਉਹਦੀਆਂ ਅੱਖਾਂ ਮੀਟੀਆਂ ਗਈਆਂ ਸਨ । ਉਹ ਮੁਸਕਰਾ ਪਈ ਸੀ । ਉਹਨੇ ਪੇਟ ਵੱਲ ਇਸ਼ਾਰਾ ਕੀਤਾ ਸੀ, ਤਦ ਜਾ ਕੇ ਮੈਂ ਸ਼ਾਂਤ ਹੋਈ ਸੀ । ਅੱਠਾਂ ਸਾਲਾਂ ਬਾਅਦ ਜਾ ਕੇ ਧੀ ਨੂੰ ਜਨਮ ਦਿੱਤਾ । ਛਿੰਦਰ ਤੋਂ ਡੇਢ ਸਾਲ ਬਾਅਦ ਬਲਵੀਰ ਜੰਮ ਪਿਆ । ਫੇਰ ਤਾਂ ਉਪਰੋਂ-ਥਲੀ ਮੈਂ ਸੱਤ ਜਣੇਪੇ ਕੱਟੇ । ਪਰ ਬਚੇ ਛਿੰਦਰ ਤੇ ਬਲਵੀਰ ਹੀ । ਛਿੰਦਰ ਪਿਓ 'ਤੇ ਸੀ । ਬਲਵੀਰ ਬਿਲਕੁਲ ਮੇਰੇ ਅਰਗਾ । ਮੈਂ ਉਹਦੇ ਨੈਣ ਨਕਸ਼ ਧਿਆਨ ਨਾਲ ਦੇਖਦੀ ਤਾਂ ਖਿੜ ਉੱਠਦੀ ।
ਇਕ ਦਿਨ ਮੈਂ ਉਹਨੂੰ ਖਿਡ੍ਹਾ ਰਹੀ ਸੀ, ਮੁੰਡਾ ਬਹੁਤ ਹੱਸਿਆ । ਬਿਲਕੁਲ ਦਾਦਾ ਜਾਨ ਆਂਗ ਖੁੱਲ੍ਹ ਕੇ । ਮੇਰੀਆਂ ਅੱਖਾਂ ਸਾਹਮਣੇ ਸਰਾਹਲ ਕਾਜ਼ੀਆਂ ਘੁੰਮ ਗਿਆ ਸੀ । ਦਾਦਾ ਜਾਨ ਨੇ ਮੈਨੂੰ ਉਂਗਲੀ ਲਾ ਕੇ ਆਪਣੇ ਘਰਾਂ ਵਿਚ ਘੁਮਾਇਆ ਹੋਇਆ ਸੀ । ਮੇਰੇ ਅੱਬਾ ਅਲਤਾਫ਼ ਹੁਸੈਨ ਤਾਂ ਧੱਕੜ ਜ਼ਿਮੀਂਦਾਰ ਸਨ ਪਰ ਦਾਦਾ ਇਕਬਾਲ ਹੁਸੈਨ ਨੂੰ ਸਾਰੀ ਕੁਰਾਨ ਸ਼ਰੀਫ ਮੂੰਹ-ਜ਼ੁਬਾਨੀ ਯਾਦ ਸੀ । ਉਨ੍ਹਾਂ ਨੂੰ ਇਸਲਾਮ ਬਾਰੇ ਗਹਿਰਾ ਇਲਮ ਸੀ । ਪਿੰਡ ਵਿਚ ਬਾਲਾ ਪੀਰ ਦਾ ਰੋਜ਼ਾ ਸੀ । ਉਹ ਹਰ ਰੋਜ਼ ਖਿਦਮਤ ਕਰਨ ਜਾਂਦੇ । ਫਾਤੀਆ ਪੜ੍ਹਦੇ । ਬਾਲਾ ਪੀਰ ਬੜੀ ਕਰਨੀ ਵਾਲੇ ਸਨ । ਉਨ੍ਹਾਂ ਦੀ ਕਬਰ 'ਤੇ ਔਰਤ ਵੀ ਚਿਰਾਗ਼- ਬੱਤੀ ਕਰ ਸਕਦੀ ਸੀ । ਮੈਂ ਉਨ੍ਹਾਂ ਨਾਲ ਵੀਰਵਾਰ ਚਿਰਾਗ਼ ਕਰਨ ਜਾਂਦੀ ਸੀ । ਜ਼ਿਆਦਾਤਰ ਦਾਦਾ ਜਾਨ ਨਾਲ ਹੀ ਰਹੀ ਹਾਂ । ਉਹ ਮੇਰੇ ਨਾਲ ਬਹੁਤ ਤੇਹ ਕਰਦੇ ਸੀ ।
''ਜਮੀਲਾ ਆਪਣੇ ਦਾਦੇ ਦੀ ਚਹੇਤੀ ਆ । ਉਹਤੇ ਗਈ ਆ, ਅਕਲ ਪੱਖੋਂ ਵੀ ਤੇ ਸ਼ਕਲ ਪੱਖੋਂ ਵੀ ।" ਅੰਮਾਂ, ਭੈਣਾਂ, ਭਾਈ, ਚਾਚੇ, ਤਾਏ ਅਕਸਰ ਛੇੜਦੇ ।
ਇਸਲਾਮ ਵਾਲਾ ਆਤਮ-ਗੌਰਵ ਮੇਰੇ ਅੰਦਰ ਦਾਦਾ ਜੀ ਨੇ ਭਰਿਆ ਸੀ । ਉਹ ਰੋਜ਼ ਰੌਜ਼ੇ ਜਾਂਦੇ । ਬਾਲਾ ਪੀਰ ਬਾਰੇ ਸਾਨੂੰ ਕਹਾਣੀਆਂ ਸੁਣਾਉਂਦੇ ਰਹਿੰਦੇ । ਹੁਣ ਯਾਦ ਨ੍ਹੀਂ ਰਹੀਆਂ । ਬੱਸ ਐਨਾ ਕੁ ਪਤਾ ਕਿ ਇਕ ਵਾਰ ਪੀਰ ਜੀ ਕੰਧ 'ਤੇ ਬੈਠੇ ਸੀ । ਉਨ੍ਹਾਂ ਦਾ ਸ਼ਾਹੂਕਾਰ ਪਿਤਾ ਘੋੜੇ 'ਤੇ ਆ ਰਿਹਾ ਸੀ । ਬਾਲਾ ਜੀ ਨੇ ਕੰਧ ਨੂੰ ਥਾਪੀ ਦਿੱਤੀ ਤੇ ਕੰਧ ਤੋਰ ਲਈ ਸੀ । ਘੋੜੇ ਤੋਂ ਪਹਿਲਾਂ ਕੰਧ ਪਹੁੰਚ ਗਈ ਸੀ । ਪੀਰ ਜੀ ਦੀ ਪਿੰਡ ਵਿਚ ਬੜੀ ਮਾਨਤਾ ਸੀ ।
ਦਾਦਾ ਜਾਨ ਦੱਸਦੇ ਸੀ ਕਿ ਅਕਬਰ ਬਾਦਸ਼ਾਹ ਦੇ ਬੱਚਾ ਨ੍ਹੀਂ ਸੀ ਹੁੰਦਾ । ਉਹ ਹਾਥੀ 'ਤੇ ਚੜ੍ਹ ਕੇ ਸਰਹਾਲ ਕਾਜ਼ੀਆਂ ਆਏ । ਪੀਰ ਕੋਲੋਂ ਲਾਲ ਦੀ ਦਾਤ ਮੰਗੀ । ਉਨ੍ਹਾਂ ਦੀ ਸੁੱਖ ਪੂਰੀ ਹੋ ਗਈ ਸੀ । ਫੇਰ ਉਹ ਸੁੱਖ ਲਾਹੁਣ ਆਏ ਤਾਂ ਪਿੰਡ ਦੇ ਕਾਜ਼ੀਆਂ ਨੂੰ ਜ਼ਮੀਨ ਦਾ ਤੀਜਾ ਹਿੱਸਾ ਦੇ ਗਏ ਸੀ । ਦੂਰ-ਦੂਰ ਤੋਂ ਲੋਕ ਸੁੱਖਾਂ ਸੁੱਖਣ ਆਉਂਦੇ । ਰਾਹੋਂ ਵਾਲੇ ਵੀ ਰੌਜ਼ੇ ਆਉਂਦੇ ਸਨ । ਮੇਰਾ ਵਿਆਹ ਵੀ ਛੋਟੀ ਹੁੰਦੀ ਦਾ ਰਾਹੋਂ ਦੇ ਜੁਨੀਸ਼ ਨਾਲ ਕਰ ਦਿੱਤਾ ਸੀ । ਉਨ੍ਹਾਂ ਦਾ ਪਰਿਵਾਰ ਪੀਰਾਂ ਦੀ ਸੇਵਾ ਕਰਨ ਆਉਂਦਾ ਸੀ ।
ਜੁਨੀਸ਼ ਫ਼ੌਜੀ ਅਫ਼ਸਰ ਸੀ । ਮੇਰਾ ਉਹਦੇ ਨਾਲ ਮੁਕਲਾਵਾ ਤੋਰਿਆ ਜਾਣਾ ਸੀ । ਉੱਨੀ ਸਾਲ ਦੀ ਹੋ ਗਈ ਸੀ । ਉਹ ਫੌਜ 'ਚੋਂ ਛੁੱਟੀ ਆਇਆ ਹੋਇਆ ਸੀ । ਮੁਕਲਾਵੇ ਦੀਆਂ ਤਿਆਰੀਆਂ ਹੋ ਰਹੀਆਂ ਸਨ । ਉਦੋਂ ਹੀ ਰੌਲੇ ਪੈ ਗਏ ਸਨ । ਕਾਫ਼ਰਾਂ ਨੇ ਮੇਰਾ ਜੁਨੀਸ਼ ਧੋਖੇ ਨਲਾ ਕਤਲ ਕਰ ਦਿੱਤਾ । ਨਹੀਂ ਤਾਂ ਉਹ ਭੁੰਨ ਕੇ ਰੱਖ ਦਿੰਦਾ । ਪੱਕੀ ਰਫਲ ਉਹਦੇ ਕੋਲ ਸੀ ਪਰ ਜ਼ਾਲਮਾਂ ਨੇ... । ਇਹ ਖ਼ਬਰ ਸਾਡੇ ਘਰਾਂ ਤੱਕ ਪਹੁੰਚੀ ਤਾਂ ਸਾਰੇ ਸਹਿਮ ਗਏ ਸਨ । ਰਾਤੋਂ ਰਾਤ ਪਿੰਡ ਛੱਡਣ ਦੀ ਤਿਆਰੀ ਕਰਨ ਲੱਗੇ ਸਨ ਪਰ ਦਾਦਾ ਜਾਨ ਬਾਲਾ ਪੀਰ ਨੂੰ ਇਕੱਲਿਆਂ ਨੂੰ ਛੱਡ ਕੇ ਜਾਣ ਲਈ ਤਿਆਰ ਨ੍ਹੀਂ ਸੀ । ਸਾਰੇ ਕਾਜ਼ੀ ਦਾਦੇ 'ਤੇ ਔਖੇ ਸਨ । ਉਨ੍ਹਾਂ ਨੂੰ ਮਸਾਂ ਮਨਾਇਆ ਸੀ । ਤੁਰਨ ਵੇਲੇ ਸਾਰੇ ਜਣੇ ਰੌਜ਼ੇ ਇਕੱਠੇ ਹੋਏ ।
''ਹੇ ਮੇਰੇ ਪਰਵਰਦਿਗਾਰ । ਤੂੰ ਕੰਧ ਤੋਰ ਲਈ ਸੀ । ਅਕਬਰ ਬਾਦਸ਼ਾਹ ਨੂੰ ਲਾਲ ਦੀ ਦਾਤ ਬਖਸ਼ੀ ਸੀ । ਹੁਣ ਆਪਣੇ ਜੀਆਂ ਦੀ ਰੱਖਿਆ ਕਰ ।" ਦਾਦੇ ਨੇ ਪੀਰ ਅੱਗੇ ਗੋਡੇ ਟੇਕੇ ਹੋਏ ਸਨ । ਸਾਰੀ ਖ਼ਲਕਤ ਨੇ ਪੀਰ ਅੱਗੇ ਹੱਥ ਅੱਡੇ, ਪਰ ਕੁਝ ਨ੍ਹੀਂ ਬਣਿਆ । ਉਸ ਦਿਨ ਤਾਂ ਪੀਰ ਵੀ ਪੱਥਰ ਦਾ ਹੋ ਗਿਆ ਸੀ ।
ਅਜੇ ਬਹਿਰਾਮ ਕੈਂਪ ਵਿਚ ਪਹੁੰਚੇ ਨਹੀਂ ਸੀ । ਰਾਹ ਵਿਚ ਹੀ ਹਮਲਾ ਹੋ ਗਿਆ । ਮੈਂ ਉਹ ਦਿ੍ਸ਼ ਬਿਆਨ ਨ੍ਹੀਂ ਕਰ ਸਕਦੀ, ਅੰਨ੍ਹੀ ਹੋ ਜਾਂਦੀ ਹਾਂ । ਮੈਂ ਬਹੁਤ ਵਾਰ ਭੁੱਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਭੁੱਲ ਨ੍ਹੀਂ ਹੁੰਦਾ ।
ਬਲਵੀਰ ਦੇ ਜਨਮ ਤੋਂ ਬਾਅਦ ਇਨ੍ਹਾਂ ਘਰ ਅਖੰਡ ਪਾਠ ਰਖਵਾਇਆ ਸੀ । ਭੈਣਾਂ ਫੁੱਫੀਆਂ ਨੂੰ ਕੱਪੜੇ ਲੀੜੇ ਦਿੱਤੇ । ਸਾਰੇ ਰਿਸ਼ਤੇਦਾਰ ਆਏ ਹੋਏ ਸਨ । ਮੈਨੂੰ ਅੰਮੀ ਜਾਨ, ਭਾਈ, ਅੱਬਾ ਜਾਨ ਤੇ ਹਮਸ਼ੀਰਾਂ ਬਹੁਤ ਯਾਦ ਆਏ । ਮੈਂ ਅੰਦਰ ਵੜ ਕੇ ਰੋਈ । ਜੇ ਮੈਂ ਆਪਣੇ ਘਰ ਹੁੰਦੀ, ਘਰ ਮੇਲਾ ਲੱਗਾ ਹੋਣਾ ਸੀ । ਨਾਨਕੀਆਂ-ਦਾਦਕੀਆਂ ਦੇ ਗੀਤ-ਨਾਚ, ਹਲਾਲ ਹੁੰਦੇ ਬੱਕਰੇ, ਸ਼ਰਾਬੀਆਂ ਦੇ ਮੱਘੇ ਮੇਰੇ ਜ਼ਿਹਨ ਵਿਚ ਘੁੰਮੀ ਜਾ ਰਹੇ ਸਨ । ਘਰ ਦੀ ਹੀ ਕਲਪਨਾ ਕਰੀ ਜਾ ਰਹੀ ਸੀ ।
ਇਥੇ ਲਾਗੇ ਪਿੰਡ ਮੈਦਲੀ ਆ । ਉਥੇ ਵੱਡਾ ਰੌਜ਼ਾ ਹੈ । ਮੈਂ ਅਗਲੇ ਦਿਨ ਚੋਰੀ ਉਥੇ ਗਏ ਸੀ । ਕਬਰ 'ਤੇ ਬੱਚੇ ਦਾ ਮੱਥਾ ਟਿਕਾਅ ਕੇ ਲਿਆਈ ਸੀ । ਉਦੋਂ ਉਥੇ ਗੱਦੀ ਨਸ਼ੀਨ ਸਾਈਂ ਨੁਸਰਤ ਖ਼ਾਂ ਸੀ । ਫੱਕਰਾਂ ਨੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਸੀ । ਉਹ ਮੈਨੂੰ ਆਪਣੇ ਲੱਗੇ ਸੀ ।
ਮੈਂ ਬੜੇ ਔਖੇ ਦਿਨ ਕੱਟੇ । ਬਚਿੱਤਰ ਸਿੰਘ ਮੇਰੇ ਨਾਲ ਰਖੇਲਾਂ ਨਾਲੋਂ ਵੀ ਮਾੜਾ ਵਰਤਾਓ ਕਰਦਾ । ਬੱਚੇ ਵੱਡੇ ਹੋ ਰਹੇ ਸਨ । ਬਚਿੱਤਰ ਸਿੰਘ ਮੁੰਡੇ ਨੂੰ ਕੁੱਟਦਾ-ਮਾਰਦਾ ਰਹਿੰਦਾ । ਬੁੜ੍ਹੀ ਤਾਂ 'ਜਲਿਆ ਮੁਸਲਾ' ਹੀ ਸੱਦਦੀ । ਮੈਨੂੰ ਬੜਾ ਗੁੱਸਾ ਆਉਂਦਾ । ਨਿਆਣੇ ਸਕੂਲ ਪੜ੍ਹਨ ਜਾਂਦੇ ਤਾਂ ਸੁੱਖ ਦਾ ਸਾਹ ਆਉਂਦਾ । ਛਿੰਦਰ ਤਾਂ ਪੰਜਵੀਂ ਪਾਸ ਕਰਾ ਕੇ ਹਟਾ ਲਈ ਸੀ । ਬਲਵੀਰ ਵੱਡੇ ਸਕੂਲ ਪੜ੍ਹਨ ਪਾ 'ਤਾ ਸੀ ।
ਇਕ ਵਾਰੀ ਬਲਬੀਰ ਹੁਕਮੇ ਡਰਾਇਵਰ ਦੇ ਮੁੰਡੇ ਨਾਲ ਮੈਦਲੀ ਰੌਜ਼ੇ ਚਲੇ ਗਿਆ । ਉਨ੍ਹਾਂ ਕਬਰ 'ਤੇ ਚਾਦਰ ਚੜ੍ਹਾਉਣੀ ਸੀ । ਬਚਿੱਤਰ ਸਿੰਘ ਨੂੰ ਮੁੰਡੇ ਦੇ ਜਾਣ ਦਾ ਪਤਾ ਲੱਗ ਗਿਆ । ਇਸ ਨੇ ਆਉਂਦਾ ਹੀ ਮੁੰਡਾ ਢਾਹ ਲਿਆ । ਗੁੱਟੀ ਤੋਂ ਫੜ ਕੇ ਮੁੰਡੇ ਦਾ ਅੜਾਹਟ ਕੱਢਾ ਦਿੱਤਾ ਸੀ । ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ।
''ਇਹ ਸਾਲੇ ਕੋਈ ਬੰਦੇ ਆ । ਜਿਨ੍ਹਾਂ ਦਾ ਕੋਈ ਧਰਮ ਨਾ ਇਮਾਨ । ਸਿੱਖ ਹੋ ਕੇ ਚਾਦਰਾਂ ਚੜ੍ਹਾਂਦੇ ਪਏ ਨੇ ।" ਇਹ ਡਰਾਇਵਰ ਦੇ ਟੱਬਰ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸੀ । ਇਹ ਗੱਲਾਂ ਸੁਣ ਕੇ ਮੇਰੇ ਅੰਦਰੋਂ ਲਾਟ ਨਿਕਲੀ ਸੀ ।
ਮੈਂ ਉਸ ਦਿਨ ਨੂੰ ਕੋਸਣ ਲੱਗ ਪਈ, ਜਿਸ ਦਿਨ ਇਹਦੇ ਲੜ ਲੱਗੀ ਸੀ । ਮੈਨੂੰ ਗੁਰਦੁਆਰੇ ਲਿਜਾ ਕੇ ਨੁਹਾਇਆ ਸੀ । ਇਨ੍ਹਾਂ ਦੇ ਸ਼ਬਦਾਂ ਵਿਚ ਪਵਿੱਤਰ ਕੀਤਾ ਸੀ । ਮੂਲਾ ਸਿੰਘ ਨੇ ਆਪ ਮੋਹਰੇ ਹੋ ਕੇ ਅੰਮਿ੍ਤ ਛਕਾਇਆ ਸੀ । ਮੈਂ ਅੱਲ੍ਹਾ ਤਾਲਾ ਦਾ ਭਾਣਾ ਮੰਨ ਕੇ ਗਾਤਰਾ ਪਾ ਲਿਆ ਸੀ । ਉਨ੍ਹਾਂ ਜਮੀਲਾ ਤੋਂ ਪ੍ਰੀਤਮ ਕੌਰ ਬਣਾਇਆ ਸੀ । ਚੌਂਕੇ-ਚੁੱਲ੍ਹੇ ਚਾੜ੍ਹਨ ਲਈ ਇਹ ਸ਼ਰਤ ਇਨ੍ਹਾਂ ਦੀ ਜ਼ਰੂਰੀ ਸੀ । ਬਚਿੱਤਰ ਸਿੰਘ ਦੀ ਮਾਂ ਨੱਕ 'ਕੱਠਾ ਕਰੀ ਫਿਰ ਰਹੀ ਸੀ । ਕਹਿੰਦੀ ਸੀ ਜੇ ਇੱਦੇਂ ਚੌਂਕੇ ਚਾੜ੍ਹ ਲਈ ਤਾਂ ਅਸੀਂ ਭਿੱਟ ਜਾਵਾਂਗੇ ।
ਪਹਿਲਾਂ ਪਹਿਲ ਬੁੜ੍ਹੀ ਨੇ ਮੈਨੂੰ ਮੱਲੋ-ਮੱਲੀ ਗੁਰਦੁਆਰੇ ਲੈ ਜਾਣਾ । ਮੇਰੀ ਕੋਈ ਰੁਚੀ ਨ੍ਹੀਂ ਸੀ । ਮੈਂ ਕਦੇ ਪਾਠ ਨ੍ਹੀਂ ਕੀਤਾ, ਨਮਾਜ਼ ਪੜ੍ਹਦੀ ਹਾਂ । ਇਹ ਸਮਝਦੇ ਸੀ ਕਿ ਪਾਠ ਕਰਦੀ ਹਾਂ । ਗੁਰਦੁਆਰੇ ਤਾਂ ਘੁੰਮ-ਫਿਰ ਆਉਂਦੀ ਸੀ । ਗੁਰੂਆਂ ਨੂੰ ਸਜਦਾ ਕਰ ਆਉਂਦੀ ਸੀ । ਹਾਂ, ਗੁਰਦੁਆਰੇ ਜਾਣ ਨਾਲ ਪ੍ਰੋਹਤਾਂ ਦੀ ਜਨਕੋ ਦੁਲਾਰੀ ਨਾਲ ਸਹੇਲਪੁਣਾ ਪੈ ਗਿਆ ਸੀ । ਉਹ ਗੁਰਦੁਆਰਿਆਂ- ਮੰਦਰਾਂ ਵਿਚ ਤੁਰੀ ਰਹਿੰਦੀ । ਮੈਨੂੰ ਉਹਦੀਆਂ ਗੱਲਾਂ ਚੰਗੀਆਂ ਲਗਦੀਆਂ ।
ਬਲਵੀਰ ਦਸਵੀਂ ਤੋਂ ਬਾਅਦ ਅਗਾਂਹ ਨਾ ਪੜ੍ਹਿਆ । ਪੜ੍ਹਨ ਨੂੰ ਮਾੜਾ ਸੀ । ਬਚਿੱਤਰ ਸਿੰਘ ਉਹਦੇ ਨਾਲ ਟੂੰਡ-ਕਟਾਈ ਕਰਦਾ ਰਹਿੰਦਾ । ਸਾਰੀ ਉਮਰ ਮੇਰੇ ਨਾਲ ਕਲੇਸ਼ ਰੱਖਿਆ । ਮੁੰਡਾ ਵੱਡਾ ਹੋਇਆ ਤਾਂ ਉਹਦੇ ਨਾਲ ਸ਼ੁਰੂ ਕਰ ਲਿਆ । ਉਹ ਵੀ ਮੂਹਰੇ ਆਕੜਨ ਲੱਗ ਪਿਆ ਸੀ । ਜਦੋਂ ਕਦੇ ਇਹ ਮੈਨੂੰ ਮਾਰਦਾ, ਉਹ ਮੇਰੀ ਮੱਦਤ ਕਰਦਾ ।
ਇਹਦੀ ਬੁੜ੍ਹੀ ਤੇ ਬੁੜ੍ਹਾ ਪੰਜ-ਛੇ ਮਹੀਨੇ ਦੇ ਅੰਤਰ ਨਾਲ ਹੀ ਦੁਨੀਆਂ ਤੋਂ ਚੱਲਦੇ ਹੋਏ । ਇਹ ਉੱਚੀ-ਉੱਚੀ ਕੀਰਨੇ ਪਾਵੇ । ਲੋਕ ਇਹਨੂੰ ਚੁੱਪ ਕਰਾਉਣ, ਪਰ ਇਹ ਹਟੇ ਨਾ । ਮੈਨੂੰ ਬੜਾ ਗੁੱਸਾ ਆਇਆ । ਮੇਰੇ ਦਾਦੇ ਵਾਲਾ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਗਿਆ । ਕਾਫ਼ਰਾਂ ਨੇ ਕਾਫ਼ਲੇ ਨੂੰ ਘੇਰ ਲਿਆ ਸੀ । ਮੈਨੂੰ ਉਦੋਂ ਹੀ ਪਤਾ ਲੱਗਾ, ਜਦੋਂ ਚੁੱਕ ਕੇ ਘੋੜੇ 'ਤੇ ਬਿਠਾ ਲੀ । ਮੈਂ ਕਿਵੇਂ ਨਾ ਕਿਵੇਂ ਉਨ੍ਹਾਂ ਤੋਂ ਛੁੱਟ ਗਈ ਸੀ । ਭੱਜ ਕੇ ਦਾਦੇ ਦੀਆਂ ਲੱਤਾਂ ਨੂੰ ਚਿੰਬੜ ਗਈ ਸੀ । ਉਹ ਚਾਰ-ਪੰਜ ਜਣੇ ਮੇਰੀ ਲੱਤਾਂ ਤੋਂ ਕਰਿੰਗੜੀ ਛੁਡਾ ਕੇ ਲੈ ਜਾਂਦੇ । ਮੈਂ ਮੁੜ ਉਨ੍ਹਾਂ ਤੋਂ ਛੁੱਟ ਜਾਂਦੀ ਤੇ ਦਾਦੇ ਦੀਆਂ ਲੱਤਾਂ ਨਾਲ ਚਿੰਬੜ ਜਾਂਦੀ । ਪੰਜ-ਸੱਤ ਵਾਰ ਏਦਾਂ ਹੀ ਹੋਇਆ । ਇਕ ਕਾਫ਼ਰ ਨੇ ਦਾਦੇ ਦੀਆਂ ਲੱਤਾਂ ਹੀ ਵੱਢ ਦਿੱਤੀਆਂ । ਮੇਰੇ ਹੱਥਾਂ ਵਿਚ ਗੋਡਿਆਂ ਤੋਂ ਥੱਲੇ ਦਾ ਹਿੱਸਾ ਰਹਿ ਗਿਆ ਸੀ । ਜਿੱਦਾਂ ਹਿੰਦੋਸਤਾਨ ਨੂੰ ਵੱਢ 'ਤਾ ਸੀ । ਸਾਡੇ ਲੋਕਾਂ ਕੋਲ ਇਕ ਹਿੱਸਾ ਪਾਕਿਸਤਾਨ ਰਹਿ ਗਿਆ ਸੀ... । ਨੇਰਨੀ ਖਾ ਕੇ ਡਿੱਗ ਪਈ ਸੀ । ਫੇਰ ਮੈਨੂੰ ਨ੍ਹੀਂ ਪਤਾ ਕੀ ਹੋਇਆ । ਦਿਨਾਂ ਰਾਤਾਂ ਦਾ ਹਿਸਾਬ ਨਾ ਰਿਹਾ । ਕਾਲ-ਕੋਠੜੀ ਵਿਚ ਬੰਦ ਸੀ । ਕਈ ਦਿਨਾਂ ਬਾਅਦ ਕੱਢੀਆਂ । ਫੇਰ ਜਥੇਦਾਰ ਮੂਲਾ ਸਿੰਘ ਤੇ ਪੰਡਿਤ ਕਿਸ਼ੋਰ ਦੱਤ ਦੇ ਜਥੇ ਦੀਆਂ ਤਲਵਾਰਾਂ ਲਿਸ਼ਕੀਆਂ ।
ਪੰਜਾਹ ਵਾਰ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਕਮੀਨਿਆਂ ਨੂੰ ਭੁੱਲ ਜਾਵਾਂ ਪਰ ਦਾਦੇ ਦੀਆਂ ਲੱਤਾਂ ਭੁੱਲਣ ਨਹੀਂ ਦਿੰਦੀਆਂ । ਇਹਦਾ ਪਿਓ ਮਰਿਆ, ਮਾਰ ਕਿਤੇ ਅੜਾਹਟ ਪਾਵੇ । ਬੁਰਾ ਹਾਲ ਕੀਤਾ ਹੋਇਆ । ਸਾਰਾ ਅਸਮਾਨ ਸਿਰ 'ਤੇ ਚੁੱਕਿਆ ਪਿਆ । ਉਹ ਤੇ ਆਪਣੀ ਮੌਤ ਮਰਿਆ । ਮੇਰਾ ਦਾਦਾ... । ਮੇਰੇ ਹੱਥਾਂ ਵਿਚ ਦਾਦੇ ਦੇ ਗਿੱਟੇ ਮਹਿਸੂਸ ਹੋਏ । ਮੈਂ ਵੀ ਕੀਰਨੇ ਪਾਉਣ ਲੱਗ ਪਈ ਸੀ । ਬਚਿੱਤਰ ਸਿੰਘ ਹੁਰੀਂ ਬੁੱਢੀ ਤੇ ਬੁੱਢੇ ਤੇ ਅਸਤ ਪਾਉਣ ਕੀਰਤਪੁਰ ਸਾਹਿਬ ਗਏ । ਦੋਨੋਂ ਵਾਰ ਮੈਨੂੰ ਬੜਾ ਜ਼ੋਰ ਪਾਇਆ, ਮੈ ਨਾ ਗਈ ।
ਉਸ ਤੋਂ ਅਗਲੇ ਸਾਲ ਆਨੰਦਪੁਰ ਸਾਹਿਬ ਵਿਸਾਖੀ ਦੇ ਮੇਲੇ 'ਤੇ ਪਿੰਡੋਂ ਟਰਾਲੀ ਗਈ । ਜਨਕੋ ਦੁਲਾਰੀ ਮੇਰੇ 'ਤੇ ਵੀ ਜ਼ੋਰ ਪਾਉਣ ਲੱਗੀ । ਸਾਰਾ ਟੱਬਰ ਮੇਲਾ ਦੇਖਣ ਤੁਰ ਪਿਆ । ਆਨੰਦਪੁਰੋਂ ਹੋ ਕੇ ਕੀਰਤਪੁਰ ਗਏ । ਇਹ ਉਥੇ ਖੜ੍ਹ ਕੇ ਵੀ ਮਾਂ ਪਿਓ ਨੂੰ ਰੋਂਦਾ ਰਿਹਾ । ਲੰਗਰ ਛਕਣ ਤੋਂ ਬਾਅਦ ਢਾਡੀਆਂ ਦੀਆਂ ਵਾਰਾਂ ਸੁਣਨ ਭਾਈ ਗੁਰਦਿੱਤੇ ਵਾਲੇ ਪੰਡਾਲ ਵਿਚ ਚਲੇ ਗਏ । ਉਨ੍ਹਾਂ ਸਾਕਾ ਸਰਹੰਦ ਸ਼ੁਰੂ ਕੀਤਾ ਹੋਇਆ ਸੀ ।
''ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਮੁਸਲਮਾਨ ਬਣਨ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਨਾ ਮੰਨੇ । ਸੂਬੇ ਨੇ ਕਿਹਾ ਕਿ ਧਰਮ ਬਦਲ ਲਓ, ਨਹੀਂ ਤਾਂ ਤੁਖ਼ਮ ਉਡਾ ਦਿਆਂਗਾ । ਮਾਤਾ ਗੁਜਰੀ ਜੀ ਦੇ ਲਾਡਲੇ ਪੋਤਿਆਂ ਨੇ ਕਿਹਾ-ਸਿਰ ਜਾਂਦਾ ਤਾਂ ਜਾਵੇ, ਪਰ ਧਰਮ ਨ੍ਹੀਂ ਬਦਲਾਂਗੇ... । ਖਾਲਸਾ ਜੀ, ਜ਼ਾਲਮਾਂ ਨੇ ਨਿੱਕੇ-ਨਿੱਕੇ ਲਾਲ ਨੀਹਾਂ ਵਿਚ ਚਿਣ ਦਿੱਤੇ ਪਰ ਉਨ੍ਹਾਂ ਧਰਮ ਨੂੰ ਆਂਚ ਨ੍ਹੀਂ ਆਣ ਦਿੱਤੀ ।"
ਢਾਡੀਆਂ ਦਾ ਪ੍ਰਚਾਰਕ ਬਾਂਹਾਂ ਕੱਢ-ਕੱਢ ਕੇ ਸਾਕਾ ਸਰਹੰਦ ਸੁਣਾ ਰਿਹਾ ਸੀ । ਸੁਣ ਕੇ ਪਹਿਲਾਂ ਮੈਨੂੰ ਜੋਸ਼ ਬੜਾ ਆਇਆ । ਫੇਰ ਮੇਰਾ ਸਾਹ ਫੁੱਲਣ ਲੱਗ ਪਿਆ । ਮੈਂ ਰੋ ਪਈ । ਮੈਥੋਂ ਉਥੇ ਹੋਰ ਬੈਠਿਆ ਨਾ ਗਿਆ । ਭੱਜ ਹੀ ਲਈ । ਬਾਬਾ ਬੁੱਢਣ ਸ਼ਾਹ ਦੇ ਜਾ ਕੇ ਸਾਹ ਲਿਆ ਸੀ । ਬਲਵੀਰ ਹੁਰੀਂ ਮਗਰ ਹੀ ਆ ਗਏ ਸੀ । ਰਾਤੋ ਰਾਤ ਉਥੋਂ ਤੁਰ ਪਏ ਸੀ । ਬਚਿੱਤਰ ਸਿੰਘ ਨੇ ਮੈਨੂੰ ਬੜੀਆਂ ਗਾਲ੍ਹਾਂ ਕੱਢੀਆਂ ।
ਕਈ ਮਹੀਨੇ ਸਾਕਾ ਸਰਹੰਦ ਹੀ ਮੇਰੇ ਕੰਨਾਂ ਵਿਚ ਗੂੰਜਦਾ ਰਿਹਾ । ਇਕ ਪਾਸੇ ਸਾਕਾ ਸਰਹੰਦ ਸੀ, ਦੂਜੇ ਪਾਸੇ ਦਾਦੇ ਦਾ ਕਤਲ । ਜ਼ਬਰਦਸਤੀ ਅੰਮਿ੍ਤ ਛਕਾਉਣਾ । ਇਹ ਦਿ੍ਸ਼ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੇ । ਮੈਂ ਰਾਤ ਨੂੰ ਉੱਠ ਕੇ ਤੁਰ ਪੈਂਦੀ ਸੀ । ਆਪ ਮੁਹਾਰੇ ਬੋਲਣ ਲੱਗ ਪੈਂਦੀ । ਮੇਰੇ ਅੰਦਰ ਇਕ ਸੰਘਰਸ਼ ਚਲ ਪਿਆ ਸੀ । ਜਨਕੋ ਦੁਲਾਰੀ ਬਥੇਰਾ ਸਮਝਾਉਂਦੀ, ਪਰ ਮੈਂ ਰੋਗਣ ਹੋ ਗਈ ਸੀ । ਮੈਨੂੰ ਕੱਟੇ-ਵੱਢੇ ਔਰਤਾਂ ਮਰਦ ਦਿਖਦੇ । ਕਿਸੇ ਦੀਆਂ ਲੱਤਾਂ ਵੱਢੀਆਂ ਹੁੰਦੀਆਂ, ਕਿਸੇ ਦੀਆਂ ਬਾਂਹਾਂ । ਇਕ ਰਾਤ ਤਾਂ ਕਹਿਰ ਹੋ ਗਿਆ । ਮੇਰੇ ਤਾਏ ਦੀ ਧੀ ਸੁਲਤਾਨਾ ਮੇਰੀ ਪੁਆਂਦੀ ਆ ਖੜ੍ਹੀ ਹੋਈ । ਉਹਦੀਆਂ ਦੋਨੋਂ ਛਾਤੀਆਂ ਵੱਢੀਆਂ ਹੋਈਆਂ ਸਨ । ਖ਼ੂਨ ਦੀਆਂ ਤਤੀਰੀਆਂ ਵਹਿ ਰਹੀਆਂ ਸਨ । ਮੇਰੀ ਚੀਕ ਨਿਕਲ ਗਈ ਸੀ ।
ਜਨਕੋ ਦੁਲਾਰੀ ਓਪਰੀ ਕਸਰ ਸਮਝ ਕੇ ਮੈਨੂੰ ਸ਼ਹਿਰ ਦੇ ਇਕ ਮੰਦਰ ਵਿਚ ਲੈ ਗਈ । ਉਥੇ ਇਕ ਪੰਡਿਤ ਪਾਣੀ ਪੜ੍ਹ ਕੇ ਦਿੰਦਾ ਸੀ । ਮੰਦਰ ਗਈਆਂ, ਤਾਂ ਮੰਦਰ ਦੇ ਬਾਹਰ 'ਗਰਵ ਸੇ ਕਹੋ ਹਮ ਹਿੰਦੂ ਹੈ' ਦੇ ਨਾਅਰੇ ਲੱਗ ਰਹੇ ਸਨ । ਇਕ ਖਾਕੀ ਨਿੱਕਰ ਵਾਲਾ ਤੀਂਘੜ-ਤੀਂਘੜ ਕੇ ਨਾਅਰੇ ਲਾ ਰਿਹਾ ਸੀ । ਲੋਕ ਉਸਦੇ ਮਗਰ ਬੋਲ ਰਹੇ ਸਨ । ਅੰਦਰ ਵੜੀਆਂ ਤਾਂ ਪੰਡਿਤ ਜੀ ਗੀਤਾ ਉਪਦੇਸ਼ ਦੇ ਰਹੇ ਸਨ-
''ਭਗਵਾਨ ਕਿ੍ਸ਼ਨ, ਅਰਜਨ ਨੂੰ ਉਪਦੇਸ਼ ਦਿੰਦੇ ਹਨ ਕਿ ਤੂੰ ਯੁੱਧ ਕਰ । ਇਹ ਧਰਮ ਦੀ ਅਧਰਮ 'ਤੇ ਜਿੱਤ ਹੋਏਗੀ । ਜੇ ਤੂੰ ਜਿੱਤ ਗਿਆ ਤਾਂ ਰਾਜ- ਭਾਗ ਮਿਲੇਗਾ । ਹਾਰ ਗਿਆ ਤਾਂ ਸਵਰਗਾਂ 'ਚ ਜਾਏਂਗਾ । ਕਿਉਂਕਿ ਤੂੰ ਧਰਮ- ਯੁੱਧ ਲੜ ਰਿਹਾ ਹੈਂ ।"
ਮੈਂ ਉਥੋਂ ਵੀ ਭੱਜ ਲਈ ਸੀ । ਜਨਕੋ ਦੁਲਾਰੀ ਮੇਰੇ ਨਾਲ ਹੀ ਤੁਰ ਪਈ ਸੀ । ਉਹਨੇ ਮੈਨੂੰ ਹੋਰ ਤੰਗ ਨਾ ਕੀਤਾ ।
ਮੈਂ ਗੁਰਦੁਆਰੇ, ਮੰਦਰ ਜਾਣਾ ਬੰਦ ਕਰ ਦਿੱਤਾ । ਜਦੋਂ ਚਲੇ ਜਾਂਦੀ, ਉਨ੍ਹਾਂ ਕੋਈ ਸਾਕਾ ਸੁਣਾਉਣਾ ਸ਼ੁਰੂ ਕਰ ਲੈਣਾ । ਉਸੇ ਵੇਲੇ ਮੇਰੇ ਹੱਥਾਂ ਵਿਚ ਦਾਦੇ ਦੇ ਗਿੱਟੇ ਆ ਜਾਂਦੇ । ਮੈਂ ਰਿਸ਼ਤੇਦਾਰੀ ਵਿਚ ਵੀ ਅਖੰਡ ਪਾਠਾਂ ਜਾਂ ਭੋਗਾਂ 'ਤੇ ਨਾ ਜਾਂਦੀ । ਜੇ ਜਾਣਾ ਪੈ ਜਾਏ ਤਾਂ ਆਪਣੇ ਆਪ ਨੂੰ ਕੰਮ ਵਿਚ ਉਲਝਾ ਲੈਂਦੀ ।
ਬਲਵੀਰ ਅੱਡ ਦੁਖੀ ਸੀ । ਪਿਓ-ਪੁੱਤ ਲੜ ਪੈਂਦੇ । ਘਰ ਵਿਚ ਕੰਮ ਨਹੀਂ ਸੀ । ਵਿਹਲੇ ਲੜ ਪੈਂਦੇ । ਬਚਿੱਤਰ ਉਹਨੂੰ ਆਪਣਾ ਮੁੰਡਾ ਵੀ ਸਵੀਕਾਰ ਨਹੀਂ ਕਰ ਰਿਹਾ ਸੀ । ਘਰ ਵਿਚ ਰੋਜ਼ ਕਲੇਸ਼ ਪਿਆ ਰਹਿੰਦਾ । ਘਰ ਜੁਆਨ ਧੀ ਬੈਠੀ ਸੀ । ਬਲਵੀਰ ਤਾਂ ਅੱਕ ਕੇ ਹੁਕਮੇ ਦੇ ਮੁੰਡੇ ਨਾਲ ਡਰਾਇਵਰੀ ਸਿੱਖਣ ਲੱਗ ਪਿਆ । ਡੇਢ ਸਾਲ ਮੁੰਡੇ ਨੇ ਬੜੇ ਧੱਕੇ ਖਾਧੇ ਪਰ ਪੂਰਾ ਡਰਾਇਵਰ ਬਣ ਗਿਆ ਸੀ । ਜਰਦਾ ਖਾਣ ਦੀ ਮਾੜੀ ਆਦਤ ਪੈ ਗਈ ਸੀ । ਇਕ ਦਿਨ ਸਿਰ ਤੇ ਦਾੜ੍ਹੀ ਦੇ ਵਾਲ ਮੁਨਾ ਕੇ ਆ ਗਿਆ ।
''ਦੇਖ ਸਾਲੇ ਨੇ ਖੁਸਰੇ ਦੀ ਅੱਡੀ ਅਰਗਾ ਮੂੰਹ ਕੱਢਿਆ ਪਿਆ ।" ਬਚਿੱਤਰ ਸਿੰਘ ਨੇ ਮੁੰਡੇ 'ਤੇ ਹੱਥ ਚੁੱਕ ਲਿਆ ਸੀ । ਉਹ ਕਿਹੜਾ ਘੱਟ ਸੀ । ਬੁੜ੍ਹਾ ਚੁੱਕ ਕੇ ਖੁਰਲੀ ਵਿਚ ਮਾਰਿਆ । ਇਹਨੂੰ ਗਲੀ ਕਰਾ ਕੇ ਮਜ਼ਾ ਆਇਆ ਸੀ ।
ਛਿੰਦਰ ਦਾ ਵਿਆਹ ਕਰ ਦਿੱਤਾ । ਵਿਆਹ ਤੋਂ ਬਾਅਦ ਮੇਰੀ ਹਾਲਤ ਹੋਰ ਤਰ੍ਹਾਂ ਦੀ ਹੋ ਗਈ । ਵਿਆਹ ਵਿਚ ਮੇਰੇ ਨਾਲ ਲਾਗੀਆਂ ਨਾਲੋਂ ਵੀ ਮਾੜਾ ਵਿਹਾਰ ਹੋਇਆ । ਜਿਵੇਂ ਛਿੰਦਰ ਦੀ ਮਾਂ ਮੈਂ ਨਾ ਹੋਵਾਂ । ਮੈਨੂੰ ਅੰਮੀ ਜਾਨ, ਅੱਬਾ ਜਾਨ, ਭਾਈ ਤੇ ਭੈਣਾਂ ਦੀ ਬਹੁਤ ਯਾਦ ਆਉਣ ਲੱਗ ਪਈ । ਫੇਰ ਮੈਨੂੰ ਦਾਦਾ ਜਾਨ ਤੇ ਉਹ ਕੁੜੀ ਤੰਗ ਕਰਨ ਲੱਗ ਪਏ । ਕੁੜੀ ਦੀ ਵੱਢੀ ਹੋਈ ਧੌਣ ਮੇਰੇ ਆਲੇ-ਦੁਆਲੇ ਚੱਕਰ ਕੱਢਣ ਲੱਗ ਪੈਂਦੀ । ਸੁਲਤਾਨਾ ਦੀਆਂ ਵੱਢੀਆਂ ਛਾਤੀਆਂ ਮੂਲਾ ਸਿੰਘ ਤੇ ਕਿਸ਼ੋਰ ਦੱਤ ਅਰਗਿਆਂ ਦੇ ਮੂੰਹਾਂ ਵਿਚ ਹੁੰਦੀਆਂ । ਪਤਾ ਨ੍ਹੀਂ ਇਕ ਦਿਨ ਮਨ ਵਿਚ ਕੀ ਆਇਆ । ਮੈਂ ਸਰਾਹਲ ਕਾਜ਼ੀਆਂ ਨੂੰ ਚਲੇ ਗਈ । ਬਾਲਾ ਪੀਰ ਨੂੰ ਅਜੇ ਜਾ ਕੇ ਸਜਦਾ ਹੀ ਕੀਤਾ ਸੀ । ਬਚਿੱਤਰ ਸਿੰਘ ਮੈਨੂੰ ਧੌਣ ਤੋਂ ਫੜ ਕੇ ਆਪਣੇ ਪਿੰਡ ਲੈ ਆਇਆ ਸੀ । ਪਰੈਣੀ ਨਾਲ ਮੇਰੀ ਝੋਟੇ ਕੁੱਟਣ ਆਂਗ ਕੁੱਟ-ਮਾਰ ਕੀਤੀ । ਮੈਂ ਇਸ ਨੂੰ ਬੁਲਾਉਣਾ ਬੰਦ ਕਰ 'ਤਾ ।
ਮੇਰੀ ਹਾਲਤ ਜ਼ਿਆਦਾ ਵਿਗੜ ਗਈ ਸੀ । ਮੇਰੇ ਕੰਨਾਂ ਵਿਚ ਸਾਕਾ ਸਰਹੰਦ ਗੂੰਜਦਾ ਰਹਿੰਦਾ । ਮੇਰੇ ਅੰਦਰ ਧਰਮ ਤੇ ਅਧਰਮ ਦੀ ਟੱਕਰ ਹੋ ਰਹੀ ਸੀ । ਜਮੀਲਾ ਜੀਉਂਦੀ ਹੋ ਰਹੀ ਸੀ । ਮੇਰੇ ਸਾਹਮਣੇ ਸਾਹਿਬਜ਼ਾਦੇ ਮੁਸਕਰਾ ਰਹੇ ਸੀ । ਨੀਹਾਂ ਵਿਚ ਚਿਣੀਆਂ ਮਾਸੂਮ ਜਿੰਦਾਂ । ਢਾਡੀਆਂ ਦੀਆਂ ਵਾਰਾਂ ਨੇ ਮੇਰੇ ਅੰਦਰ ਜੋਸ਼ ਭਰ 'ਤਾ । ਪ੍ਰਚਾਰਕ ਦੀ ਜਿਉਂ ਹੀ ਉਂਗਲੀ ਉੱਤੇ ਗਈ, ਮੈਂ ਗਾਤਰਾ ਲਾਹ ਦਿੱਤਾ ।
ਇਹ ਬੜਾ ਤੀਂਘੜਿਆ । ਭਾਈ ਨੂੰ ਗੁਰਦੁਆਰੇ ਤੋਂ ਲੈ ਆਇਆ ਸੀ ਪਰ ਮੈਂ ਕਿਸੇ ਦੀ ਨਾ ਮੰਨੀ ।
ਬਲਵੀਰ ਘਰ ਘੱਟ ਹੀ ਆਉਂਦਾ । ਉਹ ਕਦੇ ਕਿਸੇ ਦੀ ਗੱਡੀ 'ਤੇ ਡਰਾਇਵਰ ਲੱਗ ਜਾਂਦਾ, ਕਦੇ ਕਿਸੇ ਹੋਰ 'ਤੇ । ਚਾਰ-ਪੰਜ ਸਾਲ ਤੋਂ ਬਾਅਦ ਉਹਨੇ ਮੈਦਲੀ ਰੌਜ਼ੇ ਵਾਲੇ ਫ਼ਕੀਰਾਂ ਦੀ ਗੱਡੀ ਚਲਾਣੀ ਸ਼ੁਰੂ ਕਰ ਦਿੱਤੀ । ਬਚਿੱਤਰ ਸਿੰਘ ਇਹ ਸੁਣ ਕੇ ਗਾਲ੍ਹਾਂ ਕੱਢਣ ਲੱਗ ਪਿਆ ਸੀ । ਉਹਨੂੰ ਉਥੋਂ ਹਟ ਜਾਣ ਲਈ ਕਹਿੰਦਾ ਰਿਹਾ ਪਰ ਉਹ ਨਾ ਮੰਨਿਆ ।
ਤਿੰਨ-ਚਾਰ ਸਾਲ ਵਿਚ ਹੀ ਪੁੱਤ ਨੇ ਨਾਂ ਕਮਾ ਲਿਆ ਸੀ । ਫ਼ਕੀਰਾਂ ਦੇ ਨਜ਼ਦੀਕ ਹੋ ਗਿਆ ਸੀ । ਉਨ੍ਹਾਂ ਦਾ ਖ਼ਾਸ ਬੰਦਾ ਬਣ ਗਿਆ ਸੀ । ਘਰ ਪੈਸੇ ਦੇਣ ਲੱਗ ਪਿਆ ਸੀ । ਜ਼ਿਆਦਾਤਰ ਮੇਰੀ ਹਥੇਲੀ 'ਤੇ ਹੀ ਰੁਪਈਏ ਰੱਖਦਾ । ਇਹ ਸੜ ਜਾਂਦਾ । ਮੈਂ ਫੁੱਲੀ ਨਾ ਸਮਾਉਂਦੀ । ਪੁੱਤ ਨੇ ਕੋਠੀ ਬਣਾ ਕੇ ਘਰ ਦੀ ਗੰਦਗੀ ਕੱਢ ਦਿੱਤੀ ਸੀ । ਘਰ ਪੈਸੇ ਆਉਂਦੇ ਦੇਖ ਕੇ ਇਹ ਚੁੱਪ ਹੋ ਗਿਆ ਸੀ । ਮੈਂ ਰੌਜ਼ੇ ਜਾਂਦੀ । ਇਹ ਮੈਨੂੰ ਰੋਕਦਾ ਨਾ । ਜਿਸ ਦਿਨ ਫ਼ਕੀਰ ਨੇ ਘਰ ਫੇਰਾ ਪਾਉਣਾ ਹੁੰਦਾ । ਇਹ ਘਰੋਂ ਗਾਇਬ ਹੋ ਜਾਂਦਾ । ਗੁਰਦੁਆਰੇ ਜਾ ਵੜਦਾ । ਕਈ ਵਾਰ ਫ਼ਕੀਰਾਂ ਦੇ ਸ਼ਹਿਨਸ਼ਾਹੀ ਜੀਵਨ ਦੀਆਂ ਗੱਲਾਂ ਕਰਨ ਲੱਗ ਪੈਂਦਾ । ਫ਼ਕੀਰ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ ਸੀ । ਇਹ ਉਦੋਂ ਬੜਾ ਖੁਸ਼ ਹੁੰਦਾ ।
ਬਲਵੀਰ ਘਰ ਪ੍ਰਾਹੁਣਿਆਂ ਆਂਗ ਹੀ ਆਉਂਦਾ । ਰੌਜ਼ੇ ਦਾ ਸਾਰਾ ਕੰਮ ਸੰਭਾਲਣਾ ਪੈਂਦਾ ਸੀ । ਇਹ ਚਾਹੁੰਦਾ ਸੀ ਮੁੰਡਾ ਰੋਜ਼ ਘਰ ਆਵੇ । ਉਥੇ ਬਹੁਤਾ ਘੁਲੇ-ਮਿਲੇ ਨਾ । ਸਿਰਫ਼ ਕੰਮ ਕਰੇ ਤੇ ਮਾਇਆ ਘਰ ਲਿਆਵੇ । ਇਹਨੇ ਉਹਦਾ ਵਿਆਹ ਕਰਨਾ ਚਾਹਿਆ । ਇਕ ਵਾਰੀ ਘਰ ਆਇਆ ਤਾਂ ਵਿਆਹ ਬਾਰੇ ਗੱਲ ਤੋਰ ਲਈ । ਉਹ ਸੱਚੀ ਦਰਗਾਹ ਦੀਆਂ ਗੱਲਾਂ ਕਰਦਾ ਰਿਹਾ । ਉਹਦੇ ਮੂੰਹੋਂ ਫ਼ਕੀਰੀ ਲਾਈਨ ਦੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਹੋਈ । ਮੈਨੂੰ ਲੱਗਿਆ ਉਹਦੀ ਫ਼ਕੀਰਾਂ ਨਾਲ ਲਿਵ ਲੱਗ ਗਈ ਹੈ । ਇਹ ਉਹਦੀਆਂ ਗੱਲਾਂ ਸੁਣ ਕੇ ਸੜ ਗਿਆ ਸੀ । ਉਹ ਵਿਆਹ ਦਾ ਭੋਗ ਹੀ ਪਾ ਗਿਆ ਸੀ ।
ਮੈਂ ਕੁਝ ਦਿਨਾਂ ਬਾਅਦ ਰੌਜ਼ੇ ਗਈ । ਦੇਖਿਆ ਕਿ ਬਲਵੀਰ ਬਲਵੀਰ ਨਹੀਂ ਰਿਹਾ । ਦਾਦੂ ਸ਼ਾਹ ਬਣ ਗਿਆ ਹੈ ।
ਤੋਖਾ ਸਾਡਾ ਗੁਆਂਢੀ ਹੈ । ਕੰਧ ਨਾਲ ਕੰਧ ਲੱਗਦੀ ਹੈ । ਉਹਨੇ ਉਨ੍ਹਾਂ ਦਿਨਾਂ ਵਿਚ ਹੀ ਘਰ ਭੋਗ ਰਖਾ ਲਿਆ ਸੀ । ਮੈਨੂੰ ਮਜਬੂਰਨ ਉਥੇ ਜਾਣਾ ਪਿਆ । ਭੋਗ ਪਿਆ ਤਾਂ ਢਾਡੀ ਵਾਰਾਂ ਗਾਉਣ ਲੱਗ ਪਏ । ਪ੍ਰਚਾਰਕ ਨੇ ਸ਼ੁਰੂ ਹੀ ਇਥੋਂ ਕੀਤਾ-
''ਖਾਲਸਾ ਜੀ, ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾ ਲਈ । ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ 'ਤਾ ਪਰ ਗੁਰੂ ਦੇ ਸਿੰਘਾਂ ਨੇ ਧਰਮ ਨ੍ਹੀਂ ਬਦਲਿਆ । ਸਿੰਘਣੀਆਂ ਨੇ ਆਪਣੇ ਪੁੱਤਾਂ ਦੀਆਂ ਬੋਟੀਆਂ-ਬੋਟੀਆਂ ਕਰਾ ਕੇ ਝੋਲੀਆਂ ਵਿਚ ਪਾ ਲਈਆਂ ਪਰ ਖਾਲਸਾ ਜੀ ਧਰਮ 'ਤੇ ਕਾਇਮ ਰਹੀਆਂ ।"
ਉਹਦੇ ਭਾਸ਼ਣ ਨਾਲ ਮੇਰੇ ਲੂੰਅ-ਕੰਡੇ ਖੜ੍ਹੇ ਹੋ ਗਏ । ਮੈਨੂੰ ਆਪਣਾ ਆਪ ਦੋਸ਼ੀ ਲੱਗਿਆ । ਉਸੇ ਵੇਲੇ ਦਾਦੇ ਦਾ ਅੱਧਾ ਸਰੀਰ ਹਵਾ ਵਿਚ ਲਟਕ ਗਿਆ । ਗਿੱਟੇ ਮੇਰੇ ਹੱਥਾਂ ਵਿਚ ਆ ਗਏ । ਮੈਂ ਅੱਖਾਂ ਤੇ ਮੁੱਠੀਆਂ ਮੀਟ ਲਈਆਂ । ਅੱਖ ਖੋਲ੍ਹੀ ਤਾਂ ਧੌਣ-ਵੱਢੀਓ ਕੁੜੀ ਸਾਹਮਣੇ ਆ ਗਈ । ਉਹਦਾ ਧੜ ਮੇਰੇ ਵੱਲ ਨੂੰ ਵਧ ਰਿਹਾ ਸੀ । ਉਹ ਮੈਨੂੰ ਚਿੜਾ ਰਹੀ ਸੀ ਜਾਂ ਵੰਗਾਰ ਰਹੀ ਸੀ, ਪਤਾ ਨਹੀਂ ਲੱਗ ਰਿਹਾ ਸੀ । ਖ਼ੂਨ ਨਾਲ ਨੁੱਚੜਦੀ ਹੋਈ ਸੁਲਤਾਨਾ ਮੇਰੇ ਮੋਹਰੇ ਖੜ੍ਹੀ ਸੀ । ਉਹਦੀਆਂ ਛਾਤੀਆਂ ਵਿਚੋਂ ਨਿਕਲਦਾ ਲਹੂ, ਦਰਿਆ ਦਾ ਰੂਪ ਧਾਰਨ ਕਰ ਗਿਆ ਸੀ । ਮੇਰੀ ਅੰਮਾ ਤੇ ਭੈਣਾਂ ਦੀਆਂ ਚੀਕਾਂ ਮੇਰੇ ਕੰਨੀਂ ਪਈਆਂ । ਉਸ ਵੇਲੇ ਮੈਨੂੰ ਦੰਦਲ ਪੈ ਗਈ ।
ਹੋਸ਼ ਵਿਚ ਆਈ ਤਾਂ ਮੇਰੇ ਸਾਹਮਣੇ ਬਲਵੀਰ ਬੈਠਾ ਸੀ । ਮੈਨੂੰ ਬੇਹੋਸ਼ ਨੂੰ ਰੌਜ਼ੇ ਲੈ ਆਇਆ ਸੀ । ਕਈ ਦਿਨ ਰੌਜ਼ੇ ਰਹੀ । ਬਿਲਕੁਲ ਠੀਕ ਹੋ ਗਈ ਸੀ । ਇਹ ਸਾਰੀ ਕਿਰਪਾ ਮੇਰੇ ਪੁੱਤ ਦੀ ਹੋਈ ਸੀ, ਸਾਈਂ ਦਾਦੂ ਸ਼ਾਹ ਦੀ । ਮੈਂ ਕਦੇ ਪਿੰਡ ਚਲੇ ਜਾਂਦੀ ਤੇ ਕਦੇ ਰੌਜ਼ੇ । ਬਚਿੱਤਰ ਸਿੰਘ ਕਚੀਚੀਆਂ ਵੱਟਦਾ ਰਹਿੰਦਾ ਪਰ ਬੇਵੱਸ ਸੀ ।
ਉਸ ਦਿਨ ਜਦੋਂ ਰੌਜ਼ੇ ਤੋਂ ਘਰ ਮੁੜੀ ਤਾਂ ਬਚਿੱਤਰ ਸਿੰਘ ਨੇ ਕਿਰਪਾਨ ਕੱਢ ਲਈ ਸੀ । ਕਹਿਣ ਲੱਗਾ-
''ਕੁਲੱਛਣੀਏ, ਮੇਰਾ ਪੁੱਤ ਮੁਸਲਮਾਨ ਬਣਾ 'ਤਾ ।"
ਪਿਛਲੇ ਹਫਤੇ ਫ਼ਕੀਰ ਨੁਸਰਤ ਖਾਂ ਦਾ ਇੰਤਕਾਲ ਹੋ ਗਿਆ ਸੀ । ਉਹ ਜਾਣ ਵੇਲੇ ਆਪਣੇ ਦਾਦੂ ਸ਼ਾਹ ਨੂੰ ਗੱਦੀ ਨਸ਼ੀਨ ਬਣਾ ਗਏ । ਜਿਸ ਦਿਨ ਇਹ ਰਸਮ ਹੋਣੀ ਸੀ, ਮੈਂ ਬੱਚਿਤਰ ਸਿੰਘ ਨੂੰ ਲਿਆਉਣ ਲਈ ਕਾਰ ਦੇ ਕੇ ਡਰਾਇਵਰ ਭੇਜਿਆ ਸੀ । ਮਰ ਜਾਣਾ ਆਇਆ ਹੀ ਨ੍ਹੀਂ । ਸਗੋਂ ਮੈਨੂੰ ਘਰ ਗਈ ਨੂੰ ਵੱਢਣ ਨੂੰ ਫਿਰੇ । ਨਾਲੇ ਮੇਰੇ ਪੁੱਤ ਦਾਦੂ ਸ਼ਾਹ ਨੂੰ । ਮੈਂ ਭਲਾ ਇਸ ਤੋਂ ਡਰਦੀ ਹਾਂ । ਬਿਲਕੁਲ ਨ੍ਹੀਂ । ਇਹ ਤੇ ਹੁਣ ਮਰਿਆ ਸੱਪ ਆ । ਮੈਂ ਗਲ ਨ੍ਹੀਂ ਪਾਉਣਾ ਚਾਹੁੰਦੀ ।
ਰੌਜ਼ੇ ਜਾਂਦੀ ਹਾਂ । ਇਕ-ਦੋ ਜਣੇ ਮੈਨੂੰ 'ਜਮੀਲਾ ਬੀਬੀ' ਕਹਿ ਕੇ ਬੁਲਾਉਂਦੇ ਨੇ । ਮੈਨੂੰ ਕੋਈ ਇਸ ਤਰ੍ਹਾਂ ਬੁਲਾਏ ਤਾਂ ਚੰਗਾ-ਚੰਗਾ ਲਗਦਾ ਹੈ ।
''ਅੰਮਾਂ, ਕੋਈ ਇੱਛਾ?" ਮੇਰੇ ਦਾਦੂ ਸ਼ਾਹ ਨੇ ਆਪਣੀ ਅੰਮਾ ਜਾਨ ਤੋਂ ਪੁੱਛਿਆ ਹੈ ।
ਮੈਂ ਸਰਾਹਲ ਕਾਜ਼ੀਆਂ ਵੱਲ ਉਂਗਲੀ ਕੀਤੀ ਹੈ । ਬਾਲਾ ਪੀਰ ਦਾ ਦੱਸ ਕੇ ਰੋ ਪਈ ਹਾਂ । ਪੁੱਤ ਨੇ ਮੇਰੇ ਅੱਥਰੂ ਪੂੰਝੇ ਹਨ । ਮੇਰੇ ਬੈਠਿਆਂ ਹੀ ਉਥੋਂ ਦੇ ਪ੍ਰਬੰਧ ਬਾਰੇ ਡਿਊਟੀਆਂ ਲਾ ਦਿੱਤੀਆਂ ਨੇ । ਉਜਾੜ ਪਈ ਜਗ੍ਹਾ ਨੂੰ ਰੌਸ਼ਨ ਕਰਨ ਲਈ ਸੇਵਾਦਾਰ ਚਲ ਵੀ ਪਏ ਨੇ ।
ਅੱਜ ਮੈਂ ਆਪਣੀ ਜਨਮ ਭੋਇੰ 'ਤੇ ਬੈਠੀ ਹਾਂ । ਬਾਲਾ ਪੀਰ ਦੇ ਰੌਜ਼ੇ 'ਤੇ । ਪੀਰ ਜੀ ਦਾ ਉਰਸ ਮਨਾਇਆ ਜਾ ਰਿਹਾ । ਚਹੁੰ ਪਾਸੀਂ ਸੰਗਤ ਹੀ ਸੰਗਤ ਦਿਖਾਈ ਦੇ ਰਹੀ ਹੈ । ਤਿੱਲ ਸੁੱਟਣ ਨੂੰ ਵੀ ਜਗ੍ਹਾ ਨ੍ਹੀਂ ਹੈ । ਮੇਰੇ ਲਾਲ ਨੇ ਮੈਨੂੰ ਆਪਣੇ ਕੋਲ ਸਟੇਜ 'ਤੇ ਬਿਠਾਇਆ ਹੋਇਆ । ਕੱਵਾਲ ਕੱਵਾਲੀਆ ਗਾਉਣ ਲੱਗੇ ਹੋਏ ਨੇ । ਇਹ ਰੁਪਇਆਂ ਦਾ ਮੀਂਹ ਵਰ੍ਹਾ ਰਿਹਾ ਹੈ । ਛੇ ਫੁੱਟ ਲੰਮਾ । ਗੋਰਾ ਨਿਛੋਹ । ਹਰੇ ਬਸਤਰਾਂ ਵਿਚ ਨੂਰੋ ਨੂਰ ਹੋਇਆ ਪਿਆ । ਇਹ ਮੈਨੂੰ ਪੁੱਤ ਨ੍ਹੀਂ ਦਾਦਾ ਲੱਗ ਰਿਹਾ ।
ਮੈਂ ਡਰਾਈਵਰ ਨੂੰ ਨਾਲ ਲੈ ਕੇ ਕਾਰ ਵਿਚ ਬੈਠਦੀ ਹਾਂ । ਬਚਿੱਤਰ ਸਿੰਘ ਦੇ ਪਿੰਡ ਜਾਣ ਦਾ ਇਸ਼ਾਰਾ ਕਰਦੀ ਹਾਂ । ਪਤਾ ਨ੍ਹੀਂ ਮੇਰੇ ਮਨ ਵਿਚ ਕੀ ਆਈ ਹੈ ।
ਪਿੰਡ ਪੁੱਜਦੀ ਹਾਂ । ਮੈਂ ਖੁਸ਼ੀ ਵਿਚ ਬਾਵਰੀ ਹੋਈ ਪਈ ਹਾਂ । ਕਿਲਕਾਰੀਆਂ ਮਾਰਨ ਨੂੰ ਚਿੱਤ ਕਰਦਾ ਹੈ ।....ਬਚਿੱਤਰ ਸਿੰਘ ਦੇ ਘਰ ਆ ਗਈ ਹਾਂ । ਬੁੱਢਾ ਮੰਜੇ 'ਤੇ ਲਾਸ਼ ਬਣਿਆ ਪਿਆ ।...ਮੈਂ ਚੁਬਾਰੇ 'ਤੇ ਚੜ੍ਹਦੀ ਹਾਂ । ਮੇਰੀਆਂ ਅੱਖਾਂ ਜਥੇਦਾਰ ਮੂਲਾ ਸਿੰਘ ਤੇ ਪੰਡਿਤ ਕਿਸ਼ੋਰ ਦੱਤ ਅਰਗਿਆਂ ਨੂੰ ਲੱਭਦੀਆਂ ਨੇ । ਮੈਂ ਉਨ੍ਹਾਂ ਨੂੰ ਸਰਾਹਲ ਕਾਜ਼ੀਆਂ ਲਿਜਾਣਾ ਚਾਹੁੰਦੀ ਹਾਂ । ਦੱਸਣਾ ਚਾਹੁੰਦੀ ਹਾਂ ਕਿ ਇਕਬਾਲ ਹੁਸੈਨ ਅਜੇ ਮੋਇਆ ਨ੍ਹੀਂ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ