Ik Raja Si (Bangla Story in Punjabi) : Rabindranath Tagore

ਇਕ ਰਾਜਾ ਸੀ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

"ਇਕ ਰਾਜਾ ਸੀ।"
ਬਾਲ ਅਵਸਥਾ ਵਿਚ ਇਹ ਪਤਾ ਕਰਨ ਦਾ ਖਿਆਲ ਵੀ ਨਹੀਂ ਸੀ, ਕਿ ਕਹਾਣੀ ਵਿਚ ਜੋ ਰਾਜਾ ਹੈ, ਓਹ ਕੌਣ ਸੀ, ਇਸ ਗਲ ਦੀ ਪਰਵਾਹ ਹੀ ਨਹੀਂ ਸੀ, ਕਿ ਇਸ ਦਾ ਨਾਂ ਭੀਮ ਬਲਰਾਮ ਯਾ ਦਰਯੋਧਨ ਸੀ, ਉਹ ਦਿੱਲੀ ਵਿਚ ਰਹਿੰਦਾ ਸੀ, ਕਦੀ ਅਯੁਧਿਆ ਵਿਚ। ਇਕ ਸਤ ਸਾਲਾਂ ਦਾ ਬੱਚਾ ਤਾਂ ਇਸ ਗੱਲ ਵਿਚ ਖੁਸ਼ ਹੁੰਦਾ ਹੈ- ਕਿ "ਇਕ ਸੀ ਰਾਜਾ।"
ਪਰ ਅਜ ਕਲ ਦੇ ਜ਼ਮਾਨੇ ਦੇ ਲੋਕ ਹਰ ਇਕ ਗਲ ਦੀ ਜੜ੍ਹ ਤੱਕ ਪਹੁੰਚਨ ਦੀ ਕੋਸ਼ਸ਼ ਕਰਦੇ ਹਨ ਜਦੋਂ ਕਦੀ ਕੋਈ ਕਿੱਸਾ ਉਨ੍ਹਾਂ ਦੇ ਕੰਨਾਂ ਤਕ ਪਹੁੰਚਦਾ ਹੈ, ਤਾਂ ਇਸਦੇ ਹਰ ਹਿੱਸੇ ਤੇ ਧਿਆਨ ਦੇਨਾ ਓਹ ਆਪਣਾ ਫਰਜ਼ ਸਮਝਦੇ ਹੋਏ ਪੁਛਦੇ ਹਨ।
"ਰਾਜਾ ਤਾਂ ਸੀ, ਪਰ ਕੌਣ ?"

ਜਿਸ ਤਰ੍ਹਾਂ ਦੇ ਪਾਠਕ ਹਨ, ਉਸੇ ਤਰ੍ਹਾਂ ਦੇ ਕਹਾਨੀ ਲੇਖਕ ਹੋ ਗਏ ਹਨ, ਓਹ ਵੀ ਹਰ ਗਲ ਦਾ ਪਹਿਲਾਂ ਹੀ ਖਿਆਲ ਰਖਦੇ ਹਨ, ਅਤੇ ਕੋਈ ਵੀ ਗਲ ਮਤਲਬ ਕਢੇ ਤੋਂ ਬਿਨਾਂ ਨਹੀਂ ਰਹਿਣ ਦੇਂਦੇ ਜਦੋਂ ਓਹ ਕਹਾਨੀ ਲਿਖਦੇ ਹਨ, ਤਾਂ ਇਸ ਤਰ੍ਹਾਂ ਸ਼ੁਰੂ ਕਰਦੇ ਹਨ।
"ਚਿਰ ਹੋਇਆ ਇਕ ਰਾਜਾ ਸੀ, ਉਸ ਦਾ ਨਾਂ ਸੀ ਪਵਨ।"

ਪਰ ਫੇਰ ਵੀ ਕਈ ਪਾਠਕਾਂ ਨੂੰ ਤਸੱਲੀ ਨਹੀਂ ਹੁੰਦੀ, ਕਿਉਂਕਿ ਉਨਾਂ ਦਾ ਸੁਭਾ ਹੀ ਸ਼ਕ ਵਾਲਾ ਹੁੰਦਾ ਹੈ, ਹਰ ਗਲ ਤੇ ਟੋਕ ਮਟੋਕੀ ਕਰਨੀ ਆਪਨਾ ਫਰਜ਼ ਸਮਝਦੇ ਹਨ। ਅਤੇ ਫੇਰ ਪੁਛਦੇ ਹਨ ।
"ਕੇਹੜਾ ਪਵਨ ?"

ਬਾਲ ਅਵਸਥਾ ਵਿਚ ਕਦੀ ਵੀ ਕਿਸੇ ਗੱਲ ਦਾ ਖਿਆਲ ਨਹੀਂ ਆਇਆ, ਅਸੀਂ ਹਰ ਗਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਸਾਂ, ਜਿਸ ਤਰਾਂ ਸਾਨੂੰ ਕਿਸੇ ਗਲ ਦੀ ਲੋੜ ਹੀ ਨਹੀਂ, ਉਨ੍ਹਾਂ ਦਿਨਾਂ ਵਿਚ ਅਸੀਂ ਹਰ ਗਲ ਦੀ ਤੈਹ ਤਕ ਪਹੁੰਚ ਜਾਂਦੇ ਸਾਂ।

ਪਰ ਇਸ ਦੇ ਉਲਟ ਅਜ ਕਈ ਸਫੇ ਬੇ-ਫਾਇਦਾ ਕਾਲੇ ਕਰਨੇ ਪੈਂਦੇ ਹਨ, ਅਸਲ ਵਿਚ ਸਚਾਈ ਕੀ ਹੈ ਸਿਰਫ ਐਨੀ।
"ਇਕ ਸੀ ਰਾਜਾ ।"

ਮੈਨੂੰ ਉਹ ਦਿਨ ਅਜੇ ਤਕ ਨਹੀਂ ਭੁਲਿਆ ਜਦੋਂ ਇਹ ਕਹਾਣੀ ਸ਼ੁਰੂ ਹੋਈ ਸੀ, ਸ਼ਾਮ ਦਾ ਵੇਲਾ ਸੀ ਮੀਂਹ ਬਹੁਤ ਜ਼ੋਰ ਵਿਚ ਸੀ, ਕਲਕਤੇ ਦੇ ਬਜ਼ਾਰ ਗਲੀਆਂ, ਕੂਚੇ ਸਭਨਾਂ ਵਿਚ ਬਹੁਤ ਪਾਣੀ ਵਹਿ ਰਿਹਾ ਸੀ, ਇਹ ਪ੍ਰਤੀਤ ਹੁੰਦਾ ਸੀ, ਕਿ ਜਲ ਥਲ ਇਕ ਹੋ ਰਹੇ ਹਨ, ਸਾਡੀ ਗਲੀ ਵਿਚ ਵੀ ਗੋਡਿਆਂ ਤਕ ਪਾਣੀ ਵਹਿ ਰਿਹਾ ਸੀ, ਇਸ ਗਲ ਵਿਚ ਮੈਂ ਬਹੁਤ ਖੁਸ਼ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਇਸ ਤੁਫਾਨ ਵਿਚ ਮੇਰਾ ਮਾਸਟਰ ਨਹੀਂ ਆਵੇਗਾ ਮੈਂ ਬਰਾਂਡੇ ਵਿਚ ਕੁਰਸੀ ਉਤੇ ਬੈਠਾ ਹੋਇਆ ਕੁਦਰਤ ਦੇ ਇਸ ਸੋਹਣੇ ਨਕਸ਼ੇ ਦਾ ਸੁਆਦ ਲੈ ਰਿਹਾ ਸੀ, ਅਤੇ ਦੂਸਰੇ ਪਾਸੇ ਡਰ ਨਾਲ ਕੰਬ ਵੀ ਰਿਹਾ ਸੀ, ਮੇਰੀਆਂ ਅਖਾਂ ਮੀਂਹ ਦੀਆਂ ਕਨੀਆਂ ਅਤੇ ਅਸਮਾਨ ਦੇ ਬਦਲਾਂ ਵਲ ਸਨ, ਜਦੋਂ ਮੀਂਹ ਕੁਝ ਘਟ ਹੁੰਦਾ, ਮੇਰੇ ਦਿਲ ਦੀ ਧੜਕਨ ਵਧ ਜਾਂਦੀ, ਮੈਂ ਪ੍ਰਮਾਤਮਾਂ ਅਗੇ ਬੇਨਤੀ ਕਰਨ ਲੱਗਾ ਕਿ ਅਜ ਅਠ ਵਜੇ ਤਕ ਮੀਹ ਬੰਦ ਨਾ ਹੋਵੇ, ਖਿਆਲ ਇਹ ਸੀ, ਮਾਸਟਰ ਨਾ ਆਏ ਅਤੇ ਮੈਨੂੰ ਇਸ ਗਲੋਂ ਛੁਟੀ ਮਿਲੇ, ਪਤਾ ਨਹੀਂ ਇਹ ਮੇਰੀ ਬੇਨਤੀ ਦਾ ਅਸਰ ਸੀ ਰਬ ਦੀ ਮਰਜ਼ੀ ਮੀਹ ਬੰਦ ਨਾ ਹੋਇਆ, ਪਰ ਅਫਸੋਸ ਮੇਰਾ ਮਾਸਟਰ ਆ ਗਿਆ, ਜਿਸ ਵੇਲੇ ਮੈਨੂੰ ਇਸ ਦੀ ਛਤਰੀ ਦਿੱਸੀ, ਮੇਰੇ ਦਿਲ ਵਿਚ ਜੋ ਖੁਸ਼ੀ ਦੀ ਲਹਿਰ ਸੀ, ਉਹ ਇਕ ਦਮ ਬਸ ਹੋ ਗਈ, ਆਸ ਉਮੀਦੀ ਬਦਲ ਗਈ, ਦਿਲ ਟੋਟੇ ਟੋਟੇ ਹੋ ਗਿਆ, ਮੈਂ ਦਿਲ ਹੀ ਦਿਲ ਵਿਚ ਬਹੁਤ ਗਾਲ੍ਹਾਂ ਕਢੀਆਂ ਉਸਦੀ ਛਤਰੀ ਵੇਖਦਿਆਂ ਹੀ ਮੈਂ ਆਪਣੀ ਮਾਤਾ ਅਤੇ ਦਾਦੀ ਜੋ ਤਾਸ਼ ਵਿਚ ਮਗਨ ਸਨ, ਕੋਲ ਗਿਆ ਅਤੇ ਉਛਲ ਕੇ ਮੰਜੀ ਤੇ ਚੜ੍ਹ ਗਿਆ, ਅਤੇ ਚੱਦਰ ਲੈ ਕੇ ਲੰਮਾ ਪੈ ਗਿਆ, ਫੇਰ ਮਾਂ ਨੂੰ ਕਿਹਾ ।

"ਮਾਤਾ ਜੀ, ਮਾਸਟਰ ਸਾਹਿਬ ਆ ਗਏ ਹਨ, ਪਰ ਮੇਰੇ ਸਿਰ ਵਿਚ ਬਹੁਤ ਪੀੜ ਹੋ ਰਹੀ ਹੈ।
"ਮੇਰਾ ਖਿਆਲ ਹੈ ਕਿ ਅਜ ਸਬਕ ਨਾ ਲਵਾਂ ਤਾਂ ਚੰਗਾ ਹੈ।"

ਮੇਰਾ ਖਿਆਲ ਹੈ ਕਿ ਇਹ ਰਾਨੀ ਕਿਸੇ ਬੱਚੇ ਨੂੰ ਪੜ੍ਹਣ ਵਾਸਤੇ ਨਾ ਦਿਤੀ ਜਾਵੇਗੀ ਅਤੇ ਖਾਸ ਕਰਕੇ ਵਿਦਯਾਰਥੀਆਂ ਦੀਆਂ ਪੜ੍ਹਨ ਵਾਲੀਆਂ ਪੋਥੀਆਂ ਵਿਚ ਇਸ ਦਾ ਲਿਖਿਆ ਜਾਨਾ ਬਿਲਕੁਲ ਨਾਂ ਮੁਮਕਿਨ ਹੈ, ਕਿਉਂਕਿ ਮੇਰੀ ਓਹ ਗਲ ਬਿਲਕੁਲ ਫਜ਼ੂਲ ਤੇ ਨਾ ਮੁਨਾਸਿਬ ਸੀ, ਅਤੇ ਫੇਰ ਵਾਧਾ ਏਹ ਕਿ ਦੰਡ ਮਿਲਨ ਦੀ ਥਾਂ ਮੇਰੀ ਏਹ ਫਜ਼ੂਲ ਬੇਨਤੀ ਮਨਜ਼ੂਰ ਹੋ ਗਈ, ਹੁਣ ਜਦ ਮੈਂ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ । ਆਪਨੇ ਉਤੇ ਤਾਂ ਹੋਨੀ ਹੀ ਚਾਹੀਦੀ ਹੈ ਨਾਲ ਮਾਂ ਤੇ ਵੀ, ਮਾਂ ਨੇ ਕਿਹਾ ।
"ਅੱਛਾ"
ਫੇਰ ਨੌਕਰ ਨੂੰ ਕਿਹਾ।

"ਮਾਸਟਰ ਨੂੰ ਇਹ ਕੈਹ ਕੇ ਕਿ ਉਹ ਮੁੜ ਜਾਵੇ, ਬਚੇ ਦੇ ਸਿਰ ਪੀੜ ਹੁੰਦੀ ਹੈ" ਇਹ ਤਾਂ ਸਾਫ ਪਤਾ ਲਗਦਾ ਹੈ ਕਿ ਮਾਂ ਨੇ ਮੇਰੀ ਇਸ ਝੂਠੀ ਬਿਮਾਰੀ ਨੂੰ ਕੋਈ ਡਰ ਵਾਲਿਆਂ ਨਹੀਂ ਖਿਆਲ ਕੀਤਾ, ਓਹ ਕਿੰਨਾਂ ਚਿਰ ਤਾਸ਼ ਖੇਡਦੀ ਰਹੀਆਂ, ਕਿਉਕਿ ਮੇਰੀ ਮਾਂ ਮੈਨੂੰ ਚੰਗੀ ਤਰਾਂ ਜਾਨਦੀ ਸੀ, ਪਾਠਕ ਇਹ ਤਾਂ ਜਾਨਦੇ ਹਨ ਕਿ ਇਕ ਸਤਾਂ ਵਰ੍ਹਿਆਂ ਦੇ ਬਚੇ ਲਈ ਬਹੁਤਾ ਚਿਰ ਬਹਾਨਾ ਚਲਾਣਾ ਮੁਸ਼ਕਿਲ ਹੀ ਨਹੀਂ ਸਗੋਂ ਅਨਹੋਣੀ ਗੱਲ ਹੈ, ਪੰਜਾਂ ਮਿੰਟਾਂ ਪਿਛੋਂ ਹੀ ਮੈਂ ਦਾਦੀ ਨਾਲ ਚੰਬੜ ਗਿਆ ਅਤੇ ਉਸਦੇ ਮੂੰਹ ਕੋਲ ਆਪਣਾ ਮੂੰਹ ਲੈ ਜਾ ਕੇ ਕਿਹਾ ।
"ਅੰਮਾਂ ਕਈ ਕਹਾਨੀ ਸੁਨਾ ?"

ਪਰ ਓਹ ਆਪਣੀ ਖੇਡ ਵਿਚ ਐਨੀ ਮਗਨ ਸੀ ਕਿ ਮੈਨੂੰ ਕਿੰਨਾਂ ਚਿਰ ਉਡੀਕਨਾ ਪਿਆ ਅਤੇ ਕਿੰਨੀ ਵਾਰੀ ਕਿਹਾ, ਓੜਕ ਮੈਂ ਬਹੁਤ ਰੌਲਾ ਪਾਇਆ ਤਾਂ ਮਾਂ ਨੇ ਕਿਹਾ ।

"ਐਨਾਂ ਰੌਲਾਂ ਕਿਓਂ ਪਾਨਾ ਪਿਆ ਏ, ਜ਼ਰਾ ਠੈਹਰ ਜਾ ਐਹ ਬਾਜੀ ਖਤਮ ਕਰ ਲੈਨ ਦੇਹ" ਪਰ ਮੈਂ ਫੇਰ ਵੀ ਨਾ ਹਟਿਆ ਤਾਂ ਮਾਂ ਨੇ ਗੁੱਸੇ ਵਿਚ ਆਕੇ ਪੱਤੇ ਸੁਟ ਦਿਤੇ ਅਤੇ ਬੋਲੀ।
"ਦਸ ਕੀ ਕਹਿਨੈ ।"
ਮੈਂ ਉਸਦਾ ਦੁਪੱਟਾ ਫੜ ਲਿਆ ਅਤੇ ਆਪਣੀ ਮੰਜੀ ਵੱਲ ਲੈ ਗਿਆ, ਫੇਰ ਬੋਲਿਆ ।
"ਕੋਈ ਕਹਾਨੀ ਸੁਨਾਓ ।"
ਉਨ੍ਹਾਂ ਨੇ ਕਹਾਨੀ ਸ਼ੁਰੂ ਕੀਤੀ।

"ਇਕ ਰਾਜਾ ਸੀ?"
"ਫਿਰ ?"
"ਇਸ ਦੀ ਇਕ ਰਾਨੀ ਸੀ।"
ਮੈਂ ਸੋਚਿਆ ਇਹ ਤਾਂ ਬਹੁਤ ਚੰਗਾ ਹੋਇਆ ਜੇ ਦੋ ਰਾਨੀਆਂ ਹੁੰਦੀਆਂ ਤਾਂ ਇਕ ਜਰੂਰ ਭੈੜੀ ਕਿਸਮਤ ਵਾਲੀ ਹੁੰਦੀ ।
"ਅੱਛਾ ਫੇਰ ?"
ਰਾਜੇ ਦੇ ਘਰ ਕੋਈ ਪੁਤ੍ਰ ਨਹੀਂ ।
ਇਸ ਛੋਟੀ ਉਮਰ ਵਿਚ ਮੈਨੂੰ ਇਸ ਗਲ ਦਾ ਖਿਆਲ ਨਹੀਂ ਸੀ ਕਿ ਮੁੰਡਾ ਨਾ ਹੋਣਾ ਵੀ ਭੈੜੀ ਕਿਸਮਤ ਹੈ, ਫੇਰ ਮਾਂ ਨੇ ਕਿਹਾ ।
"ਰਾਜਾ ਤਪ ਕਰਨ ਜੰਗਲ ਵਿਚ ਚਲਾ ਗਿਆ ।"
ਮੈਨੂੰ ਨਾ ਤਾਂ ਇਸ ਗਲ ਤੇ ਅਫਸੋਸ ਹੋਇਆ ਅਤੇ ਨਾ ਹੀ ਹੈਰਾਨੀ, ਦਾਦੀ ਨੇ ਕਹਾਣੀ ਨੂੰ ਮਨਾਉਂਦਿਆਂ ਸੁਣਾਉਂਦਿਆਂ ਕਿਹਾ।

ਰਾਜਾ ਆਪਨੀ ਰਾਨੀ ਅਤੇ ਇਹ ਛੋਟੀ ਜਹੀ ਕੁੜੀ ਨੂੰ ਮਹੱਲ ਵਿਚ ਛੱਡ ਗਿਆ ਸੀ, ਬਾਰਾਂ ਸਾਲ ਹੋ ਗਏ ਰਾਜਾ ਬਨ ਵਿਚ ਤਪ ਕਰਦਾ ਰਿਹਾ ਉਸਨੂੰ ਪਿਛੇ ਰਾਜ ਦਾ ਕੁਝ ਖਿਆਲ ਹੀ ਨਾ ਰਿਹਾ, ਅਤੇ ਨਾ ਹੀ ਕੁੜੀ ਦਾ, ਕਿ ਓਹ ਕੁੜੀ ਹੁਣ ਜਵਾਨੀ ਅਤੇ ਹੁਸਨ ਵਿਚ ਭਰਪੂਰ ਹੋ ਗਈ ਹੋਵੇਗੀ ।

ਰਾਜ ਕੰਨਿਆ ਦੇ ਜੋਬਨ ਦਾ ਸੂਰਜ ਬਹੁਤ ਵਧ ਚੁਕਾ ਸੀ ਅਤੇ ਜਵਾਨੀ ਦੀ ਦੁਪੈਹਰ ਢੱਲ ਰਹੀ ਸੀ, ਜੇਹੜੀ ਕਲੀ ਸੀ, ਫੇਰ ਫੁਲ, ਅਤੇ ਹੁਣ ਓਹ ਵੀ ਮੁਰਝਾ ਰਿਹਾ ਸੀ, ਮਹਾਰਾਨੀ ਨੂੰ ਇਸ ਗਲ ਦਾ ਬਹੁਤ ਫਿਕਰ ਸੀ ਅਤੇ ਹਰ ਵੇਲੇ ਇਸੇ ਖਿਆਲ ਵਿਚ ਡੁਬੀ ਰਹਿੰਦੀ ਸੀ, ਧੀ ਦੀ ਜਵਾਨੀ ਉਸਦੀਆਂ ਅੱਖਾਂ ਅਗੇ ਰੁਲਦੀ ਜਾਂਦੀ ਸੀ, ਓਹ ਵੇਖਕੇ ਘਬਰਾਉਂਦੀ ਵੀ ਕਈ ਵਾਰੀ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਮੇਰੀ ਧੀ ਇਸ ਤਰ੍ਹਾਂ ਕੁਆਰੀ ਹੀ ਆਪਣਾ ਜੀਵਨ ਖਤਮ ਕਰ ਦੇਵੇਗੀ ? ਤਾਂ ਇਸਦੀ ਅਤੇ ਮੇਰੀ ਬਦਕਿਸਮਤੀ ਵਿਚ ਕੀ ਸ਼ਕ ਹੈ ?

ਕਾਫੀ ਸੋਚ ਵਿਚਾਰ ਤੋਂ ਪਿਛੋਂ ਰਾਨੀ ਨੇ ਇਕ ਦੂਤ ਭੇਜਿਆ, ਤੇ ਰਾਜੇ ਨੂੰ ਕਹਿ ਭੇਜਿਆ, ਕਿ ਮੇਹਰਬਾਨੀ ਕਰ ਕੇ ਇਕ ਦਿਨ ਲਈ ਹੀ ਮਹਲ ਵਿਚ ਆ ਕੇ ਖਾਣਾ ਖਾ ਲਓ ਰਾਜੇ ਨੂੰ ਤਰਸ ਆ ਗਿਆ ਅਤੇ ਉਸਨੇ ਰਾਣੀ ਦੀ ਇਹ ਬੇਨਤੀ ਮੰਨ ਲਈ, ਰਾਣੀ ਬੜੀ ਖੁਸ਼ ਹੋਈ, ਅਤੇ ਉਹਨੇ ਆਪਣੇ ਹਥਾਂ ਨਾਲ ਰੋਟੀ ਤਿਆਰ ਕੀਤੀ ਫੇਰ ਚੌਠ ਤਰ੍ਹਾਂ ਦੀਆਂ ਵਖੋ ਵਖ ਪਲੇਟਾਂ ਤਿਆਰ ਕੀਤੀਆਂ, ਚੰਨਣ ਦਾ ਤਖਤ ਬਣਵਾਇਆ ਅਤੇ ਬਹੁਤ ਸੋਹਣੀ ਗੱਦੀ ਨਾਲ ਸਜਾਇਆ, ਫੇਰ ਸੋਨੇ ਦੇ ਭਾਂਡਿਆਂ ਵਿਚ ਰੋਟੀ ਪਾ ਕੇ ਦਿਤੀ, ਰਾਜ ਕੁਮਾਰੀ ਤਖਤ ਦੇ ਪਿਛੋਂ ਖਲੋ ਕੇ ਮੋਰ ਛਲ ਝਲ ਰਹੀ ਸੀ, ਇਸ ਦੇ ਹੁਸਨ ਤੋਂ ਸਾਰਾ ਮਹਲ ਜੱਗ ਮੱਗਾ ਰਿਹਾ ਸੀ, ਉਸਦੇ ਹਿਲਦੇ ਹੋਏ ਹਥਾਂ ਵਿਚ ਨੂਰ ਦੀਆਂ ਕਿਰਨਾਂ ਨਿਕਲ ਕੇ ਖਿਲਰਦੀਆਂ ਸਨ।

ਰਾਜੇ ਨੇ ਰਾਜ ਕੁਮਾਰੀ ਵਲ ਵੇਖਿਆ ਅਤੇ ਵੇਖਦਾ ਹੀ ਦੰਗ ਰਹਿ ਗਿਆ, ਇਸ ਦੀਆਂ ਅਖਾਂ ਖੁਲ੍ਹੀਆਂ ਹੀ ਰਹਿ ਗਈਆਂ ਉਸਨੇ ਇਹੋ ਜਹੀ ਮੋਹਣੀ ਤੀਵੀਂ ਅਜ ਤਕ ਨਹੀਂ ਸੀ ਵੇਖੀ ਫੇਰ ਰਾਣੀ ਨੂੰ ਪੁਛਿਆ ।

"ਇਹ ਸੁੰਦਰੀ ਕੌਣ ਹੈ ? ਜਿਸਦਾ ਹੁਸਨ ਇਕ ਦੇਵੀ ਦੇ ਹੁਸਨ ਦੇ ਸਮਾਨ ਚਮਕ ਰਿਹਾ ਹੈ।"
"ਉਹ, ਭੈੜੀ, ਕਿਸਮਤ, ਤੁਸੀਂ ਆਪਣੀ ਧੀ ਨੂੰ ਭੁਲ ਗਏ, ਭਗ- ਵਾਨ ਤੇਰੀ ਮਾਇਆ ।"

ਰਾਜੇ ਨੇ ਇਕ ਵਾਰੀ ਫੇਰ ਕੁੜੀ ਵਲ ਵੇਖਿਆ ਅਤੇ ਕਿੰਨਾਂ ਚਿਰ ਵੇਖਦਾ ਰਿਹਾ ਹਰਾਨੀ ਨਾਲ ਉਸਦੀਆਂ ਅਖਾਂ ਖੁਲ੍ਹੀਆਂ ਰਹਿ ਗਈਆਂ ਕੁਝ ਚਿਰ ਲਈ ਉਸਨੂੰ ਆਪਣਾ ਆਪ ਭੁਲ ਗਿਆ ਫੇਰ ਬੋਲਿਆ ।
"ਹੈਂ, ਇਹ ਐਨੀ ਵਡੀ ਹੋ ਗਈ ?"
"ਵਡੀ ਨਾਂ ਹੁੰਦੀ ਤਾਂ ਕੀ ਹੁੰਦਾ ਤੁਹਾਨੂੰ ਜੰਗਲ ਵਿਚ ਗਿਆਂ ਨੂੰ ਬਾਰਾਂ ਵਰੇ ਹੋ ਗਏ ਹਨ।
"ਕੋਈ ਵਰ ਨਹੀਂ ਢੂੰਡਿਆ ।"
"ਇਹ ਜ਼ੁਮੇਵਾਰੀ ਕੌਣ ਲੈਂਦਾ ਤੁਸੀਂ ਤਾਂ ਬਣ ਵਿਚ ਤਪ ਕਰ ਰਹੇ ਸੀ।"
ਅੱਛਾ ਜੇਹੜਾ ਆਦਮੀ ਮੈਨੂੰ ਕਲ ਸਵੇਰੇ ਸਭ ਤੋਂ ਪਹਿਲਾ ਮਿਲੇਗਾ, ਉਸ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿਆਂਗਾ ।
ਰਾਜਾ ਖਾਣਾ ਖਾ ਰਿਹਾ ਸੀ, ਅਤੇ ਨਾਲ ਨਾਲ ਗਲਾਂ ਵੀ ਕਰਦਾ ਸੀ, ਕੁੜੀ ਪੱਖਾ ਝਲ ਰਹੀ ਸੀ।

ਦੂਸਰੇ ਦਿਨ ਮਹੱਲ ਵਿਚੋਂ ਨਿਕਲ ਕੇ ਰਾਜਾ ਬਨਾਂ ਵੱਲ ਤੁਰ ਪਿਆ, ਜੰਗਲ ਦੇ ਵਿਚਕਾਰ ਇਕ ਪਗਡੰਡੀ ਉਤੇ ਕਿਸੇ ਬਹਾਮਣ ਦਾ ਪੁਤ੍ਰ ਲਕੜਾ ਲਿਜਾਂਦਾ ਪਿਆ ਸੀ, ਜਿਸਦੀ ਉਮਰ ਅੱਠਾਂ ਵਰ੍ਹਿਆਂ ਦੀ ਸੀ, ਰਾਜੇ ਦੇ ਨਾਲ ਕਈ ਆਦਮੀ ਸਨ, ਮਹਾਰਜੇ ਨੇ ਕਿਹਾ।
"ਇਸ ਮੁੰਡੇ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿਓ ।" ਮਹਾਰਾਜੇ ਦਾ ਹੁਕਮ ਕੌਣ ਮੋੜ ਸਕਦਾ ਸੀ, ਉਸੇ ਵੇਲੇ ਮੁੰਡੇ ਨੂੰ ਨਾਲ ਲਜਾਕੇ ਰਾਜਕੁਮਾਰੀ ਨਾਲ ਉਸਦਾ ਵਿਆਹ ਕਰ ਦਿੱਤਾ ।
"ਇਸਦੇ ਪਿਛੋਂ ?"

ਮੈਂ ਜਲਦੀ ਹੀ ਦਾਦੀ ਕੋਲੋਂ ਪੁਛਿਆ ਕਿਉਂਕਿ ਇਸ ਵੇਲੇ ਮੇਰੇ ਦਿਲ ਵਿਚ ਇਹ ਸੀ ਕਿ ਜੇ ਉਸ ਬਾਹਮਣ ਦਾ ਮੁੰਡਾ ਮੈਂ ਹੀ ਹੁੰਦਾ, ਤਾਂ ਕਿੰਨਾਂ ਚੰਗਾ ਹੁੰਦਾ, ਰਾਜ ਕੁਮਾਰੀ ਦਾ ਵਿਆਹ ਮੇਰੇ ਨਾਲ ਹੁੰਦਾ ।

ਰਾਜ ਕੁਮਾਰੀ ਨੇ ਆਪਣੇ ਅਤੇ ਆਪਣੇ ਪਤੀ ਲਈ ਇਕ ਨਵਾਂ ਮਹੱਲ ਬਣਵਾਇਆ ਅਤੇ ਦੋਵੇਂ ਇਸ ਵਿਚ ਰਹਿਣ ਲਗੇ ।

ਹੁਣ ਓਹ ਸਕੂਲ ਜਾਨ ਲੱਗ ਪਿਆ, ਕਿਉਂਕਿ ਰਾਜ ਕੁਮਾਰੀ ਉਸਦੇ ਨਾਲ ਰਹਿੰਦੀ ਸੀ, ਇਸ ਵਾਸਤੇ ਉਸਦੇ ਜਮਾਤੀ ਉਸ ਕੋਲੋਂ ਰਾਜ ਕੁਮਾਰੀ ਦਾ ਹਾਲ ਪੁੱਛਨ ਲੱਗ ਪਏ, ਪਰ ਓਹ ਵਿਚਾਰਾ ਤਾਂ ਆਪ ਹੀ ਕੋਈ ਗਲ ਨਹੀਂ ਸੀ ਜਾਨਦਾ । ਓਹ ਇਸਦਾ ਜੁਆਬ ਹੀ ਕੀ ਦੇਂਦਾ, ਇਸ ਤਰ੍ਹਾਂ ਪੰਜ ਸਾਲ ਬੀਤ ਗਏ ।

ਮੁੰਡੇ ਇਸ ਕੋਲੋਂ ਪੁਛਦੇ ਰਹੇ ਅਤੇ ਉਹ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦੇਂਦਾ ।

ਹੁਣ ਓਹ ਮਹੱਲ ਵਿਚ ਆਉਂਦਾ ਤਾਂ ਰਾਜਕੁਮਾਰੀ ਕੋਲੋਂ ਪਛਦਾ ਤੂੰ ਮੇਰੇ ਨਾਲ ਕਿਉਂ ਰਹਿੰਦੀ ਹੈ ? ਪਰ ਰਾਜਕੁਮਾਰੀ ਕਹਿ ਦੇਂਦੀ ਕਿ ਕਿਸੇ ਵੇਲੇ ਸਾਰੀ ਗਲ ਦਸਾਂਗੀ ਅਜੇ ਵੇਲਾ ਨਹੀਂ ਆਇਆ ਹੌਸਲਾ ਕਰੋ। ਪੰਜ ਵਰ੍ਹੇ ਹੋਰ ਬੀਤ ਗਏ, ਪਰ ਓਹ ਸਵਾਲ ਹਲ ਨਾ ਹੋਇਆ ਹੁਣ ਉਸ ਮੁੰਡੇ ਕੋਲੋਂ ਨਾ ਰਿਹਾ ਗਿਆ ਓਹ ਬੜਾ ਬੇ-ਚੈਨ ਹੋ ਗਿਆ ਅਤੇ ਤੰਗ ਆਕੇ ਰਾਜਕੁਮਾਰੀ ਨੂੰ ਕਹਿਨ ਲੱਗਾ।

"ਜੇ ਤੂੰ ਮੈਨੂੰ ਹੁਣ ਵੀ ਸਾਰਾ ਹਾਲ ਨਾ ਦਸੇਂਗੀ ਤਾਂ ਮੈਂ ਮਹੱਲ ਨੂੰ ਛਡ ਜਾਵਾਂਗਾ ਅਤੇ ਸਾਰੀ ਉਮਰ ਤੇਰੀ ਸ਼ਕਲ ਨਹੀਂ ਦੇਖਾਂਗਾ ਮੈਂ ਰੋਜ ਰੋਜ ਦੇ ਇਕਰਾਰਾਂ ਤੋਂ ਤੰਗ ਆ ਤਿਆਰ ਹਾਂ ।

ਇਹ ਸਭ ਗਲਾਂ ਸੁਣਕੇ ਰਾਜਕੁਮਾਰੀ ਬਹੁਤ ਹੈਰਾਨ ਹੋਈ ਅਤੇ ਬੋਲੀ ।
"ਮੈਂ ਅਜ ਹੀ ਤੈਨੂੰ ਸਾਰਾ ਹਾਲ ਦਸ ਦਿਆਂਗੀ।"

ਸ਼ਾਮ ਹੋਈ, ਸੂਰਜ ਛੁਪ ਗਿਆ, ਰਾਜਕੁਮਾਰੀ ਅਤੇ ਓਹ ਮੁੰਡਾ ਦੋਵੇਂ ਰੋਟੀ ਖਾ ਚੁਕੇ ਮੁੰਡਾ ਤਾਂ ਜਾ ਕੇ ਪਲੰਘ ਤੇ ਲੰਮਾ ਪੈ ਗਿਆ ਪਰ ਰਾਜਕੁਮਾਰੀ ਕਿਸੇ ਕੰਮ ਲਈ ਦੂਸਰੇ ਕਮਰੇ ਵਿਚ ਚਲੀ ਗਈ ਅਧੇ ਘੰਟੇ ਬਾਦ ਰਾਜਕੁਮਾਰੀ ਆਈ, ਅਤੇ ਸਾਰਾ ਹਾਲ ਦਸਨ ਲਈ ਪਲੰਘ ਦੇ ਕੋਲ ਗਈ ਤਾਂ ਕੀ ਦੇਖਦੀ ਹੈ, ਕਿ ਬਿਸਤਰੇ ਤੇ ਇਕ ਜ਼ਹਿਰੀਲਾ ਸਪ ਬੈਠਾ ਹੈ ਅਤੇ ਉਸਦੇ ਪਤੀ ਦੀ ਰੂਹ ਸਰੀਰ ਛਡਕੇ ਚਲੀ ਗਈ ਹੈ।
ਅਖੀਰਲਾ ਸ਼ਦਦ ਸੁਣ ਕੇ ਮੇਰਾ ਦਿਲ ਧੜਕਨ ਲਗ ਪਿਆ ਮੈਂ ਪੁਛਿਆ ।
"ਫੇਰ ?"
ਪਰ ਹੁਣ ਮੇਰਾ ਇਹ ਸੁਆਲ ਬਿਲਕੁਲ ਨਿਕੰਮਾ ਸੀ, ਅਤੇ ਇਸ ਦਾ ਉਤਰ ਕੀ ਹੋ ਸਕਦਾ ਸੀ ।

ਮੇਰੀ ਦਾਦੀ ਨੂੰ ਤਾਂ ਕੀ, ਉਸਦੀ ਦਾਦੀ ਨੂੰ ਵੀ ਇਹ ਨਹੀਂ ਪਤਾ ਹੋਣਾ ਕਿ ਮੌਤ ਦੇ ਪਿਛੋਂ ਕੀ ਹੁੰਦਾ ਹੈ, ਪਰ ਬਚੇ ਆਪਣੀ ਜ਼ਿਦ ਤੋਂ ਨਹੀਂ ਟਲਦੇ ਇਹ ਕੁਦਰਤੀ ਗਲ ਹੈ ।

ਮੈਂ ਇਹ ਕਿੰਨਾ ਚਿਰ ਚਾਹੁੰਦਾ ਰਿਹਾ ਕਿ ਮੌਤ ਤੋਂ ਪਿਛੋਂ ਕੀ ਹੁੰਦਾ ਹੈ, ਪਰ ਇਸਦਾ ਪਤਾ ਨਹੀਂ ਲਗਾ ਫੇਰ ਹੌਲੀ ਹੌਲੀ ਮੇਰੀਆਂ ਅਖਾਂ ਬੰਦ ਹੋਣ ਲਗ ਪਈਆਂ ਅਤੇ ਮੈਨੂੰ ਨੀਂਦਰ ਆ ਗਈ।
ਉਹ ਰਾਜ਼ ਅਜ ਤਕ ਰਾਜ਼ ਹੀ ਰਿਹਾ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ