Hanera Chann (Punjabi Story) : Nanak Singh

ਹਨੇਰਾ ਚੰਨ (ਕਹਾਣੀ) : ਨਾਨਕ ਸਿੰਘ

(੧)
ਵੀਹਾਂ ਵਰਿਆਂ ਦਾ ਜੁਗ ਜਿੱਡਾ ਸਮਾਂ ਲੰਘ ਗਿਆ। ਜ਼ਮਾਨੇ ਨੇ ਕਈ ਰੰਗ ਵਟਾਏ। ਬਾਲ, ਗਭਰੂ ਹੋ ਕੇ ਵਿਆਹੇ ਗਏ, ਤੇ ਜਵਾਨ, ਬੁਢੇ ਹੋ ਕੇ ਪੁਤਰਾਂ ਪੋਤਰਿਆਂ ਵਾਲੇ ਹੋ ਗਏ। ਉਜਾੜ ਥਾਵਾਂ ਤੇ ਵਸੋਂ ਹੋ ਗਈ ਤੇ ਘੁਗ ਵਸਦੇ ਥਾਂ ਖੋਲੇ ਬਣ ਗਏ। ਪਰ ਰਬ ਦੀ ਇਸ ਸਾਰੀ ਰਚਨਾ ਵਿਚ ਇਕੋ ਚੀਜ਼ ਅਜਿਹੀ ਸੀ, ਜਿਸ ਵਿਚ ਕੱਦ ਬੁਤ ਤੋਂ ਛੁਟ ਕੋਈ ਅਦਲਾ ਬਦਲੀ ਨਹੀਂ ਸੀ ਹੋਈ। ਇਹ ਸੀ ਅੱਖਾਂ ਵਰਗੀ ਅਮੋਲਕ ਦਾਤ ਤੋਂ ਵਾਂਜਿਆ ਹੋਇਆ ਇਕ ਗਭਰੂ। ਉਸ ਲਈ ਇਹ ਦੁਨੀਆਂ ਜਿਹੋ ਜਿਹੀ ਅੱਜ ਤੋਂ ਵੀਰ ਵਰ੍ਹੇ ਪਹਿਲਾਂ ਸੀ-ਜਦੋਂ ਮਸੇ ਉਹ ਰਿੜ੍ਹਨ ਜੋਗਾ ਸੀ-ਉਹੋ ਜਿਹੀ ਅੱਜ। ਇਹ ਦਿਸਦਾ ਸੰਸਾਰ ਉਸ ਦੇ ਭਾਣੇ ਕੁਝ ਵੀ ਨਹੀਂ ਸੀ, ਕੇਵਲ ਕਲਪਣਾ ਮਾਤਰ। ਉਸ ਦੀ ਦੁਨੀਆਂ ਵਖਰੀ ਤੇ ਸੰਖੇਪ ਜਿਹੀ ਸੀ। ਉਸ ਨੂੰ ਬਸ ਏਨਾਂ ਹੀ ਪਤਾ ਸੀ ਕਿ ਉਹ ਆਪਣੀ ਬੁਢੀ ਮਾਂ ਲਈ ਹੈ ਤੇ ਮਾਂ ਉਸ ਲਈ।
ਚੰਦਨ ਭਾਨ ਹੁਣ ਗੱਭਰੂ ਹੋ ਚੁਕਾ ਸੀ। ਪਰ ਆਪਣੇ ਆਪ ਵਿਚ ਉਸ ਨੂੰ ਇਹੋ ਜਾਪਦਾ ਸੀ ਕਿ ਉਹ ਅਜ ਹੀ ਸੰਸਾਰ ਵਿਚ ਆਇਆ ਹੈ। ਸੰਸਾਰ ਨਾਮ ਦੀ ਚੀਜ਼ ਉਸ ਦੇ ਭਾਣੇ ਅਜੇਹੀ ਬੁਝਾਰਤ ਸੀ, ਜਿਸ ਨੂੰ ਕਦੇ ਵੀ ਬੁਝ ਨਹੀਂ ਸੀ ਸਕਿਆ।
ਉਸਦੇ ਸੀਨੇ ਵਿਚ ਹੋਰਾਂ ਲੋਕਾਂ ਵਰਗਾ ਦਿਲ ਸੀ, ਤੇ ਉਸ ਦਿਲ ਵਿਚ ਭਾਵ ਵੀ ਸਨ, ਪਰ ਇਤਨੇ ਹਨੇਰੇ ਤੇ ਧੁੰਦਲੇ ਕਿ ਜਿਨ੍ਹਾਂ ਦੀ ਹੋਂਦ ਉਸ ਨੂੰ ਬਹੁਤ ਘਟ ਅਨੁਭਵ ਹੁੰਦੀ ਸੀ। ਉਸ ਦੇ ਭਾਵਾਂ ਦਾ ਕੋਈ ਕੇਂਦਰ ਨਹੀਂ ਸੀ। ਕੋਈ ਵਲਵਲਾ, ਕੋਈ ਉਮੰਗ ਜਾਂ ਕੋਈ ਸੱਧਰ ਉਸ ਦੇ ਹਿਰਦੇ ਨੂੰ ਉਥਲ ਪੁਥਲ ਨਹੀਂ ਸੀ ਕਰਦੀ। ਇਹੋ ਕਾਰਨ ਹੈ ਕਿ ਉਹ ਜੋ ਕੁਝ ਅਜ ਤੋਂ ਵੀਹ ਵਰ੍ਹੇ ਪਹਿਲਾ ਸੀ ਸੋਈ ਕੁਝ ਅੱਜ।
ਉਸ ਨੂੰ ਇਸ ਗੱਲ ਦਾ ਆਪਣੀ ਹੋਂਦ ਵਾਂਗ ਨਿਸਚਾ ਸੀ ਕਿ ਸੰਸਾਰ ਦੇ ਸੁਖ ਮਾਣਨ ਲਈ, ਵਿਆਹ ਕਰਵਾਉਣ ਤੇ ਧੀਆਂ ਪੁਤਨਾਂ ਨਾਲ ਲਾਡ ਪਿਆਰ ਕਰਨ, ਅਥਵਾ ਚੰਗਾ ਖਾਣ ਹੰਢਾਣ ਲਈ ਜਿਹੜੇ ਲੋਕੀਂ ਬਣਾਏ ਗਏ ਹਨ, ਉਹ ਉਨ੍ਹਾਂ ਵਿਚੋਂ ਨਹੀਂ ਹੈ, ਸਗੋਂ ਰਬ ਨੇ ਉਸ ਨੂੰ ਇਸੇ ਲਈ ਪੈਦਾ ਕੀਤਾ ਹੈ ਕਿ ਡਿਗਦੇ ਥੰਮ੍ਹ ਵਾਂਗ ਡੋਲਦਾ ਭਟਕਦਾ ਫਿਰੇ ਤੇ ਲੋਕਾਂ ਦੇ ਤ੍ਰਿਸਕਾਰ ਦਾ ਸ਼ਿਕਾਰ ਬਣਿਆ ਰਹੇ।
ਸੱਠ੍ਹਾਂ ਵਰ੍ਹਿਆਂ ਦੀ ਉਮਰ-ਜਦ ਮਾਈ ਮੰਗਲਾ ਨੂੰ ਕਿਸੇ ਠੁਮਣੇ ਦੀ ਲੋੜ ਸੀ-ਉਹ ਆਪੇ ਹੀ ਕਿਸੇ ਦੀ ਡੰਗੋਰੀ ਬਣੀ ਹੋਈ ਸੀ। ਅੱਖਾਂ ਭਾਵੇਂ ਦਿਨੋਂ ਦਿਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ, ਪਰ ਪੁੱਤਰ ਦੀਆਂ ਬੇਨੂਰ ਅੱਖਾਂ ਉਸ ਲਈ ਚਾਨਣ ਕਰਦੀਆਂ ਸਨ। ਉਸ ਦੇ ਸੁੱਕੇ ਠੰਢੇ ਅਤੇ ਝੁਰੜੀਆਂ ਭਰੇ ਹੱਥ ਹੁਣ ਕੰਬਣ ਲੱਗ ਪਏ ਸਨ। ਪਰ ਉਹ ਜਦ ਆਪਣੇ ਅੰਨੇ ਪੁਤਰ ਦੀ ਸਿਥਲ ਤੇ ਖਰ੍ਹਵੀ ਪਿੱਠ ਤੇ ਫਿਰਦੇ ਹੋਏ ਰੀੜ੍ਹ ਦੀ ਹੱਡੀ ਨਾਲ ਰਗੜ ਖਾਂਦੇ ਸਨ ਤਾਂ ਉਹਨਾਂ ਵਿਚ ਨਵਾਂ ਬਲ ਅਤੇ ਤਾਜ਼ਗੀ ਆ ਜਾਂਦੀ ਸੀ। ਉਸ ਦੀ ਸਲਾਬੇ ਭਰੀ ਕੋਠੜੀ ਵਿਚ ਭਾਵੇਂ ਚਪੇ ਚਪੇ ਉਤੇ ਗ਼ਰੀਬੀ ਤੇ ਹਨੇਰੇ ਦਾ ਰਾਜ ਸੀ, ਪਰ ਉਸ ਵਿਚਲੇ ਇਕੋ ਇਕ ਬੇ ਚਮਕ ਹੀਰੇ ਨੇ ਉਸ ਨੂੰ ਸ਼ਾਹੀ ਮਹੱਲ ਵਾਂਗ ਸਜਾਇਆ ਤੇ ਜਗਮਾਇਆ ਹੋÎਇਆ ਹੈ-ਬੁਢੀ ਮਾਂ ਨੂੰ ਜਾਪਦਾ ਸੀ।
ਮੰਗਲਾਂ ਨੂੰ ਵੀਹ ਵਰ੍ਹੇ ਪਹਿਲਾਂ ਦਾ ਉਹ ਸਮਾਂ ਕੱਲ ਵਾਂਗ ਯਾਦ ਸੀ।, ਜਦ ਉਸਦਾ 'ਚੰਦਰ ਭਾਨ' ਹੋਰ ਬਾਲਾਂ ਵਾਂਗ ਬਾਲ ਸੀ। ਲੋਕਾਂ ਭਾਣੇ ਇਹ ਹੱਡ ਮਾਸ ਦਾ ਲੋਥੜਾ ਇਕ ਨਿਕੰਮੀ ਜਿਹੀ ਚੀਜ਼ ਸੀ, ਪਰ ਮੰਗਲਾ ਲਈ ਉਤੇ ਰੱਬ ਅਤੇ ਥੱਲੇ ਇਹ ਸੀ। ਵਡੇ ਵਡੇ ਰਾਜਿਆਂ ਤੇ ਰਈਸਾਂ ਬਾਲੀ ਵੀ ਅੱਧੇ ਨਾਂ ਨਾਲ ਸਦੀਂਦੇ ਹਨ, ਪਰ ਮਾਈ ਮੰਗਲਾਂ ਇਹ ਨਹੀਂ ਸੀ ਸਹਾਰ ਸਕਦੀ ਕਿ ਉਸ ਦੇ 'ਚੰਦਰ ਭਾਨ' ਨੂੰ ਲੋਕੀਂ 'ਚੰਦਰਾ' ਕਹਿ ਕੇ ਬਲਾਉਣ। ਤੇ ਇਸੇ ਗੱਲੋਂ ਉਸ ਦੀ ਰੋਜ਼ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਸੀ। ਭਾਵੇਂ ਉਹ ਆਪ ਵੀ ਉਸ ਨੂੰ ਸੰਖੇਪ ਨਾਂ ਨਾਲ ਹੀ ਬੁਲਾਉਂਦੀ ਸੀ, ਪਰ ਇਸ ਵਿਚ,ਤੇ ਲੋਕਾਂ ਦੇ ਬੁਲਾਏ ਹੋਏ ਨਾਂ ਵਿਚ ਫ਼ਰਕ ਸੀ। ਉਹ ਉਸ ਨੂੰ 'ਚੰਨ' ਕਰ ਕੇ ਸਦਦੀ ਸੀ।
ਹਾਂ,ਉਸ ਨੂੰ ਯਾਦ ਸਨ ਉਹ ਦਿਨ ਵੀ, ਜਦ ਉਸ ਦਾ ਢਾਈ ਵਰ੍ਹਿਆਂ ਦਾ ਚੰਨ, ਦੂਸਰੇ ਬਾਲਾਂ ਨਾਲ ਖੇਡਦਾ ਹੁੰਦਾ ਸੀ। ਹੋਰ ਬਾਲਕ ਨਸਦੇ ਤੇ ਖਰੂਦ ਕਰਦੇ ਸਨ, ਪਰ ਇਹ ਮਿੱਟੀ ਦੇ ਬੁੱਤ ਵਾਂਗ ਉਹਨਾਂ ਦੇ ਵਿਚਾਲੇ ਆਪਣੀਆਂ ਅੱਖਾਂ ਦੇ ਨਿਰਜੋਤ ਡੇਲਿਆਂ ਨੂੰ ਮੁੰਡਿਆਂ ਦੀ ਆਵਾਜ਼ ਦੇ ਮਗਰ ਫੇਰਦਾ ਹੋਇਆ ਖੇਡ ਦਾ ਆਨੰਦ ਲੈਂਦਾ ਸੀ।
ਕਦੇ ਕਦੇ ਜਦ ਕਿਸੇ ਮੁੰਡੇ ਦੇ ਪੈਰ ਨੂੰ ਚੰਦਰ ਭਾਨ ਦੀ ਠੋਕਰ ਵਜ ਜਾਂਦੀ ਸੀ ਤਾਂ ਉਹ ਬਿਨਾਂ ਇਸ ਗੱਲ ਦਾ ਖ਼ਿਆਲ ਕੀਤਿਆਂ ਹੀ ਕਿ ਕੀ ਚੀਜ਼ ਵੱਜੀ ਏ, ਖੇਡਨ ਵਿਚ ਮਸਤ ਰਹਿੰਦਾ ਸੀ। ਚੰਦਨ ਭਾਨ ਵੀ ਬੇ ਪ੍ਰਵਾਹੀ ਨਾਲ ਜ਼ਰਾ ਕੁ ਪਿੰਡੇ ਨੂੰ ਮਲ ਕੇ ਉਸੇ ਤਰ੍ਹਾਂ ਮਗਨ ਹੋ ਜਾਂਦਾ ਸੀ।
ਉਸ ਨੂੰ ਜਦ ਖੇਡ ਦਾ ਬਹੁਤਾ ਹੀ ਸਵਾਦ ਆਉਂਦਾ ਸੀ ਤਾਂ ਉਹ ਖੁਸ਼ੀ ਨਾਲ ਭੁੜਕਦਾ ਹੋਇਆ ਦੋਹਾਂ ਬਾਹਾਂ ਨੂੰ ਸਿਰ ਤੋਂ ਉਤਾਂਹ ਕਰਕੇ ਗਿੱਧਾ ਪਾਣ ਲੱਗ ਪੈਂਦਾ ਸੀ।
ਪਰ ਭੋਲੀ ਮਾਂ ਉਸ ਦੀ ਖੁਸ਼ੀ ਨੂੰ ਨਹੀਂ ਸੀ ਸਮਝ ਸਕਦੀ, ਸਗੋਂ ਉਲਟਾ ਉਸਦੀ ਬੇਵਸੀ ਵੱਲ ਤਕ ਕੇ ਉਸਦਾ ਦਿਲ ਭਰ ਆਉਂਦਾ ਸੀ। ਉਹ ਆਟਾ ਗੁਨਦੀ ਗੁਨਦੀ ਉਸ ਨੂੰ ਸੀਨੇ ਨਾਲ ਲਾ ਲੈਂਦੀ ਤੇ ਗਰਮ ਗਰਮ ਅੱਥਰੂਆਂ ਨਾਲ ਉਸ ਦਾ ਮੂੰਹ ਧੋਣ ਲੱਗ ਪੈਂਦੀ।
ਮਾਈ ਮੰਗਲਾ ਦੇ ਹੱਡ ਹੁਣ ਖੌਰੇ ਹੋ ਚੁੱਕੇ ਸਨ, ਪਰ ਅਜੇ ਵੀ ਲੱਤਾਂ ਘਸੀਟਦੀ ਤੇ ਹਫ਼ਦੀ ਘਰਕਦੀ ਦੋਹਾਂ ਢਿਡਾਂ ਜੋਗਾ ਆਟਾ ਲੈ ਹੀ ਆਉਂਦੀ ਸੀ।
ਚੰਦਰ ਭਾਨ ਦੇ ਕਰਨ ਲਈ ਕੁਦਰਤ ਨੇ ਹੋਰ ਕੋਈ ਕੰਮ ਨਹੀਂ ਸੀ ਬਣਾਇਆ। ਉਸਦੇ ਜ਼ਿੰਮੇ ਬਸ ਇਹੋ ਕੰਮ ਸੀ ਕਿ ਲੋਕਾਂ ਦਾ ਖਿਡੌਣਾ ਬਣਿਆ ਰਹੇ ਤੇ ਆਪਣੇ ਅੱਥਰੂਆਂ ਨਾਲ ਲੋਕਾਂ ਨੂੰ ਖੁਸ਼ ਕਰੇ। ਇਸ ਖਿਡੌਣੇ ਨਾਲ ਲੋਕਾਂ ਦਾ ਪਿਆਰ ਵੀ ਹੱਦੋਂ ਬਾਹਲਾ ਸੀ, ਪਰ ਉਨ੍ਹਾਂ ਬਾਲਾਂ ਵਰਗਾ, ਜੋ ਬਿਲੀ ਦੇ ਬੱਚੇ ਨੂੰ ਲੱਤਾਂ ਤੋਂ ਰੱਸੀ ਪਾ ਕੇ ਮੋਰੀਆਂ ਵਿਚ ਘਸੀਟਦੇ ਫਿਰਦੇ ਨੇ।
ਮੁੰਡਿਆਂ ਨੇ ਉਸਦੀਆਂ ਕਈ ਛੇੜਾਂ ਪਾਈਆਂ ਹੋਈਆਂ ਸਨ। ਉਹ ਲੋਕਾਂ ਨੂੰ ਗਾਲ੍ਹਾਂ ਕਢਦਾ ਹੋਇਆ ਉਹਨਾਂ ਦੇ ਮਗਰ ਸਾਰਾ ਦਿਨ ਡੰਗੋਰੀ ਖੜਕਾਉਂਦਾ ਫਿਰਦਾ ਸੀ। ਉਹ ਅਗਾਂਹ ਜਾਂਦਾ ਸੀ ਤਾਂ ਮੁੰਡੇ ਪਿਛੋਂ ਦੀ ਆ ਝੱਗਾ ਖਿੱਚ ਜਾਂਦੇ ਜਾਂ ਉਸਦੇ ਕੰਨ ਵਿਚ ਤੀਲਾ ਸੁਲੱਕਾ ਜਾਂਦੇ। ਜੇ ਪਿਛਾਂਹ ਮੁੜਦਾ ਤਾਂ ਅੱਗੋਂ ਦੀ ਹੋ ਕੇ ਘੇਰ ਲੈਂਦੇ।
ਇਸ ਨੱਠੇ ਭੱਜੀ ਵਿਚ ਉਸ ਨੂੰ ਬਥੇਰੀਆਂ ਸੱਟਾ ਫੇਟਾਂ ਲੱਗਦੀਆਂ ਸਨ, ਪਰ ਮਾਂ ਅੱਗੇ ਜਾ ਕੇ ਉਸ ਨੇ ਕਦੇ ਇਨ੍ਹਾਂ ਗੱਲਾਂ ਦਾ ਭੋਗ ਨਹੀਂ ਸੀ ਪਾਇਆ। ਉਹ ਜਾਣਦਾ ਸੀ ਕਿ ਮਾਂ ਦੇ ਦਿਲ ਨੂੰ ਉਸਦੇ ਸਰੀਰ ਨਾਲੋਂ ਕਈ ਗੁਣਾਂ ਵੱਧ ਪੀੜ ਹੋਵੇਗੀ।
ਸਿਆਲ ਦੀ ਰੁੱਤ ਸੀ ਤੇ ਰਾਤ ਦਾ ਵੇਲਾ। ਮੀਂਹ ਪੈ ਕੇ ਹਟਿਆ ਸੀ, ਪਰ ਬੱਦਲ ਅਜੇ ਝੁਕੇ ਹੋਏ ਸਨ।
ਚਲੱਕ ਚਲੱਕ ਦੀ ਆਵਾਜ਼ ਸੁਣ ਕੇ ਚੰਦਰ ਭਾਨ ਨੇ ਸਿਰ ਉਸ ਪਾਸੇ ਵੱਲ ਮੋੜਿਆ, ਜਿਧਰੋਂ ਕੋਈ ਆਵਾਜ਼ ਜਹੀ ਆਈ ਸੀ। ਫਿਰ ਚਿਹਰੇ 'ਤੇ ਹੱਥਾਂ ਨੂੰ ਥੋੜਾ ਜਿਹਾ ਅਗਾਂਹ ਵਧਾ ਵਧਾ ਕੇ ਤੇ ਉਤਾਹਾਂ ਨੂੰ ਹਿਲਾਂਦਾ ਹੋਇਆ ਬੋਲਿਆ, ''ਮਾਂ! ਪੋਚਾ ਫੇਰਨ ਡਹੀ ਹੋਈ ਏਂ ਐਸ ਵੇਲੇ ਠੰਢ ਵਿਚ?''
ਬੁੱਢੀ ਦੀਆਂ ਵਾਛਾਂ ਦੇ ਸੁਕੜੇ ਹੋਏ ਚੰਮ ਵਿਚ ਖਿਚ ਜਹੀ ਪਈ ਤੇ ਉਹ ਕੁ ਹਸ ਕੇ ਬੋਲੀ, ''ਨਹੀਂ ਚੰਨ ਵੇ, ਪੋਚਾ ਤੇ ਨਹੀਂ ਫੇਰਦੀ ਛੱਤ ਸਾਰੀ ਦਿਹਾੜੀ ਚੋਂਦੀ ਰਹੀ ਸੀ, ਮੈਂ ਆਖਿਆ ਜਾ ਕੇ ਦੋ ਥੋਬੇ ਈ ਲਾ ਆਵਾਂ। ਹੁਣ ਤੇ ਚਿੱਕੜ ਵਾਲੇ ਹੱਥ ਧੋਣ ਡਹੀ ਹੋਈ ਆਂ।''
ਇਹ ਸੁਣ ਕੇ ਚੰਦਰ ਭਾਨ ਅੱਖਾਂ ਚੌੜੀਆਂ ਕਰਕੇ ਤੇ ਛਪਰਾਂ ਥਲੇ ਢਕੇ ਹੋਏ ਡੋਲਿਆਂ ਨੂੰ ਥਰਕਾਉਂਦਾ ਹੋਇਆ ਬੋਲਿਆ, ''ਤੇ ਏਡੀ ਠੰਢ ਵਿਚ ਮਾਂ? ਅਗੇ ਕਹਿਣ ਡਹੀ ਹੋਈ ਏਂ ਹਡ ਪੈਰ ਟੁੱਟਦੇ ਨੇ!''
ਹੱਥ ਧੋਣ ਤੋਂ ਬਾਅਦ ਚੁੱਲੇ ਉਤੇ ਤਵਾ ਧਰਕੇ ਬੁੱਢੀ ਬੋਲੀ, ''ਕਿਉਂ ਚੰਨ! ਭੁਖ ਲਗ ਪਈ ਸੀ!''
''ਸੁਆਹ ਭੁਖ ਲਗ ਪਈ ਸੀ, ''ਕਹਿ ਕੇ ਤੇ ਆਪਣੇ ਨਿੱਘੇ ਹੱਥਾਂ ਨਾਲ ਮਾਂ ਦੇ ਹੱਥਾਂ ਨੂੰ ਗਰਮ ਕਰਦਾ ਹੋਇਆ ਚੰਦਰ ਭਾਨ ਆਖਣ ਲੱਗਾ-''ਅਗੇ ਤੇਰਾ ਇਹ ਹਾਲ ਏ, ਤੇ ਉਤੋਂ ਠੰਢ ਵਿਚ ਕੋਠੇ ਤੇ ਜਾ ਚੜ੍ਹੀ ਏਂ। ਆਪਣੀ ਜਾਨ ਦਾ ਤੇ ਫਿਕਰ ਰਖਿਆ ਕਰ।''
ਰੋਟੀ ਵੇਲਦੀ ਹੋਈ ਮੰਗਲਾ ਬੋਲੀ-''ਮੇਰੀ ਜਾਨ, ਹੁਣ ਲਾਲ! ਕਿੰਨਾ ਕੁ ਚਿਰ ਰਹਿਣੀ ਏਂ, ਹੁਣ ਤੇ ਕੰਧੀ ਉਤੇ ਰੁਖੜਾ ਵਾਲਾ ਹਾਲ ਏ, ਅਜ ਮੋਏ ਕਲ ਦੂਆ ਦਿਹਾੜਾ.......'' ਕਹਿੰਦੀ ਕਹਿੰਦੀ ਬੁੱਢੀ ਰੁਕ ਗਈ। ਉਸ ਦਾ ਗਲਾ ਵੀ ਰੁਕ ਗਿਆ, ਪਤਾ ਨਹੀਂ ਕਿਸ ਖ਼ਿਆਲ ਨਾਲ।
ਰੋਟੀ ਲਾਹ ਕੇ ਉਸਨੇ ਚੰਦਰ ਭਾਨ ਦੇ ਹਥ ਵਿਚ ਫੜਾਈ ਤੇ ਨਾਲ ਗੁੜ ਦੀ ਇਕ ਨਿੱਕੀ ਜਿਹੀ ਢੇਲੀ ਵੀ।
ਚੰਦਰ ਭਾਨ ਗੁੜ ਵਾਲਾ ਹੱਥ ਮਾਂ ਵੱਲ ਕਰ ਕੇ ਬੋਲਿਆ-''ਮਾਂ ਗੁੜ ਦੀ ਤੂੰ ਚਾਹ ਬਣਾ ਕੇ ਪੀ ਲਵੀਂ, ਤੇਰਾ ਸਰੀਰ ਤਗੜਾ ਨਹੀਂ, ਨਾਲੇ ਠੰਢ ਵਿਚ ਹਥ ਪੈਰ ਮਾਰਦੀ ਆਈ ਏਂ, ਮੈਨੂੰ ਰਤਾ ਕੁ ਅਚਾਰ ਕਿਸੇ ਦੇ ਘਰੋਂ....।''
ਗਲ ਕਰਦਿਆਂ ਕਰਦਿਆਂ ਉਸ ਦਾ ਧਿਆਨ ਹੋਰ ਪਾਸੇ ਖਿਚਿਆ ਗਿਆ। ਉਸ ਦੇ ਕੰਨਾਂ ਨੂੰ-ਜਿਹੜੇ ਉਸ ਦੀਆਂ ਅੱਖਾਂ ਦਾ ਕੰਮ ਵੀ ਦਿੰਦੇ ਸਨ-ਸਾਫ਼ ਦਿਸਿਆ ਕਿ ਮਾਂ ਇਸ ਵੇਲੇ ਕੀ ਕਰ ਰਹੀ ਹੈ।
ਉਹ ਅੱਖਾਂ ਦੀ ਝਿਮਣੀਆਂ ਨੂੰ ਤੇਜ਼ੀ ਨਾਲ ਝਮਕਾਉਂਦਾ ਹੋਇਆ ਰਤਾ ਕੁ ਅਗਾਂਹ ਝੁਕ ਗਿਆ। ਸੱਜੇ ਹੱਥ ਨਾਲ ਉਸ ਨੇ ਮਾਂ ਦਾ ਮੋਢਾ ਟੋਹਿਆ ਤੇ ਫਿਰ ਉਸਦੀ ਗਿੱਚੀ ਦੀਆਂ ਉਭਰੀਆਂ ਹੋਈਆਂ ਨਾੜਾਂ ਨੂੰ ਟਟੋਲਦਾ ਹੋਇਆ ਹੱਥ ਨੂੰ ਉਸਦੀਆਂ ਅੱਖਾਂ ਤੱਕ ਲੈ ਗਿਆ। ਉਸ ਦੇ ਪੋਟੇ ਗਿੱਲੇ ਹੋ ਗਏ।
ਉਸ ਦੇ ਦਿਲ ਨੂੰ ਧੱਕਾ ਜਿਹਾ ਵੱਜਿਆ ਤੇ ਡਡੋਲਿਕਾ ਜਿਹਾ ਹੋ ਕੇ ਬੋਲਿਆ,''ਮਾਂ ਤੂੰ ਰੋਣ ਡਹੀ ਹੋਈ ਏ?''
ਬੁੱਢੀ ਪਾਸੋਂ ਝਟ ਪਟ ਬੋਲਿਆਂ ਨਾ ਗਿਆ। ਫਿਰ ਸੰਭਲ ਕੇ ਤੇ ਚੰਦਰ ਭਾਨ ਦੀ ਪਿੱਠ ਤੇ ਹੱਥ ਫੇਰਦੀ ਬੋਲੀ-''ਨਹੀਂ ਲਾਲ! ਰੋਈ ਤਾਂ ਨਹੀਂ ਐਵੇਂ ਖ਼ਿਆਲ ਆ ਗਿਆ ਸੀ।''
''ਕੀ ਖ਼ਿਆਲ ਮਾਂ? ਕਹਿ ਕੇ ਉਤਰ ਦੀ ਉਡੀਕ ਵਿਚ ਉਹ ਭਰਵੱਟਿਆਂ ਨੂੰ ਮੱਥੇ ਵਲ ਤਕ ਕੇ ਮਾਂ ਨੂੰ ਹਲੂਣੇ ਦੇਣ ਲੱਗਾ।
ਮਾਂ ਦਾ ਦਿਲ ਹੁਣ ਸਬਰ ਦੀ ਹੱਦ ਟੱਪ ਚੁੱਕਾ ਸੀ। ਭਾਵੇਂ ਉਹ ਆਪਣੇ ਅੱਥਰੂਆਂ ਦੇ ਹੜ੍ਹ ਵਿਚ ਪੁਤਰ ਨੂੰ ਰੋੜ੍ਹਨਾ ਨਹੀਂ ਸੀ ਚਾਹੁੰਦੀ, ਪਰ ਅਜ ਸਭ ਕੁਝ ਉਸ ਦੇ ਵਸੋਂ ਬਾਹਰ ਹੋ ਗਿਆ।
ਗਰਮ ਪਾਣੀ ਦੇ ਉਮੱਡਦੇ ਆ ਰਹੇ ਸੋਮਿਆਂ ਨੂੰ ਰੋਕਣ ਦਾ ਵਿਅਰਥ ਜਤਨ ਕਰਦੀ ਹੋਈ ਉਹ ਚੰਦਰ ਭਾਨ ਨੂੰ ਗਲ ਨਾਲ ਲਾ ਕੇ ਬੋਲੀ-''ਪੁਤਰ ਮੇਰੇ ਪਿਛੋਂ ਤੇਰਾ ਕੀ ਬਣੇਗਾ? ਕੌਣ ਤੇਰੀ ਖ਼ਬਰ ਸੁਰਤ ਲਵੇਗਾ? ਮੈਂ ਕਰਮਾਂ ਸੜੀ ਨੇ ਕੁਝ ਵੀ ਨਾ ਬਣਾਇਆ। ਲੋਕਾਂ ਦੇ ਪੁਤਰ ਦੁਧੀਂ ਨਾਉਦੇ ਤੇ ਮੱਖਣੀ ਪਲਦੇ ਨੇ, ਤੈਨੂੰ ਦੋ ਸੁੱਕੀਆਂ ਰੋਟੀਆਂ......'' (ਰਤਾ ਕੁ ਠਹਿਰ ਕੇ) ''ਖ਼ਬਰੇ ਇਹ ਸੁੱਕੀਆਂ ਵੀ ਤੈਨੂੰ ਮਿਲਣੀਆਂ ਨੇ ਕਿ ਨਾ! ਕਿਨ ਖੁਆਣੀਆਂ ਨੇ ਪਕਾ ਕੇ! ਖ਼ਬਰੇ ਕਿਥੇ ਰੁਲੇਂਗਾ!''
ਮਾਂ ਦੀਆਂ ਗਲਾਂ ਸੁਣ ਕੇ ਚੰਦਰ ਭਾਨ ਦਾ ਦਿਲ ਬੇ-ਕਾਬੂ ਹੋ ਗਿਆ। ਉਸ ਨੂੰ ਅੱਜ ਪਹਿਲੀ ਵਾਰ ਪਤਾ ਲੱਗਾ ਕਿ ਇਸ ਹਨੇਰੇ ਸੰਸਾਰ ਦੇ ਪਿਛੇ ਪਿਛੇ ਉਸ ਲਈ ਇਕ ਡਰਾਉਣਾ ਸੰਸਾਰ ਵੀ ਆ ਰਿਹਾ ਹੈ। ਅਰਥਾਤ ਕਦੇ ਉਹ ਮਾਂ ਤੋਂ ਬਿਨਾਂ ਵੀ ਦੁਨੀਆਂ ਵਿਚ ਹੋਵੇਗਾ। ਇਸ ਤੋਂ ਛੁਟ ਉਸਨੇ ਆਪਣੀ ਹੀਣੀ ਹਾਲਤ ਨੂੰ ਵੀ ਅੱਜ ਪਹਿਲੀ ਵਾਰ ਅਨੁਭਵ ਕੀਤਾ। ਰੋਟੀ ਉਸਦੇ ਹੱਥੋਂ ਡਿਗਦੀ ਡਿਗਦੀ ਬਚੀ!

(੨)
ਮੀਂਹ ਬੜੇ ਜ਼ੋਰ ਦਾ ਪੈ ਰਿਹਾ ਸੀ। ਕੁਝ ਠੰਢ ਨਾਲ ਤੇ ਕੁਝ ਅਜ ਦੀਆਂ ਗਲਾਂ ਨੂੰ ਯਾਦ ਕਰ ਕਰ ਚੰਦਰ ਭਾਨ ਨੂੰ ਚੋਖੀ ਰਾਤ ਤੱਕ ਨੀਂਦ ਨਾ ਪਈ। ਗੋਡਿਆਂ ਨੂੰ ਹਿੱਕ ਨਾਲ ਲਾਈ ਉਹ ਗੁੱਛਾ ਮੁੱਛਾ ਪਿਆ ਸੀ। ਉਸ ਨੂੰ ਕਈ ਤਰ੍ਹਾਂ ਦੇ ਡਰਾਉਣੇ ਖਿਆਲ ਆਉਂਦੇ ਸਨ।ਪਰ ਇਹਨਾਂ ਦੁੱਖਾਂ ਦਾ ਦਾਰੂ ਉਸ ਨੂੰ ਇਕ ਵੀ ਨਹੀਂ ਸੀ ਸੁੱਝਦਾ। ਉਸ ਘੜੀ ਮੁੜੀ ਪਾਸਾ ਪਰਤਦਿਆਂ ਹੋਇਆਂ ਦਿਨ ਚੜ੍ਹਨ ਦੀ ਉਡੀਕ ਕਰ ਰਿਹਾ ਸੀ। ਮਾਂ ਦੇ ਕਹੇ ਹੋਏ ਵਾਕ ਉਸਦੇ ਕੰਨਾਂ ਵਿਚ ਗੁੰਜਦੇ ਸਨ। ਤੇ ਉਸਨੂੰ ਕਿਸੇ ਡੂੰਘੇ ਵਹਿਣ ਵਿਚ ਰੋੜ੍ਹੀ ਲਈ ਜਾਂਦੇ ਸਨ।
ਰਤਾ ਕੁ ਮੰਜਾ ਹਿੱਲਣ ਦੀ ਆਵਾਜ਼ ਆਉਣ 'ਤੇ ਮਾਈ ਮੰਗਲਾ ਉਠ ਕੇ ਬੈਠ ਜਾਂਦੀ ਤੇ ਪੁੱਛਦੀ,''ਚੰਨਾ! ਕਿਉਂ ਨੀਂਦ ਨਹੀਂ ਆਉਂਦੀ? ਪਾਲਾ ਲਗਦਾ ਈ? ਸੌਂਦਾ ਕਿਉਂ ਨਹੀਂ?'' ਚੰਦਰ ਭਾਨ ਕਹਿੰਦਾ ''ਨਹੀਂ ਮਾਂ, ਮੈਂ ਤੇ ਸੁੱਤਾ ਹੋਇਆਂ ਵਾਂ। ਤੂੰ ਕਿਉਂ ਐਵੇਂ ਨੀਂਦ ਖਰਾਬ ਕਰਨੀ ਏਂ, ਸੌਂ ਜਾ।''
ਅਖ਼ੀਰ ਪਤਾ ਨਹੀਂ ਕਿਹੜੇ ਵੇਲੇ ਚੰਦਰ ਭਾਨ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ।
ਪਰਭਾਤ ਵੇਲੇ ਅਚਾਨਕ ਹੀ ਉਸ ਦੀ ਜਾਗ ਖੁੱਲੀ ਤੇ ਉਸ ਨੂੰ ਇਉਂ ਜਾਪਿਆ ਕਿ ਉਹ ਕੋਈ ਅਵਾਜ਼ ਸੁਣ ਕੇ ਜਾਗਿਆ ਹੈ। ਝਟ ਕੁ ਪਿਛੋਂ ਫਿਰ ਉਸ ਦੇ ਕੰਨਾਂ ਵਿਚ ਕੁਝ ਖਟਕਿਆ,ਜਿਸ ਤਰ੍ਹਾਂ ਕਿਸੇ ਨੇ ਕਸੀਸ ਵੱਟਣ ਦੀ ਆਵਾਜ਼ ਹੁੰਦੀ ਹੈ। ਇਸ ਦੇ ਨਾਲ ਹੀ ਉਸ ਨੂੰ ਆਪਣਾ ਸਰੀਰ ਨਿੱਘਾ ਨਿੱਘਾ ਜਾਪਿਆ ਤੇ ਕੰਬਲ ਕੁਝ ਭਾਰਾ ਭਾਰਾ।
ਉਸ ਨੇ ਜਾ ਹੱਥ ਨਾਲ ਟੋਹ ਕੇ ਵੇਖਿਆ ਤਾਂ ਉਸ ਦੇ ਮੂੰਹੋਂ ਨਿਕਲਿਆ, ''ਹੈਂ ਮਾਂ ਦੀ ਲੋਈ ਮੇਰੇ ਉਤੇ?''
ਉਹ ਚੁਪ ਚੁਪਾਤਾ ਉਠਿਆ ਤੇ ਹੀਆਂ ਨੂੰ ਫੜਦਾ ਫੜਦਾ ਮਾਂ ਦੇ ਮੰਜੇ ਵਲ ਪਹੁੰਚਿਆ। ਪੈਂਦ ਵਲ ਹੱਥ ਮਾਰਨ 'ਤੇ ਖੁਸੀਆਂ ਹੋਈਆਂ ਰੱਸੀਆਂ ਤੋਂ ਬਿਨਾਂ ਉਸ ਨੂੰ ਕੁਝ ਨਾ ਲੱਭਾ। ਉਸ ਨੇ ਕਾਹਲੀ ਨਾਲ ਆਵਾਜ਼ ਦਿੱਤੀ, ''ਮਾਂ!'' ਤੇ ਨਾਲ ਹੀ ਆਪਣੇ ਹਥਾਂ ਨੂੰ ਸਰਾਂਦੀ ਵਲ ਸਰਕਾਉਣ ਲਗਾ।
ਉਸ ਦੇ ਕੰਨਾਂ ਅਤੇ ਹੱਥਾਂ ਨੂੰ ਇਕੋ ਸਮੇਂ ਇਕੱਠਾ ਹੀ ਉਤਰ ਮਿਲਿਆ। ਇਕ ਕੰਬਦੀ ਹੋਈ ਆਵਾਜ਼ ਆਈ, ''ਜੀ ਪੁਤਰ !'' ਤੇ ਨਾਲ ਹੀ ਉਸ ਦਾ ਹਥ ਸਰ੍ਹਾਂਦੀ ਵਲ ਇਕੱਠੀ ਹੋਈ ਹੋਈ ਮਾਂ ਦੇ ਸਰੀਰ ਨੂੰ ਜਾ ਛੋਹਿਆ, ਜੋ ਫਟੀ ਹੋਈ ਇਕ ਚਾਦਰ ਨਾਲ ਆਪਣੇ ਸਰੀਰ ਨੂੰ ਪਾਲੇ ਦੀ ਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਚੰਦਰ ਭਾਨ ਦਾ ਦਿਲ ਬੈਠ ਗਿਆ, ''ਮਾਂ, ਇਹ ਕੀ?'' ਕਹਿ ਕੇ ਉਹ ਪਿਛਾਂਹ ਮੁੜਿਆ ਤੇ ਦੋਵੇਂ ਕਪੜੇ ਲਿਆ ਕੇ ਉਸ ਦੇ ਉਤੇ ਪਾ ਦਿੱਤੇ। ਫਿਰ ਉਸ ਦੇ ਮੱਥੇ 'ਤੇ ਹੱਥ ਫੇਰਨ ਲੱਗਾ, ਉਸ ਦਾ ਖਿਆਲ ਸੀ ਕਿ ਮਾਂ ਦਾ ਪਿੰਡਾ ਗੜੇ ਵਰਗਾ ਹੋਵੇਗਾ, ਪਰ ਇਸ ਤੋਂ ਉਲਟ ਬੁੱਢੀ ਦਾ ਮੱਥਾ ਹਾਂਡੀ ਵਾਂਗ ਤਪ ਰਿਹਾ ਸੀ। ਉਸ ਨੂੰ ਜ਼ੋਰ ਦਾ ਬੁਖ਼ਾਰ ਚੜ੍ਹਿਆ ਹੋਇਆ ਸੀ, ਪਰ ਮਮਤਾ ਦੀ ਮਾਰੀ ਮਾਂ ਇਹ ਕਦ ਸਹਾਰ ਸਕਦੀ ਸੀ ਕਿ ਪੁਤਰ ਦਾ ਕੰਬਲ ਆਪ ਲੈ ਕੇ ਉਸ ਨੂੰ ਪਾਲੇ ਠਾਰੇ। ਅਖ਼ੀਰ ਦੋਹਾਂ ਮਾਂ ਪੁਤਰ ਨੇ ਇਕੱਠੇ ਸੌਂ ਕੇ ਰਾਤ ਦਾ ਇਹ ਚੌਥਾ ਪਹਿਰ ਬਿਤਾਇਆ।

(੩)
''ਵੇ ਗਿਆਨ ਚੰਦਾ! ਵੇ ਸ਼ਾਮਿਆ! ਨੀ ਜਿੰਦੋ ਦੀ ਮਾਂ! ਵੇ ਕੀ ਨਾਂ ਏ ਤੇਰਾ....ਕਿਰਪਿਆ। ਵੇ ਜਾਓ ਵੇ ਰਤਾ ਪਤਾ ਤੇ ਕਰੋ, ਕਿਥੇ ਜਾ ਕੇ ਬੈਠ ਰਿਹੈ ਜਣਦਿਆਂ ਨੂੰ ਖਾਣਾ। ਐਹ ਵੇਲਾ ਆਇਆ ਏ, ਨਾ ਰੋਟੀ ਨਾ ਪਾਣੀ, ਜਰਾ ਘੱਲੀਂ ਨੀ ਸ਼ਾਮੋਂ, ਮੁੰਡੇ ਨੂੰ , ਤੇਰੇ ਬੱਚੇ ਜਿਊਣ।''
ਪੰਜ ਭਠ ਬੁਖ਼ਾਰ ਦੀ ਹਾਲਤ ਵਿਚ ਫਿਰਦੀ ਮਾਈ ਮੰਗਲਾਂ ਜਦ ਹਫ ਕੇ ਘਰ ਦੇ ਬੂਹੇ ਅੱਗੇ ਆ ਢੱਠੀ, ਤਾਂ ਉਸ ਨੇ ਉਪਰੋਕਤ ਵਾਕ ਗਲੀ ਵਾਲਿਆਂ ਨੂੰ ਕਹੇ । ਗੁਆਂਢੀ ਜਾਣਦੇ ਸਨ ਕਿ ਬੁੱਢੀ ਨੂੰ ਇਹੋ ਜਿਹਾ ਬਕੜਵਾਹ ਕਰਨ ਦੀ ਵਾਦੀ ਪਈ ਹੋਈ ਹੈ। ਕਿਸੇ ਨੇ ਵੀ ਕੰਨ ਨਾ ਧਰਿਆ। ਇਕ ਦੋਹਾਂ ਨੇ ਜੇ ਹਿੰਮਤ ਕੀਤੀ ਵੀ ਤਾਂ ਗਲੀ ਦੇ ਮੋੜ ਤੱਕ ਹੀ ਝਾਕ ਕੇ ਮੁੜ ਆਏ।
ਬੁਢੜੀ ਦਾ ਜੋੜ ਜੋੜ ਛੁੜਕਿਆ ਪਿਆ ਸੀ। ਇਸ ਤੇ ਵਾਧਾ ਇਹ ਕਿ ਉਹ ਪਹਿਰਾ ਬੱਧੀ ਬਾਜ਼ਾਰ ਦੀ ਖੇਹ ਛਾਣਦੀ ਹੋਈ ਸੰਗ ਪਾੜ ਪਾੜ ਕੇ ਆਈ ਸੀ।
ਉਹ ਮੰਜੇ ਤੀਕ ਨਾ ਪਹੁੰਚ ਸਕੀ। ਸਾਰਾ ਘਰ ਉਸ ਦੀਆਂ ਅੱਖਾਂ ਅੱਗੇ ਭੌਂ ਰਿਹਾ ਸੀ, ਪਰ ਇਹਨਾਂ ਹੋਣ 'ਤੇ ਵੀ ਕਿਸੇ ਦੀ ਖਿੱਚ ਨੇ ਉਸ ਨੂੰ ਬੇਹੋਸ਼ ਨਾ ਹੋਣ ਦਿੱਤਾ। ਉਸ ਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ ਤੇ ਉਹ ਬਦੋ ਬਦੀ ਉਹਨਾਂ ਨੂੰ ਉਘਾੜਨ ਦਾ ਯਤਨ ਕਰ ਰਹੀ ਸੀ।
ਝਟ ਕੁ ਪਿੱਛੋਂ ਉਸ ਨੇ ਸਰੀਰ ਨੂੰ ਹਿਲਾਇਆ ਜੁਲਾਇਆ ਤੇ ਦੋਹਾਂ ਤਲੀਆਂ ਦਾ ਭਾਰ ਭੋਇੰ ਤੇ ਦੇ ਕੇ ਉਠਣ ਦੀ ਕੋਸ਼ਿਸ਼ ਕਰਨ ਲੱਗੀ। ਥੋੜੇ ਚਿਰ ਦੇ ਜਤਨ ਨਾਲ ਉਹ ਉੱਠੀ ਅਤੇ ਸੋਟੀ ਉਤੇ ਸਾਰੇ ਸਰੀਰ ਦਾ ਭਾਰ ਪਾ ਕੇ ਫੇਰ ਬਾਹਰ ਨਿਕਲ ਟੁਰੀ।
ਬਜ਼ਾਰੋਂ ਬਜ਼ਾਰ ਭਾਉਂਦੀ ਹੋਈ ਉਹ ਕਹੀ ਜਾਂਦੀ-''ਵੇ ਜਾਣ ਵਾਲਿਆ! ਨੀ ਤੇਰਾ ਭਲਾ ਹੋਵੇ! ਵੇ ਮੁੰਡਿਓ! ਏਧਰ ਕਿਸੇ ਨੇ ਇਕ ਅੰਨਾ ਜਾਂਦਾ ਵੇਖਿਆ ਹੋਵੇ?''
ਸਾਰੇ ਜ਼ੋਰ ਨਾਲ ਲੱਤਾਂ ਨੂੰ ਡੋਲਣ ਤੋਂ ਰੋਕਦੀ ਹੋਈ ਉਹ ਜਦ ਇਕ ਬਾਜ਼ਾਰ ਦੇ ਮੋੜ 'ਤੇ ਪਹੁੰਚੀ ਤਾਂ ਅਚਾਨਕ ਉਸ ਨੂੰ ਇਕ ਆਵਾਜ਼ ਆਈ-
''ਲੈ ਲੋ ਪੈਸੇ ਦੀਆਂ ਪੰਝੀ ਸੂਈਆਂ, ਸਿਪ ਦੇ ਬਟਨ ਦੋਂਹ ਪੈਸਿਆਂ ਦੇ ਚੌਵੀ।''
ਬੁਢੀ ਠਠੰਬਰ ਕੇ ਖਲੋ ਗਈ। ਇਹ ਆਵਾਜ਼ ਉਸ ਦੇ ਚੰਦਰ ਭਾਨ ਦੀ ਸੀ। ਉਹ ਅਬੜਵਾਹੀ ਅਗਾਂਹ ਵਧੀ ਤੇ ਇਕ ਜ਼ੋਰ ਦੀ ਆਵਾਜ਼ ਮਾਰੀ, ਵੇ ਚੰਨ!''
ਪਲਕ ਪਿਛੋਂ ਉਹ ਚੰਦਰ ਭਾਨ ਨੂੰ ਛਾਤੀ ਨਾਲ ਲਾਈ ਉਸ ਦਾ ਕੱਕਰ ਵਰਗਾ ਮੱਥਾ ਚੁੰਮ ਰਹੀ ਸੀ।
''ਹਾਏ ਤੇਰੀ ਮਾਂ ਮਰ ਜਾਏ....ਵਡੇ ਵੇਲੇ ਦਾ ਘਰੋਂ .....ਤੇ ਇਹ ਕੀ ਲਈ ਫਿਰਨਾ ਏ? ਜਣਦੇ ਖਾਣਿਆਂ, ਕਿਧਰ ਦੀ ਬਿਪਤਾ ਪੈ ਗਈ ਸੀ ਤੈਨੂੰ ਸੂਈਆਂ ਗੁਦਾਮ ਵੇਚਣ ਦੀ?'' ਕਹਿੰਦਿਆਂ ਕਹਿੰਦਿਆਂ ਬੁਢੀ ਦੇ ਅੱਥਰੂ ਢਲਕ ਪਏ ਤੇ ਉਸ ਦੀ ਬਾਂਹ ਵਿਚ ਬਾਂਹ ਪਾ ਕੇ ਘਰ ਨੂੰ ਲੈ ਟੁਰੀ।
ਘਰ ਪਹੁੰਚ ਕੇ ਮਾਈ ਮੰਗਲਾਂ ਦਾ ਭਾਵੇਂ ਬੁਖਾਰ ਤੇ ਨਾ ਉਤਰਿਆ, ਪਰ ਬੁਖਾਰ ਦਾ ਅਸਰ ਕੁਝ ਘਟ ਗਿਆ।
ਦੰਦਾਂ ਨੂੰ ਖਟਖਟਾਉਂਦਿਆਂ ਹੋਇਆ ਚੰਦਰ ਭਾਨ ਨੇ ਉਸ ਨੂੰ ਇਸ ਨਵੇਂ ਵਾਪਾਰ ਦਾ ਕਿੱਸਾ ਸੁਣਾਇਆ ਤੇ ਇਸ ਤੋਂ ਬਾਦ ਝਗੇ ਦੇ ਖੀਸੇ ਵਿਚੋਂ ਹਥ ਕਢ ਕੇ ਮਾਂ ਵਲ ਵਧਾਉਂਦਾ ਬੋਲਿਆ, ''ਲੈ ਮਾਂ!''
ਬੁੱਢੀ ਦਾ ਇਧਰ ਧਿਆਨ ਨਹੀਂ ਸੀ। ਉਸ ਨੇ ਸਭ ਤੋਂ ਪਹਿਲਾਂ ਚੰਦਰ ਭਾਨ ਨੂੰ ਨਿੱਘਿਆਂ ਕਰਨ ਦਾ ਯਤਨ ਕੀਤਾ। ਫਿਰ ਉਸ ਦੇ ਹੱਥੋਂ ਪੈਸੇ ਲੈ ਕੇ ਵੇਖੇ, ਜੋ ਪੰਜਾਂ ਕੁ ਆਨਿਆਂ ਦੇ ਸਨ।
ਪੈਸੇ ਫੜਾ ਕੇ ਚੰਦਰ ਭਾਨ ਆਪਣੇ ਕੰਨ ਰੂਪੀ ਅੱਖਾਂ ਨਾਲ ਮਾਂ ਦੇ ਭਾਵਾਂ ਨੂੰ ਤੱਕਣ ਲਗਾ। ਉਸ ਦਾ ਖ਼ਿਆਲ ਸੀ ਕਿ ਪੈਸੇ ਵੇਖ ਕੇ ਮਾਂ ਖੁਸ਼ੀ ਭਰੀਆਂ ਗੱਲਾਂ ਨਾਲ ਉਸ ਦਾ ਸਾਰਾ ਥਕੇਵਾਂ ਲਾਹ ਦੇਵੇਗੀ, ਪਰ ਉਸ ਦੀ ਇਹ ਆਸ ਪੂਰੀ ਨਾ ਹੋਈ। ਉਸ ਦੇ ਕੰਨਾਂ ਵਿਚ ਠੰਢੇ ਸਾਹ ਲੈਣ ਦੀ ਆਵਾਜ਼ ਪਈ।
ਚੰਦਰ ਭਾਨ ਨੂੰ ਅਜ ਪਹਿਲੀ ਵਾਰ ਇਸ ਗਲ ਦਾ ਤਜਰਬਾ ਹੋਇਆ ਸੀ ਕਿ ਉਹ ਵੀ ਮਾਂ ਦੇ ਦੁੱਖਾਂ ਨੂੰ ਕੁਝ ਹੱਦ ਤੱਕ ਵੰਡ ਸਕਦਾ ਹੈ। ਇਸੇ ਕਰ ਕੇ ਖੁਸ਼ੀ ਨਾਲ ਉਸ ਦਾ ਦਿਲ ਧੜਕ ਰਿਹਾ ਸੀ। ਉਹ ਜਦ ਪੰਜ ਆਨੇ ਵਟ ਕੇ ਮੁੜਿਆ ਆ ਰਿਹਾ ਸੀ, ਤਾਂ ਕਈ ਤਰ੍ਹਾਂ ਦੇ ਖਿਆਲ ਉਸ ਦੇ ਦਿਮਾਗ਼ ਵਿਚ ਚੱਕਰ ਲਾ ਰਹੇ ਸਨ-''ਹਫ਼ਤਾ ਕੁ ਇਸੇ ਤਰ੍ਹਾਂ ਵਟਕ ਹੁੰਦੀ ਰਹੀ ਤਾਂ ਮਾਂ ਨੂੰ ਕੱਪੜੇ ਸੁਆ ਦਿਆਂਗਾ, ਫਿਰ ਉਸ ਲਈ ਇਕ ਰਜਾਈ ਭਰਾਵਾਂਗਾ, ਤੇ ਫਿਰ ਉਸ ਨੂੰ ਇਕ ਚਾਂਦੀ ਦਾ ਸੂਤੜਾ ਬਣਵਾ ਦਿਆਂਗਾ, ਆਦਿ।'' ਪਰ ਮਾਂ ਦੀ ਉਦਾਸੀ ਨੇ ਉਸ ਦੇ ਸਾਰੇ ਉਤਸ਼ਾਹ ਨੂੰ ਸਲ੍ਹਾਬਾ ਚੜ੍ਹਾ ਦਿੱਤਾ।
ਬੁਢੀ ਮੰਗਲਾਂ ਦੇ ਅੰਦਰ ਇਨ੍ਹਾਂ ਪੰਜਾਂ ਆਨਿਆਂ ਨੇ ਜਿਨੇ ਤੂਫ਼ਾਨ ਲਿਆਂਦੇ ਵਲਵਲਿਆਂ ਨੇ ਜਿੰਨੀਆਂ ਕੁ ਟੱੱਕਰਾਂ ਖਾਧੀਆਂ, ਉਨ੍ਹਾਂ ਸਭਨਾਂ ਨੂੰ ਉਸ ਨੇ ਆਪਣੀਆਂ ਪਤਲੀਆਂ ਹੱਡੀਆਂ ਦੇ ਕਮਜ਼ੋਰ ਪਿੰਜਰ ਵਿਚੋਂ ਬਾਹਰ ਨਾ ਨਿਕਲਣ ਦਿੱਤਾ-ਅੰਦਰੇ ਡੱਕੀ ਰੱਖਿਆ। ਉਹ ਆਪਣੇ ਚੰਨ ਦੇ ਦਿਲ ਤੇ ਕਿਸੇ ਤਰ੍ਹਾਂ ਦੀ ਠੇਸ ਨਹੀਂ ਸੀ ਲਾਣਾ ਚਾਹੁੰਦੀ।
ਬੁਢੀ ਨੇ ਸਾਰਾ ਜ਼ੋਰ ਲਾ ਕੇ ਆਪਣੇ ਸਰੀਰ ਨੂੰ ਉਦੋਂ ਤੀਕ ਡਿਗਣੋਂ ਬਚਾਈ ਰੱਖਿਆ, ਜਦੋਂ ਤੀਕ ਉਹ ਪੁਤਰ ਨੂੰ ਰੋਟੀ ਨਾ ਖੁਆ ਚੁਕੀ। ਇਸ ਤੋਂ ਬਾਅਦ ਭਾਵੇਂ ਉਸਨੇ ਬਥੇਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਚੰਦਰ ਭਾਨ ਦੇ ਪੈਰਾਂ ਨੂੰ ਨਿਘਿਆਂ ਕਰੇ, ਪਰ ਬੁਖ਼ਾਰ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ।

(੪)
ਚੰਦਰ ਭਾਨ ਦੀ ਪਹਿਲੇ ਦਿਨ ਦੀ ਖੱਟੀ, ਜੋ ਉਸ ਨੇ ਕਿਸੇ ਹੋਰ ਕੰਮ ਲਈ ਲਿਆਂਦੀ ਸੀ, ਕਿਸੇ ਹੋਰ ਕੰਮ ਤੇ ਖਰਚ ਹੋ ਗਈ ਕੋਲਿਆਂ ਅਤੇ ਤਾਰਪੀਨ ਦੇ ਤੇਲ ਉਤੇ।
... ... ... ... ... ... ...
ਪਹਿਲਾਂ ਕੁਝ ਦਿਨ ਤਾਂ ਮਾਈ ਮੰਗਲਾਂ ਨੇ ਵੱਖੀ ਪੀੜ ਸਮਝ ਕੇ ਹਠ ਬੰਨ੍ਹੀ ਰੱਖਿਆ, ਪਰ ਉਸ ਦੀ ਇਹ ਪੀੜ੍ਹ ਸਾਧਾਰਨ ਪੀੜ੍ਹ ਨਹੀਂ ਸੀ। ਇਸ ਪੀੜ ਨੇ ਮੰਜੇ ਨਾਲ ਉਸ ਦੀ ਸਾਂਝ ਪਾ ਦਿਤੀ-ਉਹ ਨਮੋਂਨੇਏ ਦਾ ਸ਼ਿਕਾਰ ਹੋ ਗਈ।
ਕੁਦਰਤ ਹਰ ਇਕ ਹੋਣ ਵਾਲੇ ਕੰਮ ਦਾ ਪਹਿਲਾਂ ਹੀ ਬਾਨ੍ਹਣੂ ਬੰਨ੍ਹ ਦਿੰਦੀ ਹੈ। ਚੰਦਰ ਭਾਨ ਰੋਜ਼ ਵਡੇ ਵੇਲੇ ਉਠ ਕੇ ਘਰੋਂ ਚਲਾ ਜਾਂਦਾ ਤੇ ਸ਼ਾਮ ਨੂੰ ਮੁੜਦਾ ਸੀ। ਉਸ ਦੇ ਲਿਆਂਦੇ ਹੋਏ ਪੈਸੇ ਦਾਰੂ ਤੇ ਖਰਚ ਹੁੰਦੇ ਸਨ।
ਮੰਜੇ ਤੇ ਪਈ ਮਾਈ ਮੰਗਲਾ ਆਪਣੇ ਲਾਡਲੇ ਦੇ ਕਈ ਕਸ਼ਟ ਉਠਾ ਕੇ ਕਮਾਏ ਪੈਸਿਆਂ ਨੂੰ ਖ਼ਰਚ ਹੁੰਦਿਆਂ ਵੇਖਦੀ ਸੀ ਨਾਲ ਹੀ ਜਦੋਂ ਵੇਖਦੀ ਚੰਦਰ ਭਾਨ ਦੇ ਚਿੰਤਾਤਰ ਚਿਹਰੇ ਨੂੰ, ਤਾਂ ਉਸ ਦਾ ਦਿਲ ਸੀਨਾ ਪਾੜ ਕੇ ਨਿਕਲ ਨਿਕਲ ਪੈਂਦਾ ਸੀ। ਪਰ ਇਸ ਸਭ ਕਾਸੇ ਨੂੰ ਰਬ ਦੀ ਰਜ਼ਾ ਤੇ ਮਥੇ ਦੇ ਲੇਖ ਕਹਿ ਕੇ ਉਹ ਆਪਣੇ ਰੁੜ੍ਹਦੇ ਦਿਲਡ ਅਗੇ ਬੰਨ੍ਹ ਮਾਰਨ ਦਾ ਉਪਰਾਲਾ ਕਰਦੀ ਸੀ।
ਚੰਦਰ ਭਾਨ ਨੂੰ ਹੁਣ ਇਕੋ ਧੁਨ ਲੱਗੀ ਹੋਈ ਸੀ-ਪੈਸੇ ਲਿਆਉਣ ਦੀ।
ਉਸ ਦੇ ਹੱਥਾਂ ਵਿਚੋਂ, ਉਸ ਦਾ ਭਵਿੱਸ਼, ਉਸ ਦੀ ਦੁਨੀਆਂ ਤੇ ਉਸ ਦਾ ਸਰਬੰਸ ਨਿਕਲਦਾ ਜਾਂਦਾ ਸੀ ਤੇ ਉਹ ਆਪਣੇ ਲਹੂ ਦਾ ਆਖ਼ਰੀ ਤੁਪਕਾ ਸਾੜ ਕੇ ਵੀ ਉਸ ਨੂੰ ਬਚਾਉਣਾ ਚਾਹੁੰਦਾ ਸੀ।
ਮਾਈ ਮੰਗਲਾ ਦੀ ਹਾਲਤ ਵਧੇਰੇ ਖ਼ਰਾਬ ਹੁੰਦੀ ਗਈ, ਇਥੋਂ ਤੱਕ ਕੇ ਉਸ ਨੂੰ ਖੰਘ ਨਾਲ ਲਹੂ ਆਉਣ ਲੱਗ ਪਿਆ।
ਅਜ ਚੰਦਰ ਭਾਨ ਸਾਰੀ ਰਾਤ ਲੋਗੜ ਤੱਤਾ ਕਰਕੇ ਮਾਂ ਦੀਆਂ ਵੱਖੀਆਂ ਨੂੰ ਸੇਕ ਕਰਦਾ ਰਿਹਾ। ਨਾਲ ਹੀ ਉਹ ਸੋਚਦਾ ਰਿਹਾ-'ਸਵਾ ਰੁਪਈਆ ਘਰ ਵਿਚ ਮੌਜੂਦ ਹੈ, ਜੇ ਰੁਪਈਆ ਬਾਰਾਂ ਆਨੇ ਹੋਰ ਕਿਸੇ ਤਰ੍ਹਾਂ ਮਿਲ ਜਾਣ ਤਾਂ ਡਾਕਟਰ ਸੱਦ ਲਿਆਵਾਂ।'
ਦੂਜੇ ਦਿਨ ਉਹ ਅੱਗੇ ਨਾਲੋਂ ਸਵੇਰੇ ਘਰੋਂ ਨਿਕਲ ਤੁਰਿਆ ਤੇ ਜਾਂਦਾ ਹੋਇਆ ਗੁਆਂਢੀਆਂ ਨੂੰ ਮਾਂ ਦਾ ਖ਼ਿਆਲ ਰੱਖਣ ਵਾਸਤੇ ਕਹਿ ਗਿਆ।
ਉਹ ਸਾਰਾ ਦਿਨ ਸੰਘ ਪਾੜਦਾ ਫਿਰਿਆ, ਪਰ ਕੋਈ ਕੋਈ ਦਿਨ ਹੀ ਨਹਿਸ਼ ਹੁੰਦਾ ਹੈ, ਉਹ ਚਾਰ ਆਨਿਆਂ ਤੋਂ ਵੱਧ ਨਾ ਵੱਟ ਸਕਿਆ।
ਲੌਢੇ ਵੇਲੇ ਦਾ ਸੂਰਜ ਜਿਉਂ ਜਿਉਂ ਢਲਦਾ ਜਾਂਦਾ ਤਿਉਂ ਤਿਉਂ ਉਸ ਦੇ ਦਿਲ ਵੀ ਬੇਚੈਨੀ ਵੱਧਦੀ ਜਾਂਦੀ।
ਅੰਤ ਹਾਰ ਕੇ ਉਹ ਉਸ ਮੁਨਿਆਰ ਪਾਸ ਗਿਆ, ਜਿਸ ਪਾਸੋਂ ਉਹ ਸੌਦਾ ਲੈਂਦਾ ਹੁੰਦਾ ਸੀ। ਉਸ ਨੇ ਸਾਰਾ ਦੁੱਖ ਫੋਲਿਆ ਅਤੇ ਮੁਨਿਆਰ ਨੇ ਤਰਸ ਕਰਕੇ ਉਸ ਨੂੰ ਇਕ ਰੁਪਿਆ ਉਧਾਰਾ ਦੇ ਦਿੱਤਾ।
ਚੰਦਰ ਭਾਨ ਉਸ ਨੂੰ ਦਿਲੋਂ ਅਸੀਸਾਂ ਦਿੰਦਾ ਹੋਇਆ ਘਰ ਮੁੜਿਆ, ਉਹ ਜਿੰਨੇ ਕਦਮ ਘਰ ਵਲ ਪੁਟਦਾ ਸੀ ਉਨ੍ਰੇ ਹੀ ਵੱਖੋ ਵੱਖਰੇ ਖਿਆਲ ਉਸ ਦੇ ਮਨ ਵਿਚ ਪੈਣਾ ਹੁੰਦੇ ਸਨ। ਤੇ ਇਹਨਾਂ ਸਭਨਾਂ ਵਿਚ ਉਸ ਨੂੰ ਮਾਂ ਦੀ ਹੀ ਤਸਵੀਰ ਦਿਸਦੀ ਸੀ।
ਗਲੀ ਵੜਦਿਆਂ ਹੀ ਉਸ ਨੇ ਕੰਨ ਖੜੇ ਕਰ ਲਏ। ਉਹ ਦਸਾਂ ਕੁ ਕਦਮਾਂ 'ਤੇ ਸੀ, ਜਦ ਉਹ ਆਪਣੇ ਪੈਰਾਂ ਅਤੇ ਸੋਟੀ ਦੀ ਆਵਾਜ਼ ਨੂੰ ਰੋਕ ਕੇ ਘਰ ਦੇ ਅੰਦਰੋਂ ਆਉਣ ਵਾਲੀ ਕਿਸੇ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਨ ਲੱਗਾ।
ਪੰਜ ਕੁ ਕਦਮ ਹੋਰ ਅੱਗੇ ਜਾ ਕੇ ਉਸ ਨੇ ਕੰਨਾਂ ਦੇ ਪਿਛੇ ਹੱਥ ਰੱਖ ਕੇ ਹਵਾ ਦੀ ਆ ਰਹੀ ਸਾਂ ਸਾਂ ਨੂੰ ਰੋਕਿਆ।
ਜਦੋਂ ਉਸ ਦਾ ਘਰ ਦੋਹਾਂ ਕਦਮਾਂ ਦੀ ਵਿਥ 'ਤੇ ਸੀ ਤਾਂ ਉਸ ਨੇ ਆਪਣੇ ਸਾਹ ਨੂੰ ਵੀ ਰੋਕ ਲਿਆ ਤੇ ਸਿਰ ਨੂੰ ਅਗਾਂਹ ਅਗਾਂਹ ਕਰਨ ਲੱਗਾ।
ਅੰਦਰੋਂ ਕਿਸੇ ਦੀ ਆਵਾਜ਼ ਆ ਰਹੀ ਸੀ , ਡਾਢੀ ਔਖਿਆਈ ਨਾਲ 'ਹਾਏ ਹਾਏ' ਕਰਨ ਦੀ।
ਉਧਰ ਮੰਗਲਾਂ ਦੇ ਕੰਨਾਂ ਨੇ ਡੰਗੋਰੀ ਦਾ ਖੜਾਕ ਸੁਣਿਆ। ਉਹ ਪਾਸਾ ਪਰਤਣ ਦੀ ਕੋਸ਼ਿਸ਼ ਕਰਦੀ ਹੋਈ, ਖਿਚਵੀਂ ਅਤੇ ਫੁਟਵੀਂ ਆਵਾਜ਼ ਵਿਚ ਬੋਲੀ-''ਚੰਨ!....ਆ ਗਿਆ ਏ?......ਆ ਮੇਰਾ ਭਾਗ........ਆ ਜਾ ਮੇਰੇ ਕੋਲ।''
ਇਸ ਆਵਾਜ਼ ਨੇ ਚੰਦਰ ਭਾਨ ਨੂੰ ਮਾਂ ਦੀ ਬੀਮਾਰੀ ਦਾ ਸਾਰਾ ਹਾਲ ਦੱਸ ਦਿੱਤਾ। ਮੰਗਲਾਂ ਲਈ ਸੱਚ ਮੁੱਚ ਡਾਕਟਰ ਦੀ ਲੋੜ ਸੀ।
ਉਹ ਮਾਂ ਦੇ ਮੰਜੇ 'ਤੇ ਝੁਕ ਗਿਆ। ਉਸ ਦੀ ਪਿੱਠ 'ਤੇ ਮਾਂ ਦਾ ਹੱਥ ਫਿਰਨ ਨਾਲ ਜਦ ਉਸ ਦਾ ਥਕੇਵਾਂ ਦੂਰ ਹੋ ਗਿਆ ਤਾਂ ਮਾਂ ਦੇ ਮੱਥੇ ਨੂੰ ਟਟੋਲਦਿਆਂ ਹੋਇਆ ਬੇ ਸਬਰੀ ਨਾਲ ਬੋਲਿਆ, ''ਮਾਂ ਨੀ! ਕਿਉਂ ਪੀੜ ਦਾ ਆਰਾਮ ਆਇਆ ਈ?''
ਬਨਾਉਂਟੀ ਹੌਸਲੇਂ ਭਰੀ ਆਵਾਜ਼ ਵਿਚ ਮੰਗਲਾ ਬੋਲੀ, ''ਆਰਾਮ ਏਂ...ਹੁਣ ਆਰਾਮ ਏ....ਮੈਂ ਰਾਜ਼ੀ ਆਂ ਲਾਲ!''
ਚੰਦਰ ਭਾਨ ਸਮਝ ਗਿਆ ਕਿ ਇਕ ਛੋਟਾ ਜਿਹਾ ਵਾਕ ਬੋਲਣ ਵਿਚ ਵੀ ਜਿਸ ਰੋਗੀ ਨੂੰ ਦੋ ਤਿੰਨ ਵਾਰੀ ਕਸੀਸ ਵੱਟਣੀ ਪਵੇ, ਉਹ ਕਿੰਨਾ ਕੁ ਰਾਜ਼ੀ ਹੋ ਸਕਦਾ ਹੈ।
ਉਹ ਮੰਜੇ ਤੋਂ ਉਠਿਆ ਤੇ ਕੰਧ ਦੇ ਆਸਰੇ ਉਹ ਜਾਲੇ ਤਕ ਪਹੁੰਚਿਆ, ਜਿਥੇ ਉਸ ਦੀ ਰਾਸ ਪੂੰਜੀ ਪਈ ਸੀ। ਜਾਲੇ ਵਿਚ ਉਸ ਨੇ ਹਥ ਮਾਰਿਆ ਤਾਂ ਪੈਸਿਆਂ ਦੀ ਥਾਂ ਉਥੇ ਨਵੇਂ ਬੂਟ ਪਏ ਸਨ।
ਉਸ ਨੇ ਮਾਂ ਨੂੰ ਪੁੱਛਿਆ ਮਾਂ ਇਹ ਬੂਟ ਕਿਸਦੇ ਨੇ ਜਾਲੇ ਵਿਚ ?
''ਤੇਰੇ ਜੋਗੇ ਲਏ ਸੀ ਚੰਨ!....ਵਿਕਣੇ ਆਏ ਸੀ।''
''ਮੇਰੇ ਜੋਗੇ?'' ਉਸ ਨੇ ਹੈਰਾਨ ਹੋ ਕੇ ਪੁੱਛਿਆ-''ਤੇ ਮੈਂ ਤੈਨੂੰ ਕਦੋਂ ਕਿਹਾ ਸੀ ਬੂਟ ਲੈਣ ਲਈ? ਮਾਂ। ਤੂੰ ਜੋ ਕੰਮ ਕਰਨੀ ਏ ਕਾਹਲੀ ਦਾ ਈ ਕਰਨੀ ਏ। ਕਿੰਨੇ ਦੇ ਲਏ ਈ?''
ਮੰਗਲਾ ਨੇ ਖੰਘ ਕੇ ਕਿਹਾ-'ਪੌਣੇ ਦੋਹਾਂ ਦੇ।''
''ਤੇ ਪੈਸੇ ਮਾਂ?''
''ਸਵਾ ਰੁਪਈਆ ਰੋਕ ਦਿੱਤਾ ਈ ਤੇ....ਅਠਾ ਆਨਿਆ ਵਿਚ....''
''ਅਠਾਂ ਆਨਿਆਂ ਵਿਚ ਕੀ ਦਿੱਤਾ ਸੀ?''
''ਉਹ ਜਿਹੜਾ ਤਰੱਗਾ ਪਿਆ ਸੀ ਟੁੱਟਾ ਹੋਇਆ।''
ਚੰਦਰ ਭਾਨ ਨੂੰ ਪਿਆਰ ਭਰਿਆ ਗੁਸਾ ਆਇਆ ਤੇ ਫਿਰ ਸੋਚਾਂ ਵਿਚ ਪੈ ਗਿਆ।
ਮੰਗਲਾਂ ਦੀ ਰਤਾ ਕੁ ਅੱਖ ਲੱਗ ਗਈ। ਚੰਦਰ ਭਾਨ ਦਬੇ ਪੈਂਰੀਂ ਬਾਹਰ ਨਿਕਲ ਟੁਰਿਆ। ਬੂਟਾਂ ਦਾ ਜੋੜਾ ਪੈਂਰੀ ਪਾਉਣ ਦੀ ਥਾਂ ਉਸ ਨੇ ਹੱਥ ਵਿਚ ਫੜਿਆ ਹੋਇਆ ਸੀ।

(੫)
ਡਾਕਟਰ ਨੇ ਬੁੱਢੀ ਦੀ ਨਬਜ਼ ਟੋਟੋਲੀ, ਟੂਟੀਆਂ ਲਾ ਕੇ ਫੇਫੜਿਆਂ ਦੀ ਆਵਾਜ਼ ਸੁਣੀ ਤੇ ਉਸ ਦੀਆਂ ਪਸਲੀਆਂ ਨੂੰ ਟੋਹ ਕੇ ਵੇਖਿਆ। ਬੁੱਢੀ ਦਾ ਸਾਹ ਪੈਰੋ ਪੈਰ ਤੇਜ਼ ਹੁੰਦਾ ਜਾਂਦਾ ਸੀ ਤੇ ਛਾਤੀ ਵਿਚੋਂ ਸਾਂ ਸਾਂ ਦੀ ਆਵਾਜ਼ ਆ ਰਹੀ ਸੀ।
ਨੁਸਖਾ ਲਿਖ ਕੇ ਡਾਕਟਰ ਨੇ ਚੰਦਰ ਭਾਨ ਨੂੰ ਫੜਾਇਆ ਤੇ ਰੁਪਏ ਖੀਸੇ ਵਿਚ ਪਾਉਂਦਾ ਝਟ ਪਟ ਬਾਹਰ ਨਿਕਲ ਗਿਆ।
ਚੰਦਰ ਭਾਨ ਜਦ ਦੁਆਈ ਲੈਣ ਜਾਣ ਲੱਗਾ ਤਾਂ ਮੰਗਲਾ ਦੀ ਧੁੰਦਲੀ ਨਜ਼ਰ ਉਸ ਦੇ ਪੈਰਾਂ 'ਤੇ ਸੀ। ਪਰ ਉਸ ਵਿਚਾਰੀ ਨੂੰ ਕੀ ਪਤਾ ਕਿ ਉਸ ਦੇ ਖਰੀਦੇ ਹੋਏ ਬੂਟ, ਚੰਦਰ ਭਾਨ ਦੇ ਪੈਰੀਂ ਪੈਣ ਤੋਂ ਪਹਿਲਾਂ ਹੀ ਡਾਕਟਰ ਦੇ ਖੀਸੇ ਵਿਚ ਜਾ ਪਏ ਹਨ। ਹਰ ਇਕ ਚੀਜ਼ ਆਪਣੇ ਥਾਂ ਸਿਰ ਹੀ ਸੋਭਦੀ ਹੈ। ਕੀ ਚੰਦਰ ਭਾਨ ਦੇ ਪੈਰ ਇਸ ਜੋਗ ਸਨ।
ਅਜੇ ਡਾਕਟਰ ਨੇ ਬਾਹਰ ਪੈਰ ਕੱਢਿਆ ਹੀ ਸੀ ਕਿ ਮਾਈ ਮੰਗਲਾ ਸਦਾ ਲਈ ਅੱਖਾਂ ਮੀਟ ਗਈ। ਅੰਨ੍ਹੇ ਦੀ ਇਕ ਮਾਤਰ ਡੰਗੋਰੀ ਘੁਣਾਂ ਦੀ ਖਾਧੀ ਡੰਗੋਰੀ ਵੀ ਰੱਬ ਨੇ ਉਸ ਪਾਸੋਂ ਖੋਹ ਲਈ। ਉਹ ਹੁਣ ਇਸ ਸੁੰਨਸਾਨ ਤੇ ਡਰਾਉਣੇ ਸੰਸਾਰ ਵਿਚ ਇਕੱਲਾ ਸੀ।
... ... ... ... ... ... ...
ਜਿਸ ਦਿਨ ਮੰਗਲਾਂ ਦੀ ਅਰਥੀ ਨਿਕਲੀ, ਚੰਦਰ ਭਾਨ ਨੇ ਮੁੜ ਉਸ ਘਰ ਵਿਚ ਪੈਰ ਨਹੀਂ ਪਾÎਇਆ। ਓਹੀ ਘਰ, ਜਿਸ ਦੀਆਂ ਢਠੀਆਂ ਕੰਧਾਂ ਉਸ ਲਈ ਸਾਰੇ ਸੁਖ, ਸਾਰੀਆਂ ਖੁਸ਼ੀਆਂ ਲਈ ਬੈਠੀਆਂ ਸਨ, ਅਜ ਡਰਾਉਣੀਆਂ ਸ਼ਕਲਾਂ ਬਣਾ ਬਣਾ ਕੇ ਉਸ ਦੇ ਸਾਹਮਣੇ ਆਉਂਦੀਆਂ ਸਨ। ਉਸ ਨੂੰ ਇਹੋ ਜਾਪਦਾ ਸੀ ਕਿ ਇਸ ਘਰ ਦੇ ਪ੍ਰਾਣ ਨਿਕਲ ਗਏ ਹਨ ਤੇ ਇਹ ਹੁਣ ਇਕ ਲੋਥ ਤੋਂ ਵਧ ਕੁਝ ਨਹੀਂ। ਉਸ ਦਿਨ ਤੋਂ ਬਾਅਦ ਚੰਦਰ ਭਾਨ ਨੂੰ ਕਿਸੇ ਨਹੀਂ ਡਿੱਠਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ