Haar Di Jitt (Punjabi Story) : Sudarshan

ਹਾਰ ਦੀ ਜਿੱਤ (ਕਹਾਣੀ) : ਸੁਦਰਸ਼ਨ

ਮਾਂ ਨੂੰ ਆਪਣੇ ਬੇਟੇ ਅਤੇ ਕਿਸਾਨ ਨੂੰ ਆਪਣੇ ਲਹਿਲਹਾਉਂਦੇ ਖੇਤ ਵੇਖਕੇ ਜੋ ਆਨੰਦ ਆਉਂਦਾ ਹੈ, ਉਹੀ ਆਨੰਦ ਬਾਬਾ ਭਾਰਤੀ ਨੂੰ ਆਪਣਾ ਘੋੜਾ ਵੇਖਕੇ ਆਉਂਦਾ ਸੀ । ਰੱਬ ਦੀ ਬੰਦਗੀ ਤੋਂ ਜੋ ਸਮਾਂ ਬਚਦਾ, ਘੋੜੇ 'ਤੇ ਲਾ ਦਿੰਦੇ । ਘੋੜਾ ਬਹੁਤ ਸੋਹਣਾ ਤੇ ਸੁਡੌਲ ਸੀ । ਉਹਦੇ ਜੋੜ ਦਾ ਘੋੜਾ ਸਾਰੇ ਇਲਾਕੇ ਵਿੱਚ ਨਹੀਂ ਸੀ । ਬਾਬਾ ਭਾਰਤੀ ਉਹਨੂੰ ਸੁਲਤਾਨ ਕਹਿ ਕੇ ਬੁਲਾਉਂਦੇ, ਆਪਣੇ ਹੱਥ ਨਾਲ ਖਰਖਰਾ ਕਰਦੇ, ਆਪ ਦਾਣਾ ਖਵਾਉਂਦੇ ਅਤੇ ਵੇਖ-ਵੇਖਕੇ ਖੁਸ਼ ਹੁੰਦੇ ਰਹਿੰਦੇ । ਉਨ੍ਹਾਂ ਨੇ ਰੁਪਏ-ਪੈਸੇ, ਮਾਲ-ਅਸਬਾਬ, ਜ਼ਮੀਨ ਆਦਿ ਸਭ ਕੁੱਝ ਛੱਡ ਦਿੱਤਾ [ ਇੱਥੋਂ ਤੱਕ ਕਿ ਉਨ੍ਹਾਂ ਨੂੰ ਸ਼ਹਿਰੀ ਦੇ ਜ਼ਿੰਦਗੀ ਨਾਲ ਵੀ ਨਫ਼ਰਤ ਹੋ ਗਈ। ਹੁਣ ਪਿੰਡ ਦੇ ਬਾਹਰ ਇੱਕ ਛੋਟੇ ਜਿਹੇ ਮੰਦਰ ਵਿੱਚ ਰਹਿੰਦੇ ਅਤੇ ਰੱਬ ਦੀ ਬੰਦਗੀ ਕਰਦੇ ਸਨ । 'ਮੈਂ ਸੁਲਤਾਨ ਦੇ ਬਿਨਾਂ ਨਹੀਂ ਰਹਿ ਸਕਣਾ', ਉਨ੍ਹਾਂ ਨੂੰ ਇੰ\ ਜਾਪਣ ਲੱਗ ਪਿਆ ਸੀ । ਉਹ ਉਸਦੀ ਚਾਲ ਦੇ ਦੀਵਾਨੇ ਸਨ । ਕਹਿੰਦੇ, 'ਇਉਂ ਚਲਦੈ ਜਿਵੇਂ ਮੋਰ ਘਟਾ ਨੂੰ ਵੇਖਕੇ ਨੱਚ ਰਿਹਾ ਹੋਵੇ' । ਜਦੋਂ ਤੱਕ ਸ਼ਾਮ ਵੇਲੇ ਸੁਲਤਾਨ ਉੱਤੇ ਚੜ੍ਹਕੇ ਅੱਠ-ਦਸ ਮੀਲ ਦਾ ਚੱਕਰ ਨਾ ਲਾ ਲੈਂਦੇ, ਉਨ੍ਹਾਂ ਨੂੰ ਚੈਨ ਨਾ ਆਉਂਦਾ ।

ਖੜਗ ਸਿੰਘ ਉਸ ਇਲਾਕੇ ਦਾ ਮਸ਼ਹੂਰ ਡਾਕੂ ਸੀ । ਲੋਕ ਉਸਦਾ ਨਾਂ ਸੁਣਕੇ ਕੰਬਦੇ ਸਨ । ਹੌਲੀ-ਹੌਲੀ ਸੁਲਤਾਨ ਦੀ ਸ਼ੋਭਾ ਉਸ ਤੱਕ ਵੀ ਪੁੱਜ ਗਈ । ਉਸਦਾ ਦਿਲ ਉਸਨੂੰ ਵੇਖਣ ਲਈ ਬੇਚੈਨ ਹੋ ਗਿਆ । ਉਹ ਇੱਕ ਦਿਨ ਦੁਪਹਿਰ ਵੇਲੇ ਬਾਬਾ ਭਾਰਤੀ ਕੋਲ ਅੱਪੜਿਆ ਅਤੇ ਨਮਸਕਾਰ ਕਰਕੇ ਬੈਠ ਗਿਆ । ਬਾਬਾ ਭਾਰਤੀ ਨੇ ਪੁੱਛਿਆ, 'ਖੜਗ ਸਿੰਘ, ਕੀ ਹਾਲ ਏ ?'
ਖੜਗ ਸਿੰਘ ਨੇ ਸਿਰ ਝੁਕਾ ਕੇ ਜਵਾਬ ਦਿੱਤਾ, 'ਤੁਹਾਡੀ ਦਇਆ ਏ ।'
'ਦੱਸੋ, ਏਧਰ ਕਿਵੇਂ ਆਏ ?'
'ਸੁਲਤਾਨ ਦੀ ਤਾਂਘ ਖਿੱਚ ਲਿਆਈ ।'
'ਕਮਾਲ ਦਾ ਜਾਨਵਰ ਹੈ । ਵੇਖੋਗੇ ਤਾਂ ਖੁਸ਼ ਹੋ ਜਾਓਗੇ ।'
'ਮੈਂ ਵੀ ਬਹੁਤ ਵਡਿਆਈ ਸੁਣੀ ਏ । '
'ਉਹਦੀ ਚਾਲ ਤੁਹਾਡਾ ਮਨ ਮੋਹ ਲਵੇਗੀ ! '
'ਕਹਿੰਦੇ ਹਨ ਵੇਖਣ ਨੂੰ ਬੜਾ ਸੋਹਣਾ ਹੈ । '
'ਕੀ ਕਹਿਣਾ ! ਜਿਹੜਾ ਉਹਨੂੰ ਇੱਕ ਵਾਰ ਵੇਖ ਲੈਂਦਾ ਏ, ਉਹਦੇ ਦਿਲ 'ਚ ਵਸ ਜਾਂਦਾ ਏ ।'
'ਬਹੁਤ ਦਿਨਾਂ ਦੀ ਇੱਛਾ ਸੀ, ਅੱਜ ਮੌਜੂਦ ਹੋ ਸਕਿਆ ਹਾਂ ।'
ਬਾਬਾ ਭਾਰਤੀ ਅਤੇ ਖੜਗ ਸਿੰਘ ਤਬੇਲੇ ਵਿੱਚ ਪੁੱਜੇ । ਬਾਬੇ ਨੇ ਘੋੜਾ ਵਿਖਾਇਆ ਮਾਣ ਨਾਲ, ਖੜਗ ਸਿੰਘ ਨੇ ਵੇਖਿਆ ਹੈਰਾਨੀ ਨਾਲ । ਉਹਨੇ ਸੈਂਕੜੇ ਘੋੜੇ ਵੇਖੇ ਸਨ, ਪਰ ਅਜਿਹਾ ਬਾਂਕਾ ਘੋੜਾ ਉਹਦੀਆਂ ਅੱਖਾਂ ਅੱਗੇ ਕਦੇ ਨਹੀਂ ਲੰਘਿਆ ਸੀ । ਸੋਚਣ ਲਗਾ, ਕਿਸਮਤ ਦੀ ਗੱਲ ਹੈ । ਅਜਿਹਾ ਘੋੜਾ ਖੜਗ ਸਿੰਘ ਦੇ ਕੋਲ ਹੋਣਾ ਚਾਹੀਦਾ ਹੈ । ਇਸ ਸਾਧੂ ਨੂੰ ਅਜਿਹੀ ਚੀਜ ਦਾ ਕੀ ਫ਼ਾਇਦਾ ? ਕੁੱਝ ਦੇਰ ਤੱਕ ਹੈਰਾਨੀ ਨਾਲ ਚੁਪਚਾਪ ਖੜਾ ਰਿਹਾ । ਇਸਦੇ ਬਾਅਦ ਉਸਦੇ ਦਿਲ ਵਿੱਚ ਹਿਲਜੁਲ ਹੋਣ ਲੱਗੀ । ਬੱਚਿਆਂ ਵਾਲੀ ਬੇਚੈਨੀ ਨਾਲ ਬੋਲਿਆ,
'ਪਰ ਬਾਬਾ ਜੀ, ਇਸਦੀ ਚਾਲ ਨਹੀਂ ਵੇਖੀ ਤਾਂ ਕੀ ਵੇਖਿਆ ?'
ਦੂਜੇ ਦੇ ਮੂੰਹੋਂ ਤਾਰੀਫ਼ ਸੁਣਨ ਲਈ ਉਨ੍ਹਾਂ ਦਾ ਦਿਲ ਕਾਹਲਾ ਪੈ ਗਿਆ । ਘੋੜੇ ਨੂੰ ਖੋਲ੍ਹਕੇ ਬਾਹਰ ਗਏ । ਘੋੜਾ ਹਵਾ ਵਾਂਗ ਉਡਣ ਲਗਾ । ਉਹਦੀ ਚਾਲ ਨੂੰ ਵੇਖਕੇ ਖੜਗ ਸਿੰਘ ਦੇ ਦਿਲ ਉੱਤੇ ਸੱਪ ਲਿਟਣ ਲੱਗਾ । ਉਹ ਡਾਕੂ ਸੀ ਅਤੇ ਜੋ ਚੀਜ਼ ਉਹਨੂੰ ਪਸੰਦ ਆ ਜਾਵੇ ਉਸ ਉੱਤੇ ਉਹ ਆਪਣਾ ਹੱਕ ਸਮਝਦਾ ਸੀ । ਉਹਦੇ ਕੋਲ ਤਾਕਤ ਸੀ ਅਤੇ ਆਦਮੀ ਵੀ । ਜਾਂਦੇ-ਜਾਂਦੇ ਉਸਨੇ ਕਿਹਾ, 'ਬਾਬਾਜੀ, ਮੈਂ ਇਹ ਘੋੜਾ ਤੁਹਾਡੇ ਕੋਲ ਨਹੀਂ ਰਹਿਣ ਦੇਵਾਂਗਾ ।'
ਬਾਬਾ ਭਾਰਤੀ ਡਰ ਗਏ । ਹੁਣ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ । ਸਾਰੀ ਰਾਤ ਤਬੇਲੇ ਦੀ ਰਾਖੀ ਵਿੱਚ ਲੰਘਣ ਲੱਗੀ । ਹਰ ਪਲ ਖੜਗ ਸਿੰਘ ਦਾ ਡਰ ਲਗਿਆ ਰਹਿੰਦਾ, ਪਰ ਕਈ ਮਹੀਨੇ ਲੰਘ ਗਏ ਅਤੇ ਉਹ ਨਾ ਆਇਆ । ਇੱਥੋਂ ਤੱਕ ਕਿ ਬਾਬਾ ਭਾਰਤੀ ਕੁੱਝ ਅਵੇਸਲੇ ਹੋ ਗਏ ਅਤੇ ਇਸ ਡਰ ਨੂੰ ਸੁਪਨੇ ਦੇ ਡਰ ਵਾਂਗ ਝੂਠ ਸਮਝਣ ਲੱਗੇ । ਸ਼ਾਮ ਦਾ ਸਮਾਂ ਸੀ । ਬਾਬਾ ਭਾਰਤੀ ਸੁਲਤਾਨ ਦੀ ਪਿੱਠ ਉੱਤੇ ਸਵਾਰ ਹੋਕੇ ਘੁੰਮਣ ਜਾ ਰਹੇ ਸਨ । ਇਸ ਵੇਲੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਸੀ, ਮੂੰਹ ਉੱਤੇ ਖ਼ੁਸ਼ੀ । ਕਦੇ ਘੋੜੇ ਦੇ ਸਰੀਰ ਨੂੰ ਵੇਖਦੇ, ਕਦੇ ਉਸਦੇ ਰੰਗ ਨੂੰ ਅਤੇ ਮਨ ਵਿੱਚ ਫੁੱਲੇ ਨਾ ਸਮਾਉੁਂਦੇ। ਅਚਾਨਕ ਇੱਕ ਪਾਸਿਓਂ ਅਵਾਜ਼ ਆਈ, 'ਓ ਬਾਬਾ, ਇਸ ਕੰਗਲੇ ਦੀ ਸੁਣਕੇ ਜਾਇਓ । '
ਅਵਾਜ਼ ਵਿੱਚ ਲਾਚਾਰੀ ਸੀ । ਬਾਬੇ ਨੇ ਘੋੜਾ ਰੋਕ ਲਿਆ । ਵੇਖਿਆ, ਇੱਕ ਅਪਾਹਿਜ ਰੁੱਖ ਦੀ ਛਾਵੇਂ ਪਿਆ ਕਰਾਹ ਰਿਹਾ ਹੈ । 'ਬੋਲੇ, ਕਿਉਂ ਤੈਨੂੰ ਕੀ ਦੁੱਖ ਹੈ ?'
ਅਪਾਹਿਜ ਨੇ ਹੱਥ ਜੋੜਕੇ ਕਿਹਾ, ਬਾਬਾ, ਮੈਂ ਦੁਖਿਆਰਾ ਹਾਂ । ਮੇਰੇ ਉੱਤੇ ਤਰਸ ਕਰੋ । ਰਾਮਾਵਾਲਾ ਇੱਥੋਂ ਤਿੰਨ ਮੀਲ ਹੈ, ਮੈਂ ਉੱਥੇ ਜਾਣਾ ਹੈ । ਘੋੜੇ ਉੱਤੇ ਚੜ੍ਹਾ ਲਓ, ਰੱਬ ਤੁਹਾਡਾ ਭਲਾ ਕਰੇਗਾ ।'
'ਉੱਥੇ ਤੁਹਾਡਾ ਕੌਣ ਹੈ ?'
'ਦੁਰਗਾ ਦੱਤ ਵੈਦ ਦਾ ਨਾਂ ਤੁਸੀਂ ਸੁਣਿਆ ਹੋਵੇਗਾ । ਮੈਂ ਉਨ੍ਹਾਂ ਦਾ ਸੌਤੇਲਾ ਭਰਾ ਹਾਂ ।'
ਬਾਬਾ ਭਾਰਤੀ ਨੇ ਘੋੜੇ ਤੋਂ ਉਤਰ ਕੇ ਅਪਾਹਿਜ ਨੂੰ ਘੋੜੇ ਉੱਤੇ ਚੜ੍ਹਾਇਆ ਅਤੇ ਆਪ ਉਸਦੀ ਲਗਾਮ ਫੜਕੇ ਹੌਲੀ-ਹੌਲੀ ਤੁਰਨ ਲੱਗੇ । ਅਚਾਨਕ ਉਨ੍ਹਾਂ ਨੂੰ ਇੱਕ ਝੱਟਕਾ-ਜਿਹਾ ਲਗਿਆ ਅਤੇ ਲਗਾਮ ਹੱਥੋਂ ਛੁੱਟ ਗਈ । ਉਨ੍ਹਾਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੇ ਵੇਖਿਆ ਕਿ ਅਪਾਹਿਜ ਘੋੜੇ ਦੀ ਪਿੱਠ ਉੱਤੇ ਤਣਿਆ ਬੈਠਾ ਹੈ ਅਤੇ ਘੋੜੇ ਨੂੰ ਭਜਾਈਂ ਲਈ ਜਾ ਰਿਹਾ ਹੈ । ਉਨ੍ਹਾਂ ਦੇ ਮੂੰਹੋਂ ਡਰ, ਹੈਰਾਨੀ ਅਤੇ ਨਿਰਾਸ਼ਾ ਦੀ ਮਿਲੀਜੁਲੀ ਚੀਕ ਨਿਕਲੀ । ਉਹ ਅਪਾਹਿਜ ਡਾਕੂ ਖੜਗ ਸਿੰਘ ਸੀ । ਬਾਬਾ ਭਾਰਤੀ ਕੁੱਝ ਸਮਾਂ ਚੁਪ ਰਹੇ ਅਤੇ ਫੇਰ ਕੁੱਝ ਫੈਸਲਾ ਕਰਕੇ ਪੂਰੇ ਜੋਰ ਨਾਲ ਉੱਚੀ ਬੋਲੇ, 'ਜਰਾ ਠਹਿਰ ਜਾ ।
ਖੜਗ ਸਿੰਘ ਨੇ ਅਵਾਜ਼ ਸੁਣਕੇ ਘੋੜਾ ਰੋਕ ਲਿਆ ਅਤੇ ਉਹਦੀ ਧੌਣ ਉੱਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ, 'ਬਾਬਾਜੀ, ਇਹ ਘੋੜਾ ਹੁਣ ਨਹੀਂ ਦੇਵਾਂਗਾ ।'
'ਪਰ ਇੱਕ ਗੱਲ ਸੁਣਕੇ ਜਾਵੀਂ।' ਖੜਗ ਸਿੰਘ ਰੁਕ ਗਿਆ ।
ਬਾਬਾ ਭਾਰਤੀ ਨੇ ਨੇੜੇ ਜਾਕੇ ਉਸ ਵੱਲ ਇਉਂ ਵੇਖਿਆ ਜਿਵੇਂ ਬਕਰਾ ਕਸਾਈ ਵੱਲ ਵੇਖਦਾ ਹੈ ਅਤੇ ਕਿਹਾ, ਇਹ ਘੋੜਾ ਤੁਹਾਡਾ ਹੋ ਚੁੱਕਿਆ ਹੈ । ਮੈਂ ਇਸਨੂੰ ਵਾਪਸ ਕਰਨ ਲਈ ਨਹੀਂ ਕਹਾਂਗਾ । ਪਰ ਖੜਗ ਸਿੰਘ, ਕੇਵਲ ਇੱਕ ਬੇਨਤੀ ਕਰਦਾ ਹਾਂ । ਇਸਨੂੰ ਨਾਮਨਜ਼ੂਰ ਨਾ ਕਰੀਂ, ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ ।'
'ਬਾਬਾਜੀ, ਹੁਕਮ ਕਰੋ । ਮੈਂ ਤੁਹਾਡਾ ਦਾਸ ਹਾਂ, ਕੇਵਲ ਘੋੜਾ ਨਹੀਂ ਦੇਵਾਂਗਾ ।'
'ਹੁਣ ਘੋੜੇ ਦਾ ਨਾਂ ਨਾ ਲਓ । ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਕਹਾਂਗਾ । ਮੇਰੀ ਬੇਨਤੀ ਕੇਵਲ ਇਹ ਹੈ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀਂ ਨਾ ।'
ਖੜਗ ਸਿੰਘ ਦਾ ਮੂੰਹ ਹੈਰਾਨੀ ਨਾਲ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ । ਉਹਦਾ ਵਿਚਾਰ ਸੀ ਕਿ ਉਹਨੂੰ ਘੋੜੇ ਨੂੰ ਲੈ ਕੇ ਇੱਥੋਂ ਭੱਜਣਾ ਪਵੇਗਾ, ਪਰ ਬਾਬਾ ਭਾਰਤੀ ਨੇ ਆਪ ਉਸਨੂੰ ਕਿਹਾ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀਂ ਨਾ । ਇਸਦਾ ਕੀ ਮਤਲਬ ਹੋ ਸਕਦਾ ਹੈ ? ਖੜਗ ਸਿੰਘ ਨੇ ਬਹੁਤ ਸੋਚਿਆ, ਬਹੁਤ ਸਿਰ ਮਾਰਿਆ, ਪਰ ਕੁੱਝ ਸਮਝ ਨਾ ਸਕਿਆ । ਹਾਰਕੇ ਉਹਨੇ ਆਪਣੀਆਂ ਅੱਖਾਂ ਬਾਬਾ ਭਾਰਤੀ ਦੇ ਮੂੰਹ ਉੱਤੇ ਟਿਕਾਈਆਂ ਅਤੇ ਪੁੱਛਿਆ, 'ਬਾਬਾਜੀ, ਇਸ ਵਿੱਚ ਤੁਹਾਨੂੰ ਕੀ ਡਰ ਹੈ ?'
ਸੁਣਕੇ ਬਾਬਾ ਭਾਰਤੀ ਨੇ ਜਵਾਬ ਦਿੱਤਾ, 'ਲੋਕਾਂ ਨੂੰ ਜੇਕਰ ਇਸ ਘਟਨਾ ਦਾ ਪਤਾ ਲੱਗ ਗਿਆ ਤਾਂ ਉਹ ਦੀਨ-ਦੁਖੀਆਂ ਉੱਤੇ ਵਿਸ਼ਵਾਸ ਨਹੀਂ ਕਰਨਗੇ ।' ਇਹ ਕਹਿੰਦੇ-ਕਹਿੰਦੇ ਉਨ੍ਹਾਂ ਨੇ ਸੁਲਤਾਨ ਵਲੋਂ ਇੰਜ ਮੂੰਹ ਮੋੜ ਲਿਆ ਜਿਵੇਂ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਸੰਬੰਧ ਹੀ ਨਾ ਰਿਹਾ ਹੋਵੇ ।
ਬਾਬਾ ਭਾਰਤੀ ਤਾਂ ਚਲੇ ਗਏ, ਪਰ ਉਨ੍ਹਾਂ ਦੇ ਸ਼ਬਦ ਖੜਗ ਸਿੰਘ ਦੇ ਕੰਨਾਂ 'ਚ ਉਸੇ ਤਰ੍ਹਾਂ ਗੂੰਜ ਰਹੇ ਸਨ । ਸੋਚਣ ਲੱਗਾ, ਕਿੰਨੇ ਉੱਚੇ ਵਿਚਾਰ ਹਨ, ਕਿੰਨਾ ਪਵਿਤਰ ਭਾਵ ਹੈ ! ਉਨ੍ਹਾਂ ਨੂੰ ਇਸ ਘੋੜੇ ਨਾਲ ਪ੍ਰੇਮ ਸੀ, ਇਸਨੂੰ ਵੇਖਕੇ ਉਨ੍ਹਾਂ ਦਾ ਮੂੰਹ ਫੁੱਲ ਵਾਂਗ ਖਿੜ ਜਾਂਦਾ ਸੀ । ਕਹਿੰਦੇ ਸਨ, ਇਸਦੇ ਬਿਨਾਂ ਮੈਂ ਰਹਿ ਨਹੀਂ ਸਕੂੰਗਾ । ਇਸਦੀ ਰਾਖੀ ਵਿੱਚ ਉਹ ਕਈ ਰਾਤ ਸੁੱਤੇ ਨਹੀਂ । ਭਜਨ-ਭਗਤੀ ਨਹੀਂ ਕੀਤੀ ਰਾਖੀ ਕਰਦੇ ਰਹੇ । ਪਰ ਅੱਜ ਉਨ੍ਹਾਂ ਦੇ ਮੂੰਹ ਉੱਤੇ ਦੁੱਖ ਦੀ ਲਕੀਰ ਵੀ ਨਹੀਂ ਦਿਸਦੀ ਸੀ । ਉਨ੍ਹਾਂ ਨੂੰ ਕੇਵਲ ਇਹ ਖਿਆਲ ਸੀ ਕਿ ਕਿਤੇ ਲੋਕ ਦੀਨ-ਦੁਖੀਆਂ ਉੱਤੇ ਵਿਸ਼ਵਾਸ ਕਰਨਾ ਨਾ ਛੱਡ ਦੇਣ । ਅਜਿਹਾ ਮਨੁੱਖ, ਮਨੁੱਖ ਨਹੀਂ ਦੇਵਤਾ ਹੈ ।
ਰਾਤ ਦੇ ਹਨੇਰੇ ਵਿੱਚ ਖੜਗ ਸਿੰਘ ਬਾਬਾ ਭਾਰਤੀ ਦੇ ਮੰਦਿਰ ਅੱਪੜਿਆ । ਚਾਰੇ ਪਾਸੇ ਚੁੱਪ ਸੀ । ਅਕਾਸ਼ ਵਿੱਚ ਤਾਰੇ ਟਿਮਟਿਮਾ ਰਹੇ ਸਨ । ਥੋੜ੍ਹੀ ਦੂਰ ਪਿੰਡ ਦੇ ਕੁੱਤੇ ਭੌਂਕ ਰਹੇ ਸਨ । ਮੰਦਿਰ ਵਿੱਚ ਕੋਈ ਸ਼ਬਦ ਸੁਣਾਈ ਨਹੀਂ ਦਿੰਦਾ ਸੀ । ਖੜਗ ਸਿੰਘ ਨੇ ਸੁਲਤਾਨ ਦੀ ਵਾਗ ਫੜੀ ਹੋਈ ਸੀ । ਉਹ ਹੌਲੀ-ਹੌਲੀ ਤਬੇਲੇ ਦੇ ਫਾਟਕ ਉੱਤੇ ਅੱਪੜਿਆ । ਫਾਟਕ ਚੁਪੱਟ ਖੁੱਲ੍ਹਾ ਪਿਆ ਸੀ । ਕਿਸੇ ਵੇਲੇ ਉੱਥੇ ਬਾਬਾ ਭਾਰਤੀ ਆਪ ਡਾਂਗ ਲੈ ਕੇ ਪਹਿਰਾ ਦਿੰਦੇ ਸਨ, ਪਰ ਅੱਜ ਉਨ੍ਹਾਂਨੂੰ ਕਿਸੇ ਚੋਰੀ, ਕਿਸੇ ਡਾਕੇ ਦਾ ਡਰ ਨਹੀਂ ਸੀ । ਖੜਗ ਸਿੰਘ ਨੇ ਅੱਗੇ ਵਧਕੇ ਸੁਲਤਾਨ ਨੂੰ ਉਹਦੀ ਜਗ੍ਹਾ ਬੰਨ੍ਹ ਦਿੱਤਾ ਅਤੇ ਬਾਹਰ ਆਕੇ ਚੁਪਚਾਪ ਫਾਟਕ ਬੰਦ ਕਰ ਦਿੱਤਾ । ਇਸ ਵੇਲੇ ਉਸਦੀਆਂ ਅੱਖਾਂ ਵਿੱਚ ਨੇਕੀ ਦੇ ਹੰਝੂ ਸਨ । ਰਾਤ ਦਾ ਤੀਜਾ ਪਹਿਰ ਲੰਘ ਗਿਆ ਸੀ । ਚੌਥਾ ਪਹਿਰ ਸ਼ੁਰੂ ਹੁੰਦੇ ਹੀ ਬਾਬਾ ਭਾਰਤੀ ਨੇ ਆਪਣੀ ਕੁਟੀਆ ਤੋਂ ਬਾਹਰ ਆ ਕੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ । ਉਸਦੇ ਪਿੱਛੋਂ, ਜਿਵੇਂ ਕੋਈ ਸੁਪਨੇ ਵਿੱਚ ਚੱਲ ਰਿਹਾ ਹੋਵੇ, ਉਨ੍ਹਾਂ ਦੇ ਪੈਰ ਤਬੇਲੇ ਵੱਲ ਵਧੇ । ਪਰ ਫਾਟਕ ਉੱਤੇ ਪੁੱਜ ਕੇ ਉਨ੍ਹਾਂ ਨੂੰ ਆਪਣੀ ਭੁੱਲ ਮਾਲੂਮ ਹੋਈ । ਨਾਲ ਹੀ ਘੋਰ ਨਿਰਾਸ਼ਾ ਨੇ ਪੈਰਾਂ ਨੂੰ ਮਣ-ਮਣ ਦੇ ਬਣਾ ਦਿੱਤਾ । ਉਹ ਉਥੇ ਹੀ ਰੁੱਕ ਗਏ । ਘੋੜੇ ਨੇ ਆਪਣੇ ਮਾਲਕ ਦੀ ਪੈੜ ਚਾਲ ਪਛਾਣ ਲਈ ਅਤੇ ਜ਼ੋਰ ਨਾਲ ਹਿਣਕਿਆ । ਹੁਣ ਬਾਬਾ ਭਾਰਤੀ ਹੈਰਾਨੀ ਅਤੇ ਖ਼ੁਸ਼ੀ ਨਾਲ ਭੱਜੇ ਭੱਜੇ ਅੰਦਰ ਗਏ ਅਤੇ ਆਪਣੇ ਪਿਆਰੇ ਘੋੜੇ ਦੇ ਗਲ ਨਾਲ ਲੱਗਕੇ ਇੰਜ ਰੋਣ ਲੱਗੇ ਜਿਵੇਂ ਕੋਈ ਪਿਤਾ ਚਿਰਾਂ ਦੇ ਵਿੱਛੜੇ ਪੁੱਤ ਨੂੰ ਮਿਲ ਰਿਹਾ ਹੋਵੇ । ਵਾਰ-ਵਾਰ ਉਹਦੀ ਪਿੱਠ ਉੱਤੇ ਹੱਥ ਫੇਰਦੇ, ਵਾਰ-ਵਾਰ ਉਹਦੇ ਮੂੰਹ ਉੱਤੇ ਥਪਕੀਆਂ ਦਿੰਦੇ । ਫਿਰ ਉਹ ਪੂਰੀ ਤਸੱਲੀ ਨਾਲ ਬੋਲੇ, 'ਹੁਣ ਕੋਈ ਦੀਨ-ਦੁਖੀਆਂ ਤੋਂ ਮੂੰਹ ਨਹੀਂ ਮੋੜੂਗਾ ।'

(ਅਨੁਵਾਦ: ਕਰਮਜੀਤ ਸਿੰਘ ਗਠਵਾਲਾ)

  • ਮੁੱਖ ਪੰਨਾ : ਸੁਦਰਸ਼ਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ