Freud Di Akh (Punjabi Story) : Kehkashan Malik

ਫਰਾਇਡ ਦੀ ਅੱਖ (ਕਹਾਣੀ) : ਕਹਿਕਸ਼ਾਂ ਮਲਿਕ

ਬੜਾ ਹੀ ਭੋਲਾ ਬੱਚਾ ਸੀ ਉਹ । ਉਹਦੀਆਂ ਮੋਟੀਆਂ ਤੇ ਸੁਰਮਈ ਮਾਸੂਮ ਅੱਖਾਂ 'ਚ ਭਰਪੂਰ ਇਸ਼ਕ ਦੀ ਰੌਸ਼ਨੀ ਜਗੀ ਹੋਈ ਵੇਖ ਕੇ ਮੈਂ ਕੁਝ ਘਬਰਾ ਜਿਹੀ ਗਈ । ਉਹ ਬੜੇ ਸੁਆਦ ਨਾਲ ਕੂਹਣੀ ਮੇਜ਼ 'ਤੇ ਟਿਕਾਈ ਦੋਵੇਂ ਹੱਥਾਂ ਦੇ ਪਿਆਲੇ 'ਚ ਠੋਡੀ ਰੱਖ ਕੇ ਮੇਰੇ ਵੱਲ ਕੁਝ ਅਜਿਹੀਆਂ ਮਿੱਠੀਆਂ-ਮਿੱਠੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ ਕਿ ਮੇਰੇ ਮੱਥੇ 'ਤੇ ਪਸੀਨਾ ਆ ਗਿਆ ।
'ਚੱਲ ਪੁੱਤਰ ਹੁਣ ਸੀਟ 'ਤੇ', ਕਹਿੰਦੇ ਹੋਏ ਮੈਨੂੰ ਇੰਜ ਜਾਪਿਆ ਜਿਵੇਂ ਮੇਰਾ ਨਿਕਾਹ ਟੁੱਟ ਗਿਆ ਹੋਵੇ ਤੇ 'ਪੁੱਤਰ' ਸ਼ਬਦ ਜਿਵੇਂ ਮੇਰੀ ਜੀਭ 'ਤੇ ਅਟਕ ਗਿਆ ਹੋਵੇ । ਮੈਨੂੰ ਇੰਜ ਲਜਿੱਤ ਵੇਖ ਕੇ ਉਹ ਛੇ-ਸੱਤ ਸਾਲ ਦਾ ਬੱਚਾ ਆਪ ਹੀ ਆਪਣੀ ਸੀਟ 'ਤੇ ਜਾ ਬੈਠਾ ।
ਉਹ ਮੇਰੇ ਕੋਲ ਆ ਕੇ ਮੈਥੋਂ ਸੁਆਲ ਸਮਝ ਰਿਹਾ ਸੀ । ਉਸ ਬੱਚੇ ਦਾ ਰੰਗ ਸਾਂਵਲਾ ਜਿਹਾ ਸੀ । ਉਹ ਬਹੁਤ ਕਮਜ਼ੋਰ ਤੇ ਰੋਗੀ ਜਿਹਾ ਵਿਖਾਈ ਦਿੱਤਾ । ਉਹਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ ਪਰ ਕਾਲੀਆਂ ਤੇ ਸ਼ੀਸ਼ੇ ਵਰਗੀਆਂ ਅੱਖਾਂ ਆਮ ਬੱਚਿਆਂ ਤੋਂ ਕੁਝ ਵੱਖਰੀਆਂ ਜਾਪ ਰਹੀਆਂ ਸਨ ।
ਉਸ ਬੱਚੇ ਦਾ ਨਾਂਅ ਮੰਸੂਰ ਸੀ । ਉਹਦੀ ਇਸ ਅਦਾ 'ਤੇ ਆਮ ਬੱਚਿਆਂ ਨਾਲੋਂ ਵੱਖਰੀ ਸੀ । ਉਹਦੀ ਸਿਹਤ ਨੇ ਮੈਨੂੰ ਕੁਝ ਸੋਚਣ 'ਤੇ ਮਜਬੂਰ ਕਰ ਦਿੱਤਾ । ਉਹਦੇ ਇਸ ਪ੍ਰਕਾਰ ਨਾਲ ਮੈਨੂੰ ਕੁਝ ਚੇਤੇ ਆਇਆ ਕਿ ਉਹ ਕਈ ਦਿਨਾਂ ਮਗਰੋਂ ਸਕੂਲ ਆਇਆ ਸੀ । ਉਹਦੀ ਬਿਮਾਰੀ ਦਾ ਪ੍ਰਾਰਥਨਾ ਪੱਤਰ ਆਉਂਦਾ ਰਿਹਾ ਸੀ । ਇਹ ਵੀ ਯਾਦ ਆਇਆ ਕਿ ਉਹਦੇ ਘਰੋਂ ਸ਼ਿਕਾਇਤ ਆਈ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਸਭ ਤੋਂ ਅਗਲੀ ਲਾਈਨ 'ਤੇ ਬੈਠਣ ਦਾ ਸ਼ੌਕ ਏ, ਇਸ ਲਈ ਉਹਨੂੰ ਅੱਗੇ ਬਿਠਾਇਆ ਜਾਵੇ । ਆਮ ਤੌਰ 'ਤੇ ਮਾਂ-ਪਿਓ ਦੀ ਇਹੀ ਇੱਛਾ ਹੁੰਦੀ ਏ, ਇਸ ਲਈ ਮੈਂ ਇਸ ਗੱਲ 'ਤੇ ਕੋਈ ਧਿਆਨ ਨਹੀਂ ਸੀ ਦਿੱਤਾ ਤੇ ਉਹ ਕਿਧਰੇ ਪਿਛਲੀ ਕੁਰਸੀ 'ਤੇ ਹੀ ਬੈਠਾ ਰਿਹਾ, ਪਰ ਹੁਣ ਮੈਨੂੰ ਅਹਿਸਾਸ ਹੋਇਆ ਕਿ ਉਹ ਨੂੰ ਪਿੱਛੇ ਬਿਠਾ ਕੇ ਸੱਚਮੁੱਚ ਉਹਦੇ ਨਾਲ ਜ਼ੁਲਮ ਕੀਤਾ ਗਿਆ ਸੀ । ਇੰਨੇ ਸੰਵੇਦਨਸ਼ੀਲ ਤੇ ਭਾਵੁਕ ਬੱਚੇ ਨਾਲ ਆਮ ਬੱਚਿਆਂ ਵਾਲਾ ਵਰਤਾਅ ਉਹਦੇ ਦਿਮਾਗ ਵਿਚ ਕੁਝ ਉਲਝਣਾਂ ਪਾ ਰਿਹਾ ਹੋਵੇਗਾ ।
ਮੈਂ ਖਿਆਲਾਂ ਤੋਂ ਹਟ ਕੇ ਉਸ ਵੱਲ ਵੇਖਿਆ । ਉਹ ਦੋ ਲਾਈਨਾਂ ਦੂਰ ਸਭ ਤੋਂ ਅਗਲੀ ਲਾਈਨ 'ਚ ਬੈਠੀ ਹੋਈ ਨੋਸ਼ਾਬਾ ਵੱਲ ਮਿੱਠੀਆਂ-ਮਿੱਠੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ । ਨੋਸ਼ਾਬਾ ਦਾ ਰੰਗ ਕਲਾਸ ਦੀਆਂ ਸਾਰੀਆਂ ਬੱਚੀਆਂ ਤੋਂ ਗੋਰਾ ਸੀ । ਭਰੇ-ਭਰੇ ਗਲ੍ਹਾਂ 'ਤੇ ਦੁਪਹਿਰ ਹੁੰਦੇ ਹੀ ਅਨਾਰਾਂ ਦਾ ਕੱਚਾ ਰਸ ਫੈਲ ਜਾਂਦਾ ਸੀ । ਉਹਦੇ ਹੇਠਲੇ ਬੁੱਲ੍ਹਾਂ ਦੇ ਖੱਬੇ ਪਾਸੇ ਕਾਲਾ ਤਿਲ ਸੀ, ਜਿਹਦੇ ਕਾਰਨ ਉਹਦੇ ਚਿਹਰੇ ਦੀ ਖਿੱਚ ਹੋਰ ਵਧ ਗਈ ਸੀ । ਉਹ ਸੁਆਲ ਹੱਲ ਕਰਨ 'ਚ ਬੇਹੱਦ ਗੁਆਚਿਆ ਹੋਇਆ ਸੀ ।
ਕਾਲੇ ਤੇ ਘੰੁਗਰਾਲੇ ਵਾਲ ਉਹਦੀਆਂ ਗਲ੍ਹਾਂ ਨਾਲ ਛੇੜਛਾੜ ਕਰ ਰਹੇ ਸਨ । ਸਾਰੇ ਹੀ ਬੱਚੇ ਸੁਆਲ ਹੱਲ ਕਰਨ 'ਚ ਮਗਨ ਸਨ, ਪਰ ਮੰਸੂਰ ਦੇ ਹੱਥ ਤੋਂ ਪੈਨਸਿਲ ਹੇਠਾਂ ਡਿੱਗ ਗਈ ਸੀ । ਉਹ ਪੱਥਰ ਬਣਿਆ ਉਸ ਵੱਲ ਵੇਖ ਰਿਹਾ ਸੀ । ਮੈਨੂੰ ਹਾਸਾ ਆ ਗਿਆ । ਲੋਕ ਲੈਲਾ ਮਜਨੂੰ ਦੇ ਕਿੱਸੇ ਨੂੰ ਕੇਵਲ ਹਿੱਸਾ ਸਮਝ ਕੇ ਪੜ੍ਹਦੇ ਨੇ । ਉਹ ਇਸ ਗੱਲ 'ਤੇ ਹੱਸ ਦਿੰਦੇ ਨੇ ਕਿ ਲੈਲਾ ਦੀ ਉਂਗਲ ਫੜਨ ਲਈ ਮਜਨੂੰ ਨੇ ਬਚਪਨ 'ਚ ਆਪਣਾ ਸਾਰਾ ਹੱਥ ਜ਼ਖ਼ਮੀ ਕਰ ਲਿਆ ਸੀ । 14ਵੀਂ ਸਦੀ ਦੇ ਬਾਲਿਗ ਆਸ਼ਿਕਾਂ ਦੀ ਨਾਬਾਲਿਗ ਆਸ਼ਕੀ ਝੂਠੀ ਜਾਪਦੀ ਸੀ ਪਰ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਵੇਖ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਮਜਨੂੰ ਵਾਲੀ ਗੱਲ ਸੱਚੀ ਸੀ ।
ਮੈਂ ਹੁਣ ਕਲਪਨਾ 'ਚ ਨੋਸ਼ਾਬਾ ਤੇ ਮੰਸੂਰ ਦੀ ਤੁਲਨਾ ਸ਼ੁਰੂ ਕਰ ਦਿੱਤੀ ਸੀ । ਉਹੀ ਮਹੱਲ ਤੇ ਝੁੱਗੀ ਵਾਲਾ ਕਿੱਸਾ ਸੀ । ਇਸ ਡਰਾਮੇ ਦੇ ਕਰੁਣਾਪੂਰਨ ਅੰਤ ਬਾਰੇ 'ਚ ਸੋਚ ਕੇ ਮੈਂ ਕੰਬ ਉਠੀ । ਨੋਸ਼ਾਬਾ ਮੇਰੇ ਕੋਲ ਆ ਕੇ ਸੁਆਲ ਵਿਖਾ ਰਹੀ ਸੀ । ਮੈਂ ਫਿਰ ਇਕ ਵਾਰ ਉਹਨੂੰ ਫਰਾਇਡ ਦੀਆਂ ਅੱਖਾਂ ਨਾਲ ਵੇਖਿਆ । ਉਹ ਜ਼ਰਾ ਵੀ 'ਹੀਰ' ਨਹੀਂ ਜਾਪਦੀ ਸੀ । ਉਹਦੇ ਆਲੇ-ਦੁਆਲੇ ਖੁਸ਼ੀਆਂ ਦੀ ਵਰਖਾ ਹੋ ਰਹੀ ਸੀ । ਹੁਸਨ, ਬਚਪਨ ਤੇ ਸੁੱਖ ਨੇ ਉਹਨੂੰ ਕਿਸੇ ਵੀ ਸੋਚ ਦੀ ਰਾਹ ਨਹੀਂ ਸੀ ਵਿਖਾਈ । ਉਹ ਮੈਨੂੰ ਇੰਜ ਘੂਰਦੇ ਹੋਏ ਵੇਖ ਕੇ ਰਿਆਇਤੀ ਤੌਰ 'ਤੇ ਮੁਸਕਰਾ ਪਈ, ਜਿਵੇਂ 'ਥੈਂਕ ਯੂ ਫਾਰ ਦਿਸ ਕੰਪਲੀਮੈਂਟ' ਕਹਿ ਰਹੀ ਹੋਵੇ ।
'ਨੋਸ਼ਾਬਾ ਤੁਸੀਂ ਲੋਕ ਜੇਨੇਵਾ ਕਦੋਂ ਜਾ ਰਹੇ ਹੋ?'
'ਮਿਸ, ਦਸੰਬਰ ਦੇ ਥਰਡ ਵੀਕ 'ਚ ਜਾਵਾਂਗੇ ।'
'ਚੰਗਾ', ਮੈਂ ਬੇਵਸ ਹੱਸ ਪਈ । ਦੂਜੇ ਦਿਨ ਮੈਂ ਮੰਸੂਰ ਨੂੰ ਨੋਸ਼ਾਬਾ ਨਾਲ ਸੀਟ 'ਤੇ ਬਿਠਾ ਲਿਆ । ਨੋਸ਼ਾਬਾ ਨਾਲ ਸੀਟ 'ਤੇ ਬੈਠ ਕੇ ਉਹ ਖੁਸ਼ੀ ਨਾਲ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ । ਕਦੇ ਕੁਰਸੀ ਤੋਂ ਉੱਠ ਕੇ ਖਲੋ ਜਾਂਦਾ । ਕਦੇ ਮੇਜ਼ ਤੇ ਕੁਰਸੀ ਨੂੰ ਜ਼ੋਰ ਨਾਲ ਫੜ ਲੈਂਦਾ, ਜਿਵੇਂ ਉਹਨੂੰ ਉਸ ਥਾਂ 'ਤੇ ਬਹਿਣ ਦਾ ਵਿਸ਼ਵਾਸ ਨਾ ਆਇਆ ਹੋਵੇ । ਫਿਰ ਦੋ-ਚਾਰ ਦਿਨਾਂ ਮਗਰੋਂ ਉਹਨੇ ਨੋਸ਼ਾਬਾ ਦੇ ਹਰ ਨਿੱਕੇ-ਵੱਡੇ ਕੰਮ ਜਿਵੇਂ ਪੈਨਸਿਲ ਘੜਨਾ, ਕਾਪੀਆਂ 'ਤੇ ਲਾਈਨਾਂ ਲਾਉਣਾ, ਰਬੜ ਨਾਲ ਮਿਟਾਣਾ, ਖੇਡਦੇ ਸਮੇਂ ਸਦਾ ਉਹਦਾ ਰੁਮਾਲ ਲੁਕੋਣਾ, ਸਭ ਕੁਝ ਆਪਣੇ ਜ਼ਿੰਮੇ ਲੈ ਲਿਆ । ਆਖਰ ਦਿਲ ਦੀ ਗਰਮੀ ਨੇ ਰੰਗ ਵਿਖਾਇਆ ਤੇ ਨੋਸ਼ਾਬਾ ਦੇ ਹੁਕਮ ਭਰੀ ਆਵਾਜ਼ 'ਚ ਦਿਲਚਸਪੀ ਵੀ ਘੁਲਣ-ਮਿਲਣ ਲੱਗੀ । ਪਹਿਲਾਂ ਤਾਂ ਉਹ ਉਹਦੀ ਕਾਲੀ ਰੰਗਤ 'ਤੇ ਬਾਹਰ ਨਿਕਲੀਆਂ ਅੱਖਾਂ ਤੋਂ ਬਹੁਤ ਬੋਰ ਹੁੰਦੀ ਸੀ ਤੇ ਕਲਾਸ ਤੋਂ ਬਾਹਰ ਉਸ ਨਾਲ ਗੱਲ ਵੀ ਨਹੀਂ ਸੀ ਕਰਦੀ, ਪਰ ਜਦੋਂ ਉਹ ਉਹਦੇ ਦੂਜੇ ਗੁਣਾਂ ਤੋਂ ਵਾਕਫ਼ ਹੋਈ ਜਿਵੇਂ ਨਫਾਸਤ, ਸਾਫ-ਸੁਥਰਾ ਲਿਬਾਸ ਤੇ ਹਰ ਗ਼ਲਤ ਚੀਜ਼ ਤੋਂ ਨਫ਼ਰਤ ਤਾਂ ਇਨ੍ਹਾਂ ਗੱਲਾਂ ਨੇ ਉਹਨੂੰ ਪ੍ਰਭਾਵਿਤ ਕਰ ਲਿਆ । ਮੰਸੂਰ ਦੀ ਹਰ ਕਾਪੀ 'ਤੇ ਰੰਗੀਨ ਤਸਵੀਰਾਂ ਵਾਲਾ ਟਾਇਟਲ ਹੁੰਦਾ, ਜਿਹਨੂੰ ਉਹ ਹਰ ਪੰਦਰਾਂ ਦਿਨਾਂ ਮਗਰੋਂ ਬਦਲ ਲੈਂਦਾ ਸੀ । ਕਿਤਾਬਾਂ ਦੇ ਕਵਰ ਬੇਦਾਗ਼ ਹੁੰਦੇ, ਉਂਜ ਵੀ ਹੁਣ ਉਸ 'ਚ ਨਿਖਾਰ ਆ ਰਿਹਾ ਸੀ । ਪੜ੍ਹਨ 'ਚ ਵੀ ਉਹਦੀ ਗਿਣਤੀ ਬੁੱਧੀਮਾਨ ਬੱਚਿਆਂ 'ਚ ਹੋਣ ਲੱਗੀ ਸੀ । ਨੋਸ਼ਾਬਾ ਦਾ ਹਾਲ ਵਿਚਕਾਰਲਾ ਸੀ । ਉਹ ਮੰਸੂਰ ਦੀ ਇਸ ਪੁਜ਼ੀਸ਼ਨ ਤੋਂ ਵੀ ਪ੍ਰਭਾਵਿਤ ਸੀ । ਹੁਣ ਤਾਂ ਅਕਸਰ ਉਹ ਇਕ-ਦੂਜੇ ਨਾਲ ਗੱਲ ਕਰਕੇ ਹੱਸ ਪੈਂਦੇ ਸਨ । ਚਿਲਡਰਨ ਪਾਰਕ 'ਚ ਝੂਲਾ ਝੂਟਦੇ ਹੋਏ ਮੰਸੂਰ ਉਹਨੂੰ ਝੂਲਾ ਝੂਟਦੇ ਹੋਏ ਨਜ਼ਰ ਆਉਂਦਾ ।
ਜਿਥੋਂ ਤੱਕ ਮੇਰਾ ਸਬੰਧ ਸੀ, ਮੈਂ ਆਪਣੇ ਮਿਸ਼ਨ 'ਚ ਕਾਫ਼ੀ ਸਫ਼ਲ ਰਹੀ । ਮੈਂ ਇਕ ਜਜ਼ਬਾਤੀ ਬੱਚੇ ਦੀ ਜ਼ਿੰਦਗੀ 'ਚ ਮਿਲੇ ਪਹਿਲੇ ਤੋਹਫ਼ੇ ਤੋਂ ਬਹੁਤ ਖੁਸ਼ ਸੀ । ਉਂਜ ਵੀ ਉਸ ਉਮਰ 'ਚ ਗੱਲ ਅੱਗੇ ਨਹੀਂ ਵਧਦੀ, ਪਰ ਹੁਣ ਮੈਨੂੰ ਇਹ ਡਰ ਸੀ ਕਿ 'ਦਸੰਬਰ ਦਾ ਤੀਜਾ ਹਫ਼ਤਾ' ਆਉਣ ਵਾਲਾ ਹੈ । ਨੋਸ਼ਾਬਾ ਦੇ ਜਾਣ ਮਗਰੋਂ ਮੰਸੂਰ ਜਿਹੜਾ ਮਾਨਸਿਕ ਖਾਲੀਪਨ ਮਹਿਸੂਸ ਕਰੇਗਾ, ਉਹਦਾ ਹੱਲ ਮੇਰੀ ਸਮਝ 'ਚ ਨਹੀਂ ਸੀ ਆ ਰਿਹਾ । ਆਖਰ ਦਸੰਬਰ ਵੀ ਆ ਗਿਆ । ਉਹਦੇ ਤੀਜੇ ਹਫ਼ਤੇ ਦੀ ਇਕ ਸਵੇਰ ਨੋਸ਼ਾਬਾ ਸਕੂਲ 'ਚੋਂ ਡਿਸਚਾਰਜ ਹੋ ਕੇ ਵਾਪਸ ਚਲੀ ਗਈ ।
ਮੰਸੂਰ ਦੇ ਚਿਹਰੇ 'ਤੇ ਇਹਦਾ ਅਸਰ ਕੀ ਹੋਇਆ, ਇਹਨੂੰ ਜਾਨਣ ਤੋਂ ਬਚਣ ਲਈ ਮੈਂ ਆਪਣਾ ਮੂੰਹ ਦੂਜੇ ਪਾਸੇ ਫੇਰ ਲਿਆ । ਮੈਂ ਲਗਭਗ ਇਕ ਘੰਟੇ ਤੱਕ ਦੂਜੇ ਪਾਸੇ ਮੂੰਹ ਮੋੜ ਕੇ ਪੜ੍ਹਾਉਂਦੀ ਰਹੀ । ਅਚਾਨਕ ਮੈਨੂੰ ਮੰਸੂਰ ਦੇ ਕਹਿਕਹੇ ਦੀ ਆਵਾਜ਼ ਸੁਣਾਈ ਦਿੱਤੀ । ਮੈਂ ਮੂੰਹ ਮੋੜ ਕੇ ਉਸ ਵੱਲ ਵੇਖਿਆ ਕਿ ਨੋਸ਼ਾਬਾ ਵਾਲੀ ਸੀਟ 'ਤੇ ਕਿ ਹਫ਼ਤਾ ਪਹਿਲਾਂ ਸਕੂਲ 'ਚ ਐਡਮਿਸ਼ਨ ਲੈਣ ਵਾਲੀ ਨਵੀਂ ਕੁੜੀ 'ਨਾਇਲਾ' ਬੈਠੀ ਹੋਈ ਸੀ ਤੇ ਉਹ ਦੋਵੇਂ ਕਿਸੇ ਗੱਲ 'ਤੇ ਹੱਸ ਰਹੇ ਸਨ । ਮੈਂ ਇੰਨੀ ਛੇਤੀ ਇਸ ਸਮੱਸਿਆ ਦੇ ਹੱਲ ਬਾਰੇ ਨਹੀਂ ਸੀ ਸੋਚਿਆ ।
(ਲਿਪੀਆਂਤਰ: ਸੁਰਜੀਤ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ