Do Kameezan (Punjabi Story) : Gurbakhsh Singh Preetlari

ਦੋ-ਕਮੀਜ਼ਾਂ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਅੱਜ ਰਿਤੂ-ਰਾਜ ਨੂੰ ਬੜਾ ਚਾਅ ਸੀ। ਉਸ ਦਾ ਸੋਲ੍ਹਵਾਂ ਜਨਮ-ਦਿਨ ਅਖ਼ੀਰਲੀ ਹੋਲੀ ਵਾਲੇ ਦਿਨ ਆਉਂਦਾ ਸੀ। ਪਰ ਉਹਨੂੰ ਚਾਅ ਏਨਾ ਆਪਣੇ ਜਨਮ-ਦਿਨ ਦਾ ਨਹੀਂ ਸੀ, ਜਿੰਨਾ ਆਪਣੇ ਬਾਬਾ ਜੀ ਕੋਲੋਂ ਦੋ ਕਮੀਜ਼ਾਂ ਦੀ ਕਹਾਣੀ ਸੁਣਨ ਦਾ ਸੀ। ਇਨ੍ਹਾਂ ਕਮੀਜ਼ਾਂ ਉੱਤੇ ਕੇਸਰੀ ਛਿੱਟੇ ਪਏ ਹੋਏ ਸਨ, ਇਨ੍ਹਾਂ ਦਾ ਫ਼ੈਸ਼ਨ ਬੜਾ ਪੁਰਾਣਾ ਸੀ। ਇਹ ਕਮੀਜ਼ਾਂ ਰਿਤੂ ਦੇ ਬਾਬਾ ਜੀ ਅਖ਼ੀਰਲੀ ਹੋਲੀ ਵਾਲੇ ਦਿਨ ਚਮੜੇ ਦੇ ਇਕ ਅਟੈਚੀਕੇਸ ਵਿਚੋਂ ਕੱਢਦੇ ਸਨ, ਤੇ ਆਪਣੇ ਕਮਰੇ ਦੇ ਬੂਹੇ ਬੰਦ ਕਰ ਕੇ ਇਕ ਕਮੀਜ਼ ਇਕ ਗਲ਼ ਪਾ ਲੈਂਦੇ, ਤੇ ਦੂਜੀ ਨੂੰ ਟੰਙਣੇ ਉਤੇ ਸੋਧ ਕੇ, ਉਹਦਾ ਅੱਗਾ-ਪਿੱਛਾ ਚੁੰਮ ਕੇ ਇਕ ਥੰਮ੍ਹੀ ਉਤੇ ਟੰਗ ਦੇਂਦੇ ਸਨ। ਫੇਰ ਇਕ ਸਡੌਲ ਮੁਰਾਦਾਬਾਦੀ ਗੰਗਾ-ਸਾਗਰ ਦੀ ਟੂਟੀ ਵਿਚੋਂ ਦੋ ਛਿਣਕੇ ਅੱਗੇ ਤੇ ਦੋ ਪਿੱਛੇ ਸੁੱਟਦੇ ਸਨ।
ਘਰ ਦੇ ਬਾਕੀ ਜੀਆਂ ਨੂੰ ਕਹਾਣੀ ਦਾ ਪਤਾ ਹੋਣ ਕਰਕੇ ਕੋਈ ਉਤਸੁਕਤਾ ਨਹੀਂ ਸੀ, ਪਰ ਰਿਤੂ-ਰਾਜ ਨੇ ਜਦੋਂ ਦੀ ਹੋਸ਼ ਸੰਭਾਲੀ ਸੀ, ਉਹ ਵਿਰਲਾਂ-ਝੀਤਾਂ ਤੇ ਸ਼ੀਸ਼ਿਆਂ ਵਿਚੋਂ ਝਾਤੀਆਂ ਮਾਰਦਾ ਰਹਿੰਦਾ ਸੀ। ਉਹਦੀ ਅੰਮੀ ਉਹਨੂੰ ਤਾੜਨਾ ਕਰ ਦੇਂਦੀ ਸੀ, "ਨਾ ਰਿਤੂ, ਬਾਬਾ ਜੀ ਨਾਰਾਜ਼ ਹੋ ਜਾਣਗੇ।"
ਪਰ ਰਿਤੂ ਦਾ ਖ਼ਿਆਲ ਸੀ ਕਿ ਉਹਦੇ ਬਾਬਾ ਜੀ ਕਿਸੇ ਨਾਲ ਇਉਂ ਨਾਰਾਜ਼ ਕਦੇ ਨਹੀਂ ਹੁੰਦੇ ਕਿ ਉਨ੍ਹਾਂ ਦੀ ਨਾਰਾਜ਼ਗੀ ਦਾ ਕਿਸੇ ਨੂੰ ਸਹਿਮ ਲੱਗਾ ਰਹੇ। ਉਹਦੀ ਉਮਰ ਬਾਰਾਂ ਵਰ੍ਹਿਆਂ ਦੀ ਹੀ ਸੀ ਜਦੋਂ ਉਸ ਨੇ ਬਾਬਾ ਜੀ ਕੋਲੋਂ ਇਨ੍ਹਾਂ ਕਮੀਜ਼ਾਂ ਦੀ ਕਹਾਣੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਉਹਦੀ ਅੰਮੀ ਉਹਨੂੰ ਗੁੱਸੇ ਹੁੰਦੀ।
ਪਰ ਬਾਬਾ ਜੀ ਮੁਸਕਰਾ ਕੇ ਆਖਦੇ — "ਨਾ ਕੁੜੀਏ, ਰਿਤੂ ਨੂੰ ਗੁੱਸੇ ਨਾ ਹੋ — ਇਹ ਉਤਸੁਕ ਹੈ ਸੁਣਨ ਲਈ, ਤੇ ਮੈਂ ਉਤਸੁਕ ਹਾਂ ਇਹਨੂੰ ਸੁਣਾਨ ਲਈ; ਪਰ ਸੁਣਾਨੀ ਇਹ ਇਹਨੂੰ ਇਹਦੀ ਓਸ ਉਮਰ ਵਿਚ ਹੈ ਜਿਸ ਵਿਚ ਮੇਰੀ ਉਮਰ ਵਿਚ ਇਹ ਵਾਪਰੀ ਸੀ।… ਰਿਤੂ ਪੁੱਤਰ ਹੋਰ ਚੌਂਹ ਵਰ੍ਹਿਆਂ ਨੂੰ ਤੂੰ ਓਸ ਉਮਰ ਦਾ ਹੋ ਜਾਏਂਗਾ! ਉਸ ਦਿਨ ਨੂੰ ਤੂੰ ਵੀ ਉਡੀਕ ਤੇ ਮੈਂ ਵੀ ਉਡੀਕਾਂਗਾ।"
ਤੇ ਅੱਜ ਉਹ ਦਿਨ ਆ ਗਿਆ ਸੀ। ਰਿਤੂ ਨੂੰ ਬੜਾ ਚਾਅ ਸੀ ਕਿ ਅੱਜ ਉਹ ਆਪਣੇ ਬਾਬਾ ਜੀ ਦਾ ਰਾਜ਼ਦਾਨ ਹੋ ਜਾਏਗਾ। ਉਹਦੇ ਬਾਬਾ ਜੀ ਅਨੋਖੀ ਤਬੀਅਤ ਦੇ ਮਾਲਕ ਸਨ। ਉਮਰ ਭਾਵੇਂ ਉਨ੍ਹਾਂ ਦੀ ਵੱਡੀ ਹੁੰਦੀ ਜਾਂਦੀ ਸੀ, ਪਰ ਉਹ ਹਰ ਵੇਲੇ ਕੰਮੀਂ ਲੱਗੇ ਰਹਿੰਦੇ ਸਨ। ਉਹ ਹਰ ਕਿਸੇ ਦੀ ਖ਼ੁਸ਼ੀ ਦਾ ਖ਼ਿਆਲ ਰੱਖਦੇ ਸਨ। ਜ਼ਾਹਿਰਾ ਕਦੇ ਕਿਸੇ ਨੇ ਉਨ੍ਹਾਂ ਨੂੰ ਕਦੇ ਉਦਾਸ ਨਹੀਂ ਸੀ ਵੇਖਿਆ। ਹੱਸਦੇ ਉਹ ਭਾਵੇਂ ਬਹੁਤਾ ਨਹੀਂ ਸਨ, ਪਰ ਮੁਸਕਰਾਹਟ ਉਨ੍ਹਾਂ ਦੀ ਬੜੀ ਸੁਖਾਲੀ ਤੇ ਰੌਸ਼ਨ ਸੀ। ਉਦਾਸੀ ਦੀ ਕੋਈ ਲਕੀਰ ਉਨ੍ਹਾਂ ਦੇ ਮੂੰਹ ਉਤੇ ਨਹੀਂ ਸੀ ਪਰ ਜਦੋਂ ਰਿਤੂਉਨ੍ਹਾਂ ਦੇ ਕਮਰੇ ਵਿਚ ਬੈਠਾ ਤਸਵੀਰਾਂ ਵੇਖਦਾ ਹੁੰਦਾ ਸੀ ਤੇ ਬਾਬਾ ਜੀ ਆਪਣੇ ਧਿਆਨ ਬੈਠੇ ਹੁੰਦੇ ਸਨ, ਤਾਂ ਕਦੇ ਰਿਤੂ ਅੱਖ ਚੁਰਾ ਕੇ ਉਨ੍ਹਾਂ ਨੂੰ ਵੇਖ ਲੈਂਦਾ ਸੀ। ਏਸ ਕਮਰਿਓਂ ਬਾਹਰ, ਲਗਭਗ ਹਰ ਕਿਸੇ ਨਾਲ ਮੁਸਕਰਾਂਦੀਆਂ ਅੱਖਾਂ ਵਿਚੋਂ ਇਕ ਗੰਭੀਰ ਜਿਹਾ ਬੱਦਲ ਉਠਦਾ ਰਿਤੂ ਵੇਖਦਾ ਸੀ। ਰਿਤੂ ਦੇ ਛੁੱਟ ਕਿਸੇ ਹੋਰ ਦੇ ਸਾਹਮਣੇ ਉਹ ਆਪਣੇ ਆਪ ਨੂੰ ਆਪੇ ਵਿਚ ਮਗਨ ਨਹੀਂ ਸਨ ਹੋਣ ਦੇਂਦੇ।
ਚਾਰ ਜਨਮ-ਦਿਨ ਰਿਤੂ ਨੇ ਗਿਣ-ਗਿਣ ਕੇ ਲੰਘਾਏ ਸਨ। ਉਹ ਅੱਜ ਸੋਲ੍ਹਾਂ ਵਰ੍ਹਿਆਂ ਦਾ ਹੋ ਗਿਆ ਸੀ ਤੇ ਉਹਦੇ ਬਾਬਾ ਜੀ ਦੀ ਸ਼ਰਤ ਪੂਰੀ ਹੋ ਗਈ ਸੀ। ਉਹਦੇ ਬਾਬਾ ਜੀ ਹਮੇਸ਼ਾਂ ਵਾਂਗ ਉਹਦੇ ਜਨਮ-ਦਿਨ ਦਾ ਖਾਣਾ ਸਾਰਿਆਂ ਨਾਲ ਖਾ ਕੇ ਆਪਣੇ ਕਮਰੇ ਵਿਚ ਚਲੇ ਗਏ ਸਨ, ਤੇ ਉਨ੍ਹਾਂ ਬੂਹਾ ਬੰਦ ਕਰ ਲਿਆ ਸੀ।
ਇਕ ਘੰਟੇ ਬਾਅਦ ਉਨ੍ਹਾਂ ਬੂਹਾ ਖੋਲ੍ਹਿਆ ਤੇ ਰਿਤੂ ਨੂੰ ਅੰਦਰ ਆਉਣ ਲਈ ਆਖਿਆ। ਰਿਤੂ ਦੀਵਾਨ ਉਤੇ ਬਹਿ ਗਿਆ। ਜਵਾਨੀ ਚੜ੍ਹਦੀ ਰੂਹ ਨੂੰ ਜ਼ਿੰਦਗੀ ਦੇ ਅਦਬ ਨੇ ਅੱਜ ਨਿਰਾਸਤਾ ਦੀ ਤਸਵੀਰ ਬਣਾ ਦਿੱਤਾ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਸਾਹਮਣੀ ਥੰਮ੍ਹੀ ਉਤੇ ਲਟਕਦੀ ਕਮੀਜ਼ ਨਾਲ ਕਿਸੇ ਮਹਾਨ ਜਜ਼ਬੇ ਦਾ ਸੰਬੰਧ ਹੈ, ਤੇ ਜਿਹੜੀ ਕਮੀਜ਼ ਉਹਦੇ ਬਾਬਾ ਜੀ ਨੇ ਆਪਣੇ ਗਲ਼ ਪਾਈ ਹੋਈ ਸੀ, ਉਹਦੇ ਵਿਚ ਵੀ ਅਨੋਖੀਆਂ ਤਾਂਘਾਂ ਦਾ ਤਾਣਾ-ਪੇਟਾ ਸੀ।
ਉਹਦੇ ਬਾਬਾ ਜੀ ਦੇ ਸਾਰੇ ਵਾਲ ਸਫ਼ੈਦ ਸਨ, ਪਰ ਰਿਤੂ ਨੂੰ ਕਈ ਵਾਰੀ ਉਹ ਆਪਣੇ ਜੇਡਾ ਬਾਲ ਹੀ ਦਿੱਸਦੇ ਸਨ, ਤੇ ਅੱਜ ਉਹ ਉਹਦੇ ਵਾਂਗ ਜਵਾਨੀ-ਚੜ੍ਹੇ ਦਿੱਸ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਓਹੀ ਚਾਨਣ ਸੀ, ਤੇ ਵੇਖਣ ਜਾਣਨ ਦਾ ਓਹੀ ਚਾਅ ਸੀ ਜਿਹੜਾ ਉਹਦੀਆਂ ਅੱਖਾਂ ਵਿਚ।
ਬੜੀ ਕੋਮਲ ਗੰਭੀਰਤਾ ਨਾਲ ਉਹਦੇ ਬਾਬਾ ਜੀ ਟੰਙਣੇ ਉਤੋਂ ਕਮੀਜ਼ ਲਾਹ ਲਿਆਏ, ਜਿਦ੍ਹੀ ਇਕ ਬਾਂਹ ਉਨ੍ਹਾਂ ਆਪਣੇ ਮੋਢੇ ਉਤੇ ਤੇ ਦੂਜੀ ਦੂਜੇ ਮੋਢੇ ਉਤੇ ਪਲਮਾ ਲਈ। ਉਨ੍ਹਾਂ ਦੀ ਗਲ਼ ਪਈ ਕਮੀਜ਼ ਉਹਦੇ ਹੇਠਾਂ ਲੁਕ ਗਈ। ਜਦੋਂ ਉਹ ਰਿਤੂ-ਰਾਜ ਕੋਲ ਆਏ, ਤਾਂ ਆਪ-ਮੁਹਾਰੇ ਅਦਬ ਨਾਲ ਰਿਤੂ-ਰਾਜ ਉਠ ਖਲੋਤਾ। ਬਾਬਾ ਜੀ ਨੇ ਆਦਰ ਨਾਲ ਉਹਨੂੰ ਬਿਠਾ ਦਿੱਤਾ ਤੇ ਆਪ ਉਹਦੇ ਨਾਲ ਬਹਿ ਗਏ।
"ਰਿਤੂ, ਮੇਰੇ ਪੁੱਤਰ, ਤੂੰ ਇਨ੍ਹਾਂ ਕਮੀਜ਼ਾਂ ਦੀ ਕਹਾਣੀ ਸੁਣਨਾ ਚਾਹੁੰਦਾ ਏਂ?"
"ਹਾਂ… ਜੀ!"
ਪਹਿਲੀ ਵਾਰੀ ਰਿਤੂ ਦੀ ਜ਼ਬਾਨ ਆਪਣੇ ਬਾਬਾ ਜੀ ਦੇ ਸਾਹਮਣੇ ਥਿੜਕ ਗਈ ਸੀ। ਹੋਰ ਹਰ ਕਿਸੇ ਦੇ ਸਾਹਮਣੇ ਉਹਨੂੰ ਕਈ ਵਾਰੀ ਸੰਗ ਆ ਜਾਇਆ ਕਰਦੀ ਸੀ, ਪਰ ਬਾਬਾ ਜੀ ਦਾ ਰਵੱਈਆ ਉਹਦੀ ਸਭ ਸੰਗ ਲਾਹ ਦੇਂਦਾ ਸੀ। ਤਾਂ ਵੀ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਪੁੱਛੇ, ਤੇ ਕਿਸ ਤਰ੍ਹਾਂ ਦਾ ਜਵਾਬ ਦੇਵੇ। ਇਹੋ ਜਿਹਾ ਕੋਈ ਭੇਤ ਹੈ ਜਿਦ੍ਹੀ ਗੁੱਝੀ ਉਦਾਸ ਝਲਕ ਬਾਬਾ ਜੀ ਦੀਆਂ ਜ਼ਾਹਿਰਾ ਖ਼ੁਸ਼-ਰਹਿਣੀਆਂ ਅੱਖਾਂ ਵਿਚ ਸ਼ਾਇਦ ਹੀ ਕਿਸੇ ਨੇ ਤਾੜੀ ਹੋਵੇ।
"ਮੇਰੇ ਰਿਤੂ ਰਾਣੇ — ਅੱਜ ਪੰਜਾਹ ਵਰ੍ਹੇ ਹੋਏ ਜਦੋਂ ਮੈਂ ਤੇਰੇ ਜੇਡਾ ਸਾਂ। — ਓਦੋਂ ਮੈਂ ਆਪਣੇ ਆਪ ਨੂੰ ਬੜਾ ਨਿਗੂਣਾ ਸਮਝਦਾ ਸਾਂ। ਵੇਖਦਾ ਸਾਂ ਦੁਨੀਆ ਵਿਚ ਅਮੀਰੀ ਵੀ ਏ, ਦੋਸਤੀ ਵੀ ਏ, ਪਰ ਮੇਰੇ ਵਰਗੇ ਮੁੰਡੇ ਏਸ ਜਸ਼ਨ ਨੂੰ ਸਿਰਫ਼ ਦੂਰੋਂ ਹੀ ਵੇਖ ਸਕਦੇ ਨੇ, ਵਿਚ ਸ਼ਾਮਲ ਨਹੀਂ ਹੋ ਸਕਦੇ, ਜੀਕਰ ਦੂਰੋਂ ਖਲੋਤਿਆਂ ਮੈਂ ਕਈ ਖ਼ੁਸ਼-ਮਹਿਫ਼ਲਾਂ ਵੇਖੀਆਂ ਸਨ।"
ਤੇ ਉਨ੍ਹਾਂ ਨੇ ਰਿਤੂ ਦੇ ਮੋਢੇ ਥਪਕਾ ਕੇ ਆਖਿਆ, "ਪਰ ਰਿਤੂ ਪੁੱਤਰ, ਉਹ ਖ਼ਿਆਲ ਮੇਰਾ ਬਿਲਕੁਲ ਗ਼ਲਤ ਸੀ, ਤੇ ਜਿਸ ਚੰਗੀ ਕੁੜੀ ਨੇ ਮੈਨੂੰ ਏਸ ਗ਼ਲਤ-ਖ਼ਿਆਲੀ ਦੇ ਦਾਬੂ ਅਸਰ ਹੇਠੋਂ ਕੱਢ ਦਿੱਤਾ ਉਹਦੀ ਇਹ ਕਮੀਜ਼ ਏ।"
ਬਾਬਾ ਜੀ ਨੇ ਸਿਰ ਝੁਕਾਇਆ, ਤੇ ਰਿਤੂ ਦਾ ਸਿਰ ਓਦੂੰ ਵੀ ਬਹੁਤ ਆਪ-ਮੁਹਾਰੇ ਝੁਕ ਗਿਆ, ਤੇ ਉਹਦੇ ਜਵਾਨ ਬੁੱਲ੍ਹ ਉਸ ਅਦਰਾਈ ਕਮੀਜ਼ ਨੂੰ ਲੱਗ ਗਏ।
ਬਾਬਾ ਜੀ ਰਿਤੂ ਦੇ ਏਸ ਰਵੱਈਏ ਨਾਲ ਮੁਗਧ ਹੋ ਗਏ, ਤੇ ਉਨ੍ਹਾਂ ਉਹਦਾ ਸਿਰ ਚੁੰਮ ਕੇ ਆਖਿਆ, "ਬੜਾ ਬੀਬਾ ਪੁੱਤਰ ਏਂ ਤੂੰ!… ਓਦੂੰ, ਰਿਤੂ-ਰਾਣੇ, ਉਹ ਮੇਰੇ ਜੇਡੀ ਸੀ, ਪਰ ਮੇਰੇ ਨਾਲੋਂ ਕੁਝ ਵੱਡੀ ਸੀ — ਇਹਦਾ ਨਿਰਣਾ ਮੈਂ ਕਦੇ ਨਹੀਂ ਕਰ ਸਕਿਆ। ਪਰ ਇਹ ਨਿਰਣਾ ਮੇਰਾ ਪੱਕਾ ਸੀ ਕਿ ਉਹਦੇ ਵਰਗੀ ਜਿੰਦ ਅੱਗੇ ਕਦੇ ਮੈਂ ਕੋਈ ਵੇਖੀ ਨਹੀਂ ਸੀ। ਉਹ ਮੈਨੂੰ ਏਡੀ ਚੰਗੀ ਲੱਗੀ ਕਿ ਓਦੋਂ ਸਭ ਕੁਝ ਮੈਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ… ਤੂੰ ਓਦਣ ਅੰਗਰੇਜ਼ੀ ਦੀ ਇਕ ਕਿਤਾਬ ਪੜ੍ਹ ਰਿਹਾ ਸੈਂ — ਮੈਂ ਵੇਖੀ, ਉਹ 'ਪਿਆਰ-ਕਹਾਣੀਆਂ' ਸਨ, ਪਰ ਰਿਤੂ, ਇਨ੍ਹਾਂ ਪਿਆਰ -ਕਹਾਣੀਆਂ ਦੀਆਂ ਪ੍ਰੇਮਿਕਾਵਾਂ ਵਰਗੀ ਉਹ ਨਹੀਂ ਸੀ। — ਉਹ ਵਿਆਹੀ ਹੋਈ ਸੀ। ਉਹ ਕਦੇ ਮੈਨੂੰ 'ਕਾਕਾ' ਆਖਦੀ — ਓਥੇ ਸਾਰੇ ਮੈਨੂੰ 'ਕਾਕਾ' ਆਖਦੇ ਸਨ — ਕਦੇ 'ਭਰਾ' ਆਖਦੀ ਤੇ ਕਦੇ ਮੇਰਾ ਨਾਂ ਵੀ ਬੁਲਾ ਲੈਂਦੀ ਸੀ, ਤੇ ਮੈਂ ਹਮੇਸ਼ਾ ਉਹਨੂੰ 'ਭੈਣ' ਹੀ ਆਖਦਾ ਸਾਂ।…
ਉਹਦੇ ਨਾਲ ਮੈਂ ਕਦੇ ਕੋਈ ਰਿਸ਼ਤਾ ਨਹੀਂ ਸੀ ਚਾਹਿਆ, ਸਿਰਫ਼ ਇਹੋ ਚਾਹਿਆ ਸੀ ਕਿ ਉਹ ਸੁਖੀ ਵੱਸੇ ਤੇ ਮੈਂ ਉਹਨੂੰ ਬੜਾ ਚੰਗਾ ਮੁੰਡਾ ਲੱਗ ਜਾਵਾਂ — ਤਾਂ ਮੈਂ ਬੜਾ ਚੰਗਾ ਆਦਮੀ ਬਣਨ ਦੀ ਕੋਸ਼ਿਸ਼ ਕਰਾਂਗਾ। ਜੀਕਰ ਸਕੂਲਾਂ ਦੇ ਵਿਦਿਆਰਥੀ ਸਾਲ ਦੇ ਅਖ਼ੀਰ ਉਤੇ ਆਖਿਆ ਕਰਦੇ ਨੇ, 'ਐਤਕੀਂ ਰੱਬ ਪਾਸ ਕਰਾ ਦੇਵੇ, ਅੱਗੇ ਤੋਂ ਖੂਬ ਮਿਹਨਤ ਕਰ ਕੇ ਬੜੇ ਚੰਗੇ ਪਾਸ ਹੋਵਾਂਗੇ'।"
ਬਾਬਾ ਜੀ ਚੁੱਪ ਕਰ ਗਏ ਤੇ ਪਲਮਦੀ ਕਮੀਜ਼ ਦਾ ਪੱਲਾ ਪਰ੍ਹਾਂ ਹਟਾ ਕੇ, ਗਲ਼ ਪਈ ਕਮੀਜ਼ ਦੇ ਰੰਗ-ਛਿੱਟਿਆਂ ਉਤੇ ਪੋਟੇ ਫੇਰਦਿਆਂ, ਉਨ੍ਹਾਂ ਆਖਿਆ, "ਇਹ ਰੰਗ-ਛਿੱਟੇ ਉਹਦੇ ਹੱਥੀਂ ਮੇਰੀ ਏਸ ਕਮੀਜ਼ ਉਤੇ ਡਿੱਗੇ ਸਨ — ਉਹ ਬੜੇ ਹੀ ਪਿਆਰੇ ਹੱਥ ਸਨ — ਰਿਤੂ-ਰਾਜ!"
ਤੇ ਪਲਮਦੀ ਕਮੀਜ਼ ਦੇ ਪੱਲੇ ਉਨ੍ਹਾਂ ਨੇ ਫੇਰ ਆਪਣੀ ਕਮੀਜ਼ ਉਤੇ ਕਰ ਲਏ।
"ਇਹ ਕਮੀਜ਼ ਉਹਦੇ ਗਲ਼ ਦੀ ਕਮੀਜ਼ ਏ, ਤੇ ਏਸ ਕਮੀਜ਼ ਦੀ ਕਹਾਣੀ ਮੇਰੀ ਸਾਰੀ ਪ੍ਰੀਤ-ਕਹਾਣੀ ਹੀ ਨਹੀਂ, ਮੇਰੀ ਜੀਵਨ-ਕਹਾਣੀ ਹੈ।… ਮੈਂ ਖ਼ੁਸ਼ ਹਾਂ ਕਿ ਅੱਜ ਏਸ ਕਮੀਜ਼ ਦੀ ਪੰਜਾਹਵੀਂ ਵਰ੍ਹੇ-ਗੰਢ ਉਤੇ ਤੂੰ ਮੇਰੇ ਨਾਲ ਸ਼ਾਮਲ ਏਂ। ਅਸਲ ਵਿਚ ਤੂੰ ਮੇਰੀ ਰੂਹ ਦਾ ਹੀ ਵਧਾਅ ਏਂ, ਤੱਦੇ ਅੱਜ ਤੂੰ ਅਦਬ ਦੀ ਮੂਰਤ ਬਣਿਆ ਬੈਠਾ ਏਂ। ਏਸ ਕਮੀਜ਼ ਦੀ ਮਲਕਾ ਨੇ ਜ਼ਿੰਦਗੀ ਦੇ ਹੁਸਨ ਨਾਲ ਮੈਨੂੰ ਅਦਬ ਸਿਖਾਇਆ ਸੀ, ਜਿਸ ਨੇ ਕੀ ਔਖੇ ਤੇ ਕੀ ਸੌਖੇ, ਮੇਰੀ ਉਮਰ ਦੇ ਹਰ ਵਰ੍ਹੇ ਦੀ ਤਹਿ ਵਿਚ ਪ੍ਰਸੰਸਾ ਦਾ ਕੋਮਲ ਲਿਸ਼ਕਾਰਾ ਪਾ ਦਿੱਤਾ।…
"ਇਹ ਕੁੜੀ ਸਿਰਫ਼ ਮੈਨੂੰ ਸੁਹਣੀ ਹੀ ਨਹੀਂ ਸੀ ਲੱਗੀ, ਆਪਣੇ ਮਹੱਲੇ ਦੇ ਸਾਰੇ ਨੌਜਵਾਨਾਂ ਦੀ ਉਹ ਚਰਚਾ ਸੀ। ਪਰ ਉਨ੍ਹਾਂ ਵਿਚੋਂ ਕਿਸੇ ਨਾਲ ਉਹ ਘਟ ਹੀ ਬੋਲਦੀ ਸੀ। ਕਈ ਉਨ੍ਹਾਂ ਵਿਚੋਂ ਲੰਮੇ-ਝੰਮੇ, ਕਈ ਅਮੀਰ, ਕਈ ਸੁਹਣੇ ਤੇ ਖ਼ਰਚੀਲੇ ਸਨ। ਮੈਂ ਕੁਝ ਵੀ ਨਹੀਂ ਸਾਂ। ਉਹਦੇ ਮਹੱਲੇ ਦਾ ਗ਼ਰੀਬ ਜਿਹਾ ਪਰਾਹੁਣਾ, ਇਕ ਜੋੜਾ ਕਪੜਿਆਂ ਦਾ ਧੋ ਲੈਂਦਾ, ਦੂਜਾ ਪਾ ਲੈਂਦਾ ਸਾਂ…।
"ਪਰ ਰਿਤੂ, ਉਹਦੀ ਸਖ਼ਾਵਤ ਤੋਂ ਮੇਰਾ ਨਿੱਕਾ ਜਿਹਾ ਦਿਲ ਸਦਕੇ ਹੋ ਹੋ ਪੈਂਦਾ, ਜਦੋਂ ਉਹਦਾ ਕੋਈ ਕੰਮ ਕਰਨ ਲਈ ਮੈਂ ਉਹਨੂੰ ਆਖਿਆ ਤੇ ਉਸ ਮੈਥੋਂ ਕਰਾ ਲਿਆ। ਕਿਸੇ ਹੋਰ ਨੌਜਵਾਨ ਨਾਲ ਉਹਨੂੰ ਮੁਸਕਰਾਂਦੀ ਮੈਂ ਕਦੇ ਨਹੀਂ ਸੀ ਵੇਖਿਆ — ਉਹ ਮਗ਼ਰੂਰ ਬਿਲਕੁਲ ਨਹੀਂ ਸੀ — ਰਿਤੂ, ਉਹ ਸਗੋਂ ਬੜੀ ਸੋਘੀ ਵਾਲੀ ਸੀ। ਉਨ੍ਹਾਂ ਨੌਜਵਾਨਾਂ ਦੀਆਂ ਨਜ਼ਰਾਂ ਵਿਚ ਉਹ ਅਦਬ ਨਹੀਂ ਸੀ, ਕਿ ਜਿਸ ਅਦਬ ਦੇ ਰੁਬਰੂ ਹੁਸਨ ਬੇ-ਨਕਾਬ ਹੋ ਸਕਦੈ — ਪਰ ਮੈਨੂੰ ਉਹ ਮੁਸਕਰਾਅ ਕੇ ਮਿਲਦੀ ਸੀ।
"ਏਸ ਮੁਸਕਰਾਹਟ ਨੇ ਨਿਗੂਣੇ ਹੋਣ ਦਾ ਅਹਿਸਾਸ ਮੇਰੇ ਅੰਦਰੋਂ ਉਡਾਅ ਦਿੱਤਾ। ਮੈਂ ਆਖਾਂ: 'ਜਿਦ੍ਹੇ ਨਾਲ ਮੁਸਕਰਾ ਸਕਦੀ ਏ, ਉਹ ਨਿਗੂਣਾ ਕਿਸ ਤਰ੍ਹਾਂ ਹੋ ਸਕਦੈ?' … ਦੂਜੇ ਮੁੰਡੇ ਮੇਰੇ ਨਾਲ ਈਰਖਾ ਕਰਨ ਲੱਗ ਪਏ… ਪਰ ਮੈਂ ਕੁਝ ਮੰਗਦਾ ਤਾਂ ਨਹੀਂ ਸਾਂ, ਸਿਰਫ਼ ਏਨਾ ਹੀ ਚਾਹੁੰਦਾ ਸਾਂ ਕਿ ਉਹ ਮੈਨੂੰ ਪਛਾਣ ਲਵੇ — ਇਹੀ ਕਿ ਬਿਨਾ ਕਿਸੇ ਗ਼ਰਜ਼ੋਂ ਉਹ ਮੈਨੂੰ ਏਡੀ ਚੰਗੀ ਲੱਗੀ ਸੀ ਜੇਡਾ ਕੋਈ ਹੋਰ ਨਹੀਂ ਸੀ ਲੱਗਿਆ। ਬਸ! … ਤੇ ਓਸ, ਰਿਤੂ, ਮੈਨੂੰ ਸੱਚੀਂ ਪਛਾਣ ਲਿਆ — ਮੈਨੂੰ ਜਾਪਣ ਲੱਗ ਪਿਆ ਕਿ ਉਹ ਮੈਨੂੰ ਕੁਝ ਸਮਝਦੀ ਸੀ ਜੋ ਮੈਂ ਉਹਨੂੰ ਸਮਝਦਾ ਸਾਂ। ਮੈਂ ਧਾਰਨਾ ਧਾਰ ਲਈ ਕਿ ਉਹਦੀ ਖ਼ਾਤਰ ਮੈਂ ਬੜਾ ਚੰਗਾ ਆਦਮੀ ਬਣਾਂਗਾ ਜਿਦ੍ਹੇ ਬਾਰੇ ਸੁਣ ਕੇ ਉਹਨੂੰ ਖ਼ੁਸ਼ੀ ਹੋਵੇ…। ਇਹਦੇ ਨਾਲ ਮੇਰੀ ਦਲੇਰੀ ਵਧ ਗਈ, ਮੇਰੀ ਤੋਰ ਚੰਗੀ ਹੋ ਗਈ, ਮੇਰੀ ਸਿਹਤ ਚਮਕ ਪਈ, ਜਿਹੜੀ ਜ਼ਿੰਦਗੀ ਮੈਨੂੰ ਬੇ-ਲਿਹਾਜ਼ ਤਕਦੀਰ ਹੀ ਜਾਪਦੀ ਹੁੰਦੀ ਸੀ, ਉਹ ਇਕ ਪੀਂਘ ਦਿੱਸਣ ਲੱਗ ਪਈ, ਜਿਸ ਪੀਂਘ ਨੂੰ ਜਿੰਨਾ ਉੱਚਾ ਕੋਈ ਹੰਭਲਾ ਮਾਰੇ ਓਨੀ ਉੱਚੀ ਉਹ ਇਹਨੂੰ ਚੜ੍ਹਾ ਸਕਦੈ। ਮੈਨੂੰ ਬੜਾ ਹੀ ਮਿੱਠਾ ਹੁਲਾਰਾ ਆਇਆ। ਆਪਣੀ ਜ਼ਿੰਦਗੀ ਦੇ ਸੁਪਨੇ ਮੈਂ ਏਸ ਹੁਲਾਰੇ ਵਿਚ ਬਣਾਏ, ਤੇ ਇਨ੍ਹਾਂ ਸੁਪਨਿਆਂ ਦੀ ਪੂਰਤੀ ਲਈ ਮੈਂ ਅੱਜ ਤੱਕ ਸਿਰ-ਤੋੜ ਕੋਸ਼ਿਸ਼ਾਂ ਕਰਦਾ ਰਿਹਾ ਹਾਂ।
"ਪਰ ਰਿਤੂ ਮੇਰਾ ਤਾਂ ਇਨ੍ਹਾਂ ਕਮੀਜ਼ਾਂ ਦੀ ਕਹਾਣੀ ਸੁਣਨ ਲਈ ਉਤਸੁਕ ਏ, ਜਿਸ ਨੂੰ ਜਾਣਨ ਲਈ ਉਹ ਹਰ ਵਰ੍ਹੇ ਝਾਤੀਆਂ ਮਾਰਦਾ ਰਿਹਾ ਏ। ਸੁਣੋ, ਪੁੱਤਰ ਜੀ — ਇਹੀ ਹੋਲੀਆਂ ਦੇ ਦਿਨ ਸਨ। ਸਾਡੀ ਗਲੀ ਵਿਚ ਗਹਿਮਾ-ਗਹਿਮ ਸੀ। ਮੁੰਡੇ, ਕੁੜੀਆਂ, ਇਸਤ੍ਰੀਆਂ, ਮਰਦ ਸਭ ਰੰਗ-ਰੱਤੇ ਸਨ। ਕਈ ਤਾਂ ਨਿਰਾ ਖਰੂਦ ਹੀ ਕਰਦੇ ਸਨ, ਖ਼ੁਸ਼ ਕਰਨ ਦੀ ਥਾਂ ਰੁੱਸ-ਰੁਆ ਦੇਂਦੇ ਸਨ। ਪਰ ਇਕ-ਦੋ ਘਰਾਂ ਵਿਚ ਮੈਂ ਰਾਂਗਲੀ ਮੁਸਕਰਾਂਦੀ ਹੋਲੀ ਵੀ ਵੇਖੀ। ਹਲਕੇ ਰੰਗਾਂ ਦੀਆਂ ਗੁਲਾਬ ਦਾਨੀਆਂ ਵਿਚੋਂ ਛਿੱਟੇ, ਤੇ ਖ਼ੁਸ਼ਬੂਦਾਰ ਗੁਲਾਲ ਦੇ ਧੂੜੇ…"
ਤੇ ਬਾਬਾ ਜੀ ਨੇ ਆਪਣੇ ਗੰਗਾ-ਸਾਗਰ ਵਿਚੋਂ ਕਮੀਜ਼ ਉਤੇ ਦੋ ਟੋਪੇ ਲਾਏ, ਰਿਤੂ ਨੂੰ ਭਿੰਨੀ ਭਿੰਨੀ ਸੁਗੰਧ ਆਈ।
"ਮੈਂ, ਰਿਤੂ, ਉਸ ਗਲੀ ਦਾ ਪਰਾਹੁਣਾ ਸਾਂ। ਅਖ਼ੀਰਲੇ ਦਿਨ, ਕਹਿੰਦੇ ਸਨ, ਜਿਦ੍ਹਾ ਜੀਅ ਕਰੇ ਉਹ ਕਿਸੇ ਨੂੰ ਪੁੱਛ ਕੇ ਉਹਦੇ ਉਤੇ ਰੰਗ ਸੁੱਟਣ ਦੀ ਖ਼ੁਸ਼ੀ ਕਰ ਲਵੇ। ਭਾਵੇਂ ਮੈਂ ਇਕ ਮਹੀਨੇ ਦੀਆਂ ਛੁੱਟੀਆਂ ਕੱਟਣ ਗਿਆ ਹੋਇਆ ਸਾਂ, ਤਾਂ ਵੀ ਇਕ ਅਮੀਰ ਮੁੰਡੇ ਨੂੰ ਹਿਸਾਬ ਪੜ੍ਹਾ ਕੇ ਚਾਰ ਰੁਪਏ ਮਹੀਨੇ ਮੈਂ ਲੈਣਾ ਕੀਤਾ ਹੋਇਆ ਸੀ। ਇਕ ਰੁਪਈਆ ਉਹਦੇ ਕੋਲੋਂ ਮੰਗ ਕੇ ਮਂੈ ਗੰਗਾ-ਸਾਗਰ ਖ਼ਰੀਦ ਲਿਆਇਆ ਸਾਂ। ਇਹਨੂੰ ਮੈਂ ਗੁਲਾਬ ਦੇ ਪਾਣੀ ਨਾਲ ਭਰ ਲਿਆ, ਵਿਚ ਸੁੱਚਾ ਕੇਸਰ ਘੋਲ ਦਿੱਤਾ — ਜਿਵੇਂ ਮੈਂ ਹੁਣ ਵੀ ਘੋਲਿਆ ਏ।"
ਤੇ ਬਾਬਾ ਜੀ ਨੇ ਉਂਗਲ ਭਰ ਕੇ ਰਿਤੂ ਦੇ ਮੱਥੇ ਉਤੇ ਬਿੰਦੀ ਲਾ ਦਿੱਤੀ। ਰਿਤੂ ਅਚੰਭਿਤ ਹੋਇਆ ਬੈਠਾ ਸੀ, ਉਹਦੇ ਮੂੰਹ ਉਤੇ ਅਦਰਾਈ ਹੋਈ ਜਵਾਨੀ ਦੀ ਭਾਹ ਸੀ।
"ਉਹ ਸਾਰੀ ਰਾਤ, ਰਿਤੂ, ਮੈਂ ਇਹੀ ਸੋਚਦਾ ਰਿਹਾ: ਜੇ ਉਹ ਹੋਲੀ ਖੇਡਣ ਬਾਹਰ ਹੀ ਨਾ ਆਈ ਤਾਂ…? — ਤੇ ਸਵੇਰੇ ਹੀ ਮੈਨੂੰ ਪਤਾ ਵੀ ਲੱਗ ਗਿਆ ਕਿ ਵਿਆਹ ਤੋਂ ਬਾਅਦ ਉਸ ਹੋਲੀ ਖੇਡੀ ਹੀ ਨਹੀਂ। ਪਰ ਹੁਣ ਉਹਦੀ ਮੁਸਕਰਾਹਟ ਨੇ ਮੈਨੂੰ ਓਡਾ ਡਰੂ ਨਹੀਂ ਸੀ ਰਹਿਣ ਦਿੱਤਾ — ਦਸ ਕੁ ਵਜੇ ਤਕ ਜਦੋਂ ਖਰੂਦੀ ਟੋਲੀਆਂ ਦੂਰ ਚਲੀਆਂ ਗਈਆਂ, ਤਾਂ ਮੈਂ ਇਹ ਗੰਗਾ-ਸਾਗਰ ਫੜ ਕੇ ਦੋ ਵਾਰੀ ਉਹਦੇ ਘਰ ਅੱਗੋਂ ਲੰਘਿਆ ਤੇ ਮੁੜ ਆਇਆ। ਤੀਜੀ ਵਾਰੀ ਓਸ ਮੈਨੂੰ ਵੇਖ ਲਿਆ ਤੇ ਉਹ ਬੂਹੇ ਉਤੇ ਆ ਗਈ।
"'ਕਿਉਂ, ਕਾਕੇ ਨੂੰ ਹੋਲੀ ਖੇਡਣ ਵਾਲਾ ਕੋਈ ਨਹੀਂ ਮਿਲਿਆ?'
"ਮੈਂ ਸ਼ਰਮਾ ਗਿਆ, ਪਰ ਮੂੰਹੋਂ ਕੁਝ ਕਹਿਣ ਦੀ ਹਿੰਮਤ ਬਣਾ ਹੀ ਲਈ।
"'ਮੈਂ ਤਾਂ ਭੈਣ ਨਾਲ ਹੋਲੀ ਖੇਡਣ ਆਇਆ ਸਾਂ!'
"'ਪਰ ਕਾਕਾ, ਇਹ ਦੂਜੀ ਹੋਲੀ ਏ, ਜਿਹੜੀ ਮੈਂ ਖੇਡੀ ਨਹੀਂ… ਹੁਣ ਖੇਡਣ ਦੀ ਉਮਰ ਮੇਰੀ ਲੰਘ ਗਈ ਏ…'
"'ਤੁਸੀਂ ਹੋ ਤਾਂ ਮੇਰੇ ਜੇਡੇ ਹੀ!'
"'ਹਾਂ, ਤੇਰੇ ਜੇਡੀ ਹੀ ਹੋਵਾਂਗੀ — ਪਰ — ਪਰ — ਹੱਛਾ — ਹੱਛਾ — ਤੂੰ ਆ ਜਾ ਸਾਡੇ ਅੰਦਰ — ਮੇਰੀ ਮਾਂ ਅੰਦਰ ਈ ਏ — ਮੈਂ ਤੇਰੀ ਖ਼ੁਸ਼ੀ ਕਰ ਦੇਨੀ ਆਂ।'
"ਮੈਨੂੰ ਆਪਣੀ ਮਾਂ ਕੋਲ ਖਲ੍ਹਾਰ ਕੇ ਇਹ ਕਹਿੰਦੀ ਹੋਈ ਉਹ ਅੰਦਰ ਚਲੀ ਗਈ — 'ਇਹ ਪਰਾਹੁਣਾ ਕਾਕਾ, ਮਾਂ, ਮੇਰੇ ਉਤੇ ਰੰਗ ਸੁੱਟਣ ਆਇਐ — ਇਹਨੂੰ ਮੈਂ ਨਾਰਾਜ਼ ਨਹੀਂ ਕਰਨਾ — ਇਹ ਬੜਾ ਬੀਬਾ ਏ — ਮੈਂ ਕਮੀਜ਼ ਵਟਾ ਆਵਾਂ।'
"'ਪੁੱਤਰਾ, ਚੰਗਾ ਕੀਤਾ ਈ ਆ ਗਇਓਂ, ਭੈਣ ਤੇਰੀ ਨੂੰ ਪਤਾ ਨਹੀਂ ਕਿਉਂ ਸੰਗ ਪੈਂਦੀ ਜਾਂਦੀ ਏ!'
"ਝੰਮ ਝੰਮ ਕਰਦੀ ਉਹ ਅੰਦਰੋਂ ਆਈ — ਉਹਦੀ ਮੁਸਕਰਾਹਟ ਐਉਂ ਖਿੜੀ ਸੀ ਜਿਵੇਂ ਕੰਮੀਂ ਦੀ ਕਲੀ ਮਲਕੜੇ ਈ ਖੁੱਲ੍ਹ ਪੈਂਦੀ ਏ। ਓਸ ਚਿੱਟੀ ਕਮੀਜ਼ ਪਾਈ ਤੇ ਚਿੱਟੀ ਚੁੰਨੀ ਲਈ ਹੋਈ ਸੀ।
"'ਲੈ ਕਾਕਾ', ਓਸ ਮੇਰੇ ਉਤੇ ਮੁਸਕਰਾਹਟ ਐਉਂ ਸੁੱਟੀ ਜਿਵੇਂ ਫੱਵਾਰਾ ਖੋਲ੍ਹਣ ਉਤੇ ਚਿੱਟੀ ਫੁਹਾਰ ਝਰ ਪੈਂਦੀ ਏ — 'ਭਾਵੇਂ ਆਪਣੇ ਸਾਗਰ ਦੀ ਸਾਰੀ ਗੰਗਾ ਤੂੰ ਮੇਰੇ ਉਤੇ ਰੋੜ੍ਹ ਲੈ!'
"ਉਹਦੇ ਮਿੱਠੇ ਬੋਲ ਤੇ ਉਹਦੀ ਅਦਾ ਦੀ ਮੁਸਕਰਾਂਦੀ ਰਵਾਨੀ ਨੇ ਮੈਨੂੰ ਆਪਾ ਭੁਲਾ ਦਿੱਤਾ।
ਆਇਆ ਸਾਂ ਉਹਦੇ ਉੱਤੇ ਰੰਗ ਡੋਲ੍ਹਣ ਪਰ ਓਸ ਖਿੜੇ ਕੰਵਲ ਉਤੇ ਬਾਂਹ ਉਲਾਰ ਕੇ ਕੁਝ ਡੋਲ੍ਹਣ ਦਾ ਹੀਆ ਨਾ ਕਰ ਸਕਿਆ, ਨਾ ਮੂੰਹੋਂ ਹੀ ਕੁਝ ਬੋਲ ਸਕਿਆ। ਉਹਦੇ ਬੜੇ ਚੰਗੇ ਮੂੰਹ ਵਲ ਠੰਠਬਰਿਆ ਮੈਂ ਤੱਕਦਾ ਰਿਹਾ। ਮੇਰਾ ਝਾਕਾ ਵੇਖ ਕੇ ਓਸ ਮੇਰੇ ਹੱਥੋਂ ਗੰਗਾ-ਸਾਗਰ ਫੜ ਲਿਆ।
"'ਲਿਆ, ਪਹਿਲਾਂ ਮੈਂ ਤੇਰੇ ਉੱਤੇ ਸੁੱਟ ਵੇਖਾਂ।'
"ਤੇ ਉਸ ਨੇ ਦੋ ਛਿਣਕੇ ਮੇਰੇ ਸਾਹਮਣੇ ਪਾਸੇ, ਤੇ ਦੋ ਪਿਛਲੇ ਪਾਸੇ ਸੁੱਟ ਦਿੱਤੇ।
ਆਪਣੇ ਅੱਗੇ ਪਲਮਦੀ ਕਮੀਜ਼ ਦਾ ਪੱਲਾ ਚੁੱਕ ਕੇ, ਗਲ਼ ਪਈ ਕਮੀਜ਼ ਦੇ ਫਿੱਕੇ ਹੁੰਦੇ ਜਾਂਦੇ ਛਿੱਟਿਆਂ ਨੂੰ ਉਨ੍ਹਾਂ ਚੁੰਮ ਕੇ ਆਖਿਆ, "ਰਿਤੂ-ਰਾਜੇ, ਇਹ ਛਿੱਟੇ ਉਨ੍ਹਾਂ ਹੱਥਾਂ ਦੇ ਹੈਨ… ਤੇ ਫੇਰ ਉਸ ਨੇ ਗੰਗਾ-ਸਾਗਰ ਮੈਨੂੰ ਫੜਾ ਦਿੱਤਾ ਸੀ। … ਹੁਣ ਮੇਰੇ ਵਿਚ ਦਲੇਰੀ ਆ ਗਈ ਸੀ, ਤੇ ਜਿਸ ਤਰ੍ਹਾਂ ਦੋ ਧਾਰਾਂ ਮੇਰਾ ਅੱਗੇ-ਪਿੱਛੇ ਉਸ ਸੁੱਟੀਆਂ ਸਨ, ਉਸੇ ਤਰ੍ਹਾਂ ਮੈਂ ਵੀ ਉਹਦੇ ਉਤੇ ਸੁੱਟ ਦਿੱਤੀਆਂ।… ਉਹ ਹੱਸ ਪਈ, ਉਹਦੀ ਮਾਂ ਵੀ ਹੱਸ ਪਈ। ਤੇ ਮੈਂ ਦਲੇਰ ਹੋਏ ਨੇ ਆਪਣੇ ਬੋਝੇ ਵਿਚੋਂ ਤਾਸ਼ ਦੀ ਇਕ ਡੱਬੀ ਕੱਢੀ। ਇਹ ਖ਼ਾਲੀ ਡੱਬੀ ਘਰ ਵਿਚ ਪਈ ਮੈਨੂੰ ਲੱਭੀ ਸੀ, ਇਹਦੇ ਵਿਚ ਥੋੜ੍ਹੀ ਜਿੰਨੀ ਸੰਦਲ-ਖ਼ੁਸ਼ਬੋਈ ਗੁਲਾਲ ਮੈਂ ਪੁਆ ਲਿਆਇਆ ਸਾਂ। ਖੋਲ੍ਹ ਕੇ ਭੋਰਾ ਕੁ ਤਲੀ ਉਤੇ ਪਾ ਲਈ।
"'ਪਰ ਕਾਕਾ', ਓਸ ਸੰਗ ਕੇ ਆਖਿਆ — 'ਬੁਹਤੀ ਨਾ ਪਾਈਂ — ਮਤੇ ਮੈਨੂੰ ਫੇਰ ਸਿਰ ਨਹਾਉਣਾ ਪਏ — ਮੈਂ ਸਵੇਰੇ ਹੀ ਨਹਾ ਸੁਕਾ ਬੈਠੀ ਆਂ।'
"ਮੈਂ ਉਹਦੇ ਨਹਾਏ-ਸੁਕਾਏ ਕੇਸਾਂ ਵਲ ਤੱਕਿਆ। ਤੈਨੂੰ ਕੀ ਦੱਸਾਂ, ਮੇਰੇ ਰਿਤੂ-ਰਾਣੇ, ਉਹ ਕਿਹੋ ਜਿਹੇ ਕੇਸ ਸਨ! ਮੇਰੀ ਆਪਣੀ ਮਾਂ ਦੇ ਕੇਸਾਂ ਵਰਗੇ, ਰਿਤੂ, ਤੇਰੀ ਅੰਮੀ ਦੇ ਕੇਸਾਂ ਵਰਗੇ — ਬੜੇ ਹੀ ਪਿਆਰੇ ਕੇਸ! … ਤਲੀ ਵਾਲੀ ਗੁਲਾਲ ਮੈਂ ਡੱਬੀ ਵਿਚ ਪਾ ਲਈ, ਤੇ ਤਲੀ ਆਪਣੇ ਕਮੀਜ਼ ਨਾਲ ਮਲ ਕੇ ਪੂੰਝ ਲਈ। ਸਿਰਫ਼ ਇਕ ਚੁਟਕੀ ਗੁਲਾਲ ਦੀ ਉਹਦੇ ਮੂੰਹ ਦੇ ਇਕ ਪਾਸੇ, ਤੇ ਦੂਜੀ ਦੂਜੇ ਪਾਸੇ ਮੈਂ ਛਿਣਕ ਦਿੱਤੀ। ਤੇ ਸ਼ੁਕਰੀਏ ਭਰਿਆ ਦਿਲ ਤੇ ਆਦਰ ਭਰੇ ਹੱਥ, ਦੋਵੇਂ ਹੱਥ ਮੈਂ ਉਹਦੇ ਸਾਹਮਣੇ ਜੋੜ ਦਿੱਤੇ।… ਉਸ ਨੇ ਮੇਰੇ ਹੱਥਾਂ ਵਿਚੋਂ ਗੁਲਾਲ ਦੀ ਡੱਬੀ ਮੰਗ ਲਈ, ਤੇ ਦੋ ਪੋਟਿਆਂ ਨਾਲ ਗੁਲਾਲ ਚੁੱਕ ਕੇ ਮੇਰੇ ਮੱਥੇ ਉਤੇ ਤਿਲਕ ਲਾ ਦਿੱਤਾ।
"ਘਰ ਆ ਕੇ, ਉਹ ਕਮੀਜ਼ ਸੁਕਾ, ਤਹਿ ਕਰ ਕੇ ਮੈਂ ਸਾਂਭ ਲਈ, ਤੇ ਹਰ ਹੋਲੀ ਦੇ ਅਖ਼ੀਰਲੇ ਦਿਨ ਉਤੇ ਇਹ ਕਮੀਜ਼ ਕੱਢ ਕੇ ਮੈਂ ਓਸ ਰਾਂਗਲੇ ਦਿਨ ਨੂੰ ਯਾਦ ਕਰ ਲੈਂਦਾ ਸਾਂ। … ਕਈ ਵਰ੍ਹੇ ਮੈਂ ਉਸ ਨੂੰ ਮਿਲ ਨਾ ਸਕਿਆ, ਜ਼ਿੰਦਗੀ ਕਿਤੋਂ ਦੀ ਕਿਤੇ ਮੈਨੂੰ ਭੁੜਕਾਂਦੀ ਰਹੀ। ਤੇ ਜੇ ਕਦੇ ਮੈਂ ਉਹਦੇ ਸ਼ਹਿਰ ਇਕ-ਅੱਧ ਦਿਨ ਲਈ ਗਿਆ ਵੀ, ਤਾਂ ਓਦੋਂ ਉਹ ਸਹੁਰੇ ਗਈ ਹੁੰਦੀ। … ਸਿਰਫ਼ ਇੱਕੋ ਵਾਰੀ ਮੇਲ ਹੋਇਆ। ਉਹ ਘਰ ਵਿਚ ਸੀ ਵੀ ਇਕੱਲੀ।
"ਮੇਰੇ ਹੱਥ ਵਿਚ ਲਿਫ਼ਾਫ਼ਾ ਫੜਿਆ ਵੇਖ ਕੇ ਉਹ ਪੁੱਛਣ ਲੱਗੀ, 'ਤੁਸੀਂ ਮੇਰੇ ਲਈ ਸੁਗ਼ਾਤ ਲਿਆਏ ਹੋ!'
"ਏਸ ਵਾਰੀ ਉਹ ਮੈਨੂੰ 'ਤੁਸੀਂ' ਆਖਣ ਲੱਗ ਪਈ ਸੀ, ਪਹਿਲਾਂ ਵਰਗੀ ਉਹਦੀ ਮਾਸੂਮ ਸਰਲਤਾ ਉਤੇ ਕਿਸੇ ਉਦਾਸੀ ਦਾ ਕੋਰਾ ਜੰਮ ਗਿਆ ਸੀ। ਸੁਹਣੀ ਤੇ ਪਿਆਰੀ ਉਹ ਅੱਗੇ ਨਾਲੋਂ ਵੀ ਵੱਧ ਲੱਗਦੀ ਸੀ। ਰਿਤੂ, ਅਸਲੀ ਸੁਹਣੇ ਮੂੰਹ ਉਦਾਸੀ ਵਿਚ ਹੋਰ ਵੀ ਪਿਆਰੇ ਦਿੱਸਦੇ ਨੇ — ਪਰ ਉਹਦੇ ਮੂੰਹ ਉਤੋਂ ਪ੍ਰਸੰਨ ਲਕੀਰਾਂ ਘਟ ਗਈਆਂ ਸਨ।
"'ਸੁਗ਼ਾਤ ਕੋਈ ਨਹੀਂ, ਇਕ ਯਾਦ ਲਿਆਇਆ ਹਾਂ।'
"ਤੇ ਲਿਫ਼ਾਫ਼ੇ ਵਿਚੋਂ ਕੱਢ ਕੇ ਉਹ ਕਮੀਜ਼ ਮੈਂ ਉਹਦੇ ਸਾਹਮਣੇ ਕਰ ਦਿੱਤੀ ਜਿਦ੍ਹੇ ਉਤੇ ਉਹਦੇ ਹੱਥਾਂ ਦੇ ਰੰਗ-ਛਿੱਟੇ ਗੇਂਦੇ ਦੇ ਫੁੱਲਾਂ ਵਾਂਗ ਖਿੜੇ ਹੋਏ ਸਨ। ਉਸ ਨੇ ਕਮੀਜ਼ ਨੂੰ ਚੁੰਮ ਲਿਆ।
"'ਆਹ — ਭਰਾ ਜੀ,' ਉਸ ਹਉਕਾ ਭਰਿਆ, 'ਕਿੰਨੇ ਹੀ ਚਿਰ ਤੋਂ ਮੈਂ ਤੁਹਾਨੂੰ ਮਿਲਣਾ ਉਡੀਕ ਰਹੀ ਸਾਂ, ਤੁਹਾਡੀ ਸਾਂਭੀ ਹੋਈ ਯਾਦ ਹੁਣ ਮੇਰੇ ਲਈ ਮੁਸੀਬਤ ਬਣਦੀ ਜਾ ਰਹੀ ਸੀ। ਏਸ ਘਰ ਵਿਚ ਵੀ ਮੇਰਾ ਆਉਣ ਜਾਣ ਹੁਣ ਮੁੱਕਣ ਵਾਲਾ ਏ।'
"ਇਹ ਕਹਿ ਕੇ ਉਹ ਰੇਸ਼ਮੀ ਰੁਮਾਲ ਵਿਚ ਕੁਝ ਬੱਧਾ ਹੋਇਆ ਲੈ ਆਈ, ਜਿਸ ਨੂੰ ਜਦੋਂ ਖੋਲ੍ਹਿਆ, ਮੇਰਾ ਤਨ ਮਨ ਉਹਦੇ ਤੋਂ ਨਿਛਾਵਰ ਹੋਣ ਲਈ ਧੜਕ ਪਿਆ। ਇਹ ਉਹਦੀ ਉਹੋ ਕਮੀਜ਼ ਸੀ, ਜਿਦ੍ਹੇ ਉਤੇ ਕਦੇ ਮੈਂ ਆਪਣਾ ਦਿਲ-ਘੁਲਿਆ ਰੰਗ ਡੋਲ੍ਹਿਆ ਸੀ।
"'ਇਹ ਆਪਣੀ ਅਮਾਨਤ ਹੁਣ ਮੈਂ ਤੁਹਾਡੀ ਸੰਭਾਲ ਵਿਚ ਰੱਖਣਾ ਚਾਹੁੰਦੀ ਹਾਂ।'
"ਤੇ ਉਸ ਨੇ ਮੇਰੇ ਲਿਫ਼ਾਫ਼ੇ ਜੇਡੀ ਤਹਿ ਕਰ ਕੇ ਆਪਣੀ ਕਮੀਜ਼ ਮੇਰੀ ਕਮੀਜ਼ ਨਾਲ ਜੋੜ ਦਿੱਤੀ।
"'ਇਹ ਰੁਮਾਲ ਹੀ ਇਹਦੀ ਯਾਦ ਵਿਚ ਮੈਂ ਸੰਭਾਲ ਕੇ ਰੱਖਾਂਗੀ', ਓਸ ਹਉਕਾ ਭਰਿਆ।
"ਇਹ ਦੋ ਕਮੀਜ਼ਾਂ… ਰਿੱਤੂ ਪੁੱਤਰ, ਮੇਰੀ ਜ਼ਿੰਦਗੀ ਦੀਆਂ ਕਈ ਹਨੇਰੀਆਂ ਰਾਤਾਂ ਵਿਚ ਦੋ ਚਰਾਗ਼ ਲਟਲਟਾਂਦੇ ਰਹੇ ਨੇ। ਹਰ ਵਰ੍ਹੇ ਇਨ੍ਹਾਂ ਦੀ ਰਾਂਗਲੀ ਯਾਦ ਨਾਲ ਮੈਂ ਆਪਣੀਆਂ ਬੇ-ਰੰਗ ਘੜੀਆਂ ਵੀ ਰੰਗ ਲੈਂਦਾ ਰਿਹਾ ਹਾਂ।"
ਪਰ ਅਚਾਨਕ ਉਨ੍ਹਾਂ ਦੀਆਂ ਅੱਖਾਂ ਗੰਭੀਰ ਹੋ ਗਈਆਂ, ਤੇ ਫੇਰ ਬੇ-ਲਿਸ਼ਕ ਹੋ ਗਈਆਂ।
"ਪਰ, ਰਿਤੂ, ਉਹਦੀ ਜ਼ਿੰਦਗੀ ਵਿਚ ਚਾਨਣ ਘਟਦਾ ਹੀ ਗਿਆ। ਹਰ ਵਰ੍ਹੇ ਕੁਝ ਨਾ ਕੁਝ ਬੁਝਦੇ ਜਾਣ ਦੀਆਂ ਖ਼ਬਰਾਂ ਮੈਨੂੰ ਮਿਲਦੀਆਂ ਰਹੀਆਂ। ਮੈਂ ਉਹਦੇ ਕਿਸੇ ਕੰਮ ਨਾ ਆ ਸਕਿਆ। ਇਕ ਤਾਂ ਤਕਦੀਰ ਮੈਨੂੰ ਉਹਦੇ ਕੋਲੋਂ ਸੈਂਕੜੇ-ਹਜ਼ਾਰਾਂ ਮੀਲਾਂ ਦੀ ਦੂਰੀ ਉੁਤੇ ਭਟਕਾਂਦੀ ਰਹੀ; ਦੂਜੇ ਮੇਰੇ ਤੇ ਉਹਦੇ ਵਿਚਕਾਰ ਪਰਬਤ ਜੇਡੇ ਓਹਲੇ ਖੜ੍ਹੇ ਕਰਦੀ ਰਹੀ। ਉਹ ਮੈਨੂੰ ਦਿੱਸਣੋਂ ਹਟ ਗਈ। ਉਹਦੀ ਹਵਾ ਮੇਰੇ ਤਕ ਆਉਣੋਂ ਰੁਕ ਗਈ… ਤੇ ਓੜਕ ਉਹਦੇ ਮਰ ਜਾਣ ਦੀ ਖ਼ਬਰ ਮੈਨੂੰ ਆ ਗਈ —"
ਬਾਬਾ ਜੀ ਕਿੰਨਾ ਚਿਰ ਚੁੱਪ ਰਹੇ।
"ਰਿਤੂ, ਦੁਨੀਆ ਮੈਨੂੰ ਖ਼ਾਲਮ-ਖ਼ਾਲੀ ਜਾਪਣ ਲੱਗ ਪਈ," ਉਨ੍ਹਾਂ ਸਿਰ ਚੁੱਕ ਕੇ ਆਖਿਆ,
"ਮੇਰਾ ਕੰਮਾਂ ਵਿਚ ਜੀਅ ਲੱਗਣਾ ਘਟ ਗਿਆ, ਕੰਮਾਂ ਆਸਰੇ ਹੀ ਮੈਂ ਉਡਿਆ ਫਿਰਦਾ ਸਾਂ।
"ਪਰ ਓਸੇ ਦੀ ਸਖ਼ਾਵਤ ਨੇ ਫੇਰ ਮੇਰੀ ਦੁਨੀਆਂ ਦਾ ਰੰਗ ਸੁਆਹੀਓਂ ਸੁਨਹਿਰਾ ਕਰ ਦਿੱਤਾ। …
ਇਕ ਰਾਤ ਉਹ ਮੇਰੇ ਸੁਪਨੇ ਵਿਚ ਆਈ। ਅਖ਼ੀਰਲੀ ਮਿਲਣੀ ਵਰਗੀ ਨਹੀਂ, ਪਹਿਲੀ ਮਿਲਣੀ ਵਰਗਾ ਉਹਦਾ ਮੂੰਹ ਸੀ। ਕਈ ਰੰਗਾਂ ਨਾਲ ਭਰੀਆਂ ਪਿਚਕਾਰੀਆਂ ਉਹਦੇ ਹੱਥ ਵਿਚ ਫੜੀ ਫੁੱਲ-ਟੋਕਰੀ ਵਿਚ ਸਨ। ਹੱਸ ਹੱਸ ਕੇ ਓਸ ਮੇਰੇ ਨਾਲ ਹੋਲੀ ਖੇਡੀ।
"ਤੇ ਜਾਂਦੀ ਹੋਈ ਉਹ ਮੈਨੂੰ ਕਹਿਣ ਲੱਗੀ, 'ਹੁਣ ਤੂੰ ਮੈਨੂੰ ਬੜੀ ਵਾਰੀ ਮਿਲ ਸਕੇਂਗਾ — ਮੇਰੀ ਕੈਦ ਹੁਣ ਮੁੱਕ ਗਈ ਏ — ਹੁਣ ਮੈਂ ਹਰ ਚੰਗੀ ਇਸਤ੍ਰੀ ਦੇ ਮੂੰਹ ਦਾ ਹੁਸਨ ਬਣ ਗਈ ਹਾਂ — ਤੂੰ ਦਲੇਰ ਹੋ ਕੇ ਵੇਖਿਆ ਕਰ — ਕਦੇ ਤੈਨੂੰ ਜਾਪੇਗਾ ਮੈਂ ਤੇਰੀ ਜ਼ਿੰਦਗੀ ਵਿਚ ਆ ਹੀ ਗਈ ਹਾਂ… ਹੁਣ ਤੂੰ ਏਸ ਤਰ੍ਹਾਂ ਨਹੀਂ ਰਹਿਣਾ ਹੋਵੇਗਾ — ਵੇਖ, ਮੇਰੇ ਵੱਲ…'
'ਤੇ ਉਹ ਰੰਗ-ਪਿਚਕਾਰੀਆਂ ਮਾਰਦੀ, ਅਕਾਸ਼ ਵਿਚ ਮੰਗਲ ਤਾਰੇ ਵਲ ਉੱਡ ਗਈ। ਓਸ ਦਿਨ ਤੋਂ ਮੇਰੀ ਦੁਨੀਆ ਫੇਰ ਭਰਪੂਰ ਹੋ ਗਈ ਏ। ਮੈਂ ਹਰ ਚੰਗੇ ਮੂੰਹ ਵਲ ਸ਼ੌਕ ਨਾਲ ਤੱਕਦਾ ਹਾਂ। ਕਿਸੇ ਦੇ ਬੋਲ ਉਹਦੇ ਵਰਗੇ, ਕਿਸੇ ਦੀ ਤੋਰ ਉਹਦੇ ਵਰਗੀ, ਕਿਸੇ ਦੀ ਸਖ਼ਾਵਤ ਉਹਦੇ ਵਰਗੀ, ਕਿਸੇ ਦਾ ਮੁਹਾਂਦਰਾ ਉਹਦੇ ਵਰਗਾ, ਤੇ ਕਿਸੇ ਇਕ ਦਾ ਸਾਰਾ ਦਿਲ ਹੀ ਉਹਦੇ ਵਰਗਾ ਮੈਨੂੰ ਦਿਸ ਪਿਐ। ਕਈ ਵਾਰੀ ਮੈਨੂੰ ਜਾਪਿਐ ਉਹ ਆ ਗਈ ਏ। ਨਿਰੀ ਉਹੋ ਹੀ ਨਹੀਂ ਆਈ, ਇਕ ਚਾਨਣ ਵੀ ਆਇਐ! … ਮੈਂ ਸੁਣਿਆ ਕਰਦਾ ਸਾਂ, ਮੈਂ ਪੜ੍ਹਿਆ ਕਰਦਾ ਸਾਂ ਕਿ ਪਿਆਰ ਪ੍ਰਭੂ ਹੁੰਦੈ, ਪਰ ਮੈਂ ਸਮਝ ਨਹੀਂ ਸਾਂ ਸਕਦਾ ਕਿ ਇਕ ਸਖ਼ੀ, ਸਹੇਲੀ, ਸਾਜਣ ਦਾ ਪਿਆਰ ਪ੍ਰਭੂ ਕਿਵੇਂ ਹੋ ਸਕਦਾ ਏ! — ਪਰ ਜਿਹੜਾ ਚਾਨਣ ਉਹ ਨਾਲ ਲਿਆਈ ਏ, ਉਹਦੇ ਨਾਲ ਇਕਾ-ਇਕ ਮੇਰੀ ਧੁੰਦ ਮਿਟ ਗਈ ਏ। ਜਦੋਂ, ਰਿਤੂ ਬੇਟਾ, ਪ੍ਰਭੂ ਬਣ ਸਕਣ ਵਾਲਾ ਪਿਆਰ ਕਿਸੇ ਨੂੰ ਆਉਂਦਾ ਏ, ਸਾਰੀ ਧਰਤੀ ਉਹਨੂੰ ਪਿਆਰੀ ਲੱਗਣ ਲੱਗ ਪੈਂਦੀ ਏ, — ਆਹ ਇਹਦੇ ਉਤੇ ਉਹਦੇ ਪੈਰ ਵੀ ਤੁਰਦੇ ਹੋਣਗੇ। ਚੰਨ ਸੂਰਜ ਪਿਆਰੇ ਲੱਗਣ ਲੱਗ ਪੈਂਦੇ ਨੇ। ਕੀ ਪਤੈ ਉਹ ਵੀ ਏਸ ਵੇਲੇ ਇਨ੍ਹਾਂ ਵਲ ਤੱਕਦੀ ਹੋਵੇ! ਸਾਰੀ ਪੌਣ ਪਿਆਰੀ ਲੱਗਣ ਲੱਗ ਪੈਂਦੀ ਹੈ — ਕੀ ਪਤੈ ਇਹ ਉਹਦੇ ਨਾਲ ਲੱਗ ਕੇ ਆਈ ਹੋਵੇ। ਉਹਦੇ ਤੇ ਮੇਰੇ ਦੋਹਾਂ ਦੇ ਪ੍ਰਾਣ — ਇਹ ਪਿਆਰੀ ਪੌਣ! ਸਭ ਇਸਤ੍ਰੀਆਂ ਚੰਗੀਆਂ ਲੱਗਣ ਲੱਗ ਪੈਂਦੀਆਂ ਨੇ — ਉਨ੍ਹਾਂ ਦੀ ਜ਼ਾਤ ਉਹਦੇ ਨਾਲ ਰਲਦੀ ਹੁੰਦੀ ਏ। ਸਭ ਆਦਮੀ ਚੰਗੇ ਲੱਗਦੇ ਨੇ — ਉਹ ਇਸਤ੍ਰੀ ਦੇ ਜਾਏ ਹੁੰਦੇ ਨੇ, ਤੇ ਮਾਵਾਂ ਨੇ ਆਪਣੇ ਜਾਇਆਂ ਦੇ ਮੁਖ ਉਤੇ ਕਈ ਚੁੰਮਣ ਧਰੇ ਹੁੰਦੇ ਨੇ।
"ਰਿਤੂ-ਰਾਣੇ, ਸੱਚੀਂ-ਮੁੱਚੀਂ ਪਿਆਰ ਦਾ ਪ੍ਰਭੂ ਹੋਣਾ ਪ੍ਰਤੱਖ ਹੋ ਜਾਂਦਾ ਹੈ। ਪ੍ਰਭੂ ਹੋਣ, ਥੀਣ ਤੇ ਬਣਨ ਦਾ ਨਾਂ ਏ, ਤੇ ਜਦੋਂ ਮਨੁੱਖ ਪਿਆਰ ਕਰਦਾ ਏ, ਉਹਨੂੰ ਹੋਣ, ਥੀਣ ਤੇ ਬਣਦੇ ਜਾਣ ਦਾ ਵਿਸਮਾਦ ਆ ਜਾਂਦਾ ਹੈ। ਇਹ ਵਿਸਮਾਦ ਹੀ ਪ੍ਰਭੂ ਏ। … ਪਰ ਉਹ ਪਿਆਰ ਪ੍ਰਭੂ ਨਹੀਂ ਹੁੰਦਾ, ਜਿਹੜਾ ਹਰ ਹੱਕ ਤੇ ਫ਼ਰਜ਼ ਨੂੰ ਰਾਹੋਂ ਸੁੱਟ ਵਗਾਹ ਕੇ ਆਪਣੇ ਪਿਆਰ ਨੂੰ ਧਰੂਹ-ਘਸੀਟ ਲਿਆਉਂਦਾ ਏ।…
"ਕੀ ਰਿਤੂ, ਮੇਰੇ ਬੇਟੇ ਨੇ ਮੇਰੀ ਗੱਲ ਸਮਝ ਲਈ ਏ?" ਉਨ੍ਹਾਂ ਥਾਪੀ ਦੇ ਕੇ ਪੁੱਛਿਆ।
"ਸਮਝੀ ਸਾਰੀ ਭਾਵੇਂ ਨਾ ਹੀ ਹੋਵੇ, ਪਰ ਬਾਬਾ ਜੀ, ਇਹ ਮੈਨੂੰ ਚੰਗੀ ਬੜੀ ਲੱਗੀ ਏ — ਮੇਰੇ ਅੰਦਰ ਏਸ ਵੇਲੇ ਬੜਾ ਚੰਗਾ ਚੰਗਾ ਕੁਝ ਹੋ ਰਿਹੈ।"
ਰਿਤੂ ਦਾ ਮੂੰਹ ਹੁਣ ਨਿਰਾ ਅਦਬ ਦੀ ਹੀ ਨਹੀਂ, ਪਿਆਰ ਤੇ ਇਰਾਦੇ ਦੀ ਤਸਵੀਰ ਵੀ ਬਣਿਆ ਹੋਇਆ ਸੀ।
"ਬਸ, ਬਸ, ਰਿਤੂ-ਰਾਜੇ, ਇਹੀ ਚੰਗਾ ਚੰਗਾ ਕੁਝ ਹੀ ਪਿਆਰ ਹੁੰਦੈ, ਇਹੀ ਪ੍ਰਭੂ ਹੁੰਦਾ ਏ। ਤੇ ਏਸ ਵੇਲੇ ਤੈਨੂੰ ਆਪਣੇ ਨਾਲ ਬੈਠਾ ਵੇਖ ਕੇ ਮੈਂ ਬੜਾ ਖੁਸ਼ ਹੋ ਰਿਹਾ ਆਂ। ਤੂੰ ਮੈਨੂੰ ਮੇਰਾ ਆਪਣਾ ਆਪ ਜਾਪ ਰਿਹਾ ਏਂ। ਇਹ ਦੋਵੇਂ ਕਮੀਜ਼ਾਂ, ਹਨੇਰੀਆਂ ਰਾਤਾਂ ਦੇ ਚਰਾਗ਼ ਵੀ ਤੇਰੇ ਹੀ ਨੇ। …
ਲੋਕ ਕਹਿੰਦੇ ਨੇ ਮੈਂ ਸੱਤਰਾਂ ਦੇ ਨੇੜੇ ਪਹੁੰਚ ਰਿਹਾ ਆਂ। ਪਰ ਮੈਂ ਏਸ ਵੇਲੇ ਇਹ ਮਹਿਸੂਸ ਕਰ ਰਿਹਾ ਆਂ ਕਿ ਸੋਲ੍ਹਾਂ ਦੀ ਭਰ-ਜੁਆਨੀ ਮੈਂ ਚੜ੍ਹਿਆ ਹਾਂ, ਤੇਰੀਆਂ ਪਿਆਰ-ਜਿੱਤਾਂ ਸਭ ਮੇਰੀਆਂ ਹੀ ਹੋਣਗੀਆਂ।…
ਤੇ ਬਾਬਾ ਜੀ ਨੇ ਰਿਤੂ-ਰਾਜ ਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਤੇ ਕਿੰਨਾ ਹੀ ਚਿਰ ਉਮਰ ਦੇ ਪੱਕੇ ਬੁੱਲ੍ਹ ਜਵਾਨੀ ਦੇ ਕੂਲੇ ਮੱਥੇ ਨਾਲ ਜੁੜੇ ਰਹੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ