Dalip Kumar Da Naai (Story in Punjabi) : Krishan Chander

ਦਲੀਪ ਕੁਮਾਰ ਦਾ ਨਾਈ (ਕਹਾਣੀ) : ਕ੍ਰਿਸ਼ਨ ਚੰਦਰ

ਮੈਂ ਆਪਣੀ ਲਾਂਡਰੀ ਵਿਚ ਲਾਲਾ ਹਰਿਪ੍ਰਸ਼ਾਦ ਦੇ ਮੁੰਡੇ ਬੰਸੀਪ੍ਰਸ਼ਾਦ ਦੀ ਨਵੀਂ ਰੇਸ਼ਮੀ ਕਮੀਜ਼ ਨੂੰ ਇਸਤਰੀ ਕਰ ਰਿਹਾ ਸਾਂ ਜੋ ਉਸ ਨੇ ਪਿਛਲੇ ਹਫ਼ਤੇ ਆਪਣੀ ਸ਼ਾਦੀ ਮੌਕੇ ਸਿਵਾਈ ਸੀ। ਇੰਨੇ ਨੂੰ ਮੇਰਾ ਨੌਜਵਾਨ ਨੌਕਰ ਫਜ਼ਲੂ ਹੌਲੀ-ਹੌਲੀ ਸੀਟੀ ਵਜਾਉਂਦਾ ਦੁਕਾਨ ਅੰਦਰ ਆ ਵੜਿਆ। ਮੈਂ ਉਸ ਨੂੰ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਫਜ਼ਲੂ ਬਹੁਤ ਸਿੱਧਾ-ਸਾਦਾ, ਮੂਰਖ ਜਿਹਾ ਮੁੰਡਾ ਹੈ, ਜਿਵੇਂ ਲਾਂਡਰੀ ਵਾਲੇ ਨੌਕਰ ਨੂੰ, ਬਲਕਿ ਹਰ ਨੌਕਰ ਨੂੰ ਹੋਣਾ ਚਾਹੀਦਾ ਹੈ, ਪਰ ਜਦੋਂ ਮੈਂ ਫਜ਼ਲੂ ਦੇ ਸਿਰ ਵੱਲ ਵੇਖਿਆ ਤਾਂ ਸਕਤੇ ਵਿਚ ਆ ਗਿਆ।
"ਫਜ਼ਲੂ ਤੇਰੇ ਸਿਰ ਨੂੰ ਇਹ ਕੀ ਹੋਇਆ ਏ?" ਮੈਂ ਥੋੜ੍ਹਾ ਜਿਹਾ ਖਿਝ ਕੇ ਪੁੱਛਿਆ।
ਫਜ਼ਲੂ ਨੇ ਹੱਸਦਿਆਂ ਹੋਇਆਂ ਕਿਹਾ, "ਸ਼ਹਿਰ ਵਿਚ ਦਲੀਪ ਕੁਮਾਰ ਦਾ ਨਾਈ ਆਇਆ ਹੋਇਆ ਹੈ।" ਇਹ ਕਹਿਣ ਤੋਂ ਬਾਅਦ ਉਹਨੇ ਬੜੇ ਪਿਆਰ ਨਾਲ ਆਪਣੇ ਸਿਰ ਉਤੇ ਹੱਥ ਫੇਰਿਆ ਅਤੇ ਮੱਥੇ ਉਤੇ ਪੱਲਰੀ ਲਿਟ ਨੂੰ ਹੋਰ ਲਟਕਾ ਦਿੱਤਾ। ਉਸ ਦੇ ਸਿਰ ਦੇ ਵਾਲ ਕਰੜ-ਬਰੜ ਕੱਟੇ ਹੋਏ ਸਨ ਤੇ ਛੋਟੇ-ਛੋਟੇ ਕਰ ਦਿੱਤੇ ਗਏ ਸਨ। ਸਿਰਫ਼ ਖੱਬੇ ਪਾਸੇ ਦੇ ਵਾਲਾਂ ਦਾ ਗੁੱਛਾ ਹੀ ਲੰਮਾ ਰਹਿ ਗਿਆ ਸੀ ਜੋ ਬਾਕੀ ਦੇ ਵਾਲਾਂ ਨਾਲੋਂ ਲੰਮਾ ਹੋਣ ਕਰ ਕੇ ਆਪਣੇ ਆਪ ਕੱਟੀ ਹੋਈ ਵੇਲ ਵਾਂਗ ਮੱਥੇ ਉਤੇ ਆ ਪਿਆ ਸੀ ਤੇ ਦੂਰੋਂ ਦੇਖਦਿਆਂ ਇੰਜ ਜਾਪਦਾ ਸੀ, ਜਿਵੇਂ ਗੂੰਦ ਨਾਲ ਮੱਥੇ ਉਤੇ ਚਿਪਕਾ ਦਿੱਤਾ ਗਿਆ ਹੋਵੇ। ਸਿਰ ਦੇ ਪਿਛਲੇ ਪਾਸੇ ਦੀ ਢਲਾਣ ਤੋਂ ਵਾਲ ਇੰਜ ਕੱਟੇ ਗਏ ਸਨ ਜਿਵੇਂ ਪਹਾੜੀ ਢਲਾਣ ਤੋਂ ਘਾਹ ਕੱਟ ਲਿਆ ਗਿਆ ਹੋਵੇ। ਇਕ ਤਰ੍ਹਾਂ ਨਾਲ ਫਜ਼ਲੂ ਦਾ ਸਿਰ ਦੂਰੋਂ ਮੁੰਨੀ ਹੋਈ ਭੇਡ ਵਾਂਗ ਲੱਗ ਰਿਹਾ ਸੀ।
ਮੈਂ ਹੈਰਾਨੀ ਨਾਲ ਪੁੱਛਿਆ, "ਕੌਣ ਹੈ ਉਹ ਨਾਈ?"
"ਆਪਣਾ ਸ਼ੱਦੂ।"
"ਉਹ ਘੀਸੂ ਕਸਾਬ ਦਾ ਮੁੰਡਾ ਜੋ ਦੋ ਸਾਲ ਹੋਏ ਘਰੋਂ ਨੱਠ ਗਿਆ ਸੀ?"
ਫਜ਼ਲੂ ਨੇ ਹਾਂ ਵਿਚ ਸਿਰ ਹਿਲਾ ਦਿੱਤਾ।
"ਕਿਥੇ ਹੈ ਉਸ ਦੀ ਦੁਕਾਨ?"
ਫਜ਼ਲੂ ਬੋਲਿਆ, "ਤੇਲੀਆਂ ਦੇ ਬਾਜ਼ਾਰ ਤੋਂ ਅਗਲੇ ਚੌਕ ਵਿਚ।"
ਮੈਂ ਛੇਤੀ ਨਾਲ ਆਪਣੀ ਲਾਂਡਰੀ ਤੋਂ ਬਾਹਰ ਨਿਕਲਿਆ, ਤਾਂ ਫਜ਼ਲੂ ਨੇ ਆਵਾਜ਼ ਦੇ ਕੇ ਕਿਹਾ, "ਪਰ ਜੁੰਮਣ ਚਾਚਾ, ਜੇ ਵਾਲ ਬਣਾਉਣੇ ਹਨ ਤਾਂ ਡੇਢ ਰੁਪਿਆ ਨਾਲ ਲੈ ਜਾ। ਉਹ ਇਸ ਤੋਂ ਘੱਟ ਵਾਲ ਨਹੀਂ ਕੱਟੇਗਾ। ਦਲੀਪ ਕੁਮਾਰ ਦਾ ਨਾਈ ਹੈ।"
"ਚੁੱਪ ਕਰ ਓਏ ਉਲੂ!" ਮੈਂ ਚੌਕ ਵੱਲ ਦੌੜਦਿਆਂ ਕਿਹਾ, "ਇਸ ਭੇਡ-ਮੁਨਾਈ ਦਾ ਮੈਂ ਡੇਢ ਰੁਪਇਆ ਦੇਵਾਂਗਾ?"
ਪਰ ਸ਼ੱਦੂ ਦੀ ਦੁਕਾਨ ਉਤੇ ਭੀੜ ਬੜੀ ਸੀ। ਮੈਂ ਜ਼ਰਾ ਦੇਰ ਨਾਲ ਪਹੁੰਚਿਆ ਸਾਂ। ਵਾਲ ਬਣਵਾਉਣ ਵਾਲਿਆਂ ਦੀ ਪਹਿਲਾਂ ਹੀ ਲੰਮੀ ਕਤਾਰ ਲੱਗ ਚੁੱਕੀ ਸੀ। ਦੁਕਾਨ ਤੋਂ ਬਾਹਰ ਉਭਰੇ ਹੋਏ ਅੱਖਰਾਂ ਵਿਚ ਬੋਰਡ ਉਤੇ ਲਿਖਿਆ ਸੀ-
ਦਲੀਪ ਕੁਮਾਰ ਦਾ ਨਾਈ
ਬੰਬਈ ਟਰੇਂਡ
ਮਾਸਟਰ ਸ਼ੱਦੂ ਨਾਈ
ਅਤੇ ਇਸ ਬੋਰਡ ਦੇ ਹੇਠਾਂ ਇਕ ਹੋਰ ਬੋਰਡ ਉਤੇ ਰੇਟ ਲਿਖੇ ਹੋਏ ਸਨ-
ਦਲੀਪ ਕੁਮਾਰ ਹੇਅਰ ਕੱਟ- ਡੇਢ ਰੁਪਈਆ
ਦਲੀਪ ਕੁਮਾਰ ਸ਼ੇਵ- ਇਕ ਰੁਪਈਆ
ਦਲੀਪ ਕੁਮਾਰ ਸ਼ੈਂਪੂ- ਦੋ ਰੁਪਏ ਅੱਠ ਆਨੇ
ਦਲੀਪ ਕੁਮਾਰ ਮਾਲਸ਼- ਪੰਜ ਰੁਪਈਏ
(ਮਾਲਸ਼ ਕਰਾਉਣ ਵਾਲਿਆਂ ਲਈ ਵੱਖਰੇ ਕਮਰੇ ਦਾ ਇੰਤਜ਼ਾਮ ਹੈ)
ਮੈਂ ਕਤਾਰ ਵੱਲ ਵੇਖਿਆ। ਇਥੇ ਮੈਨੂੰ ਬਹੁਤ ਜਾਣੇ-ਪਛਾਣੇ ਚਿਹਰੇ ਨਜ਼ਰ ਆਏ। ਉਨ੍ਹਾਂ ਵਿਚੋਂ ਮੈਨੂੰ ਧੂੜੀ ਮੱਲ ਦਾ ਮੁੰਡਾ ਭਸੂੜੀ ਮੱਲ ਨਜ਼ਰ ਆਇਆ ਜੋ ਮੈਟ੍ਰਿਕ ਫੇਲ੍ਹ ਸੀ ਅਤੇ ਕਿਸੇ ਵੀ ਸਿਨੇਮੇ ਵਿਚ ਕੋਈ ਫਿਲਮ ਵੇਖਣ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਉਨ੍ਹਾਂ ਵਿਚ ਹੀ ਹਕੀਮ ਉਤਮ ਚੰਦ ਦਾ ਜਵਾਈ ਸਰਦਾਰੀ ਜੋ ਵਿਆਹ ਤੋਂ ਬਾਅਦ ਹਕੀਮ ਸਾਹਿਬ ਦੇ ਘਰ ਹੀ ਰਹਿੰਦਾ ਸੀ, ਤੇ ਉਸਤਾਦ ਦਿਲਦਾਰ ਖਾਂ ਦਾ ਪੱਠਾ ਬੱਚਾ ਪਹਿਲਵਾਨ, ਤੇ ਗੰਗੂ ਤੇਲੀ ਦਾ ਮੁੰਡਾ ਸੁਖੀਆ, ਤੇ ਆਪਣੇ ਮੁਹੱਲੇ ਦੀ ਅਮੀਰ ਭੂਆ ਖੋਜਣ ਦਾ ਇਕਲੌਤਾ ਸਾਹਿਬਜ਼ਾਦਾ ਗੁੱਲਾ ਬਟੇਰਬਾਜ਼ ਤੇ ਧੀਮਾ ਪਨਵਾੜੀ ਅਤੇ ਸੁੰਦਰ ਠੇਲ੍ਹੇ ਵਾਲਾ ਜੋ ਸਿਨੇਮੇ ਦੇ ਇਸ਼ਤਿਹਾਰ ਵੰਡਦਾ ਸੀ, ਵੀ ਨਜ਼ਰ ਆਏ। ਸਾਰਿਆਂ ਨੇ ਮੈਨੂੰ ਦੇਖ ਕੇ ਨਜ਼ਰਾਂ ਫੇਰ ਲਈਆਂ। ਮੈਂ ਧਾਅ ਕੇ ਦੁਕਾਨ ਵਿਚ ਵੜ ਗਿਆ। ਇਸ ਕਤਾਰ ਨਾਲ ਮੇਰਾ ਕੀ ਵਾਸਤਾ? ਇਹ ਸਾਰੇ ਮੁੰਡੇ ਮੇਰੇ ਹੱਥਾਂ ਦੇ ਖਿਡਾਏ ਹੋਏ ਸਨ।
ਦੁਕਾਨ ਦੇ ਅੰਦਰ ਜਾ ਕੇ ਮੈਂ ਸਾਹਮਣੇ ਕੰਧ ਉਤੇ ਦਲੀਪ ਕੁਮਾਰ ਦੀ ਵੱਡੀ ਸਾਰੀ ਫੋਟੋ ਵੇਖੀ ਜਿਸ ਦੇ ਇਕ ਕੋਨੇ ਉਤੇ ਲਿਖਿਆ ਸੀ:
ਆਪਣੇ ਪਿਆਰੇ ਦੋਸਤ ਸ਼ੱਦੂ ਨਾਈ ਲਈ, ਬੜੇ ਪਿਆਰ ਨਾਲ-ਲਿਖਤੁਮ ਦਲੀਪ ਕੁਮਾਰ।
ਸੱਜੇ ਪਾਸੇ ਨਜ਼ਰ ਦੌੜਾਈ ਤਾਂ ਇਕ ਹੋਰ ਤਸਵੀਰ ਨਜ਼ਰ ਆਈ। ਇਸ ਵਿਚ ਦਲੀਪ ਕੁਮਾਰ ਸਿਰ ਝੁਕਾਈ ਬੈਠਾ ਸੀ ਤੇ ਸ਼ੱਦੂ ਨਾਈ ਉਸ ਦੇ ਵਾਲ ਕੱਟ ਰਿਹਾ ਸੀ। ਖੱਬੇ ਪਾਸੇ ਨਜ਼ਰ ਦੌੜਾਈ ਤਾਂ ਇਕ ਹੋਰ ਤਸਵੀਰ ਲਟਕੀ ਹੋਈ ਨਜ਼ਰ ਆਈ ਜਿਸ ਵਿਚ ਸ਼ੱਦੂ ਨਾਈ ਦਲੀਪ ਕੁਮਾਰ ਦੇ ਸਿਰ ਦੀ ਮਾਲਸ਼ ਕਰ ਰਿਹਾ ਸੀ।
ਸ਼ੱਦੂ ਨੇ ਮੈਨੂੰ ਆਉਂਦਿਆਂ ਹੀ ਪਛਾਣ ਲਿਆ। ਉਹ ਮੇਰੇ ਗੋਡੀਂ ਹੱਥ ਲਾ ਕੇ ਬੋਲਿਆ, "ਚਾਚਾ ਜੁੰਮਣ, ਮੈਨੂੰ ਪਛਾਣਿਆ?"
ਸ਼ੱਦੂ ਨੂੰ ਕੌਣ ਨਹੀਂ ਪਛਾਣੇਗਾ? ਮੁਹੱਲੇ ਦਾ ਸਭ ਤੋਂ ਸ਼ਰਾਰਤੀ ਮੁੰਡਾ, ਦੁਬਲਾ-ਪਤਲਾ, ਕਾਲਾ, ਚੇਚਕ ਦੇ ਦਾਗੇ ਮੂੰਹ ਵਾਲਾ, ਇਕ ਅੱਖ ਤੋਂ ਕਾਣਾ ਤੇ ਜ਼ੁਬਾਨ ਜਿਵੇਂ ਲਾਲ ਮਿਰਚ, ਜਿਵੇਂ ਕੈਂਚੀ ਕਤਰਦੀ ਹੈ, ਗਾਲਾਂ ਦਾ ਫੁਹਾਰਾ, ਵਾਰ-ਵਾਰ ਕੁੱਟ ਖਾਣ ਉਤੇ ਵੀ ਸ਼ਰਾਰਤ ਕਰਨ ਤੋਂ ਬਾਜ਼ ਨਾ ਆਉਣ ਵਾਲਾ। ਇਕ ਦਿਨ ਸਵੇਰੇ ਫਜ਼ਲੂ ਨੂੰ ਫੁਸਲਾ ਕੇ ਉਸ ਤੋਂ ਸ਼ੇਖ ਗੁਲਾਮ ਰਸੂਲ ਬੈਰਿਸਟਰ ਦੇ ਮੁੰਡੇ ਦਾ ਹੰਟਿੰਗ ਕੋਟ ਜੋ ਮੇਰੀ ਲਾਂਡਰੀ ਵਿਚ ਡਰਾਈਕਲੀਨ ਹੋਣ ਆਇਆ ਸੀ, ਇਕ ਦਿਨ ਲਈ ਮੰਗ ਕੇ ਲੈ ਗਿਆ ਸੀ। ਬਸ ਉਸੇ ਦਿਨ ਤੋਂ ਪਤਾ ਨਹੀਂ ਕਿਥੇ ਗਾਇਬ ਹੋ ਗਿਆ ਸੀ।
ਆਸ-ਪਾਸ ਦੇ ਕਸਬਿਆਂ ਵਿਚ ਬਹੁਤ ਲੱਭਿਆ, ਪਰ ਕਿਤੋਂ ਵੀ ਪਤਾ ਨਾ ਚੱਲਿਆ। ਬੇਵਸ ਹੋ ਕੇ ਕੋਟ ਦੀ ਕੀਮਤ ਮੈਨੂੰ ਦੇਣੀ ਪਈ। ਮੈਂ ਸ਼ੱਦੂ ਨੂੰ ਕਿਵੇਂ ਭੁੱਲ ਸਕਦਾ ਸਾਂ। ਮੈਂ ਜ਼ੋਰ ਦਾ ਧੱਫਾ ਉਸ ਦੀ ਪਿੱਠ 'ਤੇ ਮਾਰਿਆ। ਸ਼ੱਦੂ ਦੇ ਹੱਥੋਂ ਛੁੱਟ ਕੇ ਕੈਂਚੀ ਜ਼ਮੀਨ ਉਤੇ ਡਿੱਗ ਪਈ ਅਤੇ ਉਹ ਕੁਝ ਹੱਸ ਕੇ ਤੇ ਕੁਝ ਰੋਂਦੂ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗਾ।
ਮੈਂ ਗੁੱਸੇ ਵਿਚ ਕਿਹਾ, "ਮੇਰੇ ਵੱਲ ਹੁਣ ਕੀ ਵੇਖਦਾ ਹੈਂ? ਕਿਧਰ ਹੈ ਉਹ ਕੋਟ?"
ਸ਼ੱਦੂ ਨੂੰ ਇਕਦਮ ਯਾਦ ਆਇਆ ਤੇ ਹੱਸਦਿਆਂ-ਹੱਸਦਿਆਂ ਬੋਲਿਆ, "ਵਾਹ ਚਾਚਾ! ਤੂੰ ਵੀ ਦੋ ਸਾਲ ਬਾਅਦ ਉਸ ਮਾਮੂਲੀ ਜਿਹੇ ਕੋਟ ਦਾ ਜ਼ਿਕਰ ਕਰ ਰਿਹਾ ਹੈਂ। ਓ ਚਾਚਾ, ਜਿੰਨੇ ਕੋਟ ਕਹੇਂਗਾ, ਉਸ ਬੈਰਿਸਟਰ ਦੇ ਮੁੰਡੇ ਲਈ ਬਣਵਾ ਦਿਆਂਗਾ। ਕੀ ਸਮਝਦੇ ਹੋ? ਦਲੀਪ ਕੁਮਾਰ ਦਾ ਨਾਈ ਹਾਂ, ਦਲੀਪ ਕੁਮਾਰ ਦਾ!"
"ਤਾਂ ਤੂੰ ਬੰਬਈ ਗਿਆ ਸੀ?" ਮੈਂ ਕੁਰਸੀ 'ਤੇ ਬੈਠਦਿਆਂ ਪੁੱਛਿਆ।
"ਹੋਰ ਕਿਥੇ ਗਿਆ ਸੀ, ਹੰਟਿੰਗ ਕੋਟ ਪਾ ਕੇ?"
"ਪਰ ਉਹ ਕੋਟ ਹੈ ਕਿਥੇ?"
"ਦਲੀਪ ਕੁਮਾਰ ਕੋਲ।"
"ਦਲੀਪ ਕੁਮਾਰ ਕੋਲ?" ਮੈਂ ਹੈਰਾਨ ਹੋ ਕੇ ਪੁੱਛਿਆ।
"ਹਾਂ।" ਸ਼ੱਦੂ ਬੋਲਿਆ, "ਮੈਂ ਉਸ ਕੋਟ ਦੇ ਕਾਲਰ ਜ਼ਰਾ ਕੱਟ ਕੇ ਛੋਟੇ ਕਰ ਦਿੱਤੇ ਸਨ। ਦਲੀਪ ਕੁਮਾਰ ਨੂੰ ਮੇਰਾ ਸਟਾਈਲ ਬਹੁਤ ਪਸੰਦ ਆਇਆ। ਉਸ ਨੇ ਮੈਥੋਂ ਉਹ ਕੋਟ ਮੰਗ ਲਿਆ ਅਤੇ ਉਦੋਂ ਤੋਂ ਉਹੀ ਕੋਟ ਪਾ ਕੇ ਫਿਰਦਾ ਹੈ। ਛੋਟੇ-ਛੋਟੇ ਕਾਲਰਾਂ ਵਾਲਾ ਹਾਫ਼-ਕੋਟ ਜੋ ਕਦੀ ਬੈਰਿਸਟਰ ਸਾਹਿਬ ਦੇ ਮੁੰਡੇ ਦਾ ਸੀ। ਇਹ ਕਹੋ ਕਿ ਉਸ ਕੋਟ ਦੀ ਕਿਸਮਤ ਕਿੰਨੀ ਚੰਗੀ ਸੀ ਕਿ ਕਿਥੋਂ ਦਾ ਕਿਥੇ ਪਹੁੰਚ ਗਿਆ। ਫਿਲਮ 'ਸ਼ਿਕਸਤ' ਵਿਚ ਤੁਸੀਂ ਉਹ ਕੋਟ ਦੇਖਿਆ ਸੀ?"
"ਤੇਰੀ ਦਲੀਪ ਕੁਮਾਰ ਨਾਲ ਵਾਕਫ਼ੀਅਤ ਕਿਵੇਂ ਹੋਈ?" ਮੈਂ ਪੁੱਛਿਆ।
ਸ਼ੱਦੂ ਨੇ ਮੇਰੇ ਸਿਰ ਉਤੇ ਕੈਂਚੀ ਚਲਾਉਂਦਿਆਂ ਕਿਹਾ, "ਕੁਝ ਨਾ ਪੁੱਛੋ ਚਾਚਾ, ਕੁਝ ਨਾ ਪੁੱਛੋ, ਦਲੀਪ ਕੁਮਾਰ ਨੂੰ ਮਿਲਣ ਲਈ ਕਿੰਨੇ ਪਾਪੜ ਵੇਲਣੇ ਪਏ। ਹੋਇਆ ਇੰਜ ਕਿ ਇਕ ਦਿਨ ਮੈਂ ਬੰਬਈ ਦੇ ਰੇਸ ਕੋਰਸ ਵਿਚ ਆਪਣੇ ਜੌਕੀ ਹਰਿਭਗਵਾਨ ਨੂੰ ਮਿਲਣ ਜਾ ਰਿਹਾ ਸਾਂ ਕਿ ਸ਼ਾਇਦ ਕੋਈ ਕਿਸਮਤ ਦਾ ਟਿਪ ਮਿਲ ਜਾਏ ਤਾਂ ਬੇੜਾ ਪਾਰ ਹੋ ਜਾਏ, ਇੰਨੇ ਨੂੰ ਮੈਨੂੰ ਖਿਆਲ ਆਇਆ ਕਿ ਮੇਰੇ ਸਿਰ ਦੇ ਵਾਲ ਬਹੁਤ ਲੰਬੇ ਹੋ ਰਹੇ ਨੇ, ਤੇ ਇਹ ਖਿਆਲ ਆਉਂਦਿਆਂ ਹੀ ਮੈਂ ਸਾਹਮਣੇ ਸ਼ੇਵਿੰਗ ਸੈਲੂਨ ਵਿਚ ਚਲਾ ਗਿਆ। ਜਾਂਦਿਆਂ ਹੀ ਜੋ ਕੁਰਸੀ ਖਾਲੀ ਸੀ ਅਤੇ ਜਿਸ ਉਤੇ ਕੋਈ ਆਦਮੀ ਬੈਠਣਾ ਚਾਹੁੰਦਾ ਸੀ, ਮੈਂ ਛੇਤੀ ਨਾਲ ਮੱਲ ਲਈ। ਨਾਈ ਨੇ ਮੇਰੇ ਵੱਲ ਜ਼ਰਾ ਤਿੱਖੀਆਂ ਨਜ਼ਰਾਂ ਨਾਲ ਵੇਖਿਆ, ਪਰ ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋ, ਸ਼ੁਰੂ ਤੋਂ ਹੀ ਢੀਠ ਰਿਹਾ ਹਾਂ। ਤੁਹਾਡਾ ਚੇਲਾ ਹਾਂ, ਇਸ ਮਾਮਲੇ ਵਿਚ। ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ। ਸੋ, ਮੈਂ ਕੁਰਸੀ ਉਤੇ ਡਟ ਗਿਆ ਅਤੇ ਨਾਈ ਨੇ ਜਿਵੇਂ ਕਿਵੇਂ ਕਰ ਕੇ ਮੇਰੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ ਪਰ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਮੇਰੇ ਦਿਮਾਗ ਵਿਚ ਅਜੀਬ ਖਿਆਲ ਆਇਆ। ਸੋਚਿਆ ਕਿ ਅੱਜ ਮੈਂ ਅਜਿਹੇ ਵਾਲ ਕਟਵਾਵਾਂਗਾ ਕਿ ਰੇਸ ਕੋਰਸ ਵਿਚ ਆਉਣ ਵਾਲੀਆਂ ਫਿਲਮਾਂ ਦੀਆਂ ਸਾਰੀਆਂ ਹੀਰੋਇਨਾਂ ਮੇਰੇ ਵੱਲ ਦੇਖਣ ਲੱਗ ਪੈਣ। ਉਹ ਨਰਗਿਸ, ਮਧੂਬਾਲਾ, ਸੁਰੱਈਆ, ਨਲਿਨੀ ਜੈਵੰਤ, ਆਸ਼ਾ ਰਾਏ ਆਦਿ ਇਕਾਗਰ-ਚਿੱਤ ਹੋ ਕੇ ਮੇਰੇ ਵੱਲ ਦੇਖਣ ਲੱਗ ਜਾਣ, ਤਾਂ ਹੀ ਸੁਆਦ ਹੈ; ਨਹੀਂ ਤਾਂ ਜ਼ਿੰਦਗੀ ਬੇਕਾਰ ਹੈ। ਇਹ ਖਿਆਲ ਆਉਂਦਿਆਂ ਹੀ ਮੈਂ ਨਾਈ ਨੂੰ ਕਿਹਾ, 'ਪਹਿਲਾਂ ਅਗਲੇ ਵਾਲਾਂ ਨੂੰ ਵਿਚੋਂ ਵਿਚੋਂ ਕੱਟੇ, ਚੋਟੀ ਤੋਂ ਲੈ ਕੇ ਮੱਥੇ ਤੱਕ'।"
"ਪਰ।"
"ਪਰ-ਵਰ ਦੀ ਕੋਈ ਲੋੜ ਨਹੀਂ, ਜਿਵੇਂ ਮੈਂ ਕਹਿੰਦਾ ਹਾਂ ਉਵੇਂ ਕਰੋ।"
ਨਾਈ ਨੇ ਉਵੇਂ ਹੀ ਕੀਤਾ। ਜਦੋਂ ਮੱਥੇ ਕੋਲ ਪਹੁੰਚਿਆ ਤਾਂ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਲਿਆ ਤੇ ਕਿਹਾ, "ਇਹ ਸਾਹਮਣੇ ਵਾਲੇ ਵਾਲ ਸੱਜੇ ਪਾਸੇ ਤੋਂ ਛੋਟੇ ਕਰੋ, ਪਰ ਖੱਬੇ ਪਾਸੇ ਵੱਲ ਲੰਮੇ ਰਹਿਣ ਦਿਓ।"
"ਪਰ।"
"ਫੇਰ ਉਹੀ ਪਰ-ਵਰ, ਜਿਵੇਂ ਮੈਂ ਕਹਿੰਦਾ ਹਾਂ, ਉਵੇਂ ਕਰੀ ਜਾਓ।"
ਹਜਾਮਤ ਤੋਂ ਬਾਅਦ ਜਦੋਂ ਮੈਂ ਸੂਰਤ ਸ਼ੀਸ਼ੇ ਵਿਚ ਵੇਖੀ ਤਾਂ ਮੈਂ ਆਪਣੀ ਇਸ ਨਵੀਨਤਾ ਉਤੇ ਖੁਦ ਹੈਰਾਨ ਹੋ ਗਿਆ। ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਇਹ ਸਟਾਈਲ ਰੇਸ ਕੋਰਸ ਲਈ ਠੀਕ ਰਹੇਗਾ ਕਿ ਕਿਸੇ ਪਾਗਲਖਾਨੇ ਲਈ ਇੰਨੇ ਨੂੰ ਕਿਸੇ ਨੇ ਪਿੱਛੋਂ ਆ ਕੇ ਮੈਨੂੰ ਗਲੇ ਨਾਲ ਲਗਾ ਲਿਆ ਤੇ ਕਹਿਣ ਲੱਗਾ, ਵਾਹ ਵਾਹ! ਕਿੰਨੇ ਵਧੀਆ ਢੰਗ ਦੀ ਹਜਾਮਤ ਈਜਾਦ ਕੀਤੀ ਹੈ। ਸਿਰ ਨੂੰ ਪਿੱਛੋਂ ਵੇਖੋ ਤਾਂ ਘਸਿਆ ਹੋਇਆ ਬੁਰਸ਼ ਨਜ਼ਰ ਆਉਂਦਾ, ਉਤੋਂ ਚੋਟੀ ਤੋਂ ਵੇਖੋ ਤਾਂ ਕੱਦੂ ਦੀ ਵੇਲ ਨਜ਼ਰ ਆਉਂਦੀ ਐ, ਸਾਹਮਣੇ ਤੋਂ ਵੇਖੋ ਤਾਂ ਇਸ਼ਕ-ਪੇਚਿਆਂ ਦੀ ਜ਼ੁਲਫ ਉਲਝੀ ਹੋਈ ਨਜ਼ਰ ਆਉਂਦੀ ਐ। ਸੁਬ੍ਹਾਨ ਅੱਲ੍ਹਾ, ਸੁਬ੍ਹਾਨ ਅੱਲ੍ਹਾ।" ਮੈਂ ਪਿੱਛੇ ਮੁੜ ਕੇ ਦੇਖਿਆ, ਮੇਰੇ ਸਾਹਮਣੇ ਦਲੀਪ ਕੁਮਾਰ ਖੜ੍ਹਾ ਸੀ। ਮੈਂ ਹੈਰਾਨ ਹੋਇਆ ਉਥੇ ਖੜ੍ਹੇ ਦਾ ਖੜ੍ਹਾ ਰਹਿ ਗਿਆ। ਦਲੀਪ ਕੁਮਾਰ ਨੇ ਬੜੀ ਨਰਮੀ ਨਾਲ ਮੇਰੇ ਮੋਢੇ ਉਤੇ ਹੱਥ ਰੱਖਿਆ ਤੇ ਕੁਝ ਕਿਹਾ ਜਿਸ ਨੂੰ ਮੈਂ ਸੁਣ ਨਾ ਸਕਿਆ।
"ਕੀ ਫਰਮਾਇਆ ਤੁਸੀਂ?" ਮੈਂ ਬਹੁਤ ਆਜਜ਼ੀ ਨਾਲ ਪੁੱਛਿਆ।
ਇਸ ਉਤੇ ਦਲੀਪ ਕੁਮਾਰ ਨੇ ਆਪਣੀ ਜੇਬ ਵਿਚੋਂ ਮਾਈਕਰੋਫੋਨ ਕੱਢ ਕੇ ਕੁਝ ਕਿਹਾ, ਤਾਂ ਹੁਣ ਮੈਂ ਸੁਣ ਲਿਆ। ਉਹ ਕਹਿ ਰਿਹਾ ਸੀ, "ਭਾਈ ਜਾਨ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡਾ ਹੇਅਰ ਸਟਾਈਲ ਅਪਣਾ ਲਵਾਂ?"
"ਸ਼ੌਕ ਨਾਲ, ਬੜੇ ਸ਼ੌਕ ਨਾਲ।" ਮੈਂ ਕਸਾਈਆਂ ਵਾਂਗ ਉਸ ਦੇ ਹੱਥ ਨੂੰ ਜ਼ੋਰ ਨਾਲ ਘੁੱਟਦਿਆਂ ਕਿਹਾ।
"ਦਰਅਸਲ, ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ।" ਦਲੀਪ ਕੁਮਾਰ ਆਪਣੇ ਜੇਬੀ ਮਾਈਕਰੋਫੋਨ ਤੋਂ ਕਹਿ ਰਿਹਾ ਸੀ, "ਮੈਂ ਸ਼ੁਹਰਤ, ਦੌਲਤ, ਔਰਤ ਤੋਂ ਪ੍ਰੇਸ਼ਾਨ ਹੋ ਚੁੱਕਾ ਹਾਂ। ਆਪਣੀ ਜ਼ਿੰਦਗੀ ਲਈ ਕੁਝ ਨਵੀਂ ਚੀਜ਼ ਚਾਹੁੰਦਾ ਹਾਂ।"
ਮੈਂ ਕਿਹਾ, "ਮੇਰਾ ਹੇਅਰ ਸਟਾਈਲ ਹਾਜ਼ਰ ਹੈ।"
"ਠੀਕ ਹੈ।" ਦਲੀਪ ਕੁਮਾਰ ਨੇ ਨਾਈ ਦੀ ਕੁਰਸੀ ਉਤੇ ਬੈਠਦਿਆਂ ਕਿਹਾ, "ਅੱਜ ਤੋਂ ਬਾਅਦ ਲੋਕ ਮੇਰੀ ਐਕਟਿੰਗ ਭੁੱਲ ਜਾਣਗੇ ਅਤੇ ਮੇਰੇ ਹੇਅਰ ਸਟਾਈਲ ਨੂੰ ਯਾਦ ਰੱਖਣਗੇ।"
ਮੈਂ ਸੁਣ ਨਾ ਸਕਿਆ।
ਦਲੀਪ ਕੁਮਾਰ ਨੇ ਫਿਰ ਆਪਣੀ ਜੇਬ ਵਿਚੋਂ ਮਾਈਕਰੋਫੋਨ ਕੱਢਿਆ।
ਮੈਂ ਕਿਹਾ, "ਖਾਕਸਾਰ ਨੂੰ ਸ਼ੱਦੂ ਕਹਿੰਦੇ ਹਨ।"
"ਕੀ ਕੰਮ ਕਰਦੇ ਹੋ?"
"ਸੜਕਾਂ ਨਾਪਦਾ ਹਾਂ, ਜੇ ਅੱਜ ਤੁਸੀਂ ਨਾ ਮਿਲ ਜਾਂਦੇ, ਤਾਂ ਸਮੁੰਦਰ ਦੀ ਗਹਿਰਾਈ ਨਾਪਣ ਦਾ ਇਰਾਦਾ ਕਰ ਰਿਹਾ ਸਾਂ।"
"ਅੱਛਾ", ਦਲੀਪ ਕੁਮਾਰ ਦਾ ਸਿਰ ਮਾਈਕਰੋਫੋਨ ਉਤੇ ਝੁਕ ਗਿਆ। ਉਸ ਦੀਆਂ ਅੱਖਾਂ ਉਨੀਂਦਰੀਆਂ ਹੋ ਗਈਆਂ ਅਤੇ ਮੱਥੇ ਦੀਆਂ ਤਿਉੜੀਆਂ ਉਭਰ ਆਈਆਂ। ਹਲਕੀ ਜਿਹੀ ਗਮਗੀਨ ਮੁਸਕਰਾਹਟ ਉਸ ਦੇ ਹੋਠਾਂ ਉਤੇ ਨਜ਼ਰ ਆਉਣ ਲੱਗੀ ਅਤੇ ਉਸ ਨੇ ਹੌਲੀ ਜਿਹੇ ਰੁਕ-ਰੁਕ ਕੇ ਕਿਹਾ, "ਸ਼ੱਦੂ, ਅੱਜ ਤੋਂ ਤੂੰ ਮੇਰਾ ਨਾਈ, ਮੇਰਾ ਭਾਈ ਹੈਂ।" ਇਸ ਤੋਂ ਬਾਅਦ ਉਹ ਸਿਰ ਨੀਵਾਂ ਕੀਤੇ ਹੋਏ, ਅੱਖਾਂ ਵਿਚ ਹੰਝੂ ਛੁਪਾਏ ਹੋਏ ਸ਼ੇਵਿੰਗ ਸੈਲੂਨ ਤੋਂ ਬਾਹਰ ਨਿਕਲ ਗਿਆ।
ਇਸ ਤੋਂ ਦੂਜੇ ਦਿਨ ਸਵੇਰੇ-ਸਵੇਰੇ ਮੈਂ ਥੈਲੇ ਵਿਚ ਹਜਾਮਤ ਦਾ ਸਾਮਾਨ ਲੈ ਕੇ ਉਸ ਦੇ ਬੰਗਲੇ ਪਹੁੰਚ ਗਿਆ। ਉਹ ਮੈਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਅਤੇ ਕਹਿਣ ਲੱਗਾ, "ਇਹ ਤੂੰ ਥੈਲੇ ਵਿਚ ਕੀ ਲਿਆਇਆ ਹੈਂ?"
"ਹਜਾਮਤ ਦਾ ਸਾਮਾਨ।"
"ਕਿਉਂ?"
"ਕੱਲ੍ਹ ਦੀ ਗੱਲ ਭੁੱਲ ਗਏ? ਉਸ ਸ਼ੇਵਿੰਗ ਸੈਲੂਨ ਵਿਚ ਜਦੋਂ ਤੁਸੀਂ ਮਿਲੇ ਸੀ, ਤਾਂ ਤੁਸਾਂ ਹੀ ਕਿਹਾ ਸੀ ਕਿ ਤੂੰ ਅੱਜ ਤੋਂ ਮੇਰਾ ਨਾਈ ਹੈਂ।"
"ਪਰ ਮੈਂ ਤਾਂ ਕਿਹਾ ਸੀ ਅੱਜ ਤੋਂ ਤੂੰ ਮੇਰਾ ਭਾਈ ਹੈਂ।" ਦਲੀਪ ਕੁਮਾਰ ਨੇ ਸਮਝਾਉਂਦਿਆਂ ਹੋਇਆਂ ਕਿਹਾ।
"ਓਹੋ! ਇਹ ਕਿਹੋ ਜਿਹੀ ਗਲਤੀ ਹੋ ਗਈ। ਮੈਂ ਤਾਂ ਸਮਝਿਆ ਸੀ ਕਿ ਤੁਸੀਂ ਕਹਿ ਰਹੇ ਹੋ, ਅੱਜ ਤੋਂ ਤੂੰ ਮੇਰਾ ਨਾਈ ਹੈਂ। ਇਸੇ ਕਰ ਕੇ ਤਾਂ ਮੈਂ ਹਜਾਮਤ ਦਾ ਇਹ ਸਾਰਾ ਸਾਮਾਨ ਖਰੀਦ ਕੇ ਲਿਆਇਆ ਹਾਂ। ਜੇ ਮੈਨੂੰ ਪਤਾ ਹੁੰਦਾ ਕਿ ਅੱਜ ਤੋਂ ਮੈਂ ਤੁਹਾਡਾ ਨਾਈ ਨਹੀਂ, ਭਾਈ ਹਾਂ, ਤਾਂ ਮੈਂ ਆਪਣਾ ਬਿਸਤਰਾ ਵੀ ਚੁੱਕ ਕੇ ਇਥੇ ਲੈ ਆਉਂਦਾ-ਪਰ ਹੁਣ, ਹੁਣ ਕੀ ਕਰੀਏ?"
"ਹੁਣ ਕੀ ਕਰੀਏ?" ਦਲੀਪ ਕੁਮਾਰ ਨੇ ਸਿਰ ਝੁਕਾਉਂਦੇ ਹੋਏ ਕਿਹਾ, "ਹੁਣ ਕਰੋ ਮੇਰੀ ਹਜਾਮਤ।"
ਸ਼ੱਦੂ ਦੀ ਕਹਾਣੀ ਬੜੀ ਦਿਲਚਸਪ ਸੀ, ਪਰ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਜਦੋਂ ਮੈਂ ਉਸ ਦੀ ਕੁਰਸੀ ਤੋਂ ਉਠਿਆ ਤਾਂ ਆਪਣੇ ਆਪ ਨੂੰ ਬਿਲਕੁਲ ਪਛਾਣ ਨਾ ਸਕਿਆ। ਮੈਂ ਚੀਕਦਿਆਂ ਕਿਹਾ, "ਓਏ ਸ਼ੱਦੂ! ਸੂਰ ਦੇ ਬੱਚੇ, ਇਹ ਤੂੰ ਕੀ ਕਰ ਦਿੱਤਾ?"
ਸ਼ੱਦੂ ਨੇ ਬਾਂਹਾਂ ਫੈਲਾਉਂਦਿਆਂ ਸਿਰ ਝੁਕਾ ਕੇ ਕਿਹਾ, "ਉਸਤਾਦ ਜੀ, ਇਹੋ ਤਾਂ ਉਹ ਮਸ਼ਹੂਰ ਹੇਅਰ ਸਟਾਈਲ ਹੈ ਜਿਸ ਦੇ ਬਲਬੂਤੇ ਮੈਂ ਦਿਨ ਵਿਚ ਸੌ ਰੁਪਏ ਕਮਾਉਂਦਾ ਹਾਂ।
ਸ਼ੱਦੂ ਦੀ ਦੁਕਾਨ ਬਹੁਤ ਚੱਲ ਪਈ ਸੀ, ਪਰ ਸ਼ਹਿਰ ਦੇ ਬਹੁਤ ਸਾਰੇ ਨਾਈ ਬੇਕਾਰ ਹੋ ਗਏ। ਕੁਝ ਨਾਈਆਂ ਨੇ ਤਾਂ ਸ਼ਹਿਰ ਹੀ ਛੱਡ ਦਿੱਤਾ। ਇਕ-ਦੋ ਸਬਜ਼ੀ-ਭਾਜੀ ਵੇਚਣ ਲੱਗ ਪਏ। ਇਕ-ਦੋ ਗਮ ਦੇ ਮਾਰੇ ਪਾਗਲ ਹੋ ਗਏ ਅਤੇ ਇਕ ਨੇ ਆਪਣੇ ਗਲੇ ਉਤੇ ਉਸਤਰਾ ਫੇਰ ਕੇ ਖੁਦਕੁਸ਼ੀ ਕਰ ਲਈ, ਪਰ ਇਨ੍ਹਾਂ ਗੱਲਾਂ ਦਾ ਸ਼ੱਦੂ ਜਾਂ ਸ਼ਹਿਰ ਦੇ ਨੌਜਵਾਨਾਂ ਉਤੇ ਭਲਾ ਕੀ ਅਸਰ ਹੁੰਦਾ? ਉਹ ਤਾਂ ਸਾਰੇ ਦਲੀਪ ਕੁਮਾਰ ਹੇਅਰ ਸਟਾਈਲ ਦੇ ਦੀਵਾਨੇ ਹੋਏ ਪਏ ਸਨ ਤੇ ਸ਼ੱਦੂ ਕੋਲੋਂ ਦਲੀਪ ਕੁਮਾਰ ਦੀਆਂ ਗੱਲਾਂ ਸੁਣਨ ਜਾਇਆ ਕਰਦੇ ਸਨ। ਜਦੋਂ ਕਦੀ ਵੀ ਮੈਂ ਉਸ ਦੀ ਦੁਕਾਨ ਉਤੇ ਗਿਆ, ਮੈਂ ਸ਼ੇਵਿੰਗ ਸੈਲੂਨ ਭਰਿਆ ਹੀ ਵੇਖਿਆ।
ਮਤਾਦੀਨ ਹਲਵਾਈ ਦਾ ਮੁੰਡਾ ਪੁੱਛ ਰਿਹਾ ਸੀ, "ਯਾਰ ਸ਼ੱਦੂ, ਇਹ ਦਲੀਪ ਕੁਮਾਰ ਸਿਰ ਉਤੇ ਕਿਹੜਾ ਤੇਲ ਲਾਉਂਦਾ?"
"ਧਾਂਸੂ ਤੇਲ।"
"ਇਹ ਕਿਹੜਾ ਤੇਲ ਹੁੰਦਾ ਹੈ?"
ਸ਼ੱਦੂ ਨੇ ਬੰਦ ਅਲਮਾਰੀ ਦਾ ਤਾਲਾ ਖੋਲ੍ਹਿਆ ਤੇ ਉਸ ਵਿਚੋਂ ਇਕ ਸ਼ੀਸ਼ੀ ਬਹੁਤ ਸਾਵਧਾਨੀ ਨਾਲ ਕੱਢੀ ਤੇ ਮਤਾਦੀਨ ਹਲਵਾਈ ਦੇ ਮੁੰਡੇ ਦੇ ਹੱਥ ਵਿਚ ਦਿੰਦਿਆਂ ਕਹਿਣ ਲੱਗਾ, "ਇਹ ਧਾਂਸੂ ਤੇਲ ਹੈ। ਇਸ ਦਾ ਨੁਸਖ਼ਾ ਮੇਰੇ ਤੇ ਦਲੀਪ ਕੁਮਾਰ ਤੋਂ ਬਿਨਾਂ ਕੋਈ ਨਹੀਂ ਜਾਣਦਾ।"
"ਇਹਦੇ ਵਿਚ ਕਿਹੜੀ ਖਾਸ ਗੱਲ ਹੈ?" ਜੱਗਾ ਪੰਸਾਰੀ ਜੋ ਗੰਜਾ ਸੀ, ਸ਼ੱਦੂ ਤੋਂ ਪੁੱਛਣ ਲੱਗਾ।
ਸ਼ੱਦੂ ਨੇ ਉਸ ਦੇ ਗੰਜੇ ਸਿਰ ਵੱਲ ਵੇਖ ਕੇ ਕਿਹਾ, "ਇਸ ਦੇ ਇਸਤੇਮਾਲ ਨਾਲ ਵਾਲ ਸਾਰੀ ਉਮਰ ਕਾਲੇ ਤੇ ਚਮਕੀਲੇ ਰਹਿੰਦੇ ਹਨ ਅਤੇ ਜਿਸ ਦੇ ਸਿਰ ਉਤੇ ਵਾਲ ਨਾ ਹੋਣ, ਉਸ ਦੇ ਵਾਲ ਉਗ ਆਉਂਦੇ।"
"ਸੱਚ ਕਹਿੰਦੇ ਹੋ?"
"ਹੋਰ ਮੈਂ ਝੂਠ ਕਹਿੰਦਾਂ? ਇਸਤੇਮਾਲ ਕਰ ਕੇ ਵੇਖ ਲਓ। ਓਏ, ਇਕ ਦਿਨ ਮੈਂ ਗਲਤੀ ਨਾਲ ਇਹ ਤੇਲ ਆਪਣੀ ਹਥੇਲੀ ਉਤੇ ਲਗਾ ਲਿਆ ਸੀ, ਰਾਤੋ-ਰਾਤ ਹਥੇਲੀਆਂ ਉਤੇ ਇੰਨੇ ਵਾਲ ਉਗ ਆਏ ਕਿ ਬੁਰਸ਼ ਜਾਪਣ ਲੱਗੇ। ਬੜੀ ਮੁਸ਼ਕਿਲ ਨਾਲ ਸਾਫ਼ ਪਾਊਡਰ ਨਾਲ ਆਪਣੀਆਂ ਹਥੇਲੀਆਂ ਸਾਫ਼ ਕੀਤੀਆਂ।"
"ਤਾਂ ਹੁਣ ਫਿਰ ਆਪਣੇ ਸਿਰ ਵਿਚ ਤੇਲ ਕਿਵੇਂ ਲਗਾਉਂਦੇ ਹੋ?"
"ਹੁਣ ਤਾਂ ਦਸਤਾਨੇ ਪਾ ਕੇ ਤੇਲ ਲਗਾਉਂਦਾ ਹਾਂ। ਲੈ ਜਾਓ, ਇਹ ਧਾਂਸੂ ਤੇਲ ਦੀ ਸ਼ੀਸ਼ੀ। ਬੰਬਈ ਵਿਚ ਤਾਂ ਖੈਰ ਪੰਦਰਾਂ ਰੁਪਏ ਤੋਂ ਘੱਟ ਨਹੀਂ ਵੇਚਦਾ, ਤੇਰੇ ਕੋਲੋਂ ਦਸ ਰੁਪਏ ਲੈ ਲਵਾਂਗਾ।"
ਮਤਾਦੀਨ ਹਲਵਾਈ ਦਾ ਪੁੱਤਰ ਅਮੀਰ ਘਰਾਣੇ 'ਚੋਂ ਸੀ, ਇਸ ਲਈ ਉਹ ਦਸ ਰੁਪਏ ਦੇ ਸਕਦਾ ਸੀ, ਪਰ ਰਹਿਮਾਨ ਨੂੰ ਧਾਂਸੂ ਤੇਲ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਕੁਝ ਹੋਰ ਹੀ ਜਾਣਨਾ ਚਾਹੁੰਦਾ ਸੀ। ਆਖਰ ਉਸ ਤੋਂ ਰਿਹਾ ਨਾ ਗਿਆ ਤੇ ਬੋਲ ਪਿਆ, "ਯਾਰ, ਇਹ ਦਲੀਪ ਕੁਮਾਰ ਵਿਆਹ ਕਿਉਂ ਨਹੀਂ ਕਰਵਾਉਂਦਾ?"
ਸ਼ੱਦੂ ਨੇ ਕਿਹਾ, "ਓਏ, ਇਹ ਤਾਂ ਬਹੁਤ ਦਿਲਚਸਪ ਕਿੱਸਾ ਹੈ। ਇਕ ਦਿਨ ਮੈਂ ਤੇ ਦਲੀਪ ਕੁਮਾਰ ਜੁਹੂ ਉਤੇ ਟਹਿਲ ਰਹੇ ਸੀ, ਮੈਂ ਇਹੀ ਸੁਆਲ ਦਲੀਪ ਕੁਮਾਰ ਨੂੰ ਕੀਤਾ। ਦਲੀਪ ਕੁਮਾਰ, ਤੁਸੀਂ ਜਾਣਦੇ ਹੀ ਹੋ ਕਿ ਹਿੰਦੁਤਸਾਨ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਹੀਰੋ, ਹਜ਼ਾਰਾਂ ਖੂਬਸੂਰਤ ਕੁੜੀਆਂ ਉਸ ਉਤੇ ਮਰਦੀਆਂ ਹਨ, ਜਾਨ ਛਿੜਕਦੀਆਂ ਹਨ, ਜਿਵੇਂ ਅਸੀਂ ਮੱਛਰਾਂ ਉਤੇ ਡੀ.ਡੀ.ਟੀ. ਛਿੜਕਦੇ ਹਾਂ। ਉਂਜ, ਉਹ ਉਸ ਉਤੇ ਆਪਣੀ ਜਾਨ ਛਿੜਕਣ ਲਈ ਹਰ ਵਕਤ ਤਿਆਰ ਰਹਿੰਦੀਆਂ ਹਨ, ਪਰ ਦਲੀਪ ਕੁਮਾਰ ਹੈ ਕਿ ਵਿਆਹ ਹੀ ਨਹੀਂ ਕਰਦਾ, ਕਿਉਂ? ਆਖਰ ਉਸ ਦਿਨ ਹਿੰਮਤ ਕਰ ਕੇ ਦਲੀਪ ਕੁਮਾਰ ਤੋਂ ਮੈਂ ਇਹ ਸੁਆਲ ਪੁੱਛ ਲਿਆ।
"ਦਲੀਪ ਕੁਮਾਰ ਨੇ ਆਪਣੇ ਵਾਲਾਂ ਦੀ ਲਿਟ ਨੂੰ ਹਲਕਾ ਜਿਹਾ ਝਟਕਾ ਦਿੱਤਾ ਤੇ ਫਿਰ ਉਹ ਹੌਲੀ ਜਿਹੇ ਮੁਸਕਰਾਇਆ ਤੇ ਫਿਰ ਝੁਕ ਕੇ ਸਮੁੰਦਰ ਦੇ ਕਿਨਾਰੇ ਦੀ ਰੇਤ ਨੂੰ ਮੁੱਠੀ ਵਿਚ ਭਰਿਆ ਅਤੇ ਆਪਣੇ ਮੂੰਹ ਵਿਚ ਪਾ ਲਿਆ ਅਤੇ ਹੌਲੀ-ਹੌਲੀ ਰੇਤ ਦੇ ਕਿਣਕਿਆਂ ਨੂੰ ਚਬਾਉਂਦੇ ਹੋਏ ਗੰਭੀਰ ਅੰਦਾਜ਼ ਵਿਚ ਬੋਲਿਆ, "ਸ਼ੱਦੂ ਭਾਈਜਾਨ! ਗੱਲ ਦਰਅਸਲ ਇਹ ਹੈ ਕਿ ਮੈਂ ਇਕ ਵਿਧਵਾ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।"
"ਵਿਧਵਾ ਨਾਲ ਸ਼ਾਦੀ ਤਾਂ ਬੜੇ ਪੁੰਨ ਦਾ ਕੰਮ ਹੈ।"
"ਹੈ ਤਾਂ ਸਹੀ।" ਦਲੀਪ ਕੁਮਾਰ ਬੜੇ ਗੰਭੀਰ ਲਹਿਜ਼ੇ ਵਿਚ ਬੋਲਿਆ, "ਪਰ ਮੁਸੀਬਤ ਇਹ ਹੈ ਕਿ ਸਾਡੀ ਫਿਲਮ ਇੰਡਸਟਰੀ ਵਿਚ ਕੋਈ ਹੀਰੋਇਨ ਵਿਧਵਾ ਨਹੀਂ ਹੈ।"
"ਹੈ ਤਾਂ ਨਹੀਂ, ਪਰ ਹੋ ਸਕਦੀ ਹੈ, ਜੇ ਤੁਸੀਂ ਚਾਹੋ ਤਾਂ।"
"ਓਹੋ! ਮੇਰਾ ਸਿਰ ਘੁੰਮ ਰਿਹੈ।" ਦਲੀਪ ਕੁਮਾਰ ਬੋਲਿਆ, "ਮੇਰੇ ਸਿਰ ਉਤੇ ਮਾਲਸ਼ ਕਰੋ।"
ਸ਼ੱਦੂ ਬੋਲਿਆ, "ਮਿੱਤਰ ਜੀ, ਇਹ ਜਵਾਬ ਸੁਣਨ ਤੋਂ ਬਾਅਦ ਮੇਰਾ ਜੀਅ ਵੀ ਮਾਲਸ਼ ਕਰਨ ਨੂੰ ਕਾਹਲਾ ਪੈਣ ਲੱਗਾ ਤੇ ਦਲੀਪ ਕੁਮਾਰ ਦੇ ਸਿਰ ਦੀ ਮਾਲਸ਼ ਕਰਦੇ-ਕਰਦੇ ਇਹ ਸੋਚਣ ਲੱਗਾ ਕਿ ਦਲੀਪ ਕੁਮਾਰ ਲਈ ਕਿਹੋ ਜਿਹੀ ਵਿਧਵਾ ਠੀਕ ਰਹੇਗੀ। ਤੇ ਸੱਚ ਪੁੱਛੋ ਤਾਂ ਆਪਣੇ ਵਤਨ ਵਾਪਸ ਆਉਣ ਦਾ ਮੇਰਾ ਸਭ ਤੋਂ ਵੱਡਾ ਮਕਸਦ ਇਹੀ ਹੈ ਕਿ ਮੈਂ ਆਪਣੇ ਪਿਆਰੇ ਦਲੀਪ ਕੁਮਾਰ ਲਈ ਕੋਈ ਯੋਗ ਵਿਧਵਾ ਦੀ ਤਲਾਸ਼ ਕਰਾਂ।"
ਉਡਦੇ-ਉਡਦੇ ਇਹ ਖਬਰ ਸਾਰੇ ਸ਼ਹਿਰ ਵਿਚ ਫੈਲ ਗਈ ਕਿ ਦਲੀਪ ਕੁਮਾਰ ਨੂੰ ਵਿਧਵਾ ਦੀ ਤਲਾਸ਼ ਹੈ। ਇਹ ਖਬਰ ਸੁਣਦਿਆਂ ਹੀ ਬਹੁਤ ਸਾਰੇ ਘਰਾਂ ਵਿਚ, ਜਿਥੇ ਪਹਿਲਾਂ ਸ਼ੱਦੂ ਦਾ ਪਰਛਾਵਾਂ ਤੱਕ ਨਹੀਂ ਜਾ ਸਕਦਾ ਸੀ, ਉਥੋਂ ਸ਼ੱਦੂ ਨੂੰ ਬੜੇ ਸਤਿਕਾਰ ਤੇ ਸਨਮਾਨ ਨਾਲ ਦਾਅਵਤਾਂ ਦੇ ਸੱਦੇ ਆਉਣ ਲੱਗੇ। ਕਰਦਿਆਂ-ਕਰਦਿਆਂ ਇਕ ਦਿਨ ਸਾਡੇ ਮੁਹੱਲੇ ਦੀ ਇਕ ਅਮੀਰ ਖੋਜਣ ਜੋ ਦਸ ਸਾਲਾਂ ਤੋਂ ਵਿਧਵਾ ਸੀ ਤੇ ਜਿਸ ਦਾ ਪੁੱਤਰ ਗੁੱਲਾ ਸ਼ਹਿਰ ਦਾ ਮਸ਼ਹੂਰ ਬਟੇਰਬਾਜ਼ ਸੀ, ਨੇ ਸ਼ੱਦੂ ਨੂੰ ਬੁਲਾਇਆ ਤੇ ਪੁੱਛਿਆ, "ਸੁØਣਿਆਂ ਹੈ, ਤੇਰਾ ਦਲੀਪ ਕੁਮਾਰ ਵਿਧਵਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ?"
"ਹਾਂ।"
ਅਮੀਰ ਖੋਜਣ ਇਹ ਜਵਾਬ ਸੁਣ ਕੇ ਦੇਰ ਤੱਕ ਚੁੱਪ ਰਹੀ ਅਤੇ ਫੇਰ ਬੋਲੀ, "ਦਲੀਪ ਕੁਮਾਰ ਕੋਲ ਕਿੰਨਾ ਕੁ ਰੁਪਇਆ ਹੋਵੇਗਾ?"
ਸ਼ੱਦੂ ਹੱਸ ਕੇ ਬੋਲਿਆ, "ਦਲੀਪ ਕੁਮਾਰ ਦੀ ਦੌਲਤ ਦਾ ਕੀ ਪੁੱਛਦੇ ਹੋ? ਡੇਢ-ਡੇਢ ਲੱਖ ਦੇ ਕੰਟਰੈਕਟ ਵਾਸਤੇ ਪ੍ਰੋਡਿਊਸਰ ਉਸ ਦੇ ਅੱਗੇ-ਪਿੱਛੇ ਘੁੰਮਦੇ ਰਹਿੰਦੇ ਹਨ। ਦੌਲਤ ਤਾਂ ਉਸ ਦੇ ਹੱਥਾਂ ਦੀ ਮੈਲ ਹੈ। ਚਾਹੇ ਤਾਂ ਕੱਲ੍ਹ ਬੰਬਈ ਖਰੀਦ ਲਵੇ।"
ਖੋਜਣ ਸੋਚ ਕੇ ਫਿਰ ਬੋਲੀ, "ਮੇਰੇ ਕੋਲ ਵੀ ਅੱਸੀ ਹਜ਼ਾਰ ਰੁਪਇਆ ਹੈ। ਤੇਰਾ ਦਲੀਪ ਕੁਮਾਰ ਕੀ ਮੇਰੇ ਨਾਲ ਵਿਆਹ ਕਰਵਾਏਗਾ?"
ਸ਼ੱਦੂ ਨੇ ਬਹੁਤ ਭਰੋਸੇ ਨਾਲ ਕਿਹਾ, "ਉਹ ਤਾਂ ਜਿਸ ਨਾਲ ਵੀ ਮੈਂ ਕਹਾਂਗਾ, ਉਸੇ ਨਾਲ ਵਿਆਹ ਕਰੇਗਾ।"
ਖੋਜਣ ਨੇ ਆਪਣਾ ਬਟੂਆ ਖੋਲ੍ਹਿਆ…
ਦਸ ਦਿਨ ਹੋਏ ਸ਼ੱਦੂ ਤੇਲੀਆਂ ਦੇ ਮੁਹੱਲੇ ਤੋਂ ਸੋਲਾਂ ਸਾਲਾ ਨੌਜਵਾਨ ਵਿਧਵਾ ਨੂੰ ਲੈ ਕੇ ਫਰਾਰ ਹੋ ਗਿਆ। ਸ਼ਹਿਰ ਦੇ ਇੱਜ਼ਤਦਾਰ ਲੋਕਾਂ ਨੇ ਪੁਲਿਸ ਨੂੰ ਬਥੇਰਾ ਕਿਹਾ ਕਿ ਉਹ ਬੰਬਈ ਜਾ ਕੇ ਦਲੀਪ ਕੁਮਾਰ ਦੇ ਘਰ ਦੀ ਤਲਾਸ਼ੀ ਲੈਣ, ਪਰ ਪੁਲਿਸ ਵਾਲੇ ਸ਼ਾਇਦ ਦਲੀਪ ਕੁਮਾਰ ਤੋਂ ਡਰਦੇ ਸਨ। ਉਹ ਨਾ ਬੰਬਈ ਗਏ ਤੇ ਨਾ ਹੀ ਉਨ੍ਹਾਂ ਨੇ ਉਥੋਂ ਦੀ ਪੁਲਿਸ ਨੂੰ ਕੋਈ ਵਾਰੰਟ ਸ਼ੱਦੂ ਜਾਂ ਦਲੀਪ ਕੁਮਾਰ ਦੇ ਖਿਲਾਫ ਭੇਜਿਆ। ਉਹ ਲੋਕ ਸਾਡੇ ਸ਼ਹਿਰ ਦੇ ਆਸ-ਪਾਸ ਦੇ ਕਸਬਿਆਂ ਵਿਚ ਹੀ ਸ਼ੱਦੂ ਨੂੰ ਢੂੰਡਦੇ ਰਹੇ ਅਤੇ ਆਖਰ ਉਸ ਨੂੰ ਸ਼ਹਿਰ ਤੋਂ ਤੀਹ ਮੀਲ ਦੂਰ ਦੁਲਾਰੀਆਂ ਪਿੰਡ ਦੇ ਛੱਪੜ ਤੋਂ ਢੂੰਡ ਲਿਆ। ਸ਼ੱਦੂ ਤਾੜੀ ਪੀ ਕੇ ਬੇਸੁਧ ਪਿਆ ਸੀ ਅਤੇ ਉਹ ਕੁੜੀ ਕੋਨੇ ਵਿਚ ਬੈਠੀ ਰੋ ਰਹੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵਿਚ ਜਿਰ੍ਹਾ ਦੌਰਾਨ ਪਤਾ ਲੱਗਿਆ ਕਿ ਸ਼ੱਦੂ ਮੀਆਂ ਆਪਣੀ ਜ਼ਿੰਦਗੀ ਵਿਚ ਨਾ ਕਦੀ ਬੰਬਈ ਗਿਆ ਸੀ ਅਤੇ ਨਾ ਕਦੇ ਉਸ ਨੇ ਦਲੀਪ ਕੁਮਾਰ ਨੂੰ ਵੇਖਿਆ ਸੀ। ਕੁੜੀ ਨੂੰ ਨਠਾਣ ਵਿਚ ਉਸ ਨੇ ਇਹ ਝਾਂਸਾ ਦੇ ਕੇ ਅਗਵਾ ਕਰ ਲਿਆ ਸੀ ਕਿ ਉਸ ਨੂੰ ਬੰਬਈ ਲੈ ਜਾਵੇਗਾ ਤੇ ਦਲੀਪ ਕੁਮਾਰ ਨਾਲ ਉਸ ਦਾ ਵਿਆਹ ਕਰਵਾ ਦੇਵੇਗਾ। ਉਹ ਕਰਦਾ ਵੀ ਕੀ, ਕਿਉਂ ਜੋ ਇਸ ਤੋਂ ਬਿਨਾਂ ਉਹ ਕੁੜੀ ਕਦੇ ਕਾਬੂ ਨਹੀਂ ਆ ਸਕਦੀ ਸੀ।
ਸ਼ੱਦੂ ਨੂੰ ਜੇਲ੍ਹ ਹੋ ਗਈ।
ਜੇਲ੍ਹ ਵਿਚ ਮੈਂ ਉਸ ਨੂੰ ਮਿਲਣ ਗਿਆ। ਸ਼ੱਦੂ ਨਾਲ ਮੁਲਾਕਾਤ ਵੀ ਹੋ ਗਈ। ਵਾਪਸ ਆਉਣ ਵੇਲੇ ਸ਼ੱਦੂ ਨੇ ਮੈਨੂੰ ਦੱਸਿਆ ਕਿ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਹ ਦਲੀਪ ਕੁਮਾਰ ਦਾ ਨਾਈ ਨਹੀਂ ਰਹੇਗਾ, ਬਲਕਿ ਰਾਜਕਪੂਰ ਦਾ ਦਰਜੀ ਬਣ ਜਾਵੇਗਾ।
"ਦਰਜੀ?" ਮੈਂ ਹੈਰਾਨੀ ਨਾਲ ਪੁੱਛਿਆ, "ਪਰ ਤੂੰ ਕਦੇ ਸਿਲਾਈ ਸਿੱਖੀ ਹੈ?"
"ਉਸਤਾਦ ਜੀ, ਤੁਸੀਂ ਵੀ ਨਿਰੇ ਬੁੱਧੂ ਹੋ।" ਸ਼ੱਦੂ ਨੇ ਹੱਸਦਿਆਂ ਕਿਹਾ, "ਇਸ ਵਿਚ ਭਲਾ ਸਿੱਖਣ ਦੀ ਕੀ ਲੋੜ ਹੈ। ਇਹ ਤਾਂ ਰੱਬ ਵੱਲੋਂ ਦਿੱਤੀ ਹੋਈ ਦਾਤ ਹੈ।"

(ਤਰਜਮਾ: ਗੁਰਮੁਖ ਸਿੰਘ ਸਹਿਗਲ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ