Bhain Di Mehak (Punjabi Story) : Navtej Singh

ਭੈਣ ਦੀ ਮਹਿਕ (ਕਹਾਣੀ) : ਨਵਤੇਜ ਸਿੰਘ

ਕਿਹੋ ਜਿਹਾ ਘਰ ਸੀ ਦਿੱਲੀ ਵਾਲੇ ਚਾਚੀ ਜੀ ਦਾ!
ਜੀਤੇ ਦੇ ਪਿੰਡ ਦੇ ਗੁਰਦੁਆਰੇ ਤੋਂ ਕਿਤੇ ਵੱਡਾ!
ਕੁਝ ਦਿਨ ਹੋਏ, ਜੀਤਾ ਆਪਣੇ ਪਿੰਡੋਂ ਆਇਆ ਸੀ। ਸਾਰੀ ਰਾਤ ਗੱਡੀ ਫੱਫ ਫੱਫ ਕਰਦੀ ਰਹੀ ਸੀ। ਉਹਦੇ ਨਾਲ ਉਹਦੀ ਬੀਮਾਰ ਮਾਂ ਆਈ ਸੀ, ਬਾਪੂ ਤੇ ਭੈਣ ਸੋਮਾ ਆਏ ਸਨ ਤੇ ਹੁਣ ਬਾਪੂ ਮਾਂ ਨੂੰ ਦਿੱਲੀ ਦੇ ਵੱਡੇ ਹਸਪਤਾਲ ਲੈ ਗਿਆ ਹੋਇਆ ਸੀ।
ਮਾਂ ਨੇ ਹਸਪਤਾਲ ਜਾਣ ਲੱਗਿਆਂ ਜੀਤੇ ਨੂੰ ਕਿਹਾ ਸੀ, "ਨਾ ਰੋ ਮੇਰਾ ਬੀਬਾ ਵੀਰ, ਸੋਮੀਂ ਭੈਣ ਜੂ ਤੇਰੇ ਕੋਲ ਏ. ਤੇਰੇ ਦਿੱਲੀ ਵਾਲੇ ਚਾਚੇ ਦੀ ਮਦਤ ਨਾਲ ਮੈਂ ਇਸ ਨਾਮੁਰਾਦ ਬੀਮਾਰੀ ਤੋਂ ਛੇਤੀ ਹੀ ਖਹਿੜਾ ਛੁਡਾਅ ਲਊਂ, ਤੇ ਮੇਰਾ ਮੂੰਹ ਨਰੋਇਆ ਹੋ ਜਾਊ। ਫੇਰ ਆਪਣੇ ਲਾਲ ਨੂੰ ਪਹਿਲੀਆਂ ਵਾਂਗ ਹੀ ਚੁੰਮ ਸਕਿਆ ਕਰਾਂਗੀ। "ਤੇ ਮਾਂ ਨੇ ਕੁਝ ਏਸ ਤਰ੍ਹਾਂ ਜੀਤੇ ਨੂੰ ਘੁੱਟਿਆ ਸੀ ਕਿ ਉਹਨੂੰ ਜਾਪਿਆ ਜਿਵੇਂ ਬੁੱਲ੍ਹਾਂ ਦੀ ਥਾਵੇਂ ਮਾਂ ਏਸ ਬਿੰਦ ਬਾਹਵਾਂ ਨਾਲ ਹੀ ਉਹਨੂੰ ਚੁੰਮ ਗਈ ਹੋਵੇ।
ਫੇਰ ਮਾਂ ਨੇ ਇੱਕ ਪੋਟਲੀ ਸੋਮਾਂ ਭੈਣ ਨੂੰ ਦਿੱਤੀ ਸੀ, "ਪੁੱਤ, ਇਹਦੇ ਵਿਚ ਦੋ ਰੱਖੜੀਆਂ ਵੀ ਨੇ। ਚੌਥ ਬੁਧ ਨੂੰ ਆਪਣੇ ਵੀਰ ਨੂੰ ਇਕ ਰੱਖੜੀ ਬੰਨ੍ਹ ਦਈਂ ਤੇ ਦੂਜੀ ਆਪਣੇ ਚਾਚੇ ਦੇ ਪੁੱਤਰ ਭਰਾ ਨੂੰ- ਉਸ ਵਿਚਾਰੇ ਦੀ ਆਪਣੀ ਤਾਂ ਕੋਈ ਬੈਣ ਨਹੀਂ. ਤੇ ਸੋਮੀਏਂ, ਮੇਰੇ ਜੀਤੇ ਦਾ ਧਿਆਨ ਰਖੀਂ. ਇਥੇ ਤੂੰ ਹੀ ਉਹਦੇ ਲਈ ਮੇਰੀ ਥਾਂ ਏਂ।" ਜਦੋਂ ਮਾ ਨੇ ਆਪਣੀ ਥਾਂ ਭੈਣ ਨੂੰ ਸੌਂਪੀ ਤਾਂ ਜੀਤੇ ਨੂੰ ਜਾਪਿਆ ਸੀ ਕਿ ਕਾਲਾ ਜਿਹਾ ਬੇਡੌਲ ਪਰਛਾਵਾਂ ਮਾਂ ਵਲ ਵਧ ਕੇ ਆਇਆ ਤੇ ਉਹਨੂੰ ਦੂਰ ਧਰੂਹੀ ਲਿਜਾਅ ਰਿਹਾ ਸੀ, ਪਰਛਾਵਾਂ- ਜਿਹੋ ਜਿਹਾ ਡਰੌਣੀਆਂ ਕਹਾਣੀਆਂ ਵਿਚ ਹੁੰਦਾ ਹੈ......
ਤੇ ਆਪਣੇ ਪਿੰਡ ਤੋਂ ਵੀ ਕਿਤੇ ਵੱਡੇ ਘਰ ਵਿਚ ਜੀਤੇ ਕੋਲ ਸਿਰਫ਼ ਸੋਮਾਂ ਭੈਣ ਹੀ ਰਹਿ ਗਈ ਸੀ। ਉਂਜ ਤਾਂ ਏਸ ਘਰ ਦੋ ਕੁੱਤੇ ਸਨ, ਤੇ ਚਾਚੀ ਜੀ ਸਨ, ਤੇ ਚਾਚੀ ਜੀ ਦਾ ਇੱਕੋ ਇਕ ਪੁੱਤਰ ਸੀ ਜਿਸ ਨੂੰ ਉਹ ਕਾਕਾ ਜੀ ਕਹਿੰਦੇ ਸਨ, ਤੇ ਕਿੰਨੇ ਹੀ ਨੌਕਰ ਨੌਕਰਾਣੀਆਂ ਸਨ ਜਿਹੜੇ ਕਾਕਾ ਜੀ ਨੂੰ 'ਛੋਟਾ ਸਾਹਿਬ' ਬੁਲਾਂਦੇ ਸਨ। (ਚਾਚਾ ਜੀ ਤਾਂ ਰੋਜ਼ ਸਵੇਰੇ ਇਕ ਵੱਡੀ ਸਾਰੀ ਮੋਟਰ ਉਤੇ ਚੜ੍ਹ ਕੇ ਆਪਣੇ ਕੰਮ ਉਤੇ ਚਲੇ ਜਾਂਦੇ ਸਨ)।
ਜਦੋਂ ਸਵੇਰੇ ਚਾਚਾ ਜੀ ਦੀ ਮੋਟਰ ਬਾਹਰਲੇ ਫਾਟਕ ਵਿਚੋਂ ਨਿਕਲਦੀ ਸੀ, ਉਦੋਂ ਉਸ ਵਿਚੋਂ ਬੜੀ ਸੁਹਣੀ ਤਵਿਆਂ ਵਾਲੇ ਵਾਜੇ ਵਰਗੀ ਵਾਜ ਆਉਂਦੀ ਸੀ, ਤੇ ਓਦੂੰ ਮਗਰੋਂ ਸਾਰਾ ਦਿਨ ਏਸ ਘਰ ਵਿਚੋਂ ਕੋਈ ਸੁਹਣੀ ਵਾਜ ਨਹੀਂ ਸੀ ਨਿਕਲਦੀ।
ਚਾਚੀ ਜੀ ਤਾਂ ਘਟ ਹੀ ਉਨ੍ਹਾਂ ਨਾਲ ਬੋਲਦੇ ਸਨ। ਜੇ ਕਦੇ ਬੋਲਦੇ ਵੀ ਤਾਂ:
"ਅੰਦਰ ਪੈਰ ਪੂੰਝ ਕੇ ਆ..."
"ਕੁਰਸੀ ਉਤੇ ਚੌਂਕੜੀ ਨਾ ਮਾਰ..."
"ਪਾਣੀ ਪੀਂਦਿਆਂ ਇੰਜ ਗੱਟ ਗੱਟ ਨਾ ਕਰ..."
"ਦਿਸਦਾ ਨਹੀਂ ਤੈਨੂੰ, ਅੱਖਾਂ ਨੀ ਕਿ ਟਿੱਚ-ਬਟਨ.."
"ਇਹ ਕੋਈ ਚੁੱਲ੍ਹਾ ਥੋੜਾ ਏ, ਇਹ ਤੇ ਅੰਗੀਠੀ ਏ.."
"ਪੇਂਡੂ ਗਵਾਰ ਨਾ ਹੋਣ ਤਾਂ..."
ਚਾਚੀ ਨੇ ਬੜੇ ਸੁਹਣੇ ਫੁੱਲਾਂ ਵਾਲੇ ਕੱਪੜੇ ਪਾਏ ਹੋਏ ਸਨ, ਪਰ ਉਨ੍ਹਾਂ ਦੇ ਬੋਲਾਂ ਵਿਚ ਕੰਡੇ ਹੀ ਕੰਡੇ ਸਨ।
ਕਾਕਾ ਜੀ (ਛੋਟਾ ਸਾਹਿਬ) ਭਾਵੇਂ ਜੀਤੇ ਦੇ ਹਾਣ ਦਾ ਹੀ ਸੀ, ਪਰ ਉਹ ਉਹਦੇ ਨਾਲ ਉੱਕਾ ਨਹੀਂ ਸੀ ਖੇਡਦਾ। ਕਾਕਾ ਜੀ ਕੋਲ ਅਲੋਕਾਰ ਬਾਜੀਆਂ (ਖਿਡੌਣੇ-ਸੰਨ) ਸਨ: ਇਕ ਨਿੱਕੀ ਜਿਹੀ ਰੇਲ ਗੱਡੀ ਆਪਣੀ ਗੋਲ ਗੋਲ ਲੀਹ ਉਤੇ ਘੁੰਮਦੀ ਸੀ, ਅੱਗੇ ਬੰਬਾ ਕੂਕ ਮਾਰਦਾ ਸੀ ਤੇ ਪਿਛੇ ਬੱਤੀਆਂ ਜਗਦੀਆਂ ਬੁਝਦੀਆਂ ਸਨ; ਇਕ ਟੋਪੀ ਵਾਲਾ ਬਾਜੀਗਰ ਚਾਬੀ ਲਾਇਆਂ ਕਈ ਕਰਤਬ ਦਿਖਾਂਦਾ ਸੀ; ਦੋ ਸ਼ੀਸ਼ਿਆਂ ਵਾਲਾ ਇੱਕ ਡੱਬਾ ਸੀ ਜਿਦ੍ਹੇ ਵਿਚੋਂ ਨੀਝ ਲਾਇਆ, ਚਾਚਾ ਜੀ ਨੇ ਦੱਸਿਆ ਸੀ, ਦੂਰ ਦੁਰੇਡੇ ਦੇਸਾਂ ਦੀਆਂ ਝਾਤੀਆਂ ਇਨ ਬਿਨ ਅਸਲ ਵਰਗੀਆਂ ਦਿਸਦੀਆਂ ਸਨ; ਤੇ ਹੋਰ ਕਈ ਕੁਝ ਸੀ। ਬਾਜੀਆਂ ਸਨ ਕਿ ਜਿਵੇਂ ਕਿਤੇ ਪਰੀਆਂ ਵਸ ਕੀਤੀਆਂ ਹੋਣ! ਪਰ ਕਾਕਾ ਜੀ ਕਿਸੇ ਵੀ ਚੀਜ਼ ਨੂੰ ਜੀਤੇ ਦਾ ਹੱਥ ਵੀ ਨਹੀਂ ਸੀ ਲੱਗਣ ਦੇਂਦਾ। ਉਹ ਜੀਤੇ ਨਾਲ ਹਾਈਂ ਮਾਈਂ ਕੂੰਦਾ ਹੀ ਨਹੀਂ ਸੀ। ਜੇ ਕਦੇ ਕੂ ਵੀ ਪਵੇ ਤਾਂ ਅਜਿਹੀ 'ਹਮ ਕੀ ਤੁਮ ਕੀ' ਮਾਰਦਾ ਸੀ ਕਿ ਬਹੁਤੀ ਵਾਰੀ ਜੀਤੇ ਦੇ ਕੱਖ ਪੱਲੇ ਨਹੀਂ ਸੀ ਪੈਂਦਾ:
"ਮੇਰੇ ਵਿਊਮਾਸਟਰ ਕੋ ਹਾਥ ਮਤ ਲਗਾਓ...'
"ਯਹ ਹਮਾਰਾ ਟਰਾਈਸਾਈਕਲ ਹੈ, ਹਮ ਤੁਮ ਕੋ ਛੂਨੇ ਨਹੀਂ ਦੇਗਾ...'
"ਮਾਮਾ ਨੇ ਹਮ ਕੋ ਚਾਕਲੇਟ ਔਰ ਸਵੀਟ ਖਿਲਾਏ, ਤੁਮ ਕੋ ਨਹੀਂ.."
ਹਮ ਨੇ ਕੋਕਾ ਕੋਲਾ ਪੀਆ ਹੈ- ਤੁਮ ਕੋ ਪਾਨੀ ਮਿਲਾ.."
ਅਤੇ ਸਭ ਤੋਂ ਵਧ ਅਚੰਭੇ ਵਾਲੀ ਗੱਲ ਇਹ ਸੀ ਕਿ ਉਹ ਆਪਣੀ ਮਾਂ ਨੂੰ 'ਮਾਮਾ' ਕਹਿੰਦਾ ਸੀ!
ਫੁੱਲਾਂ ਵਰਗੇ ਕੱਪੜਿਆਂ ਵਾਲੀ ਚਾਚੀ- ਕੰਡਿਆਂ ਵਰਗੇ ਬੋਲ!
ਪਰੀਆਂ-ਵਸ ਕੀਤੇ ਵਰਗੀਆਂ ਬਾਜੀਆਂ ਵਾਲਾ ਚਾਚੇ ਦਾ ਪੁੱਤ ਭਰਾ- ਭੂਤਾਂ ਵਰਗੇ ਬੋਲ!
ਹਾਂ, ਕਦੇ ਕਦਾਈਂ ਕਮਰੇ ਵਿਚਕਾਰੋਂ ਚਾਨਚਕੇ ਟਨਟਨ ਜਿਹੀ ਹੁੰਦੀ ਤਾਂ ਚਾਚੀ ਇਕ ਕਾਲੀ ਨਲਕੀ ਜਿਹੀ ਫੜ ਲੈਂਦੀ. ਏਸ ਨਲਕੀ ਦੇ ਦੁਪਾਸੀਂ ਕੁੱਪੀਆਂ ਜਿਹੀਆਂ ਸਨ, ਤੇ ਕਿੰਨਾ ਕਿੰਨਾ ਚਿਰ ਚਾਚੀ ਉਨ੍ਹਾਂ ਕੁੱਪੀਆਂ ਨੂੰ ਮੂੰਹ ਤੇ ਕੰਨ ਲਾਈ ਮਿੱਠਾ ਮਿੱਠਾ ਬੋਲਦੀ ਰਹਿੰਦੀ ਸੀ।
ਏਸ ਕੁੱਪੀ ਲਿਈ ਮਿੱਠੇ ਬੋਲ! ਤੇ ਜੀਤੇ ਸੋਮਾਂ ਲਈ ਕੰਡਿਆਂ ਵਰਗੇ ਬੋਲ! ਕਿਹੋ ਜਿਹਾ ਘਰ ਸੀ ਦਿੱਲੀ ਵਾਲੇ ਚਾਚੀ ਜੀ ਦਾ।
ਹੁਣੇ ਪਤਾ ਨਹੀਂ ਸੋਮਾਂ ਭੈਣ ਨਾਲ ਕੀ ਗੱਲ ਛਿੜ ਪਈ ਤੇ ਚਾਚੀ ਨੇ ਇਕ ਅਜੀਬ ਤਰ੍ਹਾਂ ਦਾ ਹਾਸਾ ਹੱਸ ਕੇ ਕਿਹਾ, (ਮਾਂ ਦਾ ਹਾਸਾ ਕਿੱਡਾ ਨਿੱਘਾ ਹੁੰਦਾ ਸੀ, ਤੇ ਚਾਚੀ ਦਾ ਇਹ ਹਾਸਾ ਕਿੱਡਾ ਯਖ਼ ਸੀ!)ੇ - "ਕੋਈ ਨਹੀਂ ਤੁਸਾਂ ਦੋਵ੍ਹਾਂ ਕਿਹੜਾ ਇਥੋਂ ਛੇਤੀ ਚਲੇ ਜਾਣਾ ਏ! ਇਹ ਤਾਂ ਆਪਣੇ ਚਾਚੇ ਦੇ ਸਿਰ ਨੂੰ ਸੀਸਾਂ ਦਿਓ ਜਿਨ੍ਹੇਂ ਤੁਹਾਡੀ ਮਾਂ ਨੂੰ ਵੱਡੇ ਹਸਪਤਾਲ ਵਿਚ ਦਾਖਲਾ ਦੁਆ ਦਿੱਤਾ ਏ। ਨਹੀਂ ਤਾਂ ਪੈਲੀ ਕੁੱਲਾ ਵੇਚ ਕੇ ਵੀ ਤੁਹਾਡਾ ਬਾਪੂ ਏਸ ਉਪ੍ਰੇਸ਼ਨ ਦਾ ਖਰਚ ਨਹੀਂ ਸੀ ਤਾਰ ਸਕਦਾ. ਜੇ ਇਹ ਉਪ੍ਰੇਸ਼ਨ ਠੀਕ ਵੀ ਹੋ ਜਾਏ- ਪਤਾ ਕੁਝ ਨਹੀਂ, ਇਹਦੇ ਵਿਚ ਬਹੁਤੇ ਮਰੀਜ਼ ਮਰ ਜਾਂਦੇ ਨੇ- ਤਾਂ ਵੀ ਪਿਛੋਂ ਹਸਪਤਾਲ ਵਿਚ ਹੀ ਟਿਕਣਾ ਪੈਂਦਾ ਏ." ਤੇ ਗੱਲ ਮੁੱਕਣ ਪਿੱਛੋਂ ਵੀ ਵਾਹਵਾ ਚਿਰ ਉਹੀ ਯਖ਼ ਹਾਸਾ ਚਾਚੀ ਦੇ ਮੂੰਹ ਉਤੇ ਧੂੜਿਆ ਰਿਹਾ ਸੀ।
ਸੋਮਾਂ ਦਾ ਮੂੰਹ ਇਕਦਮ ਪੀਲਾ ਭੂਕ ਹੋ ਗਿਆ।
ਜੀਤਾ ਸੋਚੀਂ ਪੈ ਗਿਆ- 'ਪ੍ਰੇਸ਼ਨ'...'ਪ੍ਰੇਸ਼ਨ' ਜ਼ਰੁਰ ਕੋਈ ਬੜੀ ਚੰਗੀ ਸ਼ੈ ਹੁੰਦੀ ਹੋਵੇਗੀ, ਜਿਹੜੀ ਚਾਚੇ ਦੀ ਮਦਦ ਨਾਲ ਬਾਪੂ ਨੇ ਮਾਂ ਲਈ ਮੁੱਲ ਲੈ ਲਈ ਹੈ, ਤੇ ਇਹ ਚੰਗੀ ਸ਼ੈ ਮਾਂ ਦਾ ਮੂੰਹ ਨਰੋਇਆ ਕਰ ਦਏਗੀ, ਤੇ ਫੇਰ ਨਾ ਉਹਦਾ ਮੂੰਹ ਚੁੰਮ ਸਕਿਆ ਕਰੇਗੀ। ਉਹਨੇ ਆਪਣੀ ਮਾਂ ਦੇ ਕਪੜਿਆਂ ਉਤੇ ਇਹੋ ਜਿਹੇ ਸੁਹਣੇ ਫੁੱਲ ਕਦੇ ਨਹੀਂ ਸਨ ਤੱਕੇ ਜਿਹੋ ਜਿਹੇ ਚਾਚੀ ਦੇ ਕਪੜਿਆਂ ਤੇ ਸਨ (ਤੇ ਚਾਚੀ ਸਵੇਰ ਤੋਂ ਪਿਛੋਂ ਵੱਖ ਤਰ੍ਹਾਂ ਦੇ ਫੁਲਾਂ ਵਾਲੇ ਵੇਸ ਦੋ ਵਾਰ ਵਟਾਅ ਚੁੱਕੀ ਸੀ), ਪਰ ਜੀਤਾ ਹੀ ਜਾਣਦਾ ਸੀ ਕਿ ਉਹਦੀ ਮਾਂ ਦੇ ਬੀਮਾਰ ਮੂੰਹ ਉਤੇ ਵੀ ਇਨ੍ਹਾਂ ਵੰਨ-ਸੁਵੰਨੇ ਫੁਲਾਂ ਨਾਲੋਂ ਕਿਤੇ ਵਧ ਸੁਹਣੇ ਫੁੱਲ ਟਹਿਕਦੇ ਰਹਿੰਦੇ ਸਨ, ਤੇ ਹੁਣ ਜਦੋਂ ਮਾਂ ਦਾ ਮੂੰਹ ਨਰੋਇਆ ਹੋ ਜਾਏਗਾ (ਮਾਂ ਦਾ ਮੂੰਹ ਬੀਮਾਰ ਹੋਇਆਂ ਏਨੇ ਵਰ੍ਹੇ ਹੋ ਗਏ ਸਨ ਕਿ ਜੀਤੇ ਨੂੰ ਉਹਦੇ ਨਰੋਏ ਮੂੰਹ ਦਾ ਚੇਤਾ ਵੀ ਨਹੀਂ ਸੀ ਰਿਹਾ ਜਾਪਦਾ!) ਤਾਂ ਕਹੇ ਅਲੋਕਾਰ ਫੁੱਲ ਮਾਂ ਦੇ ਮੁਖੜੇ ਉੱਤੇ ਖਿੜ ਪੈਣਗੇ!- ਪਰ ਉਹ 'ਮਰੀਜ਼' ਕੀ ਹੁੰਦੇ ਨੇ, ਜਿਹੜੇ ਚਾਚੀ ਨੇ ਕਿਹਾ ਸੀ ਮਰ ਜਾਂਦੇ ਨੇਤੇ ਸੋਮਾਂ ਭੈਣ ਦਾ ਮੂੰਹ ਪੀਲਾ ਪੈ ਗਿਆ ਸੀ? ਮਾਂ ਤੇ... ਜੀਤੇ ਨੂੰ ਫੇਰ ਉਹੀ ਕਾਲਾ ਜਿਹਾ ਪਰਛਾਵਾਂ ਦਿਸਿਆ, ਪਰਛਾਵਾਂ ਜਿਹੋ ਜਿਹਾ ਡਰੌਣੀਆਂ ਕਹਾਣੀਆਂ ਵਿਚ ਹੀ ਹੁੰਦਾ ਹੈ...
ਉਹਨੇ ਸੋਮਾਂ ਦਾ ਹੱਥ ਘੁੱਟ ਕੇ ਫੜ ਲਿਆ- ਏਥੇ ਸੋਮਾਂ ਭੈਣ ਹੀ ਤਾਂ ਮਾਂ ਦੇ ਥਾਂ ਸੀ।
ਬਾਹਰੋਂ ਕਿਤੋਂ ਕਾਕਾ ਜੀ ਅੰਦਰ ਆ ਗਿਆ। ਉਹਦੇ ਨਾਲ ਉਹਦਾ ਇਕ ਬੇਲੀ ਸੀ. ਚਾਚੀ ਜੀ ਨੇ ਦੋਵ੍ਹਾਂ ਨੂੰ ਬੜਾ ਲਾਡ ਕੀਤਾ। ਫੇਰ ਕਾਕਾ ਜੀ ਤੇ ਉਹਦਾ ਬੇਲੀ ਬਾਹਰ ਬਰਾਂਡੇ ਵਿਚ ਖੇਡਣ ਚਲੇ ਗਏ। ਕਾਕਾ ਜੀ ਨੇ ਸਭ ਬਾਜੀਆਂ ਆਪਣੇ ਬੇਲੀ ਸਾਹਮਣੇ ਢੇਰ ਕਰ ਦਿੱਤੀਆਂ (ਉਹੀ ਸਭ ਬਾਜੀਆਂ ਜਿਨ੍ਹਾਂ ਨੂੰ ਜੀਤਾ ਹੱਥ ਵੀ ਨਹੀਂ ਸੀ ਲਾ ਸਕਿਆ)।
ਜੀਤਾ ਵੀ ਬਰਾਂਡੇ ਵਿਚ ਚਲਾ ਗਿਆ. ਜੀਤਾ ਕੁਝ ਵਿਥ ਤੋਂ ਆਪਣੇ ਹਾਣ ਦੇ ਦੋਵਾਂ ਮੁੰਡਿਆਂ ਵਲ ਤਕਦਾ ਰਿਹਾ. ਜੀਤੇ ਦੇ ਚਿਤ ਵਿਚ ਲੂਹਰੀਆਂ ਉਠ ਰਹੀਆਂ ਸਨ- ਕਦੇ ਉਹ ਵੀ ਓਸ ਤਿੰਨਾਂ ਪਹੀਇਆਂ ਵਾਲੇ ਨਿਕੇ ਜਿਹੇ ਆਪਣੇ ਮੇਚ ਦੇ ਸੈਕਲ ਉਤੇ ਬਿੰਦ ਕੁ ਹੂਟਾ ਲੈ ਸਕੇ! ਤੇ ਜਦੋਂ ਉਹ ਦੋਵੇਂ ਯਾਰ ਡੱਬੇ ਵਿਚ ਨੀਝ ਲਾ ਕੇ ਮੂਰਤਾਂ ਵੇਖਦੇ ਤਾਂ ਜੀਤਾ ਉਨ੍ਹਾਂ ਦੇ ਮੂੰਹਾਂ ਉਤਲੀ ਪਲੋ ਪਲ ਵਧਦੀ ਖੁਸ਼ੀ ਤਕ ਤਕ ਕੇ ਲਲਚਦਾ ਜਾਂਦਾ ਸੀ. ਉਹਦੀ ਸੋਚ ਅਤਾ ਪਤਾ ਪਈ ਲਭਦੀ ਸੀ: ਏਸ ਡੱਬੇ ਵਿਚ ਕੀ ਸੀ...ਰਾਣੀਆਂ ਸਨ! ਪਰੀਆਂ ਸਨ! ਸੁਰਗਾਂ ਦੇ ਬਾਗ ਸਨ! ਮਾਂ ਦਾ ਨਰੋਇਆ ਮੁਖੜਾ ਸੀ!
"ਯੇਹ ਲੜਕਾ ਕੌਨ ਹੈ?"
ਕਾਕਾ ਜੀ ਨੇ ਆਪਣੇ ਯਾਰ ਨੂੰ ਕੁਝ ਝਕ ਕੇ ਜੁਆਬ ਦਿੱਤਾ, "ਯੇ ਹਮਾਰੇ ਚਚਾ ਕਾ...ਨੌਕਰ ਹੈ।"
"ਯੇਹ ਇਸ ਤਰ੍ਹਾ ਕਿਉਂ ਖੜਾ ਹੈ?"
"ਇਸ ਕੀ ਮਾਂ ਹਸਪਤਾਲ ਮੇਂ ਹੈ। ਮਾਮਾ ਬੋਲਤੀ ਥੀ ਵੁਹ ਮਰ ਜਾਏਗੀ।
ਜੀਤਾ ਇਕਦਮ ਡਡਿਆ ਪਿਆ।
"ਇਸ ਕੋ ਕਿਆ ਹੂਆ?"
"ਕੁਛ ਪਗਲਾ ਭੀ ਹੈ।"
ਕੁਰਲਾਂਦਾ ਜੀਤਾ ਭੱਜ ਕੇ ਅੰਦਰ ਆਪਣੀ ਭੈਣ ਸੋਮਾਂ ਨਾਲ ਜਾ ਚੰਬੜਿਆ।
ਚਾਚੀ ਫ਼ਿਕਰ ਨਾਲ ਦੌੜ ਕੇ ਬਾਹਰ ਕਾਕਾ ਜੀ ਨੂੰ ਤੱਕਣ ਗਈ। ਓਥੇ ਕਾਕਾ ਜੀ ਤੇ ਉਹਦਾ ਯਾਰ ਖਿੜ ਖਿੜ ਹਸ ਰਹੇ ਸਨ।
ਚਾਚੀ ਤਸੱਲੀ ਨਾਲ ਅੰਦਰ ਆਈ, ਪਰ ਬੜੇ ਰੋਹ ਵਿਚ ਜੀਤੇ ਨੂੰ ਕਹਿਣ ਲਗੀ, " ਗਵਾਰ ਨਾ ਹੋਵੇ ਤਾਂ. ਤੂੰ ਤੇ ਮੇਰਾ ਤ੍ਰਾਹ ਹੀ ਕਢ ਦਿਤਾ!
ਮੈਂ ਸੋਚਿਆ ਕਿਤੇ ਕਾਕਾ ਜੀ ਨੂੰ ਕੁਝ ਹੋ ਨਾ ਗਿਆ ਹੋਏ।"
ਤੇ ਫਿਰ ਕੁਝ ਚਿਰ ਪਿਛੋਂ, "ਕੀ ਫੱਟ ਪਿਆ ਈ ਕਿ ਇੰਝ ਰੋਈ ਜਾਨਾਂ ਏਂ. ਕੁਝ ਮੂੰਹੋਂ ਬਿਰਕੇਂ ਵੀ!"
ਪਰ ਜੀਤਾ ਆਪਣੀ ਭੈਣ ਨੂੰ ਚੰਬੜ ਕੇ ਬਸ ਰੋਈ ਗਿਆ,
...ਰੋਣ ਸੀ ਕਿ ਜਿਵੇਂ ਕੋਈ ਕੜ ਪਾਟ ਪਿਆ ਹੋਵੇ। ਰਾਤੀਂ ਜਾ ਕੇ ਕਿਤੇ ਜੀਤੇ ਨੇ ਆਪਣੀ ਭੈਣ ਨੂੰ ਉਹ ਸਭ ਕੁਝ ਦੱਸਿਆ ਜੋ ਕਾਕੇ ਨੇ ਆਪਣੇ ਯਾਰ ਨੂੰ ਕਿਹਾ ਸੀ।
ਭੈਣ ਤੇ ਭਰਾ ਇਕੋ ਮੰਜੀ ਉੱਤੇ ਲੇਟੇ ਹੋਏ ਸਨ. ਉਨ੍ਹਾਂ ਦੋਵਾਂ ਲਈ ਇਕ ਮੰਜੀ ਚਾਚੀ ਨੇ ਆਪਣੇ ਟੱਬਰ ਦੀਆਂ ਮੰਜੀਆਂ ਤੋਂ ਦੂਰ ਇੱਥੇ ਘਾਅ ਉਤੇ ਡੁਹਾਈ ਸੀ।
ਜੀਤੇ ਨੇ ਜੋ ਦਸਿਆ ਉਹ ਸੁਣ ਕੇ ਸੋਮਾਂ ਕੰਬ ਗਈ। ਸੋਮਾਂ ਦੇ ਹੰਝੂ ਆਪਣੇ ਵੀਰ ਦੇ ਵਾਲਾਂ ਵਿਚ ਡੁਲ੍ਹਦ ਰਹੇ। ਫੇਰ ਸੋਮਾਂ ਨੇ ਆਪਣੇ ਆਪ ਨੂੰ ਝੰਜੋੜਿਆ- ਮੈਂ ਹੀ ਤਾਂ ਇਹਦੇ ਲਈ ਮਾਂ ਦੀ ਥਾਂ ਹਾਂ!
"ਨਾ ਵੀਰ ਮੇਰੇ, ਉਹ ਸਭ ਝੂਠ ਬੋਲਦਾ ਏ. ਜਿੱਡਾ ਇਹ ਝੂਠ ਏ ਕਿ ਤੂੰ ਉਹਦੇ ਚਾਚੇ ਦਾ ਨੌਕਰ ਏਂ,ਓਡਾ ਈ ਝੂਠ ਏ ਕਿ ਸਾਡੀ ਮਾਂ..." ਤੇ ਸੋਮਾਂ ਨੇ ਆਪਣੇ ਵੀਰ ਨੂੰ ਜੱਫੀ ਵਿਚ ਘੁੱਟ ਲਿਆ। ਵੀਰ ਦੇ ਸਰੀਰ ਵਿਚ ਦਬੀਆਂ ਸਿਸਕੀਆਂ ਭੈਣ ਦੇ ਸਰੀਰ ਵਿਚ ਸਿਸਕਣ ਲੱਗ ਪਈਆਂ।
ਕੁਝ ਚਿਰ ਪਿਛੋਂ ਅਡੋਲ ਹੋ ਕੇ ਸੋਮਾਂ ਨੇ ਕਿਹਾ, "ਕੱਲ੍ਹ ਬੁਧਵਾਰ ਏ, ਮੈਂ ਵੀਰ ਤੈਨੂੰ ਕੱਲ੍ਹ ਰੱਖੜੀ ਬੰਨ੍ਹਾਂਗੀ।"
"ਭੈਣ, ਚਾਚੀ ਦੇ ਪੁੱਤ ਨੂੰ ਵੀ ਤੂੰ ਰੱਖੜੀ ਬੰਨ੍ਹੇਂਗੀ?"
"ਨਹੀਂ, ਉਸ ਨੂੰ ਤਾਂ ਮੈਂ ਕਦੇ ਵੀ ਨਹੀਂ ਬੰਨ੍ਹਾਂਗੀ।"
"ਜੇ ਚਾਚੀ ਜ਼ੋਰ ਵੀ ਲਾਏ, ਤਾਂ ਵੀ ਨਹੀਂ?"
"ਨਹੀਂ, ਉੱਕਾ ਨਹੀਂ, ਮੇਰੇ ਵੀਰ!"
"ਸਹੁੰ ਖਾਹ ਖਾਂ!"
"ਮੈਨੂੰ ਆਪਣੇ ਵੀਰ ਦੀ ਸਹੁੰ!"
ਤੇ ਹੁਣ ਜੀਤੇ ਨੇ ਪੂਰੇ ਭਰੋਸੇ ਨਾਲ ਸੋਮਾਂ ਨੂੰ ਘੁੱਟ ਲਿਆ- ਸੌ ਬਾਜੀਆਂ ਪਈਆਂ ਹੋਣ ਓਸ ਕਾਕਾ ਜੀ ਕੋਲ, ਪਰ ਉਹਦੀ ਕੋਈ ਭੈਣ ਤਾਂ ਨਹੀਂ ਸੀ!
ਉਹਨੂੰ ਰੱਖੜੀ ਕੌਣ ਬੰਨ੍ਹੇਂਗਾ?
"ਵੀਰ, ਹੁਣ ਇਕ ਵਾਰੀ ਹਸਦਾ ਮੁਖੜਾ ਵਿਖਾਲ!
ਰੋਣੀ ਸੂਰਤ ਨਾਲ ਸੰਵੀਏਂ, ਤਾਂ ਮਾਂ ਕਹਿੰਦੀ ਹੁੰਦੀ ਏ,
'ਰਾਤ ਰੁੱਸ ਜਾਂਦੀ ਏ'।"
ਵੀਰ ਮੁਸਕਰਾ ਪਿਆ।
ਭੈਣ ਮੁਸਕਰਾ ਪਈ।
ਉਨ੍ਹਾਂ ਦੀ ਮੰਜੀ ਦੇ ਨੇੜੇ ਮਹਿਕਦੇ ਫੁੱਲ ਸਨ।
ਜੀਤਾ ਆਪਣੀ ਭੈਣ ਦੀ ਜੱਫੀ ਵਿਚ ਫੁੱਲਾਂ ਦੀ ਮਹਿਕ ਤੇ ਭੈਣ ਦੀ ਮਹਿਕ ਵਿਚ ਵੇਰਵਾ ਨਹੀਂ ਸੀ ਕਰ ਸਕਦਾ ਪਿਆ।
(1957)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ