Aapna Aapna Hissa : Waryam Singh Sandhu

ਆਪਣਾ ਆਪਣਾ ਹਿੱਸਾ : ਵਰਿਆਮ ਸਿੰਘ ਸੰਧੂ

ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ । ਪਰ ਧੁੰਦ ਤਾਂ ਸੂਰਜ ਨੂੰ ਇੰਝ ਨੱਪ ਕੇ ਬੈਠੀ ਸੀ, ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ 'ਤੇ ਗੋਡਾ ਦਿੱਤੀ ਬੈਠਾ ਹੋਵੇ । ਘੁੱਦੂ ਦਾ ਹੱਥ ਸਹਿਜੇ ਹੀ ਉਸ ਦੀ ਧੌਣ 'ਤੇ ਚਲਾ ਗਿਆ । ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ; ਉਸ ਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਘੁਲਦਿਆਂ ਝੱਲੀ ਸੀ । ਉਂਝ ਵੀ ਉਸ ਦੀ ਵਿਸ਼ੇਸ਼ਤਾ ਢਾਹੁਣ ਨਾਲੋਂ ਢਹਿਣ ਵਿਚ ਸੀ । ਇਸੇ ਲਈ ਹੀ ਤਾਂ ਉਹਨਾਂ ਦੇ ਪਿੰਡ ਦੇ ਬਾਬੇ 'ਝਰਲ' ਨੇ ਉਹਨੂੰ ਮਖੌਲ ਨਾਲ ਕਿਹਾ ਸੀ, "ਉਏ ਧਰਮਿਆ ! ਭੈਣ ਦੇਣਿਆ ਕਿੱਡਾ ਤੇਰਾ ਸਰੀਰ ਆ । ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਏਦੂੰ ਚੰਗਾ ਸੀ ਕੰਜਰਾ ! ਤੇਰੇ ਸਰੀਰ 'ਚੋਂ ਮੋਛੇ ਕਰਕੇ ਦੋ ਬੰਦੇ ਬਣ ਜਾਂਦੇ । ਇਕ ਹਲ ਵਾਹਿਆ ਕਰਦਾ ਤੇ ਇਕ ਪੱਠੇ ਪਾਉਂਦਾ । ਰੱਬ ਵੀ ਸਹੁਰੇ ਨੂੰ ਟਕੇ ਦੀ ਅਕਲ ਨੀਂ …" ਤੇ ਸਾਰੇ ਭਰਾਵਾਂ 'ਚੋਂ ਛੋਟਾ ਧਰਮ 'ਘੁੱਦੂ' ਹੀ ਰਹਿ ਗਿਆ ਸੀ । ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਤੇ ਕਿਸੇ ਗੋਡੇ ਦਾ ਡਰ । ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰਦੀ ਹੋਵੇ । ਉਸ ਦੀ ਧੌਣ 'ਤੇ ਇਹ ਕਿਸ ਦਾ ਗੋਡਾ ਸੀ !
ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋ ; ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਓਂ ਆਈ ਸੀ, ਇੱਥੇ ਹੀ ਸੀ– ਘੁੱਦੂ ਨੂੰ ਬਾਲਟੀ ਫੜਾ ਕੇ ਪੱਠਿਆਂ 'ਤੇ ਆਟਾ ਧੂੜਣ ਲੱਗੀ ।
ਘੁੱਦੂ ਮੱਝ ਦੇ ਪਿੰਡੇ 'ਤੇ ਥਾਪੀ ਮਾਰ ਕੇ ਹੇਠਾਂ ਬਹਿ ਗਿਆ ।
" ਹੈਂ ਵੀਰਾ ਵੇਖੇਂ ਨਾ ! ਦੋਵੇਂ ਵੱਡੇ ਭਾਊ ਆਉਣ ਈ ਵਾਲੇ ਨੇ …. ਵੱਡਾ ਭਾਊ ਰਾਤ ਦਾ ਕਰਮ ਸੂੰਹ ਕੋਲ ਅੱਡੇ ਤੇ ਆ ਗਿਆ ਹੋਣਾ …ਵੇਖੇਂ ਨਾ …ਤੂੰ ਜਿਹੜਾ ਸਾਬ੍ਹ ਕਤਾਬ ਬਣਦਾ…ਉਹਨਾਂ ਨਾਲ ਨਬੇੜ ਲੈ …ਵੇਖੇਂ ਨਾ ….ਮਾਂ ਦਾ ਕੱਠ ਵੀ ਕਰਨਾ ਹੋਇਆ …ਉਹਦੇ ਫੁੱਲ ਵੀ ਹਰਦਵਾਰ ਲੈ ਕੇ ਜਾਣੇ ਆਂ …ਸਿਆਣਿਆਂ ਆਖਿਆ ਲੇਖਾ ਮਾਵਾਂ ਧੀਆਂ ਦਾ …ਵੇਖੇਂ ਨਾ …."
ਘੁੱਦੂ ਨੂੰ ਬੜੀ ਖਿਝ ਆਈ ।
"ਇਹ ਆਗੀ ਵੱਡੀ ਬੇਬੇ ਮਿਨੂੰ ਮੱਤਾਂ ਦੇਣ ਵਾਲੀ ।"
ਉਹ ਆਪ ਤੋਂ ਛੋਟੀ ਬਚਨੋ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਗਿਆ, "ਕਲ੍ਹ ਦੀ ਭੂਤਨੀ….."
ਬਚਨੋ ਬੋਲੀ ਜਾ ਰਹੀ ਸੀ, "ਵੇਖੇਂ ਨਾ …ਮੈਨੂੰ ਪਤਾ ਤੇਰਾ ਹੱਥ ਤੰਗ ਆ ….ਪਰ ਇਹ ਕੰਮ ਵੀ ਅਕਸਰ ਕਰਨੇ ਹੋਏ । ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ ….ਤ੍ਹਾਡਾ ਸਰਦੈ….ਤ੍ਹਾਡਾ ਹੱਥ ਖੁੱਲ੍ਹੈ …..ਕੋਈ ਨੀਂ ..ਉਹ ਅੱਗੋਂ ਆਂਹਦੇ ਅਸੀਂ ਖਾਣ ਲਈ ਦਾਣੇ ਈ ਖੜਦੇ ਆਂ ।…ਜ਼ਮੀਨ ਵੀ ਇਹ ਮੁਖਤ 'ਚ ਵਾਹੀ ਜਾਂਦੈ ….ਵੇਖੇਂ ਨਾ ….ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ..ਸਾਰੇ ਮੁਲਖ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੀ ਇਕ ਵਾਰ ਵੀ ਨਹੀਂ ਆਖਿਆ …."
ਘੁੱਦੂ ਜਿਵੇਂ ਗਲ ਵਿਚ ਡੱਕਾ ਦਿੱਤੀ ਬੈਠਾ ਸੀ, ਚੀਕ ਹੀ ਪਿਆ, "ਓ ਤੂੰ ਵੀ ਲੈ ਜਾਹ ਤੇ ਉਹ ਵੀ ਲੈ ਜਾਣ …..ਜ਼ਮੀਨ ਸਹੁਰੀ ਨੇ ਵੜਾ ਮੈਨੂੰ ਕਾਰੂੰ ਪਾਤਸ਼ਾਹ ਬਣਾ 'ਤਾ।"
ਉੱਚੀ ਚੀਕਵੀਂ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ਭੁੜ੍ਹਕ ਪਈ । ਘੁੱਦੂ ਚਿੱਤੜਾਂ ਪਰਨੇ ਡਿੱਗ ਪਿਆ । ਬਚਾਉਂਦਿਆਂ ਵੀ ਥੋੜ੍ਹਾ ਕੁ ਦੁੱਧ ਡੁੱਲ੍ਹ ਹੀ ਗਿਆ । ਉਸ ਉਠ ਕੇ ਫੌੜਾ ਚੁੱਕ ਲਿਆ ਤੇ ਮੱਝ 'ਤੇ 'ਕਾੜ੍ਹ ! ਕਾੜ੍ਹ !!' ਵਰ੍ਹ ਪਿਆ ।
" ਵੇਖੇਂ ਨਾ …ਸਿੱਧਿਆਂ ਨੂੰ ਪੁੱਠਾ ਆਉਂਦੈ …" ਬੁੜਬੁੜਾਉਂਦੀ ਬਚਨੋਂ " ਫੂੰ ਫੂੰ " ਕਰਦੀ ਬਾਲਟੀ ਫੜ ਕੇ ਤੁਰ ਗਈ ।
" ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ ?" ਚੌਂਕੇ 'ਚੋਂ ਉਠ ਕੇ ਘੁੱਦੂ ਦੀ ਪਤਨੀ ਰਤਨੀ ਚੀਕੀ," ਹੋਰਨਾਂ ਦਾ ਸਾੜ ਵਿਚਾਰੇ ਪਸ਼ੂ ਤੇ ਕਿਓਂ ਕੱਢਦਾ ਫਿਰਦਾਂ …."
ਮੱਝ ਡਰ ਕੇ ਖੁਰਲੀ ਦੇ ਇਕ ਬੰਨੇ ਕੰਨ ਖੜੇ ਕਰਕੇ, ਡੈਂਬਰੀਆਂ ਅੱਖਾਂ ਨਾਲ 'ਖਿਮਾ ਯਾਚਨਾ' ਦੀ ਮੁਦਰਾ ਵਿਚ ਖੜੀ ਕੰਬੀ ਜਾ ਰਹੀ ਸੀ ।
ਦੂਰੋਂ ਮੋਟਰ ਸਾਈਕਲ ਦੀ ਆਵਾਜ਼ ਸੁਣਾਈ ਦਿੱਤੀ । ਘੁੱਦੂ ਡੰਗਰਾਂ ਦੀਆਂ ਖੁਰਲੀਆਂ ਵਿਚ ਐਵੇਂ ਹੱਥ ਮਾਰਨ ਲੱਗ ਪਿਆ । ਕੁੱਤਿਆਂ ਦੇ ਭੌਂਕਣ ਦੇ ਨਾਲ –ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰ ਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ । ਰਤਨੀ ਨੇ ਸਿਰ 'ਤੇ ਪੱਲਾ ਲੈਂਦਿਆਂ ਡਿਓਢੀ ਦਾ ਦਰਵਾਜ਼ਾ ਖੋਲ੍ਹਿਆ । ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ । ਉਹਨਾਂ ਮੋਟਰ ਸਾਈਕਲ ਡਿਓਢੀ ਵਿਚੋਂ ਲੰਘਾ ਕੇ ਕੱਚੇ ਵਿਹੜੇ ਵਿਚ ਖੜਾ ਕਰ ਦਿੱਤਾ । ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾਂ ਲਾਹੀਆਂ, ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਉਵਰਕੋਟ ਤੋਂ ਸਿਲ੍ਹ ਨੂੰ ਪੂੰਝਦਾ ਡਿਓਢੀ ਵਿਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ । ਛੋਟੇ ਕਰਮ ਸਿੰਘ ਨੇ ਲੋਈ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੇ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੀ ਵੱਟ ਨਾਲ ਘਸਾਉਂਦਿਆਂ ਬਚਨੋ ਵੱਲ ਮੂੰਹ ਕੀਤਾ "ਘੁੱਦੂ ਕਿਥੇ ਆ ?"
ਬਚਨੋ ਨੇ ਬੁੱਕਲ 'ਚੋਂ ਬਾਂਹ ਕੱਢ ਕੇ ਡੰਗਰਾਂ ਵੱਲ ਕੀਤੀ ; ਜਿਥੇ ਮੋਟਰ ਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਏ ਵਹਿੜਕੇ ਨੂੰ ਘੁੱਦੂ ਫੜ ਰਿਹਾ ਸੀ ।
"ਓ ਆ ਭਈ ਭਲਵਾਨਾ ! ਰਤਾ ਮਸ਼ਵਰਾ ਕਰ ਲੀਏ । ਭਾ ਜੀ ਹੁਰਾਂ ਤੋਂ ਵੀ ਰੋਜ ਰੋਜ ਨੂੰ ਛੁੱਟੀ ਨੀਂ ਆਇਆ ਜਾਂਦਾ ….. ਮੈਨੂੰ ਵੀ ਸੌ ਕੰਮ ਰਹਿੰਦੇ ਨੇ …..ਨਾਲੇ ਬੁੱਢੜੀ ਦੇ ਫੁੱਲ ਜੇ ਤੂੰ ਜਾਣਾ ਤੂੰ ਸਹੀ ….ਤੇ ਜੇ ਮੈਂ ਜਾਣਾਂ ਤਾਂ ਸਹੀ ….ਗੰਗਾ ਪਾ ਆਈਏ …."
" ਆਉਨਾਂ " ਘੁੱਦੂ ਨੇ ਬੇਪ੍ਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿੱਲੇ ਨਾਲ ਬੱਝਾ ਵਹਿੜਕਾ ਦਾ ਰੱਸਾ ਖੋਲ੍ਹਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ, "ਓ ਕਾਕੂ ਮੰਜਾ ਕੱਢ ਕੇ ਬਾਪੂ ਆਵਦੇ ਕੋਲ ਡਿਓਢੀ 'ਚ ਡਾਹ"
ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, "ਕਾਕੂ ਖੁਰਸੀ ਲੈ ਆ" ਤੇ ਉਹ ਸਿੱਧਾ ਹੋ ਕੇ ਇਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ 'ਓਨਾ ਚਿਰ' ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ । ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜ੍ਹੀ ਪਲੋਸਣ ਲੱਗਾ ।
ਸਵਰਨ ਸਿੰਘ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ । ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ 'ਕਮਾਈ' ਕਰਦਾ ਸੀ । ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ । ਇਕੋ ਇਕ ਧੀ ਉਸ ਨੇ ਚੰਗੇ ਘਰ ਵਿਆਹ ਲਈ ਸੀ । ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ । ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ; ਲੈਣ ਦੇਣ ਸੀ; ਮਿਲਵਰਤਣ ਸੀ । ਉਹਦਾ ਇਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ । ਪਿੰਡ ਉਸ ਦਾ ਆਉਣ ਜਾਣ ਘੱਟ ਹੀ ਸੀ । ਜਿਹੜੀ ਦੋ – ਢਾਈ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ, ਉਹ ਘੁੱਦੂ ਹੀ ਵਾਹੁੰਦਾ ਸੀ ਤੇ ਉਹ ਬਕੌਲ ਉਸ ਦੇ, " ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ ।" ਆਪਣੇ ਅੰਗਾਂ – ਸਾਕਾਂ ਤੇ ਯਾਰਾਂ – ਦੋਸਤਾਂ ਵਿਚ ਉਹ ਇਹੋ ਹੀ ਕਹਿੰਦਾ ਕਿ ਉਸ ਨੇ ਜ਼ਮੀਨ ਘੁੱਦੂ ਨੂੰ ਮੁਫ਼ਤ ਹੀ ਦਿੱਤੀ ਹੋਈ ਹੈ ।
ਕਾਕੂ ਕੁਰਸੀ ਲੈ ਆਇਆ । ਲੋਹੇ ਦੀ ਇਹ ਇਕੋ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ । "ਪੁੱਤ ! ਖੁਰਸੀ ਤੇ ਕੱਪੜਾ ਫੇਰ ਲੈ ਜ਼ਰਾ " ਬੁੱਢੜੇ ਬਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ, ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ 'ਤੇ ਲਪੇਟਣ ਲੱਗਾ । ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਝ ਹੀ ਹੁੰਦੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ । ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ; ਜਿਹੜੀ ਡਾਢੀ ਸਾਫ਼ ਵਧੀਆ ਤੇ ਚੀਕਣੀ ਹੋਵੇ । ਜਿਸਦੇ ਖ਼ਬਰੇ ਗੁੱਡੀਆਂ ਤੇ ਬਾਵੇ ਬਣਦੇ ਹਨ । ਸਵਰਨ ਦੇ ਰਹਿਣ ਸਹਿਣ ਤੇ ਉਸ ਦੀ ਪੋਚਾ – ਪੋਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖੁਰਦਰਾ ਜਿਹਾ ਮਹਿਸੂਸ ਕਰਦਾ । ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ ਵਿਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ । ਉਸ ਨੂੰ ਲੱਗਦਾ, ਜਿਵੇਂ ਉਹਦੇ ਪੈਰ ਉਸ ਘਰ ਵਿਚ ਠੀਕ ਤਰ੍ਹਾਂ ਨਾ ਉਠ ਰਹੇ ਹੋਣ । ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਉਹਨੂੰ ਜਿਵੇਂ ਘੂਰ ਘੂਰ ਵੇਖਦੇ ਹੋਣ । ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ ਵਿਚ ਛੱਡ ਆਇਆ ਹੋਵੇ ।
ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ । ਬਿਸ਼ਨ ਸਿੰਘ ਸਵਰਨ ਨੂੰ ਇਕ – ਵਚਨ ਜਾਂ ਬਹੁ – ਵਚਨ ਵਿਚ ਸੰਬੋਧਨ ਕਰਨ ਦੀ ਦੋ -ਚਿੱਤੀ ਵਿਚ ਹੀ ਸੀ ਕਿ ਸਵਰਨ ਕੁਰਸੀ 'ਤੇ ਬੈਠ ਗਿਆ ।
ਅਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ 'ਚ ਡਾਢਾ ਕੱਚਾ ਜਿਹਾ ਹੁੰਦਾ । ਉਹਦਾ ਆਪਣਾ ਆਪ ਹੁੰਗਾਰਾ ਉਠਦਾ, '"ਇਹ ਕਿਹੜਾ ਵੈਸਰਾਏ ਦਾ ਬੀ ਐ ਮੇਰਾ ਮੁੰਡਾ ਈ ਐ …ਮੈਂ ਕਿਓਂ …?"
ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਓਢੀ ਵਿਚ ਲੈ ਆਇਆ । ਉਹ ਘੁੱਦੂ ਤੋਂ ਦੋ ਸਾਲ ਵੱਡਾ ਸੀ । ਪੜ੍ਹਾਈ ਵਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ ਇਕ । ਉਹ ਸੰਤੀ ਮਹਿਰੀ ਦੇ ਬਾਲਣ ਵਿਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿਦੋ – ਖੂੰਡੀ ਖੇਡਣ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇਂ ਬਸਤਾ ਚੁੱਕ ਘਰ ਜਾ ਵੜਦਾ । ਛੋਟਾ ਹੋਣ ਕਰਕੇ ਘੁੱਦੂ ਉਹਦੇ ਨਾਲ ਰਹਿੰਦਾ । ਇੱਕਠੇ ਹੀ ਉਹ ਸਕੂਲ ਗਏ ਤੇ ਇੱਕਠੇ ਹੀ ਪੜ੍ਹਾਈ ਛੱਡ ਕੇ ਉਹ ਘਰ ਦੇ ਕੰਮ ਵਿਚ ਪਿਓ ਦੀ ਮਦਦ ਕਰਾਉਣ ਲੱਗ ਪਏ ।
ਜਵਾਨੀ ਚੜ੍ਹਦਿਆਂ ਹੀ ਕਰਮਾ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਘੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁਲ੍ਹਾ ਹੋਣ ਕਰਕੇ ਭਲਵਾਨੀ । ਕਰਮੇ ਦਾ ਪਾਂਡੀ ਹੋਣਾ ਤਾਂ ਸੁਕਾਰਥੇ ਆਇਆ । ਹੌਲੀ ਹੌਲੀ ਉਹਨੇ ਬਲੈਕ ਦੇ ਮਾਲ ਵਿਚ ਆਪਣਾ ਹਿੱਸਾ – ਪੱਤੀ ਰੱਖਣਾ ਸ਼ੁਰੂ ਕਰ ਦਿੱਤਾ । ਅੱਜ ਹੋਰ – ਕੱਲ੍ਹ ਹੋਰ । – ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌੰਕ ਵਿਚ ਆਪਣਾ ਮਕਾਨ ਬਣਵਾ ਕੇ ਠਾਠ ਨਾਲ ਰਹਿ ਰਿਹਾ ਸੀ । ਡੇਅਰੀ ਤੇ ਮੁਰਗੀ- ਖਾਨਾ ਖੋਲ੍ਹ ਰੱਖਿਆ ਸੀ । ਉਹਦੇ ਘਰ ਪੂਰੀ ਲਹਿਰ ਬਹਿਰ ਸੀ ।
ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਘੁੱਦੂ ਦਾ ਘੁੱਦੂ ਹੀ ਰਹਿ ਗਿਆ ਸੀ । ਪਿਓ ਵਾਲੀ ਹਲ ਤੇ ਜੰਘੀ ਉਸ ਦੇ ਹੱਥ ਵਿਚ ਸੀ । ਬਾਬੇ 'ਝਰਲ' ਨੇ ਭਾਵੇਂ ਮਖੌਲ ਵਿਚ ਹੀ ਉਹਦੇ ਦੋ ਬੰਦੇ ਬਣ ਜਾਣ, ਇਕ ਦੇ ਹਲ ਵਾਹੁਣ ਦੂਜੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ – ਪਰ ਘੁੱਦੂ ਸੱਚੀਂ ਹੀ ਵਾਹੀ ਵਿਚ ਦੂਣੇ ਜ਼ੋਰ ਨਾਲ ਲੱਗਾ ਰਿਹਾ ਸੀ । ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ ਵਿਚ ਡਰ ਕੇ ਭੱਜਣ ਵਾਲਿਆਂ ਵਾਂਗ, ਉਸ ਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾਂ ਹੀ ਨਹੀਂ ਸੀ ਲੈਂਦਾ । ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾਂਹ ਖਿੱਚੀ ਲਿਜਾ ਰਹੀ ਸੀ ।
ਵਹਿੜਕੇ ਦਾ ਕਿੱਲਾ ਗੱਡਦਿਆਂ ਘੁੱਦੂ ਜਿਓਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ ਵਿਚ ਵੱਜੀ ਹੋਵੇ ਅਤੇ ਉਹ ਹਰ ਸੱਟ ਨਾਲ ਹੀ ਧਰਤੀ ਦੇ ਅੰਦਰ ਨਿਘੱਰਦਾ ਜਾ ਰਿਹਾ ਹੋਵੇ । ਮਨ ਹੀ ਮਨ ਉਹ ਦੋਹਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਜਲਾ ਉਠਿਆ ਤੇ ਤੀਜੀ ਭੈਣ ਬਚਨੋ ! ….ਉਫ ! ਇਹ ਕੇਹੇ ਰਿਸ਼ਤੇ ਸਨ ।
ਵੱਡੇ ਤੇ ਉਸ ਨੂੰ ਖਿਝ ਸੀ ਕਿ ਉਹ ਅੰਗਾ – ਸਾਕਾਂ ਦੇ ਸਾਹਮਣੇ ਉਹ ਘੁੱਦੂ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ । ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਝ ਕਹਿੰਦਾ ਸੀ; ਜਿਵੇਂ ਘੁੱਦੂ ਨੂੰ ਦਾਨ ਕਰ ਦਿੱਤੀ ਹੋਵੇ । ਜ਼ਮੀਨ ਘੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ ਜਾਂ ਛੱਡਿਆਂ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ । ਪਰ ਏਦਾਂ 'ਮੁਫਤ ਦੇ ਅਹਿਸਾਨ' ਹੇਠਾਂ ਉਸ ਤੋਂ ਦੱਬਿਆਂ ਵੀ ਨਹੀਂ ਸੀ ਜਾਂਦਾ । ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ; ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਘੁੱਦੂ ਦੇ ਹੱਥਾਂ ਵਿਚ ਬਰਕਤ ਨਹੀਂ । ਉਹਨੂੰ ਹਿੱਸੇ ਵਿਚੋਂ ਕੁਝ ਨਹੀਂ ਬਚਦਾ । ਅਜੇ ਕਲ੍ਹ ਮਾਂ ਦੇ ਫੁੱਲ ਚੁਣਦਿਆਂ ਉਹ ਆਪਣੇ ਭਣਵੱਈਏ ਨੂੰ ਕਹਿ ਰਿਹਾ ਸੀ," ਭਾਈਆ ! ਐਤਕੀਂ ਮੇਰੀ ਸਲਾਹ ਏ ਪਿੰਡ ਆਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਨਾ ਬੀਜ ਛੱਡਾਂ ? ਇਸ 'ਚੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨ੍ਹੀ ।"
"ਮਾੜੀ ਗੱਲ ਨ੍ਹੀਂ …ਮਾੜੀ ਗੱਲ ਨੀਂ …ਚੰਗਾ ਰਹੇਗਾ …" ਬਚਨੋਂ ਦੇ ਘਰ ਵਾਲਾ ਬੋਲਿਆ ਸੀ ।
ਘੁੱਦੂ ਨੂੰ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਹਨ । ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ । ਬੋਲਿਆ ਕੁਝ ਨਹੀਂ । ਜ਼ਮੀਨ ਤਾਂ ਅੱਗੇ ਹੀ ਥੋੜ੍ਹੀ ਸੀ; ਜੋ ਇਹ ਦੋ ਕਿੱਲੇ ਵੀ ਹੱਲ ਹੇਠੋਂ ਨਿਕਲ ਗਈ ? ਉਸ ਨੂੰ ਫਿਕਰ ਸੀ ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ । ਲਾ ਪਾ ਕੇ ਵਿਚਲਾ ਬੰਦਾ ਭੈਣ – ਭਣਵੱਈਆ ਸੀ ਜਾਂ ਪਿਓ; ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ । ਉਹਨਾਂ ਦੀ ਮੱਦਦ ਮੰਗ ਸਕਦਾ ਸੀ । ਪਰ ਭਣਵੱਈਆ ਤਾਂ ਉਸ ਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ । ਤੇ ਭੈਣ ਬਚਨੋਂ ਨੇ ਉਸ ਦੀ ਮੱਦਦ ਕੀ ਕਰਨੀ ਸੀ । ਉਸ ਨੂੰ ਤਾਂ ਅੱਗੇ ਹੀ ਇਤਰਾਜ਼ ਰਹਿੰਦਾ ਸੀ ਕਿ ਵੱਡੇ ਭਰਾ – ਭਰਜਾਈ ਉਸ ਨਾਲ ਚੰਗਾ ਵਰਤਦੇ ਸਨ । ਉਸ ਨਾਲ ਦੁੱਖ – ਸੁੱਖ ਵੰਡਾਉਣ ਆਉਂਦੇ ਜਾਂਦੇ ਸਨ । ਔਖੇ ਸੌਖੇ ਵੇਲੇ ਕੰਮ ਵੀ ਆਉਂਦੇ ਸਨ । ਸਾਲ ਛਿਮਾਹੀ ਸੂਟ ਵੀ ਬਣਾ ਦਿੰਦੇ ਸਨ । ਪਰ ਘੁੱਦੂ ਸੀ ਔਖੇ ਵੇਲੇ ਤਾਂ ਮੱਦਦ ਤਾਂ ਕੀ ਕਰਨੀ ਸੀ ਉਹਨੂੰ ਮਿਲਣ ਤਾਂ ਕੀ ਜਾਣਾ ! ਜੇ ਕਿਧਰੇ ਸਾਲ ਛਿਮਾਹੀ ਉਹਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ: "ਹਾਇਆ ! ਏਨਾ ਨਮੋਹਾ ! ….ਮੁੰਡਾ ਹੋਣ ਤੇ ਉਹੋ ਜਿਹੜੇ ਚਾਰ ਪਰੋਲੇ ਜਿਹੇ ਦਿੱਤੇ ਸੀ ਬੱਸ ….ਮੇਰੀ ਜ਼ਬਾਨ ਸੜ ਜੇ, ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿਲੜ ਹੀ ਹੱਥ ਤੇ ਰੱਖਿਆ ਹੋਵੇ । ਵੇਖੋ ਨਾ …ਅਸੀਂ ਕਿਤੇ ਇਹਦੇ ਪੈਸੇ ਲੀੜਿਆਂ ਤੇ ਤਾਂ ਨੀਂ ਬੈਠੇ …ਪਰ ਫਿਰ ਵੀ ਭੈਣ – ਭਰਾ ਦਾ ਹੰਮਾ ਹੁੰਦਾ …ਵੇਖੇਂ ਨਾ ….'ਤੇ ਉਹ ਅੱਖਾਂ ਤੇ ਚੁੰਨੀ ਫੇਰਨ ਲੱਗ ਪੈਂਦੀ ।
ਘੁੱਦੂ ਬਚਨੋਂ 'ਤੇ ਅੰਦਰੋਂ ਅੰਦਰ ਭੁੱਜਿਆ ਪਿਆ ਸੀ । ਉਸ ਦਿਨ ਮਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ । ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ । ਇਕ ਪਲ ਉਹਨੂੰ ਮਾਂ ਤੇ ਖਿਝ ਵੀ ਆਈ । ਪਰ ਫਿਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੂੰਘੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ ਵਿਚ ਭਿੱਜ ਗਿਆ । ਇਕੋ ਮਾਂ ਹੀ ਸੀ, ਜਿਸ ਨੇ ਉਹਨੂੰ ਅੰਤਾਂ ਦਾ ਪਿਆਰ ਕੀਤਾ ਸੀ । ਸਦਾ ਉਹਦੇ ਹੱਕ ਵਿਚ ਡੱਟ ਕੇ ਬੋਲੀ ਸੀ । ਜਿਹੜੀ ਗੱਲ, ਜਿਹੜੀ ਭਾਸ਼ਾ ਵਿਚ ਜਿੰਨੇ ਜ਼ੋਰ ਉਹ ਕਹਿਣਾ ਚਾਹੁੰਦਾ ਹੁੰਦਾ, ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿਚ ਕਿਹਾ ਕਰਦੀ । ਉਹੋ ਹੀ ਸੀ; ਜਿਹੜੀ ਘੁੱਦੂ ਬਾਰੇ ਕਹਿੰਦੀ ਸੀ, " ਇਹ ਤਾਂ ਮੇਰਾ ਲੋਲ੍ਹੜ ਪੁੱਤ ਏ, ਭੋਲਾ ਭਾਲਾ, ਸ਼ਿਵਾਂ ਵਰਗਾ ..ਤੁਸੀਂ ਤਾਂ ਸਭ ਕਾਂਟੇ ਓ …."
ਘੁੱਦੂ ਨੂੰ ਅਫ਼ਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ । ਸਾਰੀ ਉਮਰ ਮਾਂ ਉਹਦੇ ਕੋਲ ਰਹੀ ਪਰ ਮਰਨ ਸਮੇਂ ਉਸ ਕੋਲੋਂ ਚਲੀ ਗਈ । ਦੋ ਮਹੀਨੇ ਹੋਏ ਉਸ ਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ ।
ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਸ ਨੂੰ ਵੱਡੇ ਹਸਪਤਾਲ ਵਿਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ ।
ਲਗਪਗ ਡੇਢ ਮਹੀਨਾ ਇਲਾਜ ਚਲਦਾ ਰਿਹਾ, ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬੀਮਾਰੀ ਦੀ ਮਾਰ ਨਾ ਝੱਲ ਸਕਿਆ ।
ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ । ਜਿਹੜਾ ਉਸ ਦੀਆਂ ਔਖਿਆਈਆਂ ਨੂੰ ਸਮਝਦਾ ਸੀ । ਉਸ ਦੀ ਤੰਗੀ, ਜਿਸ ਦੀ ਆਪਣੀ ਤੰਗੀ ਸੀ । ਉਸ ਨੇ ਆਪ ਜੁ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ । ਪਰ ਉਹ ਵਿਚਾਰਾ ਏਨਾ ਨਿਰਮਾਣ ਤੇ ਦੱਬੂ ਜੱਟ ਸੀ ਜਾਂ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਬ੍ਹਾ ਉਸ ਤੇ ਕੁਝ ਇੰਝ ਬੈਠਾ ਸੀ ਕਿ ਉਹ ਉਭਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਹੀ ਨਹੀਂ ਸਕਦਾ ।
" ਓ ਆ ਮਾਂ ਦਿਆ ਸ਼ਿਵ ਜੀ ! ……ਹੈਥੇ ਕਿੱਲੇ ਨੂੰ ਈ ਠੱਕ ਠੱਕ ਕਰੀ ਜਾਨੈਂ …ਅਸੀਂ ਹੋਰ ਵੀ ਕੰਮ ਕਰਨੈਂ……." ਕਰਮ ਸਿੰਘ ਨੇ ਘੁੱਦੂ ਨੂੰ ਆਵਾਜ਼ ਮਾਰੀ ।
ਘੁੱਦੂ ਮਿੱਟੀ ਨਾਲ ਲਿੱਬੜੇ ਹੱਥ ਤੇੜ ਦੀ ਚਾਦਰ ਨਾਲ ਪੂੰਝਦਾ ਉਠ ਖੜ੍ਹਾ ਹੋਇਆ ਤੇ ਹੌਲੀ ਹੌਲੀ ਤੁਰਦਾ ਡਿਓਢੀ ਵਿਚ ਆਣ ਕੇ ਉਨ੍ਹਾਂ ਕੋਲ ਖੜ੍ਹਾ ਹੋ ਗਿਆ ।
"ਬਹਿ ਜਾ", ਕਰਮ ਸਿੰਘ ਨੇ ਘੁੱਦੂ ਨੂੰ ਮੰਜੇ ਤੇ ਬੈਠ ਜਾਣ ਲਈ ਇਸ਼ਾਰਾ ਕੀਤਾ । ਬਚਨੋਂ ਵੀ ਬੁੱਕਲ ਸਵਾਰਦੀ ਪਿਓ ਦੀ ਪੁਆਂਦੀ ਆ ਬੈਠੀ ।
" ਬਜ਼ੁਰਗਾ ! ਭਾ ਜੀ ਰਾਤੀਂ ਮੇਰੇ ਕੋਲ ਆਗੇ ਸੀ । ਅਸੀਂ ਤਾ ਤ੍ਹਾਡੇ ਨਾਲ ਮਸ਼ਵਰਾ ਕਰਨ ਆਏ ਆਂ……"
"ਕਰੋ ਪੀ ਮਸ਼ਵਰਾ …ਜਿਹੜਾ ਕਰਨਾ …ਕੀ ਗੱਲ ਐ …" ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜ੍ਹੀ ਖੁਰਕੀ ।
" ਵੇਖ ਸਲਾਹ ਨਾਲ ਰਲਕੇ –ਆਪੋਂ ਵਿਚ ਅਸੀਂ ਜਿਹੜੀ ਗੱਲ ਕਰਾਂਗੇ …ਉਹਦੇ ਨਾਲ ਦੀ ਰੀਸ ਨੀਂ ….." ਕਰਮ ਸਿੰਘ ਇਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ ।
ਫਿਰ ਖੰਘੂਰਾ ਮਾਰ ਕੇ ਬੋਲਿਆ, " ਗੱਲ ਤਾਂ ਇਹ ਹੈ ਕਿ ਮਾਂ ਦਾ ਕੱਠ ਕਰਨਾ ਗੱਜ ਵੱਜ ਕੇ ….ਸਾਰੇ ਅੰਗ – ਸਾਕ ਸੱਦਣੇ ਨੇ …ਬੁੱਢੜੀ ਕਰਮਾਂ ਆਲੀ ….ਦੋਹਤਿਆਂ ਪੋਤਿਆਂ ਵਾਲੀ ਹੋ ਕੇ …ਉਮਰ ਭੋਗ ਕੇ ਗਈ ਆ ….ਉਹਨੂੰ ਵੱਡਿਆਂ ਕਰਨਾ ….ਹੈਂ ਕੀ ਸਲਾਹ ਐ ?"
"ਪੁੱਤ ! ਮੇਰੀ ਸਲਾਹ ਕੀ ਹੋਣੀ ਐ ….ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ …" ਬਿਸ਼ਨ ਸਿੰਘ ਦੀ ਟੁੱਟਵੀਂ ਆਵਾਜ਼ ਸੀ ।
"ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਐ …ਇਹ ਮੰਨਦਾ ਨੀਂ …" ਸਵਰਨ ਸਿੰਘ ਨੇ ਰਾਇ ਦਿੱਤੀ ।
"ਓ ਭਾ ਜੀ ! ਭਾਈਚਾਰਾ ਕੀ ਆਖੂ ! ਚੰਗੇ ਭਲੇ ਪੁੱਤ ਕਮਾਉਂਦੇ …ਪੈਸੇ ਵਾਲੇ …. ਕੀ ਮਰੀ ਪੈਗੀ …ਤੁਹਾਡੇ ਪੜ੍ਹਿਆਂ ਲਿਖਿਆਂ ਲਈ ਹਊ ਫਜੂਲ ਖਰਚੀ ….ਨਾਲੇ ਤੁਹਾਨੂੰ ਕੀ …ਤੁਸੀਂ ਤਾਂ ਸ਼ਹਿਰ ਰਹਿਣਾ । ਏਥੇ ਮਿਹਣੇ ਤਾਂ ਸਾਨੂੰ ਵੱਜਣੇ ਨੇ …."ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋ ਉਹਦੀ ਗੱਲ ਟੁੱਕ ਕੇ ਬੋਲ ਪਈ:
"…ਹਾਹੋ ਨਹੀਂ ਨਹੀਂ ਭਾ ਜੀ, ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਓ …" ਬਚਨੋ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ, " ਭਾਊ ਕਰਮ ਸਿੰਘ ਠੀਕ ਆਂਹਦਾ ਏ ….ਉਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਹੋਣੇ ਨੇ …ਮੈਨੂੰ ਤਾਂ ਦਰਾਣੀਆਂ ਜੇਠਾਣੀਆਂ ਛਿੱਬੀਆਂ ਦੇ ਦੇ ਮਾਰ ਛੱਡਣਾ …."
ਘੁੱਦੂ ਨੂੰ ਪਤਾ ਸੀ; ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੋ ਰਹੀ ਸੀ । ਉਸ ਦਾ ਜੀਅ ਕੀਤਾ ਬਚਨੋਂ ਦੇ ਵੱਟ ਕੇ ਚੁਪੇੜ ਮਾਰੇ । ਸਵਰਨ ਸਿੰਘ ਠੀਕ ਕਹਿ ਰਿਹਾ ਸੀ ਕਿ ਇਹ ਫ਼ਜ਼ੂਲ ਖਰਚੀ ਹੈ । ਘੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ "ਵੇਖੋ ਭਾਈ ! ਮੈਂ ਪਿੱਛੇ ਤਾਂ ਨਹੀਂ ਹਟਦਾ । ਜਿੰਨਾ ਖ਼ਰਚ ਮੇਰੇ ਹਿੱਸੇ ਆਉਂਦਾ, ਦੱਸ ਦਿਓ ਅਟਾ ਸਟਾ …ਪਰ ਮੇਰਾ …" ਸਵਰਨ ਸਿੰਘ ਬੋਲਿਆ ।
ਘੁੱਦੂ ਨੂੰ ਆਸ ਸੀ ਕਿ ਸਵਰਨ ਸਿੰਘ ਇਸ ਦੇ ਵਿਰੋਧ ਵਿਚ ਡਟੇਗਾ । ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਸੋਚਾਂ ਤੇ ਫ਼ਿਕਰਾਂ ਦੇ ਖੂਹ ਵਿਚ ਧੜੰਮ ਡਿੱਗ ਪਿਆ । ਉਹ ਧੁਖ ਰਿਹਾ ਸੀ ਤੇ ਉਹਦੇ ਅੰਦਰ ਹੀ ਅੰਦਰ ਧੂਆਂ ਇੱਕਠਾ ਹੋ ਰਿਹਾ ਸੀ ।
"ਪੰਜ ਸੱਤ ਹਜ਼ਾਰ ਤਾਂ ਸਹਿਜੇ ਲੱਗ ਜੁ । ਨਾਲੇ ਭਾਜੀ ਹੁਰੀਂ ਕਹਿੰਦੇ ਆ, ਸਤਾਈ ਸੌ ਰੁਪੈਆ ਮਾਂ ਦੀ ਬੀਮਾਰੀ ਤੇ ਇਹਨਾ ਖਰਚ ਕੀਤਾ । ਆਪਾਂ ਤਿੰਨਾਂ ਨੂੰ ਨੌ ਨੌ ਸੌ ਆਉਂਦਾ…." ਕਰਮ ਸਿੰਘ ਸਾਰੇ ਖ਼ਰਚ ਦਾ ਵਿਸਥਾਰ ਦੱਸ ਰਿਹਾ ਸੀ ।
ਮਾਂ ਦੀ ਬੀਮਾਰੀ ਦਾ ਖ਼ਰਚ ਵੰਡੇ ਜਾਣ ਦੀ ਗੱਲ ਸੁਣ ਘੁੱਦੂ ਨੂੰ ਧੱਕਾ ਲੱਗਾ । ਉਹ ਦੰਦਾ ਵਿਚ ਬੁੱਲ੍ਹ ਟੁੱਕਣ ਲੱਗਾ । ਉਹਨੂੰ ਸੁੱਝ ਨਹੀਂ ਸੀ ਰਹੀ, ਕੀ ਕਹੇ – ਕੀ ਨਾ ਕਹੇ ?
" ਮਾਂ ਦੀ ਬੀਮਾਰੀ ਤੇ ਖ਼ਰਚ ਕਰਤਾ । ਫਿਰ ਕੀ ਐ ? ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ ।" ਬਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਹੀ ਦਿੱਤੀ ।
"ਲੈ ਵੇਖੇਂ ਨਾ ਬਾਪੂ….ਆਹ ਰਈ ਨ੍ਹੀ ਠੀਕ … ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗਲੱਮ ਵੀ ਤਾਂ ਇਹਦਾ ਈ ਕਰਦੀ ਰਹੀ ਐ । ਇਹਦੇ ਨਿਆਣੇ ਸਾਂਭੇ, ਗੂੰਹ ਮੂਤ ਧੋਤਾ …" ਬਚਨੋਂ ਬੁੱਕਲ 'ਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਗੱਲਾਂ ਕਰ ਰਹੀ ਸੀ," ਵੇਖੋ ਨਾ ਮਾਂ ਪਿਓ ਦੇ ਹਿੱਸੇ ਦੀ ਜੈਦਾਦ ਵੀ ਤਾਂ ਫਿਰ ਇਹੋ ਖਾਂਦਾ ਸੀ …" " …ਤੂੰ ਤੂੰ ਚੁੱਪ ਵੀ ਕਰ । ਵੱਡੀ ਵਕੀਲਣੀ ਆ 'ਗੀ ।" ਘੁੱਦੂ ਚਮਕ ਕੇ ਪਿਆ ।
ਉਹਦੀਆਂ ਨਾਸਾਂ ਫ਼ਰਕ ਰਹੀਆਂ ਸਨ । ਏਨੀ ਠੰਡ ਵਿਚ ਵੀ ਉਹਦਾ ਮੱਥਾ ਭੱਖ ਰਿਹਾ ਸੀ ।
" ਲੈ … ਮੈਂ ਨ੍ਹੀ ਬਹਿੰਦੀ ਵੇਖੇਂ ਨਾ ਇਹਨੂੰ ਤਾਂ ਮੈਂ ਜ਼ਹਿਰ ਲੱਗਦੀ ਆਂ ਨਿਰ੍ਹੀ ..ਵੇਖੇਂ ਨਾ ..ਲੈ ਮੈਂ ਨ੍ਹੀ ਬਹਿੰਦੀ …" ਬਚਨੋਂ ਹੱਥ ਮਾਰਦੀ ਗੁੱਸੇ ਵਿਚ ਉਬਲਦੀ ਤੁਰ ਗਈ ।
ਤਣਾਓ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਕਿ ਬਚਨੋਂ ਮੂੰਹ ਭੁਆਂ ਕੇ ਫਿਰ ਬੋਲ ਪਈ ।
"ਵੇਖੇਂ ਨਾ ….ਮੇਰਾ ਹਿੱਸਾ ਵੀ ਆ ਜ਼ਮੀਨ 'ਚ …ਤੂੰ ਬਹੁਤਾ ਆਇਆਂ ….ਵਕੀਲਿਨੀ ਤਾਂ ਵਕੀਲਿਨੀ ਸਹੀ …"
"ਚੱਲੋ ਛੱਡੋ ! ਬਾਕੀ ਗੱਲਾਂ ਫਿਰ ਕਰ ਲਾਂਗੇ ….ਸ਼ਾਂਤ ਹੋਵੋ …" ਤੇ ਕਰਮ ਸਿੰਘ ਐਤਕੀਂ ਸਿੱਧਾ ਘੁੱਦੂ ਨੂੰ ਸੰਬੋਧਨ ਹੋਇਆ, " ਭਾਜੀ ਕੋਲ ਟੈਮ ਨ੍ਹੀ …ਬੁਢੱੜੀ ਦੇ ਫੁੱਲ ਦੱਸ ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ …"
ਦੋ ਮਿੰਟ ਘੁੱਦੂ ਚੁੱਪ ਕਰਕੇ ਬੈਠਾ ਰਿਹਾ । ਉਹਦੇ ਅੰਦਰ ਅਨੇਕਾਂ ਵਿਚਾਰ ਇਕ ਦੂਸਰੇ ਨੂੰ ਲਿਤਾੜਦੇ ਹੋਏ, ਕੱਟ – ਵੱਢ ਕੇ ਭੱਜੇ ਜਾ ਰਹੇ ਸਨ ।
ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਸੀ । ਉਹ ਸੁੰਨ ਹੋਇਆ ਗੁੰਮ ਸੁੰਮ ਬੈਠਾ ਰਿਹਾ । ਤੇ ਫਿਰ ਜਿਵੇਂ ਉਹਦਾ ਧੁਖਦਾ ਅੰਦਰ ਮੱਚ ਪਿਆ ਹੋਵੇ । ਉਹ ਇਕ ਦਮ ਉਠ ਕੇ ਖੜੋ ਗਿਆ ।
"ਵੇਖੋ ਜੀ ! ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨ੍ਹੀ….ਆਪਾਂ ਆਂ ਮਰੜੇ….ਆਪਣੇ ਤੋਂ ਤਾਂ ਅਜੇ ਨ੍ਹੀ ਜੇ ਇਹ ਗੰਗਾ ਗੁੰਗਾ ਪੁੱਗਦੀਆਂ …।" ਉਹ ਪਲ ਭਰ ਲਈ ਰੁਕਿਆ । ਸੰਘ ' ਚ ਰੁਕਿਆ ਥੁੱਕ ਝਟਕ ਕੇ ਬੋਲਿਆ," ਜੇ ਬਹੁਤੀ ਗੱਲ ਐ …ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ …ਤੇ ਐਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਓਂਦਾ ਜਾਗਦਾ …" ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ – "ਇਹਦੇ ਮੈਂ 'ਕੱਲਾ ਈ ਗੰਗਾ ਪਾ ਆਊਂ …"
ਤਿੰਨੇ ਪਿਓ – ਪੁੱਤ ਹੈਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ । ਪਰ ਉਹ ਰੁਕਿਆ ਨਹੀਂ ।
"…ਸੱਚੀ ਗੱਲ ਆ …ਅਜੇ ਆਪਣੀ ਪੁੱਜਤ ਨ੍ਹੀ …ਤੇ ਜੇ ਇਹ ਸੌਦਾ ਵੀ ਨ੍ਹੀ ਮਨਜ਼ੂਰ ਤਾਂ ਸਰਦਾਰ ਜੀ …ਔਹ ਕਿੱਲੀ ' ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ …ਜਦੋਂ ਮੇਰੀ ਪਹੁੰਚ ਪਈ …ਮੈਂ ਆਪੇ ਪਾ ਆਊਂ …"
ਤੇ ਉਹ ਉਹਨਾਂ ਦੇ ਵਿਹੰਦਿਆਂ ਵਿਹੰਦਿਆਂ ਮੂੰਹ ਘੁੱਟ ਕੇ ਅੰਦਰ ਤੁਰ ਗਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ