Aahat (Punjabi Story) : Bachint Kaur

ਆਹਟ (ਕਹਾਣੀ) : ਬਚਿੰਤ ਕੌਰ

ਰਾਤ ਦੇ ਬਾਰਾਂ ਵੱਜ ਚੁੱਕੇ ਸਨ ਜਦੋਂ ਬਾਹਰੋਂ ਕਿਸੇ ਸਾਈਕਲ ਦੇ ਟੁੱਟੇ ਹੋਏ ਪੈਡਲਾਂ ਦੀ ਆਵਾਜ਼ ਜੀਤ ਨੂੰ ਸੁਣਾਈ ਦਿਤੀ।
ਇਸ ਦੇ ਨਾਲ ਹੀ ਜੀਤ ਦੇ ਚਿੰਤਾ ‘ਚ ਧੜ੍ਹਕ ਰਹੇ ਦਿਲ ਵਿਚ ਇਕ ਬਿਜਲੀ ਜਿਹੀ ਦੌੜ ਗਈ। ਉਹ ਸਮਝ ਗਈ ਕਿ ਉਸ ਦੇ ਪਤੀ ਦੇਵ ਆ ਗਏ ਹਨ।
"ਹੁਣ ਆ ਵੜੇ ਅੱਧੀ ਰਾਤ ਨੂੰ!" ਉਸ ਨੇ ਮਨ ਹੀ ਮਨ ਬੁੜਬੁੜਾਉਂਦਿਆਂ ਦਰਵਾਜ਼ੇ ਦੀ ਕੁੰਡੀ ਖੋਲ੍ਹ ਦਿਤੀ। ਉਸ ਦੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਬਾਹਰ ਵਿਹੜੇ ਵਿਚ ਤਾਂ ਕੋਈ ਵੀ ਨਹੀਂ ਸੀ, ਨਾ ਸਾਈਕਲ, ਨਾ ਸਾਈਕਲ ਵਾਲਾ।
ਜੀਤ ਨੇ ਡਰਦਿਆਂ ਡਰਦਿਆਂ ਵਿਹੜੇ ਤੋਂ ਬਾਹਰ ਗਲੀ ਵਿਚ ਦੇਖਿਆ ਤਾਂ ਇਕ ਗਊ ਵਿਹੜੇ ਦੀ ਕੰਧ ਉਪਰੋਂ ਸੁੱਕੀ ਹੋਈ ਤੋਰੀ ਦੀ ਵੇਲ ਨੂੰ ਖਿੱਚ ਰਹੀ ਸੀ। ਇਸੇ ਵੇਲ ਦੇ ਸੁੱਕੇ ਪੱਤਿਆਂ ਦੀ ਆਵਾਜ਼ ਹੀ ਸਾਈਕਲ ਦੀ ਆਵਾਜ਼ ਲੱਗੀ ਸੀ।
ਜੀਤ ਇਕ ਅਜੀਬ ਸੋਚ ਲਈ ਅੰਦਰ ਆਈ ਅਤੇ ਬੱਚਿਆਂ ਵਾਲੇ ਮੰਜੇ ਉਤੇ ਬੈਠ ਗਈ ਜਿਥੇ ਗੋਗੀ ਅਤੇ ਰਾਜੂ ਘੂਕ ਸੁੱਤੇ ਪਏ ਸਨ। ਉਸ ਨੇ ਪਲ ਦੀ ਪਲ ਭੋਲੇ ਭਾਲੇ ਚਿਹਰਿਆਂ ਨੂੰ ਚੁੰਮਿਆ। ਉਸ ਨੂੰ ਲਗਿਆ, ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਪੂਰਨਮਾਸ਼ੀ ਦਾ ਚਿੱਟਾ ਦੁੱਧ ਚੰਨ ਲੈ ਕੇ ਆਈ ਹੋਵੇ।
ਜਿਉਂ ਹੀ ਜੀਤ ਨੇ ਗੋਗੀ ਦਾ ਗੋਰਾ ਚਿੱਟਾ ਮੱਥਾ ਚੁੰਮਿਆ, ਝੱਟ ਗੋਗੀ, ਜੋ ਅਜੇ ਦੋ ਕੁ ਸਾਲ ਦੀ ਸੀ, ਨੀਂਦ ਵਿਚ ਬੁੜਬੜਾਈ:
"ਝਾਈ ਤੇਲਾ ਲਊਂਗੀ, ਤੇਲਾ ਲੈਣਾ ਏਂ, ਪੈਛੇ ਦੇ ਝਾਈ!"
ਗੋਗੀ ਦੇ ਇਨ੍ਹਾਂ ਸ਼ਬਦਾਂ ਨੇ ਜੀਤ ਦੇ ਦਿਲ ਨੂੰ ਪੀੜੋ ਪੀੜ ਕਰ ਦਿਤਾ। ਦਿਨ ਵਾਲੀ ਗੱਲ ਗੋਗੀ ਨੂੰ ਅਜੇ ਤੱਕ ਨਹੀਂ ਸੀ ਭੁੱਲੀ।
ਜਿਉਂ ਹੀ ਜੀਤ ਨੇ ਗੋਗੀ ਨੂੰ ਸੁਲਾਉਣ ਲਈ ਥਾਪੜਿਆ, ਗੋਗੀ ਦੀ ਜਾਗ ਖੁਲ੍ਹ ਗਈ ਅਤੇ ਉਸ ਨੇ ਕੇਲਾ ਲੈਣ ਲਈ ਜ਼ਿਦ ਨੂੰ ਵਾਰ ਵਾਰ ਦੁਹਰਾਉਣਾ ਸ਼ੁਰੂ ਕਰ ਦਿਤਾ।
"ਗੋਗੀ ਬੱਚੀ, ਹੁਣ ਸੌਂ ਜਾ। ਰਾਤ ਵੇਲੇ ਕੇਲਾ ਖਾਣ ਨਾਲ ਢਿੱਡ ਦੁਖਣ ਲਗ ਜਾਂਦਾ ਹੈ। ਸਵੇਰੇ ਬਹੁਤ ਸਾਰੇ ਕੇਲੇ ਖਾ ਲਵੀਂ। ਪਾਪਾ ਤੇਰੇ ਲਈ ਬਹੁਤ ਸਾਰੇ ਕੇਲੇ ਲਿਆਉਣਗੇ", ਜੀਤ ਗੋਗੀ ਨੂੰ ਵਰਚਾ ਰਹੀ ਸੀ।
ਪਰ ਗੋਗੀ ਫੇਰ ਬੋਲ ਪਈ:
"ਮੈਂ ਦੋ ਤੇਲੇ ਲਊਂਗੀ!"
"ਹਾਂ, ਹਾਂ, ਤੈਨੂੰ ਜ਼ਰੂਰ ਦੋ ਕੇਲੇ ਦੇਵਾਂਗੀ", ਜੀਤ ਨੇ ਗੋਗੀ ਨੂੰ ਭਰੋਸਾ ਦਿਵਾਇਆ ਕਿਉਂਕਿ ਜੀਤ ਨੂੰ ਪਤਾ ਸੀ ਕਿ ਅੱਜ ਉਸ ਦੇ ਪਤੀ ਨੂੰ ਇਕ ਸਕੂਟਰ ਦੀ ਮੁਰੰਮਤ ਦੇ ਪੰਦਰਾਂ ਰੁਪਏ ਮਿਲਣ ਵਾਲੇ ਸਨ।
ਵਿਚੋਂ ਛੇ ਰੁਪਏ ਦਾ ਇਕ ਹਫਤੇ ਦਾ ਰਾਸ਼ਨ, ਦੋ ਢਾਈ ਰੁਪਏ ਦਾ ਰਾਜੂ ਦੀ ਸਕੂਲ ਡਰੈਸ ਦਾ ਨੀਲੇ ਰੰਗ ਦਾ ਕਮੀਜ਼ ਲਈ ਕੱਪੜਾ। ਪਰ ਸਵੈਟਰ ਦੀ ਉੱਨ ਵੀ ਲੈਣੀ ਸੀ। ਰਾਜੂ ਰੋਜ਼ ਐਨੀ ਠੰਡ ਵਿਚ ਬਿਨਾਂ ਸਵੈਟਰ ਤੋਂ ਸਕੂਲ ਜਾਂਦਾ ਸੀ। ਕੁਝ ਵੀ ਹੋਵੇ, ਰਾਜੂ-ਗੋਗੀ ਲਈ ਇਕ ਦਰਜਨ ਕੇਲੇ ਇਨ੍ਹਾਂ ਪੈਸਿਆਂ ਵਿਚੋਂ ਜ਼ਰੂਰ ਲਿਆ ਕੇ ਦੇਵੇਗੀ। ਨਹੀਂ ਤਾਂ ਗੋਗੀ ਸਾਰਾ ਦਿਨ ਫੇਰ ਸਿਰ ਖਾਂਦੀ ਰਹੂ। ਉਹ ਇਕ ਵਾਰ ਕਿਸੇ ਚੀਜ਼ ਦੇ ਜ਼ਿਦ ਪੈ ਜਾਵੇ ਤਾਂ ਭੁੱਲਦੀ ਥੋੜ੍ਹਾ ਸੀ, ਗੱਲ ਨੂੰ?
ਗੋਗੀ ਹੁਣ ਸੌਂ ਗਈ ਸੀ ਪਰ ਜੀਤ ਜਿਉਂ ਦੀ ਤਿਉਂ ਆਪਣੇ ਪਤੀ ਦੇ ਦੇਰ ਨਾਲ ਆਉਣ ਦੀ ਚਿੰਤਾ ਵਿਚ ਬੇਚੈਨ ਬੈਠੀ ਸੀ।
ਉਸ ਨੇ ਕਈ ਵਾਰੀ ਨੀਨੀ ਦੇ ਘਰ ਜਾਣ ਬਾਰੇ ਸੋਚਿਆ ਸੀ ਕਿ ਨੀਨੀ ਦਾ ਪਾਪਾ, ਗੋਗੀ ਦੇ ਪਾਪਾ ਦੀ ਕਿਧਰੇ ਭਾਲ ਕਰੇ, ਪਰ ਉਸ ਨੂੰ ਝੱਟ ਹੀ ਦੂਜਾ ਖਿਆਲ ਆ ਜਾਂਦਾ।
ਨਹੀਂ, ਨਹੀਂ, ਐਸਾ ਕਰਨ ਨਾਲ ਜੇ ਕਿਧਰੇ ਨੀਨੀ ਦੇ ਪਾਪੇ ਨੂੰ ਪਤਾ ਲਗ ਗਿਆ ਕਿ ਗੋਗੀ ਦਾ ਪਾਪਾ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਖਾਹ ਮਖਾਹ ਮੁਹੱਲੇ ਵਿਚ ਰੌਲਾ ਪੈ ਜਾਊ, ਨਾਲੇ ਵਾਧੂ ਦੀ ਬੇਇਜ਼ਤੀ ਹੋਊ ਗੋਗੀ ਦੇ ਪਾਪੇ ਦੀ।
ਲ਼ੋਕੀ ਕੀ ਕਹਿਣਗੇ? ਘਰ ਵਿਚ ਰਾਸ਼ਨ ਲਈ ਪੈਸੇ ਨਹੀਂ ਹੁੰਦੇ ਤੇ ਸ਼ਰਾਬ ਪੀਣ ਲਈ ਰੋਜ਼ ਬੋਤਲ ਚਾਹੀਦੀ ਹੈ।
ਸੱਚਮੁਚ ਜੇ ਘਰ ਵਿਚ ਅੱਜ ਚਾਰ ਰੁਪਏ ਵੀ ਹੁੰਦੇ ਤਾਂ ਜੀਤ ਰਾਸ਼ਨ ਦਾ ਆਟਾ ਤਾਂ ਜ਼ਰੂਰ ਹੀ ਲੈ ਆਉਂਦੀ, ਚੀਨੀ ਭਾਵੇਂ ਛੱਡ ਦਿੰਦੀ। ਢਿੱਡ ਦੀ ਅੱਗ ਬੁਝਾਉਣ ਲਈ ਆਟਾ ਪਹਿਲੀ ਚੀਜ਼ ਸੀ ਇਸ ਘਰ ਵਿਚ।
ਸੋਚਾਂ ਹੀ ਸੋਚਾਂ ਵਿਚ ਉਸ ਦੀ ਨਿਗਾਹ ਸਾਹਮਣੇ ਪਈ ਪੁਰਾਣੀ ਜਿਹੀ ਘੜੀ ਉਪਰ ਪਈ ਜਿਸ ਦੀ ਟਿਕ ਟਿਕ ਜੀਤ ਦੇ ਡਰ ਨਾਲ ਸਹਿਮੇ ਦਿਲ ਦੀ ਧੜਕਣ ਦਾ ਸਾਥ ਦੇ ਰਹੀ ਸੀ।
ਹੁਣ ਤਾਂ ਦੋ ਵੱਜਣ ਵਾਲੇ ਹਨ। ਕੀ ਕਰਾਂ? ਪੱਪੂ ਦੀ ਬੀਬੀ ਨੂੰ ਹੀ ਜਗਾਵਾਂ ਜਾ ਕੇ। ਸ਼ਾਇਦ ਉਸ ਦਾ ਆਦਮੀ ਦੁਕਾਨ ਤਕ ਜਾ ਆਵੇ..।
ਉਹ ਉਠ ਕੇ ਦਰਵਾਜ਼ੇ ਵੱਲ ਵਧੀ ਹੀ ਸੀ ਕਿ ਉਸ ਨੂੰ ਕਿਸੇ ਦੇ ਪੈਰਾਂ ਦੀ ਚਾਪ ਸੁਣਾਈ ਦਿਤੀ। ਹੁਣ ਜ਼ਰੂਰ ਗੋਗੀ ਦੇ ਪਾਪਾ ਹੀ ਹੋਣਗੇ ਪਰ ਉਨ੍ਹਾਂ ਦੀਆਂ ਟੁੱਟੀਆਂ ਰਬੜ ਦੀਆਂ ਚੱਪਲਾਂ ਦੀ ਠੱਪ ਠੱਪ ਦੀ ਆਵਾਜ਼ ਤਾਂ ਅਲ਼ੱਗ ਹੀ ਹੁੰਦੀ ਹੈ। ਫੇਰ ਵੀ ਉਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਤੱਕਿਆ।
ਪਰ ਉਥੇ ਤਾਂ ਮਸਿਆ ਦੀ ਕਾਲੀ ਬੋਲੀ ਰਾਤ ਦੀ ਸ਼ਾਂ ਸ਼ਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਪਰ ਹੁਣੇ ਹੁਣੇ ਗਲੀ ਵਿਚੋਂ ਕੋਈ ਲੰਘਿਆ ਜ਼ਰੂਰ ਸੀ। ਉਸ ਨੇ ਹਨੇਰੇ ਵਿਚਚੋਂ ਕੋਈ ਪਰਛਾਈਂ ਢੂੰਡਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਕੋਈ ਗੁਆਂਢੀ ਉਸ ਦੀ ਚਿੰਤਾ ਵਿਚ ਫਸੀ ਜਾਨ ਦਾ ਕੋਈ ਉਪਾਅ ਕਰ ਸਕੇ।
ਐਨੇ ਵਿਚ ਉਸ ਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿਤੀ। ਉਹ ਡਰ ਨਾਲ ਭੱਜ ਕੇ ਅੰਦਰ ਆ ਗਈ। ਦੇਖਿਆ ਤਾਂ ਬਿੱਲੀ ਨੇ ਆ ਕੇ ਦੁੱਧ ਵਾਲੀ ਪਤੀਲੀ ਦਾ ਢੱਕਣ ਉਤਾਰ ਕੇ ਪਤੀਲੀ ਮੂਧੀ ਕਰ ਦਿਤੀ ਸੀ ਜਿਸ ਵਿਚ ਰਾਜੂ ਲਈ ਛਟਾਂਕ ਕੁ ਦੁੱਧ ਪਿਆ ਸੀ।
ਜੀਤ ਨੇ ਬਿੱਲੀ ਦੇ ਬਾਹਰ ਨਿਕਲਦਿਆਂ ਹੀ ਦਰਦਿਆਂ ਹੋਇਆਂ ਕੁੰਡੀ ਲਾ ਲਈ। ਤੇ ਫੇਰ ਸੋਚਾਂ ਦੇ ਸਮੁੰਦਰ ਵਿਚ ਟੁੱਭੀਆਂ ਲਾਉਣ ਲਗ ਪਈ। ਉਸ ਨੂੰ ਨੀਂਦ ਵੀ ਤਾਂ ਨਹੀਂ ਸੀ ਆ ਰਹੀ। ਉਸ ਨੂੰ ਲਗਿਆ, ਨੀਂਦ ਅਤੇ ਗੋਗੀ ਦੇ ਪਾਪਾ ਦੋਵੇਂ ਹੀ ਉਸ ਨਾਲ ਰੁੱਸ ਗਏ ਹਨ।
ਪਰ ਕਿਉਂ? ਮੈਂ ਤਾਂ ਅਗੇ ਵੀ ਕਦੇ ਦੇਰ ਨਾਲ ਆਉਣ ‘ਤੇ ਉਨ੍ਹਾਂ ਨੂੰ ਨਹੀਂ ਪੁਛਿਆ ਕਿ ਦੇਰ ਨਾਲ ਕਿਉਂ ਆਏ ਹੋ? ਕਿਥੋਂ ਆਏ ਹੋ?
ਜੇਕਰ ਇਹ ਗੱਲ ਪੁੱਛ ਲਈ ਤਾਂ ਘਰ ਵਿਚ ਅਸ਼ਾਂਤੀ ਫੈਲ ਜਾਵੇਗੀ। ਤੇ ਪਿਛੋਂ ਇਕ ਚੁੱਪ ਚਾਰ ਚੁਫੇਰੇ ਛਾ ਜਾਵੇਗੀ। ਫੇਰ ਇਹ ਕਿਸੇ ਗ੍ਰਹਿਸਥੀ ਦਾ ਘਰ ਨਾ ਰਹਿਕੇ ਕਿਸੇ ਜੰਗਲੀ ਦੀ ਜੰਗਲ ਵਿਚ ਸਰਾਪੀ ਹੋਈ ਕੁਟੀਆ ਬਣ ਜਾਵੇਗੀ।
ਨਹੀਂ ਨਹੀਂ ਮੈਂ ਉਨ੍ਹਾਂ ਕੋਲੋਂ ਕੁਝ ਨਹੀਂ ਪੁੱਛਾਗੀ, ਪਰ ਉਹ ਆ ਤਾਂ ਜਾਣ। ਖਬਰੇ ਰਸਤੇ ਵਿਚ ਹੀ ਕਿਧਰੇ ਕੋਈ.. ਹੋ ਗਿਆ ਹੋਵੇ।
ਨਹੀਂ ਨਹੀਂ, ਐਸਾ ਨਹੀਂ ਹੋ ਸਕਦਾ। ਕਰਵਾ ਚੌਥ ਵਾਲੇ ਦਿਨ ਮੈਂ ਹਮੇਸ਼ਾ ਦੇਵੀ ਮਾਤਾ ਕੋਲੋਂ ਇਹੀ ਮੰਗਦੀ ਹਾਂ ਕਿ ਮੇਰੀ ਉਮਰ ਵੀ ਇਨ੍ਹਾਂ ਨੂੰ ਲਗ ਜਾਵੇ। ਪੂਰੇ ਸੌ ਵਰ੍ਹੇ ਦੀ ਉਮਰ ਹੋਵੇ ਇਨ੍ਹਾਂ ਦੀ। ਉਸ ਨੇ ਅੱਜ ਵੀ ਮਨ ਹੀ ਮਨ ਮਾਤਾ ਦੀ ਸੁੱਖ ਮੰਨੀ।
ਉਹ ਠੀਕ ਠਾਕ ਘਰ ਆ ਜਾਣ, ਮੈਂ ਚੁੰਨੀ ਚੜ੍ਹਾਵਾਂ ਮਾਤਾ ਦੇ ਦਰਬਾਰ। ਬੱਸ ਸੁੱਖ ਸੁਖਣ ਦੀ ਦੇਰ ਸੀ ਕਿ ਸੱਚੀ ਮੁੱਚੀ ਦਰਵਾਜ਼ੇ ਉਤੇ ਠੱਕ ਠੱਕ ਦੀ ਆਵਾਜ਼ ਸੁਣਾਈ ਦਿਤੀ।
ਚਲੋ ਦੇਰ ਆਇਦ ਦਰੁਸਤ ਆਇਦ। ਉਠਦਿਆਂ ਉਠਦਿਆਂ ਦਰਵਾਜ਼ੇ ਤਕ ਪਹੁੰਚਦਿਆਂ ਠੱਕ ਠੱਕ ਹੋਰ ਤੇਜ਼ ਹੋ ਗਈ। ਜੀਤ ਨੇ ਕੰਬਦੇ ਹੱਥਾਂ ਨਾਲ ਕੁੰਡੀ ਖੋਲ੍ਹੀ।
ਦੋਵੇਂ ਦਰਵਾਜ਼ੇ ਅੱਛੀ ਤਰਾਂ ਖੁੱਲ੍ਹਣ ਉਤੇ ਵੀ ਗੋਗੀ ਦੇ ਪਾਪਾ ਅੰਦਰ ਨਹੀਂ ਲੰਘੇ। ਨਾ ਹੀ ਕੋਈ ਹੋਰ ਆਵਾਜ਼ ਫੇਰ ਸੁਣਾਈ ਦਿਤੀ।
ਉਸ ਨੇ ਬਾਹਰ ਹਨੇਰੇ ਵਿਚ ਦੇਖਣ ਲਈ ਹਿੰਮਤ ਕਰਕੇ ਤੀਲੀ ਜਲਾਈ। ਸਾਰੀ ਤੀਲੀ ਜਲ ਗਈ ਪਰ ਬਾਹਰ ਤਾਂ ਕੋਈ ਵੀ ਨਹੀਂ ਸੀ। ਜੀਤ ਨੂੰ ਕੰਬਣੀ ਛਿੜ ਗਈ। ਡਰ ਨਾਲ ਉਸ ਦੀਆਂ ਲੱਤਾਂ ਕੰਬਣ ਲਗ ਪਈਆਂ। ਬਾਹਰ ਵਿਹੜੇ ਵਿਚ ਜਾਣਾ ਉਸ ਨੂੰ ਮੁਹਾਲ ਲੱਗ ਰਿਹਾ ਸੀ।
ਜੀਤ ਨੇ ਫੇਰ ਹਿੰਮਤ ਕਰ ਕੇ ਦੂਜੀ ਤੀਲੀ ਜਲਾਈ ਤੇ ਮਨ ਹੀ ਮਨ ਰਾਮ ਰਾਮ ਕਰਦੀ ਉਹ ਵਿਹੜੇ ਵਿਚ ਆ ਗਈ।
ਹੁਣ ਫੇਰ ਠੱਕ ਠੱਕ ਦੀ ਆਵਾਜ਼ ਉਸ ਨੂੰ ਸੁਣਾਈ ਦੇ ਰਹੀ ਸੀ। ਉਸ ਨੇ ਡਰਦਿਆਂ ਡਰਦਿਆਂ ਅਗੇ ਵਧ ਕੇ ਦੇਖਿਆ ਕਿ ਇਕ ਕਾਲਾ ਕੁੱਤਾ ਰਾਜੂ ਲਈ ਛਾਣ ਬੂਰ ਦੇ ਬਣਾਏ ਦਲੀਏ ਦੀ ਜੂਠੀ ਸਿਲਵਰ ਦੀ ਤਸ਼ਤਰੀ ਚੱਟ ਰਿਹਾ ਸੀ।
ਇਸ ਖਾਲੀ ਤਸ਼ਤਰੀ ਦੇ ਘੜੀ ਘੜੀ ਚੱਟਣ ਨਾਲ ਹੀ ਠੱਕ ਠੱਕ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜੋ ਜੀਤ ਨੂੰ ਦਰਵਾਜ਼ੇ ਉਤੇ ਦਸਤਕ ਵਰਗੀ ਲੱਗੀ ਸੀ।
ਜੀਤ ਕੁੱਤੇ ਨੂੰ ਵਿਹੜੇ ਵਿਚੋਂ ਬਾਹਰ ਕੱਢ ਕੇ ਦੁਬਾਰਾ ਅੰਦਰ ਆ ਕੇ ਰਾਜੂ ਅਤੇ ਗੋਗੀ ਦੇ ਮੰਜੇ ਦੀਆਂ ਪੈਂਦਾਂ ਉਤੇ ਰਜਾਈ ਦਾ ਪੱਲਾ ਲੈ ਕੇ ਬੈਠ ਗਈ।
ਰੱਬ ਖੈਰ ਕਰੇ! ਐਨੀ ਦੇਰ ਤਾਂ ਉਨ੍ਹਾਂ ਨੇ ਅਗੇ ਕਦੇ ਨਹੀਂ ਸੀ ਕੀਤੀ। ਜੇ ਖੇਲ੍ਹ ਦੇਖਣ ਜਾਂਦੇ ਸਨ ਤਾਂ ਵੀ ਇਕ ਦੋ ਵਜੇ ਤਕ ਘਰ ਪਹੁੰਚ ਹੀ ਜਾਂਦੇ ਸਨ।
ਉਹ ਮਨ ਹੀ ਮਨ, ਅੱਖਾਂ ਮੀਚ ਪ੍ਰਮਾਤਮਾ ਦਾ ਧਿਆਨ ਕਰਨ ਲਗੀ ਪਰ ਉਸ ਦਾ ਧਿਆਨ ਤਾਂ ਸੜਕਾਂ ਉਪਰ ਆਪਣੇ ਪਤੀ ਨੂੰ ਢੂੰਡਣ ਵਾਸਤੇ ਨਿਕਲ ਤੁਰਿਆ ਸੀ।
ਉਸ ਨੇ ਝੱਟ ਅੱਖਾਂ ਖੋਲ੍ਹੀਆਂ ਤਾਂ ਦੇਖਿਆ, ਸਾਹਮਣੇ ਹੁਣ ਤਕ ਜਲ ਰਹੀ ਲਾਲਟੈਣ ਦੀ ਰੌਸ਼ਨੀ ਮੱਧਮ ਪੈਂਦੀ ਜਾ ਰਹੀ ਸੀ। ਜੀਤ ਨੂੰ ਇਸ ਦਾ ਕਾਰਨ ਸਮਝਣ ਵਿਚ ਕੋਈ ਆਚੰਭਾ ਨਾ ਹੋਇਆ।
ਗੁਆਂਢਣ ਕੋਲੋਂ ਮੰਗਿਆ ਮਿੱਟੀ ਦਾ ਥੋੜ੍ਹਾ ਜਿਹਾ ਤੇਲ ਹੁਣ ਜੀਤ ਦਾ ਸਾਥ ਦੇਣ ਤੋਂ ਨਾਂਹ ਕਰ ਰਿਹਾ ਸੀ। ਇਸ ਲਈ ਬਿਨਾਂ ਤੇਲ ਤੋਂ ਜਲਦੀ ਬੱਤੀ ਨੂੰ ਬੁਝਾ, ਮਾਚਸ ਸਿਰਹਾਣੇ ਰੱਖ, ਉਹ ਆਪ ਵੀ ਹੌਲੀ ਜਿਹੀ ਬੱਚਿਆਂ ਦੇ ਪੈਰਾਂ ਵਿਚ ਹੀ ਟੇਢੀ ਹੋ ਗਈ।
ਮੰਜੇ ਉਤੇ ਪਿੱਠ ਲਾਉਣ ਦੀ ਢਿੱਲ ਸੀ ਕਿ ਉਸ ਨੂੰ ਨੀਂਦ ਆ ਗਈ।
ਸੁਪਨੇ ਵਿਚ ਉਸ ਨੇ ਦੇਖਿਆ ਕਿ ਉਸ ਦੇ ਪਤੀ ਦੇਵ ਆ ਗਏ ਹਨ। ਆਉਂਦਿਆਂ ਹੀ ਉਨ੍ਹਾਂ ਨੇ ਜੀਤ ਨੂੰ ਪਿਆਰ ਭਰੇ ਸ਼ਬਦਾਂ ਵਿਚ ਪੁਛਿਆ, "ਜੀਤ ਅੱਜ ਤੂੰ ਸੁੱਤੀ ਨਹੀਂ, ਐਨੀ ਰਾਤ ਲੰਘ ਗਈ? ਮੇਰੀ ਉਡੀਕ ਨਾ ਕਰਿਆ ਕਰ। ਤੂੰ ਸੌਂ ਜਾਇਆ ਕਰ ਆਰਾਮ ਨਾਲ!"
ਇਨ੍ਹਾਂ ਪਿਆਰ ਭਰੇ ਸ਼ਬਦਾਂ ਨਾਲ ਹੀ ਉਸ ਦੀ ਅੱਖ ਖੁਲ੍ਹ ਗਈ।
ਉਸ ਨੇ ਉਠ ਕੇ ਦੇਖਿਆ, ਪੱਪੂ ਦੇ ਪਾਪੇ ਦਾ ਬਿਸਤਰਾ ਤਾਂ ਖਾਲੀ ਹੀ ਪਿਆ ਸੀ। ਉਸ ਨੇ ਕੋਲ ਪਏ ਪੱਪੂ ਉਪਰ ਆਪਣੇ ਵਲੋਂ ਖਿੱਚ ਕੇ ਰਜਾਈ ਦਾ ਪੱਲਾ ਪੂਰਾ ਕਰ ਦਿਤਾ।
ਦੂਰ ਕਿਧਰੋਂ ਮੁਰਗੇ ਦੀ ਪਹਿਲੀ ਬਾਂਗ ਉਸ ਨੂੰ ਸੁਣਾਈ ਦਿੰਦੀ ਹੈ।
ਹੁਣ ਸਵੇਰਾ ਹੋਣ ਹੀ ਵਾਲਾ ਸੀ। ਉਸ ਨੇ ਖਾਲੀ ਬਿਸਤਰਾ ਲਪੇਟ ਮੰਜਾ ਖੜ੍ਹਾ ਕਰ ਦਿਤਾ। ਬਾਹਰੋਂ ਕੁੰਡੀ ਮਾਰ ਕੇ ਉਹ ਚੁਪਕੇ ਜਿਹੇ ਨੀਨੀ ਦੀ ਬੀਬੀ ਦੇ ਘਰ ਵੱਲ ਨੂੰ ਹੋ ਤੁਰੀ।
ਜਿਸ ਦੁਕਾਨ ਉਤੇ ਨੀਨੀ ਦਾ ਪਾਪਾ ਸਕੂਟਰ ਸਾਈਕਲ ਠੀਕ ਕਰਦਾ ਸੀ, ਪੱਪੂ ਦੇ ਪਾਪਾ ਦੇ ਮਾਲਕ ਦੀ ਦੁਕਾਨ ਵੀ ਉਸ ਦੇ ਨਾਲ ਹੀ ਸੀ।
ਨੀਨੀ ਦੇ ਪਾਪੇ ਤੋਂ ਗੋਗੀ ਦੇ ਪਾਪੇ ਦਾ ਜ਼ਰੂਰ ਕੁਝ ਨਾ ਕੁਝ ਪਤਾ ਲਗ ਜਾਵੇਗਾ। ਜੀਤ ਮਨ ਹੀ ਮਨ ਪ੍ਰਮਾਤਮਾ ਅਗੇ ਬੇਨਤੀ ਕਰਦੀ ਹੋਈ ਨੀਨੀ ਦੀ ਬੀਬੀ ਦੇ ਘਰ ਵੱਲ ਵਧਦੀ ਜਾ ਰਹੀ ਸੀ।
"ਹੇ ਭਗਵਾਨ, ਸੁੱਖ ਰੱਖੀਂ, ਸੁੱਖ ਦਾ ਦਿਨ ਚੜ੍ਹਾਈਂ, ਮੇਰੇ ਸੁਹਾਗ ਦੀ ਲਾਜ ਰੱਖੀਂ, ਤੇਰੇ ਬਿਨਾਂ ਮੇਰਾ ਹੋਰ ਕੋਈ ਸਹਾਈ ਨਹੀਂ…"
ਮੂੰਹ ਹਨੇਰੇ ਵਿਚ ਦੂਰੋਂ ਨੀਨੀ ਦੀ ਬੀਬੀ ਉਸ ਨੂੰ ਆਪਣੇ ਵੱਲ ਆਉਂਦੀ ਦਿਖਾਈ ਦਿਤੀ। ਉਸ ਦੇ ਚਿਹਰੇ ਉਤੇ ਮੁਰਦਣੀ ਜਿਹੀ ਛਾਈ ਹੋਈ ਲਗਦੀ ਦੀ ਸੀ। ਨਾਲ ਹੀ ਕੁਝ ਗੁੱਸੇ ਦੇ ਚਿੰਨ੍ਹਾਂ ਦੀ ਪਰਛਾਈਂ ਵੀ ਨਜ਼ਰ ਆਉਂਦੀ ਸੀ।
ਉਸ ਦੇ ਕੋਲ ਆਉਂਦਿਆਂ ਹੀ ਜੀਤ ਨੇ ਕਿਹਾ, "ਭੈਣ ਜੀ, ਪੱਪੂ ਦੇ ਪਾਪਾ ਘਰ ਨਹੀਂ ਆਇਆ। ਮੇਰੀ ਤਾਂ ਸਾਰੀ ਰਾਤ ਚਿੰਤਾ ਵਿਚ ਜਾਨ ਸੁੱਕੀ ਰਹੀ। ਬਿੜਕਾਂ ਭੰਨਦਿਆਂ ਗੁਜ਼ਰੀ ਸਾਰੀ ਰਾਤ। ਤੂੰ ਜ਼ਰਾ ਨੀਨੀ ਦੇ ਪਾਪੇ ਨੂੰ ਦੁਕਾਨ ਤਕ ਭੇਜ ਕੇ ਪਤਾ ਕਰਵਾ ਦੇ। ਇਹ ਅੰਨ੍ਹੀ ਦਿੱਲੀ ਹੈ। ਮੋਟਰਾਂ ਟਰੱਕਾਂ ਵਾਲੇ ਅਨ੍ਹੇਵਾਹ ਚਲਾਉਂਦੇ ਨੇ .. ਕਿਧਰੇ ਕੋਈ… ਤਾਂ ਨਾ ਹੋ ਗਿਆ ਹੋਵੇ!"
ਉਹ ਬੋਲੀ, "ਨੀ ਉਹ ਟੁੱਟ ਪੈਣਾ ਕਿਹੜਾ ਘਰ ਵੜਿਆ ਏ? .. ਸਾਰੀ ਰਾਤ ਫਿਕਰਾਂ ‘ਚ ਤਰਲੋ ਮੱਛੀ ਹੁੰਦੀ ਰਹੀ ਹਾਂ। ਹੁਣ ਤੜਕਸਾਰ ਚੰਦ ਕੋਲ ਪੁੱਛਣ ਗਈ ਸੀ। ਉਥੋਂ ਪਤਾ ਕਰ ਕੇ ਆ ਰਹੀ ਹਾਂ। ਦੋਵੇਂ ਰਾਤ ਦੇ ਉਥੇ ਮਰਦੇ ਨੇ ਚੰਡਾਲ ਚੌਕੜੀ ਵਿਚ। ਹੈ ਭੋਰਾ ਪਰਵਾਹ ਨਿਆਣਿਆਂ ਦੀ ਏਨ੍ਹਾਂ ਨੂੰ? ਤੂੰ ਐਵੇਂ ਨਾ ਘਾਬਰਿਆ ਕਰ ਬਹੁਤਾ। ਨੀ ਸਾਡੇ ਕਿਹੜੇ ਹੱਥ ਟੁਟੇ ਹੋਏ ਨੇ। ਆਪਣੇ ਜੋਗਾ ਤਾਂ ਕਮਾ ਹੀ ਸਕਦੀਆਂ ਹਾਂ!"
ਜੋਸ਼ ਭਰੇ ਸ਼ਬਦਾਂ ਵਿਚ ਕਚੀਚੀ ਵੱਟਦੀ ਹੋਈ ਨੀਨੀ ਦੀ ਬੀਬੀ ਵਿਦਰੋਹੀ ਹੁੰਦੀ ਜਾ ਰਹੀ ਸੀ ਅਤੇ ਜੀਤ ਬਿੱਟ ਬਿੱਟ ਉਸ ਦੇ ਮੂੰਹ ਵੱਲ ਤੱਕ ਰਹੀ ਸੀ। ਪਰ ਹੁਣ ਜੀਵਨ ਜਿਊਣ ਲਈ ਨਵੇਂ ਰਸਤੇ ਦੀ ਆਹਟ ਉਸ ਨੂੰ ਸੁਣਾਈ ਦੇ ਗਈ ਸੀ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ