Zameer De Qatil : Sidhu Dhandiwal

ਜ਼ਮੀਰ ਦੇ ਕਾਤਿਲ : ਸਿੱਧੂ ਧੰਦੀਵਾਲ

1. ਸੂਰਜ

ਆਕਾਸ਼ਾਂ ਦਾ ਸੂਰਜ,
ਚਾਨਣ ਵੰਡਦਾ,
ਤੇ ਦੂਰ ਕਰਦਾ ਹਨੇਰਿਆਂ ਨੂੰ,
ਸਲਾਮ ਉਸ ਸੂਰਜ ਨੂੰ,
ਜੋ ਖੁਦ ਮੱਚ-ਮੱਚ ਕੇ,
ਰੋਸ਼ਨ ਕਰਦਾ ਦੁਨੀਆਂ ਨੂੰ,
ਮੱਚ-ਮੱਚ ਕੇ ਰੋਸ਼ਨੀ ਕਰਨੀ,
ਕਿੰਨੀ ਔਖੀ ਤੇ ਕਿੰਨੀ ਮੁਸ਼ਕਲ,
ਸੂਰਜ ਜਾਣਦਾ ਏ।

ਐਸਾ ਹੀ ਇੱਕ ਸੂਰਜ ਤਲਾਸ਼ਾਂ,
ਧਰਤੀ ਤੇ ਵੱਸਦੇ ਲੋਕਾਂ ਚ,
ਜੋ ਦੂਰ ਕਰੇ,
ਵਹਿਮਾਂ-ਭਰਮਾਂ, ਜਾਤਾਂ-ਪਾਤਾਂ,
ਤੇ ਕੂੜ-ਰੀਤਾਂ ਦੇ ਗੂੜ੍ਹੇ ਹਨੇਰਿਆਂ ਨੂੰ,
ਤੇ ਰੋਸ਼ਨ ਕਰੇ,
ਸਭ ਮਨੁੱਖਾਂ ਦੀਆਂ ਜਿੰਦਗੀਆਂ ਨੂੰ।

ਪਰ ਕੌਣ ਬਣੇ ਸੂਰਜ ?
ਮੱਚਣ ਤੋਂ ਡਰਦਾ ਹਰ ਕੋਈ,
ਮੈਂ ਬਣਾਂ ਜਾਂ ਤੁਸੀਂ ਬਣੋ,
ਸੂਰਜ ਤਾਂ ਬਣਨਾ ਪੈਣਾ ਏ।

2. ਕਦੇ ਕਦੇ

ਕੌਣ-ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ,
ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ।

ਭਾਵੇਂ ਦਿਲੋਂ ਗਾਲ੍ਹਾਂ ਵੀ ਦਿੰਦੇ ਹਾਂ ਪਰ ਜਿੰਦਾ ਰਹਿਣ ਲਈ,
ਕਦੇ ਕਦੇ ਜ਼ਮਾਨੇ ਦੇ ਖੁਦਾਵਾਂ ਤੋਂ ਵੀ ਸਹਿਕਣਾ ਪੈਂਦਾ।

ਦਿਲ ਵਿੱਚ ਭਰੀ ਉਦਾਸੀ ਦੀ ਗੂੜ੍ਹੀ ਬਦਬੂ ਦੇ ਬਾਵਜੂਦ,
ਕਦੇ ਕਦੇ ਮਹਿਕਦੇ ਫੁੱਲਾਂ ਵਾਂਗ ਵੀ ਮਹਿਕਣਾ ਪੈਂਦਾ।

ਜਰੂਰੀ ਨਹੀਂ ਕਿ ਸਭ ਹੱਕ ਹੱਥ ਜੋੜ ਕੇ ਹੀ ਮਿਲ ਜਾਣ,
ਕਦੇ ਕਦੇ ਜੰਗ ਦੀ ਅੱਗ ਵਿੱਚ ਵੀ ਦਹਿਕਣਾ ਪੈਂਦਾ।

ਸਰਮਸਾਰ ਤਾਂ ਹੈ ਦੋਗਲੇ ਨੇਤਾਵਾਂ ਦੇ ਹੱਥ 'ਭਾਰਤ' ਵੇਖਕੇ,
ਕਦੇ ਕਦੇ ਵਿਖਾਵੇ ਲਈ ਤਿਰੰਗੇ ਨੂੰ ਵੀ ਲਹਿਰਨਾ ਪੈਂਦਾ।

ਸਿੱਧੂ' ਥਕਾਵਟ ਵੀ ਹੁੰਦੀ ਏ, ਨਿਰੰਤਰ ਤੁਰ ਨਹੀਂ ਸਕਦੇ,
ਕਦੇ ਕਦੇ ਮੰਜ਼ਿਲਾਂ ਦੇ ਰਾਹੀਂ ਵੀ ਠਹਿਰਨਾ ਪੈਂਦਾ।

3. ਆਪਾਂ ਤਾਂ ਬਾਬੇ ਬਣਾਂਗੇ

ਸਿੱਧੂ' ਛੱਡ ਯਰ,
ਆਹ ਕਵੀ, ਪ੍ਰੋਫੈਸ਼ਰ, ਨੇਤਾ, ਅਭਿਨੇਤਾ,
ਮਤਲਬ ਵਗੈਰਾ ਵਗੈਰਾ ਬਣਨਾ,
ਆਪਾਂ ਤਾਂ 'ਬਾਬਾ' ਬਣਾਂਗੇ।

ਅੱਖਰ ਗਿਆਨ ਤਾਂ ਆਪਾਂ ਜਾਣਦਿਆਂ,
ਮਹਾਨ ਗ੍ਰੰਥ ਨੀਝ ਲਾ ਕੇ ਪੜਦਿਆਂਗੇ,
ਤੇ ਗ੍ਰੰਥਾਂ ਦੇ ਮਹਾਨ ਗੱਪਾਂ ਨੂੰ,
ਉਪਦੇਸ਼ ਬਣਾਕੇ ਲੋਕਾਂ ਤੇ ਮੜ ਦਿਆਂਗੇ।

ਤੂੰ ਵੇਖੀਂ ਤਾ ਸਈ,
ਗਰੀਬੀ ਤੇ ਦੁੱਖਾਂ ਦੇ ਮਾਰੇ,
ਬੇਸਮਝ ਭੋਲੇ ਲੋਕ ਵਿਚਾਰੇ,
ਆਪਣੇ ਕੋਲ ਭੱਜੇ ਆਉਂਣਗੇ ਸਾਰੇ,
ਇੱਕਾ ਦੁੱਕਾ ਜੋ ਵੀ ਮੱਥਾ ਟੇਕਣਗੇ,
ਆਪਣੇ ਕੋਲ ਤਾਂ ਅੰਬਾਰ ਲੱਗ ਜਾਵੇਗਾ....

ਬੱਸ ਫਿਰ ਕੀ,
ਕਿਤੇ ਸਾਫ ਸੋਹਣੀ ਜਗ੍ਹਾ ਤੇ,
ਕੋਈ ਡੇਰਾ ਪਾ ਲਵਾਂਗੇ,
ਤੇ ਰੋਜ਼ ਸੁਬਾ-ਸਾਮ,
ਪ੍ਰੇਮੀ ਸੇਵਕਾਂ ਨੂੰ ਉਪਦੇਸ਼ ਦਿਆ ਕਰਾਂਗੇ।

ਹੁਸਨ ਦੀ ਭੋਰਾ ਫਿਕਰ ਨਾ ਕਰ,
ਹੁਸਨ ਤਾਂ ਆਪਣੇ ਪ੍ਰੇਮੀ ਪਿਆਰੇ,
ਖੁਦ ਡੇਰੇ 'ਚ ਅਰਪਿਤ ਕਰਿਆ ਕਰਨਗੇ,
ਤੇ ਹੁਸਨ ਵੀ ਤਾਜਾ ਤੇ ਭਾਂਤ-ਸਵਾਂਤਾ।

ਸਮਝਦਾਰ ਲੋਕਾਂ ਦੇ ਵਿਖਾਵੇ ਲਈ,
ਦੋ-ਚਾਰ ਚੰਗੇ ਕੰਮ ਕਰ ਦੇਵਾਂਗੇ,
ਤੇ ਬਾਕੀ ਬੱਚਦੀ ਨੋਟਾਂ ਦੀ ਢੇਰੀ,
ਔਲਾਦ ਦੇ ਨਾਂ ਬੈਂਕਾਂ ਚ ਧਰ ਦੇਵਾਂਗੇ।

ਨੇਤਾਵਾਂ ਨਾਲ ਦੋਸਤੀ ਗੰਢਾਂਗੇ,
ਆਪਣੇ ਪ੍ਰੇਮੀ ਪਿਆਰਿਆਂ ਤੋਂ,
ਦੋਸਤ ਨੇਤਾਵਾਂ ਨੂੰ ਵੋਟਾਂ ਪਵਾ ਦਿਆ ਕਰਾਂਗੇ,
ਤੇ ਬਦਲੇ 'ਚ ਕਾਨੂੰਨ ਦਾ ਸਹਾਰਾ ਲਵਾਂਗੇ।

ਵੇਖੀਂ ਫਿਰ ਕਿਵੇਂ,
ਛੇਤੀ ਹੀ ਬੱਲੇ-ਬੱਲੇ ਹੋ ਜਾਊ..

ਪਰ ਜੇ ਸੱਚ ਸਾਹਮਣੇ ਆ ਗਿਆ,
ਫਿਰ ਝੱਟਪੱਟ ਥੱਲੇ-ਥੱਲੇ ਹੋ ਜਾਊ..

ਯਰ 'ਸਿੱਧੂ' ਡਰਾ ਨਾ,
ਜਦ ਥੱਲੇ-ਥੱਲੇ ਹੋਊ ਵੇਖਾਂਗੇ,
ਪਹਿਲਾਂ 'ਬਾਬਾ' ਤਾਂ ਬਣੀਏ।

4. ਦਰਦਾਂ ਦਾ ਲਾਵਾ

ਮੇਰੀ ਜਿੰਦਗੀ ਵਿੱਚ,
ਬਚਪਨ ਤੋਂ ਲੈ ਕੇ ਹੁਣ ਤੱਕ,
ਜੋ-ਜੋ ਵੀ ਦਰਦਾਂ ਦੇ,
ਜਵਾਲਾਮੁਖੀ ਫੱਟਦੇ ਰਹੇ।

ਕਦੇ ਨੈਣਾਂ ਵਿੱਚੋਂ,
ਹੰਝੂ ਬਣਕੇ ਵਗੇ ਨਹੀਂ,
ਸਿਰਫ਼ ਦਿਲ ਦੇ ਧਰਾਤਲ ਤੇ,
ਲਾਵਾ ਬਣ-ਬਣ ਜੰਮਦੇ ਰਹੇ।

ਤੇ ਅੱਜ ਓਹੀ,
ਲਾਵਾ ਬਣੇ ਦਰਦ ਹੌਲੀ-ਹੌਲੀ,
ਲਫਜਾਂ ਦਾ ਰੂਪ ਧਾਰ ਕੇ,
ਕੋਰੇ ਸਫਿਆਂ ਤੇ ਕਿਰ ਰਹੇ ਨੇ।

ਜਿਉਂ ਹੀ ਇਹ ਕਿਰ ਰਹੇ ਨੇ,
ਤਿਉਂ ਹੀ ਦਿਲ ਤੋਂ ਭਾਰ ਘੱਟ ਰਿਹਾ,
ਮੈਂ ਹੌਲਾ-ਫੁੱਲ ਹੋ ਰਿਹਾ ਹਾਂ,
ਤੇ ਦਿਨ ਵੀ ਚੰਗੇ ਗੁਜਰ ਰਹੇ ਨੇ।

5. ਤੂੰ

ਤੱਤੀ-ਤੱਤੀ ਧੁੱਪ 'ਚ,
ਗਰਮੀ ਦੇ ਕਹਿਰ 'ਚ,
ਤੂੰ ਹਵਾ ਲੱਗਦੀ।

ਤੈਨੂੰ ਯਾਦ ਕਰਕੇ,
ਦਰਦ ਮਿਟ ਜਾਣ,
ਤੂੰ ਦਵਾ ਲੱਗਦੀ।

ਕੋਮਲ ਦਿਲ ਵਿੱਚ,
ਤੂੰ ਧੜਕੇਂ ਹਰ ਪਲ,
ਤੂੰ ਖੁਦਾ ਲੱਗਦੀ।

ਬੋਲੇਂ ਸਹਿਦ ਵਾਂਗ,
ਤੇ ਵੇਖੇਂ ਪਿਆਰ ਨਾਲ,
ਤੂੰ ਵਫਾ ਲੱਗਦੀ।

ਫੁੱਲਾਂ ਵਾਂਗ ਹੱਸੇਂ,
ਮੋਰਨੀ ਵਾਂਗ ਤੁਰੇਂ,
ਤੂੰ ਅਦਾ ਲੱਗਦੀ।

ਜਦੋਂ ਰੁੱਸ ਜਾਵੇਂ,
ਤੇ ਬੋਲੇਂ ਨਾ ਬੁਲਾਈ,
ਤੂੰ ਸਜਾ ਲੱਗਦੀ।

6. ਹੜ ਆਵੇਗਾ

ਨਾ ਮੈਂ ਕੋਈ ਗਜ਼ਲ ਲਿਖੀ, ਤੇ ਨਾ ਹੀ ਕੋਈ ਨਜ਼ਮ ਲਿਖੀ,
ਮੈਂ ਤਾਂ ਸਿਰਫ਼ ਲਿਖੇ ਨੇ, ਦਿਲਾਂ ਦੇ ਜ਼ਜ਼ਬਾਤ ਸੱਜ਼ਣ ਜੀ।

ਨਾਸਤਿਕਾਂ ਨੇ ਮੰਨਿਆ, ਆਸਤਿਕ ਪੈਰੋਕਾਰਾਂ ਨੇ ਨਹੀਂ ਮੰਨਿਆ,
ਗੁਰੂਆਂ ਦਾ ਕਹਿਣਾ, ਮਾਨਸ ਕੀ ਏਕ ਜਾਤ ਸੱਜਣ ਜੀ।

ਪੈਰ-ਪੈਰ ਤੇ ਆਲੇ-ਦੁਆਲੇ ਦੁਸ਼ਮਣ ਸਿਰਜ ਲੈਂਦੀ ਹੈ,
ਬੜੀ ਬੇਰਸ ਹੁੰਦੀ ਏ, ਸੱਚੇ ਲੋਕਾਂ ਦੀ ਔਕਾਤ ਸੱਜਣ ਦੀ।

ਸਦੀਆਂ ਦੇ ਕਾਲੀ ਰਾਤ ਦੇ ਹਨੇਰਿਆਂ ਚ ਭਟਕ ਰਹੇ ਹਾਂ,
ਹੁਣ ਇੰਤਜ਼ਾਰ ਨਹੀਂ ਹੁੰਦਾ, ਛੇਤੀ ਲੈ ਆਉ ਪ੍ਰਭਾਤ ਸੱਜਣ ਜੀ।

ਸਿੱਧੂ' ਇੱਕ ਹੜ ਆਵੇਗਾ, ਜੋ ਟੋਏ-ਟਿੱਬਿਆਂ ਨੂੰ ਹੂੰਝ ਦੇਵੇਗਾ,
ਫਿਰ ਉੱਚੇ-ਨੀਵਿਆਂ ਦੀ ਮੁੱਕ ਜਾਣੀ ਹੈ ਬਾਤ ਸੱਜਣ ਜੀ।

7. ਅਜੀਬ ਦਾਸਤਾਂ

ਨਾ ਜਿੰਦਗੀਏ, ਕਦੇ ਨਾ ਪਹੁੰਚਾਵੀਂ ਸਾਨੂੰ ਮੰਜ਼ਿਲਾਂ ਤੇ,
ਅਸੀ ਤਾਂ ਹੁਣ ਰਾਹਵਾਂ ਵਿੱਚ ਹੀ ਭਟਕਣਾ ਚਾਹੁੰਦੇ ਹਾਂ।

ਨਾ ਵੇ ਸਮਿਆਂ, ਬਣੀ ਨਾ ਮੱਲ੍ਹਮ ਸਾਡੇ ਜ਼ਖਮਾਂ ਲਈ,
ਦਰਦਾਂ ਦੀ ਅੱਗ ਵਿੱਚ ਹੀ ਸਦਾ ਤੜਫਣਾ ਚਾਹੁੰਦੇ ਹਾਂ।

ਜਾਉ ਵੇ ਦੋਸਤੋ, ਨਾ ਲੋੜ ਹੁਣ ਥੋਡੀ ਗੂੜ੍ਹੀ ਦੋਸਤੀ ਦੀ,
ਦੁਸ਼ਮਣਾਂ ਦੀਆਂ ਅੱਖਾਂ ਵਿੱਚ ਹੀ ਰੜਕਣਾ ਚਾਹੁੰਦੇ ਹਾਂ।

ਲੋਕਾਂ ਤੇ ਤਾਂ ਕੀ ਹੋਣਾ, ਹੁਣ ਖੁਦ ਤੇ ਵੀ ਵਿਸਵਾਸ਼ ਨਹੀਂ,
ਹੁਣ ਤਾਂ ਮਹਿਬੂਬ ਨੂੰ ਵੀ ਸੀਤਾ ਵਾਂਗ ਪਰਖਣਾ ਚਾਹੁੰਦੇ ਹਾਂ।

ਸਬਰ-ਸੰਤੋਖ ਨਾਲ ਬੜਾ ਸਹਿ ਲਿਆ ਜੁਲਮ ਸਰਕਾਰਾਂ ਦਾ,
ਹੁਣ ਆਵਾਰਾ ਪਸ਼ੂਆਂ ਵਾਂਗ ਅਸੀਂ ਬੜਕਣਾ ਚਾਹੁੰਦੇ ਹਾਂ।

ਸਿੱਧੂ' ਨਾ ਅਸੀਂ ਫੁੱਲ ਤੇ ਨਾ ਹੀ ਤਾਰਾ ਬਣਨਾ ਲੋਚੀਏ,
ਤੇਜ਼ਾਬੀ ਮੀਂਹ ਬਣਕੇ ਮਹਿਲਾਂ ਤੇ ਵਰਸਣਾ ਚਾਹੁੰਦੇ ਹਾਂ।

8. ਕਵਿਤਾ ਤੋਂ ਮੁਰਾਦ

ਜੜ੍ਹੋਂ ਮੁਕਾਦੇ ਇਨਕਲਾਬ ਦੇ ਵੈਰੀਆਂ ਨੂੰ,
ਨੀਂ ਕਵਿਤਾ ਤੂੰ ਹਥਿਆਰ ਬਣਜਾ।

ਗਰੀਬਾਂ ਦੇ ਵੇਹੜਿਆਂ 'ਚ ਮਹਿਕਾਂ ਖਿਲਾਰ ਨੀਂ,
ਨੀਂ ਕਵਿਤਾ ਤੂੰ ਗੁਲਜਾਰ ਬਣਜਾ।

ਵਿਹਲਾ ਰਹਿ ਕੇ ਕੋਈ ਨੌਜਵਾਨ ਭਟਕੇ ਨਾ,
ਨੀਂ ਕਵਿਤਾ ਤੂੰ ਰੁਜ਼ਗਾਰ ਬਣਜਾ।

ਕੱਟੜ ਦਿਲਾਂ 'ਚ ਭਰੀ ਨਫਰਤ ਸੋਖ ਅੜੀਏ,
ਨੀਂ ਕਵਿਤਾ ਤੂੰ ਪਿਆਰ ਬਣਜਾ।

ਦੇਸ਼ ਦੀ ਵਾਗਡੋਰ ਆਪਣੇ ਹੱਥ ਲੈ ਅੜੀਏ,
ਨੀਂ ਕਵਿਤਾ ਤੂੰ ਸਰਕਾਰ ਬਣਜਾ।

ਸਿੱਧੂ' ਕੂਕ-ਕੂਕ ਕੇ ਕਹਿ ਰਿਹਾ ਯੁੱਗ ਬਦਲੋ,
ਨੀਂ ਕਵਿਤਾ ਤੂੰ ਪੁਕਾਰ ਬਣਜਾ।

9. ਸੁਪਨਾ

ਕੰਡਿਆਲੀਆਂ ਤਾਰਾਂ ਦਾ ਟੁੱਟ ਜਾਣਾ,
ਸਭ ਸਰਹੱਦਾਂ ਦਾ ਮਿਟ ਜਾਣਾ,
ਤੇ ਸਿਰਫ 'ਅਮਨ' ਦਾ ਹੋਣਾ,
ਅਮੀਰੀ ਗਰੀਬੀ ਦਾ ਦਮ ਤੋੜਨਾ,
ਰਾਮ ਖੁਦਾ ਵਾਹਿਗੁਰੂ ਦਾ ਜੁੜਨਾ,
ਕਿਰਤ ਕਰਨਾ, ਵੰਡ ਛਕਣਾ,
ਕੁੜੀਆਂ ਦਾ ਆਜਾਦ ਘੁੰਮਣਾ,
ਮੈਂ ਤੇ ਹੰਕਾਰ ਦਾ ਮਿਟਣਾ,
ਫੈਸਨ ਦਾ ਹੜ ਰੁਕਣਾ,
ਸਾਦਗੀ ਦਾ ਜਗ੍ਹਾ ਜਗ੍ਹਾ ਮਹਿਕਣਾ,
ਕੂੜਰੀਤਾਂ ਦਾ ਖਤਮ ਹੋਣਾ,
ਅਸਲ ਕਲਾ ਦਾ ਮੁੱਲ ਪੈਣਾ,
ਗਿਆਨ ਦਾ ਲੋਕਾਂ ਚ ਬਿਖਰਨਾ,
ਤੇ' ਜ਼ਮੀਰ ਦੇ ਕਾਤਿਲ' ਦਾ ਛਪਣਾ,
ਫਿਲਹਾਲ ਤਾਂ ਸੁਪਨਾ ਏ,
ਪਰ ਹਕੀਕਤ ਬਣੇਗਾ ਜਰੂਰ।

10. ਅਜ਼ਮਲ ਕਸਾਬ

ਜਦੋਂ ਤੈਨੂੰ ਫਾਂਸੀ ਤੇ ਟੰਗਿਆ,
ਸਾਰਾ ਦੇਸ਼ ਹੱਸਿਆ,
ਬੱਚੇ, ਬੁੱਢੇ, ਜਵਾਨ ਸਭ ਲੋਕ,
ਨੱਕੋ ਨੱਕ ਭਰ ਗਏ ਖੁਸ਼ੀਆਂ ਨਾਲ,
ਜਿਵੇਂ ਕੋਈ ਜੰਗ ਜਿੱਤੀ ਹੋਵੇ,
ਜਾਂ ਕਿਸੇ ਨੇਤਾ ਨੇ ਪੁੱਤ ਵਿਆਹਿਆ ਹੋਵੇ,
ਪਤਾ ਨਹੀਂ ਕਿਉਂ ?
ਦੇਸ਼ ਦੀ ਜਨਤਾ ਫੁੱਲੀ ਨਾ ਸਮਾਈ।

ਪਰ ਮੈਂ ਤੇ ਮੇਰਾ ਦਿਲ,
ਬੜੇ ਉਦਾਸ ਤੇ ਗਮਗੀਨ ਸਾਂ,
ਸਾਨੂੰ ਤੇਰੇ ਤੇ ਤਰਸ ਆ ਰਿਹਾ ਸੀ,
ਪਤਾ ਨੀਂ ਕਿਉਂ ?
ਸਾਇਦ ਮੈਂ ਤੇ ਮੇਰੇ ਦਿਲ ਨੇ,
ਤੇਰੇ ਕਾਲੇ ਕਾਰਨਾਮੇ ਦੀ ਬੁਨਿਆਦ,
ਤੇ ਤੇਰੇ ਮਾਪਿਆਂ ਦੀ ਗਰੀਬੀ ਤੱਕ ਲਈ ਸੀ।

ਤੂੰ ਵੀ ਬਹੁਤ ਪਿਆਰਾ ਪੁੱਤਰ ਸੈਂ,
ਮਾਪਿਆਂ ਦੀ ਅੱਖ ਦਾ ਤਾਰਾ,
ਪਰ ਕਮੀਨੀ-ਹਬਸਣ-ਕੁੱਤੀ ਗਰੀਬੀ ਨੇ,
ਮਾਪਿਆਂ ਹੱਥੋਂ ਤੈਨੂੰ ਵਿਕਾ ਦਿੱਤਾ,
ਉਹਨਾਂ ਮਾਨਵੀ ਬੰਬ ਦੇ ਵਪਾਰੀਆਂ ਕੋਲ,
ਜਿਨ੍ਹਾਂ ਦੇ ਦਿਲ ਚ ਨਫਰਤ ਦੀ ਜਹਿਰ ਭਰੀ ਏ,
ਤੇ ਜਿਹੜੇ ਸਿਰਫ ਨਫਰਤ ਦੀ ਹੀ ਗੱਲ ਕਰਦੇ ਨੇ।

ਤੂੰ ਤਾਂ ਬਿਲਕੁਲ ਕੋਰਾ ਸਫਾ ਸੀ,
ਚਿੱਟੇ ਦੁੱਧ ਵਰਗਾ,
ਤੇਰੇ ਤੇ ਇਹ ਕਾਲੇ ਅੱਖਰ,
ਮਜ੍ਹਬੀ ਤੰਗ-ਦਿਲ ਹਾਕਮਾਂ ਨੇ ਲਿਖੇ,
ਉਹਨਾਂ ਨੇ ਤੈਨੂੰ ਭੜਕਾਇਆ,
"ਭਾਰਤ ਚ ਸਾਡੀ ਕੌਮ ਤੇ ਜੁਲਮ ਹੁੰਦਾ,
ਹਿੰਦੂ ਰਾਜ ਕਰਦੇ ਨੇ ਸਾਡੀ ਕੌਮ ਤੇ"
ਤੂੰ ਨੌਜਵਾਨ ਸੀ,
ਤੇਰੇ ਖੂਨ ਨੇ ਉਬਾਲਾ ਖਾਧਾ,
ਉਹ ਮਜ੍ਹਬੀ ਹਾਕਮ ਹੱਸੇ,
ਕਿਉਂ ਜੋ ਉਹਨਾਂ ਨੂੰ ਮਾਨਵੀ ਬੰਬ ਮਿਲ ਗਿਆ ਸੀ।

ਇੱਥੇ ਤੂੰ ਇਨਸਾਨ ਨਾ ਰਿਹਾ,
ਤੈਨੂੰ ਬੰਦੇਮਾਰੂ ਹਥਿਆਰ ਬਣਾ ਦਿੱਤਾ ਗਿਆ,
ਤੇ ਫਿਰ ਤੈਨੂੰ ਘੱਲ ਦਿੱਤਾ ਭਾਰਤ 'ਚ,
ਜਿੱਥੇ ਤੇਰੀ ਸਮਝ ਮੁਤਾਬਿਕ ਕਾਫਰ ਵੱਸਦੇ ਸਨ,
ਤੇ ਜੋ ਤੇਰੀ ਕੌਮ ਤੇ ਜੁਲਮ ਕਰਦੇ ਸਨ,
ਪਰ ਜਦ ਤੂੰ ਸੱਚ ਤੱਕਿਆ ਹੋਣਾ,
ਤਾਂ ਤੈਨੂੰ ਇਹ ਬਕਵਾਸ ਲੱਗਿਆ ਹੋਣਾ,
ਤੂੰ ਕਮਾਨੋ ਨਿੱਕਲਿਆ ਤੀਰ ਸੀ,
ਰੁਕ ਨਹੀਂ ਸਕਦਾ ਸੀ।

ਫਿਰ ਤੂੰ ਸੁਰੂ ਕੀਤਾ ਆਪਣਾ ਕਾਰਜ,
ਤੂੰ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਈਆਂ,
ਪਲਾਂ ਚ ਲਾਸਾਂ ਦੇ ਢੇਰ,
ਚੀਕ ਚਿਹਾੜਾ, ਸੋਰ ਸਰਾਬਾ,
ਹਰ ਪਾਸੇ ਖਲਬਲੀ,
ਲਹੂ-ਲੁਹਾਣ ਚੇਹਰੇ,
"ਹਾਏ-ਹਾਏ" ਦੀਆਂ ਚੀਕਾਂ,
ਤੂੰ ਤੇ ਤੇਰੇ ਸਾਥੀ ਖੁਸ
ਤੇ ਉਹ ਮਜ੍ਹਬੀ ਹਾਕਮ ਵੀ ਖੁਸ।

ਪਰ ਕਿੰਨਾ ਚਿਰ,
ਸੌ ਸੁਨਿਆਰ ਦੀ, ਤੇ ਇੱਕ ਲੁਹਾਰ ਦੀ,
ਆਖਰ ਤੈਨੂੰ ਫੜ ਲਿਆ ਗਿਆ,
ਫੇਰ ਤੂੰ ਉਗਲੇ ਰਾਜ,
"ਮੈਨੂੰ ਭਾਰਤ ਬਾਰੇ ਭੜਕਾਇਆ ਗਿਆ,
ਮੇਰੇ ਮਾਪਿਆਂ ਗਰੀਬੀ ਵੱਸ ਵੇਚ ਦਿੱਤਾ "
ਤੂੰ ਰੋਇਆ, ਬਹੁਤ ਰੋਇਆ,
ਮਗਰਮੱਛ ਦੀਆਂ ਅੱਖਾਂ ਚ ਅੱਥਰੂ,
ਤੈਨੂੰ ਕੀਤੀ ਦਾ ਪਛਤਾਵਾ ਹੋਇਆ,
ਪਰ ਹੁਣ ਕੀ ਹੋ ਸਕਦਾ ਸੀ?

ਆਖਰ ਤੈਨੂੰ ਫਾਂਸੀ ਤੇ ਟੰਗ ਦਿੱਤਾ,
ਦੁੱਖ ਨਹੀਂ ਤੈਨੂੰ ਫਾਂਸੀ ਤੇ ਟੰਗਿਆ,
ਦੁੱਖ ਹੈ..
ਪਾਪਣ ਗਰੀਬੀ ਨੂੰ ਕਦ ਫਾਂਸੀ ਹੋਵੇਗੀ ?
ਮਜ੍ਹਬੀ ਨਫਰਤ ਨੂੰ ਕਦ ਫਾਂਸੀ ਹੋਵੇਗੀ ?
ਇਹ ਲੋਕ, ਹਿੰਦੂ, ਸਿੱਖ, ਮੁਸਲਮਾਨ ਨਾ ਹੋ ਕੇ,
ਕਦ ਸਿਰਫ ਤੇ ਸਿਰਫ ਇਨਸਾਨ ਬਣਨਗੇ ?
ਆਖਰ ਕਦ?
(ਅਜ਼ਮਲ ਕਸਾਬ=26/11 ਚ ਭਾਰਤ ਤੇ ਅੱਤਵਾਦੀ
ਹਮਲੇ ਚੋਂ ਜਿੰਦਾ ਫੜਿਆ ਅੱਤਵਾਦੀ)

11. ਨੇਤਾ ਜੀ

ਨੇਤਾ ਜੀ ਜਿੱਤਣ ਤੋਂ ਬਾਅਦ ਵੀ ਦਰਸ ਦਿਖਾ ਦਿਆ ਕਰੋ,
ਪਹਿਲਾਂ ਜੋ ਵਾਅਦੇ ਕਰਦੇ ਹੋ, ਪੂਰੇ ਵੀ ਕਰਵਾਦਿਆ ਕਰੋ।
ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਹੱਥ ਜੋੜ ਕੇ ਆਉਂਦੇ ਹੋ,
ਤੇ ਆਪਣਾ ਕੰਡਾ ਕੱਢ ਕੇ, ਮੁੜ ਕਦੀ ਨਾ ਫੇਰਾ ਪਾਉਂਦੇ ਹੋ।

ਆਪਣਾ ਤੇ ਆਪਣੇ ਸਕੇ-ਸੰਬੰਧੀਆਂ ਦਾ ਘਰ ਭਰ ਲੈਂਦੇ ਹੋ,
ਆਮ ਜਨਤਾ ਨੂੰ ਤਾਂ ਫੇਰ ਡੂਮਣੇ ਵਾਗੂੰ ਵੱਡਣ ਪੈਂਦੇ ਹੋ।
ਭਾਰਤ ਨੂੰ ਤੁਸੀਂ ਹਰ ਰੋਜ਼, ਘੁਣ ਵਾਗੂੰ ਖਾ ਰਹੇ ਹੋ,
ਆਪਣੇ ਜੁਲਮਾਂ ਤੇ ਪਾਪਾਂ ਦੀ ਗਿਣਤੀ ਵਧਾ ਰਹੇ ਹੋ ।

ਸਰਮ ਨਹੀਂ ਆਉਂਦੀ ਕੁੱਤਿਓ, ਬਿਜਨਸ ਨੂੰ ਸੇਵਾ ਆਖਦੇ ਹੋ,
ਸੇਵਾ ਦੇ ਨਾਂ ਤੇ ਤੁਸੀਂ ਪੱਤੇ ਬਣੇ ਭ੍ਰਿਸ਼ਟਚਾਰੀ ਦੀ ਸਾਖ ਦੇ ਹੋ।
ਸਫੇਦ ਪੋਸਾਕ ਚ ਛੁਪੇ ਤੁਸੀਂ ਕਾਲੇ ਜਹਿਰੀਲੇ ਨਾਗ ਹੋ,
ਡੱਸਦੇ ਹੋ ਰੋਜ ਜਨਤਾ ਨੂੰ, ਤੁਸੀਂ ਜਨਤਾ ਦੇ ਮੰਦੜੇ ਭਾਗ ਹੋ।

12. ਭਗਤ ਸਿੰਘ ਦੀ ਆਤਮਾ

ਸਹੀਦ ਭਗਤ ਸਿੰਘ ਦੀ ਆਤਮਾ ਕੁਰਲਾਉਂਦੀ ਵੇਖੀ ਮੈਂ,
ਭਾਰਤ ਦੀ ਗਲੀ ਗਲੀ ਚ ਦੁਹਾਈ ਪਾਉਂਦੀ ਵੇਖੀ ਮੈਂ।

ਕਹਿੰਦੀ"ਕੀ ਸੋਚ ਕੇ ਮੈਂ ਆਪਣੀ ਕੁਰਬਾਨੀ ਦਿੱਤੀ ਸੀ"
ਆਪਣੇ ਇਸ ਫੈਸਲੇ ਤੇ ਲਾਹਨਤਾਂ-ਦੋਸ ਲਾਉਂਦੀ ਵੇਖੀ ਮੈਂ।

ਜਗ੍ਹਾ ਜਗ੍ਹਾ ਭ੍ਰਿਸ਼ਟ ਲੀਡਰ ਤੇ ਧਰਮੀ ਠੇਕੇਦਾਰ ਵੇਖ ਕੇ,
ਰਕਤ ਦੇ ਅੱਥਰੂ ਮਣਾਂ-ਮੂੰਹੀਂ ਵਹਾਉਂਦੀ ਵੇਖੀ ਮੈਂ।

ਮਜ਼ਦੂਰਾਂ ਨੂੰ ਭੁੱਖੇ ਤੇ ਵੇਹਲੜਾਂ ਦੇ ਮੋਟੇ ਮੋਟੇ ਢਿੱਡ ਵੇਖ ਕੇ,
ਟਾਹਣੀ ਤੋਂ ਟੁੱਟੇ ਫੁੱਲ ਵਾਂਗੂੰ ਮੁਰਝਾਉਂਦੀ ਵੇਖੀ ਮੈਂ।

ਸਾਡਾ ਸਾਰਾ ਰਾਜਪ੍ਰਬੰਧ ਤੇ ਸਮਾਜ ਸਿਸਟਮ ਵੇਖ ਕੇ,
ਖੁਦਾ ਦੀ ਕਸਮ ਹੰਝੂਆਂ ਦੀ ਵਰਖਾ ਵਰਸਾਉਂਦੀ ਵੇਖੀ ਮੈਂ।

ਸਿੱਧੂ' ਵਾਂਗ ਹੋਰ ਵਿਚਾਰੀ ਫਿਰ ਕਰ ਵੀ ਕੀ ਸਕਦੀ ਸੀ,
ਆਖਰ ਥੱਕ ਹਾਰ ਕੇ ਆਪਣਾ ਮਨ ਸਮਝਾਉਂਦੀ ਵੇਖੀ ਮੈਂ।

13. ਸਮਾਜ ਬਦਲਣਾ ਹੈ

ਬਦਲਣਾ ਹੈ ਬਦਲਣਾ ਹੈ ਇਹ ਸਮਾਜ ਬਦਲਣਾ ਹੈ,
ਸਦੀਆਂ ਤੋਂ ਚੱਲ ਰਿਹਾ ਲੋਟੂਆਂ ਦਾ ਰਾਜ ਬਦਲਣਾ ਹੈ।

ਹੁਣ ਨਹੀਂ ਜਰ ਸਕਦੇ ਇੱਕ ਪਲ ਵੀ ਇਹਨਾਂ ਲੋਟੂਆਂ ਨੂੰ,
ਇਹਨਾਂ ਨਾਲ ਮੁੱਦਤਾਂ ਵਾਲਾ ਲਿਹਾਜ਼ ਬਦਲਣਾ ਹੈ।

ਜਾਤ-ਪਾਤ, ਵਹਿਮ-ਭਰਮ, ਕੂੜ-ਰੀਤਾਂ, ਧਰਮ-ਕਰਮ,
ਅਮੀਰੀ-ਗਰੀਬੀ, ਭ੍ਰਿਸਟਾਚਾਰੀ ਤੇ ਦਾਜ ਬਦਲਣਾ ਹੈ।

ਹੁਣ ਰੱਬ ਦੇ ਆਸਰੇ ਸਭ ਠੀਕ ਨਹੀਂ ਹੋਣਾ ਦੋਸਤੋ,
ਆਪਾਂ ਨੇ ਵੀ ਹੁਣ ਜਿਉਣ ਦਾ ਅੰਦਾਜ਼ ਬਦਲਣਾ ਹੈ।

ਹੁਣ ਚਿੜੀਆਂ ਨੇ ਬੈਠ ਹੀ ਜਾਣਾ ਦੇਸ਼ ਦੇ ਤਖਤ ਤੇ,
ਸਿੱਧੂ' ਪੈਰ ਜਮਾਈ ਬੈਠਾ ਕਮੀਨਾ ਬਾਜ਼ ਬਦਲਣਾ ਹੈ ।

14. ਕੋਈ ਕਵਿਤਾ ਲਿਖੀਏ

ਨ੍ਹਾ-ਧੋਕੇ, ਸਜ਼-ਧਜ਼ ਕੇ ਆਉ ਵੇ ਸ਼ਬਦੋ,
ਹਾੜੇ ਛੇਤੀ ਕਰੋ ਦੇਰ ਨਾ ਲਾਉ ਵੇ ਸ਼ਬਦੋ,
ਕਿਸੇ ਦੀ ਖੁਸ਼ੀ ਕਿਸੇ ਦੀ ਬਿਪਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।

ਕਲਮ 'ਚ ਸਿਆਹੀ ਵੀ ਉਬਾਲੇ ਖਾ ਰਹੀ ਏ,
ਕਾਗਜ਼ਾਂ ਦੀ ਜਾਨ ਵੀ ਫੜ-ਫੜ੍ਹਾ ਰਹੀ ਏ,
ਕਾਗਜ਼ ਤੇ ਕਲਮ ਦਾ ਅਨੋਖਾ ਰਿਸ਼ਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।

ਮੈਂ ਵੀ ਤਿਆਰ ਹਾਂ ਤੇ ਮਾਹੌਲ ਵੀ ਤਿਆਰ ਏ,
ਆਪਾਂ ਇੱਕ ਜਾਗੀਏ, ਬਾਕੀ ਸੁੱਤਾ ਸੰਸਾਰ ਏ,
ਪਿਆਰ ਭਰੀ ਸਭ ਲਈ ਇਕਮਿਕਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।

ਆਉ ਗੱਲ ਕਰੀਏ, ਸਮੇਂ ਦੇ ਹਾਲਾਤਾਂ ਦੀ,
ਕਾਲੇ-ਕਾਲੇ ਦਿਨਾਂ ਤੇ ਚਿੱਟੀਆਂ ਰਾਤਾਂ ਦੀ,
ਦੁਨੀਆਂ ਬਦਲਣ ਲਈ ਕੋਈ ਨੁਕਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।

15. ਕਾਲੀ ਰਾਤ

ਚੱਲ 'ਸਿੱਧੂ' ਸੌਂ ਜਾਹ ਹੁਣ,
ਸੋਚਦਿਆਂ ਬੜੀ ਦੇਰ ਹੋ ਗਈ ।
ਮੋਰੀ ਤੋਂ ਬਾਹਰ ਝਾਕ ਜਰਾ,
ਕਿੰਨੀ ਗੂੜ੍ਹੀ ਹਨੇਰ ਹੋ ਗਈ ।

ਫਿਰ ਸੁਬਾ ਉੱਠ ਕੇ ਬੋਲੇਂਗਾ,
"ਅਜੇ ਹੁਣ ਤਾਂ ਸੁੱਤੇ ਸੀ,
ਐਨੀ ਜਲਦੀ ਸਵੇਰ ਹੋ ਗਈ"।

ਫਿਰ ਤਸੱਲੀ ਦੇਵੇਂਗਾ ਖੁਦ ਨੂੰ,
ਅਖੇ "ਦੇਰ ਨਾਲ ਸੌਣ ਦੀ,
ਗਲਤੀ ਰਾਤ ਫੇਰ ਹੋ ਗਈ "।

16. ਮੇਰਾ ਸ਼ਾਇਰ ਦਿਲ

ਜਦ ਮਜਬੂਰ ਹੋ ਕੇ ਹੱਥ ਮੇਰਾ ਕਲਮ ਚੁੱਕਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਟਹਿਣੀ ਨਾਲੋਂ ਕਲੀ ਜਦ ਕੋਈ ਟੁੱਟੀ ਵੇਖਦਾ ਹਾਂ,
ਤਲੀ ਤੇ ਮਸ਼ਲਕੇ ਜਮੀਨ ਤੇ ਸੁੱਟੀ ਵੇਖਦਾ ਹਾਂ,
ਜਦ ਹੱਸਦੇ -ਵੱਸਦੇ ਬੂਟੇ ਨੂੰ ਜੜ੍ਹੋਂ ਕੋਈ ਪੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਰੁੱਖਾਂ -ਫਸਲਾਂ ਨੂੰ ਹਵਾ ਸੰਗ ਲਹਿਰਾਉਂਦੇ ਵੇਖਦਾ ਹਾਂ,
ਪਸੂ-ਪੰਛੀਆਂ ਨੂੰ ਲਵ ਦੇ ਗੀਤ ਗਾਉਂਦੇ ਵੇਖਦਾ ਹਾਂ,
ਜਦ ਬਹਾਰਾਂ ਵਾਲਾ ਹਸੀਨ ਮੌਸਮ ਦਿਲ ਲੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਗਰੀਬੀ ਦੀ ਦਲਦਲ ਚ ਤੜਫਦੀ ਜਾਨ ਵੇਖਦਾ ਹਾਂ,
ਹੌਂਕੇ-ਹੰਝੂਆਂ ਨਾਲ ਬਲਦੀ,ਜਦੋਂ ਸਮਸਾਨ ਵੇਖਦਾ ਹਾਂ,
ਮਾਰ ਕੇ ਦੁਹੱਥੜਾ ਜੋਰ ਨਾਲ, ਜਦ ਕੋਈ ਪਿੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਲੁਟੇਰਿਆਂ ਦੇ ਜਦੋਂ ਉੱਚੇ ਉੱਚੇ ਮੁਨਾਰੇ ਵੇਖਦਾ ਹਾਂ,
ਤੇ ਕਿਰਤੀਆਂ ਦੇ ਜਦੋਂ ਕੱਚੇ ਕੱਚੇ ਢਾਰੇ ਵੇਖਦਾ ਹਾਂ,
ਮਿਹਨਤਾਂ ਦਾ ਮੁੱਲ ਜਦ, ਕੌਡੀ ਕੋਈ ਚੁੱਕਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਪਾਖੰਡੀ ਬਾਬਿਆਂ ਦਾ ਜਦੋਂ ਵੱਡਾ ਜਾਲ ਵੇਖਦਾ ਹਾਂ,
ਤੇ ਭਰਮਾਂ ਚ ਫਸੇ ਲੋਕਾਂ ਦਾ ਬੁਰਾ ਹਾਲ ਵੇਖਦਾ ਹਾਂ,
ਧਰਮਾਂ ਦਾ ਠੇਕੇਦਾਰ ਜਦੋਂ, ਲੋਕਾਂ ਨੂੰ ਲੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਜਦੋਂ ਤਕੜੇ ਦਾ ਮਾੜੇ ਤੇ ਲੱਗਿਆ ਤਮਾਚਾ ਵੇਖਦਾ ਹਾਂ,
ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਵੇਖਦਾ ਹਾਂ,
ਜਦ ਤਾਕਤ ਦੇ ਜ਼ੋਰ ਤੇ ਕਿਸੇ ਨੂੰ ਕੋਈ ਕੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਰੱਬ ਦੇ ਨਾਮ ਤੇ ਜਦ, ਲੋਕਾਂ ਨੂੰ ਲੜਦੇ ਵੇਖਦਾ ਹਾਂ,
ਨਫ਼ਰਤਾਂ ਦੀ ਜਾਨਲੇਵਾ ਅੱਗ ਚ ਸੜਦੇ ਵੇਖਦਾ ਹਾਂ,
ਮੁਹੱਬਤ ਦੀ ਮੂਰਤ ਦਾ ਜਦ, ਗਲ ਕੋਈ ਘੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏ।

ਜਦੋਂ ਨਸ਼ੇ ਤੇ ਹਵਸ਼ ਦਾ ਵਗਦਾ ਦਰਿਆ ਵੇਖਦਾ ਹਾਂ,
ਤੇ ਅੱਜ ਦੇ ਨੌਜਵਾਨਾਂ ਨੂੰ ਵਿੱਚ ਗਿਰਿਆ ਵੇਖਦਾ ਹਾਂ,
ਸਿੱਧੂ' ਇਸ ਚ ਡੁੱਬ ਕੇ ਜਦ ਕਿਸੇ ਦਾ ਸਾਹ ਟੁੱਟਦਾ ਏ,
ਉਦੋਂ ਮੇਰਾ ਸ਼ਾਇਰ-ਦਿਲ ਜਾਗ ਉੱਠਦਾ ਏੇ।

17. ਅਮਨ

ਦੁਨਿਆਵੀ ਸੋਰ-ਸਰਾਬਾ,
ਉੱਥੇ ਭੋਰਾ ਨਾ ਹੋਵੇ,
ਉੱਥੇ ਸਿਰਫ਼ ਤੇ ਸਿਰਫ਼,
ਚੁੱਪ ਹੋਵੇ, ਅਮਨ ਹੋਵੇ।

ਹਾਂ ਸੱਚ,
ਚਿੜੀਆਂ ਦੀ ਚੀਂ ਚੀਂ,
ਹਵਾਵਾਂ ਦੀ ਸੂਕ,
ਪੱਤਿਆਂ ਦੀ ਖੜਖੜਾਹਟ,
ਨਿੰਮੀ-ਨਿੰਮੀ ਬੱਦਲਾਂ ਦੀ ਗਰਜ਼,
ਤੇ ਨਿੱਕੀ-ਨਿੱਕੀ ਬੂੰਦ ਦਾ ਮੀਂਹ ਹੋਵੇ।

ਕਹਿਣ ਤੋਂ ਮਤਲਬ,
ਪੂਰਾ ਕਾਵਿਮਈ ਮਾਹੌਲ ਹੋਵੇ,
ਹਰ ਪਾਸੇ ਕੁਦਰਤ ਹੀ ਕੁਦਰਤ ਹੋਵੇ,
ਤੇ ਉੱਥੇ ਮੈਂ ਸਿਰਫ਼ ਇਕੱਲਾ ਹੋਵਾਂ,
ਤੂੰ ਵੀ ਨਾ ਹੋਵੇਂ,
ਸਿਰਫ਼ ਤੇਰੇ ਖਿਆਲ ਹੋਵਣ।

18. ਕਵੀ ਮਨ

ਹਰ ਪਲ, ਹਰ ਪਹਿਰ,
ਹਰ ਦਿਨ, ਹਰ ਰਾਤ,
ਹਰ ਮਹੀਨੇ, ਹਰ ਸਾਲ,
ਰੁੱਝਿਆ ਰਹਿੰਦਾ ਏ,
ਕਵੀ ਮਨ।

ਕਵੀ ਮਨ ਨੂੰ ਫੁਰਸਤ ਕਿੱਥੇ ?
ਕਵੀ ਮਨ ਨੂੰ ਮੌਜ ਕਿੱਥੇ ?

ਕਵੀ ਮਨ ਤਾਂ,
ਖਾਬਾਂ-ਖਿਆਲਾਂ ਦੇ ਡੂੰਘੇ ਸਮੁੰਦਰ 'ਚ,
ਗੋਤੇ ਲਾਉਂਦਾ ਰਹਿੰਦਾ ਏ,
ਤੇ ਲੱਭਦਾ ਰਹਿੰਦਾ ਕਵਿਤਾ ਦੇ ਮੋਤੀ,
ਤੇ ਫਿਰ ਪਰੋ ਲੈਂਦਾ ਏ,
ਲਫਜਾਂ ਦੀ ਮਾਲਾ 'ਚ।

ਕਵੀ ਮਨ ਨੂੰ ਫੁਰਸਤ ਕਿੱਥੇ ?
ਕਵੀ ਮਨ ਨੂੰ ਮੌਜ ਕਿੱਥੇ ?

19. ਮੁਹੱਬਤ ਦਾ ਖਜਾਨਾ

ਲਉ ਦੋਸਤੋ ਹੁਣ ਖੁਸ਼ੀਆਂ ਦਾ ਜ਼ਮਾਨਾ ਆ ਗਿਆ,
ਸਾਡੇ ਹਿੱਸੇ ਵੀ ਇੱਕ ਦੋਸਤੀ ਦਾ ਅਫਸਾਨਾ ਆ ਗਿਆ।

ਸਦੀਆਂ ਤੋਂ ਜਿੰਦਗੀ ਦੀ ਸਮਾ ਇਕੱਲੀ ਮੱਚ ਰਹੀ ਸੀ,
ਹੁਣ ਨਾਲ ਮੱਚਣ ਲਈ ਪਿਆਰਾ ਪਰਵਾਨਾ ਆ ਗਿਆ।

ਸਲਾਮ ਕਰ ਗਏ ਪਤਝੜ ਤੇ ਰੁੱਖੇ ਜਿਹੇ ਮੌਸਮ ਸਾਨੂੰ,
ਹੁਣ ਤਾਂ ਦੋਸਤੋ ਬਹਾਰਾਂ ਦਾ ਮੌਸਮ ਸੁਹਾਨਾ ਆ ਗਿਆ।

ਹੁਣ ਰੱਜ-ਰੱਜ ਕੇ ਵਾਰਾਂਗੇ ਮੁਹੱਬਤਾਂ ਆਪਣੇ ਆਪ ਤੋਂ,
ਸਿੱਧੂ' ਸਾਡੇ ਹੱਥ ਮੁਹੱਬਤਾਂ ਦਾ ਖਜ਼ਾਨਾ ਆ ਗਿਆ।

20. ਤੂੰ ਸ਼ਾਇਰਾ ਹੁੰਦੀ

ਜੇ ਤੂੰ ਸ਼ਾਇਰਾ ਹੁੰਦੀ ਜਾਂ ਸ਼ਾਇਰੀ ਸਮਝ ਸਕਦੀ,
ਤਾਂ ਕਿੰਨੀ ਸੋਹਣੀ ਹੁੰਦੀ ਸਾਡੇ ਇਸਕੇ ਦੀ ਗੁਫਤਗੂ।

ਤੇਰੇ ਹੁਸਨ ਦੇ ਕਹਿਰ ਤੋਂ ਵਾਲ-ਵਾਲ ਬਚ ਗਿਆ ਸੀ
ਆਖਿਰ ਮਾਰ ਹੀ ਗਿਆ ਸੀ ਤੇਰੇ ਭੂਰੇ ਨੈਣਾਂ ਦਾ ਜਾਦੂ।

ਬੇਸ਼ੱਕ ਹਰ ਪਲ ਤੈਥੋਂ ਕੋਹਾਂ ਦੀ ਦੂਰੀ ਤੇ ਰਹਿੰਦਾ ਹਾਂ,
ਹਵਾਵਾਂ ਚੋਂ ਮਾਣ ਲੈਂਦਾ ਹਾਂ ਤੇਰੇ ਜਿਸਮ-ਰੂਹ ਦੀ ਖੁਸਬੂ।

ਸਮਾਜ ਦੇ ਕਠੋਰ ਬੰਧਨ ਰਾਹ ਦਾ ਰੋਹੜਾ ਬਣਦੇ ਨੇ,
ਦਿਲ ਤਾਂ ਚਾਹੁੰਦਾ ਏ ਹਰ ਪਲ ਰਹਾਂ ਤੇਰੇ ਰੂਬ-ਰੂ।

ਦਿਲ ਦੀ ਧੜਕਣ ਦੇ ਨਾਲ ਤੇਰਾ ਨਾਂ ਵੀ ਧੜਕਦਾ ਏ,
ਵੇਖਲਾ 'ਸਿੱਧੂ' ਤੇਰੇ ਇਸਕ ਨੇ ਕਰ ਛੱਡਿਆ ਬੇਕਾਬੂ।

21. ਦੋਸਤਾ

ਖੁਦਾ ਤਾਂ ਕਣ-ਕਣ 'ਚ ਵੱਸਦਾ ਏ ਦੋਸਤਾ,
ਇੱਕ ਵਾਰ ਤੂੰ ਸਿੱਧੀ ਆਪਣੀ ਨਜ਼ਰ ਤਾਂ ਕਰ।

ਵੇਖ ਲਵੀਂ ਤੈਨੂੰ ਵੀ ਹਰ ਕਿਤੇ ਸਤਿਕਾਰ ਮਿਲੇਗਾ,
ਤੂੰ ਦਿਲੋਂ ਸਭਨਾਂ ਦੀ ਕਦੇ ਕਦਰ ਤਾਂ ਕਰ।

ਕੋਈ ਨਾ ਇੱਕ ਦਿਨ ਮੰਜ਼ਿਲ ਵੀ ਮਿਲ ਜਾਵੇਗੀ,
ਬੱਸ ਤੂੰ ਰੀਝ ਲਾ ਕੇ ਸੁਰੂ ਸਫ਼ਰ ਤਾਂ ਕਰ।

ਚਮਕਦੇ ਸ਼ਿਤਾਰੇ ਵਾਂਗ ਚਮਕਾ ਸਕਦੀ ਏ ਤੈਨੂੰ,
ਦੋਸਤਾ ਜਿੰਦਗੀ ਵਿਚਾਰੀ ਤੇ ਫਖਰ ਤਾਂ ਕਰ।

ਕਿਸੇ ਮੋੜ ਤੇ ਖੜਾ ਮਿਲ ਜਾਵੇਗਾ ਦਿਲਵਰ ਤੇਰਾ,
ਸਿੱਧੂ' ਫਿਲਹਾਲ ਥੋੜਾ-ਜਿਹਾ ਸਬਰ ਤਾਂ ਕਰ।

22. ਹੁਣ ਕੋਈ ਤਾਰੇ ਨਹੀਂ ਵੇਖਦਾ

ਲੋਕ ਸੁਬਾ ਹੀ ਕੰਮ ਤੇ ਤੁਰ ਜਾਂਦੇ,
ਤੇ ਸਾਮ ਨੂੰ ਘਰ ਵਾਪਿਸ ਆਂਦੇ,
ਟੈਨਸਨਾਂ ਦੀ ਭੀੜ ਨਾਲ ਲਿਆਂਦੇ,
ਜੋ ਵੀ ਥੋੜ੍ਹੇ-ਮੋਟੇ ਪਲ ਬਚਦੇ,
ਉਹ ਟੀ.ਵੀ., ਮੋਬਾਈਲਾਂ ਨਾਲ ਬਿਤਾਂਦੇ,
ਤੇ ਆਖਿਰ ਰੋਟੀ-ਚਾਵਲ ਖਾ ਕੇ,
ਬੰਦ ਕਮਰੇ ਵਿੱਚ ਸੌਂ ਜਾਂਦੇ,
ਹੁਣ ਕੋਈ ਤਾਰੇ ਨਹੀਂ ਵੇਖਦਾ..

ਕੋਈ ਫੈਸਨ ਦੀ ਨਦੀ 'ਚ ਨਹਾ ਰਿਹਾ,
ਕੋਈ ਫੇਸਬੁੱਕ ਤੇ ਫਰੈਂਡ-ਲਿਸਟ ਵਧਾ ਰਿਹਾ,
ਕੋਈ ਲੰਡੂ ਗੀਤ ਸੁਣਕੇ ਦਿਲ ਪਰਚਾਅ ਰਿਹਾ,
ਕਿਸੇ ਕੋਲ ਜਰਾ ਵੀ ਵਖਤ ਨਹੀਂ,
ਹਰ ਕੋਈ ਚਕਾਚੌਂਧ ਦੀ ਦੁਨੀਆਂ ਚ ਛਾ ਰਿਹਾ,
ਹੁਣ ਕੋਈ ਤਾਰੇ ਨਹੀਂ ਵੇਖਦਾ..

ਜਾਂ ਤਾਂ ਕਵੀ ਜਾਂ ਫਿਰ ਗਰੀਬ ਵਿਚਾਰੇ,
ਜਾਂ ਫਿਰ ਆਸਕ, ਦਰਦ ਦੇ ਮਾਰੇ,
ਸਿੱਧੂ' ਕੁਝ ਗਿਣੇ-ਚੁਣੇ ਲੋਕ ਹੀ,
ਅੱਜਕੱਲ੍ਹ ਵੇਖਦੇ ਨੇ ਤਾਰੇ,
ਉਂਝ ਹੁਣ ਕੋਈ ਤਾਰੇ ਨਹੀਂ ਵੇਖਦਾ..

23. ਪੈਸਾ ਤੇ ਲੋਕੀਂ

ਪੈਸਾ ਅੱਗੇ-ਅੱਗੇ,
ਲੋਕੀਂ ਪਿੱਛੇ-ਪਿੱਛੇ,
ਪੈਸੇ ਤੇ ਲੋਕਾਂ ਦੀ ਇਹ ਰੇਸ,
ਬੱਚਿਆਂ ਦੀ ਖੇਡ,
ਛੂਹਣ-ਸਲੀਕੇ ' ਵਰਗੀ ਲਗਦੀ।

ਪੈਸੇ ਨੂੰ ਫੜਨ ਲਈ,
ਖੂਨ ਦੇ, ਦਿਲ ਦੇ ਰਿਸ਼ਤੇ ਉਜਾੜਦੇ ਲੋਕੀਂ,
ਕਾਦਰ ਦੀ ਕੁਦਰਤ, ਤੇ ਜ਼ਮੀਰ ਆਪਣਾ,
ਹੋਰ ਪਤਾ ਨਹੀਂ ਕੀ-ਕੀ ਪੈਰੀਂ ਲਿਤਾੜਦੇ ਲੋਕੀਂ।

ਪੈਸੇ ਨੂੰ ਫੜ ਵੀ ਲੈਂਦੇ,
ਪਰ ਪੈਸਾ ਖੜਦਾ ਕਿੱਥੇ ?
ਫਿਰ ਭੱਜ ਖਲੋਂਦਾ,
ਤੇ ਲੋਕੀਂ ਫਿਰ ਪਿੱਛੇ ਦੌੜਦੇ,
ਲੋਕੀਂ ਦੌੜਦੇ-ਦੌੜਦੇ ਬੁੱਢੇ ਹੋ ਜਾਂਦੇ,
ਇੰਝ ਇਹ ਰੇਸ ਕਦੇ ਨਾ ਮੁੱਕਦੀ,
ਆਖਿਰ ਮੌਤਰਾਣੀ ਹੀ,
ਰੇਸ ਦਾ 'ਦੀ ਐਂਡ' ਕਰਦੀ।

24. ਖਾਬ ਤੇ ਖਿਆਲ

ਕਿੰਨਾ ਸਕੂਨ ਮਿਲਦਾ,
ਖਿਆਲਾਂ ਵਿੱਚ ਖੋ ਕੇ,
ਅਜੀਬ ਅਨੰਦ ਮਿਲੇ,
ਖਾਬਾਂ ਚ ਗੁੰਮ ਹੋ ਕੇ।

ਦਿਲ ਕਰੇ ਹਰ ਪਲ,
ਖਿਆਲਾਂ ਚ ਖੋਇਆ ਰਹਾਂ,
ਖਾਬਾਂ ਦੀ ਰੰਗੀਨੀ ਵਿੱਚ,
ਗੁੰਮ-ਸੁੰਮ ਹੋਇਆ ਰਹਾਂ।

ਸੱਜਰੀ ਸਵੇਰ ਵਰਗੇ,
ਮਹਿਬੂਬ ਦੇ ਖਾਬ ਤੇ ਖਿਆਲ,
ਕਿੰਨਾ ਵੀ ਮੰਦਾ ਹੋਵੇ ਜਦ,
ਆਉਣ ਤਾਂ ਚੰਗਾ ਹੋ ਜਾਂਦਾ ਹਾਲ।

25. ਮਾਏ ਨੀਂ ਮਾਏ

ਮਾਏ ਨੀਂ ਮਾਏ !
ਅਸੀਂ ਹੋਸ ਗਵਾਏ,
ਦਿਨ ਨੂੰ ਚੈਨ ਨਹੀਂ,
ਰਾਤ ਨੂੰ ਨੀਂਦ ਨਾ ਆਏ।

ਜਿੱਥੋਂ ਰੋਕੀਏ ਨੀਂ ਮਾਂ ਉੱਥੇ ਭੱਜ ਜਾਂਦਾ ਏ,
ਦਿਲ ਚੰਦਰੇ ਨੂੰ ਕੋਈ ਸਮਝਾਏ,
ਮਾਏ ਨੀਂ ਮਾਏ !
ਪਾਗਲ ਵੀ ਨਹੀਂ ਪਾਗਲਾਂ ਤੋਂ ਘੱਟ ਵੀ ਨਹੀਂ,
ਇਸ਼ਕ ਨੇ ਪਾਗਲ ਬਣਾਏ,
ਮਾਏ ਨੀਂ ਮਾਏ !

ਪੂਰੀ ਕਾਇਨਾਤ ਹੀ ਮੇਰੀ ਦੁਸ਼ਮਣ ਹੋ ਗਈ ਏ,
ਹਰ ਇੱਕ ਸੈਅ ਮੈਨੂੰ ਤੜਫਾਏ,
ਮਾਏ ਨੀਂ ਮਾਏ !
ਖਿਆਲਾਂ ਦੇ ਅੰਬਰੀਂ ਸਦਾ ਉੱਡੇ ਰਹਿੰਦੇ ਹਾਂ,
ਕੋਈ ਸਾਨੂੰ ਧਰਤੀ ਤੇ ਲੈ ਆਏ,
ਮਾਏ ਨੀਂ ਮਾਏ !

ਮਾਂ ਨੀਂ ਮਾਂ ਜਿੰਦਗੀ ਬੋਝ ਜਿਹਾ ਲੱਗਦੀ,
ਕੋਈ ਇਸ ਬੋਝ ਨੂੰ ਚੁਕਾਏ,
ਮਾਏ ਨੀਂ ਮਾਏ !
ਦੁੱਖਾਂ ਪੀੜਾਂ ਨਾਲ ਮੁਹੱਬਤ ਵਧਦੀ ਜਾਂਦੀ ਏ,
ਕੋਈ ਖੁਸ਼ੀਆਂ ਨਾਲ ਦੋਸਤੀ ਕਰਾਏ,
ਮਾਏ ਨੀਂ ਮਾਏ !

ਰੂਹ ਦਾ ਕੋਈ ਸਾਥੀ, ਮਾਏ ਲੱਭਿਆ ਨਹੀਂ,
ਜਿਸਮਫਰੋਸ਼ਾਂ ਨੇ ਦਿਲ ਤੜਫਾਏ,
ਮਾਏ ਨੀਂ ਮਾਏ !
ਕੰਡੇ ਹੀ ਕੰਡੇ ਵਿਛੇ ਨੇ ਮੰਜ਼ਿਲ ਦੇ ਰਾਹਾਂ ਤੇ,
ਕੋਈ ਫੁੱਲਾਂ ਦੀ ਸੇਜ਼ ਵਿਛਾਏ,
ਮਾਏ ਨੀਂ ਮਾਏ !

26. ਹੈਸੀਅਤ ਵੇਖ ਕੇ

ਹੈਸੀਅਤ ਵੇਖ ਕੇ, ਵੇਖਣ ਲੋਕ ਲੋਕਾਂ ਨੂੰ,
'ਸੱਖਣੇ ਇਨਸਾਨ' ਦੀ ਭੋਰਾ ਕਦਰ ਨਹੀਂ।

ਦਫਨਾ ਸਕੇ ਜੋ ਗੁਰਬਤ ਦੇ ਨਰੋਏ ਜਿਸਮ ਨੂੰ,
ਭਾਰਤ ਵਿੱਚ ਹਾਲੇ ਐਸੀ ਕੋਈ ਕਬਰ ਨਹੀਂ।

ਗੋਰਿਆਂ ਨੇ ਛੱਡਿਆ, ਦੋਗਲਿਆਂ ਵੱਸ ਪੈ ਗਏ,
ਸੰਣਤਾਲੀ ਦੀ ਆਜਾਦੀ ਦਾ ਸਾਨੂੰ ਫਖਰ ਨਹੀਂ।

ਛੇਤੀ-ਛੇਤੀ ਪਲਟਾ ਦਿਉ ਦੇਸ ਦੇ ਤਖਤੇ ਨੂੰ,
ਲੋਹੇ ਜਿੰਨ੍ਹਾਂ ਮਜਬੂਤ ਸਾਡਾ ਸਬਰ ਨਹੀਂ।

ਮੀਡੀਆ 'ਚ ਬਾਲੀਵੁੱਡ ਸਟਾਰਾਂ ਦੇ ਚਰਚੇ ਨੇ,
ਸਿੱਧੂ' ਮਜ਼ਦੂਰ ਦੀ ਕਿਤੇ ਕੋਈ ਖਬਰ ਨਹੀਂ।

27. ਅਮੀਰ ਗਰੀਬ

ਸਭ ਠੇਡੇ ਮਾਰਦੇ ਨੇ ਗਰੀਬ ਲੋਕਾਂ ਨੂੰ,
ਸਿਰਫ਼ ਪੈਸੇ ਵਾਲਿਆਂ ਦੀ ਹੀ ਕਦਰ ਹੁੰਦੀ ਏ।

ਕੌਣ ਵੇਖਦਾ ਦੋਸਤਾ ਕੱਖਾਂ ਦੀਆਂ ਕੁੱਲੀਆਂ,
ਮਰਮਰੀ ਮਹਿਲਾਂ ਤੇ ਹੀ ਸਭ ਦੀ ਨਜ਼ਰ ਹੁੰਦੀ ਏ।

ਗਰੀਬ ਦੀ ਮੌਤ ਦਾ ਪਤਾ ਘੱਟ ਹੀ ਲੱਗਦਾ,
ਅਮੀਰ ਦੇ ਕੰਡਾ ਲੱਗਣ ਦੀ ਵੀ ਖਬਰ ਹੁੰਦੀ ਏ।

ਹਰ ਸੁਪਨਾ ਬਣੇ ਹਕੀਕਤ ਪੈਸੇ ਵਾਲਿਆਂ ਦਾ,
ਗਰੀਬ ਦੀ ਤਾਂ ਦਿਲ ਵਿੱਚ ਹੀ ਸੱਧਰ ਹੁੰਦੀ ਏ।

ਲਾਲਚ ਦੀ ਅੱਗ 'ਚ ਸੜਦੇ ਰਹਿੰਦੇ ਨੇ ਅਮੀਰ,
ਪਰ ਗਰੀਬ ਕੋਲ ਵੱਡੀ ਦਾਤ ਸਬਰ ਹੁੰਦੀ ਏ।

'ਸਿੱਧੂ' ਦੁਨੀਆਂ ਤੇ ਭਾਵੇਂ ਵੱਡੇ-ਛੋਟੇ ਨੇ ਇਹ ਲੋਕ,
ਮੌਤ ਸਾਹਮਣੇ ਦੋਵਾਂ ਦੀ ਹਸਤੀ ਬਰਾਬਰ ਹੁੰਦੀ ਏ।

ਮੈਨੂੰ ਨਹੀਂ ਲੋੜ ਇਸ ਫੁਕਰੀ-ਫੋਕੀ ਅਮੀਰੀ ਦੀ,
ਬੱਸ ਦਿਲ ਦੀ ਅਮੀਰੀ ਹੀ ਵੱਡਾ ਫਖਰ ਹੁੰਦੀ ਏ।

28. ਸ਼ੀਸ਼ੇ ਤੋਂ ਡਰਦਾ ਚਿਹਰਾ

ਬੇਅੰਤ ਖੂਬਸੂਰਤ ਉਹ,
ਹੁਸਨ ਦੀ ਦੁਨੀਆਂ ਦਾ,
ਜੀਂਦਾ-ਜਾਗਦਾ ਖੁਦਾ,
ਜੋ ਵੀ ਰੂਹ ਨਾਲ ਤੱਕਦਾ,
ਅੱਸ-ਅੱਸ ਕਰ ਉੱਠਦਾ,
ਕਸ਼ਮੀਰ ਦੀ ਕੁਦਰਤ ਵੀ,
ਇਸ ਕੁੜੀ ਅੱਗੇ ਬੌਣੀ ਜਾਪਦੀ।

ਸੁਬਾ ਉੱਠਦੀ ਸ਼ੀਸ਼ਾ ਤੱਕਦੀ,
ਨ੍ਹਾ-ਧੋ ਆਉਂਦੀ ਸ਼ੀਸ਼ਾ ਤੱਕਦੀ,
ਤਿਆਰ ਹੋ ਕਾਲਜ ਜਾਂਦੀ,
ਸ਼ੀਸ਼ਾ ਤੱਕ ਕੇ ਜਾਂਦੀ,
ਤੇ ਫਿਰ ਜਦ ਵਾਪਿਸ ਆਉਂਦੀ ਸ਼ੀਸ਼ਾ ਤੱਕਦੀ,
ਪਲ-ਪਲ ਪਿੱਛੋਂ ਸ਼ੀਸ਼ਾ ਤੱਕਦੀ,
ਸ਼ੀਸ਼ਾ ਤੇ ਉਹਦਾ ਚਿਹਰਾ
ਇਕ-ਮਿਕ ਹੋ ਗਏ ਜਾਪਦੇ।

ਪਰ ਇਹ ਖੂਬਸੂਰਤੀ,
ਇੱਕ ਮਨਚਲੇ ਦੀਆਂ ਅੱਖਾਂ ਚ,
ਕਣ ਵਾਂਗ ਰੜਕਦੀ,
ਜਦ ਵੀ ਕਾਲਜ ਆਉਂਦੀ-ਜਾਂਦੀ,
ਉਹ ਮਨਚਲਾ ਰਾਹ ਰੋਕਦਾ,
ਤੇ ਕੁਮੈਂਟੇਬਾਜੀ ਕਰਦਾ,
ਹਬਸ਼ੀ-ਮੁਹੱਬਤ ਦਾ ਇਜਹਾਰ ਕਰਦਾ,
ਤੇ ਇਹ ਕੁੜੀ ਹਰ ਵਾਰ,
ਉਸਨੂੰ ਭੰਡਦੀ-ਦੁਰਕਾਰਦੀ,
'ਬਦਸਕਲ, ਬਦਸੂਰਤ' ਸਬਦਾਂ ਦਾ ਵਾਰ ਕਰਦੀ,
ਇਹ ਸਬਦ ਉਸ ਮਨਚਲੇ ਦੇ ਦਿਲ ਤੇ,
ਮਿਰਚਾਂ ਵਾਂਗ ਲੜਦੇ।

'ਤੇ ਇੱਕ ਦਿਨ,
ਇਹ ਸਬਦਾਂ ਦੀਆਂ ਮਿਰਚਾਂ,
ਤੇਜਾਬ ਬਣ ਗਈਆਂ,
ਤੇ ਉਸ ਕੁੜੀ ਦੇ ਚਿਹਰੇ ਤੇ ਪੈ ਗਈਆਂ,
ਉਸ ਨੇ ਜਦ ਸ਼ੀਸ਼ਾ ਤੱਕਿਆ,
ਤਾਂ ਡਰ ਗਈ, ਠਠੰਬਰ ਗਈ,
ਜਲਿਆ, ਬਦਤਰ ਚਿਹਰਾ ਤੱਕ ਕੇ,
ਤਾਂ ਉਸ ਸ਼ੀਸ਼ਾ ਵਗਾਹ ਮਾਰਿਆ..

ਉਸ ਦਿਨ ਤੋਂ ਬਾਅਦ,
ਕੁੜੀ ਨੇ ਮੁੜ ਕਦੇ ਸ਼ੀਸ਼ਾ ਨਹੀਂ ਤੱਕਿਆ,
ਇੰਝ ਲੱਗੇ ਜਿਵੇਂ ਹੁਣ ਉਹਦਾ,
ਸ਼ੀਸ਼ੇ ਤੋਂ ਡਰਦਾ ਚਿਹਰਾ.. !

29. ਨੀਂਦਰ ਤੇ ਮੌਤ

ਕਿੰਨੀ ਪਿਆਰੀ ਤੇ ਮਿੱਠੀ,
ਨੀਂਦਰ ਦੀ ਗੋਦੀ,
ਮਾਂ ਦੀ ਗੋਦੀ ਜਿੰਨੀ,
ਮੁਰਸਦ ਦੇ ਪਿਆਰ ਜਿੰਨੀ,
ਦਿਲ ਕਰੇ ਕਦੇ ਨਾ ਉੱਠਾਂ,
ਨੀਂਦਰ ਦੀ ਗੋਦੀ ਚੋਂ,
ਇਹ ਸੁਪਨੇ ਵਿਖਾਂਦੀ,
ਥਕਾਵਟ ਦੂਰ ਭਜਾਂਦੀ,
ਬੇਹੱਦ ਮਿੱਠੀ ਤੇ ਪਿਆਰੀ।

ਪਰ,
ਇਸ ਤੋਂ ਵੀ ਵੱਧ ਪਿਆਰੀ,
ਮੌਤ ਦੀ ਨੀਂਦਰ,
ਜਿਥੇ ਭੱਜ-ਨੱਠ,
ਸ਼ੋਰ-ਸਰਾਬਾ,
ਫਰੀ ਦੀ ਟੈਨਸਨ,
ਸਭ ਖਤਮ।

ਮਹਿਬੂਬ ਦੀ ਬੁੱਕਲ ਵਾਂਗ,
ਨਿਰਾ ਸਕੂਨ,
ਮੌਤ ਦੀ ਨੀਂਦਰ।

30. ਗੁਰਦਾਸ ਮਾਨ

ਤੂੰ ਇੰਝ ਹੀ ਲਿਖਦਾ, ਗਾਉਂਦਾ ਰਹਿ ਮਰਜਾਣਿਆ,
ਇਤਿਹਾਸ ਚ ਨਵੀਆਂ ਪੈੜਾਂ ਪਾਉਂਦਾ ਰਹਿ ਮਰਜਾਣਿਆਂ।

ਕਿਸੇ ਲੋਕ-ਗੀਤ ਜਿੰਨੀ ਲੰਬੀ ਉਮਰ ਹੋਵੇ ਤੇਰੀ,
ਚਿਰਾਗ-ਏ-ਜਿੰਦਗੀ ਨੂੰ ਜਲਾਉਂਦਾ ਰਹਿ ਮਰਜਾਣਿਆਂ।

ਜੁੱਗ-ਜੁੱਗ ਜੀਵੇ ਤੇਰੀ ਡਫਲੀ ਤੇ ਨਾਲੇ ਝਾਂਜਰਾਂ ਵੀ,
ਕੰਜਰੀ ਵਾਂਗੂੰ ਨੱਚਦਾ-ਨਚਾਉਂਦਾ ਰਹਿ ਮਰਜਾਣਿਆਂ।

ਫਖਰ-ਏ-ਪੰਜਾਬ ਕਹਾਂ ਜਾਂ ਜਾਨ-ਏ-ਪੰਜਾਬ ਤੈਨੂੰ,
ਆਪਣਾ ਹੀਰਾ ਮੁੱਲ ਪਵਾਉਂਦਾ ਰਹਿ ਮਰਜਾਣਿਆਂ।

ਬੁਝੂੰ-ਬੁਝੂੰ ਕਰ ਰਿਹਾ ਜੋ ਇਹਨਾਂ ਤੂਫਾਨਾਂ ਵਿੱਚ,
ਮਾਂ-ਬੋਲੀ ਦਾ ਦੀਵਾ ਜਗਾਉਂਦਾ ਰਹਿ ਮਰਜਾਣਿਆਂ।

ਦਿਲਕਸ ਅੰਦਾਜ਼ ਤੇਰਾ ਤੇ ਦਿਲਕਸ ਸ਼ਾਇਰੀ ਤੇਰੀ,
ਦਿਲਕਸ ਤੂੰ ਖੁਦ ਵੀ ਕਹਾਉਂਦਾ ਰਹਿ ਮਰਜਾਣਿਆਂ।

ਬੱਸ ਇੱਕੋ ਹਸਰਤ ਹੈ ਮੇਰੇ ਦਿਲ ਚੰਦਰੇ ਦੀ,
ਸਿੱਧੂ' ਦੇ ਖਾਬਾਂ ਚ ਆਉਂਦਾ ਰਹਿ ਮਰਜਾਣਿਆਂ।

31. ਜ਼ਿੰਦਗੀ ਦੇ ਸੂਰਜ

ਬੱਚੇ ਵਾਂਗ ਪਾਲ਼ੇ ਇਹ ਜਿਸਮ ਮਿੱਟੀ 'ਚ ਰਲ਼ ਜਾਣਗੇ,
ਵੇਖ ਲਵੀਂ ਜ਼ਿੰਦਗੀ ਦੇ ਸੂਰਜ ਇਕ ਦਿਨ ਢਲ਼ ਜਾਣਗੇ।

ਸਾਇਦ ਝੂਠ ਦੇ ਕਿਨਾਰੇ ਪਲ ਦੋ ਪਲ ਤਾਂ ਰੋਕ ਲੈਣ,
ਪਰ ਸਦਾ ਲਈ ਸੱਚ ਦੇ ਹੜ, ਦੱਸ ਕਿਵੇਂ ਠੱਲ ਜਾਣਗੇ।

ਸ਼ੀਸ਼ੇ ਦਿਲ,ਸ਼ੀਸ਼ੇ ਜਿਸਮ,ਸ਼ੀਸ਼ੇ ਹੀ ਇਰਾਦੇ ਨੇ ਵੈਰੀ ਦੇ,
ਤੁਸੀ ਕ੍ਰਾਂਤੀ ਦੀ ਅੱਗ ਬਾਲ਼ੋ,ਇਹ ਆਪੇ ਪਿਘਲ ਜਾਣਗੇ।

ਗਰੀਬੀ,ਅਨਿਆਂ,ਜ਼ਬਰ ਤੇ ਅੰਧ-ਵਿਸਵਾਸ ਕਿੰਨੇ ਸਵਾਲ,
ਵੇ ਲੋਕਾ ਜੇ ਕੋਸ਼ਿਸ ਕਰੇਂ, ਸਭ ਸਵਾਲ ਹੋ ਹੱਲ ਜਾਣਗੇ।

ਸੱਚੇ ਇਨਸਾਨਾਂ ਵਾਲੇ ਵੇਸ-ਭੇਸ ਵੇਖ ਕੇ ਵੋਟ ਪਾ ਦਿੱਤੇ,
ਕੀ ਪਤਾ ਸੀ ਇਹੋ ਲੀਡਰ ਸਾਡੇ ਹੀ ਸੁਫਨੇ ਨਿਗਲ ਜਾਣਗੇ।

ਸਿਰਫ ਦੂਰੋਂ-ਦੂਰੋਂ ਹੀ ਸੇਕ, ਤੇਰੀ ਠੰਡ ਮਿਟ ਜਾਵੇਗੀ,
ਸਿੱਧੂ" ਆਤਿਸ਼ ਨੂੰ ਛੋਹੀਂ ਨਾ, ਤੇਰੇ ਹੱਥ ਜਲ਼ ਜਾਣਗੇ।

32. ਮੇਹਨਤ

ਮਿਹਨਤ ਕਰਨੀ ਬਹੁਤ ਔਖੀ ਹੈ ਯਾਰ,
ਮੁਫਤ ਦੀ ਖਾਣੀ ਬੜੀ ਸੌਖੀ ਹੈ ਯਾਰ,
ਅੱਜ ਮਿਹਨਤ ਕੀਤੀ ਹੱਥਾਂ ਤੇ ਛਾਲੇ ਪੈ ਗਏ,
ਬਾਈ ਸਾਰਾ ਨਜ਼ਾਰਾ ਤਾਂ ਵੇਹਲੜ ਲੈ ਗਏ।

ਵਾਹ 'ਸਿੱਧੂ' ਦੁਨੀਆਂ ਦਾ ਵੀ ਕੀ ਦਸਤੂਰ ਏ,
ਵਿਹਲੜ ਰੱਜ ਕੇ ਖਾਂਦੇ, ਭੁੱਖਾ ਮਰਦਾ ਮਜਦੂਰ ਏ,
ਕਾਮੇ ਦੀ ਕੋਈ ਜਾਤ ਨਹੀਂ ਪੁੱਛਦਾ, ਵਿਹਲੜ ਮਸਹੂਰ ਏ।

ਜਿਸ ਦਿਨ ਪੂਰਾ ਮੁੱਲ ਪੈਣਾ ਮੇਹਨਤ ਦਾ,
ਉਹ ਦਿਨ ਹਾਲੇ ਬੜੀ ਦੂਰ ਏ,
ਕੋਈ ਨਾ ਕਿਰਤੀ ਲੋਕੋ ਚੇਤਨ ਹੋਵੋ,
ਉਹ ਦਿਨ ਆਉਣਾ ਵੀ ਜਰੂਰ ਏ।

33. ਵੋਟ-ਮੰਗਤੇ

ਦਰਾਂ ਤੋਂ ਬਾਹਰ ਖੜੇ,
ਅਜ਼ੀਜ ਦੋਸਤ ਦੀ ਆਵਾਜ਼,
ਦੋਸਤ: "ਉਏ ਸਿੱਧੂ.. ?
ਹਾਂ... ?
ਦੋਸਤ: "ਉਏ ਉਹ ਫੇਰ ਆ ਗਏ..
ਕੌਣ... ?
ਦੋਸਤ: "ਜਿਹੜੇ ਪੰਜ ਸਾਲ ਬਾਅਦ ਆਉਂਦੇ ਨੇ..
ਅੱਛਿਆ... ਵੋਟ-ਮੰਗਤੇ.. ?
ਦੋਸਤ: "ਆਹੋ.. ।

ਨੀਂ ਬੀਬੀ.. ?
ਬੀਬੀਏ.. ?
ਮਾਂ: ਹਾਂ ਦੱਸ.. ?
ਜਾਹ ਕੋਠੇ ਤੇ ਰੋੜਿਆਂ ਦਾ ਬੱਠਲ ਧਰਲੈ..
ਮਾਂ: ਕਿਉਂ.. ?
ਵੋਟ-ਮੰਗਤੇ ਆਉਂਦੇ ਨੇ.. ।
ਮਾਂ: ਕੋਈ ਨਾ ਪੁੱਤ ਆਉਣ ਦੇ ਸਈ.. ।

34. ਕਿਰਤੀ ਲੋਕੋ

ਉੱਠੋ ਉੱਠੋ ਉੱਠੋ,
ਕਿ ਉੱਠੋ ਕੁਝ ਕਰਨਾ ਹੈ,
ਕਿਰਤੀ ਲੋਕੋ ਖੁੱਲ ਕੇ ਜਿਉਣ ਲਈ,
ਤੁਸਾਂ ਨੇ ਥੋੜਾ ਥੋੜਾ ਮਰਨਾ ਹੈ।

ਸੋਚੋ ਸੋਚੋ ਸੋਚੋ,
ਕੁਝ ਸੋਚੋ ਤੇ ਵਿਚਾਰ ਕਰੋ,
ਕਿਸਮਤ, ਰੱਬ, ਸਬਰ ਨੂੰ ਛੱਡੋ,
ਇਨਕਲਾਬੀ ਰਾਹ ਅਖਤਿਆਰ ਕਰੋ।

ਜੁੜੋ ਜੁੜੋ ਜੁੜੋ,
ਜੁੜੋ ਤੇ ਇਨਕਲਾਬੀ ਨਾਹਰੇ ਲਾਉ,
'ਕੱਲੇ-ਕੱਲੇ ਦਾ ਜੋਰ ਨਹੀਂ ਪੁੱਗਣਾ,
ਕਿਰਤੀ ਲੋਕੋ ਇੱਕਜੁੱਟ ਹੋ ਜਾਉ।

ਤੁਰੋ ਤੁਰੋ ਤੁਰੋ,
ਕਿ ਤੁਰਕੇ ਹੀ ਅੱਗੇ ਜਾਵੋਗੇ,
ਹੱਥ ਤੇ ਹੱਥ ਧਰ ਬੈਠੇ ਰਹੇ ਜੇ,
ਦੂਰ ਖਲੋਤੀ ਮੰਜ਼ਿਲ ਕਿਵੇਂ ਪਾਵੋਗੇ।

ਮਾਰੋ ਮਾਰੋ ਮਾਰੋ,
ਪੂੰਜੀਵਾਦੀ ਸੋਚ ਨੂੰ ਮਾਰ ਧਰੋ,
ਨਾਬਰਾਬਰੀ ਨੂੰ ਜੜੋਂ ਪੱਟ ਸੁੱਟੋ,
ਭਗਤ ਸਿੰਘ ਦਾ ਸੁਪਨਾ ਸਾਕਾਰ ਕਰੋ।

35. ਹੇ ਔਰਤ

ਹੇ ਔਰਤ ਤੈਨੂੰ ਕਮਜ਼ੋਰ ਖੁਦ ਬਣਾਇਆ ਖੁਦਾ ਨੇ,
ਤੇਰੇ ਨਾਲ ਸਰਿਆਮ ਇਹ ਧੋਖਾ ਕਮਾਇਆ ਖੁਦਾ ਨੇ।

ਹੁਸਨ, ਅਕਲ, ਸਬਰ ਹਰ ਪੱਖੋਂ ਮਰਦ ਬਰਾਬਰ ਏਂ,
ਪਰ ਸਰੀਰਕ ਬਲ ਪੱਖੋਂ ਘਾਟਾ ਪਾਇਆ ਖੁਦਾ ਨੇ।

ਮਰਦ ਨੂੰ ਐਸੀ ਆਬਰੂ ਦਿੱਤੀ ਜੋ ਟੁੱਟਕੇ ਵੀ ਨਹੀਂ ਟੁੱਟ ਦੀ,
ਤੇਰੀ ਆਬਰੂ ਨੂੰ ਸ਼ੀਸ਼ਾ-ਸੋਹਲ ਸਜ਼ਾਇਆ ਖੁਦਾ ਨੇ।

ਤੇਰੇ ਜਿਸਮ ਨੂੰ ਕਾਮ ਦੀ ਬਲਦੀ ਹੋਈ ਅਗਨੀ ਬਣਾਕੇ,
ਮਰਦ ਹੱਥੋਂ ਤੇਰਾ ਸਿਕਾਰ ਖੁਦ ਕਰਵਾਇਆ ਖੁਦਾ ਨੇ।

36. ਖੁਦਾ

ਜੰਗਲ-ਬੇਲੇ, ਮਹਿਲ-ਮੁਨਾਰੇ, ਮੰਦਰ-ਮਸੀਤਾਂ ਵਿੱਚ,
ਬਹੁਤ ਭਾਲਿਆ ਤੈਨੂੰ ਪਰ ਤੂੰ ਕਿਧਰੇ ਵੀ ਮਿਲਦਾ ਨਹੀਂ।

ਚੰਗੇ-ਮੰਦੇ ਕੰਮ ਤੇਰੇ, ਸਭ ਸ੍ਰਿਸ਼ਟੀ ਦਾ ਮਾਲਿਕ ਤੂੰ,
ਲੋਕ ਕਹਿੰਦੇ ਤੇਰੇ ਤੋਂ ਬਿਨਾਂ ਕੋਈ ਪੱਤਾ ਵੀ ਹਿਲਦਾ ਨਹੀਂ।

ਤੇਰੇ ਨਾਮ ਤੇ ਦੰਗੇ ਹੁੰਦੇ, ਨਿੱਤ ਮਰਦੇ-ਮਾਰਦੇ ਮਾਸੂਮ ਲੋਕ,
ਐਨੇ ਦਰਦ ਦੇ ਕੇ ਵੀ ਤੇਰਾ ਕਲੇਜਾ ਪਿਘਲਦਾ ਨਹੀਂ।

ਪਲ-ਪਲ ਖੋਜ ਕਰੇ ਤੇਰੀ, ਤੇਰੇ ਬਾਰੇ ਹੀ ਸੋਚਦਾ ਏ,
ਕਿਸੇ ਵੈਦ ਕੋਲ ਇਲਾਜ ਮੇਰੇ ਪਾਗਲ ਦਿਲ ਦਾ ਨਹੀਂ।

ਕੌਣ ਹੈਂ, ਕਿੱਥੋਂ ਆਇਐਂ, ਤੇ ਕੀਹਨੇ ਬਣਾਇਆ ਤੈਨੂੰ?
ਸਿੱਧੂ' ਕੋਈ ਹੱਲ ਇਸ ਸਵਾਲ ਮੁਸਕਿਲ ਦਾ ਨਹੀਂ।

37. ਸਿਲਸਿਲਾ

ਇਹ ਜਾਤਾਂ-ਪਾਤਾਂ, ਧਰਮਾਂ-ਕਰਮਾਂ ਵਾਲਾ ਸਿਲਸਿਲਾ,
ਇਹ ਕਾਲੇ-ਗੋਰੇ, ਅਮੀਰ-ਗਰੀਬ ਵਾਲਾ ਵਿਤਕਰਾ,
ਇਸ ਵਿਤਕਰੇ ਵਿੱਚ ਇਨਸਾਨ ਜਲ਼ਦਾ ਰਹੇਗਾ,
ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਕਦੋਂ ਤੱਕ ਸਰਮਾਏਦਾਰ ਵਿਹਲੇ ਬੈਠੇ-ਬੈਠੇ ਖਾਣਗੇ,
ਤੇ ਮਿਹਨਤਾਂ ਦੇ ਮੁੱਲ ਕਦ ਤੱਕ ਵਿਅਰਥ ਜਾਣਗੇ,
ਕਿਰਤੀ ਲੋਕਾਂ ਦਾ ਸਰੀਰ ਦੁੱਖੜੇ ਝੱਲਦਾ ਰਹੇਗਾ,
ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਧਰਮਾਂ ਦੀ ਆੜ ਲੈ ਕੇ ਲੋਕਾਂ ਨੂੰ ਲੁੱਟ ਰਹੇ ਨੇ ਜੋ,
ਰਾਜਨੀਤੀ ਦੀ ਕਹੀ ਨਾਲ ਜੜੋਂ ਸਾਨੂੰ ਪੁੱਟ ਰਹੇ ਨੇ ਜੋ,
ਬੋਲਬਾਲਾ ਨੇਤਾਵਾਂ ਦ ਕਪਟ-ਛਲ ਦਾ ਰਹੇਗਾ,
ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਕਦੋਂ ਮਾਰੀ ਜਾਵੇਗੀ ਸਦੀਆਂ ਦੀ ਰੂੜੀਵਾਦੀ ਸੋਚ,
ਤੇ ਅਸੀਂ ਇੱਕ ਤਰਕ ਭਰੀ ਸੋਚ ਨੂੰ ਰਹੇ ਹਾਂ ਲੋਚ,
ਸਿੱਧੂ' ਪ੍ਰੰਪਰਾ ਦੀ ਗੋਦੀ ਚ ਆਦਮੀ ਪਲਦਾ ਰਹੇਗਾ,
ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

38. ਵਾਅਦਾ ਕਰਦਾਂ

ਤੁਸੀਂ ਬੇਸ਼ੱਕ ਤੁਰਦੇ ਰਹੋ, ਰੂੜੀਵਾਦੀ ਘਟੀਆ ਰਾਹਾਂ ਤੇ,
ਪਰ ਮੈਂ ਇਨਕਲਾਬੀ ਰਾਹਵਾਂ ਤੇ ਚੱਲਣ ਦਾ ਵਾਅਦਾ ਕਰਦਾਂ।

ਕੀ ਹੋਇਆ ਜੇ ਦੁਨੀਆਂ ਦਾ ਕੋਈ ਸਖਸ ਨਹੀਂ ਬਦਲੇਗਾ,
ਪਰ ਮੈਂ ਖੁਦ ਨੂੰ ਪੂਰੇ ਦਾ ਪੂਰਾ ਬਦਲਣ ਦਾ ਵਾਅਦਾ ਕਰਦਾਂ।

ਮੈਂ ਅਮੀਰਾਂ, ਲੀਡਰਾਂ, ਬਲਵਾਨਾਂ ਦੀ ਚਾਪਲੂਸੀ ਨਹੀਂ ਕਰਾਂਗਾ,
ਕੁੱਲੀਆਂ ਚ ਪਲੇ ਗਰੀਬਾਂ ਨਾਲ ਰਲਣ ਦਾ ਵਾਅਦਾ ਕਰਦਾਂ।

ਕਿਸੇ ਸਵੈ-ਹਿੱਤ ਲਈ ਝੂਠ ਤੇ ਝੂਠਿਆਂ ਦਾ ਸਾਥ ਨਹੀਂ ਦੇਵਾਂਗਾ,
ਮੈਂ ਹੱਕ ਤੇ ਸੱਚ ਦੀ ਨਦੀ ਵਿੱਚ ਠਿੱਲਣ ਦਾ ਵਾਅਦਾ ਕਰਦਾਂ।

ਧਰਮਾਂ ਦੀ ਸੀਮਿਤ ਸੋਚ ਨੂੰ ਲੈ ਕੇ, ਲਾਸ਼ ਵਾਂਗ ਆਕੜਾਂਗਾ ਨਹੀਂ,
ਸਿੱਧੂ' ਤਰਕ ਦੀ ਭੱਠੀ 'ਚ ਲੋਹੇ ਵਾਗੂੰ ਢਲਣ ਦਾ ਵਾਅਦਾ ਕਰਦਾਂ।

39. ਕਵੀ ਹੀ ਕਵੀ

ਸੋਚੋ ਸੱਜਣੋ, ਖੁੱਲ ਕੇ ਸੋਚੋ,
ਕਵੀ ਹੀ ਕਵੀ ਹੋਣ ਜੇਕਰ,
ਆਲੇ-ਦੁਆਲੇ, ਹਰ ਪਾਸੇ,
ਕਵੀਆਂ ਦੀ ਭਰਮਾਰ ਹੋਵੇ।

ਹਰ ਆਹੁਦੇ ਤੇ ਕਵੀ ਹੋਣ,
ਕਵੀ ਟੀਚਰ, ਕਵੀ ਅਫਸਰ,
ਕਵੀ ਨੇਤਾ, ਕਵੀ ਅਭਿਨੇਤਾ,
ਕਵੀਆਂ ਦੀ ਸਰਕਾਰ ਹੋਵੇ।

ਕਵਿਤਾ ਹੀ ਮਿਲੇ ਵਿਰਸੇ ਚ,
ਪੀੜ੍ਹੀ ਦਰ ਪੀੜ੍ਹੀ ਵਾਰਸਾਂ ਨੂੰ,
ਲੋਕ ਬੋਲਣ-ਸੁਣਨ ਕਵਿਤਾ,
ਕਾਵਿਮਈ ਸੱਭਿਆਚਾਰ ਹੋਵੇ।

ਸੱਚੀਂ ਦੁਨੀਆਂ ਜੰਨਤ ਹੋਵੇਗੀ,
ਬਹਾਰਾਂ ਦਾ ਮੌਸਮ ਹੋਵੇਗਾ,
ਸਿੱਧੂ' ਜੁਲਮ ਨਹੀਂ ਹੋਣਾ ਜੇ,
ਕਵੀਆਂ ਦਾ ਸੰਸਾਰ ਹੋਵੇ।

40. ਉਹਦਾ ਵੇਖਣਾ

ਉਹਦਾ ਵੇਖਣਾ, ਮੇਰੇ ਲਈ ਜਿੰਦਗੀ ਵਰਗਾ ਸੀ,
ਕਿਸੇ ਦੁਖੀ ਦਿਲ ਨੂੰ ਮਿਲੀ ਖੁਸੀ ਵਰਗਾ ਸੀ।

ਮਿੱਠੀ ਜਿਹੀ ਮੁਸਕਾਨ ਉਹਦੀ, ਦਿਲ ਨੂੰ ਡੰਗ ਗਈ,
ਉਹਦਾ ਹੱਸਣਾ ਫੁੱਲਾਂ ਦੀ ਕੋਮਲ ਨਰਮੀ ਵਰਗਾ ਸੀ।

ਮੈਂ ਉਹਦੇ ਵੱਲ, ਉਹ ਮੇਰੇ ਵੱਲ, ਬੱਸ ਵੇਖਦੀ ਹੀ ਰਹੀ,
ਇਹ ਸਿਲਸਿਲਾ ਅਜੀਬ ਜਿਹੀ ਬੇਸਰਮੀ ਵਰਗਾ ਸੀ।

ਸੋਚਦਾ ਸਾਂ, ਕਦੇ ਮੁਹੱਬਤ ਦਾ ਇਜਹਾਰ ਕਰਾਂਗਾਂ ਮੈਂ,
ਪਰ ਮੇਰਾ ਫੈਸਲਾ ਵੀ ਤਾਂ ਪੋਹ ਦੀ ਗਰਮੀ ਵਰਗਾ ਸੀ।

ਉਸਨੇ ਖੁਦ ਇਜਹਾਰ-ਏ-ਇਸਕ ਕਿੳਂ ਨਈਂ ਕੀਤਾ,
ਇਹੋ ਸਵਾਲ ਮੇਰੇ ਲਈ ਭਾਰੀ ਸਿਰਦਰਦੀ ਵਰਗਾ ਸੀ।

ਉਹਦਾ ਤੁਰ ਜਾਣਾ, ਮੇਰੀ ਜਿੰਦਗੀ ਤੋਂ ਬੜੀ ਦੂਰ ਕਿਤੇ,
ਮੇਰੇ ਲਈ ਇਹ ਮੌਤ ਜਿਹੀ ਗਮੀ ਵਰਗਾ ਸੀ।

ਖੈਰ! ਜੁੱਗ-ਜੁੱਗ ਜੀਵੇ ਹੁਣ, ਉਹ ਜਿੱਥੇ-ਕਿਤੇ ਵੀ ਹੋਵੇ,
ਸਿੱਧੂ' ਇਹ ਹਿਜ਼ਰ ਤਾਂ ਖੁਦਾ ਦੀ ਮਰਜੀ ਵਰਗਾ ਸੀ।

41. ਗੋਰਾ-ਕਾਲਾ

ਦੋ ਚਿਹਰੇ ਇੱਕੋ ਜਿਹੇ ਨੈਣ ਨਕਸ਼ ਸਨ,
ਪਰ ਵੱਖੋ-ਵੱਖਰੀ ਹਸਤੀ ਦੇ ਸਖਸ ਸਨ,
ਇਹ ਦੋਵੇਂ ਚਿਹਰੇ ਦੋ ਮੁਟਿਆਰਾਂ ਸਨ,
ਜਵਾਨੀ ਨਾਲ ਭਰੀਆਂ ਮੌਜ ਬਹਾਰਾਂ ਸਨ।

ਇੱਕ ਜਿਸਮ ਗੋਰਾ ਸੀ, ਸਫੈਦ ਦੁੱਧ ਵਰਗਾ,
ਮਾਣ ਸੀ ਚਿਹਰੇ ਤੇ ਜਿੱਤੇ ਹੋਏ ਯੁੱਧ ਵਰਗਾ,
ਪਰ ਦੂਜਾ ਜਿਸਮ ਬਿਲਕੁਲ ਹੀ ਕਾਲਾ ਸੀ,
ਵੇਖਣ ਤੋਂ ਲੱਗਿਆ ਕਿ ਸਰਮੀਲਾ ਵਾਲਾ ਸੀ।

ਕਾਲੇ ਚਿਹਰੇ ਨੇ ਬਿਲਕੁਲ ਨੀਵੀਂ ਪਾ ਰੱਖੀ ਸੀ,
ਜਿਵੇਂ ਗੁਨ੍ਹਾਗਾਰ ਹੋਵੇ ਨਜ਼ਰ ਇੰਝ ਛੁਪਾ ਰੱਖੀ ਸੀ,
ਪਰ ਗੋਰੇ ਚਿਹਰੇ ਤੇ ਤਾਂ ਅੰਤਾਂ ਦਾ ਗੁਮਾਨ ਸੀ,
ਜਿਵੇਂ ਗੋਰਾਪਨ ਉਹਦੇ ਲਈ ਕੋਈ ਸਨਮਾਨ ਸੀ।

ਕਾਲੇ ਲਈ ਤਾਂ ਜਿਵੇਂ ਕਾਲਾ ਰੰਗ ਹੀ ਗੁਨਾਹ ਸੀ,
ਤੇ ਕਾਲਾਪਣ ਉਹਦੇ ਲਈ ਉਮਰ ਭਰ ਦੀ ਸਜ਼ਾ ਸੀ,
ਗੋਰੇ ਚਿਹਰੇ ਨੂੰ ਹਰ ਕੋਈ ਰੀਝਾਂ ਨਾਲ ਵੇਖਦਾ ਸੀ,
ਉਹਦਾ ਜੋਬਨ ਤੱਕ ਕੇ ਹਰ ਕੋਈ ਅੱਖਾਂ ਸੇਕਦਾ ਸੀ।

ਭਾਰਤ ਚ ਰੰਗ ਵੀ ਕਾਫੀ ਖਾਸੀਅਤ ਰੱਖਦਾ ਏ,
ਰੰਗ ਸਦਕਾ ਹੀ ਕੋਈ ਕੱਖ ਦਾ, ਕੋਈ ਲੱਖ ਦਾ ਏ,
ਸਿੱਧੂ' ਰੰਗ ਦਾ ਮੁੱਲ ਏ, ਗੁਣਾਂ ਦੀ ਕਦਰ ਕੌਣ ਪਾਵੇ?
ਦਿਲ ਦਾ ਰੰਗ ਗਹਿਰਾ ਹੁੰਦਾ, ਉੱਥੇ ਨਜ਼ਰ ਕੌਣ ਪਾਵੇ?

42. ਜ਼ਮੀਰ ਦੇ ਕਾਤਿਲ

ਪਾਪ ਤਾਂ ਹੁੰਦੇ ਰਹੇ ਨੇ,
ਕਲਯੁੱਗ ਵਿੱਚ ਆਦਿ ਕਾਲ ਤੋਂ,
ਪਰ ਏਡਾ ਮਹਾਂਪਾਪ,
ਨਾ ਕਦੇ ਹੋਇਆ ਨਾ ਕਦੇ ਹੋਣਾ।

ਕਿਹੜਾ ਮਹਾਂਪਾਪ ?

ਆਪਣੇ ਹੱਥੀਂ ਆਪਣੇ ਜ਼ਮੀਰ ਦਾ ਕਤਲ,
ਹੈ ਕੋਈ ਏਡਾ ਮਹਾਂਪਾਪ ?

ਏਡਾ ਮਹਾਂਪਾਪ ਤਾਂ ਬਲਾਤਕਾਰ ਵੀ ਨਹੀਂ,
ਕਿਸੇ ਯਾਰ ਦੀ ਕੀਤੀ ਯਾਰਮਾਰ ਵੀ ਨਹੀਂ,
ਘੋਰ ਕਲਯੁੱਗ !
ਕੁਦਰਤ ਖੈਰ ਕਰੇ।

ਮਜਬੂਰੀ ਜਾਂ ਲਾਲਚ ਵੱਸ,
ਜ਼ਮੀਰ ਦਾ ਕਤਲ ਆਮ ਹੋ ਗਿਆ,
ਕੋਈ ਓਹਲਾ ਵੀ ਨਹੀਂ ਕਿਸੇ ਤੋਂ,
ਇਹ ਮਹਾਂਪਾਪ ਤਾਂ ਸਰੇਆਮ ਹੋ ਗਿਆ,
ਜ਼ਮੀਰ ਦੇ ਕਾਤਿਲ ਮਨੁੱਖ,
ਜਾਗਦੇ ਇਨਸਾਨ' ਤਾਂ ਨਹੀਂ ਹੁੰਦੇ,
ਸਿਰਫ਼ ਜਿੰਦਾ ਲਾਸ ਹੁੰਦੇ ਨੇ।

ਕੌਣ-ਕੌਣ ਨੇ ਜ਼ਮੀਰ ਦੇ ਕਾਤਿਲ ?

ਮੈਂ ਵੀ ਹਾਂ ਕਾਤਿਲ,
ਤੂੰ ਵੀ ਏਂ ਕਾਤਿਲ,
ਉਹ ਵੀ ਏ ਕਾਤਿਲ,
ਇਹ ਵੀ ਏ ਕਾਤਿਲ,
ਆਪਣੇ ਆਪਣੇ ਜ਼ਮੀਰ ਦਾ,
ਹਰ ਕੋਈ ਏ ਕਾਤਿਲ।

ਸਿੱਧੂ' ਦੁਨੀਆਂ ਤੇ ਉਹ ਹੈ,
ਅਮੀਰਾਂ ਦਾ ਅਮੀਰ,
ਕਿ ਜਿਸਦਾ ਹਾਲੇ ਤੀਕਰ,
ਜ਼ਿੰਦਾ ਹੈ ਜ਼ਮੀਰ।

43. ਕੋਰਾ ਕਾਗਜ਼

ਬੱਚਾ ਕੋਰਾ ਕਾਗਜ਼, ਕੋਰਾ ਸਫਾ,
ਜੋ ਕੁਝ ਮਰਜ਼ੀ ਲਿਖ ਲੈਣ,
ਮਾਪੇ ਆਪਣੀ ਕਲਮ ਨਾਲ,
ਕੁਝ ਮਾਪੇ,
ਬੱਚੇ ਦੀ ਸੁੰਨਤ ਕਰਵਾ ਦਿੰਦੇ ਨੇ,
ਤੇ ਬੱਚੇ ਤੇ ਮੁਸਲਮਾਨ ਦਾ ਠੱਪਾ ਲਾ ਦਿੰਦੇ,
ਤੇ ਕੁਝ ਮਾਪੇ,
ਬੱਚੇ ਦਾ ਮੁੰਡਨ ਕਰਵਾ ਕੇ,
ਹਿੰਦੂ ਦਾ ਠੱਪਾ ਲਾ ਦਿੰਦੇ।

ਕਹਿਣ ਤੋਂ ਮਤਲਬ,
ਸਭ ਮਾਪੇ,
ਇਹਨਾਂ ਕੋਰੇ ਕਾਗਜ਼ਾਂ ਤੇ,
ਧਰਮਾਂ ਦੇ ਕਾਲੇ ਅੱਖਰ,
ਲਿਖ ਹੀ ਦਿੰਦੇ ਨੇ।

ਵਿਰਲੇ ਮਾਪੇ ਦੁਨੀਆਂ ਤੇ,
ਜੋ ਇਹਨਾਂ ਦੁੱਧ ਵਰਗੇ ਕਾਗਜ਼ਾਂ ਤੇ,
ਇਨਸਾਨ, ਇਨਸਾਨੀਅਤ ਜਿਹੇ ਅੱਖਰ ਲਿਖ ਦੇ,
ਇਹ ਵਿਰਲੇ ਮਾਪੇ ਹੀ ਹੁੰਦੇ ਨੇ,
ਸਹੀ ਅਰਥਾਂ ਚ ਮਾਪੇ।

44. ਨੀਂ ਹਵਾਓ

ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ,
ਧੁਨ ਵਾਗੂੰ ਸੁਰੀਲੀ ਹੋ ਜਾਏ ਜਿੰਦਗੀ,
ਐਨਾ ਮਿੱਠਾ ਸੰਗੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!

ਸਾਥੀ ਤਾਂ ਬੜੇ ਨੇ ਪਰ ਰੂਹੋਂ ਸਾਡਾ ਇੱਕ ਵੀ ਨਹੀਂ,
ਕਿਸੇ ਦੇ ਸੀਨੇ ਚ ਸਾਡੇ ਲਈ ਖਿੱਚ ਜਿਹੀ ਨਹੀਂ,
ਜੋ ਸਦਾ ਨਾਲ ਰਵੇ ਜਿੰਦਗੀ ਦੇ ਰਾਹਾਂ ਤੇ,
ਐਸਾ ਕੋਈ ਮੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!

ਪਤਾ ਨਹੀਂ ਆਤਮਾ ਕਿਉਂ ਸਹਿਮੀ-ਸਹਿਮੀ ਰਹਿੰਦੀ ਏ,
ਖਾਬਾਂ ਦੀ ਰੰਗੀਨੀ ਆਖਰ ਸਫੈਦੀ ਬਣ ਬਹਿੰਦੀ ਏ,
ਤਪ ਰਹੀ ਏ ਜਿੰਦ ਹਾੜ ਦੇ ਮਹੀਨੇ ਵਾਗੂੰ,
ਪੋਹ ਵਾਲੀ ਠੰਡੀ ਸੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!

ਕਦਮ-ਕਦਮ ਤੇ ਦੁਨੀਆਂ ਚ ਮੁਹੱਬਤਾਂ ਦੀ ਗੱਲ ਹੋਵੇ,
ਸਭ ਦੇ ਦਿਲਾਂ ਚ ਭਰੀ ਨਫਰਤ ਦਾ ਕੋਈ ਹੱਲ ਹੋਵੇ,
ਸਿੱਧੂ' ਬਦਲ ਦੇਵਾਂ ਗੰਦੀ ਮਨੁੱਖਤਾ ਨੂੰ,
ਐਸਾ ਕੋਈ ਜਾਦੂਈ ਤਵੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!

45. ਹੂਕ ਦਿਲ ਦੀ

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,
ਕਿੰਨੇ ਲੋੜਵੰਦਾਂ ਦੇ ਹੱਕ ਮਾਰੇ ਹੋਣਗੇ,
ਝੂਠ-ਫਰੇਬ ਦੀ ਨੀਂਹ ਤੇ ਉਸਾਰੇ ਹੋਣਗੇ,
ਐਸੇ ਸਭ ਮਹਿਲਾਂ ਨੂੰ ਉਜਾੜ ਦੇਵੇ।

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,
ਸਮਕਾਲੀ ਨੇਤਾਵਾਂ ਨੂੰ ਇਕੱਠੇ ਕਰ ਲਵੇ,
ਇੱਕ ਗੰਦੇ ਲਿਫਾਫੇ ਚ ਤੁੰਨ ਕੇ ਭਰ ਲਵੇ,
ਤੇ ਲੋਕਾਂ ਦੇ ਪੈਰੀਂ ਲਿਤਾੜ ਦੇਵੇ।

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,
ਜਾਤ-ਪਾਤ, ਦਾਜ ਜਿਹੇ ਕੂੜ ਰਿਵਾਜਾਂ ਨੂੰ,
ਰੂੜੀਵਾਦੀ ਸੋਚਾਂ ਤੇ ਧਰਮੀ ਚਾਲਬਾਜਾਂ ਨੂੰ,
ਤਰਕ ਦੀ ਭੱਠੀ ਪਾ ਕੇ ਸਾੜ ਦੇਵੇ।

46. ਕਈ ਮਾਸੂਮ

ਕਈ ਮਾਸੂਮ ਜਿੰਦਗੀਆਂ ਨੂੰ ਰਾਖ ਕਰ ਛੱਡਦੀ ਏ,
ਘਰਾਂ ਨੂੰ ਫੂਕਦੀ ਇਸ਼ਕੇ ਦੀ ਤਪਸ ਨੂੰ ਵੇਖਿਆ।

ਮਣਾਂ-ਮੂੰਹੀਂ ਬੇਚੈਨੀਆਂ ਤੇ ਟੈਨਸਨਾਂ ਨਾਲ ਲੱਦਿਆ ਏ,
ਬੜੇ ਗੌਰ ਨਾਲ ਮੈਂ ਹਰ ਇੱਕ ਸਖਸ ਨੂੰ ਵੇਖਿਆ।

ਕਣ-ਕਣ ਚ ਮੁਹੱਬਤ ਤੁੰਨ-ਤੁੰਨ ਕੇ ਭਰੀ ਹੋਈ ਏ,
ਦਿਲ ਨਾਲ ਟੋਹਕੇ 'ਉਹ' ਦੇ ਹਰ ਨਕਸ ਨੂੰ ਵੇਖਿਆ।

ਸੇਵਾ-ਸੇਵਾ ਦਾ ਹੋਕਾ ਦੇ ਕੇ ਆਪਣਾ ਬਿਜਨੇਸ ਕਰਦੇ ਨੇ,
ਗੰਦੇ ਲੀਡਰਾਂ ਦੇ ਸੁਆਰਥੀ ਲਕਸ਼ ਨੂੰ ਵੇਖਿਆ।

ਕਮੀਆਂ, ਕਮਜੋਰੀਆਂ, ਗਮਾਂ ਦੇ ਦਾਗ ਸਾਫ ਨਜ਼ਰ ਆਏ,
ਸਿੱਧੂ' ਸ਼ੀਸ਼ੇ ਚ ਜਦ ਮੈਂ ਆਪਣੇ ਅਕਸ ਨੂੰ ਵੇਖਿਆ।

47. ਫਿੱਕੀ ਜਿਹੀ ਖੁਸ਼ੀ

ਫਿੱਕੀ ਜਿਹੀ ਖੁਸ਼ੀ, ਥੋੜਾ -ਥੋੜਾ ਚਿਹਰੇ ਤੇ ਜਲਾਲ ਵੀ ਹੈ,
ਪਰ ਅੰਦਰੋਂ ਜਖਮਾਂ ਨੇ ਕੀਤਾ ਬੇਹੱਦ ਬੁਰਾ ਹਾਲ ਵੀ ਹੈ।

ਜੇ ਅਨੁਕੂਲ ਵਾਤਾਵਰਣ ਮਿਲੇ ਤਾਂ ਲੰਕਾ ਫੂਕ ਦੇਵੇਗੀ,
ਸੀਨੇ ਚ ਸੁਲਗ ਰਹੀ ਇਨਕਲਾਬ ਦੀ ਮਿਸਾਲ਼ ਵੀ ਹੈ।

ਜੇ ਬਾਹਰ ਫੁੱਟ ਪਿਆ ਤਾਂ ਮਹਿਲ ਮੁਨਾਰੇ ਢਾਹ ਦੇਵੇਗਾ,
ਦਿਲ ਵਿਚ ਡੱਕ ਰੱਖਿਆ ਸਧਰਾਂ ਦਾ ਭੂਚਾਲ ਵੀ ਹੈ।

ਸਿੱਧੂ' ਭਾਵੇਂ ਵੇਖਣ ਨੂੰ ਇਕੱਲਾ ਜਾਪਦਾ ਰਾਹਵਾਂ ਤੇ,
ਪਰਛਾਵੇਂ ਵਾਂਗ ਨਾਲ ਰਹਿੰਦਾ 'ਉਹਦਾ' ਖਿਆਲ ਵੀ ਹੈ।

48. ਸਾਡਾ ਰੱਬ

ਸਾਡਾ ਰੱਬ ਮਹਿੰਗੀਆਂ ਇਮਾਰਤਾਂ ਵਿਚ ਨਹੀਂ ਰਹਿੰਦਾ,
ਸਾਡਾ ਰੱਬ ਤਾਂ ਕੱਚੇ ਘਰਾਂ ਵਿਚ ਹੀ ਵੱਸਦਾ ਏ।

ਸਾਡਾ ਰੱਬ ਦੁਪਹਿਰੇ ਰੁੱਖਾਂ ਦੀ ਛਾਵੇਂ ਵੀ ਨਹੀਂ ਬਹਿੰਦਾ,
ਸਾਡਾ ਰੱਬ ਤਾਂ ਹਾੜ ਮਹੀਨੇ ਖੇਤਾਂ ਵਿਚ ਮੱਚਦਾ ਏ।

ਸਾਡਾ ਰੱਬ ਏ. ਸੀ. ਵਿਚ ਬਹਿ ਕੇ ਲੇਖਾ-ਜੋਖਾ ਨਹੀਂ ਕਰਦਾ,
ਸਾਡਾ ਰੱਬ ਤਾਂ ਭੱਠਿਆਂ ਲਈ ਇੱਟਾਂ ਥੱਪਦਾ ਏ।

ਸਾਡਾ ਰੱਬ ਕਾਲਜਾਂ 'ਚ ਕੁੜੀਆਂ ਤੇ ਕੁਮੈਂਟਸ ਨਹੀਂ ਕਰਦਾ,
ਸਾਡਾ ਰੱਬ ਤਾਂ ਖੂਬ ਦਿਲ ਲਾ ਕੇ ਲਿਖਦਾ ਪੜਦਾ ਏ।

ਸਾਡਾ ਰੱਬ ਸੁਬਾ-ਸਾਮ ਰੱਬ ਰੱਬ ਵੀ ਨਹੀਂ ਕਰਦਾ,
ਸਾਡਾ ਰੱਬ ਤਾਂ ਹਰ ਵੇਲੇ ਕੰਮ ਕੰਮ ਰੱਟਦਾ ਏ।

ਸਾਡਾ ਰੱਬ ਕੀਮਤੀ ਕਾਰਾਂ ਦੀ ਸਵਾਰੀ ਵੀ ਨਹੀਂ ਕਰਦਾ,
ਸਾਡਾ ਰੱਬ ਤਾਂ ਸਸਤਾ ਜਿਹਾ ਸਾਈਕਲ ਰੱਖਦਾ ਏ।

ਸਾਡਾ ਰੱਬ ਮਿਹਨਤਾਂ ਕਰਕੇ ਨੋਟਾਂ ਦੇ ਅੰਬਾਰ ਨਹੀਂ ਲਾਉਂਦਾ,
ਸਾਡਾ ਰੱਬ ਮਿਹਨਤ ਦਾ ਮੁੱਲ ਰੋਟੀ-ਪਸੀਨਾ ਵੱਟਦਾ ਏ।

49. ਮੈਂ ਤੇ ਜ਼ਮਾਨਾ

ਮੈਂ ਤੇ ਜ਼ਮਾਨਾ
ਅੱਗੜ-ਪਿੱਛੜ ਹਾਂ,
ਪਤਾ ਨਹੀਂ ਮੈਂ ਅੱਗੇ?
ਪਤਾ ਨਹੀਂ ਜ਼ਮਾਨਾ ਅੱਗੇ?

ਜ਼ਮਾਨੇ ਦੀਆਂ,
ਗੱਡੀਆਂ, ਖੂਬਸੂਰਤੀ, ਫੈਸਨ,
ਧਰਮਾਂ, ਰੀਤੀ-ਰਿਵਾਜਾਂ,
ਤੇ ਹੋਰ ਅਜਿਹੀਆਂ ਵੱਡੀਆਂ-ਵੱਡੀਆਂ ਗੱਲਾਂ,
ਮੇਰੇ ਲਈ,
ਸੂਈ ਦੀ ਨੋਕ ਤੋਂ ਵੀ ਛੋਟੀਆਂ।

ਪਤਾ ਨਹੀਂ ਮੈਂ ਪਿੱਛੇ?
ਪਤਾ ਨਹੀਂ ਜ਼ਮਾਨਾ ਪਿੱਛੇ?

50. ਰੁੱਖ

ਤੱਤੀਆਂ ਧੁੱਪਾਂ ਤੇ ਕੜਾਕੇ ਦੀ ਸਰਦੀ ਵੀ ਮਾਣਦੇ ਨੇ ਰੁੱਖ,
ਪਰ ਖੁਦ ਠੰਡਕ ਤੇ ਛਾਂ ਦੇਣਾ ਹੀ ਜਾਣਦੇ ਨੇ ਰੁੱਖ।

ਅੱਗ ਲਈ ਲੱਕੜ ਤੇ ਜੀਵਨ ਲਈ ਭੋਜਨ ਦਿੰਦੇ,
ਗੰਦੀਆਂ ਹਵਾਵਾਂ ਚੋਂ ਆਕਸੀਜਨ ਵੀ ਛਾਣਦੇ ਨੇ ਰੁੱਖ।

ਕਿਸਨੇ ਦਿੱਤਾ ਪਾਣੀ, ਤੇ ਕਿਸਨੇ ਫੇਰੀ ਦਾਤਰੀ ਜੜਾਂ ਚ ?
ਦੋਸਤ-ਦੁਸ਼ਮਣ ਦਾ ਰੂਪ ਵੀ ਖੂਬ ਪਛਾਣਦੇ ਨੇ ਰੁੱਖ।

ਸੰਵੇਦਨਸ਼ੀਲ ਲੋਕ ਰੁੱਖਾਂ ਨਾਲ ਗੱਲਬਾਤ ਵੀ ਕਰ ਲੈਂਦੇ,
ਸਿੱਧੂ' ਸੁਣਨ ਵਾਲਾ ਹੋਵੇ ਤਾਂ ਬੋਲਣਾ ਵੀ ਜਾਣਦੇ ਨੇ ਰੁੱਖ।

51. ਤੇਰੀ ਦੋਸਤੀ

ਮੈਨੂੰ ਜਾਨ ਤੋਂ ਵੱਧ ਪਿਆਰੀ ਤੇਰੀ ਦੋਸਤੀ,
ਨਿਭਾਵਾਂਗੀ ਮੈਂ ਉਮਰ ਸਾਰੀ ਤੇਰੀ ਦੋਸਤੀ।

ਜਿੰਦਗੀ ਦੇ ਵਿਹੜੇ ਵਿਚ ਮਹਿਕਾਂ ਵੰਡਦੀ ਏ,
ਸੱਚਮੁੱਚ ਫੁੱਲਾਂ ਦੀ ਕਿਆਰੀ ਤੇਰੀ ਦੋਸਤੀ।

ਭਾਵੇਂ ਕਈ ਵਾਰ ਨੈਣਾਂ ਨੂੰ ਹੰਝੂ ਵੀ ਦਿੰਦੀ ਏ,
ਫਿਰ ਵੀ ਸਿਰਮੱਥੇ ਸਤਿਕਾਰੀ ਤੇਰੀ ਦੋਸਤੀ।

ਉਮਰ ਭਰ ਮੈਂ ਆਰਾਮ ਨਾਲ ਚੁੱਕ ਲਵਾਂਗੀ,
ਮਸਾਂ ਰੂੰ ਜਿੰਨੀ ਹੀ ਭਾਰੀ ਤੇਰੀ ਦੋਸਤੀ।

ਪਲ-ਪਲ ਤੈਨੂੰ ਚੇਤੇ ਕਰਦੀ ਰਹਿੰਦੀ ਹਾਂ,
ਸਿੱਧੂ' ਵੇਖਲਾ ਐਸੀ ਮੱਤ ਮਾਰੀ ਤੇਰੀ ਦੋਸਤੀ।

52. ਰੱਬ ਜੀ

ਚੱਲ ਸਿੱਧੂ ਕਿਧਰੋਂ ਦੂਰ-ਨੇੜਿਓਂ,
ਰੱਬ ਜੀ ਨੂੰ ਲੱਭ ਲਿਆਈਏ.!
ਤੇ ਲੱਭ-ਲਿਆਕੇ ਉਹਨਾਂ ਨੂੰ,
ਦੁਨੀਆਂ ਦਾ ਹਾਲ ਵਿਖਾਈਏ.!

ਪੁੱਛੀਏ ਜਾਕੇ ਮਹਾਨ ਆਤਮਾ ਨੂੰ,
ਉਹ ਸਕਤੀਮਾਨ ਜੀ ਚੁੱਪ ਕਿਉਂ ਹੋ.?
ਕੀ ਗੱਲ ਕੁਝ ਬੋਲਦੇ ਕਿਉਂ ਨਹੀਂ,
ਐਵੇਂ ਬਣੇ ਬੈਠੇ ਰੁੱਖ ਕਿਉਂ ਹੋ.?
ਕਿਤੇ ਦੌਰਾ ਤਾਂ ਨਈਂ ਪੈ ਗਿਆ,
ਪੈਰ ਦੀ ਜੁੱਤੀ ਮੂੰਹ ਨੂੰ ਲਾਈਏ.?
ਚੱਲ ਸਿੱਧੂ ਕਿਧਰੋਂ ਦੂਰ-ਨੇੜਿਓਂ,
ਰੱਬ ਜੀ ਨੂੰ ਲੱਭ ਲਿਆਈਏ.!

ਕਿੰਨੀ ਤੇਜ਼ ਨਿਗਾਹ ਹੈ ਥੋਡੀ,
ਫਿਰ ਵੀ ਕਿਉਂ ਥੋਨੂੰ ਦਿਸਦਾ ਨਹੀਂ.?
ਕਿਤੇ ਥੋਡਾ ਦਿਲ ਪੱਥਰ ਤਾਂ ਨਹੀਂ,
ਜੋ ਨੈਣਾਂ ਚੋਂ ਹੰਝੂ ਕੋਈ ਰਿਸਦਾ ਨਹੀਂ.?
ਜੇ ਨਜ਼ਰ ਕਮਜੋਰ ਹੋ ਗਈ ਦੱਸੋ,
ਕਿਸੇ ਡਾਕਟਰ ਤੋਂ ਇਲਾਜ ਕਰਵਾਈਏ ?
ਚੱਲ ਸਿੱਧੂ ਕਿਧਰੋਂ ਦੂਰ-ਨੇੜਿਓਂ,
ਰੱਬ ਜੀ ਨੂੰ ਲੱਭ ਲਿਆਈਏ.!

ਵੇਖਲੋ ਥੋਡੀ ਸਾਜੀ ਦੁਨੀਆਂ ਵਿੱਚ,
ਕਿੰਨੇ ਭੈੜੇ-ਭੈੜੇ ਕਾਰੇ ਹੁੰਦੇ ਨੇ.!
ਜ਼ਬਰ, ਜੁਲਮ ਤੇ ਅਨਿਆਂ ਹੁਰੀਂ,
ਸਦੀਆਂ ਤੋਂ ਇਹ ਸਾਰੇ ਹੁੰਦੇ ਨੇ.!
ਆਜੋ ਬੁਰਾਈ ਨੂੰ ਕਤਲ ਕਰਵਾਕੇ,
ਚੰਗਿਆਈ ਨੂੰ ਜਿੰਦਾ ਕਰਵਾਈਏ,,
ਚੱਲ ਸਿੱਧੂ ਕਿਧਰੋਂ ਦੂਰ-ਨੇੜਿਓਂ,
ਰੱਬ ਜੀ ਨੂੰ ਲੱਭ ਲਿਆਈਏ.!

53. ਸੱਤਵਾਂ ਦਰਿਆ

ਪੰਜਾਬ ਨੂੰ ਘੇਰਿਆ ਦਰਿਆਵਾਂ ਨੇ,
ਹਰ ਪਾਸੇ ਦਰਿਆ ਹੀ ਦਰਿਆ,
ਪੰਜ ਦਰਿਆ ਪਾਣੀ ਵਾਲੇ,
ਜੋ ਜੀਵਨ ਦਿੰਦੇ,
ਪਸੂ-ਪੰਛੀਆਂ ਤੇ ਲੋਕਾਂ ਨੂੰ।

ਇੱਕ ਛੇਵਾਂ ਦਰਿਆ ਨਸ਼ਿਆਂ ਵਾਲਾ,
ਜਵਾਨੀ ਨੂੰ ਘੁਣ ਵਾਂਗ ਖਾਂਦਾ ਏ,
ਤੇ ਜੋ ਜੀਵਨ ਲੈਂਦਾ ਏ।

ਤੇ ਇੱਕ ਸੱਤਵਾਂ ਦਰਿਆ,
'ਫਰੈਂਡਸ਼ਿਪ' ਦਾ ਦਰਿਆ,
ਜਿਸ ਚ ਝੂਠ, ਧੋਖਾ,
ਤੇ ਬੇਵਫਾਵਾਂ ਦਾ ਪਾਣੀ ਵਗਦਾ ਏ,
ਮੁੰਡੇ-ਕੁੜੀਆਂ ਬੇਸੋਚ ਕੁੱਦ ਰਹੇ ਨੇ,
ਇਸ ਦਰਿਆ ਦੇ ਗੰਦੇ ਪਾਣੀ ਚ,
ਤੇ ਆਪਣੇ ਜਿਸਮਾਂ, ਰੂਹਾਂ ਨੂੰ,
ਪਲੀਤ ਰਹੇ ਨੇ ਗੰਦੇ ਪਾਣੀਆਂ ਨਾਲ।

ਕਦੇ-ਕਦੇ ਮੈਂ ਵੀ ਸੋਚਦਾਂ,
ਕਿ ਕੁੱਦ ਜਾਵਾਂ ਇਸ ਦਰਿਆ ਚ,
ਤੇ ਦੋ-ਚਾਰ ਚੁੱਭੀਆਂ ਲਾ ਕੇ,
ਆਪਣੇ ਜਿਸਮ ਤੇ ਰੂਹ ਤੋਂ,
ਧੋ ਲਵਾਂ ਵਫਾ ਦੇ ਕਾਲੇ ਦਾਗ,
ਪਰ ਮੇਰਾ ਜ਼ਮੀਰ..... !

54. ਜਖਮੀ ਮਾਹੀਏ

ਹਵਾਵਾਂ ਸੂਕ ਦੀਆਂ,
ਬਚਾਲੋ ਵੇ ਬਚਾਲੋ ਕੋਈ,
ਕੁੜੀਆਂ ਕੂਕ ਦੀਆਂ!

ਨਾ ਕਿਸੇ ਤੋਂ ਡਰਦੇ ਨੇ,
ਭਾਰਤ ਦੇ ਸਭ ਨੇਤਾ,
ਆਪਣਾ ਘਰ ਹੀ ਭਰਦੇ ਨੇ!

ਦਰਿਆ ਵਗਦਾ ਏ,
ਅੱਜਕੱਲ੍ਹ ਹਰ ਚਿਹਰਾ,
ਪਲੀਤਿਆ ਲਗਦਾ ਏ!

ਅਰਜ ਸਰਕਾਰਾਂ ਨੂੰ,
ਹਾੜੇ ਹੁਣ ਤੋੜ ਦਿਉ,
ਕੰਡਿਆਲੀਆਂ ਤਾਰਾਂ ਨੂੰ!

ਘੜੇ ਵਿਚ ਪਾਣੀ ਏ,
ਲੰਡੇ-ਲੁੱਚੇ ਬਦਮਾਸ਼ਾਂ ਦੀ,
ਮੂੰਹ-ਮੂੰਹ ਤੇ ਕਹਾਣੀ ਏ!

ਨਾ ਗਾਲ ਜਵਾਨੀ ਨੂੰ,
ਆਪਣਾ-ਆਪ ਲੁਟਾਦੇ,
ਸਿੱਧੂ' ਖਾਸ ਦਿਲਯਾਨੀ ਨੂੰ!

55. ਮੈਨੂੰ ਨਫਰਤ ਹੈ

ਮੈਨੂੰ ਨਫਰਤ ਹੈ!
ਸਮੇਂ ਦੀਆਂ ਸਰਕਾਰਾਂ ਨਾਲ,
ਜੋ ਝੂਠੀਆਂ ਕਸਮਾਂ ਖਾਂਦੀਆਂ,
ਤੇ ਝੂਠੇ ਵਾਅਦੇ ਕਰਦੀਆਂ ਨੇ,
ਪਰ ਜਨਤਾ ਨੂੰ ਪੈਰੀਂ ਮਸਲ਼ਕੇ,
ਆਪਣਾ ਘਰ ਹੀ ਭਰਦੀਆਂ ਨੇ।

ਮੈਨੂੰ ਨਫਰਤ ਹੈ!
ਉਸ ਖ਼ੁਦਾ ਨਾਲ ਵੀ,
ਜੋ ਪੈਸਿਆਂ ਦੀ ਮਹਿਕ ਵਾਲੇ,
ਸੰਗਮਰਮਰੀ ਮਹਿਲਾਂ 'ਚ ਵੱਸਦਾ ਏ,
ਤੇ ਪਸੀਨੇ ਦੀ ਬਦਬੂ ਤੋਂ ਡਰਕੇ,
ਕੱਚੇ ਘਰਾਂ ਤੋਂ ਦੂਰ ਦੂਰ ਨੱਸਦਾ ਏ।

ਮੈਨੂੰ ਨਫਰਤ ਹੈ!
ਉਹਨਾਂ ਲੋਕਾਂ ਨਾਲ ਵੀ,
ਜੋ ਨਵਾਂ-ਨਕੋਰ,ਕੋਰਾ ਹੀ ਰੱਖਦੇ ਨੇ,
ਦਿਮਾਗ ਦਾ ਕੋਈ ਸਫ਼ਾ ਵਰਤਦੇ ਨਹੀਂ,
ਕਿਸੇ ਦਾ ਕਿਹਾ,ਸੁਣਿਆਂ ਮੰਨ ਲੈਂਦੇ ਨੇ,
ਤਰਕ ਦੀ ਕਸਵੱਟੀ ਤੇ ਪਰਖਦੇ ਨਹੀਂ।

ਮੈਨੂੰ ਨਫਰਤ ਹੈ!
ਉਹਨਾਂ ਚਿਹਰਿਆਂ ਨਾਲ ਵੀ,
ਜੋ ਭੁੱਲ-ਭੁਲੇਖੇ ਜਾਂ ਜਾਣ-ਬੁੱਝ ਕੇ,
ਜਿਸਮ-ਫਰੋਸਾਂ ਨੂੰ ਦਿਲਦਾਰ ਬਣਾਉਂਦੇ ਨੇ,
ਆਪਣਾ ਦੌਲਤਾਂ ਤੋਂ ਕੀਮਤੀ ਸਮਾਨ,
ਜਿਸਮ ਤੋਂ ਰੂਹ ਤੱਕ ਸਭ ਲੁਟਾਉਂਦੇ ਨੇ।

56. ਤੇਰੇ ਬਾਂਝ ਰੁੱਖ ਤੇ

ਤੇਰੇ ਬਾਂਝ ਰੁੱਖ ਤੇ ਵੀ ਮੁਹੱਬਤਾਂ ਦੇ ਫਲ ਜਰੂਰ ਲੱਗਣਗੇ,
ਦਿਲ ਚੰਦਰੇ ਤੋਂ ਨਫਰਤ ਦੀਆਂ ਟਾਹਣੀਆਂ ਸਾਂਗ ਕੇ ਰੱਖੀਂ।

ਸੱਜਣਾਂ ਜੇ ਜਿਸਮ ਤੇ ਮੈਲ ਰਹਿ ਗਈ ਤਾਂ ਸਰ ਜਾਵੇਗਾ,
ਪਰ ਰੂਹ ਦੇ ਭਾਂਡੇ ਨੂੰ ਨੇਕੀ ਦੀ ਰਾਖ ਨਾਲ ਮਾਂਝ ਕੇ ਰੱਖੀਂ।

ਬੜਾ ਮੁਸਕਲ ਪੈਂਡਾ ਤੇਰੇ ਲਈ ਕੋਲ ਇੱਕ ਖੰਜਰ ਲੈ ਲਵੀਂ,
ਕੁੜੀਏ ਖਬਰਦਾਰ ਦੁਨੀਆਂ ਜੰਗਲ ਹੈ ਪੈਰ ਭਾਂਪ ਕੇ ਰੱਖੀਂ।

ਵਖਤ ਆਉਣ ਤੇ ਇਹ ਲਫਜ ਬਣ-ਬਣ ਕੇ ਕਵਿਤਾ ਬਣਨਗੇ,
ਸਿੱਧੂ' ਆਪਣੇ ਹੰਝੂਆਂ ਨੂੰ ਅੱਖਾਂ ਵਿੱਚ ਹੀ ਸਾਂਭ ਕੇ ਰੱਖੀਂ।

57. ਬੇਵਫਾ ਲੋਕ

ਨਿੱਤ ਨਵੀਆਂ ਸਕੀਮਾਂ ਬਣਾਉਂਦੇ ਨੇ ਬੇਵਫਾ ਲੋਕ,
ਦਿਲ ਵਾਲਿਆਂ ਨੂੰ ਜਾਲ ਚ ਫਸਾਉਂਦੇ ਨੇ ਬੇਵਫਾ ਲੋਕ।

ਇੱਕ ਫੁੱਲ ਤੋਂ ਦੂਜੇ ਫੁੱਲ, ਦੂਜਿਓਂ ਤੀਜੇ ਤੇ ਬੈਠ ਜਾਂਦੇ,
ਭੌਰਿਆਂ ਵਰਗਾ ਰੋਲ ਨਿਭਾਉਂਦੇ ਨੇ ਬੇਵਫਾ ਲੋਕ।

ਰੂਹ ਦੇ ਗਾਹਕਾਂ ਦੀ ਭੋਰਾ-ਭਰ ਵੀ ਕਦਰ ਨਹੀਂ,
ਜ਼ਮਾਨੇ ਚ ਖੂਬ ਨਾਮ ਕਮਾਉਂਦੇ ਨੇ ਬੇਵਫਾ ਲੋਕ।

ਪੂਛ-ਪੂਛ-ਪੂਛ ਕਹਿ ਕੇ, ਸਿਕਾਰ ਨੂੰ ਪੁਚਕਾਰ ਲੈਂਦੇ,
ਮਤਲਬ ਵੇਲੇ ਨਰਮੀ ਦਿਖਾਉਂਦੇ ਨੇ ਬੇਵਫਾ ਲੋਕ।

ਹਵਸ 'ਚ ਅੰਨੇ ਹੋ ਕੇ, ਬੇ-ਹਿਸਾਬ ਗੁਨਾਹ ਕਰਦੇ ਨੇ,
ਪਰ ਜਾਦੀਂ ਹੱਦ ਨੂੰ ਬਹੁਤ ਪਛਤਾਉਂਦੇ ਨੇ ਬੇਵਫਾ ਲੋਕ।

ਸੱਚੇ ਲੋਕਾਂ ਦੇ ਸੱਚੇ ਜਜ਼ਬਾਤਾਂ ਨਾਲ ਖੂਬ ਖੇਡਦੇ ਨੇ,
ਸਿੱਧੂ' ਸੱਚਿਆਂ ਦਾ ਦਿਲ ਤੜਫਾਉਂਦੇ ਨੇ ਬੇਵਫਾ ਲੋਕ।

58. ਅਸੀਂ ਬੇਵਫਾ

ਅਸੀਂ ਬੇਵਫਾ ਲੋਕਾਂ ਨੂੰ ਵੀ ਵਫਾਵਾਂ ਦਿੱਤੀਆਂ ਨੇ,
ਫਿਰ ਕਿਉਂ ਜਿੰਦਗੀ ਨੇ ਸਾਨੂੰ ਸਜਾਵਾਂ ਦਿੱਤੀਆਂ ਨੇ।

ਕਦੇ ਕਿਸੇ ਦਾ ਬੁਰਾ ਨਾ ਹੀ ਕੀਤਾ, ਨਾ ਸੋਚਿਆ ਏ,
ਅਸੀਂ ਤਾਂ ਦੁਸ਼ਮਣਾਂ ਨੂੰ ਵੀ ਦੁਆਵਾਂ ਦਿੱਤੀਆਂ ਨੇ।

ਮੰਜ਼ਿਲਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਰਾਹੀਆਂ ਨੂੰ,
ਵੇਖ ਤਾਂ ਹੀ ਖੁਦਾ ਨੇ ਸਾਨੂੰ ਮੁਸਕਲ ਰ੍ਹਾਵਾਂ ਦਿੱਤੀਆਂ ਨੇ।

ਆਰਾਮ ਨਾ ਦਿੱਤਾ ਕੋਈ, ਤਪਦੀਆਂ ਤੇਜ ਧੁੱਪਾਂ ਚ ਸਾਨੂੰ,
ਵਿਖਾਵੇ ਲਈ ਪਤਝੜੀ ਰੁੱਖਾਂ ਦੀਆਂ ਛਾਵਾਂ ਦਿੱਤੀਆਂ ਨੇ।

ਅਸੀਂ ਅੱਗੇ ਨੂੰ ਤੁਰੇ ਤੇ ਉਹਨਾਂ ਪਿੱਛੇ ਵੱਲ ਨੂੰ ਖਿੱਚਿਆ,
ਸਿੱਧੂ' ਬੇੜੀਆਂ ਜਿਹੀਆਂ ਪਿਉ ਦੀਆਂ ਬ੍ਹਾਵਾਂ ਦਿੱਤੀਆਂ ਨੇ।

59. ਇੰਤਜ਼ਾਰ ਹੈ

ਇੰਤਜ਼ਾਰ ਹੈ ਉਸ ਸਵੇਰ ਦਾ,
ਜਿਸ ਸਵੇਰ ਸੂਰਜ ਦੀ ਤਪਸ ਇੱਕਸਾਰ ਮਿਲੇਗੀ,
ਤੇ ਸਭ ਲੋਕਾਂ ਦੀ ਰੂਹ ਖੁਸ਼ੀਆਂ ਨਾਲ ਖਿਲੇਗੀ।

ਇੰਤਜ਼ਾਰ ਹੈ ਉਸ ਦੁਪਹਿਰ ਦਾ,
ਜਿਸ ਦੁਪਹਿਰ ਨੂੰ ਸਭ ਦੇ ਮੱਥੇ ਚੋਂ ਪਸੀਨਾ ਚੋਵੇਗਾ,
ਪਰ ਮੁੱਖ ਪੋਚਣ ਲਈ ਕੋਈ ਨਾ ਕੋਈ ਨੇੜੇ ਹੋਵੇਗਾ।

ਇੰਤਜ਼ਾਰ ਹੈ ਉਸ ਸਾਮ ਦਾ,
ਜਿਸ ਸਾਮ ਸਭ ਸੱਥ ਵਿੱਚ ਬਹਿ ਕੇ ਗੱਪਾਂ ਮਾਰਨਗੇ,
ਤੇ ਆਪਣੇ ਦਿਨ ਦੇ ਕੁਝ ਪਲ ਇੱਕ ਸਾਥ ਗੁਜਾਰਨਗੇ।

ਇੰਤਜ਼ਾਰ ਹੈ ਉਸ ਰਾਤ ਦਾ,
ਜਿਸ ਰਾਤ ਸਭ ਘੁੱਟ-ਘੁੱਟ ਨੀਂਦ ਨੂੰ ਜੱਫੀਆਂ ਪਾਵਣਗੇ,
ਤੇ ਨੀਂਦ ਦੀ ਗੋਦੀ ਵਿੱਚ ਬੈਠੇ ਨਵੇਂ ਸੁਪਨੇ ਸਜਾਵਣਗੇ।

60. ਮਨੁੱਖ ਦੀ ਕਹਾਣੀ

ਸਦੀਆਂ ਪਹਿਲਾਂ ਦੀ ਗੱਲ ਹੈ,
ਜਦ ਰੱਬ ਇਕੱਲਾ ਹੀ ਰਹਿੰਦਾ ਸੀ,
ਪੂਰੀ ਸ੍ਰਿਸ਼ਟੀ ਦਾ ਮਾਲਕ ਸੀ,
ਜਿੱਥੇ ਜੀ ਕਰਦਾ ਉੱਠਦਾ-ਬਹਿੰਦਾ ਸੀ।

ਘੁੰਮਦਾ-ਘੁੰਮਦਾ ਆਪਣੀ ਸ੍ਰਿਸ਼ਟੀ ਨੂੰ,
ਇੱਕ ਦਿਨ ਵਾਲਾ ਹੀ ਅੱਕ ਚੁੱਕਿਆ,
ਇਸ ਸ੍ਰਿਸ਼ਟੀ ਨੂੰ ਤਬਾਹ ਕਰਨ ਦਾ,
ਭੈੜਾ ਵਿਚਾਰ ਦਿਲ ਚ ਆ ਢੁੱਕਿਆ।

ਸ੍ਰਿਸ਼ਟੀ ਨਾਲ ਪਿਆਰ ਵੀ ਗੂੜਾ ਸੀ,
ਖੁਦ ਖਤਮ ਕਰਨ ਤੋਂ ਹਿਚਕਚਾਉਂਦਾ ਸੀ,
ਲੱਖ ਸੋਚਾਂ-ਖਿਆਲਾਂ ਨੇ ਰੋਕਿਆ ਰੱਬ ਨੂੰ,
ਪਰ ਦਿਲ ਉਹਦਾ ਇਹੋ ਚਾਹੁੰਦਾ ਸੀ।

ਕਿਉਂ ਨਾ ਕੋਈ ਸਕਤੀ ਸਿਰਜ ਲਵਾਂ,
ਮਨ ਵਿੱਚ ਐਸਾ ਵਿਚਾਰ ਆਇਆ,
ਤਦ ਮਿਹਨਤ ਕਰਕੇ ਉਸ ਖੁਦਾ ਨੇ,
ਮਨੁੱਖ ਨਾਂ ਦਾ ਇੱਕ ਸੈਤਾਨ ਬਣਾਇਆ।

ਮਿੱਟੀ ਦਾ ਇੱਕ ਜਿਸਮ ਬਣਾ ਕੇ,
ਵਿੱਚ ਅਥਾਹ ਗੁਣਾਂ ਨੂੰ ਭਰ ਦਿੱਤਾ,
ਸੋਚਣ-ਸਕਤੀ ਤੇ ਅੰਨੀ ਚੇਤਨਾ ਦੇ ਕੇ,
ਇੱਕ ਅਨੋਖਾ ਕਾਰਨਾਮਾ ਕਰ ਦਿੱਤਾ।

ਤਦ ਆਇਆ ਮਨੁੱਖ ਧਰਤੀ ਤੇ,
ਹੌਲੀ-ਹੌਲੀ ਆਪਣੀ ਗਿਣਤੀ ਵਧਾ ਲਈ,
ਸੇਰ, ਹਾਥੀ, ਬਘਿਆੜਾਂ ਜਿਹੀਆਂ,
ਸਭ ਤਾਕਤਾਂ ਦੇ ਨੱਕ ਨਕੇਲ ਪਾ ਲਈ।

ਜੰਗਲਾਂ ਦੇ ਜੰਗਲ ਤਬਾਹ ਕਰਕੇ,
ਉੱਚੇ-ਉੱਚੇ ਮਹਿਲ ਉਸਾਰ ਲਏ,
ਸੈਤਾਨੀ ਚੇਤਨਾ ਨਾਲ ਪਰਮਾਣੂ ਜਿਹੇ,
ਜੱਗ-ਖਾਤਮੇ ਲਈ ਬਣਾ ਹਥਿਆਰ ਲਏ।

ਧਾਂਕ ਜਮਾਉਣ ਤੇ ਤਾਕਤ ਪਰਖਣ ਲਈ,
ਆਪਸ ਵਿੱਚ ਹੀ ਜੰਗਾਂ ਛੇੜ ਲਈਆਂ,
ਸ੍ਰਿਸ਼ਟੀ ਨੂੰ ਬਰਬਾਦ ਕਰਨ ਲਈ,
ਧੂੰਏਂ ਦੀਆਂ ਹਲਟੀਆਂ ਗੇੜ ਲਈਆਂ।

ਤਰੱਕੀ ਦਾ ਨਾਮ ਦੇ ਕੇ ਅੱਜ ਇਹ,
ਸਕੀਮਾਂ-ਖੋਜਾਂ ਨਾਲ ਝੋਲੀ ਭਰ ਚੁੱਕਾ ਏ,
ਕੀ ਚੰਨ, ਕੀ ਤਾਰੇ, ਤੇ ਕੀ ਗ੍ਰਹਿ,
ਬ੍ਰਹਿਮੰਡ ਦੀ ਸੈਰ ਕਰ ਚੁੱਕਾ ਏ।

ਸਿੱਧੂ' ਅੱਜ ਉਹੀ ਮਨੁੱਖ ਖੁਦਾ ਦਾ,
ਆਪਣਾ ਰੋਲ ਨਿਭਾਅ ਰਿਹਾ ਏ,
ਹੌਲੀ-ਹੌਲੀ ਤੇ ਥੋੜ੍ਹਾ-ਥੋੜ੍ਹਾ ਕਰਕੇ,
ਖੁਦਾ ਦਾ ਹੁਕਮ ਪੁਗਾਆ ਰਿਹਾ ਏ।

61. ਦੋਸਤੀ ਦੇ ਕੱਪੜੇ

ਦੁਸ਼ਮਣ ਦੋਸਤੀ ਦੇ ਕੱਪੜੇ ਪਹਿਨ ਕੇ ਨਿੱਕਲ ਚੁੱਕਿਆ,
ਸਾਵਧਾਨ ਦੋਸਤਾ ਮੌਕਾ ਤਾਣ ਕੇ ਛੁਰਾ ਨਾ ਖੋਭ ਜਾਵੇ।

ਇਹ ਅਕਲ ਚੂਰ-ਚੂਰ ਕਰਕੇ ਮਾਨਵ ਨੂੰ ਵਹਿਸੀ ਬਣਾਉਂਦਾ,
ਅੱਜ ਜਾਵੇ ਕੱਲ੍ਹ ਜਾਵੇ ਕਦੇ ਵੀ ਜਾਵੇ ਦਿਲਾਂ ਚੋਂ ਲੋਭ ਜਾਵੇ।

ਸ਼ਕਲ-ਬਦਸ਼ਕਲ ਕੁਝ ਨਹੀਂ ਸਭ ਅੱਖਾਂ ਦਾ ਭਰਮ ਹੈ,
ਕਿਸੇ ਨੂੰ ਗੋਰਾ ਵੀ ਨਹੀਂ ਕਿਸੇ ਨੂੰ ਕਾਲਾ ਹੀ ਸੋਭ ਜਾਵੇ।

ਬੋਲਾਂ ਦਾ ਵਾਰ ਜਿਸਮ ਤੇ ਨਹੀਂ ਦਿਲ ਤੇ ਮਾਰ ਕਰਦਾ,
ਸਿੱਧੂ' ਸੋਚ ਕੇ ਬੋਲ ਕੋਈ ਗੱਲ ਨਾ ਕਿਸੇ ਨੂੰ ਚੋਭ ਜਾਵੇ।

62. ਜਜ਼ਬਾਤਾਂ ਦੀ ਭਰਮਾਰ

ਜਜ਼ਬਾਤਾਂ ਦੀ ਭਰਮਾਰ ਏ, ਸੋਚਾਂ ਦੀਆਂ ਤੰਦਾਂ ਬਹੁਤ ਨੇ,
ਪਰ ਪੂਰੀ ਨਹੀਂ ਹੋ ਰਹੀ ਚੰਦਰੇ ਲਫ਼ਜ਼ਾਂ ਦੀ ਕਮੀ।

ਮੈਂ ਉਮਰ ਭਰ ਖੁਸ਼ੀਆਂ ਭਰਿਆ ਜੀਵਨ ਜਿਉਣਾ ਸੀ,
ਪਰ ਬੇਮੌਤ ਮੈਨੂੰ ਮਾਰ ਗਈ ਤੇਰੇ ਜਾਣ ਦੀ ਗਮੀ।

ਤੂੰ ਵੀ ਤਾਂ ਬਹੁਤ ਰੋਇਆ ਸੀ ਹਿਜ਼ਰ ਵਾਲੇ ਕਾਲ਼ੇ ਦਿਨ,
ਦੱਸ ਰਹੀ ਸੀ ਤੇਰੇ ਪਿੰਡ ਦੀ ਹਵਾ ਚ ਫੈਲੀ ਹੋਈ ਨਮੀ।

ਦੂਰ-ਦੂਰ ਤੀਕਰ ਫੈਲੀਆਂ ਜ਼ਮੀਨਾਂ ਮੁਬਾਰਕ ਤੁਸਾਂ ਨੂੰ,
ਸਾਨੂੰ ਤਾਂ ਬੱਸ ਰਹਿਣ ਲਈ ਦੇ ਦਿਉ ਦੋ ਕੁ ਹੱਥ ਜ਼ਮੀਂ।

ਖੁਦਾ ਕਸਮ ਹੌਲਾ ਫੁੱਲ ਵਰਗਾ ਕਮਜੋਰ ਕੱਚ ਵਰਗਾ ਏ,
ਵੇਖੀਂ ਤੋੜ ਨਾ ਦੇਵੀਂ ਸੋਚ-ਸਮਝ ਕੇ ਮੇਰਾ ਦਿਲ ਲਵੀਂ।

ਅੱਕ ਚੁੱਕੇ ਹਾਂ ਲਕੀਰਾਂ ਚ ਵੰਡੀ ਬੇਜ਼ਮੀਰੀ ਖਲਕਤ ਤੋਂ,
ਚੱਲ ਉਏ 'ਸਿੱਧੂ' ਵਸਾਈਏ ਕਿਤੇ ਕੋਈ ਦੁਨੀਆਂ ਨਵੀਂ।

63. ਲਾਲਸਾ

ਹਰ ਇੱਕ ਇਨਸਾਨ,
ਕੁਝ ਨਾ ਕੁਝ ਬਣਨਾ ਲੋਚਦਾ ਏ,
ਕਿਸੇ ਨੂੰ ਪਸੰਦ ਨਹੀਂ,
ਗੁੰਮਨਾਮ ਤੇ ਨੀਵੇਂ ਥਾਂ ਰਹਿਣਾ,
ਦੌਲਤਾਂ ਦੇ ਸਿਖਰ ਤੇ ਚੜਨਾ ਲੋਚਦਾ ਏ।

ਕੋਈ ਮਹਿੰਗੀ ਸਵਾਰੀ ਤੇ ਬਰਾਂਡੜ ਕੱਪੜੇ,
ਡੀਲ-ਡੌਲ ਤੇ ਚੰਗੀ ਦਿੱਖ ਬਣਾਕੇ,
ਆਪਣੇ ਜਿਸਮ ਨੂੰ ਤਣਨਾ ਲੋਚਦਾ ਏ।

ਕੋਈ ਪਾਕ ਮੁਹੱਬਤ ਦਾ ਗਾਹਕ ਬਣਦਾ,
ਕੋਈ ਜਿਸਮਾਂ ਤੱਕ ਸੀਮਿਤ ਰਹਿ ਕੇ,
ਇਸ਼ਕ ਮਜਾਜੀ ਵਿੱਚ ਹੜਨਾ ਲੋਚਦਾ ਏ।

ਕੋਈ ਅਮੀਰ ਤੇ ਤਕੜੇ ਦੋਸਤ ਬਣਾਉਂਦਾ,
ਯਾਰਾਂ ਹਥਿਆਰਾਂ ਦੀ ਲਿਸਟ ਬਣਾ ਕੇ,
ਲਾਚਾਰ ਲੋਕਾਂ ਨਾਲ ਲੜਨਾ ਲੋਚਦਾ ਏ।

ਪਰ ਪਾਗਲ 'ਸਿੱਧੂ',
ਸਿਰਫ਼ ਤੇ ਸਿਰਫ਼,
ਚੰਗਾ ਇਨਸਾਨ ਬਣਨਾ ਲੋਚਦਾ ਏ।

64. ਸੰਣਤਾਲੀ

ਇੱਕ ਦਿਨ ਖਿਆਲਾਂ ਵਿੱਚ ਮੇਰੇ,
ਗੁਰੂ, ਦੇਵਤੇ, ਪੀਰ ਸਭ ਆਏ ਸਨ,
ਤੇ ਸਭ ਨੇ ਦਰਦ ਭਰੇ ਲਹਿਜੇ 'ਚ
ਇਹ ਹੂਕ ਭਰੇ ਬੋਲ ਫੁਰਮਾਏ ਸਨ।

ਆਖਣ ਲੱਗੇ..
ਅਸਾਂ ਤਾਂ ਸਿਰਫ਼ ਫੁੱਲ ਬੀਜੇ ਸਨ,
ਫੁੱਲਾਂ ਦੇ ਕੰਡੇ ਕਿਨ ਬਣਾ ਦਿੱਤੇ ?
ਮੁਹੱਬਤਾਂ ਦੀ ਉਪਜਾਊ ਮਿੱਟੀ 'ਚ
ਨਫਰਤਾਂ ਦੇ ਕੰਕੜ ਕਿਨ ਰਲਾ ਦਿੱਤੇ ?
ਲੋਕਾਂ ਦੇ ਮਿਹਨਤੀ ਹੱਥਾਂ ਵਿੱਚ,
ਜਾਨਲੇਵਾ ਹਥਿਆਰ ਕਿਨ ਫੜਾ ਦਿੱਤੇ ?

ਤੇ ਮੈਂ ਬੋਲਿਆ..
ਹਾਂ ਤੁਸਾਂ ਸਿਰਫ਼ ਫੁੱਲ ਬੀਜੇ ਸਨ,
ਖੁਦਗਰਜ਼ਾਂ ਨੇ ਇਹ ਕੰਡੇ ਬਣਾ ਦਿੱਤੇ,
ਭਾਰਤ-ਪਾਕਿ ਤੇ ਰਾਜ ਕਰਨ ਲਈ,
ਕੁੱਤੇ ਰਾਜਿਆਂ ਇਹ ਕਹਿਰ ਕਮਾ ਦਿੱਤੇ,
ਗਹਿਰੇ ਜਖਮ ਦੇ ਕੇ ਲੋਕਾਈ ਨੂੰ,
ਧਰਮਾਂ ਦੇ ਅਰਥ ਹੀ ਪਲਟਾ ਦਿੱਤੇ,
ਖੁਦਗਰਜ਼-ਹਵਸ ਦੀ ਪੂਰਤੀ ਲਈ,
ਭਾਰਤ ਦੇ ਟੋਟੇ ਕਰਵਾ ਦਿੱਤੇ।

ਤੇ ਉਹਨਾਂ ਮਹਾਂਪੁਰਖਾਂ ਇਹ ਸੁਣ ਕੇ,
ਨੈਣੋਂ ਹੰਝੂਆਂ ਦੇ ਨੀਰ ਵਹਾ ਦਿੱਤੇ,
ਸਿੱਧੂ' ਭਲਾ ਹੋਵੇਗਾ ਸਭ ਇਨਸਾਨ ਬਣੋ,
ਆਖਿਰ ਏਕਤਾ ਦੇ ਬੋਲ ਫੁਰਮਾ ਦਿੱਤੇ।

65. ਹਰ ਰਿਸ਼ਤੇ ਵਿੱਚ

ਹਰ ਰਿਸ਼ਤੇ ਵਿੱਚ ਮਤਲਬ ਦੀ ਬਾਤ ਹੁੰਦੀ ਏ,
ਹਰ ਰੌਸ਼ਨੀ ਪਿੱਛੇ ਹਨੇਰੀ ਰਾਤ ਹੁੰਦੀ ਏ।

ਐਵੇਂ ਥੋੜ੍ਹਾ ਕਰਦਾ ਕੋਈ ਚੰਗੇ ਮੰਦੇ ਕਰਮ,
ਹਰ ਕੰਮ ਪਿੱਛੇ ਕਿਸੇ ਦੀ ਔਕਾਤ ਹੁੰਦੀ ਏ।

ਉਹ ਆਫਤ ਨੂੰ ਸਿਰਫ਼ ਮਜਾਕ ਸਮਝਦੇ ਨੇ,
ਜਿੰਨ੍ਹਾਂ ਨੇ ਸਿਰ ਤੇ ਰੱਖੀ ਮੌਤ-ਸੌਗਾਤ ਹੁੰਦੀ ਏ।

ਕੌਣ ਕਹਿੰਦਾ ਜਿੰਦਗੀ ਬਹਾਰਾਂ ਦਾ ਮੌਸਮ ਹੈ,
ਦੋਸਤੋ ਜਿੰਦਗੀ ਤਾਂ ਗਮਾਂ ਦੀ ਬਰਾਤ ਹੁੰਦੀ ਏ।

ਡਰੋ ਨਾ ਦੋਸਤੋ ਭਿਆਨਕ ਗਰਮੀ ਦੇ ਕਹਿਰ ਤੋਂ,
ਕਦੇ ਨਾ ਕਦੇ ਤਾਂ ਜਰੂਰ ਬਰਸਾਤ ਹੁੰਦੀ ਏ।

ਸਿੱਧੂ' ਹੁਣ ਹੋਰ ਕੀ ਲਿਖਾਂ ਇਸ ਗਜ਼ਲ ਵਿੱਚ,
ਲਿਖਦਾ ਹਰ ਕੋਈ ਓਨਾਂ ਜਿੰਨੀ ਔਕਾਤ ਹੁੰਦੀ ਏ।

66. ਕਮੀਨਗੀ ਲੁਕਾਉਣ ਲਈ

ਕਮੀਨਗੀ ਲੁਕਾਉਣ ਲਈ ਸੌ-ਸੌ ਪਰਦੇ ਕੱਜ ਲੈਂਦੇ ਨੇ,
ਅਸਲੀਅਤ ਸਮਝ ਲਿਉ ਨੇਤਾਵਾਂ ਨੂੰ ਜਿਤਾਉਣ ਤੋਂ ਪਹਿਲਾਂ।

ਇਹ ਜੰਗ-ਜਨਰੇਸਨ ਤੇ ਆਪਣਾ ਖੂਬ ਪ੍ਰਭਾਵ ਪਾਉਂਦੇ ਨੇ,
ਗਾਇਕੋ ਜਰਾ ਸੋਚ ਲਿਆ ਕਰੋ ਕੋਈ ਗੀਤ ਗਾਉਣ ਤੋਂ ਪਹਿਲਾਂ।

ਨਾ ਸੱਜਣ ਜੀ ਘਬਰਾਉ ਨਾ ਗਮਾਂ ਦੇ ਲੰਮੇ ਕਾਫਲਿਆਂ ਤੋਂ,
ਜੇਠ, ਹਾੜ ਵੀ ਤਾਂ ਆਉਂਦੇ ਨੇ ਠੰਡੇ ਮਹੀਨੇ ਸਾਉਣ ਤੋਂ ਪਹਿਲਾਂ।

ਆਪਣੀ ਹਸਤੀ ਬਾਰੇ ਵੀ ਕਦੇ ਦੋ ਪਲ ਬੈਠ ਕੇ ਸੋਚ ਜਰਾ,
ਵੇ ਬੰਦਿਆ, ਬੰਦਿਆਂ ਨੂੰ ਮਿੱਟੀ ਵਿੱਚ ਮਿਲਾਉਣ ਤੋਂ ਪਹਿਲਾਂ।

ਜੇ ਘੁੰਮਣਾ ਚਾਹੁੰਦੇ ਹੋ ਜੰਨਤ ਦੀ ਦੁਨੀਆਂ ਵਿੱਚ ਦੋਸਤੋ,
ਆਪਣੀ 'ਮੈਂ' ਨੂੰ ਮਾਰ ਲਿਉ ਖੁਦ ਨੂੰ ਮਿਟਾਉਣ ਤੋਂ ਪਹਿਲਾਂ।

ਫਿਰ ਐਵੇਂ ਸਾਰੀ ਉਮਰ ਇਕੱਲੇ ਬਹਿ ਬਹਿ ਪਛਤਾਵੋਗੇ,
ਸਿੱਧੂ' ਅਜਮਾ ਲਿਉ ਦਿਲਵਰ ਨੂੰ, ਦਿਲ ਲੁਟਾਉਣ ਤੋਂ ਪਹਿਲਾਂ।

67. ਮਰਦ

ਕਿੰਨਾ ਕਮੀਨਾ, ਕਿੰਨਾ ਹਵਸੀ,
ਕਿੰਨਾ ਖੁਦਗਰਜ਼ ਹੋ ਗਿਆ ਮਰਦ,
ਹਵਸ 'ਚ ਅੰਨਾ ਹੋ ਕੇ,
ਕੁੜੀਆਂ ਦੀ ਆਬਰੂ ਦੇ ਵਰਕੇ,
ਪਲਾਂ ਚ ਪਾੜ ਦਿੰਦਾ,
ਤੇ ਉਹਨਾਂ ਦੇ ਮੱਥੇ ਤੇ ਮੜ ਦਿੰਦਾ,
ਹੀਣਤਾ ਤੇ ਬਦਨਾਮੀ ਦਾ ਕਾਲਾ ਦਾਗ,
ਐਸਾ ਦਾਗ,
ਜੋ ਪੂਰੀ ਜਿੰਦਗੀ ਸੂਰਜ ਵਾਂਗ,
ਕੁੜੀ ਦੇ ਮੱਥੇ ਤੇ ਚਮਕਦਾ ਰਹਿੰਦਾ,
ਤੇ ਵੇਖਣ ਵਾਲਾ ਘੂਰੀਆਂ ਵੱਟ ਵੱਟ ਕੇ ਵੇਖਦਾ।

ਕਿੰਨਾ ਕੁੱਤਾ ਏ ਮਰਦ,
ਨਿੱਕੇ ਨਿੱਕੇ ਮਾਸੂਮ ਫੁੱਲਾਂ ਨੂੰ ਵੀ,
ਟਹਿਣੀਆਂ ਤੋਂ ਤੋੜ ਲੈਂਦਾ,
ਤੇ ਆਪਣੀ ਹਵਸ ਮਿਟਾ ਕੇ ਸੁੱਟ ਦਿੰਦਾ,
ਸੜਕਾਂ ਚ, ਰੋਹੀਆਂ ਚ,
ਤੜਫਣ ਲਈ, ਮੁਰਝਾਉਣ ਲਈ।

ਮਰਦ ਅੱਜ,
ਜਬਰ-ਜੁਲਮ ਦਾ ਦੂਜਾ ਨਾਂ ਹੈ,
ਮਰਦ ਅੱਜ,
ਹਵਸ ਦੀ ਤੱਤੀ ਤੱਤੀ ਛਾਂ ਹੈ,
ਮਰਦ ਅੱਜ,
ਸਮਸ਼ਾਨ ਜਿਹੀ ਡਰਾਵਣੀ ਥਾਂ ਹੈ।

68. ਖੁੱਲੇ ਸੇਅਰ

ਤੂੰ ਤਾਂ ਐਵੇਂ ਫਾਰਮੈਲਿਟੀ ਵਜੋਂ ਅੱਖਾਂ ਚਾਰ ਕੀਤੀਆਂ ਨੇ,
ਦਿਲਵਰ ਕੀ ਹੁੰਦੀ ਏ ਮੁਹੱਬਤ, ਜਾਹ ਤੈਨੂੰ ਨਹੀਂ ਪਤਾ।

...
ਮੈਂ ਉਹਨੂੰ ਵੇਖਿਆ ਸੀ, ਸਿਰਫ਼ ਦਿਲ ਬਹਿਲਾਉਣ ਲਈ,
ਮੈਨੂੰ ਕੀ ਪਤਾ ਸੀ, ਕਿ ਉਹ ਦਿਲ ਵਿੱਚ ਹੀ ਬਹਿ ਜਾਵੇਗਾ।

...
ਮੰਨਦੇ ਹਾਂ ਖੁਦਾ ਨੂੰ ਅਸੀਂ ਵੀ, ਪਰ ਅੰਦਾਜ਼ ਵਿਲੱਖਣ ਹੈ,
ਵਿਖਾਵੇ ਲਈ ਢੋਂਗ ਨਹੀਂ ਰਚਦੇ, ਦਿਲੋਂ ਹੀ ਮੰਨਦੇ ਹਾਂ।

...
ਦੁਸ਼ਮਣੀ ਨਿਭਾਉਣ ਦੇ ਹੋਰ ਵੀ ਤਾਂ ਕਿੰਨੇ ਤਰੀਕੇ ਸਨ,
ਮੇਰੇ ਅਜ਼ੀਜ਼ ਕੀ ਤੈਨੂੰ ਮੁਹੱਬਤ ਹੀ ਜਰੀਆ ਮਿਲਿਆ ਸੀ?

...
ਉਂਝ ਤਾਂ ਹਜਾਰਾਂ ਹੀ ਚਿਹਰੇ ਤੱਕਦੇ ਹਾਂ ਰੋਜ ਦੁਨੀਆਂ ਚ,
ਪਰ ਕੋਈ ਵਿਰਲਾ ਹੀ ਹੁੰਦਾ, ਜੋ ਧੜਕਣ ਬਣਦਾ ਏ।

...
ਕਿਸੇ ਨੂੰ ਨਖ਼ਰਾ ਮਾਰਦਾ ਏ, ਕਿਸੇ ਨੂੰ ਹੁਸਨ ਮਾਰਦਾ ਏ,
ਸਿੱਧੂ' ਸੱਚ ਜਾਣੀ ਸਾਨੂੰ ਤਾਂ ਤੇਰੀ ਸਾਦਗੀ ਨੇ ਮਾਰਿਆ।

69. ਕਵਿਤਾ

ਕਵਿਤਾ ਅੰਗੜਾਈ ਲੈ ਰਹੀ,
ਛੇਤੀ-ਛੇਤੀ ਲਿਖਦੇ ਮੈਨੂੰ,
ਕੂਕ-ਕੂਕ ਕੇ ਕਹਿ ਰਹੀ।

ਉੱਠ 'ਸਿੱਧੂ' ਦੇਰ ਨਾ ਕਰ,
ਚੱਕਵੇਂ ਪੈਰੀਂ ਫਿਰੇ ਭੱਜੀ,
ਮਨਚਲੀ ਟਿਕ ਕੇ ਨਾ ਬਹਿ ਰਹੀ।

ਲਫਜ਼ ਉਹ ਵੇਖ ਆ ਗਏ,
ਤੇ ਕਲਮ ਵੀ ਨਾਲ ਖਲੋਤੀ ਏ,
ਮੱਲੋ-ਜੋਰੀ ਮੇਰੇ ਗਲ ਪੈ ਰਹੀ।

ਲੈ ਮੈਂ ਤਾਂ ਤਿਆਰ ਹਾਂ,ਕਵੀ ਜੀ,
ਕੱਢ ਆਪਣੇ ਮਨ ਦਾ ਗਵਾਰ,
ਬਾਹੋਂ ਫੜ ਕੇ ਮੈਨੂੰ ਕਹਿ ਰਹੀ।

70. ਸ਼ਬਦ

ਐ ਖੁਦਾ ਐਸੇ ਸ਼ਬਦ ਦੇਵੀਂ,
ਜੋ ਮੇਰੇ ਜ਼ਜਬਾਤਾਂ ਨੂੰ ਹੂਬ-ਹੂ,
ਸਫਿਆਂ ਤੇ ਉਤਾਰ ਸਕਣ।

ਤੇ ਮੇਰੇ ਦਿਲ ਵਿੱਚ ਉਪਜੇ,
ਡੂੰਘੇ ਦਰਦ-ਏ-ਸਾਗਰ ਨੂੰ,
ਕਲਮ ਰਾਹੀਂ ਮਾਰ ਸਕਣ।

ਅੱਖਾਂ ਪਾੜ-ਪਾੜ ਪੜਨ ਲੋਕ,
ਇਸ ਨਿਮਾਣੀ ਪੁਸਤਕ ਨੂੰ,
ਦੁਲਹਨ ਵਾਂਗ ਸਿੰਗਾਰ ਸਕਣ।

ਧੁਰ ਤੱਕ ਫੁੱਲਾਂ ਦੀ ਸੇਜ ਹੋਵੇ,
ਸੌਖਿਆਂ ਹੀ ਪੁੱਜਣ ਮੰਜ਼ਿਲ ਤੇ,
ਐਸੇ ਨਵੇਂ ਰਾਹ ਉਸਾਰ ਸਕਣ।

71. ਦਿਲੇ ਤਮੰਨਾ

ਉਹ ਰੱਬ ਜੀ ਮੈਂ ਸਭ ਲੋਕਾਂ ਦਾ ਉਪਕਾਰ ਚਾਹੁੰਦਾ ਹਾਂ,
ਕਰ ਪੂਰੀ ਮੰਗ ਮੇਰੀ, ਇੱਕੋ ਜਿਹਾ ਸੰਸਾਰ ਚਾਹੁੰਦਾ ਹਾਂ।

ਮਿਹਨਤ ਕਰਨ ਲੋਕੀਂ ਰਲ-ਮਿਲ-ਖਾਣ ਮਿਲਵਰਤਣ ਸਾਰੇ,
ਅਮੀਰ-ਗਰੀਬ ਨਾ ਹੋਵੇ, ਇੱਕੋ ਜਿਹਾ ਕਾਰੋਬਾਰ ਚਾਹੁੰਦਾ ਹਾਂ।

ਨਫਰਤ ਨਾਂ ਦਾ ਲਫਜ਼ ਹੀ ਮਰ-ਮੁੱਕ ਜਾਵੇ ਦੁਨੀਆਂ ਵਿੱਚੋਂ,
ਹਵਾਵਾਂ ਵਾਂਗ ਬਿਖਰਿਆ, ਹਰ ਪਾਸੇ ਪਿਆਰ ਚਾਹੁੰਦਾ ਹਾਂ।

ਕੋਈ ਨਾ ਜਾਵੇ ਲੰਮਾ ਪੈਂਡਾ ਚੀਰ ਕੇ, 'ਤੇਰੇ' ਮਹਿੰਗੇ ਘਰਾਂ ਚ,
ਹਰ ਆਦਮੀ ਦੇ ਘਰ ਚੋਂ ਹੀ ਤੇਰਾ ਦੀਦਾਰ ਚਾਹੁੰਦਾ ਹਾਂ।

ਜਿੱਧਰ ਵੇਖਾਂ ਬੱਸ ਇਨਸਾਨ ਹੀ ਇਨਸਾਨ ਨਜ਼ਰ ਆਉਣ,
ਜੱਟ, ਬ੍ਰਾਹਮਣ, ਨਾਈ, ਬਾਣੀਏ ਨਾ ਹੀ ਚਮਾਰ ਚਾਹੁੰਦਾ ਹਾਂ।

ਨਾ ਮੈਂ ਦੌਲਤ-ਸ੍ਹੌਰਤ ਮੰਗਦਾ, ਨਾ ਹੀ ਲੰਮੀ ਉਮਰ ਮੰਗਦਾ,
ਸਿੱਧੂ' ਦਿਲੇ ਤਮੰਨਾ ਮੇਰੀ ਮੈਂ ਦੁਨੀਆਂ ਇੱਕਸਾਰ ਚਾਹੁੰਦਾ ਹਾਂ।

72. ਸ਼ੁਕਰ ਹੈ

ਬੇਹੱਦ ਸੋਹਣੇ-ਸੁਨੱਖੇ ਹੋ ਗਏ 'ਅੱਜ, ਕੱਲ੍ਹ' ਜਿੰਦਗੀ ਦੇ,
ਆਰਾਮਦਾਇਕ ਗੁਜਰ ਰਹੇ ਨੇ ਹੁਣ ਪਲ ਜਿੰਦਗੀ ਦੇ।

ਜੋ ਮੰਗਦੀ, ਜੋ ਸੋਚਦੀ, ਜੋ ਲੋਚਦੀ ਮੁਸ਼ਕਿਲ ਤੋਂ ਮੁਸ਼ਕਿਲ,
ਦਿਲ ਚੋਂ ਨਿਕਲੇ ਸਭ ਪ੍ਰਸਨ ਹੋ ਰਹੇ ਨੇ ਹੱਲ ਜਿੰਦਗੀ ਦੇ।

ਕਦੇ ਡੁੱਬ ਰਹੀ ਸੀ, ਹੰਝੂਆਂ-ਗਮਾਂ ਦੇ ਡੂੰਘੇ ਸਾਗਰ ਵਿੱਚ,
ਸ਼ੁਕਰ ਹੈ ਉਹ ਕਾਲੇ ਦਿਨ ਗਏ ਨੇ ਟਲ਼ ਜਿੰਦਗੀ ਦੇ।

ਕੁਦਰਤ ਦੀ ਹਰ ਸੈਅ ਵਿੱਚੋਂ ਆਪਣਾ-ਪਣ ਝਲਕਦਾ ਏ,
ਇੰਝ ਲੱਗੇ ਜਿਵੇਂ ਹੁਣ ਖੁਦਾ ਵੀ ਹੋਵੇ ਵੱਲ ਜਿੰਦਗੀ ਦੇ।

ਤੇਰੇ ਬਿਨ ਸੱਜਣ, ਮਹਿੰਦੀ ਤੋਂ ਸੱਖਣੀ ਦੁਲਹਨ ਲੱਗਦੀ,
ਸਿੱਧੂ' ਦੂਰ-ਦੂਰ ਨਾ ਜਾਹ ਨਾਲ-ਨਾਲ ਹੀ ਚੱਲ ਜਿੰਦਗੀ ਦੇ।

73. ਅੱਜਕੱਲ੍ਹ ਦੇ ਗੀਤ

ਟੀ. ਵੀ. ਮੋਬਾਈਲਾਂ ਤੇ ਜਿਹਨਾਂ ਨੇ ਤਰਥੱਲੀ ਮਚਾ ਰੱਖੀ ਏ,
ਮੁੰਡੇ-ਕੁੜੀਆਂ ਦੀ ਨਵੀਂ ਪਨੀਰੀ ਆਪਣੇ ਪਿੱਛੇ ਲਾ ਰੱਖੀ ਏ,
ਤੇ ਇਸ ਪਨੀਰੀ ਨੂੰ ਕੁਰਾਹੇ ਪਾਉਣ ਦੀ ਕਸਮ ਖਾ ਰੱਖੀ ਏ,
ਇਹੋ-ਜਿਹੇ ਗੀਤ ਦੋਸਤੋ ਚੰਗੇ ਨਹੀਂ ਹੁੰਦੇ।

ਜਿਹਨਾਂ ਗੀਤਾਂ ਵਿੱਚ ਸਰਾਬ ਤੇ ਫੁਕਰਾ ਸਬਾਬ ਬੋਲਦਾ ਏ,
ਲੋਟੂ ਘਰਾਂ ਦੇ ਕਾਕਿਆਂ ਦਾ ਕੁੱਤਾਪਣ ਬੇਹਿਸਾਬ ਬੋਲਦਾ ਏ,
ਕਾਲਜਾਂ ਦੇ ਝਗੜੇ ਤੇ ਨਸੀਲਾ ਇਹ ਪੰਜਾਬ ਬੋਲਦਾ ਏ,
ਇਹੋ-ਜਿਹੇ ਗੀਤ ਦੋਸਤੋ ਚੰਗੇ ਨਹੀਂ ਹੁੰਦੇ।

ਜਿਹੜੇ ਗੀਤ ਮਤਲਬ ਲਈ ਕਿਸੇ ਨਾਲ ਯਾਰੀ ਗੰਢਦੇ ਨੇ,
ਤੇ ਫਿਰ ਕੁੜੀਆਂ ਵਿਚਾਰੀਆਂ ਨੂੰ ਸਰੇਆਮ ਭੰਡਦੇ ਨੇ,
ਜੱਗ-ਜਨਨੀ ਦੀ ਆਬਰੂ ਨੂੰ ਛੱਜ ਪਾ-ਪਾ ਕੇ ਛੰਡਦੇ ਨੇ,
ਇਹੋ-ਜਿਹੇ ਗੀਤ ਦੋਸਤੋ ਚੰਗੇ ਨਹੀਂ ਹੁੰਦੇ।

74. ਕੋਸ਼ਿਸ਼ ਕਰਾਂਗਾ

ਭਾਵੇਂ ਹੰਝੂ ਤਾਂ ਬਚਪਨ ਵਿੱਚ ਹੀ ਮੁੱਕ ਗਏ ਸੀ,
ਪਰ ਤੇਰੇ ਲਈ ਰੋਣ ਦੀ ਕੋਸ਼ਿਸ਼ ਕਰਾਂਗਾ।

ਅਜੇ ਤਾਂ ਕੁਝ ਪਲਾਂ ਦਾ ਹੀ ਏ ਸਾਥ ਆਪਣਾ,
ਸਦਾ ਲਈ ਤੇਰਾ ਹੋਣ ਦੀ ਕੋਸ਼ਿਸ਼ ਕਰਾਂਗਾ।

ਦਿਲ ਨੂੰ ਲੱਗਦਾ ਏ ਕਿ ਤੂੰ ਬੇਵਫਾ, ਧੋਖੇਬਾਜ਼ ਏਂ,
ਇਸ ਕਾਲੇ ਸ਼ੱਕ ਨੂੰ ਧੋਣ ਦੀ ਕੋਸ਼ਿਸ਼ ਕਰਾਂਗਾ।

ਪ੍ਰੇਮ ਦੇ ਰੁੱਖ ਦੀ ਪਲੇਠੀ ਟਾਹਣੀ ਤੇ ਬੈਠਾ ਹਾਂ,
ਇਸ਼ਕ ਦੀਆਂ ਟੀਸੀਆਂ ਛ੍ਹੋਣ ਦੀ ਕੋਸ਼ਿਸ਼ ਕਰਾਂਗਾ।

ਸਿੱਧੂ' ਤੇਰੀ ਇਸ ਪਾਕ ਤੇ ਠੋਸ ਮੁਹੱਬਤ ਨੂੰ,
ਗਜ਼ਲ ਦੇ ਸੇਅਰਾਂ 'ਚ ਪਰੋਣ ਦੀ ਕੋਸ਼ਿਸ਼ ਕਰਾਂਗਾ।

75. ਨੀਂ ਕੁੜੀਏ

ਨੀਂ ਕੁੜੀਏ!
ਤੂੰ ਵੀ ਜੇ ਚਾਹੁੰਨੀ ਏ,
ਕਿ ਤੇਰਾ ਵੀ ਰੁਤਬਾ ਮੁੰਡਿਆਂ ਬਰਾਬਰ ਹੋਵੇ,
ਤਾਂ ਤੈਨੂੰ ਕੁਝ ਕੁ ਬਦਲਣਾ ਪਊ।

ਪਹਿਲਾਂ ਤਾਂ ਆਪਣੀ ਦਿੱਖ ਬਦਲ,
ਆਹ ਪਾਊਡਰ, ਲਿਪ-ਸਟਿਕ, ਮੇਅ-ਕੱਪ,
ਉੱਚੀਆਂ ਹੀਲਾਂ ਦੇ ਸੈਂਡਲ,
ਮਤਲਬ ਫੋਕੀ-ਸੁੰਦਰਤਾ ਦੇ ਨਕਾਬ ਪਹਿਨਣੋਂ ਹੱਟ।

ਕਰੀਨਾ, ਕੈਟਰੀਨਾ ਜਿਹੇ ਆਦਰਸ਼ ਬਦਲ,
ਇਹ ਹੀਰੋਇਨਾਂ, ਦੌਲਤ-ਸੌਹਰਤ ਪਾਉਣ ਲਈ,
ਜਿਸਮ ਦੀ ਨੁਮਾਇਸ਼ ਕਰਦੀਆਂ,
ਤੇ ਔਰਤ ਨੂੰ,
ਸਿਰਫ਼ 'ਕਾਮ-ਵਸਤੂ' ਦਾ ਰੁਤਬਾ ਦਿਵਾਉਂਦੀਆਂ ਨੇ।

ਤੂੰ 'ਕਿਰਨ ਬੇਦੀ, ਕਲਪਨਾ' ਜਿਹੇ,
'ਮਾਈ ਭਾਗੋ' ਜਾਂ 'ਲਕਸ਼ਮੀ ਬਾਈ' ਜਿਹੇ,
ਮਹਾਨ ਆਦਰਸ਼ ਬਣਾ,
ਇਹ ਹਸਤੀਆਂ ਸਨ,
ਜੋ ਮਰਦ ਬਰਾਬਰ ਰੁਤਬਾ ਰੱਖਦੀਆਂ ਸਨ।

ਗੁਰੂ ਗੋਬਿੰਦ ਸਿੰਘ ਨੇ ਵੀ,
ਤੇਰੀ ਦਿੱਖ ਨੂੰ ਬਦਲਿਆ ਸੀ
ਪਰ ਤੂੰ ਫਿਰ,
ਫੋਕੀ ਸੁੰਦਰਤਾ ਦੇ ਸਾਧਨਾਂ ਚ ਮਸਤ ਰਹੀ।

ਭੋਲੀਏ!
ਤੈਨੂੰ ਕੀ ਦੱਸੀਏ,
ਝਾਂਜਰਾਂ, ਝਾਜਰਾਂ ਨਹੀਂ,
ਤੇਰੇ ਪੈਰਾਂ ਨੂੰ ਲੱਗੀਆਂ ਬੇੜੀਆਂ ਨੇ,
ਚੂੜੀਆਂ, ਚੂੜੀਆਂ ਨਹੀਂ,
ਹੱਥਾਂ ਨੂੰ ਲੱਗੀਆਂ ਹੱਥਕੜੀਆਂ ਨੇ,
ਤੇਰੇ ਗਲ ਦਾ ਮੰਗਲ-ਸੂਤਰ,
ਕੁੱਤੇ ਵਾਲਾ ਪਟਾ ਏ,
ਇਹ ਸਭ ਗੁਲਾਮੀ ਦੀਆਂ ਜ਼ੰਜੀਰਾਂ ਨੇ,
ਆਜਾਦ ਕਰਵਾ ਆਪਣੇ ਜਿਸਮ ਨੂੰ ਜ਼ੰਜੀਰਾਂ ਤੋਂ।

ਹਾਂ ਸੱਚ,
ਇੱਕ ਗੱਲ ਹੋਰ,
ਤੂੰ ਆਪਣੇ ਹੈਂਡਬੈਗ ਚ,
ਲਿਪਸਟਿਕ, ਸ਼ੀਸ਼ਾ, ਕਰੀਮਾਂ ਦੀ ਥਾਂ ਤੇ,
ਇੱਕ ਲਿਸ਼ਕਦਾ ਖੰਜ਼ਰ ਰੱਖਿਆ ਕਰ,
ਜਦ ਪਾਣੀ ਸਿਰ ਤੋਂ ਲੰਘਦਾ ਦਿਸੇ,
ਤਾਂ ਖੰਜ਼ਰ ਦੀ ਵਰਤੋਂ ਕਰ।

ਮੇਰੀ ਤਾਂ ਇਹੋ ਸਲਾਹ ਏ,
ਬਾਕੀ ਤੇਰੀ ਮਰਜ਼ੀ,
ਜਾਂ ਜਿਵੇਂ ਤੂੰ ਠੀਕ ਸਮਝੇਂ... !

76. ਸਭ ਕੁਝ ਸਾਡਾ

ਸਾਡੇ ਹੀ ਲੀਡਰ, ਸਾਡੀਆਂ ਹੀ ਵੋਟਾਂ,
ਸਾਡੀ ਹੀ ਭ੍ਰਿਸਟਾਚਾਰੀ।

ਸਾਡੀ ਹੀ ਸਾਇੰਸ, ਸਾਡੀ ਹੀ ਤਰੱਕੀ,
ਸਾਡੀ ਹੀ ਵਿਨਾਸ਼ਕਾਰੀ।

ਸਾਡੇ ਹੀ ਗਾਇਕ, ਸਾਡੀ ਹੀ ਅਣਖ,
ਸਾਡੀ ਹੀ ਗੀਤਕਾਰੀ।

ਸਾਡੇ ਹੀ ਧਰਮ, ਸਾਡੇ ਹੀ ਗੁਰੂ-ਪੀਰ,
ਸਾਡੀ ਹੀ ਅੱਤਿਆਚਾਰੀ।

77. ਕਿਤਾਬ

ਦਿਲ ਕਰੇ ਮੈਂ ਵੀ ਕਿਤਾਬ ਬਣ ਜਾਵਾਂ,
ਕਵਿਤਾਵਾਂ ਨਾਲ ਭਰੀ ਬੇਹਿਸਾਬ ਬਣ ਜਾਵਾਂ।

ਪੁਸਤਕ-ਪ੍ਰੇਮੀ ਪੜ੍ਹਦੇ ਹੀ ਰਹਿਣ ਮੈਨੂੰ,
ਉਹਨਾਂ ਦੇ ਦਿਲਾਂ ਦਾ ਸਵਾਦ ਬਣ ਜਾਵਾਂ।

ਗੂੜ੍ਹਾ ਨਸ਼ਾ ਹੋਵੇ ਮੇਰੇ ਇੱਕ-ਇੱਕ ਬੋਲ ਚ,
ਕਦੇ ਵੀ ਨਾ ਲਹਿਣ ਵਾਲੀ ਸਰਾਬ ਬਣ ਜਾਵਾਂ।

ਚੁੰਮਦੇ ਹੀ ਰਹਿਣ ਲੋਕ ਮੇਰੀ ਜਿਲਦ ਨੂੰ,
ਐਨੀ ਸੋਹਣੀ ਹੋਵਾਂ ਕਿ ਪੰਜਾਬ ਬਣ ਜਾਵਾਂ।

ਗਿਆਨ ਦੀਆਂ ਮਹਿਕਾਂ ਵੰਡਣ ਮੇਰੇ ਵਰਕੇ,
ਸਿੱਧੂ' ਫੁੱਲਾਂ ਵਿੱਚੋਂ ਫੁੱਲ ਗੁਲਾਬ ਬਣ ਜਾਵਾਂ।

78. ਨਸੀਹਤ

ਜੇ ਜਿੰਦਗੀ ਵਿੱਚ ਸੱਚੀ ਮੁਸਕਰਾਹਟ ਚਾਹੁੰਦੇ ਹੋ,
ਤਾਂ ਦੋਸਤੋ ਐਵੇਂ ਬੇਵਜ੍ਹਾ ਮੁਸਕਰਾਣਾ ਛੱਡ ਦਿਉ।

ਜਾਂ ਮਿਹਨਤ ਕਰੋ ਤੇ ਜਾਂ ਫਿਰ ਖੁਦਕੁਸ਼ੀ ਕਰੋ,
ਪਰ ਦਰ-ਦਰ ਆਪਣਾ ਹੱਥ ਫੈਲਾਣਾ ਛੱਡ ਦਿਉ।

ਕਿਸੇ ਦੇ ਆਸਰੇ ਕਦੋਂ ਤੱਕ ਜਿਉਂਦੇ ਰਹੋਗੇ?
ਕੰਮਚੋਰੋ ਹੁਣ ਤਾਂ ਮੁਫਤ ਦਾ ਖਾਣਾ ਛੱਡ ਦਿਉ।

ਪੱਥਰਾਂ ਨਾਲ ਟਕਰਾਉਣ ਦੀ ਆਦਤ ਪਾ ਲਵੋ,
ਐਵੇਂ ਬੇਵਜ੍ਹਾ ਫੁੱਲਾਂ ਨਾਲ ਟਕਰਾਣਾ ਛੱਡ ਦਿਉ।

ਜੇ ਰੱਬ ਨੂੰ ਆਪਣੇ ਘਰ ਵਿੱਚ ਹੀ ਪਾਉਣਾ ਏ,
ਤਾਂ ਡਰਪੋਕੋ ਐਵੇਂ ਦਰ-ਦਰ ਜਾਣਾ ਛੱਡ ਦਿਉ।

ਨਿੱਤ ਨਵੇਂ ਸੰਘਰਸ਼ ਦਾ ਨਾਮ ਹੀ ਜਿੰਦਗੀ ਹੈ,
ਸਿੱਧੂ' ਹੁਣ ਚੁਣੌਤੀਆਂ ਤੋਂ ਘਬਰਾਣਾ ਛੱਡ ਦਿਉ।

79. ਰਾਮ-ਅੱਲ੍ਹਾ

ਕੋਈ ਉਹਨੂੰ ਰਾਮ ਕਹਿੰਦਾ ਏ, ਕੋਈ ਅੱਲ੍ਹਾ ਕਹਿੰਦਾ ਏ,
ਸਭ ਉਹਦੇ ਨਾਮ ਤੇ ਲੜ-ਲੜ ਮਰਦੇ ਨੇ ਦੁਨੀਆਂ ਵਾਲੇ।

ਐਸਾ ਉਹ ਕਿਹੜਾ ਖੂਨੀ ਦਰਿੰਦਾ ਹੈ, ਦੱਸੋ ਤਾਂ ਸਹੀ ?
ਜਿਸ ਤੋਂ ਕਿ ਐਨਾ ਜਿਆਦਾ ਡਰਦੇ ਨੇ ਦੁਨੀਆਂ ਵਾਲੇ।

ਕੋਈ ਮਸੀਤਾਂ ਵਿੱਚ, ਕੋਈ ਮੰਦਰਾਂ ਵਿੱਚ ਪੂਜਦਾ ਏ,
ਸਭ ਉਹਨੂੰ ਝੁਕ ਕੇ ਸਲਾਮ ਕਰਦੇ ਨੇ ਦੁਨੀਆਂ ਵਾਲੇ।

ਐਸੀ ਕਿਹੜੀ ਖੂਬੀ ਹੈ, ਉਸ ਸਰਵ-ਸਕਤੀਮਾਨ ਵਿੱਚ?
ਕਿ ਗੱਲ-ਗੱਲ ਤੇ ਉਹਦਾ ਪਾਣੀ ਭਰਦੇ ਨੇ ਦੁਨੀਆਂ ਵਾਲੇ।

ਸਿੱਧੂ' ਸਭ ਜਾਣਦੇ ਨੇ ਕਿ ਸਾਡਾ ਸਭ ਦਾ ਮੂਲ ਇੱਕ ਹੀ ਹੈ,
ਫਿਰ ਕਿਉਂ ਇੱਕ-ਦੂਜੇ ਨੂੰ ਨਫਰਤ ਕਰਦੇ ਨੇ ਦੁਨੀਆਂ ਵਾਲੇ।

80. ਨਾ ਕੋਈ ਬਦਲ ਸਕਿਆ

ਨਾ ਕੋਈ ਬਦਲ ਸਕਿਆ, ਤੇ ਨਾ ਹੀ ਕੋਈ ਬਦਲ ਸਕੇਗਾ,
ਆਪਣੀ ਚਾਲ ਆਪੇ ਹੀ ਚਲਦੀ ਰਹੀ ਏ ਦੁਨੀਆਂਦਾਰੀ।

ਅਜੇ ਹੁਣ ਤਾਂ ਗੰਢੀ ਸੀ, ਤੇ ਐਨੀ ਜਲਦੀ ਟੁੱਟ ਵੀ ਗਈ,
ਰੂੰਅ ਦੇ ਕੱਚੇ ਧਾਗਿਆਂ ਵਰਗੀ ਏ, ਅੱਜਕਲ ਦੀ ਯਾਰੀ।

ਨਰਮ-ਦਿਲ ਜਿਸਮਫਰੋਸ਼ ਨੂੰ ਆਬਰੂ ਲੁਟਾ ਦਿੰਦੀਆਂ,
ਕਿੰਨੀ ਮੂਰਖ ਤੇ ਬੇਸਮਝ ਹੈ, ਅੱਲ੍ਹੜਾਂ ਦੀ ਇਸਕ-ਖੁਮਾਰੀ।

ਜੋ ਗੱਲ ਕਰੇ ਨਸ਼ਿਆਂ, ਹਥਿਆਰਾਂ, ਤੇ ਔਰਤ-ਜਿਸਮਾਂ ਦੀ,
ਟੀ. ਵੀ. ਮੋਬਾਈਲਾਂ ਤੇ ਰਾਜ ਕਰ ਰਹੀ ਏ ਲੰਡੂ ਗੀਤਕਾਰੀ।

ਨਾ ਮਾਂ ਮਾਰ ਨਾ ਮੈਨੂੰ, ਵੇਖ ਲੈਣ ਦੇ ਸੁੰਦਰ ਦੁਨੀਆਂ ਨੂੰ,
ਅੱਜ ਪੇਟ ਵਿੱਚ ਰੋ-ਰੋ ਕੇ ਕੂਕ ਰਹੀ ਏ, ਕੁੜੀ ਵਿਚਾਰੀ।

ਇਨਸਾਨ ਕਦੇ ਚ੍ਹਾਕੇ ਵੀ, ਪੂਰਨ ਵਫਾ ਨਹੀਂ ਕਰ ਸਕਦਾ,
ਸਦਾ ਹੀ ਮਸਹੂਰ ਰਹੂਗੀ, ਕੁੱਤਿਆਂ ਦੀ ਵਫ਼ਾਦਾਰੀ।

ਕੋਈ ਨਾ ਅੱਜ ਦਿਲ ਭਰਕੇ ਲੁੱਟ ਲੈ ਇਸ਼ਕ-ਖਜਾਨੇ ਨੂੰ,
ਸਿੱਧੂ' ਕਦੇ ਤਾਂ ਚੁਕਾਉਣੀ ਪਊ ਤੈਨੂੰ ਕੀਮਤ ਬੜੀ ਭਾਰੀ।

81. ਜੇ ਦਿਲ ਵਿੱਚ

ਜੇ ਦਿਲ ਵਿੱਚ ਮੁਹੱਬਤ ਸੀ, ਤਾਂ ਹੀ ਤਾਂ ਨੈਣੋ ਸਿੰਮਿਆ ਸੀ,
ਸਿੱਧੂ' ਕਦਰ ਨਾ ਕੀਤੀ ਕੀਮਤੀ ਹੰਝੂ ਮਿੱਟੀ ਵਿੱਚ ਰੁਲ਼ ਗਿਆ।

ਹੁਣ ਪਛਤਾਉਂਦਾ ਹੋਵੇਗਾ ਦਿਲ ਪੱਥਰ ਚ ਭਰੀ ਕਾਲਖ ਵੇਖ ਕੇ,
ਉਦੋਂ ਉਹ ਐਵੇਂ 'ਹੁਸਨ ਦਾ ਮਹਿਲ' ਵੇਖ ਕੇ ਡੁੱਲ ਗਿਆ।

ਉੱਧਰ ਡਾਲਰਾਂ ਦੀ ਮਹਿਕ ਹੋਊ, ਸੁਫਨੇ ਸੱਚ ਹੁੰਦੇ ਹੋਣਗੇ,
ਸਾਇਦ ਤਾਂ ਹੀ ਉਹ ਪ੍ਰਦੇਸੀ, 'ਭਾਰਤ ਮਹਾਨ' ਨੂੰ ਭੁੱਲ ਗਿਆ।

ਕੀ ਬੱਚੇ, ਕੀ ਮੁੰਡੇ-ਕੁੜੀਆਂ, ਸਭ ਜਣੇ ਲਪੇਟ ਵਿੱਚ ਲੈ ਲਏ,
ਆਹ ਫੈਸਨ ਦਾ ਹੜ ਵੇਖੋ, ਕਿਸ ਕਦਰ ਝੁੱਲ ਗਿਆ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਿੱਧੂ ਧੰਦੀਵਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ