Punjabi Kavita
Zafar Iqbal
 Punjabi Kavita
Punjabi Kavita
  

ਪੰਜਾਬੀ ਕਵਿਤਾ ਜ਼ਫ਼ਰ ਇਕਬਾਲ

ਗ਼ਜ਼ਲਾਂ

੧. ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ

ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ ।
ਅੱਖਾਂ ਦੇ ਅੰਗਿਆਰੇ ਲੈ ਕੇ, ਫੇਰ ਨਾ ਆਇਆ ਉਹ ।

ਨਜ਼ਰਾਂ ਦੇ ਬੱਦਲਾਂ ਦੇ ਪਿੱਛੇ, ਲੁਕਿਆ ਲਹੂ ਦਾ ਚੰਨ,
ਸਾਂਵਲੀਆਂ ਰਾਤਾਂ ਨੂੰ ਰਹੀ ਸੂਹੇ ਚਾਨਣ ਦੀ ਟੋਹ ।

ਮੇਰੇ ਬਾਝੋਂ ਕੌਣ ਉਲਾਂਘੇ, ਮੇਰਾ ਪੰਧ ਪਹਾੜ,
ਅੰਦਰੇ ਅੰਦਰ ਖਿੱਲਰੇ ਹੋਏ, ਲੱਖਾਂ ਲੰਮੇਂ ਕੋਹ ।

ਕਿੱਸਰਾਂ ਮੈਂ ਅਸਮਾਨੀਂ ਉੱਡਦਾ ਜਦ ਕਿ ਸਿਰ ਦੇ ਉੱਤੇ,
ਤੰਬੂ ਵਾਂਗੂੰ ਤਣਿਆ ਹੋਇਆ, ਸੀ ਮਿੱਟੀ ਦਾ ਮੋਹ ।

'ਜ਼ਫ਼ਰਾ' ਬਹੁਤ ਪੁਰਾਣੇ ਹੋ ਗਏ ਦਿਲ-ਦਿਲਬਰ ਦੇ ਕਿੱਸੇ,
ਅੱਜ ਹਵਾਵਾਂ ਤੇ ਰਾਹਵਾਂ ਦੀ, ਨਵੀਂ ਕਹਾਣੀ ਛੋਹ ।

੨. ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ

ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ ।
ਵੇਖਾਂ ਚੜ੍ਹਦੇ ਚੰਨ ਨੂੰ, ਸ਼ਹਿਰੋਂ ਬਾਹਰ ਖਲੋ ਕੇ ।

ਅੰਦਰ ਬਾਹਰ ਸ਼ੂਕਦੀ, ਗੁੱਝੀ ਭੀੜ ਇਕੱਲ ਦੀ,
ਲੱਭਾਂ ਅਪਣੇ ਆਪ ਨੂੰ, ਅੰਨ੍ਹਾ-ਕਮਲਾ ਹੋ ਕੇ ।

ਚਾਰੇ ਪਾਸੇ ਰਹਿ ਗਿਆ, ਮੈਲਾ ਪਾਣੀ ਹੜ੍ਹ ਦਾ,
ਹੱਸਾਂ ਕਿਸ ਦੇ ਸਾਹਵੇਂ, ਦੱਸਾਂ ਕਿਸ ਨੂੰ ਰੋ ਕੇ ।

ਸ਼ੋਰ ਪੁਰਾਣਾ ਸ਼ਹਿਰ ਦਾ, ਪੁੱਜਿਆ ਜੰਗਲ ਵਿੱਚ ਵੀ,
ਵਾਪਰ ਗਏ ਗੁਨਾਹ ਦਾ, ਭਾਰ ਸਿਰਾਂ 'ਤੇ ਢੋ ਕੇ ।

ਟੱਕਰਾਂ ਮਾਰਨ ਖ਼ਾਤਰ 'ਜ਼ਾਫ਼ਰ' ਨੇ ਕੰਧ ਉਸਾਰੀ,
ਸਾਵੇ-ਪੀਲੇ ਲਹੂ ਵਿੱਚ, ਕਾਲੀ-ਮਿੱਟੀ ਗੋ ਕੇ ।

੩. ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ

ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ ?
ਧੁਖਦੀਆਂ ਧੁੱਪਾਂ ਦੇ ਕੇ ਲਈਆਂ, ਸੜੀਆਂ-ਬਲੀਆਂ ਛਾਵਾਂ ।

ਮੈਥੋਂ ਦੂਰ ਦੁਰੇਡਾ ਚੰਗਾ ਤੇਰਾ ਮੁੱਖ-ਮੁਨੱਵਰ,
ਮੈਥੋਂ ਡਰ, ਮੈਂ ਗਏ-ਗਵਾਚੇ ਸਮਿਆਂ ਦਾ ਪਰਛਾਵਾਂ ।

ਕਿਸ ਨੇ ਆਣ ਭੜੋਲੇ ਭੰਨੇ ? ਕਿਸ ਨੇ ਝੁੱਗੇ ਰੋੜ੍ਹੇ ?
ਕੁਝ ਲੁਟਿਆ ਮੈਂ ਮੀਂਹ ਦੀ ਵਾਛੜ, ਕੁਝ ਪੁੱਟਿਆ ਦਰਿਆਵਾਂ ।

ਕਦੀ ਤੇ ਸਿਰ ਦੀਆਂ ਸੱਟਾਂ ਵੀ ਮੈਂ ਸਹਿ ਜਾਂਦਾ ਹਾਂ ਹੱਸ ਕੇ,
ਕੰਡਾ ਲੱਗਣ ਤੇ ਵੀ ਕੂੰਜਾਂ ਵਾਂਗ ਕਦੇ ਕੁਰਲਾਵਾਂ ।

ਦਿਲ ਤੋਂ ਜੋ ਤਕਸੀਰ ਵੀ ਹੋਈ, ਛੱਡੋ ਮਿੱਟੀ ਪਾਉ,
ਆਖ਼ਰ ਗਲ ਨੂੰ ਆਉਂਦੀਆਂ ਯਾਰੋ ਭੱਜੀਆਂ ਹੋਈਆਂ ਬਾਹਵਾਂ ।

੪. ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ

ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ ।
ਖੁੱਲ੍ਹੇ ਵਿਹੜੇ ਦੇ ਵਿੱਚ ਅਪਣੇ ਅੱਗੇ-ਅੱਗੇ ਨੱਸਾਂਗਾ ।

ਦੁਖ ਵੀ ਮੇਰੇ, ਸੁਖ ਵੀ ਮੇਰੇ, ਫਿਰ ਵੀ ਸ਼ਹਿਰ ਸ਼ਰੀਕਾਂ ਦਾ,
ਹੌਲੀ ਹੌਲੀ ਰੋਵਾਂਗਾ ਮੈਂ, ਉੱਚੀ-ਉੱਚੀ ਹੱਸਾਂਗਾ ।

ਬਿਜਲੀ ਬਣਕੇ ਕੜਕਾਂਗਾ, ਮੈਂ ਅੰਨ੍ਹੇ-ਬੋਲੇ ਜੰਗਲ ਵਿੱਚ,
ਰੇਤ ਦਿਆਂ ਮਹਿਲਾਂ 'ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ ।

ਮੈਂ ਵਹਿਮਾਂ ਦਾ ਸ਼ਹਿਰ ਹਾਂ, ਮੇਰੇ ਰੂਪ ਨਿਆਰੇ ਦੇਖੋਗੇ,
ਵਸ ਵਸ ਕੇ ਮੈਂ ਉਜੜਾਂਗਾ ਤੇ, ਉਜੜ ਉਜੜ ਕੇ ਵੱਸਾਂਗਾ ।

ਕੌਣ ਹਾਂ ਮੈਂ, ਕਿੱਥੋਂ ਆਇਆ ਹਾਂ ? ਕਿਹੜੀ ਗੱਲ ਸੁਣਾਵਣ ਨੂੰ ?
ਅੱਜ ਮੈਨੂੰ ਵੀ ਪਤਾ ਨਹੀਂ ਮੈਂ ਕੱਲ੍ਹ ਤੁਹਾਨੂੰ ਦੱਸਾਂਗਾ ।

੫. ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ

ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ ।
ਯਾ ਤੇ ਸੜ ਜਾਵਾਂਗਾ ਮੈਂ, ਯਾ ਰੁੜ੍ਹ ਜਾਵਾਂਗਾ ਅਜੇ ।

ਚਾਰ-ਚੁਫੇਰੇ ਰਸਤਾ ਮੱਲ ਖਲੋਵੇ ਕੰਧ ਹਵਾ ਦੀ,
ਜਿਹੜੇ ਪਾਸੇ ਜਾਵਾਂ, ਚਹੁੰ ਕਦਮਾਂ 'ਤੇ ਮੱਥਾ ਵੱਜੇ ।

ਉਸ ਦੇ ਹੋਵਣ ਦਾ ਡਰ ਸੀ, ਯਾ ਅਪਣੇ ਨਾ ਹੋਵਣ ਦਾ,
ਕੌਣ ਸੀ ਅੱਧੀ-ਰਾਤੀਂ ਜਿਸ ਦੇ, ਅੱਗੇ ਲੱਗ ਕੇ ਭੱਜੇ ?

ਮੱਖੀਆਂ ਬਣ ਕੇ ਉੱਡ ਗਈ, ਖ਼ਲਕਤ ਸ਼ਹਿਰਾਂ ਤੋਂ ਬਾਹਰ,
ਵਸਦੇ ਘਰਾਂ ਬਰੂਹਾਂ ਨੂੰ ਜਾਦੂ ਦੇ ਜੰਦਰੇ ਵੱਜੇ ।

ਤੇਰੇ ਅੰਦਰ ਤੂੰ ਵੀ ਨਹੀਂ ਸੈਂ, ਖ਼ਾਲੀ ਸੀ ਪਰਛਾਵਾਂ,
ਓਸ ਸ਼ਾਮ ਨੂੰ ਮੈਂ ਈ ਮੈਂ ਸਾਂ ਅਪਣੇ ਖੱਬੇ-ਸੱਜੇ ।

੬. ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ

ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ ।
ਕੁੱਤੇ ਆਟਾ ਚੱਟਦੇ, ਵਗਦਾ ਪਿਆ ਖ਼ਰਾਸ ।

ਬਦਲ ਬਣਕੇ ਛਾ ਗਈ, ਨਾਂ ਹੋਵਣ ਦੀ ਧੂੜ,
ਹੌਲੀ ਹੌਲੀ ਖੁਰ ਗਿਆ, ਹੋਵਣ ਦਾ ਵਿਸਵਾਸ ।

ਬਦਲ ਅਜੇ ਨਾ ਵੱਸਿਆ, ਕੱਚੇ-ਕੋਰੇ ਪਿੰਡ 'ਤੇ,
ਅੰਦਰ ਬਾਹਰ ਹੁੱਲ ਗਈ, ਕਿਉਂ ਮਿੱਟੀ ਦੀ ਬਾਸ ।

ਰੁਕਦਾ ਰੁਕਦਾ ਰੁਕੇਗਾ, ਇਸ ਪਾਣੀ ਦਾ ਜ਼ੋਰ,
ਬੁਝਦੀ ਬੁਝਦੀ ਬੁਝੇਗੀ, ਇਸ ਪੱਥਰ ਦੀ ਪਿਆਸ ।

ਹੱਥਾਂ ਤੀਕਰ ਆ ਗਈ, 'ਜ਼ਫ਼ਰਾ' ਸਖ਼ਤੀ ਦਿਲੇ ਦੀ,
ਫੜਦਿਆਂ ਫੜਦਿਆਂ ਹੋ ਗਿਆ, ਚਕਨਾ ਚੂਰ ਗਲਾਸ ।

੭. ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ

ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ ।
ਢੇਰੀ ਢਾਹ ਕੇ ਬਹਿ ਗਏ, ਆਇਆ ਜਦੋਂ ਮਦਾਨ ।

ਕੱਸੀ ਹੋਈ ਕਮਾਨ ਸੀ, ਸਿੱਧੀ ਮੇਰੀ ਸਾਮ੍ਹਣੇ,
ਖੁੱਸੇ ਹੋਏ ਖੰਭ ਸਨ, ਉੱਚਾ ਸੀ ਅਸਮਾਨ ।

ਬੀਆਬਾਂ ਵਲ ਟੁਰ ਪਈ, ਦੂਰੋਂ ਖ਼ਲਕਤ ਦੇਖਕੇ,
ਲਹੂ-ਲੁਹਾਨ ਕਮੀਜ਼ ਦਾ, ਨਿੱਮ੍ਹਾਂ ਜਿਹਾ ਨਿਸ਼ਾਨ ।

ਅੱਖਾਂ ਅੰਦਰ ਵੇਖ ਲਈ, ਮੂਰਤ ਚੜ੍ਹਦੀ ਰੁੱਤ ਦੀ,
ਨੰਗੀ ਅਲਫ਼ ਖਲ੍ਹਾਰ ਕੇ, ਸ਼ੀਸ਼ੇ ਵਰਗੀ ਜਾਨ ।

ਅੰਦਰ ਚੋਰੀ ਆ ਗਿਆ, 'ਜ਼ਫ਼ਰ' ਸੁਨੇਹੁੜਾ ਸੁੱਖ ਦਾ,
ਕਿਧਰੇ ਸੁੱਤਾ ਰਹਿ ਗਿਆ, ਦੁੱਖਾਂ ਦਾ ਦਰਬਾਨ ।

੮. ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ

ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ ।
ਅੰਦਰ ਚਾਨਣ ਹਾਰ ਸੀ, ਸ਼ੁਅਲਾ ਕਿਸੇ ਸ਼ਰਾਬ ਦਾ ।

ਹਰਿਆ ਹੱਥਾਂ ਵਿਚ ਸੀ, ਰੌਣਕ ਸੰਘਣੇ ਸਮੇਂ ਦੀ,
ਮੱਥੇ ਉੱਤੇ ਰੰਗ ਸੀ, ਸ਼ੁਹ ਸ਼ੀਸ਼ੇ ਦੀ ਆਬ ਦਾ ।

ਲਿੱਬੜੇ ਹੋਏ ਲਫ਼ਜ਼ ਸਨ, ਘਾਹ ਦੇ ਅੰਦਰ ਘੂਕਦੇ,
'ਵਾ ਵਿਚ ਉਡਿਆ ਪਿਆ ਸੀ, ਵਰਕਾ ਕਿਸੇ ਕਿਤਾਬ ਦਾ ।

ਖ਼ਾਕੀ ਚਾਦਰ ਖ਼ੁਸ਼ੀ ਦੀ, ਜਿਸਦੇ ਅੰਦਰ ਰਾਤ ਦਿਨ,
ਨਿਘਰਨ ਨਕਸ਼ ਨਵੇਕਲੇ, ਉਘੜੇ ਅਕਸ ਅਜ਼ਾਬ ਦਾ ।

ਟੋਏ ਟਿੱਬੇ ਵਹਿਮ ਦੇ, ਉਸਰਨ ਅੰਨ੍ਹੀ ਅੱਖ ਵਿੱਚ,
ਮਿੱਟੀ ਕਿਸੇ ਗਵੇੜ ਦੀ, ਰੇਤਾ ਕਿਸੇ ਹਿਸਾਬ ਦਾ ।

ਦੋ ਰੁੱਤਾਂ ਦਾ ਰੂਪ ਸੀ, ਉਹਦੇ ਮੁੱਖ ਮੁਨੀਰ 'ਤੇ,
ਪੀਲਾ ਪੱਤਰਾ ਸੀ 'ਜ਼ਫ਼ਰ', ਨਾਲੇ ਸ਼ਹਿਰ ਗੁਲਾਬ ਦਾ ।

੯. ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ

ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ ।
ਕੀ ਬਣਸੀ ਫਿਰ ਜਿਸਮ ਦਾ ਜਦ ਸਾਹ ਸਾਹਾਂ ਵਿਚ ਖੁੱਭੇ ਨੀ ।

ਕੇਹੀ ਬਰੂਟੀ ਫੁੱਲੀ ਆ, ਹਰੀ ਹਨੇਰੀ ਝੁੱਲੀ ਆ,
ਨੰਗ ਨਜ਼ਰ ਨੂੰ ਚੁੱਭੇ ਨੀ, ਰੰਗ ਤਲੀ ਵਿਚ ਖੁੱਭੇ ਨੇ ।

ਕੁੱਜੀ ਦੇ ਵਿਚ ਭੰਨੀਏਂ, ਰੱਫ਼ੜ ਵਾਲੇ ਗੁੜ ਨੂੰ,
ਰੌਲਾ ਪਿਆ ਤੇ ਪਹੁੰਚੀਆਂ, ਖ਼ਬਰਾਂ ਲੰਮੇ ਉੱਭੇ ਨੀ ।

ਪਿਛਲੇ ਅੰਦਰ ਚੋਰ ਪਏ ਤੇ ਲੈ ਗਏ ਹੂੰਝਾ ਫੇਰਕੇ,
ਅਪਣਾ ਖੁਰਾ ਈ ਨੱਪੀਏ, ਜੇ ਕੁਝ ਲੱਭੇ ਲੁੱਭੇ ਨੀ ।

ਅੰਦਰੋਂ ਬ੍ਹਾਰੋਂ ਕਿਸੇ ਨੂੰ, ਮਿਲੀ ਨਾ ਹਾਥ ਹਵਾ ਦੀ,
ਖੂਹ ਸ੍ਹਾਵਾਂ ਦੇ ਟੁੱਬੇ ਨੀ, ਖਾਡੇ ਦੇ ਵਿਚ ਡੁੱਬੇ ਨੀ ।

ਕਦੀ ਜੇ ਹੁਣ ਦੀਆਂ ਛੁੱਟੀਆਂ, 'ਜ਼ਫ਼ਰੇ' ਕੋਲ ਗੁਜ਼ਾਰ ਲਏਂ,
ਸੌਣ-ਬਹਿਣ ਦਾ ਤਮਾਂ ਨਈਂ ਨਾਲ ਰਹਿਣ ਈ ਹੁੱਬ ਏ ਨੀ ।

੧੦. ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ

ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ ।
ਅੰਦਰੋ ਅੰਦਰ ਚੀਕਾਂ ਮਾਰੇ, ਸਾਵੀ ਪੀਲੀ ਲੋ ।

ਕੰਧਾਂ ਦੀਆਂ ਝੀਥਾਂ 'ਚੋਂ ਲੰਘਣ, ਟੁੱਟੇ ਭੱਜੇ ਰੂਹ,
ਫ਼ਰਸ਼ ਦੀਆਂ ਇੱਟਾਂ 'ਚੋਂ ਉਘੜੇ, ਜੀਂਦੇ ਲਹੂ ਦੀ ਬੋ ।

ਵੱਢੇ ਗਏ ਸਭ ਹਰੀਆਂ-ਭਰੀਆਂ ਛਾਵਾਂ ਵਾਲੇ ਰੁੱਖ,
ਧੁੱਪ ਦਿਆਂ ਪੱਥਰਾਂ ਤੇ ਬਹਿਕੇ, ਰਜ ਰਜਕੇ ਤੇ ਰੋ ।

ਕੀ ਹੋਇਆ ਜੇ ਕਰ ਬੈਠੇ ਹਾਂ, ਖੇਹ-ਸੁਆਹ ਦਾ ਧੰਦਾ,
ਮੈਂ ਤੇਰੀ ਕਾਲਖ਼ ਲਾਹਨਾਂ, ਤੂੰ ਮੇਰੇ ਕਪੜੇ ਧੋ ।

ਲੋਕਾਂ ਦੇ ਆਖੇ ਲਗ ਕੇ ਤੇ, ਮੈਨੂੰ ਬੋਲ ਨਾ ਮੰਦਾ,
ਅਜੇ ਵੀ ਮੇਰੀ ਲੋੜ ਏ ਤੈਨੂੰ, ਮੇਰੇ ਨਾਲ ਖਲੋ ।

੧੧. ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ

ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ ।
ਸਾਡਾ ਕੀ ਏ, ਅਸੀਂ ਮਰਨ ਨੂੰ ਲਭਦੇ ਫਿਰਦੇ ਥਾਂ ।

ਕਿਹੜੀਆਂ ਗਲੀਆਂ ਵਿਚ ਗਵਾਚੀ, ਸੂਹੀ ਸੁਰਖ਼ ਸਬੀਲ,
ਕਿਹੜੀਆਂ ਰੇਤਾਂ ਉੱਤੇ ਰੁਲਦੀ, ਸਾਵੀ ਸੰਘਣੀ ਛਾਂ ।

ਬਾਰ੍ਹਾਂ ਪੱਥਰਾਂ ਬ੍ਹਾਰ ਦਿਲਾਂ ਦੀ, ਲੱਗੀ ਹੋਈ ਲਾਮ,
ਬੱਦਲ ਵਾਂਗੂੰ ਸਿਰ ਤੋਂ ਲੰਘਣ, ਖ਼ਬਰਾਂ ਦੂਰ ਦੀਆਂ ।

ਪੰਜਾਂ ਲਫ਼ਜ਼ਾਂ ਨਾਲੋਂ ਲਾਹਿਆ, ਪਹਿਲਾ ਪਹਿਲਾ ਹਰਫ਼,
ਤੇ ਉਹਨਾਂ ਪੰਜਾਂ ਹਰਫ਼ਾਂ ਦੀ, ਸੰਗਲੀ ਉਹਦਾ ਨਾਂ ।

ਪਹਿਲੀ ਵਾਰੀ ਧੁੱਪੇ ਸਿਰ ਸੜਿਆ ਤੇ ਆਈ ਯਾਦ,
ਅੱਜ ਸਤ੍ਹਾਰਾਂ ਵਰਿਆਂ ਪਿੱਛੋਂ, ਮੋਈ ਹੋਈ ਮਾਂ ।

ਕੁਫ਼ਰ ਕਟਹਿਰੇ ਵਿਚ 'ਜ਼ਫ਼ਰ' ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿਚ, ਪਾਉ ਮੇਰਾ ਨਿਆਂ ।

 

To veiw this site you must have Unicode fonts. Contact Us

punjabi-kavita.com