Yaadan : Raghbir Singh Bir

ਯਾਦਾਂ : ਰਘਬੀਰ ਸਿੰਘ ਬੀਰ

1. ਸਜਨੀ ਦੀ ਯਾਦ

ਉਸ ਤੁਰਨਾ ਉਸ ਦਿਨ ਦੂਰ ਸੀ ।
ਹੋਨਾ ਦਿਲਾਂ ਨੇ ਚੂਰ ਸੀ ।
ਆਸਾਂ ਉਮੀਦਾਂ ਫੁਟਨਾ ।
ਹੱਦਵਾਟਿਓ ਸੀ ਟੁਟਨਾ ।
ਭਾਵੇਂ ਵਿਛੋੜਾ ਕਠਨ ਸੀ ।
ਪਰ ਫਿਰ ਵੀ ਸਾਡਾ ਜਤਨ ਸੀ ।
ਇਕ ਦੂਜੇ ਨੂੰ ਝੁਠਲਾਵੀਏ ।
ਬਨਕੇ ਖੁਸ਼ੀ ਨਜ਼ਰ ਆਵੀਏ ।
ਦੋਹਰਾਵੀਏ ਇਸ ਬਾਤ ਨੂੰ ।
'ਗੱਡੀ ਤੇ ਤੁਰਨੈਂ ਰਾਤ ਨੂੰ ।
ਹਾਲੇ ਤੇ ਵਕਤ ਸਵੇਰ ਹੈ ।
ਤੁਰਨੇ 'ਚ ਕਾਫੀ ਦੇਰ ਹੈ ।'
ਨੈਣਾਂ ਦੇ ਨਵੇਂ ਸ਼ਿਕਾਰ ਸੀ।
ਸੱਜਰਾ ਹੀ ਸਾਡਾ ਪਿਆਰ ਸੀ।
ਸੀਨੇ 'ਚ ਵਸਦਾ ਪਰੇਮ ਸੀ।
ਨੈਣਾਂ 'ਚ ਹਸਦਾ ਪਰੇਮ ਸੀ।
ਰਗ ਰਗ 'ਚ ਮਚਿਆ ਪਰੇਮ ਸੀ।
ਲੂੰ ਲੂੰ ’ਚ ਰਚਿਆ ਪਰੇਮ ਸੀ।
ਪਰ ਪਹਿਲਾ ਸਾਡਾ ਪਿਆਰ ਸੀ।
ਅਣਜਾਨ ਡਾਹਦਾ ਪਿਆਰ ਸੀ।
ਮੂੰਹ ਨੂੰ ਹਯਾ ਦੇ ਜੰਦਰੇ।
ਵੱਜੇ ਸੀ ਡਾਹਢੇ ਚੰਦਰੇ।
ਪਾ ਨੀਵੀਂ ਉਸਦਾ ਲੰਘਨਾ।
ਮੇਰਾ ਬੁਲਾਨੋ ਸੰਘਨਾ।
ਮੂੰਹ ਸ਼ਰਮ ਥੀਂ ਨਾ ਖੋਲਨਾ।
ਅੱਖਾਂ ਦੀ ਬੋਲੀ ਬੋਲਨਾ।
ਅੱਖਾਂ ਚੁਰਾਕੇ ਤੱਕਨਾ।
ਨਜਰਾਂ ਮਿਲਾ ਨਾ ਸੱਕਨਾ।
ਲੜ ਫੜਕੇ, ਮੇਰਾ ਹੱਸਨਾ।
ਉਸਦਾ ਛੁੜਾ ਕੇ ਹੱਸਨਾ।
ਉਤੋਂ ਅਸਾਡਾ ਰੁੱਸਨਾ।
ਵਿਚੋਂ ਦਿਲ ਦਾ ਖੁੱਸਨਾ।
ਚਲਨ ਫਿਰਨ ਵਿਚ ਰਮਜ਼ ਸੀ ।
ਦਿਲ ਦੀ ਦਿਲਾਂ ਨੂੰ ਸਮਝ ਸੀ।
ਇਸ਼ਕੇ ਦਾ ਡਾਹਢਾ ਜ਼ੋਰ ਸੀ ।
ਸਿਰ ਚੜ੍ਹਿਆ ਇਸਦਾ ਲੋਰ ਸੀ ।
ਕਰਦੇ ਅਸੀਂ ਕੰਮ ਹੋਰ ਸੀ ।
ਹੋਰ ਹੁੰਦਾ ਜ਼ੋਰੋ ਜ਼ੋਰ ਸੀ ।
ਅਸਲੀ ਸਬਬ ਨੂੰ ਦੱਸਦੇ ।
ਕੰਮ ਚੌੜ ਕਰਕੇ ਹੱਸਦੇ ।
ਬੱਧੇ ਹੋਏ ਸੀ ਡੱਨਦੇ ।
ਅਸਬਾਬ ਕੱਠੇ ਬੰਨਦੇ ।
ਘੜਯਾਲ ਵਕਤ ਗੁਜਾਰਦਾ ।
ਸੀਨੇ ਤੇ ਛਮਕਾਂ ਮਾਰਦਾ।
ਟਨ ਟਨ ਕਰੇਂਦੀ ਘੜੀ ਸੀ
ਸਿਰ ਤੇ ਜੁਦਾਈ ਖੜੀ ਸੀ ।
ਅੰਦਰੋਂ ਤੇ ਦਿਲ ਸੀ ਹਿੱਸਦੇ ।
ਬਾਹਰੋਂ ਖੁਸ਼ੀ ਸੀ ਦਿੱਸਦੇ ।
ਉਸ ਦਿਨ ਦੀ ਵਖਰੀ ਬਾਤ ਸੀ ।
ਚੁਟਕੀ 'ਚ ਪੈ ਗਈ ਰਾਤ ਸੀ ।
ਆਖਰ ਉਹ ਵੇਲਾ ਆ ਗਿਆ।
ਵੇਲਾ ਕੁਵੇਲਾਂ ਆ ਗਿਆ ।
ਜਦ ਰੇਲ ਸੀ ਤੁਰ ਜਾਵਨਾ।
ਹੱਥ ਕਾਲਜੇ ਨੂੰ ਪਾਵਨਾ ।
ਕੀ ਦਸਾਂ ਕੈਸੀ ਘੜੀ ਸੀ।
ਇਕ ਮੌਤ ਸਿਰ ਤੇ ਖੜੀ ਸੀ ।
ਦਿਲ ਦੋਹਾਂ ਦੇ ਸੀ ਧੜਕਦੇ।
ਕੁੱਠੇ ਕਬੂਤਰ ਫੜਕਦੇ ।
ਗੱਡੀ ਨੇ ਚੀਕਾਂ ਮਾਰੀਆਂ ।
ਸੀਨੇ ਤੇ ਚਲੀਆਂ ਆਰੀਆਂ ।
ਬਾਰੀ 'ਚ ਸੋਹਨੀ ਖੜੀ ਸੀ ।
ਚੌਂਕਟ 'ਚ ਮੂਰਤ ਜੜੀ ਸੀ ।
ਦਿਲ ਮੇਰਾ ਬਹਿੰਦਾ ਜਾਂਵਦਾ ।
ਬਹਿੰਦਾ ਏਹ ਕਹਿੰਦਾ ਜਾਂਵਦਾ ।
“ਹੁਣ ਤੁਰ ਜਾ ਛੇਤੀ ਗੱਡੀਏ ।
ਫਿਰ ਗੁਬਰ ਦਿਲ ਕੱਢੀਏ ।"
ਬੁਲਬੁਲ ਨੂੰ ਰੋਂਦੇ ਛੋੜਕੇ ।
ਫੁੱਲਾਂ ਨੂੰ ਹੱਸਦੇ ਤੋੜਕੇ ।
ਮਾਲੀ ਜਿਵੇਂ ਲੈ ਜਾਂਵਦਾ ।
ਮਿਤਰਾਂ ਵਿਛੋੜੇ ਪਾਂਵਦਾ ।
ਦਿਲ ਮੇਰਾ ਨੱਢੀ ਲੈ ਗਈ ।
ਨੱਢੀ ਨੂੰ ਗੱਡੀ ਲੈ ਗਈ।
ਛਡ ਆਇਆ ਜਦ ਮੈਂ ਹਾਨ ਨੂੰ ।
ਆਇਆਂ, ਪਿਆ ਘਰ ਖਾਨ ਨੂੰ ।
ਸਧਰਾਂ ਲਿਆਇਆ ਕੱਜਕੇ ।
ਕੱਲਾ ਹੋ ਰੋਇਆ ਰੱਜਕੇ ।

ਉਸ ਦਿਨ ਨੂੰ ਮੈਂ ਭੁਲ ਜਾਂਵਦਾ ।
ਜੇ ਰੱਬ ਫੇਰ ਮਿਲਾਂਵਦਾ ।

ਡਾਹਢੀ ਕਵੱਲੀ ਚਾਟ ਹੈ।
ਲੰਮੀ ਗਮਾਂ ਦੀ ਵਾਟ ਹੈ।
ਨਾ ਸਾਥ ਹੈ ਨਾ ਸੰਗ ਹੈ ।
ਦਿਲ ਆਪਣੇ ਤੋਂ ਤੰਗ ਹੈ ।
ਸਾਰੀ ਖੁਸ਼ੀ ਬਰਬਾਦ ਹੈ ?
ਆਬਾਦ ਉਸਦੀ ਯਾਦ ਹੈ ।
ਇਸ ਪੀੜ ਅੰਦਰ ਸਵਾਦ ਹੈ।
ਦਿਲ ਉਝੜ ਕੇ ਵੀ ਸ਼ਾਦ ਹੈ।
ਰਾਤਾਂ ਜਗਾਂਦੀ ਯਾਦ ਹੈ।
ਤਾਰੇ ਗਿਨਾਂਦੀ ਯਾਦ ਹੈ।
ਯਾਦ ਆਸਰੇ ਹਾਂ ਜੀਂਵਦਾ।
ਘੁਟ ਸਬਰ ਦੇ ਹਾਂ ਪੀਂਵਦਾ।
ਦੁਨੀਆਂ ਜਦੋਂ ਸੌਂ ਜਾਂਵਦੀ।
ਕੁਦਰਤ ਹੈ ਪਲਕਾਂ ਲਾਂਵਦੀ।
ਉਸ ਵੇਲੇ ਉਠਦਾ ਜਾਗ ਮੈਂ।
ਲਾਂ ਬਾਲ ਯਾਦ ਚਰਾਗ ਮੈਂ।
ਦੁਨੀਆਂ ਵਸਾਂਵਾਂ ਯਾਦ ਦੀ।
ਰਚਨਾ ਰਚਾਵਾਂ ਯਾਦ ਦੀ।
ਮਨ ਨੂੰ ਟਿਕਾਂਦੀ ਯਾਦ ਹੈ।
ਤਨ ਨੂੰ ਭੁਲਾਂਦੀ ਯਾਦ ਹੈ।
ਅੱਖਾਂ ਮਿਟਾ ਦੇਂਦੀ ਹੈ ਏਹ।
ਮਜਲਾਂ ਮੁਕਾ ਦੇਂਦੀ ਹੈ ਏਹ।
ਅਰਸ਼ੀ ਚੜ੍ਹਾ ਦੇਂਦੀ ਹੈ ਏਹ।
ਵਿਛੜੇ ਮਿਲਾ ਦੇਂਦੀ ਹੈ ਏਹ।

2. ਮੌਤ

ਦੁਨੀਆਂ ਵਿਚ ਜੇ ਤੱਕੀਏ ਗੌਰ ਕਰਕੇ
ਸਾਰੇ ਜੀਵੰਦੇ ਨੇ ਮਰ ਜਾਨ ਪਿਛੇ।
ਜਗੇ ਸ਼ਮਾਂ ਸ਼ੋਹਦੀ ਸੜ ਜਾਨ ਕਾਰਨ
ਖਿੜਨ ਫੁੱਲ ਮਾਸੂਮ ਕੁਮਲਾਨ ਪਿਛੇ।
ਸਫੇ ਸਮੇਂ ਦੇ ਤੇ ਵਾਹੀਆਂ ਜਾਨ ਸ਼ਕਲਾਂ
ਗਲਤ ਹਰਫਾਂ ਦੀ ਤਰਾਂ ਮਿਟਾਨ ਪਿਛੇ।
ਐਸਾ ਜਾਪਦਾ ਏ ਖੇਡ ਜ਼ਿੰਦਗੀ ਦੀ
ਬਨੀ ਮੌਤ ਦਾ ਦਿਲ ਪਰਚਾਨ ਪਿਛੇ।

3. "ਦਿਲ ਹੈ ਪਰ ਦਿਲਦਾਰ ਨਹੀਂ"

ਐਡੀ ਦੁਨੀਆਂ ਅੰਦਰ ਕੱਲਾ,
ਭਟਕ ਰਿਹਾ ਹਾਂ ਕਲ ਮੁਕੱਲਾ,
ਕੋਈ ਮਹਿਰਮ ਯਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।

ਖੋਜੇ ਪਰਬਤ ਜੂਹਾਂ ਬੇਲੇ,
ਨਾ ਹੋਏ ਦਿਲਬਰ ਦੇ ਮੇਲੇ,
ਸਾਰੇ ਖਿਜ਼ਾਂ, ਬਹਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।

ਰਸਤੇ ਐਵੇਂ ਤਕ ਤਕ ਥਕੀਆਂ,
ਢੂੰਡ ਢੂੰਡ ਕੇ ਅਖੀਆਂ ਪਕੀਆਂ,
ਕਦੇ ਵੀ ਹੋਈਆਂ ਚਾਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।

ਰੱਬਾ! ਕਿਉਂ ਇਸ ਦੁਨੀਆਂ ਅੰਦਰ,
ਬੁਤ ਖਾਨੇ ਵਿਚ-ਅੰਦਰ ਮੰਦਰ,
ਦਿਖਲਾਵਾ ਹੈ- ਪਿਆਰ ਨਹੀਂ-ਦਿਲ ਹੈ ਪਰ ਦਿਲਦਾਰ ਨਹੀਂ।

ਬਾਹਿਰ ਤੇ ਕਿਧਰੇ ਨਾ ਜਾਪੇ,
ਐ ਦਿਲ ਵੇਖ ਕਿਤੇ ਤੂੰ ਆਪੇ,
ਸੋਹਣਿਆਂ ਦਾ ਸਰਦਾਰ ਨਹੀਂ ? ਦਿਲ ਹੈ ਪਰ ਦਿਲਦਾਰ ਨਹੀਂ।

4. ਜੋਤਿਨ-ਬੀਨਾ

(ਕਲਕਤੇ ਲੇਕ (Lake) ਦੇ ਕਿਨਾਰੇ ਹੋਟਲ ਦੇ ਇਕ
ਕਮਰੇ ਵਿਚ ਇਕ ਸਵੇਰੇ ਦੋ ਲਾਸ਼ਾਂ ਇਕ ਲੜਕੇ ਇਕ ਲੜਕੀ
ਦੀਆਂ ਪਈਆਂ ਹੋਈਆਂ ਸਨ। ਸਾਹਮਣੇ ਮੇਜ਼ ਤੇ ਜ਼ਹਿਰ ਦੀ
ਸ਼ੀਸ਼ੀ ਤੇ ਹੇਠ ਲਿਖੇ ਭਾਵ ਦਾ ਖਤ ਪਿਆ ਸੀ।

'ਰਸਮਾਂ ਰਿਵਾਜਾਂ ਅਨੁਸਾਰ ਸਾਡੀ ਸ਼ਾਦੀ ਨਹੀਂ ਸੀ
ਹੋ ਸਕਦੀ, ਹੋਰ ਥਾਵਾਂ ਤੇ ਸ਼ਾਦੀਆਂ ਸਾਨੂੰ ਮਨਜ਼ੂਰ ਨਹੀਂ ਸਨ।
ਇਸ ਕਰਕੇ ਮਜਬੂਰਨ ਆਤਮ-ਘਾਤ ਕਰ ਰਹੇ ਹਾਂ। ਹੋਟਲ
ਵਾਲਿਆਂ ਨੂੰ ਕਿਸੇ ਕਿਸਮ ਦੀ ਖਿਚੋਤਾਨ ਨਾ ਹੋਵੇ।
ਹੋਟਲ ਦਾ ਬਿਲ ਅਤੇ ਸਸਕਾਰ ਦਾ ਖਰਚ ਸਾਡੇ ਹੈਂਡ ਬੈਗ
ਵਿਚੋਂ ਮਿਲੇਗਾ; ਸਾਡਾ ਸਸਕਾਰ ਇਕੋ ਚਿਤਾ ਤੇ ਹੋਵੇ।

“ਜੋਤਿਨ-ਬੀਨਾ"

ਇਸ ਸਚੀ ਪਿਆਰ ਵਾਰਤਾ ਨੂੰ ਮੈਂ ਕਵਿਤਾ ਵਿਚ
ਲਿਖਨ ਦਾ ਜਤਨ ਕੀਤਾ ਹੈ।

'ਬੀਰ')

ਤੁਰਦੇ ਆਏ ਪਰੇਮੀ ਸਾਰੇ।
ਦੁਨੀਆਂ ਦੇ ਰਸਤੇ ਤੋਂ ਨਿਆਰੇ।
ਸਮਝਨ ਜਗ ਰਸਮਾਂ ਨੂੰ ਬਨੱਣ।
ਪੈਰਾਂ ਹੇਠ ਲਤਾੜਨ ਭਨੱਣ।
ਪਿਆਰ ਦੇ ਸੌਦੇ ਕਦੀਂ ਨਾ ਮੋੜਨ।
ਕੌਲ ਕਰਾਰ ਨਾ ਕਰਕੇ ਤੋੜਨ।
ਸਿਰਾਂ ਧੜਾਂ ਦੀ ਬਾਜੀ --ਲਾਂਦੇ।
ਸਿਰ ਤੋਂ ਪਰੇ ਪਰੇਮ ਨਿਭਾਂਦੇ।

ਜੋਤਿਨ ਤੇ ਬੀਨਾ ਦੋ ਪਿਆਰੇ।
ਸਿਰ ਹਾਰੇ ਪਰ ਸੁਖਨ ਨਾ ਹਾਰੇ।
ਖਾਨਦਾਨ ਦੋਹਾਂ ਦਾ ਇਕੋ।
ਉਮਰ ਹਾਨ ਦੋਹਾਂ ਦਾ ਇਕੋ।
ਜਗ ਰਸਮਾਂ ਤੋਂ ਬੇਪਰਵਾਹ ਸੀ।
ਪੈ ਗਏ ਇਸ਼ਕ ਕਵੱਲੜੇ ਰਾਹ ਸੀ।
ਬਚਪਨ ਅੰਦਰ ਅਖਾਂ ਲਗੀਆਂ।
ਭੋਲੀਆਂ ਰੂਹਾਂ ਗਈਆਂ ਠਗੀਆਂ।
ਚੰਨ ਲਗਦਾ ਸੀ ਇਕ ਨੂੰ ਦੂਜਾ।
ਵਾਂਗ ਚਕੋਰਾਂ ਕਰਦੇ ਪੂਜਾ।

ਬੀਨਾ ਜਦ ਸਿਰ ਉੱਚਾ ਚਾਉਂਦੀ।
ਜੋਤਿਨ ਦੇ ਮੋਡੇ ਤੇ ਆਉਂਦੀ।
ਰੂਪ ਜਦੋਂ ਸ਼ੋਖੀ ਵਿਚ ਗੁੜਕੇ।
ਚੁੰਮ ਲੈਂਦਾ ਸੀ ਪ੍ਰੇਮੀ ਉੜਕੇ।
ਦਿਨ ਦਿਨ ਜਿਓਂ ਜਿਓਂ ਹੋਸ਼ਾਂ ਆਵਣ।
ਦਿਲ ਦੀਆਂ ਮਰਜ਼ਾਂ ਵਧਦੀਆਂ ਜਾਵਣ।
ਇਸ਼ਕ ਮੁਸ਼ਕ ਨਾ ਲੁਕਕੇ ਬਹਿੰਦੇ।
ਚੱਨ ਚੜੇ ਨਾ ਗੁਝੇ ਰਹਿੰਦੇ।
ਹੋ ਗਿਆ ਆਖਰ ਪੜਦਾ ਜ਼ਾਹਿਰ।
ਜੌਤਿਨ ਨਿਕਲਿਆ ਘਰ ਤੋਂ ਬਾਹਿਰ।

ਵਿਚੋਂ ਬੀਨਾ ਡੁਬਦੀ ਜਾਵੇ।
ਉਤੋਂ ਦਿਲ ਦੇ ਫਟ ਛੁਪਾਵੇ।
ਬੂਹੇ ਮਾਰ ਧੁਖਾਏ ਗੋਹੇ।
ਬਹਿਕੇ ਨਾਲ ਬਹਾਨੇ ਰੋਏ।
ਫੜ ਅੰਮੀਂ ਤੋਂ ਗੰਡੇ ਚੀਰੇ।
ਕੌਡਾਂ ਵਾਂਗ ਲੁਟਾਵੇ ਹੀਰੇ।
ਕੋਠੇ ਤੇ ਚੜ੍ਹ ਵਾਲ ਸਕਾਵੇ।
ਰਾਹਾਂ ਉਤੇ ਨੈਣ ਵਿਛਾਵੇ।

ਯਾਦਾਂ ਭੜਕਨ-ਛਾਤੀ ਧੜਕੇ।
ਅੰਗੀ ਵਾਂਗ ਕਬੂਤਰ ਫੜਕੇ।
ਗਲ ਗਲ ਉਤੇ ਲੜ ਲੜ ਪੈਂਦੀ।
ਐਂਵੇ ਵਲ ਪਾ ਪਾ ਕੇ ਖਹਿੰਦੀ।
ਅੰਦਰ ਬਾਹਰ ਹਉਕੇ ਭਰਦੀ।
ਉੱਡੀ ਲਾਲੀ, ਛਾਈ ਜ਼ਰਦੀ।
ਬੁਲ ਮੀਟ ਦੰਦੀਆਂ ਨ ਹੱਸਨ।
ਦਿਲ ਦਾ ਫੋੜਾ ਅਖੀਆਂ ਦੱਸਨ।
ਤੁਰਦੀ ਫਿਰਦੀ ਉਠਦੀ ਬਹਿੰਦੀ।
ਜੋਤਿਨ ਦੇ ਹੀ ਸੁਫਨੇ ਲੈਂਦੀ।

ਧਨੀ ਬੜੇ ਦੋਹਾਂ ਦੇ ਮਾਪੇ।
ਕਰਨ ਸਲਹਾਂ ਰਲ ਮਿਲ ਆਪੇ।
ਜ਼ਿਮੀਦਾਰ ਵਡੇ ਸਦਵਾਈਏ।
ਇਜ਼ਤ-ਨੱਕ-ਬਚਾਨਾ ਚਾਹੀਏ।
ਇਕ ਨੀਂਂਗਰ ਲਭ ਸਾਹ ਸੁਧਾਇਆ।
ਚੁਕ ਬੀਨਾ ਦਾ ਕਾਜ ਰਚਾਇਆ।
ਪਹਿਲੋਂ ਤੜਫੀ ਵਾਂਗਰ ਮੱਛੀ।
ਆਪੇ ਹੀ ਪਰ ਹੋ ਗਈ ਹਛੀ।
ਸਾਰੇ ਸਮਝਨ ਜੋਤਿਨ ਭੁਲੀ।
ਨਵੇਂ ਪਿਆਰਾਂ ਉੱਤੇ ਡੁਲੀ।

ਆਖ਼ਰ ਸ਼ਾਦੀ ਦਾ ਦਿਨ ਆਇਆ।
ਡਾਹਡਾ ਇਸ਼ਕ ਪੁਵਾੜਾ ਆਇਆ।

ਦੱਬ ਇਰਾਦੇ ਅੰਦਰ ਛਾਤੀ।
ਮਲ ਮਲ ਵਟਨਾ ਬੀਨਾ ਨਾਹਤੀ।
ਹਥੀਂ ਪੈਰੀਂ ਮਹਿੰਦੀ ਲਾਈ।
ਮਾਂਗ ਸਵਾਰੀ ਪੱਟੀ ਵਾਈ।
ਹਸਦੀ ਹਸਦੀ ਚੀਰ ਕਢਾਇਆ।
ਸਗਨਾਂ ਦਾ ਸੰਧੂਰ ਲਗਾਇਆ।
ਵਾਲਾਂ ਅੰਦਰ ਫੁੱਲ ਸ਼ਿੰਗਾਰੇ।
ਰਾਤ ਹਨੇਰੀ ਲਿਸ਼ਕਨ ਤਾਰੇ।
ਚਿਟਿਆਂ ਦੇ ਵਿੱਚ ਰਲ ਗਏ ਕਾਲੇ।
ਕਾਲੇ ਬਨ ਗਏ ਕੌਡੀਆਂ ਵਾਲੇ।
ਨੈਣਾਂ ਦੇ ਵਿੱਚ ਕੱਜਲ ਪਾਇਆ।
ਸ਼ਿਕਰ ਦੁਪੈਹਰੀਂ ਬਦਲ ਛਾਇਆ।
ਬਾਗ ਅੰਦਰ ਨਰਗਸ ਸ਼ਰਮਾਈ।
ਹਰਨਾਂ ਦੇ ਝੁੰਡ ਨੀਵੀਂ ਪਾਈ।
ਕਦ ਲੰਬੇਰੇ ਉਤੇ ਸਾੜੀ।
ਜਾਪੇ ਵੇਲ ਸਰੂ ਤੇ ਚਾੜ੍ਹੀ।
ਵਿਚ ਕਲਾਈਆਂ ਛਨਕੇ ਚੂੜਾ।
ਨਾਲ ਅਦਾਵਾਂ ਟੁੰਗਦੀ ਜੂੜਾ।
ਸਖੀਆਂ ਮੂੰਹ ਤੇ ਚਿਤਰੇ ਤਾਰੇ।
ਚਨ ਪਿਆ ਵਿਚ ਲਿਸ਼ਕਾਂ ਮਾਰੇ।
ਅਡੀਓਂਂ ਚੋਟੀ ਤਕ ਬਨ ਠਨਕੇ।
ਤੀਰ ਕਮਾਨਾਂ ਅੰਦਰ ਤਨਕੇ।
ਧਾਰੀ ਦਿਲ ਵਿਚ ਸੀ ਜੋ ਕੀਤੀ।
ਜ਼ਹਿਰ ਭਰੀ ਇਕ ਸ਼ੀਸ਼ੀ ਲੀਤੀ।
ਅੰਗੀ ਹੇਠ ਲੁਕਾਇਆ ਉਸਨੂੰ।
ਸੀਨੇ ਨਾਲ ਲਗਾਇਆ ਉਸਨੂੰ।

ਇਕ ਸਹੇਲੀ ਨੂੰ ਭਿਜਵਾਇਆ।
ਜੋਤਿਨ ਦਾ ਸਭ ਹਾਲ ਮੰਗਾਇਆ।
ਕਹੇ ਸਹੇਲੀ ਬੀਨਾ ਤਾਈਂ।
‘ਜੋਤਿਨ ਜਾਵੇ ਡਿੱਠਾ ਨਾਹੀਂ।
ਇਕ ਤਲਾ ਦੇ ਖੜਾ ਕਿਨਾਰੇ।
ਨਿਮੋ ਝੂਨਾ ਭੁਬਾਂ ਮਾਰੇ।
ਸਰੂਆ ਤਾਈਂਂ ਜਫੀਆਂ ਪਾਂਦਾ।
ਚੁੰਮ ਚੁੰਮ ਫਾਵਾ ਹੁੰਦਾ ਜਾਂਦਾ।
ਨਾਲ ਪੰਛੀਆਂ ਗਲਾਂ ਕਰਦਾ।
ਆਪੇ ਪਿਆ ਹੁੰਗਾਰੇ ਭਰਦਾ।
ਮੈਨੂੰ ਸਮਝ ਅਪਨੀ ਦਰਦਨ।
ਨੇੜੇ ਆਨ ਝੁਕਾਈ ਗਰਦਨ।
ਕਹਿਨ ਲਗਾ ਤੂੰ ਆਖੀਂ ਜਾਕੇ।
ਮੇਰੇ ਵਲੋਂ ਸੀਸ ਝੁਕਾਕੇ।
'ਸੁੰਦਰ ਸੋਹਣੀ ਮੋਹਣੀ ਬੀਨਾ।
ਤੇਰੇ ਬਾਜ ਅਸਾਂ ਨਹੀਂ ਜੀਨਾ।
ਅਜ ਹੋਸਨ ਜਦ ਤੇਰੇ ਫੇਰੇ।
ਸਾਹ ਨਿਕਲਨਗੇ ਡੁਬਕੇ ਮੇਰੇ।
ਮਰੀਏ ਅਸੀਂ ਤੁਸੀਂ ਪਰ ਜੀਵੋ।
ਵਸਲ- ਪਿਆਲੇ ਭਰ ਭਰ ਪੀਵੋ।
ਹੋਏ ਨਸੀਬ ਸੁਹਾਗ ਹੰਢਾਨਾ।
ਜੋਤਿਨ ਸੁਫਨੇ ਵਾਂਗ ਭੁਲਾਨਾ।

ਬੀਨਾ ਝਟ ਸੁਨਿਹਾ ਘਲਵਾਇਆ।
ਜੋਤਿਨ ਨੂੰ ਚੋਰੀ ਬੁਲਵਾਇਆ।
ਜਦ ਜੋਤਿਨ ਆਇਆ ਪਛਵਾੜੇ।
ਕਢੇ ਡਾਹਢੇ ਬੀਨਾਂ ਹਾੜੇ।
‘ਕਲਿਆਂ ਚੱਨਾਂ ਡੁਬ ਨਾ ਜਾਈਂ।
ਦਾਗ ਵਿਛੋੜੇ ਦੇ ਨਾਂ ਲਾਈਂ।
ਕਠੇ ਜੀਵੇ, ਕਠੇ ਮਰੀਏ।
ਜੋ ਕਰਨੈਂ ਸੋ ਕਠੇ ਕਰੀਏ।
ਜੇ ਮੈਥੋਂ ਪਹਿਲੇ ਤੂੰ ਮਰਿਆ।
ਇੰਤਜ਼ਾਰ ਨਾ ਮੇਰਾ ਕਰਿਆ।
ਅਗੇ ਜਾ ਕਿਸਨੂੰ ਵੇਖੇਂਗਾ।
ਕਿਸਦਾ ਸੋਹਣਾ ਮੂੰਹ ਵੇਖੇਂਗਾ।
ਕੌਨ ਕਰੇਗੀ ਦਾਰੀ ਤੇਰੀ।
ਬਾਝ ਮੇਰੇ ਗਮਖਾਰੀ ਤੇਰੀ।
ਰੁਸੇੰਗਾ ਤੇ ਕੌਨ ਮਨਾਸੀ।
ਗਲ ਵਿਚ ਬਾਹਵਾਂ ਕੇਹੜੀ ਪਾਸੀ।
ਮੈਂ ਪਿਛੋਂ ਜਦ ਢੂੰਡਨ ਆਸਾਂ।
ਕਲ ਮੁਕੱਲੀ ਕਿਤ ਵਲ ਜਾਸਾਂ।
ਏਸ ਲਈ ਏਹ ਲੰਮੀਆਂ ਰਾਹਾਂ।
ਤਹਿ ਕਰਸਾਂਗੇ ਫੜਕੇ ਬਾਹਾਂ।
ਹਟਨ ਜਦੋਂ ਤਰਕਾਲਾਂ ਪੈਕੇ।
ਆ ਜਾਵੀਂ ਤੂੰ ਮੋਟਰ ਲੈਕੇ।

ਹੋਸੀ ਅੱਧੀ ਰਾਤ ਵਿਹਾਈ।
ਇਕ ਮੋਟਰ ਕਲਕਤੇ ਆਈ।
ਇਕ ਹੋਟਲ ਵਿਚ ਲੇਕ ਕਿਨਾਰੇ।
ਓਸ ਮੁਸਾਫਰ ਦੋ ਉਤਾਰੇ।
ਦੋਹਾਂ ਨੇ ਕਮਰਾ ਇਕ ਲੀਤਾ।
ਜਿਸਨੂੰ ਅੰਦਰੋਂ ਬੰਦ ਚਾ ਕੀਤਾ।
ਸਾਰੇ ਹੋਟਲ ਵਾਲੇ ਸੌਂ ਗੈ।
ਮਾਰ ਕੇ ਜੰਦਰੇ ਤਾਲੇ ਸੌਂ ਗੈ।

ਰਾਤ ਹਨੇਰੀ ਸ਼ੂਕਾਂ ਮਾਰੇ।
ਨਜ਼ਰ ਨ ਆਉਂਦੇ ਹਥ ਪਸਾਰੇ।
ਸੁਨ ਖਾਮੋਸ਼ੀ ਸਾਰੇ ਛਾਈ।
ਨੀਂਦ ਬੇਹੋਸ਼ੀ ਸਭ ਤੇ ਆਈ।
ਨੀਦ ਉਹਨਾਂ ਨੈਣਾਂ ਵਿਚ ਕਿਥੇ।
ਰੜਕੇ ਖੜੀ ਜੁਦਾਈ ਜਿਥੇ।
ਬੀਨਾ ਗਲ ਵਿਚ ਬਾਹਵਾਂ ਪਾਕੇ।
ਅਖੀਆਂ ਜੋਤਿਨ ਦੇ ਵਲ ਚਾਕੇ।
ਆਖੇ ‘ਰਾਤ ਅਜ ਦੀ ਜਗ ਉੱਤੇ।
ਜਾਗ ਲਈਏ ਜਦ ਲੋਕੀ ਸੁੱਤੇ।
ਜਦ ਲੋਕੀ ਜਾਗਨਗੇ ਭਲਕੇ।
ਦਿਨ ਵੇਖਨਗੇ ਅਖਾਂ ਮਲਕੇ।
ਹੋਸਨ, ਡੇਰੇ ਦੂਰ ਦੁਰਾਡੇ।
ਕਿਸੇ ਨਵੀਂ ਦੁਨੀਆਂ ਵਿਚ ਸਾਡੇ।'
ਫਿਰ ਸਹਿਮੀ ਕੰਬੀ ਤੇ ਡੋਲੀ।
ਹਥ ਦਿਲਬਰ ਦਾ ਘੁਟ ਕੇ ਬੋਲੀ।
"ਕਿਉਂ ਘੜਯਾਲ ਨਹੀਂ ਟੁਟ ਜਾਂਦਾ।
ਚਾ ਮੇਰੇ ਦੀ ਉਮਰ ਘਟਾਂਦਾ।
ਰਾਤ ਪਈ ਕਿਉਂ ਕਰਦੀ ਕਾਹਲੀ।
ਮੇਰੀ ਘੜੀ ਮੁਰਾਦਾਂ ਵਾਲੀ।"
ਦਿਲਦੀਆਂ ਕੁਝ ਤੇ ਪੁਛ ਦੱਸ ਲੈਂਦੇ।
ਕਲੀਆਂ ਵਾਂਗਰ ਹੀ ਹੱਸ ਲੈਂਦੇ।'
ਤਾਰਿਆਂ ਵੱਲ ਇਸ਼ਾਰਾ ਕਰਕੇ।
ਆਖੇ ਠੰਢਾ ਹਉਕਾ ਭਰਕੇ।
'ਬੇਸਬਰੇ ਐਡੇ ਕਿਉਂ ਹੋਵੋ।
ਮੈਥੋਂ ਮੇਰਾ ਚੰਨ ਨਾ ਖੋਹਵੋ।
ਰਬਾ ਸਧਰਾਂ ਨੂੰ ਬਨ ਪਲੇ।
ਵੇਖ ਤੇਰੀ ਦੁਨੀਆਂ ਤੋਂ ਚਲੇ।"

ਘੁਟ ਕੇ ਜੋਤਿਨ ਆਖੇ ‘ਡਰ ਨਾਂ।
ਐਡੇ, ਹਉੜੇ ਬੀਨਾ ਕਰ ਨਾ।
ਜੇ ਜ਼ਿੰਦਗੀ ਮਰਕੇ ਨਾ ਮੁੱਕੀ।
ਜੇ ਕਟਿਆਂ ਏਹ ਵੇਲ ਨਾ ਸੁਕੀ।
ਤਦ ਕਠੇ ਮੁੜਕੇ ਜੀਵਾਂਗੇ।
ਹਰੇ ਭਰੇ ਮੁੜਕੇ ਥੀਵਾਂਗੇ।
ਜੇ ਜ਼ਿੰਦਗੀ ਦੇ ਬਾਦ ਫਨਾ ਹੈ।
ਜੇਕਰ ਮਰਕੇ ਜੀਉਨ ਮਨਾ ਹੈ।
ਤਦ ਆਪੋ ਵਿਚ ਜਫਿਆਂ ਪਾਕੇ।
ਇਕ ਦੂਜੇ ਨੂੰ ਸੀਨੇ ਲਾਕੇ।
ਮੌਤ ਦੀ ਖੁਲੀ ਵਾਦੀ ਅੰਦਰ।
ਸ਼ਾਂਤ ਭਰੀ ਆਜ਼ਾਦੀ ਅੰਦਰ।
ਚੈਨ ਲਵਾਂਗੇ ਘੂਕ ਸਵਾਂਗੇ।
ਦੋ ਤੋਂ ਹੋਕੇ ਇਕ ਰਵਾਂਗੇ।
ਏਥੇ ਛਡ ਏਥੋਂ ਦੀਆਂ ਰਸਮਾਂ।
ਤੋੜ ਨਿਭਨਗੀਆਂ ਅਗੇ ਕਸਮਾਂ।
ਏਹ ਸੁਨਕੇ ਬੀਨਾ ਸਿਰ ਚਾਇਆ।
ਠੁਮਨੇ ਦੇਕੇ ਦਿਲ ਖਲਵਾਇਆ।
ਕਹਿਨ ਲਗੀ ‘ਮੈਂ ਕਿਉਂ ਹੈ ਡਰਨਾ।
ਮਰਨੇ ਨੂੰ ਸਮਝਾਂ ਕਿਉਂ ਮਰਨਾ।
ਨਾਲ ਜਦੋਂ ਹੈ ਪ੍ਰੀਤਮ ਰਹਿਣਾ।
ਮੌਤ ਹੈ ਮੈਨੂੰ ਲਗਦੀ ਗਹਿਣਾ।
ਨਾਲ ਜਦੋਂ ਹੈ ਦਿਲ ਦਾ ਵਾਲੀ।
ਮੌਤ ਹੈ ਮੇਰੀ ਸੈਰ, ਨਿਰਾਲੀ।
ਜਿਨ੍ਹਾਂ ਨਾਲ ਅਖੀਆਂ ਦਾ ਚਾਨਣ।
ਮੌਤ ਹਨੇਰੇ ਵਿਚ ਰੰਗ ਮਾਨਣ।'
ਚਾਰ ਹੋਈਆਂ ਤਦ ਅਖੀਆਂ ਗਿਲੀਆਂ।
ਵਾਰ ਅਖੀਰੀ ਬੁਲੀਆਂ ਮਿਲੀਆਂ।
ਇਕ ਦੂਜੇ ਨੂੰ ਗਲ ਵਿਚ ਲੈਂਦੇ।
'ਜੋਤਿਨ’ ‘ਬੀਨਾ’ ਕਹਿੰਦੇ ਕਹਿੰਦੇ।
ਸਦਾ ਲਈ ਦੋਵੇਂ, ਚੁਪ ਹੋਏ।
ਢਾਹਾਂ ਮਾਰ ਜਵਾਨੀ ਰੋਏ।

ਲੇਕ.

ਕਾਲੀ ਬੋਲੀ ਰਾਤ ਹਨੇਰੀ।
ਤਾਰਿਆਂ ਕੀਤੀ ਬੜੀ ਦਲੇਰੀ।
ਉਤਰ ਅਕਾਸੋਂ ਹੇਠਾਂ ਆਏ।
ਪਾਨੀ ਉਤੇ ਡੇਰੇ ਲਾਏ।
ਮਲ ਮਲ ਪਿੰਡੇ ਨਾਹਵਨ ਲਗ ਪੈ।
ਪਾਨੀ ਦੇ ਵਿਚ ਦੀਵੇ ਜਗ ਪੈ।
ਹਸਨ, ਖੇਡਨ, ਟੁਬੀਆਂ ਲਾਵਨ।
ਸਿਰੀਆਂ ਕੱਢਨ ਕਦੀ ਛੁਪਾਵਨ।
ਕੁਦਰਤ ਐਸਾ ਰੰਗ ਜਮਾਇਆ।
ਜਾਪੇ ਅਰਸ਼ ਫਰਸ਼ ਤੇ ਆਇਆ।
ਦੋ ਅਸਮਾਨ ਦੋਹਾਂ ਵਿਚ ਤਾਰੇ।
ਅਖ ਨੂੰ ਪਿਆ ਭੁਲੇਖਾ ਮਾਰੇ।

ਓਦੋਂ ਉਸ ਚੁਪ ਚਾਂ ਦੇ ਅੰਦਰ।
ਰਸ ਭਿੰਨੀ ਸ਼ਾਂ ਸ਼ਾਂ ਦੇ ਅੰਦਰ।
ਮਹਿਫਲ ਅਰਸ਼ੀ ਸੱਜ ਰਹੀ ਸੀ।
ਅਨਹਦ ਦੀ ਸੁਰ ਵੱਜ ਰਹੀ ਸੀ।
ਦੋ ਰੂਹਾਂ ਬਾਹਵਾਂ ਵਿਚ ਬਾਹਵਾਂ।
ਨੱਚ ਰਹੀਆਂ ਸੀ ਵਿਚ ਹਵਾਵਾਂ।

5. ਚਾਨਣੀ ਰਾਤ

ਚਾਨਣੀ ਰਾਤ ਵੀ ਹੈ ਮੈਂ ਵੀ ਹਾਂ ਪਰ ਯਾਰ ਨਹੀਂ।
ਠੰਡੜੀ ਪਵਨ ਵਗੇ ਦਿਲ ਹੈ ਦਿਲਦਾਰ ਨਹੀਂ।
ਤੇਰੇ ਜਹੇ ਵਿਗੜਿਆਂ ਨੂੰ ਖੂਬ ਦਿਲਾ ਚੰਢਿਆ ਸੂ।
ਖਾਕੇ ਭੁਲ ਜਾਏ ਸਬਕ ਇਸ਼ਕੇ ਦੀ ਓਹ ਮਾਰ ਨਹੀਂ।
ਪੜ੍ਹਕੇ ਮੈਂ ਪ੍ਰੇਮ ਸਬਕ ਭੁਲਿਆ ਅਸੂਲ ਦਲੀਲਾਂ।
ਏਹ ਹਿਸਾਬ ਉਹ ਹੈ ਜਿਦੇ ਦੇ ਤੇ ਦੋ ਚਾਰ ਨਹੀਂ।
ਵਸਲ ਦੀ ਤਾਂਘ ਜੇ ਹੈ ਡਰ ਨਾਂ ਵਿਛੋੜੇ ਕੋਲੋਂ।
ਫੁਲ ਓਹ ਕੇਹੜਾ ਖਿੜੇ ਨਾਲ ਜਿਦੇ ਖਾਰ ਨਹੀਂ।

6. ਸੁੰਦਰ ਸ਼ੋਖ ਅੱਖਾਂ

ਸੁੰਦਰ, ਸ਼ੋਖ, ਅੱਖਾਂ ਮਸਤਾਂਨੀਆਂ ਨੇ,
ਕਰ ਛਡਿਆ ਹੀਰੇ ਫਕੀਰ ਮੈਨੂੰ।
ਅਜੇ ਤਰਸ ਨਾ ਏਹਨਾ ਦੇ ਵਿੱਚ ਦਿਸੇ,
ਰੋਂਦੇ ਵੇਖ ਕੇ ਜੰਡ ਕਰੀਰ ਮੈਨੂੰ।
ਆਕੇ ਰੁਠੜਾ ਯਾਰ ਮਨਾ ਦੇਂਦਾ,
ਕੋਈ ਨਾ ਮਿਲਿਆ ਐਸਾ ਪੀਰ ਮੈਨੂੰ।
ਵਲ ਕਢ ਦਿਤੇ ਸਾਰੇ ‘ਬੀਰ’ ਮੇਰੇ,
ਐਸਾ ਇਸ਼ਕ ਕੀਤਾ ਸਿਧਾ ਤੀਰ ਮੈਨੂੰ।

ਜੇਕਰ ਕਰ ਘਾਇਲ ਨਾ ਸੀ ਵਾਤ ਲੈਨੀ,
ਕਾਹਨੂੰ ਤੀਰ ਨੈਣਾਂ ਵਾਲੇ ਮਾਰਨੇ ਸੀ।
ਜੇਕਰ ਫੜਕਦੇ ਪੰਛੀ ਨਾ ਚੁਕਨੇ ਸੀ,
ਕਾਹਨੂੰ ਜਾਲ ਜ਼ੁਲਫ਼ਾਂ ਦੇ ਖਿਲਾਰਨੇ ਸੀ।
ਜੇਕਰ ਪਤਾ ਹੁੰਦਾ ਉਸਦੀ ਖੇਡ ਬਨਨਾ,
ਕਰਕੇ ਦਿਲ ਸਸਤੇ ਕਾਹਨੂੰ ਵਾਰਨੇ ਸੀ।
'ਬੀਰ' ਅਜੇ ਤਕ ਹੋਇਆ ਨਾ ਇਕ ਪੂਰਾ,
ਕੀਤੇ ਕੌਲ ਕਿਤਨੇ ਸੋਹਣੇ ਯਾਰਨੇ ਸੀ।

7. ਜਿਨ੍ਹਾਂ ਲੱਗੀਆਂ

ਜਿਨ੍ਹਾਂ ਲੱਗੀਆਂ ਬਰਛੀਆਂ ਗੁਝੀਆਂ ਨੀ,
ਦਾਰੂ ਕਰਨ ਰਾਜੀ ਨਾ ਤਬੀਬ ਵਾਲੇ।
ਜਿਨ੍ਹਾਂ ਯਾਰ ਪਿਛੇ ਮੌਤ ਖੇਡ ਸਮਝੀ,
ਓਹ ਕੀ ਜਾਣਦੇ ਖੌਫ ਸਲੀਬ ਵਾਲੇ।
ਓਹ ਨਾ ਫਿਰਨ ਭੌਂਦੇ ਦਰਬਦਰ ਦਿਸਨ,
ਜਿਨ੍ਹਾਂ ਫੜੇ ਪੱਲੇ ਇਕ ਹਬੀਬ ਵਾਲੇ।
ਕੌੜੇ ਬੋਲ ਕਹਿਕੇ ਖੈਹ ਖੈਹ ਮਰੇ ਦੁਨੀਆਂ,
ਲਾਹੇ ਲੱਈ ਜਾਂਦੇ ਮਿਠੀ ਜੀਭ ਵਾਲੇ।

ਮਹਿਲਾਂ ਵਾਲੀਏ ਨਾ ਕਰ ਮਾਨ ਐਡੇ,
ਕੰਮ ਸਾਂਈ ਦੇ ਅਜਬ ਤਰਕੀਬ ਵਾਲੇ।
ਕੀ ਪਤਾ ਓਹਨੂੰ ਤੇਰੇ ਮਹਿਲ ਜਾਕੇ,
ਢਠੇ ਕੁਲੜੇ ਭਾਵਨ ਗਰੀਬ ਵਾਲੇ।
ਦੀਵਾ ਜਗੇ ਤੇ ਰਹਿਣ ਅੰਧੇਰ ਅੰਦਰ,
ਬੈਠੇ ਹੇਠਲੇ ਬਹੁਤੇ ਕਰੀਬ ਵਾਲੇ।
ਬੱਦਲ ਸਾਈਂ ਦੀ ਮੇਹਰ ਦਾ ਜਦੋਂ ਵੱਸੇ,
ਨੀਂਵੇ ਥਾਂ ਜੇਹੜੇ ਸੋ ਨਸੀਬ ਵਾਲੇ।

8. ਅੱਜ ਫੇਰ

ਅਜ ਫੇਰ ਜੇ ਓਹਦਾ ਖਿਆਲ ਆਇਆ,
ਮੇਰੇ ਨੈਨ ਨਾਂ ਮੰਨਦੇ ਰੋਈ ਜਾਂਦੇ।
ਰਾਜ਼ ਮੁੱਦਤਾਂ ਦੇ ਲੁਕੇ ਵਿਚ ਸੀਨੇਂ,
ਬਦੋ ਬਦੀ ਜ਼ਾਹਰ ਫੇਰ ਹੋਈ ਜਾਂਦੇ।
ਓਹੀ ਸ਼ਕਲ ਸੋਹਨੀ ਓਹੀ ਚਾਲ ਮੋਹਨੀ,
ਉਹੀ ਤੀਰ ਅਦਾਵਾਂ ਦੇ ਕੋਹੀ ਜਾਂਦੇ।
ਓਹੀ ਜਾਲ ਜ਼ੁਲਫਾਂ ਦੇ ਤੇ ਮਸਤ ਅਖਾਂ।
ਓਹੀ ਪਰਮ ਇਸ਼ਾਰੜੇ ਮੋਹੀ ਜਾਂਦੇ।
ਫੇਰ ਜ਼ਖਮ ਜੁਦਾਈ ਦੇ ਹਰੇ ਹੋ ਗਏ,
ਤੌਰ ਵਹਿਸ਼ੀਆਂ ਦੇ ਫੇਰ ਹੋਈ ਜਾਂਦੇ।
ਫੇਰ ਦਿਲ ਜੇ ਆਨ ਬੇ-ਦਿਲ ਹੋਇਆ,
ਦੌਰੇ ਖੂਨ ਦੇ ਫੇਰ ਖਲੋਈ ਜਾਂਦੇ।

9. ਮੇਰੀ ਜ਼ਿੰਦਗਾਨੀ ਦੀ ਆਸ਼ਾ

ਮੇਰੀ ਜ਼ਿੰਦਗਾਨੀ ਦਾ ਆਸ਼ਾ ਏਹੀ ਸੀ,
ਤੇਰੀ ਜ਼ੁਲਫ ਅੰਦਰ ਗਿਫਤਾਰ ਹੋਨਾ।
ਤਬੀਬਾ ਤੂੰ ਏਹੋ ਸ਼ਫਾ ਮੇਰੀ ਸਮਝੀ,
ਮੁਹੱਬਤ ਕਿਸੇ ਦੀ ਦਾ ਬੀਮਾਰ ਹੋਨਾ।
ਮਿਲੇ ਜ਼ਿੰਦਗੀ ਮੌਤ ਦੋਵੇਂ ਇਕੱਠੇ,
ਕਿਸੇ ਨਾਲ ਨੈਣਾ ਦਾ ਸੀ ਚਾਰ ਹੋਨਾ।
ਵਸੱਲ ਪਿਛੇ ਮਨਜ਼ੂਰ ਸਾਨੂੰ ਜੁਦਾਈ,
ਜ਼ਰੂਰੀ ਜੇ ਫੁਲਾਂ ਨੂੰ ਹੈ ਖਾਰ ਹੋਨਾ।
ਲੁਟਾ ਸਲਤਨਤ ਦਿਲ ਦੀ ਰਸਤੇ ਤੇ ਉਸਦੇ,
ਅਜੇ ਵੀ ਨਹੀਂ ਆਇਆ ਹੁਸ਼ਿਆਰ ਹੋਨਾ।
ਕਿਹਾ ਬੁਲਬੁਲੇ ਫਟਕੇ ਪਾਨੀ ਦੇ ਅੰਦਰ,
ਕੀ ਇਸ ਜੀਵਨ ਤੇ ਗੁਨਾਹਗਾਰ ਹੋਨਾ।
ਜ਼ਰੂਰਤ ਰਹੀ ਨਾਵ ਦੀ ਨਾ ਮਲਾਹ ਦੀ,
ਜਦੋ ਆ ਗਿਆ ਡੁਬ ਕੇ ਪਾਰ ਹੋਨਾ।
ਕਹੇ 'ਬੀਰ’ ਮਨਸੂਰ ਸੂਲੀ ਤੇ ਚੜਕੇ,
ਨਹੀਂ ਔਂਦਾ ਡਿਗ ਡਿਗ ਕੇ ਅਸੱਵਾਰ ਹੋਨਾ।

10. ਸਿੱਕ

ਹੈ ਤਸਵੀਰ ਇਕੋ,ਲਿਖਿਆ ਦੋ ਤਰਫੀਂ।
ਕੱਵੀ ਇਕ ਉਤੇ, ਸਿੱਕ ਇਕ ਉਤੇ।
ਆਸ਼ਕ ਹੈਨ ਦੋਵੇਂ ਇਕ ਦੂਸਰੇ ਤੇ,
ਸਿਕ ਕਵੀ ਉਤੇ, ਕਵੀ ਸਿੱਕ ਉਤੇ।
ਲਿਖੇ ਧੁਰੋਂ ਹੀ ਔਨ ਜਹਾਨ ਅੰਦਰ,
ਹਰਫ ਸਿੱਕ ਦੇ ਕਵੀ ਦੀ ਹਿੱਕ ਉਤੇ।
ਸਿਕ ਸਿਕ ਦਾ ਹੀ ਸ਼ਬਦ ਗੂੰਜਦਾ ਹੈ,
ਕਵੀ ਦੇ ਦਿਲ ਦੀ ਟਿਕ ਟਿਕ ਉਤੇ।
ਸਚੇ ਕਵੀ ਜੋ, ਸਿੱਕ ਤੇ ਲਿਖਨ ਵੇਲੇ,
ਲਫ਼ਜ਼ਾਂ ਦਾ ਨ ਮੂਲ ਐਹਸਾਨ ਸਹਿੰਦੇ।
ਅਪਨੇ ਛਾਨਣੀ ਜਿਗਰ ਦਾ ਵਾਹ ਨਕਸ਼ਾ,
ਹੇਠਾਂ ਲਿਖ ਦੇਂਦੇ 'ਏਹਨੂੰ ਸਿਕ ਕਹਿੰਦੇ।'

ਵੈਨ ਬੁਲਬਲਾਂ ਦੇ ਹਉਕੇ ਘੁਗੀਆਂ ਦੇ,
ਤੇ ਬੰਬੀਹਾਂ ਦੀ ਕੂਕ ਪੁਕਾਰ ਦੇਖੋ।
ਹੰਝੂ ਫੁਲਾਂ ਦੇ, ਸੜਨ ਪਰਵਾਨਿਆਂ ਦਾ,
ਹੋਨਾ ਤਾਰਿਆਂ ਦਾ ਬੇਕਰਾਰ ਦੇਖੋ।
ਜਾਨਾਂ ਪਰਬਤਾਂ ਉਤੇ ਸਮੁੰਦਰਾਂ ਦਾ,
ਫਿਰਨਾਂ ਪਵਨ ਦਾ ਏਹ ਮਾਰੋ ਮਾਰ ਦੇਖੋ।
ਦੇਖੋ ਪਰਬਤਾਂ ਲਾਈ ਸਮਾਧ ਕਿਧਰੇ,
ਕਿਤੇ ਭਉਨ ਮੰਡਲ ਲਗਾਤਾਰ ਦੇਖੋ।
ਜਰਾ ਵੇਖਨਾ ਕੇ ਕਿਸਦੀ ਸਿਕ ਅੰਦਰ,
ਲਖਾਂ ਚੱਨ ਤਾਰੇ ਪਏ ਭੱਜਦੇ ਨੇ।
ਸੁਨਣਾ ਕਨ ਲਾ, ਕਿਨੂੰ ਬੁਲਾ ਰਹੇ ਨੇ,
ਏਹ ਜੋ ਸ਼ਬਦ ਅਨਹਦ ਵਾਲੇ ਵਜਦੇ ਨੇ।

ਏਸ ਸਿਕ ਨੇ ਆਸ਼ਕਾਂ ਵਿਚ ਆਕੇ,
ਮਛਲੀ ਪਟ ਦੀ ਭੁਨ ਖਵਾਈ ਕਿਧਰੇ।
ਕਿਧਰੇ ਤਾਰਕੇ ਸੁੰਦਰਾਂ ਡੋਬੀਉ ਸੂ,
ਸੋਹਣੀ ਡੋਬ ਕੇ ਫੇਰ ਤਰਾਈ ਕਿਧਰੇ।
ਗਲੀ ਗਲੀ, ਜ਼ੁਲੈਖਾਂ ਸੁਦੈਨ ਫੇਰੀ।
ਸਸੀ ਥਲਾਂ ਚਿ ਮਾਰੀ ਤਿਹਾਈ ਕਿਧਰੇ।
ਕਿਧਰੇ ਜਿਊਂਦੀ ਅਨਾਰ ਦੀ ਕਲੀ ਦਬੀ,
ਸਹਿਬਾਂ ਅਰਸ਼ ਤੋਂ ਫਰਸ਼ ਪਟਕਾਈ ਕਿਧਰੇ।
ਮਜਨੂ ਲਖਾਂ ਹੀ ਤੜਫਦੇ ਸਿਸਕਦੇ ਨੇ,
ਏਸ ਲੈਲੀ ਦੇ ਨੈਣਾਂ ਦੀ ਮਾਰ ਖਾਕੇ।
ਬੇਹਿਸਾਬ ਫਰਿਹਾਦ, ਫਰਯਾਦ ਕਰਦੇ,
ਏਸ ਸਿਕ ਦੇ, ਤੇਸੇ ਦਾ ਵਾਰ ਖਾਕੇ।

ਸਿਕ ਇਸ਼ਕ ਹਕੀਕੀ ਦੀ ਰਾਹ ਉਤੇ,
ਕੀਤੇ ਇਸ਼ਕ ਮਿਜ਼ਾਜੀ ਤੋਂ ਵਧ ਕਾਰੇ।
ਕਦੀ ਚਾੜ੍ਹਿਆ ਪਕੜ ਮਨਸੂਰ ਸੂਲੀ,
ਮਤੀ ਦਾਸ ਤੇ ਕਦੀ ਚਲਵਾਏ ਆਰੇ।
ਖਲ ਕਿਤੇ ਤਬਰੇਜ਼ ਉਤਾਰਿਓ ਸੂ,
ਪੁਰਜ਼ੇ ਕਿਤੇ ਸਰਮਦ ਉਡਾਏ ਮਾਰੇ।
ਪੰਜੇ ਸਾਹਬ ਸਿਦਕੀ ਇੰਜਨ ਹੇਠ ਪਿੰਜੇ,
ਮਨੀ ਸਿੰਘ ਦੇ ਬੰਦ ਕਟਵਾਏ ਸਾਰੇ।
ਲਛਮਨ ਸਿੰਘ ਦੇ ਰਿਧੇ ਪਰਵੇਸ਼ ਕਰਕੇ,
ਪੁਠਾ ਅੱਗ 'ਤੇ ਉਸਨੂੰ ਟੰਗਵਾਇਆ ਇਸਨੇ।
ਵਲੇ ਸਤ ਪਾਕੇ ਤੇ ਦਲੀਪ ਸਿੰਘ ਨੂੰ,
ਕਤਲਗਾਹ ਦੇ ਵਿਚ ਪੁਚਾਇਆ ਇਸਨੇ।

ਸਿਕ ਚੱਨ ਸੂਰਜ ਤੇ ਸਿਆਰਿਆਂ ਦੀ,
ਆਪਨੇ ਰੱਬ ਦਾ ਹੁਕਮ ਕਮਾਨ ਦੀ ਏ।
ਸਿਕ ਰਿਖੀ ਮੁਨੀਆਂ ਕੇ ਮੁਕਤ ਹੋਈਏ,
ਸਿਕ ਆਸ਼ਕਾਂ ਯਾਰ ਮਨਾਣ ਦੀ ਏ।
ਕੁਦਰਤ ਦੇ ਮੂੰਹ ਤੋਂ ਘੁੰਡ ਚੁਕ ਸੁਟੇ,
ਦਿਲੀ ਦੀ ਸਿਕ ਏਹੋ ਸਾਇੰਸਦਾਨ ਦੀ ਏ।
ਸਿਕ ਵਲੀ ਪੈਗੰਬਰਾਂ ਔਲੀਆਂ ਦੀ,
'ਮੈਂ' ਮਾਰਕੇ 'ਤੂੰ' ਹੋ ਜਾਨ ਦੀ ਏ।
ਤਾਰਾਂ ਸਿਕ ਦੀਆਂ ਕੁਲ ਬਰਿਹਮੰਡ ਬੱਧਾ,
ਇਸਦੀ ਖਿੱਚ ਤੋਂ ਕੋਈ ਵੀ ਬਾਹਰ ਨਾਹੀਂ।
ਕਿਸੇ ਸ਼ੌਂਕ ਨੂੰ ਸਾਰਾ ਸੂ ਖੇਲ ਰਚਿਆ,
‘ਬੀਰ’ ਸਿਕ ਦੇ ਬਾਝ ਕਰਤਾਰ ਨਾਹੀਂ।

11. ਸਾਂਵੇਂ

ਫਿਰ ਬਦਲ ਵੱਸੇ।
ਫਿਰ ਬਿਜਲੀ ਹੱਸੇ।
ਫਿਰ ਕੁਦਰਤ ਦੱਸੇ।
'ਢਲਦੇ ਪਰਛਾਂਵੇਂ'-ਫਿਰ ਆਏ ਸਾਂਵੇਂ।

ਫਿਰ ਕੋਇਲ ਗਾਂਵੇਂ।
ਫਿਰ ਠੰਡੀਆਂ ਹਵਾਵਾਂ।
ਫਿਰ ਠੰਢੀਆਂ ਛਾਵਾਂ।
ਫਿਰ ਠੰਡੀਆਂ ਆਹਵਾਂ।
ਕੋਈ ਆ ਬਹੇ ਸਾਂਵੇਂ-ਫਿਰ ਆਵਨ ਸਾਂਵੇ।

ਫਿਰ ਕੋਇਲ ਗਾਂਵੇਂ।
ਫਿਰ ਰਲੀਆਂ ਸਈਆਂ।
ਫਿਰ ਪੀਘਾਂ ਪਈਆਂ।
ਫਿਰ ਚੁਨੀਆਂ ਲਹੀਆਂ।
ਫਿਰ ਜੋਬਨ ਰਾਵੇਂ-ਫਿਰ ਆਏ ਸਾਂਵੇਂ।

ਫਿਰ ਕੋਇਲ ਗਾਂਵੇਂ।
ਕਿਉਂ ਬਿਜਲੀ ਲਿਸ਼ਕੇਂ?
ਕਿਉਂ ਬੱਦਲ ਕੜਕੇਂ?
ਕਿਉਂ ਛਾਤੀ ਧੜਕੇਂ?
ਕਿਉਂ ਸੇਜ ਡਰਾਵੇਂ-ਕਿਉਂ ਆਏ ਸਾਂਵੇਂ।

ਕਿਉਂ ਕੋਇਲ ਗਾਂਵੇਂ।
ਕੀ ਪੈਛੜ ਆਈ?
ਕੀ ਮੇਰੇ ਮਾਹੀ?
ਕੁੰਡੀ ਖੜਕਾਈ?
ਜੀ ਆਇਆ ਥਾਂਵੇਂ-ਜੀ ਆਏ ਸਾਂਵੇਂ।
ਜੀ ਜੀ ਹੁਣ ਗਾਂਵੇਂ।

12. ਮਜ਼ਹੱਬ (Religion)

ਮਜ਼ਹਬਾ ! ਫੁਲ ਨਾ ਕੇ ਅਰਸ਼ੀ ਫੁੱਲ ਹੈਂ ਤੂੰ,
ਫੁੱਲਾਂ ਵਾਂਗ ਕੰਡੇ ਤੇਰੇ ਨਾਲ ਵੀ ਨੇ।
ਲੁਟੇ ਅਗਰ ਬੁਲੇ, ਚੜ੍ਹਕੇ ਅਰਸ਼ ਤੇ ਤੂੰ,
ਪੁਟੇ ਫਰਸ਼ ਉਤੇ ਥਾਂ ਥਾਂ ਖਾਲ ਵੀ ਨੇ।
ਉਡਨ ਲਈ ਇਨਸਾਨ ਨੂੰ ਪਰ ਦੇਕੇ,
ਫਾਹਨ ਲਈ ਉਸ ਦੇ ਲਾਏ ਜਾਲ ਵੀ ਨੇ।
ਰੁਤਬੇ ਬੜੇ ਜੇ ਤੇਰੇ ਉਪਾਸ਼ਕਾਂ ਦੇ,
ਤੇਰੇ ਆਸ਼ਕਾਂ ਦੇ ਮੰਦੇ ਹਾਲ ਵੀ ਨੇ।

ਟੁਟੇ ਦਿਲਾਂ ਤਾਈਂ ਕਿਤੇ ਜੋੜਿਆ ਈ,
ਸਾਬਤ ਦਿਲਾਂ ਤਾਈਂ ਕਿਤੇ ਭਨਿਆਂ ਈਂ।
ਜੇਕਰ ਕਿਸੇ ਤਾਈਂ ਅਸਲ ਨਜ਼ਰ ਬਖਸ਼ੀ,
ਕੀਤਾ ਕਿਸੇ ਤਾਈਂ ਅਸਲੋਂ ਅਨ੍ਹਿਆਂ ਈਂ।

ਖਾਸ ਖਾਸ ਉਤੇ ਖਾਸ ਮੇਹਰ ਤੇਰੀ,
ਤੇਰਾ ਕਹਿਰ ਛਾਇਆ ਖਲਕਤ ਆਮ ਉਤੇ।
ਦੱਸਨ ਲਗਿਆਂ ਜੀਭ ਤੇ ਪੈਨ ਛਾਲੇ,
ਜੋ ਜੋ ਜ਼ੁਲਮ ਹੋਏ ਤੇਰੇ ਨਾਮ ਉਤੇ।
ਭੇੜ ਭੇੜ ਕੇ ਕੀਤੀ ਤਬਾਹ ਦੁਨੀਆਂ,
'ਰਾਮ ਰਾਮ’, ਉਤੇ ਤੇ 'ਸਲਾਮ’ ਉਤੇ।
ਇਕੋ ਵਤਨੀਆਂ ਨੂੰ ਕਟ ਮਾਰਿਆ ਈ,
ਝਟਕੇ, ਗਊ, 'ਹਲਾਲ’, ‘ਹਰਾਮ’ ਉਤੇ।

ਆਕੇ ਪਾਪ ਲੁਕਦੇ ਬੁੱਕਲ ਵਿਚ ਤੇਰੀ,
ਹੁੰਦੇ ਖੂਨ ਨੇ ਤੇਰੇ ਇਸ਼ਾਰਿਆਂ ਤੇ।
ਗੋਤੇ ਖਾਂਵਦੇ ਕਈ ਮਾਸੂਮ ਵੇਖੇ,
ਛਾਲਾਂ ਮਾਰਕੇ ਤੇਰੇ ਸਹਾਰਿਆਂ ਤੇ।

ਓਹ ਮਜ਼ਹਬ ਕਾਹਦਾ ਜਿਹੜਾ ਦੂਜਿਆਂ ਦੇ,
ਜਜ਼ਬੇ ਪੈਰਾਂ ਦੇ ਹੇਠ ਲਤਾੜਦਾ ਏ।
ਕਾਹਦਾ ਮਜ਼ਹਬ ਜੋ ਰਬ ਦੀ ਖੁਸ਼ੀ ਪਿਛੇ,
ਉਸਦੇ ਬੰਦਿਆਂ ਦੇ ਸੀਨੇ ਸਾੜਦਾ ਏ।
ਓਹ ਮਜ਼ਹਬ ਕੀ ਜੇਹੜਾ ਅਜ਼ਾਦ ਰੂਹ ਨੂੰ,
ਫਿਰਕੇਦਾਰੀਆਂ ਦੇ ਅੰਦਰ ਤਾੜਦਾ ਏ।
ਸੌਂਹ ਰੱਬ ਦੀ ਮਜ਼ਹਬ ਉਹ ਮਜ਼ਹਬ ਹੀ ਨਹੀਂ,
ਜੇਹੜਾ ਭਾਈ ਨੂੰ ਭਾਈ ਤੋਂ ਪਾੜਦਾ ਏ।

ਓਹਨੇ ਅੱਗੇ ਕੀ ਮਹਿਲ ਉਸਾਰਨੇ ਨੇ,
ਜੋ ਬਰਬਾਦ ਕਰ ਦਏ ਏਥੇ ਵਸਦਿਆਂ ਨੂੰ।
ਓਹਨੇ ਅੱਗੇ ਕੀ ਅਥਰੂ ਪੂਝਨੇ ਨੇ,
ਜੋ ਰੁਆ ਦੇਵ ਏਥੇ ਹਸਦਿਆਂ ਨੂੰ।

ਜਾਂ ਤੇ ਮਜ਼ਹਬ ਹੈ ਧੋਖੇ ਦਾ ਨਾਮ ਦੂਜਾ,
ਜਾਂ ਅਸਾਂ ਇਸ ਨੂੰ ਠੀਕ ਜਾਨਿਆਂ ਨਈਂ।
ਜਾਂ ਇਹ ਜ਼ਹਿਰ ਹੈ ਯਾ ਅਸਾਂ ਏਸ ਅੰਦਰ,
ਅੰਮ੍ਰਿਤ ਲੁਕੇ ਤਾਈਂ ਪੁਨਿਆਂ ਛਾਨਿਆਂ ਨਈਂ।
ਜਾਂ ਏਹ ਢੇਰ ਹੈ ਕਚ ਦੇ ਮਨਕਿਆਂ ਦਾ,
ਇਸਦੇ ਹੀਰਿਆਂ ਨੂੰ ਜਾਂ ਪਛਾਨਿਆਂ ਨਈਂ।
ਜਾਂ ਏਹ ਬੇਸੁਰਾ ਰਾਗ ਹੈ ਜਾਂ ਇਸਦੀ,
ਅਰਸ਼ੀ ਲੈਅ ਨੂੰ ਅਸਾਂ ਨੇ ਮਾਨਿਆਂ ਨਈਂ।

ਮਜ਼ਹਬ ਬੁਰਾ ਹੈ ਏਹ ਇਨਸਾਨ ਕੋਲੋਂ,
ਹੈਵਾਨਾਂ ਦੇ ਕੰਮ ਕਰਾਉਂਦਾ ਏ।
ਐਪਰ ਮਜ਼ਹਬ ਹੀ ਖਾਕ ਦੇ ਬੰਦਿਆਂ ਨੂੰ,
ਜ਼ਿਮੀਂ ਉਤੇ ਫਰਿਸ਼ਤੇ ਬਨਾਂਵਦਾ ਏ।

ਆਓ ਮਜ਼ਹਬ ਦੇ ਸਮਝੀਏ ਸਹੀ ਮੈਨੇ,
ਠੀਕ ਚੱਲੀਏ ਏਹਦੇ ਇਸ਼ਾਰਿਆਂ ਤੇ।
ਮਾਰ ਟੁਬੀਆਂ ਸੱਚ ਨਿਤਾਰ ਲਈਏ,
ਰੌਲਾ ਪੌਨ ਦੀ ਜਗ੍ਹਾ ਕਿਨਾਰਿਆਂ ਤੇ।
ਲਾਹਕੇ ਦੂਈ ਦਾ ਮੋਤੀਆ ਬਿੰਦ ਅਖੋਂ,
ਨਜ਼ਰ ਮਾਰੀਏ ਏਹਦੇ ਨਜ਼ਾਰਿਆਂ ਤੇ।
ਹੱਦਾਂ ਬੰਦੇ ਦੀਆਂ ਪਾਈਆਂ ਹੇਚ ਲਗਨ,
ਚੜਿਆਂ ਮਜ਼ਹਬ ਦੇ ਉੱਚੇ ਮੁਨਾਰਿਆਂ ਤੇ।

ਸਾਰਾ ਨੁਕਤਾ ਨਿਗਾਹ ਈ ਬਦਲ ਜਾਸੀ,
ਨੁਕਤੇ ਹਰ ਅੰਦਰ, ਹਰੀ ਪਾਕੇ ਤੇ।
ਫੇਰ ਰਖਾਂਗੇ, ਇਕੋ ਹੀ ਜਿਲਦ ਅੰਦਰ,
ਵੇਦ, ਗਰੰਥ,, ਕੁਰਾਨ, ਮੜ੍ਹਾ ਕੇ ਤੇ।

13. ਪੱਲਾ

ਜਾਗੇ ਭਾਗ ਸੁਤੇ ਸੁਫਨੇ ਵਿਚ ਮੇਰੇ
ਉਸਨੇ ਮੂੰਹ ਤੇ ਦਿਤਾ ਖਿਲਾਰ ਪੱਲਾ।
ਪੱਲਾ ਕੀ ਸੀ ਬਦਲ ਸੀ ਰਹਿਮਤਾਂ ਦਾ,
ਹਰੀ ਕਰ ਗਿਆ ਮੇਰੀ ਗੁਲਜ਼ਾਰ ਪੱਲਾ।
ਚੁਮਨ ਲਗਾ ਜਾਂ ਪੱਲਾ ਤਾਂ ਖਿਚ ਲੀਤਾ,
ਮਹਿੰਦੀ ਭਰੇ ਹਥਾਂ ਤਿਲੇਦਾਰ ਪੱਲਾ।
ਚਾ ਬੁਝਾ ਦਿਤਾ ਦੀਵਾ ਸਧਰਾਂ ਦਾ,
ਇਕੋਵਾਰ ਹਾਏ ਉਸ ਨੇ ਮਾਰ ਪੱਲਾ।
ਲੰਘ ਚਲਿਆ ਜਦੋਂ ਸ਼ਹੀਦ ਕਰਕੇ,
ਫੜਿਆ ਮੈਂ ਓਦੋਂ ਇਹ ਪੁਕਾਰ ਪੱਲਾ।
ਸ਼ਰਬਤ ਵਸੱਲ ਦੇ ਬਾਝ ਤਬੀਬ ਮੇਰੇ,
ਛਡੇ ਕਿਸ ਤਰਾਂ ਤੇਰਾ ਬੀਮਾਰ ਪੱਲਾ।

ਬੀਆਬਾਨ ਅੰਦਰ ਬਗਲ ਵਿਚ ਲੈਕੇ,
ਮਜਨੂੰ ਲੇਲੀ ਦੀ ਸੀ ਤਸਵੀਰ ਫਿਰਦਾ।
ਲੇਲੀ ਲੇਲੀ ਪੁਕਾਰਦਾ ਫਿਰੇ ਬਨ ਬਨ,
ਲੇਲੀ ਵਾਸਤੇ ਹੋਇਆ ਫਕੀਰ ਫਿਰਦਾ।
ਬਦਨ ਸੁਕ ਸੀ ਤੀਰ ਦੇ ਵਾਂਗ ਹੋਇਆ,
ਸੁਕੇ ਨੈਣ ਪਰ ਨਾਂ ਭਰੇ ਨੀਰ ਫਿਰਦਾ।
ਹਸੇ ਕਦੀ ਤਸਵੀਰ ਨੂੰ ਵੇਖਕੇ ਤੇ,
ਰੋਕੇ ਕਦੀ ਕਰਦਾ ਏਹ ਤਕਰੀਰ ਫਿਰਦਾ।
‘ਪੁਛੇ ਬਾਜ ਅਗੇ ਨਹੀਂ ਜਾਨ ਦੇਨਾ,
ਜਦੋਂ ਵੀ ਫੜ ਲਿਆ ਸਰਕਾਰ ਪੱਲਾ।
ਸ਼ਰਬਤ ਵਸਲ ਦੇ ਬਾਝ ਤਬੀਬ ਮੇਰੇ,
ਤੇਰਾ ਛੱਡ ਦੇ ਕਿਵੇਂ ਬੀਮਾਰ ਪੱਲਾ।'

ਏਧਰ ਮਿਲਨ ਦੀ ਤਾਂਘ ਨੇ ਅੱਤ ਚਾਈ,
ਓਧਰ ਪਿਆ ਝਨਾਂ ਠਾਠਾਂ ਮਾਰਦਾ ਸੀ।
ਏਧਰ ਪਾਸ ਕੱਚੇ ਘੜੇ ਦੀ ਬੇੜੀ,
ਓਧਰ ਪਾਸ ਪਕੇ ਕੌਲ ਇਕਰਾਰ ਦਾ ਸੀ।
ਸੋਹਣੀ ਡੁਬ ਨਾ ਮਰਦੀ ਤੇ ਕੀ ਕਰਦੀ,
ਵਕਤ ਇਸ਼ਕ ਦੀ ਜਿਤ ਜਾਂ ਹਾਰ ਦਾ ਸੀ।
ਵੇਖੋ ਪਰੇਮ ਦੇ ਚਾਲੜੇ ਡੁਬਕੇ ਵੀ,
ਲਾਸ਼ਾ ਯਾਰ ਦਾ ਨਾਮ ਪੁਕਾਰਦਾ ਸੀ।
ਸੁਨ ਅਵਾਜ਼ ਮਹੀਂਵਾਲ ਨੇ ਛਾਲ ਮਾਰੀ,
ਕਹਿਕੇ ਫੜ ਲਿਆ ਯਾਰ ਦਾ ਯਾਰ ਪੱਲਾ।
ਸ਼ਰਬਤ ਵਸਲ ਦੇ ਬਾਝ ਤਬੀਬ ਮੇਰੇ।
ਤੇਰਾ ਛਡਦੇ ਕਿਵੇਂ ਬੀਮਾਰ ਪੱਲਾ।

ਸੁਤਾ ਵੇਖ ਦੂਜਾ ਅਪਣੀ ਸੇਜ ਉਤੇ।
ਛਮਕਾਂ ਨਾਲ ਪਹਿਲੋਂ ਡਾਹਢਾ ਮਾਰਿਓ ਸੂ।
ਫੇਰ ਸਠਾਂ ਸਹੇਲੀਆਂ ਨਾਲ ਰਲਕੇ।
ਗਾਲਾਂ ਕਢੀਆਂ ਖੂਬ ਫਿਟਕਾਰਿਓ ਸੂ।
ਪਛੋਤਾਨ ਲੱਗੀ ਪਿਛੋਂ ਮਾਨ ਮੱਤੀ।
ਪੱਲਾ ਮੁੱਖ ਤੋਂ ਜਦੋਂ ਉਤਰਿਓ ਸੂ।
ਐ ਲਓ ਚਲੇ ਜਾਨੇ ਹਾਂ-ਸਰਕਾਰ ਏਥੋਂ,
ਹਥ ਜੋੜ ਰਾਂਝੇ, ਤਾਂ ਪੁਕਾਰਿਓ ਸੂ।
ਤਦੋਂ ਹੀਰ ਬੋਲੀ ਅਖੀਂ ਨੀਰ ਭਰਕੇ,
ਹੋ ਅਧੀਰ ਕਰਕੇ ਤਾਰ ਤਾਰ ਪੱਲਾ।
ਸ਼ਰਬਤ ਵਸਲ ਦੇ ਬਾਝ ਤਬੀਬ ਮੇਰੇ,
ਕਿਵੇਂ ਛਡਦੇ ਤੇਰਾ ਬੀਮਾਰ ਪੱਲਾ।

ਕੈਦ ਖਾਨਿਓਂ ਲਿਆ ਬੁਲਵਾ ਯੂਸਫ,
ਪਾਸ ਸੱਦ ਕੇ ਨਾਲ ਧਿਆਨ ਡਿੱਠਾ।
ਫੌਰਨ ਵੇਖਦੇ ਸਾਰ ਚਕੋਰ ਹੋ ਗਈ,
ਜਦ ਜੁਲੈਖਾਂ ਨੇ ਚੱਨ ਕਿਨਾਨ ਡਿੱਠਾ।
ਗੋਲੀ ਬਨਕੇ ਰਹਿਣ ਨੂੰ ਫ਼ਖਰ ਸਮਝੀ,
ਅਖੀਂ ਹੁਸਨ ਦਾ ਜਦੋਂ ਸੁਲਤਾਨ ਡਿੱਠਾ।
ਨਸ ਜਾਨ ਲੱਗਾ ਯੂਸਫ ਮਹਿਲ ਵਿਚੋਂ,
ਜਦੋਂ ਔਰਤ ਦਾ ਦਿਲ ਬੇਈਮਾਨ ਡਿੱਠਾ।
ਓਦੋਂ ਝਟ ਜ਼ੁਲੈਖਾ ਨੇ ਇਹ ਕਹਿਕੇ,
ਫੜ ਲਿਆ ਸੀ ਨਾਲ ਪਿਆਰ ਪੱਲਾ।
ਸ਼ਰਬਤ ਵਸਲ ਦੇ ਬਾਜ ਤਬੀਬ ਮੇਰੇ,
ਕਿਵੇਂ ਛਡਦੇ ਤੇਰਾ ਬੀਮਾਰ ਪੱਲਾ।

ਸੁਨ ਸੁਨ ਸਿਫਤਾਂ ਮੀਆਂ ਮੀਰ ਕੋਲੋਂ,
ਕੌਲਾਂ ਬੋਲ ਉਠੀ ਜਾਂ ਵਿਚਾਰ ਕੀਤਾ।
'ਜਿਥੇ ਤਾਰਦਾ ਪਿਆ ਵੇ ਜਗ ਸਾਰਾ,
ਹੋਸੀ ਕੀ ਜੇਕਰ ਸਾਨੂੰ ਪਾਰ ਕੀਤਾ।
ਮਾਲਕ ਆ ਗਿਆ ਮੀਰੀਆਂ ਪੀਰੀਆਂ ਦਾ,
ਜਦੋਂ ਦਿਲਾਂ ਨੇ ਦਿਲਾਂ ਨੂੰ ਤਾਰ ਕੀਤਾ।
ਅਲੜ ਕੁੜੀ ਵੇਖੋ ਬਾਰੀ ਵਿੱਚ ਬੈਠੀ,
ਕਮਲੀ ਹੋ ਗਈ ਜਦੋਂ ਦੀਦਾਰ ਕੀਤਾ।
ਓਦੋਂ ਸਤਰ ਪੜਦੇ ਸਾਰੇ ਭੁਲ ਕੌਲਾਂ,
ਕਹਿਕੇ ਫੜ ਲਿਆ ਸਰੇ ਬਾਜ਼ਾਰ ਪੱਲਾ।
ਸ਼ਰਬਤ ਵਸਲ ਦੇ ਬਾਝ ਤਬੀਬ ਮੇਰੇ,
ਤੇਰਾ ਛਡਦੇ ਕਿਵੇਂ ਬੀਮਾਰ ਪੱਲਾ।

14. ਕਦੀ ਤੇ

ਕਦੀ ਤੇ ਸੁਫਨੇ ਦੇ ਅੰਦਰ ਹੀ,
ਆਕੇ ਦਰਸ ਦਿਖਾਇਆ ਕਰ।
ਲੱਗੀ ਅੱਗ ਵਛੋੜੇ ਵਾਲੀ,
ਇੰਝ ਹੀ, ਆਨ ਬੁਝਾਇਆ ਕਰ।
ਤਾਬ ਹੁਸਨ ਤੇਰੇ ਦੀ ਝਲਨੀ,
ਮੁਸ਼ਕਲ ਹੋਸ਼ਾਂ ਵਿਚ ਰਹਿਕੇ।
ਹਿਜਰ ਦੇ ਦੋਜ਼ਖ਼ ਵਿਚ ਸੜਿਆਂ ਦੀ,
ਖਾਬ ਬਹਿਸ਼ਤ ਬਨਾਇਆ ਕਰ।
ਜੇਕਰ ਮਨਾਂ ਪਰੇਮ ਦੇ ਅੰਦਰ,
ਖੁਲੇ ਡੁਲੇ ਦਰਸ਼ਨ ਨੇ।
ਸੁਫਨੇ ਦੇ ਪੜਦੇ ਵਿਚ ਆਕੇ,
ਪੜਦਾ ਮੂੰਹ ਤੋਂ ਚਾਇਆ ਕਰ।
ਚਿਨਗ ਪਰੇਮ ਦੀ ਤੋਹਫਾ ਲੱਭਾ,
ਮਰਿਆਂ ਕਿਤੇ ਨਾਂ ਬੁਝ ਜਾਵੇ।
ਦੀਵਾ ਮੜੀ ਗਰੀਬਾਂ ਦੀ ਤੇ,
ਕਦੀ ਤੇ ਆਨ ਜਗਾਇਆ ਕਰ।
ਐਸ਼ ਦੇ ਸਾਥੀ ਫੁਲਾਂ ਨੂੰ ਜਦ,
ਸੁਟਿਆ ਸੁਬਾ ਵੱਗਾ ਉਸਨੇ।
ਕਹਿੰਦੇ, ਜੇ ਏਹ ਹਾਲਤ ਕਰਨੀ,
ਗਲੇ ਹੀ ਮੂਲ ਨਾ ਲਾਇਆ ਕਰ।

ਤੱਕ ਫੁੱਲਾਂ ਦੀ ਏਹ ਮਗਰੂਰੀ,
ਇਕ ਪਰੇਮੀ ਹੱਥ ਜੋੜ ਕਿਹਾ।
ਇਕ ਗੱਲਵੱਕੜੀ ਪਾਕੇ ਬੇਸ਼ਕ,
ਸੂਲੀ ਰੋਜ਼ ਚੜਾਇਆ ਕਰ।
ਇਸ਼ਕ ਬਿਮਾਰੀ ਦਾ ਦਾਰੂ ਪੁਛਿਆ,
ਤਾਂ ਪ੍ਰੇਮੀ ਕਹਿਨ ਲਗਾ।
'ਖੂਨ ਦਿਲੇ ਦਾ ਪੀਆ ਕਰ ਤੇ,
ਪੀੜ ਜਿਗਰ ਦੀ ਖਾਇਆ ਕਰ।
ਜੇ ਮਿਲਨਾ ਫੁੱਲਾਂ ਨੂੰ ਚਾਹੇਂ,
ਕੰਡਿਆਂ ਨਾਲ ਯਰਾਨੇ ਪਾ।
ਜੇ ਚਾਹੇਂ ਅਰਸ਼ਾਂ ਤੇ ਰਹਿਨਾ,
ਖੁਦ ਨੂੰ ਖ਼ਾਕ ਬਨਾਇਆ ਕਰ।
ਹੁੰਦੀ ਵਿੱਚ ਵਛੋੜੇ ਦੇ ਵੀ,
ਸੂਖਸ਼ਮ ਤਿਆਰੀ ਵਸਲਾਂ ਦੀ।
ਪੱਤਝੜ ਵੇਖ ਬਹਾਰ ਔਨ ਦੀ,
ਮੱਨ ਵਿੱਚ ਖੁਸ਼ੀ ਮਨਾਇਆ ਕਰ।
'ਬੀਰ’ ਜਗਤ ਵਿੱਚ ਸੱਚੇ ਦਿਲ ਥੀਂ,
ਜੋ ਮੰਗੀਏ ਮਿਲ ਜਾਂਦਾ ਏ।
ਇਸ ਲਈ ਇਕ ਨਿਸ਼ਾਨਾ ਚੰਗਾ,
ਥਾਂ ਥਾਂ ਨਾ ਭਟਕਾਇਆ ਕਰ।

15. ਰਾਜਾ ਸ਼ਿਵਨਾਬ

ਉਹ ਖੁਦ ਆਕੇ ਮਿਲਸਨ, ਲਗਾਕੇ ਇਹ ਲਾਰਾ।
ਚਾ ਮਨਸੁਖ ਨੇ ਲੰਕਾ ਤੋਂ ਕੀਤਾ ਕਿਨਾਰਾ।
ਉਡੀਕਾਂ ਤੇ ਤਾਂਘਾਂ ਦਾ ਫੜਕੇ ਸਹਾਰਾ।
ਸੀ ਸ਼ਿਵਨਾਭ ਸੋਚਾਂ ਦੁੜਾਂਦਾ ਵਿਚਾਰਾ।
ਕਿਤੇ ਇੰਝ ਹੀ ਉਮਰ ਨਾ ਮੁਕ ਜਾਏ।
ਬਿਨਾ ਖਿੜਿਆਂ ਦਿਲਦੀ ਕਲੀ ਸੁਕ ਜਾਏ।

ਕਈ ਨਾਮ ਨਾਨਕ ਦਾ ਲੈ ਛਲ ਗਏ ਸੀ।
ਗੁਰੂ ਬਨਕੇ ਪੂਜਾ ਕਰਾ ਚਲ ਗਏ ਸੀ।
ਕਿਸੇ ਤੋਂ ਨਾ ਸ਼ੰਕੇ ਕਰੇ ਹਲ ਗਏ ਸੀ।
ਵਲੇਵੇਂ ਵਧੇਰੇ ਸਗੋਂ ਵਲ ਗਏ ਸੀ।
ਕਿਸੇ ਨੇ ਨਾ ਤਪਸ਼ ਆਤਮਾਂ ਦੀ ਬੁਝਾਈ।
ਕਿਸੇ ਤੋਂ ਨਾ ਸੀ ਸ਼ਾਂਤ ਰਾਜੇ ਨੂੰ ਆਈ।

ਜਦੋਂ ਛਾ ਗਈ ਦਿਲ ਤੇ ਡਾਢੀ ਨਿਰਾਸ਼ਾ।
ਤਦੋਂ ਪਲਟਿਆ ਕਿਸਮਤਾਂ ਆਨ ਪਾਸਾ।
ਜਿਦੇ ਮਿਲਨ ਦੀ ਟੁਟ ਚੁਕੀ ਸੀ ਆਸਾ।
ਓਹ ਘਰ ਆ ਗਿਆ ਟੁਰਕੇ ਦੇਵਨ ਦਿਲਾਸਾ।
ਜਿਵੇਂ ਪੈਰ ਉਸ ਬਾਗ ਸ਼ਾਹੀ ਚ ਧਰਿਆ।
ਖਿਜ਼ਾਂ ਭਾਂਵੇਂ ਸੀ ਹੋ ਗਿਆ ਬਾਗ ਹਰਿਆ।

ਜਾਂ ਯਾਦ ਆਏ ਰਾਜੇ ਨੂੰ ਸਭ ਪਹਿਲੇ ਧੋਖੇ।
ਬਜ਼ੁਰਗੀ ਦੇ ਦਾਵੇ -ਫਕੀਰੀ ਦੇ ਹੋਕੇ।
ਉਹ ਸਭ ਢੋਲ ਦੇ ਪੋਲ ਦਿਖਲਾਵੇ ਫੋਕੇ।
ਤਾਂ ਬੇ ਸਬਰੇ ਦਿਲ ਤਾਂਈ ਸ਼ਿਵਨਾਬ ਰੋਕੇ।
ਕਹੇ ਐਤਕੀ ਪਹਿਲੇ ਅਜ਼ਮੈਸ਼ ਕਰਨੀ।
ਕਸੌਟੀ ਲਗਾ ਲਗਨੈਂ ਫੇਰ ਚਰਨੀ।

ਅਦਾ ਨਾਜ਼ ਦੀ ਫੌਜ ਜੱਰਾਰ ਲੈਕੇ।
ਸਜੇ ਕਾਮ ਜੋਬਨ ਦੇ ਅਸਵਾਰ ਲੈਕੇ।
ਨਿਗਾਹਾਂ ਤੇ ਨੈਣਾਂ ਦੇ ਹਥਯਾਰ ਲੈਕੇ।
ਭਵਾਂ ਪਲਕਾਂ ਦੇ ਤੀਰ ਤਲਵਾਰ ਲੈਕੇ।
ਅਮੀਰੀ, ਫਕੀਰੀ ਨੂੰ ਅਜ਼ਮੌਨ ਆਈ।
ਖੁਦਾ ਛਲਨ ਨੂੰ ਵੇਖੋ ਆਈ ਖੁਦਾਈ।

ਸਮੁੰਦਰ ਦੀਆਂ ਲਹਿਰਾਂ ਚੜ੍ਹ ਚੜ੍ਹ ਕੇ ਆਵਨ।
ਬੇੜਾ ਜ਼ੋਰ ਸਿਰ ਚੜਕੇ ਆਪਨਾ ਦਿਖਾਵਨ।
ਪਹਾੜਾਂ ਨੂੰ ਨਾਂ ਪੈਰ ਤੋਂ ਪਰ ਹਿਲਾਵਨ।
ਸਗੋਂ ਝੱਗ ਬਨਕੇ ਪਿਛਾਂ ਪਰਤ ਜਾਵਨ।
ਬੜੇ ਜਤਨ ਤੇ ਹੀਲੇ ਕਰ ਕਰਕੇ ਥੱਕੀ।
ਨਾ ਨਾਨਕ ਨੂੰ ਮਾਯਾ ਹਿਲਾ ਮੂਲ ਸਕੀ।

ਵਜ਼ੀਰਾਂ ਨੂੰ ਛੱਡ ਦੌੜਿਆ ਪੈਰ ਨੰਗੇ।
ਹੋ ਲੰਕਾ ਪਤੀ ਹਾੜੇ ਕਢਦਾ ਨ ਸੰਗੇ।
ਪਿਆ ਮਾਫੀਆਂ ਚੁੰਮ ਚੁੰਮ ਚਰਨ ਮੰਗੇ।
ਕਹੇ ਬਖਸ਼ ਦੇ! ਬਖਸ਼ ਦੇ! ਪੀਰ ਚੰਗੇ।
ਨਿਗਾਹ ਨਾਲ ਤਾਂ ਛੱਟਾ ਬਖਸ਼ਸ਼ ਦਾ ਹੋਇਆ।
ਗਿਆ ਡਿਗਿਆ ਮਨਕਾ ਮਾਲਾ ਪਰੋਇਆ।

16. ਪਹਿਲੋਂ ਪ੍ਰੇਮ

ਪਹਿਲੋਂ ਪ੍ਰੇਮ ਕਾਨੀਆਂ ਮਾਰੀਆਂ ਜਾਨ ਜਾਨਕੇ।
ਪਿਛੋਂ ਬੀਮਾਰ ਆਪਨੇ ਦੀ ਪੁਛੀ ਨਾ ਵਾਤ ਆਣਕੇ।
ਭੌਰਾ ਹੈ ਮੇਰੀ 'ਤੜਫ' ਦਾ, ਰੱਸੀਆ ਹੈ ਮੇਰੇ 'ਦਰਦ' ਦਾ,
ਮਾਰੇ ਸੂ ਦਿਲ ਰੀਝਾਨ ਨੂੰ ਪਲਕਾਂ ਦੇ ਤੀਰ ਤਾਨਕੇ।
ਪੜਦੇ ਦਾ ਕਿਡਾ ਸ਼ੁਕੀਨ ਹੈ, ਮੁਢੋਂ ਹੀ ਪੜਦਾ ਨਸ਼ੀਨ ਹੈ,
ਪੜਦੇ ਦੇ ਵਿਚੋਂ ਹੀ ਆਸ਼ਕਾਂ ਨੂੰ ਦੇਂਦਾ ਹੈ ਦਰਸ ਛਾਣਕੇ।
ਮੁਕ ਚਰੋਕਨਾ ਜਾਂਵਦਾ, ਐਡਾ ਕਦੀ ਨਾ ਤੜੱਫਦਾ,
ਜੇਕਰ ਓਹ ਮੇਰੀ ਪੀੜ ਨੂੰ ਵੇਹਿੰਦਾ ਨਾ ਖੁਸ਼ੀਆਂ ਮਾਣਕੇ।
ਦਿਲ ਦੇ ਜ਼ਖਮੀ ਹੋਨ ਦਾ ਸੋਹਣਿਆਂ ਨੈਣਾ ਤੇ ਕੀ ਗਿਲਾ।
ਉਹਦੀ ਗਲੀ 'ਚ ਲੈ ਗਿਆ ਜਾਂ ਦਿਲ ਹੀ ਮੈਨੂੰ ਰਾਣਕੇ।
ਆਸ਼ਕ ਇਸ਼ਕ ਮਸ਼ੂਕ ਦੀ ਉਕੀ ਪਛਾਨ ਨਾ ਰਹੀ,
ਸਾਰਾ ਹੀ ਸ਼ੁਗਲ ਮਿਟ ਗਿਆ, ਕੀਤਾ ਕੀ ਸੱਚ ਪਛਾਣਕੇ।
ਅਮੱਲਾਂ ਦੀ ਪੌੜੀ ਦੇ ਬਿਨਾ, ਚੜਿਆਂ ਏਂ 'ਇਲਮ' ਰੁਖ ਤੇ,
ਡਿਗ ਪਿਉਂ ਜੇ 'ਬੀਰ' ਤੂੰ ਔਨੀਗੇ ਯਾਦ ਨਾਣਕੇ।

17. ਅਛੂਤ ਦੀ ਪੁਕਾਰ

ਪੰਡ ਸਿਰ ਤੇ ਤੂੜੀ ਦੀ।
ਬਾਰ੍ਹੀਂ ਵਰੀਂ ਕਹਿੰਦੇ ਨੇ,
ਰਬ ਸੁਨਦਾਏ ਰੂੜੀ ਦੀ।

ਮਿੱਟੀ ਵਿੱਚ ਰੁਲ ਗਏ ਆਂ।
ਐਸੇ ਮਿਟ ਚੁਕੇ ਕੇ,
ਰਬ ਨੂੰ ਵੀ ਭੁੱਲ ਗਏ ਆਂ।

ਅਖੀਆਂ ਤੋਂ ਮੀਂਹ ਵਰਦਾ।
ਏਸ ਖਵਾਰੀ ਤੋਂ,
ਪੈਦਾ ਹੀ ਨਾਂ ਕਰਦਾ।

ਜਗ ਸੁਨਦੇ ਮਿੱਠਾ ਏ।
ਦੁਰ ਦੁਰ ਛਿਰ ਛਿਰ ਹੀ,
ਅਸੀਂ ਆਕੇ ਡਿੱਠਾ ਏ।

ਦੁਖਾਂ ਦੇ ਸਾੜੇ ਹਾਂ।
ਜੂਨ ਮਨੁਖਾਂ ਦੀ,
ਪਸ਼ੂਆਂ ਤੋਂ ਮਾੜੇ ਹਾਂ।

ਮਤ ਭੁਖਾਂ ਮਾਰੀ ਏ।
ਸਿਰ ਤੇ ਕੂੜਾ ਏ,
ਹਥ ਫੜੀ ਬਹਾਰੀ ਏ।

ਕੀ ਬੜਾ ਹਨੇਰ ਨਹੀਂ?
ਐਨੀ ਸੇਵਾ ਤੇ,
ਸ਼ਾਵਾ ਸ਼ੇ ਫੇਰ ਨਹੀਂ।

ਸੁਖ ਦੂਰੋਂ ਭਜਦੇ ਨੇ।
ਕੰਡਿਆਂ ਤੋਂ ਤਿਖੇ,
ਨਿਤ ਮੇਹਣੇ ਵਜਦੇ ਨੇ।

ਖੰਬ ਕਾਲੇ ਤਿੱਤਰਾਂ ਦੇ।
ਭੁਲਨੇ ਜ਼ੁਲਮ ਨਹੀਂ,
ਅਭਿਮਾਨੀ ਮਿਤ੍ਰਾਂ ਦੇ।

ਖੰਭ ਕਾਲੇ ਕਾਵਾਂ ਦੇ।
ਸਾਡੇ ਤੇ ਕਿਉਂ ਥੁਕਨੈ,
ਚੰਨ ਅਸੀਂ ਵੀ ਮਾਵਾਂ ਦੇ।

ਕਿਸਮਤ ਦੇ ਹੀਨੇ ਹਾਂ।
ਦੁਸ਼ਮਨ ਨਾਂ ਜੀਵੇ,
ਜੋ ਜੀਵਨ ਜੀਨੇ ਹਾਂ।

ਕਹੇ ਲੋਕੀ ਚੰਦਰੇ ਨੇ।
ਰਬ ਮਤੇ ਕੂਕ ਸੁਨੇ,
ਲਾਏ ਮੰਦਰਾਂ ਨੂੰ ਜੰਦਰੇ ਨੇ।

ਥਾਂ ਰੱੜਿਆਂ ਤੇ ਆ ਮੱਲੀ।
ਗਾਂਧੀ ਸਜਨ ਸੀ,
ਪਰ ਉਹਦੀ ਵੀ ਨਾਂ ਚਲੀ।

ਜਿਸ ਦਰ ਤੇ ਜਾਨੇ ਆਂ।
ਟੁਕੜਾ ਨਾ ਮਿਲਦਾ,
ਪਏ ਠੇਡੇ ਖਾਨੇ ਹਾਂ।

ਡਾਹਢੀ ਦਿਲਗੀਰੀ ਏ।
ਬਾਬੇ ਨਾਨਕ ਦੀ,
ਇਕ ਆਸ ਅਖੀਰੀ ਏ।

18. ਭੁਚਾਲ ਕੋਇਟਾ

ਮਈ ਉਨੀਂ ਸੌ ਪੈਂਤੀ ਦੀ ਰਾਤ ਤ੍ਹੀਵੀਂ,
ਸੁਤਾ ਨਾਲ ਸੀ ਅਮਨ ਅਮਾਨ ਕੋਇਟਾ।
ਕੀ ਪਤਾ ਸੀ ਕਿਸੇ ਨੂੰ ਜਗ ਉਤੇ,
ਸੁਭਾ ਰਹੂ ਨਾ ਨਾਮ ਨਿਸ਼ਾਨ ਕੋਇਟਾ।
ਤਾਰੇ ਕੰਬਦੇ ਸੀ ਥਰ ਥਰ ਅੰਬਰਾਂ ਤੇ,
ਡਿਠਾ ਜਿਨਾਂ ਨੇ ਹੁੰਦਾ ਵਿਰਾਨ ਕੋਇਟਾ।
ਸੂਰਜ ਵੇਖ ਹੱਕਾ ਬੱਕਾ ਰਹਿ ਗਿਆ ਸੀ,
ਸੁਭਾ ਸ਼ਹਿਰ ਬਨਿਆ ਕਬਰਸਤਾਨ ਕੋਇਟਾ।

ਮੇਲ ਗੇਲ ਸੁਤਾ ਮਹਿੰਦੀ ਲਾ ਕਿਧਰੇ,
ਕਿਧਰੇ ਗੌਂਕੇ ਮਾਤਾ ਸੁਹਾਗ, ਸੁਤੀ।
ਸੁਰਮਾਂ ਦੇਓਰ ਨੂੰ ਪਾ ਭਰਜਾਈ ਕਿਧਰੇ,
ਕਿਧਰੇ ਗੁੰਦ ਕੇ ਭੈਨ ਸੀ ਵਾਗ ਸੁਤੀ।
ਸੁਭਾ ਲਾਵਾਂ ਦੀ, ਖੁਸ਼ੀ 'ਚ ਖਿੜੀ ਜੋੜੀ,
ਕਿਧਰੇ ਲਾਕੇ ਹਿਰਸ ਦਾ ਬਾਗ ਸੁਤੀ।
ਸੁਤੀ ਸੌਂ ਗਈ ਜੰਝ ਵਿਆਹੁਨ ਆਈ,
ਐਸੀ ਸੁਤੀ ਕਿ ਨਾ ਆਈ ਜਾਗ ਸੁਤੀ।

ਮਹਿੰਦੀ ਵਾਲਿਆਂ ਹਥਾਂ ’ਚ ਲਾਲ ਚੂੜਾ,
ਇਕ ਨਵੀਂ ਵਿਆਹੀ ਸੀ ਆਈ ਹੋਈ।
ਲੂੰ ਲੂੰ ਵਿਚ ਉਹਦੇ ਭਰੀਆਂ ਸਧਰਾਂ ਸੀ,
ਮੂੰਹ ਤੇ ਮੋਹਰ ਸੀ ਸ਼ਰਮ ਨੇ ਲਾਈ ਹੋਈ।
ਅੱਧੀ ਰਾਤ ਸੀ ਓਹਨੇ ਸੁਹਾਗ ਵਾਲੀ,
ਲੇਖਾਂ ਕਾਲਿਆਂ ਵਿਚ ਲਿਖਾਈ ਹੋਈ।
ਸੁਫਨੇ ਵਿਚ ਸ਼ੋਹਧੀ ਰਾਜ ਭੋਗ ਕੇਤੇ,
ਬਗਲ ਜ਼ਲ ਜ਼ਲੇ ਪਿਛੋਂ ਸੀ ਪਾਈ ਹੋਈ।

ਵਖਤਾਂ ਨਾਲ ਰੰਡੇਪੇ ’ਚ ਇਕ ਮਾਈ,
ਪੁਨੀ ਪੁਨੀ ਕਰਕੇ ਪੁਤਰ ਪਾਲਦੀ ਸੀ।
ਮਿੱਠੀ, ਟਲੇ ਸੁਹਾਗ ਦੀ ਯਾਦ ਅੰਦਰ,
ਲੂਨ ਵਾਂਗ ਉਹ ਆਪਨੂੰ ਗਾਲਦੀ ਸੀ।
ਔਨ ਵਾਲਿਆਂ ਸੁਖਾਂ ਦੀ ਆਸ ਉਤੇ,
ਉਹ ਬੇਆਸ ਜ਼ਿੰਦੜੀ ਜਫੇ ਜਾਲਦੀ ਸੀ।
ਐਪਰ ਵਾਂਗ ਸੁਦੈਨਾਂ ਭੁਚਾਲ ਮਗਰੋਂ,
ਇੱਟਾਂ ਵਟਿਆਂ ਚੋਂ ਲਾਲ ਭਾਲਦੀ ਸੀ।

ਇਕ ਕੜੀ ਜੇਡਾ ਸੀ ਜਵਾਨ ਮੁੰਡਾ,
ਸੋਹਨਾਂ ਰੱਜਕੇ, ਭੁਖਾ ਪਿਆਰ ਦਾ ਸੀ।
ਯਾਰ ਸਦਾ ਹੀ ਕਰਨ ਮਖੌਲ ਠੱਠੇ,
ਐਸਾ ਭੌਰ ਉਹ ਆਪਨੀ ਨਾਰ ਦਾ ਸੀ।
ਉਹਦੀ ਸੋਹਲ ਨੱਡੀ ਤੇ ਭੁਚਾਲ ਵੇਲੇ,
ਪਾਸਾ ਡਿਗਿਆ ਆਨ ਦਿਵਾਰ ਦਾ ਸੀ।
ਸੁਭਾ ਸੋਹਨੀ ਦੀ ਲਾਸ਼ ਨੂੰ ਗਲੇ ਲਾਕੇ,
ਮੁੰਡਾ ਵਾਂਗ ਕੁੜੀਆਂ ਭੁਬਾਂ ਮਾਰਦਾ ਸੀ।

ਇਕ ਧਨੀ ਕੋਇਟੇ ਅੰਦਰ ਮੁਦੱਤਾਂ ਤੋਂ,
ਸਨੇ ਬੌਹੜ ਪਰਵਾਰ ਦੇ ਵੱਸਦਾ ਸੀ।
ਇਸਦੇ ਮਹਿਲ ਦਾ ਪਤਾ ਭੂਚਾਲ ਮਗਰੋਂ,
ਉੱਚਾ ਢੇਰ ਇਕ ਮਲਬੇ ਦਾ ਦੱਸਦਾ ਸੀ।
ਓਸ ਢੇਰ ਤੇ ਇਕ ਮਾਸੂਮ ਬੱਚਾ,
ਔਂਦੇ ਜਾਂਦੇ ਦਾ ਕਾਲਜਾ ਖੱਸਦਾ ਸੀ।
ਸਾਰੇ ਰੋਂਦੇ ਸੀ ਉਸਨੂੰ ਵੇਖਕੇ ਤੇ,
ਤੇ ਓਹ ਸਾਰਿਆਂ ਨੂੰ ਵੇਖ ਹੱਸਦਾ ਸੀ।

ਗਏ ਲਖਾਂ ਹੀ ਮਨਾਂ ਦੇ ਭਾਰ ਹੇਠਾਂ,
ਜੀਂਦੇ ਸੋਹਲ ਮਲੂਕ ਇਨਸਾਨ ਦੱਬੇ।
ਕੱਠੇ ਕਾਲ ਕਸਾਈ ਨੇ, ਧੁਨੀ ਨਿਰਧਨ,
ਬੱਚੇ, ਔਰਤਾਂ, ਬੁਢੇ, ਜਵਾਨ, ਦੱਬੇ।
ਕਿਤੇ ਅਖੀਆਂ ਦੇ ਗਏ ਖਾਬ ਦੱਬੇ,
ਕਿਤੇ ਦਿਲਾਂ ਦੇ ਗਏ ਅਰਮਾਨ ਦੱਬੇ।
ਗਏ ਏਸ ਕੋਇਟੇ ਦੇ ਭੁਚਾਲ ਅੰਦਰ,
ਵੱਸੇ ਅਨਵੱਸੇ ਕਈ ਜਹਾਨ ਦੱਬੇ।

ਕੋਇਟਾ ਗ਼ਰਕ ਹੋ ਗਿਆ ਭੁਚਾਲ ਆਕੇ,
ਪਏ ਵੈਨ ਘਰ ਘਰ ਏਸ ਖਬਰ ਉੱਤੇ।
ਕੇਰੇ ਅਥਰੂ ਰਜਕੇ ਕੁਲ ਦੁਨੀਆਂ,
ਏਸ ਸਾਂਝੀ ਇਨਸਾਨ ਦੀ ਕਬਰ ਉੱਤੇ।
ਜਦੋਂ ਵਾੜ ਹੀ ਖੇਤ ਨੂੰ ਖਾਨ ਦੌੜੇ,
ਜਦੋਂ ਰੱਬ ਆਵੇ ਉਤਰ ਜਬਰ ਉੱਤੇ।
‘ਬੀਰ’ ਬੰਦੇ ਵਿਚਾਰੇ ਦਾ ਏਹੀ ਚਾਰਾ,
ਬੈਠ ਜਾਏ ਤੱਕੀਆ ਲਾਕੇ ਸਬਰ ਉੱਤੇ।

19. ਗੁਰੂ ਨਾਨਕ

ਲੜ ਛੱਡ ਕੇ ਸਾਰੇ ਲਟਾਕਿਆਂ ਦਾ,
ਪੱਲਾ ਪਕੜਿਆ ਇਕ ਸਰਕਾਰ ਤੇਰਾ।
ਊਨੇ ਨਸ਼ੇ ਸੰਸਾਰ ਦੇ ਵੇਖ ਸਾਰੇ,
ਆਕੇ ਮਲਿਆ ਅੰਤ ਦਵਾਰ ਤੇਰਾ।
ਇਕ ਦਿਤਿਆਂ ਨਾਮ ਦਾ ਜਾਮ ਭਰਕੇ,
ਸੋਮਾਂ ਘਟੂ ਨਾ ਘਟੂ ਖੁਮਾਰ ਤੇਰਾ।
ਮਸਤੀ ਲਹਿਨ ਨਾਹੀਂ ਦੇਈਂ ਸਖੀ ਸਾਕੀ
ਰਹਿਸਾਂ ਉਮਰ ਭਰ ਸ਼ੁਕਰ ਗੁਜਾਰ ਤੇਰਾ।
ਰਹੇ ਝੁੰਡ ਤੇਰੇ ਗਿਰਦ ਆਸ਼ਕਾਂ ਦਾ,
ਰਹੇ ਹੁਸਨ ਦਾ ਗਰਮ ਬਜਾਰ ਤੇਰਾ।
ਪੀਰ ਪੀਰਾਂ ਦੇ ਐ ਬੇ-ਨਜ਼ੀਰ ਰਹਿਬਰ,
ਜਾਗਨ ਭਾਗ ਜੇ ਹੋਏ ਦੀਦਾਰ ਤੇਰਾ।

ਸਚੀ ਪਿਤਰ ਪੂਜਾ ਦਸੀ ਹਰੀ ਭਗਤੀ,
ਹਰੀ ਭੁਲਿਆਂ ਨੂੰ ਹਰਦਵਾਰ ਜਾਕੇ।
ਇਲਮ ਨਿਉ ਨਿਊਂਕੇ 'ਅਮਲ' ਦੇ ਪੈਰ ਚੁੰਮੇ,
ਕੀਤਾ ਪੰਡਤਾਂ ਨੇ ਜੈ ਜੈ ਕਾਰ ਜਾਕੇ।
ਵਹਿਮ ਹਿੰਦੂ ਦਿਮਾਗ ਦਾ ਦੂਰ ਕਰਕੇ,
ਮੱਕੇ ਵਿਚ ਮੁਸਲਿਮ ਦਿਤੇ ਤਾਰ ਜਾਕੇ।
ਦਿਤਾ ਦੀਨ ਦੇ ਰੁਕਨ ਦਾ ਤੋੜ ਸਾਰਾ,
ਪਰੇਮ ਨਿਮਰਤਾ ਨਾਲ ਹੰਕਾਰ ਜਾਕੇ।
ਜਦੋਂ ਕਾਬੇ ਨੇ ਰੱਬ ਦਾ ਨੂਰ ਡਿੱਠਾ,
ਵਜਦ ਵਿੱਚ ਭੋਂਕੇ ਖੋਲ੍ਹ ਭੇਦ ਦੱਸੇ।
ਮੇਰੇ ਵਿਚ ਲੋਕਾਂ ਜਿਸਨੂੰ ਕੈਦ ਕੀਤਾ,
ਉਹ ਖੁਦਾ ਸੱਚਾ ਸਭੀ ਜਗ੍ਹਾ ਵੱਸੇ।

ਬਾਬਰ ਹੈਂਕੜੀ ਜਿੱਤ ਕੇ ਦੁਸ਼ਮਨਾਂ ਨੂੰ,
ਕਰਾਮਾਤ ਤਲਵਾਰ ਨੂੰ ਸਮਝਦਾ ਸੀ।
ਤਖਤ ਤਾਜ ਵਾਲੀ ਪੌੜੀ ਦੇ ਡੰਡੇ,
ਨੇਜ਼ੇ, ਤੀਰ, ਕਟਾਰ ਨੂੰ ਸਮਝਦਾ ਸੀ।
ਬੇ-ਸੁਰੀ ਕੁਵੇਲੇ ਦੇ ਰਾਗ ਵਾਂਗਰ,
ਖਲਕਤ ਵਾਲੀ ਪੁਕਾਰ ਨੂੰ ਸਮਝਦਾ ਸੀ।
ਪਾਨੀ ਪੀਰਾਂ ਫਕੀਰਾਂ ਦੀ ਕਦਰ ਕੀ ਸੀ,
ਠੱਠਾ ਪਿਆ ਕਰਤਾਰ ਨੂੰ ਸਮਝਦਾ ਸੀ।
ਐਪਰ ਚੁੱਕੀਆਂ ਭੌਂਦਿਆਂ ਵੇਖ ਆਪੇ,
ਨਸ਼ਾ ਸੈਹਿਨਸ਼ਾਹੀ ਸਾਰਾ ਚੂਰ ਹੋਇਆ।
ਡਿਗ ਪਿਆ ਹਜ਼ੂਰ ਦੇ ਵਿਚ ਕਦਮਾ,
ਮਸਤੀ ਨਾਮ ਦੀ ਨਾਲ ਮਖਮੂਰ ਹੋਇਆ।

ਡਿੱਠਾ ਵਲੀ ਕੰਧਾਰੀ ਨੇ ਪਾ ਤਿਊੜੀ,
ਕੇਹੜਾ ਜਿਨੇ ਪਾਇਆ ਮੇਰੇ ਨਾਲ ਪੰਜਾ।
ਫੌਰਨ ਇਕ ਚਟਾਨ ਨੂੰ ਮਾਰਿਓ ਸੂ,
ਜ਼ੋਰ ਨਾਲ ਹੋਕੇ ਲਾਲੋ ਲਾਲ ਪੰਜਾ।
ਬਾਬਾ ਹਸਿਆ, ਤੇ ਏਸ ਵਾਰ ਤਾਂਈ,
ਰੋਕ ਲਿਆ ਅਗੋਂ ਕਰਕੇ ਢਾਲ ਪੰਜਾ।
ਸ਼ਸ਼ੋ ਪੰਜ ਅੰਦਰ ਆਏ ਵੱਲੀ ਹੋਰੀ,
ਦੰਦਾਂ ਨਾਲ ਕੱਟਨ ਬੁਰੇ ਹਾਲ ਪੰਜਾ।
ਪੰਜੇ ਸਾਹਿਬ ਅੰਦਰ, ਪੰਜੇ ਵਕਤ ਪੰਜਾ,
ਪੰਜਾਂ ਉਂਗਲਾਂ ਨਾਲ ਸਮਝਾਂਵਦਾ ਏ।
ਖਾਂਦੇ ਆਏ ਨੇ ਸਿਰ ਮਗਰੂਰ ਠੇਡੇ,
ਮਾਨ ਰੱਬ ਨੂੰ ਮੂਲ ਨਾ ਭਾਂਵਦਾ ਏ।

20. ਧੀ ਦੇ ਵਿਆਹ ਸਮੇਂ ਮਾਤਾ ਦੇ ਵਲਵਲੇ

ਵਾਜੇ ਵੱਜਦੇ ਬੂਹੇ ਤੇ ਹੋਨ ਖੁਸ਼ੀਆਂ,
ਗਾਵਨ ਮੰਗਲਾਚਾਰ ਦੇ ਗੀਤ ਸਾਰੇ।
ਕੱਠਾ ਹੋ ਗਿਆ ਏ ਮੇਲ ਗੇਲ ਆਕੇ,
ਖੁਸ਼ੀ ਮਾਂਵਦੇ ਨਾ ਭਾਈ ਮੀਤ ਸਾਰੇ।
ਮੈਂ ਵੀ ਹੱਸਦੀ ਹੱਸਦੀ ਕਰੀ ਜਾਵਾਂ,
ਚਾਂਈ ਚਾਂਈਂ ਪੂਰੇ ਰਸਮ ਰੀਤ ਸਾਰੇ।
ਐਪਰ ਕੌਨ ਜਾਨੇ ਕੀ ਖਿਆਲ ਆਕੇ,
ਮੇਰੇ ਵਿੱਚ ਸੀਨੇ ਰਹੇ ਬੀਤ ਸਾਰੇ।

ਜਾਨ ਜਿਸਮ ਤੇ ਜਿਗਰ ਦਾ ਜੋ ਟੁਕੜਾ,
ਕੁਖੋਂ ਜਮਿਆਂ ਸ਼ੀਰ ਪਿਆਇਆ ਜਿਸਨੂੰ।
ਵਾਂਗ ਪੁਤਰਾਂ ਲਾਡ ਲਡਾਇਆ ਜਿਸਨੂੰ,
ਚਾਂਈਂ ਚਾਂਈਂ ਅਸਕੂਲ ਪੜਾਇਆ ਜਿਸਨੂੰ।
ਉਸ ਤੋਂ ਵਿਛੜਨੇ ਦਾ ਸਮਾਂ ਆ ਗਿਆ ਵੇ,
ਸਦਾ ਵੇਖਕੇ ਦਿਲ ਪਰਚਾਇਆ ਜਿਸਨੂੰ।
ਕਿਵੇਂ ਰਹਾਂਗੀ ਹੁਣ ਡਿੱਠੇ ਬਾਝ ਉਸਦੇ,
ਅਖੋ ਪਰੇ ਨਾ ਕੱਦੀ ਹਟਾਇਆ ਜਿਸਨੂੰ।

'ਨਾਜ਼ਾਂ ਪਾਲੀਏ, ਲਾਡ ਲਡਿਕੀਏ ਨੀ,
ਜਾਨਾਂ ਤੂੰ ਹੁਣ ਨਵੇਂ ਸੰਸਾਰ ਅੰਦਰ।
ਓਥੇ ਕੰਮ ਆਸੀ ਖੂਬ ਸੁਨੀਂ ਜਾਵੀਂ,
ਮੇਰੀ ਸਿਖਿਆ ਲਫਜ਼ ਦੋ ਚਾਰ ਅੰਦਰ।
ਟੁਰੀਂ ਸੌਰਿਆਂ ਦੀ ਸਦਾ ਤਾਰ ਅੰਦਰ,
ਅਪਨੀ ਜਿਤ ਸਮਝੀਂ ਸਦਾ ਹਾਰ ਅੰਦਰ।
ਸੱਜੀ ਰਹੀਂ ਸੇਵਾ ਦੇ ਸ਼ਿੰਗਾਰ ਅੰਦਰ,
ਸਮਝੀਂ ਫਰਕ ਨਾ ਪੱਤੀ ਕਰਤਾਰ ਅੰਦਰ।

ਜਤ ਸਤ ਦੇ ਗਹਿਣੇਂ ਹੰਡਾਈ ਬੇਟੀ,
ਸ਼ਰਮ ਧਰਮ ਦੀ ਸਦਾ ਪੁਸ਼ਾਕ ਪਾਂਵੀਂ।
ਮੂੰਹ ਤੇ ਰਹੀਂ ਮਿਲਦੀ ਖਿਮਾਂ ਦਾ ਪੋਡਰ,
ਬਿੰਦੀ ਨਿਮਰਤਾ ਦੀ ਮੱਥੇ ਵਿੱਚ ਲਾਵੀਂ।
ਦਯਾ ਦੀ ਸੁਰਖੀ ਤੇ ਪਰੇਮ ਸੁਰਮਾਂ,
ਕੰਘੀ ਕੰਤ ਸੇਵਾ ਵਾਲੀ ਰੋਜ਼ ਵਾਹਵੀਂ।
ਮਹਿੰਦੀ ਹੱਥ ਤੇ ਲਾਵੀਂ ਉਪਕਾਰ ਵਾਲੀ,
ਗੀਤ ਪਤੀ ਪਰਮਾਤਮਾਂ ਦੇ ਗਾਵੀਂ।

ਰੱਬ ਸੁਖਾਂ ਵਾਲੇ ਬੂਹੇ ਖੋਲ ਦੇਵੇ,
ਵਸੇ ਖੁਸ਼ੀ ਦਾ ਸਦਾ ਮਹੱਲ ਤੇਰਾ।
ਔਂਦੀ ਰਹੇ ਠੰਢੀ ਠੰਢੀ ਹੱਵਾ ਤੇਰੀ,
ਖਿੜਿਆ ਚਮਨ ਰਹੇ ਫੁਲ ਫੱਲ ਤੇਰਾ।
ਹੋਵੇ ਵੇਖਨਾ ਦੁਖ ਨਸੀਬ ਨਾਹੀਂ,
ਭਾਗ ਰਹਿਨ ਬੈਠੇ ਬੂਹਾ ਮੱਲ ਤੇਰਾ।
ਅੰਗ ਸੰਗ ਤੇਰੇ ਰਹਿਨ ‘ਬੀਰ' ਸਤਿਗੁਰ,
ਰਹੇ ਸਦਾ ਸੁਹਾਗ ਅਟੱਲ ਤੇਰਾ।

21. ਸੇਹਰਾ

ਫੁਲ ਵਣ ਸਵੱਣੀ ਦੇ ਚੁਨ ਚੁਨ ਕੇ,
ਮਾਲਨ ਗੁੰਦਿਆ ਸੱਧਰਾਂ ਨਾਲ ਸੇਹਰਾ।
ਚਾਈਂ ਚਾਈਂ ਸੁਲੱਖਨੀ ਘੜੀ ਅੰਦਰ,
ਕਿਸੇ ਬਨਿਆ ਮਾਈ ਦੇ ਲਾਲ ਸੇਹਰਾ।
ਰਿਸ਼ਤੇਦਾਰ ਸਨਬੰਧੀ ਪਰਵਾਰ ਮਿਤਰ,
ਵੇਖ ਵੇਖ ਪੈ ਹੋਣ ਨਿਹਾਲ ਸੇਹਰਾ।
ਐਪਰ ਨੀਂਘਰ ਦੇ ਤਾਈਂ ਸੁਗੰਧ ਰਾਹੀਂ,
ਪ੍ਰਗਟ ਕਰ ਰਿਹਾ ਏ, ਏਹ ਖਿਆਲ ਸੇਹਰਾ।
ਮੇਰੇ ਹੋਲਿਆਂ ਫੁਲਾਂ ਦੇ ਹੇਠ ਲੁਕੀਆਂ,
ਜ਼ਿਮੇਵਾਰੀਆਂ ਹੁੰਦੀਆਂ ਭਾਰੀਆਂ ਨੇ।
ਉਮਰਾਂ ਭਰ ਲਈ ਚੁਕਨੀਆਂ ਪੈਣ ਪੰਡਾਂ,
ਭਾਵੇਂ ਲਗਦੀਆਂ ਬਹੁਤ ਪਿਆਰੀਆਂ ਨੇ।

ਅਸਲ ਖੇਡ ਗਰਿਸਤ ਦੀ ਬੜੀ ਮੁਸ਼ਕਿਲ,
ਗੁਰੂ ਪੀਰ ਸਾਰੇ ਏਹੋ ਦੱਸਦੇ ਨੇ।
ਏਹਨੂੰ ਖੇਡਨਾਂ ਕੰਮ ਹੈ ਸੂਰਿਆਂ ਦਾ,
ਕਾਇਰ ਪੁਰਸ਼ ਨੇ ਜੋ ਇਸ ਤੋਂ ਨੱਸਦੇ ਨੇ।
ਦੁਖਾਂ ਔਕੜਾਂ ਦੇ ਅੰਦਰ ਖਿੜੇਂ ਰਹਿਨਾ,
ਜਿਵੇਂ ਫੁੱਲ ਸੂਲਾਂ ਅੰਦਰ ਹੱਸਦੇ ਨੇ।
ਰਹਿਨਾ ਮਾਯਾ ਦੇ ਵਿਚ ਨਿਰਲੇਪ ਐਸਾ,
ਜਿਵੇਂ ਜਲ ਅੰਦਰ ਹੰਸ ਵੱਸਦੇ ਨੇ।
ਵਿਚੋਂ ਰਖਨਾ ਚਿਤ ਵਿਰਾਗ ਭਰਿਆ,
ਉਤੋਂ ਰਖਨੇ ਠਾਠ ਸਰਦਾਰਾਂ ਵਾਲੇ।
ਨੀਵੇਂ ਫਲੀ ਟੈਹਣੀ ਵਾਂਗਰ ਝੁਕੇ ਰਹਿਨਾ,
ਉੱਚੇ ਬੜੇ ਰੁਤਬੇ ਦੁਨੀਆਂਦਾਰਾਂ ਵਾਲੇ।

ਆਪਨੇ ਸੀਨੇ ਦੇ ਤਖ਼ਤ ਹਜ਼ਾਰੇ ਉਤੇ,
ਏਸ ਹੀਰ ਨੂੰ ਚੁੱਕ ਬਹਾਈਂ ਚੱਨਾਂ।
ਭੁਲ ਜਾਨ ਸਾਰੇ ਲਾਡ ਮਾਪਿਆਂ ਦੇ,
ਐਸੇ ਰੀਝ ਦੇ ਲਾਡ ਲਡਾਈਂ ਚੱਨਾਂ।
ਨਾਰੀ ਨਾਲ, ਅਨਿਯਾਂ ਜੋ ਹੋਇ ਹੋਇ ਨੇ,
ਕਸਰ ਉਹਨਾਂ ਦੀ ਖੂਬ ਕਢਾਈਂ ਚੱਨਾਂ।
ਜੁਤੀ ਪੈਰਾਂ ਦੀ ਸਮਝਦੇ ਆਏ ਜਿਸਨੂੰ,
ਉਹਨੂੰ ਸੀਸ ਦਾ ਤਾਜ ਬਨਾਈਂ ਚੱਨਾਂ।
ਐਸੀ ਇਸ਼ਕ ਮਿਜਾਜ਼ੀ ਦੀ ਖੇਡ ਖੇਡੀਂ,
ਇਕ ਜੋਤ ਦੋ ਮੂਰਤਾਂ ਨਜ਼ਰ ਆਵਨ।
ਉੱਚੀ ਕਰੀਂ ਗਰਿਸਤ ਦੀ ਸ਼ਾਨ ਐਸੀ,
ਮਿੱਟੀ ਏਸਦੀ ਮਥੇ ਤੇ ਸਾਧ ਲਾਵਨ।

ਜੇਹੜੇ ਸੀਸ ਉਤੇ ਸੇਹਰਾ ਸਜ ਰਿਹਾ ਏ,
ਉਹ ਸੀਸ ਉੱਚਾ ਸਦਾ ਰਹੇ ਰੱਬਾ।
ਰਹੇ ਸੇਵਾ ਉਪਕਾਰ ਦਾ ਪੁੰਜ ਬਨਕੇ,
ਧਨ ਧਨ ਦੁਨੀਆਂ ਸਾਰੀ ਕਹੇ ਰੱਬਾ।
ਸੁਖ ਰਹਿਣ ਤੁਰਦੇ ਨਾਲ ਨਾਲ ਇਸਦੇ,
ਦੁਖ ਵਿਚ ਸੁਫਨੇ ਵੀ ਨਾ ਸਹੇ ਰੱਬਾ।
ਵਧੇ ਬਾਗ ਪਰਵਾਰ ਤੇ ਵੇਲ ਇਸਦੀ,
ਠੰਢੀ ਛਾਂ ਅੰਦਰ ਸਦਾ ਬਹੇ ਰੱਬਾ।
ਏਸ ਹੰਸਾ ਦੀ ਜੋੜੀ ਸੁਹਾਵਨੀ ਦਾ,
ਨਾਮ ਜਗ ਤੇ ਸਦਾ ਅਟੱਲ ਰੱਖੀਂ।
ਕਰਦੇ ਰਹਿਣ ਸੌਦੇ ਸਦਾ ਨੇਕੀਆਂ ਦੇ,
ਦਿਲ ਇਹਨਾਂ ਦਾ ਆਪਨੀ ਵੱਲ ਰੱਖੀਂ।

22. ਸ਼ਹੀਦੀ ਜੋੜਮੇਲ
ਇਕ ਸਿਖ ਲੜਕੀ ਅਤੇ ਗੁਰੂ ਅਰਜਨ ਦੇਵ ਜੀ

ਧੁਪ ਜੇਠ ਦੀ ਕੜਕਦੀ ਲੂਹੀ ਜਾਵੇ,
ਪੜ੍ਹਕੇ ਜਦੋਂ ਸਕੂਲ ਤੋਂ ਆਵਨੀਂ ਹਾਂ।
ਪੈਨ ਫੌਲੀਆਂ ਤੇ ਰੁਕੇ ਸਾਂਸ ਮੇਰਾ,
ਪਿੰਡਾ ਤਪੇ ਭਾਵੇਂ ਛੱਤਰੀ ਲਵਨੀ ਹਾਂ।
ਤਾਂਬੇ ਰੰਗ ਦੇ ਜਿਮੀਂ ਅਸਮਾਨ ਹੋਏ,
ਮੁੜ੍ਹਕਾ ਚੋਏ ਬੇਦਲ ਹੁੰਦੀ ਜਾਵਨੀ ਹਾਂ।
ਪਹੁੰਚ ਘਰੀਂ ਸੁਟਾਂ ਛੱਤਰੀ ਕਿਤੇ ਬਸਤਾ,
ਲਸੀ ਪੀਆਂ ਠੰਡੇ ਪਾਨੀ ਨ੍ਹਾਵਨੀ ਹਾਂ।
ਐ ਸਿਰਤਾਜ ਸ਼ਹੀਦਾਂ ਦੇ ਗੁਰੂ ਅਰਜਨ,
ਚਿਟੇ ਦੁਧ ਵਰਗੇ ਡੇਹਰੇ ਸਾਹਿਬ ਵਾਲੇ।
ਐਸੀ ਰੁੱਤ ਅੰਦਰ ਸਚੇ ਪਾਤਸ਼ਾਹ,
ਤਤੇ ਤਵੇ ਤੇ ਜੱਫੇ ਤੂੰ ਕਿਵੇਂ ਜਾਲੇ?

ਚੌਂਕੇ ਵਿਚ ਕਿਧਰੇ ਕੰਮ ਕਰਦਿਆਂ ਦਾ,
ਤਤੇ ਤਵੇ ਨੂੰ ਹਥ ਜੇ ਲਗ ਜਾਏ।
ਪਵੇ ਉੱਡਕੇ ਛਿਟ ਜੇ ਦੇਚਕੇ ਤੋਂ,
ਸਾਰੇ ਬਦਨ ਅੰਦਰ ਲਗ ਅੱਗ ਜਾਏ।
ਪਾਨੀ ਉਬਲਦੇ ਦੀ ਪਏ ਚੁਲੀ ਕਿਧਰੇ,
ਸੜਨ ਫੈਲ ਸਾਰੇ ਰੱਗ ਰੱਗ ਜਾਏ।
ਐਨ ਯਾਦ ਆਵੇ ਉਹਦੋਂ ਗੁਰੂ ਅਰਜਨ,
ਨਦੀ ਨੀਰ ਦੀ ਨੈਨਾਂ ਤੋਂ ਵਗ ਜਾਏ।
ਮੇਥੋਂ ਵਧ ਕਿਤਨੇ ਗੁਣਾਂ ਸੋਹਲ ਹੋਕੇ,
ਤਤੇ ਤਵੇ ਤੇ ਚੌਂਕੜੀ ਕਿਵੇਂ ਮਾਰੀ।
ਕਿਵੇਂ ਬੈਠਿਓਂ ਉਬਲਦੀ ਦੇਗ ਅੰਦਰ,
ਮੇਰੀ ਸੋਚਦੀ ਸੋਚਦੀ ਅਕੱਲ ਹਾਰੀ।

ਲੌਹਢੇ ਪਹਿਰ ਜਾਵਨ ਭੱਠੀ ਵਲ ਕੁੜੀਆਂ,
ਜਦੋਂ ਝੋਲੀਆਂ ਚਿ ਦਾਨੇ ਪਾਇਕੇ ਤੇ।
ਆਖਨ ਵੇ ਭਾਈ ਸਾਡੇ ਭੁਨ ਦੇਈਂ,
ਦਾਨੇ ਖੂਬ ਭਠੀ ਨੂੰ ਤਪਾਏ ਕੇ ਤੇ।
ਲਗੇ ਰੇਤ ਤੱਤੀ ਜਦੋਂ ਦਾਨਿਆਂ ਨੂੰ,
ਤੜਫ ਉਠਦੇ ਨੇ ਤੜਫੜਾਏ ਕੇ ਤੇ।
ਦਾਨੇ ਭੁਜਦੇ ਵੇਖਕੇ ਗੁਰੂ ਅਰਜਨ,
ਸਾਨੂੰ ਯਾਦ ਭੁਨੇ ਤੇਰੀ ਆਏਕੇ ਤੇ।
ਤੱਤੀ ਰੇਤ ਨੇ ਤੇਰੇ ਤੇ ਪੈ ਪੈ ਕੇ,
ਕੀਤਾ ਦਾਨਿਆਂ ਦੇ ਵਾਂਗ ਹਾਲ ਤੇਰਾ।
ਸੁਨਿਆਂ ਜਾਏ ਨਾ ਸਾਕੇ ਦਾ ਹਾਲ ਤੇਹਾ,
ਦੁਖੀ ਹੋ ਗਿਆ ਏ ਵਾਲ ਵਾਲ ਮੇਰਾ।

ਰਾਤ ਜੇਠ ਦੀ ਹੁੰਦੀ ਹੈ ਕਹਿਰ ਵਾਲੀ,
ਜਦੋਂ ਸਿਕੱਰ ਕੋਠੇ ਪੈਰ ਧਰਦਾ ਏ।
ਤਪਨ ਬੱਨੇਂ ਬਨੇਰੇਂ ਤੰਦੂਰ ਵਾਂਗਰ,
ਪਾਨੀ ਪੀ ਪੀ ਕੇ ਪੇਟ ਭਰੀਦਾ ਏ।
ਸੜੀਆਂ ਹੋਈਆਂ ਵਛਾਈਆਂ ਤੋਂ ਸੇਕ ਨਿਕਲੇ,
ਪਰਤ ਪਰਤ ਪਾਸੇ ਕਸ਼ਟ ਜਰੀਦਾ ਏ।
ਲਾਲ ਖੂਹ ਵਾਲਾ ਸਾਕਾ ਤਦੋਂ ਤੇਰਾ,
ਨਾਲ ਹੋਕਿਆਂ ਦੇ ਯਾਦ ਕਰੀਦਾ ਏ।
ਯਾਦ ਕਰੀਦਾ ਏ ਸਾਕਾ ਦਰਦ ਵਾਲਾ,
ਬੇਕਲ ਤਾਰਿਆਂ ਦੇ ਵਾਂਗ ਹੋਈਦਾ ਏ।
ਸੋਮੇਂ ਨੈਣਾਂ ਦਿਆਂ ਵਿਚੋਂ ਨੀਰ ਭਰ ਭਰ,
ਤੇਰੇ ਛਾਲਿਆਂ ਨੂੰ ਰੋ ਰੋ ਧੋਈਦਾ ਏ।

ਮੈਨੂੰ ਪਤਾ ਨਹੀਂ ਹੱਛੀ ਤਰਾਂ ਤੇਰੀ,
ਪਿਤਾ! ਕਿਵੇਂ ਸ਼ਹੀਦੀ ਮਨਾਈਦੀ ਏ।
ਅਲੱੜ ਹਾਂ ਨਾ ਜਾਨਾਂ ਕਿ ਕਿਵੇਂ ਤੈਥੋਂ,
ਸਿੱਖੀ ਸਿਦਕ ਵਾਲੀ ਦਾਤ ਪਾਈਦੀ ਏ,
ਏਹਨਾਂ ਦਿਨਾਂ ਵਿਚ ਤੇਰੀ ਤਸਵੀਰ ਅਗੇ,
ਗਰਦਨ ਰੋ ਰੋ ਰੋਜ਼ ਝੁਕਾਈਦੀ ਏ।
ਛੋਟੇ ਭੈਣਾਂ ਤੇ ਵੀਰਾਂ ਨੂੰ ਕਥਾ ਤੇਰੀ,
ਕਰਕੇ ਕਠਿਆਂ ਰੋਜ਼ ਸੁਨਾਈਦੀ ਏ।
ਧੰਨ ‘ਬੀਰ’ ਸੈਂ ਗੁਰੂ ‘ਸੁਖਮਨੀ’ ਵਾਲੇ,
ਭਾਨਾ ਮੱਨ ਕੇ ਜਗ ਨੂੰ ਦੱਸਦਾ ਸੈਂ।
ਸੁਖਨ ਸਿਰਾਂ ਦੇ ਨਾਲ ਨਿਭਾਨ ਖਾਤਰ,
ਤਤੇ ਤਵੇ ਤੇ ਬੈਠਕੇ ਹੱਸਦਾ ਸੈਂ।

23. ਹਿੰਦੁਸਤਾਨੀਆਂ ਦੀ ਫੁਟ

ਐਸਾ ਪੁਠਾ ਜ਼ਮਾਨੇ ਨੂੰ ਗੇੜ ਆਇਆ,
ਭਾਈ ਭਾਈ ਤੋਂ ਹੈ ਨਾਂ-ਉਮੈਦ ਹੋਇਆ।
ਪਿਆ ਹਿੰਦੁਆਂ ਦੀ ਅਖੋਂ ਲਊ ਟਪਕੇ,
ਮੁਸਲਮਾਨਾਂ ਦਾ ਲਊ ਸੁਫੈਦ ਹੋਇਆ।
ਪੈਹਨੀ ਚਾਂਦੀ ਦੀ ਹਥਕੜੀ ਖਾਲਸੇ ਨੇ,
ਮਜ਼ਹਬ ਜ਼ੁਲਫ ਸੁਨੈਹਰੀ ਚਿ ਕੈਦ ਹੋਇਆ।
ਰਾਜਾ ਵਾੜ ਬਨਕੇ ਖੇਤ ਖਾਨ ਲਗਾ,
ਵੈਰੀ ਜਾਨ ਦਾ ਆਨ ਕੇ ਵੈਦ ਹੋਇਆ।
ਐਸੇ ਸਮੇਂ ਪਿਆਰ ਮਿਲਾਪ ਵਾਲਾ,
ਗੀਤ ਪਿਆ ਕੁਵੇਲੇ ਦਾ ਰਾਗ ਲੱਗੇ।
ਐਪਰ ਗਾਵਨੋਂ ਟਲੀਂ ਨਾ ਮੂਲ ਸ਼ਾਇਰ,
ਮਤੇ ਸ਼ਾਇਰੀ ਕਸਬ ਨੂੰ ਦਾਗ ਲਗੇ।

ਤਵਾਰੀਖ ਪਿਛਲੀ ਅਗਵਾਈ ਕਰਦੀ,
ਸੁਜਾਖਿਆਂ ਰੌਸ਼ਨ ਮੁਨਾਰਾ ਬਨਕੇ।
ਕਈ ਏਸ ਚਟਾਨ ਨਿਫਾਕ ਦੀ ਨੇ,
ਬੇੜੇ ਅਸਾਂ ਦੇ ਡੋਬੇ ਕਿਨਾਰਾ ਬਨਕੇ।
ਜਿਸਨੂੰ ਕੁਦਿਆ ਚਾ, ਕੇ ਸੁਟ ਭਾਈਆਂ,
ਅੰਦਰ ਖੇਡ, ਚਮਕੇ ਆਪ ਤਾਰਾ ਬਨਕੇ।
ਸੁਫਨਾ ਹੋ ਗਏ ਓਸਦੇ ਖਾਬ ਸਾਰੇ,
ਮਿਟੀ ਵਿਚ ਮਿਲ ਗਿਆ ਗੁਬਾਰਾ ਬਨਕੇ।
ਜਿਸਨੇ ਚਾਹਿਆ ਕਿ ਪਾਨੀ ਦੀ ਸਤਾ ਵਾਂਗਰ,
ਇਕੋ ਜਿਹਾ ਰਖੇ ਨੀਵੇਂ ਉਚਿਆਂ ਨੂੰ।
ਓਸ ਮੇਲ ਮਿਲਾਪ ਦੀ ਲੈਹਰ ਵਿਚੋਂ,
ਪੈਦਾ ਕੀਤਾ ਕਈ ਰਤਨਾ ਸੁਚਿਆਂ ਨੂੰ।

ਜੇਹੜੇ ਮੁਲਕ ਅੰਦਰ ਭਾਈ ਫੁਟਦੇ ਨੇ,
ਓਸ ਮੁਲਕ ਦੇ ਭਾਗ ਫੁਟ ਜਾਂਵਦੇ ਨੇ।
ਰਾਵਨ ਜਹੇ ਸਰਬੰਸ ਨੂੰ ਨਾਸ ਕਰਕੇ,
ਮਿਟੀ ਸੋਨੇ ਦੀ ਲੰਕਾ ਬਨਾਂਵਦੇ ਨੇ।
ਪਿਰਥੀ ਰਾਜ ਵਰਗੇ ਚਤਰ ਸੂਰਮੇ ਵੀ,
ਅੰਨੇ ਹੋਕੇ ਠੋਕਰਾਂ ਖਾਂਵਦੇ ਨੇ।
ਯੂਸਫ ਜਹੇ ਰੁਲ ਰੁਲ ਪਰਦੇਸ ਅੰਦਰ,
ਭਾ ਅਟੀਆਂ ਦੇ ਚਾ ਵਿਕਾਂਵਦੇ ਨੇ।
ਜਰਾ ਸੋਚਨਾ ਸਦੀਆਂ ਚ ਕਾਇਮ ਹੋਈ,
ਮੁਗਲਾਂ ਦੀ ਖੋਈ ਪਾਤਸ਼ਾਹੀ ਕਿਸ ਨੇ।
ਏਹਨਾਂ ਸਿਖਾਂ ਦੀ ਆਂਦੀ ਤਬਾਹੀ ਕਿਸ ਨੇ,
ਹਥੋਂ ਆਈ ਪੰਜਾਬ ਗਵਾਈ ਕਿਸਨੇ।

ਸਾਡੀ ਫੁਟ ਦੇ ਮੋਢਿਆਂ ਤੇ ਚੜ੍ਹਕੇ,
ਲੋਕੀਂ ਦੂਰ ਦੁਰਾਡਿਓਂ ਆਂਵਦੇ ਰਹੇ।
ਸਾਨੂੰ ਮਾੜਿਆਂ ਜਾਨ ਕੇ ਦੇਸ ਸਾਡੇ,
ਅੰਦਰ ਆਨ ਕੇ ਛੌਨੀਆਂ ਪਾਂਵਦੇ ਰਹੇ।
ਸਾਡੇ ਘਰ ਅੰਦਰ ਬੈਹਕੇ ਲੂਨ ਸਾਡਾ,
ਨਾਲੇ ਘੂਰਦੇ ਰਹੇ ਨਾਲੇ ਖਾਂਵਦੇ ਰਹੇ।
ਸਾਰੀ ਆਪਨੇ ਦੇਸ ਪਹੁੰਚਾਨ ਪਿਛੇ,
ਬੁਰਕੀ ਸੁਟ ਕੇ ਸਾਨੂੰ ਲੜਾਂਵਦੇ ਰਹੇ।
ਫੁਟ ਕਿਸੇ ਨਾ ਛਡਿਆ ਕਿਸੇ ਜੋਗਾ,
ਹਿੰਦੂ ਨੂੰ ਕੀ ਤੇ ਮੁਸਲਮਾਨ ਨੂੰ ਕੀ।
ਵੇਹਲੇ ਬੈਠਕੇ ਆਉ ਹੁਨ ਸ਼ਰਮ ਖਾਈਏ,
ਪਲ ਹੋਰ ਹੈ ਅਸਾਂ ਦੇ ਖਾਨ ਨੂੰ ਕੀ।

ਉਲਰ ਉਲਰ ਤੈਨੂੰ ਮੇਹਣੇ ਮਾਰਦੀ ਏ,
ਤੁੱਰੇਦਾਰ ਪਗੜੀ ਮੁਸਲਮਾਨ ਤੇਰੀ।
ਤੇਰੇ ਜਿਊਂਦਿਆਂ ਘਟੇ ਦੇ ਵਿਚ ਰਲ ਗਈ,
ਹਿੰਮਤ ਬਾਬਰੀ ਅਕਬਰੀ ਸ਼ਾਨ ਤੇਰੀ।
ਵਿਕਦੀ ਫਿਰੇ ਹੋਕੇ ਸਸਤੀ ਕੌਡੀਆਂ ਤੋਂ,
ਮਹਿੰਗੀ ਸਵਾ ਲੱਖੀ ਸਿਖਾ ਜਾਨ ਤੇਰੀ।
ਕਿਥੇ ਕ੍ਰਿਸ਼ਨ ਦਾ ਬ੍ਰਹਮ ਗਿਆਨ ਡੁਬਾ,
ਕਿਥੇ ਰਾਜਪੂਤੀ, ਹਿੰਦੂ, ਆਨ ਤੇਰੀ।
ਅਜੇ ਡੁਲਿਆਂ ਬੇਰਾਂ ਦਾ ਵਿਗੜਿਆ ਨਾ,
ਜੇਕਰ ਗਲਤੀਆਂ ਤੇ ਪਸਚਾਤਾਪ ਕਰੀਏ।
‘ਬੀਰ’ ਉਗਲਾਂ ਉਤੇ ਤਕਦੀਰ ਨੱਚੇ,
ਅਜੇ ਵੀ ਜੇ ਕਿਤੇ ਮਿਲਾਪ ਕਰੀਏ।

24. ਸਰਦਾਰ ਧਰਮ ਸਿੰਘ ਦਿਲੀ ਵਾਲੇ

ਧਰਮ ਸਿੰਘ ਸੀ ਨਾਮ ਉਸ ਦੇਵਤੇ ਦਾ,
ਸੋਹਲੇ ਜਿਦੇ ਮੇਰੀ ਕਲਮ ਗਾਉਣ ਲਗੀ।
ਦਿੱਲੀ ਵਿਚ ਰਹਿੰਦਾ, ਸਿਫਤ ਜਿਦੇ ਦਿਲ ਦੀ,
ਦਿਲਾਂ ਵਾਲਿਆਂ ਤਾਈਂ ਸੁਨਾਉਣ ਲੱਗੀ।
ਕੀ ਏਹ ਦਿਲ ਸੀ ਕਿ ਕਾਨ ਨੇਕੀਆਂ ਦੀ,
ਹੀਰੇ ਲਾਲ ਜਵਾਹਰ ਲੁਟਾਉਣ ਲੱਗੀ।
ਕੀ ਏਹ ਦਿਲ ਸੀ ਕਿ ਬੈਹਰ ਖੂਬੀਆਂ ਦਾ,
ਲੈਹਰ ਲੈਹਰ ਜਿਸਦੀ ਲੈਹਰ ਲਾਉਣ ਲੱਗੀ।
ਬਾਜਾਂ ਵਾਲਾ ਹੋ ਗਿਆ ਸੀ ਦਿਲੋਂ ਆਸ਼ਕ,
ਏਸ ਦਿਲ ਤੇ ਜੋ ਟੁਕੜਾ ਮਾਸ ਦਾ ਸੀ।
ਰਹਿਮਤ ਵਸਦੀ ਸੀ ਏਸ ਦਿਲ ਅੰਦਰ,
ਲੋੜਵੰਦਿਆਂ ਨੂੰ ਬਦਲ ਆਸ ਦਾ ਸੀ।

ਏਸ ਨਿੱਕੇ ਜਹੇ ਸੱਖੀ ਦਿਲ ਅੰਦਰ,
ਸੀਗਾ ਕੁਲ ਕੁਦਰਤ ਦਾ ਕਮਾਲ ਲੁਕਿਆ ।
ਸੀ ਉਤਸ਼ਾਹ ਦੇ ਅੰਦਰ ਵੈਰਾਗ ਲੁਕਿਆ,
ਜਿਵੇਂ ਰਾਗ ਹੁੰਦਾ ਅੰਦਰ ਤਾਲ ਲੁਕਿਆ ।
ਲੁਕਿਆ ਇਸ਼ਕ ਰੱਬੀ ਇਸ ਵਿਚ ਇਸ ਤਰਾਂ ਸੀ,
ਜਿਵੇਂ ਅੰਦਰ ਜਵਾਬ ਸਵਾਲ ਲੁਕਿਆ ।
ਲੁਕਿਆ ਕੰਵਲ ਦੇ ਵਾਂਗ ਸੀ ਵਿਚ ਮਾਯਾ,
ਸੀਗਾ ਗੋਦੜੀ ਦੇ ਅੰਦਰ ਲਾਲ ਲੁਕਿਆ ।
ਦਯਾ ਧਰਮ ਹਿੰਮਤ ਮੋਹਕਮ ਕਰਕੇ ਤੇ,
ਏਸ ਦਿਲ ਅੰਦਰ ਸਾਹਿਬ ਰਖੀਆਂ ਸੀ ।
ਦਿਲ ਕੀ ਪੂਰਨ ਵਿਰਾਗ ਦਾ ਸੀ ਸੋਮਾਂ,
ਰਾਜ ਯੋਗ ਦੋ ਲੈਹਰਾਂ ਦੋ ਅਖੀਆਂ ਸੀ ।

ਸ਼ਾਹ ਦਿਲ ਪਰ ਨਰਮ ਹਲੀਮ ਡਾਢਾ,
ਉਹ ਗਰੀਬ ਵੀ ਸੀ ਤੇ ਅਮੀਰ ਵੀ ਸੀ ।
ਲਖਾਂ ਵੰਡਦਾ ਕੋਲ ਨਾ ਰਖਦਾ ਸੀ,
ਪਾਤਸ਼ਾਹ ਵੀ ਸੀ ਤੇ ਫਕੀਰ ਵੀ ਸੀ ।
ਹੁੰਦਾ ਚਾਰ ਸੀ ਪਰਉਪਕਾਰ ਕਰਕੇ,
ਦੁਖੀ ਦਿਲਾਂ ਦੇ ਲਈ ਦਿਲਗੀਰ ਵੀ ਸੀ ।
ਲੈਹਰਾਂ ਉਹਦੀਆਂ ਤੋਂ ਮੋਤੀ ਉਛਲਦੇ ਸੀ,
ਉਹ ਇਕ ਬੈਹਰ ਵੀ ਸੀ ਕਤਰਾ ਨੀਰ ਵੀ ਸੀ ।
ਵਿਰਵੇ ਵੇਖ ਕੇ ਸ਼ਮਾਂ ਦੇ ਵਾਂਗ ਘੁਲਦਾ,
ਪਰ ਨਾ ਸਾੜਦਾ ਸੀ ਪਰਵਾਨਿਆਂ ਨੂੰ ।
ਜੋ ਵੀ ਸ਼ਰਨ ਆਉਂਦੇ ਕੰਠ ਨਾਲ ਲਾਉਂਦਾ,
ਇਕੋ ਜਹੇ ਆਪਨੇ ਤੇ ਬੇਗਾਨਿਆਂ ਨੂੰ ।

25. ਵਿਸਾਖੀ

(੧)
ਗੁਰੂ ਖਾਲਸੇ ਤਾਈਂ ਵਿਸਾਖੀ,
ਲੱਗਦੀ ਬਹੁਤ ਪਿਆਰੀ ।
ਕਿਉਂਕਿ ਏਸ ਦਿਹਾੜੇ ਇਸਨੂੰ,
ਮਿਲੀ ਦਾਤ ਸੀ ਭਾਰੀ ।
ਧੜ ਤੋਂ ਸਿਰ ਸਿਖਾਂ ਦਾ ਲਹਿਕੇ ,
ਸੀਸ ਗੁਰੂ ਦਾ ਲੱਗਾ ।
‘ਬੀਰ' ਮੁਰੀਦ ਪੀਰ ਹੋਏ ਜਦ,
ਮੁਰਸ਼ਦ ਕਿਰਪਾ ਧਾਰੀ ।

(੨)
ਦੁਨੀਆਂ ਫੇਰ ਮਨਾਏ ਖੁਸ਼ੀਆਂ,
ਆਈ ਫੇਰ ਵਿਸਾਖੀ ।
ਸੋਚਵਾਨ ਆਖਨ ਪਏ ਮਨ ਨੂੰ,
ਘਟੀ ਉਮਰ ਦੀ ਬਾਕੀ ।
'ਮੈਂ' ਮੂਰਖ ਨੇ ਨਵੇਂ ਸਾਲ ਦੇ,
ਪ੍ਰੋਗ੍ਰਾਮ ਕਈ ਸੋਚੇ ।
ਪਰ ਏਹ ਸੋਚ ਮੂਲ ਨਾ ਆਈ,
ਦਮ ਦਾ ਭਲਾ ਵਿਸਾਹ ਕੀ ।

26. ਨਿਗਾਹਾਂ

ਇਕ ਨਿਗਾਹਾਂ ਐਸੀਆਂ,
ਦਿਲ ਦੇ ਕਰਨ ਟੁਕੜੇ ਹਜ਼ਾਰ ।
ਇਕ ਨਿਗਾਹਾਂ ਐਸੀਆਂ,
ਕਰ ਦੇਂਦੀਆਂ ਦਿਲ ਠੰਢੇ ਠਾਰ ।
ਇਕ ਨਿਗਾਹਾਂ ਐਸੀਆਂ,
ਕੁਰਬਾਨ ਹੋਵਨ ਵੇਖ ਵੇਖ ।
ਇਕ ਨਿਗਾਹਾਂ ਐਸੀਆਂ,
ਕਰ ਦੇਂਦੀਆਂ ਬੇੜੇ ਨੇ ਪਾਰ ।

27. ਇਕ ਸਾਂਈਂ

ਇਕ ਫਕਰ ਸਾਂਈਂ ਨੇ ਕਿਹਾ,
ਵੇਸਵਾ ਵੇਖ ਬਜ਼ਾਰ ਅੰਦਰ ।
“ਏਹ ਕਿਹਾ ਫਤੂਰ ਮਚਾਇਆ ਈ,
ਸਾਰੇ ਸੰਸਾਰ ਅੰਦਰ ।
ਲੱਖ ਲਾਨਤ ਤੇਰੀ ਚਾਲ ਰੂਪ,
ਅਲਮਸਤ ਜਵਾਨੀ ਤੇ ।
ਖਲਖਤ ਸਾਰੀ ਚਾ ਜਕੜੀਊ,
ਨਜ਼ਰਾਂ ਦੀ ਤਾਰ ਅੰਦਰ ।
ਚਲਦੇ ਗੁਮਰਾਹੇਂ ਹਸ ਹਸਕੇ,
ਨੇਕੀ ਦਾ ਖੂਨ ਕਰੇਂ ।
ਵੱਸਦੇ ਬਰਬਾਦ ਜੋ ਕੀਤੇ ਨੀ,
ਨਾ ਆਉਣ ਸ਼ੁਮਾਰ ਅੰਦਰ ।
ਅਰਸ਼ਾਂ ਤੋਂ ਭੁੰਜੇ ਚਾ ਡੇਗੇਂ,
ਮਾਸੂਮ ਸ਼ਿਕਾਰ ਕਰੇਂ ।
ਅਨਗਿਨਤ ਕਰੀ ਜਾਂਵੇ ਵਾਧੇ,
ਪਾਪਾਂ ਦੇ ਭਾਰ ਅੰਦਰ ।"

ਉਹ ਠਹਿਰੀ ਸਾਂਈ ਵਲ ਤੱਕੀ,
ਤੇ ਨਾਲ ਅੱਦਾ ਬੋਲੀ।
'ਕਿਉਂ ਸਾਈਂ ਜੀ ਐਵੇਂ ਆ ਗਏ,
ਇਤਨੇ ਹੰਕਾਰ ਅੰਦਰ?
ਮੇਰੀ ਬਾਬਤ ਫਰਮਾਇਆ ਜੋ,
ਸੱਚ ਸੋਲਾਂ ਆਨੇ ਹੈ।
ਪਰ ਜੋ ਦਿੱਸਾਂ ਓਹੋ ਹੀ ਹਾਂ,
ਇਕੋ ਜੇਹੀ ਬਾਹਰ ਅੰਦਰ।
ਕੀ ਤੂੰ ਵੀ ਅੰਦਰੋਂ ਐਸਾ ਹੈਂ,
ਜੈਸਾ ਦਿਸੇਂ ਬਾਹਰੋਂ?
ਜੇ ਫਰਕ ਹੱਈ ਤਾਂ ਮੈਂ ਜਿਤੀ,
ਤੂੰ ਆਇਓਂ ਹਾਰ ਅੰਦਰ।'
ਖ਼ਵਰੇ ਕੀ ਹੋਇਆ ਸਾਈਂ ਨੂੰ,
ਉਸਦੀ ਏਹ ਗਲ ਸੁਨਕੇ।
ਨੀਵਾਂ ਸਿਰ ਅਖੀਆਂ ਪਾ ਲਈਆਂ,
ਡੁਬ ਗਿਆ ਵਿਚਾਰ ਅੰਦਰ।
ਰੋਂਦਾ ਕੁਰਲਾਂਦਾ ਤੇ ਕਹਿੰਦਾ,
ਮੁੜ ਗਿਆ ਵਿਰਾਨੇ ਨੂੰ।
‘ਕੀਕਨ ਧੋਪੇ ਬਹੁ ਮੈਲ ਭਰੀ,
‘ਬੀਰ' ਔਗਨਹਾਰ ਅੰਦਰ।

28. ਕੀ ਸਮਝਾਂ?

ਆਸ ਫਕਰ ਜੇ ਸ਼ਾਹ ਦਾ ਵਸਲ ਹੋਵੇ,
ਉਹ ਮੈਂ ਅਕਲ ਸਮਝਾਂ ਕਿ ਸੁਦਾ ਸਮਝਾਂ।
ਜਿਸਨੂੰ ਗੋਦੜੀ ਦੇ ਵਿਚੋਂ ਲਾਲ ਲਭੇ,
ਉਹ ਮੈਂ ਸ਼ਾਹ ਸਮਝਾਂ ਕਿ ਗਦਾ ਸਮਝਾਂ।
ਰੋਮ ਰੋਮ ਰਮਿਆਂ ਪਰ ਨਾ ਨਜ਼ਰ ਆਵੇ,
ਉਹ ਮੈਂ ਨਾਲ ਸਮਝਾਂ ਕਿ ਜੁਦਾ ਸਮਝਾਂ।
ਸਮਝਾਂ ਇਹ ਕਿ ਉਹ ਮੇਰਾ ਹੈ ਆਸ਼ਕ,
ਕਿ ਮੈਂ ਆਪਨੂੰ ਉਸ ਤੋਂ ਫਿਦਾ ਸਮਝਾਂ।
ਜੇਹੜੇ ਨੈਣਾ ਨੇ ਕੀਤਾ ਸ਼ਹੀਦ ਮੈਨੂੰ,
ਉਹ ਮੈਂ ਤੀਰ ਸਮਝਾਂ ਕਿ ਅਦਾ ਸਮਝਾਂ।
'ਬੀਰ' ਵਸਦਾ ਜੋ ਦਿਲ ਦੇ ਵਿਚ ਮੇਰੇ,
ਉਹ ਮੈਂ ਬੁਤ ਸਮਝਾਂ ਕਿ ਖੁਦਾ ਸਮਝਾਂ।

(੧)
ਬਾਜਾਂ ਵਾਲੇ ਗੁਰੂ ਤੇਰਾ ਲੈਂਦਿਆਂ ਹੀ ਨਾਮ
ਇਕ ਅਖੀਆਂ ਦੇ ਵਿਚ ਤਸਵੀਰ ਖਿਚੀ ਜਾਂਵਦੀ।
ਮੀਟ ਲਵਾਂ ਅੱਖੀਆਂ ਕਿ ਕਿਤੇ ਨਜ਼ਰ ਲਗ ਜਾਂਵੇ,
ਅਖੀਆਂ ਤੋਂ ਲਹਿਕੇ ਦਿਲੇ ਵਿਚ ਜਾ ਸਮਾਂਵਦੀ।
ਭੁਲੀਆਂ ਨੇ ਖੇਡਾਂ ਸਾਨੂੰ ਜਦੋਂ ਦੀ ਏਹ ਖੇਡ ਲੱਭੀ,
ਪਰ ਹਾਂ ਹੈਰਾਨ ਇਕ ਸਮਝ ਨਾ ਆਂਵਦੀ।
ਤੇਰੇ ਜਹੇ ਗੁਰੂ ਬਪਰਵਾਹ ਸ਼ਹਿਨਸ਼ਾਹ ਤਾਈਂ,
ਮੇਰੇ ਮੈਲੇ ਦਿਲ ਜਹੀ ਜਗ੍ਹਾ ਕਿਵੇਂ ਭਾਂਵਦੀ?

(੨)
ਭੁਲਾਂ ਭੱਰੀ ਜ਼ਿੰਦਗਾਨੀ ਭਰੇ ਖੁਸ਼ੀ ਨਾਲ ਮੈਨੂੰ,
ਬੜਾ ਹਾਂ ਹਸਾਨਮੰਦ ਇਕ ਇਕ ਭੁਲ ਦਾ।
ਰਬ ਨਾ ਬਨਾਂਵਦਾ ਜੇ ਭੁਲਨਹਾਰ ਆਦਮੀ ਨੂੰ,
ਉਹਦੀ ਬਖਸ਼ਿੰਦਗੀ ਦਾ ਭੇਦ ਕਿਵੇਂ ਖੁਲਦਾ।
ਭੁਲ ਵਿਚ ਫੁੱਲ ਅਨਮੁੱਲ ਵਾਹਿਗੁਰੂ ਨੇ ਰਖੇ,
ਪਾਰ ਹੋਨ ਲਈ ਭੁਲ ਕੰਮ ਦੇਵੇ ਪੁੱਲ ਦਾ।
ਜਿਨੂੰ ਪੈਰ ਤਿਲਕਿਆਂ ਜਮੀਨ ਤੋਂ ਰੁਪਈਆ ਲਭੇ,
ਉਹਨੂੰ ਠੀਕ ਪਤਾ ਹੁੰਦਾ ਭੁਲ ਵਾਲ ਮੁੱਲ ਦਾ।

29. ਨੌਜਵਾਨ ਸਿਖਾ!

ਨੌਜਵਾਨ ਸਿਖਾ ਬੇਸ਼ਕ ਤੈਨੂੰ,
ਪਿਆ ਕੋਟ ਵੀ ਏ ਪਤਲੂਨ ਵੀ ਏ।
ਹਥ ਘੜੀ ਤੇ ਗਲੇ ਨਕਟਾਈ ਕਾਲਰ,
ਮਲਿਆ ਮੂੰਹ ਤੇ ਖੂਬ ਸਾਬੂਨ ਵੀ ਏ।
ਪਰ ਦਸ ਪਿਛਲੇ ਸਿਖੀ ਸਿਦਕ ਵਾਲਾ,
ਤੇਰੇ ਘਰ ਆਟੇ ਵਿਚੋਂ ਲੂਨ ਵੀ ਏ?
ਬਨਿਆਂ ਫਿਰੇ ਪੁਤਰ ਬਾਜਾਂ ਵਾਲੜੇ ਦਾ,
ਰਗਾਂ ਵਿਚ ਉਸ ਬੀਰ ਦਾ ਖੂਨ ਵੀ ਏ?
ਤੇਰਾ ਮੁਖ ਮੰਤਵ ਦੁਨੀਆਂ ਦੀ ਇਜ਼ਤ,
ਰੰਗ ਮਾਨਨੇ ਐਸ਼ ਅਰਾਮ ਕਰਨਾ।
ਤੈਨੂੰ ਕੌਣ ਦਸੇ? ਤੇਰੇ ਵਡਿਆਂ ਦਾ,
ਆਦਰਸ਼ ਸੀ ਕੌਮ ਦੇ ਮਰਨ ਮਰਨਾ।

ਮੇਰੇ ਵੀਰ, ਜੇਕਰ ਕੁਦਰਤ ਨੂੰ ਤੇਰਾ,
ਖਾਨਾ ਪਹਿਨਣਾ ਹੀ ਮਨਜ਼ੂਰ ਹੁੰਦਾ।
ਤਾਂ ਫਿਰ ਸਚ ਜਾਨੀ ਤੇਰਾ ਜਨਮ ਜਾਕੇ,
ਕਿਸੇ ਹੋਰ ਹੀ ਮੁਲਕ ਜ਼ਰੂਰ ਹੁੰਦਾ।
ਐਸੀ ਕੌਮ ਅੰਦਰ ਹੁੰਦਾ ਵਾਸ ਜਿਸਨੂੰ,
ਖਾਨ ਪੀਨ ਦਾ ਸਿਰਫ ਸ਼ਹੂਰ ਹੁੰਦਾ।
ਜਿਥੇ ਜਿਸਮ ਦੇ ਸੁਖਾਂ ਦਾ ਰਾਜ ਹੁੰਦਾ,
ਜਿਥੇ ਆਤਮਾ ਦਾ ਮਸਲਾ ਦੂਰ ਹੁੰਦਾ।
ਐਪਰ ਹੁਣ ਜੇਹੜਾ ਤੈਨੂੰ ਹੈ ਮਿਲਿਆ,
ਬਾਜਾਂ ਵਾਲੜੇ ਦਾ ਸਿਖੀ ਮਰਤਬਾ ਹੈ।
ਇਸਦੀ ਤਹਿ ਅੰਦਰ ਕਾਰਣ ਹੈ ਕੋਈ,
ਹਿਕਮਤ ਹੈ ਕੋਈ, ਕੋਈ ਫਲਸਫਾ ਹੈ।

ਜੇ ਵਿਚਾਰ ਵਾਲੀ ਦੂਰਬੀਨ ਲਾਕੇ,
ਏਸ ਜਗ ਅੰਦਰ ਝਾਤੀ ਮਾਰਦੋਂ ਤੂੰ।
ਤੇਰੇ ਸ਼ਕ ਸ਼ਿਕਵੇਂ ਸਾਰੇ ਦੂਰ ਹੁੰਦੇ,
ਵਾਹ ਵਾਹ ਹੀ ਪਿਆ ਪੁਕਾਰਦੋਂ ਤੂੰ।
ਜਿਥੇ ਰਖਿਆ ਗਿਆ ਹੈ, ਠੀਕ ਹੈ ਥਾਂ,
ਤੇਰੇ ਲਈ ਇਹੋ ਨਿਸਚਾ ਧਾਰਦੋਂ ਤੂੰ।
ਆਸ਼ਾ ਜਿੰਦਗੀ ਦਾ ਤੈਨੂੰ ਨਜ਼ਰ ਆਉਂਦਾ,
ਜੀਵਨ ਓਸ ਅਨੁਸਾਰ ਗੁਜ਼ਾਰਦੋਂ ਤੂੰ।
ਤੈਨੂੰ ਸਜਦੇ ਨਾ ਫੇਰ ਟਾਈ ਕਾਲਰ,
ਵਜਾ ਕਤਾ ਹੁੰਦੀ ਹੋਰ ਯਾਰ ਤੇਰੀ।
ਬੈਠੇ ਉਠਦਿਆਂ, ਸੌਂਦਿਆਂ ਹੋਰ ਹੀ ਥਾਂ,
ਕਿਤੇ ਵੱਜਦੀ ਸੁਰਤ ਦੀ ਤਾਰ ਤੇਰੀ।

ਵਡੇ ਤੇਰਿਆਂ ਨੇ ਜੇਹੜੇ ਸ਼ੁਰੂ ਕੀਤੇ,
ਕਾਰਜ, ਉਹਨਾਂ ਨੂੰ ਤੋੜ ਨਿਭਾਨਾ ਹੈ ਤੂੰ।
ਪਾਪ ਜੁਲਮ ਦਾ ਖੋਜ ਮਿਟਾਨਾ ਹੈ ਤੂੰ,
ਭਾਰਤ ਵਰਸ਼ ਆਜ਼ਾਦ ਕਰਾਨਾ ਹੈ ਤੂੰ।
ਡੰਕਾ ਏਕਤਾ ਵਾਲਾ ਵਜੌਨਾ ਹੈ ਤੂੰ,
ਝੰਡਾ ਸਚ ਚੌਤਰਫ ਝੁਲਾਨਾ ਹੈ ਤੂੰ।
ਭੇਦ ਆਪਨੇ ਆਪ ਦਾ ਪੌਨਾਂ ਹੈ ਤੂੰ,
ਇਕ ਇਕ ਗੁਰ ਵਾਕ ਕਮੌਨਾ ਹੈ ਤੂੰ।
ਦੇਖ ਕਿੰਨੀਆਂ ਇਹ ਜਿਮੇਵਾਰੀਆਂ ਜੋ,
ਕੁਦਰਤ ਨੇ ਤੇਰੇ ਸਿਰ ਤੇ ਰੱਖੀਆਂ ਨੇ।
ਅਖਾਂ ਖੋਲਕੇ ਦੇਖ ਕਿ ਦਸਾਂ ਗੁਰੂਆਂ,
ਤੇਰੀ ਵਲ ਲਾਈਆਂ ਹੋਈਆਂ ਅਖੀਆਂ ਨੇ ।

ਤੇਰੇ ਹਕ ਦੁਨੀਆਂ ਤੈਨੂੰ ਕਿਉਂ ਦੇਵੇ,
ਜੇ ਨਾ ਆਪ ਆਵੇ ਤੈਨੂੰ ਜਾਗ ਸਿਖਾ।
ਤੂੰ ਤਾਂ ਹਕ ਕਹਿਨੈਂ ਇਸ ਜੰਗ ਅੰਦਰ,
ਤਰਲੇ ਕੀਤਿਆਂ ਨਾ ਮਿਲ ਦਾ ਸਾਗ ਸਿਖਾ।
ਹਕ ਲੈਵਨੇ ਦੀ ਜਾਂ ਗਵਾਵਨੇ ਦੀ,
ਤੇਰੇ ਆਪਨੇ ਹਥ ਹੈ ਵਾਗ ਸਿਖਾ।
ਜੇਹੜੇ ਜਾਗਦੇ ਨੇ ਹੰਸ ਹੋ ਜਾਂਦੇ,
ਸੁਤੇ ਰਹਿਨ ਜੇਹੜੇ ਰਹਿੰਦੇ ਕਾਗ ਸਿਖਾ।
ਸੁਤੇ ਰਹਿਨ ਜੇਹੜੇ ਉਹ ਵੀ ਜਾਗਦੇ ਨੇ,
ਐਪਰ ਜਾਗਦੇ ਨੇ ਘਰ ਲੁਟਾ ਕੇ ਤੇ।
ਮਿਸਲ ਓਹਨਾਂ ਦੀ ਹੈ ਓਸ ਲਾਸ਼ ਵਾਂਗਰ,
ਜਿਸ ਨੂੰ ਮਿਲੀ ਬੇੜੀ ਪਰ ਡੁਬਾ ਕੇ ਤੇ।

30. ਲਾਹੌਰ ਦੀ ਗਰਮੀ
ਅਤੇ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਯਾਦ ਹੈ ਮੈਨੂੰ ਮਹੀਨੇ ਜੇਠ ਦੀ ਇਕ ਰਾਤ ਸੀ,
ਗਰਮੀਆਂ ਦੀ ਅਰਸ਼ ਤੇ ਗੁਡੀ ਤੇ ਸਰਦੀ ਮਾਤ ਸੀ।
ਤੁਲਸੂੰ ਤੁਲਸੂੰ ਲੋਕ ਚਾਰੇ ਪਾਸਿਆਂ ਤੇ ਕਰ ਰਹੇ,
ਤਪਸ਼ ਦੇ ਤੀਰਾਂ ਨੂੰ ਸਿਰ ਸੁਟੀ ਵਿਚਾਰੇ ਜਰ ਰਹੇ।
ਪਾਣੀ ਮੁੜ ਮੁੜ ਪੀਂਵਦੇ ਤੇ ਮੁੜਕਾ ਮੁੜਕਾ ਹੋਵੰਦੇ,
ਮਛਲੀ ਵਾਂਗਰ ਬਿਸਤਰੇ ਤੇ ਤੜਫਦੇ ਦਿਲ ਖੋਵੰਦੇ।
ਲੋਰੀਆਂ ਦੇਂਦੀ ਤੇ ਥਾਪੜਦੀ ਕੋਈ ਮਾਂ ਅਕ ਗਈ,
ਚੂੜੇ ਵਾਲੀ ਬਾਂਹ ਕੋਈ ਝਲ ਝਲ ਕੇ ਪਖਾ ਥਕ ਗਈ।
ਤਪਸ਼ ਨੇ ਕੁਮਲਾ ਕੇ ਫੁਲਾਂ ਨੂੰ ਬਨਾਇਆ ਖਾਰ ਸੀ,
ਗੁਲਬਦਨ ਲੋਕਾਂ ਗਲੇ ਚੋਂ ਲਾਹਕੇ ਮਾਰੇ ਹਾਰ ਸੀ।
ਖੁਸ਼ਕ ਹੋਇ ਬਦਨ, ਫੈਲੀ ਹਵਾ ਅੰਦਰ ਰਾਖ ਸੀ,
ਕੋਠੇ ਛਤਾਂ ਬੂਹੇ ਬਨੇ ਹੋਏ ਲੋਹੇ ਲਾਖ ਸੀ।
ਹੋਗਿਆ ਹੁਸੜ ਸੀ ਡਾਹਢਾ, ਹਵਾ ਚਲਨੋ ਰੁਕ ਗਈ,
ਨਾਲ ਤਾਲੂ ਜਾਕੇ ਲਗੀ ਜੀਬ ਮੂੰਹ ਵਿਚ ਸੁਕ ਗਈ।
ਤਾਰਿਆਂ, ਅਗ ਦੇ ਲਾਂਬੂ ਨਿਕਲਦੇ ਭਾਸਦੇ,
ਡੌਰੇ ਭੌਰੇ ਹੋ ਗਏ ਸੀ ਤੋਰ ਬਿਰਧ ਅਕਾਸ ਦੇ।
ਜਗਤ ਸੜਦੇ ਬਲਦੇ ਦੋਜ਼ਖ ਦਾ ਨਮੂਨਾ ਜਾਪਦਾ,
ਗਰਮੀ ਬਨ ਆਈ ਸੀ ਬਦਲਾ ਆਦਮੀ ਦੇ ਪਾਪ ਦਾ।
ਹੋਗਿਆ ਮੁਸ਼ਕਲ ਸੀ ਡਾਹਢਾ ਸੌਣਾ ਮੇਰੇ ਵਾਸਤੇ,
ਰਾਤ ਸੀ ਜਾਂ ਸੋਚ ਅੰਦਰ ਭੌਨਾ ਮੇਰੇ ਵਾਸਤੇ।
ਦੁਖ ਸਮੇਂ ਦੁਖ ਯਾਦ ਔਂਦੇ, ਹੈ ਸੁਭਾ ਇਨਸਾਨ ਦਾ,
ਆਇਆ ਉਨੋਂ ਖਿਆਲ ਅਰਜਨ ਗੁਰੂ ਦੇ ਇਮਧਾਨ ਦਾ।
ਏਹੋ ਖੂਨੀ ਰੁੱਤ ਸੀ ਇਹੋ ਹੀ ਸ਼ਹਿਰ ਲਾਹੌਰ ਸੀ,
ਡੇਮੂਆਂ ਨੇ ਏਥੇ ਹੀ ਅਜ਼ਮਾਇਆ ਅਰਸ਼ੀ ਭੌਰ ਸੀ।
ਏਥੇ ਹੀ ਕੁਦਰਤ ਨੇ ਖੋਟਾ ਖਰਾ ਪਰਖਨ ਦੇ ਲਈ,
ਚਾੜੀਆਂ ਘਸਵੱਟੀਆਂ ਤੇ ਭੱਠੀਆਂ ਤਾਈਆਂ ਕਈ।
ਨਿਭ ਗਏ ਕੀਤੇ ਸੁਖਨ ਏਥੇ ਸਿਰਾਂ ਦੇ ਨਾਲ ਸੀ,
ਕਹਿਣੀ ਬਹਿਣੀ ਰੈਹਨੀ ਵਿਚ ਆਇਆ ਫਰਕ ਨਾ ਵਾਲ ਸੀ।
ਗੱਦੀ ਗੁਰਯਾਈ ਤੇ ਬਹਿਕੇ ਕੀਤੇ ਜੋ ਉਪਦੇਸ਼ ਸੀ,
ਖੁਦ ਕਮਾ ਦਸੇ ਜਦੋਂ ਆਈ ਜ਼ਰੂਰਤ ਪੇਸ਼ ਸੀ।
ਆਤਮਾਂ ਤੇ ਜਿਸਮ ਦੀ ਏਥੇ ਹੀ ਹੋਈ ਜੰਗ ਸੀ,
'ਹੌਮੇਂ’ ਠੁਕਰਾਈ ਗਈ ‘ਭਾਨੇ' ਨੂੰ ਲੱਗੇ ਰੰਗ ਸੀ।
ਰਿਦੀ, ਸਿਦੀ, ਕਰਾਮਾਤਾਂ, ਸ਼ਕਤੀਆਂ, ਹੁੰਦੇ ਹੋਏ,
ਭਾਨੇ ਦੀ ਵਡਿਆਈ ਰੌਸ਼ਨ ਕੀਤੇ ਕੁਲ ਜਹਾਨ ਤੇ।

ਬ੍ਰਹਮ ਗਿਆਨੀ ਦੀ ਲਿਖੀ ਵਿਚ ਸੁਖਮਨੀ ਤਾਰੀਫ ਜੋ,
ਬੈਠ ਤੱਤੇ ਤਵੇ ਤੇ ਕੀਤਾ ਨਮੂਨਾ ਪੇਸ਼ ਓ।
ਚੌਰ ਝੁਲਵਾ ਮੂਹੋਂ ਉਸਤਤ ਨਿਕਲੀ ਜੇ ਕਰਤਾਰ ਦੀ,
ਰੇਤ ਤੱਤੀ ਦੇ ਪਿਆਂ ਵੀ ਜੀਬ ਸਿਫਤ ਉਚਾਰਦੀ।
ਏਥੇ ਹੀ ਆਲਮ ਨੂੰ ਆਕੇ ਅਮਲ ਦੇ ਪਰਚੇ ਪਏ,
ਲੈ ਸ਼ਹੀਦੀ ਡਿਗਰੀਆਂ ਹੋ ਸੁਰਖਰੂ ਆਸ਼ਕ ਗਏ।
ਗਿਨਤੀਆਂ ਹੀ ਗਿਨਦਿਆਂ ਸਾਰੀ ਗੁਜ਼ਰ ਗਈ ਰਾਤ ਸੀ,
ਸੁਰਤ ਜੱਦ ਪਰਤੀ ਤਾਂ ਡਿਠਾ ਹੋ ਗਈ ਪ੍ਰਭਾਤ ਸੀ।

31. ਦਸਮ ਗੁਰੂ

ਅਖਾਂ ਖੋਹਲ ਜੇ ਦੇਖੀਏ ਗਹੁ ਕਰਕੇ,
ਬੱਧਾ ਨੇਮ ਦੇ ਵਿਚ ਸੰਸਾਰ ਦਿਸੇ।
ਨੇਮ ਵਿਚ ਭੌਂਦੇ ਸੂਰਜ ਚੰਦ ਤਾਰੇ,
ਹਵਾ ਅੱਗੇ ਸਭ ਨੇਮ ਦੀ ਕਾਰ ਦਿਸੇ।
ਹੋਵੇ ਨੇਮ ਅੰਦਰ ਸਰਦੀ ਕਦੀ ਗਰਮੀ,
ਕਦੀ ਖਿਜ਼ਾਂ ਤੇ ਕਦੀ ਬਹਾਰ ਦਿਸੇ।
ਨੇਮ ਆਸਰੇ ਕੁਲ ਬ੍ਰਹਮੰਡ ਕਾਇਮ,
ਕੋਈ ਸ਼ੈ ਨਾ ਨੇਮ ਥੀਂ ਬਾਹਰ ਦਿਸੇ।
ਪਾਨੀ ਵਗੇ ਨੀਵਾਂ ਕਿਸੇ ਨੇਮ ਅੰਦਰ,
ਕਿਸੇ ਨੇਮ ਅੰਦਰ ਪਤੇ ਹੱਲਦੇ ਨੇ।
ਸਿਰਜਨਹਾਰ ਨੇ ਰਚੇ ਅਸੂਲ ਜੇਹੜੇ,
ਥੋੜੇ ਕੀਤਿਆਂ ਕਦੀ ਨਾ ਟੱਲਦੇ ਨੇ।

ਏਹ ਵੀ ਨੇਮ ਹੀ ਹੈ ਕਿ ਜਹਾਨ ਅੰਦਰ,
ਨੇਕੀ ਬਦੀ ਦੀ ਸਦਾ ਲੜਾਈ ਰਹਿੰਦੀ।
ਡਟੀਆਂ ਰਹਿਨ ਦੋਵੇਂ ਹੀ ਮੁਕਾਬਲੇ ਤੇ,
ਇਕ ਦੂਈ ਦੀ ਲਹੂ ਤਿਹਾਈ ਰਹਿੰਦੀ।
ਪੂਰੀ ਜਿਤ ਨਾ ਕਿਸੇ ਦੀ ਕਦੀ ਹੁੰਦੀ,
ਆਮ ਤੌਰ ਤੇ ਐਸੀ ਸਫਾਈ ਰਹਿੰਦੀ।
ਐਪਰ ਜਦੋਂ ਨੇਕੀ ਉਕੀ ਮਰਨ ਲਗੇ,
ਏਹਦੀ ਗੈਬ ਥੀਂ ਆਨ ਵਡਿਆਈ ਰਹਿੰਦੀ।
ਏਹ ਵੀ ਨੇਮ ਹੀ ਹੈ ਕਿ ਕਰਤਾਰ ਓਦੋਂ,
ਅਪਨੇ ਨੇਮ, ਸਾਰੇ ਭੁਲ ਜਾਂਵਦਾ ਹੈ।
ਇਕੋ ਜਿਹਾ ਕਰਨੇ ਦੋਹਾਂ ਦਾ ਪਾਸਾ,
ਏਸ ਜਗ ਉਤੇ ਆਪ ਆਂਵਦਾ ਹੈ।

ਏਸੇ ਤਰਾਂ ਪਟਨੇ ਅੰਦਰ ਇਕ ਵਾਰੀ,
ਕੁਦਰਤ ਰਾਨੀ ਦਾ ਨੇਮ ਸਭ ਟੁਟਿਆ ਸੀ।
ਰਬੀ ਮੇਹਰ ਨੇ ਜੋਸ਼ ਦੇ ਵਿਚ ਆਕੇ,
ਅਪਨਾ ਸਭ ਕੈਦਾ ਬਦਲ ਸੁਟਿਆ ਸੀ।
ਰੂਪ ਰੇਖ ਤੇ ਰੰਗ ਤੋਂ ਰਹਿਤ ਈਸ਼ਰ,
ਜਨਮ ਧਾਰਨੇ ਦੇ ਲਈ ਤੁਠਿਆ ਸੀ।
ਜਿਸਦੀ ਸੋ ਨੇਕੀ ਨੂੰ ਸੁਰਜੀਤ ਕੀਤਾ,
ਅਤੇ ਬਦੀ ਦਾ ਕਾਲਜਾ ਕੁਠਿਆ ਸੀ।
ਹੋ ਅਕਾਲ ਤੇ ਜੂਨ ਤੋਂ ਰਹਿਤ ਹੋਕੇ,
ਜਾਮਾ ਸ਼ੇਰ ਬਬਰਾਂ ਵਾਲਾ ਧਾਰ ਆਇਆ।
ਦੁਸ਼ਟ ਮਾਰਨੇ ਸੰਤ ਉਭਾਰਨੇ ਨੂੰ,
ਕਲਾ ਧਾਰ ਕੇ ਆਪ ਕਰਤਾਰ ਆਇਆ।

ਇਕ ਤਰਾਂ ਤੇ ਓਹ ਇਨਸਾਨ ਹੀ ਸੀ,
ਇਕ ਤਰਾਂ ਪਰ ਆਪ ਕਰਤਾਰ ਹੀ ਸੀ।
ਇਕ ਤਰਾਂ ਆ ਗਿਆ ਸੀ ਹਦ ਅੰਦਰ,
ਇਕ ਤਰਾਂ ਲਾਹਦ ਅਪਾਰ ਹੀ ਸੀ।
ਇਕ ਤਰਾਂ ਵਾਸੀ ਸੀ ਅਨੰਦਪੁਰ ਦਾ,
ਇਕ ਤਰਾਂ ਰਵਿਆ ਪਾਸੇ ਚਾਰ ਹੀ ਸੀ।
ਇਕ ਤਰਾਂ ਅੰਮ੍ਰਿਤ ਛਕਿਆ ਸਿਖ ਹੀ ਸੀ,
ਇਕ ਤਰਾਂ ਪਰ ਗੁਰੂ ਅਵਤਾਰ ਹੀ ਸੀ।
ਦੋ ਰੂਪ ਤੋਂ ਇਕ ਹੋ ਗਿਆ ਸੀ ਓਹ,
ਆਕਾਰ ਵੀ ਸੀ, ਨਿਰੰਕਾਰ ਵੀ ਸੀ।
ਆਪੇ ਪੂਜਦਾ ਸੀ ਅਪਨੇ ਆਪ ਤਾਂਈਂ,
ਰਚਿਆ ਗਿਆ ਵੀ ਸੀ ਰਚਨਹਾਰ ਵੀ ਸੀ।

ਏਸੇ ਵਾਸਤੇ ਹੀ ਏਸ ਬ੍ਰਹਮ ਗਿਆਨੀ ਵਾਲਾ,
ਕਿਸੇ ਨੂੰ ਅੰਤ ਨਾ ਆਂਵਦਾ ਸੀ।
ਅਖਾਂ ਖੋਹਲ ਕਰਦਾ ਕਰਤਬ ਆਦਮੀ ਦੇ,
ਅਖਾਂ ਮੀਟ ਕੇ ਰਬ ਹੋ ਜਾਂਵਦਾ ਸੀ।
ਪੁਤਰ ਕਟਦੇ ਵੇਖਕੇ ਹਸਦਾ ਸੀ,
ਦੁਖੀ ਵੇਖਕੇ ਨੀਰ ਵਹਾਂਵਦਾ ਸੀ।
ਬਾਜ ਚਿੜੀਆਂ ਦੇ ਕੋਲੋਂ ਤੁੜਾਂਵਦਾ ਸੀ,
ਇਕ ਲਖਾਂ ਦੇ ਨਾਲ ਲੜਾਂਵਦਾ ਸੀ।
ਕਿਤੇ ਗੱਜਦਾ ਸੀ ਕਹਿਰਵਾਨ ਹੋਕੇ,
ਕਿਤੇ ਵਸਦਾ ਸੀ ਮੇਹਰ ਵਿਚ ਆਕੇ।
ਕਿਤੇ ਤਾਰਦਾ ਵੈਰੀਆਂ ਦਰਸ ਦੇਕੇ,
ਕਿਤੇ ਸਾੜਦਾ ਆਪਨੇ ਤੇਲ ਪਾਕੇ।

ਤੀਰ ਮਾਰ ਮੀਲਾਂ ਤੋਂ ਉਲਟਾਏ ਚੌਂਪਟ,
ਬਾਹੂ ਬਲ ਵਾਲਾ ਸਖੀ ਹਥਦਾ ਸੀ।
ਸਚਾ ਨਿਆਂਕਾਰੀ ਬਾਂਕਾ ਅਨਖ ਵਾਲਾ,
ਸੁਖਨ ਪਾਲ ਤੇ ਸੂਰਮਾਂ ਸੱਥਦਾ ਸੀ।
ਕਵੀ ਸੰਤ ਤਿਆਗੀ ਤੇ ਬ੍ਰਹਮ ਗਿਆਨੀ,
ਜਾਨਨ ਹਾਰ ਸਭ ਕਥਾ ਅਕੱਥਦਾ ਦਾ ਸੀ।
ਪਈਏ ਜਿਦੇ ਸੀ ਜ਼ਿਮੀਂ ਅਸਮਾਨ ਅੰਦਰ,
ਬਨਿਆ ਸਾਰਥੀ ਓਹ ਐਸੇ ਰਥਦਾ ਸੀ।
ਰਾਜੇ ਰਾਨੇ ਤੇ ਖਾਨ ਸੁਲਤਾਨ ਕੰਭੇ,
ਚਕਰੀ ਜ਼ਿਮੀਂ ਤੇ ਓਸ ਭਵਾਈ ਐਸੀ।
ਕੀਤਾ ਕੁਲ ਨਬੀਆਂ ਵਾਲੀਆਂ ਆਨ ਸਜਦਾ,
ਗੁਡੀ ਅਰਸ਼ ਤੇ ਓਸ ਉਡਾਈ ਐਸੀ।

ਜਿਸਨੇ ਸਿਫਤ ਕੀਤੀ ਸਿਫਤਾਂ ਓਹਦੀਆਂ ਦੀ,
ਸਿਫਤਵਾਨ ਮਸ਼ਹੂਰ ਸੰਸਾਰ ਹੋਇਆ।
ਜਿਸਨੇ ਰਮਜ਼ ਉਹਦੀ ਇਕ ਵੀ ਸਮਝੀ,
ਲੁਕੇ ਪਰਦਿਆਂ ਦਾ ਜਾਨਨਹਾਰ ਹੋਇਆ।
ਚਰਨ ਧੂੜ ਉਸਦੀ ਜਿਸਨੇ ਲਾਈ ਮਥੇ,
ਓਹ ਅਕਸੀਰ ਹੋਇਆ ਤਾਜਦਾਰ ਹੋਇਆ।
ਜਿਸਨੇ ਇਕ ਵਾਰੀ ਉਸਦਾ ਦਰਸ ਕੀਤਾ,
ਆਪਾ ਭੁਲਿਆ ਰੂਪ ਕਰਤਾਰ ਹੋਇਆ।
ਜਿਸਨੇ ਭੈ ਕੀਤਾ ਸਚੇ ਦਿਲੋਂ ਓਹਦਾ,
ਓਹਦੇ ਡਰ ਲੈ ਗਏ ਤੇ ਨਿਰਭੈ ਹੋਇਆ।
ਉਹਦੀ ਜ਼ਾਤ ਨੂੰ ਪਾ ਗਿਆ ‘ਬੀਰ’ ਓਹੋ,
ਜਿਸਨੇ ਖੋਜ ਅੰਦਰ ਅਪਨਾ ਆਪ ਖੋਇਆ।

32. ਪੰਛੀਆਂ ਦੀ ਪੁਕਾਰ

ਅਸੀਂ ਗਰੀਬ ਨਿਮਾਨੇ ਪੰਛੀ,
ਮੂੰਹੋਂ ਬੋਲ ਨਾ ਸੱਕੀਏ।
ਐ ਇਨਸਾਨ ਰਹਮ ਤੇਰੇ ਵਲ,
ਕਦ ਦੇ ਬਿਟ ਬਿਟ ਤਕੀਏ।
ਰੰਗ ਬਰੰਗੀ ਪਹਿਨ ਪੁਸ਼ਾਕਾਂ,
ਦੁਨੀਆਂ ਅਸੀਂ ਸਜਾਈਏ।
ਵਨ ਸੱਵਨੇ ਮਿੱਠੇ ਮਿੱਠੇ,
ਗੀਤ ਖੁਸ਼ੀ ਦੇ ਗਾਈਏ।
ਮਕੜੀ ਅਤੇ ਹੋਰ ਕਈ ਕੀੜੇ,
ਜੋ ਫਸਲਾਂ ਨੂੰ ਖਾਂਦੇ।
ਅਸੀਂ ਮੁਫਤ ਦੇ ਨੌਕਰ ਤੇਰੇ,
ਸਭ ਨੂੰ ਮਾਰ ਮੁਕਾਂਦੇ।
ਖਾਈਏ ਪੀਏ ਰਬ ਦਾ ਦਿਤਾ,
ਖਿਦਮਤ ਤੇਰੀ ਕਰੀਏ।
ਹੈ ਕੇਡੀ ਏਹ ਬੇਇਨਸਾਫੀ,
ਤੇਰੇ ਹਥੋਂ ਮਰੀਏ।

ਕਦੀ ਸਾਡੀਆਂ ਉਡਦੀਆਂ ਡਾਰਾਂ,
ਗੋਲੀ ਮਾਰ ਉਡਾਵੇਂ।
ਕਦੀ ਕਲੋਲ ਕਰਦਿਆਂ ਸਾਨੂੰ,
ਟਹਿਣੀ ਤੋਂ ਪਟਕਾਂਵੇਂ।
ਬਚੇ ਕਦੀ ਮਸੂਮ ਅਸਾਡੇ,
ਚੋਗਾ ਲੈਂਦੇ ਲੈਂਦੇ।
ਬਨਕੇ ਜ਼ੁਲਮ ਨਿਸ਼ਾਨਾ ਤੇਰਾ,
ਕਦਮਾਂ ਵਿਚ ਢੈ ਪੈਂਦੇ।
ਕਈ ਸਾਡੀਆਂ ਵਸਦੀਆਂ ਕੌਮਾਂ,
ਉਜੜ ਪੁਜੜ ਗਈਆਂ।
ਕਈ ਸਾਡੀਆਂ ਸੋਹਣੀਆਂ ਨਸਲਾਂ,
ਅਸਲੋਂ ਹੀ ਮਿਟ ਰਹੀਆਂ।
ਬੁਲ ਬੁਲ ਰੋ ਰੋ ਫਾਵੀ ਹੋਈ,
ਕੋਇਲ ਸੜ ਸੜ ਕਾਲੀ।
ਅਜ ਤੀਕਰ ਪਰ ਕਿਸੇ ਨਾ ਦਰਦੀ,
ਸਾਡੀ ਸੁਰਤ ਸੰਭਾਲੀ।
ਕਦੋਂ ਤੀਕ ਸਾਡੇ ਸਿਸਕਨ ਨੂੰ,
ਵੇਖ ਵੇਖ ਖੁਸ਼ ਹੋਸੈਂ।
ਲਹੂ ਸਾਡੇ ਤੋਂ ਭਰੀਆਂ ਉਂਗਲਾਂ,
ਕਦੋਂ ਤੀਕ ਨਾ ਧੋਸੈਂ।
ਜਿਸ ਰਬ ਨੂੰ ਸਭਨਾਂ ਵਿਚ ਦੱਸੇ,
ਸਾਡੇ ਵਿਚ ਵੀ ਵੱਸੇ।
ਸਾਨੂੰ ਜਦ ਫੜ ਫੜ ਕੇ ਕੋਹੇਂ,
ਅਕਲ ਤੇਰੀ ਤੇ ਹੱਸੇ।
ਤੇਰੀ ਅਨਗਹਿਲੀ ਤੋਂ ਸਾਡਾ,
ਖੁਰਾ ਖੋਜ ਮਿਟ ਜਾਸੀ।
ਫੁਲਾਂ ਫਲਾਂ ਅਨਾਜਾਂ ਤਾਈਂ,
ਦਸ ਫਿਰ ਕੌਣ ਬਚਾਸੀ।
ਜੇਕਰ ਅਸੀਂ ਰਹੇ ਨਾ ਜਿਉਂਦੇ,
ਚੂਹੇ, ਕੀੜੇ, ਮਕੜੀ।
ਤੇਰੇ ਸੁਖ-ਗੁੰਦੇ ਜੀਵਨ ਨੂੰ,
ਕਰਸਨ ਖਖੜੀ ਖਖੜੀ।
ਕਦੀ ਸੋਚਿਆ ਈ, ਦਿਲ ਤੇਰਾ,
ਕਿਸ ਲਈ ਚੈਨ ਨਾ ਪਾਵੇ।
ਤੇਰੀ ਬੇਇਨਸਾਫੀ ਤੇਰੇ,
ਮੁੜ ਮੁੜ ਅਗੇ ਆਵੇ।

33. ਪੁਜਾਰੀ ਹੁਸਨ ਦੇ

ਪੁਜਾਰੀ ਹੁਸਨ ਦੇ ਬੈਠੇ ਰੁਮ ਧੂਨੀ ਤੇਰੇ ਦਰ ਤੇ,
ਨਿਕਲ ਪਰਦੇ ਤੋਂ ਦੇ ਦਰਸ਼ਨ ਮੇਰੇ ਠਾਕਰ ਤਰਸ ਕਰਕੇ।
ਹੈ ਕਿਥੇ ਲੈਕੇ ਮੈਨੂੰ ਜਾ ਰਿਹਾ ਭਾਵੇਂ ਪਤਾ ਨਹੀ,
ਮਗਰ ਏਹ ਹੌਂਂਸਲਾ ਹੈ ਪ੍ਰੇਮ ਛੱਡੇਗਾ ਨਾ ਬਾਂਹ ਫੜਕੇ।
ਸਿਆਨੇ ਦਿਲ ਨੂੰ ਐ ਦੁਨੀਆਂ ਮੁਬਾਰਕ ਨੇ ਤੇਰੇ ਝੇੜੇ,
ਮਿਲੀ ਰਾਂਝੇ ਨੂੰ ਦੇਖੋ ਹੀਰ ਸੀ ਸੰਗ ਭਾਬੀਆਂ ਲੜਕੇ।
ਮੈਂ ਅਨਤਾਰੂ ਹਾਂ ਤੇ ਸੋ਼ਹ ਇਸ਼ਕ ਦੀ ਠਾਠਾਂ ਪਈ ਮਾਰੇ,
ਸ਼ੁਕਰ ਕਰਸਾਂ ਜੇ ‘ਸੋਹਣੀ’ ਵਾਂਗ ਨਿਕਲੂ ਲਾਸ਼ ਹੀ ਤਰਕੇ।
ਅਨੇਕਾਂ ਪੈਂਡੇ ਅੱਗੇ ਆਉਣ ਦੀ ਹੋਸੀ ਬੜੀ ਖੇਚਲ,
ਤੇਰੀ ਰਾਹ ਤੇ ਕਦਮ ਰਖਾਂ ਮੈਂ ਏਸੇ ਵਾਸਤੇ ਡਰਕੇ।
ਪਰੇ ਜਲਵਾ ਨਜ਼ਰ ਆਇਆ ਕਿ ਮੂਸਾ ਸੀ ਬੜਾ ਕਾਹਲਾ,
ਚਮਤਕਾਰਾਂ ਦਿਲੋਂ ਵੇਂਹਦਾ ਜੇ ਰਖਦਾ ਆਪ ਨੂੰ ਜਰਕੇ।
ਅਗਰ ਚਾਂਂਹੇ ਸਦਾ ਜੀਵਾਂ ਸ਼ਬਦ ਦੀ ਚੋਟ ਖਾ ਮਰਜਾ,
ਸਦਾ ਜੀਵਨ ਨੂੰ ਹਾਸਲ ਕਰਲੈ ਪਹਿਲੇ ਮੌਤ ਤੋਂ ਮਰਕੇ।
ਨਿਰਾਲੀ ਸ਼ਾਨ ਵਾਲਾ ‘ਬੀਰ’ ਐਸਾ ਹੈ ਮੇਰਾ ਸੋਹਣਾ,
ਉਠਾਵਨ ਨੂੰ ਨਾ ਦਿਲ ਕਰਦਾ ਜਿਦੇ ਕਦਮਾਂ ਤੇ ਸਿਰ ਧਰਕੇ।

34. ਖੁਦਾ ਦੀ ਯਾਦ ਵਿਚ ਰੂਹ ਦੇ ਵਲਵਲੇ

ਰਬਾ ਟੁਟ ਤੇਰੇ ਨਾਲੋਂ ਚਮਨ ਅੰਦਰ,
ਡਾਹਢੀ ਫੁੱਲਾਂ ਦੇ ਵਾਂਗ ਹੈਰਾਨ ਹੋਈ।
ਖਾ ਖਾ ਹਵਾ ਤੇ ਹਿਰਸ ਦੇ ਧੋਲ ਧੱਪੇ,
ਤੈਥੋਂ ਪਰੇ ਹੋਕੇ ਪਰੇਸ਼ਾਨ ਹੋਈ।
ਐਡੀ ਉਡੀ ਹੰਕਾਰ ਦੇ ਪਰਾਂ ਉਤੇ,
ਕਿ ਅਸਮਾਨ ਦੀ ਵੀ ਚਾ ਅਸਮਾਨ ਹੋਈ।
ਐਪਰ ਦੀਦ ਤੇਰੀ ਦੇ ਹੁਮਾ ਬਾਝੋਂ,
ਤਾਰੇ ਵਾਂਗ ਟੁਟੀ ਬੇਨਿਸ਼ਾਨ ਹੋਈ।
ਸਸੀ ਵਾਂਗ ਮੈਨੂੰ ਤੇਰੀ ਰਾਹ ਉਤੇ,
ਪੈਰ ਪੁਟਿਆਂ ਹੀ ਸ਼ਗਨ ਬੁਰਾ ਮਿਲਿਆ।
ਖੁਰਾ ਖੋਜ ਮਿਟ ਗਿਆ ਹੈ ਖੋਜ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਮਿਲਿਆ।

ਤੇਥੋਂ ਵਿਛੜ ਭਾਂਵੇਂ ਲਖੋਂ ਕੱਖ ਹੋਈ,
ਖੁੱਸੀ ਸਦਾ ਹਜੂਰੀ ਦੀ ਈਦ ਭਾਵੇਂ।
ਇਕ ਝਲਕ ਨੂੰ ਤਰਸਦੀ ਵਿਲਕਦੀ ਹਾਂ,
ਚੱਨ ਈਦ ਦਾ ਹੋ ਗਈ ਦੀਦ ਭਾਂਵੇਂ।
ਤੇਰੇ ਮਿਲਨ ਦੀ ਵਿਛੱੜੇ ਵਹਿਣ ਵਾਂਗਰ,
ਹੋਈ ਖਾਬ ਖਿਆਲ ਉਮੀਦ ਭਾਂਵੇਂ।
ਅਰਸ਼ੋਂ ਫਰਸ਼ ਤੇ ਸੁਟਿਆ ‘ਹਿਜਰ’ ਤੇਰੇ,
ਤੇਰੇ ‘ਹੇਰਵੇ' ਲਿਆ ਖਰੀਦ ਭਾਵੇਂ।
ਐਪਰ ਵੇਖਕੇ ਏਸੇ 'ਚਿ ਖੁਸ਼ੀ ਤੇਰੀ,
ਤੇਰੀ ਖੁਸ਼ੀ ਪਿਛੇ ਖੁਸ਼ੀ ਹੋ ਰਹੀ ਹਾਂ।
ਤੈਨੂੰ ਯਾਦ ਕਰ ਏਸ ਪਰਦੇਸ ਅੰਦਰ,
ਹੰਝੂ ਸਮਝ ਕੇ ਮੋਤੀ ਪਰੋ ਰਹੀ ਹਾਂ।

ਤੇਰੇ ਬਾਝ ‘ਮਹਾਰਾਜ’ ਮੈਂ ਹੇਚ ਸਮਝੀ,
ਪਾਜ ਭਰੇ ਸੰਸਾਰ ਦੇ ਰਾਜ ਤਾਈਂ।
ਐ ‘ਸਿਰਤਾਜ’ ਤੇਰੇ ਬਾਝੋਂ ਬੋਝ ਸਮਝੀ,
ਸਿਰ ਤੇ ਹੀਰਿਆਂ ਦੇ ਜੜੇ ਤਾਜ ਤਾਈਂ।
ਮੇਰੇ ‘ਹੀਰਿਆ’ ਚਮਕਦੀ ਰੇਤ ਜਾਤਾ,
ਤੇਰੇ ਬਾਝ ਮੈਂ ਲਾਲ ਪੁਖਰਾਜ ਤਾਈਂ।
ਤੇਰੇ ਰੰਗ ਬਾਝੋਂ ਮੈਂ ਬੇਰੰਗ ਡਿੱਠਾ,
ਰਾਗ ਰੰਗ ਵਾਲੇ ਸਾਜ ਵਾਜ ਤਾਈਂ।
ਰੜੱਕੇ ਫੁੱਲ ਮੈਨੂੰ, ਸੂਲਾਂ ਖਾਰ ਹੋਕੇ,
ਤੇਰੀ ‘ਯਾਦ' ਦੀ ਇਕ ਬਹਾਰ ਬਾਝੋਂ।
ਪਿਆ ਖਾਨ ਨੂੰ 'ਰੰਗਪੁਰ’ ਖੇੜਿਆਂ ਦਾ,
ਤੇਰੀ ‘ਰਾਂਝਨਾ' ਇਕ ਸਰਕਾਰ ਬਾਝੋਂ।

ਕਾਲੀ ਘਟਾ ਅੰਦਰ ਵੇਖ ਸ਼ਾਮ ਤੈਨੂੰ,
ਪੈਲਾਂ ਮੈਂ ਪਾਈਆਂ ਬਨ ਬਨ ਮੋਰ ਬਨਕੇ।
ਵਿਚ ਫੁੱਲਾਂ ਦੇ ਭਾਲਿਆ 'ਭੌਰ’ ਬਨਕੇ,
ਡਿਠਾ ਚੰਨ ਦੇ ਅੰਦਰ ‘ਚਕੋਰ’ ਬਨਕੇ।
ਜੇਕਰ ਰੂਪ ਤੂੰ ਹੋਰ ਦੇ ਹੋਰ ਧਾਰੇ,
ਵੇ ਮੈਂ ਲਭਿਆ ਹੋਰ ਦੀ ਹੋਰ ਬਨਕੇ।
ਕਦੀ ਬੁਤਖਾਨੇ ਕਦੀ ਮੈਂ ਖਾਨੇ,
ਕਦੀ ਸਾਧ ਬਨਕੇ ਕਦੀ ਚੋਰ ਬਨਕੇ।
ਤੈਥੋਂ ਵਿਛੜ ਕੇ ਮੂਲ ਨਾ ਚੈਨ ਲੀਤਾ,
ਰਹੀ ਧੁਰੋਂ ਹੀ ਤੇਰੀ ਤਲਾਸ਼ ਜਾਰੀ।
ਕਠੇ ਵਸਦਿਆਂ ਵੀ ਰਹਿਨਾ ਵਿਥ ਉਤੇ,
ਕਾਰਨ ਏਸਦਾ ਸੋਚਦੀ ਅਕਲ ਹਾਰੀ।

35. ਸੁਫਨਾ ਸੀ

ਰੇਤ ਅੰਦਰ ਜਲ ਦਾ ਲਿਸ਼ਕਾਰਾ
ਸਾਗਰ ਦਾ ਮਾਰੇ ਝਲਕਾਰਾ
ਫਾਥਾ, ਤਕਕੇ, ਮਿਰਗ ਵਿਚਾਰਾ
ਡਿਗਿਆ ਮੂੰਹ ਦੇ ਭਾਰ-ਸਭ ਸੁਫਨਾ ਹੀ ਸੁਫਨਾ ਸੀ।
ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ।

ਨੈਣ ਕਿਸੇ ਦੇ ਮੱਧ ਮਤਵਾਲੇ
ਵਾਲ ਕਿਸੇ ਦੇ ਘੁੰਗਰਾਂ ਵਾਲੇ
ਹੋਠ ਕਿਸੇ ਦੇ ਅੰਮ੍ਰਿਤ ਪਿਆਲੇ
ਲਾਰੇ, ਕੌਲ, ਇਕਰਾਰ-ਸਭ ਸੁਫਨਾ ਹੀ ਸੁਫਨਾ ਸੀ।
ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ।

ਸੱਸੀ ਥਲ ਵਿਚ ਫਿਰੇ ਤਿਹਾਈ
ਯਾਰ ਨਾ ਦੇਵੇ ਕਿਤੇ ਦਿਖਾਈ
ਜਾਨ ਜਦੋਂ ਨਿਕਲਨ ਤੇ ਆਈ
ਕਹਿੰਦੀ ਢਾਈਂ ਮਾਰ-ਸਭ ਸੁਫਨਾ ਹੀ ਸੁਫਨਾ ਸੀ।
ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ।

ਸੁਫਨੇ ਤੋਂ ਅੱਖ ਜਿਸਦੀ ਖੁਲੇ
ਭਾਵੇਂ ਸੁਫਨਾ ਨਾਹੀਂ ਭੁਲੇ
ਪਰ ਨਾ ਸੁਫਨੇ ਉਤੇ ਡੁਲੇ
ਆਖੇ ਸੋਚ ਵਿਚਾਰ-ਸਭ ਸੁਫਨਾ ਹੀ ਸੁਫਨਾ ਸੀ।
ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ