Wasif Ali Wasif
ਵਾਸਿਫ਼ ਅਲੀ ਵਾਸਿਫ਼

ਨਾਂ-ਵਾਸਿਫ਼ ਅਲੀ, ਕਲਮੀ ਨਾਂ-ਵਾਸਿਫ਼ ਅਲੀ 'ਵਾਸਿਫ਼',
ਜਨਮ ਸਥਾਨ-ਲਾਹੌਰ,
ਵਿਦਿਆ-ਐਫ਼. ਏ.,
ਛਪੀਆਂ ਕਿਤਾਬਾਂ-ਭਰੇ ਭੜੋਲੇ (ਪੰਜਾਬੀ ਸ਼ਾਇਰੀ), ਸ਼ੱਬੇ ਚਿਰਾਗ਼ (ਉਰਦੂ ਸ਼ਾਇਰੀ), ਕਿਰਨ ਕਿਰਨ ਸੂਰਜ (ਨਸ਼ਰ ਪਾਰੇ), ਦਿਲ ਦਰਿਆ ਸਮੁੰਦਰ (ਮਜ਼ਮੂਨ), ਕਤਰਾ ਕਤਰਾ ਕਲਜੁਗ (ਮਜ਼ਮੂਨ),
ਪਤਾ- ਮੁਲਤਾਨ ਰੋਡ, ਲਾਹੌਰ ।

ਪੰਜਾਬੀ ਗ਼ਜ਼ਲਾਂ (ਭਰੇ ਭੜੋਲੇ 1994 ਵਿੱਚੋਂ) : ਵਾਸਿਫ਼ ਅਲੀ ਵਾਸਿਫ਼

Punjabi Ghazlan (Bhare Bhadole 1994) : Wasif Ali Wasif



ਉਡਦੀ ਨਹੀਂ ਅਸਮਾਨਾਂ ਉੱਤੇ

ਉਡਦੀ ਨਹੀਂ ਅਸਮਾਨਾਂ ਉੱਤੇ ਆਪਣੇ-ਆਪ ਪਤੰਗ । ਜੀਹਦੇ ਹੱਥ ਵਿਚ ਡੋਰ ਏ ਤੇਰੀ ਉਹਦੀਆਂ ਖ਼ੈਰਾਂ ਮੰਗ । ਮੈਂ ਹੱਸਾਂ ਤੇ ਯਾਰ ਵਧੇਰੇ ਜੇ ਰੋਵਾਂ ਤੇ ਕੱਲਾ, ਦੁੱਖਾਂ ਦੇ ਟਾਪੂ ਦੇ ਅੰਦਰ ਕੋਈ ਨਾ ਜਾਵੇ ਸੰਗ । ਗ਼ਮ ਜਵਾਨੀ ਨੂੰ ਖਾ ਜਾਵੇ ਹੱਡੀਆਂ ਮਾਸ ਸੁਖਾਵੇ, ਪਹਿਲੀ ਬੂੰਦ 'ਚ ਫਿੱਟ ਜਾਂਦੇ ਨੇ ਚਮਕਣ ਵਾਲੇ ਰੰਗ । ਏਹ ਹਿਆਤੀ ਆਪਣੀ ਸਾਰੀ ਰੂਹ ਤੇ ਬੁੱਤ ਦਾ ਝਗੜਾ, ਰਾਂਝਾ-ਰਾਂਝਾ ਕਰਦੀ ਮਰ ਗਈ ਸੈਦੇ ਯਾਰ ਦੀ ਮੰਗ । ਕੂੜੀ ਦੁਨੀਆਂ ਦੇ ਵਿਚ 'ਵਾਸਿਫ਼' ਸੱਚੀ ਗੱਲ ਨਾ ਕਰੀਏ, ਸਾਰੇ ਕੂੜੇ ਕੱਠੇ ਹੋ ਕੇ ਦਿੰਦੇ ਸੂਲੀ ਟੰਗ ।

ਹੌਲੀ-ਹੌਲੀ ਬਦਲ ਗਈ ਏ

ਹੌਲੀ-ਹੌਲੀ ਬਦਲ ਗਈ ਏ ਆਪਣੀ ਹੀ ਤਸਵੀਰ, ਅੰਦਰੋ-ਅੰਦਰ ਕੰਮ ਕਰ ਜਾਂਦੀ ਬੰਦੇ ਦੀ ਤਕਦੀਰ । ਉਂਜ ਤੇ ਬੜੇ ਕਰਮ ਹੋਏ ਨੇ, ਬੜੀਆਂ ਰਹਿਮਤਾਂ ਹੋਈਆਂ, ਮੇਰੀ ਇਕ ਦੁਆ ਪੁਰਾਣੀ ਲੱਭਦੀ ਫਿਰੇ ਤਾਸੀਰ । ਹੁਸਨ ਅਸਾਡੀ ਮੰਜ਼ਿਲ ਹੋਈ ਦਰਦ ਅਸਾਡੀ ਰਾਹ, ਹਾਵਾਂ, ਹੰਝੂ ਸੰਗਤ ਸਾਡੀ, ਇਸ਼ਕ ਅਸਾਡਾ ਪੀਰ । ਜਿੱਥੇ ਤਖ਼ਤ ਖ਼ਜ਼ਾਨੇ ਹੋਵਣ ਉੱਥੇ ਅਸਾਂ ਨਾ ਜਾਣਾ, ਜਿੱਥੇ ਇਸ਼ਕ ਦੇ ਤੰਬੂ ਲੱਗਣ ਉਹ ਸਾਡੀ ਜਾਗੀਰ । ਲੋਹ ਕਲਮ ਦੀ ਤਾਕਤ ਦੇ ਮਾਤਹਿਤ ਜ਼ਮਾਨੇ ਸਾਰੇ, ਰਾਂਝੇ, ਖੇੜੇ ਦੇਖਦੇ ਰਹਿ ਗਏ ਵਾਰਿਸ ਲੈ ਗਿਆ ਹੀਰ ।

ਆਪੇ ਆਪਣੀ ਕੁੱਲੀ ਸਾੜੀ

ਆਪੇ ਆਪਣੀ ਕੁੱਲੀ ਸਾੜੀ ਆਪੇ ਅੱਗ ਲਗਾਈ । ਜਦ ਵੀ ਲੱਗੀ ਸਾਡੇ ਅੰਦਰ ਵੈਰੀ ਹੋਈ ਖ਼ੁਦਾਈ । ਮੈਂ ਜਵਾਨੀ ਔਖੀ ਪਾਲੀ ਖਾ ਕੇ ਦੁੱਧ ਮਿਲਾਈ, ਵਾਵਰੋਲੇ ਚੱਲੇ ਜਿਸ ਦਮ ਇਹ ਵੀ ਕੰਮ ਨਾ ਆਈ । ਸ਼ੀਸ਼ੇ ਟੁੱਟੇ ਮੁੜ ਕਦ ਜੁੜਦੇ ਕਿਰਚਾਂ ਦੇਖ ਨਾ ਰੋ, ਜੋ ਹੋਣਾ ਸੀ ਉਹੋ ਹੋਇਆ ਲਿੱਖੀ ਝੋਲੀ ਪਾਈ । ਬੰਦਾ ਬੰਦੇ ਤੋਂ ਅੱਕ ਜਾਂਦਾ ਇਹ ਕੁਦਰਤ ਦਾ ਖੇਲ੍ਹ, ਲੋਕੀ ਕਹਿੰਦੇ ਪਿਆਰ ਦੇ ਅੰਦਰ ਚੰਗੀ ਗੱਲ ਜੁਦਾਈ । ਸਾਡੇ ਨਾਲ ਲੜਾਈ ਕਾਹਦੀ ਮੰਨ 'ਵਾਸਿਫ਼' ਦੀ ਗੱਲ, ਇਸ ਦੁਨੀਆਂ ਵਿਚ ਵਿਰਲੇ-ਵਿਰਲੇ ਯਾਰੀ ਜਿਨ੍ਹਾਂ ਨਿਭਾਈ ।

ਅੱਖਾਂ ਦੇ ਵਿਚ ਵੱਸਣ ਵਾਲਾ

ਅੱਖਾਂ ਦੇ ਵਿਚ ਵੱਸਣ ਵਾਲਾ ਸੋਹਣਾ ਨਜ਼ਰ ਨਾ ਆਵੇ । ਦਿਲ ਨੂੰ ਠੰਢਕ ਦੇਵਣ ਵਾਲਾ ਦਿਲ ਨੂੰ ਅੱਗ ਲਗਾਵੇ । ਕਾਲੀ ਰਾਤ ਜੁਦਾਈ ਵਾਲੀ ਆਪਣਾ ਰੰਗ ਵਿਖਾਇਆ, ਪੁੱਛੋ ਨਾ ਕਿਉਂ ਕਾਲੇ ਹੋ ਗਏ, ਸੂਹੇ, ਪੀਲੇ, ਸਾਵੇ । ਹੱਥੋਂ ਬਾਜ਼ ਉਡਾ ਕੇ ਸੱਸੀ ਥੱਲਾਂ ਦੇ ਵਿਚ ਰੁੱਲੀ, ਚੱਲੀ ਵਾ ਵਿਛੋੜੇ ਵਾਲੀ ਕੂੰਜ ਪਈ ਕੁਰਲਾਵੇ । ਦੀਵੇ ਖ਼ੁਸ਼ੀਆਂ ਦੇ ਬੁੱਝ ਜਾਂਦੇ ਹਾਸੇ ਹੰਝੂ ਬਣ ਕੇ, ਵਸਦੇ ਸ਼ਹਿਰ ਨਾ ਮਿਲਦੇ ਜਿੱਥੇ ਡੇਰਾ ਇਸ਼ਕ ਲਗਾਵੇ । ਕਾਹਨੂੰ, ਕੀਵੇਂ, ਕਦ ਕੀ ਹੋਇਆ, ਪੁੱਛਣ ਲੋਕ ਬਿਗਾਨੇ, ਲੋਕਾਂ ਨੂੰ ਦੱਸ ਤੇਰਾ 'ਵਾਸਿਫ਼' ਕਿਹੜੀ ਗੱਲ ਸੁਣਾਵੇ ।

ਕਿਹੜਾ-ਕਿਹੜਾ ਰੋਣਾ ਰੋਈਏ

ਕਿਹੜਾ-ਕਿਹੜਾ ਰੋਣਾ ਰੋਈਏ ਸਾਰੇ ਰੋਗ ਅਵੱਲੇ ਨੇ । ਬੇਦਰਦਾਂ ਨੇ ਸਾਡੇ ਘਰ ਦੇ ਪਰਛਾਵੇਂ ਵੀ ਮੱਲੇ ਨੇ । ਇਸ ਦੁਨੀਆਂ ਦੀ ਭੀੜ ਦੇ ਅੰਦਰ ਜਦ ਮੈਂ ਝਾਤੀ ਮਾਰੀ ਏ, ਇਕ ਦੂਜੇ ਦੇ ਨੇੜੇ ਵਸਦੇ ਟਾਪੂ ਇਕੱਲੇ ਇਕੱਲੇ ਨੇ । ਕਾਸਿਦ ਵੇਖਾਂ ਚਿੱਠੀ ਵੇਖਾਂ ਚੰਗਾ ਕੀਤਾ ਮੇਰੇ ਲੇਖਾਂ, ਮੌਤ ਸਰਹਾਣੇ ਆ ਕੇ ਬੈਠੀ ਅੱਜ ਸੁਨੇਹੜੇ ਘੱਲੇ ਨੇ । ਚੰਗਾ ਹੁੰਦਾ ਕੁੱਝ ਨਾ ਹੁੰਦਾ, ਨਾ ਉਹ ਹੁੰਦਾ ਨਾ ਮੈਂ ਹੁੰਦਾ, ਜਿਨ੍ਹਾਂ ਲਈ ਇਹ ਦੁਨੀਆਂ ਛੱਡੀ ਉਹ ਸਾਨੂੰ ਛੱਡ ਚੱਲੇ ਨੇ । ਅੱਗ ਪਰਾਈ ਨਾ ਪਏ ਸੇਕੋ ਝਾਤੀ ਮਾਰੋ ਅੰਦਰ ਦੇਖੋ, ਜੋ ਲੱਗੀ ਏ ਇਕ ਘਰ 'ਵਾਸਿਫ਼' ਸਾਰੇ ਉਸ ਵਿਚ ਵੱਲੇ ਨੇ ।

ਰਾਤ ਹਨੇਰੀ ਕਾਲਾ ਟਾਪੂ

ਰਾਤ ਹਨੇਰੀ ਕਾਲਾ ਟਾਪੂ ਉੱਤੋਂ ਮਾਹ ਸਿਆਲਾ । ਮੈਂ ਵਿਚ ਕੱਲਾ ਬੈਠ ਕੇ ਪੀਵਾਂ ਆਬ ਹਿਆਤੀ ਵਾਲਾ । ਦਿਲ ਬੇਚਾਰਾ ਯਾਦਾਂ ਕਰਦਾ ਮੈਂ ਪਾਲੇ ਵਿਚ ਠਰਦਾ, ਬਰਫ਼ਾਂ ਦੇ ਵਿਚ ਅੱਗ ਪਈ ਬਲਦੀ ਵੇਖੇ ਵੇਖਣ ਵਾਲਾ । ਗੱਲ ਕਰੀਏ ਤੇ ਦੂਰ ਨੂੰ ਜਾਂਦੀ ਚੁੱਪ ਕਰੀਏ ਤੇ ਮਰਦੇ, ਜਿਸ ਨੇ ਕੱਢੀ ਜਾਨ ਅਸਾਡੀ ਉਹ ਸਾਡਾ ਰਖਵਾਲਾ । ਲੋਕੀ ਕਹਿੰਦੇ ਤੜਕਾ ਹੋਇਆ ਸਾਡੀ ਰਾਤ ਨਾ ਮੁੱਕੀ, ਸਾਡੇ ਭਾਵੇਂ ਏਹੋ ਸੂਰਜ ਨਾ ਚਿੱਟਾ ਨਾ ਕਾਲਾ । ਇਸ਼ਕ-ਮੁਸ਼ਕ ਨਾ ਛੁਪਦੇ 'ਵਾਸਿਫ਼' ਦੁਨੀਆਂ ਸਾਰੀ ਜਾਣੇ, ਜਿਹੜਾ ਆਪਣਾ ਰੋਗ ਛੁਪਾਵੇ ਉਹ ਹੈ ਹਿੰਮਤ ਵਾਲਾ ।

ਆਪੇ ਆਪਣੀ ਰੱਤ ਨਚੋੜੀ

ਆਪੇ ਆਪਣੀ ਰੱਤ ਨਚੋੜੀ ਆਪੇ ਰੋ-ਰੋ ਪੀਤੀ । ਦੱਸਣ ਵਾਲੀ ਗੱਲ ਨਹੀਂ ਕੋਈ ਜੋ ਬੀਤੀ ਸੋ ਬੀਤੀ । ਆਪ ਇਮਾਮ ਤੇ ਆਪ ਨਮਾਜ਼ੀ ਆਪੇ ਆਪਣੇ ਸਿਜਦੇ, ਆਪ ਨਮਾਜ਼ ਇਸ਼ਕ ਦੀ ਆਪੇ ਕਾਅਬੇ ਦੇ ਵਿਚ ਨੀਤੀ । ਤੇਰਾ ਦੋਸ਼ ਨਹੀਂ ਏ ਕੋਈ ਜੋ ਹੋਈ ਏ ਰੱਬੋਂ, ਸਾਡੇ ਨਾਲ ਤੇ ਚੰਗੀ ਸਾਡੇ ਆਪਣੇ ਲੇਖਾਂ ਕੀਤੀ । ਏਹੋ ਦੋਜ਼ਖ਼, ਏਹੋ ਜੱਨਤ, ਏਹੋ ਹਸ਼ਰ, ਦਿਹਾੜਾ, ਜੇ ਤੂੰ ਪਾਕਾਂ ਦੇ ਵਿਚ ਰਹਿਣੈ, ਕੱਢ ਸੁੱਟ ਦਿਲੋਂ ਪਲੀਤੀ । ਸੋਹਣੇ ਨੇ ਜਦ ਸੱਦ ਬੁਲਾਇਆ 'ਵਾਸਿਫ਼' ਚੱਲਿਆ ਆਇਆ, ਬਿਸਮਿੱਲਾ-ਬਿਸਮਿੱਲਾ ਪੜ੍ਹ ਕੇ ਵੜਿਆ ਵਿਚ ਮਸੀਤੀ ।

ਕੁਝ ਹੋਰ ਰਚਨਾਵਾਂ : ਵਾਸਿਫ਼ ਅਲੀ ਵਾਸਿਫ਼

ਜਿਹੜੀ ਬੂਟੀ ਦਿਲ ਵਿੱਚ ਲਾਈ

ਜਿਹੜੀ ਬੂਟੀ ਦਿਲ ਵਿੱਚ ਲਾਈ, ਉਹ ਬੂਟੀ ਅੱਜ ਫਲ ਗਈ ਏ ।
ਰੋ ਰੋ ਕੇ ਜੋ ਲੱਕੜੀ ਸੁੱਕੀ, ਇਸ਼ਕ ਦੀ ਅੱਗ ਵਿੱਚ ਬਲ ਗਈ ਏ ।

ਲੰਮੀਆਂ ਉਮਰਾਂ ਦੇ ਪੈਂਡੇ ਵੀ, ਆਖ਼ਰ ਨੂੰ ਮੁੱਕ ਜਾਂਦੇ ਨੇ,
ਕੀ ਹੋਇਆ ਜੇ ਤੇਰੀ ਇੱਕ, ਜਵਾਨੀ ਏਥੇ ਢਲ ਗਈ ਏ ।

ਮੇਰਾ ਦੋਸ਼ ਨਹੀਂ ਏ ਕੋਈ, ਜਦ ਤੱਕ ਹੋਇਆ ਚੁੱਪ ਰਿਹਾ,
ਕੰਨੋਂ-ਕੰਨੀਂ ਲੁਕਦੀ-ਛੁਪਦੀ, ਭਰੇ-ਬਜ਼ਾਰ 'ਚ ਗੱਲ ਗਈ ਏ ।

ਐਵੇਂ ਨਹੀਂ ਪਏ ਦੀਵੇ ਬਲਦੇ, ਐਵੇਂ ਨਹੀਂ ਪਏ ਝੰਡੇ ਝੁਲਦੇ,
ਰੋਜ਼ਿਆਂ ਵਾਲੀਆਂ ਕਬਰਾਂ ਦੇ ਵਿੱਚ, ਤੇਰੇ ਇਸ਼ਕ ਦੀ ਛੱਲ ਗਈ ਏ ।

ਚੁਪ ਚੁਪੀਤਿਆਂ ਜ਼ਹਿਰ ਨੂੰ ਪੀਤਾ, 'ਵਾਸਫ਼' ਨੇ ਬਦਨਾਮ ਨਾ ਕੀਤਾ,
ਮੈਨੂੰ ਦੇਖ ਕੇ ਦੁਨੀਆਂ ਦੀ ਗੱਲ, ਆਪੇ ਤੇਰੇ ਵੱਲ ਗਈ ਏ ।

ਇਹ ਹਮਸਾਏ ਇਹ ਮਾਂ-ਜਾਏ

ਇਹ ਹਮਸਾਏ, ਇਹ ਮਾਂ-ਜਾਏ ।
ਕੰਧ ਇਨ੍ਹਾਂ ਦੀ ਸਾਡੇ ਸਾਏ ।

ਉਹ ਵੀ ਇੱਕ ਬਹਿਰੂਪਣ ਨਿਕਲੀ,
ਮੈਂ ਵੀ ਲੱਖਾਂ ਭੇਸ ਵਟਾਏ ।

ਜੀਂਦੇ-ਜੀਅ ਗੱਲ ਇੱਕ ਨਾ ਮੰਨੀ,
ਕਬਰਾਂ 'ਤੇ ਜਾ ਫੁੱਲ ਚੜ੍ਹਾਏ ।

ਸੁੱਚੇ ਮੋਤੀ ਉਹ ਲੈ ਜਾਵਣ,
ਜਿਨ੍ਹਾਂ ਆਪਣੇ ਭੇਦ ਛੁਪਾਏ ।

ਮਰਦ ਕਲੰਦਰ ਉਹ ਹੈ 'ਵਾਸਫ਼'
ਸੂਲਾਂ ਨੂੰ ਜੋ ਸੀਨੇ ਲਾਏ ।

ਸਾਰੇ ਇੱਕੋ ਰੰਗ ਦੇ ਲੋਕ

ਸਾਰੇ ਇੱਕੋ ਰੰਗ ਦੇ ਲੋਕ ।
ਵੱਖੋ-ਵੱਖ ਕੀ ਮੰਗਦੇ ਲੋਕ ?

ਮਿੱਟੀ ਦੀ ਮੂਰਤ ਦੇ ਕੋਲੋਂ,
ਹੱਕ ਮੰਗਦੇ ਕਿਉਂ ਸੰਗਦੇ ਲੋਕ ?

ਡਾਢਾ ਦੇਖ ਕੇ ਕਰਨ ਸਲਾਮਾਂ,
ਮਾੜਾ ਦੇਖ ਕੇ ਖੰਘਦੇ ਲੋਕ ।

ਜਿਹੜਾ ਹੱਕ ਦੀ 'ਵਾਜ਼ ਲਗਾਵੇ,
ਫੜ ਸੂਲੀ ਤੇ ਟੰਗਦੇ ਲੋਕ ।

ਮੰਜ਼ਲ ਮੇਰੀ ਮੈਥੋਂ ਪੁੱਛੇ,
ਕਿੱਥੇ ਰਹਿ ਗਏ ਸੰਗ ਦੇ ਲੋਕ ?

'ਵਾਸਫ਼' ਰਹਿੰਦਾ 'ਤਖ਼ਤ-ਹਜ਼ਾਰੇ',
ਚੰਗੇ ਲੱਗਦੇ 'ਝੰਗ' ਦੇ ਲੋਕ ।

ਗੁੰਗੇ-ਬੋਲੇ ਸਾਡੇ ਯਾਰ

ਗੁੰਗੇ-ਬੋਲੇ ਸਾਡੇ ਯਾਰ ।
ਟੋਕਣ ਗੱਲ ਨੂੰ ਅੱਧ-ਵਿਚਕਾਰ ।

ਮੈਂ ਤੈਨੂੰ ਕਦ 'ਵਾਜ਼ ਨਾ ਮਾਰੀ ?
ਤੂੰ ਮੇਰੀ ਕਦ ਲਿੱਤੀ ਸਾਰ ?

ਮੈਂ 'ਰਾਵੀ' ਦਾ ਉਰਲਾ-ਕੰਢਾ,
ਤੂੰ 'ਰਾਵੀ' ਦਾ ਪਰਲਾ-ਪਾਰ ।

ਇੱਥੇ ਬੰਦੇ ਗੁੰਮ ਹੋ ਜਾਂਦੇ,
ਤੂੰ ਪਗੜੀ ਨੂੰ ਲੱਭੇਂ ਯਾਰ ।

'ਵਾਸਫ਼' ਜੰਗਲਾਂ ਨੂੰ ਟੁਰ ਗਇਆ,
ਐਵੇਂ ਨਾ ਪਿਆ ਵਾਜ਼ਾਂ ਮਾਰ ।