Vidhata Singh Teer ਵਿਧਾਤਾ ਸਿੰਘ ਤੀਰ

ਵਿਧਾਤਾ ਸਿੰਘ ਤੀਰ ਦਾ ਜਨਮ 15 ਅਗਸਤ 1900 ਨੂੰ ਪਿੰਡ ਘਗਰੋਟ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ)ਵਿਚ ਆਪਣੇ ਨਾਨਕੇ ਘਰ ਹੋਇਆ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਹੀਰਾ ਸਿੰਘ ਪੁੰਜ ਸੀ । ਦੇਸ਼ ਭਗਤ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬਾਨੀ ਗਿਆਨੀ ਹੀਰਾ ਸਿੰਘ ਦਰਦ ਆਪਦੇ ਮਾਮਾ ਜੀ ਸਨ ।ਉਨ੍ਹਾਂ ਨੇ ਮੁਢਲੀ ਸਿਖਿਆ ਆਪਣੇ ਮਾਮਾ ਜੀ ਕੋਲੋਂ ਹੀ ਪ੍ਰਾਪਤ ਕੀਤੀ ।ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਦੇਸ਼ ਪਿਆਰ, ਧਾਰਮਿਕ ਅਤੇ ਸਮਾਜਿਕ ਵਧੇਰੇ ਹਨ । ਉਨ੍ਹਾਂ ਦੀਆਂ ਪ੍ਰਮੁੱਖ ਕਾਵਿਕ ਰਚਨਾਵਾਂ ਅਣਿਆਲੇ ਤੀਰ, ਨਵੇਂ ਨਿਸ਼ਾਨੇ, ਕਾਲ ਕੂਕਾਂ, ਮਿੱਠੇ ਮੇਵੇ, ਗੁੰਗੇ ਗੀਤ, ਦਸ਼ਮੇਸ਼ ਦਰਸ਼ਨ ਅਤੇ ਰੂਪ ਰਾਣੀ ਸ਼ਕੁੰਤਲਾ ਆਦਿ ਸਨ। ਆਪ 4ਜਨਵਰੀ 1973 ਨੂੰ ਅੰਮ੍ਰਿਤਸਰ ਵਿਖੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਕਰਤਾਰ ਸਿੰਘ ਬਲੱਗਣ ਜੀ ਨਾਲ ਰਲ ਕੇ ਆਪ ਚੌਂਕ ਹੁਸੈਨਪੁਰ ਅੰਮ੍ਰਿਤਸਰ ਤੋਂ ਮਾਸਿਕ ਪੱਤਰ ਕਵਿਤਾ ਦਾ ਸੰਪਾਦਨ ਵੀ ਕਰਦੇ ਰਹੇ।
ਸ਼ਿਵ ਕੁਮਾਰ, ਜਗਤਾਰ, ਸ ਸ ਮੀਸ਼ਾ, ਰਣਧੀਰ ਸਿੰਘ ਚੰਦ ਤੇ ਬਾਬੂ ਸਿੰਘ ਮਾਨ ਵਰਗੇ ਲੇਖਕ ਤੇ ਗੀਤਕਾਰ ਪਹਿਲੀ ਵਾਰ ਕਵਿਤਾ ਵਿੱਚ ਹੀ ਛਪੇ। ਮੰਚ ਆਧਾਰਿਤ ਕਵਿਤਾ ਲਹਿਰ ਦੇ ਉਹ ਬੁਲੰਦ ਹਸਤਾਖਰ ਸਨ। ਫੀਰੋਜ਼ਦੀਨ ਸ਼ਰਫ਼, ਉਸਤਾਦ ਹਮਦਮ, ਇਸ਼ਕ ਲਹਿਰ,ਧਨੀ ਰਾਮ ਚਾਤ੍ਰਿਕ, ਬਰਕਤ ਰਾਮ ਯੁਮਨ, ਉਸਤਾਦ ਦਾਮਨ,ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ ਗੁਰਦਿੱਤ ਸਿੰਘ ਕੁੰਦਨ, ਗੁਰਦੇਵ ਸਿੰਘ ਮਾਨ, ਹਰਸਾ ਸਿੰਘ ਚਾਤਰ, ਦੀਵਾਨ ਸਿੰਘ ਮਹਿਰਮ, ਗਿਆਨੀ ਰਾਮ ਨਾਰਾਇਣ ਸਿੰਘ ਦਰਦੀ, ਸੁੰਦਰ ਦਾਸ ਆਸੀ ਤੇ ਹੋਰ ਵੱਡੇ ਕਵੀਆਂ ਨਾਲ ਆਪ ਨੇ ਹਜ਼ਾਰਾਂ ਕਵੀ ਦਰਬਾਰ ਦੇਸ਼ ਵੰਡ ਤੋਂ ਪਹਿਲਾਂ ਤੇ ਮਗਰੋਂ ਪੜ੍ਹੇ। ਉਨ੍ਹਾਂ ਦੀਆਂ ਧਾਰਮਿਕ ਰਚਨਾਵਾਂ ਹੁਣ ਵੀ ਰੌਂਗਟੇ ਖੜ੍ਹੇ ਕਰਦੀਆਂ ਹਨ।-ਗੁਰਭਜਨ ਗਿੱਲ