Translations : Professor Mohan Singh

ਅਨੁਵਾਦ : ਪ੍ਰੋਫੈਸਰ ਮੋਹਨ ਸਿੰਘ

1. ਜੀਵਨ

ਹੋਈ ਖ਼ਤਮ ਲੜਾਈ ਮੁੱਕੀ ਘਾਲ ਨੀ,
ਭਰਿਆ ਗਿਆ ਖ਼ਜ਼ਾਨਾ, ਦੌਲਤ ਨਾਲ ਨੀ ।
ਆ ਮੁਟਿਆਰੇ ਘਾਲ ਗਈ ਹੈ ਮੁੱਕ ਨੀ,
ਮੂੰਹ ਮੂੰਹ ਭਰਿਆ ਘੜਾ ਹੁਸਨ ਦਾ ਚੁੱਕ ਨੀ ।

ਧੋ ਘੱਤ ਮਿੱਟੀ ਘੱਟਾ ਨਾਲੇ ਧੂੜ ਨੀ,
ਕਰ ਦੇ ਤਿੜਾਂ ਤੇ ਖੱਪੇ ਸਭ ਭਰਪੂਰ ਨੀ ।
ਹੋ ਜਾਵੇ ਸੰਪੂਰਨ ਤਾਂ ਜੇ ਬੋਹਲ ਨੀ,
ਘੜਾ ਸੁਨਹਿਰੀ ਚੁੱਕੀ, ਬਹਿ ਜਾ ਕੋਲ ਨੀ ॥੧॥

ਮੁੱਕੀ ਮੇਰੀ ਖੇਡ, ਪਿੰਡ ਨੂੰ ਪਰਤਿਆ,
ਘਰ ਨੂੰ ਕੀਤਾ ਠੀਕ ਤੇ ਚੁਲ੍ਹਾ ਪੋਚਿਆ ।
ਆ ਮੁਟਿਆਰੇ ਬਹਿ ਜਾ ਲਾਗੇ ਢੁਕ ਨੀ,
ਘੜਾ ਪਵਿੱਤਰ ਜਲ ਦਾ ਸਿਰ ਤੇ ਚੁੱਕ ਨੀ ।

ਸ਼ਾਂਤ ਮੁਸਕਣੀ, ਪ੍ਰੇਮ ਸਚਾਵੇਂ ਨਾਲ ਨੀ,
ਕਰ ਦੇ ਮੇਰੇ ਘਰ ਨੂੰ ਅੱਜ ਨਿਹਾਲ ਨੀ ।
ਨਾਲ ਖੇੜਿਆਂ ਭਰ ਜਾਵੇ ਇਹ ਝੋਲ ਨੀ,
ਘੜਾ ਪਵਿੱਤਰ ਚੁੱਕੀ ਬਹਿ ਜਾ ਕੋਲ ਨੀ ॥੨॥

ਮੁੱਕ ਗਈ ਪ੍ਰਭਾਤ ਸੂਰਜ ਚਮਕਿਆ,
ਪਿਆ ਤਕਾਵੇ ਓਟ ਰਾਹੀ ਘਰਕਿਆ ।
ਆ ਮੁਟਿਆਰੇ ਹੋਰ ਨਾ ਐਵੇਂ ਰੁਕ ਨੀ,
ਘੜਾ ਸ਼ਹਿਦ ਦਾ ਭਰਿਆ ਸਿਰ ਤੇ ਚੁੱਕ ਨੀ ।

ਹਸਦੀ ਹਸਦੀ ਖੋਹਲ ਦੋਵੇਂ ਭਿੱਤ ਨੀ,
ਨਾਲ ਸਵਾਗਤ ਦਿਲ ਰਾਹੀ ਦਾ ਜਿੱਤ ਨੀ ।
ਮਾਖਿਉਂ ਭਿੱਜਾ ਬੋਲ ਕੋਈ ਚਾ ਬੋਲ ਨੀ,
ਘੜਾ ਸ਼ਹਿਦ ਦਾ ਚੁੱਕੀ ਬਹਿ ਜਾ ਕੋਲ ਨੀ ॥੩॥

ਮੁਕ ਗਿਆ ਹੈ ਦਿਹੁੰ ਸਮਾਂ ਹੈ ਜਾਣ ਦਾ,
ਆ ਮੁਟਿਆਰੇ ਚਲਿਆ ਤੇਰੇ ਹਾਣ ਦਾ ।
ਮੁੰਦੇ ਤੇਰੇ ਨੈਣ, ਦਿਲ ਹੈ ਧੜਕਦਾ,
ਘੜਾ ਅਥਰੂਆਂ ਭਰਿਆ ਸਿਰ ਤੇ ਛਲਕਦਾ ।

ਸੁਟ ਨੈਣਾਂ 'ਚੋਂ ਗ਼ਮ ਦੀ ਨਿਮ੍ਹੀ ਲੋ ਨੀ,
ਨਾਲ ਚਾਨਣੇ ਰਾਹ ਰਾਹੀ ਦਾ ਧੋ ਨੀ ।
ਨਾਲ ਕੰਬਦੇ ਹੱਥਾਂ ਦੀ ਲਾ ਛੋਹ ਨੀ,
ਭਰ ਵਿਛੜਨ ਦੀਆਂ ਘੜੀਆਂ ਵਿਚ ਖ਼ੁਸ਼ਬੋ ਨੀ ॥੪॥

ਰਾਤ ਹਨੇਰੀ, ਸੇਜ ਪਈ ਹੈ ਸੱਖਣੀ,
ਅੰਤਿਮ ਕਿਰਿਆ ਵਾਲੀ ਦੀਵਟ ਬਲ ਰਹੀ ।
ਆ ਮੁਟਿਆਰੇ ਵਿਚ ਗ਼ਮਾਂ ਦੇ ਝੁਕ ਨੀ,
ਘੜਾ ਯਾਦ ਦਾ ਭਰਿਆ ਸਿਰ ਤੇ ਚੁੱਕ ਨੀ ।

ਖੁਲ੍ਹੀਆਂ ਤੇਰੀਆਂ ਲਿਟਾਂ ਹਵਾ ਵਿਚ ਉਡਦੀਆਂ,
ਖੋਲ੍ਹ ਗੁਪਤ ਮੰਦਰ ਦੀਆਂ ਦੋਵੇਂ ਭਿੱਤੀਆਂ ।
ਚਿੱਟੀ ਸਾੜੀ ਪਾ, ਭਰ ਪੂਜਾ-ਦੀਪ ਨੀ,
ਘੜਾ ਯਾਦ ਦਾ ਚੁੱਕੀ, ਢੁਕ ਨਜ਼ਦੀਕ ਨੀ ॥੫॥

2. ਕਿਥੇ ਹਿੰਦੁਸਤਾਨ

ਸਾਰੀ ਦੁਨੀਆਂ ਦੇ ਦੇਸਾਂ ਵਿਚ ਵਾਜ ਤੇਰੀ ਗੁੰਜਰਾਈ,
ਤੇਰੇ ਉਚੇ ਆਸਨ ਦੁਆਲੇ ਕੱਠੀ ਹੋਈ ਲੁਕਾਈ ।
ਦਿਨ ਪਹੁੰਚਿਆ ਆਣ
ਪਰ ਕਿੱਥੇ ਹਿੰਦੁਸਤਾਨ ?

ਕੀ ਉਹ ਹਾਲੀ ਤੀਕ ਪਛੜਿਆ, ਨੀਵਾਂ ਤੇ ਗੁਮਨਾਮ ?
ਲੱਕ ਬੰਨ੍ਹ ਅਪਣਾ ਉੱਠ ਖਲੋਵੇ, ਕਰ ਸ਼ਕਤੀ ਪਰਦਾਨ ।
ਹੇ ਪ੍ਰਭੂ ਜਾਣੀ ਜਾਣ !

ਨਾਲ ਦੁਖਾਂ ਦੇ ਆਢਾ ਲਾਇਆ ਜਿਨ੍ਹਾਂ ਮਰਦ ਜਵਾਨਾਂ,
ਭੰਨ ਭਰਮਾਂ ਦੇ ਬੰਦੀ ਖਾਨੇ, ਚੀਰ ਗਏ ਬੀਆਬਾਨਾਂ ।
ਦਿਨ ਪਹੁੰਚਿਆ ਆਣ
ਪਰ ਕਿੱਥੇ ਹਿੰਦੁਸਤਾਨ ?

ਬਾਹਾਂ ਵਿਚ ਨਾ ਆਸੰਙ ਕੋਈ, ਸ਼ਰਮ ਨਾਲ ਸਿਰ ਝਿੱਕਾ,
ਸਖਣੇ ਉਹਦੇ ਰਾਤ-ਹਨੇਰੇ, ਦਿਹੁੰ ਦਾ ਚਾਨਣ ਫਿੱਕਾ ।
ਫੂਕ ਨਵੀਂ ਕੋਈ ਜਾਨ
ਹੇ ਪ੍ਰਭੂ ਜਾਣੀ ਜਾਣ !

ਨਵੇਂ ਯੁਗ ਦਾ ਸੂਰਜ ਚੜ੍ਹਿਆ, ਚਮਕੇ ਸੋਨ ਸਵੇਰੇ,
ਲਾਏ ਤੇਰੇ ਮੰਦਰ ਦੇ ਵਿਚ ਯਾਤਰੀਆਂ ਨੇ ਡੇਰੇ ।
ਦਿਨ ਪਹੁੰਚਿਆ ਆਣ
ਪਰ ਕਿੱਥੇ ਹਿੰਦੁਸਤਾਨ ?

ਮਿੱਟੀ ਵਿਚ ਮੂਧੇ ਮੂੰਹ ਢੱਠਾ ਬਿਨ ਆਦਰ ਬਿਨ ਮਾਨ
ਦਿੱਤਾ ਨਹੀਂ ਕਿਸੇ ਨੇ ਉਸਨੂੰ ਯੋਗ ਉਹਦਾ ਅਸਥਾਨ
ਰੱਖ ਉਸਦੀਆਂ ਸ਼ਰਮਾਂ ਰੱਬਾ ਰੱਖ ਓਸਦਾ ਮਾਣ ।
"ਮਾਨੁਖਤਾ ਦੇ ਮੰਦਰ" ਅੰਦਰ ਕਰ ਉਸਨੂੰ ਪਰਵਾਨ ।
ਹੇ ਪ੍ਰਭੂ ਜਾਣੀ ਜਾਣ !

ਦੁਨੀਆਂ ਦੇ ਸ਼ਾਹ ਰਾਹ ਤੇ ਭੀੜਾਂ ਜੁੜੀਆਂ ਜ਼ੋਰੋ ਜ਼ੋਰ
ਤੇਰੇ ਰੱਥ-ਪਹੀਆਂ ਦੀ ਪੁਜੀ ਗਗਨਾਂ ਤਕ ਘੰਨ ਘੋਰ
ਸੁਣਕੇ ਗੀਤ ਰਾਹੀਆਂ ਦੇ ਉਚੇ ਲਰਜ਼ ਗਿਆ ਆਣ
ਦਿਨ ਪਹੁੰਚਿਆ ਆਣ
ਪਰ ਕਿੱਥੇ ਹਿੰਦੁਸਤਾਨ ?

ਘਰ ਦੇ ਬੁਢੇ ਬੂਹੇ ਢੋ ਕੇ ਬੈਠਾ ਵਿਚ ਨਮੋਸ਼ੀ,
ਆਸ ਨਤਾਣੀ ਉਸਦੀ ਤੇ ਦਿਲ ਡੁੱਬਾ ਵਿਚ ਖ਼ਾਮੋਸ਼ੀ
ਅਪਣੇ ਗੂੰਗੇ ਬਚਿਆਂ ਦੇ ਮੂੰਹ ਪਾ ਕੋਈ ਨਵੀਂ ਜ਼ਬਾਨ
ਹੇ ਪ੍ਰਭੂ ਜਾਣੀ ਜਾਣ !

ਉਹ ਵੀ ਲੋਕ ਜਿਨ੍ਹਾਂ ਨੇ ਤੇਰੀ ਸ਼ਕਤੀ ਨੂੰ ਅਪਣਾਇਆ
ਦਿਲ ਤੇ ਡੌਲੇ ਤਗੜੇ ਕਰ ਕੇ ਡਰ ਨੂੰ ਮਾਰ ਭਜਾਇਆ
ਦਿਨ ਪਹੁੰਚਿਆ ਆਣ
ਪਰ ਕਿੱਥੇ ਹਿੰਦੁਸਤਾਨ ?

ਉਸਦੇ ਸਵੈ-ਸ਼ੰਕੇ ਤੇ ਭੈ ਤੇ ਸੱਟ ਕਰਾਰੀ ਮਾਰੀਂ
ਅਪਣੇ ਡਰ ਤੋਂ ਉਹਨੂੰ ਬਚਾਈਂ, ਅੱਗਾ ਉਹਦਾ ਸਵਾਰੀਂ
ਹੇ ਪ੍ਰਭੂ ਜਾਣੀ ਜਾਣ !!

(ਨੋਟ=ਉਪਰਲੀਆਂ ਦੋਵੇਂ ਰਚਨਾਵਾਂ ਰਾਬਿੰਦਰ ਨਾਥ ਟੈਗੋਰ ਦੀਆਂ ਹਨ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ