Punjabi Kavita
Tariq Gujjar
 Punjabi Kavita
Punjabi Kavita
  

ਪੰਜਾਬੀ ਕਵਿਤਾ ਤਾਰਿਕ ਗੁੱਜਰ

ਗ਼ਜ਼ਲਾਂ

੧. ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ

ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ ।
ਸਾਡੇ ਵੈਰੀਆਂ ਨਾਲ ਖੜ੍ਹੇ ਨੇ, ਸਾਡੀ ਜਾਨ ਤੋਂ ਪਿਆਰੇ ਲੋਕ ।

ਜਿਹੜਾ ਘੁੱਟ ਘੁੱਟ ਜੱਫੀਆਂ ਪਾਵੇ, ਉਸ ਤੋਂ ਬਚ ਕੇ ਰਹਿਣਾ ਏ,
ਅੱਜ ਕਲ ਨਫ਼ਰਤ ਜ਼ਾਹਰ ਨਹੀਂ ਕਰਦੇ, ਇਕ ਦੂਜੇ ਦੇ ਬਾਰੇ ਲੋਕ ।

ਭੁੱਖ-ਤ੍ਰੇਹ ਤੇ ਚੁਭਦੀਆਂ ਗੱਲਾਂ, ਵਿਛੜਿਆਂ ਦਾ ਸਾਰਾ ਗ਼ਮ,
ਖ਼ੌਰੇ ਕਿੱਦਾਂ ਚੁਕ ਲੈਂਦੇ ਨ, ਇੰਜ ਦੇ ਪੱਥਰ ਭਾਰੇ ਲੋਕ ।

ਇਸ਼ਕ ਦੀ ਬਸਤੀ ਦੇ ਵਿੱਚ ਸਾਰੇ, ਮੌਸਮ ਉਲਟੇ ਚਲਦੇ ਨੇ,
ਪੋਹ ਦੇ ਪਾਲਿਆਂ ਸਾੜ ਸੁੱਟੇ 'ਤੇ, ਹਾੜ੍ਹ ਦੀ ਧੁੱਪ ਨੇ ਠਾਰੇ ਲੋਕ ।

ਸਾਰੀ ਗੱਲ ਮੁਕੱਦਰ ਉੱਤੇ, ਆ ਕੇ ਮੁੱਕ ਗਈ ਸੀ ਯਾਰੋ,
ਹਾਰੀ ਬਾਜ਼ੀ ਜਿੱਤ ਕੇ ਲੈ ਗਏ, ਜਿੱਤੀ ਬਾਜ਼ੀ ਹਾਰੇ ਲੋਕ ।

ਕਿੱਦਾਂ ਪਲਦਾ ਧੁੱਪਾਂ ਦੇ ਵਿੱਚ, ਸਾਡੇ ਪਿਆਰਾਂ ਦਾ ਬੂਟਾ,
ਸ਼ਾਖ਼ ਫੁੱਟਣ ਤੋਂ ਪਹਿਲਾਂ ਹੀ ਜਦ, ਲੈ ਕੇ ਆ ਗਏ ਆਰੇ ਲੋਕ ।

ਸੱਚ ਹੀ ਯਾਰਾਂ ਆਖਿਆ 'ਤਾਰਕ', ਤੇਰੀ ਗੱਲ ਵਿੱਚ ਵਜ਼ਨ ਨਹੀਂ,
ਕੱਖੋਂ ਹੌਲੇ ਹੋ ਜਾਂਦੇ ਨੇ, ਇਸ਼ਕ ਦੀ ਬਾਜ਼ੀ ਹਾਰੇ ਲੋਕ ।

੨. ਸੱਜਣਾਂ ਨਾਲ ਵਖੇੜੇ ਚੰਗੀ ਗੱਲ ਤਾਂ ਨਹੀਂ

ਸੱਜਣਾਂ ਨਾਲ ਵਖੇੜੇ ਚੰਗੀ ਗੱਲ ਤਾਂ ਨਹੀਂ ।
ਗੱਲ-ਗੱਲ ਦੇ ਵਿਚ ਝੇੜੇ ਚੰਗੀ ਗੱਲ ਤਾਂ ਨਹੀਂ ।

ਸਾਡੇ ਨੇੜਿਉਂ ਉੱਠਕੇ ਵੇਖ ਲੈ ਸੱਜਣਾਂ ਤੂੰ,
ਬਹਵੇਂ ਰਕੀਬਾਂ ਨੇੜੇ ਚੰਗੀ ਗੱਲ ਤਾਂ ਨਹੀਂ ।

ਰਾਂਝੇ ਦੇਵਣ ਗਾਲ ਜਵਾਨੀ ਝੰਗ ਦੇ ਵਿੱਚ,
ਹੀਰ ਨੂੰ ਲੈ ਜਾਣ ਖੇੜੇ ਚੰਗੀ ਗੱਲ ਤਾਂ ਨਹੀਂ ।

ਮੰਨਿਆਂ ਓਸ ਗਲੀ ਵਿੱਚ ਸੱਜਣ ਬਹਿੰਦੇ ਨੇ,
ਪਰ ਗੇੜੇ ਪਰ ਗੇੜੇ ਚੰਗੀ ਗੱਲ ਤਾਂ ਨਹੀਂ ।

'ਤਾਰਿਕ' ਸਾਹਵੇਂ ਬਹਿਕੇ ਘੱਲੇਂ ਗ਼ੈਰਾਂ ਨੂੰ,
'ਕਾਸਿਦ' ਹੱਥ ਸੁਨੇਹੜੇ ਚੰਗੀ ਗੱਲ ਤਾਂ ਨਹੀਂ ।

੩. ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ

ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ ।
ਮੋਇਆਂ ਦੇ ਦੁੱਖ ਭੁੱਲ ਜਾਂਦੇ ਨੇ, ਧਰਤੀ ਦੇ ਦੁਖ ਵੱਡੇ ।

ਧਰਮ-ਛੜੀ ਨੇ ਮੇਰੇ ਦੇਸ਼ ਦੀ, ਹਿੱਕ ਤੇ ਲੀਕਰ ਪਾ ਕੇ,
ਸਾਰੇ ਵਸਨੀਕਾਂ ਦੇ ਜੁੱਸੇ, ਲਹੂ ਲਹੂ ਕਰ ਛੱਡੇ ।

ਇਸ ਦੁਨੀਆਂ ਵਿੱਚ ਦਿਨੇ ਦੁਪਹਿਰੇ, ਅਜਬ ਤਮਾਸ਼ਾ ਹੋਇਆ,
ਘਰ ਦੇ ਮਾਲਕ ਘਰ ਵਿੱਚ ਆ ਕੇ, ਲੋਕਾਂ ਘਰਾਂ 'ਚੋਂ ਕੱਢੇ ।

ਖ਼ੌਰੇ ਨਜ਼ਰ ਕਿਨ੍ਹਾਂ ਦੀ ਖਾ ਗਈ, ਹਸਦੇ ਵਸਦੇ ਘਰ ਨੂੰ,
ਵਿਹੜੇ ਵਿੱਚ ਖਲੋ ਕੇ ਭਾਈਆਂ, ਭਾਈਆਂ ਦੇ ਗਲ ਵੱਢੇ ।

ਸੜਦੇ ਬਲਦੇ ਮਾਰੂਥਲ ਵਿੱਚ, ਖ਼ੌਰੇ ਕੀ ਸੀ ਜਾਦੂ,
ਲੋਕਾਂ ਰੇਤ ' ਚ ਘਰ ਪਾਵਣ ਲਈ, ਮਹਿਲ ਮੁਨਾਰੇ ਛੱਡੇ ।

'ਤਾਰਕ' ਸਮੇਂ ਤੋਂ ਬਾਗ਼ੀ ਹੋਇਆ, ਇਹ ਗਲ ਜਾਣਦਾ ਬੁੱਝਦਾ,
ਜਿਹੜੇ ਵੇਲੇ ਦੇ ਨਾਲ ਚੱਲੇ, ਉਹੋ ਸਭ ਤੋਂ ਵੱਡੇ ।

੪. ਠੀਕ ਏ ਬਹੁਤਾ ਸੁੱਖ ਵੀ ਹੋਵੇ

ਠੀਕ ਏ ਬਹੁਤਾ ਸੁੱਖ ਵੀ ਹੋਵੇ ।
ਥੋੜ੍ਹਾ ਥੋੜ੍ਹਾ ਦੁੱਖ ਵੀ ਹੋਵੇ ।

ਮਜ਼ਾ ਨਸ਼ੇ ਦਾ ਫਿਰ ਆਉਂਦਾ ਏ,
ਕੋਲ ਉਨ੍ਹਾਂ ਦਾ ਮੁੱਖ ਵੀ ਹੋਵੇ ।

ਜਿੰਦ ਦਾ ਬਾਲਣ ਝੋਕ ਦਿਆਂਗੇ,
ਇਸ਼ਕ ਦੀ ਅੱਗ ਤੋਂ ਧੁੱਖ ਵੀ ਹੋਵੇ ।

ਇਕਲਾਪੇ ਨੇ ਰੋ ਕੇ ਕਹਿਆ,
ਕੱਲਾ ਨਾ ਕੋਈ ਰੁੱਖ ਵੀ ਹੋਵੇ ।

ਉਹਨੂੰ ਵੇਖ ਕੇ ਭੁੱਲ ਜਾਂਦੇ ਆਂ,
ਭਾਵੇਂ ਕਿੰਨਾਂ ਦੁੱਖ ਵੀ ਹੋਵੇ ।

੫. ਕੱਲਮ-ਕੱਲਾ 'ਸਾਕੀ' ਏ

ਕੱਲਮ-ਕੱਲਾ 'ਸਾਕੀ' ਏ ।
ਰਾਤ ਵੀ ਸਾਰੀ ਬਾਕੀ ਏ ।

ਪੀਂਦੇ-ਪੀਂਦੇ ਉਮਰ ਗੁਜ਼ਾਰੀ,
ਪਿਆਸ ਅਜੇ ਵੀ ਬਾਕੀ ਏ ।

ਮੈਅ ਖ਼ਾਨੇ ਦੇ ਬਾਹਰ ਫ਼ਰਿਸ਼ਤੇ,
ਅੰਦਰ ਬੰਦਾ ਖ਼ਾਕੀ ਏ ।

ਖ਼ੌਰੇ ਕਿਸ ਦਿਨ ਪਰਤ ਪਵੇ ਉਹ,
ਖੋਲ੍ਹ ਰੱਖੀ ਮੈਂ ਤਾਕੀ ਏ ।

ਨਾਲ ਦਿਆਂ ਰਾਹੀਆਂ ਨੂੰ ਪੁੱਛਾਂ,
ਪੰਧ ਕਿੰਨਾਂ ਕੁ ਬਾਕੀ ਏ ।

ਕੱਲ੍ਹ ਤੱਕ ਪੀਣੋਂ ਰੋਕਣ ਵਾਲਾ,
ਅੱਜ ਕੱਲ੍ਹ ਸਾਡਾ 'ਸਾਕੀ' ਏ ।

ਧੋਂਦੇ ਧੋਂਦੇ ਉਮਰ ਬਿਤਾਈ,
ਜੀਵਨ ਮੇਰੀ ਟਾਕੀ ਏ ।

ਦਿਲ ਤੇ ਮੈਲ ਨਾ ਹੋਵੇ 'ਤਾਰਿਕ',
ਫਿਰ ਪਾਕੀ ਹੀ ਪਾਕੀ ਏ ।

੬. ਹੰਝੂਆਂ ਦੇ 'ਪਰਨਾਲੇ' ਦੇਖ

ਹੰਝੂਆਂ ਦੇ 'ਪਰਨਾਲੇ' ਦੇਖ ।
ਨਹਿਰੋਂ ਨਿਕਲੇ 'ਖਾਲੇ' ਦੇਖ ।

ਤੇਰੇ ਬਾਅਦ ਨਾ ਵੜਿਆ ਕੋਈ,
ਬੂਹੇ ਉੱਤੇ ਜਾਲੇ ਦੇਖ ।

ਗੋਰੇ ਗੋਰੇ ਜੁੱਸਿਆਂ ਦੇ ਵਿੱਚ,
ਦਿਲ ਨੇ ਕਿੰਨੇ ਕਾਲੇ ਦੇਖ ।

ਤੇਰੇ ਆਉਣ ਦਾ ਲਾਰਾ ਦੇ ਕੇ,
ਗ਼ਮ ਕਿਸਰਾਂ ਮੈਂ ਟਾਲੇ ਦੇਖ ।

ਜੂਝ ਰਹੇ ਨੇ ਰੋਟੀ ਖ਼ਾਤਰ,
ਬੰਦੇ ਅਣਖਾਂ ਵਾਲੇ ਦੇਖ ।

ਮਰਨੋਂ ਪਹਿਲਾਂ ਕਫ਼ਨ ਲਿਆਏ,
ਲੋਕ ਨੇ ਕਿੰਨੇ ਕਾਹਲੇ ਦੇਖ ।

ਕਵਿਤਾਵਾਂ/ਨਜ਼ਮਾਂ

੧. ਪੱਖੀ ਵਾਸ

ਅਸੀਂ ਆਂ ਆਪਣੀ ਜ਼ਾਤ ਦੇ ਖੋਜੀ,
ਅਸਾਂ ਤੇ ਪੱਖੀ ਵਾਸ ।
ਨਾ ਤੇ ਕਿਧਰੇ ਸ਼ਾਮ ਦੇ ਜਾਣੂੰ,
ਨਾ ਕਿਸੇ ਸਵੇਰ ਦੀ ਆਸ ।

ਆਪਣੇ ਦੇਸ਼ ਦੇ ਅੰਦਰ ਵੀ ਤੇ,
ਲਗਦੇ ਹਾਂ ਪ੍ਰਦੇਸੀ ।
ਖ਼ਵਰੇ ਕਿਸ ਦਿਨ ਟੁਰਨਾ ਪੈ ਜਾਏ,
ਰੱਖ ਮੋਢੇ ਤੇ ਖੇਸੀ ।

ਉਮਰਾਂ ਕੋਲੋਂ ਵੱਡੇ ਦੁੱਖ ਨੇ,
ਸਾਡੀ ਜਿੰਦ ਨੇ ਝੱਲੇ ।
ਦਿਲ ਦੇ ਜ਼ਖ਼ਮ ਤਾਂ ਭਰ ਜਾਂਦੇ ਨੇ,
ਰੂਹ ਦੇ ਜ਼ਖ਼ਮ ਅਵੱਲੇ ।
ਕੋਈ ਸਾਡੀ ਰਾਹ ਨਾ ਮੱਲੇ ।

ਅਸਾਂ ਤੇ ਪੱਖੀ ਵਾਸ ।
ਸਾਨੂੰ ਸੂਰਜ ਘਰ ਦੀ ਆਸ ।

੨. ਸ਼ਾਲਾ ਮੁਸਾਫ਼ਰ ਕੋਈ ਨਾ ਥੀਵੇ

ਆਪਣਿਆਂ ਨਾਲ ਰੁਸ ਕੇ
ਇਕ ਨਿਮਾਣਾ ਪੱਖੀ
ਛੱਡ, ਦੇਸਾਂ ਨੂੰ ਟੁਰਿਆ ।
ਨਵੇਂ ਦੇਸ ਦੇ ਚਾਵਾਂ ਦੇ ਵਿੱਚ
ਖੁੱਲ੍ਹੀਆਂ ਮਸਤ ਹਵਾਵਾਂ ਦੇ ਵਿੱਚ
ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਕੁਝ ਚਿਰਾਂ ਦੇ ਮਗਰੋਂ
ਉਸ ਆਲਾ ਦੁਆਲਾ ਤੱਕਿਆ
ਬਾਲਪਣੇ ਦੇ ਸੰਗੀਆਂ ਵਿੱਚੋਂ
ਨਾ ਇਕ ਵੀ ਉਸ ਨੂੰ ਲੱਭਿਆ ।
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਫੇਰ ਕੁਝ ਵੇਲਾ ਲੰਘਿਆ
ਰੁੱਤ ਵਿਛੜਣ ਦੀ ਆਈ
ਪੂਰੇ ਵਰ੍ਹੇ ਤੇ ਮੁੜ ਕੇ ਉਹਨੇ
ਪਿਛ੍ਹਾਂ ਨੂੰ ਝਾਤੀ ਪਾਈ ।
ਗ਼ੈਰਾਂ ਦੀ ਉਹਨੂੰ ਇਕ ਇਕ ਬੋਲੀ
ਇਕ ਇਕ ਗੱਲ ਚੇਤੇ ਆਈ
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਆਖ਼ਰ ਮੁੱਦਤ ਪਿੱਛੋਂ
ਇਕ ਦਿਨ ਬੱਦਲ ਵੱਸਿਆ
ਵਾਅ ਇਸ ਰੁਖ਼ ਦੀ ਚੱਲੀ ।
ਉਹਨੂੰ ਆਪਣੇ ਦੇਸ ਦੇ ਵੱਲੋਂ
ਮਿੱਟੀ ਨੇ ਖ਼ੁਸ਼ਬੋ ਘੱਲੀ
ਮਾਂ ਨੇ ਖ਼ੁਸ਼ਬੋ ਘੱਲੀ ।
ਉਹ ਨੀਵਾਂ ਉਡਦਾ ਆਇਆ
ਇਕ ਉਜੜੇ ਰੁੱਖ ਬਹਿ ਕੇ
ਉਹ ਕੂੰਜ ਵਾਂਗੂੰ ਕੁਰਲਾਇਆ ।
ਤੇ ਵਿੱਚ ਪ੍ਰਦੇਸ ਦੇ ਕੱਟਿਆ
ਉਹਨੂੰ ਇਕ ਇਕ ਦੁੱਖ ਯਾਦ ਆਇਆ
ਉਸ ਜੱਗ ਨੂੰ ਆਖ ਸੁਣਾਇਆ-
'ਗ਼ੈਰਾਂ ਚੰਗਿਆਂ ਕੋਲੋਂ ਵੀ
ਆਪਣੇ ਮੰਦੇ ਚੰਗੇ
ਪ੍ਰਦੇਸ ਦੇ ਫੁੱਲਾਂ ਕੋਲੋਂ ਵੀ
ਦੇਸ ਦੇ ਕੰਡੇ ਚੰਗੇ' ।

ਹੁਣ ਉਹ ਨਿਮਾਣਾ ਪੱਖੀ
ਜਦ ਸ਼ਾਮ ਪਵੇ ਘਰ ਆਵੇ
ਕੱਖੋਂ ਹੌਲਾ ਪ੍ਰਦੇਸੀ
ਆਪਣੇ ਆਲ੍ਹਣੇ ਸੇ ਵਿੱਚ ਲੁਕ ਕੇ
ਬੁਕ ਬੁਕ ਨੀਰ ਵਹਾਵੇ-
'ਕੋਈ ਇੰਜ ਪ੍ਰਦੇਸ ਨਾ ਜਾਵੇ
'ਕੋਈ ਇੰਜ ਪ੍ਰਦੇਸ ਨਾ ਜਾਵੇ' ।

੩. ਪਿੜ ਵਿੱਚ

ਭੰਗੜਾ ਕਿੰਜ ਪੈ ਜਾਂਦਾ ਏ ਤੁਹਾਡੇ ਤੋਂ
ਜੁੜੇ ਪੈਰ ਕਿੰਜ ਉੱਠ ਪੈਂਦੇ ਨੇ ਪਿੜ ਵਿੱਚ ਤੁਹਾਡੇ
ਭੱਜੀਆਂ ਬਾਹਾਂ ਕਿੰਜ ਉਲਾਰ ਲੈਂਦੇ ਓ ਤੁਸੀਂ
ਸਾਹ ਲਈ ਤਰਸਦੇ ਸੰਘ 'ਚੋਂ ਬੱਕਰੇ ਕਿੰਜ ਬੁਲਾ ਲੈਂਦੇ ਓ
ਮੈਨੂੰ ਵੀ ਦੱਸੋ !

ਘੁਣ ਲੱਗੀਆਂ ਡਾਂਗਾਂ ਨਾਲ ਵੈਰੀਆਂ ਨੂੰ ਕਿੰਜ ਵੰਗਾਰੀ ਦਾ ਏ
ਕਿੰਜ ਝੁਕੀਆਂ ਧੌਣਾਂ 'ਤੇ ਪੱਗਾਂ ਟਿਕ ਪੈਂਦੀਆਂ ਨੇ ਤੁਹਾਡੀਆਂ
ਕਿੰਜ ਕੰਡਿਆਲੀਆਂ ਤਾਰਾਂ ਵਾਲੀ ਧਰਤੀ 'ਤੇ ਪੱਬ ਟਿਕਾ ਲੈਂਦੇ ਓ ਤੁਸੀਂ
ਮੈਨੂੰ ਵੀ ਦੱਸੋ !

ਕਿੰਜ ਪੈਰਾਂ ਨੂੰ ਗੁਲਾਬ ਕਰਨ ਲਈ
ਸੂਲਾਂ 'ਤੇ ਟੱਪ ਲੈਂਦੇ ਓ
ਕਿੰਜ ਕਾਲੀਨ ਸਮਝ ਲੈਂਦੇ ਓ
ਤਲਵਾਰਾਂ ਕ੍ਰਿਪਾਨਾਂ ਨਾਲ ਸਜੀ ਧਰਤੀ ਨੂੰ
ਮੈਨੂੰ ਵੀ ਦੱਸੋ !
ਮੈਂ ਵੀ ਪਿੜ ਵਿੱਚ ਉਤਰਨਾ ਚਾਹੁੰਦਾ ਹਾਂ

੪. ਪੂਰੇ ਪੰਜਾਬ ਲਈ ਅੱਧੀ ਨਜ਼ਮ

ਮੈਨੂੰ ਜੰਮਣ ਲੱਗਿਆਂ
ਧਰਤੀ ਮਾਂ ਦੇ ਦੋ ਟੋਟੇ ਹੋ ਗਏ
ਮੇਰੇ ਬੋਲਾਂ ਦੀ ਕੁੜੱਤਣ ਚੱਖ ਕੇ ਵੇਖ ਲਓ
ਤੁਹਾਨੂੰ ਯਕੀਨ ਆ ਜਾਵੇਗਾ
ਕਿ ਮੈਨੂੰ !
ਰੱਤ ਰਲੇ ਪਾਣੀਆਂ ਦੀ ਗੁੜ੍ਹਤੀ ਮਿਲੀ ਸੀ
ਟੁੱਟੇ ਸਾਜ਼ਾਂ ਉੱਤੇ ਸਬੂਤੇ ਨਗ਼ਮੇ ਨਹੀਂ ਗਾਏ ਜਾ ਸਕਦੇ
ਦਰਿਆ ਪਾਰ ਕਰਨ ਲੱਗਿਆਂ
ਮੇਰੀ ਅੱਧੀ ਵੰਝਲੀ ਔਧਰ ਰਹਿ ਗਈ ਸੀ ।

੫. ਸਾਡੇ ਆਪਣੇ ਘਰ ਵਿੱਚ ਚੋਰ

ਸਾਡੇ ਬਦਲੇ ਮੂੰਹ ਮੁਹਾਂਦਰੇ
ਅਸੀਂ ਲਗਦੇ ਆਂ ਕੋਈ ਹੋਰ
ਸਾਨੂੰ ਗੁੱਝੀਆਂ ਸੱਟਾਂ ਵੱਜੀਆਂ
ਅਸੀਂ ਕਰੀਏ ਕਿਵੇਂ ਟਕੋਰ
ਸਾਨੂੰ ਇੰਜ ਭਾਈਆਂ ਨੇ ਵੇਚਿਆ
ਜਿਵੇਂ ਵਿਕਦੇ ਡੰਗਰ ਢੋਰ
ਅਸੀਂ ਰੁਲ ਗਏ ਵਿੱਚ ਥਲਾਂ ਦੇ
ਸਾਡੇ ਲੁੱਟ ਗਏ ਕਈ ਭੰਬੋਰ
ਅਸੀਂ ਰੁੜ੍ਹ ਗਏ ਅੱਧ ਝਨਾਂ ਵਿੱਚ
ਸਾਡੇ ਪੱਕਿਆਂ ਦੇ ਥਾਂ ਹੋਰ
ਅਸੀ ਖੁਰੇ ਕਿਉਂ ਨੱਪੀਏ ਕਿਸੇ ਦੇ
ਸਾਡੇ ਆਪਣੇ ਘਰ ਵਿੱਚ ਚੋਰ ।

੬. ਪੂਰੇ ਹੋਵਣ ਦੀ ਸਿੱਕ ਵਿੱਚ

ਮੈਂ ਜਦ ਵੀ ਪੰਜ ਪਾਣੀਆਂ ਨੂੰ ਸ਼ੀਸ਼ਾ ਬਣਾਇਆ
ਮੇਰਾ ਚਿਹਰਾ ਦੋ ਹਿੱਸਿਆ ਵਿੱਚ ਵੰਡਿਆ ਗਿਆ
ਕੰਢੇ ਮੇਰੇ ਦੁੱਖ ਦੇ ਹਾਣੀ ਨੇ
ਜਿਹਨਾਂ ਹਮੇਸ਼ ਮੈਨੂੰ
ਪੂਰੇ ਹੋਵਣ ਦੀ ਸਿੱਕ ਵਿੱਚ ਤੜਫ਼ਦਿਆ ਡਿੱਠਾ ਏ
ਗਿੱਲੀ ਰੇਤ ਗਵਾਹ ਏ
ਮੈਂ ਕਦੇ ਵੀ ਅੱਧਾ ਘਰ ਨਹੀਂ ਬਣਾਇਆ
ਪਰ ਫੇਰ ਵੀ
ਵੰਡੇ ਵੇਹੜਿਆਂ ਨੂੰ ਕੰਡ 'ਤੇ ਚਾਈ ਫਿਰਦਾ ਹਾਂ ।

 

To veiw this site you must have Unicode fonts. Contact Us

punjabi-kavita.com