Tajammul Kaleem
ਤਜੱਮੁਲ ਕਲੀਮ
 Punjabi Kavita
Punjabi Kavita
  

Punjabi Poetry Tajammul Kaleem

ਪੰਜਾਬੀ ਕਲਾਮ/ਗ਼ਜ਼ਲਾਂ ਤਜੱਮੁਲ ਕਲੀਮ

1. ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ

ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ

ਸਾਡੇ ਨਾਲ਼ ਦੇ ਵਿਕ ਗਏ ਮਹਿਲ ਲੈ ਕੇ
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ

ਜਿੰਨੇ ਦੁੱਖ ਸੀ ਦਿਲ ਦੀ ਜੇਲ ਅੰਦਰ
ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ

ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ

ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ,
ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ

ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ,
ਰੱਬਾ ! ਜਿਵੇਂ ਇਹ ਜੇਠ ਤੇ ਹਾੜ ਦਿੱਤੇ

2. ਰੁੱਖਾਂ ਵਾਂਗ ਉਚੇਰੀ ਉੱਗੇ

ਰੁੱਖਾਂ ਵਾਂਗ ਉਚੇਰੀ ਉੱਗੇ
ਗਾਟਾ ਬੀਜ ਦਲੇਰੀ ਉੱਗੇ

ਮੇਰੀ ਵਾਰ ਦਾ ਪਾਣੀ ਲਾ ਲੈ
ਮੇਰੀ ਨਈਂ ਤੇ ਤੇਰੀ ਉੱਗੇ

ਮੈਨੂੰ ਪੱਥਰ ਮਾਰਨ ਵਾਲੇ
ਤੇਰੇ ਘਰ ਵਿੱਚ ਬੇਰੀ ਉੱਗੇ

ਡਾਢਾ ਡੰਗਰ ਛੱਡ ਦਿੰਦਾ ਏ
ਨਈਂ ਤੇ ਕਣਕ ਬਥੇਰੀ ਉੱਗੇ

ਇੱਕੋ ਸ਼ਰਤ ਤੇ ਮੌਤ ਕਬੂਲੀ
ਧਰਤੀ ਤੇ ਇੱਕ ਢੇਰੀ ਉੱਗੇ

3. ਸੋਚਾਂ ਦੀ ਵੱਲ ਕਿੱਧਰ ਗਈ

ਸੋਚਾਂ ਦੀ ਵੱਲ ਕਿੱਧਰ ਗਈ
ਸ਼ਿਅਰਾਂ ਦੀ ਡੱਲ ਕਿੱਧਰ ਗਈ

ਡੁੱਬੀ ਬੇੜੀ ਲਭਦਾ ਨਈਂ
ਵੇਖ ਰਿਹਾਂ ਛੱਲ ਕਿੱਧਰ ਗਈ

ਦਾਰੂ ਪੀ ਕੇ ਪੁੱਛਦੇ ਉਹ
ਕਿੱਕਰਾਂ ਦੀ ਖੱਲ ਕਿੱਧਰ ਗਈ

ਰੈਫ਼ਲ ਤੇ ਮਕਤੂਲ ਦੀ ਏ
ਪਾਗਲ ਜਿਹੀ ਚੱਲ ਕਿੱਧਰ ਗਈ

ਸੱਪ ਲੋਕਾਂ ਨੂੰ ਆਖੇ ਸੱਪ
ਕਿਉਂ ਭਈ ਇਹ ਗੱਲ ਕਿੱਧਰ ਗਈ

4. ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।
ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ।

ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ,
ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।

ਮੈਂ ਨੱਚਿਆ ਜਗ ਦੇ ਸੁੱਖ ਪਾਰੋਂ,
ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।

ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ,
ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।

ਖੜੇ ਰੇਸ਼ਮੀ 'ਬੈਨਰਾਂ' ਹੇਠ ਮੁੜਕੇ,
ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।

ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ,
ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।

ਇਹਨੂੰ ਝੱਲੇ 'ਕਲੀਮ' ਨੂੰ ਰੋਕ ਕੇ ਤੇ,
ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।

5. ਅੱਗ ਯਾਦਾਂ ਦੀ ਠਾਰ ਕੇ ਰੋਇਆ

ਅੱਗ ਯਾਦਾਂ ਦੀ ਠਾਰ ਕੇ ਰੋਇਆ।
ਦਿਲ ਅਜ ਸੁਫ਼ਨੇ ਹਾਰ ਕੇ ਰੋਇਆ।

ਸੜਦਾ ਬਲਦਾ ਵੇਖਕੇ ਮੈਨੂੰ,
ਬੱਦਲ ਢਾਹੀਂ ਮਾਰ ਕੇ ਰੋਇਆ।

ਮੈਂ ਤੇ ਹਸਕੇ ਘਾਟੇ ਸਹਿ ਲਏ,
ਚਾਰਨ ਵਾਲਾ ਚਾਰ ਕੇ ਰੋਇਆ।

ਮਹਿੰਦੀ ਵਾਲਾ ਹੱਥ ਸੀ ਉਸਦਾ,
ਜਿਹੜਾ ਪੱਥਰ ਮਾਰਕੇ ਰੋਇਆ।

ਡੁੱਬਿਆਂ ਅਣਖ ਤਾਂ ਜੀਉਂਦੀ ਰਹਿੰਦੀ,
ਦਿਲ ਅਜ ਯਾਰ ਵੰਗਾਰ ਕੇ ਰੋਇਆ।

6. ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ

ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ।
ਅਜ ਕਲ ਆਪ ਬਲਾਵਾਂ ਲਭਦਾ ਫਿਰਦਾ ਵਾਂ।

ਝੱਲਾ ਨਈਂ ਤਾਂ ਕੀ ਆਂ ਕਾਲੀਆਂ ਰਾਤਾਂ ਵਿਚ,
ਮੈਂ ਅਪਣਾ ਪਰਛਾਵਾਂ ਲਭਦਾ ਫਿਰਦਾ ਵਾਂ।

ਮੈਂ ਤੇ ਅੱਗ ਆਂ ਮੈਂ ਵੇਲੇ ਤੋਂ ਕੀ ਡਰਨਾਂ,
ਜਗ ਲਈ ਠੰਢੀਆਂ ਛਾਵਾਂ ਲਭਦਾ ਫਿਰਦਾ ਵਾਂ।

ਜ਼ਖਮਾਂ ਨੂੰ ਮੰਜ਼ੂਮ ਤੇ ਕੀਤੀ ਬੈਠਾ ਆਂ,
ਹੁਣ ਤੇ ਬਸ ਸਰਨਾਮਾਂ ਲਭਦਾ ਫਿਰਦਾ ਵਾਂ।

7. ਸੱਜਣੋ ਟੱਕਰੇ ਵੈਰ ਤੇ ਬੱਸ

ਸੱਜਣੋ ਟੱਕਰੇ ਵੈਰ ਤੇ ਬੱਸ
ਸਾਨੂੰ ਦੁੱਖ ਏ ਗ਼ੈਰ ਤੇ ਬੱਸ

ਸ਼ੀਸ਼ੇ ਸਾਹਵੇਂ ਹੋ ਕੇ ਅੱਜ
ਸਿੱਧਾ ਹੋਣਾ ਫ਼ਿਰ ਤੇ ਬੱਸ

ਜਿਥੇ ਸਾਕੀ ਡੋਲ ਗਿਆ
ਸਾਡੀ ਉਸੇ ਪੈਰ ਤੇ ਬੱਸ

ਜੀਵਨ ਕੀ ਏ ਲੈ ਦੇ ਕੇ
ਚਾਰ ਦਿਨਾਂ ਸੈਰ ਤੇ ਬੱਸ

ਵਕਤ 'ਕਲੀਮਾ' ਭੈੜਾ ਏ
ਆਖ਼ਿਰ ਹੋਵੇ ਖ਼ੈਰ ਤੇ ਬੱਸ

8. ਟਿੱਬਾ ਟੋਇਆ ਇਕ ਬਰਾਬਰ

ਟਿੱਬਾ ਟੋਇਆ ਇਕ ਬਰਾਬਰ
ਕਰਿਆਂ ਹੋਇਆ ਇਕ ਬਰਾਬਰ

ਕਸਮ ਏ ਸੁਣ ਕੇ ਨੀਂਦਰ ਉੱਡੀ
ਸੁੱਤਾ ਮੋਇਆ ਇਕ ਬਾਬਰ

ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ ਢੋਇਆ ਇਕ ਬਰਾਬਰ

ਰਾਤੀਂ ਅੱਖ ਤੇ ਬਦਲ ਵਸੇ
ਚੋਇਆ ਚੋਇਆ ਇਕ ਬਰਾਬਰ

ਯਾਰ ਕਲੀਮਾ ਜੋਗੀ ਅੱਗੇ
ਸੱਪ ਗੰਡੋਇਆ ਇਕ ਬਰਾਬਰ

9. ਜਿਹਨੂੰ ਮੇਰੀ ਥੋੜ ਏ ਭਾ ਜੀ

ਜਿਹਨੂੰ ਮੇਰੀ ਥੋੜ ਏ ਭਾ ਜੀ।
ਉਹਨੂੰ ਮੇਰੀ ਲੋੜ ਏ ਭਾ ਜੀ।

ਬੁਲ੍ਹ ਸੂ ਜਿਸਰਾਂ ਫੁੱਲ ਗੁਲਾਬੀ
ਅੱਖ ਦਾਰੂ ਦਾ ਤੋੜ ਏ ਭਾ ਜੀ।

ਮਿਸਰੇ ਵਿਚ ਉਸ ਵਾਲ਼ ਨੱਚੋੜੇ
ਮਿਸਰਾ ਆਪ ਨਚੋੜ ਏ ਭਾ ਜੀ।

ਸੱਜੀ ਰੋਂਦੀ ਵੇਖ ਕੇ ਰੋ ਪਈ
ਖੱਬੀ ਅੱਖ ਵਿਚ ਰੋੜ ਏ ਭਾ ਜੀ।

ਹੰਝੂਆਂ ਕਿਸ ਲਈ ਅੱਗਾਂ ਲਾਈਆਂ
ਪਾਣੀ ਅੱਗ ਦਾ ਤੋੜ ਏ ਭਾ ਜੀ।

10. ਕਿਹੜਾ ਹੱਥ ਨਹੀਂ ਜਰਦਾ ਮੈਂ

ਕਿਹੜਾ ਹੱਥ ਨਹੀਂ ਜਰਦਾ ਮੈਂ।
ਕਿਹੜੀ ਸਾਹ ਨਹੀਂ ਮਰਦਾ ਮੈਂ।

ਹੱਸਣ ਵਾਲੀ ਗੱਲ ਤੇ ਵੀ
ਹੱਸ ਨਹੀਂ ਸਕਿਆ ਡਰਦਾ ਮੈਂ।

ਕਿਸਮਤ ਲੁੱਟਣ ਆਈ ਸੀ
ਕਰਦਾ ਤੇ ਕੀ ਕਰਦਾ ਮੈਂ।

ਸਾਰੇ ਭਾਂਡੇ ਖ਼ਾਲੀ ਨੇਂ
ਹੌਕਾ ਵੀ ਨਹੀਂ ਭਰਦਾ ਮੈਂ।

ਖ਼ੁਦ ਮਰਿਆ ਵਾਂ ਤੇਰੇ 'ਤੇ
ਤੈਥੋਂ ਨਹੀ ਸਾਂ ਮਰਦਾ ਮੈਂ।

11. ਦੋ ਧਾਰੀ ਤਲਵਾਰ ਏ ਭਾ ਜੀ

ਦੋ ਧਾਰੀ ਤਲਵਾਰ ਏ ਭਾ ਜੀ।
ਵੇਲਾ ਇੰਜ ਦਾ ਯਾਰ ਏ ਭਾ ਜੀ।

ਸ਼ਰਮਾਂ ਦੀ ਹੁਣ ਕਿਹੜੀ ਦੱਸਾਂ
ਰੋਟੀ ਪਰਦਾ ਦਾਰ ਏ ਭਾ ਜੀ।

ਧੂੜ 'ਤੇ ਤੁਰ ਕੇ ਖਬਰਾਂ ਹੋਈਆਂ
ਸਾਡਾ ਵੀ ਕੋਈ ਬਾਰ ਏ ਬਾ ਜੀ।

ਚੁੱਪ ਨੂੰ ਚੁੱਪ ਈ ਕੋਹ ਸਕਦੀ ਏ
ਇਹ ਐਸਾ ਹਥਿਆਰ ਏ ਭਾ ਜੀ।

ਨਫਰਤ ਦੀ ਸੂਲ਼ੀ ਨਾ ਚਾੜ੍ਹੋ
ਮੇਰਾ ਜੁਰਮ ਪਿਆਰ ਏ ਭਾ ਜੀ।

12. ਬੱਦਲਾਂ ਵਾਂਗ ਨੇ ਗੱਜਦੇ ਬੰਦੇ

ਬੱਦਲਾਂ ਵਾਂਗ ਨੇ ਗੱਜਦੇ ਬੰਦੇ।
ਵੱਸਣ ਕਿੱਸਰਾਂ ਅੱਜ ਦੇ ਬੰਦੇ।

ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ।

ਰੱਬਾ ਤੈਨੂੰ ਥੋੜ੍ਹ ਏ ਕਿਹੜੀ
ਤੈਥੋਂ ਵੀ ਨਹੀਂ ਰੱਜਦੇ ਬੰਦੇ।

ਕਸਮੇ ਮੰਜ਼ਿਲ ਮਿਲ ਜਾਣੀ ਸੀ
ਇਕ ਪਾਸੇ ਜੇ ਭੱਜਦੇ ਬੰਦੇ।

ਦੋਹਾਂ ਸਦੀਆਂ ਤੀਕਰ ਜੀਣਾ
ਚੱਜਦੇ ਸ਼ਿਅਰ ਤੇ ਚੱਜ ਦੇ ਬੰਦੇ।

13. ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ

ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ
ਕੁੱਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਈਂ

ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ
ਅੱਜ ਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਈਂ

ਅੱਥਰੂ ਨਹੀਂ ਪਟ੍ਰੌਲ ਜਿਹੇਆ ਏ ਪਲਕਾਂ ਤੇ
ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਈਂ

ਜੀਭ ਵਰਗੀ ਕੋਈ ਰੈਫ਼ਲ ਹੈ ਨਾ ਹੋਵੇਗੀ
ਇਹਦੀ ਇਕ ਵੀ ਗੋਲੀ ਖ਼ਾਲੀ ਜਾਂਦੀ ਨਈਂ

ਨੀਂਦਰ ਘੇਰ ਲਿਆ ਤੇ ਡਿੱਗਣਾ ਪੈਣਾ ਏ
ਆਈ ਮੌਤ 'ਕਲੀਮਾ' ਟਾਲੀ ਜਾਂਦੀ ਨਈਂ

14. ਜੀਵਨ ਰੁੱਖ ਨੂੰ ਹੱਥੀਂ ਧੱਕੇ ਨਾ ਮਾਰੋ

ਜੀਵਨ ਰੁੱਖ ਨੂੰ ਹੱਥੀਂ ਧੱਕੇ ਨਾ ਮਾਰੋ
ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ

ਬਾਲ ਖਿਡੌਣੇ ਵੇਂਹਦਾ ਏ ਤੇ ਕੀ ਹੋਇਆ
ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ

ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ
ਰੈਫ਼ਲ ਅੱਗੇ ਵੀਰ ਜੇ ਸੱਕੇ ਨਾ ਮਾਰੋ

ਜਿੱਤ ਲੈਣਾ ਤੇ ਖੋਹਣਾ ਇਕ ਬਰਾਬਰ ਨਈਂ
ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ

ਸਾਰੇ ਯਾਰ 'ਕਲੀਮ' ਜੀ ਲੋਭੀ ਨਈਂ ਹੁੰਦੇ
ਦਿਲ ਨੂੰ ਜੰਦਰੇ ਪੱਕੇ ਪੱਕੇ ਨਾ ਮਾਰੋ

15. ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ

ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ
ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ

ਜਦ ਇੱਕ ਸੁਫ਼ਨਾ ਕੱਚੀ ਨੀਂਦਰ ਤੋੜ ਗਿਆ
ਕੀ ਦੱਸਾਂ ਫਿਰ ਯਾਦਾਂ ਕਿਹੜੀ ਕਰ ਗਈਆਂ

ਐਨਾ ਖੌਫ਼ ਲੁਟੀਚਣ ਦਾ ਸੀ ਜ਼ਿਹਨਾ ਵਿੱਚ
ਪਿੱਛੇ ਆਉਂਦੇ ਵੀਰ ਤੋਂ ਭੈਣਾਂ ਡਰ ਗਈਆਂ

ਸੁੱਚੇ ਰਿਸ਼ਤੇ ਵੀ ਹੁਣ ਕੂੜੇ ਲੱਗਦੇ ਨੇ
ਮਾਵਾਂ ਜੁ ਰੂੜੀ ਤੇ ਬੱਚੇ ਧਰ ਗਈਆਂ

ਯਾਰ 'ਕਲੀਮਾ' ਮੁੜ ਆਇਆ ਤਾਂ ਇੰਝ ਲੱਗਾ
ਜਿੱਸਰਾਂ ਡੁੱਬੀਆਂ ਹੋਈਆਂ ਰਕਮਾਂ ਤਰ ਗਈਆਂ

 

To veiw this site you must have Unicode fonts. Contact Us

punjabi-kavita.com