Surinder Sidak
ਸੁਰਿੰਦਰ ਸਿਦਕ

ਮਲੋਟ (ਮੁਕਤਸਰ) ਦੀ ਐਡੀਲੇਡ (ਆਸਟਰੇਲੀਆ) ਵੱਸਦੀ ਧੀ ਤੇ ਪੰਜਾਬੀ ਕਵਿੱਤਰੀ ਸੁਰਿੰਦਰ ਸਿਦਕ ਦਾ ਜਨਮ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਸਰਦਾਰ ਕੁਲਵੰਤ ਸਿੰਘ ਬਜਾਜ ਦੇ ਘਰ 16 ਜਨਵਰੀ 1971 ਨੂੰ ਹੋਇਆ। ਡੀ ਏ ਵੀ ਕਾਲਜ ਅਬੋਹਰ ਤੋਂ ਗਰੈਜੂਏਸ਼ਨ, ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਲੋਪੋਂ (ਮੋਗਾ) ਤੋਂ ਬੀ ਐੱਡ, ਸੀ ਐੱਮ ਸੀ ਲੁਧਿਆਣਾ ਤੇ ਫਲਿੰਡਰਜ਼ ਯੁਨੀਵਰਸਿਟੀ ਸਾਊਥ ਆਸਟ੍ਰੇਲੀਆ ਤੋਂ ਨਰਸਿੰਗ ਦੀ ਸਿੱਖਿਆ ਗ੍ਰਹਿਣ ਕੀਤੀ। ਸੁਰਿੰਦਰ ਸਿਦਕ ਦੀ ਚਾਨਣ ਦੀ ਪੈੜ (ਅਮਿਤਾਸ ਨਾਲ ਸਾਂਝੀ ਕਿਤਾਬ) ਤੋਂ ਇਲਾਵਾ ਇਕੱਲੀ ਦੀਆਂ ਦੋ ਪੁਸਤਕਾਂ ਰੂਹ ਦੀ ਗਾਨੀ ਤੇ ਕੁਝ ਤਾਂ ਕਹਿ ਛਪ ਚੁਕੀਆਂ ਹਨ। ਜੀਵਨ ਸਾਥੀ ਮਹਿੰਗਾ ਸਿੰਘ ਸੰਗਰ, ਬੇਟੀ ਸੁਪਨਦੀਪ ਤੇ ਬੇਟੇ ਮਨਕੀਰਤ ਸਿੰਘ ਸਮੇਤ ਆਸਟਰੇਲੀਆ ਵੱਸਦੀ ਹੈ। ਸਿਦਕ ਨੇ ਰੁਜ਼ਗਾਰ ਪੱਖੋਂ ਨਰਸਿੰਗ ਨੂੰ ਅਪਣਾਇਆ ਹੋਇਆ ਹੈ। ਪਤੀ ਵਾਂਗ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਵੱਡਾ ਹਿੱਸਾ ਹੈ । ਗੁਰਭਜਨ ਗਿੱਲ ਦੇ ਸ਼ਬਦਾਂ ਵਿੱਚ ਸੁਰਿੰਦਰ ਸਿਦਕ ਦੀਆਂ ਗ਼ਜ਼ਲਾਂ ਦੀ ਪ੍ਰਮੁੱਖ ਸ਼ਕਤੀ ਸਹਿਜਵੰਤਾ ਵੇਗ ਹੈ। ਉਸ ਦੀ ਸ਼ਾਇਰੀ ਉਸ ਦੇ ਨਾਮ ਵਾਂਗ ਸੰਤੋਖੀ ਸਿਦਕਣ ਹੈ। ਨਿਰਉਚੇਚ, ਖ਼ੁਦ ਰੌ ਚਸ਼ਮੇ ਜਹੀ। ਉਹ ਕਿਸੇ ਹੋਰ ਰਚਨਾਕਾਰ ਵਰਗੀ ਨਹੀਂ, ਆਪਣੇ ਵਰਗੀ ਆਪ ਹੈ।